Imandari Jindabad (Punjabi Story) : Rewail Singh Italy
ਈਮਾਨਦਾਰੀ ਜਿੰਦਾਬਾਦ (ਕਹਾਣੀ) : ਰਵੇਲ ਸਿੰਘ ਇਟਲੀ
ਕੱਲ ਆਪਣੀ ਧਰਮ ਪਤਨੀ ਦੇ ਆਧਾਰ ਕਾਰਡ ਦੇ ਸਿਲਸਲੇ ਵਿੱਚ ਮੈਨੂੰ ਡਾਕਖਾਨਾ ਗੁਰਦਾਸਪੁਰ ਦੇ ਸੁਵਿਧਾ ਕੇਂਦਰ ਵਿੱਚ ਜਾਣ ਦਾ ਮੌਕਾ ਮਿਲਿਆ।
ਲੋੜੀਂਦਾ ਕੰਮ ਕਰਵਾ ਕੇ ਜਦ ਘਰ ਪਹੁੰਚੇ ਤਾਂ ਬੈਗ ਦੀ ਵਾਰ ਵਾਰ ਫਰੋਲਾ ਫਰਾਲੀ ਕਰਨ ਤੇ ਮੋਬਾਈਲ ਫੋਨ ਨਹੀਂ ਮਿਲ ਰਿਹਾ ਸੀ। ਗੁਆਂਢੀ ਨੂੰ ਜਦ ਮੇਰਾ ਮੋਬਾਈਲ ਗੁੰਮ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਫੋਨ ਤੋਂ ਮੇਰੇ ਫੋਨ ਨੰਬਰ ਤੇ ਜਦੋਂ ਕਾਲ ਕੀਤੀ ਤਾਂ ਬੈੱਲ ਤਾਂ ਜਾ ਰਹੀ ਸੀ, ਪਰ ਕੋਈ ਉੱਤਰ ਨਹੀਂ ਮਿਲ ਰਿਹਾ ਸੀ। ਜਿਸ ਬਾਰੇ ਸਾਰਿਆਂ ਵੱਲੋਂ ਵੱਖ ਵੱਖ ਕਿਆਫੇ ਲਾਏ ਜਾ ਰਹੇ ਸਨ।
ਮੈਨੂੰ ਸ਼ੱਕ ਸੀ ਕਿ ਹੋ ਸਕਦਾ ਹੈ ਕਿ ਸੇਰਾ ਫੋਨ ਸ਼ਾਇਦ ਡਾਕਖਾਨੇ ਵਿੱਚ ਵਿੱਚ ਹੀ ਕਿਤੇ ਡਿਗ ਪਿਆ ਹੋਵੇ।ਇਸ ਲਈ ਡਾਕਖਾਨੇ ਜਾ ਕੇ ਪੁੱਛ ਗਿੱਛ ਕੀਤੀ ਪਰ ਹੱਥ ਪੱਲੇ ਕੁੱਝ ਨਹੀਂ ਪਿਆ। ਆਖਿਰ ਆਪਣੇ ਫੋਨ ਦੀ ਸਿੰਮ ਬਲਾਕ ਕਰਵਾ ਕੇ ਨਵੀਂ ਸਿੰਮ ਲੈ ਕੇ ਆਪਣੇ ਇੱਕ ਸੁਹਿਰਦ ਤੇ ਸਲੀਕੇ ਨਾਲ ਬੋਲਣ ਵਾਲੇ ਪੁਰਾਣੇ ਵਾਕਫ, ਕੁਸ਼ਲ ਮੇਬਾਈਲ ਫੋਨ ਮਕੈਨਿਕ ਨੰਦਾ ਜੀ ਕੋਲ ਗਿਆ ਤੇ ਇੱਕ ਕੰਮ ਚਲਾਉ ਸੈਕਿੰਡ ਹੈਂਡ ਫੋਨ ਖਰੀਦ ਲਿਆ, ਕਿਉਂ ਜੋ ਭੱਜ ਦੌੜ ਤੇ ਕਾਹਲੀ ਦੇ ਇਸ ਯੁੱਗ ਵਿੱਚ ਮੋਬਾਈਲ ਫੋਨ ਬਿਨਾ ਰਹਿਣਾ ਬਹੁਤ ਔਖਾ ਹੈ ।
