Kavi Ik Rekha Chitar (Story in Punjabi) : Maxim Gorky
ਕਵੀ : ਇੱਕ ਰੇਖਾ ਚਿੱਤਰ (ਕਹਾਣੀ) : ਮੈਕਸਿਮ ਗੋਰਕੀ
ਸੂਰਾ ਸਕੂਲੋਂ ਘਰ ਆਈ, ਆਪਣਾ ਕੋਟਾ ਲਾਹਿਆ ਅਤੇ ਖਾਣ-ਕਮਰੇ ਵਿੱਚ ਚਲੀ ਗਈ। ਉਹਦੀ ਮਾਂ ਪਹਿਲਾਂ ਤੋਂ ਹੀ ਉੱਥੇ ਮੇਜ਼ ‘ਤੇ ਬੈਠੀ ਹੋਈ ਸੀ। ਸ਼ੂਰਾ ਨੂੰ ਦੇਖ ਕੇ ਉਹ ਮੁਸਕਰਾਈ। ਸ਼ੂਰਾ ਨੂੰ ਲੱਗਿਆ ਕਿ ਮਾਂ ਅੱਜ ਥੋੜੇ ਅਜੀਬ ਢੰਗ ਨਾਲ਼ ਮੁਸਕਰਾ ਰਹੀ ਹੈ, ਇਸ ਲਈ ਉਹਦੀ ਉਤਸੁਕਤਾ ਤੁਰੰਤ ਜਾਗ ਪਈ। ਪਰ ਉਹ ਵੱਡੀ ਹੋ ਗਈ ਸੀ ਅਤੇ ਸਵਾਲਾਂ ਦੀ ਝੜੀ ਲਾਕੇ ਆਪਣੀ ਉਤਸੁਕਤਾ ਜਤਾਉਣਾ ਚੰਗਾ ਨਹੀਂ ਸਮਝਦੀ ਸੀ। ਉਹਨੇ ਮਾਂ ਕੋਲ਼ ਪੁਹੰਚ ਕੇ ਉਹਦਾ ਮੱਥਾ ਚੁੰਮਿਆ ਅਤੇ ਫਿਰ ਸ਼ੀਸ਼ੇ ਵਿੱਚ ਆਪਣੇ ਉੱਪਰ ਇੱਕ ਨਿਗ੍ਹਾ ਮਾਰ ਕੇ ਆਪਣੀ ਜਗ੍ਹਾ ਬੈਠ ਗਈ। ਉਦੋਂ ਹੀ ਉਹਨੂੰ ਇੱਕ ਵਾਰ ਫੇਰ ਕੁੱਝ ਵੱਖਰਾ ਜਿਹਾ ਜਾਪਿਆ, ਮੇਜ਼ ਪੂਰਾ ਸਜਿਆ ਹੋਇਆ ਸੀ ਅਤੇ ਉਸ ‘ਤੇ ਪੰਜ ਜਣਿਆਂ ਦੇ ਬੈਠਣ ਦਾ ਪ੍ਰਬੰਧ ਸੀ। ਮਤਲਬ ਸਾਫ ਸੀ ਕਿ ਕੋਈ ਖਾਸ ਗੱਲ ਨਹੀਂ, ਸਿਵਾਏ ਇਹਦੇ ਕਿ ਕਿਸੇ ਨੂੰ ਖਾਣੇ ‘ਤੇ ਸੱਿਦਆ ਗਿਆ ਹੈ। ਸ਼ੂਰਾ ਨੇ ਨਿਰਾਸ਼ਾ ਨਾਲ਼ ਹਾਉਂਕਾ ਲਿਆ। ਉਹ ਪਿਤਾ ਜੀ, ਮਾਂ ਅਤੇ ਚਾਚੀ ਜ਼ੀਨਾ ਦੀ ਜਾਣ-ਪਛਾਣ ਵਾਲ਼ੇ ਸਾਰੇ ਲੋਕਾਂ ਨੂੰ ਜਾਣਦੀ ਸੀ। ਉਹਨੂੰ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜਿਸ ਵਿੱਚ ਕੁੱਝ ਦਿਲਚਸਪ ਹੋਵੇ। ਹੇ ਰੱਬਾ, ਕਿੰਨੇ ਅਕਾ ਦੇਣ ਵਾਲ਼ੇ ਸਨ ਉਹ ਸਾਰੇ ਤੇ ਕਿੰਨੀ ਅਕੇਵੇਂ ਭਰੀ ਸੀ ਹਰ ਚੀਜ਼।
”ਇਹ ਕੀਹਦੇ ਲਈ ਹੈ?” ਮੇਜ ‘ਤੇ ਸਜੇ ਹੋਏ ਵਾਧੂ ਸਮਾਨ ਵੱਲ ਇਸ਼ਾਰਾ ਕਰਦਿਆਂ ਉਹਨੇ ਲਾਪਰਵਾਹੀ ਜਿਹੀ ਨਾਲ਼ ਪੁੱਛਿਆ।
ਜਵਾਬ ਦੇਣ ਤੋਂ ਪਹਿਲ ਉਹਦੀ ਮਾਂ ਨੇ ਆਪਣੀ ਘੜੀ ‘ਤੇ ਨਿਗ੍ਹਾ ਮਾਰੀ, ਫਿਰ ਕੰਧ-ਘੜੀ ਵੱਲ ਦੇਖਿਆ, ਇਸ ਪਿੱਛੋਂ ਖਿੜਕੀ ਵੱਲ ਮੁੜਦਿਆਂ ਕੋਈ ਅਵਾਜ਼ ਸੁਣਨ ਲੱਗੀ ਅਤੇ ਅੰਤ ਵਿੱਚ ਮੁਸਕਰਾਉਂਦਿਆਂ ਬੋਲੀ, ”ਭਲਾਂ ਬੁੱਝ ਖਾਂ।”
”ਮੇਰਾ ਜੀਅ ਨਹੀਂ ਕਰਦਾ,” ਸ਼ੂਰਾ ਨੇ ਕਿਹਾ ਅਤੇ ਉਹਨੂੰ ਲੱਗਿਆ ਕਿ ਉਹਦੀ ਉਤਸੁਕਤਾ ਫਿਰ ਤੋਂ ਜ਼ੋਰ ਫੜ ਰਹੀ ਹੈ। ਉਹਨੂੰ ਯਾਦ ਆਇਆ ਕਿ ਉਹਨਾਂ ਦੇ ਘਰ ਦੀ ਨੌਕਰਾਣੀ ਲੂਬਾ ਨੇ ਵੀ ਉਹਦੇ ਲਈ ਦਰਵਾਜ਼ਾ ਖੋਲ੍ਹਦਿਆਂ ਵੱਖਰੇ ਜਿਹੇ ਅੰਦਾਜ਼ ਵਿੱਚ ਕਿਹਾ ਸੀ —
”ਉਹ, ਬੜਾ ਚੰਗਾ ਹੋਇਆ ਕਿ ਤੂੰ ਆ ਗਈ!”
ਲੂਬਾ ਉਹਦੇ ਆਉਣ ‘ਤੇ ਕਦੇ ਹੀ ਇਸ ਤਰ੍ਹਾਂ ਉਤਸ਼ਾਹ ਦਿਖਾਉਂਦੀ ਸੀ ਅਤੇ ਇੰਨਾ ਉਤਸ਼ਾਹ ਤਾਂ ਕਦੇ ਵੀ ਨਹੀਂ ਸੀ ਹੁੰਦਾ। ਸ਼ੂਰਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਪਰਿਵਾਰਕ ਜੀਵਨ ਦੀ ਰੋਜ਼ਾਨਾ ਦੀ ਨੀਰਸ ਜ਼ਿੰਦਗੀ ਵਿੱਚ ਜੇ ਕੋਈ ਹਲਕਾ ਜਿਹਾ ਵੀ ਨਵਾਂ ਕਿਣਕਾ ਆ ਰਲ਼ਦਾ ਤਾਂ ਉਹਦੀ ਸਤ੍ਹਾ ‘ਤੇ ਉੱਘੜਵੀਆਂ ਲਹਿਰਾਂ ਆਏ ਬਿਨਾਂ ਨਾ ਰਹਿੰਦੀਆਂ ਅਤੇ ਸ਼ੂਰਾ ਦਾ ਨਿੱਕਾ ਜਿਹਾ ਮਨ, ਜੋ ਨਵੇਂ ਤਜ਼ਰਬਿਆਂ ਦਾ ਇੰਨਾ ਪਿਆਸਾ ਸੀ, ਦ੍ਰਿੜਤਾ ਨਾਲ਼ ਇਹ ਉਹਦੀ ਛਾਪ ਗ੍ਰਹਿਣ ਕੀਤੇ ਜਾਣ ਤੋਂ ਬਿਨਾਂ ਨਾ ਰਹਿੰਦਾ।
”ਕੋਸ਼ਿਸ਼ ਤਾਂ ਕਰ,” ਉਹਦੀ ਮਾਂ ਨੇ ਜ਼ੋਰ ਦਿੱਤਾ, ”ਫਿਰ ਦੱਸੀਂ ਤਾਂ, ਜੀਅ ਕਰਦਾ ਹੈ ਜਾਂ ਨਹੀਂ।”
ਲੂਬਾ ਦੇ ਉਤਸ਼ਾਹ ਅਤੇ ਲਹਿਜੇ ‘ਤੇ ਵਿਚਾਰ ਕਰਨ ਤੋਂ ਬਾਅਦ ਸ਼ੂਰਾ ਨੂੰ ਯਕੀਨ ਹੋ ਗਿਆ ਕਿ ਜ਼ਰੂਰ ਹੀ ਕੋਈ ਮਜ਼ੇਦਾਰ — ਬਹੁਤ ਹੀ ਮਜ਼ੇਦਾਰ — ਗੱਲ ਵਾਰਪਨ ਵਾਲ਼ੀ ਹੈ। ਪਰ ਸਿੱਧਾ-ਸਿੱਧਾ ਪੁੱਛਣ ‘ਚ ਉਹਨੂੰ ਝਿਜਕ ਮਹਿਸੂਸ ਹੋ ਰਹੀ ਸੀ।
”ਕਿਤਿਓਂ ਕੋਈ ਨਾ ਕੋਈ ਆਉਣ ਵਾਲ਼ਾ ਹੈ,” ਉਹਨੇ ਬੇਦਿਲੀ ਜਿਹੀ ਦਾ ਪ੍ਰਗਟਾਵਾ ਕਰਦਿਆਂ ਕਿਹਾ।
”ਬੇਸ਼ੱਕ,” ਮਾਂ ਨੇ ਸਿਰ ਹਿਲਾਇਆ, ”ਪਰ ਕੌਣ?”
