Kavita Te Vigian : Dr. Jaswant Singh Neki
ਕਵਿਤਾ ਤੇ ਵਿਗਿਆਨ : ਡਾ: ਜਸਵੰਤ ਸਿੰਘ ਨੇਕੀ
੧.
ਵਿਗਿਆਨ, ਧਰਮ, ਅਤੇ ਕਵਿਤਾ-ਇਹ ..ਤਿੰਨੇ ਉਹਨਾਂ ਮਹਾਨ ਕੀਮਤਾਂ ਦੇ ਸਾਂਝੀਵਾਲ ਹਨ ਜੋ ਮਨੁਖ ਨੂੰ ਪਸ਼ੂਆਂ ਤੋਂ ਨਖੇੜਦੀਆਂ ਹਨ । ਸੱਤ', 'ਸ਼ਿਵ' ਅਤੇ ਸੁੰਦਰ" ਇਹਨਾਂ ਹੀ ਤਿੰਨਾਂ ਦੇ ਮੁਹਾਂਦਰੇ ਹਨ । ਪਰ, ਅੱਜ ਦੇ ਜੁਗ ਵਿਚ ਇਉਂ ਜਾਪਦਾ ਹੈ ਜਿਵੇਂ ਇਹਨਾਂ ਦਾ ਆਪਸ ਵਿਚ ਸੁਮੇਲ ਫਿੱਕਾ ਪੈ ਗਇਆ ਹੈ । ਜੁਗਾਂ ਜੁਗਾਂਤਰਾਂ ਦੇ ਸਾਥੀ ਅੱਜ ਅਨਜੋੜਾਂ ਵਾਂਗ ਆਪਸ ਵਿਚ ਨਰੜੇ ਹੋਏ ਜਾਪਦੇ ਹਨ ।
ਅਜ ਦਾ ਜੁਗ ਸਾਇੰਸ ਦੀ ਪ੍ਰਤਿਭਾ ਦਾ ਜੁਗ ਹੈ । ਅਜੋਕੇ ਮਨੁਖ ਦੀ ਨਜ਼ਰ ਵਿਚ ਸਾਇੰਸ ਕੇਵਲ ਉਸ ਦੇ ਉਚੇਚੇ ਅਧਿਅਨ ਦੀ ਹੱਕਦਾਰ ਹੀ ਨਹੀਂ, ਸਗੋਂ ਉਸ ਨੂੰ ਆਪਣੀ ਮੁਕਤੀ ਦਾ ਸਾਧਨ ਭੀ ਜਾਪਦੀ ਹੈ । ਇਸ ਵਿਗਿਆਨਕ ਯੁਗ ਵਿਚ ਕਵਿਤਾ ਮਨੁਖ ਨੂੰ ਵਿਗਿਆਨਕ ਜੁਗਾਂ ਦੀ ਪਿੱਛੇ ਰਹ ਗਈ ਇਕ ਇਤਿਹਾਸਕ ਯਾਦਗਾਰ ਜਾਪਦੀ ਹੈ । ਧਰਮ ਵੀ ਉਸ ਦੀਆਂ ਸੁਘੜ ਨਜ਼ਰਾਂ ਵਿਚ ਨਿਰਸੰਦੇਹ ਮਰ ਚੁਕਾ ਤੇ ਚਰੋਕਾ ਦਫ਼ਨ ਹੋ ਚੁਕਾ ਹੈ । ਅਜੇਹੀ ਹਾਲਤ ਵਿਚ ਕਵਿਤਾ ਦੇ ਭਵਿੱਖ ਭਾਰੇ ਸੰਕਾ ਪੈਦਾ ਹੋਣਾ, ਕੋਈ ਗੈਰ-ਕੁਦਰਤੀ ਗੱਲ ਨਹੀਂ । ਸਗੋਂ ਇਹ ਪ੍ਰਸ਼ਨ ਕਿ “ਕੀ ਕਵਿਤਾ ਸਾਇੰਸ ਦੇ ਜੁਗ ਵਿਚ ਜੀਉਂਦੀ ਰਹ ਸਕੇਗੀ ?" ਇਕ ਸੁਭਾਵਕ ਪ੍ਰਸ਼ਨ ਜਾਪਦਾ ਹੈ ।
ਅਜ ਸ਼ਾਇਦ ਕੋਈ ਹੀ ਵਿਗਿਆਨੀ ਅਜੇਹਾ ਲਭ ਸਕੇ ਜੋ ਆਪਣੀ ਖੋਜ ਦੇ ਸਿਟਿਆਂ ਦੀ ਪੇਸ਼ਦਾਰੀ ਕਵਿਤਾ ਰਾਹੀਂ ਕਰਨ ਦਾ ਹੀਆ ਕਰ ਸਕੇ । ਤੇ ਸ਼ਾਇਦ ਹੀ ਕੋਈ ਕਵੀ ਅਜੇਹਾ ਹੋਵੇ ਜੋ ਸਾਇੰਸ ਨੂੰ ਕਵਿਤਾ ਦਾ ਵਿਸ਼ਾ ਪਰਵਾਨ ਕਰਦਾ ਹੋਵੇ । ਇਉਂ ਜਾਪਦਾ ਹੈ ਜਿਵੇਂ ਵਿਗਿਆਨ ਦੇ ਵਾਸਤਵਿਕ ਸੰਸਾਰ ਤੇ ਕਵਿਤਾ ਦੇ ਕਾਲਪਨਿਕ-ਸੰਸਾਰ ਵਿਚਾਲੇ ਇਕ ਅਤਿ ਸੰਘਣੀ ਕੰਧ ਖੜੀ ਹੋ ਗਈ ਹੈ । ਜਾਂ ਇਉਂ ਸਮਝੋ ਕਿ ਅਜੋਕੇ ਬੌਧਿਕ ਜੁਗ ਵਿਚ ਕੁਦਰਤ ਨੂੰ ਸਮਝਣ ਦੇ ਇਹਨਾਂ ਦੋ ਜੁਗਾਦੀ ਸਾਧਨਾਂ ਵਿਚਾਲੇ ਇਕ ਪਾੜ ਪੈ ਗਇਆ ਹੈ, ਜਿਸ ਦੀ ਪੂਰੀ ਤਰ੍ਹਾਂ ਕਿਸੇ ਨੂੰ ਭੀ ਸਮਝ ਨਹੀਂ ਆਈ :
ਇਕ ਪਾਸੇ ਚਿੰਤਕ ਵਿਗਿਆਨੀ ਇਸ ਪਾੜ ਤੋਂ ਅਸੰਤੁਸ਼ਟ ਹਨ, ਦੂਜੇ ਪਾਸੇ ਵਿਚਾਰਵਾਨ ਕਵੀ ਇਸ ਅੰਤਰ ਕਰਕੇ ਫ਼ਿਕਰਮੰਦ ਹਨ । ਪਰ ਦੋਹਾਂ ਧਿਰਾਂ ਵਿਚੋਂ ਕੋਈ ਭੀ ਨਾ ਤਾਂ ਇਸ ਪਰਸਪਰ ਬੇਰੁਖੀ ਦਾ ਕੋਈ ਤਸੱਲੀ ਬਖਸ਼ ਕਾਰਨ ਲਭ ਸਕਿਆ ਹੈ, ਤੇ ਨਾ ਹੀ ਕਿਸੇ ਹੋਰ ਨੂੰ ਬੌਧਿਕ ਸੁਭਾਵਾਂ ਦੇ ਇਸ ਵਿਰੋਧ ਦੀ ਸਮਝ ਪਈ ਹੈ ।
ਬਦੇਸ਼ੀ ਸਾਹਿੱਤ ਵਿਚ ਇਸ ਵਿਸ਼ੇ ਤੇ ਕਿੰਨਾ ਕੁਝ ਲਿਖਿਆ ਗਇਆ ਹੈ । ਪਰ ਉਥੇ ਭੀ ਇਸ ਬਾਰੇ ਹੋਰ ਡੂੰਘੇਰੀ ਵਿਚਾਰ ਦੀ ਲੋੜ ਪ੍ਰਤੀਤ ਕੀਤੀ ਜਾਂਦੀ ਹੈ । ਪੰਜਾਬੀ ਸਾਹਿੱਤ ਵਿਚ ਇਸ ਵਿਸ਼ੇ ਤੇ ਕੋਈ ਮੌਲਿਕ ਵਿਚਾਰ ਮੇਰੀ ਨਜ਼ਰੋਂ ਨਹੀਂ ਲੰਘੇ । ਇਸ ਲਈ ਇਹ ਜਤਨ ਮੈਨੂੰ ਬੇਲੋੜਾ ਨਹੀਂ ਜਾਪਦਾ।
