Jithon Suraj Ugda Hai (Punjabi Story) : Kirpal Kazak

ਜਿੱਥੋਂ ਸੂਰਜ ਉੱਗਦਾ ਹੈ (ਕਹਾਣੀ) : ਕਿਰਪਾਲ ਕਜ਼ਾਕ

ਚੱਠਿਆਂ ਦੇ ਨਹਿਰੀ ਮੋਘੇ ਕੋਲੋਂ ਪੈਂਦਾ ਪਾਣੀ ਦਾ ਨਿੱਕਾ ਜਿਹਾ ਪਾੜ, ਡੁੱਡੇ ਫ਼ੌਜੀ ਦੀ ਅੱਖ ਹੇਠ ਆਉਂਦਿਆਂ ਹੀ ਬਾਰੂਦ ਦੀ ਅੱਗ ਬਣ ਗਿਆ।
ਪਟੜੀਏ ਪਟੜੀ ਉਹ ਆਪਣੀ ਸੱਤ ਕਨਾਲਾਂ ਭੋਇੰ ਤੋਂ ਪਰਤ ਰਿਹਾ ਸੀ! ਝੁਲਸਿਆ, ਕਰਾਹੁੰਦਾ ਤੇ ਰਿੱਝਦਾ। ਤਕਾਲੀਂ ਹੀ ਉਹ ਆਪਣੀ ਸੁੱਕ ਗਈ ਜੀਰੀ ਪਾਟਦੀਆਂ ਅੱਖਾਂ ਨਾਲ ਵੇਖ ਕੇ ਪਰਤਿਆ ਸੀ; ਲੱਕੜ ਦੀ ਲੱਤ ਸਣੇ। ਕਹਿਰਾਂ ਦੀ ਔੜ ਕਾਰਨ ਕਿੰਨਾਂ ਕੁੱਝ ਸੀ ਜੋ ਉਸਦੇ ਮੱਥੇ ਕਿੱਲਾਂ ਵਾਂਗ ਖੁਭ ਗਿਆ ਸੀ। ਲਹੂ ਨੁੱਚੜਣ ਲੱਗਿਆ ਸੀ। ਟਿੱਪ, ਟਿੱਪ, ਟਿੱਪ। ਅੱਖਾਂ ਭਰ ਆਈਆਂ, ਪਿੰਡਾ ਮੱਚ ਉੱਠਿਆ। ਕੰਬੋਆਂ ਕੇ ਅਗਵਾੜ ਤੀਕ ਆਉਂਦਿਆਂ ਉਹ ਜਿਵੇਂ ਅੰਨ੍ਹਾ-ਬੋਲਾ ਹੋ ਗਿਆ। ਲੱਤ ਦਾ ਲੰਗ ਚੌਣਾ ਹੋ ਗਿਆ। ਫੱਟ ਵਿੱਚ ਪਿਆ ਸਰੀਆ ਚਸਕਣ ਲੱਗਾ 'ਤੇ ਉਹਦੀ ਨਰਸਿੰਘੇ ਵਰਗੀ ਆਵਾਜ਼ ਦੰਦਾਂ ਦੀ ਵਿਰਲ ਵਿਚੋਂ ਪਾਟਦੀ ਜਿਹੀ ਝਰਨ ਲੱਗੀ।
"ਮੈਂ ਕਹਿਨਾਂ ਜੁੱਲੀਆਂ ਮਾਰ ਲਈਏ ਕੱਛੇ……"
"ਕੀ ਗੱਲ ਵੀ ਫੌਜੀਆ; ਕੇਹੜੀ ਲਾਮ ਤੋਂ ਹੋ ਮੁੜਿਆਂ ਸਵਖ਼ਤੇ ਈ?"
"ਮੁੜਨਾ ਭੈਣ ਦੇ ਬੂਹੇ ਤੋਂ ਐ…ਨਾਲੇ ਭਾ ਲਾਮ ਨੂੰ ਕਸਰ ਐ ਕੋਈ?"
"ਕਾਹਦੀ ਲਾਮ ਚਾਚਾ?" ਪੱਠਿਆਂ ਦੀ ਭਰੀ ਥੱਲੇ ਸਾਹੋ ਸਾਹ, ਬਾਂਦਰੀ ਵਾਲਿਆਂ ਦਾ ਨੇਕ ਫ਼ੌਜੀ ਵੱਲ ਝਾਕਿਆ।
ਕੋਈ ਹੋਰ ਵੇਲਾ ਹੁੰਦਾ ਤਾਂ ਮੁੰਡੇ ਦੀ ਏਨੀਂ ਗੱਲ ਬਦਲੇ ਫ਼ੌਜੀ ਦੀਆਂ ਅੱਖਾਂ ਵਿੱਚ ਡੋਰੇ ਉੱਤਰ ਆਉਂਦੇ ਅਤੇ ਕੋਈ ਚੋਂਦੀ ਜਿਹੀ ਟਿੱਚਰ ਕਰਦਾ ਪਰ ਤਦ ਉਸਨੇ ਤਿਊੜੀ ਕੱਸ ਲਈ ਤੇ ਤਲਖ਼ੀ ਨਾਲ ਬੋਲਿਆ, "ਤੈਂ ਪੁੱਤ ਜੀਹਨੇਂ ਤੀਵੀਂ ਦੇ ਦਾਬੇ ਨਾਲ ਹੀ ਪੂਛ ਲੱਤਾਂ 'ਚ ਲੈ ਲੈਣੀ ਹੋਵੇ ਤੈਨੂੰ ਲਾਮ ਨਾਲ ਕੀਹ; ਅਗਲੇ ਭਾਵੇਂ ਸਾਰੀ ਨਹਿਰ ਹੀ ਖੱਤਿਆਂ 'ਚ ਵੱਢ ਲੈਣ……।"
ਗੱਲ ਸਾਫ਼ ਹੋਈ ਤਾਂ ਚੈਂਚਲ ਸਿਹੁੰ ਨਾਲ ਮੁੰਡਾ ਵੀ ਸੋਚੀਂ ਪੈ ਗਿਆ।
ਲੱਕੜ ਦੀ ਲੱਤ ਸਣੇ ਫ਼ੌਜੀ ਦੀ 'ਕੱਲੀ' ਵਸਾਖੀ ਪੱਕੀਆਂ ਗਲੀਆਂ 'ਚ ਖੜਕਣ ਲਗੀ। ਕੇਰਾਂ ਫ਼ਿਰ ਅੱਖਾਂ ਵਿੱਚੋਂ ਉਵੇਂ ਰੱਤ ਚੋਣ ਲੱਗੀ। ਇੱਕੋ ਸਮੇਂ ਫ਼ੌਜੀ ਦੇ ਜ਼ਿਹਨ ਵਿੱਚ ਚੱਠਿਆਂ ਦੀ 'ਦਹਿਸ਼ਤ' ਅਤੇ ਆਪਦੀ ਲੂਸਦੀ ਫ਼ਸਲ ਲੂਣੇ ਪੱਛ ਲਾਉਂਦੇ ਸਨ।
ਉਹ ਮਸੀਤ ਲਾਗੇ ਆਇਆ ਤਾਂ 'ਕਾਰਖ਼ਾਨੇ' 'ਚ ਧਰਮਾਂ ਤਖਾਣ ਵਿਗੋਚਿਆਂ ਨੂੰ 'ਫਾਲ-ਛਿੰਗ' ਲਾਉਂਦਾ ਸੀ। ਪਿੰਡ ਦੀ ਸੌੜੀ ਸ਼ਾਮਲਾਟ ਠੇਕੇ 'ਤੇ ਚੜ੍ਹ ਜਾਣ ਕਾਰਨ ਜੇਹੜੇ ਦਿਨੀਂ ਮਾਲ-ਡੰਗਰ 'ਬਾਹਰ' ਨਾ ਖੁੱਲ੍ਹਦਾ, ਮੁੰਢੀਰ 'ਭਾਬੋ-ਪੱਤੇ' ਲਈ 'ਕਾਰਖ਼ਾਨੇ' ਦਾ ਬਾਹਰਲਾ ਥੜ੍ਹਾ ਆ ਮੱਲਦੀ। ਪਰ ਮੁੰਢੀਰ ਦੀ ਥਾਵੇਂ ਨੂਪੇ ਰੰਗੜ, ਗੁਰਦੁਆਰੀਏ ਗ੍ਰੰਥੀ ਤੇ ਖੋਦਿਆਂ ਕੇ ਸੂਰਤੀ ਨੂੰ ਹੀ ਪੱਤੇ ਟੁਕਦਿਆਂ ਤੱਕ, ਫੌਜੀ ਚਾਰੇ ਖੁਰ ਗੱਡ ਕੇ ਖੜ ਗਿਆ। ਉਹਨੇ ਵਸਾਖੀ ਤੇ ਭਾਰ ਪਾਉਂਦਿਆਂ ਮੱਥਾ ਤਣ ਲਿਆ। ਉਹਦੇ ਪਿੰਡੇ ਦੀ ਲੂਈਂ ਸੂਲਾਂ ਵਾਂਗ ਆਕੜ ਗਈ।
ਅਚਾਨਕ ਸਰ-ਕੁੱਟ ਦੇ ਰੌਲੇ 'ਚੋਂ ਰੰਗੜ ਪਿੱਠ ਮੋੜੀ।
"ਕਿੱਦਾਂ ਕੰਧਾਂ ਨਾਲ ਵੱਜਦਾ ਫਿਰਦੈਂ ਫੌਜੀਆ……?"
"ਫੌਜੀ ਦਾ ਵਜਦੈ ਘੁੱਗੂ, ਵੱਜੋ ਤੁਸੀਂ ਜੀਹਨਾਂ ਨੂੰ ਚਿੱਟੇ ਦਿਨ ਪਾੜ ਲਾਇਐ ਅਗਲਿਆਂ।"
"ਪਾੜ ਦਾ ਫ਼ਿਕਰ ਤਾਂ ਤੇਰੇ ਅਰਗੇ ਫੌਜੀਆਂ ਨੂੰ ਹੋਊ ਵੀਰ। ਜੀਹਨਾਂ ਵਰ੍ਹੇ ਛਮਾਹੀ ਕਿਧਰੇ ਵਰ੍ਹਨਾ ਹੁੰਦੈ- ਏਥੇ ਤੇ ਪਤੰਦਰਾ ਇਆਣੇ ਨਹੀਂ ਸੌਣ ਦਈਦੇ।"
"ਬਹੁਤਾ ਨਹੀਂ ਕਲਪੀਦਾ ਗੁਰਮੁਖੋ- ਬਾਜਾਂ ਆਲੇ ਤੇ ਸਿੱਟਿਆ ਕਰੋ ਸਭ ਕੁੱਝ ਬਾਣੀ 'ਚ ਆਉਂਦਾ ਅਕੇ!" ਗਰੰਥੀ ਸਵੇਰ ਤੋਂ ਹੀ ਸਰਾਂ 'ਚ ਜੇਤੂ ਸੀ?
ਪਰ ਫੌਜੀ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
"……ਤਿੰਨ ਵੇਲੇ ਗਜਾ ਥਣ ਲੈਣ ਨੂੰ ਕਰਦੈਂ? ਤੇ ਆਹ ਤਾਸ਼ ਵੀ ਬਾਜਾਂ ਆਲਾ ਈ ਕੁੱਟਣ ਨੂੰ ਕਹਿੰਦਾ ਹੋਊ…ਮੈਂ ਆਹਨਾਂ ਤੇਰੇ ਅਰਗਿਆਂ ਨੂੰ ਤੇ ਬੋਰੀ 'ਚ ਬੰਨ੍ਹ ਕੇ ਕੁੱਟੇ, ਸਮਝਿਆ!"
"ਬੜਾ ਬੇਰੀ ਦੇ ਛਾਪੇ ਆਂਗੂੰ ਫਸਦੈਂ ਫੌਜੀਆ, ਕਿਤੇ ਰੰਮ ਦਾ ਪੈਗ ਸਾਡੇ ਉੱਤੇ ਤਾਂ ਨਹੀਂ ਖੇੜੂ?"
"ਰੰਮ ਤਾਂ ਚੱਠੇ ਈ ਪਿਆਈ ਜਾਂਦੇ ਐ ਪਿੰਡ ਨੂੰ ਪਰ ਕੋਈ ਨਾ, ਮੇਰੀ ਤਾਂ ਝੁੱਗੇ 'ਚੋਂ ਸੱਤ ਕਨਾਲੀ ਐਂ ਸੇਕ ਤਾਂ ਥੋਡੇ ਅਰਗੇ ਦਸ ਕਿੱਲਿਆਂ ਆਲਿਆਂ ਨੂੰ ਲੱਗੂ, ਜਦੋਂ ਤਕਾਵੀਆਂ ਵੇਲੇ ਚਰੀਆਂ 'ਚ ਲੁਕੇ…!"