”ਚਾਚਾ ਜ਼ੇਨਿਆ,” ਸ਼ੂਰਾ ਨੇ ਹਨੇਰ੍ਹੇ ‘ਚ ਤੀਰ ਛੱਡਿਆ ਅਤੇ ਉਹਨੂੰ ਲੱਗਾ ਜਿਵੇਂ ਉਹਦੀਆਂ ਗੱਲ੍ਹਾਂ ‘ਤੇ ਸੂਹੀ ਭਾਅ ਦੌੜ ਰਹੀ ਹੋਵੇ।
”ਨਹੀਂ, ਕੋਈ ਰਿਸ਼ਤੇਦਾਰ ਨਹੀਂ ਹੈ। ਪਰ ਕੋਈ ਅਜਿਹਾ ਆਦਮੀ ਆ ਰਿਹਾ ਹੈ ਜੀਹਨੂੰ ਤੂੰ ਬੇਹੱਦ ਪਸੰਦ ਕਰਦੀ ਏਂ!”
ਸ਼ੂਰਾ ਦੀਆਂ ਅੱਖਾਂ ਫੈਲ ਗਈਆਂ। ਇਸ ਤੋਂ ਬਾਅਦ ਉਹ ਅਚਾਨਕ ਉੱਛਲ਼ ਕੇ ਖੜੀ ਹੋ ਗਈ ਅਤੇ ਮਾਂ ਦੇ ਗਲ਼ੇ ਨਾਲ਼ ਲਿਪਟ ਗਈ।
”ਮਾਂ, ਕੀ ਸੱਚੀਂ?”
”ਬਸ, ਬਸ!” ਮਾਂ ਹੱਸ ਰਹੀ ਸੀ ਅਤੇ ਉਹਨੂੰ ਧੱਕ ਕੇ ਅਲੱਗ ਕਰ ਰਹੀ ਸੀ, ”ਬੜੀ ਪਾਗਲ ਕੁੜੀ ਹੈ। ਉਹਨੂੰ ਆਉਣ ਦੇ, ਤੇਰੀਆਂ ਸਾਰੀਆਂ ਹਰਕਤਾਂ ਦੱਸੂੰ ਮੈ ਉਹਨੂੰ।”
”ਮਾਂ! ਕ੍ਰਿਮਸਕੀ ਤਾਂ ਨਹੀਂ? ਕੀ ਉਹ ਆ ਗਿਆ? ਤੇ ਕੀ ਪਿਤਾ ਜੀ ਉਹਨੂੰ ਲਿਆਉਣ ਗਏ ਨੇ? ਅਤੇ ਚਾਚੀ ਜ਼ੀਨਾ? ਓਹ, ਹੁਣ ਉਹ ਆਉਂਦੇ ਹੀ ਹੋਣਗੇ… ਮਾਂ, ਮੈਂ ਆਪਣੇ ਸਲੇਟੀ ਕੱਪੜੇ ਪਾ ਲਵਾਂ। ਹਾਏ, ਉਹ ਆ ਰਿਹਾ ਹੈ! ਉਹ ਇੱਥੇ ਆ ਰਿਹਾ ਹੈ!”
ਘਾਬਰੀ ਅਤੇ ਖੁਸ਼ ਹੋਈ ਉਹਨੇ ਮਾਂ ਦੀ ਕੁਰਸੀ ਦੁਆਲ਼ੇ ਨੱਚਦਿਆਂ-ਟੱਪਦਿਆਂ ਗੇੜਾ ਕੱਢਿਆ। ਉਹਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ। ਫਿਰ ਉਹ ਭੱਜ ਕੇ ਸ਼ੀਸ਼ੇ ਅੱਗੇ ਆਈ ਤੇ ਕੱਪੜੇ ਬਦਲਣ ਚੱਲੀ ਹੀ ਸੀ ਕਿ ਉਸੇ ਵੇਲ਼ੇ ਡਿਓਡੀ ਦਾ ਦਰਵਾਜ਼ਾ ਖੁੱਲ੍ਹਣ ਦੀ ਅਵਾਜ਼ ਆਈ। ਉਹ ਫੇਰ ਸ਼ੀਸ਼ੇ ਅੱਗੇ ਮੁੜ ਆਈ, ਆਪਣੇ ਵਾਲ਼ ਸੰਵਾਰੇ, ਸਿੱਧੀ ਸਿਆਣੀ ਬਣਕੇ ਮੇਜ਼ ਕੋਲ਼ ਆ ਕੁਰਸੀ ‘ਤੇ ਬੈਠ ਗਈ ਅਤੇ ਬੇਚੈਨੀ ਨੂੰ ਲੁਕੋਣ ਲਈ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਜਦੋਂ ਉਹ ਅੱਖਾਂ ਖੋਲ੍ਹੇਗੀ ਤਾਂ ਕ੍ਰਿਮਸਕੀ ਕਮਰੇ ਵਿੱਚ ਹੋਵੇਗਾ, ਉਹਦੇ ਨੇੜੇ, ਉਸਤੋਂ ਸਿਰਫ ਇੱਕ ਕੁਰਸੀ ਦੂਰ। ਉਹ ਇੱਕ ਕਵੀ ਸੀ। ਜਿਸਦੀਆਂ ਕਵਿਤਾਵਾਂ ਵਾਰ-ਵਾਰ ਪੜ੍ਹ ਕੇ ਵੀ ਉਹ ਅੱਕਦੀ ਨਹੀਂ ਸੀ ਅਤੇ ਜਿਸਨੂੰ ਸਾਰਾ ਸਕੂਲ ਆਧੁਨਿਕ ਕਵੀਆਂ ‘ਚੋਂ ਚੰਗਾ ਮੰਨਦਾ ਸੀ! ਕਿੰਨੀਆਂ ਕੋਮਲ, ਕਿੰਨੀਆਂ ਪਿਆਰ ਭਰੀਆਂ, ਕਿੰਨੀਆਂ ਮੋਹਕ ਅਤੇ ਕਿੰਨੀਆਂ ਉਦਾਸ ਪੰਕਤੀਆਂ ਲਿਖਦਾ ਹੈ ਉਹ! ਹਾਏ, ਬਿਲਕੁਲ ਅਲੌਕਿਕ! ਉਹ ਹੁਣ ਇੱਥੇ ਹੋਵੇਗਾ, ਹੱਡ-ਮਾਸ ਵਿੱਚ, ਆਪਣੇ ਸਰੀਰ ਸਮੇਤ, ਉਹਦੇ ਨੇੜੇ, ਉਹਦੇ ਨਾਲ਼ ਗੱਲ ਕਰਦਾ ਹੋਇਆ ਅਤੇ ਕਵਿਤਾਵਾਂ ਸੁਣਾਉਂਦਾ ਹੋਇਆ, ਜਿਹੜੀਆਂ ਹਾਲੇ ਸਕੂਲ ਦੀਆਂ ਕੁੜੀਆਂ ਨੇ ਸ਼ਾਇਦ ਕਦੇ ਸੁਣੀਆਂ ਵੀ ਨਾ ਹੋਣ। ਕੱਲ ਨੂੰ ਜਦੋਂ ਉਹ ਸਕੂਲ ਜਾਵੇਗੀ ਤਾਂ ਉਹਨਾਂ ਨੂੰ ਆਖੇਗੀ, ”ਕਾਸ਼ ਤੁਸੀਂ ਕ੍ਰਿਮਸਕੀ ਦੀ ਉਹ ਕਵਿਤਾ ਸੁਣ ਸਕਦੀਆਂ!” ਉਹ ਪੁੱਛਣਗੀਆਂ, ”ਕਿਹੜੀ?” ਫਿਰ ਉਹ ਉਹਨਾਂ ਨੂੰ ਨਵੀਂ ਕਵਿਤਾ ਸੁਣਾ ਦੇਵੇਗੀ ਅਤੇ ਜਦੋਂ ਉਹ ਪੁੱਛਣਗੀਆਂ ਕਿ ਇਹ ਕਿੱਥੋਂ ਮਿਲ਼ੀ ਤਾਂ ਉਹ ਬੜੇ ਮਾਣ ਨਾਲ਼ ਦੱਸੇਗੀ ਕਿ ਹਾਲੇ ਇਹ ਕਿਧਰੇ ਛਪੀ ਨਹੀਂ ਹੈ ਅਤੇ ਕੱਲ ਕ੍ਰਿਮਸਕੀ ਉਹਨੇ ਦੇ ਘਰ ਆਇਆ ਸੀ ‘ਤੇ ਖਾਣੇ ਦੀ ਮੇਜ਼ ‘ਤੇ ਉਹਦੇ ਕੋਲ਼ ਹੀ ਬੈਠਾ ਸੀ। ਉਦੋਂ ਹੀ ਉਹਨੇ ਇਹ ਕਵਿਤਾ ਸੁਣਾਈ ਸੀ।
ਹੈਰਾਨੀ ਨਾਲ਼ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ, ਈਰਖਾ ਨਾਲ਼ ਉਹਨਾ ਦੇ ਦਿਲ ਸੜ ਜਾਣਗੇ ਅਤੇ ਉਹ ਚਾਲਬਾਜ਼ ਕਿਕੀਨਾ, ਉਹਨੂੰ ਤਾਂ ਗਸ਼ ਹੀ ਪੈ ਜਾਵੇਗੀ। ਫੇਰ ਉਹਨੂੰ ਪਤਾ ਲੱਗੇਗਾ ਕਿ ਕੌਣ ਵਧੇਰੇ ਚੰਗਾ ਹੈ — ਭੈਣ ਦੇ ਰੂਪ ਵਿੱਚ ਇੱਕ ਗਾਇਕਾ ਜਾਂ ਜਾਣ-ਪਛਾਣ ਵਾਲ਼ਾ ਕੋਈ ਕਵੀ। ਬਾਕੀ ਸਾਰੀਆਂ ਉਹਦੇ ਮਗਰ ਪੈ ਜਾਣਗੀਆਂ। ਵਾਰ-ਵਾਰ ਉਹਨੂੰ ਕਹਿਣਗੀਆਂ, ”ਸ਼ੂਰਾ ਸਾਨੂੰ ਵੀ ਉਹਦੇ ਨਾਲ਼ ਮਿਲ਼ਾ ਦੇ।” ਅਤੇ… ਅਤੇ ਉਹ ਜੇ ਅਚਾਨਕ ਉਹਨੂੰ ਪਿਆਰ ਕਰਨ ਲੱਗ ਪਿਆ ਤਾਂ? ਇਹ ਬਿਲਕੁਲ ਸੰਭਵ ਹੈ। ਕਿਉਂਕਿ ਉਹ ਕਵੀ ਹੈ ਅਤੇ ਉਹਦੀਆਂ ਅੱਖਾਂ? ਬੇਸ਼ੱਕ ਵੱਡੀਆਂ-ਵੱਡੀਆਂ ਅਤੇ ਉਦਾਸ ਜਿਨ੍ਹਾਂ ਹੇਠ ਕਾਲ਼ੇ ਘੇਰੇ ਪਏ ਹੋਣਗੇ। ਨੱਕ ਤੋਤੇ ਵਰਗਾ ਅਤੇ ਮੁੱਛਾਂ ਕਾਲ਼ੇ ਰੰਗ ਦੀਆਂ। ”ਸ਼ੂਰਾ,” ਆਪਣੇ ਹੱਥ ਘੁੱਟਦਾ ਗੋਡਿਆਂ ਪਰਨੇ ਹੋਕੇ ਬੈਠਦਿਆਂ ਕਹੇਗਾ, ”ਸ਼ੂਰਾ! ਤੈਨੂੰ ਦੇਖਦਿਆਂ ਹੀ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ‘ਨਵੀਂ ਜ਼ਿੰਦਗੀ ਦੀ ਨਵੀਂ ਸਵੇਰ ਚੜੀ ਹੋਵੇ ਤੇ ਮੇਰਾ ਦਿਲ ਉਮੀਦ ਨਾਲ਼ ਧੜਕ ਪਿਆ… ਤੂੰ ਹੀ ਏਂ ਉਹ, ਇਹ ਮੈਂ ਆਪਣੀ ਸਮੁੱਚੀ ਤਾਕਤ ਨਾਲ਼ ਕਹਿੰਦਾ ਹਾਂ, ਮੇਰੀ ਰੂਹ ਨੇ ਤੈਨੂੰ ਪਛਾਣ ਲਿਆ ਹੈ।’ ” ਹਾਏ, ਇਹ ਸਤਰਾਂ ਤਾਂ ਉਹਨੇ ਬਹੁਤ ਪਹਿਲਾਂ ਕਵਿਤਾ ਵਿੱਚ ਲਿਖੀਆਂ ਹੋਈਆਂ ਹਨ। ਫੇਰ…
”ਘੁਟਨ, ਧੂੜ-ਮਿੱਟੀ, ਭੈੜੀ ਗੰਧ, ਸਾਰੀ ਰਾਤ ਮੇਰੀ ਅੱਖ ਨਾ ਲੱਗੀ!”
