Ikk Hor Chardiwari (Punjabi Story) : Sukhbir

ਇੱਕ ਹੋਰ ਚਾਰਦੀਵਾਰੀ (ਕਹਾਣੀ) : ਸੁਖਬੀਰ

ਸ਼ਬਨਮ ਨੇ ਦੋ ਤਾਸ਼ਾਂ ਦੇ ਪੱਤਿਆਂ’ਚੋਂ ਯੱਕਿਆਂ ਸਮੇਤ ਸਾਰੀਆਂ ਮੂਰਤਾਂ ਕੱਢੀਆਂ ਤੇ ਉਹਨਾਂ ਨੂੰ ਤਰਤੀਬ ਦਿੱਤੀ। ਉਹ ਆਪਣੇ ਛੋਟੇ ਜਿਹੇ ਕਮਰੇ ਵਿੱਚ ਮੰਜੀ 'ਤੇ ਬੈਠੀ ਸੀ, ਜਿਸ 'ਤੇ ਵਿਛੀ ਧੋਤੀ ਹੋਈ, ਇਸਤਰੀ ਕੀਤੀ, ਚਿੱਟੀ ਚਾਦਰ ‘ਚੋਂ ਤਾਜ਼ਗੀ ਦਾ ਅਹਿਸਾਸ ਹੁੰਦਾ ਸੀ। ਚਿੱਟੇ ਗੋਟੇ ਦੇ ਬਾਰਡਰ ਵਾਲੀ ਕਾਲੀ ਸਾੜ੍ਹੀ ਅਤੇ ਕਾਲੇ ਬਲਾਊਜ਼ ਵਿੱਚ ਸ਼ਬਨਮ ਬੜੀ ਨਿਖਰੀ ਹੋਈ ਜਾਪ ਰਹੀ ਸੀ, ਤੇ ਉਸ ਦਾ ਕਣਕ-ਵੰਨਾ ਰੰਗ ਗੋਰਾ ਬਣਿਆ ਹੋਇਆ ਸੀ। ਉਸ ਰੰਗ ਵਿੱਚ ਵੀ ਤਾਜ਼ਗੀ ਦਾ ਅਹਿਸਾਸ ਹੁੰਦਾ ਸੀ।
ਸ਼ਬਨਮ ਪੱਤਿਆਂ ਦੇ ਮੂਰਤਾਂ ਵਾਲੇ ਪਾਸੇ ਬਾਹਰ ਵੱਲ ਕਰ ਕੇ ਘਰ ਬਣਾਉਣ ਲੱਗੀ। ਉਹ ਬੜੇ ਸੁਬਕ ਅੰਦਾਜ਼ ਨਾਲ ਪੱਤਿਆਂ ਨੂੰ ਇੱਕ-ਦੂਜੇ ਦੇ ਸਹਾਰੇ ਖੜੇ ਕਰ ਰਹੀ ਸੀ। ਕਿਸੇ ਵੇਲੇ ਬਿੰਦ ਕੁ ਰੁਕ ਕੇ ਸੋਚਣ ਲਗਦੀ। ਕੁਝ ਹੀ ਚਿਰ ਵਿੱਚ ਉਸ ਨੇ ਇੱਕ ਤਿੰਨ-ਮੰਜਿ਼ਲਾ ਘਰ ਬਣਾ ਲਿਆ। ਉਸ ਦੀ ਤੀਜੀ ਮੰਜਿ਼ਲ ਛੋਟੀ ਜਿਹੀ ਸੀ- ਬਸ, ਇੱਕ ਕਮਰਾ ਤੇ ਨਾਲ ਲਗਦੀ ਬਾਲਕੋਨੀ। ਸ਼ਬਨਮ ਕੁਝ ਚਿਰ ਘਰ ਨੂੰ ਵੇਖਦੀ ਰਹੀ, ਜੋ ਕਿਸੇ ਵੇਲੇ ਰਤਾ ਕੁ ਝੂਲਦਾ, ਤੇ ਮੁੜ ਪਹਿਲਾਂ ਵਾਂਗ ਅਹਿੱਲ ਬਣ ਜਾਂਦਾ। ਦੋ-ਤਿੰਨ ਵਾਰ ਉਸ ਨੇ ਆਪ ਫੂਕ ਮਾਰ ਕੇ ਉਸ ਨੂੰ ਹਿਲਾਇਆ, ਪਰ ਉਹ ਢੱਠਾ ਨਹੀਂ, ਤੇ ਹਲਕੀ ਜਿਹੀ ਝੋਲ ਖਾ ਕੇ ਮੁੜ ਖੜਾ ਹੋ ਜਾਂਦਾ ਰਿਹਾ। ਅਖ਼ੀਰ, ਕੁਝ ਚਿਰ ਪਿੱਛੋਂ, ਉਸ ਨੇ ਪਹਿਲਾਂ ਵਰਗੇ ਸੁਬਕ ਅੰਦਾਜ਼ ਵਿੱਚ ਇੱਕ-ਇੱਕ ਪੱਤਾ ਚੁੱਕਦਿਆਂ ਸਾਰੇ ਪੱਤੇ ਦੋਹਾਂ ਤਾਸ਼ਾਂ ਵਿੱਚ ਰੱਖ ਦਿੱਤੇ।
ਤਦ ਉਸ ਨੇ ਬੂਹੇ ‘ਚੋਂ ਬਾਹਰ ਵੇਖਿਆ, ਜਿੱਥੇ ਹਮੇਸ਼ਾਂ ਵਾਂਗ ਇੱਕ ਬ੍ਰਿਛ ਦਾ ਹਰਾ-ਭਰਾ ਸਿਖ਼ਰ ਅਤੇ ਬਿਜਲੀ ਦੇ ਦੋ ਖੰਭੇ ਵਿਖਾਈ ਦਿੱਤੇ। ਉਹਨਾਂ ਦੇ ਉੱਪਰ ਅਸਮਾਨ ਦਾ ਇੱਕ ਟੋਟਾ ਦਿੱਸਿਆ, ਜਿਸ ਦਾ ਨੀਲਾ ਰੰਗ ਸਲੇਟੀ ਬਣਦਾ ਜਾ ਰਿਹਾ ਸੀ।
ਰਾਤ ਹੋ ਰਹੀ ਸੀ।
ਸ਼ਬਨਮ ਕੁਝ ਚਿਰ ਸੁੰਝੀ ਜਿਹੀ ਨਜ਼ਰੇ ਬਾਹਰ ਵੇਖਦੀ ਰਹੀ। ਕਿਸੇ ਦੇ ਕਦਮਾਂ ਦੀ ਬਿੜਕ ਆਈ, ਤਾਂ ਉਹ ਰਤਾ ਕੁ ਤ੍ਰਬਕ ਕੇ ਸੁਚੇਤ ਹੋ ਗਈ। ਬਿੜਕ ਪਛਾਣਦਿਆਂ ਹੀ ਉਸ ਦੇ ਚਿਹਰੇ ਤੇ ਇੱਕ ਵੱਖਰੀ ਕਿਸਮ ਦੀ ਤਾਜ਼ਗੀ ਆਈ, ਜਿਸ ਵਿੱਚ ਖ਼ੁਸ਼ੀ ਦੀ ਭਾਹ ਸੀ। ਉਹ ਉੱਠਣ ਹੀ ਲੱਗੀ ਸੀ ਕਿ ਮਨੋਹਰ ਕਮਰੇ ਵਿੱਚ ਦਾਖ਼ਲ ਹੋਇਆ, ਤੇ ਥਕੇਵੇਂ ਜਿਹੇ ਦੇ ਅੰਦਾਜ਼ ਵਿੱਚ ਉਸ ਕੋਲ ਆ ਕੇ ਬੈਠ ਗਿਆ।
“ਕੀ ਹਾਲ ਏ?” ਸ਼ਬਨਮ ਨੇ ਪੁੱਛਿਆ।
“ਤੇਰੇ ਸਾਹਮਣੇ ਹਾਂ”, ਮਨੋਹਰ ਨੇ ਉਸ ਵੱਲ ਮੂੰਹ ਮੋੜ ਕੇ ਕਿਹਾ।
ਸ਼ਬਨਮ ਉਸਦੇ ਚਿਹਰੇ ਨੂੰ ਵੇਖਣ ਲੱਗੀ।
“ਬੜੇ ਸੋਹਣੇ ਲੱਗ ਰਹੇ ਹੋ!”
“ਸੱਚਮੁੱਚ?” ਮਨੋਹਰ ਨੇ ਬਨਾਉਟੀ ਹੈਰਾਨੀ ਨਾਲ ਕਿਹਾ, ਭਾਵੇਂ ਉਸ ਨੂੰ ਆਪਣੇ ਸੁਹਣੇ ਹੋਣ ਬਾਰੇ ਪੂਰਾ ਯਕੀਨ ਸੀ। “ਲਿਆ, ਵਿਖਾ ਖਾਂ ਸ਼ੀਸ਼ਾ।”
ਸ਼ਬਨਮ ਨੇ ਆਪਣਾ ਚਿਹਰਾ ਉਸਦੇ ਸਾਹਮਣੇ ਕਰ ਕੇ ਕਿਹਾ, “ਵੇਖੋ।”
“ਇਸ ਸ਼ੀਸ਼ੇ ਵਿੱਚ ਤਾਂ ਮੈਂ ਹਮੇਸ਼ਾਂ ਸੁਹਣਾ ਦਿੱਸਾਂਗਾ।” ਮਨੋਹਰ ਨੇ ਉਸਦੀ ਗੱਲ੍ਹ ਨੂੰ ਛੋਹਿਆ। “ਉਂਜ, ਇਹ ਸ਼ੀਸ਼ਾ, ਯਾਨੀ ਤੂੰ ਵੀ ਬੜੀ ਸੋਹਣੀ ਏਂ।”
“ਨਹੀਂ, ਮੈਂ ਇਨੀਂ ਸੋਹਣੀ ਨਹੀਂ ਹਾਂ”, ਸ਼ਬਨਮ ਨੇ ਸਹਿਜ ਭਾਵ ਨਾਲ ਕਿਹਾ।
“ਫੇਰ ਵੀ, ਮੈਨੂੰ ਬਹੁਤ ਸੁਹਣੀ ਲਗਦੀ ਏਂ।”
“ਕਿਸ ਗੱਲੋਂ ਭਲਾ? ਵੇਖੋ, ਮੇਰੀਆਂ ਅੱਖਾਂ ਕਿੰਨੀਆਂ ਆਮ ਜਿਹੀਆਂ ਹਨ। ਬੁੱਲ੍ਹ ਇੰਨੇ ਤਰਾਸ਼ੇ ਹੋਏ ਨਹੀਂ। ਨੱਕ ਰਤਾ ਕੁ ਛੋਟਾ ਏ। ਤੇ ਰੰਗ ਗੋਰਾ ਨਹੀਂ।”
“ਫੇਰ ਵੀ, ਮੈਨੂੰ ਬਹੁਤ ਸੁਹਣੀ ਲਗਦੀ ਏਂ”, ਮਨੋਹਰ ਨੇ ਦੁਹਰਾਇਆ। “ਸ਼ਾਇਦ ਇਸੇ ਲਈ ਕਿ ਤੇਰਾ ਰੰਗ ਏਨਾ ਗੋਰਾ ਨਹੀਂ, ਨੱਕ ਛੋਟਾ ਜਿਹਾ ਏ, ਤੇ ਬੁੱਲ੍ਹ ਇੰਨੇ ਤਰਾਸ਼ੇ ਹੋਏ ਨਹੀਂ। ਜੇ ਕਿਤੇ ਇਹ ਅੱਖਾਂ ਵਧੇਰੇ ਵੱਡੀਆਂ ਹੁੰਦੀਆਂ, ਤਾਂ ਕੱਜਲ ਪਾਉਣ ਤੇ ਇੱਡੀਆਂ ਵੱਡੀਆਂ ਬਣ ਜਾਣੀਆਂ ਸਨ ਕਿ ਇਹਨਾਂ ਤੋਂ ਡਰ ਲੱਗਣਾ ਸੀ ਮੈਨੂੰ। ਅਸਲ ਵਿੱਚ, ਤੇਰਾ ਚਿਹਰਾ ਆਪਣੀ ਹੀ ਕਿਸਮ ਦਾ ਚਿਹਰਾ ਏ। ਮੈਂ ਸ਼ਾਇਦ ਹੀ ਇਹੋ ਜਿਹਾ ਕੋਈ ਹੋਰ ਚਿਹਰਾ ਵੇਖਿਆ ਹੋਵੇਗਾ। ਇਹ ਪਹਿਲਾ ਚਿਹਰਾ ਏ”
“ਹੋਰ ਕਿੰਨੇ ਕੁ ਚਿਹਰੇ ਵੇਖੇ ਹਨ?” ਸ਼ਬਨਮ ਨੇ ਉਸ ਦੀ ਗੱਲ ਟੁੱਕ ਕੇ ਸ਼ਰਾਰਤ ਨਾਲ ਪੁੱਛਿਆ।
“ਬਹੁਤ! ਪਰ ਤੈਥੋਂ ਪਹਿਲਾਂ। ਹੁਣ ਨਹੀਂ ਵੇਖਦਾ।”
“ਜਿਵੇਂ ਮੈਂ ਵੀ। ਪਰ ਨਹੀਂ” ਉਹ ਚਾਣਚੱਕ ਰੁਕੀ। “ਮੈਨੂੰ ਹਾਲੀਂ ਵੀ ਹੋਰ ਚਿਹਰੇ ਵੇਖਣੇ ਪੈ ਰਹੇ ਹਨ।” ਉਸਦੇ ਲਹਿਜੇ ਵਿੱਚ ਉਦਾਸੀ ਸੀ। “ਉਂਜ, ਕੋਈ ਵੀ ਚਿਹਰਾ ਯਾਦ ਨਹੀਂ ਰਹਿੰਦਾ। ਪਿਛਲੇ ਵਰ੍ਹਿਆਂ ‘ਚ ਅਣਗਿਣਤ ਚਿਹਰੇ ਵੇਖੇ ਹਨ, ਪਰ ਕੋਈ ਵੀ ਯਾਦ ਨਹੀਂ ਏ। ਸਿਰਫ਼ ਇੱਕੋ ਯਾਦ ਏ- ਤੁਹਾਡਾ ਚਿਹਰਾ। ਤੇ ਮੈਂ ਇਸ ਨੂੰ ਵੇਖਣਾ ਚਾਹੁੰਦੀ ਹਾਂ। ਰੋਜ਼।”
“ਕਾਸ਼, ਮੈਂ ਰੋਜ਼ ਵਿਖਾ ਸਕਾਂ!”
“ਰੋਜ਼ ਕਿਉਂ ਨਹੀਂ ਵਿਖਾ ਸਕਦੇ?”
“ਜੇਬ 'ਚ ਇੰਨੇ ਪੈਸੇ ਨਹੀਂ ਹੁੰਦੇ।”
“ਮੈਂ ਪੈਸੇ ਮੰਗਦੀ ਹਾਂ ਭਲਾ?”
“ਨਹੀਂ ਮੰਗਦੀ, ਪਰ ਮੈਨੂੰ ਤਾਂ ਦੇਣੇ ਚਾਹੀਦੇ ਹਨ। ਤੇਰੀ ਘਰਵਾਲੀ ਤਾਂ ਪੈਸਿਆਂ ਤੋਂ ਬਿਨਾਂ ਮੰਨ ਨਹੀਂ ਸਕਦੀ।”
“ਉਸ ਨੂੰ ਪੈਸੇ ਮਿਲ ਜਾਂਦੇ ਹਨ।”
“ਤੂੰ ਆਪਣੇ ਕੋਲੋਂ ਕਿਉਂ ਦਵੇਂ?”
