Jameelan (Punjabi Story) : Muhammad Imtiaz

ਜਮੀਲਾਂ (ਕਹਾਣੀ) : ਮੁਹੰਮਦ ਇਮਤਿਆਜ਼

''ਆਲੂ ਲੈ, ਪਿਆਜ ਲੈ, ਗੋਭੀ ਲੈ..... ਭਾਅਅਅਈਈ...!'' ਸਬਜ਼ੀ ਵਾਲੇ ਦਾ ਹੋਕਾ ਸੁਣ ਕੇ ਜਮੀਲਾਂ ਦਾ ਧਿਆਨ ਉਧਰ ਚਲਿਆ ਗਿਆ।
ਜਮੀਲਾਂ ਇਸ 'ਭਾਈ' ਤੋਂ ਸਬਜ਼ੀ ਲੈ ਕੇ ਖ਼ੁਸ਼ ਨਹੀਂ ਸੀ, ਪਰ ਦੁਪਹਿਰ ਲਈ ਸਬਜ਼ੀ ਹਾਲੀਂ ਤੱਕ ਲਿਆਂਦੀ ਨਹੀਂ ਸੀ ਗਈ।
ਇਹ ਸਬਜ਼ੀ ਵਾਲਾ ਸਬਜ਼ੀ ਮਹਿੰਗੀ ਵੇਚਦਾ ਸੀ। ਉੱਪਰੋਂ ਆਕੜ ਸਿਖਰਾਂ ਦੀ! ਗ੍ਰਾਹਕ ਛੱਡ ਦਿੰਦਾ, ਪਰ ਇੱਕ ਪੈਸਾ ਘੱਟ ਨਾ ਕਰਦਾ! ਇਸੇ ਕਰਕੇ ਜਨਾਨੀਆਂ ਨਾਲ ਉਸ ਦੀ ਰੋਜ਼ਾਨਾ ਝੜਪ ਹੁੰਦੀ ਸੀ।

ਪਰ ਜਨਾਨੀਆਂ ਦੀ ਮਜਬੂਰੀ ਸੀ ਕਿ ਰੋਜ਼ਾਨਾ ਮੰਡੀਉਂ ਜਾਂ ਬਜ਼ਾਰੋਂ ਸਬਜ਼ੀ ਲਿਆਉਣਾ ਉਹਨਾਂ ਲਈ ਔਖਾ ਕੰਮ ਸੀ। ਇਸੇ ਕਰਕੇ ਜਮੀਲਾਂ ਤੇ ਮੁਹੱਲੇ ਦੀਆਂ ਹੋਰ ਔਰਤਾਂ, ਨਾਲੇ ਤਾਂ ਉਸ ਤੋਂ ਸਬਜ਼ੀ ਖ਼ਰੀਦ ਲੈਂਦੀਆਂ, ਤੇ ਨਾਲੇ, ਪਿੱਠ ਪਿੱਛੇ ਉਸ ਨੂੰ ਮੰਦਾ-ਚੰਗਾ ਬੋਲਦੀਆਂ।
ਜਮੀਲਾਂ ਸਬਜ਼ੀ ਲੈਣ ਲਈ ਹਾਲੀਂ ਬਾਹਰ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਉਸਦੀ ਵਿਚਕਾਰਲੀ ਦਰਾਣੀ ਦੀ ਆਵਾਜ਼ ਉਸ ਦੇ ਕੰਨਾਂ 'ਚ ਪਈ। ਸ਼ਾਇਦ ਉਹ ਸਬਜ਼ੀ ਲੈਣ ਲਈ ਬਾਹਰ ਨਿਕਲੀ ਸੀ। ਇਸ ਲਈ ਜਮੀਲਾਂ ਕੁਝ ਦੇਰ ਲਈ ਰੁਕ ਗਈ।
ਇਹ ਜਮੀਲਾਂ ਦੀ ਰੋਜ਼ ਦੀ ਸਮੱਸਿਆ ਸੀ। ਉਸ ਦੀ ਇਹ ਦਰਾਣੀ ਮਕਾਨ ਦੇ ਦੂਜੇ ਹਿੱਸੇ ਵਿੱਚ ਰਹਿੰਦੀ ਸੀ ਤੇ ਜਮੀਲਾਂ ਉਸਦੇ ਮੱਥੇ ਲੱਗਣ ਤੋਂ ਹਮੇਸ਼ਾ ਬਚਦੀ ਰਹਿੰਦੀ ਸੀ।
ਜਿਸ ਦਿਨ ਦਾ ਵੰਡ-ਵੰਡਈਆ ਹੋਇਆ ਸੀ, ਜਮੀਲਾਂ ਮੁਰਝਾਈ-ਮੁਰਝਾਈ ਰਹਿਣ ਲੱਗ ਪਈ ਸੀ। ਬੇਗਾਨਿਆਂ ਨੇ ਤਾਂ ਜੋ ਕਰਨਾ ਸੀ, ਜਮੀਲਾਂ ਨੂੰ ਦੁੱਖ ਤਾਂ ਆਪਣਿਆਂ ਤੋਂ ਸੀ।

