Kuri Pothohar Di (Punjabi Story) : Savinder Singh Uppal

ਕੁੜੀ ਪੋਠੋਹਾਰ ਦੀ (ਕਹਾਣੀ) : ਸਵਿੰਦਰ ਸਿੰਘ ਉੱਪਲ

ਉਹ ਦੁਧ ਵੇਚਿਆ ਕਰਦੀ ਸੀ। ਸਰਦੀਆਂ ਹੋਣ ਜਾਂ ਗਰਮੀਆਂ ਉਹ ਸਮੇਂ ਸਿਰ ਹਰ ਇਕ ਦੇ ਘਰ ਪੁਜ ਜਾਂਦੀ, ਭਾਵੇਂ ਲੂਹਲਿਆਂ ਦੀ ਢੋਕ, ਜਿਥੋਂ ਕਿ ਉਹ ਆਉਂਦੀ ਹੁੰਦੀ ਸੀ, ਸਾਡੇ ਪਿੰਡ ਨਾਲੋਂ ਪੰਜ ਸਤ ਮੀਲ ਦੂਰ ਸੀ। ਉਹ ਕਲ- ਮਕੱਲੀ ਮੂੰਹ ਹਨੇਰੇ ਹੀ ਘਰੋਂ ਟੁਰ ਪੈਂਦੀ ਤੇ ਜ਼ਰਾ ਨ ਡਰਦੀ, ਆਪਣੇ ਇਕੱਲਪਣ ਜਾਂ ਤ੍ਰੀਮਤ-ਪਣ ਤੋਂ । ‘ਜ਼ਮਦਾਰਾਂ ਲੋਕਾਂ ਕੀ ਕੈਹ ਡਰ ਆਖੈ । ਡਰਨੇ ਖਤਰੀ ਹੋਣੇ ਨੁ" ਉਹ ਆਖਦੀ ਜਦੋਂ ਕੋਈ ਉਹਨੂੰ ਮੂੰਹ ਹਨੇਰੇ ਇਕੱਲਿਆਂ ਆਉਣ ਤੋਂ ਵਰਜਦਾ ।

ਤਿੰਨ ਚਾਰ ਸਾਲ ਤੋਂ ਮੈਂ ਉਹਨੂੰ ਦੁਧ ਹੀ ਵੇਚਦਿਆਂ ਵੇਖ ਰਿਹਾ ਸਾਂ। ਅਠ ਦਸ ਸੇਰ ਦੁਧ ਰੋਜ਼ ਵੇਚਣ ਤੇ ਵੀ, ਵੇਖਦਾ, ਉਹ ਸੰਤੁਸ਼ਟ ਨਹੀਂ ਸੀ; ਉਹ ਕਿਸੇ ਲਾਇਰੀ ਗਾਂ ਜਾਂ ਮਝ ਦੀ ਭਾਲ ਵਿਚ ਸੀ । ‘ਜੇ ਕੋਈ ਵਲ ਜਹੀ ਲਵੇਰੀ ਮੱਝ ਮਿਲੀ ਗਛੈ ਤਾਂ ਬਹੂੰ ਚੰਗੈ ! ਹਿਹੁ ਹੀ ਤੈ ਦਿਹਾੜੇ ਨੁ ਦੁਧੈ ਨੇ ਵੇਚਣੇ ਨੇ । ਹਿਹੁ ਲਾਮਾਂ ਨੀਆਂ ਹੀ ਬਰਕਤਾਂ ਨੁ ਜੇ ਖਤਰੀ ਅਠ ਆਨੇ ਸੇਰ ਵੀ ਚਾਹੀ ਘਿਨਣੇ ਨੁ ਮਿਨਤਾਂ ਕਰੀ ਕੈ । ਅਗੈ ਤੈ ਅਲਾ ਨੀ ਕਸਮੇਂ ਸੇਰੇ ਨੇ ਢਾਈ ਆਨੇ ਵੀ ਨਹੀਂ ਸੈ ਦੈਣੇ।” ਉਹ ਕਈ ਵਾਰੀ ਆਖਦੀ ਜਦੋਂ ਕੋਈ ਉਹਦੇ ਕੋਲੋਂ ਪੁਛਦਾ ਕਿ ਉਹ ਹੋਰ ਲਾਇਰੀ ਮੱਝ ਕੀ ਕਰੇਗੀ ਜਦ ਉਹਦੇ ਕੋਲ ਦੁਧ ਦੇਣ ਵਾਲੀ ਇਕ ਮੱਝ ਤੇ ਦੋ ਗਾਈਆਂ ਅਗੇ ਹੀ ਹਨ ।

