Ikkaee Chardiwari (Punjabi Story) : Sukhbir
ਇਕਾਈ (ਕਹਾਣੀ) : ਸੁਖਬੀਰ
ਕਮਰੇ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ
ਸੀ ਜੋ ਉਸ ਦੀ ਨਜ਼ਰ ਨੂੰ ਖ਼ਾਸ ਤੌਰ 'ਤੇ ਆਪਣੀ
ਵੱਲ ਖਿੱਚਦੀ। ਉਹੋ ਜਾਣਿਆ-ਪਛਾਣਿਆ ਕਮਰਾ
ਸੀ ਜਿਸ ਦੀ ਇਕ ਨੁੱਕਰ ਇਕ ਪਾਸੇ ਵੱਲ ਵਧੀ
ਹੋਈ ਸੀ। ਸ਼ੁਰੂ ਵਿਚ ਉਹ ਕਮਰਾ ਵੇਖ ਕੇ ਉਸ
ਨੂੰ ਅਜੀਬ ਜਿਹਾ ਲੱਗਾ ਸੀ। ਉਸ ਦਾ ਚੌਰਸ ਨਾ
ਹੋਣਾ ਉਸ ਦੀ ਨਜ਼ਰ ਨੂੰ ਅੱਖਰਿਆ ਸੀ। ਉਸ ਨੂੰ
ਵੇਖ ਕੇ ਹਰ ਵੇਲੇ
ਕਾਣਸੂਤੀ ਮੰਜੀ ਦਾ
ਖਿਆਲ ਆਉਂਦਾ ਸੀ।
ਤੇ ਜਿਵੇਂ ਕਾਣਸੂਤੀ
ਮੰਜੀ 'ਤੇ ਸੌਣਾ ਬੇਢੰਗਾ
ਜਿਹਾ ਲੱਗਦਾ ਹੈ, ਉਸ
ਕਮਰੇ ਵਿਚ ਬੈਠ ਕੇ ਜਾਂ
ਫਰਸ਼ 'ਤੇ ਵਿਛੇ
ਬਿਸਤਰੇ ਉਤੇ ਲੰਮੇ ਪੈ
ਕੇ ਵੀ ਬੇਢੰਗਾ ਜਿਹਾ ਲੱਗਦਾ ਸੀ, ਜਿਵੇਂ ਕੋਈ
ਚੀਜ਼ ਆਪਣਾ ਢਾਂਚਾ ਵਿਗਾੜ ਬੈਠੀ ਹੋਵੇ।
ਇਹ ਅਹਿਸਾਸ ਕੁਝ ਹੀ ਚਿਰ ਰਿਹਾ ਸੀ।
ਫਿਰ, ਹੌਲੀ-ਹੌਲੀ ਉਸ ਨੂੰ ਜਿਵੇਂ ਆਦਤ
ਪੈ ਗਈ ਸੀ। ਉਸ ਨੂੰ ਲੱਗਾ ਸੀ ਕਿ ਕਮਰਾ ਇਹੋ
ਜਿਹੀ ਸ਼ਕਲ ਦਾ ਵੀ ਹੋ ਸਕਦਾ ਹੈ। ਇਸ ਸ਼ਹਿਰ
ਵਿਚ ਕਈ ਇਮਾਰਤਾਂ ਸਨ-ਤਿਨੁੱਕਰੇ ਜਾਂ ਅਚੌਰਸ
ਪਲਾਟਾਂ ਉਤੇ ਬਣੀਆਂ ਹੋਈਆਂ, ਜਿਨ੍ਹਾਂ
ਵਿਚ ਕੁਝ ਕਮਰੇ ਇਹੋ ਜਿਹੇ ਵੀ ਸਨ।
ਹਾਂ, ਕਮਰੇ ਦੀ ਕਿਸੇ ਚੀਜ਼ ਨੇ ਵੀ ਉਸ ਦਾ
ਧਿਆਨ ਆਪਣੀ ਵੱਲ ਨਾ ਖਿੱਚਿਆ। ਉਹੋ ਨਿੱਤ
ਦਿਨ ਦਿਸਣ ਵਾਲੀਆਂ ਚੀਜ਼ਾਂ ਸਨ ਉਸ ਵਿਚ।
ਕਿੱਲੀਆਂ 'ਤੇ ਬੜੀ ਸਫ਼ਾਈ ਨਾਲ ਟੰਗੇ ਹੋਏ
ਕੱਪੜੇ, ਥੱਲੇ ਵਾਂਸਾਂ ਦੇ ਛੋਟੇ ਜਿਹੇ ਰੈਕ ਵਿਚ
ਬੜੀ ਸਫ਼ਾਈ ਨਾਲ ਚਿਣ ਕੇ ਰੱਖੀਆਂ ਕਿਤਾਬਾਂ,
ਰਸਾਲੇ ਤੇ ਅਖ਼ਬਾਰਾਂ। ਇਕ ਨੁੱਕਰ ਵਿਚ ਉਸੇ
ਇਕ ਪਾਸੇ ਨੂੰ ਵਧੀ ਹੋਈ ਨੁੱਕਰ ਵਿਚ ਪਏ ਕੁਝ
ਭਾਂਡੇ, ਡੱਬੇ ਤੇ ਸਟੋਵ। ਇਕ ਸਾਫ਼-ਸੁਥਰੀ, ਛੋਟੀ
ਜਿਹੀ ਰਸੋਈ ਤੇ ਇਸੇ ਤਰ੍ਹਾਂ ਦੀਆਂ ਕੁਝ ਹੋਰ
ਚੀਜ਼ਾਂ। ਉਹ ਬਿਸਤਰੇ 'ਤੇ ਬੈਠਾ ਹੋਇਆ ਸੀ ਤੇ
ਸਾਹਮਣੇ ਸੁੰਞ ਜਿਹੀ ਵਿਚ ਵੇਖ ਰਿਹਾ ਸੀ, ਉਸ
ਸੁੰਞ ਵਿਚ ਨਿੰਮੀ ਜਿਹੀ ਧੁੰਦ ਸੀ ਜਾਂ ਕੀ, ਇਹ
ਉਸ ਦੀਆਂ ਅੱਖਾਂ ਦੀ ਧੁੰਦ ਸੀ? ਹਾਂ, ਉਸ ਦੀਆਂ
ਅੱਖਾਂ ਦੀ ਹੀ ਧੁੰਦ ਸੀ ਤੇ ਉਹ ਧੁੰਦ ਉਸ ਦੇ
ਦਿਮਾਗ ਵਿਚ ਵੀ ਸੀ।
ਕੁਝ ਚਿਰ ਪਹਿਲਾਂ ਉਹ ਧੁੰਦ ਬੜੀ ਸੰਘਣੀ
ਸੀ। ਰਾਹੀ ਮਿਲ ਗਿਆ ਸੀ ਤੇ ਉਸ ਨੂੰ
ਜ਼ਬਰਦਸਤੀ ਖਿੱਚ ਕੇ ਸ਼ਰਾਬ ਦੇ ਅੱਡੇ 'ਤੇ ਲੈ
ਗਿਆ ਸੀ। ਰਾਹੀ ਨੂੰ ਸ਼ਰਾਬ ਪੀਂਦਿਆਂ ਸਾਥ
ਚਾਹੀਦਾ ਸੀ। ਬਿਨਾਂ ਸਾਥ ਦੇ ਉਹ ਸ਼ਰਾਬ ਨਹੀਂ
ਪੀ ਸਕਦਾ, ਤੇ ਸ਼ਰਾਬ ਪੀਣ ਮਗਰੋਂ ਰਾਹੀ ਨੇ
ਉਸ ਦਾ ਵਧੇਰੇ ਚਿਰ ਸਾਥ ਨਹੀਂ ਸੀ ਦਿੱਤਾ। ਕੁਝ
ਚਿਰ ਘੁੰਮਣ ਵਿਚੋਂ ਇਕ ਥਾਂ ਰੁਕ ਕੇ ਉਸ ਨੇ
ਪੁੱਛਿਆ ਸੀ, "ਹੁਣ ਕੀ ਪ੍ਰੋਗਰਾਮ ਏ?"
"ਕੋਈ ਖ਼ਾਸ ਨਹੀਂ।" ਉਸ ਨੇ ਕਿਹਾ ਸੀ।
"ਚੰਗਾ, ਤਾਂ ਮੈਂ ਚਲਦਾ ਹਾਂ। ਇਕ ਜ਼ਰੂਰੀ
ਕੰਮ ਏ। ਫਿਰ ਕਦ ਹੋਏਗੀ ਮੁਲਾਕਾਤ?"