ਸ਼ੂਰਾ ਨੂੰ ਕਵਿਤਾ ਅਤੇ ਕਲਪਨਾ ਦੇ ਸੰਸਾਰ ‘ਚੋਂ ਕੱਢ ਕੇ ਅਸਲੀ ਸੰਸਾਰ ਵਿੱਚ ਲਿਆਉਣ ਵਾਲ਼ੀ ਇਹ ਅਵਾਜ਼ ਬਹੁਤ ਹੀ ਮੁਲਾਇਮ ਅਤੇ ਖਿੱਚਵੀਂ ਸੀ, ਭਾਵੇਂ ਉਸ ਵਿੱਚ ਕਿਸਮਤ ਦੇ ਧੱਕੇ ਚੜੇ ਵਿਅਕਤੀ ਦੇ ਰੁੱਖੇ ਅਤੇ ਚਿੜਚਿੜੇ ਬੋਲਾਂ ਦੀ ਧੁਨੀ ਵੀ ਮੌਜੂਦ ਸੀ। ਸ਼ੂਰਾ ਨੇ ਆਪਣੀਆਂ ਅੱਖਾਂ ਖੋਹਲੀਆਂ ਅਤੇ ਖੜੀ ਹੋ ਗਈ। ਇੱਕ ਲੰਮਾ, ਪਤਲਾ ਆਦਮੀ ਮਖਮਲ ਦੀ ਕਾਲ਼ੀ ਜੈਕਟ ਅਤੇ ਖੁੱਲੀ ਮੋਹਰੀ ਦੀ ਪਤਲੂਨ ਪਾਈ ਉਹਦੇ ਵੱਲ ਆ ਰਿਹਾ ਸੀ।
”ਕੀ ਹਾਲ ਆ ਕੁੜੀਏ? ਤੂੰ ਮੈਨੂੰ ਭੁੱਲ ਗਈ, ਕਿਉਂ ਠੀਕ ਕਿਹਾ ਨਾ? ਬੇਸ਼ੱਕ, ਬਿਲਕੁਲ ਭੁੱਲ ਗਈ!”
”ਮੈਂ…” ਸ਼ੂਰਾ ਜਿਵੇਂ ਉਲ਼ਝ ਗਈ, ”ਮੈਂ ਤੁਹਾਡੀਆਂ ਕਵਿਤਾਵਾਂ ਤਾਂ ਹਮੇਸ਼ਾ ਪੜ੍ਹਦੀ ਹਾਂ, ਪਰ ਪਿਛਲੀ ਵਾਰ ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਤਾਂ ਮੈਂ ਇੱਕ ਨਿੱਕੀ ਜਿਹੀ ਕੁੜੀ ਹੀ ਸੀ।”
”ਤੇ ਹੁਣ ਤੂੰ ਵੱਡੀ ਹੋ ਗਈ,” ਕਵੀ ਨੇ ਮੁਸਕਾਰਉਂਦਿਆਂ ਤੇ ਉਹਨੂੰ ਆਪਣੀਆਂ ਨਜ਼ਰਾਂ ਨਾਲ਼ ਜਾਂਚਦਿਆਂ ਕਿਹਾ। ਉਹ ਕੁੱਝ ਹੋਰ ਵੀ ਕਹਿਣਾ ਚਾਹੁੰਦਾ ਸੀ, ਪਰ ਸਿਰਫ ਆਪਣੇ ਬੁੱਲ ਮੀਚ ਕੇ ਚੁੱਪ ਹੋ ਗਿਆ ਅਤੇ ਇੱਕ ਕੁਰਸੀ ‘ਤੇ ਬੈਠਦਿਆਂ ਉਹਦੇ ਪਿਓ ਨੂੰ ਆਖਣ ਲੱਗਾ —
”ਮਿਖਾਇਲ, ਇੱਥੇ ਤੈਨੂੰ ਜਗ੍ਹਾਂ ਤਾਂ ਬਹੁਤ ਵਧੀਆ ਮਿਲ਼ ਗਈ ਹੈ!”
ਸ਼ੂਰਾ ਨੇ ਆਪਣਾ ਸਿਰ ਝੁਕਾ ਲਿਆ ਸੀ ਅਤੇ ਉਸਦੀਆਂ ਅੱਖਾਂ ਪਲੇਟ ‘ਤੇ ਟਿਕੀਆਂ ਹੋਈਆਂ ਸਨ। ਪਲੇਟ ਦੀ ਚਮਕਵੀਂ ਸਤ੍ਹਾ ਵਿੱਚ ਉਹਨੂੰ ਕਵੀ ਦੇ ਚਿਹਰੇ ਦਾ ਅਕਸ ਵਿਖਾਈ ਦੇ ਰਿਹਾ ਸੀ। ਉਹਦੀ ਭੂਰੀ ਪਤਲੂਨ, ਵਿਰਲੇ ਵਾਲ਼ਾਂ ਵਾਲ਼ਾ ਸਿਰ ਅਤੇ ਪਤਲੀਆਂ ਲਾਲ ਮੁੱਛਾਂ ਉਹਨੂੰ ਚੰਗੀਆਂ ਨਾ ਲੱਗੀਆਂ, ਹਾਏ, ਕਵਿਤਾ ਤੋਂ ਇੱਕਦਮ ਸੱਖਣਾ, ਬਿਲਕੁਲ ਨੀਰਸ!
ਉਹਦੀਆਂ ਹਜ਼ਾਮਤ ਕੀਤੀਆਂ ਨੀਲੀਆਂ ਗੱਲ੍ਹਾਂ, ਉਹਦੀ ਠੋਡੀ ਅਤੇ ਆਪਣੇ ਬੁੱਲਾਂ ਨੂੰ ਅੰਦਰ ਖਿੱਚਣ ਦੀ ਉਹਦੀ ਆਦਤ! ਉਹਦੀਆਂ ਅੱਖਾਂ ਬਹੁਤ ਹਲਕੀਆਂ ਸਨ — ਲਗਭਗ ਬੇਰੰਗ, ਉਹਨਾਂ ਹੇਠਾਂ ਥੈਲੀਆਂ ਜਿਹੀਆਂ ਲਮਕੀਆਂ ਹੋਈਆਂ ਸਨ ਤੇ ਉਹਦੇ ਮੱਥੇ ‘ਤੇ ਝੁਰੜੀਆਂ ਸਨ। ਸੱਚ ਪੁੱਛੋਂ ਤਾਂ ਉਹ ਉਸ ਵੇਲ਼ੇ ਬਿਲਕੁਲ ਉਸ ਕਲਰਕ ਵਾਂਗ ਲੱਗ ਰਿਹਾ ਸੀ ਜੋ ਉਹਨੇ ਡਾਕਘਰ ਵਿੱਚ ਦੇਖਿਆ ਸੀ। ਉਹਦੀਆਂ ਹਰਕਤਾਂ ਵਿੱਚ ਕੁੱਝ ਵੀ ਕਾਵਿਕ ਨਹੀਂ ਸੀ, ਰੱਤੀ ਭਰ ਵੀ ਨਹੀਂ ਅਤੇ ਉਹਦੇ ਹੱਥ? ਸ਼ੂਰਾ ਨੇ ਟੇਢੀਆਂ ਨਜ਼ਰਾਂ ਨਾਲ਼ ਉਹਨਾਂ ਨੂੰ ਦੇਖਿਆ, ਉਹ ਗੋਭਲ਼ੇ ਜਿਹੇ, ਉਂਗਲ਼ਾਂ ਛੋਟੀਆਂ ਜਿਹੀਆਂ ਪਰ ਮੋਟੀਆਂ-ਮੋਟੀਆਂ ਸਨ। ਇੱਕ ਉਂਗਲ਼ ਵਿੱਚ ਉਹਨੇ ਮੁੰਦਰੀ ਪਾਈ ਹੋਈ ਸੀ ਜਿਸ ਵਿੱਚ ਸੁਲੇਮਾਨੀ ਨਗ ਜੜਿਆ ਹੋਇਆ ਸੀ। ਸ਼ੂਰਾ ਨੇ ਬੜੇ ਦੁੱਖ ਨਾਲ਼ ਡੂੰਘਾ ਸਾਹ ਲਿਆ।
”ਤਾਂ ਤੂੰ ਮੇਰੀਆਂ ਕਵਿਤਾਵਾਂ ਪੜ੍ਹਦੀ ਏਂ?”
ਇਹ ਗੱਲ ਉਹ ਉਸਨੂੰ ਹੀ ਕਹਿ ਰਿਹਾ ਸੀ। ਸ਼ੂਰਾ ਨੇ ਸਿਰ ਹਿਲਾਇਆ ਅਤੇ ਉਹਦੀਆਂ ਗੱਲ੍ਹਾਂ ਸੂਹੀਆਂ ਹੋ ਗਈਆਂ।
”ਹਾਂ, ਤਾਂ ਕੀ ਮੈਂ ਪੁੱਛ ਸਕਦਾ ਹਾਂ? — ਤੈਨੂੰ ਪਸੰਦ ਆਈਆਂ?”