ਜਦ ਕਦੀ ਮੈਂ ਉਹਨੂੰ ਮੋਢੇ ਤੇ ਦੁਧ ਦਾ ਡੱਬਾ ਚੁਕਿਆ ਵੇਖਦਾ ਤਾਂ ਮੈਂ ਕਈ ਵਾਰੀ ਸੋਚਦਾ ਕਿ ਇਸ ਉਮਰ ਵਿੱਚ ਕੱਲ-ਮੁਕੱਲਿਆਂ ਹੋਣ ਤੇ ਵੀ ਉਹ ਇਤਨੀ ਮਿਹਨਤ ਕਿਉਂ ਕਰਦੀ ਹੈ ? ਕੀ ਇਹਦੀਆਂ ਮੋਟੀਆਂ ਮਸਤ ਅਖਾਂ, ਉਭਰੀਆਂ ਕਣਕ-ਭਿੰਨੀਆਂ ਗਲ੍ਹਾਂ, ਗੁਦ-ਗੁਦੀਆਂ ਛਾਤੀਆਂ ਤੇ ਇਹਦੇ ਨਿਖਰੇ ਭੜਕੀਲੇ ਨਕਸ਼ ਇਵੇਂ ਦੁਧ ਵੇਚਦਿਆਂ ਹੀ ਚੁੰਨ੍ਹੀਆਂ ਅਖਾਂ, ਅੰਦਰ ਵੜੀਆਂ ਹੜਬਾਂ, ਲਮਕਦੀਆਂ ਢਿੱਲੀਆਂ ਗੁਥੀਆਂ ਤੇ ਝੁਰੜੀਆਂ ਵਾਲੇ ਮੂੰਹ ਵਿੱਚ ਬਦਲ ਜਾਣਗੀਆਂ ? ਕੀ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਅਣਮਾਣੇ ਹੀ ਬਰਬਾਦ ਜਾਣਗੀਆਂ ? ਜਾਂ ਇਨ੍ਹਾਂ ਨੂੰ ਕੋਈ ਵਡ-ਭਾਗਾ ਮਾਣ ਵੀ ਸਕੇਗਾ ? ਕੀ ਇਹਦੇ ਸੀਨੇ ਅੰਦਰ ਕੋਈ ਵਲਵਲਾ ਜਾਂ ਝੁਨ- ਝੁਨਾਹਟ ਨਹੀਂ ਛਿੜਦੀ ਇਤਨੀ ਵੱਡੀ ਹੋ ਜਾਣ ਤੇ ਵੀ ? ਹੋ ਸਕਦਾ ਹੈ ਕਿ ਇਹਦੀਆਂ ਅਖਾਂ ਕਿਸੇ ਨਾਲ ਲੜੀਆਂ ਹੋਣ ਉਹ ਮੰਨਿਆ ਨ ਹੋਵੇ । ਇਹ ਕੀ ਹੁਣ ਕਿਸੇ ਹੋਰ ਨਾਲ ਨਹੀਂ ਲੜਨਗੀਆਂ ? ਤੇ ਫਿਰ ਮੇਰਾ ਖ਼ਿਆਲ ਉਹਦੇ ਥਿਗੜੀਆਂ ਲਗੇ ਕਪੜਿਆਂ ਵਲ ਚਲਾ ਜਾਂਦਾ। ਕਿਧਰੇ ਨੀਲੀ ਛੀਟਾਂ ਦੀ ਥਿੱਗੜੀ ਲਗੀ ਹੁੰਦੀ ਉਸਦੀ ਮੈਲ-ਕੁਚੈਲੀ ਸੂਹੀ ਕਮੀਜ਼ ਤੇ । ਉਹਨੂੰ ਦੂਰੋਂ ਵੇਖਣ ਤੇ ਇੰਝ ਲਗਦਾ ਜਿਵੇਂ ਕੋਈ ਰੰਗ-ਬਰੰਗੀ ਵਰਦੀ ਪਾਈ ਖਿਡਾਰੀ ਆ ਰਿਹਾ ਹੁੰਦਾ ਹੈ। ਕਈ ਫਟੀਆਂ ਥਾਵਾਂ ਤੋਂ ਉਹਦਾ ਨੰਗਾ ਪਿੰਡਾ ਲਿਸ਼ਕਾਰੇ ਮਾਰਦਾ ਦਿਸਦਾ ਜਦੋਂ ਉਹ ਨੇੜੇ ਆਉਂਦੀ। ਇਤਨੇ ਪੈਸੇ ਕਮਾਉਣ ਤੇ ਵੀ ਉਹ ਪਤਾ ਨਹੀਂ ਕਿਉਂ ਨਹੀਂ ਚੰਗੇ ਕਪੜੇ ਪਾਉਂਦੀ। ਇਸ ਉਮਰੇ ਵੀ ਇਤਨੀ ਕੰਜੂਸੀ । ਜਦ ਨ ਇਸਦੀ ਕੋਈ ਭੈਣ ਹੈ ਨ ਭਰਾ ਤੇ ਨ ਮਾਂ ਤੇ ਨ ਪਿਉ, ਫਿਰ ਇਹ ਕਿਉਂ ਜੋੜਨ ਵਿੱਚ ਲਗੀ ਰਹਿੰਦੀ ਹੈ ? ਮੈਂ ਇਹਨੂੰ ਕਦੀ ਵੀ ਨਵੀਂ ਜੁਤੀ ਪਾਇਆਂ ਨਹੀਂ ਵੇਖਿਆ । ਹਰ ਵੇਲੇ ਤਰੱਪੜ ਹੀ ਘਸੀਟਦੀ ਰਹਿੰਦੀ ਏ ਜਿਹੜੇ ਇਹ ਕਿਸੇ ਤੋਂ ਮੰਗ ਤੰਗ ਲੈਂਦੀ ਹੈ । “ਕੋਈ ਫੱਟਾ ਪੁਰਾਣਾ ਤਰੱਪੜ ਹਈ ਤੇ ਸ਼ਾਹਣੀਏਂ ਚਾਹੀ ਦਹੈ। ਅਲਾ ਤੈਂਡੀ ਬੱਡੀ ਯਾਤੀ ਕਰੈ” ਉਹ ਕਈ ਵਾਰੀ ਸਾਡੇ ਘਰ ਆ ਮਾਤਾ ਜੀ ਨੂੰ ਆਖਦੀ। ਜੋ ਕੋਈ ਉਹਨੂੰ ਚੰਗੇ ਕਪੜੇ ਪਾਉਣ ਲਈ ਆਖਦਾ ਤਾਂ ਉਹ ਆਖਦੀ “ਬੰਦਾ ਤਾਂ ਕਪੜੇ ਬ੍ਹਾਏ ਜੇ ਹੁਨ੍ਹਾਂ ਕੀ ਤਕਣੈ ਆਲਾ ਵੀ ਹਵੇ ਤੈ।ਬਣੀ ਬਣੀ ਕੈਹ ਲੋਕਾਂ ਕੀ ਕਹ ਦਸਣਾ ਹੋਇਆ ?"

ਭਾਵੇਂ ਉਹ ਕਲ-ਮਕੱਲੀ ਮੂੰਹ ਹਨੇਰੇ ਆਉਂਦੀ ਸੀ ਪਰ ਫਿਰ ਵੀ ਕਿਸੇ ਅਣਖੀਲੇ ਜੱਟ ਦੀ ਜੁਰਅਤ ਨਹੀਂ ਸੀ ਪੈਂਦੀ ਕਿ ਉਹਦੇ ਵਲ ਵੇਖ ਸਕੇ । ਉਹਦੇ ਚੇਹਰੇ ਦਾ ਇਤਨਾ ਰੂਹਬ ਸੀ ਕਿ ਹਰ ਕੋਈ ਉਹਦੇ ਕੋਲੋਂ ਯਰਕਦਾ। ਖਾਸ ਕਰ ਉਸ ਘਟਨਾਂ ਤੋਂ ਪਿਛੋਂ ਜਦੋਂ ਸ਼ੇਰੇ ਨੂੰ ਗੋਹਰੀ ਜੁੱਤੀਆਂ ਮਾਰੀਆਂ ਸਨ। ਸ਼ੇਰਾ ਰਾਜਿਆਂ ਦੀ ਢੋਕ ਦਾ ਮੰਨਿਆਂ ਪ੍ਰਮੰਨਿਆਂ ਅਣਖੀਲਾ ਜਟ ਸੀ । ਉਹਦੇ ਚੌੜੇ ਭਖਦੇ ਮੂੰਹ, ਕਾਟਵੀਆਂ ਮੁਛਾਂ ਅਤੇ ਤ੍ਰਾੜ ਵਰਗੀ ਛਾਤੀ ਤੇ ਆਰੇ ਪਾਰੇ ਦੀਆਂ ਸਾਰੀਆਂ ਜੱਟੀਆਂ ਮਰਦੀਆਂ ਸਨ ਪਰ ਸ਼ੇਰੇ ਦੀ ਅੱਖ ਨਹੀਂ ਸੀ ਸੜਦੀ ਕਿਸੇ ਤੇ। ਅਖੀਰ ਜਦ ਉਸ ਦੁੱਲੇ ਘੁਮਾਰੇ ਦੀ ਧੀ ਦਾ, ਚੁਕੇ ਕੜਬਾਂ ਦੇ ਟਾਂਡਿਆਂ ਵਿਚੋਂ ਅੱਖ-ਮਚੋਲੀ ਖੇਡਦਾ ਹੁਸਨ ਵੇਖਿਆ ਸੀ ਤਾਂ ਉਹ ਸੁਦਾਈ ਬਣ ਗਿਆ ਸੀ। ਉਸ ਬੇ-ਕਾਬੂ ਘੋੜੇ ਵਾਂਗੂੰ ਨ ਹੀਲ ਕੀਤੀ ਨ ਦਲੀਲ ਤੇ ਜਾ ਕੇ ਉਹਨੂੰ ਫੜ ਲਿਆ। ਪਹਿਲਾਂ ਤਾਂ ਉਸ ਚੀਕ ਮਾਰਨ ਦੀ ਕੀਤੀ ਸੀ ਪਰ ਸ਼ੇਰੇ ਨੂੰ ਵੇਖ ਕੇ ਉਹਦੀ ਮੁਸਕ੍ਰਾਹਟ ਨਿਕਲ ਗਈ । ਗੋਹਰੀ ਜਾਣਦੀ ਸੀ ਇਹੋ ਜਹੀਆਂ ਸ਼ੇਰੇ ਦੀਆਂ ਕਈ ਗਲਾਂ। ਇਕ ਸਰਘੀ ਹਨੇਰੇ ਵਿੱਚ ਆਪਣੇ ਵਲ ਵਧਦੇ ਸ਼ੇਰੇ ਨੂੰ ਵੇਖਕੇ ਗੋਹਰੀ ਦੁਧ ਦੇ ਡਬੇ ਨੂੰ ਹੇਠਾਂ ਰੱਖ ਕੇ ਆਪਣਾ ਤਰੱਪੜ ਲਾਹ ਲਿਆ ਤੇ ਪੰਜ ਸਤ ਜ਼ੋਰ ਜ਼ੋਰ ਦੇ ਤਰੱਪੜ ਉਹਦੇ ਸਿਰ ਵਿੱਚ ਟਿਕਾ ਦਿਤੇ ਜਦੋਂ ਸ਼ੇਰੋ ਆਕੇ ਗੋਹਰੀ ਨੂੰ ਫੜਨ ਦੀ ਕੀਤੀ । ਫਿਰ ਨਿਡਰ ਹੋਕੇ ਉੱਚੀਆਂ ਉੱਚੀਆਂ ਗਾਹਲਾਂ ਕਢਣ ਲਗ ਪਈ। ਸ਼ੇਰੇ ਦਾ ਜੋਸ਼ ਸਭ ਜਾਂਦਾ ਰਿਹਾ। ਉਹਨੂੰ ਨਹੀਂ ਸੀ ਪਤਾ ਕਿ ਗੋਹਰੀ ਇਤਨੀ ਡਾਢੀ ਅਤੇ ਦਲੇਰ ਹੈ । ਪਹਿਲਾਂ ਤਾਂ ਉਸ ਨਸ ਜਾਉਣ ਦੀ ਕੀਤੀ ਪਰ ਫਿਰ ਜਦੋਂ ਉਸ ਗੋਹਰੀ ਦੇ ਇਹ ਲਫ਼ਜ਼ “ਹੁਣੈ ਸ਼ਾਹ ਨਾਲ ਥਾਣੇ 'ਚ ਗਛੀ ਕੇ ਤੁਘੀ ਸਿਧਿਆਂ ਕਰਾਈ ਸਟਸਾਂ”— ਸੁਣੇ ਤਾਂ ਉਹ ਡਰਿਆ।ਉਸ ਆਖ਼ਰ ਗੋਹਰੀ ਦੀਆਂ ਮਿੰਨਤਾਂ ਕੀਤੀਆਂ ਤਾਂ ਕਿਧਰੇ ਜਾ ਕੇ ਗੋਹਰੀ ਥਾਣੇ ਜਾਣ ਤੋਂ ਟਲੀ । ਦੂਜੇ ਦਿਨ ਹੀ ਸ਼ੇਰਾ ਸ਼ਰਮਿੰਦਗੀ ਦੇ ਮਾਰੇ ਭਰਤੀ ਹੋ ਗਿਆ ਜਦੋਂ ਗੋਹਰੀ ਜਾ ਕੇ ਸਾਰੀ ਲੋਕਾਂ ਵਿਚ ਇਹ ਘਟਨਾ ਜਾ ਸੁਣਾਈ । ਕਈ ਹੋਰ ਜਵਾਨ ਮੁੰਡੇ ਗੋਹਰੀ ਵਲ ਸਧਰਾਈਆਂ ਨਜ਼ਰਾਂ ਨਾਲ ਵੇਖਦੇ ਪਰ ਹਰ ਕੋਈ ਇਹ ਆਖ ਕੇ ਕਿ “ਜਿਥੇ ਸ਼ੇਰੇ ਜਿਹਾਂ ਨੀ ਕਿਸ਼ ਪੇਸ਼ ਨਹੀਂ ਗਈ ਉਥੈ ਅਸੀਂ ਕਿਹੜੈ ਬਾਗੈ ਨੀ ਮੂਲੀ ਵਾਂ'' ਆਪਣੀਆਂ ਉਠ ਰਹੀਆਂ ਉਮੰਗਾਂ ਨੂੰ ਦਬੋਚ ਲੈਂਦੇ ।

