Kooredaan De Phull (Punjabi Story) : Khalid Hussain
ਕੂੜੇਦਾਨ ਦੇ ਫੁੱਲ (ਕਹਾਣੀ) : ਖ਼ਾਲਿਦ ਹੁਸੈਨ
ਮੌਲਵੀ ਗ਼ੁਲਾਮ ਹੁਸੈਨ ਦੇ ਸਾਹ ਪੂਰੇ ਹੋਣ ਮਗਰੋਂ ਮੌਲਵੀ ਫ਼ਜ਼ਲਦੀਨ ਨੂੰ ਬਸ਼ੀਰੇ ਕੰਜਰ ਨੇ ਮਸਜਦ ਇਬਰਾਹੀਮ ਦਾ ਇਮਾਮ ਬਣਾਅ ਦਿੱਤਾ ਸੀ।
ਮਹਿੰਦੀ ਬਜ਼ਾਰ ਦੀ ਇਸ ਨਿੱਕੀ ਜਿਹੀ ਮਸੀਤ ਦਾ ਢਾਂਚਾ ਇਬਰਾਹੀਮ ਰਸੋਈਏ ਨੇ ਬਣਾਇਆ ਸੀ। ਛੱਤ ਨੂੰ ਸਰੀਏ ਦੇ ਜਾਲ ਵਿਚ ਦੋ-ਦੋ ਇੱਟਾਂ ਜੋੜ ਕੇ ਬਜਰੀ, ਰੇਤ ਤੇ ਸੀਮੰਟ ਦੇ ਮਸਾਲੇ ਨਾਲ ਛੱਤਿਆ ਗਿਆ ਸੀ। ਦੀਵਾਰਾਂ ਦਾ ਪਲਸਤਰ ਤੇ ਮਸੀਤ ਦਾ ਫ਼ਰਸ਼ ਵੀ ਪੱਕਾ ਕਰਵਾਇਆ ਸੀ। ਮਗਰੋਂ ਭਾਗਾਂ ਡੇਰੇਦਾਰਨੀ ਨੇ ਮਸਜਦ ਦੇ ਵਿਹੜੇ ਵਿਚ ਤਿੰਨ ਗ਼ੁਸਲਖ਼ਾਨੇ ਅਤੇ ਛੱਤ ਉੱਤੇ ਸਵਾਣੀਆਂ ਲਈ ਇਕ ਪੱਕਾ ਕਮਰਾ ਤੇ ਗ਼ੁਸਲਖ਼ਾਨਾ ਬਣਵਾਇਆ ਸੀ ਅਤੇ ਫ਼ਰਸ਼ ਨੂੰ ਚਿੱਪਸ ਵੀ ਲਵਾਈ ਸੀ। ਭਾਗਾਂ ਨੇ ਪਾਣੀ ਦਾ ਹੌਜ਼ ਬਣਵਾਇਆ ਤੇ ਵਜ਼ੂ ਕਰਨ ਲਈ ਪੰਜ ਨਲਕੇ ਵੀ ਲਗਵਾਏ ਸਨ।
ਇਬਰਾਹੀਮ, ਬ੍ਰਿਗੇਡੀਅਰ ਸਮੁੰਦਰ ਖਾਨ ਦੀ ਕੋਠੀ ਵਿਚ ਰਸੋਈਆ ਸੀ ਪਰ ਉਸਦਾ ਪਿਛਲੱਗ ਸਾਂਗਾ ਮਹਿੰਦੀ ਬਜ਼ਾਰ ਨਾਲ ਜੁੜਦਾ ਸੀ, ਕਿਉਂਜੇ ਭਾਗਾਂ ਤੇ ਇਬਰਾਹੀਮ ਇਕੋ ਮਾਂ ਦੀ ਕੁੱਖ ’ਚੋਂ ਜੰਮੇ ਸਨ। ਬਾਲਪੁਣੇ ਤੋਂ ਹੀ ਉਹ ਮਾਂ ਦੇ ਵਤੀਰੇ ਤੋਂ ਡਾਢਾ ਅਵਾਜ਼ਾਰ ਸੀ। ਜਿੱਥੇ ਭਾਗਾਂ ਲਈ ਮਾਂ ਦਾ ਦੁਲਾਰ ਡੁੱਲ੍ਹ-ਡੁੱਲ੍ਹ ਪੈਂਦਾ ਸੀ ਉੱਥੇ ਇਬਰਾਹੀਮ ਨੂੰ ਹਰ ਵੇਲੇ, ਕਸੂਰੇ-ਬੇਕਸੂਰੇ, ਫਿਟਕਾਰ ਤੇ ਮਾਰ ਪੈਂਦੀ ਰਹਿੰਦੀ। ਤਾਹੀEਂ ਦਸ ਸਾਲ ਦੀ ਉਮਰੇ ਉਸ ਨੇ ਮਾਂ ਦਾ ਕੋਠਾ ਛੱਡ ਦਿੱਤਾ ਸੀ ਤੇ ਬ੍ਰਿਗੇਡੀਅਰ ਸਮੁੰਦਰ ਖਾਨ ਦੇ ਘਰ ਚਾਕਰੀ ਕਰਨ ਲੱਗਾ ਸੀ। ਉਸ ਵੱਡੇ ਘਰ ਦਾ ਵਸੇਬ ਤੇ ਰਹਿਣ-ਸਹਿਣ ਵੇਖ ਕੇ ਇਬਰਾਹੀਮ ਨੂੰ ਵੀ ਉੱਠਣ-ਬਹਿਣ ਤੇ ਗੱਲ-ਕੱਥ ਕਰਨ ਦਾ ਵੱਲ ਆ ਗਿਆ ਸੀ। ਘਰ ਦੀ ਮਾਲਕਣ ਨੇ ਉਸ ਨੂੰ ਕੁਰਆਨ ਪੜ੍ਹਣ ਤੇ ਨਮਾਜ਼ ਸਿਖਾਉਣ ਲਈ ਇਕ ਮੌਲਵੀ ਲਵਾਅ ਦਿੱਤਾ ਸੀ, ਜਿਹੜਾ ਉਸ ਨੂੰ ਘਰ ਆ ਕੇ ਪੜ੍ਹਾਉਂਦਾ। ਛੇਤੀ ਹੀ ਹੀਮੇ ਨੇ ਕੁਰਆਨ ਹਿਫ਼ਜ਼ ਕਰ ਲਿਆ। ਉਹ ਕੁਰਆਨ ਮਜੀਦ ਦੀ ਤਲਾਵਤ ਬੜੀ ਸੋਹਣੀ ਅਵਾਜ਼ ਵਿਚ ਕਰਦਾ ਅਤੇ ਪੰਜਗਾਨਾ ਨਮਾਜ਼ ਵੀ ਪੜ੍ਹਦਾ। ਮਾਂ ਦੀ ਫ਼ੌਤਗੀ ਮਗਰੋਂ ਉਸ ਨੇ ਮਹਿੰਦੀ ਬਜ਼ਾਰ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਲਏ ਸਨ ਪਰ ਕਦੇ-ਕਦਾਈਂ ਭਾਗਾਂ ਦੇ ਬੁਲਾਉਣ ‘ਤੇ ਉਹ ਉਸ ਨੂੰ ਮਿਲਣ ਲਈ ਚਲਾ ਜਾਂਦਾ।
