Karamat (Punjabi Story) : Kartar Singh Duggal

ਕਰਾਮਾਤ (ਕਹਾਣੀ) : ਕਰਤਾਰ ਸਿੰਘ ਦੁੱਗਲ

“…ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖ਼ਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜ਼ਰੀਂ ਨਹੀਂ ਸੀ ਆਉਂਦਾ।”
“ਤੇ ਫਿਰ ਅੰਮੀ,” ਮੈਂ ਹੁੰਗਾਰਾ ਭਰਿਆ।

“ਬਾਬਾ ਨਾਨਕ ਅਪਣੇ ਧਿਆਨ ਵਿਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ। ਪਰ ਓਥੇ ਪਾਣੀ ਕਿਥੇ! ਬਾਬੇ ਨੇ ਕਿਹਾ, “ਮਰਦਾਨਿਆ ਸਬਰ ਕਰ ਲੈ, ਅਗਲੇ ਪਿੰਡ ਜਾ ਕੇ ਤੂੰ ਜਿਤਨਾ ਤੇਰਾ ਜੀਅ ਕਰੇ ਪਾਣੀ ਪੀ ਲਵੀਂ।” ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ। ਬਾਬਾ ਨਾਨਕ ਇਹ ਸੁਣ ਕੇ ਫ਼ਿਕਰਮੰਦ ਹੋਏ। ਇਸ ਜੰਗਲ ਵਿਚ ਪਾਣੀ ਤਾਂ ਦੂਰ-ਦੂਰ ਤਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ, ਤਾਂ ਸਭ ਲਈ ਬੜੀ ਮੁਸ਼ਕਿਲ ਕਰ ਦਿੰਦਾ ਸੀ। ਬਾਬੇ ਫੇਰ ਸਮਝਾਇਆ, “ਮਰਦਾਨਿਆ ! ਇਥੇ ਪਾਣੀ ਕਿਤੇ ਵੀ ਨਹੀਂ, ਤੂੰ ਸਬਰ ਕਰ ਲੈ, ਰੱਬ ਦਾ ਭਾਣਾ ਮੰਨ।” ਪਰ ਮਰਦਾਨਾ ਤਾਂ ਉਥੇ ਦਾ ਉਥੇ ਹੀ ਬੈਠ ਗਿਆ। ਇਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ। ਬਾਬਾ ਡਾਢਾ ਜਿਚ ਪਿਆ। ਗੁਰੂ ਨਾਨਕ ਮਰਦਾਨੇ ਦੀ ਜ਼ਿਦ ਨੂੰ ਵੇਖ ਮੁੜ ਮੁਸਕਰਾਉਂਦੇ, ਹੈਰਾਨ ਪਏ ਹੁੰਦੇ। ਆਖ਼ਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੌਲੀ ਤੇ ਆਉਂਦੇ ਨਾ ਵੇਖਿਆ, ਤਾਂ ਉਹ ਅੰਤਰ-ਧਿਆਨ ਹੋ ਗਏ। ਜਦੋਂ ਗੁਰੂ ਨਾਨਕ ਦੀ ਅੱਖ ਖੁੱਲ੍ਹੀ ਮਰਦਾਨਾ ਮੱਛੀ ਵਾਂਗ ਤੜਫ ਰਿਹਾ ਸੀ। ਸਤਿਗੁਰੂ ਉਸਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, “ਭਾਈ ਮਰਦਾਨਿਆ! ਇਸ ਪਹਾੜੀ ਉੱਤੇ ਇਕ ਕੁਟੀਆ ਹੈ, ਜਿਸ ਵਿਚ ਵਲੀ ਕੰਧਾਰੀ ਨਾਂ ਦਾ ਦਰਵੇਸ਼ ਰਹਿੰਦਾ ਹੈ। ਜੇ ਤੂੰ ਉਹਦੇ ਕੋਲ ਜਾਏਂ, ਤਾਂ ਤੈਨੂੰ ਪਾਣੀ ਮਿਲ ਸਕਦਾ ਹੈ। ਇਸ ਇਲਾਕੇ ਵਿਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ ਹੈ, ਹੋਰ ਕਿਤੇ ਵੀ ਪਾਣੀ ਨਹੀਂ।”