ਦੁਧ ਵੇਚਣ ਤੋਂ ਇਲਾਵਾ ਉਹ ਆਪਣੇ ਡੰਗਰਾਂ ਦੀ ਪਾਹ ਕੱਠੀ ਕਰ ਕੇ ਸੂਰ੍ਹੀਆਂ ਵੀ ਥਪਦੀ ਅਤੇ ਉਨ੍ਹਾਂ ਨੂੰ ਸਾਡੇ ਪਿੰਡ ਆ ਅੱਠਾਂ ਆਨਿਆਂ ਦੀਆਂ ਸੌ ਵੇਚ ਦਿੰਦੀ । ਉਹ ਸੂਰ੍ਹੀਆਂ ਨੂੰ ਬੜੇ ਪਿਆਰ ਨਾਲ ਥਪਦੀ। ਇਕ ਇਕ ਸੂਰ੍ਹੀ ਤੇ ਬੜੇ ਤਰੀਕੇ ਨਾਲ ਹੱਥ ਮਾਰਦੀ ਜਿਵੇਂ ਕੋਈ ਮਾਹਿਰ ਆਰਟਿਸਟ ਆਪਣੇ ਬਣਾਏ ਚਿਤਰ ਨੂੰ ਠੀਕ ਕਰਨ ਲਈ ਬੁਰਸ਼ ਵਰਤਦਾ ਹੈ । ਪਤਲੀਆਂ ਪਤਲੀਆਂ ਸੁਕੀਆਂ ਪੁੜੱਕੀਆਂ ਗੋਹਰੀ ਦੀਆਂ ਥਪੀਆਂ ਸੂਰ੍ਹੀਆਂ ਇਤਨੀ ਤੇਜ਼ੀ ਨਾਲ ਬਲਦੀਆਂ ਕਿ ਸਰਦੀਆਂ ਚ ਹਰ ਇਕ ਕਿਲ੍ਹੇ ਕੰਮ ਕਰਨ ਵਾਲਾ ਰੋਟੀ ਆਰਾਮ ਨਾਲ ਖਾ ਕੇ ਵੀ ਠੀਕ ਅੱਠ ਵਜੇ ਕਿਲ੍ਹੇ ਦੇ ਗੇਟ ਤੇ ਪੁਜ ਜਾਂਦਾ। “ਆਖੀ ਨਾ ਗੋਹਰੀ ਸੂਰ੍ਹੀਆਂ 'ਚ ਤੇਲ ਬਾਹਣੀ ਰਹਿਣੀ ਐਂ" ਉਹਦੀਆਂ ਸੂਰ੍ਹੀਆਂ ਨੂੰ ਲਟ ਲਟ ਬਲਦਾ ਵੇਖ ਕੇ ਕਈ ਵਾਰੀ ਲੋਕੀ ਆਖਦੇ । ਸਾਡੇ ਪਿੰਡ ਦੇ ਬਹੁਤ ਸਾਰੇ ਵਸਨੀਕ ਕਿਲ੍ਹੇ ਵਿਚ ਨੌਕਰ ਹੋਣ ਕਰਕੇ ਆਪਣੀਆਂ ਜ਼ਨਾਨੀਆਂ ਨੂੰ ਥਪੀਆਂ ਥਪਾਈਆਂ ਸੂਰ੍ਹੀਆਂ ਮੁਲੈ ਲੈ ਦਿੰਦੇ । ਜਦੋਂ ਕੋਈ ਤੀਵੀਂ ਗੋਹਾ ਮੰਗ ਤੰਗ ਕੇ ਆਪ ਸੂਰ੍ਹੀਆਂ ਥਪਣ ਲਗ ਪੈਂਦੀ ਤਾਂ ਗੋਹਰੀ ਇਹ ਆਖ ਕੇ ਕਿ-“ਕਦੇ ਅੰਬੀਰਾਂ ਬਾਬੂਆਂ ਨੀਆਂ ਤ੍ਰੀਮਤਾਂ ਵੀ ਸੂਰ੍ਹੀਆਂ ਥਪਣੀਆਂ ਹੋਣੀਆਂ ਨੁ । ਹਿਹੁ ਅਸਾਂ ਕਮੀਆਂ ਨੇ ਕੰਮ ਹਵਣੈ ਨੁ ਕਹਿ''- ਉਹਨੂੰ ਆਪਣਾ ਫਿਰ ਗਾਹਕ ਬਣਾ ਲੈਂਦੀ ।