ਫ਼ੌਜੀ ਮੂੰਹ-ਫੱਟ ਸੀ। ਚਿੱਥ ਕੇ ਗੱਲ ਕਰਦਾ। ਲੋਕ ਜਾਣਦੇ ਸਨ। ਲੋਕ ਤਾਂ ਇਹ ਵੀ ਜਾਣਦੇ, ਉਹ ਜੰਗ ਵਿੱਚ ਲੱਤ ਨੂੰ ਬੱਜ ਲੁਆ ਬੈਠਾ ਸੀ। ਪਿਨਸ਼ਨੀਆ ਸੀ ਪਰ ਕੁੱਝ 'ਕਰ ਦਿਖਾਉਣ' ਦੀ ਟੀਸ ਨਾਲ ਧੁੱਖਦਾ ਮੱਥਾ ਲਈ ਉਹ ਹਰ ਜਾਬਰ ਸਿਰ ਲਈ ਅੱਖ ਦਾ ਕੱਖ ਬਣਿਆ ਰਹਿੰਦਾ। ਧੁਰ ਅੰਦਰੋਂ ਕਿਧਰੇ ਸੁੱਚਾ ਹੋਣ ਕਾਰਨ ਲੋਕ ਉਸਦਾ ਸਤਿਕਾਰ ਕਰਦੇ। ਬੱਜਾ-ਰਿੱਤਾ ਹੋਣ ਕਾਰਨ ਲੋਕ ਉਹਦੀਆਂ ਕੌੜੀਆਂ ਕਸੈਲੀਆਂ ਵੀ ਜਰ ਜਾਂਦੇ। ਸਿਆਣੀ ਅੱਖ ਨੂੰ ਉਹ ਪਹਿਲੀ ਨਜ਼ਰੇ ਤੂਤ ਦੀ ਛਟੀ ਥਾਵੇਂ ਗੁਲਾਬਾਸੀ ਦੀ ਟਾਹਣੀ ਵਰਗਾ ਜਾਪਦਾ। ਜੀਹਨੂੰ ਲਿਫਣ ਦੀ ਥਾਂ ਟੁੱਟ ਜਾਣਾ ਵਧੇਰੇ ਪ੍ਰਵਾਨ ਸੀ। ਤਾਸ਼ ਵਾਲੀ ਤਿੱਕੜੀ ਨੂੰ ਇਹ ਪਤਾ ਲੱਗਣ ਤੇ ਕਿ ਕਹਿਰਾਂ ਦੀ ਔੜ ਵਿੱਚ ਚੱਠਿਆਂ ਨਹਿਰ ਨੂੰ ਹੀ ਪਾੜ ਲਾ ਲਿਆ ਸੀ, ਤਾਸ਼ ਉਹਨਾਂ ਦੇ ਹੱਥੋਂ ਖਿੰਡ ਗਈ।
"ਸੱਤ ਕਰਤਾਰ!" ਗਰੰਥੀ ਆਪੂੰ ਦੰਗ ਰਹਿ ਗਿਆ। ਉਹਨੂੰ ਫੌਜੀ ਦੀ 'ਵਾਧੀ-ਘਾਟੀ' ਮੂਲੋਂ ਵਿਸਰ ਗਈ।
ਪਿਛਲੀ ਸੰਗਰਾਂਦ ਗੁਰਦੁਆਰੇ ਬਹਿ ਕੇ ਹੀ ਤਾਂ ਲੋਕਾਂ ਟੁੱਕਿਆ ਸੀ, ਐਦਕੀਂ ਜੀਰੀ ਵੇਲੇ ਕੋਈ ਨਹਿਰ ਵਿੱਚ ਚੋਰੀ ਪਾਈਪ ਨਾ ਲਾਵੇ। ਇੱਕ ਤਾਂ ਛੇਕੜ ਤੇ ਪਿੰਡ ਹੋਣ ਕਾਰਨ ਪਹਿਲਾਂ ਹੀ ਮਰ ਕੇ ਪਾਣੀ ਅੱਪੜਦਾ ਸੀ, ਫੜੇ ਜਾਣ ਤੇ ਖੁਨਾਮੀ ਵੱਖ ਹੰਦੀ ਸੀ। ਦੂਜੇ 'ਆਪੋ-ਧਾਪੀ' 'ਚ ਤਗੜੇ ਖੱਟ ਜਾਂਦੇ, ਮਾੜੇ ਵਾਰੀ ਤੋਂ ਰਹਿ ਜਾਂਦੇ। ਪਰ ਗੁਰਦੁਆਰੇ ਵੜਨ ਮਗਰੋਂ ਚੱਠੇ ਪਾੜ ਹੀ ਲਾ ਲੈਣਗੇ, ਇਹਦਾ ਤਾਂ ਪਿੰਡ ਨੂੰ ਸੁਫ਼ਨਾ ਵੀ ਨਹੀਂ ਸੀ।
ਪਿਛਲੇ ਦਿਨੀਂ ਜਿੰਨੀਆਂ ਮੀਂਹ ਨੇ ਕਣਕਾਂ ਭੇਵੀਆਂ ਸਨ, ਓਨਾਂ ਹੀ ਚੁਫ਼ੇਰੇ ਕੁੱਝ ਤੜਪ ਰਿਹਾ ਸੀ। ਪਾਣੀ ਦੀ ਤਿੱਪ-ਤਿੱਪ ਲਈ। ਪਹਿਰਾਂ ਦੇ ਪਹਿਰ ਬਿਜਲੀ ਆਉਂਦੀ ਸੀ, ਪਰ ਲਗਦਾ, ਅੱਖ ਝਮਕਣ ਵਾਂਗ ਆਉਂਦੀ ਸੀ। ਥੋੜ੍ਹੀ ਬਹੁਤ ਉੱਤੇ ਹੇਠ ਨਾਲ ਤੇਲ ਵੀ ਮਿਲ ਜਾਂਦਾ ਪਰ ਲਗਦਾ, ਇੰਜਨਾਂ ਵਿੱਚ ਮਾੜੇ ਜੱਟਾਂ ਦਾ ਲਹੂ ਬਲ ਰਿਹਾ ਸੀ। ਧੁੱਕ, ਧੁੱਕ……ਧੁੱਕ।
ਖ਼ਬਰੇ ਕਿੰਨੇ ਦਿਨਾਂ ਤੋਂ ਨਹਿਰ ਦਾ ਪਾੜ ਚੱਠਿਆਂ ਦੀ ਪੈਲੀ ਵਿੱਚ ਪੈ ਰਿਹਾ ਸੀ। ਲੋਕਾਂ ਤੜਪ ਕੇ ਸੋਚਿਆ। ਨਿੱਕਾ ਜਿਹਾ ਪਾੜ ਜੇਹੜਾ ਢੀਖਰ ਅਤੇ ਘਾਹ ਫੂਸ ਨਾਲ ਲਕੋਇਆ ਗਿਆ ਸੀ, ਡੁੱਡੇ ਫੌਜੀ ਦੇ ਜਣੇ ਖਣੇ ਦੀਆਂ ਅੱਖਾਂ 'ਚ ਝਾਕਣ ਤੇ ਫੈਲਦਾ ਹੀ ਚਲਾ ਗਿਆ ਸੀ। ਪਿੰਡ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੀਕ……
ਇੱਕ ਘੜੀ ਚੱਠਿਆਂ ਤੋਂ ਮੂਹਰਲੀਆਂ ਪੈਲੀਆਂ ਵਾਲਿਆਂ ਨੂੰ ਜਾਪਿਆ ਜਿਵੇਂ ਉਹਨਾਂ ਦੀਆਂ ਆਪਣੀਆਂ ਪੈਲੀਆਂ ਵਿੱਚੋਂ ਪਾਣੀ ਨਿਕਲ ਨਿਕਲ ਚੱਠਿਆਂ ਦੇ ਖੇਤਾਂ ਵਿੱਚ ਪੈ ਰਿਹਾ ਹੋਵੇ।
ਤੋਬਾ! ਤੋਬਾ! ਪਾਣੀ ਦੀ ਤਿੱਪ ਤਿੱਪ ਲਈ ਤਾਂ ਸਿਰ ਲਹਿੰਦੇ ਆਏ ਸਨ।
ਸਾਰਾ ਪਿੰਡ ਜਾਣਦਾ ਸੀ ਕਿ ਚੱਠੇ ਹਮੇਸ਼ਾਂ ਪਿੰਡ ਤੋਂ ਉਲਟ ਆਪਣੇ ਹਿੱਤ ਦਾ ਪਾਣੀ ਤਰੇ ਸਨ। ਸਰਪੰਚੀ ਤੋਂ ਲੈ ਕੇ ਗੁਰਦੁਆਰੇ ਦੇ ਦੜੇ ਦੀਵਾਨ ਤੱਕ। ਖ਼ਬਰੇ ਇਸ ਲਈ ਕਿ ਚੱਠੇ ਦੇ ਤਿੰਨੇ ਪੁੱਤ ਅਫ਼ਸਰ ਸਨ। ਅੰਨ੍ਹੀ ਦੌਲਤ। ਖੁੱਲ੍ਹੀ ਪੈਲੀ। ਮਿਲਣ ਆਏ ਵਾਜ ਮਾਰ ਕੇ ਆਉਂਦੇ, ਨਿਊਂ ਕੇ ਲੰਘਦੇ।
ਪਰ ਫੌਜੀ ਦੇ ਚੀਕਵੇਂ ਬੋਲ, ਪਿੰਡ ਦੀਆਂ ਗਲੀਆਂ ਵਿੱਚ ਰੋਹ ਵਾਂਗ ਤਣ ਗਏ।
ਛੜਿਆਂ ਦੀ ਹੱਟੀ ਲਾਗੇ, ਜਿਥੇ ਸ਼ਹਿਰੋਂ ਆਏ ਤਾਂਗੇ ਖੜ੍ਹਦੇ, ਥੜ੍ਹੇ ਦੁਆਲੇ ਗੱਲਾਂ ਧੁਖਣ ਲੱਗੀਆਂ।
"ਕਹਿੰਦੇ ਫੌਜੀ ਥਾਣਾ ਲੈਣ ਗਿਐ!"