“ਮੈਨੂੰ ਖ਼ਾਸ ਫ਼ਰਕ ਨਹੀਂ ਪੈਂਦਾ।”
“ਪੈਂਦਾ ਕਿਉਂ ਨਹੀਂ? ਆਖ਼ਰ ਇਹਨਾਂ ਵਾਧੂ ਪੈਸਿਆਂ ਲਈ ਤੈਨੂੰ ਵਾਧੂ ਮਿਹਨਤ ਕਰਨੀ ਪੈਂਦੀ ਏ।”
“ਉਸ ਨਾਲ ਵੀ ਖ਼ਾਸ ਫ਼ਰਕ ਨਹੀਂ ਪੈਂਦਾ।”
“ਪੈਂਦਾ ਕਿਉਂ ਨਹੀਂ?” ਮਨੋਹਰ ਨੇ ਕਿਹਾ, ਤੇ ਚੁੱਪ ਹੋ ਗਿਆ। ਸ਼ਬਨਮ ਵੱਲੋਂ ਨਜ਼ਰ ਹਟਾ ਕੇ ਕੁਝ ਮਿੰਟ ਬੂਹੇ’ਚੋਂ ਬਾਹਰ ਵੇਖਦਾ ਰਿਹਾ। ਸ਼ਬਨਮ ਉਸਦੇ ਚਿਹਰੇ ਵੱਲ ਵੇਖ ਰਹੀ ਸੀ। ਉਸ ਨੂੰ ਵੇਖਦਿਆਂ ਉਸ ਦੀ ਤ੍ਰਿਪਤੀ ਨਹੀਂ ਸੀ ਹੁੰਦੀ। ਉਹ ਉਸਨੂੰ ਹਮੇਸ਼ਾਂ ਵੇਖਦੀ ਰਹਿਣਾ ਚਾਹੁੰਦੀ ਸੀ।
“ਸ਼ਬਨਮ!” ਮਨੋਹਰ ਨੇ ਉਸ ਵੱਲ ਮੂੰਹ ਮੋੜਿਆ। “ਕਾਸ਼, ਮੇਰੇ ਕੋਲ ਇਨਾ ਪੈਸਾ ਹੋਵੇ ਕਿ ਮੈਂ ਰੋਜ਼ ਇਥੇ ਆ ਸਕਿਆ ਕਰਾਂ! ਪਰ- ਇਸ ਦੀ ਥਾਂ ਤੂੰ ਹੀ ਮੇਰੇ ਕੋਲ ਆ ਜਾ ਤਾਂ।”
“ਹਾਲੀਂ ਨਹੀਂ ਆ ਸਕਦੀ।”
“ਤਾਂ ਫੇਰ, ਤੇਰਾ ਕਰਜ਼- ਜਾਂ ਕਹਿ ਲਓ, ਉਧਾਰ- ਮੇਰੇ ਸਿਰ ਚੜ੍ਹਦਾ ਜਾਏਗਾ।”
“ਕੋਈ ਕਰਜ਼ ਜਾਂ ਉਧਾਰ ਨਹੀਂ। ਇਹ ਗੱਲ ਮੁੜ ਕੇ ਨਾ ਕਹਿਣੀ। ਸਹੁੰ ਏ ਮੇਰੀ। ਸਗੋਂ ਕਰਜ਼ ਤਾਂ ਤੁਹਾਡਾ ਏ ਮੇਰੇ ਸਿਰ। ਇੱਕ ਹੋਰ ਕਰਜ਼ ਏ ਕਿਸੇ ਦਾ, ਜਿਸ ਕਰਕੇ ਮੈਂ ਹਾਲੀਂ ਨਹੀਂ ਆ ਸਕਦੀ। ਉਹ ਕਰਜ਼ ਮੈਂ ਲਾਹੁਣਾ ਏ-ਆਪਣਾ ਮੁੱਲ ਤਾਰਨਾ ਏ। ਜਦ ਤੱਕ ਮੁੱਲ ਪੂਰਾ ਨਹੀਂ ਤਾਰਾਂਗੀ, ਇੱਥੋਂ ਛੁਟਕਾਰਾ ਨਹੀਂ ਮਿਲ ਸਕਦਾ। ਨਹੀਂ ਤਾਂ ਪਠਾਣ ਖਾ ਜਾਏਗਾ ਕੱਚੀ ਨੂੰ। ਪਰ ਜਦ ਤੋਂ ਤੁਸੀਂ ਆਏ ਹੋ, ਉਸ ਦਾ ਕਰਜ਼ ਛੇਤੀ ਲੱਥਣ ਲੱਗਾ ਏ। ਮੇਰੀ ਕਮਾਈ ਵਧ ਗਈ ਏ। ਬੱਸ, ਹੋਰ ਕੁਝ ਚਿਰ ਦੀ ਗੱਲ ਏ।”
“ਕਿੰਨਾ ਕਰਜ਼ ਏ ਤੇਰੇ ਸਿਰ?”
“ਇਹ ਨਾ ਪੁੱਛੋ। ਬਸ, ਇਹੋ ਸਮਝੋ ਕਿ ਹੋਰ ਕੁਝ ਚਿਰ ਦੀ ਗੱਲ ਏ। ਉਂਜ ਤਾਂ ਸ਼ਾਇਦ ਉਮਰ ਭਰ ਕਰਜ਼ ਨਾ ਲੱਥਦਾ, ਪਰ ਤੁਹਾਡੇ ਆਉਣ ਤੋਂ ਪਿੱਛੋਂ ਜੋ ਇੱਕ ਹੋਰ ਬੰਦਾ ਮੇਰੀ ਜਿ਼ੰਦਗੀ’ਚ ਆਇਆ ਏ-“
“ਕੌਣ ਏ ਉਹ?” ਮਨੋਹਰ ਨੇ ਉਸਦੀ ਗੱਲ ਟੁੱਕ ਕੇ ਪੁੱਛਿਆ।
ਸ਼ਬਨਮ ਨੂੰ ਉਸਦੀ ਉਹ ਉਤਾਵਲ ਚੰਗੀ ਲੱਗੀ। ਉਹ ਰਤਾ ਕੁ ਸ਼ੋਖ਼ੀ ਨਾਲ ਮੁਸਕਰਾਈ। ਉਸ ਉਤਾਵਲ ਨੂੰ ਉਸ ਨੇ ਕੁਝ ਹੋਰ ਲੰਮਾ ਕੀਤਾ। ਅਖ਼ੀਰ ਕਿਹਾ, “ਉਸ ਦਾ ਚਿਹਰਾ ਮੈਨੂੰ ਯਾਦ ਨਹੀਂ।”
“ਫੇਰ ਵੀ, ਕੌਣ ਏ ਉਹ, ਜੋ ਮੇਰੇ ਵਾਂਗ ਤੇਰੀ ਜਿ਼ੰਦਗੀ 'ਚ ਆਇਆ ਏ?”
“ਇਹ ਤਾਂ ਮੈਂ ਨਹੀਂ ਕਿਹਾ ਕਿ ਉਹ ਤੁਹਾਡੇ ਵਾਂਗ ਮੇਰੀ ਜਿ਼ੰਦਗੀ 'ਚ ਆਇਆ ਏ।”
“ਫੇਰ ਵੀ?”
“ਇੱਕ ਬੜਾ ਅਮੀਰ ਆਦਮੀ ਏ। ਬੜਾ ਹੀ ਅਮੀਰ। ਜੇ ਚਾਹੇ, ਤਾਂ ਅੱਜ ਹੀ ਮੇਰਾ ਕਰਜ਼ ਲਾਹ ਸਕਦਾ ਏ। ਇੱਥੋਂ ਤੱਕ ਕਿ ਉਸ ਪਠਾਣ ਨੂੰ ਖ਼ਰੀਦ ਕੇ ਮੇਰਾ ਨੌਕਰ ਬਣਾ ਸਕਦਾ ਏ।” ਸ਼ਬਨਮ ਰੁਕੀ।
ਮਨੋਹਰ ਚੁੱਪ ਰਿਹਾ, ਪਰ ਉਸਦੇ ਚਿਹਰੇ ਉਤਲਾ ਤਣਾਅ ਵਧ ਗਿਆ ਸੀ।
“ਕੱਲ੍ਹ ਉਸਨੇ ਇਹ ਹਾਰ ਦਿੱਤਾ ਸੀ”, ਸ਼ਬਨਮ ਨੇ ਆਪਣੇ ਗਲ ‘ਚ ਪਾਏ ਹਾਰ ਵੱਲ ਸੈਣਤ ਕਰ ਕੀਤੀ।
ਮਨੋਹਰ ਨੇ ਵੇਖਿਆ, ਤਾਂ ਉਸ ਤੋਂ ਨਜ਼ਰ ਨਾ ਹਟਾ ਸਕਿਆ। ਉਹ ਜਾਣ ਗਿਆ ਕਿ ਉਹ ਆਦਮੀ ਸੱਚਮੁੱਚ ਬਹੁਤ ਅਮੀਰ ਹੋਵੇਗਾ।
“ਚਾਹੋ, ਤਾਂ ਮੈਂ ਇਹ ਤੁਹਾਨੂੰ ਦੇ ਸਕਦੀ ਹਾਂ।”
“ਮੈਨੂੰ? ਮੈਂ ਕੀ ਕਰਾਂਗਾ ਇਸਦਾ?”
“ਵੇਚ ਦੇਣਾ। ਇੱਥੇ ਰੋਜ਼ ਆਉਣ ਜੋਗੇ ਪੈਸੇ ਹੋ ਜਾਣਗੇ।”
“ਤੂੰ ਮਜ਼ਾਕ ਕਰ ਰਹੀ ਏਂ।”
“ਬਿਲਕੁਲ ਨਹੀਂ।” ਸ਼ਬਨਮ ਨੇ ਹਾਰ ਲਾਹ ਕੇ ਉਸ ਵੱਲ ਵਧਾਇਆ।
“ਮੈਂ ਇਸ ਨੂੰ ਹੱਥ ਲਾਉਣੋਂ ਵੀ ਨਫ਼ਰਤ ਲਰਦਾ ਹਾਂ!”
“ਉਹ!” ਸ਼ਬਨਮ ਦੇ ਮੂੰਹੋਂ ਨਿਕਲਿਆ। “ਮੈਨੂੰ ਅਫਸੋਸ ਏ, ਮਾਫ਼ੀ ਚਾਹੁੰਦੀ ਹਾਂ।”
“ਕਾਸ਼, ਮੈਂ ਵੀ ਤੈਨੂੰ ਹਾਰ ਦੇਣ ਜੋਗਾ ਹੁੰਦਾ!” ਮਨੋਹਰ ਨੇ ਵਿਅੰਗ ਨਾਲ ਕਿਹਾ।
“ਉਸ ਆਦਮੀ ਨਾਲ ਆਪਣਾ ਮੁਕਾਬਲਾ ਨਾ ਕਰੋ। ਉਸ ਨਾਲ ਤੁਹਾਡਾ ਕੀ ਮੁਕਾਬਲਾ! ਤੇ ਹਾਂ, ਹਾਰ ਦੇਣ ਪਿੱਛੋਂ ਉਸ ਨੇ ਕਿਹਾ ਸੀ, ‘ਇਹ ਕੋਠਾ ਛੱਡ ਕੇ ਮੇਰੇ ਘਰ ਚਲੀ ਚਲ। ਮੈਂ ਤੈਨੂੰ ਇਹੋ ਜਿਹੇ ਹਾਰਾਂ ਨਾਲ ਲੱਦ ਦਿਆਂਗਾ। ਮੈਂ ਇਸ ਦੁਨੀਆਂ 'ਚ ਹੁਣ ਕੁਝ ਹੀ ਚਿਰ ਦਾ ਪ੍ਰਾਹੁਣਾ ਹਾਂ। ਬੱਸ, ਕੁਝ ਹੀ ਚਿਰ ਦਾ।” ਅੱਗੋਂ ਮੈਂ ਰਤਾ ਕੁ ਹੱਸ ਕੇ ਕਿਹਾ ਸੀ, “ਤੁਸੀਂ ਕੁਝ ਚਿਰ ਦੇ ਪ੍ਰਾਹੁਣੇ ਹੋ। ਜਦ ਇਸ ਦੁਨੀਆਂ 'ਚੋਂ ਚਲੇ ਗਏ, ਤਾਂ ਮਗਰੋਂ ਮੈਂ ਵਿਧਵਾ ਹੋ ਜਾਵਾਂਗੀ। “ ਸੁਣਦਿਆਂ ਹੀ ਉਸਨੇ ਭੋਲੇ ਭਾਅ ਕਿਹਾ ਸੀ, “ਹਾਂ! ਤੇ ਮੇਰੀ ਸਾਰੀ ਜਾਇਦਾਦ ਦੀ ਮਾਲਕ ਬਣ ਜਾਏਂਗੀ।” ਸੱਚਮੁੱਚ, ਕੁਝ ਬੰਦੇ ਕਿੰਨੇ ਭੋਲੇ ਹੁੰਦੇ ਹਨ!”
“ਇਹੋ ਜਿਹੇ ਬੰਦੇ ਨੂੰ ਤਾਂ ਲੁੱਟ ਕੇ ਇਕਦਮ ਖ਼ਤਮ ਕਰ ਦੇਣਾ ਚਾਹੀਦੈ!” ਮਨੋਹਰ ਨੇ ਕਿਹਾ।
“ਕੀ ਮੈਂ ਲੁੱਟ ਸਕਦੀ ਹਾਂ?” ਸ਼ਬਨਮ ਨੇ ਰਤਾ ਕੁ ਹੈਰਾਨੀ ਨਾਲ ਪੁੱਛਿਆ।
“ਤਾਂ ਕੀ ਲੁੱਟ ਨਹੀਂ ਰਹੀ?”
ਸ਼ਬਨਮ ਨੇ ਉਸੇ ਹੈਰਾਨੀ ਨਾਲ ਉਸ ਦੇ ਚਿਹਰੇ ਵੱਲ ਵੇਖਿਆ ਤੇ ਕੁਝ ਬਿੰਦ ਚੁੱਪ ਰਹੀ। ਅਖੀਰ ਉਸ ਨੇ ਕਿਹਾ, “ਮੈਂ ਲੁੱਟ ਨਹੀਂ ਸਕਦੀ। ਭਲਾ ਲੁੱਟ ਸਕਦੀ ਹਾਂ?”