ਅਸਲ ਵਿਚ ਸਾਇੰਸ ਅਤੇ ਕਵਿਤਾ ਦੇ ਪਰਸਪਰ ਸੰਬੰਧਾਂ ਨੂੰ ਵਿਚਾਰਨ ਦਾ ਹੱਕ ਤਾਂ ਕੇਵਲ ਉਸੇ ਨੂੰ ਹੋ ਸਕਦਾ ਹੈ ਜੋ ਆਪ ਇਹਨਾਂ ਦੋਹਾਂ ਸਾਧਨਾਂ ਦੀ ਬਾਕਾਇਦਾ ਵਰਤੋਂ ਕਰਦਾ ਹੋਵੇ । ਸ਼ਾਇਦ ਗੋਇਟੇ ਇਕ ਅਜੇਹਾ ਪ੍ਰਤਿਭਾਸ਼ਾਲੀ ਪੁਰਖ ਸੀ ਜੋ ਸਾਹਿਤ ਤੇ ਸਾਇੰਸ ਦੇ ਸਬੰਧਾਂ ਦੀ ਪਰਸਪਰ ਨਿਰਭਰਤਾ ਬਾਰੇ ਰਾਏ ਦੇ ਸਕਣ ਦੇ ਸਮਰਥ ਸੀ । ਨਿਕੇ ਮੋਟੇ ਕਵੀ ਤਾਂ ਹੋਰ ਭੀ ਕਈ ਅਜੇਹੇ ਹੋਏ ਹਨ ਜੋ ਵਿਗਿਆਨ ਦੇ ਖੇਤਰ ਵਿਚ ਭੀ ਪ੍ਰਸਿਧ ਸਨ ਪਰ ਉਹਨਾਂ ਨੇ ਭੀ ਆਪਣੀਆਂ ਬੌਧਿਕ ਘਾਲਣਾ ਦੇ ਇਹਨਾਂ ਦੋ ਮਹਤਵਪੂਰਣ ਖੇਤਰਾਂ ਦੇ ਪਰਸਪਰ ਸੰਬੰਧਾਂ ਬਾਰੇ ਕੋਈ ਉਚੇਚੀ ਲਿਖਤ ਨਹੀਂ ਛੱਡੀ । ਪੰਜਾਬੀ ਸਾਹਿਤ ਵਿਚ ਦੋ ਪ੍ਰਸਿੱਧ ਕਵੀ ਵਿਗਿਆਨਕ ਖੇਤਰ ਦੇ ਭੀ ਅਭਿਆਸੀ ਹੋਏ ਹਨ : ਇਕ ਪ੍ਰੋਫੈਸਰ ਪੂਰਨ ਸਿੰਘ ਤੇ ਦੂਜੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ । ਪਰ ਉਹਨਾਂ ਬਾਰੇ ਭੀ ਇਹੋ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਕਵਿਤਾ ਅਤੇ ਉਹਨਾਂ ਦਾ ਵਿਗਿਆਨਕ ਅਭਿਆਸ ਦੋ ਵਖੋ ਵਖ ਘਰਾਂ ਵਿਚ ਪ੍ਰਵੇਸ਼ ਕਰਦੇ ਰਹੇ ਹਨ, ਜੋ ਸ਼ਹਰੀ ਗੁਆਂਢੀਆਂ ਵਾਂਗ ਇਕ ਦੂਜੇ ਤੋਂ ਅਨਜਾਣ ਹੀ ਰਹੇ ਹਨ । ਉਹਨਾਂ ਦੇ ਵਿਗਿਆਨਕ ਅਭਿਆਸ ਉਪਰ ਉਹਨਾਂ ਦੀ ਕਵਿਤਾ ਦਾ ਕੋਈ ਅਸਰ ਪਇਆ ਹੈ ਜਾਂ ਨਹੀਂ, ਇਸ ਦੀ ਸਾਡੇ ਪਾਸ ਕੋਈ ਪੱਕੀ ਸ਼ਾਹਦੀ ਨਹੀਂ, ਪਰ ਇਸ ਗਲ ਦੀ ਗਵਾਹ ਉਹਨਾਂ ਦੀ ਆਪਣੀ ਰਚਨਾ ਮੌਜੂਦ ਹੈ ਕਿ ਉਹਨਾਂ ਨੇ ਆਪਣੀ ਕਵਿਤਾ ਨੂੰ ਵਿਗਿਆਨ ਦੇ ਅਸਰ ਤੋਂ ਯਥਾਸ਼ਕਤ ਮੁਕਤ ਰਖਣ ਦਾ ਜਤਨ ਕੀਤਾ ਹੈ । ਇਸ ਤੋਂ ਛੁਟ ਇਹ ਦੋਵਾਂ ਵਿਚਾਰਵਾਨ ਕਵੀ ਭੀ ਕੁਦਰਤ ਨੂੰ ਵੇਖਣ-ਮਾਣਨ ਦੇ ਇਹਨਾਂ ਦੇ ਸਾਧਨਾਂ, ਕਵਿਤਾ ਤੇ ਵਿਗਿਆਨ, ਬਾਰੇ ਆਪਣੇ ਕੋਈ ਵਿਚਾਰ ਸਾਡੇ ਲਈ ਪਿਛੇ ਨਹੀਂ ਛੱਡ ਗਏ । ਇਸ ਵਿਸ਼ੇ ਤੇ ਅਜੇਹੇ ਨਿਪੁੰਨ ਲੇਖਕਾਂ ਦੇ ਵਿਚਾਰਾਂ ਦੀ ਅਣਹੋਂਦ ਵਿਚ ਮੈਂ ਇਸ ਲੇਖ ਰਾਹੀਂ ਆਪਣੇ ਵਿਚਾਰ ਪੇਸ਼ ਕਰਨ ਦਾ ਜਤਨ ਕੀਤਾ ਹੈ ।
ਮੈਂ ਆਪਣੇ ਵਿਗਿਆਨਕ ਅਭਿਆਸ ਦੇ ਅਸਰਾਂ ਤੋਂ ਆਪਣੀ ਕਵਿਤਾ ਨੂੰ ਮੁਕਤ ਨਹੀਂ ਰਖ ਸਕਿਆ, ਕਿਉਂਕਿ ਅਜੇਹਾ ਕਰਨਾ ਮੈਂ ਠੀਕ ਹੀ ਨਹੀਂ ਸਮਝਿਆ। ਮੈਨੂੰ ਤਾਂ ਸਾਇੰਸ ਦਾ ਖੇਤਰ ਕਵੀ ਦੀ ਅੱਖ ਲਈ ਨਵੇਂ ਅਨੁਭਵਾਂ ਦੀ ਭੂਮੀ ਜਾਪਿਆ ਹੈ । ਅਜੇਹੇ ਨਵੇਂ ਅਨੁਭਵਾਂ ਤੋਂ ਮੂੰਹ ਮੋੜ ਸਕਣਾ ਜੋ ਮਨੁਖੀ ਤਜਰਬੇ ਦਾ ਸਜਰਾ ਵਿਗਾਸ ਹੋਣ ਤੇ ਕਾਵਿ-ਕਲਪਨਾ ਨੂੰ ਨਿਤ ਵੰਗਾਰ ਪਾਉਂਦੇ ਹੋਣ, ਮੇਰੇ ਲਈ ਤਾਂ ਅਸੰਭਵ ਗਲ ਹੈ । ਜੇ ਸਾਹਿਤ ਦਾ ਸਮੇਂ ਦੇ ਸਮਾਜਿਕ ਦ੍ਰਿਸ਼ ਨਾਲ ਕੋਈ ਨਾਤਾ ਹੈ, ਅਤੇ ਜੇ ਅਜ ਦੇ ਸਮਾਜਿਕ ਦਿਸ਼ ਵਿਚ ਵਿਗਿਆਨ ਤਾਣੇ ਪੇਟੇ ਵਾਂਗ ਉਣਿਆ ਪਇਆ ਹੈ ਤਾਂ ਅਜ ਦੀ ਕਵਿਤਾ ਸਾਇੰਸ ਦੇ ਪ੍ਰਭਾਵਾਂ ਤੋਂ ਮੁਕਤ ਹੋਨ ਦਾ ਹੀਆ ਹੀ ਕਿਵੇਂ ਕਰ ਸਕਦੀ ਹੈ ? ਮੈਂ ਸਾਇੰਸ ਤੇ ਕਵਿਤਾ ਵਿਚਾਲੇ ਵਿਰੋਧ ਨਹੀਂ, ਇਕ ਨਾਤਾ ਮਹਸੂਸ ਕੀਤਾ ਹੈ, ਤੇ ਇਸ ਨਾਤੇ ਦੀ ਗਲ ਹੋਰ ਵਿਚਾਰਵਾਨਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ । ਕਈ ਵਾਰੀ "ਆਪਣੇ" ਵਿਚਾਰਾਂ ਦੀ ਗੱਲ ਕਰਨੀ ਗੁਸਤਾਖ਼ੀ ਸਮਝਿਆ ਜਾਂਦਾ ਹੈ । ਪਰ ਨਿਪੁੰਨ ਲੇਖਕਾਂ ਦੇ ਵਿਚਾਰਾਂ ਦੀ ਅਨਹੋਂਦ ਵਿਚ, ਆਸ ਹੈ, ਇਹ ਜਤਨ ਗੁਸਤਾਖ਼ੀ ਨਹੀਂ ਸਮਝਿਆ ਜਾਵੇਗਾ !
