Ik Vaari Phir (Punjabi Story) : Dalbir Chetan
ਇਕ ਵਾਰੀ ਫਿਰ (ਕਹਾਣੀ) : ਦਲਬੀਰ ਚੇਤਨ
ਪਾਸ਼ ਅੱਜ ਡਾਢੀ ਉਦਾਸ ਸੀ। ਛਾਂਗੇ ਹੋਏ ਰੁੱਖ ਵਾਂਗਰਾਂ ਉਦਾਸ, ਸਿਆਲ ਦੀ ਧੁੱਪ ਵਾਂਗਰਾਂ ਉਦਾਸ ਤੇ ਕਿਸੇ ਹੱਥੀਂ ਤੋਰੇ ਪਿਆਰੇ ਦੀ ਮੁੜ ਮੁੜ ਆਉਂਦੀ ਯਾਦ ਵਾਂਗਰਾਂ ਉਦਾਸ।
ਅੱਧ ਖੁੱਲ੍ਹੇ ਬੂਹੇ ਨੂੰ ਠਰੀ ਵ੍ਹਾ ਦਾ ਬੁੱਲ੍ਹਾ, ਧੱਕਾ ਦੇ ਕੇ ਅੰਦਰ ਲੰਘ ਆਇਆ। ਕੰਧ ਨਾਲ ਢੋਅ ਲਾ ਕੇ ਖਲੋਤੀ ਪਾਸ਼ ਕੰਬਣੀ ਖਾ ਕੇ ਰਹਿ ਗਈ। ਬੇਸੁਰਤੀ ਜਿਹੀ ਦੀ ਹਾਲਤ ਵਿਚ ਉਹਨੇ ਬੂਹਾ ਢੋਅ ਦਿੱਤਾ। ਆਪਣੇ ਠਰੇ ਹੱਥਾਂ ਨੂੰ ਮਘਦੇ ਹੀਟਰ ਉਤੇ ਸੇਕਦਿਆਂ ਵੀ ਉਹ ਕੰਬੀ ਜਾ ਰਹੀ ਸੀ। ਉਸ ਨੇ ਇਕ ਲੰਮਾ ਹਉਕਾ ਲਿਆ_ਆਪਣੀ ਜ਼ਿੰਦਗੀ ਦੇ ਦੁੱਖਾਂ ਵਰਗਾ ਲੰਮਾ! ਉਹਨੇ ਜ਼ਿੰਦਗੀ ਵਿਚ ਸਭ ਕੁਝ ਚੁੱਪ ਚਾਪ ਸਹਿ ਲਿਆ ਸੀ, ਕਦੇ ਵੀ ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਸ਼ਿਕਾਇਤ ਕਰਦੀ ਵੀ ਕੀਹਨੂੰ ? ਪਿਉ ਬਾਹਰੀ ਪਾਸ਼ ਦੀ ਇਕ ਬੁੱਢੀ ਮਾਂ ਤੇ ਛੋਟੀ ਭੈਣ ਹੀ ਸੀ। ਜ਼ਿੰਦਗੀ ਨੇ ਉਹਨਾਂ ਨੂੰ ਵੀ ਤਾਂ ਕੁਝ ਨਹੀਂ ਸੀ ਦਿੱਤਾ। ਬੁੱਢੇ ਤੇ ਛੋਟੇ ਹੱਥ ਆਪਣੇ ਆਸਰੇ ਲਈ, ਉਸਦੇ ਹੱਥਾਂ ਵੱਲ ਹੀ ਵੇਂਹਦੇ ਸਨ। ਉਹ ਆਪ ਹਿੰਮਤ ਨਾਲ ਗਿਆਨੀ ਕਰਕੇ ਇਕ ਸਕੂਲ ਵਿਚ ਪੜ੍ਹਾਉਣ ਲੱਗ ਪਈ ਤੇ ਉਸਦੀ ਤਨਖਾਹ ਨਾਲ ਘਰ ਦਾ ਥੋੜ੍ਹਾ ਬਹੁਤ ਧੂੰਆਂ ਧੁਖਣ ਲੱਗਾ।
