Lakhsh (Punjabi Story): Amrit Kaur
ਲਖ਼ਸ਼ (ਕਹਾਣੀ) : ਅੰਮ੍ਰਿਤ ਕੌਰ
ਸ਼ੂੰ....ਊਂ....... ਊਂ.... ਊਂ ਅਸਮਾਨੋਂ ਸੁਰਮਈ ਬੱਦਲਾਂ ਤੋਂ ਛੁਟੀਆਂ ਕਣੀਆਂ ਵਿੱਚੋਂ ਇੱਕ ਕਣੀ ਸ਼ਰਾਰਤਾਂ ਕਰਦੀ ਨਾਲ ਦੀਆਂ ਕਣੀਆਂ ਨਾਲ ਅਠਖੇਲੀਆਂ ਕਰਦੀ ਸ਼ੂਕਦੀ ਧਰਤੀ ਵੱਲ ਵਧ ਰਹੀ ਸੀ।
" ਤੂੰ ਵੀ ਉੱਥੇ ਈ ਡਿੱਗਣੈ.. ਜਿੱਥੇ ਅਸੀਂ ਡਿੱਗਣੈ...ਹਮੇਸ਼ਾ ਦੀ ਤਰ੍ਹਾਂ ਧਰਤੀ ਦੀ ਹਿੱਕ ਤੇ... ਫਿਰ ਤੈਨੂੰ ਕਾਹਦਾ ਵੱਖਰਾ ਚਾਅ ਚੜ੍ਹਿਆ ਪਿਆ।" ਨਾਲ ਦੀਆਂ ਕਣੀਆਂ ਨੇ ਉਸ ਦੀਆਂ ਝੱਲਵਲੱਲੀਆਂ ਸ਼ਰਾਰਤਾਂ ਤੋਂ ਬਚਦਿਆਂ ਕਿਹਾ।
" ਨਹੀਂ.....ਈਂ.... ਈਂ।" ਉਸ ਨੇ ਹੋਰ ਚਾਂਭਲ ਕੇ ਆਖਿਆ।
" ਅਸੀਂ ਤਾਂ ਚੱਲੀਆਂ ਧਰਤੀ 'ਤੇ ਬਨਸਪਤੀ ਨੂੰ ਹਰੀ ਭਰੀ ਕਰਨ। ਇਸ ਤੋਂ ਵੱਧ ਸਾਰਥਕ ਵਰਤੋਂ ਕੀ ਹੋ ਸਕਦੀ ਐ।" ਕੁੱਝ ਕਣੀਆਂ ਨੇ ਕਿਹਾ।
" ਬਥੇਰੀ ਵਾਰ ਧਰਤੀ 'ਤੇ ਆਈ ਅਤੇ ਭਾਫ਼ ਬਣ ਕੇ ਉਡੀ ਪਰ ਹੁਣ ਮੇਰਾ ਵੱਖਰਾ ਲਖ਼ਸ਼ ਐ।"
" ਏ... ਏੇ....ਅਹੁ ਗਈ ਤੂੰ ਵੀ....। ਨਾਲ ਦੀਆਂ ਹੱਸੀਆਂ। ਉਹ ਸੱਚੀ ਡਿੱਗ ਚੱਲੀ ਸੀ। ਥੋੜ੍ਹਾ ਸੰਭਲੀ।
ਪਪੀਤੇ ਦੇ ਪੱਤਿਆਂ ਨੇ ਕਿਣਮਿਣ ਕਿਣਮਿਣ ਕਰਦੀਆਂ ਕੁੱਝ ਕਣੀਆਂ ਆਪਣੀਆਂ ਤਲ਼ੀਆਂ 'ਤੇ ਬੋਚ ਲਈਆਂ। ਜਿਹਨਾਂ ਵਿੱਚ ਸ਼ਰਾਰਤੀ ਕਣੀ ਵੀ ਸੀ। ਕਣੀਆਂ ਤੋਂ ਬਣੀਆਂ ਪਾਣੀ ਦੀਆਂ ਇਹ ਸਾਰੀਆਂ ਬੂੰਦਾਂ ਮੋਤੀ ਬਣੀਆਂ ਹਲਕੀ ਜਿਹੀ ਰੁਮਕਦੀ ਹਵਾ ਦੇ ਹੁਲਾਰਿਆਂ ਨਾਲ ਇਧਰ ਉਧਰ ਝੂਟੇ ਲੈਣ ਲੱਗੀਆਂ ।