"ਵੇਖੋ।" ਉਸ ਦੇ ਮੂੰਹੋਂ ਨਿਕਲਿਆ ਸੀ।
ਰਾਹੀ ਟੈਕਸੀ ਫੜ ਕੇ ਚਲਾ ਗਿਆ ਸੀ।
ਉਸ ਦੇ ਜਾਣ 'ਤੇ ਉਹ ਕੁਝ ਚਿਰ ਉਥੇ ਹੀ
ਖੜੋਤਾ ਰਹਿ ਗਿਆ ਸੀ। ਉਸ ਨੂੰ ਸੁੱਝਿਆ ਨਹੀਂ
ਸੀ ਕਿ ਕਿਥੇ ਜਾਏ, ਕੀ ਕਰੇ। ਉਸ ਨੂੰ ਅੰਤਾਂ ਦੀ
ਇਕੱਲ ਮਹਿਸੂਸ ਹੋਈ ਸੀ। ਉਸ ਨੂੰ ਲੱਗਾ ਸੀ,
ਉਹ ਜਿਵੇਂ ਕਿਸੇ ਉਜਾੜ ਬੀਆਬਾਨ ਵਿਚ ਖੜੋਤਾ
ਹੋਵੇ। ਅਖ਼ੀਰ, ਉਸ ਦੇ ਕਦਮ ਅਚੇਤ ਹੀ ਆਪਣੇ
ਕਮਰੇ ਵੱਲ ਤੁਰ ਪਏ ਸਨ। ਉਸ ਨੇ ਉਥੋਂ ਬੱਸ
ਨਹੀਂ ਸੀ ਫੜੀ। ਦਿਮਾਗ ਦੀ ਬੋਝਲ ਹਾਲਤ ਅਤੇ
ਬੇਧਿਆਨੀ ਵਿਚ ਹੀ ਉਹ ਤੁਰਦਾ ਰਿਹਾ ਸੀ ਤੇ ਆਪਣੇ
ਕਮਰੇ ਸਾਹਮਣੇ ਪੁੱਜ ਗਿਆ ਸੀ। ਕਮਰੇ ਵਿਚ ਜਾ
ਕੇ ਉਸ ਦਾ ਡਰ ਘਟਿਆ ਸੀ, ਪਰ ਇਕੱਲ ਨਹੀਂ
ਸੀ ਘਟੀ। ਉਹ ਹੋਰ ਵਧ ਗਈ ਸੀ।
ਕਿਹੋ ਜਿਹੀ ਇਕੱਲ ਸੀ ਉਹ! ਸੁੰਞੀ ਤੇ
ਸੱਖਣੀ।
ਉਹ ਕੁਝ ਚਿਰ ਉਸ ਇਕੱਲ ਵਿਚ ਘਿਰਿਆ
ਰਿਹਾ ਸੀ।
ਪਰ ਹੁਣ ਇਕੱਲ ਨਹੀਂ ਸੀ। ਬੱਸ, ਇਕ
ਸੁੰਞ ਜਿਹੀ ਦਾ ਅਹਿਸਾਸ ਸੀ-ਸੁੰਞ ਜੋ ਉਸ ਦੇ
ਬਾਹਰ ਪਸਰੀ ਹੋਈ ਸੀ, ਜੋ ਉਸ ਦੇ ਅੰਦਰ ਭਰੀ
ਹੋਈ ਸੀ।
ਕਮਰੇ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ
ਸੀ ਜੋ ਉਸ ਦੀ ਨਜ਼ਰ ਨੂੰ ਖ਼ਾਸ ਤੌਰ 'ਤੇ ਆਪਣੀ
ਵੱਲ ਖਿੱਚਦੀ।
ਰਾਤ ਚੋਖੀ ਬੀਤ ਚੁੱਕੀ ਸੀ, ਪਰ ਉਸ ਦੀਆਂ
ਅੱਖਾਂ ਵਿਚ ਨੀਂਦ ਨਹੀਂ ਸੀ।
ਉਹ ਉਸੇ ਤਰ੍ਹਾਂ ਸਾਹਮਣੇ ਸੁੰਞ ਵਿਚ ਵੇਖਦਾ
ਰਿਹਾ। ਕੁਝ ਚਿਰ ਪਿਛੋਂ ਉਸ ਨੂੰ ਸਾਹਮਣਲੀ
ਕੰਧ ਦਿਸੀ। ਮੈਲੀ ਤੇ ਭੁੱਗੀ ਜਿਸ 'ਤੋਂ ਸਫੈਦੀ
ਉੜੀ ਹੋਈ ਤੇ ਕੁਝ ਥਾਵਾਂ ਤੋਂ ਲੇਅ ਲੱਥੇ ਹੋਏ
ਸਨ। ਉਸ 'ਤੇ ਘਸਮੈਲੇ ਰੰਗ ਦੀ ਛੋਟੇ-ਵੱਡੇ
ਧੱਬੇ ਸਨ ਤੇ ਉਨ੍ਹਾਂ ਧੱਬਿਆਂ ਦੇ ਇਕ ਪਾਸੇ, ਜਿਥੇ
ਕੰਧ ਦਾ ਹਿੱਸਾ ਰਤਾ ਸਾਫ਼ ਤੇ ਸਪਾਟ ਸੀ, ਚਿੱਤਰ
ਟੰਗਿਆ ਹੋਇਆ ਸੀ।
ਉਹ ਚਿੱਤਰ ਪਹਿਲਾਂ ਤਾਂ ਉਸ ਨੂੰ ਹੋਰਨਾਂ
ਧੱਬਿਆਂ ਵਾਂਗ ਹੀ ਇਕ ਧੱਬਾ ਜਾਪਿਆ, ਪਰ ਜਦ
ਉਸ ਦੀ ਨਜ਼ਰ ਉਸ 'ਤੇ ਟਿਕੀ ਹੀ ਰਹੀ, ਤਾਂ
ਉਹ ਧੱਬਾ ਨਾ ਰਿਹਾ। ਉਸ ਵਿਚੋਂ ਇਕ ਸ਼ਕਲ
ਉਭਰਨ ਲੱਗੀ। ਉਹ ਸ਼ਕਲ ਜਿਵੇਂ ਹਿੱਲ ਰਹੀ
ਸੀ। ਉਸ ਦੀਆਂ ਲੀਕਾਂ ਅਤੇ ਰੰਗ ਹਿਲਦੇ ਹੋਏ
ਆਪਸ ਵਿਚ ਜੁੜ ਰਹੇ ਸਨ।
ਹੁਣ ਉਹ ਚਿੱਤਰ ਨੂੰ ਇਕ ਟੱਕ ਦੇਖ ਰਿਹਾ
ਸੀ। ਚਿੱਤਰ ਨੇ ਜਿਵੇਂ ਉਸ ਦੀ ਨਜ਼ਰ ਨੂੰ ਪੂਰੀ
ਤਰ੍ਹਾਂ ਫੜ ਲਿਆ ਹੋਇਆ ਸੀ ਪਰ ਉਹ ਖੁਦ
ਹਾਲੀ ਤੱਕ ਚਿੱਤਰ ਨੂੰ ਪੂਰੀ ਤਰ੍ਹਾਂ ਫੜ ਨਹੀਂ ਸੀ
ਪਾ ਰਿਹਾ।
ਉਹ ਜਦ ਵੀ ਉਸ ਚਿੱਤਰ ਨੂੰ ਦੇਖਦਾ, ਉਹ
ਕੁਝ ਚਿਰ ਉਸ ਦੀ ਪਕੜ ਵਿਚ ਨਾ ਆਉਂਦਾ।
ਉਸ ਦੇ ਆਪਸ ਵਿਚ ਉਲਝੇ ਹੋਏ ਰੰਗ ਡਲ੍ਹਕਦੇ
ਰਹਿੰਦੇ, ਆਪਸ ਵਿਚ ਪਲਚੀਆਂ ਹੋਈਆਂ ਲੀਕਾਂ
ਥਿਰਕਦੀਆਂ ਰਹਿੰਦੀਆਂ ਤੇ ਇਕ ਚਿਹਰਾ ਰਹਿ-ਰਹਿ
ਕੇ ਬਦਲਦਾ ਹੋਇਆ ਨਵੀਂ ਸ਼ਕਲ
ਅਖ਼ਤਿਆਰ ਕਰਦਾ ਰਹਿੰਦਾ। ਅਖ਼ੀਰ, ਉਹ
ਸ਼ਕਲ ਇਕ ਥਾਂ ਖੜੋ ਜਾਂਦੀ, ਤੇ ਉਸ ਦੀ ਨਜ਼ਰ
ਦੀ ਪਕੜ ਵਿਚ ਆ ਜਾਂਦੀ।
ਉਹ ਚਿੱਤਰ ਉਸ ਨੂੰ ਮੁਕਲ ਘੋਸ਼ ਨੇ ਦਿੱਤਾ
ਸੀ।
ਮੁਕਲ! ਉਸ ਨੂੰ ਮੁਕਲ ਘੋਸ਼ ਦਾ ਖ਼ਿਆਲ
ਆਇਆ ਤੇ ਆਪਣੀ ਉਸ ਇਕੱਲ ਨੂੰ ਮਹਿਸੂਸ
ਕਰਦਿਆਂ ਉਸ ਨੇ ਸੋਚਿਆ, ਕਿਉਂ ਨਾ ਮੈਂ ਮੁਕਲ
ਵੱਲ ਹੀ ਚਲਾ ਗਿਆ? ਰਾਹੀ ਦੇ ਜਾਣ ਪਿਛੋਂ
ਮੁਕਲ ਵੱਲ ਚਲਾ ਗਿਆ ਹੁੰਦਾ ਤਾਂ ਚੰਗਾ ਸੀ ਪਰ
ਉਸ ਵੇਲੇ ਖ਼ਿਆਲ ਹੀ ਨਾ ਆਇਆ। ਖ਼ੈਰ, ਹੁਣ
ਵੀ ਜਾਇਆ ਜਾ ਸਕਦਾ ਏ। ਹੁਣ? ਨਹੀਂ ਹੁਣ
ਰਾਤ ਬਹੁਤ ਹੋ ਚੁੱਕੀ ਏ, ਤੇ ਮੁਕਲ ਇਥੋਂ ਬਹੁਤ
ਦੂਰ ਏ। ਘੱਟੋ-ਘੱਟ ਇਕ ਘੰਟਾ ਲੱਗ ਜਾਣਾ ਏ
ਉਸ ਤੱਕ ਪੁੱਜਣ ਵਿਚ।
ਮੁਕਲ! ਉਸ ਨੇ ਫੇਰ ਸੋਚਿਆ ਤੇ ਚਿੱਤਰ
ਵਿਚ ਉਸ ਦੀ ਸ਼ਕਲ ਵੇਖਣ ਲੱਗਾ। ਉਹ ਚਿੱਤਰ
ਮੁਕਲ ਦਾ ਸੈਲਫ਼-ਪੋਰਟਰੇਟ ਸੀ। ਬੜਾ ਸ਼ੌਕ ਸੀ
ਉਸ ਨੂੰ ਆਪਣੇ ਪੋਰਟਰੇਟ ਬਣਾਉਣ ਦਾ। ਉਹ
ਆਪਣੇ ਅਣਗਿਣਤ ਪੋਰਟਰੇਟ ਬਣਾ ਚੁੱਕਾ ਸੀ।
ਜਿਵੇਂ ਆਦਮੀ ਖ਼ਾਲੀ ਕਾਗ਼ਜ਼ ਸਾਹਮਣੇ ਵੇਖ ਕੇ
ਉਸ 'ਤੇ ਲਿਖਣ ਲੱਗੇ ਤੇ ਮੁੜ-ਮੁੜ ਆਪਣਾ