ਭਾਵੇਂ ਸਾਰਿਆਂ ਲੋਕਾਂ ਨੂੰ ਇਹ ਪਤਾ ਸੀ ਕਿ ਗੋਹਰੀ ਦੁਧ ਵਿਚ ਪਾਣੀ ਮਿਲਾਉਂਦੀ ਹੈ ਪਰ ਫਿਰ ਵੀ ਉਹ ਉਸੇ ਕੋਲੋਂ ਲੈਂਦੇ । ਜਵਾਨ ਉਹਦੀ ਜਵਾਨੀ ਕਰਕੇ ਤੇ ਬੁਢੇ ਉਹਦੀ ਗ਼ਰੀਬੀ ਕਰਕੇ ਉਹਦੇ ਹੀ ਗਾਹਕ ਬਣੇ ਰਹਿੰਦੇ। ਇਕ ਵਾਰੀ ਜਦੋਂ ਉਹ ਬੁਢੇ ਸ਼ਿੰਗਾਰਾ ਸਿੰਘ ਦੇ ਘਰ ਦੁਧ ਦੇ ਰਹੀ ਸੀ ਤਾਂ ਉਹਦੇ ਦੁਧ ਵਿਚੋਂ ਇਕ ਜੀਉਂਦੀ ਮੱਛੀ ਨਿਕਲ ਪਈ । ਸ਼ਿੰਗਾਰਾ ਸਿੰਘ ਦੇ ਪੁਛਣ ਤੇ ਕਿ ਉਸ ਦੁਧ ਵਿਚ ਪਾਣੀ ਮਲਾਇਆ ਹੈ, ਗੋਹਰੀ ਜ਼ਰਾ ਨਾ ਸ਼ਰਮਿੰਦੀ ਹੋਈ ਸਗੋਂ ਆਖਣ ਲਗੀ “ਕਸਮੇਂ ਅਲਾ ਪਾਕ ਨੀ ਮੈਂ ਦੁਧੇ 'ਚ ਪਾਣੀ ਨਹੀਂ ਬਾਹਿਆ ।ਦੁਧੇ 'ਚ ਪਾਣੀ ਬਾਹਣੇ ਆਲੀ ਨੇ ਹਥ ਹੀ ਗਲੀ ਗਛਣ । ਗੱਲ ਇੰਝ ਵੈ ਸ਼ਾਹ, ਜੈ ਮਾੜੇ ਡੰਗਰ ਹਿਥੂੰ ਜਾਬਿਉ ਹੀ ਤੈ ਪਾਣੀ ਪੀਣੇ ਨੁ । ਕੁਧਰੈ ਕਲ ਪਾਣੀ ਪੀਣੀਆਂ ਮੱਛੀ ਅੰਦਰ ਲੰਘੀ ਗਈ ਹਵਸੀ।” ਤੇ ਇਸ ਤਰ੍ਹਾਂ ਉਹਨੂੰ ਸੰਤੁਸ਼ਟ ਕਰ ਦਿਤਾ। ਸ਼ਿੰਗਾਰਾ ਸਿੰਘ ਦੀ ਬੁਢੀ ਹੋ ਗਈ ਮਤ ਨੇ ਇਤਨਾ ਨਾ ਸੋਚਿਆ ਕਿ ਥਣਾਂ ਵਿਚੋਂ ਜੀਉਂਦੀ ਮੱਛੀ ਕਿਵੇਂ ਨਿਕਲ ਆਈ ?

ਸਾਡੇ ਘਰ ਉਹਦਾ ਬਹੁਤਾ ਆਣ ਜਾਣ ਹੋਣ ਕਰ ਕੇ ਮੈਂ ਉਹਦੇ ਕੋਲੋਂ ਹਰ ਗੱਲ ਬਗ਼ੈਰ ਝਿਜਕ ਦੇ ਪੁਛ ਲੈਂਦਾ ਹੁੰਦਾ ਸਾਂ । ਜਦੋਂ ਵੀ ਕੋਈ ਗੱਲ ਹੁੰਦੀ ਉਹ ਸਾਡੇ ਘਰ ਆ ਜਾਂਦੀ। ਜਦੋਂ ਮੈਨੂੰ ਸ਼ਿੰਗਾਰਾ ਸਿੰਘ ਦੇ ਘਰ ਵਾਪਰੀ ਘਟਨਾ ਦਾ ਪਤਾ ਲਗਾ ਤਾਂ ਮੈਂ ਗੋਹਰੀ ਕਲੋਂ ਬਗ਼ੈਰ ਝਿਜਕ ਦੇ ਪੁਛਿਆ “ਗੋਹਰੀਏ ਇਕ ਗੱਲ ਪੁੱਛਾਂ ਦਸਸੇਂ?”

“ਸ਼ਾਹ ਤੁਧ ਕੀ ਨਾ ਦਸਾਂ ਤੇ ਹੋਰ ਕੁਸ ਕੀ ਦਸਸਾਂ"।

‘ਸੱਚੋ ਸੱਚ” ਮੈਂ ਫਿਰ ਉਹਨੂੰ ਪੱਕਾ ਕਰਨ ਲਈ ਆਖਿਆ।

“ਤੁਹਾੜੇ ਅਗੈ ਝੂਠ ਮਾਰੀਕੇ ਮਿੰਘੀ ਕੈਹ ਲਭਣੈ” ।

“ਤੂੰ ਕਸਮਾਂ ਤੇ ਬੜੀਆਂ ਚੁਕਨੀ ਏਂ ਕਿ ਮੈਂ ਦੁਧ ਵਿਚ ਪਾਣੀ ਨਹੀਂ ਪਾਂਦੀ ਪਰ ਮੱਛੀ ਕਿਵੇਂ ਨਿਕਲ ਆਈ ਸੀ ਦੁਧ ਵਿਚੋਂ ?''

ਮੇਰੀ ਇਹ ਗੱਲ ਸੁਣ ਕੇ ਉਹ ਕੁਝ ਝਿਜਕੀ। ਉਹਨੂੰ ਪਤਾ ਸੀ ਕਿ ਸ਼ਿੰਗਾਰਾ ਸਿੰਘ ਨੂੰ ਦਿਤਾ ਜਵਾਬ ਇਥੇ ਕੰਮ ਨਹੀਂ ਦੇ ਸਕੇਗਾ । ਨਾਲੇ ਸਚੋ ਸਚ ਦਸਣ ਦਾ ਉਹ ਇਕਰਾਰ ਵੀ ਦੇ ਚੁਕੀ ਸੀ । “ਕਸਮਾਂ ਕੋਈ ਝੂਠੀ ਮੂਠੀ ਥੋੜਾ ਪਾਣੀ ਆਂ। ਤੁਹਾੜੇ ਅਗੈ ਕੈਹ ਛੁਪਾਣਾ ਹੋਇਆ ਸ਼ਾਹ, ਤੂੰ ਕੋਈ ਬਗਾਨਾ ਥੋੜਾ ਵੈਂ । ਮੈਂ ਤੇ ਅਲਾ ਨੀ ਕਸਮੇਂ ਪਾਣੀਏ 'ਚ ਦੁਧ ਬਾਹਣੀ ਹਾਂ । ਦੁਧੇ 'ਚ ਪਾਣੀ ਤੈ ਮੈਂ ਕਦੇ ਵੀ ਨਹੀਂ ਬਾਹਿਆ।” ਤੇ ਉਹਦੀ ਇਸ ਚਲਾਕੀ ਤੇ ਮੈਂ ਕਿਤਨਾ ਚਿਰ ਸੋਚਦਾ ਰਿਹਾ ।