ਹਵਾ ਥੋੜ੍ਹੀ ਤੇਜ਼ ਹੋਈ ਤਾਂ ਇਹਨਾਂ ਵਿੱਚੋਂ ਕੁੱਝ ਬੂੰਦਾਂ ਪੱਤਿਆਂ ਤੋਂ ਹੇਠਾਂ ਡਿੱਗ ਪਈਆਂ। ਚਾਂਦੀ ਰੰਗੀ ਸ਼ਰਾਰਤੀ ਬੂੰਦ ਪੱਤੇ ਤੋਂ ਡਿੱਗਣ ਲੱਗੀ ਤਾਂ ਉਸ ਨੇ ਪੱਤੇ ਦੇ ਨੁਕੀਲੇ ਹਿੱਸੇ ਨੂੰ ਘੁੱਟ ਕੇ ਫੜ ਲਿਆ ਜਿਵੇਂ ਕੰਮ ਧੰਦੇ ਲੱਗੀ ਮਾਂ ਦੇ ਕੁੱਛੜ ਚੁੱਕਿਆ ਬਾਲ ਡਿੱਗਣ ਦੇ ਡਰੋਂ ਮਾਂ ਦੇ ਗਲੇ ਨੂੰ ਘੁੱਟ ਕੇ ਫੜ ਲੈਂਦਾ ਹੈ। ਹਵਾ ਵੀ ਕੁੱਝ ਦੇਰ ਲਈ ਥੰਮ੍ਹ ਗਈ ਉਸ ਦੇ ਅਨੰਦ ਵਿੱਚ ਭਿੰਗਣਾ ਨਹੀਂ ਸੀ ਪਾਉਣਾ ਚਾਹੁੰਦੀ।
ਹਾਰ ਸ਼ਿੰਗਾਰ ਦੇ ਤਾਂ ਬਹੁਤ ਸਾਰੇ ਪੱਤਿਆਂ ਨਾਲ ਬੂੰਦਾਂ ਚਿੰਬੜੀਆਂ ਪਈਆਂ ਸਨ। ਹਵਾ ਨੇ ਫੇਰ ਹੁਲਾਰਾ ਜਿਹਾ ਮਾਰਿਆ ਤਾਂ ਬਹੁਤ ਸਾਰੀਆਂ ਬੂੰਦਾਂ ਜੜ੍ਹਾਂ ਵਿੱਚ ਸਮਾ ਗਈਆਂ। ਪਰ ਪਪੀਤੇ ਦੇ ਪੱਤੇ ਵਾਲੀ ਬੂੰਦ ਨੇ ਤਾਂ ਜਿਵੇਂ ਹੇਠ ਨਾ ਡਿੱਗਣ ਦੀ ਸਹੁੰ ਖਾ ਰੱਖੀ ਹੋਵੇ। ਇੱਕ ਪਿਦਕੂ ਜਿਹੀ ਚਿੜੀ ਕਨੇਰ ਦੇ ਪੀਲੇ ਪੀਲੇ ਫੁੱਲਾਂ ਦਾ ਰਸ ਚੂਸਦੀ ਫੁਦਕਦੀ ਫਿਰ ਰਹੀ ਸੀ। ਨਿੱਕੀ ਬੂੰਦ ਨੇ ਕਿਹਾ, " ਹੇ ਪਿਆਰੀ ਸੁੰਦਰ ਚਿੜੀ! ਮੈਨੂੰ ਆਪਣੇ ਖੰਭਾਂ ਤੇ ਬਿਠਾ ਲੈ ਮੈਂ ਹੇਠਾਂ ਨਹੀਂ ਡਿੱਗਣਾ ਚਾਹੁੰਦੀ।"
" ਮੈਨੂੰ ਬਹੁਤ ਸਾਰੇ ਕੰਮ ਨੇ ਮੇਰੇ ਕੋਲ ਵਿਹਲ ਨਹੀਂ ਤੇਰਾ ਭਾਰ ਝੱਲਣ ਦੀ।" ਚਿੜੀ ਉਸੇ ਤਰ੍ਹਾਂ ਟਹਿਣੀਓ
ਟਹਿਣੀ ਟਪੂਸੀਆਂ ਮਾਰਦੀ ਫਿਰ ਰਹੀ ਸੀ।
" ਅੱਛਾ.... ਮੇਰੀ ਗੱਲ ਤਾਂ ਸੁਣ ਜਾ... ਮੇਰੇ ਕੋਲ ਆ ਕੇ।" ਉਸ ਨੇ ਫਿਰ ਤਰਲਾ ਲਿਆ।
" ਨਾ... ਮੈਨੂੰ ਪਤੈ ਤੂੰ ਬਹੁਤ ਚਲਾਕ ਏਂ... ਜਦੋਂ ਮੈਂ ਤੇਰੇ ਕੋਲ ਨੂੰ ਹੋਈ, ਤੂੰ ਛਾਲ ਮਾਰ ਕੇ ਮੇਰੇ ਖੰਭਾਂ ਤੇ ਸਵਾਰ ਹੋ ਜਾਣੈ।"
" ਨਹੀਂ ਹੁੰਦੀ.... ਵਾਅਦਾ ਰਿਹਾ।"
ਹਾਰ ਸ਼ਿੰਗਾਰ, ਪਪੀਤਾ, ਅਸ਼ੋਕ ਦੇ ਰੁੱਖ, ਕਨੇਰ, ਗੁਲਮੋਹਰ, ਗੁਲਾਬ ਦੇ ਬੂਟੇ, ਮੋਤੀਆ, ਗੁਲਦਾਊਦੀ ਸਭ ਉਹਨਾਂ ਦੀਆਂ ਗੱਲਾਂ ਤੇ ਮੁਸਕਰਾ ਰਹੇ ਸਨ। ਜਦੋਂ ਹਵਾ ਰੁਮਕਦੀ ਨਿੱਕੀ ਬੂੰਦ ਡਿਗੂੰ ਡਿਗੂੰ ਕਰਦੀ ਮਸਾਂ ਸੰਭਲਦੀ। ਹਵਾ ਦਾ ਤੇਜ਼ ਬੁੱਲਾ ਆਇਆ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ। ਗੁਲਾਬ ਦੀਆਂ ਪੰਖੜੀਆਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ। ਕੁੱਝ ਸਮਾਂ ਬੂੰਦ ਚੁੱਪ ਰਹੀ। ਚਿੜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਫੁੱਲ ਕੋਲ ਆਈ। ਬੂੰਦ ਨੇ ਉਸ ਦੇ ਕੰਨ ਵਿੱਚ ਕੁੱਝ ਕਿਹਾ। ਉਸ ਨੇ ਬੂੰਦ ਨੂੰ ਆਪਣੇ ਖੰਭਾਂ ਵਿੱਚ ਸੰਭਾਲਿਆ ਅਤੇ ਦੂਰ ਲੈ ਉਡੀ। ਨਾਲ ਦੀਆਂ ਕਣੀਆਂ ਤੇ ਫੁੱਲ ਬੂਟੇ ਸਾਰੇ ਹੈਰਾਨ ਸਨ ਕਿ ਇਹੋ ਜਿਹਾ ਕੀ ਆਖਿਆ ਬੂੰਦ ਨੇ ਇੱਕ ਸਕਿੰਟ ਵਿੱਚ ਪਿਦਕੂ ਚਿੜੀ ਉਸ ਨੂੰ ਲੈ ਉਡੀ। ਉੱਚੇ ਲੰਮੇ ਰੁੱਖਾਂ ਦੇ ਉੱਪਰ ਦੀ, ਉੱਚੀਆਂ ਉੱਚੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਦੇ ਉੱਪਰ ਦੀ ਚਿੜੀ ਬੂੰਦ ਨੂੰ ਸੰਭਾਲ ਕੇ ਲੈ ਜਾ ਰਹੀ ਸੀ। ਮੰਦਰ, ਮਸੀਤਾਂ, ਗਿਰਜੇ, ਗੁਰਦੁਆਰਿਆਂ ਦੇ ਉੱਪਰ ਦੀ ਲੰਘਦਿਆਂ ਕਿਹਾ, " ਇਹਨਾਂ ਦਰਾਂ ਤੋਂ ਪਵਿੱਤਰ ਥਾਂ ਨਹੀਂ ਲੱਭਣੀ ਤੈਨੂੰ। ਆਪਣਾ ਧਰਤੀ 'ਤੇ ਆਉਣਾ ਸਫ਼ਲ ਕਰ ਲੈ।" ਚਿੜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ। ਉਹ ਕੁੱਝ ਨਾ ਬੋਲੀ। ਚਿੜੀ ਸੋਚ ਰਹੀ ਸੀ ' ਪਤਾ ਨਹੀਂ ਕਿੱਥੇ ਜਾ ਕੇ ਡਿੱਗੂ... ਐਨੀਆਂ ਪੂਜਨੀਕ ਥਾਵਾਂ ਨੂੰ ਛੱਡ ਕੇ.... ਕੀ ਪਤੈ ਮੈਨੂੰ ਊਈਂ ਝੂਠਾ ਲਾਲਚ ਦੇ ਦਿੱਤਾ ਹੋਵੇ ਕਿ ਰਹਿੰਦੀ ਦੁਨੀਆਂ ਤੱਕ ਤੈਨੂੰ ਯਾਦ ਕੀਤਾ ਜਾਊ। ਐਨੇ ਵੱਡੇ ਵੱਡੇ ਮਹਾਂਪੁਰਖਾਂ ਦੀਆਂ ਥਾਵਾਂ ਛੱਡ ਕੇ ਪਤਾ ਨਹੀਂ ਕਿੱਥੇ ਜਾ ਕੇ ਮਰੂ ।' ਚਿੜੀ ਅੰਦਰੋਂ ਅੰਦਰੀ ਔਖੀ ਹੋਈ ਪਈ ਸੀ।
" ਮੈਨੂੰ ਲੱਗਦੈ ਤੂੰ ਮੇਰੇ ਖੰਭਾਂ ਦੇ ਵਿੱਚੋਂ ਈ ਭਾਫ਼ ਬਣ ਕੇ ਉਡ ਜਾਣੈ।" ਚਿੜੀ ਨੇ ਉਸ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ।
" ਨਹੀਂ.... ਇਸ ਤਰ੍ਹਾਂ ਨਹੀਂ ਮੈਂ ਮੁੱਕਣਾ।"
" ਮੈਂ ਤੈਨੂੰ ਇੱਕ ਗੱਲ ਸੁਣਾਉਣ ਲੱਗੀ ਆਂ।"
" ਨਾ..... ਮੈਂ ਨਹੀਂ ਸੁਣਨੀ। ਤੂੰ ਉਡਦੀ ਜਾਹ ਬਸ।" ਬੂੰਦ ਨੇ ਸਰੂਰ ਨਾਲ ਆਖਿਆ।