ਨਾਂ ਲਿਖੇ। ਕੁਝ ਇਸੇ ਤਰ੍ਹਾਂ ਮੁਕਲ ਸੈਲਫ਼-
ਪੋਰਟਰੇਟ ਬਣਾਇਆ ਕਰਦਾ ਸੀ ਪਰ ਇੰਨੇ
ਸੈਲਫ਼-ਪੋਰਟਰੇਟ ਬਣਾਉਣ 'ਤੇ ਵੀ ਉਸ ਦੀ
ਤ੍ਰਿਪਤੀ ਨਹੀਂ ਸੀ ਹੋਈ। ਉਹ ਹਮੇਸ਼ਾ ਕਹਿੰਦਾ,
"ਇਨ੍ਹਾਂ ਸੈਲਫ਼-ਪੋਰਟਰੇਟਾਂ ਵਿਚ ਮੈਂ ਆਪਣੇ-ਆਪ
ਨੂੰ ਪਛਾਣਨ ਦਾ ਜਤਨ ਕਰ ਰਿਹਾ ਹਾਂ,
ਆਪਣੇ-ਆਪ ਨੂੰ ਲੱਭਣ ਦਾ ਜਤਨ ਕਰ ਰਿਹਾ
ਹਾਂ ਪਰ ਹਾਲੀ ਤੀਕ ਮੈਂ ਆਪਣੇ-ਆਪ ਨੂੰ ਫੜ
ਨਹੀਂ ਸਕਿਆ।"
ਮੁਕਲ ਨਾਲ ਉਸ ਦੀ ਮੁਲਾਕਾਤ ਹੋਈ ਸੀ
ਤਾਂ ਉਸ ਪਹਿਲੀ ਹੀ ਮੁਲਾਕਾਤ ਵਿਚ ਉਹ ਉਸ
ਵੱਲ ਖਿੱਚਿਆ ਗਿਆ ਸੀ। ਬੜੀ ਦਿਲਚਸਪ
ਸ਼ਖ਼ਸੀਅਤ ਸੀ ਉਸ ਦੀ। ਉਸ ਦਾ ਚਿਹਰਾ ਵੀ
ਦਿਲਚਸਪ ਸੀ ਤੇ ਉਸ ਦੀਆਂ ਗੱਲਾਂ ਵੀ। ਉਹ
ਹੋਸਟਲ ਵਿਚ ਰਹਿੰਦਾ ਸੀ, ਉਸ ਦੇ ਸਿਰੇ ਵਾਲੇ
ਛੋਟੇ ਜਿਹੇ ਕਮਰੇ ਵਿਚ। ਉਹੀ ਉਸ ਦਾ ਸਟੂਡੀਓ
ਸੀ, ਖਿੰਡਰੇ ਹੋਏ ਚਿੱਤਰਾਂ ਨਾਲ ਭਰਿਆ ਹੋਇਆ।
ਕੋਈ ਸ਼ੈਲੀਆਂ ਦੇ ਚਿੱਤਰ ਸਨ ਉਹ। ਉਨ੍ਹਾਂ
ਚਿੱਤਰਾਂ ਵਿਚ ਵੀ ਮੁਕਲ ਆਪਣੇ-ਆਪ ਨੂੰ
'ਲੱਭਣ' ਦਾ ਜਤਨ ਕਰ ਰਿਹਾ ਸੀ ਤੇ ਉਨ੍ਹਾਂ ਦਾ
'ਸਫ਼ਰ ਤੈਅ ਕਰਦਾ ਹੋਇਆ' ਕਿਸੇ ਮੰਜ਼ਿਲ
'ਤੇ ਪੁੱਜਣਾ ਚਾਹ ਰਿਹਾ ਸੀ 'ਪਰ ਮੰਜ਼ਿਲ ਹੈ
ਕਿਥੇ?' ਉਹ ਕਹਿੰਦਾ। 'ਮੰਜ਼ਿਲ ਕਿਤੇ ਨਹੀਂ
ਏ। ਬੱਸ, ਸਫ਼ਰ ਹੀ ਸਫ਼ਰ ਏ।'
ਚਿੱਤਰਾਂ ਦਾ ਸਫ਼ਰ! ਉਸ ਨੇ ਸੋਚਿਆ...ਤੇ
ਉਨ੍ਹਾਂ ਚਿੱਤਰਾਂ ਵਿਚ ਸੈਲਫ਼-ਪੋਰਟਰੇਟਾਂ ਦਾ ਸਫ਼ਰ।
ਮੁਕਲ ਰਾਤ-ਦਿਨ ਉਹ ਸਫ਼ਰ ਤੈਅ ਕਰ ਰਿਹਾ
ਸੀ।
ਉਹ ਸਫ਼ਰ ਤੈਅ ਕਰ ਰਿਹਾ ਸੀ, ਪਰ
ਮੰਜ਼ਿਲ 'ਤੇ ਨਹੀਂ ਸੀ ਪੁੱਜਣਾ ਚਾਹ ਰਿਹਾ ਕਿਉਂਕਿ
ਉਸ ਦੇ ਆਪਣੇ ਲਫ਼ਜ਼ਾਂ ਵਿਚ "ਜਿਸ ਦਿਨ ਮੈਂ
ਮੰਜ਼ਿਲ 'ਤੇ ਪੁੱਜ ਗਿਆ, ਉਹ ਦਿਨ ਖ਼ੁਦਕੁਸ਼ੀ
ਕਰ ਲਵਾਂਗਾ। ਮੰਜ਼ਿਲ 'ਤੇ ਪੁੱਜ ਕੇ ਜੀਣ ਦਾ ਕੀ
ਫ਼ਾਇਦਾ? ਤੇ ਕਿਉਂਕਿ ਮੈਂ ਖੁਦਕੁਸ਼ੀ ਤੋਂ ਡਰਦਾ
ਹਾਂ, ਇਸ ਲਈ ਮੰਜ਼ਿਲ 'ਤੇ ਪੁੱਜਣੋਂ ਵੀ ਡਰਦਾ
ਹਾਂ। ਉਂਜ, ਇਹ ਵੀ ਇਕ ਹਕੀਕਤ ਏ ਕਿ ਮੰਜ਼ਿਲ
ਕਿਤੇ ਨਹੀਂ ਏ। ਬੱਸ, ਸਫ਼ਰ ਈ ਸਫ਼ਰ ਏ।"
ਮੁਕਲ ਨੂੰ ਵੀ ਉਹ ਪਹਿਲੀ ਮੁਲਾਕਾਤ ਵਿਚ
ਹੀ ਚੰਗਾ ਲੱਗਾ ਸੀ ਤੇ ਉਹ ਉਸ ਨੂੰ ਆਪਣੇ
ਕਮਰੇ 'ਤੇ ਲੈ ਗਿਆ ਸੀ।
ਉਥੇ ਮੁਕਲ ਦੇ ਬਹੁਤ ਸਾਰੇ ਸੈਲਫ਼-
ਪੋਰਟਰੇਟ ਵੇਖ ਕੇ ਉਸ ਨੂੰ ਹੈਰਾਨੀ ਹੋਈ ਸੀ।
ਕਈ ਸ਼ੈਲੀਆਂ ਦੇ ਪੂਰੇ-ਅਧੂਰੇ ਸੈਲਫ਼-ਪੋਰਟਰੇਟ
ਸਨ, ਉਹ ਜੋ ਆਪਸ ਵਿਚ ਇਕ ਦੂਜੇ ਨਾਲ ਉਨੇ
ਕੁ ਹੀ ਮਿਲਦੇ ਸਨ, ਜਿੰਨੇ ਉਹ ਮੁਕਲ ਦੇ ਚਿਹਰੇ
ਨਾਲ ਮਿਲਦੇ ਸਨ। ਮੁਕਲ ਨੇ ਦੱਸਿਆ ਸੀ,
"ਇਨ੍ਹਾਂ ਵਿਚ ਮੈਂ ਉਸ ਅਸਲੀਅਤ ਨੂੰ ਫੜਨ ਦਾ
ਜਤਨ ਕੀਤਾ ਏ ਜੋ ਮੇਰੇ ਚਿਹਰੇ ਦੇ ਨਕਸ਼ਾਂ ਵਿਚ
ਨਹੀਂ, ਸਗੋਂ ਨਕਸ਼ਾਂ ਦੇ ਉਸ ਪਾਰ ਏ।"
ਫੇਰ, ਉਹ ਮੁਕਲ ਦੇ ਕਮਰੇ 'ਤੇ ਜਾਣ
ਲੱਗ ਪਿਆ ਸੀ।
ਇਕ ਵਾਰ ਉਹ ਗਿਆ ਸੀ, ਤਾਂ ਮੁਕਲ
ਆਪਣਾ ਪੋਰਟਰੇਟ ਬਣਾ ਕੇ ਹਟਿਆ ਹੀ ਸੀ।
ਉਸ ਵਿਚ ਝੁੰਜਲਾਹਟ ਸੀ, ਕਿਉਂਕਿ ਉਹ ਆਪਣੇ
ਨਕਸ਼ਾਂ ਦੇ ਉਸ ਪਾਰ ਦੀ ਅਸਲੀਅਤ ਨੂੰ ਫੜ
ਨਹੀਂ ਸੀ ਸਕਿਆ।
ਪਰ ਉਸ ਸੈਲਫ਼-ਪੋਰਟਰੇਟ ਨੇ ਉਸ ਦਾ
ਧਿਆਨ ਖਾਸ ਤੌਰ 'ਤੇ ਖਿੱਚਿਆ ਸੀ। ਉਸ ਵਿਚ
ਉਸ ਨੂੰ ਜਿਵੇਂ ਮੁਕਲ ਦੀ ਨਹੀਂ, ਆਪਣੀ ਖੁਦ ਦੀ
ਸ਼ਕਲ ਦਿਸੀ ਸੀ ਇਕ ਚਿਹਰਾ ਜਿਸ ਵਿਚ ਉਸ
ਦੇ ਚਿਹਰੇ ਦੇ ਟੋਟੇ ਆਪਸ ਵਿਚ ਜੁੜੇ ਹੋਏ ਸਨ।
"ਗੱਲ ਬਣਦੀ-ਬਣਦੀ ਰਹਿ ਗਈ ਏ।"
ਮੁਕਲ ਨੇ ਚਿੱਤਰ ਵਲ ਸੈਨਤ ਕਰਦਿਆਂ ਕਿਹਾ
ਸੀ।
ਉਸ ਨੇ ਅੱਖਾਂ 'ਚ ਸਵਾਲ ਭਰ ਕੇ ਮੁਕਲ
ਵੱਲ ਵੇਖਿਆ ਸੀ।
"ਯਾਨੀ ਕਿ ਗੱਲ ਨਹੀਂ ਬਣੀ।" ਮੁਕਲ
ਹੱਸਿਆ ਸੀ, ਜਿਵੇਂ ਉਸ ਨੂੰ ਖ਼ੁਸ਼ੀ ਸੀ ਕਿ ਉਹ
ਮੰਜ਼ਿਲ 'ਤੇ ਨਹੀਂ ਸੀ ਪੁੱਜਾ।
"ਬੜੀ ਅਜੀਬ ਗੱਲ ਏ, ਮੁਕਲ", ਅਖ਼ੀਰ
ਉਸ ਨੇ ਕਿਹਾ ਸੀ, "ਇਸ ਵਿਚ ਤੇਰੀ ਹੀ ਨਹੀਂ,
ਮੈਨੂੰ ਆਪਣੀ ਵੀ ਸ਼ਕਲ ਦਿਸਦੀ ਏ। ਜਿਵੇਂ ਤੂੰ
ਮੇਰਾ ਹੀ ਪੋਰਟਰੇਟ ਬਣਾਇਆ ਹੋਵੇ।"
"ਸੱਚ?" ਮੁਕਲ ਦੇ ਮੂੰਹੋਂ ਨਿਕਲਿਆ ਸੀ
ਤੇ ਉਸ ਨੇ ਗਹੁ ਨਾਲ ਚਿੱਤਰ ਨੂੰ ਵੇਖਿਆ ਸੀ।
"ਕਿਉਂ, ਨਹੀਂ ਦਿਸਦੀ?"