ਨੌਕਰੀ ’ਤੇ ਲੱਗ ਕੇ ਉਹਨੇ ਆਪਣੀ ਉਮਰ ਤੋਂ ਵੀ ਭਾਰੇ ਫਰਜ਼ਾਂ ਦਾ ਭਾਰ ਸਿਰ ’ਤ ਚੁੱਕ ਲਿਆ। ਕਿਸੇ ਬਨੀਤੇ ਸ਼ਾਹ ਤੋਂ ਵਿਆਜੀ ਲਏ ਕਰਜ਼ੇ ਵਾਂਗ ਫਰਜ਼ਾਂ ਦਾ ਕਰਜ਼ਾ ਵੀ ਮੁੱਕਣ ਦਾ ਨਾਂ ਨਹੀਂ ਸੀ ਲੈਂਦਾ। ਪੱਥਰਾਂ ਜਿਹੇ ਹਾਲਾਤਾਂ ਨਾਲ ਮੱਥਾ ਮਾਰਦਿਆਂ ਉਹ ਆਪ ਵੀ ਇਕ ਪਠਾਰ ਜਿਹੀ ਬਣ ਕੇ ਰਹਿ ਗਈ ਸੀ। ਪਰ ਇਸ ਪਠਾਰ ਉਤੇ ਵੀ ਦੇਵ ਦੀ ਨੇੜਤਾ ਹਰਿਆਲੀ ਵਾਂਗ ਉੱਗ ਆਈ। ਸਕੂਲ ਦੇ ਸਾਰੇ ਸਟਾਫ਼ ’ਚੋਂ ਉਹਨੂੰ ਮਾਸਟਰ ਦੇਵ ਦੇ ਹੀ ਬੋਲ ਨਿੱਘੇ ਜਾਪਦੇ, ਖ਼ੁਸ਼ਬੂ ਵਰਗੇ। ਦੇਵ ਦੀਆਂ ਉਦਾਸ ਅੱਖਾਂ ’ਚੋਂ ਉਹਨੂੰ ਆਪਣਾ ਝਾਉਲਾ ਪੈਂਦਾ ਰਹਿੰਦਾ। ਇਸੇ ਲਈ ਉਹ ਉਹਦੇ ਕੋਲ ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ। ਮਨੁੱਖਤਾ ਦਾ ਦਰਦ ਹਿੱਕ ਨਾਲ ਲਾਈ ਉਹ ਉਸ ਨੂੰ ਰਾਜਨੀਤੀ ਸਮਝਾਉਦਾ, ਸਮਾਜ ਵਿਚਲੇ ਵਿਤਕਰੇ ਨੂੰ ਸਪਸ਼ਟ ਕਰਦਾ ਤੇ ਇਹਨਾਂ ਨੂੰ ਦੂਰ ਕਰਨ ਵਾਲੀ ਜੱਦੋਜਹਿਦ ਦੀ ਰੂਪਰੇਖਾ ਉਲੀਕਦਾ।
ਪਾਸ਼ ਦੀ ਦੇਵ ਵਿਚ ਦਿਲਚਸਪੀ ਵਧਦੀ ਗਈ। ਉਸਦਾ ਸਾਥ ਉਹਨੂੰ ਸੂਰਜ ਦੀ ਲੋਅ ਵਰਗਾ ਲੱਗਦਾ। ਉਹਦੇ ਦਿਲ ਵਿਚ ਕਈ ਵਾਰ ਆਉਂਦਾ ਕਿ ਉਹ ਸੂਰਜ ਵਰਗੇ ਦੇਵ ਨੂੰ ਆਖੇ, ‘‘ਵੇਖ, ਮੈਨੂੰ ਆਪਣੀ ਥੋੜ੍ਹੀ ਬਹੁਤ ਲੋਅ ਦੇਈ ਰੱਖੀ…ਕਿਤੇ ਮੈਂ ਨੇ੍ਹਰਿਆਂ ’ਚ ਭਟਕ ਨਾ ਜਾਵਾਂ।’’ ਪਰ ਇਕ ਦਿਨ ਉਹ ਹੈਰਾਨ ਹੀ ਰਹਿ ਗਈ। ਉਹਦਾ ਸੂਰਜ ਹੀ ਉਹਨੂੰ ਕਹਿ ਰਿਹਾ ਸੀ, ‘‘ਪਾਸ਼ੀ, ਤੇਰੇ ਨਾਲ ਇਕ ਗੱਲ ਕਰਨੀ ਐ’’, ਤੇ ਉਹ ਗੱਲ ਕਰਦਾ ਕਰਦਾ ਝਿਜਕ ਜਿਹਾ ਗਿਆ ਸੀ। ਫੇਰ ਉਹ ਪਾਸ਼ ਦੀਆਂ ਅੱਖਾਂ ਵੱਲ ਵੇਖ ਬੋਲਿਆ ਸੀ, ‘‘ਯਕੀਨ ਜਾਣੀ…ਮੈਂ ਕਦੇ ਵੀ ਆਪਣੇ ਵਿਆਹ ਬਾਰੇ ਨਹੀਂ ਸੀ ਸੋਚਿਆ। ਸੋਚਦਾ ਸੀ, ਜਿਹੜਾ ਰਾਹ ਮੈਂ ਚੁਣਿਆ ਉਸ ਵਿਚ ਇਸ ਲਈ ਕੋਈ ਥਾਂ ਨਹੀਂ…ਪਰ ਹੁਣ ਮੈਨੂੰ ਜਾਪਦਾ ਕਿ ਜੇ ਤੇਰਾ ਸਾਥ ਮਿਲ ਜਾਏ ਤਾਂ ਮੈਂ ਦੂਣੀ ਹਿੰਮਤ ਨਾਲ ਆਜ਼ਾਦੀ ਲਈ ਲੜ ਸਕਦਾਂ।’’ ਹਾਸਿਆਂ ਦੇ ਸਰੋਵਰ ਵਿਚ ਤਰਦੀ ਪਾਸ਼, ਉਦਾਸੀ ਦਾ ਗੋਤਾ ਖਾ ਗਈ। ਉਹ ਕਿੰਨਾ ਚਿਰ ਇਕ ਟੱਕ ਦੇਵ ਵੱਲ ਵੇਖਦੀ ਰਹੀ ਤੇ ਫੇਰ ਡਾਢੀ ਔਖ ਜਿਹੀ ਨਾਲ ਉਹਨੇ ‘ਨਾਂਹ’ ਵਿਚ ਸਿਰ ਹਿਲਾ ਦਿੱਤਾ, ‘‘ਦੇਵ ਤੇਰੇ ਵਧਾਏ ਹੱਥ ਨੂੰ ਮੋੜਦਿਆਂ ਮੈਨੂੰ ਆਪਣੇ ਸਾਹ ਮੁਕਦੇ ਜਾਪਦੇ ਨੇ ਪਰ ਯਕੀਨ ਕਰ ਲੈ ਤੇਰੇ ਸਾਥ ਦੀ ਲਕੀਰ ਮੇਰੀ ਤਲੀ ਉਤੇ ਹੈ ਨਹੀਂ…ਅਜੇ ਤਾਂ ਛੋਟੀ ਭੈਣ ਨੂੰ ਪੜ੍ਹਾ ਲਿਖਾ ਕੇ ਕਿਸੇ ਥਾਂ ਜੋਗੀ ਕਰਨਾ…ਫੇਰ ਬੁੱਢੀ ਮਾਂ ਨੂੰ ਵੀ ਤਾਂ ਕੋਈ ਆਸਰਾ ਚਾਹੀਦੈ’’, ਫੇਰ ਉਹ ਬੜੀ ਉਦਾਸ ਜਿਹੀ ਹੋਈ ਦੇਵ ਦੇ ਗੰਭੀਰ ਚਿਹਰੇ ਵੱਲ ਵੇਂਹਦਿਆਂ ਤਰਲੇ ਵਾਂਗ ਬੋਲੀ, ‘‘ਬਹੁਤ ਇਕੱਲੀ ਹਾਂ ਦੇਵ…ਮਨ ਦਾ ਆਸਰਾ ਬਣਿਆ ਰਹੀਂ…ਵੇਖੀਂ ਕਿਤੇ ਨਰਾਜ਼ ਹੋ ਕੇ ਮੈਥੋਂ ਦੂਰ ਨਾ ਚਲਾ ਜਾਈਂ…’’