ਗੋਹਰੀ ਦੁਧ ਦੇਣਾ ਕਦੀ ਵੀ ਨਹੀਂ ਸੀ ਘੁਸਾਂਦੀ। ਭਾਵੇਂ ਝਖੜ ਹੋਵੇ ਜਾਂ ਮੀਂਹ ਉਹ ਸਮੇਂ ਸਿਰ ਜ਼ਰੂਰ ਆ ਜਾਂਦੀ । ਇਕ ਵਾਰੀ ਬੁਖ਼ਾਰ ਵਿਚ ਹੀ ਆ ਗਈ । ਹਾਲਾਂ ਸਾਰਿਆਂ ਘਰਾਂ ਵਿਚ ਦੁਧ ਵੰਡਿਆ ਨਹੀਂ ਸੀ ਕਿ ਉਹਨੂੰ ਬੁਖ਼ਾਰ ਬਹੁਤ ਜ਼ਿਆਦਾ ਹੋ ਗਿਆ। ਉਹ ਬੜੀ ਮੁਸ਼ਕਲ ਨਾਲ ਸਾਡੇ ਘਰ ਪਹੁੰਚੀ । ਉਹਦਾ ਮੂੰਹ ਲਾਲ ਸੁਰਖ ਹੋਇਆ ਹੋਇਆ ਸੀ ਅਤੇ ਉਹਦੇ ਕੋਲੋਂ ਇਤਨਾ ਸੇਕ ਆਉਂਦਾ ਸੀ ਜਿਤਨਾ ਤਪੈ ਤੰਦੂਰ ਕੋਲੋਂ। ਉਸ ਵਿਚ ਇਤਨੀ ਹਿੰਮਤ ਨਹੀਂ ਸੀ ਰਹੀ ਕਿ ਉਹ ਸਾਰਿਆਂ ਘਰਾਂ ਵਿਚ ਦੁਧ ਵੰਡ ਸਕਦੀ। ਕਿਤਨਾ ਚਿਰ ਉਹ ਮੰਜੀ ਤੇ ਬੇਸੁਧ ਲੇਟੀ ਰਹੀ। ਹਕੀਮ ਨੇ ਦੁਆਈ ਪਲਾਈ ਤਾਂ ਜਾ ਕੇ ਕੋਈ ਪੰਦਰਾਂ ਵੀਹਾਂ ਮਿੰਟਾਂ ਪਿਛੋਂ ਉਹਨੂੰ ਹੋਸ਼ ਆਈ। ਉਹਨੂੰ ਹੋਸ਼ ਵਿਚ ਵੇਖਕੇ ਮੈਂ ਕੁਰਸੀ ਨੂੰ ਉਹਦੇ ਕੋਲ ਖਿਚ ਲਿਆਇਆ, “ਜਦ ਤੈਨੂੰ ਘਰ ਹੀ ਬੁਖ਼ਾਰ ਹੋ ਗਿਆ ਸੀ ਤਾਂ ਕੀ ਲੋੜ ਸੀ ਅਜ ਆਉਣ ਦੀ ? ਪਹਿਲਾਂ ਸਿਹਤ ਤੇ ਪਿਛੋਂ ਕੁਝ ਹੋਰ।”

“ਕੈਹ ਕਰਾਂ ਹਾਰ ਸ਼ਾਹ। ਖਤਰੀਆਂ ਕੀ ਇਕ ਡੰਗ ਜੈ ਚਾਹਾਂ ਆਸਤੇ ਦੁਧ ਨ ਮਿਲੈ ਤਾਂ ਤਰਫਲਾਟ ਮਚਾਈ ਸੁਟਣੇ ਨੁ । ਹਿਨ੍ਹਾਂ ਲੋਕਾਂ ਚਾਹਾਂ ਪੀਣੇ ਬਗ਼ੈਰ ਕੰਮਾਂ ਤੇ ਹੀ ਨਾ ਗਸ਼ਣਾ ਹੋਇਆ।”

ਕਦੀ ਕਦੀ ਉਹ ਮੇਰੇ ਕੋਲੋਂ ਖ਼ਤ ਲਿਖਵਾਉਣ ਜਾਂ ਖ਼ਤ ਪੜ੍ਹਵਾਉਣ ਆ ਜਾਂਦੀ ਹੁੰਦੀ ਸੀ। ਪਹਿਲੀ ਵਾਰੀ ਜਦੋਂ ਉਸ ਮੇਰੇ ਕੋਲੋਂ ਖ਼ਤ ਲਿਖਵਾਇਆ ਤਾਂ ਮੈਂ ਬੜਾ ਹੈਰਾਨ ਹੋਇਆ । ਉਸ ਮੈਨੂੰ ਕਈ ਮਾਹੀਏ ਦੇ ਟਪੇ ਖ਼ਤ ਵਿਚ ਲਿਖਣ ਲਈ ਦਸੇ । ਇਹ ਟਪੇ ਕੀ ਸਨ ਕਿਸੇ ਬ੍ਰਿਹੋਂ ਦੀ ਅੱਗ ਵਿਚ ਜਲ ਰਹੀ ਪੁਠੋਹਾਰਨ ਦੀਆਂ ਆਹਾਂ ਤੇ ਵੈਣ ਸਨ। ਮੈਨੂੰ ਬੜਾ ਸਵਾਦ ਆਇਆ ਸੀ ਉਸ ਦਿਨ ਖ਼ਤ ਲਿਖਣ ਵਿਚ । ਖਾਨਾ, ਜਿਸ ਵਲ ਉਸ ਖ਼ਤ ਲਿਖਵਾਇਆ ਸੀ, ਮੈਂ ਸੋਚਿਆ, ਫੜਕ ਉਠੇਗਾ ਜਦੋਂ ਇਹ ਦਰਦਾਂ ਭਰਿਆ ਖ਼ਤ ਕਿਸੇ ਕੋਲੋਂ ਪੜਵਾਏਗਾ ਤੇ । ਕੀ ਜਟੀਆਂ ਵੀ ਇਤਨੀਆਂ ਸੋਜ਼-ਭਰੀਆਂ ਚਿਠੀਆਂ ਲਿਖਵਾ ਸਕਦੀਆਂ ਹਨ ? ਫਿਰ ਮੈਂ ਸੋਚਿਆ ਕਿ ਇਹ ਖਾਨਾ ਕੌਣ ਹੋ ਸਕਦਾ ਹੈ । ਮੇਰੇ ਪੁਛਣ ਤੇ ਵੀ ਗੌਹਰੀ ਟਾਲ-ਮਟੋਲਾ ਕਰ ਛਡਿਆ । ਉਸ ਦੇ ਟਾਲਣ ਤੇ ਮੈਨੂੰ ਸ਼ਕ ਪੈ ਗਿਆ ਪਰ ਯਕੀਨ ਨਾ ਆਇਆ ਕਿ ਇਹ ਖਾਨਾ ਕੌਣ ਹੋ ਸਕਦਾ ਹੈ। ਹਫ਼ਤੇ ਪਿਛੋਂ ਹੀ ਖਾਨੇ ਦਾ ਜਵਾਬ ਆ ਗਿਆ। ਮੇਰੇ ਵਾਲੀ ਗੱਲ ਸੱਚ ਨਿਕਲੀ। ਖਾਨੇ ਲਿਖਿਆ ਕਿ ਉਹ ਜਲਦੀ ਹੀ ਕੁਝ ਮਹੀਨਿਆਂ ਤਕ ਛੁਟੀ ਲੈ ਕੇ ਆ ਜਾਵੇਗਾ। “ਸ੍ਹੋਲਾਂ ਜਮਾਤਾਂ ਪਾਸ ਬੰਦਾ ਖ਼ਤ ਲਿਖੀ ਕੈ ਭੇਜੇ ਤੈ ਹੁਹ ਝੱਟੀ ਪੱਟੀ ਜਬਾਬ ਕੀਹਾਂ ਨਾ ਦਹੈ ਹਰ ।” ਉਸ ਆਖਿਆ । ਸ਼ਾਇਦ ਜਲਦੀ ਜਵਾਬ ਆ ਜਾਉਣ ਦਾ ਕਾਰਨ ਗੋਹਰੀ ਮੇਰਾ ਲਿਖਣ- ਢੰਗ ਸਮਝ ਰਹੀ ਸੀ ਨਾ ਕਿ ਆਪਣੇ ਸੋਜ਼-ਭਰੇ ਟਪੇ।