ਕੁਝ ਚਿਰ ਵੇਖਦੇ ਰਹਿਣ ਪਿਛੋਂ ਮੁਕਲ ਨੇ
ਕਿਹਾ ਸੀ, "ਸ਼ਾਇਦ। ਇਸ ਨੂੰ ਬਣਾਉਂਦਿਆਂ ਮੇਰਾ
ਅਚੇਤ ਮਨ ਸ਼ਾਇਦ ਤੈਨੂੰ ਵੇਖ ਰਿਹਾ ਹੋਵੇਗਾ ਜਾਂ
ਇਹ ਵੀ ਹੋ ਸਕਦਾ ਏ ਕਿ ਮੈਂ ਆਪਣੇ ਚਿਹਰੇ
ਦੀਆਂ ਕੁਝ ਚੀਜ਼ਾਂ ਨੂੰ ਜਨਰਲਾਈਜ਼ ਕਰਨ ਦਾ
ਜਤਨ ਕੀਤਾ ਏ; ਯਾਨੀ ਕਿ ਕਿਸੇ ਹੱਦ ਤੱਕ ਇਹ
ਦੱਸਣ ਦਾ ਜਤਨ ਕੀਤਾ ਏ ਕਿ ਇਹ ਚਿਹਰਾ
ਮੇਰਾ ਹੀ ਨਹੀਂ, ਅਜ ਦੇ ਦੌਰ 'ਚੋਂ ਲੰਘ ਰਹੇ
ਇਕ ਆਮ ਆਦਮੀ ਦਾ ਵੀ ਏ।"
ਅੱਗਿਓਂ ਉਸ ਨੇ ਕਿਹਾ ਸੀ, "ਜਿਉਂ-ਜਿਉਂ
ਮੈਂ ਇਸ ਨੂੰ ਵੇਖਦਾ ਹਾਂ, ਇਸ ਵਿਚ ਮੈਨੂੰ ਆਪਣੀ
ਸ਼ਕਲ ਉਭਰਦੀ ਹੋਈ ਦਿਸ ਰਹੀ ਏ। ਇਸ ਨੂੰ
ਹਮੇਸ਼ਾ ਵੇਖਦੇ ਰਹਿਣ 'ਤੇ ਦਿਲ ਕਰਦਾ ਏ।"
"ਤਾਂ ਫੇਰ, ਤੂੰ ਇਹ ਰੱਖ ਲੈ ਤੇ ਹਮੇਸ਼ਾ
ਵੇਖਿਆ ਕਰ।" ਮੁਕਲ ਮੁਸਕਰਾਇਆ ਸੀ।
"ਮੇਰਾ ਇਹ ਮਤਲਬ ਨਹੀਂ ਸੀ।" ਉਸ ਨੂੰ
ਕੁਝ ਝਿਜਕ ਹੋਈ ਸੀ।
"ਪਰ ਮੇਰਾ ਇਹੋ ਮਤਲਬ ਏ।" ਮੁਕਲ
ਹੱਸਿਆ ਸੀ ਤੇ ਉਸ ਨੇ ਚਿੱਤਰ ਉਸ ਨੂੰ ਦੇ
ਦਿੱਤਾ ਸੀ।
ਉਸ ਨੇ ਚਿੱਤਰ ਫਰੇਮ ਕਰਾ ਲਿਆ ਸੀ ਤੇ
ਘਰ ਲਿਆ ਕੇ ਕੰਧ 'ਤੇ ਟੰਗ ਦਿੱਤਾ ਸੀ।
ਇਹ ਉਸ ਚਿੱਤਰ ਸਦਕਾ ਹੀ ਸੀ ਕਿ ਉਸ
ਦਾ ਨਿਗੂਣਾ ਜਿਹਾ ਕਮਰਾ ਇਕਵਾਰਗੀ ਬੜਾ
ਅਹਿਮ ਬਣ ਗਿਆ ਸੀ। ਉਂਜ, ਉਸ ਨੂੰ ਇਹ ਵੀ
ਲੱਗਾ ਸੀ ਕਿ ਉਹ ਚਿੱਤਰ ਉਹੋ ਜਿਹੇ ਕਮਰੇ
ਵਿਚ ਟੰਗਿਆ ਜਾਣ ਵਾਲਾ ਨਹੀਂ ਸੀ। ਉਹ ਤਾਂ
ਕਿਸੇ ਬਹੁਤ ਸੋਹਣੇ ਕਮਰੇ ਦਾ ਸ਼ਿੰਗਾਰ ਹੋਣਾ
ਚਾਹੀਦਾ ਸੀ ਪਰ ਕੁਝ ਅਰਸੇ ਪਿਛੋਂ ਉਹ ਉਸ ਨੂੰ
ਕਮਰੇ ਦਾ ਇਕ ਹਿੱਸਾ ਜਾਪਣ ਲਗ ਪਿਆ ਸੀ,
ਜਿਵੇਂ ਉਹ ਆਪ ਕਮਰੇ ਦਾ ਇਕ ਹਿੱਸਾ ਬਣਿਆ
ਹੋਇਆ ਸੀ। ਬੱਸ, ਫ਼ਰਕ ਸੀ ਤਾਂ ਇੰਨਾ ਕਿ ਉਹ
ਚਿੱਤਰ ਕਮਰੇ ਦੀਆਂ ਹੋਰ ਚੀਜ਼ਾਂ ਵਾਂਗ ਸਾਧਾਰਨ
ਜਿਹਾ ਨਹੀਂ ਸੀ ਜਾਪਦਾ।
ਉਹ ਕਮਰੇ ਵਿਚ ਬੈਠਾ ਹੁੰਦਾ ਤਾਂ ਕਈ
ਵਾਰ ਕਿੰਨਾ-ਕਿੰਨਾ ਚਿਰ ਚਿੱਤਰ ਨੂੰ ਵੇਖਦਾ
ਰਹਿੰਦਾ, ਉਸ ਵਿਚ ਆਪਣੇ-ਆਪ ਨੂੰ ਲੱਭਣ
ਦਾ, ਫੜਨ ਦਾ ਜਤਨ ਕਰਦਾ ਰਹਿੰਦਾ। ਕਿਸੇ ਵੇਲੇ
ਉਸ ਵਿਚ ਮੁਕਲ ਦੀ ਸ਼ਕਲ ਦਾ ਝਉਲਾ ਪੈਂਦਾ,
ਪਰ ਤਦੇ ਉਹ ਸ਼ਕਲ ਖਿੰਡਰ ਜਾਂਦੀ ਤੇ ਉਸ ਦੀ
ਆਪਣੀ ਸ਼ਕਲ ਬਣਨ ਲਗਦੀ।
ਇਕ ਵਾਰ ਭੁੱਗੀ ਕੰਧ ਵਿਚ ਲੱਗਾ ਕਿੱਲ
ਉੱਖੜ ਜਾਣ 'ਤੇ ਚਿੱਤਰ ਥੱਲੇ ਡਿੱਗ ਪਿਆ ਸੀ
ਤਾਂ ਉਸ ਦਾ ਕੱਚ ਟੁੱਟ ਗਿਆ ਸੀ। ਉਸ ਵਿਚ ਦੋ
ਤ੍ਰੇੜਾਂ ਪੈ ਗਈਆਂ ਸਨ। ਕੱਚ ਦੇ ਤਿੰਨ ਟੋਟੇ ਹੋ
ਗਏ ਸਨ, ਪਰ ਉਹ ਫਰੇਮ ਵਿਚੋਂ ਨਿਕਲੇ ਨਹੀਂ
ਸਨ।
ਉਸ ਨੇ ਇਕ ਹੋਰ ਥਾਂ ਕਿੱਲ ਗੱਡ ਕੇ ਚਿੱਤਰ
ਟੰਗ ਦਿੱਤਾ ਸੀ।
ਫਿਰ, ਜਦ ਉਸ ਨੇ ਵੇਖਿਆ ਸੀ ਤਾਂ ਉਸ
ਨੂੰ ਕੱਚ ਦੇ ਨਹੀਂ ਸਗੋਂ ਚਿੱਤਰ ਵਿਚਲੇ ਚਿਹਰੇ ਦੇ
ਤਿੰਨ ਟੋਟੇ ਹੋ ਗਏ ਜਾਪੇ ਸਨ। ਉਹ ਚਿਹਰਾ ਜੋ
ਕਈ ਟੋਟਿਆਂ ਵਿਚ ਜੁੜਿਆ ਹੋਇਆ ਸੀ, ਤਿੰਨਾਂ
ਟੋਟਿਆਂ ਵਿਚ ਟੁੱਟ ਗਿਆ ਸੀ।
ਤਦ ਇਕ ਟੱਕ ਵੇਖਦਿਆਂ ਉਸ ਨੂੰ ਚਿੱਤਰ
ਵਿਚ ਆਪਣੀ ਸ਼ਕਲ ਵਧੇਰੇ ਸਾਫ਼ ਦਿਸਣ ਲੱਗੀ
ਸੀ। ਹੁਣ ਉਸ ਦਾ ਚਿਹਰਾ ਕਈ ਟੋਟਿਆਂ ਦੀ ਥਾਂ
ਸਿਰਫ਼ ਤਿੰਨਾਂ ਟੋਟਿਆਂ ਵਿਚ ਟੁੱਟਾ ਹੋਇਆ ਸੀ।
ਚਿਹਰੇ ਦੇ ਤਿੰਨ ਟੋਟੇ! ਉਸ ਨੇ ਸੋਚਿਆ ਸੀ ਜਾਂ
ਤਿੰਨ ਟੋਟਿਆਂ ਵਾਲਾ ਚਿਹਰਾ! ਇਨ੍ਹਾਂ 'ਚੋਂ ਇਕ
ਟੋਟਾ ਏ ਜੋ ਵਰਤਮਾਨ ਏ। ਇਕ ਟੋਟਾ ਭੂਤਕਾਲ
ਏ ਤੇ ਤੀਜਾ ਟੋਟਾ ਭਵਿੱਖ ਏ। "ਵਾਹ!" ਉਸ ਦੇ