ਪਰ ਦੇਵ ਅਜਿਹਾ ਦੂਰ ਗਿਆ ਕਿ ਮੁੜ ਜ਼ਿੰਦਗੀ ਵਿਚ ਵੇਖਣਾ ਵੀ ਨਸੀਬ ਨਾ ਹੋਇਆ। ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਵਿਚ ਰੁਲਦਿਆਂ ਅਖੀਰ ਜੇਲ੍ਹ ਵਿਚ ਹੀ ਉਸ ਦੀ ਜ਼ਿੰਦਗੀ ਦਾ ਅੰਤ ਹੋ ਗਿਆ।
ਸੀਤ ਹਵਾ ਦੇ ਝੋਕੇ ਨੇ ਢੋਇਆ ਬੂਹਾ ਖੋਲ੍ਹ ਦਿੱਤਾ। ਪਾਸ਼ ਨੇ ਉੱਠ ਕੇ ਤਖ਼ਤੇ ਭੇੜੇ ਤੇ ਅੰਦਰੋਂ ਚਿਟਕਣੀ ਲਾ ਦਿੱਤੀ। ਅੱਜ ਠਾਰ ਉਹਦੇ ਹੱਡਾਂ ’ਚੋਂ ਨਿਕਲਣ ਦਾ ਨਾਂ ਨਹੀਂ ਸੀ ਲੈ ਰਹੀ। ਉਹਨੇ ਹੀਟਰ ਨੂੰ ਖਿੱਚ ਕੇ ਹੋਰ ਲਾਗੇ ਕਰ ਲਿਆ…ਪਰ ਮਘਦੇ ਹੀਟਰ ਵੱਲ ਵੇਖ ਉਹ ਭੈਭੀਤ ਹੋ ਗਈ। ਉਸਨੂੰ ਮਾਂ ਦੀ ਚਿਖਾ ਯਾਦ ਆਈ…ਜਿਸ ਰਾਤ ਮਾਂ ਮਰੀ ਸੀ ਉਹ ਦੋਵੇਂ ਭੈਣਾਂ ਲਾਸ਼ ਨੂੰ ਚਿੰਬੜੀਆਂ ਸਾਰੀ ਰਾਤ ਰੋਂਦੀਆਂ ਰਹੀਆਂ ਸਨ। ਅਖ਼ੀਰ ਪਾਸ਼ ਨੇ ਆਪਣੇ ਅੱਥਰੂ ਪੰੂਝ ਛੋਟੀ ਭੈਣ ਨੂੰ ਗਲ ਲਾ ਲਿਆ ਸੀ, ‘‘ਇਹ ਤਾਂ ਦੁਖ ਸਾਰੀ ਉਮਰਾਂ ਦੇ ਰਾਣੀਏ, ਕਿੰਨਾ ਕੁ ਚਿਰ ਰੋਵਾਂਗੇ…ਹੌਂਸਲਾ ਕਰ, ਰੋਇਆਂ ਕਦੇ ਦੁੱਖ ਨਹੀਂ ਮੁੱਕਣੇ।’’
ਤੇ ਇਹਨਾਂ ਦੁੱਖਾਂ ਨੂੰ ਮੁਕਾਉਣ ਲਈ ਉਹਨੇ ਸਭ ਕੁਝ ਵਿਸਾਰ ਦਿੱਤਾ। ਛੋਟੀ ਭੈਣ ਨੂੰ ਪੜ੍ਹਾ ਲਿਖਾ ਕੇ ਨੌਕਰੀ ਉਤੇ ਲਗਾਇਆ ਤੇ ਫੇਰ ਇਕ ਚੰਗਾ ਘਰ ਲੱਭ ਕੇ ਉਹਦਾ ਵਿਆਹ ਕਰ ਦਿੱਤਾ। ਭੈਣ ਨੂੰ ਘਰੋਂ ਤੋਰ ਉਹ ਅਸਲੋਂ ਇਕੱਲੀ ਹੋ ਗਈ।
ਆਉਂਦਿਆਂ ਜਾਂਦਿਆਂ ਭੈਣ ਭਣਵਈਏ ਨੇ ਕਈ ਵੇਰ ਨਾਲ ਲਿਜਾਣ ਲਈ ਜ਼ੋਰ ਪਾਇਆ ਪਰ ਉਹਦਾ ਸਿਰ ਨਾਂਹ ਵਿਚ ਹੀ ਹਿੱਲਦਾ ਰਿਹਾ।