ਮਨੋਹਰ ਨੇ ਜਵਾਬ ਨਹੀਂ ਦਿੱਤਾ।
ਸ਼ਬਨਮ ਵੀ ਚੁੱਪ ਰਹੀ। ਕੁਝ ਚਿਰ ਪਿੱਛੋਂ ਮਨੋਹਰ ਦੇ ਗਲ ਵਿੱਚ ਬਾਹਾਂ ਪਾ ਕੇ ਕਿਹਾ, “ਅੱਜ ਇਹ ਕਿਹੋ ਜਿਹੀਆਂ ਗੱਲਾਂ ਲੈ ਬੈਠੇ ਹਾਂ ਅਸੀਂ! ਹੁਣ ਕੋਈ ਹੋਰ ਗੱਲ ਕਰੀਏ।” ਉਸ ਨੇ ਆਪ ਹੀ ਗੱਲਾਂ ਦਾ ਰੁਖ਼ ਬਦਲ ਦਿੱਤਾ। ਮੁੜ ਸੁਖਾਵੀਆਂ ਗੱਲਾਂ ਹੋਣ ਲੱਗੀਆਂ।
ਛੋਟਾ ਜਿਹਾ ਘਰ ਸੀ ਉਹ- ਇੱਕ ਕਮਰਾ, ਰਸੋਈ, ਬਾਲਕੋਨੀ। ਸ਼ਬਨਮ ਨੇ ਉਸ ਨੂੰ ਬੜੇ ਸਾਦ-ਮੁਰਾਦੇ ਢੰਗ ਨਾਲ ਸਜਾਇਆ ਸੀ। ਚੀਜ਼ਾਂ ਦੀ ਥੁੜ ਕਰ ਕੇ ਉਹ ਸੱਖਣਾ ਜਿਹਾ ਲਗਦਾ ਸੀ, ਤੇ ਨਿਗੂਣਾ ਜਿਹਾ। ਪਰ ਉਸਨੂੰ ਵੇਖ ਕੇ ਸ਼ਬਨਮ ਨੂੰ ਤ੍ਰਿਪਤੀ ਜਿਹੀ ਹੁੰਦੀ ਸੀ। ਸਹਿਜੇ-ਸਹਿਜੇ ਉਸ ਦਾ ਓਪਰਾਪਨ ਮਿਟਦਾ ਜਾ ਰਿਹਾ ਸੀ, ਉਸ ਨਾਲ ਅਪਣੱਤ ਪੈਦਾ ਹੋਣ ਲੱਗੀ ਸੀ। ਸ਼ਬਨਮ ਨੂੰ ਉਸ ਵਿੱਚ ਹਰ ਪਾਸੇ ਆਪਣੀ ਹੋਂਦ ਦਾ ਅਹਿਸਾਸ ਹੁੰਦਾ। ਕਮਰੇ ਦੇ ਬੂਹੇ ਅਤੇ ਬਾਰੀ ਵਿੱਚ ਸਾਵੇ ਰੰਗ ਦੇ ਪਰਦੇ ਲਹਿਰਾ ਰਹੇ ਸਨ, ਜੋ ਸ਼ਬਨਮ ਨੇ ਆਪਣੀ ਇੱਕ ਅਧੋਰਾਣੀ ਸਾੜ੍ਹੀ ਪਾੜ ਕੇ ਬਣਾਏ ਸਨ। ਇੱਕ ਕੰਧ 'ਤੇ ਮਨੋਹਰ ਦੀ ਫੋਟੋ ਟੰਗੀ ਹੋਈ ਸੀ, ਜਿਸ ਵਿੱਚ ਉਹ ਸ਼ਬਨਮ ਨੂੰ ਵੇਖ ਰਿਹਾ ਜਾਪਦਾ ਸੀ। ਉਹ ਫੋਟੋ ਨੂੰ ਕਿਸੇ ਪਾਸਿਓਂ ਵੀ ਵੇਖਦੀ, ਮਨੋਹਰ ਉਸਨੂੰ ਆਪਣੀ ਵੱਲ ਹੀ ਵੇਖ ਰਿਹਾ ਜਾਪਦਾ। ਇਸ 'ਤੇ ਉਹ ਹੈਰਾਨ ਹੁੰਦੀ। ਦੂਜੀ ਕੰਧ ਉੱਤੇ ਕੈਲੰਡਰੀ ਕਿਸਮ ਦੀ ਸਿ਼ਵ ਪਾਰਵਤੀ ਦੀ ਫੋਟੋ ਸੀ, ਜਿਸ ਦੇ ਥੱਲੇ ਅਗਰਬੱਤੀ ਧੁਖਦੀ ਰਹਿੰਦੀ, ਤੇ ਉਸ ਦੀ ਚਮੇਲੀ ਦੀ ਬੇਮਲੂਮੀ ਜਿਹੀ ਮਹਿਕ ਘਰ ਵਿੱਚ ਫੈਲੀ ਰਹਿੰਦੀ। ਇਹਨਾਂ ਫੋਟੋਆਂ ਸਦਕਾ ਸ਼ਬਨਮ ਨੂੰ ਘਰ ਸੱਖਣਾ ਤੇ ਓਪਰਾ ਲੱਗਣੋਂ ਹਟ ਗਿਆ ਸੀ। ਉਸ ਵਿੱਚ ਬੈਠਿਆਂ ਉਸ ਨੂੰ ਸੁਤੰਤਰ ਹੋਣ ਦਾ ਅਹਿਸਾਸ ਹੁੰਦਾ, ਤੇ ਉਸ ਸੁਤੰਤਰਤਾ ਵਿੱਚ ਹੌਲੇ-ਫੁੱਲ ਹੋਣ ਦਾ ਅਹਿਸਾਸ ਹੁੰਦਾ। ਫੇਰ, ਦਿਨ ਦਾ ਅਹਿਸਾਸ ਵੀ ਹੁੰਦਾ- ਖਾਸ ਕਰ ਸਵੇਰ ਦਾ ਅਹਿਸਾਸ। ਬਾਲਕੋਨੀ ਵਿੱਚ ਖੜੋ ਕੇ ਵੇਖਦਿਆਂ ਉਸ ਨੂੰ ਬੜਾ ਚੰਗਾ ਲਗਦਾ, ਤੇ ਉਹ ਸੋਚਦੀ ਕਿ ਉਸ ਨੇ ਕਈ ਵਰ੍ਹਿਆਂ ਪਿੱਛੋਂ ਸਵੇਰ ਨੂੰ ਵੇਖਣਾ ਸ਼ੁਰੂ ਕੀਤਾ ਹੈ। ਪਿਛਲੇ ਕਈ ਵਰ੍ਹੇ ਉਹ ਸਾਰੀ ਰਾਤ ਜਾਗਣ ਪਿੱਛੋਂ ਸਵੇਰੇ ਹਮੇਸ਼ਾਂ ਸੁੱਤੀ ਰਹਿੰਦੀ ਸੀ, ਤੇ ਕਿਤੇ ਦੁਪਹਿਰੇ ਜਾ ਕੇ ਉਠਦੀ ਸੀ। ਕੁਝ ਚਿਰ ਪਿੱਛੋਂ ਫੇਰ ਸੌਂ ਜਾਂਦੀ ਸੀ, ਤੇ ਤ੍ਰਕਾਲੀਂ ਉਠ ਕੇ, ਆਲਸ ਜਿਹੇ ਵਿੱਚ, ਹਾਰ-ਸਿ਼ੰਗਾਰ ਕਰਦੀ ਹੋਈ, ਰਾਤ ਲਈ ਤਿਆਰ ਹੋਣ ਲਗਦੀ ਸੀ। ਦਿਨੇ ਸੌਣਾ ਰਾਤੀਂ ਜਾਗਣਾ- ਉਸਦੀ ਆਦਤ ਬਣ ਗਈ ਸੀ। ਪਰ, ਇਸ ਘਰ ਵਿਚ ਆਉਣ 'ਤੇ ਇਹ ਸਿਲਸਿਲਾ ਟੁੱਟ ਗਿਆ ਸੀ। ਉਸ ਨੇ ਦਿਨ ਨੂੰ ਬੜੀ ਦਿਲਚਸਪੀ ਨਾਲ ਵੇਖਣਾ ਸ਼ੁਰੂ ਕੀਤਾ ਸੀ, ਜੋ ਬੜਾ ਖੁਲ੍ਹਾ-ਡੁੱਲ੍ਹਾ ਤੇ ਬੜਾ ਵੱਡਾ ਜਾਪਦਾ, ਤੇ ਜਿਸ ਵਿੱਚ ਬਲਬਾਂ ਦੇ ਇਕਸਾਰ ਤਿੱਖੇ ਚਾਨਣ ਦੇ ਉਲਟ, ਸੂਰਜ ਦੀ ਰੌਸ਼ਨੀ ਕਈ ਰੰਗ ਬਦਲਦੀ।
ਉਸ ਘਰ ਵਿੱਚ ਰਹਿੰਦਿਆਂ ਕਿਸੇ ਹੱਦ ਤੱਕ ਸ਼ਬਨਮ ਵਰਗਾ ਹੀ ਅਹਿਸਾਸ ਮਨੋਹਰ ਨੂੰ ਵੀ ਹੋਇਆ, ਜਿਸ ਨੇ ਹੋਟਲਾਂ ਵਿੱਚ ਜਿ਼ੰਦਗੀ ਕੱਟੀ ਸੀ। ਸ਼ਬਨਮ ਨੂੰ ਪਾਉਣਾ ਤੇ ਉਸ ਸਦਕਾ ਉਸ ਸ਼ਹਿਰ ਵਿੱਚ ਘਰ ਲੈਣਾ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦਾ ਸੀ। ਇਹ ਗੱਲ ਉਸ ਦੇ ਮੂੰਹੋਂ ਸੁਣ ਕੇ ਸ਼ਬਨਮ ਨੂੰ ਬੜੀ ਖੁਸ਼ੀ ਹੁੰਦੀ। ਤੇ ਉਹ ਸੋਚਦੀ ਕਿ ਅਸਲ ਵਿੱਚ ਮਨੋਹਰ ਨਾਲੋਂ ਵੀ ਵੱਡੀ ਪ੍ਰਾਪਤੀ ਉਸਦੀ ਆਪਣੀ ਹੈ। ਮਨੋਹਰ ਨੂੰ ਪਾਉਣਾ ਕਿੱਡੀ ਵੱਡੀ ਗੱਲ ਹੈ! ਤੇ ਫੇਰ, ਕੋਠਾ ਛੱਡ ਕੇ ਘਰ ਵਿੱਚ ਰਹਿਣਾ ਉਸ ਤੋਂ ਵੀ ਵੱਡੀ ਗੱਲ ਹੈ। ਮਨੋਹਰ ਜਿ਼ੰਦਗੀ ਵਿੱਚ ਨਾ ਆਇਆ ਹੁੰਦਾ, ਤਾਂ ਇਹ ਘਰ ਕਿੱਥੇ ਨਸੀਬ ਹੋਣਾ ਸੀ! ਸ਼ਾਇਦ ਸਾਰੀ ਉਮਰ ਕੋਠੇ 'ਤੇ ਹੀ ਬੀਤ ਜਾਂਦੀ, ਸਰੀਰ ਢਲ ਜਾਣ 'ਤੇ ਇਕ ਦਿਨ ਆਪਣੀ ਘਰ ਵਾਲੀ, ਬੇਗਮ ਵਾਂਗ ਆਪਣਾ ਖੁਦ ਦਾ ਕੋਠਾ ਚਲਾਉਂਦੀ, ਤੇ ਬੇਗਮ ਵਰਗੀ ਜਿ਼ੰਦਗੀ ਬਿਤਾਉਂਦੀ। ਉਸ ਨੇ ਕਈ ਵਾਰ ਉਹੋ ਜਿਹੀ ਜਿ਼ੰਦਗੀ ਦੀ ਕਲਪਨਾ ਵੀ ਕੀਤੀ ਸੀ, ਤੇ ਭਵਿੱਖ ਵਿੱਚ ਉਸ ਨੂੰ ਅਮਲੀ ਸ਼ਕਲ ਦੇਣ ਬਾਰੇ ਸੋਚਿਆ ਸੀ। ਸਹਿਜੇ-ਸਹਿਜੇ ਉਸ ਨੇ ਉਹ ਜਿ਼ੰਦਗੀ ਕਬੂਲ ਕਰ ਲਈ ਸੀ ਤੇ ਉਸੇ ਵਿੱਚ ਆਪਣੀ ਮੰਜਿ਼ਲ ਵੇਖਣ ਲੱਗੀ ਸੀ। ਆਖਿ਼ਰ ਆਪਣਾ ਮੁੱਲ ਤਾਰਨ ਪਿੱਛੋਂ ਉਥੋਂ ਛੁਟਕਾਰਾ ਪਾ ਕੇ ਕਿੱਥੇ ਜਾਣਾ ਸੀ? ਬਹੁਤ ਕਰ ਕੇ ਮੁੜ ਓਥੇ ਹੀ ਆਉਣਾ ਪੈਣਾ ਸੀ। ਇਸ ਗੱਲ ਦਾ ਨਿਸਚਾ ਉਸ ਨੂੰ ਬੇਗਮ ਨੇ ਕਰਾਇਆ ਸੀ, ਜੋ ਆਪਣੀ ਜਿ਼ੰਦਗੀ ਦੇ ਤਲਖ਼ ਤਜਰਬਿਆਂ ਦੇ ਆਧਾਰ 'ਤੇ ਬੜੇ ਪਤੇ ਦੀਆਂ ਗੱਲਾਂ ਦਸਦੀ, ਜਿਨ੍ਹਾਂ ਨੂੰ ਝੁਠਲਾਇਆ ਨਹੀਂ ਸੀ ਜਾ ਸਕਦਾ। ਉਹਨਾਂ 'ਚੋਂ ਇੱਕ ਗੱਲ ਇਹ ਵੀ ਸੀ ਕਿ ‘ਮਰਦ ਬੇਵਫ਼ਾ ਹੁੰਦਾ ਹੈ। ਉਸ ਨੂੰ ਕਦੇ ਦਿਲ ਨਹੀਂ ਦੇਣਾ ਚਾਹੀਦਾ। ਤੇ ਔਰਤ ਜਦ ਤੱਕ ਦਿਲ ਨਹੀਂ ਦਿੰਦੀ, ਮਰਦ ਕੋਲੋਂ ਬਚੀ ਰਹਿੰਦੀ ਹੈ, ਤੇ ਮਰਦ ਤੋਂ ਕਦੇ ਧੋਖਾ ਨਹੀਂ ਖਾ ਸਕਦੀ।’ ਤੇ ਸ਼ਬਨਮ ਨੇ ਕਦੇ ਕਿਸੇ ਮਰਦ ਤੋਂ ਧੋਖਾ ਨਹੀਂ ਸੀ ਖਾਧਾ। ਉਂਜ, ਉਸ ਨੂੰ ਹਮੇਸ਼ਾਂ ਅਜਿਹਾ ਅਹਿਸਾਸ ਹੁੰਦਾ ਕਿ ਆਪਣਾ ਆਪ ਕੋਝਾ-ਕੋਝਾ ਲੱਗਣ ਲਗਦਾ। ਉਹ ਸਰੀਰ ਦੇ ਉਲਟ ਦਿਲ ਨੂੰ ਸਾਫ਼ ਰੱਖਣਾ ਚਾਹੁੰਦੀ ਸੀ। ਉਸਨੂੰ ਲਗਦਾ ਕਿ ਉਹ ਸਾਰੇ ਗੰਦੇ ਤੇ ਵਪਾਰਕ ਵਾਯੂ-ਮੰਡਲ ਵਿੱਚ ਇੱਕ ਦਿਲ ਹੀ ਸੀ, ਜਿਸ ਨੂੰ ਬਚਾਅ ਕੇ ਰੱਖ ਸਕਦੀ ਸੀ। ਤੇ ਬੇਗਮ ਵੀ ਕਿਹਾ ਕਰਦੀ ਸੀ ਕਿ ‘ਦਿਲ ਨੂੰ ਬਚਾਅ ਕੇ ਰੱਖੋ। ਜਿਸਮ ਦੀ ਕੋਈ ਗੱਲ ਨਹੀਂ। ਜਿਸਮ ਤਾਂ ਮਿੱਟੀ ਹੁੰਦਾ ਏ, ਤੇ ਮਿੱਟੀ ਭਿੱਟੀ ਨਹੀਂ ਜਾਂਦੀ। ਪਰ ਦਿਲ ਜੇ ਇੱਕ ਵਾਰ ਭਿਟਿਆ ਗਿਆ, ਤਾਂ ਮੁੜ ਕਦੇ ਸੁੱਚਾ ਨਹੀਂ ਹੋ ਕਸਦਾ।’ ਪਰ ਅਖ਼ੀਰ ਸ਼ਬਨਮ ਮਨੋਹਰ ਨੂੰ ਆਪਣਾ ਦਿਲ ਦੇ ਬੈਠੀ ਸੀ। ਤਦ ਉਸਨੂੰ ਆਪਣੇ ਅੰਦਰ ਇੱਕ ਨਵੀਂ ਤਾਕਤ ਦਾ ਅਹਿਸਾਸ ਹੋਇਆ ਸੀ, ਤੇ ਉਹ ਉਸ ਦੁਨੀਆਂ 'ਚੋਂ ਨਿਕਲ ਆਈ ਸੀ, ਜਿਸ ਵਿੱਚ ਆਉਣ ਲਈ, ਤਾਂ ਬੇਗਮ ਦੇ ਲਫ਼ਜ਼ਾਂ ਵਿੱਚ, ਕਈ ਬੂਹੇ ਖੁਲ੍ਹਦੇ ਸਨ, ਪਰ ਜਿਸ 'ਚੋਂ ਨਿਕਲਣ ਲਈ ਕੋਈ ਬੂਹਾ ਨਹੀਂ ਸੀ ਖੁੱਲ੍ਹਦਾ। ਅਖ਼ੀਰ, ਬੇਗ਼ਮ ਦੀਆਂ ‘ਬੜੇ ਪਤੇ ਦੀਆਂ ਗੱਲਾਂ’ ‘ਚੋਂ ਇੱਕ ਗੱਲ ਝੂਠੀ ਸਾਬਤ ਹੋ ਗਈ ਸੀ। ਤੇ ਇਸ ਘਰ ਦਾ ਬੂਹਾ ਸੀ, ਜੋ ਅੰਦਰ ਆਉਣ ਲਈ ਵੀ ਖੁੱਲ੍ਹਦਾ ਸੀ, ਬਾਹਰ ਜਾਣ ਲਈ ਵੀ ਖੁਲ੍ਹਦਾ ਸੀ। ਇਹ ਅਸਲੀ ਆਜ਼ਾਦੀ ਸੀ।