“ਤੇ ਫਿਰ ਅੰਮੀ,” ਮੈਂ ਬੇਚੈਨ ਹੋ ਰਿਹਾ ਸਾਂ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ ।

“ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ, ਸੁਣਦਿਆਂ-ਸਾਰ ਪਹਾੜੀ ਵਲ ਦੌੜ ਪਿਆ। ਕੜਕਦੀ ਦੁਪਹਿਰ, ਉਧਰੋਂ ਪਿਆਸ, ਉਧਰੋਂ ਪਹਾੜੀ ਦਾ ਸਫ਼ਰ, ਸਾਹੋ-ਸਾਹੀ, ਪਸੀਨੋ-ਪਸੀਨਾ ਹੋਇਆ ਮਰਦਾਨਾ ਬੜੀ ਮੁਸ਼ਕਿਲ ਨਾਲ ਪਹਾੜੀ ਉੱਤੇ ਪੁੱਜਾ। ਵਲੀ ਕੰਧਾਰੀ ਨੂੰ ਸਲਾਮ ਕਰ ਉਸਨੇ ਪਾਣੀ ਲਈ ਬੇਨਤੀ ਕੀਤੀ। ਵਲੀ ਕੰਧਾਰੀ ਨੇ ਖੂਹ ਵੱਲ ਇਸ਼ਾਰਾ ਕੀਤਾ। ਜਦੋਂ ਮਰਦਾਨਾ ਖੂਹ ਵੱਲ ਜਾਣ ਲੱਗਾ, ਤਾਂ ਵਲੀ ਕੰਧਾਰੀ ਦੇ ਮਨ ਵਿਚ ਕੁਝ ਆਇਆ ਤੇ ਉਸਨੇ ਮਰਦਾਨੇ ਤੋਂ ਪੁੱਛਿਆ, ‘ਭਲੇ ਲੋਕ ਤੂੰ ਕਿਥੋਂ ਆਇਆ ਏਂ?’ ਮਰਦਾਨੇ ਕਿਹਾ, ‘ਮੈਂ ਨਾਨਕ ਪੀਰ ਦਾ ਸਾਥੀ ਹਾਂ। ਅਸੀਂ ਤੁਰਦੇ-ਤੁਰਦੇ ਇਧਰ ਆ ਨਿਕਲੇ ਹਾਂ। ਮੈਨੂੰ ਪਿਆਸ ਡਾਢੀ ਲੱਗੀ ਹੈ ਤੇ ਹੇਠਾਂ ਕਿਤੇ ਪਾਣੀ ਨਹੀਂ।’ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕ੍ਰੋਧ ਆ ਗਿਆ ਤੇ ਉਸ ਮਰਦਾਨੇ ਨੂੰ ਅਪਣੀ ਕੁਟੀਆ ਵਿੱਚੋਂ ਉਂਜ ਦਾ ਉਂਜ ਬਾਹਰ ਕੱਢ ਦਿੱਤਾ। ਥੱਕਿਆ-ਹਾਰਿਆ ਮਰਦਾਨਾ ਹੇਠ ਬਾਬੇ ਨਾਨਕ ਕੋਲ ਆ ਕੇ ਫ਼ਰਿਆਦੀ ਹੋਇਆ। ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਏ, ‘ਮਰਦਾਨਿਆ! ਤੂੰ ਇਕ ਵਾਰ ਫੇਰ ਜਾ’, ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ। ‘ਇਸ ਵਾਰ ਤੂੰ ਨਿਮਰਤਾ ਨਾਲ ਝਿੱਕਾ ਦਿਲ ਲੈ ਕੇ ਜਾ। ਕਹੀਂ, ਮੈਂ ਨਾਨਕ ਦਰਵੇਸ਼ ਦਾ ਸਾਥੀ ਹਾਂ।’ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਸੀ। ਪਾਣੀ ਹੋਰ ਕਿਤੇ ਹੈ ਨਹੀਂ ਸੀ । ਖਪਦਾ, ਕ੍ਰਿਝਦਾ, ਸ਼ਿਕਾਇਤ ਕਰਦਾ ਫੇਰ ਉੱਤੇ ਤੁਰ ਪਿਆ। ਪਰ ਪਾਣੀ ਵਲੀ ਕੰਧਾਰੀ ਨੇ ਫੇਰ ਨਾ ਦਿੱਤਾ। “ਮੈਂ ਇਕ ਕਾਫ਼ਰ ਦੇ ਸਾਥੀ ਨੂੰ ਪਾਣੀ ਦੀ ਚੁੱਲੀ ਵੀ ਨਹੀਂ ਦਿਆਂਗਾ।’ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜ ਦਾ ਉਂਜ ਮੋੜ ਦਿੱਤਾ। ਜਦੋਂ ਮਰਦਾਨਾ ਇਸ ਵਾਰ ਹੇਠ ਆਇਆ, ਤਾਂ ਉਸਦਾ ਬੁਰਾ ਹਾਲ ਸੀ। ਉਸਦੇ ਹੋਠਾਂ ਉੱਤੇ ਪੇਪੜੀ ਜੰਮੀ ਹੋਈ ਸੀ। ਮੂੰਹ ਉੱਤੇ ਤਰੇਲੀਆਂ ਛੁਟੀਆਂ ਹੋਈਆਂ ਸਨ। ਇੰਜ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕਿ ਪਲ। ਬਾਬੇ ਨਾਨਕਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿ ਕੇ ਇਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਹਾ। ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ। ਪਰ ਉਸਨੂੰ ਪਤਾ ਸੀ ਕਿ ਉਸਦੀ ਜਾਨ ਰਸਤੇ ਵਿਚ ਹੀ ਕਿਤੇ ਨਿਕਲ ਜਾਵੇਗੀ। ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾਂ ਵਿਚ ਜਾ ਡਿੱਗਾ। ਕਰੋਧ ਵਿਚ ਬਲ ਰਹੇ ਫ਼ਕੀਰ ਨੇ ਉਸਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ। ‘ਨਾਨਕ ਅਪਣੇ ਆਪ ਨੂੰ ਪੀਰ ਅਖਵਾਉਂਦਾ ਹੈ, ਤਾਂ ਆਪਣੇ ਮੁਰੀਦ ਨੂੰ ਪਾਣੀ ਦਾ ਘੁਟ ਨਹੀਂ ਪਿਲਾ ਸਕਦਾ?’ ਵਲੀ ਕੰਧਾਰੀ ਨੇ ਲੱਖ-ਲੱਖ ਸੁਣਾਵਤਾਂ ਸੁੱਟੀਆਂ। ਮਰਦਾਨਾ ਇਸ ਵਾਰ ਜਦੋਂ ਹੇਠ ਪੁੱਜਾ, ਪਿਆਸ ਵਿਚ ਬਿਹਬਲ ਬਾਬੇ ਨਾਨਕ ਦੇ ਚਰਨਾਂ ਵਿਚ ਉਹ ਬੇਹੋਸ਼ ਹੋ ਗਿਆ। ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ। ਉਸਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲ੍ਹੀ, ਬਾਬੇ ਨੇ ਉਸਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ। ਮਰਦਾਨੇ ਨੇ ਪੱਥਰ ਪੁੱਟਿਆ ਤੇ ਹੇਠੋਂ ਪਾਣੀ ਦਾ ਝਰਨਾ ਫੁਟ ਨਿਕਲਿਆ। ਜਿਵੇਂ ਨਹਿਰ ਪਾਣੀ ਦੀ ਵਗਣ ਲਗ ਪਈ! ਤੇ ਵੇਖਦਿਆਂ- ਵੇਖਦਿਆਂ ਚਹੁੰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਇੰਨੇ ਵਿਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ। ਖੂਹ ਵਿਚ ਵੇਖੇ, ਤਾਂ ਪਾਣੀ ਦੀ ਇਕ ਸਿਪ ਵੀ ਨਹੀਂ ਸੀ। ਵਲੀ ਕੰਧਾਰੀ ਡਾਢਾ ਅਸਚਰਜ ਹੋਇਆ। ਤੇ ਹੇਠ ਪਹਾੜੀ ਦੇ ਕਦਮਾਂ ਵਿਚ ਕੱਠੇ ਵਗ ਰਹੇ ਸਨ; ਚਸ਼ਮੇ ਫੁੱਟੇ ਹੋਏ ਸਨ। ਦੂਰ ਬਹੁਤ ਦੂਰ ਕਿੱਕਰ ਹੇਠ ਵਲੀ ਕੰਧਾਰੀ ਨੇ ਵੇਖਿਆ, ਬਾਬਾ ਨਾਨਕ ਤੇ ਉਸਦਾ ਸਾਥੀ ਬੈਠੇ ਸਨ। ਗ਼ੁੱਸੇ ਵਿਚ ਆ ਕੇ ਵਲੀ ਨੇ ਚੱਟਾਨ ਦੇ ਇਕ ਟੁਕੜੇ ਨੂੰ ਅਪਣੇ ਪੂਰੇ ਜ਼ੋਰ ਨਾਲ ਉੱਤੋਂ ਰੇੜ੍ਹਿਆ। ਇੰਜ ਪਹਾੜੀ ਦੀ ਪਹਾੜੀ ਨੂੰ ਅਪਣੀ ਵਲ ਰਿੜ੍ਹਦੀ ਆਉਂਦੀ ਵੇਖ ਮਰਦਾਨਾ ਚਿਚਲਾ ਉੱਠਿਆ। ਬਾਬੇ ਨਾਨਕ ਨੇ ਠਰ੍ਹੰਮੇ ਨਾਲ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿਣ ਲਈ ਕਿਹਾ ਤੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ, ਗੁਰੂ ਨਾਨਕ ਨੇ ਉਸਨੂੰ ਹੱਥ ਦੇ ਕੇ ਅਪਣੇ ਪੰਜੇ ਨਾਲ ਰੋਕ ਲਿਆ। ਤੇ ਹਸਨ ਅਬਦਾਲ ਵਿਚ, ਜਿਸਦਾ ਨਾਂ ਹੁਣ ਪੰਜਾ ਸਾਹਿਬ ਹੈ, ਅਜੇ ਤੀਕ ਪਹਾੜੀ ਦੇ ਟੁੱਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੋਇਆ ਹੈ।”

ਮੈਨੂੰ ਇਹ ਸਾਖੀ ਡਾਢੀ ਚੰਗੀ ਲਗ ਰਹੀ ਸੀ। ਪਰ ਜਦੋਂ ਮੈਂ ਇਹ ਹੱਥ ਨਾਲ ਪਹਾੜੀ ਰੋਕਣ ਵਾਲੀ ਗੱਲ ਸੁਣੀ, ਤਾਂ ਮੇਰੇ ਮੂੰਹ ਦਾ ਸੁਆਦ ਫਿੱਕਾ-ਜਿਹਾ ਹੋ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਏ? ਤੇ ਪਹਾੜੀ ਵਿਚ ਅਜੇ ਤੀਕ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ! ਮੈਨੂੰ ਜ਼ਰਾ ਨਾ ਇਤਬਾਰ ਆਉਂਦਾ। “ਬਾਅਦ ਵਿਚ ਕਿਸੇ ਨੇ ਖੁਣ ਦਿੱਤਾ ਹੋਣਾ ਏ।” ਮੈਂ ਅਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ। ਮੈਂ ਇਹ ਤੇ ਮੰਨ ਸਕਦਾ ਸਾਂ ਕਿ ਪੱਥਰ ਹੇਠੋਂ ਪਾਣੀ ਫੁਟ ਆਵੇ। ਸਾਇੰਸ ਨੇ ਕਈ ਤਰੀਕੇ ਕੱਢੇ ਹਨ, ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਸਦਾ ਪਤਾ ਲਾਇਆ ਜਾ ਸਕਦਾ ਹੈ, ਪਰ ਕਿਸੇ ਇਨਸਾਨ ਦਾ ਰਿੜ੍ਹੀ ਆ ਰਹੀ ਪਹਾੜੀ ਨੂੰ ਰੋਕ ਲੈਣਾ, ਮੈਂ ਇਹ ਨਹੀਂ ਮੰਨ ਸਕਦਾ ਸਾਂ। ਮੈਂ ਨਹੀਂ ਮੰਨਦਾ ਸਾਂ ਤੇ ਮੇਰੀ ਮਾਂ ਮੇਰੇ ਮੂੰਹ ਵਲ ਵੇਖ ਕੇ ਚੁੱਪ ਕਰ ਗਈ।