ਪਰ ਇਹ ਸੱਚ ਸੀ ਕਿ ਇਕੱਲ ਦੀ ਦੇਗ ਵਿਚ ਪਾਸ਼ ਤੋਂ ਉਬਲਿਆ ਨਹੀਂ ਸੀ ਜਾਂਦਾ। ਉਹਨੂੰ ਲੱਗਦਾ ਜਿਵੇਂ ਘਰ ਦੀਆਂ ਦੀਵਾਰਾਂ ਵਿਚ ਚਿਣੀ ਚਿਣੀ ਉਹ ਸਾਹ ਤੋੜ ਦੇਵੇਗੀ…ਜਿਵੇਂ ਇਕੱਲ ਦੀ ਤੱਤੀ ਤਵੀ ਉਹਨੂੰ ਝੁਲਸ ਕੇ ਰੱਖ ਦੇਵੇਗੀ। ਪਰ ਹੌਲੀ ਹੌਲੀ ਇਸ ਸਭ ਕਾਸੇ ਦੀ ਉਹਨੂੰ ਆਦਤ ਪੈ ਗਈ। ਕੰਧਾਂ ਦੇ ਗਲ ਲੱਗ, ਉਹਨੇ ਆਪਣੇ ਆਪ ਨੂੰ ਵਰਚਾ ਲਿਆ। ਸਮੇਂ ਦੇ ਪਾਣੀਆਂ ਵਿਚ ਵਗਦਿਆਂ ਉਹਨੇ ਇਕੱਲਤਾ ਦੇ ਬਾਈ ਸਾਲ ਇਨ੍ਹਾਂ ਪਾਣੀਆਂ ਵਿਚ ਹੀ ਖੋਰ ਦਿੱਤੇ। ਇਹ ਬਨਵਾਸ ਕੱਟਦਿਆਂ ਸਿਰਫ਼ ਕਿਤਾਬਾਂ ਹੀ ਉਹਦੇ ਸੰਗ ਤੁਰੀਆਂ ਸਨ, ਉਨ੍ਹਾਂ ਨੇ ਹੀ ਸੰਗ ਸਹੇਲੀਆਂ ਵਾਂਗ ਦੁੱਖਾਂ ਵਿਚ ਵੀ ਉਹਦਾ ਹੱਥ ਫੜੀ ਰੱਖਿਆ ਸੀ, ਪਰ ਕਦੇ ਕਦੇ ਕਹਿਰ ਵਰਗੇ ਦਿਨਾਂ ’ਚ ਕੋਈ ਵੀ ਸਹਾਰਾ ਉਹਦੇ ਨਾਲ ਨਹੀਂ ਸੀ ਤੁਰਦਾ।
ਅੱਜ ਉਹ ਘੜੀ ਪਹਿਲਾਂ ਕਮਰੇ ਵਿਚ ਬੈਠੀ ਪੜ੍ਹ ਰਹੀ ਸੀ ਕਿ ਹੋਣੀ ਦੇ ਹੱਥਾਂ ਨੇ ਬੂਹਾ ਠਕੋਰਿਆ। ਉਹਨੇ ਬੂਹਾ ਖੋਲ੍ਹਿਆ ਤਾਂ ਇਕ ਓਪਰਾ ਮਰਦ ਬਾਹਰ ਖੜ੍ਹਾ ਸੀ, ‘‘…ਜੀ ਮੈਂ ਪਾਸ਼ ਹੋਰਾਂ ਨੂੰ ਮਿਲਣਾ ?’’ ਪਾਸ਼ ਨੇ ਓਪਰੇ ਆਦਮੀ ਵੱਲ ਗਹੁ ਨਾਲ ਤੱਕਿਆ, ਪਰ ਉਹ ਬਿਲਕੁਲ ਹੀ ਬੇਸਿੰਝਾਣਾ ਸੀ, ਆਖਿਆ, ‘‘ਆਉ ਮੈਂ ਹੀ ਪਾਸ਼ ਹਾਂ, ਲੰਘ ਆਉ।’’ ਕੋਈ ਅੱਧੀ ਸਦੀ ਹੰਢਾ ਚੁੱਕਾ ਓਪਰਾ ਮਰਦ ਅੰਦਰ ਲੰਘ ਆਇਆ।
