Jaan Hazir Hai (Punjabi Story) : Gurnam Singh Teer

ਜਾਨ ਹਾਜ਼ਰ ਹੈ (ਕਹਾਣੀ) : ਗੁਰਨਾਮ ਸਿੰਘ ਤੀਰ

ਜੇ ਮੈਨੂੰ ਤੱਤੜੀ ਨੂੰ ਪਤਾ ਹੁੰਦਾ ਕਿ ਕਵੀਜਨ ਨਾਲ਼ ਵਿਆਹ ਕਰਵਾਉਣ ਦਾ ਕੀ ਫਲ ਮਿਲੇਗਾ ਤਾਂ ਮੈਂ ਨਗਰ ਢੰਡੋਰਾ ਫੇਰਦੀ,-
ਕਵੀਜਨਾਂ ਤੋਂ ਬਚਣ ਦਾ
ਕੁੜੀਓ ਕਰੋ ਉਪਾਓ
ਇਹ ਸੋਨੇ ਦੇ ਹੋਣ ਪਏ,
ਤਾਂ ਵੀ ਨੇੜੇ ਨਾ ਜਾਓ।
ਪਰ ਫਸ ਗਈ ਤਾਂ ਫਟਕਣ ਕੇਹਾ? ਉਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ? ਕਵੀ ਮਹਾਸ਼ੇ ਨੇ ਰਾਤ ਦਿਨ ਗੇੜੇ ਮਾਰਿਆ ਕਰਨੇ ਕਦੀ ਮੇਰੀ ਸੁੰਦਰਤਾ ਦੀ ਤਾਰੀਫ ਤੇ ਕਦੇ ਆਪਣੇ ਇਸ਼ਕ ਦੇ ਰੋਣੇ ਰੋਇਆ ਕਰਨੇ,
ਹੇ ਹੁਸਨ ਜਵਾਨੀ ਦਾ ਮਾਨ ਨਾ ਕਰ
ਮੇਰੇ ਇਸ਼ਕ ਨੂੰ ਪਈ ਲਲਕਾਰ ਨਾ ਤੂੰ।
ਤੇਰੇ ਨੈਣਾਂ ਦਾ ਡੰਗਿਆ ਮਰ ਰਿਹਾ ਹਾਂ
ਮੀਮ ਮਰੇ ਨੂੰ ਗੋਰੀਏ ਮਾਰ ਨਾ ਤੂੰ।
ਜਦੋਂ ਮਿਲਣਾ ਤਾਂ ਕਹਿਣਾ,
ਤੇ ਤੇਰਿਆਂ ਨੈਣਾਂ ਦਾ ਪੁਟਿਆ ਹਾਂ
ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਤੂੰ।
ਲਾਮ ਲਾਂਬੂ ਕਲੇਜੇ ਦੇ ਵਿਚ ਮੱਚਣ
ਭਾਵੇਂ ਸਾੜ ਦੇ ਤੇ ਭਾਵੇਂ ਠਾਰ ਦੇ ਤੂੰ।
ਇੱਕ ਦਿਨ ਮੈਂ ਸਹਿਜ ਸੁਭਾਅ ਪੁਛਿਆ ਕਵੀਜਨ, ਮੈਨੂੰ ਲੈ ਕੇ ਕੀ ਕਰੇਂਗਾ?
ਕਹਿਣ ਲੱਗਾ, ਮੀਨਾਕਸ਼ੀ ਜੀ ਤੁਸੀਂ ਮੇਰੀ ਜਿੰਦ ਜਾਨ ਹੋ। ਤੁਹਾਨੂੰ ਪ੍ਰਾਪਤ ਕਰ ਕੇ ਮੈਂ ਚੱਕਰਵਰਤੀ ਰਾਜਾ ਹੋ ਜਾਵਾਂਗਾ। ਮੈਂ ਵੱਡੀਆਂ ਵੱਡੀਆਂ ਸਲਤਨਤਾਂ ਦਾ ਰਾਜਾ ਹੋ ਜਾਵਾਂਗਾ। ਮੈਂ ਅਕਾਸ਼ ਦੇ ਤਾਰੇ ਤੋੜ ਲਿਆਵਾਂਗਾ ਤੇ ਤੇਰੇ ਵਾਲਾਂ 'ਚ ਜੜ ਦਿਆਂਗਾ। ਮੈਂ ਪਤਾਲ਼ ਦੇ ਹੀਰੇ ਕੱਢ ਲਿਆਵਾਂਗਾ ਤੇ ਤੇਰੀ ਝੋਲ਼ੀ ਭਰ ਦਿਆਂਗਾ, ਐ ਮੇਰੇ ਸੁਪਨਿਆਂ ਦੀ ਮਲਕਾ ਤੂੰ ਇਹ ਨਾ ਪੁੱਛ ਕਿ ਮੈਂ ਤੇਰੇ ਲਈ ਕੀ ਕਰਾਂਗਾ? ਬਸ ਏਨਾ ਸਮਝ ਲੈ ਕਿ ਤੂੰ ਹਰ ਵੇਲ਼ੇ ਸੱਤਰੰਗੀ ਪੀਂਘ ਝੂਟਿਆ ਕਰੇਂਗੀ। ਮੈਂ ਹਾਂ ਕਰ ਦਿੱਤੀ। ਮੈਂ ਕਵੀ ਪਤਨੀ ਬਣ ਗਈ। ਮੈਂ ਆਪਣੇ ਮਾਹੀ ਵੱਲ ਤੱਕਿਆ, ਉਹ ਅਗੋਂ ਮੁਸਕਰਾ ਕੇ ਕਹਿਣ ਲੱਗਾ, "ਜਾਨ ਹਾਜਰ ਹੈ।"
ਜੀਮ ਜੇ ਆਖੇਂ ਮੈਨੂੰ ਸੋਹਣੀਏ ਤੂੰ
ਮੈਂ ਸੱਤੇ ਅਕਾਸ਼ ਹੀ ਤੋੜ ਸੁੱਟਾਂ।
ਸੂਰਜ ਚੰਨ ਦੇ ਨੇ ਵਖੋ ਵੱਖ ਵੇਲੇ
ਹੁਕਮ ਕਰੇਂ ਤਾਂ ਦੋਹਾਂ ਨੂੰ ਜੋੜ ਸੁੱਟਾਂ।
ਮੈਂ ਮੁਸਕਰਾਉਂਦਿਆਂ ਕਿਹਾ, ਕਵੀਜਨ ਮੈਂ ਆਂਢਣਾਂ-ਗੁਆਂਢਣਾਂ ਦੇ ਸੋਨੇ ਚਾਂਦੀ ਦੇ ਗਹਿਣੇ ਵੇਖੇ ਹਨ। ਕਾਲ਼ੀਆਂ ਕਲੋਟੀਆਂ ਵੀ ਸੋਨੇ ਨਾਲ਼ ਲੱਦੀਆਂ ਫਿਰਦੀਆਂ ਹਨ, ਕਈਆਂ ਦੇ ਗਲਾਂ ਵਿਚ ਸੁੱਚੇ ਮੋਤੀਆਂ ਦੀਆਂ ਮਾਲਾ ਹਨ, ਕਈ ਇਸਤਰੀਆਂ ਹੀਰੇ ਦੇ ਨਗ ਲਈ ਫਿਰਦੀਆਂ ਹਨ। ਤੁਸੀਂ ਮੈਨੂੰ ਵਿਆਹ ਵੇਲ਼ੇ, ਸਿਰਫ ਇੱਕ ਗੇਂਦੇ ਦੇ ਫੁੱਲਾਂ ਦਾ ਹਾਰ ਪਾਇਆ। ਕਵੀਜਨ ਆਪਣੇ ਰੰਗ 'ਚ ਆ ਕੇ ਕਹਿਣ ਲੱਗੇ,
ਮੇਰੇ ਸੁਪਨਿਆਂ ਦੀ ਮਲਿਕਾ ਜਾਨ ਹਾਜ਼ਰ ਹੈ। ਜੇ ਤੂੰ ਚਾਹਵੇਂ ਤਾਂ ਮੈਂ ਕੋਹਿਨੂਰ ਦਾ ਹੀਰਾ ਚੁੱਕ ਲਿਆਵਾਂ, ਮੈਂ ਮਲਕਾ ਵਿਕਟੋਰੀਆ ਦਾ ਤਾਜ ਤੇਰੇ ਸਿਰ 'ਤੇ ਰੱਖ ਦਿਆਂ। ਮੈਂ ਬੰਬਈ ਕਲਕੱਤੇ ਦਾ ਸਰਾਫਾ ਬਜ਼ਾਰ ਖਰੀਦ ਲਿਆਵਾਂ। ਸ਼ਿਅਰ ਅਰਜ਼ ਹੈ,