"ਲੈ ਠਾਣਾ ਨਾ ਕਿਤੇ…ਪਿਛਲੇ ਵਰ੍ਹੇ ਨੀ ਲਿਆ ਸੁਆਦ ਫੌਜੀ ਨੇ, ਜਦੋਂ ਚੱਠਿਆਂ ਕੇ ਨਰਮੇਂ 'ਚ ਦੁਆਈ ਛਿੜਕਦਾ ਸੀਰੀ ਫਟੱਕ ਮੋਇਆ ਸੀ। ਪੁਲਸ ਦੇ ਸਾਹਮਣੇ ਈ ਫੂਕ ਤਾ ਅਗਲਿਆਂ। ਕਹਿੰਦੇ ਇਹਨੂੰ ਤਾਂ ਮਿਰਗੀ ਪੈਂਦੀ ਸੀ। ਉਦੋਂ ਵੀ ਫੌਜੀ ਦੀ ਸ਼ਹਿ 'ਤੇ ਓਦੂੰ ਛੋਟਾ ਬਿਰਕਿਆ ਸੀ। ਅਗਲਿਆਂ ਸਰ੍ਹੀਣ ਲੱਤ ਭੰਨ ਕੇ ਦਾਣਿਆਂ ਦਾ ਮਗਰਾ ਨਾਂ ਲਾ ਦਿੱਤਾ ਸੀ। ਫੌਜੀ ਅਰਗੇ ਤੇ ਬਾਦਸ਼ਾਹੋ ਇਹੋ ਜਿਹਾਂ ਦੇ ਢਿੱਡ 'ਚ ਖੇਡਦੇ ਐ।"
"ਤੁਸੀਂ ਪਰ੍ਹੇ ਕੱਠੀ ਕਰੋ ਜਾਰ, ਕੋਈ ਗੱਲ ਐ ਇਹ।" ਲੋਕ ਜੁੜਨ ਲੱਗੇ।
"ਵਿੱਚੋਂ ਗੱਲ ਕੀਹ ਐ?" ਬਹੁਤੇ ਬਿੜਕਾਂ ਲੈਣ ਲੱਗੇ।
"ਇਹਨੂੰ ਗੱਲ ਦੱਸੋ ਬਈ………ਇਹ ਉਹਨਾਂ 'ਚੋਂ ਜੇ ਜਿਹੜੇ ਸਾਰੀ ਰਾਤ ਰਮੈਣ ਪੜ੍ਹਦੇ ਰਹੇ ਸੀ।"
ਹਮੇਸ਼ਾਂ ਵਾਂਗ ਲੋਕ, ਰੋਹ, ਰੀਸ, ਤੇ ਹਾਸੇ ਠੱਠੇ ਬਦਲੇ ਕੱਠੇ ਹੋ ਰਹੇ ਸਨ।
ਤਦੇ ਫੌਜੀ ਤਿੰਨ ਚਾਰ ਗਭਰੀਟਾਂ ਨਾਲ ਥੜ੍ਹੇ ਤੇ ਆ ਬੈਠਾ। ਪੱਕੀਆਂ ਗਲੀਆਂ 'ਚ ਉਹਦੀ ਇਕੱਲੀ ਵਸਾਖੀ ਡਮਰੂ ਵਾਂਗ ਖੜਕਦੀ ਸੀ।
ਲੋਕ ਧਾਹ ਕੇ ਜੁੜ ਗਏ। ਸਾਹਾਂ 'ਚ ਵਿੱਸ ਘੁਲਣ ਲੱਗੀ।
"ਬਈ ਲੋਕੋ ਮੈਂ ਪੁੱਛਦਾ ਐਂ ਈ ਹੋਊ ਫੇ?" ਫੌਜੀ ਅੰਦਰੋਂ ਸਰਪੰਚਾਂ ਕੇ ਲਾਣੇ ਤੇ ਵਰ੍ਹਿਆ। ਲੋਕ ਹੈਰਾਨ ਜਿਹਾ ਝਾਕੇ।
"ਓਏ ਇਹਨਾਂ ਲੀਡਰਾਂ ਤੋਂ ਕੀ ਛੱਕੂ ਭਾਲਦੇ ਓ, ਤੁਸੀਂ ਗੱਲ ਕਰੋ ਜੇਹੜਾ ਪਿੰਡ ਦੇ ਅੱਖੀਂ ਘੱਟਾ ਪਾਇਐ।" ਸਾਹ ਮਿਰਚਾਂ ਵਾਂਗ ਲੜਣ ਲੱਗੇ।
ਤਦੇ ਭੀਂਮ ਬਲੈਕੀਆ, ਚੰਦ ਦਸ ਨੰਬਰੀਆ ਤੇ ਹੁਕਮਾ ਦਲਾਲ ਇਕੱਠ ਲਾਗੇ ਆ ਖੜ੍ਹੇ।
"ਬੜਾ ਜਲਸਾ ਕੀਤੈ ਬਈ, ਸੁੱਖ ਤਾਂ ਹੈ……" ਲਿਸ਼ ਲਿਸ਼ ਕਰਦੇ ਲੀੜਿਆਂ ਨਾਲ ਉਹ ਤਿੰਨੇ ਓਪਰੇ ਜਹੇ ਲਗਦੇ ਸਨ।
"ਸੁੱਖ ਘੱਟੇ ਦੀ ਐ……ਪਈ ਅੱਗੇ ਨਹਿਰ ਵਿੱਚ ਪਾਈਪ ਲਾਉਂਦੇ ਸੀ ਤਗੜੇ ਘਰ। ਐਤਕੀਂ ਪਿੰਡ ਗੁਰਦੁਆਰੇ ਵੜਿਆ ਬਈ ਕੋਈ ਮਾੜਿਆਂ ਨਾਲ ਧੱਕਾ ਨਾ ਕਰੇ। ਅਖੇ ਨ-ਹੱਕਿਆਂ ਨੂੰ ਤੁਆਨ ਪੈਂਦਾ ਐ। ਹੁਣ ਕਹਿੰਦੇ ਚੱਠਿਆਂ ਪਾੜ ਈ ਲਾ ਰੱਖਿਐ। ਮੰਨ ਲੋ ਕੱਲ੍ਹ ਨੂੰ ਤੁਆਨ ਪੈ ਜੇ, ਮਾੜੇ ਤਾਂ ਮੰਗੇ ਗਏ ਪੁੰਨ ਦੇ……।"
"ਪਾੜ ਕਿਸੇ ਦੇਖਿਆ ਬੀ ਐ ਕਿ ਭੁੰਨੇ ਤਿੱਤਰ ਈ ਉੱਡਦੇ ਐ?" ਚੰਦੂ ਦਸ ਨੰਬਰੀਏ ਕਿਹਾ।
ਚੱਠਿਆਂ 'ਤੇ ਹੋਏ ਕਿਸੇ ਵਾਰ ਬਦਲੇ ਉਹ ਢਾਲ ਬਣ ਜਾਣਾ ਚਾਹੁੰਦਾ ਸੀ।
"ਮੈਂ ਦੇਖਿਐ, ਮੈਂ……!" ਫ਼ੌਜੀ ਦੀ ਲੱਕੜ ਦੀ ਲੱਤ ਕੰਬਣ ਲੱਗੀ। ਵਸਾਖੀ ਕੱਛ ਹੇਠ ਤਣ ਗਈ ਅਤੇ ਸੁੰਗੜੀਆਂ ਅੱਖਾਂ ਵਿੱਚ ਭੀੜ ਦੀ ਥਾਵੇਂ, ਆਪਣੀ ਸੁੱਕੀ ਫ਼ਸਲ ਤੀਲ੍ਹਾ ਤੀਲ੍ਹਾ ਕਰਕੇ ਫ਼ੈਲ ਗਈ।
ਫੌਜੀ ਦੇ ਜੱਬ੍ਹੇ ਮੂਹਰੇ ਇੱਕ ਪਲ ਬਲੈਕੀਆ ਝੇਂਪ ਗਿਆ। ਉਹ ਹੈਰਾਨ ਰਹਿ ਗਿਆ, ਲੋਕ ਉਹਨਾਂ ਦੇ ਸਾਹਮਣੇ ਹੀ ਚੱਠਿਆਂ ਦੇ ਮੂੰਹ ਉੱਤੇ ਥੁੱਕ ਰਹੇ ਸਨ। ਜਾਨਣ ਤੇ ਵੀ ਕਿ ਚੱਠੇ ਉਹਨਾਂ ਦੀ ਸੱਜੀ ਬਾਂਹ ਸਨ। ਉਹਨਾਂ ਗੁੱਸੇ ਨਾਲ ਫੌਜੀ ਵੱਲ ਹੋਰੂੰ ਹੋਰੂੰ ਝਾਕਿਆ।
"ਕਿੱਡਾ ਕੁ ਸੀ ਮੋਘਾ?" ਕੁੰਢੀਆਂ ਮੁੱਛਾਂ ਅਤੇ ਖ਼ਚਰੇ ਹਾਸੇ ਵਿੱਚੋਂ ਹੁਕਮੇ ਦਲਾਲ ਕਿਹਾ।
"ਭਾਵੇਂ ਏਡਾ ਹੋਵੇ…" ਉਂਗਲ ਅਤੇ ਅੰਗੂਠੇ ਨੂੰ ਜੋੜਦਿਆਂ ਫੌਜੀ ਚਾਂਦੀ ਦੇ ਰੁਪਈਏ ਜੇਡਾ ਸੁਰਾਖ਼ ਬਣਾਇਆ ਤਾਂ ਅਚਾਨਕ ਗਜ਼ਬ ਵਾਪਰ ਗਿਆ। ਇਸੇ ਸੁਰਾਖ਼ ਵਿੱਚੋਂ ਜਿਵੇਂ ਲੋਕਾਂ ਦੇ ਰੋਹ ਉੱਪਰ ਗੜ੍ਹੇ ਵਰ ਗਏ। ਫੌਜੀ ਆਪੂੰ ਠਰ ਗਿਆ। ਆਪਣੇ ਹੀ ਮੂੰਹੋਂ ਕਿਰੇ ਬੋਲ, ਉਹਦੀ ਛਾਤੀ ਵਿੱਚ ਚਾਕੂ ਵਾਂਗ ਉੱਤਰ ਗਏ।
"ਉਏ ਪਤੰਦਰਾ! ਏਡੇ ਏਡੇ ਮੋਰੇ ਤੇ ਪੀਰ ਪੈਗੰਬਰਾਂ ਤੋਂ ਨਾ ਬੰਦ ਹੋਏ ਆਪਾਂ ਕੀਹਦੇ ਪਾਣੀਹਾਰ ਆਂ।" ਅਚਾਨਕ ਹੀ ਸਾਰਾ ਤਣਾਓ, ਪਾਣੀ ਵਾਂਗ ਵਹਿ ਤੁਰਿਆ: ਛਲਕ, ਛਲਕ, ਛਲਕ। ਪਛਤਾਵੇ ਨਾਲ ਫੌਜੀ ਦੀ ਦੇਹ ਵਿੱਚੋਂ ਆਰੀਆਂ ਲੰਘਣ ਲੱਗੀਆਂ।
"ਪੁੱਛ ਲਓ ਮੋਰਾ ਗੋਲ ਸੀ ਕਿ ਝੀਤ ਅਰਗਾ।" ਮੁੰਢੀਰ ਲਾਚੜ ਗਈ।
ਭਾਂਤੋ ਭਾਂਤ ਗੱਲਾਂ ਦਾ ਸ਼ੋਰ ਇੱਕ ਆਰਗੀ ਹੀ ਫੈਲ ਗਿਆ। ਨਿਰੀ ਗੁੰਜਾਰ। ਇੱਕ ਪਲ ਕੁੱਝ ਵੀ ਸਪਸ਼ਟ ਨਹੀਂ ਸੀ ਸੁਣ ਰਿਹਾ। ਜਿਵੇਂ ਸੈਆਂ ਪੀਪੇ ਕੱਠੇ ਹੀ ਖੜਕ ਉੱਠੇ ਹੋਣ; ਫੌਜੀ ਦੀਆਂ ਅੱਖਾਂ ਵਿੱਚ ਲਟਕਦਾ ਕੁੱਝ ਛਾਤੀ 'ਚ ਖੁਭਣ ਲੱਗਾ। ਪੀੜ ਹੀ ਪੀੜ……ਉਫ਼!
"ਫੌਜੀ ਕਾਹਦੈ, ਲੰਡਾ ਚਿੜੈ ਇਹਨੇ ਤਾਂ ਝੀਤ ਵੀ ਸਿਸਤ ਬੰਨ੍ਹ ਕੇ ਦੇਖੀ ਹੋਊ।"
"ਮੈਂ ਕਹਿਨਾਂ ਵੜੇਵੇਂ ਅਰਗਾ ਸੀ ਮੋਘਾ ਗੱਲ ਕਰੋ ਕੀਹਨੇ ਲੈਣੇ ਐਂ ਡੋਕੇ!" ਅਚਾਨਕ ਬੈਠਾ ਬੈਠਾ ਫੌਜੀ, ਸ਼ੇਰ ਜਿਹੀ ਭਬਕ ਨਾਲ ਉੱਠ ਖੜ੍ਹਾ ਹੋਇਆ। ਗਭਰੀਟ ਵਿੱਸ ਘੋਲਣ ਲੱਗੇ। ਫੌਜੀ ਦੀਆਂ ਅੱਖਾਂ ਵਿੱਚੋਂ ਫਿਰ ਰੱਤ ਚੋਣ ਲੱਗੀ। ਠੱਠਾ, ਇੱਕ ਘੜੀ ਵਿਹੁ ਵਰਗਾ ਜਾਪਣ ਲੱਗਾ। ਚੁੱਪ ਤਣ ਗਈ।
"ਸਹੁਰਿਉ! ਬੰਦਿਆਂ ਆਲੀ ਗੱਲ ਕਰੋ ਕੋਈ। ਬੰਦਾ ਵੇਲਾ-ਕੁ-ਵੇਲਾ ਤਾਂ ਦੇਖੇ।" ਕੋਈ ਦਾਨਾ ਬਜ਼ੁਰਗ, ਥਿੜਕਦਾ ਜਿਹਾ ਕਲਪਿਆ।
"ਚੱਲ ਤੂੰ ਹੀ ਕਰ ਕੋਈ ਗੁਰੂ ਘਰ ਦੀ……।"
"ਪਿੰਡ ਨਹਿਰ ਆਲਿਆਂ ਕੋਲ ਸ਼ਿਕਾਇਤ ਨਹੀਂ ਕਰ ਸਕਦਾ?" ਕਿਸੇ ਪਾੜ੍ਹੇ ਨੇ ਕਿਹਾ।
"ਕਰ ਕਿਉਂ ਨਹੀਂ ਸਕਦਾ।" ਫੌਜੀ ਉਵੇਂ ਹੀ ਤਣਿਆ ਖੜ੍ਹਾ ਸੀ।
"ਪਰ ਫੈਦਾ ਕੀ? …ਥੋਡੇ ਭਾਣੇ ਨਹਿਰ ਵਾਲਿਆਂ ਨੂੰ ਕੋਈ ਭੁੱਲ ਐ……ਇਹ ਤਾਂ ਮੁੱਲ ਦੀ ਖੀਰ ਐ……ਤੁਸੀਂ ਗੱਫਾ ਦਿਉ……ਤੁਸੀਂ ਕਰ ਲਉ ਮੋਘੇ……" ਭੀਮ ਬਲੈਕੀਆ, ਜਿਵੇਂ ਪੁੰਗਰਦੀ ਫਸਲ ਉੱਪਰ ਮਾਰੂ ਭਲ਼ ਵਾਂਗ ਫੈਲ ਗਿਆ।
ਫੌਜੀ ਨੂੰ ਅੰਦਰ ਤੱਕ ਸੁੱਝ ਗਈ। ਆਖ਼ਰ ਇਹ ਢਾਣੀ ਬਿਨ ਬੁਲਾਇਆਂ ਕਾਹਤੋਂ ਆਈ ਸੀ।
"ਇਹ ਤਾਂ ਸਭ ਨੂੰ ਪਤੈ ਬਈ ਮੁੱਲ ਦੀ ਖੀਰ ਐ………ਮਾੜੇ ਕਿੱਧਰ ਜਾਣ ਫੇ……?"