ਪਿੰਡ ਦੇ ਨੇੜੇ ਐਰੋਡਰਮ ਬਣ ਜਾਣ ਕਰ ਕੇ ਕਈ ਅਮਰੀਕਨ ਆਕੇ ਉਥੇ ਰਹਿਣ ਲਗ ਪਏ। ਗੋਹਰੀ ਇਕ ਹੋਰ ਲਾਇਰੀ ਗਾਂ ਖ਼ਰੀਦ ਲਈ ਅਤੇ ਉਥੇ ਵੀ ਦੁਧ ਵੇਚਣ ਲਈ ਚਲੀ ਜਾਂਦੀ ਭਾਵੇਂ ਉਹਨੂੰ ਇਕ ਦੋ ਮੀਲ ਹੋਰ ਅਗੇ ਜਾਣਾ ਪੈਂਦਾ । ਉਹਦੋਂ ਭੜਕੀਲੇ ਨਕਸ਼ਾਂ, ਮਧਰੇ ਕੱਦ ਅਤੇ ਪਕੇਰੇ ਕਣਕ-ਭਿੰਨੇ ਰੰਗ ਨੂੰ ਵੇਖਕੇ ਗੋਰੇ ਉਹਦੇ ਵਲ ਅੱਖਾਂ ਫਾੜ ਫਾੜ ਕੇ ਵੇਖਦੇ ਪਰ ਉਹ ਦੁਧ ਵੇਚ ਕੇ ਬਗ਼ੈਰ ਕਿਸੇ ਵਲ ਵੇਖੇ ਢੋਕਾਂ ਵਲ ਟੁਰ ਜਾਂਦੀ ਅਤੇ ਉਹ ਤਰਸਦੀਆਂ ਅੱਖਾਂ ਨਾਲ ਵੇਖਦੇ ਹੀ ਰਹਿੰਦੇ । ਇਕ ਦਿਨ ਇਕ ਗੋਰਾ ਨੰਗ ਮੁਨੰਗਾ ਸਿਰਫ ਨਿਕਰ ਪਾਈ ਫਿਰ ਰਿਹਾ ਸੀ ਗਰਾਉਂਡਾਂ ਕੋਲ । ਜਦੋਂ ਉਸ ਗੋਹਰੀ ਦੇ ਹੁਸਨ ਨੂੰ ਡੁਬਦੇ ਸੂਰਜ ਦੀ ਲਾਲ ਲਾਲ ਰੋਸ਼ਨੀ ਵਿਚ ਚਮਕਦਿਆਂ ਵੇਖਿਆ ਤਾਂ ਉਹਦਾ ਦਿਲ ਲਲਚਾ ਆਇਆ। ਗੋਹਰੀ ਵੀ ਉਹਦੀ ਲਾਲ ਸੁਰਖ਼ ਚੌੜੀ ਛਾਤੀ ਤੇ ਕੂਲਿਆਂ ਪੱਟਾਂ ਨੂੰ ਕਿਤਨਾ ਚਿਰ ਖਲੋਕੇ ਵੇਖਦੀ ਰਹੀ। “ਜੇ ਹਿਹੁ ਜਿੰਦ ਕੁਸੈ ਨੀ ਅਮਾਨਤ ਨਾ ਹਵੈ ਤਾਂ ਬੰਦਾ ਮਰੀ ਗਛੈ ਹਿਨ੍ਹਾਂ ਗੋਰਿਆਂ ਤੈ।” ਤੇ ਫਿਰ ਉਹ ਢੋਕਾਂ ਵਲ ਟੁਰ ਪਈ।

… … …

“ਕੈਹ ਪੜ੍ਹਨਾਂ ਪਿਐਂ ਸ਼ਾਹ ?'' ਇਕ ਦਿਨ ਉਸ ਸਾਡੇ ਘਰ ਆਕੇ ਮੇਰੇ ਕੋਲੋਂ ਪੁਛਿਆ। ਉਸ ਵੇਲੇ ਮੈਂ ਅਖ਼ਬਾਰ ਪੜ੍ਹ ਰਿਹਾ ਸਾਂ।

“ਆ ਗੋਹਰੀਏ, ਅਖ਼ਬਾਰ ਪਿਆ ਪੜ੍ਹਨਾ ' ਅਖ਼ਬਾਰ ਵਲੋਂ ਧਿਆਨ ਹਟਾਕੇ ਗੋਹਰੀ ਨੂੰ ਅੰਦਰ ਆਉਂਦਾ ਵੇਖਕੇ ਮੈਂ ਆਖਿਆ ।

“ਅਜ ਕਲ ਕਿਥੇ ਕੁਦਰੈ ਐ ਜਰਮਲ ?”

“ਨਹੀਂ ਹੁਣ ਤੇ ਜਰਮਨੀ ਹਾਰ ਗਿਆ ਹੈ।”

“ਰੰਗਰੇਜ਼ ਜਿਤੀ ਗਏ ਨੁ ?'' ਉਸ ਬੜੀ ਬੇਸਬਰੀ ਨਾਲ ਪੁਛਿਆ ।

“ਆਹੋ”

“ਹਿਨ੍ਹਾਂ ਕੀ ਕੁਝ ਜਿਤੀ ਸਕਣੈ। ਤੈ ਫਿਰ ਹੁਣ ਲਾਮ ਤਰੁੱਟੀ ਗਛਸੀ ?”

“ਤੇ ਹੋਰ ਕੀ ।” ਇਹ ਸੁਣ ਉਹਦਾ ਚਿਹਰਾ ਖੁਸ਼ੀ ਨਾਲ ਚਮਕ ਉਠਿਆ ।

“ਕਦੂੰ ਕਿਦਰੇ ਮੁੜੀ ਕੈ ਅਛਸਣ ਲਾਮਾਂ 'ਚ ਗਏ ਅਹੈ ?'' ਉਸ ਮੇਰੇ ਕੋਲੋਂ ਪੁਛਿਆ ਜਿਵੇਂ ਲੜਾਈ ਵਿਚ ਲੜ ਰਹੇ ਸਾਰੇ ਸਿਪਾਹੀਆਂ ਦਾ ਹਾਲ ਮੈਂ ਅਖ਼ਬਾਰ ਵਿਚ ਪੜ੍ਹ ਰਿਹਾ ਸਾਂ।

“ਹੁਣ ਜਲਦੀ ਹੀ ਮੁੜ ਆਉਣਗੇ।”

ਕਿਤਨਾ ਚਿਰ ਉਹ ਚੁਪ ਬੈਠੀ ਰਹੀ ਅਤੇ ਮੈਂ ਅਖ਼ਬਾਰ ਪੜ੍ਹਦਾ ਰਿਹਾ।

“ਕੁਦਰ ਗਏ ਨੀ ਬਾਕੀ ਸਾਰੇ ਸ਼ਾਹ ? ਉਸ ਮੈਨੂੰ ਕਲਿਆਂ ਬੈਠਾ ਵੇਖਕੇ ਗੱਲ ਜਾਰੀ ਰਖਣ ਲਈ ਆਖਿਆ ।

“ਉਪਰ ਚੁਬਾਰੇ ਤੇ ਹੋਣੇ ਨੇ'' ਮੈਂ ਅਖ਼ਬਾਰ ਤੋਂ ਧਿਆਨ ਹਟਾਏ ਬਿਨਾਂ ਆਖਿਆ। ਇੰਨੇ ਨੂੰ ਮਾਤਾ ਜੀ ਆ ਗਏ । ਉਨ੍ਹਾਂ ਨੂੰ ਵੇਖ ਕੇ ਉਹ ਬੋਲੀ, “ਮੈਂ ਅਗੇ ਹੀ ਪਈ ਪੁਛਣੀਈਆਂ ਜੋ ਮਾੜੀ ਸ਼ਾਹਣੀ ਕੁਦਰ ਗਈ ਵੈ ।” ਤੇ ਨਾਲ ਹੀ ਉਸ ਨਿਕੀ ਜਹੀ ਪੋਟਲੀ ਉਨ੍ਹਾਂ ਵਲ ਵਧਾਈ ।