“ਕੋਈ ਰਿੜ੍ਹੀ ਆ ਰਹੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ?” ਮੈਨੂੰ ਜਦੋਂ ਵੀ ਇਸ ਸਾਖੀ ਦਾ ਖ਼ਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ।
ਕਈ ਵਾਰੀ ਗੁਰਦੁਆਰੇ ਵਿਚ ਇਹ ਸਾਖੀ ਸੁਣਾਈ ਗਈ। ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ ਸਿਰ ਮਾਰਦਾ ਰਹਿੰਦਾ। ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ।
ਇਕ ਵਾਰ ਇਹ ਸਾਖੀ ਸਾਨੂੰ ਸਕੂਲ ਵਿਚ ਸੁਣਾਈ ਗਈ। ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੇ ਹਿੱਸੇ ਉੱਤੇ ਮੈਂ ਅਪਣੇ ਉਸਤਾਦ ਨਾਲ ਬਹਿਸਣ ਲੱਗ ਪਿਆ।
“ਕਰਨੀ ਵਾਲੇ ਲੋਕਾਂ ਲਈ ਕੋਈ ਗੱਲ ਮੁਸ਼ਕਲ ਨਹੀਂ ਹੁੰਦੀ।” ਸਾਡੇ ਉਸਤਾਦ ਨੂੰ ਮੈਨੂੰ ਕਿਹਾ ਤੇ ਫੇਰ ਮੈਨੂੰ ਚੁਪ ਕਰਵਾ ਦਿੱਤਾ।
ਮੈਂ ਚੁਪ ਹੋ ਗਿਆ, ਪਰ ਮੈਨੂੰ ਇਤਬਾਰ ਨਹੀਂ ਸੀ ਆਉਂਦਾ। ਆਖ਼ਰ ਪਹਾੜੀ ਨੂੰ ਕਿਵੇਂ ਕੋਈ ਰੋਕ ਸਕਦਾ ਹੈ? ਮੇਰਾ ਜੀਅ ਚਾਹੁੰਦਾ ਮੈਂ ਜ਼ੋਰ-ਜ਼ੋਰ ਦੀ ਚੀਖ ਕੇ ਕਵ੍ਹਾਂ।
ਬਹੁਤ ਦਿਨ ਨਹੀਂ ਸਨ ਗੁਜ਼ਰੇ ਕਿ ਅਸੀਂ ਸੁਣਿਆ, ਪੰਜੇ ਸਾਹਿਬ ‘ਸਾਕਾ’ ਹੋ ਗਿਆ ਹੈ। ਉਨ੍ਹਾਂ ਦਿਨਾਂ ਵਿਚ ‘ਸਾਕੇ’ ਬੜੇ ਹੁੰਦੇ ਸਨ। ਜਦੋਂ ਵੀ ਕੋਈ ‘ਸਾਕਾ’ ਹੁੰਦਾ ਮੈਂ ਸਮਝ ਲੈਂਦਾ, ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਤੇ ਰਾਤ ਨੂੰ ਭੁੰਜੇ ਸੌਣਾ ਪਵੇਗਾ। ਪਰ ਇਹ ‘ਸਾਕਾ’ ਹੁੰਦਾ ਕੀ ਏ, ਇਹ ਮੈਨੂੰ ਨਹੀਂ ਸੀ ਪਤਾ।

ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ। ਜਦੋਂ ਇਸ ‘ਸਾਕੇ’ ਦੀ ਖ਼ਬਰ ਆਈ, ਮੇਰੇ ਮਾਂ ਜੀ ਪੰਜਾ ਸਾਹਿਬ ਲਈ ਤੁਰ ਪਏ। ਨਾਲ ਮੈਂ ਸਾਂ, ਮੈਥੋਂ ਨਿੱਕੀ ਭੈਣ ਸੀ। ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਹੀਂ ਸੁੱਕੀ। ਅਸੀਂ ਹੈਰਾਨ ਸਾਂ, ਇਹ ‘ਸਾਕਾ’ ਹੁੰਦਾ ਕੀ ਏ।
ਤੇ ਜਦੋਂ ਪੰਜਾ ਸਾਹਿਬ ਪੁੱਜੇ, ਅਸੀਂ ਇਕ ਅਜੀਬ ਕਹਾਣੀ ਸੁਣੀ।