ਗਾਫ਼ ਗਹਿਣਿਆਂ ਦੀ ਕਾਹਨੂੰ ਗੱਲ ਕਰਨੀ
ਗਹਿਣੇ ਵਿਦਿਆ ਦੇ ਤੇਰੇ ਪਾ ਦੇਈਏ।
ਛਾਪ ਛੱਲਾ ਵੀ ਆਪਣਾ ਲਾਹ ਦੇ ਤੂੰ
ਚੋਰੀ ਚਾਰੀ ਦੇ ਡਰ ਮੁਕਾ ਦੇਈਏ।
ਗਹਿਣਿਆਂ ਦੀ ਗੱਲ ਮੁਕੀ। ਉਹ ਦਿਨ ਜਾਵੇ ਤੇ ਇਹ ਦਿਨ ਆਵੇ ਮੈਂ ਕਦੇ ਗਹਿਣੇ ਨਹੀਂ ਮੰਗੇ। ਮੈਂ ਇੱਕ ਦਿਨ ਸੰਗਦਿਆਂ ਸੰਗਦਿਆਂ ਕਿਹਾ,
"ਕਵੀਜਨ ਸਾਡੀ ਗਵਾਂਢਣ ਬਨਾਰਸ ਤੋਂ ਬੜੀਆਂ ਵਧੀਆ ਵਧੀਆ ਸਾੜ੍ਹੀਆਂ ਲਿਆਈ ਹੈ, ਮੈਨੂੰ ਕਿਸੇ ਦਿਨ ਇਕ ਦੋ ਸਾੜ੍ਹੀਆਂ ਹੀ ਲੈ ਦਿਓ। ਕਹਿਣ ਲੱਗੇ, ਮੀਨਾਕਸ਼ੀ, ਸਾੜ੍ਹੀਆਂ ਕੀ ਚੀਜ਼ ਨੇ ਤੇਰੇ ਲਈ ਜਾਨ ਹਾਜ਼ਰ ਹੈ। ਸਾੜ੍ਹੀ ਹੋਣੀ ਚਾਹੀਦੀ ਹੈ ਦਰੋਪਤੀ ਵਰਗੀ, ਦੁਸ਼ਮਣ ਭਾਵੇਂ ਕਿੰਨਾ ਚੀਰ ਹਰਨ ਕਰਨ, ਇਸਤਰੀ ਦੀ ਲਾਜ ਕਾਇਮ ਰਹੇ। ਸਾੜ੍ਹੀ ਬਨਾਰਸ ਦੀ ਹੋਵੇ ਜਾਂ ਕਲਕੱਤੇ ਦੀ, ਅਹਿਮਦਾਬਾਦ ਦੀ ਹੋਵੇ ਜਾਂ ਬੰਬਈ ਦੀ, ਜੈਪੁਰ ਦੀ ਹੋਵੇ ਜਾਂ ਦਿੱਲੀ ਦੀ-ਬੱਸ ਨਿਰਾ ਕੱਪੜਾ ਹੈ। ਇਨ੍ਹਾਂ ਗੱਲਾਂ ਨੂੰ ਛੱਡੋ। ਸ਼ਿਅਰ ਸੁਣੋ,
ਕਾਫ਼ ਕੱਪੜੇ ਕਾਸ ਨੂੰ ਮੰਗਦੀ ਏਂ,
ਤੈਨੂੰ ਮਖਮਲ ਤੇ ਰੇਸ਼ਮ ਦੀ ਲੋੜ ਹੈ ਨੀਂ।
ਲੀਰਾਂ ਵਿਚ ਲਪੇਟਿਆ ਹੁਸਨ ਚੰਗਾ,
ਖੱਦਰ ਹੁੰਦਿਆਂ ਕਾਸੇ ਦੀ ਥੋੜ ਹੈ ਨੀਂ।
ਗਹਿਣੇ ਵੀ ਛੱਡੇ-ਕੱਪੜੇ ਵੀ ਛੱਡੇ, ਜੋ ਮਿਲਿਆ ਪਾ ਲਿਆ, ਜੋ ਪਾਇਆ ਹੰਢਾ ਲਿਆ ਪਰ ਜਦੋਂ ਮੈਂ ਆਲ਼ੇ ਦੁਆਲ਼ੇ ਵਲ ਵੇਖਦੀ ਸਾਂ, ਲੋਕਾਂ ਦੇ ਵੱਡੇ ਵੱਡੇ ਮਕਾਨ ਸਾਨੂੰ ਟਿੱਚਰਾਂ ਕਰਦੇ ਸਨ। ਹੋਰ ਤਾਂ ਹੋਰ ਛੋਟੇ ਛੋਟੇ ਬਾਬੂਆਂ ਨੇ ਦਸ ਦਸ ਮਰਲੇ ਦੇ ਮਕਾਨ ਪਾਏ ਹੋਏ ਸਨ ਤੇ ਅਸੀਂ? ਅਸੀਂ ਰਹਿ ਰਹੇ ਸਾਂ ਕਿਰਾਏ ਦੀ ਬਰਸਾਤੀ ਵਿਚ। ਮੈਂ ਕਿਹਾ, ਕਵੀ ਮਹਾਰਾਜ , ਕਦੀ ਆਪਣਾ ਵੀ ਮਕਾਨ ਪਏਗਾ? ਅੱਗੋਂ ਸਾਵਧਾਨ ਹੋ ਕੇ ਕਹਿਣ ਲੱਗੇ, ਕਿਉਂ ਨਹੀਂ ਪਏਗਾ? ਤੂੰ ਮਕਾਨਾਂ ਦੀ ਗੱਲ ਕਰਦੀ ਏਂ ਜਦੋਂ ਕਹੇਂ ਅਲ੍ਹਦੀਨ ਦੇ ਲੈਂਪ ਵਾਂਗ ਮਹਿਲ ਖੜੇ ਕਰ ਦਿਆਂ, ਮੀਨਾਕਸ਼ੀ ਤੇਰੇ ਲਈ ਜਾਨ ਹਾਜ਼ਰ ਹੈ। ਲੈ ਫੇਰ ਗ਼ੌਰ ਨਾਲ਼ ਸ਼ਿਅਰ ਸੁਣ ਅਰਜ਼ ਕੀਤਾ ਜੇ:
ਮੀਮ ਮਹਿਲ ਮਕਾਨ ਕੀ ਫੂਕਣਾ ਹੈ
ਰਾਮ ਨਾਮ ਦਾ ਵਾਜਾ ਨਾ ਵੱਜਦਾ ਹੈ।
ਲੱਦ ਗਏ ਸਵਾਤਾਂ ਦੇ ਬੜੇ ਮਾਲਕ,
ਫੱਕਰ ਝੁੱਗੀਆਂ ਦੇ ਅੰਦਰ ਗੱਜਦਾ ਹੈ।
ਮੈਂ ਸ਼ਿਅਰ ਸੁਣਿਆ, ਦਾਦ ਦਿੱਤੀ ਤੇ ਚੁੱਪ ਕਰ ਗਈ। ਫੇਰ ਮੈਂ ਕਿਸੇ ਦੇ ਘਰ ਗਈ, ਛੋਟਾ ਜਿਹਾ ਘਰ ਦੁਲਹਨ ਵਾਂਗ ਸਜਿਆ ਵੇਖਿਆ। ਛੋਟੇ ਛੋਟੇ ਡੈਕੋਰੇਸ਼ਨ ਪੀਸ ਬੜੇ ਪਿਆਰੇ ਲੱਗੇ। ਮੈਂ ਕਿਹਾ, ਇਹ ਤਾਂ ਨਿਗੂਣੀ ਜਿਹੀ ਚੀਜ਼ ਹੈ-ਹੋਰ ਨਹੀਂ ਤਾਂ ਪੰਜ ਸੱਤ ਡੈਕੋਰੇਸ਼ਨ ਪੀਸ ਮੰਗਵਾ ਲਵਾਂ। ਇਹ ਸੋਚਦਿਆਂ ਸੋਚਦਿਆਂ ਮੈ ਕਹਿ ਹੀ ਦਿੱਤਾ, ਕਵੀਜਨ ਪਟਿਆਲ਼ੇ ਜਾਵੋ ਤਾਂ ਦੋ ਚਾਰ ਡੈਕੋਰੇਸ਼ਨ ਪੀਸ ਲੈ ਆਉਣੇ। ਮੈਨੂੰ ਕਹਿਣ ਲੱਗੇ, ਮੀਨਾਕਸ਼ੀ ਜੀ, ਮੰਗਣੀ ਹੋਵੇ ਤਾਂ ਕੋਈ ਚੱਜ ਦੀ ਚੀਜ ਮੰਗਿਆ ਕਰੋ। ਮੇਰੀ ਮਲਿਕਾ ਤੇਰੇ ਲਈ ਜਾਨ ਹਾਜ਼ਰ ਹੈ- ਜ਼ਰਾ ਧਿਆਨ ਦੇਣਾ-ਕਾਬਿਲੇ ਦਾਦ ਸ਼ੇਅਰ ਹੈ:
ਸੀਨ ਸਜ ਸਜਾਵਟਾਂ ਝੂਠੀਆਂ ਨੇ
ਘਰ ਵਿਚ ਜੇ ਭੁੱਜਦੀ ਭੰਗ ਹੋਵੇ।
ਚਿੜੀਆਂ, ਤੋਤਿਆਂ, ਫੁੱਲਾਂ ਨੂੰ ਕੀ ਕਰਨਾ?