੨.
ਕਵੀ ਅਤੇ ਵਿਗਿਆਨੀ ਦੋਵੇਂ ਹੀ ਕੁਦਰਤ ਨੂੰ ਸਮਝਣ ਅਤੇ ਆਪਣੀਆਂ ਪ੍ਰਾਪਤੀਆਂ ਨੂੰ ਹੋਰਨਾਂ ਤੀਕ ਪਹੁੰਚਾਉਣ ਦਾ ਜਤਨ ਕਰਦੇ ਹਨ । ਜੇਕਰ ਮੈਂ ਇਹ ਕਹਾਂ ਕਿ ਦੋਹਾਂ ਦੇ ਸੁਭਾ ਇਕੋ ਜੇਹੇ ਹਨ, ਤਾਂ ਸ਼ਾਇਦ ਮੇਰੀ ਇਹ ਗਲ ਹੈਰਾਨੀ ਦੇ ਭਾਵ ਪੈਦਾ ਕਰੇ-ਕਿਉਂਕਿ ਆਮ ਲੋਕ ਕਵੀ ਨੂੰ ਇਕ ਅਲਬੇਲਾ, ਵੇਗੀ, ਸੁਗਮ-ਸਭਾਵਾਂ ਤੇ ਹੁਸਨ-ਇਸ਼ਕ ਦੀਆਂ ਹਵਾਈ ਗੱਲਾਂ ਕਰਨ ਵਾਲਾ ਬੰਦਾ ਹੀ ਸਮਝਦੇ ਹਨ, ਤੇ ਵਿਗਿਆਨੀ ਨੂੰ ਇਕ ਅਰੌਚਿਕ. ਖੁਸ਼ਕ ਤੇ ਬੇਰੰਗ ਬੰਦਾ ਜੋ ਜਾਂ ਤਾਂ ਤੁੱਛ ਸਮਸਿਆਵਾਂ ਦੀ ਖੋਜ ਵਿਚ ਡੁਬਾ ਰਹਿੰਦਾ ਹੈ, ਜਾਂ ਹਾਨੀਕਾਰਕ ਮਾਰੂ ਹਥਿਆਰ ਸਾਜਣ ਦੇ ਸਾਧਨ ਢੂੰਡਦਾ ਰਹਿੰਦਾ ਹੈ । ਪਰ ਇਹਨਾਂ ਦੋਹਾਂ ਦੇ ਇਹ ਚਿਤਰ ਇਕੋ ਜੇਹੇ ਹਾਸੋਹੀਨੇ ਹਨ ਤੇ ਸ਼ਾਇਦ ਇਕੋ ਜੇਹੀ ਅਗਿਆਨਤਾ ਦੇ ਧਰਨੀ ਹਨ, ਕਿਉਂਕਿ ਨਾ ਪ੍ਰਯੋਗਸ਼ਾਲਾ ਵਿਚ ਅਭਿਆਸ ਕਰਨ ਵਾਲਾ ਹਰ ਕਾਮਾ ਵਿਗਿਆਨੀ ਹੁੰਦਾ ਹੈ ਅਤੇ ਨਾ ਹੀ ਤੁਕਬੰਦੀ ਦੇ ਤਜਰਬੇ ਕਰਦਾ ਹਰ ਆਦਮੀ ਕਵੀ । ਇਹਨਾਂ ਦੋਹਾਂ ਨੂੰ ਵਿਗਿਆਨੀਆਂ ਤੇ ਕਵੀਆਂ ਦੇ ਪ੍ਰਤੀਨਿਧ ਮਿਥਆਂ ਅਤੇ ਇਹਨਾਂ ਦੇ ਸੁਭਾਵਾਂ ਦਾ ਬੇਧਿਆਨਾ ਮੁਲਾਂਕਣ ਪਰਵਾਨ ਕੀਤਿਆਂ ਤਾਂ ਸਾਇਦ ਅਸੀਂ ਇਹਨਾਂ ਦੇ ਉਪਰੰਤ ਚਿਤਰ ਹੀ ਖਿੱਚ ਸਕੀਏ, ਪਰ ਜੇਕਰ ਕਵੀ ਤੋਂ ਭਾਵ ਕੋਈ ਕਾਲੀ ਦਾਸ, ਹੋਮਰ ਜਾਂ ਮਿਲਟਨ ਹੋਵੇ, ਤੇ ਵਿਗਿਆਨੀ ਤੋਂ ਮੁਰਾਦ ਕੋਈ ਨਿਉਟਨ, ਡਾਰਵਿਨ ਜਾਂ ਪਾਵਲੋਵ ਹੋਵੇ ਤਾਂ ਕਵੀਆਂ ਅਤੇ ਵਿਗਿਆਨੀਆਂ ਦਾ ਚਿਤਰ ਕੋਈ ਹੋਰ ਹੀ ਉਘੜੇਗਾ । ਪਰ ਜੇ ਅਸਾਂ ਕਵੀਆਂ ਤੇ ਵਿਗਿਆਨੀਆਂ ਦੇ ਬੌਧਿਕ ਸੁਭਾਵਾਂ ਬਾਰੇ ਕੋਈ ਸਿਧਾਂਤ ਕਾਇਮ ਕਰਨਾ ਹੈ ਤਾਂ ਸਾਨੂੰ ਸਿਖਾਂਦਰੂ ਤੁਕਬੰਦਾਂ ਤੇ ਪ੍ਰਯੋਗਸ਼ਾਲਾਵਾਂ ਦੇ ਕਾਮਿਆਂ ਦੇ ਸੁਭਾਵਾਂ ਦੀ ਨਹੀਂ ਸਗੋਂ ਪ੍ਰਤਿਭਾਸ਼ਾਲੀ ਕਵੀਆਂ ਤੇ ਨਿਪੁੰਨ ਵਿਗਿਆਨੀਆਂ ਦੇ ਸੁਭਾਵਾਂ ਦੀ ਤੁਲਨਾ ਕਰਨੀ ਚਾਹੀਦੀ ਹੈ । ਇਸ ਪੱਧਰ ਤੋਂ ਵੇਖੀਏ ਤਾਂ ਅਸੀਂ ਕਵੀਆਂ ਤੇ ਵਿਗਿਆਨੀਆਂ ਦੇ ਬੌਧਿਕ ਸੁਭਾਵਾਂ ਵਿਚ ਇਕ ਹੈਰਾਨ ਕਰਨ ਵਾਲੀ ਸਮਾਨਤਾ ਵੇਖਾਂਗੇ ।
ਕਵਿਤਾ ਅਤੇ ਵਿਗਿਆਨ ਦੋਵੇਂ ਹੀ ਰਚਨਾਤਮਕ ਕਿਰਿਆਵਾਂ ਹਨ, ਅਤੇ ਦੋਵੇਂ ਨਿਤ ਵਿਗਸਦੀ ਮਨੁਖੀ ਅੰਤਰ-ਦ੍ਰਿਸ਼ਟੀ ਦੀ ਮਹਾਨ ਵਿਥਿਆ ਹਨ । ਜਿਨ੍ਹਾਂ ਖੋਜੀਆਂ ਨੇ ਰਚਨਾਤਮਕ ਕਿਰਿਆ ਦੀ ਕਿਰਿਆ-ਸ਼ੀਲਤਾ ਨੂੰ ਵਾਚਿਆ ਹੈ, ਉਹ ਜਾਣਦੇ ਹਨ ਕਿ ਇਸ ਕਿਰਿਆ ਦਾ ਸਾਇੰਸ ਅਤੇ ਕਲਾ ਦੋਹਾਂ ਖੇਤਰਾਂ ਵਿਚ ਇਕੋ ਜੇਹਾ ਭਾਗ ਹੈ ।
ਕਵੀ ਤੇ ਵਿਗਿਆਨੀ ਦੋਹਾਂ ਦੀ ਰਚਨਾਤਮਕਤਾ ਦੀਆਂ ਇਕੋ ਜਹੀਆਂ ਮੰਜ਼ਲਾਂ ਹਨ ਪਹਲਾ ਅਭਿਆਸ ਤੇ ਤਿਆਰੀ, ਫਿਰ ਅੰਤਰ-ਵਿਕਾਸ ਦੀ ਖ਼ਾਮੋਸ਼ ਅਵਸਥਾ, ਫਿਰ ਇਕਾ-ਇਕੀ ਇਕ ਹਲੂਣੇ ਜਾਂ ਫੁਰਨੇ ਦੀ ਜਗਮਗ ਜੋ ਕਵੀ ਜਾਂ ਵਿਗਿਆਨੀ ਦੀ ਸਾਰੀ ਹੋਂਦ ਨੂੰ ਸਫੁਰਤ ਕਰ ਦਿੰਦੀ ਹੈ, ਤੇ ਅੰਤ ਵਿਚ ਪੜਤਾਲ ਜਾਂ ਦੁਹਰਾਈ ਜਿਸ ਵਿਚ ਵਿਗਿਆਨੀ ਆਪਣੇ ਫੁਰਨੇ ਲਈ ਪਰਮਾਣ ਭਾਲਦਾ ਤੇ ਕਵੀ ਆਪਣੀ ਰਚਨਾਂ ਦੀ ਸੁਧਾਈ ਜਾਂ ਦਰੁਸਤੀ ਕਰਦਾ ਹੈ । ਇਹਨਾਂ ਚੌਹਾਂ ਮੰਜ਼ਲਾਂ ਵਿਚੋਂ ਜੋ ਬਹੁਤੀਆਂ ਹਾਲਤਾਂ ਵਿਚ ਅੱਡੋ ਅੱਡ ਨਹੀਂ ਕੀਤੀਆਂ ਜਾ ਸਕਦੀਆਂ, ਵੱਡੀ ਮਹੱਤਾ ਤਾਂ ਫੁਰਨੇ ਜਾਂ ਹਲੂਣੇ ਦੀ ਹੀ ਹੈ । ਹਲੂਣਿਆ ਹੋਇਆ ਵਿਗਿਆਨੀ ਹਲੂਣੇ ਹੋਏ ਕਵੀ ਵਾਂਗ ਹੀ ਲਟਬਉਰਾ ਹੁੰਦਾ ਹੈ । ਹਮਾਮ ਵਿਚੋਂ ਲਭ ਲਿਆ, ਲਭ ਲਿਆ, ਕੂਕਦਾ ਅਰਸਮੇਦਸ ਨਿਸਚੇ ਹੀ ਉਸੇ ਆਵੇਸ਼ਕ ਅਵਸਥਾ ਦਾ ਧਾਰਨੀ ਹੋਣਾ ਹੈ ਜਿਸ ਅਵਸਥਾ ਦਾ ਧਾਰਨੀ "ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ" ਗਾਉਂਦਾ, ਬੁਲ੍ਹਾ ਸੀ ।
ਕਵੀ ਤੇ ਵਿਗਿਆਨੀ ਦੋਵੇਂ ਸਾਡੀ ਜਾਣੀ-ਪਛਾਣੀ ਦੁਨੀਆਂ ਨਾਲ ਵਾਸਤਾ ਰਖਦੇ ਹਨ । ਦੋਵੇਂ ਸਾਧਾਰਨ ਵਿਚੋਂ ਵਿਸ਼ੇਸ਼ ਨਖੇੜਨ ਦਾ ਜਤਨ ਕਰਦੇ ਹਨ, ਤੇ ਫਿਰ ਇਸ ਨਖੇੜੇ ਹੋਏ ਵਿਸ਼ੇਸ਼ ਨੂੰ ਮੁੜ ਜ਼ਿੰਦਗੀ ਦੀ ਤਾਣੀ ਵਿਚ ਉਣ ਦੇਂਦੇ ਹਨ । ਇਉਂ ਉਹ ਦੋਵੇਂ ਜ਼ਿੰਦਗੀ ਦੀ ਭਰਪੂਰਤਾ ਤੇ ਚੇਤਨਤਾ ਦੀ ਅਮੀਰੀ ਨੂੰ ਵਧਾਉਂਦੇ ਹਨ । ਉਹ ਦੋਵੇਂ 'ਵਿਸ਼ੇਸ਼' ਉੱਪਰ ਇਤਨੀ ਇਕਾਗਰਤਾ ਨਾਲ ਬਿਰਤੀ ਜੋੜਦੇ ਹਨ ਕਿ ਸਾਧਾਰਨਤਾ ਦੇ ਟਿਕਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ । ਆਪਣੀ ਇਸ ਇਕਾਗਰਤਾ ਰਾਹੀਂ ਉਹ ਇਹਨਾਂ 'ਵਿਸ਼ੇਸ਼' ਦੀ ਮਹੱਤਾ ਨੂੰ ਇਤਨਾ ਉਜਾਗਰ ਕਰਦੇ ਹਨ ਕਿ ਉਹ ਮਨੁਖੀ ਚੇਤਨਾ ਵਿਚ ਇਕ ਨਗ ਵਾਂਗੂੰ ਜੜੇ ਜਾਂਦੇ ਹਨ । ਇਸ ਨਾਤੇ ਕਵਿਤਾ ਤੇ ਵਿਗਿਆਨ ਦੋਵੇਂ ਤੀਬਰ ਇਕਾਗਰਤਾ ਦੀਆਂ ਕਿਰਿਆਵਾਂ ਹਨ । ਵਿਗਿਆਨ ਵਿਚ ਬੌਧਿਕ ਲਿਵ ਤੇ ਕਵਿਤਾ ਵਿਚ ਬਹੁਤ ਕਰਕੇ ਭਾਵਕ ਲਿਵ ਦੀ ਤਾੜੀ ਲਗਦੀ ਹੈ । ਜੇਕਰ ਕੋਈ ਕਵੀ ਜਾਂ ਵਿਗਿਆਨੀ ਆਪਣੀ ਸੁਰਤ ਨੂੰ ਉਸ ਉਚੇਰੀ ਇਕਾਗਰਤਾ ਵਿਚ ਲਿਵਲੀਨ ਨਹੀਂ ਕਰ ਸਕਦਾ ਜਿਸ ਦੀ ਮੰਗ ਉਸ ਦੀ ਕਿਰਿਆ ਕਰਦੀ ਹੈ ਤਾਂ ਉਹ ਆਪਣੀ ਕਿਰਿਆ ਜਾਂ ਕਲਾ ਵਿਚ ਅਸਫਲ ਰਹ ਜਾਂਦਾ ਹੈ ।
ਕਵੀ ਤੇ ਵਿਗਿਆਨੀ ਦੋਵੇਂ ਸੰਕੇਤਕ ਵਿਧੀਆਂ ਦੀ ਵਰਤੋਂ ਕਰਦੇ ਹਨ । ਹਬਰਟ ਰੀਡ ਅਨੁਸਾਰ ਵਿਗਿਆਨੀ ਚਿੰਨ੍ਹਾਂ (signs) ਦੀ ਵਰਤੋਂ ਕਰਦਾ ਹੈ ਤੇ ਕਵੀ ਪ੍ਰਤੀਕਾਂ (symbols) ਦੀ । ਚਿੰਨ੍ਹਾਂ ਤੇ ਪ੍ਰਤੀਕਾਂ ਵਿਚ ਰੀਡ ਓਹੋ ਅੰਤਰ ਮੰਨਦਾ ਹੈ ਜੋ ਸੂਜ਼ਨ ਲੈਂਗਰ ਨੇ ਮਿਥਿਆ ਹੈ । ਸ੍ਰੀਮਤੀ ਲੈਂਗਰ ਦੀ ਨਜ਼ਰ ਵਿਚ ਪ੍ਰਤੀਕ ਸਾਨੂੰ ਕਿਸੇ ਵਸਤੂ ਦਾ ਚਿੰਤਨ ਕਰਾਉਂਦਾ ਹੈ ਤੇ ਚਿੰਨ੍ਹ ਕਿਸੇ ਵਸਤੂ ਦੇ ਅਰਥਾਂ ਨੂੰ ਨਜਿੱਠਣ ਦਾ ਵਸੀਲਾ ਬਣਦਾ ਹੈ । ਪਰ ਚਾਰਲਜ ਮੌਰਿਸ ਚਿੰਨ੍ਹਾਂ ਤੇ ਪ੍ਰਤੀਕਾਂ ਵਿਚਲੇ ਇਸ ਅੰਤਰ ਨੂੰ ਅਸਪਸ਼ਟ ਤੇ ਆਵੱਸ਼ਕ ਸਮਝਦਾ ਹੈ ਤੇ ਇਹਨਾਂ ਨੂੰ "ਲਗ-ਭਗ ਸਮਾਨ-ਅਰਥੇ" ਮੰਨਦਾ ਹੈ । ਅਸਲ ਵਿਚ ਹਰ ਉਹ ਸੰਕੇਤਕ ਵਿਧੀ ਜੋ ਅਰਥਾਂ ਦਾ ਵਾਹਨ ਹੈ, ਚਿੰਨ੍ਹ ਹੈ । ਤੇ ਇਸ ਲੇਖੇ ਕਵੀ ਤੇ ਵਿਗਿਆਨੀ ਦੋਵੇਂ ਇਕੇ ਤਰ੍ਹਾਂ ਦੀਆਂ ਵਿਧੀਆਂ ਦੀ ਵਰਤੋਂ ਕਰਦੇ ਹਨ ।