ਮੂੰਹੋਂ ਨਿਕਲਿਆ ਸੀ। ਇਹ ਤਾਂ ਨਵਾਂ ਵਿਸ਼ਲੇਸ਼ਣ
ਹੋ ਗਿਆ ਇਸ ਪੋਰਟਰੇਟ ਦਾ। ਕਿੰਨਾ ਸੁਹਣਾ
ਖ਼ਿਆਲ ਸੁੱਝਾ ਏ! ਮੁਕਲ ਨੂੰ ਦੱਸਣਾ ਚਾਹੀਦਾ
ਏ। ਫਿਰ, ਸ਼ਾਇਦ ਉਹ ਇਸੇ ਨੁਕਤੇ ਤੋਂ ਕੋਈ
ਸੈਲਫ਼-ਪੋਰਟਰੇਟ ਬਣਾਏ। ਬੜਾ ਖ਼ੁਸ਼ ਹੋਵੇਗਾ
ਇਹ ਖ਼ਿਆਲ ਸੁਣ ਕੇ। ਸਮੇਂ ਦੇ ਤਿੰਨਾਂ ਖੰਡਾਂ
ਵਿਚ ਵੰਡਿਆ ਹੋਇਆ ਚਿਹਰਾ। ਟੁੱਟਾ ਹੋਇਆ
ਪਰ ਜੁੜਿਆ ਹੋਇਆ। ਜ਼ਿੰਦਗੀ ਦੀ ਚੌਖਟ ਵਿਚ
ਜੜਿਆ ਹੋਣ ਕਰਕੇ ਜੁੜਿਆ ਹੋਇਆ।
ਉਸ ਵੇਲੇ ਚਿੱਤਰ ਨੂੰ ਵੇਖਦਿਆਂ ਉਸ ਨੂੰ
ਖ਼ਿਆਲ ਆਇਆ ਕਿ ਕਿਤੇ ਉਸ ਦਾ ਚਿਹਰਾ
ਸੱਚੀਮੁੱਚੀਂ ਇੰਜ ਟੁੱਟਾ ਹੋਇਆ ਨਾ ਹੋਵੇ। ਉਸ
ਨੇ ਦੋਵੇਂ ਹੱਥ ਚਿਹਰੇ 'ਤੇ ਫੇਰੇ, ਪਰ ਕੁਝ ਪਤਾ
ਨਾ ਲੱਗਾ। ਤਦ ਉਸ ਨੇ ਸ਼ੀਸ਼ਾ ਚੁੱਕਿਆ ਤੇ ਉਸ
ਵਿਚ ਵੇਖਣ ਲੱਗਾ। ਸ਼ੀਸ਼ੇ ਦਾ ਪਾਣੀ ਕੁਝ ਥਾਵਾਂ
ਤੋਂ ਲੱਥਾ ਹੋਇਆ ਸੀ। ਉਂਜ ਵੀ, ਸ਼ੀਸ਼ਾ ਸਾਫ਼
ਨਹੀਂ ਸੀ। ਸ਼ਰਾਬ ਦੇ ਨਸ਼ੇ ਕਰਕੇ ਉਸ ਦੀ ਨਜ਼ਰ
ਵੀ ਸਾਫ਼ ਨਹੀਂ ਸੀ। ਉਸ ਨੂੰ ਆਪਣਾ ਚਿਹਰਾ
ਸਾਫ਼ ਤੌਰ 'ਤੇ ਨਾ ਦਿਸਿਆ ਤਾਂ ਉਸ ਨੇ ਸ਼ੀਸ਼ਾ
ਰੱਖ ਦਿੱਤਾ ਤੇ ਸੋਚਿਆ, ਹੁਣ ਇਹ ਨਵਾਂ ਹੀ
ਲਿਆਉਣਾ ਪਏਗਾ। ਪਹਿਲਾਂ ਵੀ ਕਈ ਵਾਰ
ਲਿਆਉਣ ਬਾਰੇ ਸੋਚਿਆ ਏ ਪਰ ਹੁਣ ਤਾਂ ਨਵਾਂ
ਲਿਆਉਣਾ ਹੀ ਪਏਗਾ। ਉਂਜ, ਹੋਰ ਵੀ ਕਿੰਨੀਆਂ
ਚੀਜ਼ਾਂ ਨੇ ਜੋ ਨਵੀਂਆਂ ਲਿਆਉਣ ਵਾਲੀਆਂ ਨੇ:
ਤੌਲੀਆ ਜੋ ਖੱਦਾ ਹੋ ਕੇ ਥਾਂ-ਥਾਂ ਤੋਂ ਪਾਟ ਚੁੱਕਾ
ਏ, ਬੂਟ ਜਿਨ੍ਹਾਂ ਦੀ ਹੁਣ ਹੋਰ ਮੁਰੰਮਤ ਨਹੀਂ ਹੋ
ਸਕਦੀ, ਬਿਸਤਰੇ ਦੀ ਇੱਕੋ ਇੱਕ ਰਹਿ ਗਈ
ਅੱਧੋਰਾਣੀ ਚਾਦਰ, ਜੋ-ਤੇ ਹਾਂ, ਬੇਦੀ ਦਾ ਨਾਵਲ,
'ਇਕ ਚਾਰਦ ਅੱਧੋਰਾਣੀ'। ਕਿੰਨਾ ਦਿਲ ਕਰਦਾ
ਏ ਉਹ ਨਾਵਲ ਪੜ੍ਹਨ 'ਤੇ! ਇਕ ਵਾਰ ਲੇਖਕਾਂ
ਦੀ ਮੀਟਿੰਗ ਵਿਚ ਉਹ ਬੇਦੀ ਦੇ ਮੂੰਹੋਂ ਸੁਣਿਆ
ਸੀ ਪਰ ਬੇਦੀ ਨੇ ਸੁਣਾਉਂਦਿਆਂ ਕਈ ਵਾਰ ਰੋਰੋ
ਕੇ ਨਾਵਲ ਦਾ ਸਵਾਦ ਹੀ ਖ਼ਰਾਬ ਕਰ ਦਿੱਤਾ
ਸੀ। ਰੋਣਾ ਤਾਂ ਸੁਣਨ ਵਾਲਿਆਂ ਨੂੰ ਚਾਹੀਦਾ ਸੀ।
ਬੇਦੀ ਭਲਾ ਕਿਉਂ ਰੋਇਆ? ਅਜੀਬ ਗੱਲ ਨਹੀਂ
ਏ ਕਿ ਇੰਨੇ ਜ਼ਬਤ ਨਾਲ ਲਿਖਣ ਵਾਲਾ ਆਦਮੀ
ਸੁਣਾਉਣ ਲੱਗਾ ਆਪ ਰੋ ਪੈਂਦਾ ਏ! ਲਿਖਦਿਆਂ
ਵੀ ਜ਼ਰੂਰ ਰੋ-ਰੋ ਕੇ ਲਿਖਦਾ ਹੋਵੇਗਾ ਪਰ ਉਸ
ਦੀ ਲਿਖਤ ਵਿਚ ਇਹ ਰੋਣਾ ਕਿਤੇ ਬਹੁਤ ਥੱਲੇ
ਲੁਕਿਆ ਹੁੰਦਾ ਏ। ਮਜ਼ਾਲ ਏ ਕਿ ਉਸ ਦਾ ਇਕ
ਫ਼ਿਕਰਾ ਵੀ ਉਪਭਾਵਕ ਜਾਪੇ। ਅਜਿਹੇ ਜ਼ਬਤ ਨਾਲ
ਲਿਖਣਾ ਬੇਦੀ ਦਾ ਹੀ ਕੰਮ ਏ, ਤੇ ਅੱਜਕੱਲ੍ਹ
ਸਿੱਖ ਉਸੇ ਦੇ ਪਿੱਛੇ ਪਏ ਹੋਏ ਨੇ। ਨਾਵਲ ਵਿਚ
ਸਿੱਖਾਂ ਦੇ ਬਾਰਾਂ ਵੱਜਣ ਬਾਰੇ ਇਕ ਲਤੀਫ਼ਾ ਏ ਜੋ
ਸਿੱਖਾਂ ਦੇ ਹੱਕ ਵਿਚ ਜਾਂਦਾ ਏ ਪਰ ਸਿੱਖ ਉਸ ਨੂੰ
ਸਮਝ ਨਹੀਂ ਸਕੇ, ਤੇ ਬੇਦੀ 'ਤੇ ਮੁਕੱਦਮਾ ਕਰਨ
ਨੂੰ ਫਿਰਦੇ ਨੇ। ਕਿਸੇ ਦਿਨ ਚੱਲ ਕੇ ਬੇਦੀ ਕੋਲੋਂ
ਸਿੱਖਾਂ ਬਾਰੇ ਕੋਈ ਲਤੀਫ਼ਾ ਸੁਣਨਾ ਚਾਹੀਦਾ ਏ।
ਬੜਾ ਕਰਾਰਾ ਲਤੀਫ਼ਾ ਸੁਣਾਏਗਾ। ਦਰਅਸਲ,
ਬੇਦੀ ਦੇ ਅੰਦਰ ਕੋਈ ਬੜੀ ਡੂੰਘੀ ਤਲਖ਼ੀ ਲੁਕੀ
ਹੋਈ ਏ ਜਿਸ ਕਰਕੇ ਉਹ ਅਜਿਹਾ ਲਤੀਫ਼ੇਬਾਜ਼
ਏ। ਉਸ ਤਲਖ਼ੀ ਨੂੰ ਲਤੀਫ਼ਿਆਂ ਰਾਹੀਂ ਬਾਹਰ
ਕੱਢ ਕੇ ਹੌਲਾ ਹੋ ਜਾਂਦਾ ਏ ਪਰ ਲੇਖਕ ਦੇ ਤੌਰ
'ਤੇ ਕਿੰਨਾ ਗਹਿਰ-ਗੰਭੀਰ ਏ! ਉਸ ਦਾ ਹੁਨਰ
ਲੈ, ਇਹ ਬੇਦੀ ਵੀ ਕਿੱਧਰ ਲੈ ਤੁਰਿਆ ਏ!