”ਪੁੱਛੋ ਨਾ, ਤੁਹਾਡੀਆਂ ਕਵਿਤਾਵਾਂ ‘ਤੇ ਇਹ ਸਾਰੀਆਂ ਕੁੜੀਆਂ ਪਾਗਲਾਂ ਵਾਂਗ ਮਰਦੀਆਂ ਨੇ,” ਮਾਂ ਨੇ ਕਿਹਾ।
”ਅੱਛਾ, ਇਹ ਤਾਂ ਖੁਸ਼ਮਾਦ ਕਰਨ ਵਾਲ਼ੀ ਗੱਲ ਹੈ।”
”ਬਿਲਕੁਲ ਨਹੀਂ, ਇਹ ਝੂਠ ਹੈ,” ਸ਼ੂਰਾ ਨੇ ਆਪਣੀ ਮਾਂ ਦੀ ਗੱਲ ਕੱਟੀ ਪਰ ਉਹਦੇ ਬੋਲ ਕੁੱਝ ਦੇਰ ਨਾਲ਼ ਪ੍ਰਗਟ ਹੋਏ, ਕਵੀ ਤੋਂ ਮਗਰੋਂ।
ਸ਼ੂਰਾ ਨੂੰ ਘਬਰਾਹਟ ਹੋਈ, ਇਹ ਕੀ ਮੂਰਖਤਾ ਕੀਤੀ ਉਹਨੇ! ਮਾਂ, ਪਿਤਾ ਜੀ, ਚਾਚੀ ਅਤੇ ਉਹ — ਸਾਰੇ ਹੱਸ ਰਹੇ ਸਨ। ਉਸਨੇ ਪਤਾ ਨਹੀਂ ਕਿਉਂ, ਆਪਣੇ ਭਰਵੱਟੇ ਉਤਾਂਹ ਚੁੱਕੇ ਸਨ? ਅਤੇ ਬਾਕੀ ਸਾਰਿਆਂ ਨਾਲ਼ ਉਹ ਵੀ ਕਿਉਂ ਹੱਸ ਰਿਹਾ ਸੀ? ਉਹ ਕਵੀ ਸੀ ਅਤੇ ਉਹਨੂੰ ਵਧੇਰੇ ਸੰਵੇਦਨਸ਼ੀਲ ਅਤੇ ਕੋਮਲ ਹੋਣਾ ਚਾਹੀਦਾ ਸੀ ਤੇ ਅਗਲੇ ਦਾ ਖਿਆਲ ਰੱਖਣਾ ਚਾਹੀਦਾ ਸੀ। ਕੀ ਉਹਦੀ ਘਬਰਾਹਟ ਤੋਂ ਉਹਨੂੰ ਵੀ ਹਾਸਾ ਆਇਆ ਸੀ, ਜਿਵੇਂ ਕਿ ਬਾਕੀਆਂ ਨੂੰ ਆਇਆ ਸੀ? ਕੀ ਉਹ ਵੀ ਬਾਕੀਆਂ ਵਰਗਾ ਸੀ ਸੀ? ਹੋ ਸਕਦਾ ਹੈ ਕਿ ਉਹਨੇ ਸਿਰਫ ਦੂਜਿਆਂ ਦਾ ਸਾਥ ਦੇਣ ਲਈ ਹੀ ਅਜਿਹਾ ਕੀਤਾ ਹੋਵੇ ਅਤੇ ਮਗਰੋਂ ਆਪਣੇ ਸੁਭਾਵਿਕ ਰੂਪ ਵਿੱਚ ਆ ਜਾਵੇਗਾ।
”ਤੂੰ ਕਿਹੜੀ ਜਮਾਤ ਵਿੱਚ ਪੜ੍ਹਦੀ ਏਂ, ਸ਼ੂਰਾ?”
”ਛੇਵੀਂ ‘ਚ।”
ਇਹ ਜਾਣਨ ਦੀ ਭਲਾਂ ਕੀ ਲੋੜ ਸੀ? ਅਤੇ ਉਹ ਉਸਨੂੰ ਸ਼ੂਰਾ ਕਹਿ ਕੇ ਕਿਉਂ ਬੁਲਾ ਰਿਹਾ ਸੀ?
”ਅਤੇ ਤੈਨੂੰ ਕਿਹੜਾ ਅਧਿਆਪਕ ਸਭ ਤੋਂ ਚੰਗਾ ਲਗਦਾ ਹੈ? ਮੇਰੇ ਖਿਆਲ ‘ਚ ਚਿੱਤਰਕਲਾ ਵਾਲ਼ਾ, ਜੇ ਮੈਂ ਗਲਤ ਨਹੀਂ ਸਮਝ ਰਿਹਾ ਤਾਂ?”
”ਨਹੀਂ, ਸਾਹਿਤ ਵਾਲ਼ਾ।”
”ਉਹ ਹਾਂ, ਸਾਹਿਤ ਵਾਲ਼ਾ।” ਇੰਨਾ ਆਖ ਉਹ ਇੰਨੇ ਜ਼ੋਰ ਨਾਲ਼ ਹੱਸਿਆ ਕਿ ਕੰਨ ਬੋਲ਼ੇ ਹੋ ਜਾਣ।
ਸ਼ੂਰਾ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਹਦੇ ਟੋਟੇ-ਟੋਟੇ ਕੀਤੇ ਜਾ ਰਹੇ ਹੋਣ, ਉਹਨੂੰ ਚੂੰਡੀਆਂ ਵੱਡੀਆਂ ਜਾ ਰਹੀਆਂ ਹੋਣ ਅਤੇ ਸਰੀਰ ਵਿੱਚ ਹਜ਼ਾਰਾਂ ਸੂਈਆਂ ਚੁਭੋਈਆਂ ਜਾ ਰਹੀਆਂ ਹੋਣ। ਉਹ ਮੇਜ਼ ਤੋਂ ਉੱਠ ਕੇ ਖਹਿੜਾ ਛੁਡਾਉਣਾ ਚਾਹੁੰਦੀ ਸੀ। ਉਹਨੂੰ ਕੰਬਣੀ ਚੜ ਰਹੀ ਸੀ ਅਤੇ ਉਹ ਡਰ ਰਹੀ ਸੀ ਕਿ ਉਹ ਆਪਣੇ ਹੰਝੂਆਂ ਨੂੰ ਬਾਹਰ ਆਉਣੋਂ ਨਹੀਂ ਰੋਕ ਸਕੇਗੀ। ਉਹਨੇ ਕਿਉਂ ਆਪਣੇ ਆਪ ਨੂੰ ਸੌਖ ਨਾਲ਼ ਫਸ ਜਾਣ ਦਿੱਤਾ? ਬੇਚੈਨੀ ਨਾਲ਼ ਕੰਬਦਿਆਂ ਉਹਨੇ ਕਵੀ ਦੇ ਚਿਹਰੇ ਵੱਲ ਵੇਖਿਆ, ਉਹਦੀਆਂ ਅੱਖਾਂ ‘ਚ ਸ਼ਰਾਰਤ ਅਤੇ ਉਤੇਜਨਾ ਦੀ ਚਮਕ ਸੀ। ਉਹਨੂੰ ਡਰ ਲੱਗ ਰਿਹਾ ਸੀ ਕਿ ਜੇ ਉਹਦੀ ਹਿੰਮਤ ਜਵਾਬ ਦੇ ਗਈ ਤਾਂ ਉਹ ਆਪਣੇ ਮਨ ਵਿੱਚ ਆ ਰਹੀਆਂ ਸਾਰੀਆਂ ਗੱਲਾਂ ਕਹਿ ਨਹੀਂ ਸਕੇਗੀ। ਇਸ ਲਈ, ਉਹਨੇ ਆਪਣੀਆਂ ਉਂਗਲ਼ਾਂ ਮੇਜ਼ ਓਹਲੇ ਮਰੋੜਦਿਆਂ ਇੱਕੋ ਸਾਹ ਕਹਿਣਾ ਸ਼ੁਰੂ ਕੀਤਾ —
”ਇਹਦੇ ‘ਚ ਹੱਸਣ ਵਾਲ਼ੀ ਕਿਹੜੀ ਗੱਲ ਹੈ? ਨਹੀਂ, ਇਹ ਬਿਲਕੁਲ ਵੀ ਹੱਸਣ ਵਾਲ਼ੀ ਗੱਲ ਨਹੀਂ ਹੈ। ਸਾਡੇ ਅਧਿਆਪਕਾਂ ਵਿੱਚੋਂ ਉਹ ਸਭ ਤੋਂ ਬਿਹਤਰ ਹੈ ਅਤੇ ਅਸੀਂ ਸਾਰੀਆਂ ਕੁੜੀਆਂ ਉਹਨੂੰ ਬਹੁਤ ਪਸੰਦ ਕਰਦੀਆਂ ਹਾਂ। ਉਹ ਇੰਨੇ ਦਿਲਚਸਪ ਢੰਗ ਨਾਲ਼ ਬੋਲਦਾ ਹੈ, ਸਾਨੂੰ ਪੜ੍ਹ ਕੇ ਸੁਣਾਉਂਦਾ ਹੈ, ਹਰ ਤਰ੍ਹਾਂ ਦੀਆਂ ਕਿਤਾਬਾਂ ਬਾਰੇ ਦੱਸਦਾ ਹੈ, ਸਾਹਿਤ ਦੇ ਖੇਤਰ ਦੀ ਹਰ ਨਵੀਂ ਗੱਲ ਬਾਰੇ ਦੱਸਦਾ ਹੈ ਅਤੇ ਕੁੱਲ ਮਿਲ਼ਾ ਕੇ ਉਹ ਬਹੁਤ ਹੀ ਚੰਗਾ ਇਨਸਾਨ ਹੈ। ਜੇ ਯਕੀਨ ਨਹੀਂ ਤਾਂ ਚਾਹੇ ਜੀਹਨੂੰ ਮਰਜ਼ੀ ਪੁੱਛ ਕੇ ਵੇਖੋ, ਸਾਡੀ ਜਮਾਤ ਵਿੱਚੋਂ ਜਾਂ ਸੱਤਵੀਂ ਜਮਾਤ ਵਿੱਚੋਂ, ਸਭ ਇਹੀ ਕਹਿਣਗੇ। ਤੁਸੀਂ ਹੱਸ ਕਿਉਂ ਰਹੇ ਹੋ — ਆਖ਼ਰ ਕਿਉਂ? ਬੇਸ਼ੱਕ ਮੈਂ…”
”ਸ਼ੂਰਾ! ਇਹ ਤੈਨੂੰ ਕੀ ਹੋ ਗਿਆ?” ਉਹਦੇ ਪਿਤਾ ਨੇ ਚੀਖ ਕੇ ਕਿਹਾ।