‘‘ਤੁਸੀਂ ਮੈਨੂੰ ਨਹੀਂ ਜਾਣਦੇ’’ ਆਉਣ ਵਾਲੇ ਨੇ ਕਿਹਾ, ‘‘ਬਸ, ਇਕ ਇਤਫ਼ਾਕ ਹੀ ਸਮਝੋ ਕਿ ਮੈਂ ਤੁਹਾਡੇ ਤਕ ਆ ਪਹੁੰਚਾ ਹਾਂ।’’ ਆਉਣ ਵਾਲੇ ਨੇ ਆਪਣੀਆਂ ਐਨਕਾਂ ਲਾਹ ਕੇ, ਕੁੜਤੇ ਦੀ ਕੰਨੀ ਨਾਲ ਸਾਫ ਕੀਤੀਆਂ ਤੇ ਫੇਰ ਲਾਉਂਦਿਆਂ ਆਖਿਆ_‘‘ਅੱਜ ਤੋਂ ਕੋਈ ਚੌਵੀ ਸਾਲ ਪਹਿਲਾਂ ਦੇਵ ਦਾ ਮੇਰੀਆਂ ਬਾਹਾਂ ਵਿਚ ਸਾਹ ਤੋੜ ਜਾਣਾ ਇਕ ਇਤਫ਼ਾਕ ਹੀ ਸੀ।’’ ਪਾਸ਼ ਦੇਵ ਦਾ ਨਾਂ ਸੁਣ ਕੇ ਪੂਰੀ ਕੰਬ ਗਈ। ਇਕ ਭਰਵਾਂ ਸਾਹ ਲੈਂਦਿਆਂ, ਉਹਨੇ ਆਪਣੇ ਆਪ ਨੂੰ ਸੂਤ ਕੀਤਾ। ਓਪਰਾ ਮਰਦ ਕਹਿ ਰਿਹਾ ਸੀ, ‘‘ਭੁੱਖ ਹੜਤਾਲ ਦੇ ਬਤਾਲ੍ਹੀਵੀਏ ਦਿਨ ਉਹਦੀ ਹਾਲਤ ਬਹੁਤ ਹੀ ਮਾੜੀ ਹੋ ਗਈ। ਉਸ ਦਿਨ ਮੈਂ ਪਹਿਰੇ ਉੱਤੇ ਸੀ। ਦੇਵ ਭੋਰਾ ਭੋਰਾ ਕਰਕੇ ਮੇਰੀਆਂ ਅੱਖਾਂ ਅੱਗ ਮਰ ਰਿਹਾ ਸੀ। ਮੈਥੋਂ ਜਰਿਆ ਨਾ ਗਿਆ। ਪੁਲਿਸ ਦੀ ਵਰਦੀ ਦੀ ਪਰਵਾਹ ਨਾ ਕਰਦਿਆਂ ਮੈਂ ਉਹਦੇ ਸਿਰ੍ਹਾਣੇ ਜਾ ਬੈਠਾ। ਪੁੱਛਿਆ, ‘‘ਦੇਵ, ਕੋਈ ਸੇਵਾ ਮੇਰੇ ਲਾਇਕ…’’ ਉਹ ਕਹਿਣ ਲੱਗਾ, ‘‘ਬਸ ਦੋਸਤਾ, ਤੇਰੀ ਬੜੀ ਕਿਰਪਾ…ਪੁਲਸ ਦੀ ਵਰਦੀ ’ਚ ਹੁੰਦਿਆਂ ਵੀ ਤੂੰ ਹਮਦਰਦ ਬਣਿਆ ਏਂ…ਬਸ ਇਕ ਹਿਰਖ ਐ ਕਿ ਤੁਸਾਂ ਇਹ ਹਥਿਆਰ ਸਾਨੂੰ ਬੰਦੀ ਬਣਾਉਣ ਲਈ ਕਿਉਂ ਚੁੱਕੇ ਨੇ ?…ਕਿਉਂ ਨਹੀਂ ਇਨ੍ਹਾਂ ਦਾ ਮੂੰਹ ਉਧਰ ਮੋੜਦੇ ਜੋ ਸਾਡੇ ਦੇਸ਼ ਦੀ ਕਿਸਮਤ ਨਹੀਂ ਬਨਣ ਦੇਂਦੇ…?’’ ਦੇਵ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਸਿੱਲੀਆਂ ਹੋ ਗਈਆਂ। ਮੇਰੇ ਅੱਥਰੂ ਪੂੰਝਦਾ ਉਹ ਬੋਲਿਆ, ‘‘ਵੇਖ, ਰੋਣਾ ਨਹੀਂ, ਅਸੀਂ ਤਾਂ ਰੋਂਦੀਆਂ ਅੱਖਾਂ ਦੇ ਅੱਥਰੂ ਪੂੰਝਣ ਲਈ ਨਿਕਲੇ ਹਾਂ…।’’ ਫੇਰ ਜੀ ਉਹਦੇ ਅੱਥਰੂ ਤਾਂ ਸੁੱਕ ਗਏ ਮੇਰੇ ਅਜੇ ਤਕ ਨਹੀਂ ਸੁੱਕੇ। ਮੈਂ ਉਹਦੀ ਲਾਸ਼ ਨਾਲ ਚੰਬੜਿਆ ਧਾਵਾਂ ਮਾਰ ਕੇ ਰੋ ਉਠਿਆ। ਹੋਰਨਾਂ ਕੈਦੀਆਂ ਨੂੰ ਜਦੋਂ ਦੇਵ ਦੀ ਮੌਤ ਦਾ ਪਤਾ ਲੱਗਾ ਤਾਂ ਜੇਲ੍ਹ ਵਿਚ ਨਾਹਰਿਆਂ ਦਾ ਇਕ ਸ਼ੋਰ ਮਚ ਉੱਠਿਆ। ਸਾਰਿਆਂ ਦੀ ਰਲਵੀਂ ਆਵਾਜ਼ ਜੇਲ੍ਹ ਕਰਮਚਾਰੀਆਂ ਨੂੰ ਕਹਿਰ ਵਰਗੀ ਲੱਗੀ। ਉਹ ਦਗੜ੍ਹ ਦਗੜ੍ਹ ਕਰਕੇ ਸਾਡੇ ਵੱਲ ਭੱਜ ਆਏ। ਇਕ ਬਾਗ਼ੀ ਦੀ ਲਾਸ਼ ਉੱਤੇ ਮੈਨੂੰ ਰੋਂਦਿਆਂ ਵੇਖ, ਗੋਰਾ ਸੁਪਰਡੈਂਟ ਖ਼ਤਰੇ ਨੂੰ ਭਾਂਪ ਗਿਆ। ਆਉਂਦਿਆਂ ਹੀ, ਲਾਗੇ ਪਈ ਰਾਈਫਲ ਨੂੰ ਕਾਬੂ ਕਰਦਿਆਂ ਉਹ ਮੇਰੇ ਉੱਤੇ ਵਰ੍ਹਿਆ, ‘‘ਤੈਨੂੰ ਪਤੈ, ਤੂੰ ਇਕ ਖਤਰਨਾਕ ਬਾਗ਼ੀ ਦਾ ਪੱਖ ਪਾਲ ਰਿਹੈਂ ? ਇਕ ਗਦਾਰ ਨਾਲ ਹਮਦਰਦੀ ਦੇ ਗੁਨਾਹ ਦੀ ਸਜ਼ਾ ਜਾਣਦੈਂ ?’’ ਜਿਸ ਗੋਰੇ ਅਫ਼ਸਰ ਦੇ ਸਾਹਮਣੇ ਖਲੋਤਾ ਮੈਂ ਕੰਬ ਜਾਇਆ ਕਰਦਾ ਸੀ, ਉਸ ਦਿਨ ਤਣ ਕੇ ਖਲੋ ਗਿਆ।’’
ਬੋਲਦਿਆਂ ਬੋਲਦਿਆਂ ਓਪਰੇ ਮਰਦ ਨੇ ਹਉਕੇ ਵਰਗੀ ਉਦਾਸ ਪਾਸ਼ ਨੂੰ ਵੇਖਿਆ। ਉਸ ਦੀਆਂ ਅੱਖਾਂ ਵਿਚ ਅਤੀਤ ਦਾ ਬੱਦਲ ਫਟ ਕੇ ਪਾਣੀਉਂ ਪਾਣੀ ਬਣ ਚੁੱਕਾ ਸੀ। ਆਪਣੀ ਉਮਰ ਜੇਡਾ ਹੌਕਾ ਲੈਂਦਿਆਂ ਪਾਸ਼ ਨੇ ਆਪਣੇ ਆਪ ਨੂੰ ਸੰਭਾਲਿਆ। ਉਹ ਨਹੀਂ ਸੀ ਚਾਹੁੰਦੀ ਕਿ ਘਰ ਆਏ ਅਨਜਾਣ ਮਹਿਮਾਨ ਅੱਗੇ ਉਹਦੀਆਂ ਅੱਖਾਂ ਵਰ੍ਹ ਪੈਣ। ਉਹ ਚੁੱਪਚਾਪ ਉੱਠੀ ਤੇ ਮਹਿਮਾਨ ਤੋਂ ਉਹਲੇ ਹੋ ਕੇ ਅੱਖਾਂ ਪੂੰਝ ਆਈ।