ਸ਼ਬਨਮ ਬੜੀ ਸੁਹਣੀ ਜਿ਼ੰਦਗੀ ਜਿਊਣ ਲੱਗੀ। ਥੁੜ੍ਹਾਂ ਦੇ ਮੁਕਾਬਲੇ ਵਿੱਚ ਤ੍ਰਿਪਤੀ ਦਿਨੋ-ਦਿਨ ਵਧਦੀ ਜਾ ਰਹੀ ਸੀ। ਇਹ ਘਰ ਲੈਣ ਅਤੇ ਉਸ ਨੂੰ ਵਸਾਉਣ ਵਿੱਚ ਸ਼ਬਨਮ ਦੀ ਕਮਾਈ ਦਾ ਵੱਡਾ ਹਿੱਸਾ ਲੱਗ ਗਿਆ ਸੀ। ਮਨੋਹਰ ਓਨੇ ਪੈਸਿਆਂ ਦਾ ਪ੍ਰਬੰਧ ਨਹੀਂ ਕਰ ਸਕਿਆ ਸੀ, ਜਿੰਨਿਆਂ ਦੀ ਉਸ ਨੇ ਆਸ ਦਵਾਈ ਸੀ। ਹੁਣ ਸ਼ਬਨਮ ਦੀ ਕਮਾਈ ਦੇ ਇਨੇ ਕੁ ਪੈਸੇ ਬਚੇ ਹੋਏ ਸਨ ਕਿ ਉਹਨਾਂ ਨੂੰ ਬੜਾ ਸੰਭਾਲ ਕੇ ਗੁਜ਼ਾਰਾ ਕਰਨਾ ਪੈ ਰਿਹਾ ਸੀ। ਇਸ ਵਿੱਚ ਸ਼ਬਨਮ ਨੂੰ ਵੱਖਰਾ ਜਿਹਾ ਸਵਾਦ ਆਉਂਦਾ। ਉਸ ਦੇ ਹੱਥਾਂ ਵਿੱਚ ਘਰ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਬਿਨਾਂ ਕਿਸੇ ਖ਼ਾਸ ਖ਼ਰਚ ਦੇ, ਜਨਮ ਲੈ ਰਹੀਆਂ ਸਨ। ਦਿਨ ਬੜਾ ਲੰਮਾ ਹੁੰਦਾ, ਤੇ ਵੰਨ-ਸੁਵੰਨੇ ਸ਼ੌਂਕਾਂ ਤੇ ਦਿਲਚਸਪੀਆਂ ਨਾਲ ਭਰਿਆ ਵੀ। ਉਹਨਾਂ ਸ਼ੌਕਾਂ ਅਤੇ ਦਿਲਚਸਪੀਆਂ ਵਿੱਚ ਮਨੋਹਰ ਦੀ ਹੋਂਦ ਹੁੰਦੀ, ਜੋ ਆਪਣੇ ਕੰਮ-ਕਾਜ ਦੇ ਸਿਲਸਿਲੇ ਵਿੱਚ ਦਿਨ ਭਰ ਬਾਹਰ ਰਹਿੰਦਾ। ਉਸ ਦੇ ਆਪਣੇ ਲਫ਼ਜ਼ਾਂ ਵਿੱਚ ਉਹ ਸੜਕਾਂ ਗਾਹੁੰਦਾ, ਤਲਖ਼ੀਆਂ ਥੁੱਕਦਾ, ਤੇ ਇਸ ਆਸ ਵਿੱਚ ਜਿਊਂਦਾ ਕਿ ਇਕ ਦਿਨ ਉਹ ਆਪਣੀ ਥਾਂ ਬਣਾ ਕੇ ਰਹੇਗਾ। ਸ਼ਬਨਮ ਸਦਕਾ ਇਹ ਆਸ ਵਧ ਗਈ ਸੀ। ਉਹ ਉਸ ਦੀਆਂ ਤਲਖੀਆਂ ਵੰਡਾ ਲੈਂਦੀ। “ਰਾਤੀਂ ਆ ਕੇ ਆਪਣੀਆਂ ਸਾਰੀਆਂ ਤਲਖ਼ੀਆਂ ਮੈਨੂੰ ਦੇ ਦਿਆ ਕਰੋ”, ਉਹ ਮਨੋਹਰ ਨੂੰ ਕਹਿੰਦੀ। “ਮੈਨੂੰ ਤਲਖ਼ੀਆਂ ਪੀਣ ਦੀ ਆਦਤ ਏ।” ਕੁਝ ਹੀ ਚਿਰ ਪਿੱਛੋਂ, ਮਨੋਹਰ ਦੇ ਕਹਿਣ ਅਨੁਸਾਰ, ਸ਼ਬਨਮ ਸਦਕਾ ਹੀ ਉਸਦੀ ਆਸ ਨੂੰ ਫਲ ਲੱਗਣ ਲੱਗਾ। ਰਿਕਾਰਡਾਂ ਦੀ ਇੱਕ ਕੰਪਨੀ ਵੱਲੋਂ ਉਸ ਨੂੰ ਇੱਕ ਰਿਕਾਰਡ ਲਈ ਗ਼ਾਲਿਬ ਦੀਆਂ ਦੋ ਗ਼ਜ਼ਲਾਂ ਗਾਉਣ ਦਾ ਕੰਮ ਮਿਲਿਆ। ਕੁਝ ਦਿਨਾਂ ਪਿੱਛੋਂ ਇੱਕ ਹੋਰ ਰਿਕਾਰਡ ਲਈ ਦੋ ਭਜਨ ਗਾਉਣ ਲਈ ਕਿਹਾ ਗਿਆ। ਅੱਗੋਂ ਵੀ ਕੰਮ ਮਿਲਣ ਦਾ ਯਕੀਨ ਬੱਝਾ। ਇੱਕ-ਦੋ ਪ੍ਰੋਗਰਾਮਾਂ ਵਿੱਚ ਵੀ ਗਾਉਣ ਦਾ ਕੰਮ ਮਿਲਿਆ। ਉਸ ਨੇ ਸ਼ਬਨਮ ਨੂੰ ਕਿਹਾ, “ਬਸ, ਹੋਰ ਕੁਝ ਚਿਰ ਦੀ ਦੇਰ ਏ, ਮੇਰਾ ਸਿਤਾਰਾ ਅਸਮਾਨ ਤੇ ਚਮਕਣ ਲੱਗੇਗਾ। ਤਦ ਇਹ ਦਿਨ ਨਹੀਂ ਰਹਿਣਗੇ।”
“ਉਂਜ, ਇਹ ਦਿਨ ਵੀ ਬੜੇ ਸੁਹਣੇ ਨੇ”, ਸ਼ਬਨਮ ਨੇ ਤ੍ਰਿਪਤੀ ਨਾਲ ਕਿਹਾ।
“ਨਹੀਂ, ਇਹ ਦਿਨ ਨਹੀਂ ਰਹਿਣਗੇ। ਇਹ ਦਿਨ ਨਹੀਂ ਰਹਿਣੇ ਚਾਹੀਦੇ”, ਮਨੋਹਰ ਨੇ ਸ਼ਬਨਮ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਾਣ ਤੇ ਖੁਸ਼ੀ ਨਾਲ ਕਿਹਾ।
ਸ਼ਬਨਮ ਦੀਆਂ ਅੱਖਾਂ ਭਰ ਆਈਆਂ।
ਉਹਨੀਂ ਦਿਨੀਂ ਨਿੱਕੀ-ਨਿੱਕੀ ਗੱਲ ਤੇ ਸ਼ਬਨਮ ਦੀਆਂ ਅੱਖਾਂ ਭਰ ਆਇਆ ਕਰਦੀਆਂ ਸਨ। ਉਹ ਨਿੱਕੀਆਂ-ਨਿਕੱੀਆਂ ਖ਼ੁਸ਼ੀਆਂ ਬਹੁਤ ਵੱਖਰੀ ਕਿਸਮ ਦੀਆਂ ਸਨ, ਜੋ ਉਸ ਤੋਂ ਜਰੀਆਂ ਨਹੀਂ ਸਨ ਜਾਂਦੀਆਂ। ਉਹ ਉਸ ਜਿ਼ੰਦਗੀ ਨੂੰ ਜਿਵੇਂ ਭੋਰਾ-ਭੋਰਾ ਕਰ ਕੇ ਜੀ ਰਹੀ ਸੀ, ਉਸ ਦੇ ਹਰ ਛਿਣ ਨੂੰ ਮਾਣ ਰਹੀ ਸੀ। ਉਹ ਮਨੋਹਰ ਦੀ ਹੋਂਦ ਨੂੰ ਵੀ ਮਾਣਦੀ, ਅਣਹੋਂਦ ਨੂੰ ਵੀ ਮਾਣਦੀ। ਇਕੱਲ ਸੱਚਮੁੱਚ ਮਿਟ ਗਈ ਸੀ। ਉਸ ਦੀ ਥਾਂ ਤ੍ਰਿਪਤੀ ਨੇ ਲੈ ਲਈ ਸੀ। ਇਹ ਤ੍ਰਿਪਤੀ ਮਨ ਦੀ ਵੀ ਸੀ, ਸਰੀਰ ਦੀ ਵੀ। ਇਹੋ ਜਿਹੀ ਸਰੀਰਕ ਤ੍ਰਿਪਤੀ ਉਸ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਕੀਤੀ। ਪਹਿਲਾਂ ਤਾਂ ਮਰਦ ਦੀ ਨੇੜਤਾ ਸਦਕਾ ਉਸਦਾ ਸਰੀਰ ਸੁੰਗੜ ਜਾਇਆ ਕਰਦਾ ਸੀ, ਉਸ ਵਿੱਚ ਇੱਕ ਠੰਢ ਵਰਤ ਜਾਇਆ ਕਰਦੀ ਸੀ। ਪਰ ਹੁਣ ਸਰੀਰ ਦੇ ਹਰ ਅੰਗ ਵਿੱਚ ਇੱਕ ਨਿੱਘ ਪਸਰਨ ਲਗਦਾ, ਸਵਾਦ ਦੀ ਇੱਕ ਰੌਅ ਦੌੜਨ ਲਗਦੀ, ਤੇ ਅਖੀਰ ਅੰਗ-ਅੰਗ ਫੁੱਲ ਵਾਂਗ ਖਿੜ ਪੈਂਦਾ। ਇਹ ਖੇੜਾ ਮਨ ਦੀਆਂ ਸੁੱਤੀਆਂ ਕਲਾਂ ਜਗਾਉਂਦਾ। ਇੱਕ ਵਾਰ ਉਸ ਨੇ ਮਨੋਹਰ ਨੂੰ ਕਿਹਾ, “ਤੁਹਾਡੀ ਹਰ ਛੋਹ ਵਿੱਚ ਜਾਦੂ ਹੈ। ਤੁਸੀਂ ਸਰੀਰ ਤੇ ਮਨ ਦੋਹਾਂ ਦੀਆਂ ਸੁੱਤੀਆਂ ਕਲਾਂ ਜਗਾ ਕਸਦੇ ਹੋ।”
“ਮੈਂ ਕਲਾਕਾਰ ਹਾਂ ਨਾ”, ਮਨੋਹਰ ਨੇ ਹਲਕਾ ਜਿਹਾ ਹੱਸ ਕੇ ਕਿਹਾ।
“ਕਲਾਕਾਰ ਨਾ ਹੁੰਦੇ, ਤਾਂ ਵੀ ਸੁੱਤੀਆਂ ਕਲਾ ਜਗਾ ਸਕਦੇ।”
“ਤਾਂ ਵੀ ਜਗਾ ਸਕਦਾ?”
“ਹਾਂ।”
“ਕਹਿ ਨਹੀਂ ਸਕਦਾ।”
“ਮੈਂ ਜੁ ਕਹਿੰਦੀ ਹਾਂ।”
“ਤਾਂ ਫੇਰ, ਤੇਰੇ ਅੰਦਰ ਕੋਈ ਕਲਾਕਾਰ ਏ।”
“ਕਹਿ ਨਹੀਂ ਸਕਦੀ।”
“ਮੈਂ ਜੁ ਕਹਿੰਦਾ ਹਾਂ।”
“ਤਾਂ ਫੇਰ, ਮੇਰੇ ਅੰਦਰ ਉਹ ਕਲਾਕਾਰ ਤੁਸੀਂ ਹੋ!”
ਸ਼ਬਨਮ ਨੇ ਕਦੇ ਕਿਸੇ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਸਨ ਕੀਤੀਆਂ, ਭਾਵੇਂ ਗਾਹਕਾਂ ਨੇ ਉਸਦੀਆਂ ਗੱਲਾਂ ਦੀ ਦਾਦ ਦਿੱਤੀ ਸੀ, ਤੇ ਕੁਝ ਗਾਹਕ ਤਾਂ ਉਹਨਾਂ ਗੱਲਾਂ ਵਿੱਚ ਹੀ ਵਧੇਰੇ ਤ੍ਰਿਪਤੀ ਮਹਿਸੂਸ ਕਰਿਆ ਕਰਦੇ ਸਨ। ਬੇਗਮ ਵੀ ਹੋਰਨਾਂ ਕੁੜੀਆਂ ਨੂੰ ਕਿਹਾ ਕਰਦੀ ਸੀ ਕਿ ਆਪਣੇ ਪੇਸ਼ੇ ਦੀ ਕਾਮਯਾਬੀ ਲਈ ਉਹ ਸ਼ਬਨਮ ਕੋਲੋਂ ਗੱਲ ਕਰਨ ਦਾ ਸਲੀਕਾ ਸਿੱਖਣ। ਪਰ ਸ਼ਬਨਮ ਦੀਆਂ ਉਹ ਗੱਲਾਂ ਕਿਸੇ ਹੱਦ ਤੱਕ ਬਣਾਉਟੀ ਹੁੰਦੀਆਂ ਸਨ, ਜਿਸ ਤਰ੍ਹਾਂ ਕਿ ਉਸਦੀ ਮੁਸਕਰਾਹਟ ਬਣਾਉਟੀ ਹੁੰਦੀ ਸੀ, ਅਦਾਵਾਂ ਬਣਾਉਟੀ ਹੁੰਦੀਆਂ ਸਨ। ਉਸ ਨੇ ਸਿਰਫ਼ ਮਨੋਹਰ ਨਾਲ ਦਿਲੋਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸਨ, ਤੇ ਹੁਣ ਉਹ ਜੋ ਗੱਲਾਂ ਕਰਦੀ ਸੀ, ਉਹਨਾਂ ਵਿੱਚ ਉਸਦੀ ਪੂਰੀ ਹੋਂਦ ਹੁੰਦੀ ਸੀ।
ਮਨੋਹਰ ਨੂੰ ਕੁਝ ਹੋਰ ਕੰਮ ਮਿਲਿਆ, ਤੇ ਫੇਰ ਜਿਵੇਂ ਸਾਰੇ ਬੂਹੇ ਬੰਦ ਹੋ ਗਏ। ਤਦ ਫੇਰ ਪਹਿਲਾਂ ਵਰਗੀ ਜਿ਼ੰਦਗੀ ਬਣ ਗਈ। ਗਰਦਸ਼ ਤੇ ਤਲਖੀਆਂ ਨਾਲ ਭਰੀ ਹੋਈ। ਉਸ ਨੂੰ ਹੈਰਾਨੀ ਹੁੰਦੀ ਕਿ ਉਹ ਬੂਹੇ ਵੀ ਬੰਦ ਹੋ ਗਏ ਸਨ, ਜੋ ਉਸ ਲਈ ਖੁਲ੍ਹੇ ਸਨ ਤੇ ਜਿਨ੍ਹਾਂ ਨੇ ਅੱਗੋਂ ਖੁਲ੍ਹਦੇ ਰਹਿਣਾ ਸੀ। ਇਸ ਦਾ ਕਾਰਨ ਉਸ ਨੂੰ ਕਾਫ਼ੀ ਚਿਰ ਪਿੱਛੋਂ ਸਮਝ ਆਇਆ, ਤੇ ਉਹ ਵੀ ਕਿਸੇ ਹੱਦ ਤੱਕ ਸ਼ਬਨਮ ਦੀ ਬਦੌਲਤ। ਇੱਕ ਦਿਨ ਸ਼ਬਨਮ ਨੇ ਕਿਹਾ, “ਜਦ ਆਦਮੀ ਤਰੱਕੀ ਕਰਨ ਲੱਗੇ, ਤਾਂ ਉਸਨੂੰ ਪੁਰਾਣੀਆਂ ਤਲਖ਼ੀਆਂ ਭੁਲਾ ਦੇਣੀਆਂ ਚਾਹੀਦੀਆਂ ਹਨ।”
“ਉਹ ਕਿਵੇਂ ਭੁੱਲ ਸਕਦੀਆਂ ਹਨ! ਸਗੋਂ ਉਹ ਵਧੇਰੇ ਸਿ਼ੱਦਤ ਨਾਲ ਉੱਭਰਦੀਆਂ ਹਨ।”
“ਹਾਂ! ਸੋ, ਕੋਸਿ਼ਸ਼ ਕਰਨੀ ਚਾਹੀਦੀ ਏ ਕਿ ਉਹ ਨਾ ਉਭਰਨ, ਰਾਹ ਵਿੱਚ ਨਾ ਆਉਣ।’
ਮਨੋਹਰ ਸੋਚਣ ਲੱਗਾ। “ਪਰ ਇਹ ਕਿਵੇਂ ਹੋ ਸਕਦਾ ਏ?” ਉਸ ਨੇ ਤਲਖ਼ ਹੋ ਕੇ ਕਿਹਾ।
“ਹੋ ਕਿਉਂ ਨਹੀਂ ਸਕਦਾ”, ਸ਼ਬਨਮ ਨੇ ਸਹਿਜ ਭਾਵ ਨਾਲ ਕਿਹਾ, “ਮੈਨੂੰ ਵੇਖੋ, ਸ਼ਾਇਦ ਮੇਰੀ ਜਿ਼ੰਦਗੀ ਵਿੱਚ ਤੁਹਾਡੇ ਨਾਲੋਂ ਕਿਤੇ ਵੱਧ ਤਲਖੀਆਂ ਸਨ। ਤੇ ਮਰਦ ਦੀਆਂ ਤਲਖ਼ੀਆਂ ਨਾਲੋਂ ਔਰਤ ਦੀਆਂ ਤਲਖ਼ੀਆਂ ਕਿਤੇ ਕੌੜੀਆਂ ਹੁੰਦੀਆਂ ਹਨ, ਕਿਉਂਕਿ ਉਹ ਬੇਵੱਸ ਹੁੰਦੀ ਏ। ਪਰ ਹੁਣ ਉਹ ਤਲਖੀਆਂ ਬਹੁਤ ਦੂਰ ਚਲੀਆਂ ਗਈਆਂ ਲੱਗਦੀਆਂ ਨੇ। ਪਤਾ ਏ ਕਿਉਂ?” ਉਸ ਨੇ ਅੰਤਾਂ ਦੇ ਪਿਆਰ ਨਾਲ ਮੁਸਕਰਾਉਂਦਿਆਂ ਮਨੋਹਰ ਦੇ ਚਿਹਰੇ ਕੋਲ ਆਪਣਾ ਚਿਹਰਾ ਲੈ ਜਾ ਕੇ ਪੁੱਛਿਆ।
ਮਨੋਹਰ ਨੇ ਇੱਕ ਬਿੰਦ ਉਸ ਵੱਲ ਵੇਖਿਆ, ਫੇਰ ਦੂਜੇ ਪਾਸੇ ਵੇਖਣ ਲੱਗਾ। ਤੇ ਉਸਦੇ ਮੂੰਹੋਂ ਨਿਕਲਿਆ, “ਤੇਰੀ ਹੋਰ ਗੱਲ ਏ।”
“ਹੋਰ ਗੱਲ ਕਿਵੇਂ?”