ਭਾਗਾਂ ਨੇ ਮਹਿੰਦੀ ਬਜ਼ਾਰ ਵਿਚ ਚੋਖਾ ਨਾਮ ਕਮਾਅ ਲਿਆ ਸੀ। ਉਸ ਦੇ ਕੋਠੇ ’ਤੇ ਰਾਗ-ਰੰਗ ਦੀਆਂ ਮਹਿਫ਼ਲਾਂ ਹਰ ਰਾਤ ਸਜਦੀਆਂ ਰਹਿੰਦੀਆਂ। ਕਸਬੀਆਂ ਤੇ ਨੱਚਣ-ਗਾਉਣ ਵਾਲੀਆਂ ਵੀ ਰੌਣਕ ਲਾਈ ਰੱਖਦੀਆਂ। ਭਾਗਾਂ ਦਾ ਕਾਰੋਬਾਰ ਸਿਖ਼ਰ ’ਤੇ ਸੀ, ਜਿਸ ਕਾਰਨ ਕਈ ਗਸ਼ਤੀਆਂ ਦੇ ਭਾਗ ਲੱਗ ਗਏ ਸਨ। ਹੁਣ ਮਹਿੰਦੀ ਬਜ਼ਾਰ ਦੇ ਵਸਨੀਕ ਭਾਗਾਂ ਨੂੰ ਡੇਰੇਦਾਰਨੀ ਸੱਦਦੇ ਸਨ।
ਬਸ਼ੀਰਾ ਕੰਜਰ ਇਸ ਬਜ਼ਾਰ ਦਾ ਦਲਾਲ ਵੀ ਸੀ ਤੇ ਦਰੋਗ਼ਾ ਵੀ। ਉਸ ਦੀ ਮਰਜ਼ੀ ਬਗੈਰ ਇਸ ਬਜ਼ਾਰ ’ਚੋਂ ਕੋਈ ਖੰਘ ਕੇ ਨਹੀਂ ਸੀ ਲੰਘ ਸਕਦਾ। ਹਰ ਕੋਠੇ ਵਾਲੀ ਨੇ ਉਸ ਨਾਲ ਹਫ਼ਤਾ ਲਾਇਆ ਹੋਇਆ ਸੀ ਕਿਉਂਜੇ ਉਨ੍ਹਾਂ ਦੀ ਰਾਖੀ ਉਸ ਦੀ ਜ਼ਿੰਮੇਵਾਰੀ ਵਿਚ ਸ਼ਾਮਲ ਸੀ। ਪੁਲਿਸ ਵਾਲਿਆਂ ਨਾਲ ਨਬੇੜਣਾ ਤੇ ਲੈਣ-ਦੇਣ ਕਰਨਾ ਅਤੇ ਗਾਹਕਾਂ ‘ਤੇ ਨਜ਼ਰ ਰੱਖਣੀ ਵੀ ਉਸ ਦਾ ਫ਼ਰਜ਼ ਸੀ …ਇਬਰਾਹੀਮ ਮਸਜਿਦ ਦੇ ਇਮਾਮ ਨੂੰ ਹਰ ਮਹੀਨੇ ਸੇਵਾਫਲ ਦੇਣ ਦਾ ਜ਼ਮਾਨਤੀ ਵੀ ਬਸ਼ੀਰਾ ਕੰਜਰ ਹੀ ਸੀ।
ਪਾਪ ਦੀ ਇਸ ਬਸਤੀ ਵਿਚ ਮੌਲਵੀ ਫ਼ਜ਼ਲਦੀਨ ਦੀ ਬੜੀ ਇੱਜ਼ਤ ਸੀ। ਉਸ ਦੇ ਘਰ ਦੇ ਚੁੱਲ੍ਹੇ ਤੋਂ ਕਿਸੇ ਵੇਲੇ ਹੀ ਧੂੰਆ ਨਿੱਕਲਦਾ ਸੀ, ਨਹੀਂ ਤਾਂ ਰੋਟੀ ਅਕਸਰ ਕੋਠੇ ਵਾਲੀਆਂ ਹੀ ਭੇਜ ਦਿੰਦੀਆਂ ਸਨ। ਨਜ਼ਰ ਨਿਆਜ਼ ਤੇ ਖ਼ਤਮ ਸ਼ਰੀਫ਼ ਦੇ ਪਕਵਾਨ ਵੀ ਮੌਲਵੀ ਫ਼ਜ਼ਲਦੀਨ ਨੂੰ ਬਲਵਾਨ ਬਣਾਉਂਦੇ ਸਨ।
ਤਵੀਜ਼, ਧਾਗੇ ਤੇ ਦਮ-ਫਾਂਡੇ ਕਰਵਾਉਣ ਵਾਲੇ ਵੀ ਆਪਣੀ ਤੌਫ਼ੀਕ ਮੁਤਾਬਕ ਪੈਸੇ ਦੇ ਜਾਂਦੇ। ਫ਼ਜ਼ਰ1 ਤੇ ਅਸਰ2 ਦੀ ਨਮਾਜ਼ ਦੇ ਬਾਅਦ ਕੁਝ ਬੱਚੇ ਕੁਰਆਨ ਪੜ੍ਹਨ ਵੀ ਆ ਜਾਂਦੇ। ਇੰਝ ਕੁਰਆਨ ਪੜ੍ਹਾਉਣ ਦਾ ਹਦਿਆ3 ਵੱਖ ਮਿਲ ਜਾਂਦਾ। ਮਸੀਤ ਵਿਚ ਪੜ੍ਹਨ ਵਾਲਿਆਂ ਬੱਚਿਆਂ ਵਿਚੋਂ ਅੱਧੇ ਬਾਲ ਬਸ਼ੀਰੇ ਕੰਜਰ ਦੇ ਲਾਲ ਸਨ। ਕੁੜੀਆਂ ਨੂੰ ਕੁਰਆਨ ਮਜੀਦ ਦਾ ਦਰਸ ਦੇਣ ਲਈ ਵੱਖਰਾ ਮਕਤਬ4 ਬਣਾਇਆ ਹੋਇਆ ਸੀ ਤੇ ਮੌਲਵੀ ਫ਼ਜ਼ਲਦੀਨ ਉਥੇ ਹੀ ਪੜ੍ਹਾਉਣ ਲਈ ਜਾਂਦਾ ਸੀ। ਇਸ ਤੋਂ ਛੁੱਟ ਗੁਲਜ਼ਾਰਾਂ ਖ਼ੁਸਰੀ ਦੇ ਡੇਰੇ ਦੇ ਮੁਸਲਮਾਨ ਖ਼ੁਸਰੇ ਵੀ ਮਜ਼੍ਹਬੀ ਤਲੀਮ ਹਾਸਲ ਕਰਨ ਲਈ ਮੌਲਵੀ ਕੋਲ ਆਉਂਦੇ ਸੀ……
ਲੋਕਾਂ ਲਈ ਇਸ ਬਜ਼ਾਰ ਦੀਆਂ ਮੁਟਿਆਰਾਂ ਪਲੀਤ ਹੋਣਗੀਆਂ ਪਰ ਉਨ੍ਹਾਂ ਵਿਚੋਂ ਕਈ ਅੰਦਰੋਂ ਪਾਕ ਤੇ ਪਵਿੱਤਰ ਸਨ। ਉਹ ਆਪਣੇ ਧੰਦੇ ਦੀ ਕਮਾਈ ਨਾਲ ਨਜ਼ਰ-ਨਿਆਜ਼ ਵੀ ਦਿੰਦੀਆਂ ਤੇ ਖ਼ੈਰਾਤ ਵੀ ਕੱਢਦੀਆਂ ਸਨ।
ਬਸ਼ੀਰਾ ਮਹਿੰਦੀ ਬਜ਼ਾਰ ਦੇ ਲੋਕਾਂ ਲਈ ਕੰਜਰ, ਗੁੰਡਾ, ਮਵਾਲੀ ਤੇ ਮਲੀਚ ਸੀ ਕਿਉਂਜੇ ਉਸ ਨੂੰ ਵੀ ਆਪਣੇ ਮਾਂ-ਪਿਓ ਦਾ ਕੋਈ ਅਤਾ-ਪਤਾ ਨਹੀਂ ਸੀ।
ਉਸ ਨੂੰ ਮਹਿੰਦੀ ਬਜ਼ਾਰ ਦੀ ਇਕ ਮੰਗਤੀ ਨੇ ਕੂੜੇਦਾਨ ਵਿਚੋਂ ਕੱਢ ਕੇ ਪਾਲਿਆ ਸੀ। ਇਸ ਬਜ਼ਾਰ ਦੇ ਕੋਠਿਆਂ ਦੀ ਰੀਤ ਨਿਰਾਲੀ ਸੀ। ਇੱਥੇ ਕੁੜੀਆਂ ਜੰਮਣ ‘ਤੇ ਖੁਸ਼ੀਆਂ ਮਣਾਈਆਂ ਜਾਂਦੀਆਂ, ਖ਼ੁਸਰੇ ਨਚਾਏ ਜਾਂਦੇ। ਵੇਲਾਂ ਤੇ ਵਧਾਈਆਂ ਦਿੱਤੀਆਂ ਜਾਂਦੀਆਂ। ਪਰ ਮੁੰਡੇ ਜੰਮਣ ‘ਤੇ ਸੋਗ ਮਣਾਏ ਜਾਂਦੇ।
ਕਈ ਕਠੋਰ ਗਸ਼ਤੀਆਂ ਜੰਮਦਿਆਂ ਸਾਰ ਹੀ ਮੁੰਡਿਆਂ ਨੂੰ ਰਾਤ ਦੇ ਹਨੇਰੇ ਵਿਚ ਮੁਨਸੀਪਲਟੀ ਦੇ ਕੂੜੇਦਾਨ ਵਿਚ ਸੁੱਟ ਆਉਂਦੀਆਂ। ਬਸ਼ੀਰੇ ਕੰਜਰ ਦੀਆਂ ਅੱਖਾਂ ਤੇ ਕੰਨ ਹਮੇਸ਼ਾਂ ਖੁੱਲ੍ਹੇ ਰਹਿੰਦੇ ਤੇ ਉਸਨੂੰ ਪਤਾ ਹੁੰਦਾ ਕਿ ਕਿਸ ਕਸਬੀ ਨੇ ਕਦੋਂ ਬੱਚਾ ਜੰਮਣਾ ਹੈ। ਉਹ ਪੂਰੀਆਂ ਕਨਸੋਆਂ ਰੱਖਦਾ। ਉਹਦੀ ਨਜ਼ਰ ਕੂੜੇਦਾਨ ’ਤੇ ਟਿਕੀ ਰਹਿੰਦੀ। ਜਦ ਕੋਈ ਬੱਚਾ ਕੂੜੇਦਾਨ ਵਿਚ ਸੁੱਟਿਆ ਜਾਂਦਾ ਤਾਂ ਉਹ ਉਸਨੂੰ ਚੁੱਕ ਕੇ ਆਪਣੇ ਘਰ ਲੈ ਆਉਂਦਾ। ਉਸਨੇ ਬੱਚਿਆਂ ਦੇ ਪਾਲਣ-ਪੋਸ਼ਣ ਤੇ ਸਾਂਭ-ਸੰਭਾਲ ਲਈ ਦੋ ਕੁੜੀਆਂ ਰੱਖੀਆਂ ਹੋਈਆਂ ਸਨ। ਗਰੀਬੀ ਤੇ ਮੁਹਤਾਜੀ ਦੀਆਂ ਮਾਰੀਆਂ ਇਨ੍ਹਾਂ ਯਤੀਮ ਕੁੜੀਆਂ ਨੂੰ ਇਕ ਬਦਮਾਸ਼ ਵਰਗਲਾ ਕੇ ਮਹਿੰਦੀ ਬਜ਼ਾਰ ਵਿਚ ਵੇਚਣ ਲਈ ਲਿਆਇਆ ਸੀ ਪਰ ਬਸ਼ੀਰੇ ਕੰਜਰ ਨੇ ਇਨ੍ਹਾਂ ਕੁੜੀਆਂ ਨੂੰ ਉਸ ਬਦਮਾਸ਼ ਦੇ ਚੁੰਗਲ ’ਚੋਂ ਛੁਡਾਇਆ ਸੀ ਤੇ ਆਪਣੇ ਘਰ ਵਿਚ ਪਨਾਹ ਦਿੱਤੀ ਸੀ। ਹੁਣ ਇਹੋ ਕੁੜੀਆਂ, ਬੱਚਿਆਂ ਦੀ ਦੇਖਭਾਲ ਕਰਦੀਆਂ ਸਨ। ਬਸ਼ੀਰਾ ਇਨ੍ਹਾਂ ਕੁੜੀਆਂ ਨੂੰ ਰੋਟੀ, ਕੱਪੜੇ ਤੋਂ ਇਲਾਵਾ ਹਰ ਮਹੀਨੇ ਪੈਸੇ ਵੀ ਦਿੰਦਾ ਸੀ।
ਮੌਲਵੀ ਫ਼ਜ਼ਲਦੀਨ ਕੋਲ ਦੀਨੀ ਤਲੀਮ ਲੈਣ ਲਈ ਜਿਹੜੇ ਬਾਲ ਆਉਂਦੇ ਸਨ ਉਨ੍ਹਾਂ ਵਿਚੋਂ ਛੇ-ਸੱਤ ਬਾਲ ਬਸ਼ੀਰੇ ਕੰਜਰ ਦੇ ਵੀ ਸਨ, ਕਿਉਂਜੇ ਮੁਨਸੀਪਲਟੀ ਦੇ ਜੰਮਣ ਰਜਿਸਟਰ ਵਿਚ ਬਾਪ ਦੇ ਖਾਨੇ ਅੰਦਰ ਉਸਦਾ ਨਾਂ ਦਰਜ ਸੀ। ਜਦਕਿ ਹੱਕੀ ਗੱਲ ਇਹ ਸੀ ਕਿ ਬਸ਼ੀਰੇ ਕੰਜਰ ਨੇ ਨਾ ਤਾਂ ਵਿਆਹ ਕਰਵਾਇਆ ਸੀ ਅਤੇ ਨਾ ਹੀ ਕੋਈ ਰਖੇਲ ਰੱਖੀ ਸੀ। ਉਹ ਕਿਸੇ ‘ਰਾਂਡ ਦਾ ਸਾਂਡ’ ਵੀ ਨਹੀਂ ਸੀ। ਦਲਾਲ ਹੋਣ ਦੇ ਬਾਵਜੂਦ ਉਹ ਕਦੇ ਕਿਸੇ ਕੋਠੇ ’ਤੇ ਨਹੀਂ ਸੀ ਚੜ੍ਹਿਆ ਪਰ ਕੋਠੇ ਵਾਲੀਆਂ ਦੀ ਹਿਫ਼ਾਜ਼ਤ ਕਰਨ ਵਿਚ ਉਸ ਨੇ ਕਦੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਹਫ਼ਤਾ ਉਗਰਾਹੀ ਲਈ ਵੀ ਉਹ ਆਪਣੇ ਚੇਲੇ ਨੂੰ ਹੀ ਘੱਲਦਾ ਸੀ ਪਰ ਆਪ ਕਦੇ ਉਨ੍ਹਾਂ ਦੇ ਮੂੰਹ-ਮੱਥੇ ਨਹੀਂ ਸੀ ਲੱਗਦਾ। ਉਸ ਨੂੰ ਹਮੇਸ਼ਾਂ ਇਸ ਗੱਲ ਦਾ ਤੌਖਲਾ ਲੱਗਾ ਰਹਿੰਦਾ ਕਿ ਕਿਤੇ ਉਨ੍ਹਾਂ ਵਿਚੋਂ ਕੋਈ ਉਸ ਦੀ ਮਾਂ ਜਾਂ ਭੈਣ ਨਾ ਹੋਵੇ, ਜਿਨ੍ਹਾਂ ਨਾਲ ਉਹ ਸਖ਼ਤ ਨਫ਼ਰਤ ਕਰਦਾ ਸੀ। ਮਹਿੰਦੀ ਬਜ਼ਾਰ ਦੀਆਂ ਚਮਕੀਲੀਆਂ ਸ਼ੈਅਵਾਂ ਵੱਲ ਉਸਨੇ ਕਦੀ ਅੱਖ ਪੁੱਟ ਕੇ ਵੀ ਨਹੀਂ ਸੀ ਵੇਖਿਆ ਕਿਉਂਜੇ ਉਹ ਜਾਣਦਾ ਸੀ ਕਿ ਹਾਂਡੀਆਂ ਭਾਵੇਂ ਕਿੰਨੀਆਂ ਵੀ ਵੰਨ-ਸੁਵੰਨੀਆਂ ਹੋਣ ਪਰ ਥੱਲਾ ਇਕੋ ਜਿਹਾ ਹੁੰਦਾ ਹੈ। ਆਪਣੇ ਅਸੂਲਾਂ ਤੇ ਸੁਭਾਅ ਕਾਰਨ ਬਸ਼ੀਰੇ ਕੰਜਰ ਦੀ ਚੌਧਰ ਦਾ ਦਬਦਬਾ ਪੂਰੇ ਮਹਿੰਦੀ ਬਜ਼ਾਰ ’ਤੇ ਕਾਇਮ ਸੀ……।
ਦਿਨ ਵਧੀਆ ਲੰਘ ਰਹੇ ਸਨ। ਸਾਰੇ ਖੁਸ਼ ਸਨ…… ਪਰ ਕੁਝ ਚਿਰ ਮਗਰੋਂ ਖੌਰੇ ਕਿੱਥੋਂ ਰਹੀਮਾ ਕੁੱਕੜ ਨਾਂ ਦਾ ਇਕ ਕੰਨਪਾਟਾ ਮਹਿੰਦੀ ਬਜ਼ਾਰ ਵਿਚ ਬੇਸੁਰੀਆਂ ਬਾਂਗਾਂ ਦੇਣ ਲੱਗਾ। ਉਹ ਮੱਛਰਿਆ ਬਾਂਦਰ ਕੋਠਿਆਂ ’ਤੇ ਜਾ ਕੇ ਬੜ੍ਹਕਾਂ ਮਾਰਨ ਲੱਗਾ ਤੇ ਡੇਰੇਦਾਰਨੀਆਂ ਨੂੰ ਧਮਕੀਆਂ ਦੇਣ ਲੱਗਾ ਅਤੇ ਕਹਿਣ ਲੱਗਾ,
“ਹੁਣ ਬਸ਼ੀਰੇ ਕੰਜਰ ਦੇ ਬਦਲੇ ਹਫ਼ਤਾ ਮੈਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਇੱਥੇ ਕਿਸੇ ਦਾ ਧੰਦਾ ਨਹੀਂ ਚੱਲਣ ਦਿਆਂਗਾ। ਹੁਣ ਇੱਥੇ ਮੇਰਾ ਡੰਡਾ ਚਲੇਗਾ। ਪੁਲਸ ਨਾਲ ਵੀ ਮੇਰੀ ਭਾਈਵਾਲੀ ਹੈ। ਇਸ ਲਈ ਮਹਿੰਦੀ ਬਜ਼ਾਰ ਦੀ ਸਰਕਾਰ ਹੁਣ ਮੈਂ ਚਲਾਵਾਂਗਾ।”
ਭਾਗਾਂ ਤੇ ਕੁਝ ਹੋਰ ਚੁਬਾਰੇ ਵਾਲੀਆਂ ਬਸ਼ੀਰੇ ਕੋਲ ਜਦ ਸ਼ਕੈਤ ਲੈ ਕੇ ਗਈਆਂ ਤਾਂ ਉਸ ਨੇ ਪਹਿਲੀ ਵਾਰੀ ਰਹੀਮੇ ਕੁੱਕੜ ਦਾ ਨਾਂ ਸੁਣਿਆ। ਉਨ੍ਹਾਂ ਦੀਆਂ ਗਿਲੇ-ਗੁਜ਼ਾਰੀਆਂ ਸੁਣ ਕੇ ਬਸ਼ੀਰਾ ਲਾਲ-ਪੀਲਾ ਹੋ ਗਿਆ। ਉਸ ਨੇ ਆਪਣੇ ਚੇਲੇ ਨੂੰ ਹੁਕਮ ਦਿੱਤਾ ਕਿ ਉਹ ਰਹੀਮੇ ਕੁੱਕੜ ਨੂੰ ਫੜ ਕੇ ਲਿਆਏ। ਪਰ ਰਹੀਮੇ ਨੇ ਬਸ਼ੀਰੇ ਨਾਲ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।