"ਅੱਗੇ ਕਿੱਧਰ ਜਾਂਦੇ ਐ?" ਚੰਦ ਦਸ ਨੰਬਰੀਏ ਮੋੜਾ ਦਿੱਤਾ। ਉਹ ਫੌਜੀ ਵੱਲ ਕੈਰਾ ਝਾਕਦਾ ਸੀ। ਮਨ ਹੀ ਮਨ ਉਹ ਲੋਕਾਂ 'ਤੇ ਹਿਰਖ਼ ਨਾਲ ਭਰ ਗਿਆ। ਜੇਹੜੇ ਖ਼ਾਹ-ਮ-ਖ਼ਾਹ ਫੌਜੀ ਦੇ ਮਗਰ ਲੱਗ ਤੁਰਦੇ ਸਨ।
"ਪਰ ਸਾਡਾ ਤਾਂ ਫ਼ਰਜ਼ ਬਣਦੈ…ਹੁੰਦੀ ਚੋਰੀ ਦੀ ਖ਼ਬਰ ਕਰੀਏ।"
ਫੌਜੀ ਨੇ ਤਿਲਕਦੀ ਬਾਜ਼ੀ ਤ੍ਰਾਣ ਨਾਲ ਬੋਚੀ।
"ਕੇਹੜੀ ਚੋਰੀ? ਐਤਕੀਂ ਪਿੰਡ ਵਿੱਚ ਵੀਹਾਂ ਘਰਾਂ ਕੁੰਡੀਆਂ ਲਾ ਲਾ ਕਣਕਾਂ ਕੱਢੀਆਂ, ਅੱਧਾ ਪਿੰਡ ਨਹਿਰ ਤੋਂ ਚੋਰੀ ਬਾਲਣ ਬਾਲਦੈ…ਉਦੋਂ ਨੀਂ ਬਿਰਕਦਾ ਕੋਈ…ਨਿੱਕੀ ਜਿਹੀ ਗੱਲ ਨਾਲ ਚੱਠੇ ਈ ਸ਼ਰੀਕ ਬਣ ਗਏ ਥੋਡੇ। ਦੱਸੋ ਝੂਠ ਐ ਕੋਈ?" ਬਲੈਕੀਏ ਭਰੀ ਪਰ੍ਹੇ ਵਿੱਚ ਚੱਠਿਆਂ ਨਾਲ ਯਾਰੀ ਦਾ ਮੁੱਲ ਪਾਇਆ।
"ਗੱਲ ਕਿਹੜੀ ਲਈ ਆਏ ਸੀ………ਲੈ ਕਿਧਰ ਵੜੇ……ਮੈਂ ਆਹਨਾਂ ਅਰਜ਼ੀ ਲਿਖ ਕੇ ਦਫ਼ਤਰੇ ਦੇ ਦਿਓ ਤੁਸੀਂ……ਚਲੋ ਫੌਜੀ ਦੀ ਮੰਨ ਲੌ।" ਕਿਸੇ ਗੱਲ ਮੁਕਾਈ।
"ਊਂ ਤਾਂ ਦੁਸ਼ਮਣੀ ਪਾਉਣ ਵਾਲੀ ਗੱਲ ਈ ਐ। ਬਣਨਾ ਬਣਾਉਣਾ ਤਾਂ ਹੈ ਕੁਸ਼ ਨੀਂ। ਮੂਹਰੇ ਵੀ ਚੱਠੇ ਨੇ, ਪੁਲਸ ਤਾਂ ਮਹਾਰਾਜ ਐਹੋ ਜਿਆਂ ਤੋਂ ਪੁੱਛ ਕੇ ਮੂਤਦੀ ਐ।" ਫੌਜੀ ਨੇ ਉੱਖੜ ਕੇ ਭੀੜ ਵੱਲ ਝਾਕਿਆ। ਕੋਈ ਧੀਮੇ ਜਿਹੇ ਬੋਲਾਂ ਨਾਲ ਯਰਕ ਰਿਹਾ ਸੀ।
ਭੀਮਾ, ਹੁਕਮਾ ਅਤੇ ਚੰਦੂ, ਜਿਵੇਂ ਸਾਰੇ ਇਕੱਠ ਵਿਚਾਲੇ ਹੀ ਫੈਲਣ ਲੱਗੇ।
ਕੁਝ ਮਨ ਹੀ ਮਨ ਪਛਤਾਉਣ ਲੱਗੇ, ਕਾਹਨੂੰ ਉਹ ਵਿਰੋਧੀ ਧਿਰ ਦੀ ਅੱਖ ਵਿੱਚ ਆਏ ਸਨ। ਆਖ਼ਰ ਤਕੜਿਆਂ ਦਾ ਸੱਤੀਂ ਵੀਹੀਂ ਸੌ ਸੀ।
ਪਰ ਸਭ ਕਾਸੇ ਦੇ ਬਾਵਜੂਦ ਗਭਰੀਟ ਅਰਜ਼ੀ ਲਿਖਣ ਲੱਗੇ।
"ਨਿਸ਼ੰਗ ਮੇਰੇ ਕੱਲੇ ਵੱਲੋਂ ਲਿਖੋ ਤੁਸੀਂ।" ਫੌਜੀ ਸਿੱਧਾ ਤਣ ਗਿਆ।
ਤਲਖ਼ੀ ਸੂਈਆਂ ਵਾਂਗ ਚੁਭਣ ਲੱਗੀ। ਸਾਹ ਸੇਕ ਨਾਲ ਭਰ ਗਏ। ਲੋਕੀਂ ਇੱਕੋ ਨਜ਼ਰੇ ਫੌਜੀ, ਉਹਦੀ ਵਸਾਖੀ, 'ਤੇ ਤਣਿਆ ਮੂੰਹ ਵੱਲ ਝਾਕਣ ਲੱਗੇ।
"ਕੱਲੇ ਬੰਦੇ ਦੀ ਅਰਜ਼ੀ ਦੀ ਗੱਲ ਨੀਂ ਬਣਨੀਂ।" ਗੱਭਰੂਆਂ ਰੱਖ ਵਿਖਾਈ।
"ਮੈਂ ਤਾਂ ਕਹਿਨਾਂ……ਜੀਹਦੇ ਵਿੱਚ 'ਬੰਦੇ' ਦਾ ਕਣ ਐ ਨਿੱਤਰੇ ਰਣ 'ਚ……।"
ਫੌਜੀ ਜਿਵੇਂ ਸੂਰਮੇ ਅਤੇ ਗੀਦੀ ਵਿੱਚ ਲੀਕ ਖਿੱਚ ਦਿੱਤੀ।
ਸ਼ੋਰ ਛਟਣ ਲੱਗਾ। ਚੁੱਪ ਫੈਲਣ ਲੱਗੀ। ਲੋਕ ਇੱਕ ਦੂਜੇ ਵੱਲ ਝਾਕਣ ਲੱਗੇ।
ਤਦੇ ਪਾਸਿਓਂ ਮਜ਼੍ਹਬੀਆਂ ਕਾ ਗਾਮਾ ਤੇ ਮੁਨਸ਼ੀ ਰਵਦਾਸੀਆ ਆ ਰਹੇ।
"ਬੈਠ ਰਹੀ ਸੰਗਤ?" ਉਹਨਾਂ ਆ ਫਤ੍ਹੇ ਗਜਾਈ। ਗਾਮਾ ਨਿਹੰਗਾਂ ਦੇ ਬਾਣੇ ਵਿੱਚ ਸੀ। ਉਂਜ ਉਹ ਦਿਹਾੜੀ ਦੱਪਾ ਕਰਦਾ ਪਰ ਬਾਹਰ ਅੰਦਰ ਗਿਆ, ਗੁਰੂ ਕੀ ਲਾਡਲੀ ਫੌਜ ਬਣ ਕੇ ਨਿਕਲਦਾ। ਲੰਮਾ-ਚੋਲਾ, ਉੱਚੀ ਦਸਤਾਰ, ਗਾਤਰੇ 'ਚ ਤਿੰਨ ਫੁੱਟੀ ਸ਼ਮਸ਼ੀਰ, ਲੱਕ ਪੀਲੇ ਦੁਪੱਟੇ ਦੀ ਕੱਸਵੀਂ ਦੁ-ਬੰਦੀ।
"ਆ ਜਾ, ਤੂੰ ਵੀ ਲੈ ਲੈ ਦੇਗ……"
"ਬਸ ਦੇਗ ਆਲਾ ਈ ਅਰਦਾਸਾ ਕਰ ਕੇ ਮੁੜੇ ਆਂ।" ਥੜ੍ਹੇ ਤੇ ਬੈਠਦਿਆਂ ਗਾਮੇ ਤਿੰਨ ਫੁੱਟੀ ਕੱਛ 'ਚ ਸੂਤ ਲਈ। ਉਹ ਥੱਕ ਕੇ ਆਇਆ ਲਗਦਾ ਸੀ।
"ਕਿਵੇਂ?" ਉਹਨਾਂ ਦੀ ਪੱਤੀ 'ਚੋਂ ਕਿਸੇ ਕਿਹਾ।
"ਤੂੰ ਜਾਣਨੈ ਮਾਸੜਾ! ਆਈ ਵਢਾਈ ਤਾਂ ਲੋਕ ਬਿਹਾਰੀਆਂ ਤੋਂ ਕਰਵਾਉਣ ਲੱਗ ਗਏ। ਆਖ਼ਰ ਪਰਸ਼ਾਦ ਪਾਣੀ ਦਾ ਢਾਹ ਤਾਂ ਕਰਨਾ ਹੀ ਹੋਇਆ!"
"ਹੱਛਾ ਹੁਣ ਇਹ ਵੀ ਡੰਨ ਐ? ਤੂੰ ਦੱਸ ਬਿਹਾਰੀਆਂ ਕੋਲੋਂ ਨਾ ਕਰਵਾਈਏ ਤਾਂ ਹੋਰ ਤੇਰੇ ਅਰਗਿਆਂ ਦੇ ਤਲੇ ਚੱਟਦੇ ਫਿਰੀਏ?" ਮਿਹਨਤੀਆਂ ਤੋਂ ਸਤੇ ਕਿਸੇ ਆਪਣੀ ਛੋਹ ਲਈ।
"ਓ ਭਾਊ ਇਹ ਤਾਂ ਬਿਹਾਰੀਆਂ ਕਰਕੇ ਰਤਾ ਸੁਖ ਦਾ ਸਾਹ ਆਇਐ, ਨਹੀਂ……"
"ਮੰਨਦੇ ਆਂ ਤੇਰੀ ਚੈਂਚਲ ਸਿਆਂ…ਚਲੋ ਦਿਹਾੜੀ ਦੱਪਾ ਖੋਹ ਲੈਣਗੇ। ਮੱਥੇ ਦਾ ਲਿਖਿਆ ਕਿਮੇਂ ਖੋਹਣਗੇ?"