“ਇਹ ਕੀ ਏ ?” ਉਨ੍ਹਾਂ ਪੁਛਿਆ।

“ਰਾਹੇ ਨੀ ਗਾੜਾਂ ਚੂੰ ਮੈਂ ਆਖਿਆ ਸ਼ਾਹ ਜੋਗੀਆਂ ਬੈਰੀਆਂ ਹੀ ਖੋਹੀ ਜੁਲਾਂ । ਹਿਹੁ ਅਜ ਕਲ ਨਾ ਮੇਵਾ ਜੁ ਹੋਇਆ ਸ਼ਾਹਣੀਏਂ ।”

“ਤੂੰ ਜਦੋਂ ਵੀ ਆਉਨੀਏਂ ਇਹਦੇ ਲਈ ਕੁਝ ਨਾ ਕੁਝ ਲੈ ਹੀ ਆਉਂਦੀ ਏਂ । ਕਦੀ ਸਤੂ, ਕਦੀ ਉਮੀਆਂ ਤੇ ਕਦੀ ਬੈਰੀਆਂ । ਹਰ ਵੇਲੇ ਇਹ ਤਕਲੀਫ ਨਾ ਕਰਿਆ ਕਰ, ਆਪੇ ਖੋਹ ਲੈਂਦਾ।" ਮਾਤਾ ਜੀ ਨੇ ਬੈਰੀਆਂ ਲੈਂਦਿਆਂ ਆਖਿਆ।

“ਨਹੀਂ ਸ਼ਾਹਣੀਏਂ ਇਹ ਤੁਹਾੜਾ ਪੁਤਰ ਬਹੂੰ ਚੰਗੈ । ਸ਼ਾਹਾਂ ਲੋਕਾਂ ਨੇ ਹਥ ਬਡੇ ਨਾਬੁਕ ਹਵਣੈ ਨੁ, ਤੈ ਹੋਰ ਕੋਈ ਕੰਡਾ ਪੁੜੀ ਗਛੈ ਨੇ ਤੈ ਕੁਦਰ ਗਛਣ ।”

ਫਿਰ ਉਸ ਇਕ ਚਿਠੀ ਕਢੀ ਤੇ ਪੜ੍ਹਨ ਲਈ ਅਗੇ ਕੀਤੀ। ਮਾਤਾ ਜੀ ਫਿਰ ਉਪਰ ਚਲੇ ਗਏ ਸਨ। ਲਫ਼ਾਫ਼ਾ ਖੋਲ੍ਹਕੇ ਮੈਂ ਉਹਨੂੰ ਦਸਿਆ ਕਿ ਖਾਨਾ ਰਾਤ ਦੀ ਗਡੀ ਤੇ ਛੁਟੀ ਲੈ ਕੇ ਆ ਰਿਹਾ ਹੈ। ਇਹ ਸੁਣ ਉਹਨੂੰ ਚਾਰ ਚੰਨ ਚੜ ਗਏ। ਸ਼ਾਇਦ ਉਹਨੂੰ ਖਾਨੇ ਨਾਲ ਹੋਈ ਪਹਿਲੀ ਮੁਲਾਕਾਤ ਯਾਦ ਆ ਗਈ ਸੀ ।

“ਮਾਨ ਨਾਲ ਮਿੰਘੀ ਅਗੈ ਹੀ ਪਿਆ ਦਿਸਣਾ ਇਆ ਜੈ ਹਿਹੁ ਹੁਸ ਆਣੈ ਆਲੀ ਹੀ ਚਿਠੀ ਬਾਹੀ ਹੋਸੀ । ਤਾਹੀਆਂ ਤੇ ਮੈਂ ਆਪਣਾ ਟੂੰਬ ਟਲਾ ਨਾਲੈ ਘਿਨੀ ਆਈਆਂ।'' ਤੇ ਫਿਰ ਉਸ ਖੁਸ਼ੀ ਖੁਸ਼ੀ ਪਲੇ ਦੀ ਚੂਕ ਨਾਲੋਂ ਇਕ ਲੀਰ ਖੋਲ੍ਹੀ।

“ਵਾਂ ਗਿਣੇ ਨਾ ਸ਼ਾਹ ਕਿਤਨੇ ਨੁ ?”

ਮੈਂ ਲੀਰ ਖੋਲ੍ਹੀ । ਵਿਚ ਕੁਝ ਦਸਾਂ ਦਸਾਂ ਦੇ ਨੋਟ : ਸਨ, ਕੁਝ ਪੰਜਾਂ ਪੰਜਾਂ ਦੇ ਤੇ ਕੁਝ ਇਕ ਇਕ ਰੁਪਿਐ ਦੇ ।ਮੈਂ ਹੈਰਾਨ ਸਾਂ ਕਿ ਉਹ ਇਤਨੇ ਰੁਪਏ ਕਿਉਂ ਲਿਆਈ ਸੀ। ਫਿਰ ਉਸ ਇਕ ਮੈਲ ਕੁਚੇਲੀ ਘਸਮੈਲੇ ਰੰਗ ਦੀ ਘਸੀ ਗੁਥੀ ਭਾਨ ਨਾਲ ਭਰੀ ਕਢੀ, ਅਤੇ ਮੇਰੇ ਸਾਮ੍ਹਣੇ ਪਈ ਟਪਾਈ ਤੇ ਢੇਰੀ ਕਰ ਦਿਤੀ ਤੇ ਉਠ ਕੇ ਬਾਹਰ ਦਾ ਦਰਵਾਜ਼ਾ ਬੰਦ ਕਰ ਦਿਤਾ “ਮਤੇ ਕੋਈ ਤਕੀ ਘਿਨੈ ।” ਕੁਝ ਚਿਰ ਗਿਣਨ ਪਿਛੋਂ ਮੈਂ ਉਹਨੂੰ ਦਸਿਆ ਕਿ ਕੁਲ ਰੁਪਿਆ ਤਿੰਨ ਸੌ ਦਸ ਸੀ ।

“ਮਿੰਘੀ ਨਹੀਂ ਹਿੰਜ ਪਤਾ ਲਗਣਾ, ਕਿਤਨੀਆਂ ਵੀਹਾਂ ਹੋਈਆਂ ?”