ਘਰ ਆਉਣ ਤੇ ਪਤਾ ਲੱਗਾ ਕਿ ਜਿਸ ਕਿਸੇ ਕੋਲ ਮੇਰਾ ਫੋਨ ਹੈ, ਉਸ ਨਾਲ ਗੱਲ ਹੋ ਗਈ ਹੈ।ਉਸ ਨੇ ਆਪਣਾ ਥਾਂ ਟਿਕਾਣਾ ਦਸ ਕੇ ਆਪਣਾ ਫੋਨ ਲੈ ਜਾਣ ਲਈ ਕਿਹਾ ਹੈ।ਮੇਰੀ ਬੇਟੀ ਜੋ ਉਥੇ ਨੇੜੇ ਹੀ ਰਹਿੰਦੀ ਹੈ ਜਾ ਕੇ ਫੋਨ ਲੈ ਆਈ।
ਹੁਣ ਇਹ ਬੰਦਾ ਕੌਣ ਸੀ ਇਸ ਬਾਰੇ ਗੱਲ ਕਰਨੀ ਬਣਦੀ ਹੈ,ਤੇ ਇਹ ਫੋਨ ਕਿਸ ਤਰ੍ਹਾਂ ਉਸ ਕੋਲ ਗਿਆ ਇਹ ਸਭ ਕੁਝ ਵੇਖ ਸੁਣ ਕੇ ਉਸ ਦੀ ਈਮਾਨਦਾਰੀ ਦੀ ਸ੍ਰਾਹਣਾ ਕਰਨੀ ਬਣਦੀ ਹੈ।
ਉਹ ਇੱਕ ਪਰਵਾਸੀ ਕਾਮਾ ਹੈ ਜੋ ਆਪਣੀ ਰੋਜੀ ਲਈ ਸੜਕ ਦੇ ਨਾਲ ਗੋਲ ਗੱਪਿਆਂ ਦੀ ਰੇੜ੍ਹੀ ਲਾ ਕੇ ਆਪਣੀ ਰੋਟੀ ਰੋਜੀ ਲਈ ਕੰਮ ਚਲਾਉਂਦਾ ਹੈ ।
ਇਸ ਦੇ ਨਾਲ ਹੀ ਦੁਵਾਈਆਂ ਦੀ ਦੁਕਾਨ ਵੀ ਹੈ । ਬਾਅਦ ਵਿੱਚ ਪਤਾ ਲੱਗਾ ਕਿ ਜਦੋਂ ਮੈਂ ਕੋਈ ਦੁਵਾਈ ਲੈਣ ਲਈ ਉਸ ਦੁਕਾਨ ਤੇ ਗਿਆ ਤਾਂ ਮੇਰਾ ਫੋਨ ਮੇਰੀ ਜੇਬ ਵਿੱਚੋਂ ਉਸ ਦੀ ਰੇੜ੍ਹੀ ਕੋਲ ਡਿਗ ਪਿਆ ਤੇ ਫੋਨ ਉਸ ਦੀ ਨਜ਼ਰੇ ਪੈ ਜਾਣ ਤੇ ਉਸ ਨੇ ਚੁੱਕ ਕੇ ਫੋਨ ਆਪਣੀ ਰੇੜ੍ਹੀ ਦੀ ਛੱਤ ਤੇ ਰੱਖ ਦਿੱਤਾ।
