Kolusha (Story in Punjabi) : Maxim Gorky

ਕੋਲੂਸ਼ਾ (ਕਹਾਣੀ) : ਮੈਕਸਿਮ ਗੋਰਕੀ

ਕਬਰਸਤਾਨ ਦੀ ਉਸ ਨੁੱਕਰੇ ਜਿੱਥੇ ਗ਼ਰੀਬਾਂ ਨੂੰ ਦਫ਼ਨਾਇਆ ਜਾਂਦਾ ਹੈ, ਰੰਗਦਾਰ ਸੂਤੀ ਲਿਬਾਸ ਪਾਈ ਇੱਕ ਤੀਵੀਂ ਜਿਸ ਨੇ ਮੋਢਿਆਂ ਉਤੇ ਕਾਲ਼ੀ ਸ਼ਾਲ ਲਈ ਹੋਈ ਸੀ, ਇੱਕ ਕਬਰ ਉਤੇ ਦੋ ਮੁਰਝਾਏ ਹੋਏ ਬੈਂਤਾਂ ਦੀ ਡੱਬ-ਖੜੱਬੀ ਛਾਂ ਵਿਚ ਬੈਠੀ ਹੋਈ ਸੀ। ਇਹ ਥਾਂ ਪੱਤਿਆਂ ਨਾਲ ਭਰੀਆਂ, ਮੀਂਹ ਧੋਤੀਆਂ ਅਤੇ ਹਵਾਵਾਂ ਸਦਕਾ ਹੂੰਝੀਆਂ ਗਈਆਂ ਕਬਰਾਂ ਦੀਆਂ ਥੇਹਾਂ ਵਿਚਕਾਰ ਸੀ।
ਧੌਲ਼ੇ ਵਾਲ਼ਾਂ ਦੀ ਇੱਕ ਲਿਟ ਉਸ ਦੀ ਝੁਰੜੀਆਂ ਭਰੀ ਗੱਲ੍ਹ ਉਤੇ ਲਟਕੀ ਹੋਈ ਸੀ। ਉਸ ਨੇ ਤਰਾਸ਼ੇ ਹੋਏ ਬੁੱਲ੍ਹ ਕੱਸ ਕੇ ਪੀਚੇ ਹੋਏ ਸਨ, ਤੇ ਉਨ੍ਹਾਂ ਦੀਆਂ ਨੁੱਕਰਾਂ ਹੇਠਾਂ ਵੱਲ ਖਿੱਚੀਆਂ ਗਈਆਂ ਸਨ ਜਿਨ੍ਹਾਂ ਸਦਕਾ ਉਸ ਦਾ ਚਿਹਰਾ ਬੜਾ ਗ਼ਮਗ਼ੀਨ ਜਾਪ ਰਿਹਾ ਸੀ। ਉਸ ਦੀਆਂ ਪਲਕਾਂ ਵੀ ਕੁਝ ਇਸ ਤਰ੍ਹਾਂ ਨਿਵੀਆਂ ਹੋਈਆਂ ਸਨ ਕਿ ਲਗਦਾ ਸੀ, ਉਹ ਬਹੁਤ ਰੋ ਕੇ ਹਟੀ ਹੈ ਤੇ ਕਈ ਰਾਤਾਂ ਸੁੱਤੀ ਵੀ ਨਹੀਂ ਹੋਣੀ।
ਉਹ ਅਹਿਲ ਬਣੀ ਬੈਠੀ ਸੀ। ਮੈਂ ਉਸ ਤੋਂ ਕੁਝ ਦੂਰ ਖੜੋਤਾ ਉਸ ਨੂੰ ਗਹੁ ਨਾਲ ਵੇਖ ਰਿਹਾ ਸਾਂ। ਮੈਂ ਉਸ ਦੇ ਹੋਰ ਨੇੜੇ ਹੋ ਕੇ ਜਾ ਖੜ੍ਹਾ ਹੋਇਆ, ਪਰ ਉਹ ਤਾਂ ਵੀ ਅਹਿਲ ਬਣੀ ਬੈਠੀ ਰਹੀ। ਉਸ ਨੇ ਬੱਸ ਆਪਣੀਆਂ ਵੱਡੀਆਂ-ਵੱਡੀਆਂ ਰੁੱਖੀਆਂ ਅੱਖਾਂ ਰਤਾ ਕੁ ਉਪਰ ਚੁੱਕ ਕੇ ਮੇਰੇ ਵੱਲ ਵੇਖਿਆ। ਉਸ ਦੇ ਚਿਹਰੇ ਉਤੇ ਕਿਸੇ ਵੀ ਕਿਸਮ ਦੀ ਹੈਰਾਨੀ, ਘਬਰਾਹਟ ਜਾਂ ਕੋਈ ਹੋਰ ਭਾਵ, ਭੋਰਾ ਭਰ ਵੀ ਪੈਦਾ ਨਹੀਂ ਹੋਇਆ।
ਮੈਂ ਉਸ ਨੂੰ ਬੁਲਾਇਆ ਤੇ ਪੁੱਛਿਆ, “ਇਥੇ ਕੌਣ ਦਫ਼ਨ ਹੈ।”
“ਮੇਰਾ ਪੁੱਤਰ”, ਉਸ ਨੇ ਕੁਝ ਲਾਪ੍ਰਵਾਹੀ ਭਰੇ ਅੰਦਾਜ਼ ਵਿਚ ਕਿਹਾ।
“ਵੱਡਾ ਸੀ?”
“ਬਾਰਾਂ ਵਰ੍ਹਿਆਂ ਦਾ।”
“ਕਿੰਨਾ ਚਿਰ ਹੋਇਆ?”
“ਚਾਰ ਸਾਲ।”
ਉਸ ਨੇ ਡੂੰਘਾ ਹਉਕਾ ਭਰਿਆ ਅਤੇ ਵਾਲ਼ਾਂ ਦੀ ਲਿਟ ਫੜ ਕੇ ਸ਼ਾਲ ਅੰਦਰ ਕਰ ਲਈ। ਚੋਖਾ ਗਰਮ ਦਿਨ ਸੀ। ਸੂਰਜ ਬੜੀ ਬੇਰਹਿਮੀ ਨਾਲ ਮੋਇਆਂ ਦੀ ਇਸ ਬਸਤੀ ਉਤੇ ਅੱਗ ਵਰ੍ਹਾ ਰਿਹਾ ਸੀ; ਕਬਰ ਉਤੇ ਉਗਿਆ ਹੋਇਆ ਵਿਰਲਾ ਘਾਹ ਧੁੱਪ ਤੇ ਧੂੜ ਨਾਲ ਭੂਰਾ ਹੋ ਗਿਆ ਸੀ, ਤੇ ਸਲੀਬਾਂ ਵਿਚਕਾਰ ਧੂੜ ਭਰੇ ਕੁਰੰਗ ਬਣੇ ਰੁੱਖ ਇੰਜ ਅਹਿਲ ਖੜੋਤੇ ਸਨ ਜਿਵੇਂ ਉਨ੍ਹਾਂ ਵਿਚ ਵੀ ਕੋਈ ਜਿੰਦ-ਜਾਨ ਨਹੀਂ ਰਹੀ ਹੁੰਦੀ।
“ਉਸ ਦੀ ਮੌਤ ਕਿਵੇਂ ਹੋਈ ਸੀ?” ਮੈਂ ਮੁੰਡੇ ਦੀ ਕਬਰ ਵੱਲ ਸੈਨਤ ਕਰ ਕੇ ਪੁੱਛਿਆ।
“ਘੋੜਿਆਂ ਥੱਲੇ ਮਿੱਧਿਆ ਗਿਆ ਸੀ”, ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ, ਤੇ ਝੁਰੜੀਆਂ ਭਰੇ ਹੱਥ ਨਾਲ ਕਬਰ ਪਲ਼ੋਸਣ ਲੱਗ ਪਈ।
“ਉਹ ਕਿਵੇਂ?”