ਘਰ ਵਾਲ਼ੀ ਦਾ ਕੇਸਰੀ ਰੰਗ ਹੋਵੇ।
ਮੈਨੂੰ ਪਤਾ ਲੱਗਿਆ ਕਿ ਕਵੀਜਨ 'ਤੇ ਇੱਕ ਮੰਤਰੀ ਸਾਹਿਬ ਬੜੇ ਮਿਹਰਬਾਨ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਚਾਹੋ ਤਾਂ ਕਾਰ ਲੈ ਸਕਦੇ ਹੋ-ਕਾਰਾਂ ਤਾਂ ਕਿਸ਼ਤਾਂ 'ਤੇ ਵੀ ਮਿਲਦੀਆਂ ਸਨ। ਮੈਥੋਂ ਵੀ ਨਾ ਰਿਹਾ ਗਿਆ। ਮੈਂ ਬੇਨਤੀ ਕਰਦਿਆਂ ਕਿਹਾ, ਕਵੀਜਨ ਆਪਾਂ ਕਾਰ ਹੀ ਲੈ ਲਈਏ। ਕਵੀਜਨ ਤਾੜੀ ਮਾਰ ਕੇ ਹੱਸ ਪਏ ਤੇ ਕਹਿਣ ਲੱਗੇ, ਪਗਲੀਏ ਕਾਰ ਕੀ ਚੀਜ਼ ਹੁੰਦੀ ਹੈ? ਤੇਰੇ ਲਈ ਜਾਨ ਹਾਜ਼ਰ ਹੈ-
ਕਾਰਾਂ 'ਤੇ ਚੜ੍ਹਦੇ ਨੇ ਉਹ ਜਿਨ੍ਹਾਂ ਤੋਂ ਤੁਰਿਆ ਨਾ ਜਾਏ। ਕਾਰਾਂ 'ਤੇ ਚੜ੍ਹਦੇ ਨੇ ਉਹ ਜਿਨ੍ਹਾਂ ਦੇ ਮਗਰ ਵਕਤ ਡੰਡਾ ਚੁੱਕ ਕੇ ਪਿਆ ਹੋਵੇ, ਕਾਰਾਂ 'ਤੇ ਚੜ੍ਹਦੇ ਨੇ ਉਹ ਜਿਨ੍ਹਾਂ ਨੁੰ ਇੱਕ ਥਾਂ ਤੇ ਟਿਕਣਾ ਨਾ ਮਿਲੇਕਾਰਾਂ 'ਤੇ ਚੜ੍ਹਦੇ ਨੇ ਉਹ ਜਿਹੜੇ ਨਿਰੇ ਮਾਇਆਧਾਰੀ ਹੀ ਹੋਣ। ਅਸੀਂ ਐਸੀਆਂ ਕਾਰਾਂ ਨਾਲ਼ੋਂ ਬੇਕਾਰ ਚੰਗੇ ਹਾਂ। ਇਜਾਜ਼ਤ ਹੋਵੇ ਤਾਂ ਇਕ ਸ਼ਿਅਰ ਅਰਜ਼ ਕਰਾਂ?
ਮੀਮ ਮੋਟਰਾਂ ਗੱਡੀਆਂ ਟਮਟਮਾਂ ਦੇ,
ਫੋਕੇ ਜਿਹੇ ਰਵਾਜ਼ ਨੂੰ ਕੀ ਕਰੀਏ?
ਰੇਲਾਂ ਮੋਟਰਾਂ 'ਤੇ ਕਰਨਾ ਸਫਰ ਕਰ ਲਓ,
ਜਿਹੜੇ ਵੱਜੇ ਨਾ ਸਾਜ਼ ਨੂੰ ਕੀ ਕਰੀਏ?