ਕਵਿਤਾ ਤੇ ਵਿਗਿਆਨ ਦੀਆਂ ਸਮਾਨਤਾਵਾਂ ਦੀ ਇਸ ਲੰਮੀ ਸੂਚੀ ਵਿਚ ਇਕ ਹੋਰ ਸਮਾਨਤਾ ਉਚੇਚੇ ਜ਼ਿਕਰ ਦੀ ਹਕਦਾਰ ਜਾਪਦੀ ਹੈ : ਇਹ ਹੈ ਦੋਹਾਂ ਦੀ ਚਿਰਜੀਵਤਾ ਦਾ ਉਹਨਾ ਦੀ ਪਰਮਾਣਿਕਤਾ (validity) ਉਪਰ ਨਿਰਭਰ ! ਵਿਗਿਆਨ ਦੀ ਪਰਮਾਣਿਕਤਾ ਇਸ ਗਲ ਵਿਚ ਹੈ ਕਿ ਉਸ ਦੇ ਬ੍ਰਹਮੰਡ ਵਿਚ ਪ੍ਰਵਾਨੇ ਹਰ ਤੱਥ (fact) ਨੂੰ ਕੋਈ ਭੀ ਯੋਗ-ਅਭਿਆਸੀ ਪਰਤਿਆ ਕੇ ਵੇਖ ਸਕਦਾ ਹੈ । ਭਾਵੇਂ ਕੋਈ ਭੀ ਇਹਨਾਂ ਤੱਥਾਂ ਨੂੰ ਪਰਤਿਆਵੇ, ਸਦਾ ਇਕੋ ਹੀ ਸਿੱਟਾ ਨਿਕਲਣਾ ਚਾਹੀਦਾ ਹੈ । ਕਵਿਤਾ ਦੀ ਪਰਮਾਣਿਕਤਾ ਇਸ ਗਲ ਵਿਚ ਹੈ ਕਿ ਉਸ ਦੇ ਬ੍ਰਹਮੰਡ ਵਿਚ ਪ੍ਰਵਾਨੇ ਭਾਵਾਂ ਨੂੰ ਹਰ ਸੁਹਜ਼-ਅਭਿਆਸੀ ਰਸਿਕ-ਸੂਝਵਾਨ ਮਾਣਦਿਆਂ ਇਕੋ ਜਹੀ ਵਿਸਮਾਦੀ ਅਵਸਥਾ ਵਿਚ ਅੱਪੜ ਜਾਂਦਾ ਹੈ । ਹਰ ਕਵੀ ਤੇ ਹਰ ਵਿਗਿਆਨੀ ਇਸ ਪ੍ਰਮਾਣਿਕਤਾ ਦੀ ਕਦਰ ਕਰਦਾ ਹੈ, ਤੇ ਆਪਣੀ ਕਿਰਤ ਨੂੰ ਇਸ ਦੀ ਕਸਉਟੀ ਉਪਰ ਪੂਰਿਆਂ ਉਤਾਰਨ ਦਾ ਜਤਨ ਕਰਦਾ ਹੈ ।
ਉਪਰੋਕਤ ਵਿਚਾਰਾਂ ਤੋਂ ਇਸ ਗਲ ਵਿਚ ਕੋਈ ਸੰਦੇਹ ਨਹੀਂ ਰਹਿ ਜਾਣਾ ਚਾਹੀਦਾ ਕਿ ਉੱਚੀ ਕਵਿਤਾ ਤੇ ਅਸਲ ਵਿਗਿਆਨ ਦੋਵੇਂ ਇਕ ਮਾਨਸਿਕ-ਰੁਤ ਵਿਚ ਪੁੰਗਰਦੇ ਹਨ । ਬਾਰਫ਼ੀਲਡ ਦੇ ਸ਼ਬਦਾਂ ਵਿਚ "ਵਾਸਤਵ ਵਿਚ ਗਿਆਨ ਦੀਆਂ ਸ਼ਾਖਾਵਾਂ ਹੋਣ ਦੇ ਨਾਤੇ ਕਵਿਤਾ ਤੇ ਵਿਗਿਆਨ ਵਿਚ ਕੋਈ ਫ਼ਰਕ ਨਹੀਂ । ਫ਼ਰਕ ਸਿਰਫ਼ ਮਾੜੀ ਕਵਿਤਾ ਤੇ ਮਾੜੇ ਵਿਗਿਆਨ ਵਿਚ ਹੈ ।“
੩.
ਕਵੀ ਤੇ ਵਿਗਿਆਨੀ ਦੋਵੇਂ ਜਗਤ ਦੇ ਸੁਜਾਖੇ ਵੇਖ਼ਣਹਾਰੇ ਹਨ। ਇਹ ਦੋਵੇਂ ਦਿਸਦੇ ਵਿਚ ਕਿਸੇ ਮਰਯਾਦਾ ਦਾ ਵਰਤਾਵਾ ਪਛਾਣਦੇ, ਉਸ ਨੂੰ ਅੰਦਰ ਵਸਾਉਂਦੇ ਤੇ ਫਿਰ ਹੋਰਨਾਂ ਨਾਲ ਸਾਂਝਾ ਕਰਦੇ ਹਨ। ਪਰ ਕਵੀ ਦਾ ਖੇਤਰ ਨਿੱਜੀ ਅਨੁਭਵ ਹੈ ਤੇ ਵਿਗਿਆਨੀ ਦਾ ਅਨਿੱਜੀ। ਉਂਜ ਤਾਂ ਅਨੁਭਵ ਸਾਰਾ ਹੀ ਨਿੱਜੀ ਹੁੰਦਾ ਹੈ, ਪਰ ਅਨੁਭਵ ਘਟ ਨਿੱਜੀ ਹੁੰਦੇ ਹਨ, ਤੇ ਕੁਝ ਵਧ। ਸਾਡੇ ਗਿਆਨ ਇੰਦਰੀਆਂ ਦੇ ਬਿੰਬ ਭੀ ਨਿੱਜੀ ਹਨ ਤੇ ਸਾਡੇ ਇਕੋ ਜਹੇ ਹਾਲਾਤ ਵਿਚ ਸਭ ਲੋਕਾਂ ਦੇ ਬਿੰਬ ਲਗਪਗ ਇਕੋ ਜਹੇ ਹੋਣਗੇ। ਸੜਕ ਦੇ ਕੰਢੇ ਸੁੱਕੇ ਪਤਿਆਂ ਦੇ ਇਕ ਸੜਦੇ ਢੇਰ ਵਿਚੋਂ ਨਿਕਲਦਾ ਅੱਖਾਂ ਨੂੰ ਚੁਭਦਾ ਧੂੰਆਂ, ਉਸ ਦੀ ਗਲ੍ਹਾਂ ਧੁਆਂਖਦੀ ਬਾਸ, ਤੇ ਸੁਲਗਦੀਆਂ ਤਿੜਾਂ ਦੇ ਤਿੜਕਣ ਦੀ ਤਿੜ ਤਿੜ ਇਹ ਸਾਰੇ ਬਿੰਬ ਹਰ ਆਦਮੀ ਦੇ ਲਗਪਗ ਇਕ ਜਹੇ ਹੋਣਗੇ। ਇਸ ਨਾਤੇ ਇਹ ਕੁਝ ਘਟ ਨਿੱਜੀ ਹਨ। ਪਰ ਇਸ ਦੇ ਉਲਟ ਸਾਡੇ ਭਾਵ ਇਤਨੇ ਅਨਿੱਜੀ ਨਹੀਂ। ਇਹਨਾਂ ਪਤਿਆਂ ਨੂੰ ਸੜਦਿਆਂ ਵੇਖ ਕੇ ਇਕ ਬੰਦੇ ਨੂੰ ਦੁਖ ਹੁੰਦਾ ਹੈ, ਦੂਜੇ ਦੇ ਅੰਦਰ ਹਮਦਰਦੀ ਜਾਗਦੀ ਹੈ; ਤੀਜੇ ਨੂੰ ਖੁਸ਼ੀ ਹੁੰਦੀ ਹੈ ਕਿ ਇਹਨਾਂ ਪਤਿਆਂ ਦਾ ਗੰਦ ਮੁੱਕਾ; ਤੇ ਚੌਥੇ ਦੇ ਅੰਦਰ ਭੈ ਪੈਦਾ ਹੁੰਦਾ ਹੈ ਕਿ ਇਹੋ ਹਰ ਮਨੁਖ ਦਾ, ਤੇ ਇਸ ਨਾਤੇ ਉਸ ਦਾ ਆਪਣਾ ਭੀ ਅੰਤ ਹੈ। ਇਹ ਸਾਰੇ ਅਨੁਭਵ ਇਕ ਦੂਜੇ ਤੋਂ ਵਖੋ ਵਖਰੇ ਹਨ ਤੇ ਇਉਂ ਇੰਦਰਿਆਵੀ ਬਿੰਬਾਂ ਤੇ ਬੌਧਿਕ ਵਿਚਾਰਾਂ ਤੋਂ ਵਧੇਰੇ ਨਿੱਜੀ ਹਨ।