" ਮੈਂ ਆਪਣੇ ਖੰਭ ਝਟਕਣ ਲੱਗੀ ਆਂ ਫੇਰ।"
" ਨਹੀਂ..... ਨਹੀਂ ਚਲ ਸੁਣਾ ਫੇਰ।" ਬੂੰਦ ਨੇ ਮਜ਼ਬੂਰ ਹੁੰਦਿਆਂ ਆਖਿਆ।
" ਮੈਨੂੰ ਪਤੈ ਤੂੰ ਔਖੀ ਹੋ ਕੇ ਸੁਣੇਂਗੀ। ਪਰ ਬਾਅਦ ਵਿੱਚ ਤੈਨੂੰ ਵਧੀਆ ਲੱਗੂ। ਤੈਨੂੰ ਪਤੈ ਕਿ ਕਹਿਣ ਦੇ ਨਾਲ ਸੁਣਨਾ ਕਿੰਨਾ ਜ਼ਰੂਰੀ ਐ। ਜਿਹੜਾ ਵੀ ਪ੍ਰਾਣੀ ਦੂਜੇ ਨੂੰ ਸੁਣਦਾ ਨਹੀਂ ਜਿੰਨਾ ਮਰਜ਼ੀ ਵੱਡਾ ਵਿਦਵਾਨ ਹੋਵੇ ਉਸ ਲਈ ਅੱਧੀ ਦੁਨੀਆਂ ਦੇ ਦਿਲ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ। ਉਸ ਕੋਲ ਪੂਰਨ ਗਿਆਨ ਨਹੀਂ ਹੁੰਦਾ। ਬਸ ਓਨਾ ਕੁ ਹੁੰਦੈ ਜਿੰਨਾ ਉਸ ਦਾ ਦਿਮਾਗ ਸੋਚਦੈ...।"
" ਚਲ ਸੁਣਾ ਵੀ ਹੁਣ....।" ਬੂੰਦ ਨੇ ਕਾਹਲੀ ਪੈਂਦਿਆਂ ਕਿਹਾ।
ਚਿੜੀ ਮੁਸਕਰਾਈ ਅਤੇ ਬੋਲੀ, " ਕਹਿੰਦੇ ਨੇ ਇੱਕ ਵਾਰ ਕਿਸੇ ਰੱਬ ਦੇ ਪਿਆਰੇ ਕੋਲ ਇੱਕ ਦੁਖੀ ਬੰਦਾ ਆਪਣੇ ਦੁੱਖਾਂ ਦਾ ਕਾਰਨ ਪੁੱਛਣ ਗਿਆ। ਰੱਬ ਦੇ ਪਿਆਰੇ ਨੇ ਉਸ ਨੂੰ ਕਿਹਾ, ' ਸਾਹਮਣੇ ਬਗੀਚੇ ਵਿੱਚ ਫੁੱਲ ਖਿੜੇ ਹੋਏ ਨੇ, ਉੱਥੋਂ ਸੁਹਣਾ ਫੁੱਲ ਲੈ ਕੇ ਆਵੀਂ ਪਰ ਇੱਕ ਸ਼ਰਤ ਐ ਕਿ ਜਿੱਥੋਂ ਇੱਕ ਵਾਰ ਲੰਘ ਗਿਆ ਵਾਪਸ ਉਧਰ ਦੀ ਨਹੀਂ ਆਉਣਾ ਦੁਖੀ ਬੰਦਾ ਚਲਿਆ ਗਿਆ ਸੁਹਣੇ ਸੁਹਣੇ ਫੁੱਲਾਂ ਕੋਲ ਦੀ ਲੰਘਦਾ ਗਿਆ ਕਿ ਹੋਰ ਅੱਗੇ ਇਸ ਤੋਂ ਵੀ ਸੁਹਣੇ ਫੁੱਲ ਹੋਣਗੇ। " ਚਿੜੀ ਥੋੜ੍ਹੀ ਦੇਰ ਲਈ ਚੁੱਪ ਹੋਈ।