ਮੈਂ ਸਬਰ ਕਰ ਕੇ ਬੈਠ ਗਈ। ਕੁੱਝ ਦਿਨਾਂ ਪਿਛੋਂ ਇੱਕ ਵਿਆਹ ਦੀ ਗੰਢ ਆਈ। ਮੇਰੇ ਮਾਮੇ ਦੇ ਲੜਕੇ ਦੀ ਸ਼ਾਦੀ ਸੀ। ਤਿੰਨ ਭੈਣਾਂ ਦਾ ਇੱਕੋ ਭਰਾ ਸੀ-ਮੈਂ ਉਸ ਨੂੰ ਛੋਟੇ ਹੁੰਦੇ ਨੂੰ ਹੱਥੀਂ ਖਿਡਾਇਆ ਸੀ। ਮੈਂ ਉਸ ਦੇ ਵਿਆਹ ਵਿਚ ਜਾਣਾ ਚਾਹੁੰਦੀ ਸਾਂ। ਮੈਨੂੰ ਭੈਣ ਦੇ ਨਾਤੇ ਕੁਝ ਦੇਣਾ ਲੈਣਾ ਵੀ ਬਣਦਾ ਸੀ। ਮੈਂ ਬੜੇ ਚਾਅ ਪਰ ਅਧੀਨਗੀ ਨਾਲ਼ ਕਿਹਾ, ਕਵੀ ਮਹਾਰਾਜ, ਸਾਨੂੰ ਇਸ ਵਿਆਹ 'ਤੇ ਜਾਣਾ ਚਾਹੀਦਾ ਹੈ। ਕਵੀ ਜੀ ਬੜੀ ਮਸਤੀ ਨਾਲ਼ ਕਹਿਣ ਲੱਗੇ, ਜਰੂਰ ਜਾਣਾ ਚਾਹੀਦਾ ਹੈ, ਮੇਰੇ ਵਲੋਂ ਹਰ ਰੋਜ਼ ਕਿਸੇ ਨਾ ਕਿਸੇ ਵਿਆਹ 'ਤੇ ਜਾਇਆ ਕਰੋ। ਮੈਂ ਤਾਂ ਚੰਨ ਜੀ ਤੁਹਾਡਾ ਚਕੋਰ ਹਾਂ, ਮੇਰੀ ਤਾਂ ਜਾਨ ਹਾਜ਼ਰ ਹੈ ਅੱਜ ਏਸੇ ਵਿਆਹ ਦੀ ਖੁਸ਼ੀ ਵਿਚ ਇਕ ਸ਼ੇਅਰ ਸੁਣੋ:
ਸ਼ੀਨ ਸ਼ਾਦੀਆਂ ਦਾ ਤੈਨੂੰ ਚਾਅ ਚੜਿਆ,
ਸ਼ਾਦੀ ਆਪਣੀ ਦੇ ਕੌਲ ਭੁੱਲ ਗਈ ਏਂ।
ਸੀਨ ਸੋਹਣੀਏ ਸਾਡੀ ਜਵਾਨੀ ਉਤੇ,
ਤੂੰ ਤਾਂ ਵਾਂਗ ਹਨੇਰੀ ਦੇ ਝੁੱਲ ਗਈ ਏਂ।
ਉਹ ਕਿਹੜਾ ਵਸਦਾ ਰਸਦਾ ਘਰ ਹੈ ਜਿੱਥੇ ਕੋਈ ਮਹਿਮਾਨ ਨਾ ਆਉਂਦਾ ਹੋਵੇ? ਮੇਰੇ ਪੇਕਿਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਂ ਜਾਲ਼ ਵਿਛਿਆ ਹੋਇਆ ਹੈ। ਇਕ ਦਿਨ ਮੇਰੀ ਭੂਆ ਦੇ ਮਾਮੇ ਦੇ ਪੁੱਤ ਦੇ ਸਾਲੇ ਦੇ ਚਾਚੇ ਦੇ ਭਣੋਈਏ ਦੇ ਸਾਲ਼ੇ ਦਾ ਮੁੰਡਾ ਤੇ ਮੁੰਡੇ ਦੀ ਮਾਮੀ ਦੇ ਦਦਿਓਰੇ ਦੀ ਧੀ ਦੇ ਜੇਠ ਦੇ ਸਾਲੇ ਦਾ ਲੜਕਾ ਸਾਨੂੰ ਮਿਲਣ ਆ ਗਏ। ਮੈਂ ਕਵੀ ਜੀ ਨੂੰ ਕਿਹਾ, ਸਿਆਣੇ ਕਹਿੰਦੇ ਨੇ ਦਾਣਾ-ਪਾਣੀ ਗੁਰੂ ਦਾ ਤੇ ਟਹਿਲ ਸੇਵਾ ਸਿੱਖਾਂ ਦੀ। ਸਾਨੂੰ ਇਨ੍ਹਾਂ ਮਹਿਮਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮੇਰੀ ਦਾਦੀ ਕਿਹਾ ਕਰਦੀ ਸੀ ਕਿ ਅਸਲ ਵਿਚ ਰੋਟੀ ਖਵਾਉਣ ਵਾਲ਼ਾ ਨਹੀਂ ਖਾਣ ਵਾਲ਼ਾ ਭਾਗਾਂ ਵਾਲ਼ਾ ਜੀਅ ਹੁੰਦਾ ਹੈ। ਜੀਹਦੇ ਸਦਕੇ ਸਾਨੂੰ ਮੂੰਹ ਮਿੱਠਾ ਕਰਨ ਦਾ ਮੌਕਾ ਮਿਲਦਾ ਹੈ। ਮੇਰਾ ਜੀ ਕਰੇ, ਇਨ੍ਹਾਂ ਮਹਿਮਾਨਾਂ ਲਈ ਵਿਸ਼ੇਸ਼ ਭੋਜਨ ਤਿਆਰ ਕੀਤਾ ਜਾਵੇ। ਮੈਂ ਹਿਰਦੇ ਦੀ ਆਵਾਜ਼ ਕਵੀ ਮਹਾਰਾਜ ਅੱਗੇ ਰੱਖੀ।
ਉਹ ਕਹਿਣ ਲੱਗੇ, ਸਿਆਣੇ ਇਹ ਵੀ ਤਾਂ ਕਹਿੰਦੇ ਨੇ,
ਘਰ ਖਾਧਾ ਪ੍ਰਾਹੁਣਿਆਂ-ਚਿੜੀਆਂ ਖਾਧਾ ਖੇਤ,
ਦਾਨ ਕਰੇ ਤਾਂ ਕੀ ਕਰੇ? ਹਰ ਕੋਈ ਮੰਗਣ ਹੇਤ।
ਮੀਨਾਕਸ਼ੀ ਜੀ ਤੁਹਾਡੇ ਲਈ ਤੇ ਤੁਹਾਡੇ ਇਨ੍ਹਾਂ ਨਜ਼ਦੀਕੀ ਰਿਸ਼ਤੇਦਾਰਾਂ ਲਈ ਜਾਨ ਹਾਜ਼ਰ ਹੈ ਪਰ ਜਰਾ ਇਕ ਸ਼ਿਅਰ ਵੱਲ ਵੀ ਧਿਆਨ ਦੇਣਾ:
ਭੇ ਭੂਤਨੇ ਆਏ ਮਹਿਮਾਨ ਬਣਕੇ,
ਜਿਥੇ ਲਟਕਦੇ ਹਾਂ ਉਥੇ ਲਟਕ ਜਾਵਣ।
ਖੇ ਖਾਣ ਨੂੰ ਜੋ ਵੀ ਮਿਲੇ ਏਥੇ,
ਸਾਡੇ ਨਾਲ਼ ਬਹਿ ਕੇ ਵੈਸਾ ਝਟਕ ਜਾਵਣ।