“ਤੂੰ ਭਾਅ ਬਸ਼ੀਰੇ ਨੂੰ ਨਹੀਂ ਜਾਣਦਾ। ਉਹ ਤੇਰੀਆਂ ਖਾਖ੍ਹਾਂ ਖਿੱਚ ਲਵੇਗਾ। ਤੂੰ ਉਸ ਲਈ ਆਟੇ ਦਾ ਛਾਣਬੂਰਾ ਵੀ ਨਹੀਂ ਹੈਂ। ਇਸ ਲਈ ਮਹਿੰਦੀ ਬਜ਼ਾਰ ਵਿਚ ਛੁਰਲੀਆਂ ਛੱਡਣੀਆਂ ਬੰਦ ਕਰ ਦੇ। ਬਕ-ਬਕ ਕਰਨ ਤੋਂ ਬਾਜ਼ ਆ ਜਾ ਤੇ ਚਵਲਪੁਣਾ ਛੱਡ ਦੇ, ਨਹੀਂ ਤਾਂ ਬਸ਼ੀਰਾ ਸ਼ਿਕਰਾ ਤੇਰੀਆਂ ਅੱਖਾਂ ਕੱਢ ਕੇ ਬਿੱਲੀਆਂ ਨੂੰ ਖਵਾਏਗਾ।”
ਚੇਲੇ ਦੀ ਗੱਲ ਸੁਣ ਕੇ ਰਹੀਮਾ ਕੁੱਕੜ, ਬਸ਼ੀਰੇ ਕੰਜਰ ਦਾ ਮਖ਼ੌਲ ਉਡਾਉਣ ਲੱਗਾ। ਉਸ ਨੂੰ ਚਿੱਘਣ ਲੱਗਾ ਤੇ ਕਹਿਣ ਲੱਗਾ, “ਬਸ਼ੀਰੇ ਦਾ ਵਾਹ ਹਾਲੇ ਰਹੀਮੇ ਭਲਵਾਨ ਨਾਲ ਨਹੀਂ ਪਿਆ। ਐਸਾ ਧੋਬੀ ਦਾਅ ਮਾਰਾਂਗਾ ਕਿ ਬਾਕੀ ਦੀ ਸਾਰੀ ਉਮਰ ਮੰਜੀ ’ਤੇ ਅੱਡੀਆਂ ਰਗੜ-ਰਗੜ ਕੇ ਕੱਟੇਗਾ… ਜਾਹ ਉਸ ਨੂੰ ਕਹਿ ਦੇ ਕਿ ਮਰਦ ਦਾ ਬੱਚਾ ਬਣ ਤੇ ਦਲੇਰੀ ਦੱਸ ਅਤੇ ਮੇਰੇ ਸਾਹਮਣੇ ਆ ਕੇ ਗੱਲ ਕਰ। ਜੇ ਦੰਦਾਂ ਦੀ ਬਤੀਸੀ ਹੱਥ ਨਾ ਫੜਾਈ ਤਾਂ ਮੇਰਾ ਨਾਂ ਵਟਾਅ ਦਈਂ।”
ਉਂਝ ਤਾਂ ਬਸ਼ੀਰਾ ਕੰਜਰ ਹਾਲੇ ਵੀ ਹੱਟਾ-ਕੱਟਾ ਦਿਸਦਾ ਸੀ ਪਰ ਉਮਰ ਢਲਣ ਦੇ ਨਾਲ-ਨਾਲ ਉਹਦਾ ਜੁੱਸਾ, ਅੰਦਰੋਂ, ਬਗੈਰ ਦੰਦਾਂ ਦਾ ਸੱਪ ਬਣ ਗਿਆ ਸੀ। ਪਰ ਸੱਪ ਭਾਵੇਂ ਦੰਦਾਂ ਬਗੈਰ ਹੀ ਕਿਉਂ ਨਾ ਹੋਵੇ, ਉਸ ਕੋਲੋਂ ਤ੍ਰਾਹ ਤਾਂ ਲੱਗਦਾ ਹੀ ਹੈ। ਇਸ ਦੇ ਬਾਵਜੂਦ ਸਿਰਫਿਰਿਆ ਤੇ ਸ਼ੋਖ਼ ਰਹੀਮਾ ਕੁੱਕੜ, ਬਸ਼ੀਰੇ ਨੂੰ ਗਾਜਰ-ਮੂਲੀ ਸਮਝਣ ਲੱਗਾ ਸੀ ਅਤੇ ਬਲ ਤੇ ਛਲ ਦੀਆਂ ਗਿਟਕਾਂ ਮਾਰਨ ਲੱਗਾ ਸੀ ਤਾਂ ਜੇ ਮਹਿੰਦੀ ਬਜ਼ਾਰ ਦੀ ਹਾਕਮੀ ‘ਤੇ ਕਬਜ਼ਾ ਕਰ ਸਕੇ। ਤਿੰਨ-ਚਾਰ ਛਤਰੇ ਨਾਲ ਲੈ ਕੇ ਉਹ ਬਜ਼ਾਰ ਦੇ ਚੱਕਰ ਲਾਉਂਦਾ ਅਤੇ ਆਪਣੇ ਡੌਲੇ਼ ਦੱਸਦਾ ਰਹਿੰਦਾ। ਉਸ ਨੇ ਪੁਲਸ ਵਾਲਿਆਂ ਨੂੰ ਵੀ ਆਪਣੇ ਨਾਲ ਗੰਢਿਆ ਹੋਇਆ ਸੀ ਤੇ ਬਸ਼ੀਰੇ ਨਾਲੋਂ ਦੁੱਗਣੀ ਰਕਮ ਦੇਣ ਦਾ ਬਿਆਨਾ ਵੀ ਦੇ ਦਿੱਤਾ ਸੀ।