" ਅੱਗੇ ਕੀ ਹੋਇਆ? " ਬੂੰਦ ਨੇ ਪੁੱਛਿਆ।
" ਉਹ ਲੰਘਦਾ ਗਿਆ ਅੱਗੇ ਗਿਆ ਤਾਂ ਮੁਰਝਾਏ ਫੁੱਲ ਸਨ ਪਿੱਛੇ ਮੁੜਨਾ ਨਹੀਂ ਸੀ। "
" ਫੇਰ? "
" ਫੇਰ ਕੀ ......ਮੁਰਝਾਇਆ ਫੁੱਲ ਲੈ ਕੇ ਆ ਗਿਆ। ਮਹਾਂਪੁਰਸ਼ ਨੇ ਕਿਹਾ ' ਇਹੀ ਤੇਰੇ ਦੁੱਖਾਂ ਦਾ ਕਾਰਨ ਹੈ। ਤੂੰ ਵਧੀਆ ਤੋਂ ਵਧੀਆ ਮੌਕੇ ਛੱਡ ਰਿਹਾ ਏਂ ਹੋਰ ਵਧੀਆ ਮੌਕਿਆਂ ਦੇ ਲਾਲਚ ਵਿੱਚ.... ਪਰ ਜ਼ਿੰਦਗੀ ਵਾਰ ਵਾਰ ਮੌਕੇ ਨਹੀਂ ਦਿੰਦੀ ਹੁੰਦੀ।"
" ਵਧੀਆ ਕਹਾਣੀ ਸੁਣਾਈ।" ਕਣੀ ਨੇ ਕਿਹਾ।
" ਤੈਨੂੰ ਇਸ ਲਈ ਸੁਣਾਈ ਐ ਕਿ ਤੇਰੇ ਨਾਲ ਵੀ ਦੁਖੀ ਰਾਮ ਵਾਂਗ ਈ ਹੋਣੈ। ਐਨੀਆਂ ਪੂਜਨੀਕ ਥਾਵਾਂ ਛੱਡੀ ਜਾਨੀ ਐਂ। "
" ਤੂੰ ਫ਼ਿਕਰ ਨਾ ਕਰ... ਬਸ ਮੈਂ ਤਾਂ ਇਹੀ ਆਖਣੈ ਕਿ ਮੇਰੇ ਲਖ਼ਸ਼ ਤੇ ਤੈਨੂੰ ਵੀ ਫਖ਼ਰ ਹੋਊ।" ਇਹ ਸੁਣ ਕੇ ਚਿੜੀ ਨੇ ਮੂੰਹ ਜਿਹਾ ਬਣਾਇਆ ਅਤੇ ਬੋਲੀ, " ਚਲ ਦੇਖ ਲਵਾਂਗੇ।" ਚਿੜੀ ਨੂੰ ਪਿੱਛੋਂ ਥੋੜ੍ਹੇ ਸ਼ੋਰ ਦੀ ਆਵਾਜ਼ ਸੁਣਾਈ ਦਿੱਤੀ। ਕਿਣਮਿਣ ਵਿੱਚੋਂ ਕੁੱਝ ਕੁ ਕਣੀਆਂ ਹਵਾ ਦੇ ਬੁੱਲਿਆਂ ਦਾ ਸਹਾਰਾ ਲੈਂਦਿਆਂ ਉਹਨਾਂ ਦੇ ਪਿੱਛੇ ਪਿੱਛੇ ਆ ਰਹੀਆਂ ਸਨ।
" ਓ.... ਤੁਸੀਂ ਕਿੱਧਰ ਨੂੰ ਚੱਲੀਆਂ? " ਸ਼ਰਾਰਤੀ ਕਣੀ ਨੇ ਪੁੱਛਿਆ।
" ਜਿੱਥੇ ਤੂੰ ਚੱਲੀ ਏਂ, ਅਸੀਂ ਵੀ ਉੱਥੇ ਹੀ ਜਾਣੈ।" ਉਹਨਾਂ ਆਖਿਆ।
" ਤੁਹਾਨੂੰ ਕੀ ਪਤੈ ... ਮੈਂ ਕਿੱਥੇ ਜਾਣੈ?"