ਦੂਰ ਕਿਤੇ ਇਕ ਸ਼ਹਿਰ ਵਿਚ ਫ਼ਰੰਗੀ ਨੇ ਨਿਹੱਥੇ ਹਿੰਦੁਸਤਾਨੀਆਂ ਉੱਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਸੁੱਟਿਆ ਸੀ। ਮਰਨ ਵਾਲਿਆਂ ਵਿਚ ਨੌਜਵਾਨ ਵੀ ਸਨ, ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਨ੍ਹਾਂ ਨੂੰ ਗੱਡੀ ਵਿਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ ਵਿਚ ਭੇਜਿਆ ਜਾ ਰਿਹਾ ਸੀ। ਕੈਦੀ ਭੁੱਖੇ ਸਨ, ਪਿਆਸੇ ਸਨ। ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿਚ ਕਿਤੇ ਵੀ ਨਾ ਠਹਿਰਾਇਆ ਜਾਵੇ। ਜਦੋਂ ਪੰਜਾ ਸਾਹਿਬ ਇਹ ਖ਼ਬਰ ਪੁੱਜੀ, ਜਿਸ ਕਿਸੇ ਨੇ ਸੁਣਿਆ ਲੋਕਾਂ ਨੂੰ ਚਾਰੇ ਕਪੜੇ ਅੱਗ ਲਗ ਗਈ। ਪੰਜਾ ਸਾਹਿਬ ਜਿਥੇ ਬਾਬਾ ਨਾਨਕ ਨੇ ਆਪ ਮਰਦਾਨੇ ਦੀ ਪਿਆਸ ਬੁਝਾਈ ਸੀ, ਉਸ ਸ਼ਹਿਰ ਤੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਘ ਜਾਏ; ਭੁੱਖਿਆਂ ਦੀ ਲੰਘ ਜਾਏ; ਮਜ਼ਲੂਮਾਂ ਦੀ ਲੰਘ ਜਾਏ; ਇਹ ਕਿਵੇਂ ਹੋ ਸਕਦਾ ਸੀ? ਤੇ ਫ਼ੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਏਗਾ। ਸਟੇਸ਼ਨ ਮਾਸਟਰ ਨੂੰ ਅਰਜ਼ੀ ਪਾਈ ਗਈ, ਟੈਲੀਫ਼ੂਨਾਂ ਖੜਕੀਆਂ, ਤਾਰਾਂ ਗਈਆਂ; ਪਰ ਫ਼ਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿਚ ਕਿਤੇ ਨਹੀਂ ਖੜ੍ਹੀ ਕੀਤੀ ਜਾਏਗੀ। ਤੇ ਗੱਡੀ ਵਿਚ ਆਜ਼ਾਦੀ ਦੇ ਪਰਵਾਨੇ, ਦੇਸ਼ ਭਗਤ ਹਿੰਦੀ ਭੁੱਖੇ ਸਨ, ਉਨ੍ਹਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਉਨ੍ਹਾਂ ਲਈ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ। ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ। ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫ਼ੈਸਲਾ ਅਟੱਲ ਸੀ ਕਿ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ। ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ, ਖੀਰਾਂ ਦੇ, ਪੂੜਿਆਂ ਦੇ, ਦਾਲਾਂ ਦੇ ਢੇਰ ਲਾ ਦਿੱਤੇ।

ਪਰ ਗੱਡੀ ਤਾਂ ਹਨੇਰੀ ਦੀ ਤਰ੍ਹਾਂ ਆਵੇਗੀ ਤੇ ਤੂਫ਼ਾਨ ਦੀ ਤਰ੍ਹਾਂ ਨਿਕਲ ਜਾਵੇਗੀ। ਉਸਨੂੰ ਕਿਵੇਂ ਰੋਕਿਆ ਜਾਵੇ?
ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ, “ਉਸ ਥਾਂ ਪਟੜੀ ਉੱਤੇ ਪਹਿਲੇ ਉਹ ਲੇਟੇ, ਮੇਰੇ ਬੱਚਿਆਂ ਦੇ ਪਿਤਾ। ਫਿਰ ਉਨ੍ਹਾਂ ਦੇ ਨਾਲ ਉਨਾਂ ਦੇ ਹੋਰ ਸਾਥੀ ਲੇਟ ਗਏ। ਉਨ੍ਹਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ। ਫੇਰ ਸਾਡੇ ਬੱਚੇ ਤੇ ਫੇਰ ਗੱਡੀ ਆਈ ਦੂਰੋਂ ਚੀਖਦੀ ਹੋਈ, ਚਿਚਲਾਂਦੀ ਹੋਈ, ਸੀਟੀਆਂ ਮਾਰਦੀ ਹੋਈ। ਅਜੇ ਦੂਰ ਹੀ ਸੀ ਕਿ ਮੱਠੀ ਪੈ ਗਈ। ਪਰ ਰੇਲ ਸੀ ਖਲੋਂਦਿਆਂ-ਖਲੋਂਦਿਆਂ ਹੀ ਖਲੋਂਦੀ। ਮੈਂ ਵੇਖ ਰਹੀ ਸੀ ਕਿ ਪਹੀਏ ਉਨ੍ਹਾਂ ਦੀ ਛਾਤੀ ਉੱਤੇ ਚੜ੍ਹ ਗਏ। ਫੇਰ ਉਨ੍ਹਾਂ ਦੇ ਨਾਲ ਦੇ ਦੀ ਛਾਤੀ ਉੱਤੇ…ਤੇ ਫੇਰ ਮੈਂ ਅੱਖਾਂ ਮੀਟ ਲਈਆਂ। ਮੈਂ ਅੱਖਾਂ ਖੋਲ੍ਹੀਆਂ ਤੇ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ। ਮੇਰੇ ਨਾਲ ਧੁੜਕ ਰਹੀਆਂ ਛਾਤੀਆਂ ਵਿੱਚੋਂ ‘ਧੰਨ ਨਿਰੰਕਾਰ’, ‘ਧੰਨ ਨਿਰੰਕਾਰ’ ਦੀ ਆਵਾਜ਼ ਆ ਰਹੀ ਸੀ। ਤੇ ਫੇਰ ਮੇਰੇ ਵੇਖਦਿਆਂ-ਵੇਖਦਿਆਂ ਗੱਡੀ ਮੁੜੀ। ਗੱਡੀ ਮੁੜੀ ਤੇ ਪਹੀਆਂ ਹੇਠ ਆਈਆਂ ਹੋਈਆਂ ਲਾਸ਼ਾਂ ਟੁਕੜੇ-ਟੁਕੜੇ ਹੋ ਗਈਆਂ।…”

ਮੈਂ ਅਪਣੇ ਅੱਖੀਂ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ। ਵਗਦੀ-ਵਗਦੀ ਕਿੰਨੀ ਹੀ ਦੂਰ ਇਕ ਪੱਕੇ ਬਣੇ ਨਾਲੇ ਦੇ ਪੁਲ ਤਕ ਚਲੀ ਗਈ ਸੀ।
ਤੇ ਮੈਂ ਹੱਕਾ-ਬੱਕਾ ਹੈਰਾਨ ਸਾਂ। ਮੈਥੋਂ ਇਕ ਬੋਲ ਨਾ ਬੋਲਿਆ ਗਿਆ। ਸਾਰਾ ਦਿਨ ਮੈਂ ਪਾਣੀ ਦਾ ਘੁੱਟ ਨਾ ਪੀ ਸਕਿਆ।