ਮਨੋਹਰ ਨੂੰ ਜਵਾਬ ਨਾ ਸੁੱਝਾ।
ਸ਼ਬਨਮ ਨੇ ਇੱਕ ਬਿੰਦ ਉਡੀਕ ਕੇ ਕਿਹਾ, “ਇਸ ਲਈ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ।”
“ਪਰ ਮੈਂ ਤਾਂ ਉਹਨਾਂ ਲੋਕਾਂ ਨੂੰ ਪਿਆਰ ਨਹੀਂ ਕਰ ਸਕਦਾ। ਉਹ ਲੋਕ, ਜੋ ਕਲਾਕਾਰ ਦੀ ਇੱਜ਼ਤ ਕਰਨਾ ਨਹੀਂ ਜਾਣਦੇ। ਮੰੈਂ ਉਹਨਾਂ ਨੂੰ ਵਿਖਾ ਦਿਆਂਗਾ ਇੱਕ ਦਿਨ! ਵਿਖਾ ਕੇ ਰਹਾਂਗਾ ਇੱਕ ਦਿਨ।”
ਮਨੋਹਰ ਨੇ ਦੰਦ ਪੀਚੇ ਤੇ ਉਸਦਾ ਚਿਹਰਾ ਤਣ ਗਿਆ।
ਸ਼ਬਨਮ ਨੇ ਉਸਦਾ ਹੱਥ ਫੜ ਕੇ ਪੋਲੇ ਜਿਹੇ ਘੁੱਟਿਆ ਤੇ ਨਰਮੀ ਨਾਲ ਕਿਹਾ, “ਜੋ ਕੁਝ ਵਿਖਾਉਣਾ ਏ, ਆਪਣੀ ਕਲਾ ਨਾਲ ਵਿਖਾਓ। ਤਲਖ਼ੀ ਨਾਲ ਤਾਂ ਗੱਲ ਹੋਰ ਵਿਗੜੇਗੀ।” ਉਸ ਨੇ ਉਸ ਦਾ ਤਣਿਆ ਹੋਇਆ ਚਿਹਰਾ ਆਪਣੇ ਵੱਲ ਕੀਤਾ। “ਮੇਰੀ ਵੱਲ ਵੇਖੋ। ਮੈਂ ਕਿੰਨੀ ਵਾਰ ਕਿਹਾ ਏ ਕਿ ਰੋਜ਼ ਤ੍ਰਕਾਲੀਂ ਆ ਕੇ ਆਪਣੀਆਂ ਸਾਰੀਆਂ ਤਲਖ਼ੀਆਂ ਮੈਨੂੰ ਦੇ ਦਿਆ ਕਰੋ। ਮੈਂ ਉਹਨਾਂ ਨੂੰ ਹਜ਼ਮ ਕਰ ਲਿਆ ਕਰਾਂਗੀ।”
ਮਨੋਹਰ ਕੁਝ ਬਿੰਦ ਉਸ ਵੱਲ ਵੇਖਦਾ ਰਿਹਾ। ਉਸ ਦਾ ਪਿਆਰ-ਭਰਿਆ, ਸ਼ਾਂਤ ਚਿਹਰਾ ਉਸ ਤੋਂ ਜਰਿਆ ਨਾ ਗਿਆ। ਤੇ ਉਸ ਨੇ ਕਿਹਾ, “ਇਹ ਇੱਕ ਕਲਾਕਾਰ ਦੀਆਂ ਤਲਖ਼ੀਆਂ ਹਨ। ਤੂੰ ਇਹਨਾਂ ਨੂੰ ਕੀ ਜਾਣੇਂ? ਇਹਨਾਂ ਨੂੰ ਮੈਂ ਖੁਦ ਹੀ ਹਜ਼ਮ ਕਰਾਂਗਾ। ਹਜ਼ਮ ਕਰਾਂਗਾ ਤੇ ਇੱਕ ਦਿਨ ਦੱਸਾਂਗਾ ਕਿ” ਉਸ ਨੇ ਫਿ਼ਕਰਾ ਪੂਰਾ ਨਹੀਂ ਕੀਤਾ ਤੇ ਉਠ ਖੜਾ ਹੋਇਆ।
ਸ਼ਬਨਮ ੳੇਸ ਵੱਲ ਕੁਝ ਚਿਰ ਵੇਖਦੀ ਰਹੀ। ਫੇਰ ਰਸੋਈ ਵਿੱਚ ਚਾਹ ਅਤੇ ਨਾਸ਼ਤਾ ਤਿਆਰ ਕਰਨ ਚਲੀ ਗਈ। ਉਸ ਵੇਲੇ ਚੰਗੀ ਚਾਹ ਤੇ ਖਾਣ ਦੀ ਕੋਈ ਸਵਾਦਲੀ ਚੀਜ਼ ਮਨੋਹਰ ਦਾ ਧਿਆਨ ਤਲਖ਼ੀਆਂ ਵੱਲੋਂ ਹੋਰ ਪਾਸੇ ਪਾ ਸਕਦੀ ਸੀ।
ਸ਼ਬਨਮ ਦੇ ਜਾਣ 'ਤੇ ਮਨੋਹਰ ਉਂਜੇ ਖੜਾ ਰਿਹਾ।। ਸ਼ਬਨਮ ਦੀਆਂ ਜਿਨ੍ਹਾਂ ਗੱਲਾਂ ਨੂੰ ਉਹ ਉਸ ਦੇ ਸਾਹਮਣੇ ਨਹੀਂ ਸੀ ਮੰਨਣਾ ਚਾਹੁੰਦਾ, ਤਦ ਉਹਨਾਂ ਵੱਲੋਂ ਮੂੰਹ ਨਾ ਮੋੜ ਸਕਿਆ। ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਲੋਕਾਂ ਨਾਲ ਬਣਾਉਣੀ ਨਹੀਂ ਆਉਂਦੀ। ਜੇ ਬਣਦੀ ਹੈ, ਤਾਂ ਬਣਾ ਕੇ ਰੱਖਣੀ ਨਹੀਂ ਆਉਂਦੀ। ਤਲਖ਼ੀਆਂ ਹੀ ਨਹੀਂ, ਇੱਕ ਥੋਥਾ ਹੰਕਾਰ ਵੀ ਉਸ ਦੇ ਅੰਦਰ ਜਾਗਦਾ ਹੈ, ਤੇ ਉਹ ਅਗਲੇ ਨਾਲ ਵਿਗਾੜ ਬੈਠਦਾ ਹੈ। ਤਲਖ਼ੀਆਂ ਵਾਂਗ ਇਹ ਹੰਕਾਰ ਵੀ ਨਾਕਾਮਯਾਬੀਆਂ ‘ਚੋਂ ਪੈਦਾ ਹੋਇਆ ਹੈ, ਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕਲਾਕਾਰ ਕੀ ਤੇ ਹੰਕਾਰ ਕੀ? ਪਰ…
ਸ਼ਬਨਮ ਉਸ ਦੀਆਂ ਤਲਖ਼ੀਆਂ ਨੂੰ ਸਮਝ ਸਕਦੀ ਸੀ। ਇਹ ਤਲਖੀਆਂ ਉਸ ਨੇ ਸ਼ੁਰੂ ਵਿੱਚ ਵੀ ਮਹਿਸੂਸ ਕੀਤੀਆਂ ਸਨ। ਕੁਝ ਇੱਕ ਵਾਰ ਇਹ ਤਲਖੀਆਂ ਖੁਦ ਉਸ ਨੂੰ ਵੀ ਝਰੀਟ ਗਈਆਂ ਸਨ। ਉਸ ਨੂੰ ਹੈਰਾਨੀ ਹੋਈ ਸੀ, ਤੇ ਉਹ ਮਨੋਹਰ ਦੇ ਚਿਹਰੇ ਵੱਲ ਵੇਖਦੀ ਰਹਿ ਗਈ ਸੀ। ਉਹ ਚਿਹਰਾ ਏਨਾ ਸੁਹਣਾ ਤੇ ਪਿਆਰਾ ਲਗਦਾ ਸੀ ਕਿ ਯਕੀਨ ਹੀ ਨਹੀਂ ਸੀ ਆਉਂਦਾ ਕਿ ਉਸ 'ਤੇ ਤਲਖ਼ੀਆਂ ਉੱਭਰ ਸਕਦੀਆਂ ਹਨ। ਤਲਖ਼ੀਆਂ ਉਭਰਨ 'ਤੇ ਵੀ ਉਹ ਚਿਹਰਾ ਉਹੋ ਜਿਹਾ ਹੀ ਸੁਹਣਾ ਅਤੇ ਪਿਆਰਾ ਦਿਸਦਾ। ਮਨਹੋਰ ਕਦੇ ਸ਼ਰਾਬ ਪੀ ਕੇ ਵੀ ਆਉਂਦਾ, ਰਾਤੀਂ ਦੇਰ ਨਾਲ ਵੀ ਆਉਂਦਾ, ਤੇ ਸ਼ਬਨਮ ਨਾਲ ਉਸਦਾ ਜੋ, ਹਮੇਸ਼ਾਂ ਦੇ ਉਲਟ ਬਦਲਿਆ ਹੋਇਆ ਵਤੀਰਾ ਹੁੰਦਾ, ਉਹ ਵੀ ਤਲਖੀ ਪੈਦਾ ਕਰਦਾ। ਪਰ ਸ਼ਬਨਮ ਉਸ ਤਲਖ਼ੀ ਨੂੰ ਸੌਖਿਆਂ ਹੀ ਪੀ ਜਾਂਦੀ। ਸਗੋਂ ਉਹ ਮਨੋਹਰ ਦੀ ਤਲਖ਼ੀ ਵੀ ਪੀ ਜਾਣਾ ਚਾਹੁੰਦੀ। ਉਸ ਨੂੰ ਯਕੀਨ ਸੀ ਕਿ ਇੱਕ ਦਿਨ ਉਹ ਤਲਖ਼ੀਆਂ ਮਿਟ ਜਾਗੀਆਂ, ਤੇ ਜਿ਼ੰਦਗੀ ਬੜੀ ਸੁਖਾਵੀਂ ਬਣ ਜਾਏਗੀ।
ਦਿਨ ਬੀਤਦੇ ਗਏ। ਮਨੋਹਰ ਦੇ ਹਾਲਾਤ ਸੁਧਰਨ ਦੀ ਥਾਂ ਖ਼ਰਾਬ ਹੁੰਦੇ ਗਏ। ਉਹ ਆਪਣਾ ਝੂਠਾ ਮਾਣ ਛੱਡ ਨਹੀਂ ਸੀ ਸਕਦਾ, ਜੋ ਉਸ ਵਿਚਲੀ ਕਲਾ ਦੀ ਘਾਟ ਵਿੱਚੋਂ ਪੈਦਾ ਹੋਇਆ ਸੀ। ਉਸ ਘਾਟ ਨੂੰ ਪੂਰਾ ਕਰਨ ਵੱਲੋਂ ਉਹ ਲਾਪਰਵਾਹ ਸੀ। ਇਸ ਬਾਰੇ ਉਸ ਨੂੰ ਅਹਿਸਾਸ ਹੀ ਨਹੀਂ ਸੀ। ਜੇ ਕੋਈ ਅਹਿਸਾਸ ਦਵਾਉਂਦਾ , ਤਾਂ ਉਹ ਉਸ ਨਾਲ ਝਗੜ ਪੈਂਦਾ। ਅਖ਼ੀਰ, ਉਸ ਨੂੰ ਸ਼ਰਾਬ ਪੀਣੀ ਪੈਂਦੀ। ਤਦ ਉਸ ਦਾ ਝੂਠਾ ਮਾਣ ਹੋਰ ਸਿਰ ਚੁੱਕਦਾ। ਉਹ ਲੜਖੜਾਉਂਦਿਆਂ ਹੋਇਆਂ ਘਰ ਆਉਂਦਾ। ਸ਼ਬਨਮ ਉਸ ਨੂੰ ਸੰਭਾਲਦੀ। ਸਵੇਰੇ ਉੱਠਣ 'ਤੇ ਉਹ ਬਦਲਿਆ ਹੋਇਆ ਹੁੰਦਾ। ਸ਼ਬਨਮ ਉੇਸ ਦੇ ਦਿਲ ਵਿੱਚ ਨਵੀਂ ਆਸ ਅਤੇ ਪ੍ਰੇਰਣਾ ਭਰ ਕੇ ਉਸ ਨੂੰ ਘਰੋਂ ਤੋਰਦੀ।
ਇੱਕ ਦਿਨ ਉਸ ਨੇ ਕਿਹਾ, “ਕੰਮ ਦੀ ਚਿੰਤਾ ਨਾ ਕਰੋ। ਉਹ ਆਪਣੇ ਆਪ ਮਿਲਣ ਲਗੇਗਾ।”
“ਉਹ ਕਿਵੇਂ?” ਮਨੋਹਰ ਨੇ ਪੁੱਛਿਆ।
“ਉਸ ਤੋਂ ਪਹਿਲਾਂ ਲੋਕਾਂ ਨਾਲ ਚੰਗੇ ਤੁਅੱਲਕਾਤ ਪੈਦਾ ਕਰੋ।”
“ਮੈਂ ਤਾਂ ਕਰਨ ਦੀ ਕੋਸਿ਼ਸ਼ ਕਰਦਾ ਹਾਂ, ਲੋਕ ਹੀ ਵਿਗਾੜਦੇ ਹਨ।”
“ਕੋਸਿ਼ਸ਼ ਕਰੋ ਕਿ ਉਹ ਨਾ ਵਿਗਾੜਨ। ਉਂਜ, ਮੈਂ ਸੋਚਦੀ ਹਾਂ ਕਿ ਆਖ਼ਰ ਤੁਅੱਲਕਾਤ ਖ਼ਰਾਬ ਕਿਵੇਂ ਹੋ ਸਕਦੇ ਹਨ? ਮੈਂ ਹੋਵਾਂ ਤੁਹਾਡੀ ਥਾਂ, ਤਾਂ ਕਦੇ ਕਿਸੇ ਨਾਲ ਵਿਗੜਨ ਨਾ ਦਿਆਂ।”
“ਜੇ ਕਲਾਕਾਰ ਹੋਵੇਂ ਤਾਂ?”