ਸਾਇੰਸ ਨੂੰ ਅਸੀਂ, ਇਹਨਾਂ ਅਨਿੱਜੀ ਅਨੁਭਵਾਂ ਨੂੰ ਪਰਤਿਆਉਣ, ਨਿਯਮਾਉਣ ਤੇ ਸੰਚਾਰਨ ਦੀ ਵਿਧੀ ਆਖ ਸਕਦੇ ਹਾਂ, ਤੇ ਕਵਿਤਾ ਨੂੰ ਇਸ ਦੇ ਟਾਕਰੇ ਨਿਜੀ ਅਨੁਭਵਾਂ ਨੂੰ ਅਤੇ ਬਾਹਰਲੀ ਹਕੀਕਤ ਨਾਲ ਇਹਨਾਂ ਅੰਦਰਲੇ ਅਨੁਭਵਾਂ ਦੇ ਸੰਬੰਧ ਨੂੰ ਵੇਖਣ, ਮਾਣਨ ਤੇ ਨਿਰੂਪਣ ਦੀ ਵਿਉਂਤ।
ਵਿਗਿਆਨੀ ਤੇ ਕਵੀ ਦੋਵੇਂ ਇਕੋ ਸੰਸਾਰ ਵਿਚ ਵਾਪਰਦੀਆਂ ਘਟਨਾਵਾਂ ਨੂੰ ਵੇਖਦੇ ਹਨ ਤੇ ਇਹ ਘਟਨਾਵਾਂ ਹੀ ਸਾਇੰਸ ਤੇ ਕਵਿਤਾ ਦੋਹਾਂ ਦੀਆਂ ਟਕਸਾਲੀ ਘਾੜਤਾਂ ਦੀ ਕੱਚੀ ਧਾਤ ਹਨ। ਪਰ ਜਿੱਥੇ ਵਿਗਿਆਨੀ ਇਹਨਾਂ ਵਿਚੋਂ ਉਹਨਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਉਸ ਦੀਆਂ ਆਪਣੀਆਂ ਜਾਂ ਹੋਰਨਾਂ ਦੀਆਂ ਨਿੱਜੀ ਘਟਨਾਵਾਂ ਹਨ, ਉਥੇ ਕਵੀ ਅਨਿੱਜੀ ਘਟਨਾਵਾਂ ਤੋਂ ਪਰਹੇਜ਼ ਕਰਨਾ ਪਸੰਦ ਕਰਦਾ ਹੈ। ਕਵੀ ਲਈ ਤਾਂ ਅਨਿੱਜੀ ਸੰਸਾਰ ਦਾ ਨਿੱਜੀ ਸੰਸਾਰ ਨਾਲ ਇਕ ਲਗਾਤਾਰ ਅਟੁਟ ਨਾਤਾ ਹੈ ਤੇ ਉਸ ਦੀ ਅੱਖ ਇਸ ਨਾਤੇ ਉਤੇ ਟਿਕਦੀ ਹੈ। ਸਾਂਝਾ ਤਰਕ ਤੇ ਅ-ਸਾਂਝੇ ਨਿੱਜੀ ਭਾਵ ਨੂੰ ਸੁਰ ਮੇਲਦੇ ਦਿਸਦੇ ਹਨ। ਤੇ ਇਸ ਵਿਚੋਂ ਪੈਦਾ ਹੁੰਦੇ ਸੰਗੀਤ ਦੇ ਹੁਲਾਰੇ ਵਿਚ ਨੱਚਦਾ ਉਸ ਦਾ ਨਿੱਜਤਵ ਨੂੰ ਚੀਰ ਕੇ ਬਾਹਰ ਆ ਜਾਂਦਾ ਹੈ।
ਕਵੀ ਦਾ ਸੰਸਾਰ ਅੰਦਰਲੇ ਅਨੁਭਵਾਂ ਦੀ ਵੰਨ-ਸਵੰਨਤਾ ਦਾ ਸੰਸਾਰ ਹੈ, ਜਿਸ ਵਿਚ ਪਿਆਰ ਤੇ ਨਫ਼ਰਤ ਕਿੱਕਲੀ ਖੇਡਦੇ, ਆਸ ਤੇ ਨਿਰਾਸਤਾ ਗਿੱਧਾ ਪਾਉਂਦੇ, ਸਿਆਣਪ ਤੇ ਸੁਦਾਅ ਲੁੱਡੀ ਮਾਰਦੇ, ਗੌਰਵ ਤੇ ਲੱਜਾ ਘੁੰਮਰ ਪਾਉਂਦੇ ਹਨ, ਜਿਥੇ ਸਮਾਜਕ ਪਰਭਾਵਾਂ ਤੇ ਸ਼ਖ਼ਸੀ ਤਰੰਗਾਂ, ਸਾਤਵਿਕ ਵਿਚਾਰਾਂ ਤੇ ਤਾਮਸੀ ਉਬਾਲਾਂ, ਪਿਤਾ-ਪੁਰਖੀ ਰੀਤਾਂ ਤੇ ਪਸ਼ੂ-ਮਨੋਬਿਰਤੀਆਂ, ਸਾਂਝੇ ਬਲਾਂ ਤੇ ਅ-ਸਾਂਝੀਆਂ ਸੰਵੇਦਨਾਵਾਂ ਦੇ ਘੁੰਗਰੂ ਛਣਕਦੇ ਹਨ, ਜਿਥੇ ਨੇਮਾਂ, ਫਰਜ਼ਾਂ, ਬੰਧਨਾਂ, ਰਹੁ-ਰੀਤੀਆਂ ਤੇ ਕਰਮ-ਕਾਂਡਾਂ ਦੇ ਨਿੱਤ ਬਦਲਦੇ ਤਾਲਾਂ ਦੀ ਥਾ-ਥਈਆ ਗੂੰਜਦੀ ਹੈ।
ਮਨੁਖ ਦੇ ਤੌਰ ਤੇ ਤਾਂ ਵਿਗਿਆਨੀ ਭੀ ਇਸੇ ਦੁਨੀਆਂ ਵਿਚ ਵੱਸਦਾ ਹੈ ਜਿਸ ਵਿਚ ਸਾਰੀ ਆਦਮ ਜਾਤੀ ਦਾ ਜੰਮਣਾ ਮਰਨਾ, ਕੱਚੀਆਂ ਪੱਕੀਆਂ ਪੀੜਾਂ ਤੇ ਰੁਖੇ-ਸਲੂਣ ਹਾਸੇ ਰੰਗੀਨੀ ਖਿਲਾਰਦੇ ਹਨ। ਪਰ ਜਦ ਉਹ ਆਪਣੇ ਕਿੱਤੇ ਦੇ ਸਿੰਘਾਸਣ ਤੇ ਬੈਠਦਾ ਹੈ ਤਾਂ ਇਕ ਬਿਲਕੁਲ ਵਖਰੇ ਸੰਸਾਰ ਵਿਚ ਜਾ ਵਿਚਰਦਾ ਹੈ ਜਿਥੇ ਨੇਮ ਤੇ ਇਕਾਈਆਂ ਤੋਲਾਂ, ਮਾਪਾਂ ਤੇ ਗਿਣਤੀਆਂ ਦੇ ਦਾਇਰਿਆਂ ਤੇ ਬੈਜ਼ਿਆਂ ਵਿਚ ਘੁੰਮਦੇ ਹਨ। ਵਿਗਿਆਨ ਦੀ ਹਰ ਸ਼ਾਖ ਦਾ ਆਪਣਾ ਪ੍ਰਕਰਣਕ ਢਾਂਚਾ ਹੈ ਤੇ ਉਸ ਢਾਂਚੇ ਵਿਚ ਤੱਥਾਂ ਨੂੰ ਨਮਿਆਂ ਤੇ ਜੜਿਆ ਜਾਂਦਾ ਹੈ। ਪਰ ਸਮੁਚੇ ਤੌਰ ਤੇ ਸਾਇੰਸ ਇਕ ਇਕ-ਵਾਦੀ ਪ੍ਰਣਾਲੀ (monistic system) ਹੈ ਜੋ ਸਾਰੀ ਸੁਚੱਜਤਾ ਨੂੰ ਕਿਸੇ ਇਕ-ਵਾਦੀ ਇਕਾਈ ਤੇ ਘਟਾਉਣਾ ਚਾਹੁੰਦੀ ਹੈ।
ਇਸ ਨਾਤੇ ਸਾਇੰਸ ਖਿਲਾਰੇ ਵਿਚੋਂ ਨੇਮ ਤੇ ਨੇਮਾਂ ਵਿਚੋਂ ਇਕਾਈ ਭਾਲਦੀ ਹੈ; ਪਰ ਕਵਿਤਾ ਖਿਲਾਰੇ ਨੂੰ ਖਲਾਰੇ ਦੇ ਰੂਪ ਵਿਚ ਹੀ ਵੇਖਦੀ ਤੇ ਇਸ ਖਿਲਾਰੇ ਦੀ ਵੰਨ ਸੁਵਨਤਾ ਉਪਰ ਰੀਝਦੀ ਹੈ।
੪.