ਜਮੀਲਾਂ ਕੁੜ੍ਹਦੀ ਰਹਿੰਦੀ ਸੀ ਕਿ ਬੁੱਢੇ ਦੀ ਗਰਦਨ ਆਕੜ 'ਚ ਨੀਵੀਂ ਨਹੀਂ ਸੀ ਹੁੰਦੀ। ਉਸ ਨੂੰ ਵੇਖਦਿਆਂ ਹੀ ਜਮੀਲਾਂ ਅੰਦਰ ਅੱਗ ਲੱਗ ਜਾਂਦੀ ਸੀ। ਜਦੋਂ ਉਹ ਹਰ ਆਏ-ਗਏ ਕੋਲ ਆਪਣੇ ਇਨਸਾਫ਼ ਤੇ ਸਫਲ ਕਬੀਲਦਾਰੀ ਦਾ ਜ਼ਿਕਰ ਕਰਦਾ, ਤਾਂ ਜਮੀਲਾਂ ਦੇ ਸਬਰ ਦਾ ਪਿਆਲਾ ਛਲਕਣ ਨੂੰ ਆਉਂਦਾ। ਇੱਕ ਰੱਬ ਦਾ ਖ਼ੌਫ ਹੀ ਸੀ, ਜਿਸ ਨੇ ਉਸ ਨੂੰ ਰੋਕ ਰੱਖਿਆ ਸੀ।

ਬੁੱਢੀ ਤੋਂ ਵੀ ਜਮੀਲਾਂ ਨੂੰ ਜਿੰਨੀਆਂ ਉਮੀਦਾਂ ਸਨ, ਉਹਨਾਂ ਤੇ ਵੀ ਪਾਣੀ ਫਿਰ ਚੁੱਕਿਆ ਸੀ। ਵਿਚਕਾਰਲੀ ਨੂੰਹ ਦੇ ਉਹ ਗੁਣ ਗਾਉਂਦੀ ਨਹੀਂ ਸੀ ਥੱਕਦੀ। ਸ਼ਾਇਦ ਇਸ ਕਰਕੇ, ਕਿਉਂਕਿ ਉਸ ਨੇ ਰੋਟੀ ਉਸੇ ਤੋਂ ਲੈਣੀ ਸੀ।

ਪਰ ਜਮੀਲਾਂ ਨੂੰ ਜ਼ਿਆਦਾ ਦੁੱਖ ਤਾਂ ਖੁਦ ਦੇ ਪਰਿਵਾਰ ਤੋਂ ਸੀ। ਔਰਤ ਨੂੰ ਜ਼ਿਆਦਾ ਉਮੀਦ ਜਿੱਥੋਂ ਹੁੰਦੀ ਹੈ, ਉਹ ਉਥੋਂ ਵੀ ਨਿਰਾਸ਼ ਹੋ ਚੁੱਕੀ ਸੀ। ਉਹ ਆਪਣੇ ਘਰ ਵਾਲੇ ਬਾਰੇ ਬੁੜਬੁੜਾਉਂਦੀ ਰਹਿੰਦੀ, ''ਇਹ ਵੀ ਘੁੱਗੂ ਦਾ ਘੁੱਗੂ ਈ ਰਿਹਾ! ਸਾਰੀ ਉਮਰ ਧੰਦ ਪਿੱਟਦਿਆਂ ਦੀ ਲੰਘ ਗੀ, ਪਰ ਬੁੜ੍ਹੇ ਅੱਗੇ ਮਾੜ੍ਹਾ ਜਿਹਾ ਚੁਰਕ ਵੀ ਨਾ ਸਕਿਆ!....... ਉੱਪਰੋਂ ਬੁੜ੍ਹੇ ਦਾ ਸਿਆਪਾ ਆਪਣੇ ਗਲ਼ ਪਾ ਲਿਆ!...... ਐਦੋਂ ਤਾਂ ਛੋਟੀ ਚੰਗੀ ਰਹੀ, ਐਥੋਂ ਨਿਕਲ ਕੇ ਆਪਣਾ ਮਕਾਨ ਤਾਂ ਖਰੀਦ ਲਿਆ! ਨਾ ਕਿਸੇ ਦਾ ਫਿਕਰ, ਨਾ ਫਾਕਾ!''