”ਅਸੀਂ ਕੁੜੀ ਨੂੰ ਨਰਾਜ਼ ਕਰ ਦਿੱਤਾ ਹੈ,” ਕ੍ਰਿਮਸਕੀ ਨੇ ਕੋਮਲ ਅਵਾਜ਼ ਵਿੱਚ ਕਿਹਾ, ”ਮੈਂ ਮਾਫ਼ੀ ਮੰਗਦਾ ਹਾਂ।”
ਉਹਦੀ ਇਹ ਮਾਫ਼ੀ ਸ਼ੂਰਾ ਨੂੰ ਬੜੀ ਬਨਾਉਟੀ ਜਿਹੀ ਜਾਪੀ। ਉਹਨੂੰ ਉਸ ਵਿੱਚ ਸੱਚਾਈ ਦਾ ਇੱਕ ਅੰਸ਼ ਵੀ ਨਾ ਲੱਗਿਆ ਅਤੇ ਉਹਦੇ ਸ਼ਬਦ ਬੜੇ ਬੇਪਰਵਾਹ ਜਿਹੇ ਜਾਪੇ, ਜਿਵੇਂ ਇਸ ਗੱਲ ਵਿੱਚ ਉਹਦੀ ਜ਼ਰਾ ਵੀ ਦਿਲਚਸਪੀ ਨਾ ਹੋਵੇ ਕਿ ਉਹ ਇਸਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ। ਉਸਨੂੰ ਇਹ ਵੀ ਲੱਗਿਆ ਜਿਵੇਂ ਉਹ ਇੱਥੇ ਓਪਰੀ ਜਿਹੀ ਹੋਵੇ ਤੇ ਕਿਸੇ ਨੂੰ ਉਹਦੀ ਲੋੜ ਨਾ ਹੋਵੇ। ਉਹਨੂੰ ਆਪਣੇ ਆਪ ‘ਤੇ ਤਰਸ ਆਇਆ ਅਤੇ ਖਾਣੇ ਦੇ ਪੂਰੇ ਸਮੇਂ ਦੌਰਾਨ ਇੰਝ ਬੈਠੀ ਰਹੀ ਜਿਵੇਂ ਉਹਨੂੰ ਧੁੰਦ ਨੇ ਲਪੇਟ ਲਿਆ ਹੋਵੇ ਤੇ ਆਪਣੇ ਦਿਲ ਅੰਦਰ ਉੱਭਰਦੀ ਉਦਾਸੀ ‘ਤੇ — ਇੱਕ ਖਮੋਸ਼ ਅਤੇ ਅੰਦਰੋ-ਅੰਦਰ ਖਾਣ ਵਾਲ਼ੀ ਉਦਾਸੀ — ਧਿਆਨ ਲਾਈ ਰੱਖਿਆ।
”ਤਾਂ ਇਹ ਹੈ ਉਹ ਕਵੀ! ਹੋਰ ਸਭਨਾਂ ਵਾਂਗ ਉਸੇ ਇੱਕ ਸਾਂਚੇ ‘ਚ ਢਲ਼ਿਆ ਹੋਇਆ।” ਉਹਦਾ ਮਨ ਖਾਣੇ ਤੋਂ ਬਾਅਦ ਵੀ ਵਾਰ-ਵਾਰ ਇਹੋ ਸੋਚ ਰਿਹਾ ਸੀ। ਆਪਣੇ ਕਮਰੇ ਵਿੱਚ ਖਿੜਕੀ ਕੋਲ਼ ਬੈਠੀ ਉਹ ਆਪਣੇ ਬਗੀਚੇ ਵਿੱਚ ਆਪਣੀਆਂ ਪਿਆਰੀਆਂ ਲਿਲਕ ਦੀਆਂ ਝਾੜੀਆਂ ਨੂੰ ਦੇਖ ਰਹੀ ਸੀ — ਬੜੇ ਧਿਆਨ ਨਾਲ਼ ਅਤੇ ਟਿਕਟਿਕੀ ਲਾਈ, ਜਿਵੇਂ ਪਹਿਲੀ ਵਾਰ ਹੀ ਉਹਨਾਂ ਨੂੰ ਦੇਖ ਰਹੀ ਹੋਵੇ।
”ਉਹ ਵੀ ਬਾਕੀਆਂ ਵਰਗਾ ਹੀ ਹੈ। ਪਰ ਫਿਰ ਪਿਤਾ ਜੀ ਕਵਿਤਾ ਕਿਉਂ ਨਹੀਂ ਲਿਖਦੇ? ਇਸ ਕਵੀ ਨਾਲ਼ੋਂ ਉਹ ਕਿਹੜੀ ਗੱਲੋਂ ਘੱਟ ਹਨ?” ਕਵੀ ਦੀਆਂ ਕੁੱਝ ਸਤਰਾਂ ਉਹਦੇ ਦਿਮਾਗ ਵਿੱਚ ਆ ਗਈਆਂ — ਕਿੰਨੀਆਂ ਵੇਗਮਈ ਤੇ ਦਿਲ ਨੂੰ ਪੰਘਰਾ ਦੇਣ ਵਾਲ਼ੀਆਂ ਤੇ ਗੀਤ ਦੀਆਂ ਲੜੀਆਂ ‘ਚ ਪਰੋਏ ਹੋਏ ਸ਼ਬਦ, ਉਦਾਸੀ ‘ਚ ਰੰਗੀ ਕੋਮਲਤਾ ਨਾਲ਼ ਭਰੇ ਹੋਏ! ਖਾਣੇ ਦੇ ਪੂਰੇ ਸਮੇਂ ਦੌਰਾਨ ਇੱਕ ਵਾਰ ਵੀ ਉਹਨਾਂ ਸ਼ਬਦਾਂ ਦੀ ਝਲਕ ਨਹੀਂ ਮਿਲ਼ੀ, ਉਹਦੇ ਮੂੰਹੋਂ ਉਹ ਨਿੱਕਲ਼ੇ ਨਹੀਂ, ਜ਼ਰੂਰ ਹੀ ਉਹਨੂੰ ਉਹਨਾਂ ਨੂੰ ਲਿਖਣ ਦੀ ਆਦਤ ਜਿਹੀ ਪੈ ਗਈ ਹੈ, ਜਿਵੇਂ ਸੋਨੀਆ ਸਾਜ਼ੀਕੋਵਾ ਕਾਗਜ਼ ਦੇ ਆਪਣੇ ਅਨੋਖੇ ਫੁੱਲ ਬਣਾਉਣ ਦੀ ਆਦੀ ਹੋ ਗਈ ਹੈ। ਸਾਰੇ ਉਹਨੂੰ ਦੇਖ ਕੇ ਈਰਖਾ ਕਰਦੇ ਹਨ, ਪਰ ਉਹ ਸਿਰਫ ਹੱਸ ਦਿੰਦੀ ਹੈ ਅਤੇ ਕਹਿੰਦੀ ਹੈ, ”ਓਹ, ਇਹਨਾਂ ਨੂੰ ਬਣਾਉਣਾ ਤਾਂ ਬੜਾ ਸੌਖਾ ਹੈ।”
ਬਗੀਚੇ ਵਿੱਚੋਂ ਬੋਲਣ ਦੀ ਅਵਾਜ਼ ਸੁਣਾਈ ਦਿੱਤੀ। ਇਹ ਪਿਤਾ ਜੀ ਅਤੇ ਕ੍ਰਿਮਸਕੀ ਸਨ। ਜੇ ਉਹ ਉੱਥੇ, ਲਿਲਕ ਦੀਆਂ ਝਾੜੀਆਂ ਪਿੱਛੇ, ਬੈਂਚ ‘ਤੇ ਬੈਠ ਗਏ ਤਾਂ ਉਹਨਾਂ ਦੇ ਮੂੰਹੋਂ ਨਿੱਕਲ਼ਿਆ ਹਰ ਸ਼ਬਦ ਉਹ ਸੁਣ ਸਕੇਗੀ। ਸ਼ੂਰਾ ਦੀ ਗਰਦਨ ਲੰਬੀ ਹੋਕੇ ਖਿੜਕੀ ਵਿੱਚੋਂ ਬਾਹਰ ਨਿੱਕਲ਼ ਆਈ ਅਤੇ ਉਹ ਦੇਖਣ ਲੱਗੀ ਕਿ ਉਹਨਾਂ ਦੇ ਕਦਮ ਕਿੱਧਰ ਜਾਂਦੇ ਹਨ।
”ਤੇਰੀ ਨਵੀਂ ਕਿਤਾਬ ਦੀ ਵਿੱਕਰੀ ਕਿਵੇਂ ਰਹੀ?” ਪਿਤਾ ਜੀ ਉਸਨੂੰ ਪੁੱਛ ਰਹੇ ਸੀ।
”ਬੁਰੀ ਨਹੀਂ। ਮੈਂ ਉਹਦਾ ਦੂਜਾ ਐਡੀਸ਼ਨ ਛਾਪਣ ਦੀ ਸੋਚ ਰਿਹਾ ਹਾਂ। ਪਰ ਲੋਕ ਵਧੇਰੇ ਇਸ ਲਈ ਨਹੀਂ ਖਰੀਦ ਰਹੇ ਕਿ ਉਹਨਾਂ ਨੂੰ ਕਵਿਤਾ ਨਾਲ਼ ਪਿਆਰ ਹੈ, ਸਗੋਂ ਉਹ ਹੈਰਾਨੀ ਵਿੱਚ ਖਰੀਦ ਰਹੇ ਨੇ। ਇਹਨਾਂ ਕੰਬਖ਼ਤ ਅਲੋਚਕਾਂ ਨੇ ਕਿਤਾਬ ਪ੍ਰਕਾਸ਼ਿਤ ਹੁੰਦਿਆਂ ਹੀ ਰੌਲ਼ਾ ਪਾ ਦਿੱਤਾ — ਪਿਛਾਖੜੀ! ਲੋਕ ਜਾਨਣਾ ਚਾਹੁੰਦੇ ਨੇ ਕਿ ਇਹ ਇਹ ਪਿਛਾਖੜੀ ਕੀ ਬਲਾ ਹੈ, ਜਿਸ ਬਾਰੇ ਇੰਨਾ ਕੁੱਝ ਕਿਹਾ ਜਾ ਰਿਹਾ ਹੈ ਅਤੇ ਜੋ ਇੱਕ ਪੱਖੋਂ ਅਜਿਹਾ ਹੈ ਕਿ ਬਿਲਕੁਲ ਵੀ ਸਮਝ ਨਹੀਂ ਆ ਰਿਹਾ। ਇਹਦਾ ਮੈਨੂੰ ਫਾਇਦਾ ਹੀ ਹੈ। ਲੋਕ ਕਿਤਾਬ ਖਰੀਰਦੇ ਨੇ, ਸਿਰਫ ਇਹ ਜਾਣਨ ਲਈ ਕਿ ਪਿਛਾਖੜੀ ਕੀਹਨੂੰ ਕਹਿੰਦੇ ਨੇ।”