ਏਸੇ ਕਰਕੇ ਹੀ ਸਾਡੇ ਗੁਆਂਢੀਆਂ ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਉੱਤਰ ਨਹੀਂ ਮਿਲ ਰਿਹਾ ਸੀ। ਕੁੱਝ ਸਮੇਂ ਤੋਂ ਆਪਣੇ ਕੰਮ ਤੋਂ ਵੇਹਲਾ ਹੋ ਕੇ ਮੋਬਾਈਲ ਛੱਤ ਤੋਂ ਚੁੱਕ ਕੇ ਜਦੋਂ ਉਸ ਨੇ ਕਾਲਾਂ ਵੇਖੀਆਂ ਤੇ ਉਸ ਨੇ ਨਵੀਂ ਕਾਲ ਸੁਣਕੇ ਉਸ ਨੇ ਮੇਰੇ ਗੁੰਮ ਹੋਏ ਫੋਨ ਉਸ ਕੋਲ ਹੋਣ ਬਾਰੇ ਅਤੇ ਆਪਣਾਂ ਥਾਂ ਟਿਕਾਣਾ ਦਸ ਕੇ ਫੋਨ ਲੈ ਜਾਣ ਲਈ ਕਿਹਾ।
ਖੈਰ ਜੋ ਵੀ ਹੋਇਆ,ਸੋ ਹੋ ਗਿਆ, ਫੋਨ ਤਾਂ ਮਿਲ ਗਿਆ,ਪਰ ਮੇਰਾ ਧਿਆਨ ਵਾਰ ਵਾਰ ਉਸ ਨੇਕ ਦਿਲ ਤੇ ਈਮਾਨ ਦਾਰ ਸ਼ਖਸ ਵੱਲ ਜਾ ਰਿਹਾ ਸੀ, ਤੇ ਖਿਆਲ ਆ ਰਿਹਾ ਸੀ ਕਿ ਪਦਾਰਥ ਵਾਦ ਦੇ ਅਜੋਕੇ ਯੁੱਗ ਵਿੱਚ ਇਹੋ ਜਿਹੇ ਲੋਕ ਵੀ ਹਨ।
ਮੈਂ ਆਪਣੀ ਬੇਟੀ ਹੱਥ ਸੌ ਰੁਪੈ ਦਾ ਨੋਟ ਇਨਾਮ ਉਸ ਨੂੰ ਇਨਾਮ ਵਜੋਂ ਭੇਜਿਆ , ਪਰ ਉਸ ਨੇ ਇਹ ਕਹਿਕੇ ਨੋਟ ਨਹੀਂ ਲਿਆ,ਕਿ ਇਹ ਤਾਂ ਉਸਦਾ ਇਨਸਾਨੀ ਫਰਜ਼ ਸੀ, ਉਸ ਨੇ ਇਸਤਰ੍ਹਾਂ ਕਰਕੇ ਕੋਈ ਵੱਡਾ ਕੰਮ ਨਹੀਂ ਕੀਤਾ। ਮੈਂ ਮਨੋਂ ਇਸ ਛੋਟੀ ਹੈਸੀਅਤ ਵਾਲੇ ਪਰ ਉੱਚੀ ਜ਼ਮੀਰ ਵਾਲੇ ਸਾਫ ਨੀਅਤ ਰੱਖਣ ਵਾਲੇ ਉਸ ਨੇਕ ਇਨਸਾਨ ਦੀ ਇਹ ਗੱਲ ਸੁਣ ਕੇ ਉਸ ਦੀ ਸ਼ਕਲ ਸੂਰਤ ਦੀ ਕਲਪਨਾ ਕਰਕੇ ਮੇਰਾ ਮਨ ਉਸ ਦੇ ਸਤਿਕਾਰ ਵਜੋਂ ਝੁਕ ਗਿਆ।