ਉਸਦੀ ਔਲਾਦ ਵੀ ਕੁਝ ਜ਼ਿਆਦਾ ਹੀ ਚੰਗੀ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਦੋਵੇਂ ਵੱਡੇ ਕੁੜੀ ਤੇ ਮੁੰਡਾ ਫੈਸਲੇ ਨਾਲ ਖ਼ੁਸ਼ ਸਨ। ਇਸੇ ਕਰਕੇ ਉਹ ਬੁੱਢਾ-ਬੁੱਢੀ ਦੇ ਚਹੇਤੇ ਬਣੇ ਹੋਏ ਸਨ! ...... ਤੇ ਛੋਟੇ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਕੀ ਹੋਣਾ ਸੀ।

ਜਮੀਲਾਂ ਸਾਰਿਆਂ ਨੂੰ ਸਮਝਾ-ਸਮਝਾ ਥੱਕ ਗਈ ਸੀ, ਪਰ ਕੋਈ ਫਾਇਦਾ ਨਾ ਹੋਇਆ। ''ਆਹੋ! ਇਹ ਤਾਂ, ਫੇਰ, ਉਹਨਾਂ ਦਾ ਆਪਣਾ ਖ਼ੂਨ ਐ ਨਾ!..... ਮੈਂ ਈ ਲਿਆਂਦੀ ਹੋਈ ਆਂ! ਸਾਰਾ ਖਾਨਦਾਨ ਈ ਇੱਕੋ ਜਿਹੈ!'' ਸੋਚ-ਸੋਚ ਉਹ ਕੁੜ੍ਹਦੀ ਰਹਿੰਦੀ।

ਜਮੀਲਾਂ ਅਖੀਰ ਹੰਭ ਕੇ ਬੈਠ ਗਈ ਸੀ। ਪਰ ਉਸ ਅੰਦਰਲੇ ਗ਼ੁਬਾਰ ਨੇ ਉਸ ਦਾ ਜਿਉਣਾ ਔਖਾ ਕੀਤਾ ਹੋਇਆ ਸੀ। ਉਹ ਇਸ ਪਰਿਵਾਰ ਲਈ ਆਪਣੇ ਹੱਥੀਂ ਬਣਾਈਆਂ ਮਣ-ਮਣ ਰੋਟੀਆਂ ਕਿਵੇਂ ਭੁੱਲ ਸਕਦੀ ਸੀ? ਮੱਝਾਂ ਦਾ ਗੋਹਾ-ਕੂੜਾ, ਸਾਰੇ ਟੱਬਰ ਲਈ ਧੋਤੇ ਮੈਲੇ ਕੱਪੜੇ, ਢੇਰਾਂ ਦੇ ਢੇਰ ਜੂਠੇ ਭਾਂਡੇ-ਫਜਰ ਤੋਂ ਲੈ ਕੇ ਰਾਤ ਤੱਕ ਸਾਹ ਨਹੀਂ ਸੀ ਆਉਂਦਾ ਹੁੰਦਾ! ਨਾ ਉਸ ਨੇ, ਨਾ ਵਿਚਾਰੇ ਉਸ ਦੇ ਘਰ ਵਾਲੇ ਨੇ, ਕਦੇ ਚੰਗੇ ਕੱਪੜੇ ਪਾ ਕੇ ਵੇਖੇ ਸੀ। ਜਵਾਨੀ ਕਦੋਂ ਲੰਘ ਗਈ, ਪਤਾ ਤੱਕ ਨਾ ਚੱਲਿਆ।