ਉਹ ਬੇਦੀ ਅਤੇ ਆਪਣੇ ਆਪ 'ਤੇ ਹਲਕਾ
ਜਿਹਾ ਮੁਸਕਰਾਇਆ ਤੇ ਫਿਰ ਸੋਚਣ ਲੱਗਾ ਕਿ
ਕੀ ਸੋਚ ਰਿਹਾ ਸੀ। ਉਸ ਨੂੰ ਚੇਤੇ ਨਾ ਆਇਆ।
ਤਦ ਉਸ ਦੇ ਸਾਹਮਣੇ ਫੇਰ ਕੰਧ ਉਤਲਾ ਚਿੱਤਰ
ਉਭਰਿਆ, ਤੇ ਉਸ ਦੇ ਇਕ ਟੋਟੇ ਨੂੰ ਉਹ ਨੀਝ
ਲਾ ਕੇ ਵੇਖਣ ਲੱਗਾ। ਇਹ ਟੋਟਾ, ਉਸ ਨੇ ਮਨ
ਵਿਚ ਕਿਹਾ, ਚਿਹਰੇ ਦੇ ਵਰਤਮਾਨ ਦਾ ਟੋਟਾ ਏ।
ਵਰਤਮਾਨ ਦਾ ਚਿਹਰਾ। ਸੜਕਾਂ ਦੀ ਗਰਦਿਸ਼ ਦਾ
ਚਿਹਰਾ। ਇਸ ਸ਼ਹਿਰ ਦੀ ਭੀੜ ਦਾ ਚਿਹਰਾ। ਬਿਨ
ਅੱਖਾਂ ਵਾਲੀ ਭੀੜ ਜੋ ਸ਼ਹਿਰ ਵਿਚ ਖਿੰਡਰੀ ਹੋਈ
ਏ, ਨੱਸ-ਭੱਜ ਰਹੀ ਏ ਤੇ ਸ਼ਹਿਰ ਦੀਆਂ ਹੱਦਾਂ
ਵਿਚ ਫਸੀ ਹੋਈ ਏ। ਇਹ ਸ਼ਹਿਰ ਜੋ ਵਰਤਮਾਨ
ਏ। ਇਸ ਸ਼ਹਿਰ 'ਚੋਂ ਨਿਕਲਿਆ ਨਹੀਂ ਜਾ ਰਿਹਾ।
ਜ਼ਿੰਦਗੀ ਇਸ ਸ਼ਹਿਰ ਵਿਚ ਫਸੀ ਹੋਈ ਏ। ਹਾਂ,
ਇਹ ਵਰਤਮਾਨ ਦਾ ਚਿਹਰਾ ਇਸ ਸ਼ਹਿਰ ਵਿਚ
ਫਸਿਆ ਹੋਇਆ ਚਿਹਰਾ ਏ। ਆਪਣੇ ਪਿੰਡ ਨਾਲੋਂ
ਟੁੱਟਾ ਹੋਇਆ, ਖੇਤਾਂ ਨਾਲੋਂ ਤੇ ਪਿੰਡ ਦੇ ਘਰ
ਨਾਲੋਂ ਨਿਖੜਿਆ ਹੋਇਆ...
ਉਸ ਨੂੰ ਆਪਣਾ ਪਿੰਡ ਦਿਸਿਆ ਬਹੁਤ
ਦੂਰ, ਤੇ ਉਸ ਪਿੰਡ ਵਿਚ ਆਪਣਾ ਘਰ ਦਿਸਿਆ,
ਤੇ ਆਪਣਾ ਪਰਿਵਾਰ: ਮਾਂ ਤੇ ਪਿਓ, ਤੇ ਦੋਵੇਂ
ਭੈਣਾਂ ਤੇ ਛੋਟਾ ਭਰਾ। ਬੂਰੀ ਮੱਝ ਤੇ ਕਾਲੀ ਬਕਰੀ।
ਤਿੰਨ-ਸਵਾ-ਤਿੰਨ ਸਾਲ ਹੋ ਗਏ ਸਨ ਘਰ
ਛੱਡਿਆਂ, ਘਰ ਵਾਲਿਆਂ ਤੋਂ ਵਿਛੜਿਆਂ ਤੇ ਉਹ
ਪਿੰਡ ਨਹੀਂ ਸੀ ਜਾ ਸਕਿਆ। ਉਹ ਸ਼ਹਿਰ ਵਿਚ
ਫਸਿਆ ਹੋਇਆ ਸੀ ਤੇ ਨਿਕਲ ਨਹੀਂ ਸੀ ਪਾ
ਰਿਹਾ। ਇਸ ਸ਼ਹਿਰ ਵਿਚ ਆ ਕੇ ਉਸ ਦਾ ਚਿਹਰਾ
ਜਿਵੇਂ ਟੁੱਟ ਗਿਆ ਸੀ। ਫ਼ਿਰ ਵੀ ਉਹ ਜੁੜਿਆ
ਹੋਇਆ ਸੀ, ਜ਼ਿੰਦਗੀ ਦੇ ਫਰੇਮ ਸਦਕਾ ਜੁੜਿਆ
ਹੋਇਆ ਸੀ। ਉਸ ਨੂੰ ਚੇਤੇ ਆਇਆ ਕਿ ਬਹੁਤ
ਪਹਿਲਾਂ ਉਸ ਨੇ ਕਿਤੇ ਪੜ੍ਹਿਆ ਸੀ, ਹੋਟਲ ਵਿਚ
ਬੈਠੇ ਇਕ ਆਦਮੀ ਬਾਰੇ ਜੋ ਉਹ ਇੰਜ ਉਦਾਸ
ਬਣਿਆ ਬੈਠਾ ਸੀ ਕਿ ਉਸ ਦੇ ਚਿਹਰੇ ਨਾਲੋਂ
ਉਸ ਦੀ ਨਜ਼ਰ ਟੁੱਟੀ ਹੋਈ ਸੀ, ਨਜ਼ਰ ਨਾਲੋਂ
ਉਸ ਦੀਆਂ ਸੋਚਾਂ ਟੁੱਟੀਆਂ ਹੋਈਆਂ ਸਨ ਤੇ ਸੋਚਾਂ
ਨਾਲੋਂ...। ਉਦੋਂ ਇਸ ਗੱਲ ਦੀ ਉਸ ਨੂੰ ਪੂਰੀ
ਤਰ੍ਹਾਂ ਸਮਝ ਨਹੀਂ ਸੀ ਆਈ ਪਰ ਇਥੇ ਆ ਕੇ
ਇਸ ਸ਼ਹਿਰ ਵਿਚ ਆ ਕੇ, ਇਹ ਗੱਲ ਇੰਨੀ
ਚੰਗੀ ਤਰ੍ਹਾਂ ਸਮਝ ਆਈ ਸੀ ਕਿ ਉਸ ਚਿਹਰੇ ਨੂੰ
ਉਹ ਕਈ ਵਾਰ ਆਪਣੇ ਖਿਆਲਾਂ ਵਿਚ ਵੇਖਿਆ
ਕਰਦਾ ਸੀ। ਇਹ ਸ਼ਹਿਰ ਵਿਚ ਆ ਕੇ ਉਸ ਦਾ
ਚਿਹਰਾ ਕਈ ਚਿਹਰੇ ਬਣਿਆ ਸੀ ਕਲਰਕ ਦਾ
ਚਿਹਰਾ, ਬੇਕਾਰ ਆਦਮੀ ਦਾ ਚਿਹਰਾ, ਉਸ ਮੰਗਤੇ
ਦਾ ਚਿਹਰਾ ਜੋ ਉਹ ਬਣ ਨਹੀਂ ਸੀ ਸਕਿਆ, ਤੇ
ਭੁੱਖ ਦਾ ਚਿਹਰਾ, ਤੇ ਫ਼ਿਲਮ ਡਾਇਰੈਟਰ ਦੇ ਚੌਥੇ
ਅਸਿਸਟੈਂਟ ਦਾ ਚਿਹਰਾ, ਤੇ ਇਕ ਅਸਫ਼ਲ
ਕਹਾਣੀਕਰ ਦਾ ਚਿਹਰਾ।...
ਹਾਂ, ਇਹੋ ਵੱਖ-ਵੱਖ ਚਿਹਰੇ ਹਨ, ਉਸ ਨੇ
ਸੋਚਿਆ, ਜਿਨ੍ਹਾਂ ਦੇ ਟੋਟਿਆਂ ਨੂੰ ਜੋੜ ਕੇ ਮੁਕਲ
ਸੈਲਫ਼-ਪੋਰਟਰੇਟ ਬਣਾਉਂਦਾ ਏ। ਜਿਵੇਂ ਉਸ ਦੇ
ਇਸ ਸੈਲਫ਼-ਪੋਰਟਰੇਟ ਵਿਚਲੇ ਕਈ ਟੋਟੇ -
ਪਰ ਨਹੀਂ, ਹੁਣ ਤਾਂ ਉਹ ਸਿਰਫ਼ ਤਿੰਨ ਹੀ ਟੋਟੇ
ਹਨ। ਇਕ ਟੋਟਾ ਜੋ ਵਰਤਮਾਨ ਏ। ਦੂਜਾ ਟੋਟਾ
ਜੋ ਭੂਤਕਾਲ ਏ - ਜ਼ਿੰਦਗੀ ਦੇ ਬੀਤੇ ਹੋਏ ਵਰ੍ਹਿਆਂ
ਦਾ ਚਿਹਰਾ। ਜ਼ਿੰਦਗੀ ਦੇ ਬੀਤੇ ਹੋਏ ਵਰ੍ਹੇ...
ਉਸ ਨੇ ਉਸ ਟੋਟੇ ਵੱਲ ਵੇਖਦਿਆਂ ਕਿਤੇ
ਪਿਛਾਂਹ ਵੱਲ ਵੇਖਿਆ, ਆਪਣੀ ਜ਼ਿੰਦਗੀ ਦੇ ਬੀਤੇ
ਹੋਏ ਵਰ੍ਹਿਆਂ ਨੂੰ। ਉਹ ਧੁੰਦਲੇ ਜਿਹੇ ਜਾਪੇ। ਉਸ
ਨੇ ਉਨ੍ਹਾਂ ਨੂੰ ਸਾਫ਼ ਤੌਰ 'ਤੇ ਵੇਖਣ ਲਈ ਆਪਣੇ
ਦਿਮਾਗ 'ਤੇ ਜ਼ੋਰ ਪਾਇਆ ਪਰ ਉਸ ਦੇ ਸਾਹਮਣੇ
ਜੋ ਧੁੰਦ ਸੀ, ਉਸ ਵਿਚ ਉਹ ਵਰ੍ਹੇ ਸਾਫ਼ ਤੌਰ 'ਤੇ
ਵਿਖਾਈ ਨਾ ਦਿੱਤੇ। ਉਸ ਨੇ ਸੋਚਿਆ, ਭਲਾ ਉਨ੍ਹਾਂ
ਵਰ੍ਹਿਆਂ ਵਿਚ ਮੇਰਾ ਚਿਹਰਾ ਕਿਹੋ ਜਿਹਾ ਸੀ?