ਮੈਂ ਜਾਣਦਾ ਸਾਂ ਕਿ ਮੈਂ ਪੂਰੀ ਨਰਮੀ ਨਾਲ ਪੇਸ਼ ਨਹੀਂ ਸਾਂ ਆ ਰਿਹਾ, ਪਰ ਔਰਤ ਦਾ ਭਾਵਹੀਣ ਵਿਹਾਰ ਵੇਖ ਕੇ ਮੈਨੂੰ ਖਿਝ ਆ ਰਹੀ ਸੀ। ਪਤਾ ਨਹੀਂ ਕਿਉਂ, ਮੈਂ ਉਸ ਦੀਆਂ ਅੱਖਾਂ ਵਿਚ ਹੰਝੂ ਵੇਖਣੇ ਚਾਹ ਰਿਹਾ ਸਾਂ। ਉਸ ਦੀ ਉਸ ਲਾਪ੍ਰਵਾਹੀ ਵਿਚ ਕੋਈ ਅਸੁਭਾਵਕ ਜਿਹੀ ਗੱਲ ਸੀ। ਉਂਜ ਅਜਿਹਾ ਸਿਰਫ਼ ਦਿਖਾਵੇ ਲਈ ਨਹੀਂ ਸੀ।
ਮੇਰੇ ਸਵਾਲ ‘ਤੇ ਉਸ ਨੇ ਫਿਰ ਅੱਖਾਂ ਚੁੱਕ ਕੇ ਮੇਰੇ ਵੱਲ ਵੇਖਿਆ, ਤੇ ਜਦ ਉਹ ਮੈਨੂੰ ਸਿਰ ਤੋਂ ਪੈਰਾਂ ਤੱਕ ਘੋਖ ਚੁੱਕੀ ਤਾਂ ਉਸ ਨੇ ਹਲਕਾ ਜਿਹਾ ਹਉਕਾ ਭਰਿਆ। ਫਿਰ ਸਾਵੀਂ, ਸੰਤੁਲਤ ਆਵਾਜ਼ ਵਿਚ ਆਪਣੀ ਕਹਾਣੀ ਸੁਣਾਉਣ ਲੱਗ ਪਈ:
ਹੋਇਆ ਇਉਂ ਕਿ ਉਸ ਦਾ ਪਿਉ ਕਿਸੇ ਗਬਨ ਦੇ ਸਿਲਸਿਲੇ ਵਿਚ ਡੇਢ ਸਾਲ ਦੀ ਕੈਦ ਕੱਟ ਰਿਹਾ ਸੀ। ਇਸ ਅਰਸੇ ਵਿਚ ਅਸੀਂ ਕਮਾਈ ‘ਚੋਂ ਜਿਹੜੇ ਚਾਰ ਪੈਸੇ ਬਚਾਏ ਸਨ, ਉਹ ਸਭ ਖਰਚ ਹੋ ਗਏ। ਆਖਰ ਉਹ ਸਨ ਹੀ ਕਿੰਨੇ? ਜਦ ਉਹ ਜੇਲ੍ਹ ‘ਚੋਂ ਛੁੱਟ ਕੇ ਆਇਆ, ਤਾਂ ਮੈਂ ਲੱਕੜਾਂ ਦੀ ਥਾਂ ਜੜ੍ਹਾਂ ਬਾਲ਼ ਰਹੀ ਸਾਂ। ਕੋਈ ਬਾਗ਼ਬਾਨ ਜਿਸ ਨੂੰ ਮੈਂ ਜਾਣਦੀ ਸਾਂ, ਨੇ ਭੈੜੀਆਂ ਤੇ ਨਿਕੰਮੀਆਂ ਜੜ੍ਹਾਂ ਦਾ ਗੱਡਾ ਭਰ ਕੇ ਲਿਆ ਸੁੱਟਿਆ ਸੀ। ਮੈਂ ਇਨ੍ਹਾਂ ਨੂੰ ਸੁਕਾ ਲਿਆ ਤੇ ਪਾਥੀਆਂ ਨਾਲ ਮਿਲ਼ਾ ਕੇ ਬਾਲਣ ਲੱਗੀ। ਇਨ੍ਹਾਂ ‘ਚੋਂ ਬੜਾ ਭੈੜਾ ਧੂੰਆਂ ਨਿਕਲ਼ਦਾ ਸੀ, ਖਾਣ ਵਾਲੀਆਂ ਚੀਜ਼ਾਂ ਦਾ ਸਵਾਦ ਵੀ ਖਰਾਬ ਹੋ ਜਾਂਦਾ ਸੀ। ਕੋਲੂਸ਼ਾ ਸਕੂਲ ਜਾਂਦਾ ਸੀ। ਬੜਾ ਛੁਹਲਾ ਮੁੰਡਾ ਸੀ। ਸਹਿਜੇ ਕਿਤੇ ਪੈਸਾ ਨਹੀਂ ਸੀ ਖਰਚਦਾ। ਉਹ ਸਕੂਲੋਂ ਆਉਂਦਿਆਂ ਹਮੇਸ਼ਾ ਲੱਕੜ ਦਾ ਕੋਈ ਟੋਟਾ ਜਾਂ ਛਿਟੀਆਂ ਜੋ ਵੀ ਰਾਹ ਵਿਚ ਮਿਲ਼ਦਾ, ਚੁੱਕ ਕੇ ਲੈ ਆਉਂਦਾ। ਉਨ੍ਹੀਂ ਦਿਨੀਂ ਬਹਾਰ ਦੀ ਰੁੱਤ ਸੀ। ਬਰਫ ਪੰਘਰ ਰਹੀ ਸੀ ਤੇ ਕੋਲੂਸ਼ਾ ਕੋਲ਼ ਵੱਡੇ ਬੂਟਾਂ ਤੋਂ ਛੁੱਟ ਪੈਰੀਂ ਪਾਉਣ ਲਈ ਹੋਰ ਕੁਝ ਨਹੀਂ ਸੀ। ਜਦ ਉਹ ਬੂਟ ਲਾਹੁੰਦਾ, ਉਸ ਦੇ ਪੈਰ ਲਾਲ ਸੂਹੇ ਹੋਏ ਹੁੰਦੇ। ਉਨ੍ਹੀਂ ਦਿਨੀਂ ਹੀ ਉਸ ਦਾ ਪਿਉ ਜੇਲ੍ਹੋਂ ਛੁੱਟਿਆ ਸੀ, ਤੇ ਅਗਲੇ ਉਸ ਨੂੰ ਗੱਡੀ ‘ਚ ਬਠਾਲ਼ ਕੇ ਲਿਆਏ ਸਨ। ਜੇਲ੍ਹ ਵਿਚ ਉਸ ਨੂੰ ਦੌਰਾ ਪਿਆ ਸੀ। ਉਹ ਗੱਡੀ ‘ਚ ਲੰਮਾ ਪਿਆ ਅਜੀਬ ਤਰ੍ਹਾਂ ਮੁਸਕਰਾਉਂਦਾ ਮੇਰੇ ਵੱਲ ਵੇਖ ਰਿਹਾ ਸੀ। ਮੈਂ ਉਸ ਵੱਲ ਵੇਖਦਿਆਂ ਸੋਚਿਆ, ‘ਤੇਰੇ ਕਰ ਕੇ ਮੇਰੀ ਇਹ ਹਾਲਤ ਹੋਈ ਏ, ਹੁਣ ਮੈਂ ਤੈਨੂੰ ਖੁਆਵਾਂਗੀ ਕਿਥੋਂ? ਚੰਗਾ ਹੋਵੇ ਜੇ ਮੈਂ ਤੈਨੂੰ ਕਿਸੇ ਛੱਪੜ ‘ਚ ਸੁੱਟ ਦਿਆਂ। ਹਾਂ ਹਾਂ! ਛੱਪੜ ਵਿਚ ਸੁੱਟ ਕੇ ਤੇਰਾ ਫਾਹਾ ਮੁਕਾ ਦਿਆਂ।’ ਪਰ ਕੋਲੂਸ਼ਾ ਉਸ ਨੂੰ ਵੇਖ ਕੇ ਰੋਣ ਲੱਗਾ। ਉਸ ਦਾ ਚਿਹਰਾ ਚਿੱਟਾ ਫਟਕ ਹੋ ਗਿਆ ਤੇ ਉਸ ਦੀਆਂ ਅੱਖਾਂ ਵਿਚੋਂ ਮੋਟੇ-ਮੋਟੇ ਹੰਝੂ ਚੋਣ ਲੱਗੇ।
“ਇਨ੍ਹਾਂ ਨੂੰ ਕੀ ਹੋ ਗਿਆ ਏ ਮਾਂ?” ਉਸ ਨੇ ਪੁੱਛਿਆ।