ਕ੍ਰਿਮਸਕੀ ਦੀ ਅਵਾਜ਼ ਡੂੰਘੇ ਸੋਗ ਨਾਲ਼ ਭਰੀ ਹੋਈ ਸੀ, ਪਰ ਉਸ ਵਿੱਚ ਬੇਚੈਨੀ ਦਾ ਪ੍ਰਭਾਵ ਵੀ ਸਾਫ ਝਲਕ ਰਿਹਾ ਸੀ ਅਤੇ ਇਸਨੇ ਖਿੜਕੀ ‘ਚ ਬੈਠੀ ਕੁੜੀ ਦੇ ਦਿਲ ਦੀਆਂ ਤਾਰਾਂ ਨੂੰ ਛੋਹ ਦਿੱਤਾ।
”ਹਾਂ,” ਪਿਤਾ ਜੀ ਨੇ ਕਿਹਾ, ”ਅਲੋਚਕ ਲੇਖਕਾਂ ਨਾਲ਼ ਬੜੀ ਸਖਤਾਈ ਕਰਦੇ ਨੇ।”
”ਉਹ ਮੰਗ ਕਰਦੇ ਨੇ ਕਿ ਕਵੀ ਲੋਕਾਂ ਦੇ ਬਦਲੇ ਅਤੇ ਕੀਰਨਿਆਂ ਨੂੰ ਅਵਾਜ਼ ਦੇਵੇ। ਆਪਣੇ ਆਲ੍ਹਣੇ ਵਿੱਚ ਅਰਾਮ ਨਾਲ਼ ਬੈਠੇ ਉਹ ਕਲਪਨਾ ਕਰਦੇ ਹਨ ਕਿ ਲੋਕ ਬਦਲਾ ਲੈਣਾ ਅਤੇ ਕੀਰਨੇ ਪਾਉਣਾ ਚਾਹੁੰਦੇ ਨੇ। ਬੇਹੂਦਾ ਬਕਵਾਸ! ਸਾਡੇ ਅੱਜ ਦੇ ਜੀਵਨ ਵਿੱਚ ਲੋਕਾਂ ਜਿਹੀ ਕੋਈ ਚੀਜ਼ ਨਹੀਂ ਹੈ — ਇੱਕ ਪਾਸੇ ਤਾਂ ਮੂਰਖ ਅਤੇ ਆਪਣੇ-ਆਪ ਵਿੱਚ ਸੰਤੁਸ਼ਟ ਅਤੇ ਦੂਜੇ ਪਾਸੇ ਥੱਕੇ-ਹਾਰੇ ਅਤੇ ਅਸੰਤੁਸ਼ਟ। ਬਸ, ਇਸਤੋਂ ਵੱਧ ਕੁੱਝ ਨਹੀਂ। ਪਰ ਸਾਡੇ ਇਹ ਅਲੋਚਕ ਕਹਾਉਣ ਵਾਲ਼ੇ ਨਾਮਧਾਰੀ ਭੱਦਰਪੁਰਖ ਇਸ ਹਾਲਤ ਤੋਂ ਅਣਜਾਣ ਨੇ। ਉਹਨਾਂ ਦਾ ਵਾਹ ਸਿਰਫ ਕਿਤਾਬਾਂ ਨਾਲ਼ ਹੈ, ਜੀਵਨ ਨਾਲ਼ ਨਹੀਂ, ਪੁਰਾਣੀਆਂ ਰਵਾਇਤਾਂ ਨਾਲ਼ ਉਹਨਾਂ ਦਾ ਰਿਸ਼ਤਾ ਹੈ, ਨਵੇਂ ਵਿਚਾਰਾਂ ਨਾਲ਼ ਨਹੀਂ ਅਤੇ ਨਵੀਂ ਪੀੜ੍ਹੀ ਦੇ ਇਹ ਨੌਜਵਾਨ? ‘ਨੌਜਵਾਨ, ਮੇਰੇ ਦੋਸਤ, ਅੱਜਕੱਲ ਮਾਂ ਦੇ ਢਿੱਡ ਵਿੱਚੋਂ ਹੀ ਬੁੱਢੇ ਹੋ ਕੇ ਜੰਮਦੇ ਨੇ…’ ਕਿਸੇ ਨੇ ਇਹ ਬਹੁਤ ਹੀ ਸਹੀ ਕਿਹਾ ਹੈ। ਕਵਿਤਾ ਨਾਲ਼ ਉਹ ਕੋਈ ਵਾਹ-ਵਾਸਤਾ ਨਹੀਂ ਰੱਖਦੇ, ਉਹ ਕਿਸੇ ਵੀ ਅਜਿਹੀ ਚੀਜ਼ ਨਾਲ਼ ਮਤਲਬ ਨਹੀਂ ਰੱਖਦੇ ਜੋ ਆਤਮਾ ਨੂੰ ਨਿਖਾਰਨ ਵਾਲ਼ੀ ਹੋਵੇ। ਉਹਨਾਂ ਲਈ ਇਹ ਸਭ ਬੇਕਾਰ ਹੈ। ਪਰ ਜਾਣ ਦਿਓ, ਛੱਡੋ ਇਸ ਮਨਹੂਸ ਵਿਸ਼ੇ ਨੂੰ… ਤੁਹਾਡੀ ਕੁੜੀ ਬਹੁਤ ਸੋਹਣੀ ਹੈ!”
”ਆਖ਼ਰ ਤੂੰ ਕਵੀ ਏਂ! ਸੁਹੱਪਣ ‘ਤੇ ਪਹਿਲਾਂ ਨਿਗ੍ਹਾ ਜਾਂਦੀ ਹੈ!”
”ਦੇਖੋ ਕੰਬਖ਼ਤ ਨੂੰ!” ਸ਼ੂਰਾ ਬੁੜਬੁੜਾਈ ਅਤੇ ਖੁਸ਼ੀ ਨਾਲ਼ ਉਹਦੀਆਂ ਗੱਲ੍ਵਾਂ ਲਾਲ ਹੋ ਗਈਆਂ। ਉਹਦੇ ਸ਼ਬਦਾਂ ਤੋਂ ਉਹਨੇ ਇਹ ਨਤੀਜਾ ਕੱਢਿਆ ਕਿ ਲੋਕ ਉਹਦੀਆਂ ਕਵਿਤਾਵਾਂ ਨੂੰ ਨਹੀਂ ਸਮਝਦੇ ਅਤੇ ਇਸੇ ਦੀ ਬੇਚਾਨੀ ਉਹਦੇ ਸ਼ਬਦਾਂ ਵਿੱਚ ਪ੍ਰਗਟ ਹੋ ਰਹੀ ਸੀ। ਉਸਦੀਆਂ ਅੱਖਾਂ ਵਿੱਚ ਉਹ ਇੱਕ ਵਾਰ ਫਿਰ ਕਵੀ ਬਣਕੇ ਤੈਰਨ ਲੱਗਿਆ ਅਤੇ ਇਸਤੋ ਬਾਅਦ ਹੀ ਇਹ ਅਣਕਿਆਸੀ ਪ੍ਰਸੰਸ਼ਾ!
”ਅਤੇ ਹਾਂ, ਇਹ ਤਾਂ ਦੱਸ — ਭਾਵੇਂ ਗੱਲ ਕੁੱਝ ਅਟਪਟੀ ਜਿਹੀ ਹੈ — ਪਰ…”
”ਮੇਰੀ ਉਸ ਪਤਨੀ ਦਾ ਕੀ ਹਾਲ ਹੈ? ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਹੈ। ਦੋ ਸਾਲ ਪਹਿਲਾਂ ਸੁਣਿਆ ਸੀ ਕਿ ਉਹ ਕਾਕੇਸ਼ੀਆ ਦੇ ਕਿਸੇ ਸਕੂਲ ਵਿੱਚ ਪੜ੍ਹਾਉਂਦੀ ਹੈ। ਹੂੰ, ਉਹਨੂੰ ਯਾਦ ਕਰਦਿਆਂ ਤਾਂ ਝੁਣਝੁਣੀ ਜਿਹੀ ਆਉਂਦੀ ਹੈ। ਕੁੱਝ ਔਰਤਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਪਵਿੱਤਰਤਾ ਅਤੇ ਮੂਰਖਤਾ ਤੋਂ ਇੰਨਾ ਮੈਂ ਡਰ ਜਾਂਦਾ ਹਾਂ ਕਿ ਇਹਨੂੰ ਲੁਕਾਈ ਨਹੀਂ ਰੱਖ ਸਕਦਾ। ਮੇਰੀ ਪਤਨੀ ਵੀ ਬਿਲਕੁਲ ਉਸੇ ਤਰ੍ਹਾਂ ਦੀ ਔਰਤ ਹੈ। ਆਪਣੇ ਆਪ ‘ਤੇ ਇੰਨਾ ਤਰਸ ਮੈਨੂੰ ਕਦੇ ਨਹੀਂ ਆਇਆ ਜਿੰਨਾ ਉਸ ਵੇਲ਼ੇ ਜਦੋਂ ਮਂ ਉਹਨੂੰ ਪਛਾਣਿਆ ਕਿ ਉਹ ਕੀ ਹੈ। ਈਸਾ ਦੀ ਪੱਕੀ ਚੇਲੀ, ਨਿਮਰਤਾ ਨਾਲ਼ ਦੁੱਖ ਸਹਿਣ ਵਿੱਚ ਹੀ ਸੁਆਦ ਲੈਣ ਵਾਲ਼ੀ। ਬਿਲਕੁਲ ਅਸਹਿ! ਪਰ ਛੱਡ ਪਰ੍ਹਾਂ, ਚਾਹ ਵਿੱਚ ਕਿੰਨਾ ਵਕਤ ਲੱਗੇਗਾ?”
”ਕੋਈ ਬਹੁਤਾ ਸਮਾਂ ਨਹੀਂ, ਆਉਂਦੀ ਹੀ ਹੋਵੇਗੀ। ਪਰ ਇਹ ਤਾਂ ਦੱਸ ਕਿ ਹੁਣ ਤੂੰ ਇਕੱਲਾ ਏਂ?”