“ਫੇਰ ਤਾਂ ਬਿਲਕੁਲ ਹੀ ਨਾ ਵਿਗੜਨ ਦਿਆਂ।”
“ਕੀ ਕਰੇਂ?”
“ਹੱਸ ਕੇ ਪੇਸ਼ ਆਵਾਂ। ਨਰਮੀ ਤੇ ਨਿੱਘ ਨਾਲ ਪੇਸ਼ ਆਵਾਂ। ਕਿਸੇ ਨੂੰ ਖੁਸ਼ ਕਰਨਾ ਕੋਈ ਔਖੀ ਗੱਲ ਏ!”
“ਜਿਸ ਪੇਸ਼ੇ ਵਿੱਚ ਮੈਂ ਹਾਂ, ਉਸ ਵਿੱਚ ਬਹੁਤ ਔਖੀ ਗੱਲ ਏ। ਮੇਰਾ ਪੇਸ਼ਾ…” ਮਨੋਹਰ ਚਾਣਚੱਕ ਰੁਕ ਗਿਆ।
ਸ਼ਬਨਮ ਅੱਗੋਂ ਕੁਝ ਨਹੀਂ ਬੋਲੀ। ਉਸ ਨੇ ਮਲਕੜੇ ਜਿਹੇ ਉਸ ਦੀ ਕਮੀਜ਼ ਦਾ ਮੁੜਿਆ ਹੋਇਆ ਕਾਲਰ ਸਿੱਧਾ ਕੀਤਾ, ਉਸ ਦੇ ਵਾਲਾਂ ਦੀ ਇਕ ਲਿਟ ਰਤਾ ਕੁ ਮੱਥੇ ਉੱਤੇ ਲਿਆਂਦੀ, ਤੇ ਉਸਦੀਆਂ ਅੱਖਾਂ ਵਿੱਚ ਝਾਕ ਕੇ ਬੜੇ ਪਿਆਰ ਨਾਲ ਮੁਸਕਰਾਈ।
ਅੱਗੋਂ ਮਨੋਹਰ ਵੀ ਮੁਸਕਰਾਇਆ ਤੇ ਹੌਲੇ-ਫੁੱਲ ਕਦਮੀਂ ਘਰੋਂ ਨਿਕਲਿਆ।
ਪਰ ਰਾਤੀਂ ਪਰਤਣ ਤੇ ਉਸਦੇ ਕਦਮ ਨਸ਼ੇ ਵਿੱਚ ਲੜਖੜਾ ਰਹੇ ਸਨ।
ਸ਼ਬਨਮ ਹੁਣ ਹੋਰ ਵੀ ਸਰਫ਼ੇ ਨਾਲ ਘਰ ਦਾ ਖ਼ਰਚ ਚਲਾਉਣ ਲੱਗੀ ਸੀ। ਕਿੰਨੇ ਚਿਰ ਤੋਂ ਮਨੋਹਰ ਦੀ ਆਮਦਨ ਬਿਲਕੁਲ ਬੰਦ ਸੀ। ਸ਼ਬਨਮ ਨੂੰ ਭਵਿੱਖ ਬਾਰੇ ਆਸ ਸੀ, ਪਰ ਚਿੰਤਾ ਵੀ ਸੀ। ਸਾਰੇ ਪੈਸੇ ਮੁੱਕ ਗਏ, ਤਾਂ ਗੁਜ਼ਾਰਾ ਕਿਵੇਂ ਹੋਵੇਗਾ? ਇੱਕ ਖ਼ਾਸ ਚਿੰਤਾ ਇਸ ਗੱਲ ਦੀ ਵੀ ਸੀ ਕਿ ਉਹ ਸ਼ਾਇਦ ਗਰਭਵਤੀ ਬਣ ਜਾਏ। ਪਰ ਇਸਦੀ ਉਸਨੂੰ ਖੁਸ਼ੀ ਵੀ ਸੀ। ਸਮੁੱਚੇ ਤੌਰ ਤੇ ਆਸ ਅਤੇ ਖੁਸ਼ੀ ਵਧੇਰੇ ਸੀ, ਤੇ ਚਿੰਤਾ ਘੱਟ, ਕਿਉਂਕਿ ਸ਼ਬਨਮ ਜਾਣਦੀ ਸੀ ਕਿ ਪੈਸੇ ਮੁੱਕ ਗਏ, ਤਾਂ ਉਹ ਆਪਣਾ ਹਾਰ ਵੇਚ ਦਏਗੀ। ਫੇਰ, ਉਸ ਕੋਲ ਸੋਨੇ ਦੀਆਂ ਚੂੜੀਆਂ ਵੀ ਸਨ।
ਕਦੇ ਉਹ ਇਸ ਬਾਰੇ ਮਨੋਹਰ ਨਾਲ ਸਰਸਰੀ ਤੌਰ’ਤੇ ਜਿ਼ਕਰ ਕਰਦੀ।
“ਤੂੰ ਫਿ਼ਕਰ ਨਾ ਕਰ!” ਮਨੋਹਰ ਮਾਣ ਨਾਲ ਕਹਿੰਦਾ। “ਮੇਰੇ ਦਿਨ ਫਿ਼ਰਨ ਵਾਲੇ ਨੇ। ਜੇ ਖਾਸੀ ਹੀ ਤੰਗੀ ਆ ਗਈ, ਤਾਂ ਮੈਂ ਕੋਈ ਹੋਰ ਕੰਮ ਕਰ ਸਕਦਾ ਹਾਂ। ਕੋਈ ਛੋਟੀ-ਮੋਟੀ ਨੌਕਰੀ ਕਰ ਸਕਦਾ ਹਾਂ।”
“ਨਹੀਂ, ਮੈਂ ਸਹਿਜੇ ਕੀਤੇ ਤੁਹਾਨੂੁੰ ਕੋਈ ਹੋਰ ਕੰਮ ਨਹੀਂ ਕਰਨ ਦਿਆਂਗੀ।”
“ਲੋੜ ਪੈਣ ਤੇ ਮੈਂ ਸਭ ਕੁਝ ਕਰ ਸਕਦਾ ਹਾਂ! ਆਖ਼ਰ ਕੀ ਨਹੀਂ ਕਰ ਸਕਦਾ ਮੈਂ? ਇੱਕ ਕਲਾਕਾਰ ਆਪਣੀ ਕਲਾ ਲਈ ਸਭ ਕੁਝ ਕਰ ਕਸਦਾ ਹੈ। ਉਹ ਸਿਰਫ਼ ਸਿਰ ਨਹੀਂ ਨਿਵਾ ਸਕਦਾ।”
“ਤੁਹਾਡਾ ਸਿਰ ਹਮੇਸ਼ਾਂ ਉੱਚਾ ਰਹੇ।” ਸ਼ਬਨਮ ਨੇ ਕਿਹਾ ਤੇ ਉਸਦੀਆਂ ਅੱਖਾਂ ਛਲਕ ਉਠੀਆਂ।
ਮਨੋਹਰ ਭਟਕਦਾ ਹੋਇਆ ਨਿਰਾਸਤਾ ਦੀ ਅੰਤਲੀ ਹੱਦ ਤੱਕ ਪਹੁੰਚ ਗਿਆ, ਤਾਂ ਗੌਤਮ ਨਾਂ ਦੇ ਇੱਕ ਬੰਦੇ ਨਾਲ ਉਸਦੀ ਮੁਲਾਕਾਤ ਹੋਈ, ਜੋ ਕਲਾਕਾਰ ਤੇ ਕਲਾ ਦੇ ਖ਼ਰੀਦਾਰ ਨੂੰ ਇੱਕ-ਦੂਜੇ ਨਾਲ ਜੋੜਣ-ਗੰਢਣ ਵਿੱਚ ਆਪਣੀ ਹੀ ਕਿਸਮ ਦਾ ਮਾਹਿਰ ਸਮਝਿਆ ਜਾਂਦਾ ਸੀ,। ਉਹ ਅਜਿਹੀ ‘ਵਿਚਕਾਰਲੀ ਕੜੀ’ ਸੀ, ਜਿਸ ਨਾਲ ਦੋਹਾਂ ਧਿਰਾਂ ਨੂੰ ਫਾਇਦਾ ਹੁੰਦਾ ਸੀ। ਤੇ ਉਹ ਆਪ ਉਹਨਾਂ ਦੇ ਸਿਰ ਤੇ ਬੜੀ ਐਸ਼ ਵਾਲੀ ਜਿ਼ੰਦਗੀ ਬਿਤਾ ਰਿਹਾ ਸੀ। ਮਨੋਹਰ ਨੇ ਉਸ ਬਾਰੇ ਸੁਣਿਆ ਹੋਇਆ ਸੀ, ਪਰ ਉਸ ਤੱਕ ਪਹੁੰਚਣ ਦਾ ਹੌਸਲਾ ਨਹੀਂ ਸੀ ਕਰ ਸਕਿਆ। ਇੱਕ-ਦੋ ਮੌਕਿਆਂ 'ਤੇ ਉਸ ਨੂੰ ਵੇਖਿਆ ਸੀ, ਤਾਂ ਉਹ ਬੜਾ ਵੱਡਾ ਜਾਪਿਆ ਸੀ। ਉਂਜ, ਸ਼ਕਲ-ਸੂਰਤ ਤੋਂ ਗੌਤਮ ਸਾਧਾਰਨ ਜਿਹਾ ਬੰਦਾ ਸੀ। ਦਰਮਿਆਨਾ ਕੱਦ-ਕਾਠ ਸੀ, ਪਤਲਾ-ਕਮਜ਼ੋਰ ਸ਼ਰੀਰ, ਤੇ ਪੱਕਾ ਸਉਲਾ ਰੰਗ। ਉਹ ਹਮੇਸ਼ਾਂ ਧੋਤੀ-ਕੁਰਤਾ ਤੇ ਚੱਪਲਾਂ ਪਾਉਂਦਾ। ਉਸ ਦੇ ਲਿਬਾਸ ਦੀ ਨਫ਼ਾਸਤ ਉਸ ਦੇ ਛੋਟੇ ਜਿਹੇ ਚਿਹਰੇ 'ਤੇ ਵੇਖੀ ਜਾ ਸਕਦੀ ਸੀ, ਜਿਸ 'ਤੇ ਨਿੱਕੀਆਂ-ਨਿੱਕੀਆਂ, ਲਿਸ਼ਕਵੀਆਂ ਅੱਖਾਂ ਸਨ, ਤੇ ਬਰੀਕ ਤਿੱਖੀਆਂ ਮੁੱਛਾਂ, ਤੇ ਪਤਲੇ, ਤਰਾਸ਼ੇ ਹੋਏ ਬੁੱਲ੍ਹ, ਜਿਨ੍ਹਾਂ ਤੇ ਹਮੇਸ਼ਾਂ ਨਿੰਮ੍ਹੀ-ਨਿੰਮ੍ਹੀ ਮੁਸਕਰਾਹਟ ਥਿਰਕਦੀ ਰਹਿੰਦੀ। ਉਸ ਦੇ ਹੱਥ ਵਿੱਚ 555 ਬਰਾਂਡ ਦੀ ਸਿਗਰਟ ਦਾ ਡੱਬਾ ਹੁੰਦਾ, ਤੇ ਸੁਨਹਿਰੇ ਰੰਗ ਦਾ, ਔਸਤ ਨਾਲੋਂ ਵੱਡਾ, ਲਾਈਟਰ, ਜਿਸ ਨੂੰ ਵੇਖ ਕੇ ਆਦਮੀ ਸੋਚਦਾ ਕਿ ਉਹ ਖ਼ਾਲਿਸ ਸੋਨੇ ਦਾ ਬਣਿਆ ਹੋਵੇਗਾ। ਸਮੁੱਚੇ ਤੌਰ 'ਤੇ ਗੌਤਮ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਦਿਸਦੀ ਸੀ, ਤੇ ਕੋਈ ਓਪਰਾ ਬੰਦਾ ਉਸ ਨਾਲ ਗੱਲ ਕਰਨੋਂ ਝਿਜਕ ਅਤੇ ਡਰ ਮਹਿਸੂਸ ਕਰਨੋਂ ਨਹੀਂ ਸੀ ਰਹਿੰਦਾ।
ਪਰ ਉਸ ਨਾਲ ਮੁਲਾਕਾਤ ਹੋਣ 'ਤੇ ਮਨੋਹਰ ਦਾ ਸਾਰਾ ਡਰ ਜਾਂਦਾ ਰਿਹਾ। ਗੌਤਮ ਜਿਸ ਸਲੀਕੇ ਨਾਲ ਪੇਸ਼ ਆਇਆ, ਤੇ ਖ਼ਾਸ ਕਰ ਉਸਦੀ ਆਵਾਜ਼ ਵਿੱਚ ਜਿਹੋ ਜਿਹੀ ਨਰਮੀ ਸੀ, ਉਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ। ਜਿੱਥੇ ਉਸਦੀ ਹਰ ਚੀਜ਼ ਤਿੱਖੀ ਅਤੇ ਤਰਾਸ਼ੀ ਹੋਈ ਸੀ- ਮੁੱਛਾਂ, ਭੌਹਾਂ, ਤੱਕਣੀ, ਨਹੁੰ, ਕੁਰਤੇ ਦੀਆਂ ਕੰਨੀਆਂ, ਚੱਪਲਾਂ ਦੀਆਂ ਨੋਕਾਂ ਆਦਿ- ਉਥੇ ਉਸਦੀ ਆਵਾਜ਼ ਬੜੀ ਸੁਬਕ ਤੇ ਜਿਵੇਂ ਗੁਲਾਈਆਂ ਵਾਲੀ ਸੀ। ਉਸਦੇ ਮੂੰਹ 'ਚੋਂ ਨਿਕਲਿਆ ਕੋਈ ਲਫ਼ਜ਼ ਰੜਕਦਾ ਨਹੀਂ ਸੀ। ਗੱਲਾਂ ਦੇ ਦੌਰਾਨ ਇੱਕ ਮੌਕੇ 'ਤੇ ਗੌਤਮ ਨੇ ਕਿਹਾ, “ਮਨੋਹਰ ਸਾਹਬ, ਉਸ ਉੱਪਰ ਵਾਲੇ ਨੇ ਚਾਹਿਆ, ਤਾਂ ਇੱਕ ਦਿਨ ਤੁਸੀਂ ਅਸਮਾਨ ਨੂੰ ਛੋਹਣ ਲੱਗੋਗੇ। ਉਂਜ, ਜਿੰਨੀ ਸੁਹਣੀ ਸ਼ਕਲ-ਸੂਰਤ ਏ ਤੁਹਾਡੀ, ਕਹੋ ਤਾਂ ਤੁਹਾਨੁੰ ਕਿਸੇ ਫਿ਼ਲਮ ਵਿੱਚ ਹੀਰੋ ਦਾ ਰੋਲ ਦਵਾ ਦਿਆਂ।”
ਉਸ ਪਹਿਲੀ ਮੁਲਾਕਾਤ ਮਨੋਹਰ ਨੂੰ ਅੰਤਾਂ ਦੀ ਸੁਖਾਵੀਂ ਅਤੇ ਆਸਾਂ ਭਰੀ ਜਾਪੀ।