ਸ਼ੁਰੂ ਵਿਚ ਤਾਂ ਉਨ੍ਹਾਂ ਵਿਚਕਾਰ ਸ਼ਬਦਾਂ ਦੇ ਤੀਰ ਚੱਲਣ ਲੱਗੇ। ਹੌਲੀ-ਹੌਲੀ ਗੱਲ ਵਧਣ ਲੱਗੀ। ਰਹੀਮਾ ਕੁੱਕੜ, ਬਸ਼ੀਰੇ ਨੂੰ ਧੜੀ ਭਰ-ਭਰ ਗਾਲ੍ਹਾਂ ਕੱਢਣ ਲੱਗ ਪਿਆ ਤੇ ਮਣ-ਮਣ ਦੇ ਫੱਕੜ ਤੋਲਣ ਲੱਗਾ। ਟੀਚਾ ਇਹ ਨਿਕਲਿਆ ਕਿ ਬਸ਼ੀਰੇ ਕੰਜਰ ਕੋਲੋਂ ਜਰਨਾ ਮੁਸ਼ਕਿਲ ਹੋ ਗਿਆ। ਉਸਦੀ ਬਰਦਾਸ਼ਤ ਦੀ ਹੱਦ ਮੁੱਕਣ ਲੱਗੀ। ਫੇਰ ਚਾਕੂ, ਛੁਰੀਆਂ ਤੇ ਟੋਕੇ ਖੜਕਣ ਲੱਗੇ ਤੇ ਦੁਸ਼ਮਣੀ ਦਾ ਜੋੜ-ਮੇਲਾ ਲੱਗ ਪਿਆ। ਉਮਰ ਦੇ ਨਾਲ ਬਸ਼ੀਰੇ ਦਾ ਸ਼ਰੀਰ ਮਾੜਾ-ਮਾੜਾ ਤਿੜਕਣ ਲੱਗਾ ਸੀ ਪਰ ਉਹ ਮੂੰਹ ਦਾ ਗਰਾਹ ਨਹੀਂ ਸੀ ਬਣਿਆ। ਜ਼ਿੰਦਗੀ ਦੀ ਡੂੰਘੀ ਨਦੀ ਵਿਚ ਬਸ਼ੀਰੇ ਨੂੰ ਹਮੇਸ਼ਾਂ ਆਪਣੀਆਂ ਬਾਵ੍ਹਾਂ ਦੇ ਜ਼ੋਰ ‘ਤੇ ਹੀ ਤਰਨਾ ਪਿਆ ਸੀ। ਉਹ ਕਦੇ ਭੈੜੀ ਸੰਗਤ ਵਿਚ ਨਹੀਂ ਸੀ ਪਿਆ ਅਤੇ ਨਾ ਹੀ ਉਸ ਕਦੇ ਆਪਣਾ ਭੇਤ ਸੰਦੂਕ ਕਿਸੇ ਸਾਹਮਣੇ ਖੋਲ੍ਹਿਆ ਸੀ। ਇਸੇ ਲਈ ਮਹਿੰਦੀ ਬਜ਼ਾਰ ਵਾਲੇ ਕਹਿੰਦੇ ਸਨ ਕਿ ਜਿਸ ਰਾਤੀਂ ਬਸ਼ੀਰਾ ਜੰਮਿਆ, ਹੋਰ ਨਾ ਜੰਮਿਆ ਕੋਈ।
ਫੇਰ ਹੋਣੀ… ਹੋਣ ਤੋਂ ਨਹੀਂ ਟਲੀ… ਤੇ ਉਹ ਦਿਨ ਆ ਗਿਆ ਜਦ ਦੋਵੇ੍ਹਂ ਪਿੜ ਵਿਚ ਇਕ ਦੂਜੇ ਦੇ ਸਾਹਮਣੇ ਖੜ੍ਹ ਗਏ। ਬਸ਼ੀਰੇ ਨੇ ਇਸ ਪਹਿਲੇ ਟਾਕਰੇ ਵਿਚ ਰਹੀਮੇ ਕੁੱਕੜ ਨੂੰ ਚੰਗਾ ਕੁਟਾਪੜਾ ਚਾੜ੍ਹਿਆ…… ਪਰ ਰਹੀਮਾ ਕੁੱਕੜ ਫੇਰ ਵੀ ਨਾ ਟਲਿਆ। ਭਲਾ ਉਸਨੂੰ ਕੌਣ ਸਮਝਾਉਂਦਾ ਕਿ ਯੁੱਧ ਵੀ ਬੁੱਧ ਨਾਲ ਲੜਿਆ ਜਾਂਦਾ ਹੈ। ਉਹ ਮੁੜ ਸ਼ੋਹਦਪੁਣੇ ਵਿਚ ਪੁੱਠੀਆਂ-ਸਿੱਧੀਆਂ ਸਾਜ਼ਸ਼ਾਂ ਕਰਨ ਲੱਗਾ। ਉਸਨੇ ਬਸ਼ੀਰੇ ਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਤੇ ਆਪਣੇ ਗੁਰਗਿਆਂ ਨਾਲ ਬਸ਼ੀਰੇ ਨੂੰ ਕਤਲ ਕਰਨ ਲਈ ਮੌਕੇ ਦੀ ਉਡੀਕ ਕਰਨ ਲੱਗਾ। ਉਹ ਬਸ਼ੀਰੇ ਦੀ ਹਰ ਹਰਕਤ ਨੂੰ ਤਾੜਣ ਲੱਗਾ……
ਬਸ਼ੀਰਾ ਵੀ ਮਹਿੰਦੀ ਬਜ਼ਾਰ ਦਾ ਰੱਜਿਆ-ਪੁੱਜਿਆ ਸ਼ੇਰ-ਸ਼ਾਹ ਸੀ। ਉਹ ਰਹੀਮੇ ਕੁੱਕੜ ਨੂੰ ਕਿੰਝ ਆਪਣੀ ਖੇਹ ਉਡਾਨ ਦਿੰਦਾ। ਉਹ ਵੀ ਹਰ ਵੇਲੇ ਆਪਣਾ ਕਮਾਨੀਦਾਰ ਚਾਕੂ ਕੋਲ ਰੱਖਦਾ ਕਿਉਂਜੇ ਉਹ ਪੱਕੀ ਤਰ੍ਹਾਂ ਜਾਣਦਾ ਸੀ ਕਿ ਚੰਗੇ ਤੇ ਮੰਦੇ ਵਿਚਕਾਰ ਚਾਰ ਉਂਗਲਾਂ ਦੀ ਹੀ ਵਿੱਥ ਹੁੰਦੀ ਹੈ। ਤਾਹੀਂਓ ਉਹ ਕਿਸੇ ਵੀ ਅਣਹੋਣੀ ਲਈ ਤਿਆਰ ਰਹਿੰਦਾ। ਫੇਰ ਇਕ ਦਿਨ ਰਹੀਮੇ ਕੁੱਕੜ ਨੇ ਕੁਝ ਕੰਨਪਾਟਿਆਂ ਨੂੰ ਨਾਲ ਲੈ ਕੇ, ਵਿਚ ਬਜ਼ਾਰ ਬਸ਼ੀਰੇ ਨੂੰ ਲਲਕਾਰਿਆ।