”ਛੜਾ! ਮਈ ਤੋਂ। ਪੂਰੀਆਂ ਸਰਦੀਆਂ ਇੱਕ ਫਰਿਸ਼ਤੇ ਨਾਲ਼ ਗੁਜ਼ਰੀਆਂ। ਉਹ ਵੀ ਇੱਕ ਵਿਲੱਖਣ ਮਾਮਲਾ ਸੀ, ਮੇਰੇ ਪੁਰਾਣੇ ਦੋਸਤ! ਉਹ ਮੇਰੀ ਪ੍ਰਤਿਭਾ ‘ਤੇ ਮਰਦੀ ਸੀ। ਉਹ ਨੰਨੀ ਜਿਹੀ ਲਾਟ ਸੀ ਅਤੇ ਪੜ੍ਹੀ-ਲਿਖੀ ਵੀ, ਪਰ ਦਿਮਾਗ਼ੋਂ ਪੈਦਲ। ਜਦੋਂ ਉਹਦਾ ਦਿਮਾਗ਼ ਹਿੱਲਦਾ ਤਾਂ ਸਾਰੀ ਪੜ੍ਹਾਈ ਭੁੱਲ ਜਾਂਦੀ। ਪਰ ਛੱਡ ਉਹਦੇ ਦਿਮਾਗ਼ ਨੂੰ। ਉਹਦਾ ਤਾਂ ਮੈਂ ਵੈਸੇ ਹੀ ਜ਼ਿਕਰ ਕਰ ਦਿੱਤਾ। ਸਾਡਾ ਦੋਵਾਂ ਦਾ ਅਚਾਨਕ ਮੇਲ਼ ਹੋ ਗਿਆ — ਘੱਟੋ-ਘੱਟ ਆਪਣੇ ਵੱਲੋਂ ਤਾਂ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ। ਇੱਕ ਪਿਕਨਿਕ ਦੌਰਾਨ ਇਹ ਘਟਨਾ ਵਾਪਰੀ, ਮੈਂ ਥੋੜੀ-ਬਹੁਤ ਪੀਤੀ ਹੋਈ ਸੀ। ਸ਼ੈਤਾਨ ਹੀ ਜਾਣਦਾ ਹੈ ਕਿ ਉਹ ਕਿਵੇਂ ਮੇਰੇ ਕਮਰੇ ਵਿੱਚ ਆ ਵੜੀ। ਸਵੇਰੇ ਜਦ ਮੈਂ ਉੱਠਿਆ ਤੇ ਅੱਖਾਂ ਮਲ਼ ਕੇ ਦੇਖਿਆ ਤਾਂ ਸ਼੍ਰੀਮਤੀ ਜੀ ਮੇਰੇ ਨਾਲ਼ ਮੌਜੂਦ! ਮੈਂ ਆਪਣੇ ਆਪ ਨੂੰ ਵਧਾਈ ਦਿੱਤੀ, ਕੱਪੜੇ ਪਾਏ ਅਤੇ ਇੰਤਜ਼ਾਰ ਕਰਨ ਲੱਗਾ ਕਿ ਅੱਗੇ ਕੀ ਹੁੰਦਾ ਹੈ।”
ਪਿਤਾ ਜੀ ਜ਼ੋਰ ਨਾਲ਼ ਹੱਸ ਰਹੇ ਸਨ। ਸ਼ੂਰਾ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਹਨਾਂ ਦੇ ਹਾਸੇ ਦੀ ਅਵਾਜ਼ ਉਹਦੇ ਅੰਦਰੋਂ ਕਿਸੇ ਚੀਜ਼ ਨੂੰ ਚਕਨਾਚੂਰ ਕਰ ਰਹੀ ਹੋਵੇ। ਉਹਦਾ ਦਿਲ ਬੁਰੀ ਤਰ੍ਹਾਂ ਕਰਾਹ ਉੱਠਿਆ।
”ਤੂੰ ਵੀ ਕਮਾਲ ਏਂ! ਤਾਂ ਫੇਰ ਅੱਗੇ ਕੀ ਹੋਇਆ?”
”ਫੇਰ ਉਹ ਉੱਠੀ ਤੇ ਰੋਣ ਲੱਗੀ। ਲੱਖਾਂ ਚੁੰਮਣਾਂ ਅਤੇ ਓਨੀਆਂ ਹੀ ਸੌਹਾਂ ਤੇ ਵਾਅਦਿਆਂ ਦਾ ਅੰਬਾਰ ਲੱਗ ਗਿਆ। ਦੀਨ-ਦੁਨੀਆਂ ਨੂੰ ਭੁੱਲ ਅਸੀਂ ਇੱਕ ਹਫਤੇ ਤੱਕ ਇੱਕ-ਦੂਜੇ ਨੂੰ ਖੂਬ ਮਾਣਿਆ। ਮੈਂ ਤਾਂ ਜਿਵੇਂ ਸੁੱਧ-ਬੁੱਧ ਹੀ ਗਵਾ ਬੈਠਾ।”
”ਤੇ ਉਹਦੇ ਮਾਂ-ਪਿਓ?”
”ਉਹਨਾਂ ਨੂੰ ਉਹਨੇ ਪਤਾ ਵੀ ਨਾ ਲੱਗਣ ਦਿੱਤਾ। ਫਿਰ ਹੌਲ਼ੀ-ਹੌਲ਼ੀ ਜੀਵਨ ਸਾਵੇਂ ਰਾਹਾਂ ‘ਤੇ ਆਉਣ ਲੱਗਾ ਤੇ ਦਖਲ ਦੇਣ ਲੱਗਾ। ਫਿਰ ਉਹ ਕਲ਼ੇਸ਼ ਸ਼ੁਰੂ ਹੋਇਆ ਜੀਹਦਾ ਸਿਰ-ਪੈਰ ਕੁੱਝ ਵੀ ਸਮਝ ਨਹੀਂ ਆਉਂਦਾ। ਸਭ ਤੋਂ ਪਹਿਲਾਂ ਤਾਂ ਉਹਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਚੋਗਾ — ਜਿਸ ‘ਤੇ ਜੇ ਵਧੇਰੇ ਨਹੀਂ ਤਾਂ ਮੈਂ ਪੈਂਹਟ ਰੂਬਲ ਖਰਚੇ ਸਨ — ਮੇਰੀਆਂ ਕੋਮਲ, ਅਦੁੱਤੀਆਂ ਤੇ ਮੋਹਕ ਕਵਿਤਾਵਾਂ ਨਾਲ਼ ਭੋਰਾ ਵੀ ਮੇਲ਼ ਨਹੀਂ ਖਾਂਦਾ। ਮੈਂ ਝਿੜਕਿਆਂ ਤਾਂ ਉਹਨੇ ਹੰਝੂ ਵਹਾਏ, ਚੰਗਾ ਹੀ ਤਮਾਸ਼ਾ ਬਣ ਗਿਆ। ਇਸ ਮਗਰੋਂ ਪਤਾ ਲੱਗਿਆ ਕਿ ਉਹ ਆਪਣੀ ਕਲਪਨਾ ਵਿੱਚ ਉਹ ਕਵੀ ਨੂੰ ਇੱਕ ਅਜਿਹਾ ਦੈਵੀ ਜੀਵ ਮੰਨਦੀ ਹੈ ਜੀਹਨੂੰ ਜਾਂ ਤਾਂ ਅਕਾਸ਼ ਵਿੱਚ ਵਿਚਰਨਾ ਚਾਹੀਦਾ ਹੈ ਜਾਂ ਫੇਰ ਉਹਦੇ ਦਿਲੇ ਵਿੱਚ ਬੰਦ ਰਹਿਣਾ ਚਾਹੀਦਾ ਹੈ। ਉਹਨੇ ਬਾਹਰ ਪੈਰ ਰੱਖਿਆ ਤੇ ਪੰਗਾ ਪਿਆ ਸਮਝੋ। ਹਾਏ, ਬੇੜਾ ਬੈਠੇ ਉਸ ਸ਼ੈਤਾਨੀ ਸਿੱਖਿਆ ਦਾ, ਜੋ ਸਾਡੀਆਂ ਔਰਤਾਂ ਦੇ ਦਿਮਾਗ਼ ਵਿੱਚ ਇਹ ਸਭ ਬੇਹੂਦਾ ਗੱਲਾਂ ਭਰਦੀ ਹੈ। ਫੇਰ ਲੜਾਈ, ਹੰਝੂ, ਮਾਂ ਬਣਨ ਦੇ ਇਸ਼ਾਰੇ, ਆਪਣੀ ਹਰ ਗੱਲ ਸਿਰ ਝੁਕਾ ਕੇ ਮੰਨੀ ਜਾਣ ਦੀ ਮੰਗ। ਮੈਂ ਉਹਤੋਂ ਖਹਿੜਾ ਛੁਡਾ ਕੇ ਭੱਜਿਆ ਤੇ ਉਹਨੂੰ ਲਿਖ ਭੇਜਿਆ — ‘ਕਵੀ ਸਭ ਕੁੱਝ ਛੱਡ ਸਕਦਾ ਹੈ, ਪਰ ਆਪਣੀ ਅਜ਼ਾਦੀ ਨਹੀਂ।”
”ਉਸ ਮਗਰੋਂ ਕੀ ਹੋਇਆ?” ਪਿਤਾ ਜੀ ਨੇ ਹੌਲ਼ੀ ਜਿਹੀ ਅਵਾਜ਼ ਵਿੱਚ ਪੁੱਛਿਆ।
”ਮੈਂ ਉਹਨੂੰ ਪੱਚੀ ਰੂਬਲ ਪ੍ਰਤੀ ਮਹੀਨਾ ਦੇ ਰਿਹਾ ਹਾਂ।”
ਸ਼ੂਰਾ ਨੂੰ ਠੰਡ ਮਹਿਸੂਸ ਹੋਈ ਅਤੇ ਉਹਦੇ ਰੋਮ-ਰੋਮ ਵਿੱਚ ਬਰਫੀਲੀ ਝਰਨਾਹਟ ਜਿਹੀ ਦੌੜ ਗਈ। ਪਰ ਉਹ ਅੱਖਾਂ ਪੂਰੀ ਤਰ੍ਹਾਂ ਅੱਡੀ ਖਿੜਕੀ ਤੋਂ ਬਾਹਰ ਦੇਖਦੀ ਰਹੀ।
”ਤਾਂ ਇਹ ਵਜ੍ਹਾ ਹੈ ਕਿ ਪਿਛਲੇ ਅਰਸੇ ਤੋਂ ਤੇਰੀਆਂ ਕਵਿਤਾਵਾਂ ਨਿਰਾਸ਼ਾ ਵਿੱਚ ਇੰਨੀਆਂ ਜ਼ਿਆਦਾ ਡੁੱਬੀਆਂ ਨਜ਼ਰ ਆਉਂਦੀਆਂ ਨੇ!”
”ਕੀ ਤੂੰ ਮੇਰੀ ਉਹ ਰਚਨਾ ਪੜੀ ਹੈ — ‘ਯਾਦਾਂ ਦੀ ਵਚਿੱਤਰ ਭੀੜ ਚੈਨ ਨਹੀਂ ਆਉਣ ਦਿੰਦੀ ਰਾਤ ਦੇ ਹਨੇਰੇ ਵਿੱਚ!?”
”ਹਾਂ, ਕਿਉਂ?”