ਕਵੀ ਤੇ ਵਿਗਿਆਨੀ ਦੋਹਾਂ ਲਈ ਆਪਣੇ ਅਨੁਭਵਾਂ ਨੂੰ ਹੋਰਨਾਂ ਤਕ ਪਹੁੰਚਾਉਣ ਦੀ ਇਕ ਸਾਂਝੀ ਸਮੱਸਿਆ ਸਾਹਿੱਤ ਤੇ ਉਚੇ ਵਿਗਿਆਨ ਦੋਹਾਂ ਦੇ ਸਾਹਵੇਂ ਅਕੱਥ ਨੂੰ ਕਥਨ ਕਰਨ ਦੀ ਵੱਡੀ ਮੁਸ਼ਕਿਲ ਹੈ। ਦੋਵੇਂ ਬੋਲੀ ਦੀ ਵਰਤੋਂ ਕਰਦੇ ਹਨ ਪਰ ਸਾਧਾਰਨ ਬੋਲੀ ਪਾਸ ਨਾ ਹੀ ਕਵੀ ਦੇ ਤੇ ਨਾ ਹੀ ਵਿਗਿਆਨੀ ਦੇ ਅਨੁਭਵਾਂ ਦਾ ਮਾਧਿਅਮ ਬਣ ਸਕਣ ਦੀ ਸਮਰੱਥਾ ਮੌਜੂਦ ਹੁੰਦੀ ਹੈ। ਇਸ ਲਈ ਕਵੀ ਤੇ ਵਿਗਿਆਨੀ ਦੋਵੇਂ ਹੀ ਆਪੋ ਆਪਣੀ ਲੋੜ ਅਨੁਸਾਰ ਆਪਣੇ ਕਬੀਲੇ ਦੀ ਬੋਲੀ ਨੂੰ ਸੋਧਦੇ ਹਨ। ਪਰ ਕਵੀ ਦੀ ਸੁਧਾਈ ਤੇ ਵਿਗਿਆਨੀ ਦੀ ਸੁਧਾਈ ਵਿਚ ਅੰਤਰ ਹੁੰਦਾ ਹੈ ਕਿਉਂਕਿ ਵਿਗਿਆਨੀ ਦਾ ਟੀਚਾ ਕਵੀ ਦੇ ਟੀਚੇ ਤੋਂ ਵਖਰਾ ਹੁੰਦਾ ਹੈ।
ਦਰੱਖ਼ਤਾਂ ਉਤੇ ਚਾਨਣੀ ਪੈ ਰਹੀ ਹੈ। ਕਵੀ ਤੇ ਵਿਗਿਆਨੀ ਦੋਵੇਂ ਵੇਖ ਕੇ ਖੜੋ ਗਏ ਹਨ। ਵਿਗਿਆਨੀ ਸੋਚਦਾ ਹੈ ਇਹ ਚਾਨਣ ਕਿਰਨਾਂ ਦੇ ਰੂਪ ਵਿਚ ਸੂਰਜ ਤੋਂ ਇਕ ਲੱਖ ਛਿਆਸੀ ਹਜ਼ਾਰ ਮੀਲ ਫ਼ੀ ਸਕਿੰਟ ਦੀ ਰਫ਼ਤਾਰ ਨਾਲ ਤੁਰਿਆ ਤੇ ਚੰਨ ਤੋਂ ਪਰਤ ਕੇ ਇਸ ਧਰਤੀ ਤੇ ਅਪੜਿਆ ਹੈ, ਇਹ ਕਿਰਨਾਂ ਤੀਰ ਵਾਂਗੂੰ ਸਿਧੀਆਂ ਨਹੀਂ, ਸਗੋਂ ਲਹਿਰਾਂ ਵਾਂਗ ਉਤਾਰ-ਉਭਾਰ ਖਾਂਦੀਆਂ ਆਈਆਂ ਹਨ। ਪਤਿਆਂ ਉਪਰੋਂ ਇਹ ਕਿਰਨਾਂ ਫਿਰ ਪਰਤੀਆਂ ਹਨ ਤੇ ਮੇਰੀ ਅੱਖ-ਪੁਤਲੀ 'ਚੋਂ ਲੰਘਦੀਆਂ ਅੱਖ ਦੇ ਅੰਦਰਲੇ ਪਰਦੇ ਤੇ ਪਈਆਂ ਹਨ। ਉਥੇ ਨਿਉਜ਼ਾਕਾਰਾਂ (cones) ਦੇ ਰਸਾਇਣੀ ਤੱਤਾਂ ਰੋਡੋਪਸੀਨ ਆਦਿ ਵਿਚ ਇਹਨਾਂ ਇਕ ਤਬਦੀਲੀ ਲਿਆਂਦੀ ਹੈ ਜਿਸ ਕਰਕੇ ਮੇਰੀਆਂ ਨੇਤ੍ਰ-ਤੰਤਿਕਾਵਾਂ ਉਤੇਜਿਤ ਹੋਈਆਂ ਹਨ। ਫਿਰ ਇਹ ਉਤੇਜਨਾਂ ਬਿਜਲੇਈ ਲਹਿਰਾਂ ਦੇ ਰੂਪ ਵਿਚ ਮੇਰੇ ਦਿਮਾਗ ਦੇ ਪਿਛੋਕੜਲੇ ਭਾਗ ਵਿਚ ਪਹੁੰਚੀਆਂ ਹਨ, ਜਿਥੇ ਇਹਨਾਂ ਨੇ ਇਕ ਸੰਵੇਦਨਾ ਜਗਾਈ ਹੈ ਜੋ ਮੈਂ ਅਨੁਭਵ ਕੀਤੀ।
ਪਰ ਕਵੀ ਕੀ ਸੋਚਦਾ ਹੈ :-
ਰਾਹ ਵਿਚ ਆਈ ਰਾਤ ਚਾਨਣੀ
ਪੈਰ ਨਾ ਪੁਟਿਆ ਜਾਏ
ਕਿਸ ਵੈਰੀ ਨੇ ਪੋਟਾ ਪੋਟਾ
ਭੌਂ ਤੇ ਸ਼ਿਹਰ ਵਿਛਾਏ ?
ਰਾਹਾਂ ਦੇ ਵਿਚ ਚਾਨਣ ਸੁੱਤਾ
ਧਰਤ ਸੁਹਾਗਣ ਹੋਈ
ਵਸਲਾਂ ਵਰਗੀ ਮਿੱਟੀ ਤੇ ਅਜ
ਕਿਹੜਾ ਪੈਰ ਟਿਕਾਏ ?
ਘੜੀ ਪਲਾਂ ਲਈ ਬਿਰਛਾਂ ਤਾਈ
ਬੂਰ ਰਿਸ਼ਮ ਦਾ ਲੱਗਾ
ਮੈਂ ਨਾ ਤੁਰਾਂ ਮਤੇ 'ਵਾ ਡੋਲੇ
ਬੂਰ ਹੁਣ ਝੜ ਜਾਏ ?