ਲਲਕਾਰ ਦਾ ਜਵਾਬ ਵੰਗਾਰ ਨਾਲ ਦਿੱਤਾ ਗਿਆ। ਕਹਿੰਦੇ ਨੇ ਕਿ ਇਕੱਲੇ-ਦੁਕੱਲੇ ਦਾ ਅੱਲ੍ਹਾ ਬੇਲੀ ਹੁੰਦਾ ਹੈ ਪਰ ਬਸ਼ੀਰੇ ਦਾ ਤਾਂ ਅੱਲ੍ਹਾ ਵੀ ਬੇਲੀ ਸੀ ਤੇ ਪਰਮੇਸ਼ਵਰ ਵੀ। ਰਹੀਮੇ ਕੁੱਕੜ ਦੇ ਟੋਕੇ ਦਾ ਵਾਰ ਬਸ਼ੀਰੇ ਨੇ ਬੜੀ ਮੁਹਾਰਤ ਤੇ ਸੁਥਰੇ ਢੰਗ ਨਾਲ ਰੋਕ ਲਿਆ ਸੀ ਪਰ ਉਸ ਦੇ ਕਮਾਨੀਦਾਰ ਚਾਕੂ ਦਾ ਵਾਰ ਰਹੀਮਾ ਕੁੱਕੜ ਨਹੀਂ ਸੀ ਰੋਕ ਸਕਿਆ। ਚਾਕੂ ਨੇ ਰਹੀਮੇ ਕੁੱਕੜ ਦੀਆਂ ਆਂਦਰਾਂ ਦਾ ਗੁੱਛਾ ਬਾਹਰ ਕੱਢ ਮਾਰਿਆ ਸੀ। ਉਹ ਰੱਤ ਵਿਚ ਲਿਬੜਿਆ ਕੁੱਝ ਚਿਰ ਤੀਕਰ ਤੜਫ਼ਦਾ ਰਿਹਾ, ਫੇਰ ਉਸਦੀ ਤੜਫ਼ਾਟ ਮੁੱਕ ਗਈ।
ਇੰਝ ਦੇ ਜੋੜ ਮੇਲਿਆਂ ਵਿਚ ਜੋ ਹਰਿਆ, ਸੋ ਮਰਿਆ ਅਤੇ ਜੋ ਜਿੱਤਿਆ, ਉਹ ਵੀ ਹਰਿਆ। ਪੁਲਸ ਬਸ਼ੀਰੇ ਨੂੰ ਫੜ ਕੇ ਲੈ ਗਈ। ਮਹਿੰਦੀ ਬਜ਼ਾਰ ਦਾ ਤਖ਼ਤ ਬਸ਼ੀਰੇ ਲਈ ਤਖ਼ਤਾ ਬਣ ਗਿਆ। ਉਸ ਦੇ ਬੱਚੇ ਬੇ-ਸਹਾਰਾ ਹੋ ਗਏ। ਨੌਬਤ ਫਾਕਿਆਂ ਤੀਕ ਆ ਗਈ। ਭੁੱਖ ਫੱਕਦੇ ਬਾਲਾਂ ਦੀ ਹਾਲਤ ਦੇਖ ਕੇ ਦੋਵੇਂ ਕੁੜੀਆਂ ਮੌਲਵੀ ਫ਼ਜ਼ਲਦੀਨ ਕੋਲ ਗਈਆਂ ਤੇ ਬਸ਼ੀਰੇ ਦੀਆਂ ਸਿਫ਼ਤਾਂ ਕਰਨ ਲੱਗੀਆਂ ਅਤੇ ਕਹਿਣ ਲੱਗੀਆਂ,
“ਭਾਅ ਬਸ਼ੀਰਾ ਸਾਡੇ ਲਈ ਇਕ ਫ਼ਰਿਸ਼ਤਾ ਸੀ, ਇਕ ਦਰਵੇਸ਼, ਜਿਸ ਨੇ ਸਾਡੀ ਇੱਜ਼ਤ ਬਚਾਈ। ਨਹੀਂ ਤਾਂ ਅੱਜ ਅਸੀਂ ਵੀ ਮਹਿੰਦੀ ਬਜ਼ਾਰ ਦੇ ਕਿਸੇ ਕੋਠੇ ’ਤੇ ਬੈਠੀਆਂ ਹੁੰਦੀਆਂ। ਉਸ ਨੇ ਸਮਾਜ ਦੇ ਕੂੜੇਦਾਨ ਨੂੰ ਸਾਫ਼ ਕਰਨ ਦਾ ਉੱਦਮ ਕੀਤਾ ਸੀ। ਉਹ ਗੰਦ ਨੂੰ ਸਾਫ਼ ਕਰ ਕੇ ਫੁੱਲਾਂ ਦਾ ਬਾਗ਼ ਸਜਾਉਣਾ ਚਾਹੁੰਦਾ ਸੀ ਤੇ ਆਪਣੇ ਬੱਚਿਆਂ ਨੂੰ ਗਿਆਨ ਦਾ ਅੰਮ੍ਰਿਤ ਪਿਆਉਣਾ ਚਾਹੁੰਦਾ ਸੀ। ਚੋਖੇ ਚਿਰ ਤੋਂ ਉਹ ਬੜੀ ਖ਼ਮੋਸ਼ੀ ਨਾਲ ਇਹ ਸੇਵਾ ਕਰ ਰਿਹਾ ਸੀ ਪਰ ਉਸਦੇ ਬੱਚੇ ਫਾਕਿਆਂ ਨਾਲ ਅਧਮੋਏ ਹੋਏ ਪਏ ਨੇ। ਇਸ ਲਈ, ਮੌਲ਼ਵੀ ਸਾਹਿਬ, ਸਾਨੂੰ ਤੁਹਾਡੀ ਸਹਾਇਤਾ ਦੀ ਸਖ਼ਤ ਲੋੜ ਹੈ। ਅਸੀਂ ਔਰਤ ਜ਼ਾਤ ਕੁਝ ਨਹੀਂ ਕਰ ਸਕਦੀਆਂ ਹਾਂ। ਅਸੀਂ ਬੇਬੱਸ ਹਾਂ ਪਰ ਤੁਸੀਂ ਮਸਜਿਦ ਦੇ ਇਮਾਮ ਹੋ। ਤੁਹਾਡੀ ਹੱਲਾ ਸ਼ੇਰੀ ਨਾਲ ਇਨ੍ਹਾਂ ਯਤੀਮ, ਮਸਕੀਨ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ। ਰੱਬ ਦਾ ਵਾਸਤਾ ਜੇ, ਬਸ਼ੀਰੇ ਦਰਵੇਸ਼ ਦੇ ਬੱਚਿਆਂ ਨੂੰ ਖੱਜਲ ਹੋਣ ਤੋਂ ਬਚਾਅ ਲਓ।”
ਮੌਲਵੀ ਫ਼ਜ਼ਲਦੀਨ ਬਸ਼ੀਰੇ ਦੀ ਕਹਾਣੀ ਸੁਣ ਕੇ ਹੈਰਾਨ ਹੋ ਗਿਆ। ਉਸ ਨੇ ਕੁੜੀਆਂ ਨੂੰ ਯਕੀਨ ਦੁਆਇਆ ਕਿ ਉਸ ਕੋਲੋਂ ਜੋ ਵੀ ਹੋ ਸਕਿਆ ਉਹ ਜ਼ਰੂਰ ਕਰੇਗਾ। ਫੇਰ ਉਹ ਸ਼ਹਿਰ ਦੇ ਇਕ ਮਸ਼ਹੂਰ ਯਤੀਮਖ਼ਾਨੇ ਗਿਆ ਜਿਸਨੂੰ ਵਕਫ਼ ਬੋਰਡ ਕੁਝ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਚਲਾ ਰਿਹਾ ਸੀ। ਇੱਥੇ ਸ਼ਹਿਰ ਦੇ ਕਈ ਦੀਨਦਾਰ ਲੋਕ ਜ਼ਕਾਤ, ਫ਼ਿਤਰਾਨਾ5 ਤੇ ਖ਼ੈਰਾਤ ਵੀ ਦੇਣ ਆਉਂਦੇ ਸਨ। ਇਸ ਯਤੀਮਖਾਨੇ ਵਿਚ ਬੱਚਿਆਂ ਦੀ ਤਲੀਮ ਤੇ ਰਹਿਣ ਦਾ ਵਧੀਆ ਬੰਦੋਬਸਤ ਸੀ।