ਸ਼ਾਮੀਂ ਜਦੋਂ ਅਸੀਂ ਵਾਪਸ ਆ ਰਹੇ ਸਾਂ, ਰਸਤੇ ਵਿਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਏ। ਕਿਵੇਂ ਮਰਦਾਨੇ ਨੂੰ ਪਿਆਸ ਲੱਗੀ। ਕਿਵੇਂ ਬਾਬੇ ਨੇ ਵਲੀ ਕੰਧਾਰੀ ਕੋਲ ਮਰਦਾਨੇ ਨੂੰ ਪਾਣੀ ਲਈ ਭੇਜਿਆ। ਕਿਵੇਂ ਵਲੀ ਕੰਧਾਰੀ ਨੇ ਤਿੰਨ ਵਾਰ ਮਰਦਾਨੇ ਨੂੰ ਨਿਰਾਸ਼ ਵਾਪਸ ਕਰ ਦਿੱਤਾ। ਕਿਵੇਂ ਬਾਬੇ ਨਾਨਕ ਨੇ ਮਰਦਾਨੇ ਨੂੰ ਪੱਥਰ ਪੁੱਟਣ ਲਈ ਕਿਹਾ। ਕਿਵੇਂ ਹੇਠੋਂ ਪਾਣੀ ਦਾ ਚਸ਼ਮਾ ਫੁਟ ਪਿਆ, ਤੇ ਵਲੀ ਕੰਧਾਰੀ ਦੇ ਖੂਹ ਦਾ ਸਾਰੇ ਦਾ ਸਾਰਾ ਪਾਣੀ ਹੇਠਾਂ ਖਿੱਚਿਆ ਹੋਇਆ ਆ ਗਿਆ। ਫੇਰ ਕਿਵੇਂ ਗ਼ੁੱਸੇ ਵਿਚ ਵਲੀ ਕੰਧਾਰੀ ਨੇ ਉੱਤੋਂ ਪਹਾੜੀ ਦਾ ਟੁਕੜਾ ਰੇੜ੍ਹਿਆ। ਕਿਵੇਂ ਮਰਦਾਨਾ ਘਬਰਾਇਆ, ਪਰ ਬਾਬੇ ਨਾਨਕ ਨੇ ‘ਧੰਨ ਨਿਰੰਕਾਰ’ ਕਹਿ ਕੇ ਅਪਣੇ ਹੱਥ ਨਾਲ ਪਹਾੜ ਦੇ ਟੁਕੜੇ ਨੂੰ ਠੱਲ੍ਹ ਲਿਆ।
“ਪਰ ਪਹਾੜ ਨੂੰ ਕਿਵੇਂ ਕੋਈ ਰੋਕ ਸਕਦਾ ਹੈ?” ਮੇਰੀ ਛੋਟੀ ਭੈਣ ਨੇ ਸੁਣਦੇ-ਸੁਣਦੇ ਝੱਟ ਮਾਂ ਨੂੰ ਟੋਕਿਆ।
“ਕਿਉਂ ਨਹੀਂ ਕੋਈ ਰੋਕ ਸਕਦਾ?” ਮੈਂ ਵਿੱਚੋਂ ਬੋਲ ਪਿਆ, “ਹਨੇਰੀ ਵਾਂਗ ਉਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ, ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?”
ਤੇ ਫਿਰ ਮੇਰੀਆਂ ਅੱਖਾਂ ਵਿੱਚੋਂ ਛਮ-ਛਮ ਅੱਥਰੂ ਵਗਣ ਲਗ ਪਏ, ਕਰਨੀ ਵਾਲੇ ਉਨਾਂ ਲੋਕਾਂ ਲਈ ਜਿਨ੍ਹਾਂ ਨੇ ਅਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਟਰੇਨ ਨੂੰ ਰੋਕ ਲਿਆ ਸੀ। ਤੇ ਅਪਣੇ ਭੁੱਖੇ ਭਾਣੇ ਦੇਸ਼ਵਾਸੀਆਂ ਨੂੰ ਰੋਟੀ ਖਵਾਈ ਸੀ, ਪਾਣੀ ਪਹੁੰਚਾਇਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