(ਹਰਿਭਜਨ ਸਿੰਘ)
ਉਪਰੋਕਤ ਮਿਸਾਲਾਂ ਤੋਂ ਕਵੀ ਤੇ ਵਿਗਿਆਨੀ ਦੋਹਾਂ ਦੀ ਬੋਲੀ ਸੰਬੰਧੀ ਸਮੱਸਿਆ ਦਾ ਖ਼ਾਕਾ ਉਘੜਦਾ ਹੈ । ਵਿਗਿਆਨੀ ਦੀ ਸਮੱਸਿਆ ਨਿਸਚਿਤ; ਇਕਹਿਰੀ ਤੇ ਸਪਸ਼ਟ ਗੱਲ ਕਰ ਸਕਣ ਦੀ ਸਮੱਸਿਆ ਹੈ । ਉਹ ਅਜਿਹੇ ਸ਼ਬਦਾਂ ਤੇ ਵਾਕੰਸ਼ਾਂ ਦੀ ਚੋਣ ਕਰਦਾ ਹੈ ਜੋ ਇਕ-ਅਰਥੇ ਹੋਣ ਉਸ ਲਈ ਸ਼ਬਦਾਂ ਦੀ ਦੁਅਰਥਕਤਾ ਤੇ ਬਹੁ-ਆਰਥਕਤਾ ਇਕ ਉਲਝਨ ਹੈ । ਉਸ ਦੇ ਨਵੇਂ ਵਿਚਾਰਾਂ ਤੇ ਸੰਕਲਪਾ ਲਈ ਸ਼ਬਦਾਂ ਦੀ ਅਣਹੋਂਦ ਇਕ ਮੁਸ਼ਕਿਲ ਹੈ । ਇਸ ਨੂੰ ਹਲ ਕਰਨ ਲਈ ਉਹ ਆਪਣੀ ਨਵੇਕਲੀ ਗਰਬਲ-ਭਾਸ਼ਾ (Jargon) ਘੜਦਾ ਹੈ ।
ਵਿਗਿਆਨਕ-ਸੰਕੇਤਾਵਲੀਆਂ ਦੀ ਇਹ ਭਾਸ਼ਾ ਜਦ ਸਿਖਰ ਤੇ ਪਹੁੰਚਦੀ ਹੈ ਤਾਂ ਸ਼ਬਦਾਂ ਤੋਂ ਵੀ ਉਤਾਂਹ ਉਠ ਜਾਂਦੀ ਹੈ ਤੇ ਗਣਿਤ ਦੇ ਚਿੰਨ੍ਹਾਂ ਦੀ ਬਾਤ ਬਣ ਜਾਂਦੀ ਹੈ।
ਜਿਥੇ ਵਿਗਿਆਨੀ ਦੁਅਰਥਕਤਾ ਤੇ ਬਹੁ-ਅਰਥਕਤਾ ਤੋਂ ਬਚਣ ਦਾ ਜਤਨ ਕਰਦਾ ਹੈ ਉਥੇ ਕਵੀ ਇਹਨਾਂ ਨਾਲ ਹੀ ਰੰਗ ਰਲੀਆਂ ਮਾਣਦਾ ਹੈ । ਮਨੁਖੀ ਜੀਵਨ ਇਕੋ ਵਕਤ ਕਿਤਨੇ ਵਖ ਵਖ਼ ਪੱਧਰਾਂ ਤੇ ਜੀਵਿਆ ਜਾਂਦਾ ਹੈ, ਇਸ ਦੇ ਇਕੇ ਵਕਤ ਕਿਤਨੇ ਭਿੰਨ ਭਿੰਨ ਅਰਥ ਹੁੰਦੇ ਹਨ । ਮਨੁਖੀ ਅਨੁਭਵ ਦੇ ਸਮਕਾਲੀ ਪੱਧਰਾਂ ਤੇ ਅਰਥਾਂ ਦੀ ਇਹ ਅਨੇਕਤਾ ਤੇ ਬਹੁ-ਰੰਗਤਾ ਨੂੰ ਸ਼ਬਦਾਂ ਵਿਚ ਬੰਨਣ ਲਈ ਕਵੀ ਨੂੰ ਬਹੁ-ਅਰਥੇ ਸ਼ਬਦ ਹੀ ਤਾਂ ਚਾਹੀਦੇ ਹਨ । ਜਦੋਂ ਇਹ ਨਾ ਲੱਭਣ ਤਾਂ ਕਵੀ ਭੀ ਆਪਣੀ ਟਕਸਾਲ ਵਿਚ ਸ਼ਬਦਾਂ ਦੀ ਸਿਰਜਨਾ ਕਰਦਾ ਹੈ-ਪਰ ਉਹ ਵਿਗਿਆਨੀ ਦੀ ਇਕ-ਅਰਥਕ ਗਰਬਲ-ਭਾਸ਼ਾਵਲੀ ਨਹੀ ਘੜਦਾ, ਸਗੋਂ ਅਜਿਹੇ ਸ਼ਬਦ ਤੇ ਵਾਕੰਸ਼ ਸਿਰਜਦਾ ਹੈ ਜੋ ਉਸ ਦੇ ਅਨੁਭਵ ਦੀ ਬਹੁ-ਅੰਗਤਾ ਤੇ ਬਹੁ-ਰੰਗਤਾ ਨੂੰ ਸਾਕਾਰ ਕਰ ਸਕਣ । ਉਹ ਸ਼ਬਦਾਂ ਦੇ ਅਰਥਾਂ ਨੂੰ ਡੂੰਘੇਰਾ ਤੇ ਚੌੜਾ ਕਰਦਾ ਹੈ, ਉਹਨਾਂ ਵਿਚ ਇਕ ਸੰਕੇਤਕ ਸੰਗੀਤਕਤਾ ਜਗਾਉਂਦਾ ਹੈ ਤੇ ਉਹਨਾਂ ਵਿਚ ਧੁਨਾਂ -ਉਪਧੁਨਾਂ, ਸੰਬੰਧਾਂ-ਉਪਸੰਬੰਧਾਂ ਦੀ ਸਮਰੱਥਾ ਉਜਾਗਰ ਕਰਕੇ ਇਕ ਆਲੌਕਿਕ ਜਾਦੂ ਜਗਾਉਂਦਾ ਹੈ । ਆਪਣੇ ਕਬੀਲੇ ਦੀ ਭਾਸ਼ਾ ਵਿਚ ਉਹ ਅਜੇਹੇ ਵਾਧੇ ਕਰਦਾ ਹੈ ਜੋ ਮਨੁਖੀ ਜ਼ਿੰਦਗੀ ਦੀ ਸਰਬੰਗੀ ਭਰਪੂਰਤਾ, ਉਸ ਦੇ ਡੂੰਘੇ ਮਰਮ ਤੇ ਉਸ ਦੀ ਸੁਹਜਾਤਮਕ , ਬੌਧਿਕ ਤੇ ਅਧਿਆਤਮਕ ਵਿਲੱਖਣਤਾ ਨੂੰ ਸਾਕਾਰ ਕਰ ਸਕਣ।
ਕਵੀ ਦਿਸਦੇ ਤੋਂ ਅਣਦਿਸਦੇ, ਤੇ ਅਣਦਿਸਦੇ ਤੋਂ ਦਿਸਦੇ ਵਿਚਕਾਰ ਜੁਲਾਹੇ ਦੀ ਨਾਲ ਵਾਂਗ ਫਿਰਦਾ ਤੇ ਜ਼ਿੰਦਗੀ ਅਤੇ ਅਰਥਾਂ ਦੇ ਦੋਵੇਂ ਸਿਰੇ ਮੇਲਦਾ ਫਿਰਦਾ ਹੈ । ਅੰਤਰੀਵਤਾ ਤੇ ਬਾਹਰਵਾਰਤਾ ਉਸ ਦੇ ਅਨੁਭਵ ਵਿਚ ਜਫੀਆਂ ਪਾਉਦੀਆਂ ਹਨ ਤੇ ਉਸ ਦੀ ਸ਼ਬਦਾਵਲੀ ਇਸ ਅਲਿੰਗਨ ਨੂੰ ਚਿਤ੍ਰਤ ਕਰਦੀ ਹੈ ।
ਸਾਧਾਰਨ ਬੋਲੀ ਕਵੀ ਦੇ ਅਨੁਭਵਾਂ ਦੇ ਪ੍ਰਗਟਾਓ ਲਈ ਅਸਮਰਥ ਹੈ ਤੇ ਸਿਖਰ ਤੇ ਪਹੁੰਚੇ ਹੋਏ ਕਵੀ ਲਈ ਭੀ ਆਪਣੇ ਅਨੁਭਵ ਦਾ ਪ੍ਰਗਟਾਓ ਬੜਾ ਕਠਣ ਤੇ ਕਈ ਵਾਰ ਨਿਰਾਸਾ-ਜਨਕ ਹੁੰਦਾ ਹੈ:-
ਜਾਗੀ ਨੀ ਮੇਰੀ ਆਤਮਾ
ਖੋਲ੍ਹੀ ਨੀ ਉਸ ਨੇ ਝੋਲ;
ਝੋਲੀ ਤਾਂ ਉਸ ਦੇ ਮੋਤੜੀ
ਉਸ ਦਿਤੇ ਹੱਸ ਕੇ ਡੋਲ੍ਹ--
ਮੋਤੀ ਵਡ ਆਕਾਰ ਦੇ
ਮੇਰੇ ਨਿੱਕੜੇ ਨਿੱਕੜੇ ਬੋਲ;
ਭੀੜੀ ਮੇਰੀ ਬਾਤ ਨੀ
ਮੈਂ ਰੱਜ ਕੇ ਸਕਾਂ ਨ ਖੋਲ੍ਹ।
ਮੋਤੀ ਤਾਂ ਰਹਿ ਗਏ ਅੰਦਰੇ
ਕੁਝ ਛਿੱਟਾਂ ਪਈਆਂ ਝੋਲ
ਸੱਖਣੀ ਝੋਲੀ ਤਾਂ ਭਰੇ
ਜੇ ਮਿਲੇ ਸੁਵੱਡੜਾ ਬੋਲ।
(ਨੇਕੀ)
ਤੇ ਕਵੀ ਦੀ ਸਾਰੀ ਕਿਰਿਆ ਸੁਵੱਡੜੇ ਬੋਲ ਘੜਨ-ਭਾਲਣ ਦੀ ਕਿਰਿਆ ਹੈ।