ਪਰ ਇਸ ਦੁਨੀਆਂ ਵਿੱਚ ਕੋਈ ਨਹੀਂ ਸੀ, ਜੋ ਉਸ ਦੀ ਗੱਲ ਨੂੰ ਸਮਝ ਸਕਦਾ। ਪੇਕਿਆਂ ਨੂੰ ਉਹ ਖ਼ੁਦ ਹੀ ਇਸ ਝੰਜਟ ਵਿੱਚ ਸ਼ਾਮਿਲ ਨਹੀਂ ਸੀ ਕਰਨਾ ਚਾਹੁੰਦੀ। ਉਹਨਾਂ ਨੂੰ ਕਿਹੜਾ ਪਹਿਲਾਂ ਗ਼ਮ-ਫਿਕਰ ਥੋੜ੍ਹੇ ਸਨ।
ਹੁਣ ਉਸ ਨੂੰ ਸਾਰੀ ਦੁਨੀਆ ਭੈੜੀ-ਭੈੜੀ ਲੱਗਦੀ ਸੀ। ਇਥੇ ਹਰ ਕੋਈ ਆਪਣੇ-ਆਪਣੇ ਮਤਲਬ ਨੂੰ ਭੱਜਿਆ ਫਿਰਦਾ ਸੀ। ਇਨਸਾਨੀ ਹਮਦਰਦੀ ਤਾਂ ਸਿਰਫ਼ ਭੁਲੇਖਾ ਹੀ ਸੀ।

ਬਾਹਰੋਂ ਕੁਝ ਤੂੰ-ਤੂੰ ਮੈਂ-ਮੈਂ ਦੀ ਆਵਾਜ਼ ਆਈ। ਲੱਗਦਾ ਸੀ ਕਿ ਉਸ ਦੀ ਦਰਾਣੀ ਸਬਜ਼ੀ ਵਾਲੇ ਨਾਲ ਖਹਿਬੜ ਪਈ ਸੀ। ਆਵਾਜ਼ਾਂ ਦੇ ਵਿਸ਼ਲੇਸ਼ਣ ਤੋਂ ਜਮੀਲਾਂ ਨੇ ਅੰਦਾਜ਼ਾ ਲਾਇਆ ਕਿ ਉਹ ਸਬਜ਼ੀ ਲਏ ਵਗੈਰ ਹੀ ਮੁੜ ਆਈ ਸੀ। ਇਸ ਲਈ ਜਮੀਲਾਂ ਸਬਜ਼ੀ ਲੈਣ ਬਾਹਰ ਨਿਕਲੀ।

''ਏਸ ਪਰਿਵਾਰ ਨੂੰ ਤਾਂ, ਪਤਾ ਨ੍ਹੀਂ, ਕਾਹਦਾ ਹੰਕਾਰ ਹੋਇਐ!...... ਕੋਈ ਚੀਜ਼ ਨੱਕ ਹੇਠ ਨ੍ਹੀਂ ਆਉਂਦੀ......!'' ਸਬਜ਼ੀ ਵਾਲਾ ਬੋਲ ਰਿਹਾ ਸੀ। ਲੱਗਦਾ ਸੀ ਕਿ ਜਮੀਲਾਂ ਦੀ ਦਰਾਣੀ ਉਸ ਦੀਆਂ ਗੁੱਸੇ ਭਰੀਆਂ ਗੱਲਾਂ ਸੁਣੇ ਬਿਨਾ ਹੀ ਚਲੀ ਗਈ ਸੀ। ਇਸ ਲਈ ਉਸ ਨੇ ਜਮੀਲਾਂ ਕੋਲ ਆਪਣੀ ਭੜਾਸ ਕੱਢੀ।
ਜਮੀਲਾਂ ਅੰਦਰਲੀ ਚੰਗਿਆੜੀ ਵੀ ਦਹਿਕ ਪਈ, ''....... ਜਿਹਨੂੰ, ਭਾਈ, ਬਗੈਰ ਮੇਹਨਤ ਤੋਂ ਹਰਿਆਲੀ ਦਿਸਣ ਲੱਗ ਜੇ, ਆਈਂ ਹੁੰਦੈ......!''
ਲੱਗਦਾ ਸੀ ਜਿਵੇਂ ਸਬਜ਼ੀ ਵਾਲੇ ਨੂੰ ਉਸ ਦੇ ਬੋਲਾਂ ਨਾਲ ਸੰਤੁਸ਼ਟੀ ਮਿਲੀ ਸੀ, ਤੇ ਉਸ ਨੇ ਬੋਲਣਾ ਜਾਰੀ ਰੱਖਿਆ, ''ਆਹੋ, ਭੈਣੇ! ਜੇ ਥੋਡੇ ਮਾਂਗ ਹੱਡ ਭੰਨ ਕੇ ਬਣਾਇਆ ਹੋਵੇ ਕੁਸ਼, ਤਾਂ ਤਾਂ ਹੈ......!''