ਪਰ ਉਸ ਤੋਂ ਪਿੱਛੋਂ ਹੋਣ ਵਾਲੀਆਂ ਮੁਲਾਕਾਤਾਂ ਇਨੀਆਂ ਸੁਖਾਵੀਆਂ ਨਾ ਜਾਪੀਆਂ। ਉਸ ਨੂੰ ਲਗਦਾ, ਗੌਤਮ ਜਿਵੇਂ ਲਾਰੇ ਲਾ ਰਿਹਾ ਹੈ। ਉਹ ਬੋਲਦਾ ਭਾਵੇਂ ਨਰਮੀ ਨਾਲ ਸੀ, ਪਰ ਜਿਵੇਂ ਇੱਕ ਦੂਰੀ ਤੋਂ ਬੋਲਦਾ। ਉਸ ਦੂਰੀ ਕਰ ਕੇ ਮਨੋਹਰ ਨੂੰ ਫੇਰ ਆਪਣਾ ਆਪ ਛੋਟਾ ਲੱਗਣ ਲੱਗਾ। ਉਂਜ, ਉਸ ਦੂਰੀ ਦਾ ਕਾਰਨ ਉਹ ਸਮਝਦਾ ਸੀ। ਉਸ ਕੋਲ ਇਨੇ ਪੈਸੇ ਨਹੀਂ ਸਨ ਕਿ ਗੌਤਮ ਨੂੰ ਹਰ ਵਾਰ ਵਧੀਆ ਹੋਟਲਾਂ ਵਿੱਚ ਚਾਹ ਜਾਂ ਖਾਣੇ 'ਤੇ ਬੁਲਾਉਣ ਦੇ ਬਹਾਨੇ ਮਿਲਦਾ, ਜਾਂ ਉਸ ਨਾਲ ਵਧੀਆ ਸ਼ਰਾਬ ਪੀਣ ਦਾ ਪ੍ਰੋਗਰਾਮ ਬਣਾਉਂਦਾ। ਗੌਤਮ ਦੇ ਸੁਹਜ-ਸਵਾਦ ਬਹੁਤ ਉੱਚੇ ਸਨ, ਤੇ ਉਸੇ ਪੱਧਰ 'ਤੇ ਉਹ ਖਾਣ-ਪੀਣ ਦਾ ਸ਼ੌਕੀਨ ਸੀ। ਮਨੋਹਰ ਨੂੰ ਉਸਦਾ ਇਹ ਸ਼ੌਂਕ ਬਹੁਤ ਮਹਿੰਗਾ ਪੈ ਰਿਹਾ ਸੀ।
ਪਰ ਫੇਰ, ਗੌਤਮ ਦਾ ਰਵੱਈਆ ਬਦਲਣ ਲੱਗਾ। ਮਨੋਹਰ ਨੂੰ ਲੱਗਾ ਕਿ ਉਸ ਨੂੰ ਉਸ ਦੀ ਮਾਇਕ ਹਾਲਤ ਤੇ ਤਰਸ ਆ ਗਿਆ ਹੋਣਾ ਹੈ। ਜਾਂ ਸ਼ਾਇਦ ਉਸ ਦੇ ਘਰ ਦਾ ਸਾਦ-ਮੁਰਾਦਾ ਸੁਹੱਪਣ ਚੰਗਾ ਲੱਗਾ ਹੈ। ਉਸਦੇ ਰਵੱਈਏ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ, ਤਾਂ ਮਨੋਹਰ ਉਸ ਨਾਲ ਹੋਰ ਵੀ ਸਚੇਤ ਹੋ ਕੇ ਪੇਸ਼ ਆਉਣ ਲੱਗਾ। ਇਸ ਸਿਲਸਿਲੇ ਵਿੱਚ ਉਹ ਸ਼ਬਨਮ ਨਾਲ ਸਲਾਹ ਕਰਦਾ ਤੇ ਉਸ ਦੇ ਦੱਸੇ ਹਰ ਸੁਝਾਅ 'ਤੇ ਅਮਲ ਕਰਦਾ।
ਹੁਣ ਮਨੋਹਰ ਨੂੰ ਲਗਦਾ ਕਿ ਗੌਤਮ ਪੂਰੇ ਦਿਲੋਂ ਉਸ ਲਈ ਕੋਸਿ਼ਸ਼ ਕਰ ਰਿਹਾ ਸੀ, ਖ਼ਾਸ- ਖ਼ਾਸ ਬੰਦਿਆਂ ਨਾਲ ਉਸਦੀ ਜਾਣ-ਪਛਾਣ ਕਰਾਉਂਦਿਆਂ ਹੋਇਆਂ ਢੁਕਵੇਂ ਹਾਲਾਤ ਪੈਦਾ ਕਰ ਰਿਹਾ ਸੀ। ਹਾਲੀਂ ਕੰਮ ਭਾਵੇਂ ਨਹੀਂ ਸੀ ਮਿਲਿਆ, ਪਰ ਮਨੋਹਰ ਦੀਆਂ ਤਲਖੀਆਂ ਮਿਟ ਗਈਆਂ ਸਨ, ਤੇ ਉਹ ਦਿਲ ਵਿੱਚ ਹਰ ਵੇਲੇ ਇੱਕ ਆਸ ਲੈ ਕੇ ਜੀਣ ਲੱਗਾ।
ਅਖ਼ੀਰ, ਇੱਕ ਦਿਨ ਗੌਤਮ ਨੇ ਮਨੋਹਰ ਨੂੰ ਇੱਕ ਅਜਿਹੇ ਬੰਦੇ ਨਾਲ ਮਿਲਾਇਆ, ਜੋ ਵੱਡੇ ਪੈਮਾਨੇ 'ਤੇ ਉਸਦੀ ਪਬਲਿਸਿਟੀ ਕਰ ਕੇ ਪਹਿਲਾਂ ਉਸਦਾ ਨਾਂ ਇਕਦਮ ਉੱਚੀ ਪੱਧਰ 'ਤੇ ਲੈ ਜਾਣਾ ਚਾਹੁੰਦਾ ਸੀ, ਤੇ ਫੇਰ ਉਸ ਪੱਧਰ 'ਤੇ ਖੜੋ ਕੇ ਉਸਦੀ ਕਲਾ ਦਾ ਸੌਦਾ ਕਰਨ ਚਾਹੁੰਦਾ ਸੀ। ਕਾਨਟ੍ਰੈਕਟ ਦੀਆਂ ਸ਼ਰਤਾਂ ਗੌਤਮ ਨੇ ਹੀ ਤੈਅ ਕੀਤੀਆਂ। ਉਹ ਸ਼ਰਤਾਂ ਉਸ ਬੰਦੇ, ਮਨੋਹਰ ਅਤੇ ਗੌਤਮ ਤਿੰਨਾਂ ਵਿਚਕਾਰ ਸਨ। ਮਨੋਹਰ ਨੂੰ ਆਪਣੇ ਹੱਕ ਵਿੱਚ ਜਾਣ ਵਾਲੀ ਸਭ ਤੋਂ ਵੱਡੀ ਸ਼ਰਤ ਇਹ ਦਿੱਸੀ ਕਿ ਜਦ ਤੱਕ ਉਹ ਕਾਮਯਾਬ ਨਹੀਂ ਹੁੰਦਾ, ਉਹ ਬੰਦਾ ਉਸਦੇ ਗੁਜ਼ਾਰੇ ਲਈ ਹਰ ਮਹੀਨੇ ਬੱਧੀ ਰਕਮ ਦਏਗਾ।
ਉਸ ਬੰਦੇ ਕੋਲੋਂ ਆਉਣ 'ਤੇ ਗੌਤਮ ਨੇ ਮਨੋਹਰ ਨੂੰ ਕਿਹਾ, “ਉਸ ਉੱਪਰ ਵਾਲੇ ਨੇ ਚਾਹਿਆ , ਤਾਂ ਹੁਣ ਤੇਰੀ ਕਿਸਮਤ ਦਾ ਸਿਤਾਰਾ ਚਮਕ ਕੇ ਹੀ ਰਹੇਗਾ। ਕੰਮ ਬਣਨ ਵਿੱਚ ਕੁਝ ਦੇਰ ਜ਼ਰੂਰ ਲਗ ਗਈ ਏ, ਪਰ ਮੈਂ ਚਾਹੁੰਦਾ ਸਾਂ ਕਿ ਕੋਈ ਵੱਡੀ ਗੱਲ ਬਣੇ। ਇਸੇ ਲਈ ਇਸ ਅਰਸੇ ਵਿੱਚ ਤੈਨੂੰ ਕੋਈ ਛੋਟਾ-ਮੋਟਾ ਕੰਮ ਨਹੀਂ ਦਵਾਇਆ। ਉਸ ਉੱਪਰ ਵਾਲੇ ਨੇ ਚਾਹਿਆ, ਤਾਂ……”
“ਉੱਪਰ ਵਾਲੇ ਨੇ ਨਹੀਂ, ਤੂੰ ਚਾਹਿਆ ਤਾਂ” ਮਨੋਹਰ ਨੇ ਓਸੇ ਵਾਂਗ ਫਿ਼ਕਰਾ ਅਧੂਰਾ ਛੱਡ ਦਿੱਤਾ।
ਗੌਤਮ ਅੱਗੋਂ ਚੁੱਪ ਰਿਹਾ। ਕੁਝ ਚਿਰ ਪਿੱਛੋਂ ਉਸਨੇ ਕਿਹਾ, “ਕੱਲ੍ਹ ਕਾਂਟ੍ਰੈਕਟ ਸਾਈਨ ਹੋਵੇਗਾ, ਤਾਂ ਵੱਡੇ ਪੈਮਾਨੇ 'ਤੇ ਖੁਸ਼ੀ ਮਨਾਵਾਂਗੇ। ਅੱਜ ਛੋਟੇ ਪੈਮਾਨੇ 'ਤੇ ਖੁਸ਼ੀ ਮਨਾਈਏ।”
“ਕਿਉਂ ਨਹੀਂ!” ਮਨੋਹਰ ਨੇ ਖ਼ੁਸ਼ ਹੋ ਕੇ ਕਿਹਾ। “ਘਰ ਹੀ ਚੱਲੀਏ, ਜਾਂ ਕਿਸੇ ਹੋਰ ਥਾਂ?”
“ਜਿੱਥੇ ਠੀਕ ਸਮਝੇਂ।”
“ਘਰ ਹੀ ਚਲਦੇ ਹਾਂ। ਸ਼ਬਨਮ ਵੀ ਇਸ ਖ਼ੁਸ਼ੀ ਵਿੱਚ ਸ਼ਾਮਿਲ ਹੋ ਸਕੇਗੀ।”
ਸ਼ਬਨਮ ਉਸ ਖ਼ੁਸ਼ੀ ਵਿੱਚ ਸ਼ਾਮਿਲ ਹੀ ਨਹੀਂ ਹੋਈ, ਉਸ ਨੇ ਉਸ ਨੂੰ ਹੋਰ ਸੁਹਣਾ ਵੀ ਬਣਾ ਦਿੱਤਾ। ਭਾਵੇਂ ਉਹ ਸ਼ਰਾਬ ਵਿੱਚ ਉਹਨਾਂ ਦਾ ਸਾਥ ਨਹੀਂ ਸੀ ਦੇ ਰਹੀ, ਪਰ ਗੱਲਾਂ ਇੰਜ ਕਰ ਰਹੀ ਸੀ, ਜਿਵੇਂ ਉਹਨਾਂ ਨਾਲ ਪੂਰੀ ਤਰ੍ਹਾਂ ਸ਼ਾਮਿਲ ਹੋਵੇ।
“ਸ਼ਬਨਮ ਜੀ”, ਗੌਤਮ ਨੇ ਕਿਹਾ, “ਅੱਜ ਨਾ ਸਹੀ, ਪਰ ਕੱਲ੍ਹ ਕਾਂਟ੍ਰੈਕਟ ਸਾਈਨ ਹੋਣ ਪਿੱਛੋਂ ਜੋ ਵੱਡੀ ਪਾਰਟੀ ਹੋਏਗੀ, ਉਸ ਵਿੱਚ ਤੁਹਾਨੂੰ ਜ਼ਰੂਰ ਪੀਣੀ ਪਵੇਗੀ। ਭਾਵੇਂ ਇੱਕ ਘੁੱਟ ਹੀ ਪੀਣੀ।”
“ਜੇ ਕੌੜੀ ਲੱਗੀ, ਤਾਂ?” ਸ਼ਬਨਮ ਨੇ ਮੁਸਕਰਾ ਕੇ ਭੋਲੇ ਭਾ ਕਿਹਾ।
“ਉਹ, ਖ਼ੁਸ਼ੀ ਇਡੀ ਵੱਡੀ ਹੋਵੇਗੀ ਕਿ ਇਹ ਕੌੜੀ ਨਹੀਂ ਲੱਗੇਗੀ।”
“ਉਂਜ, ਤੇਰੇ ਲਈ ਇਹ ਕੁੜਿੱਤਣ ਕੀ ਚੀਜ਼ ਏ!” ਮਨੋਹਰ ਨੇ ਕਿਹਾ।
ਸ਼ਬਨਮ ਬੜੀ ਅਪਣੱਤ ਨਾਲ ਮੁਸਕਰਾਈ।
“ਕਦੇ ਮੈਂ ਸੋਚਦਾ ਹਾਂ”, ਮਨੋਹਰ ਨੇ ਨਸ਼ੇ ਦੇ ਲੋਰ ਵਿੱਚ ਫ਼ਲਸਫ਼ਾਨਾ ਢੰਗ ਨਾਲ ਕਿਹਾ, “ਕਿ ਜਿਸ ਜ਼ਮਾਨੇ ਵਿੱਚ ਵੀ ਗੌਤਮ ਪੈਦਾ ਹੋਇਆ ਏ, ਹਮੇਸ਼ਾਂ ਵੱਡਾ ਬਣਿਆ ਏ।”
“ਮੈਂ ਇਸ ਤਾਰੀਫ਼ ਦੇ ਕਾਬਿਲ ਨਹੀਂ ਹਾਂ”, ਗੌਤਮ ਨੇ ਕਿਹਾ।
“ਇਸੇ ਵਿੱਚ ਤੇਰੀ ਵਡਿੱਤਣ ਏ”, ਮਨੋਹਰ ਨੇ ਕਿਹਾ।
“ਤੁਹਾਡੇ ਮੂੰਹ 'ਤੇ ਨਹੀਂ, ਪਿੱਠ ਪਿੱਛੇ ਵੀ ਇਹ ਤੁਹਾਡੀ ਬੜੀ ਤਾਰੀਫ਼ ਕਰਿਆ ਕਰਦੇ ਨੇ”, ਸ਼ਬਨਮ ਨੇ ਕਿਹਾ। “ਕਦੇ ਤੁਹਾਡੀਆਂ ਗੱਲਾਂ ਹੋਣ ਲੱਗਦੀਆਂ ਹਨ, ਤਾਂ ਇਹ ਘਰ ਉਹਨਾਂ ਨਾਲ ਭਰ ਜਾਂਦਾ ਏ।”
“ਅੱਛਾ! ਤਾਂ ਤੇ ਮੈਂ ਸੱਚਮੁੱਚ ਤਾਰੀਫ਼ ਦੇ ਕਾਬਿਲ ਹਾਂ।”
“ਇਸ ਵਿੱਚ ਵੀ ਕੋਈ ਸ਼ੱਕ ਏ!” ਸ਼ਬਨਮ ਨੇ ਕਿਹਾ।
ਗੌਤਮ ਤ੍ਰਿਪਤੀ ਨਾਲ ਮੁਸਕਰਾਇਆ। “ਤੁਸੀਂ ਕਹਿੰਦੇ ਹੋ, ਤਾਂ ਕੋਈ ਸ਼ੱਕ ਨਹੀਂ ਏ। ਤੇ ਇਹ ਗੱਲ ਮੈਨੂੰ ਹਮੇਸ਼ਾਂ ਯਾਦ ਰਹੇਗੀ।”
ਖਾਣਾ ਖਾਣ ਪਿੱਛੋਂ ਮਨੋਹਰ ਨੇ ਗੌਤਮ ਨੂੰ ਪੁੱਛਿਆ, “ਹੁਣ ਤੁਹਾਨੂੰ ਪਾਨ ਚਾਹੀਦਾ ਹੋਵੇਗਾ?”