"ਪਰ ਸੋਹਣਿਆਂ! ਐਂ ਦੱਸ, ਬਈ ਦਿਹਾੜੀ ਦੱਪਾ ਈ ਤਾਂ ਭਾਗ ਨੇ ਮਜ਼ਦੂਰ ਦੇ। ਹੋਰ ਭਾਗ ਕਿਤੇ ਅਸਮਾਨੋਂ ਉੱਤਰਦੇ ਐ?" ਮਿਹਨਤੀਆਂ ਵਿੱਚੋਂ ਕਿਸੇ ਨੇ ਹਉਕਾ ਲਿਆ।
"ਪਰ ਤੁਸੀਂ ਕੀ ਸੱਪ ਕੱਢ ਕੇ ਮੁੜੇ ਓ?" ਸ਼ੋਰੀ ਲੰਮਾ ਪੁੱਛ ਰਿਹਾ ਸੀ।
"ਸਸੈਟੀ ਬਣਾਈ ਐ ਵੀਹ ਬੰਦਿਆਂ ਦੀ…।"
"ਕਾਹਤੋਂ?"
"ਤਿੰਨ ਸੌ ਨਕਦ…ਬਾਰਾਂ ਸੌ ਕਿਸ਼ਤ ਵਿਚ……ਰਿਕਸ਼ਾ ਨਵਾਂ……ਨਾ ਕਿਸੇ ਦੀ ਹੈਂਅ ਹੈਂਅ, ਨਾ ਖਹਿੰ ਖਹਿੰ।"
"ਰਿਕਸ਼ੇ ਤਾਂ ਅੱਗੇ ਈ ਅੱਗ ਲਾਇਆਂ ਨੀਂ ਸੜਦੇ। ਪਿਛਲੇ ਸਾਲ ਮੁਰਗੀਖ਼ਾਨਿਆਂ ਤੋਂ ਲੈ ਲੀਆਂ ਤੁਸੀਂ ਕਾਰਾਂ……ਡੇਰੀਆਂ ਦਾ ਸੁਆਦ ਤੁਸੀਂ ਦੇਖ ਲਿਆ। ਆਹ ਰਿਕਸ਼ੇ ਰਹਿੰਦੇ ਸੀ?"
"ਦੇਖ ਲੋ ਜਾਰ, ਕਿਮੇ ਉੱਲੂ ਬਣਾਏ ਐ ਸਿਆਣੇ ਬਿਆਣੇ।"
"ਗਾਮਿਆਂ ਤੈਂ ਜਾਰ ਹੋਰ ਈ ਕਰਤਾ ਪਾਠ ਸ਼ੁਰੂ। ਇੱਕ ਕੰਮ ਤਾਂ ਨਿੱਬੜ ਲੈਣ ਦਿੰਦਾ।" ਫੌਜੀ ਬੇਲੋੜੀ ਤਿੰਨ ਪੰਜ ਤੋਂ ਹਫਿਆ ਖੜ੍ਹਾ ਸੀ।
"ਸਰਕਾਰ ਕਿਹੜਾ ਨਿਉਂਦਾ ਦਿੰਦੀ ਐ, ਪੱਬ ਚੱਟਦੇ ਐ, ਤੇਰੇ ਮੇਰੇ ਅਰਗੇ, ਗਾਹਾਂ ਅਫ਼ਸਰ ਪਹਿਲਾਂ ਈ ਮੂੰਹ ਅੱਡੀ ਬੈਠੇ ਐ, ਸਿੱਧਾ ਮੰਗਦੇ ਐ ਮੇਰੇ ਸਾਲੇ ਦੇ; ਗੱਲ ਕਰ ਕੀ ਦਿਨੈਂ, ਇਹਨਾਂ ਨੂੰ ਕੀ ਪੂਰੋ ਪੂਰ ਦੇ ਦੇਣਗੇ? ਰਾਮ! ਰਾਮ! !"
ਤਦ ਤੀਕ ਗਾਮੇ ਤੇ ਮੁਨਸ਼ੀ ਨੂੰ ਕਿਸੇ ਨੇ ਲਿਖੀ ਜਾ ਰਹੀ ਅਰਜ਼ੀ ਬਾਰੇ ਦੱਸ ਦਿੱਤਾ ਸੀ।
ਗਾਮੇ ਨੂੰ ਲੱਗਾ, ਇਸੇ ਲਈ ਲੋਕ ਉੱਖੜੇ ਜਿਹੇ ਧੁਖ ਰਹੇ ਸਨ। ਰਤਾ ਗਹੁ ਨਾਲ ਵੇਖਣ ਤੇ ਗਾਮੇ ਨੂੰ ਜਾਪਿਆ, ਜਿਵੇਂ ਵਸਾਖੀ ਦੀ ਥਾਵੇਂ ਫੌਜੀ ਨੇ ਕੱਛ ਵਿੱਚ ਕੋਈ ਲਾਂਬੂ ਨੱਪ ਰੱਖਿਆ ਹੋਵੇ, ਜਿਸ ਨਾਲ ਹੁਣੇ ਈ ਉਹ ਸਭ ਕੁੱਝ ਸੁਆਹ ਕਰ ਸੁਟੇਗਾ।
ਅਚਾਨਕ ਗਾਮੇ ਦੇ ਧੁਰ ਅੰਦਰ ਕੁੱਝ ਧੜਕਿਆ ਤੇ ਉਹ ਮੱਲਾਂ ਜਿਹੇ ਹੰਭਲੇ ਨਾਲ ਪੈਰੋਂ ਹੀ ਉੱਠ ਖੜ੍ਹਿਆ।
"ਫੌਜੀਆ ਤੂੰ ਮੇਰੀ ਗੁਆਹੀ ਲਿਖ ਬਿਨਾਂ ਛੱਕ।"
ਗਾਮੇ ਨੂੰ ਯਾਦ ਆਇਆ, ਕਿਵੇਂ ਪਿਛਲੇ ਦਿਨੀਂ ਨਰਮਾ ਗੁੱਡਣ ਗਿਆਂ, ਸਾਰੇ ਦਿਹਾੜੀਦਾਰਾਂ ਦੇ ਸਾਹਮਣੇ ਈ ਚੱਠੇ ਨੇ ਉਹਦੀ ਲਾਹ ਕੇ ਅਹੁ ਮਾਰੀ ਸੀ।
"ਪੁੱਤ! ਹੁਣੇ ਈ ਤੇ ਤੁਸੀਂ ਵੱਟਾਂ ਵਿੱਚ ਆਏ ਓ" ਚੱਠੇ ਨੇ ਮੁੱਛ ਨੂੰ ਤਾਅ ਦਿੰਦੇ ਕਿਹਾ ਸੀ।
"ਮਜ਼੍ਹਬੀ ਤਾਂ ਜਾਣ ਕੇ ਬਦਨਾਮ ਕਰਦੇ ਐ ਬਿਹਾਰੀਆਂ ਨੂੰ, ਬਈ ਲੋਕ ਕੰਮ ਤੇ ਨਾ ਲਾਉਣ ਉਹਨਾਂ ਨੂੰ। ਅਫ਼ਵਾਹਾਂ ਉਡਾਉਂਦੇ ਐ, ਪਈ ਬਿਹਾਰੀਏ ਕਿਸੇ ਜੱਟ ਦਾ ਇੱਕੋ ਇੱਕ ਪੁੱਤ ਈ ਰਿੰਨ੍ਹ ਕੇ ਖਾ ਗਏ। ਪਰ ਉਹਨੂੰ ਪੁੱਛੇ ਕੋਈ ਵੱਡੇ ਸਰਦਾਰ ਨੂੰ, ਪਈ ਆਹ ਜਿਹੜੇ ਜੋਗੀਪੁਰ ਮਾਰੇ ਐ ਬਿਹਾਰੀਏ, ਇਹ ਵੀ ਝੂਠ ਹੋਊ……ਨਾਲੇ ਇਹ ਵੀ ਝੂਠ ਹੈ ਪਈ ਉਹਨਾਂ ਕਿਸੇ ਨਿਆਣੀ ਜਿਹੀ ਕੁੜੀ ਨਾਲ ਚੰਗ ਮੰਦ ਨੀਂ ਕੀਤਾ ਹੋਣਾ।" ਫਿਰ ਗਾਮਾ ਜਿਵੇਂ ਗੜ੍ਹਕ ਕੇ ਬੋਲਿਆ।
"ਬਈ ਮੈਂ ਕਹਿਨਾਂ ਬਾਹਾਂ ਖੜ੍ਹੀਆਂ ਕਰੋ ਗੁਆਹੀਆਂ ਵਾਲੇ……।"
"ਉਏ ਦੇਖੀਂ ਕਿਤੇ, ਗੁਆਹੀਆਂ ਮਹਿੰਗੀਆਂ ਈ ਨਾ ਪੈਣ ਤੈਨੂੰ?"
ਲੋਕਾਂ ਪਰਤ ਕੇ ਡਿੱਠਾ, ਭੀੜ ਵਿੱਚ ਕਿਧਰੇ ਬਲਕਾਰੀ ਖੜਾ ਸੀ। ਰੱਜ ਕੇ ਵੈਲੀ, ਬੰਦਾ ਵੱਢ ਕੇ ਕਹਿੰਦੇ ਉਹਨੂੰ ਸੌ ਬੋਤਲ ਦਾ ਨਸ਼ਾ ਚੜ੍ਹਦਾ ਸੀ। ਭਰਵਾਂ ਜੁਆਨ। ਸੂਹੀ ਅੱਖ। ਹਥਿਆਰਾਂ ਦੇ ਟੱਕਾਂ ਨਾਲ ਵਿਗੜੀ ਸ਼ਕਲ। ਭਿਆਨਕ। ਚੱਠੇ ਦੀ ਮੁੱਛ ਦਾ ਵਾਲ। ਸਿਆਣੇ ਉਹਤੋਂ ਕੰਨੀਂ ਭੰਨ ਕੇ ਲੰਘਦੇ। ਉਹਦੇ ਮੋਟੇ ਬੁੱਲ੍ਹਾਂ 'ਚੋਂ ਦਿਨ ਰਾਤ ਦਾਰੂ ਦੇ ਫੁਰਕੜੇ ਵੱਜਦੇ। ਖੁਲ੍ਹਾ ਕੁੜਤਾ। ਤੇੜ ਧੂੰਹਵੀਂ ਚਾਦਰ ਤੇ ਡੱਬ ਵਿੱਚ ਪਿਸਟਲ……
ਅੱਖ ਪਲਕਾਰੇ ਵਿੱਚ ਹੀ ਸੁੰਨ ਵਰਤ ਗਈ। ਪਤਾ ਨਹੀਂ ਉਹ ਕਿੰਨੀਂ ਦੇਰ ਤੋਂ ਆ ਕੇ ਖੜ੍ਹਾ ਸੀ। ਫੌਜੀ ਨੇ ਗੌਲਿਆ ਹੀ ਨਹੀਂ ਸੀ। ਅਚਾਨਕ ਅਰਜ਼ੀ ਉੱਤੇ ਝੁਕੀਆਂ ਅੱਖਾਂ ਤਿੜਕਣ ਲੱਗੀਆਂ। ਫੌਜੀ ਦਾ ਕਾਲਜਾ ਧੜਕਿਆ। ਬਲਕਾਰੀ ਨਾਲ ਅੱਖ ਮਿਲੀ, ਜਿਵੇਂ ਅੱਗ ਨੇ ਅੱਗ ਨਾਲ ਦਸਤ-ਪੰਜਾ ਲਿਆ ਹੋਵੇ। ਜਾਪਿਆ, ਬਲਕਾਰੀ ਖ਼ੈਰ ਹੱਥਾ ਨਹੀਂ ਸੀ ਆਇਆ। ਕਿਸੇ ਵੀ ਪਲ ਕੁੱਝ ਵਾਪਰ ਸਕਦਾ ਸੀ। ਉਸ ਅੰਦਰ-ਖਾਤੇ ਕਿਤੇ, ਆਪੇ ਨੂੰ ਹਰ ਹੋਣੀ ਲਈ ਸੂਤ ਲਿਆ। ਅਚਵੀ ਪਿੰਡਾ ਤੋੜਨ ਲੱਗੀ। ਲੋਕਾਂ ਸਹਿਮੀ ਜਹੀ ਚੁੱਪ ਵਿੱਚ ਹੁਕਮੇ, ਚੰਦੂ ਅਤੇ ਭੀਮ ਦੇ ਹੇਠ ਉੱਪਰ ਵੱਜਦੇ ਖੰਗੂਰੇ ਸੁਣੇ।