ਅਗਲੇ ਦਿਨ ਮੇਰੇ ਮਾਤਾ ਜੀ ਆ ਗਏ। ਇਨ੍ਹਾਂ ਨੂੰ ਪੁੱਛ ਕੇ ਹੀ ਉਨ੍ਹਾਂ ਨੂੰ ਚਿੱਠੀ ਪਾਈ ਸੀ। ਮਾਤਾ ਜੀ ਨੇ ਵੱਡੇ ਹਸਪਤਾਲ਼ ਆਪਣੀਆਂ ਅੱਖਾਂ ਵਖਾਉਣੀਆਂ ਸਨ। ਮਾਤਾ ਜੀ ਕਵੀ ਮਹਾਰਾਜ ਨੂੰ ਬੜਾ ਪਿਆਰ ਕਰਦੇ ਸਨ ਤੇ ਹਰ ਦਿਨ ਦਿਹਾਰ ਤੇ ਇਨ੍ਹਾਂ ਨੂੰ ਮਾਇਆ ਦੇ ਗੱਫੇ ਬਖ਼ਸ਼ਿਆ ਕਰਦੇ ਸਨ। ਮੈਂ ਬੜੀ ਅਧੀਨਗੀ ਨਾਲ਼ ਕਿਹਾ, ਕਵੀ ਰਾਜੇ ਆਪਣੇ ਮਾਤਾ ਜੀ ਕੁਝ ਦਿਨ ਏਥੇ ਠਹਿਰਨਗੇ, ਸਾਨੂੰ ਇਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮੈਨੂੰ ਵਿਚੋਂ ਹੀ ਟੋਕ ਕੇ ਕਹਿਣ ਲੱਗੇ, ਮੀਨਾਕਸ਼ੀ ਜੀ, ਤੁਹਾਡੀ ਮਾਤਾ ਜੀ ਕੀ ਤੇ ਮੇਰੀ ਮਾਤਾ ਜੀ ਕੀ? ਦਾਸ ਦੀ ਤਾਂ ਜਾਨ ਹਾਜ਼ਰ ਹੈ ਪਰ ਇੱਕ ਮਿੰਟ ਲਈ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਇਸ ਪ੍ਰਥਾਏ ਸ਼ਿਅਰ ਅਰਜ ਹੈ:
ਸੀਨ ਸੱਸ ਤੇ ਸੀਨ ਹੀ ਸੱਪ ਰਲ਼ ਕੇ,

ਜਦੋਂ ਸਾਹਮਣੇ ਕਿਸੇ ਦੇ ਆਂਵਦੇ ਨੇ।
ਸਮਝਦਾਰ ਲੋਕੀਂ ਪਹਿਲਾਂ ਸੱਸ ਵਾਲ਼ਾ,
ਚੇ ਚੰਨੀਏ ਟੈਂਟਾ ਮੁਕਾਵੰਦੇ ਨੇ।
ਮੇਰਾ ਦਿਲ ਬੜਾ ਉਦਾਸ ਸੀ, ਸੋਚਦੀ ਸਾਂ ਜਾਈਏ ਤਾਂ ਜਾਈਏ ਕਿੱਧਰ? ਕਿਸੇ ਨੇ ਇਕ ਫਿਲਮ ਬਾਰੇ ਆ ਕੇ ਦੱਸਿਆ ਕਿ ਬੜੀ ਵਧੀਆ ਫ਼ਿਲਮ ਲੱਗੀ ਹੋਈ ਹੈ। ਮੇਰਾ ਜੀ ਕਰੇ ਫ਼ਿਲਮ ਹੀ ਦੇਖ ਆਈਏ। ਮੈਂ ਝਿੱਜਕਦਿਆਂ ਝਿੱਜਕਦਿਆਂ ਬੇਨਤੀ ਕੀਤੀ ਕਿ ਫ਼ਿਲਮ ਦੇਖ ਆਈਏ। ਕਵੀਜਨ ਉਛਲ ਕੇ ਕਹਿਣ ਲੱਗੇ। ਇਹ ਬੜਾ ਵਧੀਆ 'ਆਈਡੀਆ' ਹੈ। ਮੀਨਾਕਸੀ ਤੂੰ ਫ਼ਿਲਮ ਨੂੰ ਰੋਂਦੀ ਏਂ। ਸਾਡੀ ਤਾਂ ਤੇਰੇ ਲਈ ਜਾਨ ਹਾਜ਼ਰ ਹੈ। ਫ਼ਿਲਮ ਦੇਖੋ ਬਾਈਸਕੋਪ ਦੇਖੋ, ਸਰਕਸ ਦੇਖੋ, ਥੀਏਟਰ ਦੇਖੋ, ਪੁਤਲੀਆਂ ਦਾ ਨਾਚ ਦੇਖੋ ਜਾਂ ਬਾਂਦਰਾਂ ਦਾ ਖੇਡਾ ਦੇਖੋ, ਰਿੱਛ ਦੀ ਕਹਾਣੀ ਸੁਣੋਂ ਜਾਂ ਤੋਪ ਚਲਾਉਣ ਵਾਲੇ ਤੋਤੇ ਦੇ ਕਰਤਬ ਵੇਖੋ, ਨਾਂਗੇ ਸੰਤਾਂ ਦਾ ਜਲੂਸ ਦੇਖੋ ਜਾਂ ਮਹਿੰਗਾਈ ਵਿਰੁਧ ਜ਼ਨਾਨੀਆਂ ਦਾ ਸਿਆਪਾ ਦੇਖੋ, ਟੈਲੀਵੀਜ਼ਨ ਦੇਖੋ ਜਾਂ ਰਾਕਟਾਂ ਦੀ ਨੁਮਾਇਸ਼ ਦੇਖੋ-ਸ਼੍ਰੀਮਤੀ ਮੀਨਾ ਕੁਮਾਰੀ ਜੀ ਜੋ ਮਰਜ਼ੀ ਦੇਖੋ ਪਰ ਬਿਹਤਰ ਹੈ ਕੁਝ ਨਾ ਦੇਖੋ ਤੇ ਕੰਮ ਦਾ ਸ਼ਿਅਰ ਸੁਣੋ:
ਸੀਨ ਸਿਨਮਿਆਂ ਵਿਚ ਕੀ ਰੱਖਿਆ ਹੈ,
ਨਿਰੇ ਸੁਪਨਿਆਂ ਦੀ ਉਥੇ ਗੱਲ ਹੁੰਦੀ।
ਜੀਹਨੂੰ ਜਿੰਦਗੀ ਦੀ ਕਥਾ ਆਖਦੇ ਨੇ,
ਨਾ ਉਹ ਅੱਜ ਹੁੰਦੀ ਨਾ ਉਹ ਕੱਲ੍ਹ ਹੁੰਦੀ।
ਸੜ ਗਏ ਲੇਖ ਤੇ ਮਚ ਗਈ ਮੈਂ, ਇਕ ਦਿਨ ਦੁਖੀ ਹੋ ਕੇ ਕਿਹਾ, ਮੇਰੇ ਪ੍ਰਭੂ ਜੇ ਕਿਧਰੇ ਹੋਰ ਨਹੀਂ ਲੈ ਜਾ ਸਕਦੇ ਤਾਂ ਝੀਲ ਤੇ ਹੀ ਲੈ ਚਲੋ। ਬੋਲੇ, ਉਹ ਡਾਰਲਿੰਗ, ਉਹ ਡਾਰਲਿੰਗ, ਤੇਰੇ ਲਈ ਜਾਨ ਹਾਜ਼ਰ ਹੈ-ਝੀਲ ਕਹੇਂ ਝੀਲ, ਦਰਿਆ ਕਹੇਂ ਦਰਿਆ, ਪਹਾੜ ਕਹੇਂ ਪਹਾੜ, ਸਮੁੰਦਰ ਕਹੇਂ ਸਮੁੰਦਰ, ਕਸ਼ਮੀਰ ਕਹੇਂ ਕਸ਼ਮੀਰ, ਸਵਿਟਜ਼ਰਲੈਂਡ ਕਹੇਂ, ਜਿੱਥੇ ਕਹੇਂ ਮੈਂ ਤੈਨੂੰ ਲੈ ਜਾ ਸਕਦਾ ਹਾਂ-ਸਭ ਤੋਂ ਸਸਤੀ ਸੈਰ ਝੀਲ ਦੀ ਹੈ। ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਸਭ ਤੋਂ ਵਧ ਰੌਣਕ ਝੀਲ 'ਤੇ ਹੁੰਦੀ ਹੈ ਕਿਉਂਕਿ ਬਾਬੂਆਂ ਦੇ ਖ਼ੀਸੇ ਖਾਲੀ ਹੁੰਦੇ ਹਨ, ਉਹ ਬਾਲ ਬੱਚੇ ਨੂੰ ਝੀਲ ਹੀ ਵਿਖਾ ਸਕਦੇ ਹਨ ਪਰ ਰਾਣੀਏ ਇਹ ਝੀਲ ਵੀ ਬੜੀ ਅਜੀਬ ਸ਼ੈ ਹੈ। ਇਹਦੇ ਵਿਚ ਬੜੇ ਲੋਕਾਂ ਨੇ ਛਾਲ਼ਾਂ ਮਾਰੀਆਂ। ਮੋਤੀ ਰਾਮ ਦੀ ਲਾਸ਼ ਕੱਢਣ ਜਾਵੋ ਤਾਂ ਅੱਗੋਂ ਗੰਗਾ ਬਿਸ਼ਨ ਦਾ ਪਿੰਜਰ ਹੱਥ ਲੱਗ ਜਾਂਦਾ ਹੈ। ਝੀਲ ਤੇ ਜਾਣ ਦੀ ਥਾਂ ਮੂਡ ਠੀਕ ਹੋਵੇ ਤਾਂ ਇੱਕ ਸ਼ਿਅਰ ਸੁਣੋ। ਅਰਜ਼ ਕੀਤਾ ਜੇ:
ਝੇ ਝੀਲ ਤੇ ਚਲਣਾ ਚਲੇ ਚਲੋ,
ਛੇ ਛਾਲ਼ ਨਾ ਕਿਧਰੇ ਮਾਰ ਦੇਣੀ।
ਪਿਛੋਂ ਤੜਫਦੇ ਨਾ ਅਸੀਂ ਰਹਿ ਜਾਈਏ,
ਤੇਰੇ ਪੇਕਿਆਂ ਨੂੰ ਪੈ ਜਾਏ ਤਾਰ ਦੇਣੀ।
ਕਰਵਾ ਚੌਥ ਦਾ ਵਰਤ ਆ ਗਿਆ, ਮਹੱਲੇ ਦੀਆਂ ਸਾਰੀਆਂ ਜ਼ਨਾਨੀਆਂ ਨੇ ਵਰਤ ਰੱਖਣਾ ਸੀ। ਮੈਂ ਵੀ ਮਨ ਬਣਾ ਲਿਆ ਕਿ ਰਖ ਲਵਾਂ। ਵਰਤ ਲਈ ਮਮੂਲੀ ਜਿਹਾ ਸਾਮਾਨ ਚਾਹੀਦਾ ਸੀ। ਮੈਂ ਕਵੀ ਦੇਵਤੇ ਨੂੰ ਕਿਹਾ, ਆਗਿਆ ਦੇਵੋ ਤੇ ਕੁਝ ਸਹਾਇਤਾ ਵੀ ਕਰੋ ਤਾਂ ਮੈਂ ਕਰਵਾ ਚੌਥ ਦਾ ਵਰਤ ਰੱਖ ਲਵਾਂ। ਕਵਿਤਾ ਲਿਖਦੇ ਲਿਖਦੇ ਮੇਰੇ ਵੱਲ ਝਾਕ ਕੇ ਕਹਿਣ ਲੱਗੇ, ਤੂੰ ਸਾਡੀਆਂ ਸੁੱਖਾਂ ਲੋਚਦੀ ਏਂ ਮੀਨਾਕਸ਼ੀ, ਸਾਡੀ ਤੇਰੇ ਲਈ ਜਾਨ ਹਾਜ਼ਰ ਹੈ। ਵੇਖ ਅੱਜ ਤੈਨੂੰ ਇਕ ਮੌਕੇ ਦਾ ਸ਼ਿਅਰ ਸੁਣਾਈਏ, ਅਰਜ਼ ਕੀਤਾ ਜੇ:
ਵੇ ਵਰਤ ਦਾ ਬੜਾ ਰਵਾਜ ਪੁੱਠਾ,
ਭਾਵੇਂ ਹਾਜ਼ਮੇ ਨੂੰ ਕਰਦਾ ਠੀਕ ਸੱਜਣੀ।
ਕਰਵਾ ਚੌਥ ਹੋਵੇ, ਕਰਵਾ ਅੱਠ ਹੋਵੇ,
ਭੁੱਖੇ ਰਹਿਣ ਦੀ ਕਾਹਦੀ ਤਰੀਕ ਸੱਜਣੀ।
ਇਕ ਇਕ ਕਰ ਕੇ ਚਾਅ ਕਿਰਦੇ ਗਏ, ਜੋ ਵੀ ਹਸਰਤ ਉਠੀ ਉਸ ਦਾ ਮੈਂ ਆਪ ਗਲਾ ਘੁੱਟ ਸੁਟਿਆ। ਮਨ ਨਾਲ਼ ਫੈਸਲਾ ਕਰ ਲਿਆ ਕਿ ਜਾਨ ਜਾਂਦੀ ਹੈ ਤਾਂ ਜਾਵੇ ਕਵੀ ਮਹਾਰਾਜ ਤੋਂ ਕੁਝ ਨੀ ਮੰਗਣਾ। ਹੋਰ ਤਾਂ ਹੋਰ ਘਰ ਦੀਆਂ ਸਾਧਾਰਨ ਲੋੜਾਂ ਬਾਰੇ ਵੀ ਵਾਹ ਲਗਦਿਆਂ ਖ਼ਾਮੋਸ਼ੀ ਅਖਤਿਆਰ ਕਰ ਲਈ ਪਰ ਰਸੋਈ ਦਾ ਬੁਰਾ ਹਾਲ ਸੀ, ਨਾ ਲੱਕੜਾਂ, ਨਾ ਕੋਇਲੇ, ਨਾ ਮਿੱਟੀ ਦਾ ਤੇਲ-ਚੁੱਲ੍ਹਾ ਤਪੇ ਤਾਂ ਕਿਵੇਂ ਤਪੇ? ਮੈਂ ਦੁਖੀ ਹੋ ਕੇ ਕਿਹਾ, ਮੇਰੇ ਸਿਰਤਾਜ ਘਰ ਵਿਚ ਕਿਸੇ ਕਿਸਮ ਦਾ ਕੋਈ ਬਾਲਣ ਨਹੀਂ ਲੱਕੜਾਂ, ਕੋਲੇ ਤੇ ਮਿੱਟੀ ਦਾ ਤੇਲ ਮੁੱਕ ਗਿਆ ਹੈ। ਕਿਰਪਾ ਕਰਕੇ ਚੁੱਲ੍ਹਾ ਤਪਾਉਣ ਲਈ ਕੁਝ ਲਿਆਵੋ। ਕਵੀਜਨ ਫਿਰ ਮੁਸਕਰਾਉਂਦੇ ਹੋਏ ਕਹਿਣ ਲਗੇ,
ਵਾਹ! ਸ੍ਰੀਮਤੀ ਵਾਹ! ਫੇਰ ਕੀ ਹੋਇਆ ਜੇ ਘਰ ਵਿਚ ਲੱਕੜਾਂ, ਕੋਲੇ ਤੇ ਮਿੱਟੀ ਦਾ ਤੇਲ ਮੁੱਕ ਗਿਆ ਹੈ, ਤੁਹਾਡੇ ਲਈ ਪਾਤਸ਼ਾਹੋ ਜਾਨ ਹਾਜ਼ਰ ਹੈ।
ਲੱਕੜਾਂ ਦਾ ਕੀ ਹੈ ਦੇਸ਼ ਦੇ ਸਾਰੇ ਜੰਗਲ ਸਾਡੇ ਹਨ,
ਜਿਸ ਦਿਨ ਚਾਹਵੇਂ ਸ਼ਾਹੀ ਲੱਕੜ ਹਾਰਾ ਬਣ ਵਖਾਵਾਂ,
ਚੰਨਣ ਦੀਆਂ ਕਹੇਂ ਚੰਨਣ ਦੀਆਂ ਲੱਕੜਾਂ ਤੋੜ ਲਿਆਵਾਂ-
ਕਿੱਕਰ ਦੀਆਂ ਕਹੇਂ ਕਿੱਕਰ ਦੀਆਂ ਲਾਹ ਲਿਆਵਾਂ।