" ਪੱਕਾ ਪਤਾ ਤਾਂ ਨਹੀਂ.... ਪਰ ਅੰਦਾਜ਼ਾ ਜ਼ਰੂਰ ਐ।"
" ਚਲੋ ਆ ਜੋ ਤੁਸੀਂ ਵੀ..... ਮੈਂ 'ਕੱਲੀ ਤਾਂ ਕੁਝ ਨਹੀਂ ਸੀ ਕਰ ਸਕਦੀ।"
" ਪਰ ਤੂੰ ਉੱਥੇ ਕਿਉਂ ਜਾ ਰਹੀ ਏਂ? ਉਹਨਾਂ ਪੁੱਛਿਆ।
" ਇਹ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ... ਸਦੀਆਂ ਬਾਅਦ ਇਹੋ ਜਿਹੇ ਮੌਕੇ ਆਉਂਦੇ ਨੇ... ਮੈਂ ਛੱਡਣਾ ਨਹੀਂ ਚਾਹੁੰਦੀ ਇਸ ਮੌਕੇ ਨੂੰ।" ਉਹ ਦੱਸਣ ਲੱਗਿਆਂ ਵੀ ਅਨੰਦਿਤ ਹੋ ਰਹੀ ਸੀ।
" ਮੈਨੂੰ ਵੀ ਦੱਸ ਦਿਓ ....ਬੁਝਾਰਤਾਂ ਜਿਹੀਆਂ ਕਿਉਂ ਪਾ ਰਹੀਆਂ ਓ। " ਚਿੜੀ ਨੂੰ ਉਹਨਾਂ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਨਹੀਂ ਸਨ ਆ ਰਹੀਆਂ। ਥੋੜ੍ਹੀ ਦੇਰ ਬਾਅਦ ਬਹੁਤ ਸਾਰੇ ਜੋਸ਼ੀਲੇ ਬੋਲ ਉਹਨਾਂ ਦੇ ਕੰਨੀ ਪਏ।ਜਿਵੇਂ ਕਿਧਰੇ ਖੁਸ਼ੀਆਂ ਮਨਾਈਆਂ ਜਾਂਦੀਆਂ ਹੋਣ। ਜਿਵੇਂ ਮਨਾਂ ਦੇ ਚਾਅ ਝੂੰਮਦੇ ਹੋਣ, ਜਿਵੇਂ ਵਿਆਹ ਸ਼ਾਦੀਆਂ ਹੋਣ, ਜਿਵੇਂ ਕਿਸੇ ਬੁੱਢੇ ਬਾਪੂ ਦਾ ਮਾਣ ਵਧਿਆ ਹੋਵੇ, ਜਿਵੇਂ ਸਭ ਦੇ ਵਡੇਰੇ ਖੁਸ਼ੀ ਦੇ ਸੋਹਲੇ ਗਾਉਂਦੇ ਹੋਣ, ਜਿਵੇਂ ਤਪਦੇ ਹਿਰਦਿਆਂ 'ਤੇ ਕੋਈ ਠੰਢੀਆਂ ਬੁਛਾਰਾਂ ਪਈਆਂ ਹੋਣ। ਇਹ ਸਾਰਾ ਕੁੱਝ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਸੀ। ਬਿਆਨ ਕਰਨਾ ਬੜਾ ਔਖਾ ਸੀ। ਕਦੇ ਲੱਗਦਾ ਇਹ ਬੱਚਿਆਂ ਨੂੰ ਖੁਸ਼ ਕਰਨ ਲਈ ਕੋਈ ਖੇਡ ਰਚੀ ਹੋਵੇ, ਕਿਤੇ ਲੱਗਦਾ... ਨਹੀਂ ਨਹੀਂ ਇਹ ਤਾਂ ਜਵਾਨਾਂ ਦੇ ਸਿਰੜ, ਸਿਦਕ, ਜੋਸ਼, ਹੋਸ਼, ਸਾਊਪੁਣੇ ਦਾ ਇਮਤਿਹਾਨ ਹੋਇਆ ਹੋਵੇ ਜਿਸ ਵਿੱਚ ਉਹਨਾਂ ਨੇ ਮਾਣਮੱਤੇ ਅੰਕ ਪ੍ਰਾਪਤ ਕੀਤੇ ਹੋਣਗੇ । ਫਿਰ ਲੱਗਦਾ... ਨਹੀਂ.... ਨਹੀਂ..... ਇਹ ਤਾਂ ਬਜ਼ੁਰਗਾਂ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਹੋਵੇ। ਇਹ ਤਾਂ 'ਸਰਬੱਤ ਦੇ ਭਲੇ' ਵਾਂਗ 'ਸਰਬੱਤ ਦੀ ਜਿੱਤ' ਜਾਪਦੀ ਹੈ। ਬੱਚੀਆਂ ਬੱਚੇ, ਨੌਜਵਾਨ ਬੀਬੀਆਂ ਤੇ ਵੀਰ, ਬਜ਼ੁਰਗ ਮਾਤਾਵਾਂ..... ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਭ ਦੇ ਸਿਰਾਂ 'ਤੇ ਛਤਰ ਝੂਲਦੇ ਹੋਣ ਉਹਨਾਂ ਦਾ ਮਾਣ ਇਸ ਦੁਨੀਆਂ ਤੋਂ ਵੀ ਪਾਰ ਖੰਡਾਂ ਬ੍ਰਹਿਮੰਡਾਂ ਤੱਕ ਫੈਲ ਗਿਆ ਹੋਵੇ। ਜਿਵੇਂ ਮਾਂ ਭਗਾਉਤੀ ਨੇ ਹੰਕਾਰੀ ਦਾਨਵਾਂ ਨੂੰ ਹਰਾਇਆ ਹੋਵੇ। ਊਚ ਨੀਚ ਦੇ ਭੇਦ ਭਾਵ ਤੋਂ ਦੂਰ, ਧਰਮ ਖਿੱਤਿਆਂ ਦੇ ਵਖਰੇਵਿਆਂ ਤੋਂ ਦੂਰ ਸਾਰੇ ਇੱਕੋ ਹੀ ਨੂਰਾਨੀ ਚਿਹਰਿਆਂ ਵਾਲੇ ਜਾਪਦੇ ਸਨ। ਕੁੱਝ ਸਮਝ ਨਹੀਂ ਸੀ ਆ ਰਿਹਾ ਇਹ ਹੋ ਕੀ ਰਿਹਾ?
" ਤੇਰਾ ਬਹੁਤ ਬਹੁਤ ਧੰਨਵਾਦ ਪਿਆਰੀ ਚਿੜੀ ! ਹੁਣ ਮੈਂ ਚੱਲੀ।" ਬੂੰਦ ਨੇ ਆਖਿਆ।
" ਮੈਨੂੰ ਕੁਝ ਦੱਸ ਤਾਂ ਜਾਓ.... ਕਿੱਥੇ ਚੱਲੀਆਂ ਓ? " ਚਿੜੀ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ।
" ਜੱਗ ਵਿੱਚ ਹਿੱਸਾ ਪਾਉਣ। " ਏਨਾ ਆਖ ਕੇ ਕਣੀਆਂ ਤੇਜ਼ੀ ਨਾਲ ਧਰਤੀ ਵੱਲ ਵਧੀਆਂ। ਜਿੱਤ ਦਾ ਜਸ਼ਨ ਮਨਾਉਂਦੇ ਬੀਰਾਂ ਨੇ ਇਸ ਲੜਾਈ ਵਿੱਚ ਸ਼ਹੀਦ ਹੋਏ ਯੋਧਿਆਂ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਬੱਚੇ, ਜਵਾਨ, ਬਜ਼ੁਰਗ ਝੂਮ ਰਹੇ ਸਨ। ਕਣੀਆਂ ਨੇ ਉਹਨਾਂ ਦੇ ਰਾਹ 'ਤੇ ਆਪਾ ਨਿਛਾਵਰ ਕੀਤਾ।
ਉਸ ਤੋਂ ਬਾਅਦ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਸਮਾ ਗਈਆਂ।
" ਇਹ ਸਾਰੇ ਕੌਣ ਨੇ? " ਚਿੜੀ ਨੇ ਉੱਥੇ ਚਹਿਚਹਾਉਂਦੇ ਪੰਛੀਆਂ ਤੋਂ ਪੁੱਛਿਆ।
" ਬਾਬੇ ਨਾਨਕ ਦੇ ਕਿਰਤੀ ਇੱਕ ਲੰਬੀ ਲੜਾਈ ਜਿੱਤ ਕੇ ਘਰੀਂ ਪਰਤ ਰਹੇ ਨੇ।" ਚਿੜੀ ਨੂੰ ਬੂੰਦ ਦੀ ਗੱਲ ਯਾਦ ਆਈ ਉਸ ਨੂੰ ਸੱਚੀਂ ਆਪਣੇ ਆਪ 'ਤੇ ਅਤੇ ਚਿੜੀ ਦੇ ਲਖ਼ਸ਼ 'ਤੇ ਫ਼ਖਰ ਮਹਿਸੂਸ ਹੋ ਰਿਹਾ ਸੀ।