"ਅਈ ਸ਼ਾਬਾ ਸ਼ੇ ਬਲਕਾਰ ਸਿੰਘ ਏ ਮਖ……ਭਾਊ ਆਪਾਂ ਤੇ ਵੇਖ ਨਾ ਮਹਿੰਗੀ ਸਸਤੀ ਵਾਲਾ ਰੇੜਕਾ ਈ ਵੱਢ ਦਿੱਤੈ……" ਬਲਕਾਰੀ ਵੱਲ ਵੇਖਦਿਆਂ ਹੀ ਗਾਮੇ ਪੂਛ ਲੱਤਾਂ 'ਚ ਲੈ ਲਈ।
ਇੱਕ ਘੜੀ ਉਹ ਜੋਸ਼ ਵਿੱਚ ਹੀ ਵਿੱਸਰ ਗਿਆ ਸੀ ਕਿ ਉਹ ਪਿਛਲੇ ਤਿੰਨ ਵਰ੍ਹਿਆਂ ਤੋਂ ਚੱਠਿਆਂ ਦਾ ਕਰਜ਼ਾਈ ਸੀ ਤੇ ਪਿਛਲੀ ਛਮਾਹੀ ਫ਼ੀਮ 'ਚ ਫੜੇ ਜਾਣ ਕਾਰਨ ਬਲਕਾਰੀ ਹੀ ਉਹਨੂੰ ਜ਼ਮਾਨਤ ਤੇ ਛੁਡਵਾ ਕੇ ਲਿਆਇਆ ਸੀ।
"ਹੱਸਦੇ ਆਂ ਭਾਅ, ਨਾਲੇ ਸਾਡੇ ਕੰਮੀਂ ਕਮੀਣਾਂ ਦੀ ਕੌਣ ਮੰਨਦਾ ਜੇ ਗੁਆਹੀ……ਜਦੋਂ……"
ਗਾਮਾ ਭਰੀ ਪਰ੍ਹੇ 'ਚ ਜੂਲੇ ਵਿੱਚੋਂ ਹੀ ਨਿਕਲ ਗਿਆ। ਉਸ ਦਹਿਲ ਕੇ ਸੋਚਿਆ, "ਬਲਕਾਰੀ ਸਹੁਰੇ ਦਾ ਕੀਹ ਐ, ਨਾ ਜਾਣੀਏ ਕਿਤੇ……।" ਤੇ ਅੱਗੋਂ ਉਹਦੀ ਸੋਚ ਕੰਬ ਗਈ।
ਲੋਕ ਵੇਂਹਦੇ ਹੀ ਰਹਿ ਗਏ। ਬਹੁਤਿਆਂ ਨੂੰ ਗਾਮੇ ਦਾ ਯਰਕ ਜਾਣਾ, ਇੱਕ ਘੜੀ ਬਰਛੀ ਵਾਂਗ ਸੱਲ੍ਹ ਗਿਆ।
"ਭਾਊ ਏਸ ਲਾਗ ਡਾਟ ਬਦਲੇ ਤਾਂ ਰਿਕਸ਼ਿਆਂ ਦਾ ਅੱਕ ਚੱਬਿਐ। ਆਪਦੀ ਤਾਜ਼ੀ ਕਮਾਵਾਂਗੇ ਤਾਜ਼ੀ ਖਾਵਾਂਗੇ।" ਗਾਮਾ ਜਿਵੇਂ ਆਪਣੇ ਆਪ ਨੂੰ ਹੀ ਬੋਲਿਆ।
"ਚਲੋ ਨਾਲੇ ਰਹਿੰਦੇ ਖੱਸੀ ਹੋ ਜੋਂਗੇ।" ਕਿਸੇ ਕਿਹਾ।
"ਜੱਟਾਂ ਦੀਆਂ ਬੱਤੀਆਂ ਤੋਂ ਵੱਧ ਨੀਂ ਹੁੰਦੇ।" ਮੁਨਸ਼ੀ ਉੱਖੜ ਕੇ ਬੋਲਿਆ। ਉਹ ਗਾਮੇ ਨੂੰ ਇੰਜ ਭੱਜ ਗਿਆ ਤੱਕ ਕੇ ਹੈਰਾਨ ਹੋ ਗਿਆ ਸੀ।
"ਉਏ ਜੱਟਾਂ ਬਿਨਾਂ ਗੁਜ਼ਾਰਾ ਵੀ ਨੀਂ ਥੋਡਾ, ਸੁਣਦੈਂ? ਤਰੰਡਾ ਤਰੰਡਾ ਥੋਡੇ ਕੋਲ ਡੰਗਰ…ਪੈਲੀ ਦੀ ਖੁੱਡ ਨਾ। ਜੱਟ ਤਾਂ ਚਾਹੁਣ ਮੂਤ ਬੰਦ ਕਰਾ ਦੇਣ ਥੋਡਾ। ਸੁਣਿਆਂ?"
"ਤੁਸੀਂ ਜਾਰ ਅਸਲੀ ਗੱਲ ਕਿਉਂ ਰੋਲਦੇ ਓ……"
ਪਤਾ ਨਹੀਂ ਕਿਉਂ? ਫੌਜੀ ਨੂੰ ਸਭ ਕੁੱਝ ਹੀ ਹੱਥੋਂ ਕਿਰਦਾ ਲਗਦਾ ਸੀ। ਉਹਨੇ ਇੱਕ ਨਜ਼ਰ, ਲੋਕਾਂ ਦੇ ਇਕੱਠ ਅਤੇ ਚੱਠਿਆਂ ਦੀ ਹਮੈਤੀ ਢਾਣੀ ਵੱਲ ਗਹਿਰਾ ਜਿਹਾ ਦੇਖਿਆ ਅਤੇ ਦੰਦਾਂ ਥੱਲੇ ਬੁੱਲ੍ਹ ਟੁੱਕਦਿਆਂ ਸੁਣਿਆਂ।
"ਯਾਰ ਠਹਿਰ ਕੇ ਲਵਾਊਂਨੇ ਆਂ ਅੰਗੂਠੇ……।" ਗਭਰੀਟ ਆਖ ਰਹੇ ਸਨ। ਵਿੱਸ ਘੋਲਦੀਆਂ ਤਿਊੜੀਆਂ ਅੱਕੀਂ ਪਲਾਹੀਂ ਹੱਥ ਮਾਰਨ ਲੱਗੀਆਂ, ਖ਼ਬਰੇ ਵਿਰੋਧੀ ਧਿਰ ਡਾਂਗ ਸੋਟਾ ਹੀ ਮਿਥ ਕੇ ਆਈ ਹੋਵੇ। ਲੋਕਾਂ ਸੋਚਿਆ।
"ਕੋਈ ਨਾ ਜੱਟ ਵੀ ਨੀਂ ਮਰਦੇ ਹੁਣ……ਤੁਸੀਂ ਜੇਹੜਾ ਅੱਕ ਚੋਇਆ ਸੀ ਨਾ, ਉਹ ਵੀ ਯਾਦ ਰਹੂ ਜੱਟਾਂ ਨੂੰ…ਦੋ ਹਜ਼ਾਰ ਪਹਿਲਾਂ ਤੇ ਕੰਮ? ਕੰਮ ਕੀਹਦੇ ਪਿਉ ਦੈ…ਬਿਹਾਰੀਆਂ ਨੇ ਤਾਂ ਵੱਟਾਂ 'ਚ ਲਿਆ ਤੇ ਸੀਰੀ, ਨਹੀਂ………"
ਗੁੱਸੇ ਨਾਲ ਭਖਦੀਆਂ ਅੱਖਾਂ ਵਿੱਚੋਂ ਫੌਜੀ ਡਿੱਠਾ……ਲੋਕ ਹੋਣੀ ਸਾਹਵੇਂ ਹਿੱਕ ਡਾਹੁਣ ਦੀ ਥਾਂ ਆਪਸ ਵਿੱਚ ਹੀ ਖਹਿਣ ਲੱਗੇ ਸਨ।
ਇੱਕਾ ਇੱਕ ਭੀੜ ਵਿੱਚੋਂ ਮਾਸਟਰ ਦਲੀਪ ਸਿੰਘ ਅੱਗੇ ਵਧਿਆ ਅਤੇ ਚੀਕਿਆ। "ਕਿਉਂ ਹੜਬਾਂ ਭੇੜਦੇ ਓ……ਗੱਲ ਤਾਂ ਮੋਘੇ ਦੀ ਸੀ, ਤਕੜੇ ਤੇ ਮਾੜੇ ਦੀ। ਨਾ ਕੰਮੀਆਂ ਕਿਤੇ ਜਾਣੈ ਨਾ ਤੁਸਾਂ…ਇਹ ਰੰਡੀ ਰੋਣੇ ਨੀ ਮੁੱਕਣੇ……ਕਰਜ਼ਿਆਂ ਨਾਲ ਤਾਂ ਘੀਸੀ ਹੋਈ ਪਈ ਐ ਸਭ ਦੀ……ਜੱਟਾਂ ਤਾਂ ਅੱਗ ਫੱਕਣੀ ਈ ਸੀ। ਸੀਰੀ ਵੀ ਲੈ ਲੈਣ ਧਾਰਾਂ…ਓੜਕ ਖੋਤੀ ਮਿਆਂਕ ਕੇ ਬੋਹੜ ਥੱਲੇ ਨਾ ਆਈ ਤਾਂ ਕਿਹੋ……ਅਸਲੀ ਗੱਲ ਵੱਲ ਆਉੇਂਦਾ ਨੀਂ ਕੋਈ……ਮਜ਼੍ਹਬੀ ਬਿਹਾਰੀਆਂ ਤੋਂ ਔਖੇ ਐ………ਜੱਟ ਆੜਤੀਆਂ ਤੋਂ……ਯਾਰ ਕਾਹਦੀ ਹਊਮੈ ਐ ਥੋਡੀ……ਰਿਸ਼ਵਤਾਂ ਦੇ ਕੇ ਤਾਂ ਜਿਨਸਾਂ ਵੇਚੋ ਤੁਸੀਂ……ਫ਼ਸਲ ਪਿੱਛੋਂ ਵਿਕਦੀ ਐ, ਥੁੜਾਂ ਪਹਿਲੋਂ ਆਦਮ ਬੋ ਆਦਮ-ਬੋ ਕਰਦੀਆਂ। ਲੈ ਦੇ ਕੇ ਗੁੱਸਾ ਇੱਕ ਦੂਜੇ ਤੇ ਨਿੱਕਲਦੈ……ਹੁਣ……"
"ਐਂਦਕੀਂ ਰੱਬ ਈ ਭੈਣ ਦੇਣੇ ਦਾ ਚੜ੍ਹ ਗਿਆ ਤਾਂਹ ਕਿਤੇ………।"
"ਨਹੀਂ ਹੇਠਲੇ ਉੱਤੇ ਕਰ ਦਿੰਦਾ ਤੂੰ………" ਫੌਜੀ ਟਸ ਟਸ ਕਰਦੇ ਮੱਥੇ ਨਾਲ ਫਟ ਜਾਣਾ ਚਾਹੁੰਦਾ ਸੀ। ਉਹ ਲੋਕਾਂ ਨੂੰ ਬਲਕਾਰੀ ਦੀ ਇੱਕੋ ਭਬਕ ਮੂਹਰੇ ਮੇਮੀ ਬਣਿਆ ਵੇਖ, ਅੰਦਰੇ ਅੰਦਰ ਕੋਲਾ ਹੋ ਗਿਆ ਸੀ। ਉਹਦੀਆਂ ਮੀਟੀਆਂ ਮੁੱਠੀਆਂ ਵਿੱਚ ਪਸੀਨਾ ਆ ਗਿਆ। ਸਾਹ ਕਾਹਲੇ ਹੋ ਗਏ ਸਨ ਅਤੇ ਭੀੜ ਨੂੰ ਹੋਰੂੰ ਹੋਰੂੰ ਵੇਖਦਾ ਬੋਲਿਆ ਸੀ "ਮੈਂ ਕਹਿਨਾਂ ਸ਼ਰਮ ਕਰੋ ਕੁਝ……?"
"ਹੂੰ! ਰੱਬ ਤੋਂ ਭਾਲਦੇ ਨੇ ਟੱਟੂ……", ਮਾਸਟਰ ਫਿਰ ਤਮਕਿਆ। "ਕੋਈ ਦੇਖਿਐ ਜੱਟ ਕਦੇ ਪਿੱਟਦਾ……ਸੂਈ ਬਣਾਉਣ ਵਾਲਾ ਵੀ ਆਪਦਾ ਭਾਅ ਆਪ ਮਿਥੇ……ਪਰ ਸੱਪਾਂ ਦੇ ਸਿਰ ਤੁਸੀਂ ਮਿੱਧੋ, ਭਾਅ ਸਰਕਾਰ ਟੁੱਕਦੀ ਐ, ਲੋਹੜਾ ਨੀਂ……ਹੋਰ ਤਾਂ ਹੋਰ……ਪਿੱਟ ਕੇ ਮਰ ਗਿਆ ਫੌਜੀ, ਕੋਈ ਨਿੱਤਰਿਆ ਰਣ 'ਚ……?"