”ਉਸ ਵਿੱਚ ਮੈਂ ਆਪਣੀ ਉਦਾਸੀ ਦਾ, ਉਸ ਮੂਰਖਤਾਪੂਰਨ ਕਹਾਣੀ ਦੀਆਂ ਯਾਦਾਂ ਦਾ ਵਰਨਣ ਕੀਤਾ ਹੈ।”
”ਵਰਨਣ ਬਹੁਤਾ ਵਧੀਆ ਕੀਤਾ ਗਿਆ ਹੈ,” ਪਿਤਾ ਜੀ ਨੇ ਹਉਂਕਾ ਭਰਦਿਆਂ ਕਿਹਾ, ” ‘ਦਿਲ ਦੇ ਅਹਿਸਾਸਾਂ ਦੀ ਧੁੰਦਲੀ ਕਸੀਦਾਕਾਰੀ’ ਦਾ ਚਿਤਰਣ ਕਰਨ ਦਾ ਤੂੰ ਸ਼ੁਰੂ ਤੋਂ ਹੀ ਉਸਤਾਦ ਏਂ।”
”ਇਹਤੋਂ ਪਤਾ ਲਗਦਾ ਹੈ ਕਿ ਤੂੰ ਮੇਰੀਆਂ ਰਚਨਾਵਾਂ ਪੜ੍ਹਦੈਂ।”
”ਹਾਂ, ਬਹੁਤ ਸਾਰੀਆਂ। ਖੁਸ਼ਮਾਦ ਵਾਲ਼ੀ ਗੱਲ ਨਹੀਂ ਹੈ, ਤੇਰੀਆਂ ਕਵਿਤਾਵਾਂ ਸੱਚੀਂ ਹੀ ਦਿਲ ਨੂੰ ਛੋਹਣ ਵਾਲ਼ੀਆਂ ਹੁੰਦੀਆਂ ਨੇ।”
”ਧੰਨਵਾਦ। ਬਹੁਤ ਥੋੜੇ ਲੋਕ ਅਜਿਹਾ ਕਹਿੰਦੇ ਨੇ, ਭਾਵੇਂ ਸੱਚ ਪੁੱਛੋਂ ਤਾਂ ਮੈਂ ਜਾਣਦਾ ਹਾਂ ਕਿ ਮੈਂ ਇਸ ਪ੍ਰਸ਼ੰਸ਼ਾ ਦਾ ਹੱਕਦਾਰ ਹਾਂ।”
”ਬੇਸ਼ੱਕ, ਮੇਰੇ ਪੁਰਣੇ ਦੋਸਤ। ਚਲੋ, ਚੱਲ ਕੇ ਚਾਹ ਪੀਤੀ ਜਾਵੇ।”
”ਦੇਖੋ ਨਾ, ਅੱਜਕੱਲ੍ਹ ਕੌਣ ਅਤੇ ਕਿਹੋ-ਜਿਹੇ ਲੋਕ ਲਿਖ ਰਹੇ ਨੇ ਅਤੇ ਕੀ ਲਿਖ ਰਹੇ ਨੇ! ਉਹ ਕਵੀ ਨਹੀਂ, ਗਿਰਝਾਂ ਨੇ। ਉਹ ਭਾਸ਼ਾ ਦੀ ਜਾਨ ਕੱਢ ਦਿੰਦੇ ਨੇ ਤੇ ਉਹਦਾ ਸੱਤਿਆਨਾਸ ਕਰ ਦਿੰਨੇ ਨੇ। ਮੈਂ ਉਹਨੂੰ ਦਿਲ ਵਿੱਚ ਚਿਣ ਕੇ ਰੱਖਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ …”
ਸ਼ੂਰਾ ਨੇ ਉਹਨਾਂ ਦੋਵਾਂ ਨੂੰ ਬਾਗ਼ ਵਿੱਚੋਂ ਇਕੱਠੇ ਜਾਂਦਿਆਂ ਦੇਖਿਆ। ਪਿਤਾ ਜੀ ਨੇ ਆਪਣੀ ਬਾਂਹ ਕਵੀ ਦੇ ਲੱਕ ਦੁਆਲ਼ੇ ਵਲ਼ੀ ਹੋਈ ਸੀ। ਉਹਨਾਂ ਦੀਆਂ ਅਵਾਜ਼ਾਂ ਮੱਧਮ ਪੈਂਦੀਆਂ ਹੋਈਆਂ ਸੁਣਨੋਂ ਹਟ ਗਈਆਂ।
ਸ਼ੂਰਾ ਨੇ ਹੌਲ਼ੀ-ਹੌਲ਼ੀ ਆਪਣਾ ਸਰੀਰ ਸਿੱਧਾ ਕੀਤਾ, ਜਿਵੇਂ ਕਿਸੇ ਭਾਰੀ ਚੀਜ਼ ਉਹਨੂੰ ਹੇਠਾਂ ਵੱਲ ਧੱਕ ਰਹੀ ਹੋਵੇ ਤੇ ਉਹਦੇ ਲਈ ਹਿੱਲ-ਜੁੱਲ ਕਰਨਾ ਔਖਾ ਹੋ ਗਿਆ ਹੋਵੇ।
”ਸ਼ੂਰਾ, ਆਜਾ। ਚਾਹ ਤਿਆਰ ਹੈ,” ਮਾਂ ਨੇ ਅਵਾਜ਼ ਮਾਰੀ।
ਉਹ ਉੱਠ ਕੇ ਖੜੀ ਹੋਈ ਅਤੇ ਦਰਵਾਜ਼ੇ ਵੱਲ ਚੱਲ ਪਈ। ਸ਼ੀਸ਼ੇ ਕੋਲ਼ੋਂ ਲੰਘਦਿਆਂ ਉਹਨੇ ਦੇਖਿਆ ਕਿ ਉਹਦਾ ਚਿਹਰਾ ਪੀਲ਼ਾ ਤੇ ਖਿੱਚਿਆ ਪਿਆ ਸੀ ਅਤੇ ਉਹਦੇ ‘ਤੋਂ ਡਰ ਝਲਕ ਰਿਹਾ ਸੀ। ਉਹਦੀਆਂ ਅੱਖਾਂ ‘ਤੇ ਜਿਵੇਂ ਧੁੰਦ ਦੀ ਚਾਦਰ ਜਿਹੀ ਪਸਰ ਗਈ ਹੋਵੇ। ਜਦੋਂ ਉਹ ਖਾਣ-ਕਮਰੇ ਅੰਦਰ ਦਾਖ਼ਲ ਹੋਈ ਤਾਂ ਜਾਣ-ਪਛਾਣੇ ਚਿਹਰੇ ਉਹਨੂੰ ਅਕਾਰਹੀਣ ਸਫੈਦ ਧੱਬਿਆਂ ਵਾਂਗ ਦਿਸੇ।
”ਮੈਂ ਉਮੀਦ ਕਰਦਾ ਹਾਂ ਕਿ ਹੁਣ ਤੂੰ ਮੇਰੇ ਨਾਲ਼ ਨਰਾਜ਼ ਨਹੀਂ ਹੋਏਂਗੀ,” ਕਵੀ ਦੀ ਅਵਾਜ਼ ਆਈ।
ਉਹ ਕੁੱਝ ਨਾ ਬੋਲੀ ਤੇ ਉਹਦੇ ਵਿਰਲੇ ਵਾਲ਼ਾਂ ਵਾਲ਼ੇ ਸਿਰ ‘ਤੇ ਨਿਗ੍ਹਾ ਟਿਕਾਈ ਇਹ ਸੋਚਣ ਲੱਗੀ ਕਿ ਇਹ ਆਦਮੀ ਉਸ ਵੇਲ਼ੇ ਕਿਹੋ ਜਿਹਾ ਲਗਦਾ ਸੀ ਜਦੋਂ ਉਹ ਉਹਦੀਆਂ ਕਵਿਤਾਵਾਂ ਪੜ੍ਹਦੀ ਸੀ ਅਤੇ ਉਹਨੂੰ ਦੇਖਿਆ ਨਹੀਂ ਸੀ।
”ਸ਼ੂਰਾ, ਤੂੰ ਜਵਾਬ ਕਿਉਂ ਨਹੀਂ ਦਿੰਦੀ? ਇਹ ਤਾਂ ਬਦਤਮੀਜ਼ੀ ਹੈ!” ਪਿਤਾ ਨੇ ਚੀਖ ਕੇ ਕਿਹਾ।
”ਤੁਸੀਂ ਸਾਰੇ ਮੇਰੇ ਕੋਲ਼ੋਂ ਕੀ ਚਾਹੁੰਦੇ ਹੋ?” ਉਹ ਚੀਖ ਪਈ ਤੇ ਉੱਛਲ਼ ਕੇ ਖੜੀ ਹੋ ਗਈ, ”ਮੇਰੀ ਜਾਨ ਬਖ਼ਸ਼ੋ! ਪਖੰਡੀ ਕਿਤੋਂ ਦੇ।”
ਸਿਸਕੀਆਂ ਭਰਦੀ ਹੋਈ ਉਹ ਖਾਣ-ਕਮਰੇ ਵਿੱਚੋਂ ਬਾਹਰ ਭੱਜ ਗਈ।
”ਪਖੰਡੀ!” ਉਹ ਦੁਬਾਰਾ ਪਾਗਲਾਂ ਵਾਂਗ ਚੀਕੀ।
ਕਈ ਮਿੰਟ ਤੱਕ ਚਾਰੇ ਜਣੇ, ਜੋ ਮੇਜ਼ ਦੁਆਲ਼ੇ ਚੁੱਪ-ਚਾਪ ਬੈਠੇ ਸਨ, ਇੱਕ-ਦੂਜੇ ਦੇ ਮੂੰਹ ਵੱਲ ਹੈਰਾਨੀ ਨਾਲ਼ ਦੇਖਦੇ ਰਹੇ। ਫਿਰ ਸ਼ੂਰਾ ਦੀ ਮਾਂ ਅਤੇ ਚਾਚੀ ਉੱਠ ਕੇ ਬਾਹਰ ਚਲੀਆਂ ਗਈਆਂ।
”ਕਿਤੇ ਉਹਨੇ ਸਾਡੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ?” ਪਿਤਾ ਨੇ ਕਵੀ ਨੂੰ ਪੁੱਛਿਆ।
”ਛੱਡ ਪਰ੍ਹਾਂ, ਢੱਠੇ ਖੂਹ ਵਿੱਚ ਜਾਵੇ ਇਹ ਸਭ!” ਉਹਨੇ ਘਬਰਾਹਟ ਵਿੱਚ ਕਿਹਾ ਤੇ ਬੇਚੈਨੀ ਨਾਲ਼ ਆਪਣੇ ਕੁਰਸੀ ਵਿੱਚ ਉੱਸਲ਼-ਵੱਟੇ ਲੈਣ ਲੱਗਾ।
ਮਾਂ ਵਾਪਸ ਆ ਗਈ।
”ਉਹ ਰੋ ਰਹੀ ਹੈ,” ਉਹਨਾਂ ਦੀਆਂ ਸਵਾਲੀਆ ਨਜ਼ਰਾਂ ਦਾ ਜਵਾਬ ਦਿੰਦੇ ਹੋਏ ਉਹਨੇ ਮੋਢੇ ਹਿਲਾ ਕੇ ਕਿਹਾ।
(ਅਨੁਵਾਦ: ਗੁਰਪ੍ਰੀਤ)