“ਸਾਰਾ ਹੋ ਗਿਆ ਹੀ ਦਸਾਂ ਘੱਟ ਪੰਦਰਾਂ ਵੀਹਾਂ"।

“ਹੈਂ” ਉਸ ਨਿਰਾਸ਼ ਹੋ ਕੇ ਆਖਿਆ।

“ਨਾਂ ਸਚੇ ਦਸਾਂ ਉਪਰ ਪੰਦਰਾਂ ਵੀਹਾਂ ।”

“ਤਾਹਿਆਂ ਤੈ ਮੈਂ ਆਖਿਐ ਹਿਹ ਕਿੰਝ ਵਹੀ ਸਕਣੈ।”

ਤੇ ਇਹ ਸੁਣ ਉਸ ਸੁਖ ਦਾ ਸਾਹ ਲਿਆ ਤੇ ਫਿਰ ਸੋਚਾਂ ਵਿਚ ਗੜੂੰਦ ਹੋ ਗਈ। ਮੈਂ ਹੈਰਾਨ ਸਾਂ ਕਿ ਗੋਹਰੀ ਪਹਿਲਾਂ ਦੀ ਘੱਟ ਦਸੀ ਰਕਮ ਨੂੰ ਸੁਣ ਕੇ ਘਬਰਾ ਕਿਉਂ ਗਈ ਸੀ । ਮੈਂ ਵੇਖਿਆ ਉਹ ਹਾਲਾਂ ਵੀ ਸੋਚਾਂ ਵਿਚ ਪਈ ਹੋਈ ਸੀ ਤੇ ਉਂਗਲੀਆਂ ਤੇ ਕੁਝ ਗਿਣ ਰਹੀ ਸੀ।

“ਕੀ ਗਲ ਏ ਗੋਹਰੀਏ, ਕੀ ਸੋਚਦੀ ਪਈ ਏਂ ?''

“ਕਿਸ਼ ਨਹੀਂ ਸ਼ਾਹ ।”

“ਕੁਝ ਤੇ ਹੈ” ਮੈਂ ਫਿਰ ਆਖਿਆ।

“ਨਹੀਂ ਤੁਹਾੜੇ ਮਤਲਬੇ ਨੀ ਨਹੀਂ ਗਲ ।”

“ਮੈਂ ਸਮਝ ਗਿਆਂ ।”

“ਕਹ ਭੱਲਾ”

“ਖਾਨੇ ਨੀ ਗਲ”

“ਤੁਧਕੀ ਕੁਸ ਦਸਿਐ” ਉਸ ਹੈਰਾਨ ਹੋ ਕੇ ਪੁਛਿਆ।

“ਮੈਂ ਆਪੇ ਬੁਝ ਲਈ ਹੈ ''

ਮੇਰੀ ਤੀਰ ਤੁਕੇ ਤੇ ਆਖੀ ਗਲ ਸੱਚ ਹੀ ਨਿਕਲੀ ।

“ਹਿਹਾਂ ਜਹੀਆਂ ਗਲਾਂ ਵੀ ਜੈ ਸ਼ਾਹ ਨ ਬੁਝੀ ਸਕੈਂ ਤਾਂ ਸੋਲ੍ਹਾਂ ਸੋਲ੍ਹਾਂ ਜਮਾਤਾਂ ਪੜ੍ਹਨੇ ਨਾ ਕਹ ਫੈਦਾ ਹੋਇਆ ।” ਉਹ ਸਮਝ ਰਹੀ ਸੀ ਕਿ ਐਮ. ਏ. ਵਿਚ ਜੋਤਿਸ਼ ਵੀ ਪੜ੍ਹਾਉਂਦੇ ਹਨ । ਮੈਂ ਉਹਦੀ ਗਲ ਸੁਣਨ ਲਈ ਉਤਾਵਲਾ ਸਾਂ ਸੋ ਚੁਪ ਰਿਹਾ ।

“ਹੁਣ ਤੁਹਾੜੇ ਕੋਲੂੰ ਕੈਹ ਲੁਕਾਣਾ ਹੋਇਆ ਸ਼ਾਹ” ਤੇ ਫਿਰ ਉਸ ਸਾਰੀ ਵਾਰਤਾ ਸੁਣਾਈ ਕਿ ਕਿਵੇਂ ਇਕ ਵਾਰੀ ਰਾਜਿਆਂ ਦੀ ਢੋਕਾਂ ਦੇ ਖਾਨੇ ਨੂੰ ਵੇਖਦਿਆਂ ਸਾਰ ਹੀ ਉਹ ਹਸ ਪਈ ਸੀ ਪਰ ਖਾਨਾ ਸਿਧਾ ਤੀਰ ਲੰਘ ਗਿਆ ਸੀ ਉਹਦੇ ਵਲ ਵੇਖੇ ਬਗੈਰ । ਦੂਜੇ ਦਿਨ ਹੀ ਜਦ ਉਹ ਪਾਣੀ ਭਰਕੇ ਕਲ-ਮੁਕੱਲੀ ਜਾ ਰਹੀ ਸੀ ਤਾਂ ਰਸਤੇ ਵਿਚ ਹੀ ਉਹਨੂੰ ਖਾਨਾ ਮਿਲ ਪਿਆ ਸੀ ਤੇ ਕਿਵੇਂ ਉਹਨੂੰ ਆਵਾਜ਼ ਮਾਰਨ ਤੇ ਉਹ ਖਲੋ ਗਿਆ ਸੀ । ਨੇੜੇ ਜਾ ਕੇ ਉਹ ਕੁਝ ਸ਼ਰਮਾਈ ਤੇ ਫਿਰ ਉਹ ਕਿਵੇਂ ਕਿਤਨਾ ਚਿਰ ਦੋਵੇਂ ਚੁਪ ਖਲੋਤੇ ਰਹੇ ਸਨ। ਆਖਰ ਖਾਨਾ ਬੋਲਿਆ ।

“ਮੈਂ ਸਮਝੀ ਗਿਆ ਗੋਹਰੀਏ ਤੁਹਾੜੇ ਦਿਲੇ ਨੀ ਗਲ, ਪਰ ਹਿਥੈ ਜ਼ਰ ਲਗਣੈ ਜ਼ਰ ਪੂਰੇ ਪੰਦਰਾਂ ਵੀਹਾਂ'' ਤੇ ਫਿਰ ਕਿਵੇਂ ਉਸ ਉਸੇ ਦਿਨ ਤੋਂ ਪੈਸੇ ਜੋੜਨੇ ਸ਼ੁਰੂ ਕਰ ਦਿਤੇ ਸਨ ।

ਮੈਂ ਗੋਹਰੀ ਦੀ ਸਾਰੀ ਗਲ ਸਮਝ ਗਿਆ ਕਿ ਉਹ ਦਸਾਂ ਘਟ ਪੰਦਰਾਂ ਵੀਹਾਂ ਸੁਣਕੇ ਕਿਉਂ ਘਬਰਾਈ ਸੀ ਕਿਉਂ ਜੋ ਇਹ ਰਕਮ ਖਾਨੇ ਦੀ ਦਸੀ ਰਕਮ ਨਾਲੋਂ ਘੱਟ ਸੀ।

“ਹੇ ਸ਼ਾਹ, ਦਾਹ ਰੁਪਿਏ ਨੂਰਪਰੇ ਨੇ ਭਾੜੇ ਆਸਤੇ ਬਹੂੰ ਵਹੀ ਰਹਿਸਣ।” ਗੋਹਰੀ ਖੁਸ਼ੀ ਵਿਚ ਸਾਰੇ ਮਾਲ ਨੂੰ ਇਕਠਾ ਕਰਦਿਆਂ ਪੁਛਿਆ। ਤੇ ਮੇਰਾ ਹਾਂ ਵਿਚ ਜਵਾਬ ਸੁਣਕੇ ਮੈਨੂੰ ਸਲਾਮ ਆਖ ਉਹ ਚਲੀ ਗਈ।

ਦੂਜੇ ਦਿਨ ਮੈਂ ਵੇਖਿਆ ਗੋਹਰੀ ਤੇ ਖਾਨਾ ਨਵੇਂ ਨਕੋਰ ਕਪੜੇ ਪਾਈ ਕਿਸੇ ਬਹੁਤ ਜ਼ਰੂਰੀ ਕੰਮ ਲਈ ਖੁਸ਼ੀ ਖੁਸ਼ੀ ਸ਼ਾਹ ਨੂਰਪੁਰ ਜਾ ਰਹੇ ਸਨ ।

  • ਮੁੱਖ ਪੰਨਾ : ਕਹਾਣੀਆਂ, ਸਵਿੰਦਰ ਸਿੰਘ ਉੱਪਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