“ਇਨ੍ਹਾਂ ਦੇ ਦਿਨ ਪੂਰੇ ਹੋ ਗਏ ਨੇ”, ਮੈਂ ਕਿਹਾ; ਤੇ ਉਸ ਪਿਛੋਂ ਹਾਲਤ ਦਿਨੋ-ਦਿਨ ਭੈੜੀ ਬਣਦੀ ਗਈ। ਮੈਂ ਬਥੇਰੀ ਜਾਨ ਲੜਾਈ, ਪਰ ਵਿੱਤੋਂ ਬਾਹਰਾ ਕੰਮ ਕਰ ਕੇ ਵੀ ਮੈਂ ਵੀਹ ਕੋਪੀਕ ਤੋਂ ਵੱਧ ਨਾ ਕਮਾ ਸਕਦੀ। ਉਹ ਵੀ ਕਿਸੇ ਚੰਗੇ ਭਾਗਾਂ ਵਾਲ਼ੇ ਦਿਨ, ਰੋਜ਼ ਨਹੀਂ। ਉਸ ਜ਼ਿੰਦਗੀ ਨਾਲ਼ੋਂ ਤਾਂ ਮੌਤ ਚੰਗੀ ਸੀ! ਮੈਂ ਕਈ ਵਾਰ ਆਤਮਘਾਤ ਕਰਨ ਬਾਰੇ ਸੋਚਿਆ। ਕੋਲੂਸ਼ਾ ਨੇ ਮੇਰੀ ਉਹ ਹਾਲਤ ਦੇਖੀ ਤਾਂ ਬੜਾ ਉਦਾਸ ਰਹਿਣ ਲੱਗਾ। ਇਕ ਵਾਰ ਜਦ ਮੈਂ ਸੋਚਿਆ ਕਿ ਇਸ ਜ਼ਿੰਦਗੀ ਦਾ ਭਾਰ ਹੁਣ ਹੋਰ ਨਹੀਂ ਚੁੱਕਿਆ ਜਾਣਾ, ਤਾਂ ਮੈਂ ਕਿਹਾ, ‘ਹੇ ਮੇਰੀ ਨਾਮੁਰਾਦ ਜ਼ਿੰਦਗੀ! ਕਿਤੇ ਮੈਨੂੰ ਮੌਤ ਆ ਜਾਵੇ, ਜਾਂ ਤੁਹਾਡੇ ਵਿਚੋਂ ਹੀ ਕਿਸੇ ਨੂੰ ਮੌਤ ਆ ਜਾਵੇ!’ ਮਤਲਬ, ਕੋਲੂਸ਼ਾ ਤੇ ਉਸ ਦੇ ਪਿਉ ਨੂੰ। ਉਸ ਦੇ ਪਿਉ ਨੇ ਸਿਰ ਹਿਲਾਇਆ ਜਿਵੇ ਕਿਹਾ ਹੋਵੇ, ‘ਮੈਂ ਤਾਂ ਹੁਣ ਥੋੜ੍ਹੇ ਦਿਨਾਂ ਦਾ ਪ੍ਰਾਹੁਣਾ ਹਾਂ। ਐਵੇਂ ਨਾਰਾਜ਼ ਨਾ ਹੋ। ਰਤਾ ਧੀਰਜ ਨਾਲ ਕੰਮ ਲੈ।’ ਪਰ ਕੋਲੂਸ਼ਾ ਮੈਨੂੰ ਕਿੰਨਾ ਚਿਰ ਇੱਕ ਟੱਕ ਦੇਖਦਾ ਰਿਹਾ। ਫਿਰ ਘਰੋਂ ਬਾਹਰ ਚਲਾ ਗਿਆ। ਉਸ ਦੇ ਜਾਂਦਿਆਂ ਹੀ ਮੈਨੂੰ ਆਪਣੇ ਲਫਜ਼ਾਂ ‘ਤੇ ਅਫਸੋਸ ਹੋਇਆ, ਪਰ ਹੁਣ ਬੀਤਿਆ ਸਮਾਂ ਹੱਥ ਨਹੀਂ ਸੀ ਆ ਸਕਦਾ। ਸਮਾਂ ਹੱਥੋਂ ਨਿਕਲ਼ ਚੁੱਕਾ ਸੀ। ਹਾਲੀ ਕੋਲੂਸ਼ਾ ਨੂੰ ਗਿਆਂ ਅੱਧਾ ਘੰਟਾ ਹੀ ਹੋਇਆ ਸੀ ਕਿ ਇੱਕ ਸਿਪਾਹੀ ਘੋੜੇ ‘ਤੇ ਸਵਾਰ ਹੋਇਆ ਸਾਡੇ ਘਰ ਆਇਆ।