ਮੌਲਵੀ ਫ਼ਜ਼ਲਦੀਨ ਵਕਫ਼ ਬੋਰਡ ਦੇ ਸਦਰ ਨੂੰ ਮਿਲਿਆ ਤੇ ਬਸ਼ੀਰੇ ਦਰਵੇਸ਼ ਦੀ ਸਾਰੀ ਕਹਾਣੀ ਸੁਣਾਈ ਅਤੇ ਬੇਨਤੀ ਕੀਤੀ ਕਿ ਬਸ਼ੀਰੇ ਦਰਵੇਸ਼ ਦੇ ਬੱਚਿਆਂ ਨੂੰ ਯਤੀਮਖਾਨੇ ਵਿਚ ਦਾਖ਼ਲ ਕੀਤਾ ਜਾਵੇ ਤਾਂ ਜੋ ਇਹ ਬੱਚੇ ਸਮਾਜ ਵਿਚ ਆਪਣੀ ਪਛਾਣ ਬਣਾ ਸਕਣ। ਵਕਫ਼ ਬੋਰਡ ਦੇ ਸਦਰ ਨੇ ਓਕਾਫ਼ ਦੇ ਮੈਂਬਰਾਂ ਦੀ ਇਕ ਮੀਟਿੰਗ ਬੁਲਾਈ ਤੇ ਸਾਰਾ ਮਾਮਲਾ ਉਨ੍ਹਾਂ ਸਾਹਮਣੇ ਰੱਖਿਆ। ਕਮੇਟੀ ਨੇ ਸਰਬ ਸੰਮਤੀ ਨਾਲ ਬੱਚਿਆਂ ਨੂੰ ਯਤੀਮਖਾਨੇ ਵਿਚ ਦਾਖ਼ਲ ਕਰਨ ਦੀ ਸਹਿਮਤੀ ਦੇ ਦਿੱਤੀ। ਮੌਲਵੀ ਫ਼ਜ਼ਲਦੀਨ ਬਹੁਤ ਖੁਸ਼ ਸੀ। ਉਸ ਨੇ ਇਹ ਖ਼ੁਸ਼ਖ਼ਬਰੀ ਕੁੜੀਆਂ ਨੂੰ ਜਾ ਕੇ ਸੁਣਾਈ। ਦੋਵ੍ਹੇਂ ਕੁੜੀਆਂ ਰੱਬ ਦਾ ਸ਼ੁਕਰ ਅਦਾ ਕਰਨ ਲਈ ਨਫ਼ਲ6 ਪੜ੍ਹਨ ਲੱਗੀਆਂ। ਫੇਰ ਉਹ ਬਸ਼ੀਰੇ ਦਰਵੇਸ਼ ਨੂੰ ਮਿਲਣ ਲਈ ਜੇਲ੍ਹ ਗਈਆਂ ਤੇ ਉਸ ਨੂੰ ਬੱਚਿਆਂ ਬਾਰੇ ਸਾਰੀ ਗੱਲ ਸੁਣਾਈ। ਬਸ਼ੀਰੇ ਦੀਆਂ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਤਰਨ ਲੱਗੇ। ਉਹ ਗੋਡਿਆਂ ਭਾਰ ਬਹਿ ਕੇ ਬੜੀ ਨਿਮਰਤਾ ਨਾਲ ਅੱਲ੍ਹਾ ਸਾਈਂ ਕੋਲੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਣ ਲੱਗਾ ਅਤੇ ਬੱਚਿਆਂ ਲਈ ਦੁਆਵਾਂ।
ਭਾਈ ਬਸ਼ੀਰੇ ਨਾਲ ਮੁਲਾਕਾਤ ਕਰਨ ਤੋਂ ਮਗਰੋਂ ਉਹ ਬੱਚਿਆਂ ਨੂੰ ਲੈ ਕੇ ਮੌਲਵੀ ਫ਼ਜ਼ਲਦੀਨ ਕੋਲ ਗਈਆਂ। ਬੱਚਿਆਂ ਨੂੰ ਦੇਖ ਕੇ ਫ਼ਜ਼ਲਦੀਨ ਕਹਿਣ ਲੱਗਾ,
“ਜਿਨ੍ਹਾਂ ਦੀ ਗੁੱਡੀ ਚੜ੍ਹਨੀ ਹੋਵੇ ਉਨ੍ਹਾਂ ਨੂੰ ਕੰਨੀ ਦੇਣ ਵਾਲਾ ਮਿਲ ਹੀ ਜਾਂਦਾ ਹੈ। ਇਨਸ਼ਾ-ਅੱਲ੍ਹਾ ਹੁਣ ਇਨ੍ਹਾਂ ਬੱਚਿਆਂ ਦੇ ਨਸੀਬ ਦੀ ਗੁੱਡੀ ਅਸਮਾਨ ਵਿਚ ਉੱਡੇਗੀ ਕਿਉਂਜੇ ਮਹਿੰਦੀ ਬਜ਼ਾਰ ਦੇ ਇਨ੍ਹਾਂ ਬੱਚਿਆਂ ਦੇ ਮੁਕੱਦਰ ਦੀ ਗੁੱਡੀ ਨੂੰ ਕੰਨੀ ਬਸ਼ੀਰੇ ਦਰਵੇਸ਼ ਨੇ ਦਿੱਤੀ ਸੀ।”
1. ਅੰਮ੍ਰਿਤ ਵੇਲਾ, 2. ਤਰਕਾਲਾਂ ਵੇਲਾ, 3. ਭੇਟਾ, ਕੀਮਤ, 4.ਪਾਠਸ਼ਾਲਾ, ਮਦਰੱਸਾ, 5. ਦਾਨ, ਦਸਵੰਧ, 6. ਸ਼ੁਕਰਾਨੇ ਦੀ ਨਮਾਜ਼ ।
- ਜੰਮੂ 94191 83485