"ਮੈਂ ਦੱਸਦਾਂ ਵਿੱਚੋਂ ਗੱਲ ਕੀ ਐ……" ਦਰਸ਼ਨ ਦੋਧੀ ਨੇ ਕਿਹਾ। "ਜੱਟਾਂ ਦਾ ਤਾਂ ਉਹਨਾਂ ਦੀਆਂ ਫੜ੍ਹਾਂ ਬਿਠਾਇਆ ਪਿਐ ਭੱਠਾ……" ਗਾਂ ਮੱਝ ਭਾਵੇਂ ਟੀਕੇ ਨਾਲ ਲਾਹੁੰਦੀ ਹੋਵੇ ਡੋਕੇ……ਆਖੂ, ਪੁੱਛ ਨਾ ਕੁਸ਼, ਟੋਕਣੀ ਨਿਤਾਰ ਦਿੰਦੀ ਐ…ਬਾਹਰ ਦਾਣੇ ਭਾਵੇਂ ਦੇਣਦਾਰੀਆਂ ਦਾ ਢਿੱਡ ਨਾ ਭਰਦੇ ਹੋਣ…ਆਖੂ, ਰੰਗ ਲੱਗੇ ਪਏ ਐ ਕੇ………"
"ਦੋਧੀਆ! ਤੂੰ ਤਾਂ ਕੰਨ 'ਚ ਮੰਮਾ ਲੈਨੈ ਜਾਰ……ਜਦ ਅਗਲੇ ਗੱਲਾਂ ਦਾ ਕੜਾਹ ਬਣਾਉਣੈ……ਮਿੱਠਾ ਕਿਉਂ ਘੱਟ ਪਾਊ……"
ਅਚਾਨਕ ਇੱਕੜ ਦੁੱਕੜ ਜਿਹੇ ਲੋਕ ਉੱਠ ਖੜ੍ਹੇ।
"ਛੱਡੋ ਜਾਰ! ਕਰਨਗੇ ਸੋ ਭਰਨਗੇ……ਆਪਾਂ ਕਾਹਨੂੰ………"
ਪਰ ਤਦੇ ਹੀ ਗੇੜਾ ਲਾ ਕੇ ਸ਼ਹਿਰੋਂ ਮੁੜੇ ਤਾਂਗੇ, ਭੀੜ ਲਾਗੇ ਆ ਖੜੋਤੇ।
ਲੋਕਾਂ ਦਾ ਇੰਜ ਥੜ੍ਹੇ ਤੇ ਕੱਠੇ ਹੋਣਾ ਕੋਈ ਅਲੋਕਾਰ ਗੱਲ ਨਹੀਂ ਸੀ। ਸਗੋਂ ਹਨੇਰੇ ਸਵੇਰੇ ਕੋਈ ਨਾ ਕੋਈ ਢਾਣੀ ਜੁੜੀ ਹੀ ਰਹਿੰਦੀ। ਯੱਕੜ ਵੱਜਦੇ……ਟਾਂਚਾਂ ਹੁੰਦੀਆਂ। ਲੰਘਦੀਆਂ ਕੁੜੀਆਂ ਚਿੜੀਆਂ ਤੋਂ ਲੈ ਕੇ ਅਖ਼ਬਾਰ ਦੀ ਸੁਰਖੀ ਤੀਕ ਸਭ ਕੁੱਝ ਹੀ ਚਿੱਥਿਆ ਜਾਂਦਾ। ਤੂੰ, ਤੂੰ, ਮੈਂ, ਮੈਂ ਹੁੰਦੀ। ……ਰੋਸੇ ਧੀ ਦੀ ਭੈਣ ਦੀ ਤੀਕ ਵੀ ਅੱਪੜ ਜਾਂਦੇ ਪਰ ਸਮਝ ਨਾ ਲੱਗਦੀ, ਆਖ਼ਰ ਇਹ ਕਿਹੋ ਜਿਹੇ ਲੋਕ ਸਨ, ਜਿਹੜੇ ਡੰਗਰਾਂ ਵਾਂਗ ਲੜ ਲੈਣ ਮਗਰੋਂ ਵੀ ਇੱਕ ਦੂਜੇ ਦਾ ਗਲ ਚੱਟਣ ਲਗਦੇ ਸਨ। ਇੱਕ ਘੜੀ ਲਹੂ ਦੇ ਪਿਆਸੇ ਹੋ ਜਾਂਦੇ, ਦੂਜੀ ਘੜੀ ਕੁੰਗੂ ਵਾਂਗ ਨਿੱਤਰ ਜਾਂਦੇ ਪਰ ਜੇਹੜੀ ਤਲਖ਼ੀ ਨਾਲ ਲੋਕ ਅੱਜ ਇਕੱਠੇ ਹੋਏ ਸਨ ਇੰਜ ਕਦੇ ਕਦਾਈਂ ਹੀ ਹੁੰਦਾ ਸੀ……। ਪਰ ਹਰ ਵਾਰ ਇਹ ਰੋਹ ਧੁਆਂਖਿਆ ਕਿਉਂ ਜਾਂਦਾ ਸੀ? ਫੌਜੀ ਨੇ ਪੀੜ ਨਾਲ ਸੋਚਿਆ। ਸਾਰੇ ਦਾ ਸਾਰਾ ਧੂੰਆਂ ਉਹਦੇ ਜ਼ਿਹਨ 'ਚ ਕੱਠਾ ਹੋਣ ਲੱਗਾ। ਜਾਪਿਆ ਜਿਵੇਂ ਉਹਨੂੰ ਕੁੱਝ ਵੀ ਨਹੀਂ ਸੀ ਸੁਣ ਰਿਹਾ। ਕੁੱਝ ਵੀ ਨਹੀਂ ਸੀ ਦਿੱਸ ਰਿਹਾ। ਆਖ਼ਰ ਇਹ ਲੋਕ ਕਾਹਤੋਂ ਕਿਸੇ ਭੈ ਵਿੱਚ ਗ੍ਰਸੇ ਜਾਂਦੇ ਸਨ? ਕਿਉਂ ਹੋਣੀ ਦੀਆਂ ਅੱਖਾਂ ਵਿੱਚ ਝਾਕਦਿਆਂ ਹੀ, ਇਹਨਾਂ ਦੇ ਕੋਇਆਂ ਵਿੱਚ ਮੋਤੀਆ ਉੱਤਰ ਆਉਂਦਾ ਸੀ? ਫੌਜੀ ਨੂੰ ਜਾਪਿਆ, ਜਿਵੇਂ ਸੱਚਮੁੱਚ ਕੋਈ ਭੈਅ ਸਾਰੀ ਦੀ ਸਾਰੀ ਭੀੜ ਨੂੰ ਨਿਗਲ ਰਿਹਾ ਸੀ।
ਇਕ ਪਲ, ਦੋ ਪਲ, ਦਸ ਪਲ……ਸਾਂ……ਸਾਂ…ਸਾਂ……!
"ਸੁਣਿਆ ਜਾਰ ਟੀਕਿਆਂ ਨਾਲ ਈ ਨਿਆਣੇ ਜੰਮਣ ਲੱਗ ਪਏ।" ਛੱਜੂ ਅਮਲੀ ਆਖ ਰਿਹਾ ਸੀ।
"ਸੁਣ ਲੌ ਮਾਰਫ਼ਤ……।" ਸਭ ਕੁੱਝ ਘੱਟੇ ਕੌਡੀਆਂ ਰਲ ਗਿਆ ਜਾਣ ਸੰਧੂਆਂ ਕਾ ਬੁੜ੍ਹਾ ਕਲਪਦਾ ਜਿਹਾ ਉੱਠ ਖੜਾ ਹੋਇਆ। ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚ ਉਹਨੇ ਇੱਕ ਨਜ਼ਰ ਫੌਜੀ ਦੀਆਂ ਰੋਹ ਨਾਲ ਮਚਦੀਆਂ ਅੱਖਾਂ ਵਿੱਚ ਝਾਕਿਆ ਤੇ ਖ਼ਫ਼ਾ ਜਿਹਾ ਬੋਲਿਆ, "ਉਏ ਸ਼ਰਮ ਹੈ ਕਿਸੇ ਪੱਲੇ……? ਵੱਡੇ ਸੂਰਮੇ……"
ਬੁੜ੍ਹੇ ਦੇ ਤਲਖ਼ ਬੋਲ ਇੱਕ ਘੜੀ ਚੁੱਪ ਵਿਚਾਲੇ, ਚਾਕੂ ਵਾਂਗ ਲਟਕ ਗਏ।
ਤਦੇ ਭੀੜ ਨੇ ਬਾਰੂ ਤਾਂਗੇ ਵਾਲੇ ਨੂੰ ਸੁਣਿਆ। ਕਿਸੇ ਸਵਾਰੀ ਦਾ ਅੱਡੇ ਤੋਂ ਅੱਗੇ ਸਮਾਨ ਲਿਜਾਣ ਤੋਂ ਉਹ ਵੇਹਰਿਆ ਖੜ੍ਹਾ ਸੀ।
ਕੋਈ ਦਹਿਸ਼ਤ ਸੀ ਜੋ ਇਕੱਠ ਵਿੱਚ ਛਹਿ ਲਾਈ ਬੈਠੀ ਸੀ ਤੇ ਲੋਕ ਫ਼ੂਕ ਫ਼ੂਕ ਸਾਹ ਲੈ ਰਹੇ ਸਨ।
ਫ਼ੌਜੀ ਕਹਿਣ ਹੀ ਵਾਲਾ ਸੀ, "ਜੀਹਨੇ ਭਰੀ ਪਰ੍ਹੇ 'ਚ ਲਾਉਣੈ ਗੂਠਾ ਲਾਵੇ ਨਹੀਂ ਠੀਕ ਐ ਬੱਸ………।"
ਤਦੇ ਹੀ ਜਿਵੇਂ ਕਿਵੇਂ ਉਸ ਦਹਿਸ਼ਤ ਤੋਂ ਮੁਕਤ ਹੋਣ ਦਾ ਰਾਹ ਲੱਭ ਲਿਆ।
"ਕਿਉਂ ਲੋਹੇ ਦਾ ਥਣ ਬਣਦੈਂ ਬਾਰਾ ਸਿੰਹਾਂ! ਦੋ ਪੈਰ ਦੀ ਤਾਂ ਗੱਲ ਐ।" ਕੋਈ ਟਾਂਗੇ ਵਾਲੇ ਨੂੰ ਬੋਲਿਆ।
"ਅੱਡੇ ਤੱਕ ਫ਼ਰਜ਼ ਬਣਦੈ ਮਾਲਕੋ। ਉਹਦੇ ਲਈ ਸੀ ਨਹੀਂ ਕੀਤੀ……"
"ਏਨੇ ਨਾਲ ਘੋੜੀ ਦੇ ਖੁਰ ਘਿਸਦੇ ਹੋਣਗੇ?" ਕਿਸੇ ਹੋਰ ਨੇ ਕਿਹਾ।
"ਜੇ ਘਿਸਦੇ ਨੇ ਤਾਂ ਹੀ ਤਾਂ ਕਿਹੈ……"
"ਦੇਖ ਲੌ ਯਾਰ ਕਿਵੇਂ ਆਕੜਦੀ ਐ ਜਾਤ……"
"ਜੱਟਾਂ ਨੂੰ ਤਾਂ ਟਿੱਚ ਜਾਨਣਗੇ। ਟਾਂਗੇ ਕੀ ਵਾਹੁਣ ਲੱਗ ਗਏ। ਉੱਡਣ ਈ ਤਾਹਾਂ ਲੱਗ ਗਏ।" ਕਿਸੇ ਕਿਹਾ।
"ਚਲੋ ਜਾਰ ਥੋਨੂੰ ਕੀਹ…ਅਗਲਾ ਆਪਦਾ ਪੜ੍ਹਿਆ ਵਾਚੂ……ਤੁਸੀਂ ਆਪਦੀ ਫਸੀ ਨਬੇੜੋ।"
ਫੌਜੀ ਨਾਲ ਗੱਭਰੂਆਂ ਵੀ ਸਿਰ ਚੁੱਕਿਆ। ਫੌਜੀ ਦੀ ਵਹਿਸ਼ੀ ਚੁੱਪ ਬਹੁਤਿਆਂ ਨੂੰ ਚਸਕ ਰਹੀ ਸੀ। ਲਗਦਾ ਸੀ ਜੇ ਥੋੜ੍ਹਾ ਚਿਰ ਕਿਸੇ ਹੋਰ ਉਸਦਾ ਹੁੰਗਾਰਾ ਨਾ ਭਰਿਆ ਤਾਂ ਉਹ ਇਕੱਲਾ ਹੀ ਸਭ ਕੁੱਝ ਤਹਿਸ ਨਹਿਸ ਕਰ ਦੇਵੇਗਾ।
"ਸਾਨੂੰ ਕਿਉਂ ਨੀਂ ਜਾਰ! ਪੱਠਿਆਂ ਨੂੰ ਸਾਡੇ ਵੱਟ ਖੂੰਜੇ, ਰਹਿਣ ਨੂੰ ਸ਼ਾਮਲਾਟ……ਦਿਹਾੜੀ ਕਹਿੰਦੇ ਸ਼ਹਿਰ ਕਰਾਂਗੇ।"
ਤਦ ਤੀਕ ਬਾਰੂ ਨੇ ਸਮਾਨ ਲਾਹ ਕੇ ਤਾਂਗਾ ਸ਼ਹਿਰ ਵੱਲ ਮੋੜ ਲਿਆ ਸੀ।
"ਛਿੱਤਰਾਂ ਦੀ ਕਸਰ ਐ ਬੱਸ……।" ਹੁਕਮੇ ਦਲਾਲ ਨੇ ਬਲਦੀ ਤੇ ਪੂਲਾ ਸਿੱਟ ਦਿੱਤਾ।
"ਸੁਣਦੇ ਓ? ਆਹ ਪਾਲੇ ਐ ਪਿੰਡ ਨੇ ਸੱਪ……!" ਪੀਤੂ ਰੰਗੜ ਚੀਕਿਆ।
"ਉਏ ਇਹ ਕੀ ਦੇਹ ਦੁਆਲ ਨੇ ਥੋਨੂੰ, ਜੀਹਨਾਂ ਸ਼ਹਿਰਾਂ ਦੀਆਂ ਹਰੀਆਂ ਚਰ ਲਈਆਂ।"
"ਦੁਆਲ ਕੀ ਜੇ ਮੂਤਦੇ ਨਾ ਫ਼ਿਰੇ ਤਾਂ ਕਹੀਂ……ਤੁਸੀਂ ਦੱਸੋ ਕਦੇ ਪਿੰਡ ਨੂੰ ਪੁੱਛ ਕੇ ਵਧਾਇਆ ਇਹਨਾਂ ਕਰਾਇਆ? ਜਦੋਂ ਜੀ ਕੀਤਾ ਵੇਹਰ ਗਏ। ਦੋ ਡਿੰਗਾਂ ਸ਼ਹਿਰ ਤੇ ਰੁਪਈਆ ਸੁਆਰੀ, ਕੋਈ ਹੱਜ ਐ। ਮੈਂ ਪੁੱਛਦਾਂ ਭਲਾ ਕਿੰਨੇ ਟਰੈਕਟਰ ਨੇ ਆਪਣੇ ਪਿੰਡ 'ਚ?"