“ਜਵਾਬ ਨਹੀਂ ਏ ਤੇਰਾ! ਇਨੀਂ ਪੀ ਕੇ ਵੀ ਹੋਸ਼ ਏ ਕਿ ਮੈਨੂੰ ਪਾਨ ਚਾਹੀਦਾ ਏ।”
“ਇਨੀਂ ਕੁ ਹੋਸ਼ ਤਾਂ ਰਹੇਗੀ ਹੀ। ਚੰਗਾ, ਮੈਂ ਪਾਨ ਲੈ ਆਵਾਂ। ਤੇਰੇ ਲਈ ਵੀ ਲਿਆਵਾਂ, ਸ਼ਬਨਮ?”
“ਨਹੀਂ।”
“ਘੱਟੋ ਘੱਟ ਪਾਨ ਵਿੱਚ ਤਾਂ ਸਾਥ ਦਿਓ”, ਗੌਤਮ ਨੇ ਕਿਹਾ। “ਪਾਨ ਕੌੜਾ ਨਹੀਂ ਹੁੰਦਾ।”
“ਚੰਗਾ ਫੇਰ”, ਸ਼ਬਨਮ ਨੇ ਮਨੋਹਰ ਨੂੰ ਕਿਹਾ, “ਮੇਰੀ ਲਈ ਵੀ ਲੈ ਆਉਣਾ। ਪਰ ਵਧੇਰੇ ਮਿੱਠਾ ਨਾ ਹੋਵੇ।”
ਮਨੋਹਰ ਪਾਨ ਲੈ ਕੇ ਆਇਆ, ਤਾਂ ਸਵੇਰ ਹੋਣ ਵਾਲੀ ਸੀ।
“ਕਿੱਥੇ ਚਲੇ ਗਏ ਸੀ ਤੁਸੀਂ?” ਉਸ ਦੇ ਆਉਂਦਿਆਂ ਹੀ ਸ਼ਬਨਮ ਨੇ ਘਬਰਾ ਕੇ ਪੁੱਛਿਆ।
“ਪਾਨ ਲੈਣ ਗਿਆ ਸਾਂ ਨਾ?”
“ਤੇ ਹੁਣ ਆ ਰਹੇ ਹੋ!”
“ਹਾਂ!”
“ਪਾਨ ਲਿਆਉਣ 'ਚ ਇਨੀ ਦੇਰ ਲਗ ਗਈ?”
“ਹਾਂ ਗੌਤਮ ਨੂੰ ਜਿਹੋ ਜਿਹਾ ਪਾਨ ਚਾਹੀਦਾ ਸੀ, ਉਹ ਕਿਤਿਓਂ ਮਿਲ ਨਹੀਂ ਸੀ ਰਿਹਾ। ਕਿੱਥੇ ਹੈ ਗੌਤਮ?”
ਸ਼ਬਨਮ ਨੇ ਮਨੋਹਰ ਵੱਲ ਡੂੰਘੀ ਨਜ਼ਰੇ ਵੇਖਿਆ ਤੇ ਜਵਾਬ ਨਹੀਂ ਦਿੱਤਾ।
“ਕਿੱਥੇ ਹੈ ਗੌਤਮ?” ਮਨੋਹਰ ਨੇ ਫੇਰ ਪੁੱਛਿਆ।
“ਦਫ਼ਾ ਹੋ ਗਿਆ ਏ”, ਸ਼ਬਨਮ ਨੇ ਠਰ੍ਹੰਮੇ ਨਾਲ ਕਿਹਾ।
“ਮਤਲਬ?”
“ਮਤਲਬ ਇਹੋ ਕਿ ਦਫ਼ਾ ਹੋ ਗਿਆ ਏ।”
ਮਨੋਹਰ ਉਸ ਵੱਲ ਵੇਖਦਾ ਰਹਿ ਗਿਆ।
ਸ਼ਬਨਮ ਨੇ ਇੱਕ ਬਿੰਦ ਰੁਕ ਕੇ ਕਿਹਾ, “ਉਸ ਨੂੰ ਮੁੜ ਕੇ ਇੱਥੇ ਨਾ ਲਿਆਉਣਾ। ਉਂਜ, ਉਹ ਸ਼ਾਇਦ ਖੁਦ ਹੀ ਕਦੇ ਆਉਣ ਦੀ ਹਿੰਮਤ ਨਾ ਕਰੇ।”
“ਕਿਉਂ ਪਰ?”
“ਬੜਾ ਕਮੀਨਾ ਬੰਦਾ ਏ। ਬਾਹਰੋਂ ਜਿੰਨਾ ਚੀਕਵਾਂ-ਪੋਚਵਾਂ ਦਿਸਦਾ ਏ, ਅੰਦਰੋਂ ਓਨਾ ਈ ਗੰਦਾ ਏ। ਗੱਲਾਂ ਕਰਨ ਮੇਰੇ ਕੋਲ ਆ ਬੈਠਾ। ਫੇਰ, ਕਿਸੇ ਬਹਾਨੇ ਮੇਰਾ ਹੱਥ ਫੜ੍ਹ ਲਿਆ। ਫੇਰ, ਮੇਰੇ ਗਲ 'ਚ ਬਾਂਹ ਪਾ ਲਈ। ਫੇਰ…ਆਖਿ਼ਰ, ਮੈਂ ਉਸ ਕੋਲੋਂ ਉਠ ਖੜੀ ਹੋਈ। ਸੋਚਿਆ ਕਿ ਨਸ਼ੇ ਵਿੱਚ ਏ, ਤੇ ਜੋ ਕੁਝ ਕਰ ਰਿਹਾ ਏ, ਹੋਸ਼ 'ਚ ਨਹੀਂ ਕਰ ਰਿਹਾ। ਪਰ ਨਹੀਂ, ਉਹ ਸਭ ਕੁਝ ਹੋਸ਼ 'ਚ ਕਰ ਰਿਹਾ ਸੀ। ਜਦ ਉਹ ਫੇਰ ਮੇਰੀ ਤਰਫ਼ ਵਧਿਆ, ਤਾਂ ਮੈਂ ਉਸ ਨੂੰ ਰੋਕਣਾ ਚਾਹਿਆ। ਨਹੀਂ ਰੁਕਿਆ, ਤਾਂ ਅਖ਼ੀਰ ਘਰੋਂ ਕੱਢਣਾ ਪਿਆ। ਉਸ ਦੀ ਇਹ ਹਿੰਮਤ! ਬੇਸ਼ਰਮ ਕਿਸੇ ਜ਼ਮਾਨੇ ਦਾ! ਕਮੀਨਾ! ਮੈਂ ਤਾਂ ਸਮਝਿਆ ਸੀ…”
ਮਨੋਹਰ ਉਸ ਵੱਲ ਇੱਕ ਟਕ ਵੇਖ ਰਿਹਾ ਸੀ, ਤੇ ਉਸਦਾ ਚਿਹਰਾ ਤਣਦਾ ਜਾ ਰਿਹਾ ਸੀ। ਉਸਦੀਆਂ ਮੁੱਠੀਆਂ ਮੀਟੀਆਂ ਗਈਆਂ ਸਨ। ਉਸਦੀਆਂ ਅੱਖਾਂ ਵਿੱਚ ਦਹਿਸ਼ਤ ਸੀ।
ਸ਼ਬਨਮ ਨੇ ਇਹ ਸਭ ਵੇਖਿਆ, ਤਾਂ ਉਸ ਕੋਲ ਜਾ ਕੇ ਨਰਮੀ ਨਾਲ ਬਾਂਹ ਫੜ੍ਹਦਿਆਂ ਕਿਹਾ, “ਚਲੋ ਬਚਾਅ ਹੋ ਗਿਆ। ਅੱਗੋਂ ਰਤਾ ਸੰਭਲ ਕੇ ਰਹਿਣਾ। ਹੁਣ ਆਰਾਮ ਕਰੋ ਚਲ ਕੇ।”
ਮਨੋਹਰ ਨੇ ਉਸਦਾ ਹੱਥ ਝਟਕ ਦਿੱਤਾ। ਉਸਦਾ ਚਿਹਰਾ ਹੋਰ ਵੀ ਤਣ ਗਿਆ, ਤੇ ਉਸਦੇ ਮੂੰਹੋਂ ਨਿਕਲਿਆ, “ਸਭ ਕੁਝ ਮਿੱਟੀ 'ਚ ਮਿਲਾ ਦਿੱਤਾ!” ਉਸ ਨੇ ਦਹਿਸ਼ਤ ਤੇ ਨਫ਼ਰਤ-ਭਰੀ ਨਜ਼ਰ ਨਾਲ ਸ਼ਬਨਮ ਵੱਲ ਵੇਖਿਆ, ਤੇ ਦੁਹਰਾਇਆ, “ਸਭ ਕੁਝ ਮਿੱਟੀ’ਚ ਮਿਲਾ ਦਿੱਤਾ!”
ਸ਼ਬਨਮ ਤ੍ਰਬਕ ਕੇ ਰਤਾ ਕੁ ਪਿੱਛੇ ਹਟੀ। ਤੇ ਉਸਦੇ ਮੂੰਹੋਂ ਨਿਕਲਿਆ, “ਮਤਲਬ?”
“ਮਤਲਬ ਇਹੋ ਕਿ ਸਭ ਕੁਝ ਮਿੱਟੀ’ਚ ਮਿਲਾ ਦਿੱਤਾ ਏ।”
ਸ਼ਬਨਮ ਨੇ ਤਿੱਖੀ ਨਜ਼ਰੇ ਉਸਦੇ ਚਿਹਰੇ ਵੱਲ ਵੇਖਿਆ, ਤੇ ਕੁਝ ਕਹਿਣ ਲਈ ਉਸ ਦੇ ਬੁੱਲ੍ਹ ਫਰਕੇ।
ਤਦੇ ਮਨੋਹਰ ਨੇ ਕਿਹਾ, “ਆਖ਼ਰ ਕੀ ਫ਼ਰਕ ਪੈ ਜਾਣਾ ਸੀ ਤੈਨੂੰ?”
ਸ਼ਬਨਮ ਸੁੰਨ ਰਹਿ ਗਈ। ਤੇ ਉਸਦੇ ਮੂੰਹੋਂ ਨਿਕਲਿਆ, “ਮਤਲਬ?”
“ਮਤਲਬ ਤੂੰ ਸਮਝਦੀ ਏਂ।”
“ਤਾਂ ਕੋਈ ਫ਼ਰਕ ਨਹੀਂ ਸੀ ਪੈਣਾ?”
“ਕੀ ਫ਼ਰਕ ਪੈਣਾ ਸੀ?”
“ਤੁਹਾਨੂੰ ਕੋਈ ਫ਼ਰਕ ਨਹੀਂ ਸੀ ਪੈਣਾ?”
“ਕੀ ਫ਼ਰਕ ਪੈਣਾ ਸੀ?”
ਸ਼ਬਨਮ ਦੀਆਂ ਅੱਖਾਂ ਚਾਣਚੱਕ ਠੰਢੀਆਂ ਯਖ਼ ਬਣ ਗਈਆਂ। ਉਹਨਾਂ ਵਿੱਚ ਜਿਵੇਂ ਨਫ਼ਰਤ ਅਤੇ ਹਕਾਰਤ ਜੰਮ ਗਈ ਸੀ। ਫੇਰ, ਉਹਨਾਂ ਵਿੱਚ ਨਿੰਮ੍ਹੀ ਜਿਹੀ ੳਦਾਸੀ ਦੀ ਧੁੰਦ ਜਿਹੀ ਫੈਲ ਗਈ। ਸ਼ਬਨਮ ਮਨੋਹਰ ਵੱਲ ਇੱਕ ਟਕ ਵੇਖ ਰਹੀ ਸੀ।
ਮਨੋਹਰ ਨੇ ਉਸਦੇ ਚਿਹਰੇ ਵੱਲੋਂ ਨਜ਼ਰ ਹਟਾ ਕੇ ਹੱਥ ਵਿੱਚ ਫੜੀ ਪਾਨਾਂ ਵਾਲੀ ਪੁੜੀ ਇੱਕ ਪਾਸੇ ਵਗਾਹ ਕੇ ਸੁਟਦਿਆਂ ਕਿਹਾ, “ਸਭ ਕੁਝ ਮਿੱਟੀ 'ਚ ਮਿਲਾ ਦਿੱਤਾ ਏ!” ਤਦੇ ਉਹ ਬਾਹਰ ਜਾਣ ਲਈ ਬੂਹੇ ਵੱਲ ਵਧਿਆ।
“ਠਹਿਰੋ!” ਸ਼ਬਨਮ ਨੇ ਕਿਹਾ।
ਮਨੋਹਰ ਦੇ ਕਦਮ ਰੁਕ ਗਏ। ਫੇਰ, ਉਹ ਹੌਲੀ ਜਿਹੇ ਮੁੜਿਆ। “ਕੀ ਗੱਲ ਏ?” ਉਸ ਨੇ ਨਫ਼ਰਤ ਤੇ ਗੁੱਸੇ ਨਾਲ ਪੁੱਛਿਆ।
ਸ਼ਬਨਮ ਨੇ ਇੱਕ ਬਿੰਦ ਉਸ ਵੱਲ ਵੇਖਿਆ, ਤੇ ਠਰ੍ਹੰਮੇ ਭਰੇ ਲਹਿਜੇ ਵਿੱਚ ਕਿਹਾ, “ਮੇਰੀ ਨਜ਼ਰ ਧੋਖਾ ਖਾ ਗਈ ਸੀ। ਪਿਆਰ ਅੰਨ੍ਹਾ ਸੀ, ਤੇ ਮੇਰੀ ਨਜ਼ਰ ਧੋਖਾ ਖਾ ਗਈ ਸੀ।” ਉਸਦਾ ਗੱਚ ਭਰ ਆਇਆ।
ਮਨੋਹਰ ਨੇ ਅੱਗੇ ਵਧ ਕੇ ਵਿਅੰਗ ਨਾਲ ਉਸਦੇ ਲਫ਼ਜ਼ ਦੁਹਰਾਉਂਦਿਆਂ ਕਿਹਾ, “ਹਾਂ, ਪਿਆਰ ਅੰਨ੍ਹਾ ਸੀ, ਤੇ ਮੇਰੀ ਨਜ਼ਰ ਧੋਖਾ ਖਾ ਗਈ।”
ਸ਼ਬਨਮ ਨੇ ਅਪਣੇ ਹੰਝੂ ਪੀਂਦਿਆਂ, ਸੰਘ ਸਾਫ਼ ਕਰਕੇ, ਜਿਵੇਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਮੇਰੀ ਨਜ਼ਰ ਧੋਖਾ ਖਾ ਗਈ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਕ ਕੋਠਾ ਛੱਡ ਕੇ ਦੂਜੇ ਕੋਠੇ 'ਤੇ ਆ ਗਈ ਹਾਂ। ਜੇ ਇਹੋ ਜਿ਼ੰਦਗੀ ਜੀਣੀ ਹੈ ਤਾਂ ਇੱਥੋਂ ਦੀ ਗੁਰਬਤ ਵਾਲੀ ਜਿ਼ੰਦਗੀ ਨਾਲੋਂ ਬੇਗਮ ਕੋਲ ਐਸ਼ ਦੀ ਜਿ਼ੰਦਗੀ ਕਿਉਂ ਨਾ ਜੀਆਂ? ਘਰ ਮੇਰੇ ਨਸੀਬ 'ਚ ਕਿੱਥੇ।” ਤਦੇ ਉਹ ਬੂਹੇ ਵੱਲ ਵਧੀ, ਰੁਕੀ ਤੇ ਮੁੜਦਿਆਂ ਕਿਹਾ, “ਹਾਲੀਂ ਸਭ ਕੁਝ ਮਿੱਟੀ’ਚ ਨਹੀਂ ਮਿਲਿਆ ਏ। ਚਾਹੋ, ਤਾਂ ਗੌਤਮ ਨੂੰ ਬੇਗਮ ਦੇ ਕੋਠੇ 'ਤੇ ਲੈ ਆਉਣਾ। ਵਿਗੜੀ ਹੋਈ ਬਣਾ ਦਿਆਂਗੀ। ਤੇ ਜੇ ਕਦੇ ਆਪ ਆਉਣਾ ਹੋਇਆ, ਤਾਂ ਜੇਬ ਵਿੱਚ ਵੀਹ ਰੁਪਏ ਪਾ ਕੇ ਆਉਣਾ।”
ਉਹ ਮੁੜੀ ਤੇ ਘਰੋਂ ਨਿਕਲ ਗਈ।

  • ਮੁੱਖ ਪੰਨਾ : ਕਹਾਣੀਆਂ, ਸੁਖਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