“ਤੁਸੀਂ ਗੋਸਪੋਜਾ ਸ਼ਿਸ਼ਨੀਨਾ ਹੋ?” ਉਸ ਨੇ ਪੁੱਛਿਆ।
ਸੁਣ ਕੇ ਮੇਰਾ ਦਿਲ ਬੈਠ ਗਿਆ।
“ਤੁਹਾਨੂੰ ਹਸਪਤਾਲ ਬੁਲਾਇਆ ਏ।”
ਮੈਂ ਉਸੇ ਵੇਲ਼ੇ ਗੱਡੀ ਵਿਚ ਬੈਠ ਕੇ ਹਸਪਤਾਲ ਗਈ। ਗੱਡੀ ਵਿਚ ਬੈਠਿਆਂ ਮੈਨੂੰ ਲੱਗ ਰਿਹਾ ਸੀ, ਜਿਵੇਂ ਮੈਂ ਭਖਦੇ ਹੋਏ ਕੋਲਿਆਂ ‘ਤੇ ਬੈਠੀ ਹੋਵਾਂ। ਮੈਂ ਮੁੜ-ਮੁੜ ਆਪਣੇ ਦਿਲ ‘ਚ ਕਹਿੰਦੀ, ‘ਲਾਹਣਤ ਏ ਤੇਰੇ ਤੇ! ਮੂਰਖੇ ! ਇਹ ਤੂੰ ਕੀ ਕੀਤਾ?’
“ਅਖੀਰ ਮੈਂ ਹਸਪਤਾਲ ਪੁੱਜੀ। ਕੋਲੂਸ਼ਾ ਬਿਸਤਰੇ ‘ਤੇ ਪਿਆ ਸੀ। ਉਸ ਦੇ ਹਰ ਅੰਗ ਉਤੇ ਪੱਟੀਆਂ ਬੱਝੀਆਂ ਹੋਈਆਂ ਸਨ। ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ, ਫਿਰ ਉਸ ਦੀਆਂ ਗੱਲ੍ਹਾਂ ‘ਤੇ ਹੰਝੂ ਵਗਣ ਲੱਗੇ । ਉਸ ਨੇ ਬੁੱਲ੍ਹਾਂ ‘ਚ ਹੌਲ਼ੀ ਜਿਹੀ ਕਿਹਾ, “ਮੈਨੂੰ ਮਾਫ ਕਰ ਦੇਈਂ ਮਾਂ, ਸਿਪਾਹੀ ਕੋਲ਼ ਸਾਡੇ ਪੈਸੇ ਨੇ।”
“ਕਿਹੜੇ ਪੈਸੇ ਕੋਲੂਸ਼ਾ?” ਮੈਂ ਪੁੱਛਿਆ।
“ਇਹ ਪੈਸੇ ਮੈਨੂੰ ਸੜਕ ‘ਤੇ ਲੋਕਾਂ ਨੇ ਦਿੱਤੇ ਸਨ, ਤੇ ਨਾਲ਼ੇ ਅਨੋਖਿਨ ਨੇ।” ਉਸ ਨੇ ਕਿਹਾ।
“ਕਾਹਦੇ ਲਈ ਪੈਸੇ ਦਿੱਤੇ ਉਨ੍ਹਾਂ?” ਮੈਂ ਪੁੱਛਿਆ।
“ਇਸ ਲਈ ।” ਉਸ ਨੇ ਕਿਹਾ ਤੇ ਨਿੰਮੀ ਚੀਸ ਉਸ ਦੇ ਮੂੰਹੋਂ ਨਿਕਲ਼ੀ। ਉਸ ਦੀਆਂ ਅੱਖਾਂ ਕੌਲ ਫੁੱਲਾਂ ਵਰਗੀਆਂ ਵੱਡੀਆਂ-ਵੱਡੀਆਂ ਸਨ।
ਮੈਂ ਕਿਹਾ, “ਕੋਲੂਸ਼ਾ! ਭਲਾ ਘੋੜਿਆਂ ਦਾ ਤੈਨੂੰ ਪਤਾ ਨਾ ਲੱਗਾ?”