ਨੂਪਾ ਰੰਗੜ ਉੱਚਾ ਚੀਕਦਾ ਸੀ। ਬਿਲਕੁਲ ਇਵੇਂ ਹੀ ਕੁੱਝ ਚਿਰ ਪਹਿਲਾਂ ਤਾਸ਼ ਦੇ ਪੱਤੇ ਸਿੱਟਦਿਆਂ, ਉਹ ਚੱਠਿਆਂ ਦੇ ਵਿਰੋਧ ਵਿੱਚ ਮੱਚਿਆ ਸੀ। ਪਰ ਇਹ ਮੱਚਦੀ ਅੱਗ ਦੇ ਲੰਬ, ਮਾੜਿਆਂ ਵੱਲ ਕਿਉਂ ਵਧਣ ਲੱਗੇ ਸਨ? ਫੌਜੀ ਨੂੰ ਲੱਗਾ, ਜਿਵੇਂ ਉਹ ਖ਼ੁਦ ਇਹਨਾਂ ਲੰਬਾਂ ਵਿੱਚ ਕਿਧਰੇ ਸੜ ਰਿਹਾ ਸੀ। ਝੁਲਸ ਰਿਹਾ ਸੀ।
"ਪੰਝੀ ਛੱਬੀ!" ਕਿਸੇ ਕਾਹਲੀ ਨਾਲ ਟਰੈਕਟਰ ਗਿਣੇ।
"ਪੰਝੀ ਛੱਬੀ……ਹੂੰਅ! ਸੁਣਿਆ? ਸੋਲ੍ਹਾਂ ਤਾਂਗੇ……ਤੇ ਜੇ ਤਿੰਨ ਤਿੰਨ ਗੇੜੇ ਵੀ ਲਾਉਣ…ਅਠਤਾਲੀ ਗੇੜੇ ਬਣੇ ਕਿ ਨਾ……ਟਾਂਗੇ 'ਚ ਦਸ ਸੁਆਰੀਆਂ ਹੋਣ ਤਾਂ ਪੰਜ ਸੌ ਬਣਿਆ ਕਿ ਨਾ ਰੋਜ਼ ਦਾ……?" ਉਹਨੇ ਉਂਗਲਾਂ ਨਾਲ ਹਵਾ ਕੱਟੀ। ਮੰੈਂ ਕਹਿੰਨਾਂ ਤੁਸੀਂ ਇੱਕ ਇੱਕ ਟਰਾਲੀ ਵਾਲੇ ਦੀ ਵਾਰੀ ਬੰਨ੍ਹੋ ਰੋਜ…ਦੇਖਿਓ ਜੇ ਮਿਆਂਕਦੇ ਨਾ ਫਿਰੇ ਤਾਂ।"
"ਗੱਲ ਤਾਂ ਊਂ ਠੀਕ ਐ।" ਲੋਕ ਸਿਰ ਮਾਰਨ ਲੱਗੇ।
"ਹੱਥ ਖੜੇ ਕਰੋ ਬਈ ਟਰਾਲੀਆਂ ਵਾਲੇ।" ਭੀਮ ਬਲੈਕੀਏ ਬੋਲ ਚੁੱਕੇ।
"ਤੁਸੀਂ ਵਾਰੀਆਂ ਬੰਨ੍ਹ ਕੇ ਫਰਿਸਤ ਬਣਾਓ ਪੱਕੀ। ਸਾਡੀਆਂ ਭਾਵੇਂ ਤਿੰਨ ਰੱਖ ਲਿਉ ਮਹੀਨੇ 'ਚ।"
ਬਲਕਾਰੀ ਆਖ ਰਿਹਾ ਸੀ। ਜਿਵੇਂ ਕੋਈ ਦਾਨਾ ਲੋਕ ਬੋਲ ਰਿਹਾ ਹੋਵੇ।
"ਆਪਾਂ ਪਰ੍ਹੇ ਦੀ ਨੀਂ ਮੋੜਨੀਂ ਬਈ, ਸਭ ਮੰਨਜ਼ੂਰ ਐ।" ਹੁਕਮੇ, ਚੰਦੂ ਤੇ ਭੀਮੇ ਰਲਵੀਂ ਭਬਕ ਮਾਰੀ।
ਕਾਵਾਂ ਰੌਲੀ ਮਚ ਗਈ।
"ਗੱਲ ਸੋਲਾਂ ਆਨੇ ਐ……"
ਅੱਧੇ ਲੀੜੇ ਝਾੜਦੇ ਉੱਠ ਖੜ੍ਹੇ…ਗਰਦਾ ਸਿਰਾਂ ਉੱਤੋਂ ਟੱਪਣ ਲੱਗਿਆ।
ਪਰ ਇਸ ਤੋਂ ਪਹਿਲਾਂ ਕਿ ਲੋਕ ਇਸ ਧੂੜ ਵਿੱਚ ਹੀ ਗੁਆਚ ਜਾਂਦੇ, ਨੂਪੇ ਰੰਗੜ ਦੀ ਸ਼ੂਕਦੀ ਆਵਾਜ਼, ਤਾਂਗਿਆਂ ਦੀਆਂ ਛਿੱਦੀਆਂ ਉੱਪਰ ਮਾਰੂ ਕਹਿਰ ਵਾਂਗ ਫੈਲ ਗਈ।
"ਸਵੇਰੇ ਮੈਂ ਲਿਆਊਂ ਬਈ ਪਹਿਲੀ ਟਰਾਲੀ………"
ਅਰਜ਼ੀ ਦੇ ਪੁੱਠੇ ਬੰਨੇ ਹੀ ਕੋਈ ਫਰਿਸਤ ਲਿਖਣ ਲੱਗਾ ਤਾਂ ਫੌਜੀ ਦੇ ਸੁੰਗੜੇ ਮੱਥੇ ਵਿੱਚ ਜਿਵੇਂ ਬਾਰੂਦ ਦੀ ਕੋਈ ਪੰਡ ਖੁਲ੍ਹ ਗਈ। ਉਸ ਧਾਹ ਕੇ ਅਰਜ਼ੀ ਹੀ ਝਰੁੱਟ ਲਈ। ਵਸਾਖੀ ਸਣੇ ਉਹ ਡਿਗਦਾ ਡਿਗਦਾ ਹੀ ਰਹਿ ਗਿਆ। ਅੱਖਾਂ ਵਿੱਚ ਰੱਤ ਉੱਤਰ ਆਈ ਅਤੇ ਸਾਹ ਧੂੰਏ ਵਿੱਚ ਲਿਪਟ ਗਏ।
ਹੋ ਹੱਲੇ ਤੇ ਹਾਸੇ ਠੱਠੇ ਵਿੱਚ ਲੋਕ ਇੰਜ ਉੱਠ ਖੜੇ ਸਨ ਜਿਵੇਂ ਕਿਸੇ ਬਹੁਤ ਵੱਡੀ ਜਿੱਤ ਮਗਰੋਂ ਕਿਲਕਾਰੀ ਮਾਰਨਾ ਚਾਹੁੰਦੇ ਹੋਣ।
ਲੋਕ ਖਿੰਡ ਰਹੇ ਸਨ। ਹੜਬਾਂ ਦੀ ਖੜ ਖੜ ਸਣੇ, ਜਿਵੇਂ ਧੂੜ ਖਿੰਡ ਰਹੀ ਸੀ।
ਪਰ ਜਦੋਂ ਥੜ੍ਹੇ ਤੋਂ ਬਲਕਾਰੀ ਅਤੇ ਫੌਜੀ ਉੱਤਰੇ, ਅੱਖ ਨਾਲ ਅੱਖ ਮਿਲਦਿਆਂ ਲੱਗਾ, ਜਿਵੇਂ ਬਲਕਾਰੀ ਦੀ ਖਚਰੀ ਅੱਖ ਟਾਹ ਟਾਹ ਕਰ ਕੇ ਹੱਸੀ ਹੋਵੇ ਤੇ ਕਿਹਾ ਹੋਵੇ।
"ਤੂੰ ਤਾਂ ਕਮਲੈਂ ਫੌਜੀਆ……ਇਹਨਾਂ ਖੱਸੀ ਲੋਕਾਂ ਤੋਂ ਕੀ ਭਾਲਦੈਂ……"
ਪਰ ਇਸ ਤੋਂ ਉਲਟ, ਜਦੋਂ ਲਟ ਲਟ ਬਲਦੀ ਅੱਖ ਨਾਲ ਫੌਜੀ ਬਲਕਾਰੀ ਦੀਆਂ ਅੱਖਾਂ ਵਿੱਚ ਆਰ ਪਾਰ ਝਾਕਿਆ ਤਾਂ ਜਾਪਿਆ, ਜਿਵੇਂ ਆਖ ਰਿਹਾ ਹੋਵੇ:
"ਬਲਕਾਰਿਆ! ਤੂੰ ਵੇਖੀਂ ਇੱਕ ਦਿਨ, ਮੈਂ ਇਸੇ ਪਿੰਡ ਵਿੱਚੋਂ ਉਹ ਲੋਕ ਲੱਭਾਂਗਾ, ਜਿਹੜੇ ਮੇਰੇ ਮਾਣ ਦੀ ਲੱਜ ਪਾਲਣਗੇ।"

ਧੂੜ ਉਵੇਂ ਖਿੰਡ ਰਹੀ ਸੀ।
ਪਿੰਡ ਦੀਆਂ ਪੱਕੀਆਂ ਗਲੀਆਂ ਵਿੱਚ ਫੌਜੀ ਦੀ ਇਕੱਲੀ ਵਸਾਖੀ ਡਮਰੂ ਵਾਂਗ ਖੜਕਦੀ, ਦੂਰ ਤੱਕ ਸੁਣਦੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਿਰਪਾਲ ਕਜ਼ਾਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