ਰਹੀ ਗੱਲ ਕੋਇਲੇ ਦੀ- ਲੱਕੜ ਦਾ ਕੋਇਲਾ ਜਾਂ ਪੱਥਰ ਦਾ ਕੋਇਲਾ? ਜਿਹੜਾ ਕਹੇਂ ਟਰੱਕਾਂ ਦੇ ਟਰੱਕ ਲਿਆ ਦਿਆਂ ਪਰ ਸਿਆਣੇ ਕਹਿੰਦੇ ਆ, ਕੋਇਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ ਹੁੰਦਾ ਹੈ। ਅਸੀਂ ਟਰੱਕ ਲਿਆ ਕੇ ਕੀ ਕਰਨੇ ਆਂ। ਇਹ ਕੰਮ ਡੀਪੂ ਵਾਲਿਆਂ ਦਾ ਹੈ ਪਰ ਫਿਰ ਵੀ ਕੋਇਲੇ ਦੀਆਂ ਕਸਰਾਂ ਕੱਢ ਦਿਆਂਗਾ। ਰਹੀ ਗੱਲ ਮਿੱਟੀ ਦੇ ਤੇਲ ਦੀ, ਅਜੇ ਕੱਲ੍ਹ ਹੀ ਅਖ਼ਬਾਰਾਂ ਵਿਚ ਛਪਿਆ ਹੈ ਕਿ ਗੁਜਰਾਤ ਵਿਚ ਮਿੱਟੀ ਦੇ ਤੇਲ ਦੇ ਖੂਹ ਲੱਭ ਪਏ ਹਨ। ਭਾਰਤਵਰਸ਼ ਵਾਲ਼ੇ ਐਨਾ ਮਿੱਟੀ ਦਾ ਤੇਲ ਕੀ ਕਰਨਗੇ? ਆਖਰਕਾਰ ਸਾਡੇ ਘਰਾਂ ਵਿਚ ਹੀ ਮੱਚਣਾ ਹੈ-ਇਸ਼ਨਾਨ ਚਾਹੇ ਤਾਂ ਮਿੱਟੀ ਦੇ ਤੇਲ ਨਾਲ਼ ਸਾਰੇ ਟੱਬਰ ਦਾ ਇਸ਼ਨਾਨ ਕਰਵਾ ਦਿਆਂਗੇ ਪਰ ਛੱਡ ਗੱਲਾਂ ਮਿੱਟੀ ਦੇ ਤੇਲ ਦੀਆਂ। ਮੇਰੇ ਵੱਲ ਆਪਣਾ "ਸਵਿਚ ਆਨ" ਕਰੋ ਤੇ ਸ਼ਿਅਰ ਸੁਣੋ। ਲੱਕੜਾਂ 'ਤੇ ਕੇਹਾ ਢੁਕਵਾਂ ਸ਼ਿਅਰ ਹੈ ਮੀਨਾਕਸ਼ੀ ਜੀ:
ਲਾਮ ਲੱਕੜਾਂ ਦੀ ਗੱਲ ਛੇੜ ਕੇ ਤੇ,
ਸਾਡਾ ਮੂਡ ਵਿਗਾੜ ਕੇ ਰੱਖ ਦਿੱਤਾ।
ਮਹਾਂ ਕਾਵਿ ਦੇ ਨੀ ਵੱਡੇ ਸੁਪਨਿਆਂ ਦਾ,
ਸਾਡਾ ਖੁੰਡ ਹੀ ਪਾੜ ਕੇ ਰੱਖ ਦਿੱਤਾ।
ਮੈਂ ਸ਼ਿਅਰ ਸੁਣ ਕੇ ਜ਼ਰਾ ਦੁਖੀ ਹੋਈ। ਉਨ੍ਹਾਂ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ਼ ਵੇਖਿਆ। ਉਹ ਗੁੱਸੇ ਦਾ ਜਵਾਬ ਗੁੱਸੇ ਵਿਚ ਦੇਣ ਦੀ ਥਾਂ ਮੁਸਕਰਾ ਕੇ ਕਹਿਣ ਲੱਗੇ, ਤੂੰ ਕੱਲ੍ਹ ਨੂੰ ਕਹਿਣਾ ਹੈ:
ਲੱਕੜੀ ਜਲ ਕਰ ਕੋਇਲਾ ਭਈ
ਕੋਇਲਾ ਜਲ ਕਰ ਖ਼ਾਕ।
ਮੈਂ ਪਾਪਣ ਐਸੀ ਜਲੀ
ਕੋਇਲਾ ਭਈ ਨਾ ਖ਼ਾਕ।
ਇੱਕ ਕੋਇਲਾ ਉਹ ਹੁੰਦਾ ਹੈ ਜਿਸ ਦਾ ਹੀਰਾ ਬਣ ਜਾਂਦਾ ਹੈ ਤੇ ਇੱਕ ਕੋਇਲਾ ਉਹ ਹੁੰਦਾ ਹੈ ਜਿਸ ਦੀ ਸੁਆਹ ਵੀ ਕਿਸੇ ਕੰਮ ਨਹੀਂ ਆਉਂਦੀ। ਜੇ ਕੋਇਲੇ ਦੇ ਅੰਦਰਲਾ ਸੇਕ ਬਾਹਰਲੇ ਸੇਕ ਨਾਲੋਂ ਤੇਜ਼ ਹੋਵੇ, ਕੋਇਲਾ ਹੀਰਾ ਤੇ ਬਾਹਰਲਾ ਸੇਕ ਅੰਦਰਲੇ ਨਾਲੋਂ ਤੇਜ਼ ਹੋਵੇ ਤਾਂ ਕੋਇਲਾ ਸੜ ਕੇ ਸੁਆਹ ਹੋ ਜਾਂਦਾ ਹੈ। ਮੀਨਾਕਸ਼ੀ ਘਰ ਵਿਚ ਕੋਇਲਾ ਹੋਵੇ ਜਾਂ ਨਾ ਹੋਵੇ ਪਰ ਆਪਣਾ ਅੰਦਰਲਾ ਸੇਕ ਤੇਜ਼ ਰਖੋ, ਭੀਤਰ ਦੀ ਅੱਗ ਨੂੰ ਮਘਦਿਆਂ ਰਖੋ। ਲਓ ਫੇਰ ਇਕ ਸ਼ੇਅਰ ਅਰਜ਼ ਹੈ:
ਕਾਫ ਕੋਇਲੇ ਦੀ ਘਰ ਵਿਚ ਕਾਨ ਹੋਵੇ,
ਕੰਮ ਫੇਰ ਅੰਗੀਠੀ ਦਾ ਚਲਦਾ ਹੈ।
ਕੋਲੇ ਮੁੱਕ ਗਏ ਆ ਕੋਲੇ ਮੁਕ ਗਏ ਆ
ਰੋਣਾ ਰੋਜ਼ ਰਹਿੰਦਾ, ਏਸੇ ਗੱਲ ਦਾ ਹੈ।
ਲੈ ਹੁਣ ਅਗਲਾ ਸ਼ਿਅਰ ਮਿੱਟੀ ਦੇ ਤੇਲ ਬਾਰੇ ਹੈ। ਕਾਲੀਦਾਸ ਵਰਗੇ ਮਹਾਂ ਕਵੀਆਂ ਨੂੰ ਐਹੋ ਜਿਹਾ ਸ਼ਿਅਰ ਨਹੀਂ ਸੁਝਿਆ ਹੋਵੇਗਾ। ਕਾਬਿਲੇ ਗ਼ੌਰ ਸ਼ਿਅਰ ਹੈ, ਮੇਰੇ ਵੱਲ ਧਿਆਨ ਦੇਣਾ ਬਾਦਸ਼ਾਹੋ:
ਮੀਮ ਮਿੱਟੀ ਦੇ ਤੇਲ ਦਾ ਆਇਆ ਤੋੜਾ,
ਕਿਹੜੇ ਖੂਹ ਵਿਚੋਂ ਪੀਪੇ ਭਰ ਆਵਾਂ।
ਡਾਲ ਡੀਪੂਆਂ 'ਤੇ ਲੱਗੀ ਭੀੜ ਦਿਸੇ,
ਦੋ ਬੋਤਲਾਂ ਕੀ ਲੈ ਕੇ ਘਰ ਆਵਾਂ?