ਉਸ ਨੇ ਮੈਨੂੰ ਬੜੇ ਸਾਫ ਲਫਜ਼ਾਂ ਵਿਚ ਕਿਹਾ, “ਮੈਂ ਵੇਖਿਆ ਸੀ ਉਨ੍ਹਾਂ ਨੂੰ, ਪਰ ਮੈਂ ਉਨ੍ਹਾਂ ਦੇ ਰਾਹ ਵਿਚੋਂ ਹਟਣਾ ਨਹੀਂ ਸਾਂ ਚਾਹੁੰਦਾ; ਮੈਂ ਸੋਚਿਆ, ਜੇ ਉਨ੍ਹਾਂ ਮੈਨੂੰ ਮਿੱਧ ਸੁੱਟਿਆ ਤਾਂ ਲੋਕ ਮੈਨੂੰ ਪੈਸੇ ਦੇਣਗੇ, ਤੇ ਉਨ੍ਹਾਂ ਪੈਸੇ ਦਿੱਤੇ ਵੀ।” ਇਹ ਸਨ ਉਸ ਦੇ ਲਫਜ਼। ਤਦ ਮੈਨੂੰ ਸਾਰੀ ਗੱਲ ਦੀ ਸਮਝ ਆਈ ਕਿ ਉਸ ਨੇ ਇੱਦਾਂ ਕਿਉਂ ਕੀਤਾ ਸੀ; ਪਰ ਸਮਾਂ ਹੱਥੋਂ ਨਿਕਲ਼ ਚੁੱਕਾ ਸੀ। ਅਗਲੇ ਦਿਨ ਸਵੇਰੇ ਉਹ ਚਲਾਣਾ ਕਰ ਗਿਆ। ਉਸ ਦਾ ਦਿਮਾਗ ਅੰਤਲੀ ਘੜੀ ਤੱਕ ਸਾਫ ਸੀ, ਤੇ ਉਹ ਕਹਿੰਦਾ ਰਿਹਾ, “ਪਿਤਾ ਜੀ ਲਈ ਇਹ ਖਰੀਦੀਂ, ਉਹ ਖਰੀਦੀਂ, ਆਪਣੇ ਲਈ ਵੀ ਕੋਈ ਚੀਜ਼ ਖਰੀਦੀਂ। ਜਿੱਦਾਂ ਇਹ ਕਿਤੇ ਬਹੁਤ ਵੱਡੀ ਰਕਮ ਹੋਵੇ! ਕੁੱਲ ਮਿਲ਼ਾ ਕੇ ਸੰਤਾਲ਼ੀ ਰੂਬਲ ਸਨ। ਮੈਂ ਅਨੋਖਿਨ ਕੋਲ਼ ਗਈ, ਪਰ ਉਸ ਨੇ ਮੈਨੂੰ ਸਿਰਫ ਪੰਜ ਰੂਬਲ ਦਿੱਤੇ, ਤੇ ਉਹ ਵੀ ਬੜੇ ਔਖਿਆਂ ਹੋ ਕੇ।
ਜਾਂਦਿਆਂ ਹੀ ਉਸ ਨੇ ਕਿਹਾ, “ਮੁੰਡਾ ਜਾਣ-ਬੁੱਝ ਕੇ ਘੋੜਿਆਂ ਥੱਲੇ ਆਇਆ ਹੈ। ਬਥੇਰੇ ਲੋਕਾਂ ਨੇ ਇਹ ਅੱਖੀਂ ਵੇਖਿਆ ਹੈ। ਫਿਰ ਪੈਸੇ ਕਾਹਦੇ?” ਮੈਂ ਮੁੜ ਉਸ ਕੋਲ਼ ਨਹੀਂ ਗਈ। ਸਾਡੇ ਨਾਲ ਤਾਂ ਇੰਜ ਹੋਇਆ ਜੁਆਨਾ।