ਹੁਣ ਦੂਜੀ ਦੁਬਿਧਾ ਮੇਰੇ ਲਈ ਇਹ ਆਣ ਬਣੀ, ਕਿ ਨੰਦਾ ਜੀ ਕੋਲੋਂ ਉਹ ਖਾਸੀ ਰਕਮ ਨਾਲ ਖਰੀਦਿਆ ਮੋਬਾਈਲ ਫੋਨ ਮੇਰੇ ਲਈ ਹੁਣ ਫਾਲਤੂ ਹੋ ਗਿਆ ਸੀ। ਮੈਂ ਉਸ ਨੂੰ ਵਾਪਸ ਕਰਨ ਲਈ ਗਿਆ ਤਾਂ ਗਰਮੀ ਬਹੁਤ ਸੀ,ਉਹ ਮੈਨੂੰ ਬੜੇ ਪਿਆਰ ਨਾਲ ਮਿਲਿਆ,ਤੇ ਪਾਣੀ ਵੀ ਲੈ ਕੇ ਆਇਆ,ਜਦ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਸੁਣ ਕੇ ਖੁਸ਼ ਹੋਇਆ,ਤੇ ਜਦੋਂ ਮੈਂ ਉਸ ਨੂੰ ਖਰੀਦਿਆ ਫੋਨ ਵਾਪਸ ਕਰਨ ਦੀ ਗੱਲ ਕੀਤੀ ਤਾਂ, ਉਹ ਬੜਾ ਹੀ ਬੇਬਾਕ ਹੋ ਕੇ ਬੋਲਿਆ ,, ਕੋਈ ਚੱਕਰ ਨਹੀਂ ਅੰਕਲ ਜੀ ਤੁਹਾਡੇ ਕੋਲ ਤਾਂ ਹੁਣ ਇਹ ਫਾਲਤੂ ਹੀ ਪਿਆ ਰਹਿਣਾ ਸੀ ਤੁਸੀਂ ਚੰਗਾ ਕੀਤਾ ਜੋ ਇੱਥੇ ਲੈ ਆਏ, ਏਥੇ ਤਾਂ ਕਿਸੇ ਲੋੜਵੰਦ ਦੇ ਕੰਮ ਆ ਹੀ ਜਾਏਗਾ।
ਉਸ ਨੇ ਜਦ ਪੂਰੀ ਰਕਮ ਮੈਨੂੰ ਫੜਾਈ ਤਾਂ ਮੈਂ ਉਸ ਰਕਮ ਉਸ ਵਿੱਚੋਂ 5 ਸੌ ਦਾ ਨੋਟ ਵਜੋਂ ਦੇਣਾ ਚਾਹਿਆ ਤਾਂ ਉਸ ਨੇ ਮੇਰੇ ਵਾਰ ਵਾਰ ਕਹਿਣ ਤੇ ਵੀ ਨੋਟ ਨਹੀਂ ਫੜਿਆ ਮੈਂ ਉਸ ਦੀ ਸਾਫ ਗੋਈ ਅਤੇ ਈਮਾਨਦਾਰੀ ਤੇ ਜਿਵੇਂ ਕੀਲਿਆ ਹੀ ਗਿਆ। ਘਰ ਵਾਪਸੀ ਵੇਲੇ ਉਸ ਦੇ ਮਿੱਠੇ ਪਿਆਰੇ ਬੋਲਾਂ ਦੀ ਮਿਠਾਸ, ਮੇਰੇ ਅੰਦਰ ਕੋਈ ਅਜੀਬ ਜਿਹਾ ਰਸ ਘੋਲਦੀ ਰਹੀ।
ਰਹੇ ਈਮਾਨਦਾਰੀ, ਸਦਾ ਜਿੰਦਾਬਾਦ,
ਰਹੇ ਲਿਖਣ ਦਾ ਬਸ ਏਹ ਹੀ ਅੰਦਾਜ਼।
ਜੇ ਨੀਅਤ ਹੈ ਰਾਸ ,ਤਾਂਹੀ ਜਿੰਦਗਾਨੀ,
ਸਦਾ ਬਲਦੇ ਰਹਿਣ, ਸੱਚ ਦੇ ਚਿਰਾਗ।