''ਇਹ ਸਾਰੇ ਕਾਰੇ ਬੁੜ੍ਹੇ ਦੇ ਨੇ, ਵੀਰੇ,'' ਜਮੀਲਾਂ ਅੰਦਰ ਜੰਮੀ ਬਰਫ ਪਿਘਲ ਕੇ ਉਸ ਦੇ ਗਲ ਨੂੰ ਆ ਗਈ, ''ਅਸੀਂ ਦੋਮੇਂ ਜੀਅ ਧੰਦ ਪਿੱਟਦੇ ਮਰ-ਗੇ! ਸਾਰੀ ਜੈਦਾਦ ਹੱਥੀਂ ਬਣਾਈ ਐ!...... ਵਚਕਾਰਲੇ ਨੇ ਕਦੇ ਡੱਕਾ ਨ੍ਹੀਂ ਤੋੜਿਆ, ਤੇ ਛੋਟਾ ਸਾਰੀ ਉਮਰ ਪੜ੍ਹਦਾ ਈ ਰਿਹੈ! ਸਾਰਾ ਖਰਚਾ ਅਸੀਂ ਚੱਕਿਆ! ਦੋਹਾਂ ਦੇ ਵਿਆਹ ਕੀਤੇ!
ਭੈਣਾਂ ਦਾ ਸਾਰਾ ਕੁਸ਼ ਕੀਤਾ!...... ਫੇਰ..... ਹਿੱਸਾ ਇਹਨਾਂ ਦੋਹਾਂ ਨੂੰ ਬਰਾਬਰ ਦਾ!......... ਦੱਸ, ਅਸੀਂ ਤਾਂ ਆਪਣੇ ਨਿਆਣੇ ਨ੍ਹੀਂ ਕਦੇ ਚੰਗੀ ਤਰ੍ਹਾਂ ਚੱਕ ਕੇ ਦੇਖੇ!....''
''ਏਹ ਤਾਂ, ਭੈਣੇ, ਸਿਆਣਿਆਂ ਨੂੰ ਚਾਹੀਦੈ! 'ਗਾਂਹ ਜਾ ਕੇ ਬੁੜ੍ਹਾ-ਬੁੜ੍ਹੀ ਦੋਜਖ ਭੋਗਣਗੇ!......''
ਜਦੋਂ ਜਮੀਲਾਂ ਸਬਜ਼ੀ ਲੈ ਕੇ ਅੰਦਰ ਵੜੀ, ਤਾਂ ਹੌਲਾ-ਫੁੱਲ ਮਹਿਸੂਸ ਕਰ ਰਹੀ ਸੀ।
''ਇਹ ਸਬਜ਼ੀ ਆਲਾ ਭਾਈ ਤਾਂ ਬਹੁਤਾ ਈ ਚੰਗੈ! ਊਈਂ ਲੋਕ ਚੰਗੇ ਬੰਦੇ ਨੂੰ ਟਿਕਣ ਨੀਂ ਦੰਦੇ!'' ਉਸ ਨੇ ਅੱਗੇ ਕਮਰੇ ਵਿੱਚ ਬੈਠੀ ਆਪਣੀ ਕੁੜੀ ਨੂੰ ਕਿਹਾ।
''ਆਕੜ ਦਾ ਤਾਂ ਫੂਕਿਆ ਪਿਐ!'' ਕੁੜੀ ਦਾ ਇੱਕ-ਟੁੱਕ ਜਵਾਬ ਸੀ।
''ਆਕੜ ਵੀ ਤਾਂ ਉਸੇ 'ਚ ਹੋਊ, ਜਿਹਦੇ ਅੰਦਰ ਸੱਚਾਈ ਹੋਊ!.....,''
ਕਹਿੰਦੀ ਜਮੀਲਾਂ ਰਸੋਈ 'ਚ ਲੰਘ ਗਈ।

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