ਉਹ ਚੁੱਪ ਹੋ ਗਈ, ਤੇ ਫਿਰ ਪਹਿਲਾਂ ਵਰਗਾ ਲਾਪ੍ਰਵਾਹੀ ਭਰਿਆ ਭਾਵਹੀਣ ਚਿਹਰਾ ਦਿਸਣ ਲੱਗਾ।
ਕਬਰਸਤਾਨ ਵਿਚ ਸੁੰਨ ਸੀ, ਚੁੱਪ-ਚਾਂ। ਸਲੀਬਾਂ, ਬਿਮਾਰ ਜਾਪ ਰਹੇ ਰੁੱਖ, ਥੇਹ ਬਣੀਆਂ ਕਬਰਾਂ, ਤੇ ਕਬਰਾਂ ‘ਤੇ ਬੈਠੀ ਸੋਗ ਮਨਾ ਰਹੀ ਔਰਤ । ਇਨ੍ਹਾਂ ਸਾਰੀਆਂ ਗੱਲਾਂ ਨੇ ਮੌਤ ਅਤੇ ਮਨੁੱਖੀ ਦੁੱਖਾਂ ਬਾਰੇ ਸੋਚਣ ‘ਤੇ ਮਜਬੂਰ ਕੀਤਾ, ਪਰ ਆਸਮਾਨ ਵਿਚ ਕੋਈ ਬੱਦਲ ਨਹੀਂ ਸੀ, ਤੇ ਧਰਤੀ ਉਤੇ ਅੱਗ ਵਰ੍ਹ ਰਹੀ ਸੀ।
ਮੈਂ ਆਪਣੀ ਜੇਬ ਵਿਚੋਂ ਕੁਝ ਪੈਸੇ ਕੱਢੇ ਤੇ ਉਸ ਔਰਤ ਵੱਲ ਵਧਾਏ। ਉਸ ਨੇ ਸਿਰ ਹਿਲਾਇਆ ਤੇ ਅਜੀਬ ਜਿਹੇ ਅੰਦਾਜ਼ ਵਿਚ ਹੌਲ਼ੀ-ਹੌਲ਼ੀ ਕਿਹਾ, “ਇਸ ਦੀ ਖੇਚਲ ਨਾ ਕਰ, ਅੱਜ ਦੇ ਗੁਜ਼ਾਰੇ ਲਈ ਪੈਸੇ ਹਨ ਮੇਰੇ ਕੋਲ਼। ਮੈਨੂੰ ਬਹੁਤਿਆਂ ਦੀ ਲੋੜ ਨਹੀਂ ਹੈ। ਮੈਂ ਹੁਣ ‘ਕੱਲੀ ਹੀ ਹਾਂ। ਇਸ ਦੁਨੀਆਂ ਵਿਚ ‘ਕੱਲੀ-ਕਾਰੀ।”
ਉਸ ਨੇ ਡੂੰਘਾ ਹਉਕਾ ਭਰਿਆ, ਮੁੜ ਆਪਣੇ ਬੁੱਲ੍ਹ ਭੀਚ ਲਏ। ਉਸ ਦੇ ਚਿਹਰੇ ‘ਤੇ ਪੀੜਾਂ ਲੱਦੀ ਰੇਖਾ ਉਭਰ ਆਈ ਸੀ।
(ਅਨੁਵਾਦ : ਸੁਖਬੀਰ)

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