ਸ਼੍ਰੀਮਤੀ ਤੂੰ ਯਕੀਨ ਕਰ ਜਾਨ, ਤੇਰੇ ਲਈ ਸਾਡੀ ਹਰ ਵੇਲੇ ਜਾਨ ਹਾਜ਼ਰ ਹੈ। ਸਿਆਲ਼ ਆ ਗਿਆ ਘਰ ਬੱਚਿਆਂ ਦੇ ਗਲ਼ ਕੋਈ ਕੱਪੜਾ ਨਹੀਂ ਸੀ। ਆਪਣਾ ਤਾਂ ਜਿਵੇਂ ਹੋਇਆ ਸਾਰ ਲਿਆ ਪਰ ਬੱਚਿਆਂ ਦਾ ਦੁੱਖ ਝੱਲਿਆ ਨਾ ਜਾਵੇ। ਮੈਂ ਕਸੀਸ ਵੱਟ ਕੇ ਬੱਚਿਆਂ ਦੇ ਕਪੜਿਆਂ ਬਾਰੇ ਬੇਨਤੀ ਕਰ ਹੀ ਦਿੱਤੀ। ਕਵੀ ਮਹਾਰਾਜ ਕਹਿਣ ਲੱਗੇ, ਮੀਨਾਕਸ਼ੀ ਜੀ, ਸਾਡੇ ਬੱਚੇ ਕੀ ਨੇ ਦੋ ਗੁਲਾਬ ਦੇ ਫੁੱਲ ਨੇ, ਇੱਕ ਲੜਕਾ ਤੇ ਇੱਕ ਲੜਕੀ-ਇਹ ਕਿਸੇ ਦਿਨ ਸ਼ਹਿਜ਼ਾਦੀਆਂ ਵਾਂਗ ਸਤਿਕਾਰੇ ਜਾਇਆ ਕਰਨਗੇ। ਇਨ੍ਹਾਂ ਲਈ ਆਪਣੀ ਜਾਨ ਹਾਜ਼ਰ ਹੈ। ਜਦੋਂ ਸਾਡਾ ਦੀਵਾਨ ਛੱਪਿਆ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਦੇ ਛੀ-ਛੀ ਗਰਮ ਤੇ ਬਾਰ੍ਹਾਂ-ਬਾਰ੍ਹਾਂ ਠੰਢੇ ਸੂਟ ਸਵਾ ਦਿਆਂਗੇ ਪਰ ਅਜੇ ਤਾਂ ਇਨ੍ਹਾਂ ਨੂੰ ਸ਼ਿਅਰ ਸੁਣਾਉਣਾ ਚਾਹੀਦਾ ਹੈ:
ਬੇ ਬੱਚਿਆਂ ਦਾ ਮੈਨੂੰ ਫਿਕਰ ਖਾਵੇ,
ਥਾਂ ਬਿਸਕੁਟਾਂ ਦੇ ਝੱਗੇ ਚੱਬਦੇ ਨੇ।
ਭਾਲ ਬਖਸ਼ ਕੇ ਰਾਸ਼ਨ ਲਕੋ ਗਿਆ ਉਹ,
ਕੈਸੇ ਰੰਗ ਇਹ ਸੋਹਣੀਏ ਰੱਬ ਦੇ ਨੇ।
ਵੇਖ ਲਈ ਕਵੀ ਦੀ ਦੁਨੀਆਂ, ਕਰ ਲਿਆ ਉਸ ਨਾਲ਼ ਨਿਭਾ, ਕਦੀ ਕਦੀ ਬੱਚਿਆਂ ਨੂੰ ਵੇਖ ਕੇ ਤਰਸ ਆਉਣਾ, ਵਰਨਾ ਹਰ ਵੇਲ਼ੇ ਮਰ ਜਾਣ ਬਾਰੇ ਸੋਚਦੇ ਰਹਿਣਾ। ਏਥੇ ਜਿਉਂਦੇ ਰਹਿਣ ਲਈ ਕੁਝ ਦਿਸਦਾ ਹੀ ਨਹੀਂ ਸੀ, ਮੇਰੀਆਂ ਅੱਖਾਂ ਅੱਗੇ ਹਨੇਰਾ ਹੀ ਹਨੇਰਾ ਸੀ। ਮਰ ਜਾਣ ਨੂੰ ਮੈਂ ਬੁਜ਼ਦਿਲੀ ਸਮਝਦੀ ਸਾਂ ਪਰ ਡੁਬਦੀ ਨੂੰ ਤਿਣਕੇ ਦਾ ਸਹਾਰਾ ਵੀ ਨਹੀਂ ਸੀ ਦਿਸਦਾ। ਕਰਾਂ ਤਾਂ ਕੀ ਕਰਾਂ? ਮੇਰੀਆਂ ਅੱਖਾਂ ਅੱਗੇ ਵਾਰ ਵਾਰ ਉਨ੍ਹਾਂ ਦਿਨਾਂ ਦੇ ਝਉਲ਼ੇ ਪਿਆ ਕਰਨੇ ਜਦੋਂ ਮੇਰਾ ਕਵੀ ਮੇਰੇ ਲਈ ਤੜਫਿਆ ਕਰਦਾ ਸੀ ਪਰ ਅੱਜ ਵੀ ਉਸ ਨੇ ਕੋਈ ਬੇਵਫ਼ਾਈ ਨਹੀਂ ਸੀ ਕੀਤੀ। ਅੱਜ ਵੀ ਉਸ ਦੀ ਜਾਨ ਹਾਜ਼ਰ ਸੀ ਪਰ ਮੈਂ ਜਿੰਦਗੀ ਦੀਆਂ ਹਕੀਕਤਾਂ ਹੱਥੋਂ ਪ੍ਰੇਸ਼ਾਨ ਸਾਂ। ਉਹ ਸੁਪਨਿਆਂ ਦੀ ਲੋਰ ਤੋਂ ਬਾਹਰ ਨਹੀਂ ਸੀ ਆਉਣਾ ਚਾਹੁੰਦਾ। ਜ਼ਿੰਦਗੀ ਮੌਤ ਦੇ ਵਿਚਕਾਰ ਇੱਕ ਯੁੱਧ ਹੋ ਰਿਹਾ ਸੀ। ਆਖ਼ੀਰ ਮੈਂ ਧਰਤੀ ਤੋਂ ਚਲੇ ਜਾਣ ਬਾਰੇ ਫੈਸਲਾ ਕਰ ਲਿਆ। ਮੈਂ ਉਨ੍ਹਾਂ ਨੂੰ ਬੜੇ ਜ਼ੋਰ ਨਾਲ਼ ਕਿਹਾ, ਮੈਨੂੰ ਸੰਖੀਆ ਲਿਆ ਦਿਓ। ਉਹ ਖਿੜਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ, ਮੀਨਾਕਸ਼ੀ ਸੰਖੀਆ ਕਿਉਂ? ਤੇਰੀ ਆਈ ਮੈਂ ਮਰ ਜਾਂ ਤੇਰਾ ਵਾਲ਼ ਵਿੰਗਾ ਨਾ ਹੋਵੇ। ਸੱਜਣੀ ਅੱਖਾਂ ਖੋਲ੍ਹ ਕੇ ਤੱਕ ਤੇਰੇ ਲਈ ਜਾਨ ਹਾਜ਼ਰ ਹੈ, ਜਾਨ ਹਾਜ਼ਰ ਹੈ, ਹਾਜ਼ਰ ਹੈ। ਇਹ ਜਾਨ ਤੇਰੇ ਲਈ ਹਾਜ਼ਰ ਹੈ। ਛੱਡ ਸੰਖੀਏ ਦੀਆਂ ਗੱਲਾਂ ਤੇ ਗ਼ੌਰ ਨਾਲ਼ ਸ਼ਿਅਰ ਸੁਣ। ਇਹ ਐਸਾ ਸ਼ਿਅਰ ਹੈ ਕਿ ਮੁਕਰਰ ਕਰਦੀ ਫਿਰੇਂਗੀ:
ਸੀਨ ਸੰਖੀਆ ਮਿਲੇ ਨਾ ਸਾਫ਼ ਕਿਧਰੇ,
ਇਹਦੇ ਵਿਚ ਮਿਲਾਵਟਾਂ ਭਾਰੀਆਂ ਨੇ।
ਸਾਨੂੰ ਨਾਲ਼ ਹੀ ਸੋਹਣੀਏ ਲਈ ਜਾਣਾ,
ਸੁਰਗਾਂ ਵਾਸਤੇ ਜੇ ਤਿਆਰੀਆਂ ਨੇ।

(ਕਿਤਾਬ 'ਮੈਨੂੰ ਮੈਥੋਂ ਬਚਾਓ')

  • ਮੁੱਖ ਪੰਨਾ : ਪੰਜਾਬੀ ਕਹਾਣੀਆਂ