ਉਹ ਉਸ ਦੀ ਕਲਪਨਾ ਨਾ ਕਰ ਸਕਿਆ। ਤਦ
ਉਸ ਨੇ ਆਪਣੀ ਕਿਸੇ ਪੁਰਾਣੀ ਫੋਟੋ ਨੂੰ ਸਾਹਮਣੇ
ਲਿਆਉਣ ਦਾ ਜਤਨ ਕੀਤਾ। ਕਾਲਜ ਦੇ ਦਿਨਾਂ
ਦੀ ਇਕ ਫੋਟੋ ਉਸ ਦੇ ਸਾਹਮਣੇ ਆਈ ਜੋ ਉਸ
ਦੇ 'ਆਈਡੈਂਟਿਟੀ ਕਾਰਡ' ਉਤੇ ਲੱਗੀ ਹੋਈ ਸੀ।
ਕਾਲਜ ਵਿਚ ਉਸ ਦਾ ਉਹ ਪਹਿਲਾ ਸਾਲ ਸੀ ਤੇ
ਅੰਤਲਾ ਵੀ। ਅੱਗਿਓਂ ਕਾਲਜ ਦੀ ਪੜ੍ਹਾਈ ਉਸ
ਤੋਂ ਛੁੱਟ ਗਈ ਸੀ ਪਰ ਉਹ ਇਕ ਵਰ੍ਹਾ ਉਸ ਦੀ
ਜ਼ਿੰਦਗੀ ਦਾ ਕਿਹਾ ਜਿਹਾ ਵਰ੍ਹਾ ਸੀ? ਉਦੋਂ ਉਹ
ਅੱਜ ਵਰਗਾ ਨਹੀਂ ਸੀ। ਉਦੋਂ ਦਾ ਚਿਹਰਾ - ਉਸ
ਨੇ ਆਪਣੇ ਆਈਡੈਂਟਿਟੀ ਕਾਰਡ ਵਾਲੇ ਚਿਹਰੇ
ਨੂੰ ਸਾਹਮਣੇ ਲਿਆਂਦਾ, ਤਾਂ ਉਸ ਦੇ ਨਾਲ ਹੀ
ਇਕ ਹੋਰ ਚਿਹਰਾ ਉਸ ਦੇ ਸਾਹਮਣੇ ਆਇਆ
- ਤ੍ਰਿਪਤਾ, ਨਹੀਂ ਤ੍ਰਿਪਤੀ ਦਾ ਚਿਹਰਾ। 'ਤ੍ਰਿਪਤਾ'
ਉਸ ਨੂੰ ਕੁਝ ਅਜੀਬ ਜਿਹਾ ਨਾਂ ਲਗਦਾ ਸੀ। ਉਹ
ਉਸ ਬਾਰੇ ਜਦ ਵੀ ਸੋਚਦਾ, ਮਨ ਵਿਚ 'ਤ੍ਰਿਪਤੀ'
ਕਹਿ ਕੇ ਹੀ ਸੋਚਦਾ। ਉਹ ਉਸ ਨੂੰ ਅੰਤਾਂ ਦੀ
ਚੰਗੀ ਲੱਗਦੀ ਸੀ। ਉਹ ਰਾਤ-ਦਿਨ ਉਸ ਬਾਰੇ
ਸੋਚਦਾ ਰਹਿੰਦਾ, ਪਰ ਉਸ ਨਾਲ ਕਦੇ ਗੱਲ ਕਰਨ
ਦੀ ਹੀਆ ਨਹੀਂ ਸੀ ਕਰ ਸਕਿਆ। ਉਹ ਬੱਸ
ਇਹੋ ਸੋਚਦਾ ਸੀ ਕਿ ਕਦੇ ਮੌਕਾ ਲੱਗਾ ਤਾਂ ਆਪਣੇ
ਆਪ ਗੱਲ ਹੋ ਜਾਏਗੀ।
ਅਖ਼ੀਰ, ਇਕ ਵਾਰ ਜਦ ਉਸ ਨੇ ਤ੍ਰਿਪਤੀ
ਨੂੰ ਕਿਸੇ ਹੋਰ ਮੁੰਡੇ ਨਾਲ, ਉਸੇ ਜਗਮੋਹਨ ਨਾਲ
ਜੋ ਕਾਲਜ ਵਿਚ ਸਭ ਤੋਂ ਸ਼ੁਕੀਨ ਤੇ ਸਭ ਤੋਂ
ਲੋਫ਼ਰ ਮੁੰਡਾ ਸੀ, ਪਾਰਕ ਦੀ ਇਕ ਨੁਕਰੇ ਹੱਸਹੱਸ
ਕੇ ਗੱਲਾਂ ਕਰਦਿਆਂ ਵੇਖਿਆ ਸੀ ਤਾਂ ਉਸ
ਨੂੰ ਲੱਗਾ ਸੀ ਕਿ ਤ੍ਰਿਪਤੀ ਕੱਚ ਦੀ ਕੁੜੀ ਸੀ ਜੋ
ਉਸੇ ਬਿੰਦ ਟੁੱਟ ਕੇ ਚੂਰ-ਚੂਰ ਹੋ ਗਈ ਸੀ ਤੇ
ਉਸ ਦੀਆਂ ਅਣਗਿਣਤ ਚਿੰਚਰਾਂ ਉਸ ਦੀ ਜ਼ਿੰਦਗੀ
ਵਿਚ ਖੁੱਭ ਗਈਆਂ ਸਨ। ਉਨ੍ਹਾਂ ਦੀ ਚੁਭਣ ਅਜ
ਵੀ ਬਾਕੀ ਸੀ। ਉਦੋਂ ਉਸ ਨੂੰ ਆਪਣਾ ਚਿਹਰਾ
ਅੰਤਾਂ ਦਾ ਨਿਗੂਣਾ ਜਾਪਿਆ ਸੀ। ਉਂਜ, ਕਿੰਨੇ
ਤਿੱਖੇ ਨੈਣ-ਨਕਸ਼ ਸਨ ਉਸ ਦੇ! ਗੋਰਾ ਰੰਗ ਸੀ,
ਤੇ ਕੱਕੇ ਵਾਲ। ਨਿਰਾ-ਪੁਰਾ ਉਸ ਦੀ ਮਾਂ ਦਾ
ਚਿਹਰਾ ਜਾਪਦਾ ਸੀ, ਸੁਬਕ ਤੇ ਮਲੂਕ ਤੇ ਕੁੜੀਆਂ
ਵਰਗਾ। ਸਕੂਲ ਦੇ ਨਾਟਕਾਂ ਵਿਚ ਉਸ ਨੇ ਕਈ
ਵਾਰ ਕੁੜੀ ਦਾ ਰੋਲ ਕੀਤਾ ਸੀ। ਫਿਰ ਉਸ ਦੇ
ਦਾੜ੍ਹੀ ਆ ਗਈ - ਕੱਕੇ, ਮੁਲਾਇਮ, ਘੁੰਗਰਾਲੇ
ਵਾਲ, ਤੇ ਉਸ ਦਾੜ੍ਹੀ ਸਦਕਾ ਉਸ ਦਾ ਚਿਹਰਾ
ਹੋਰ ਦਾ ਹੋਰ ਬਣ ਗਿਆ ਸੀ। ਉਂਜ ਵੀ, ਉਸ ਦਾ
ਚਿਹਰਾ ਭਰ ਗਿਆ ਸੀ ਤੇ ਬੜਾ ਮਰਦਾਵਾਂ ਜਾਪਣ
ਲੱਗ ਪਿਆ ਸੀ ਪਰ ਇਸ ਸ਼ਹਿਰ ਵਿਚ ਆ ਕੇ
ਉਸ ਨੇ ਦਾੜ੍ਹੀ ਤੇ ਵਾਲ ਕਟਵਾ ਸੁੱਟੇ ਸਨ। "ਇਥੇ
ਤਾਂ ਆਪਣੇ-ਆਪ ਨੂੰ ਹੀ ਸੰਭਾਲਣਾ ਔਖਾ ਏ,
ਦਾੜ੍ਹੀ-ਵਾਲਾਂ ਨੂੰ ਕੌਣ ਸੰਭਾਲੇ?" ਉਸ ਨੇ ਕਿਹਾ
ਸੀ। ਫ਼ਿਰ, ਇਕ ਵਾਰ ਹਾਲਤ ਅਜਿਹੇ ਬਣ ਸਨ
ਕਿ ਦਾੜ੍ਹੀ ਵਧਣ ਲੱਗੀ ਸੀ ਤਾਂ ਵਧਦੀ ਰਹੀ ਸੀ।
ਉਹ ਕਟਵਾ ਨਹੀਂ ਸੀ ਸਕਿਆ। ਬੇਕਾਰੀ ਦਾ ਉਹ
ਬੜਾ ਔਖਾ ਦੌਰ ਸੀ। ਉਂਜ, ਉਨ੍ਹੀਂ ਦਿਨੀਂ ਦਾੜ੍ਹੀ
ਰੱਖਣ ਦਾ ਉਸ ਨੂੰ ਕੁਝ ਫ਼ਾਇਦਾ ਹੀ ਹੋਇਆ
ਸੀ। ਹੜ੍ਹਬਾਂ ਅੰਦਰ ਵੜ ਜਾਣ 'ਤੇ ਉਸ ਦਾ ਚਿਹਰਾ
ਜੋ ਬੜਾ ਹੀ ਮਾੜੂਆ ਜਿਹਾ ਲੱਗਦਾ ਸੀ, ਦਾੜ੍ਹੀ
ਸਦਕਾ ਕੁਝ ਰੋਹਬਦਾਰ ਬਣ ਗਿਆ ਸੀ। ਉਸ ਨੂੰ
ਖੁਦ ਨੂੰ ਵੀ ਲੱਗਦਾ ਸੀ ਕਿ ਉਹ ਇੰਨਾ ਕਮਜ਼ੋਰ
ਤਾਂ ਨਹੀਂ ਸੀ ਹੋਇਆ। ਫਿਰ ਇਕ ਵਾਰ ਜਦ ਉਹ
ਚੌਥੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਸੱਤਰਾਂ
ਰੁਪਿਆਂ ਦੀ ਨੌਕਰੀ ਕਰ ਰਿਹਾ ਸੀ ਤਾਂ ਫਿਲਮ
ਵਿਚ ਇਕ ਛੋਟਾ ਜਿਹਾ ਰੋਲ ਮਿਲਣ 'ਤੇ ਉਸ ਨੂੰ
ਦਾੜ੍ਹੀ ਕਟਵਾਉਣੀ ਪਈ ਸੀ। ਉਸ ਰੋਲ ਵਿਚ
ਮਸਾਂ ਪੰਦਰਾਂ ਸਕਿੰਟਾਂ ਦਾ ਕੰਮ ਸੀ ਉਸ ਦਾ, ਤੇ
ਉਸ ਦੇ ਢਾਈ ਸੌ ਰੁਪਏ ਮਿਲੇ ਸਨ ਉਸ ਨੂੰ।
ਮਗਰੋਂ ਉਸੇ ਪਾਤਰ ਦੇ ਰੂਪ ਵਿਚ, ਫਿਲਮ 'ਚ
ਅੱਗੇ ਜਾ ਕੇ ਉਸ ਨੂੰ ਇਕ ਵਾਰ ਫਿਰ ਕੰਮ
ਮਿਲਿਆ ਸੀ। ਡਾਇਰੈਕਟਰ ਨੇ ਉਸ ਦੇ ਕੰਮ ਦੀ
ਬੜੀ ਤਾਰੀਫ਼ ਕੀਤੀ ਸੀ। ਤਦ ਉਸ ਨੂੰ ਆਸ
ਬੱਝੀ ਸੀ ਕਿ ਫਿਲਮ ਚੱਲ ਗਈ ਤਾਂ ਉਸ ਰੋਲ
ਸਦਕਾ ਉਸ ਨੂੰ ਹੋਰ ਫ਼ਿਲਮਾਂ 'ਚ ਕੰਮ ਮਿਲਣ
ਲੱਗੇਗਾ ਪਰ ਫਿਲਮ ਰਿਲੀਜ਼ ਹੋਣ 'ਤੇ ਉਸ ਦਾ
ਰੋਲ ਕਿਤੇ ਨਹੀਂ ਸੀ। ਐਡਟਿੰਗ ਵੇਲੇ ਉਹ ਪਾਤਰ
ਹੀ ਫਿਲਮ 'ਚੋਂ ਕੱਢ ਦਿੱਤਾ ਗਿਆ ਸੀ। ਉਂਜ,
ਫਿਲਮ ਚੱਲੀ ਵੀ ਨਹੀਂ ਸੀ। ਫਿਲਮ ਨਹੀਂ ਸੀ ਚੱਲੀ
ਤਾਂ ਉਸ ਦਾ ਡਾਇਰੈਕਟਰ ਵੀ ਨਹੀਂ ਸੀ ਚੱਲਿਆ।
ਅੱਗਿਓਂ ਉਸ ਨੂੰ ਕੋਈ ਫਿਲਮ ਨਹੀਂ ਸੀ ਮਿਲੀ।
ਸੋ, ਉਸ ਦੇ ਨਾਲ ਚੌਥੇ ਅਸਿਸਟੈਂਟ ਦੇ ਰੂਪ ਵਿਚ
ਉਸ ਦੀ ਨੌਕਰੀ ਵੀ ਜਾਂਦੀ ਰਹੀ ਸੀ।
ਤਦ ਫਿਰ ਉਹੋ ਸੜਕਾਂ ਦੀ ਗਰਦਿਸ਼ ਸੀ।
ਇਕ ਗੱਲੋਂ ਉਹ ਖ਼ੁਸ਼ ਸੀ ਕਿ ਉਸ ਨੂੰ
ਛੇਤੀ ਹੀ ਫਿਲਮ ਲਾਈਨ 'ਚੋਂ ਛੁਟਕਾਰਾ ਮਿਲ
ਗਿਆ ਸੀ। ਨਹੀਂ ਤਾਂ ਉਸ ਨੇ ਸਾਲਾਂ ਬੱਧੀ ਉਸ
ਵਿਚ ਫਸੇ ਰਹਿਣਾ ਸੀ, ਤੇ ਵਰਤਮਾਨ ਵਿਚ
ਫਸਿਆ ਕਿਸੇ ਆਸ ਸਦਕਾ ਭਵਿੱਖ ਵਲ ਵੇਖਦੇ
ਰਹਿਣਾ ਸੀ। ਫਿਲਮ ਲਾਈਨ ਵਿਚ ਭਵਿੱਖ ਕਿੱਡਾ
ਸੁਨਹਿਰਾ ਤੇ ਸ਼ਾਨਦਾਰ ਵਿਖਾਈ ਦਿਆ ਕਰਦਾ
ਸੀ।...ਹੁਣ ਉਹ ਪਿਛਾਂਹ ਵੱਲ ਨਹੀਂ, ਅਗਾਂਹ
ਵੱਲ ਵੇਖ ਰਿਹਾ ਸੀ ਅਗਾਂਹ, ਆਪਣੇ ਭਵਿੱਖ
ਵੱਲ। ਫਿਲਮੀ ਜ਼ਿੰਦਗੀ ਵਾਲੇ ਭਵਿੱਖ ਵੱਲ ਨਹੀਂ,
ਆਪਣੀ ਹੁਣ ਦੀ ਜ਼ਿੰਦਗੀ ਦੇ ਭਵਿੱਖ ਵੱਲ।
ਪਰ ਭਵਿੱਖ ਉਸ ਨੂੰ ਹਨੇਰਾ ਦਿਸ ਰਿਹਾ
ਸੀ।
ਭਵਿੱਖ ਦੇ ਉਸ ਹਨੇਰੇ ਵਿਚ ਉਸ ਨੇ
ਆਪਣਾ ਚਿਹਰਾ ਵੇਖਣਾ ਚਾਹਿਆ, ਪਰ ਉਹ
ਵਿਖਾਈ ਨਾ ਦਿੱਤਾ।
ਭਵਿੱਖ ਦਾ ਚਿਹਰਾ! ਉਸ ਨੇ ਸੋਚਿਆ ਤੇ
ਸਾਹਮਣੇ ਚਿੱਤਰ ਵੱਲ ਵੇਖਿਆ। ਉਸਦੇ ਇਕ
ਟੋਟੇ ਨੂੰ ਉਹ ਦੇਰ ਤੱਕ ਵੇਖਦਾ ਰਿਹਾ, ਪਰ ਉਸ
ਵਿਚੋਂ ਵੀ ਆਪਣਾ ਭਵਿੱਖ ਦਾ ਚਿਹਰਾ ਨਾ ਵੇਖ
ਸਕਿਆ।
ਸ਼ਾਇਦ ਕੁਝ ਬੰਦਿਆਂ ਦਾ ਭਵਿੱਖ ਹੁੰਦਾ ਹੀ
ਨਹੀਂ, ਉਸ ਨੇ ਸੋਚਿਆ।
ਕੁਝ ਚਿਰ ਪਿੱਛੋਂ ਉਸ ਨੂੰ ਆਪਣੀਆਂ ਅੱਖਾਂ
ਬੋਝਲ ਹੁੰਦੀਆਂ ਜਾਪੀਆਂ। ਉਨ੍ਹਾਂ ਵਿਚ ਨੀਂਦ ਸੀ
ਤੇ ਥਕੇਵਾਂ ਸੀ ਪਰ ਉਹ ਚਿੱਤਰ ਵੱਲ ਇਕ ਟੱਕ
ਵੇਖਦਾ ਰਿਹਾ। ਉਸ ਦੀਆਂ ਅੱਖਾਂ ਮੀਟੀਆਂ ਜਾਣ
ਲਗੀਆਂ। ਅਖੀਰ, ਉਹ ਲੰਮਾ ਪੈ ਗਿਆ ਤੇ ਉਸ
ਨੂੰ ਨੀਂਦ ਆ ਗਈ।
ਸੁੱਤੇ ਪਿਆਂ ਉਸ ਨੇ ਜਿਵੇਂ ਸੁਪਨੇ ਵਿਚ
ਵੇਖਿਆ, ਚਿੱਤਰ ਦੇ ਟੁੱਟੇ ਹੋਏ ਕੱਚ ਦੀ ਥਾਂ ਨਵਾਂ
ਸਾਬਿਤ ਕੱਚ ਲੱਗਾ ਹੋਇਆ ਸੀ, ਤੇ ਉਹ ਕਈ
ਟੋਟਿਆਂ ਵਾਲਾ ਚਿਹਰਾ ਵੀ ਜਿਵੇਂ ਪੂਰਾ ਬਣ ਗਿਆ
ਸੀ। ਮੁਕਲ ਦੇ ਬਣਾਏ ਚਿਹਰੇ ਨਾਲੋਂ ਉਹ ਬਿਲਕੁਲ
ਹੀ ਵੱਖਰਾ ਚਿਹਰਾ ਜਾਪ ਰਿਹਾ ਸੀ ਤੇ ਉਹ ਚਿਹਰਾ
ਉਸ ਨੇ ਝੱਟ ਪਛਾਣ ਲਿਆ, ਉਸ ਦੀ ਮਾਂ ਦਾ
ਚਿਹਰਾ ਸੀ। ਬਿਲਕੁਲ ਪੂਰਾ ਚਿਹਰਾ ਪਰ ਤਦ
ਉਸ ਨੇ ਵੇਖਿਆ, ਮਾਂ ਦੀਆਂ ਅੱਖਾਂ ਵਿਚ ਹੰਝੂ
ਸਨ ਤੇ ਉਸ ਦੇ ਬੁੱਲ੍ਹਾਂ 'ਤੇ ਜੋ ਸਦੀਵੀ
ਮੁਸਕਰਾਹਟ ਹੁੰਦੀ ਸੀ, ਉਹ ਗ਼ਾਇਬ ਸੀ। ਉਸ
ਮੁਸਕਰਾਹਟ ਤੋਂ ਬਿਨਾਂ, ਉਸ ਨੂੰ ਲੱਗਾ, ਉਹ
ਚਿਹਰਾ ਉਸ ਦੀ ਮਾਂ ਦਾ ਨਹੀਂ ਸੀ। ਉਹ ਕੋਈ
ਬੜਾ ਓਪਰਾ ਚਿਹਰਾ ਸੀ।