ਪਰ ਰਸੋਈ ’ਚ ਚਾਹ ਬਣਾਉਂਦੀ ਪਾਸ਼ ਦੇ ਸਾਹ, ਮਘਦੇ ਸਟੋਵ ਨਾਲੋਂ ਵੀ ਜ਼ਿਆਦਾ ਤੱਤੇ ਸਨ। ਅੱਜ ਵਾਲਾ ਕਹਿਰ ਉਹਦੇ ਕੋਲੋਂ ਝੱਲ ਨਹੀਂ ਸੀ ਹੋਇਆ। ਸ਼ਾਂਤ ਮਨ ਦੇ ਪਾਣੀਆਂ ਵਿਚ ਅੱਜ ਦਾ ਹਾਦਸਾ ਇਕ ਭਾਰਾ ਪੱਥਰ ਬਣ ਕੇ ਡਿੱਗਾ, ਜਿਸਨੇ ਹੇਠਲੀ ਤਹਿ ਵਿਚ ਗਰਕ ਹੋ ਚੁੱਕੀਆਂ ਕਿੰਨ੍ਹੀਆਂ ਹੀ ਯਾਦਾਂ ਨੂੰ ਫੇਰ ਹੰਗਾਲ ਕੇ ਉੱਤੇ ਲੈ ਆਂਦਾ। ਆਪਣੇ ਮਨ ਦੇ ਪਾਣੀਆਂ ਵਿਚ ਉਹਨੂੰ ਹਰ ਹਰਫ਼ ਤਰਦੇ ਸਾਫ਼ ਵਿਖਾਈ ਦਿੱਤੇ ਜਿਹੜੇ ਦੇਵ ਦੀ ਆਖ਼ਰੀ ਚਿੱਠੀ ਵਿਚ ਉਹਦੇ ਲਈ ਬੇਚੈਨੀਆਂ ਦਾ ਵਣਜ ਵਿਹਾਜ ਲਿਆਏ ਸਨ। ‘‘ਆਪਣੀ ਪਹਿਲੀ ਉਮਰੇ ਮੈਂ ਸਿਰਫ਼ ਆਜ਼ਾਦੀ ਨੂੰ ਹੀ ਪਿਆਰ ਕੀਤਾ ਸੀ। ਇਸਦੀ ਪ੍ਰਾਪਤੀ ਲਈ ਜਦੋਂ ਮੈਂ ਆਪਣੇ ਆਪ ਨੂੰ ਤਗੜਾ ਕਰ ਰਿਹਾ ਸੀ, ਤੂੰ ਵੀ ਆਜ਼ਾਦੀ ਜਿੰਨੀ ਹੀ ਪਿਆਰੀ ਲੱਗਣ ਲੱਗ ਪਈ…ਤੇ ਅੱਜ, ਮੌਤ ਤੋਂ ਥੋੜ੍ਹੇ ਕਦਮਾਂ ਦੀ ਵਿੱਥ ’ਤੇ ਖੜ੍ਹਾ ਸੋਚਦਾ ਹਾਂ ਮੇਰੀ ਵਾਰ ਕੁਦਰਤ ਏਨੀ ਕੰਜੂਸ ਕਿਉਂ ਹੋ ਗਈ ?…ਘੱਟੋ ਘੱਟ ਇਕ ਚੀਜ਼ ਤਾਂ ਦੇ ਛੱਡਦੀ…।’’
ਚਾਹ ਉਬਲ ਕੇ ਸਟੋਵ ਉੱਤੇ ਪਈ ਤਾਂ ਪਾਸ਼ ਦੀ ਸੁਰਤ ਮੁੜੀ। ਚਾਹ ਨੂੰ ਗਲਾਸਾਂ ਵਿਚ ਪਾ, ਉਹ ਅਜਨਬੀ ਕੋਲ ਆ ਬੈਠੀ। ਗਲਾਸ ਫੜਾਉਂਦਿਆਂ ਪੁੱਛਿਆ, ‘‘ਫੇਰ ਤੁਹਾਡੇ ਨਾਲ ਕੀ ਵਾਪਰਿਆ ?’’
‘‘ਬਸ ਜੀ, ਵਾਪਰਨਾ ਕੀ ਸੀ’’, ਅਜਨਬੀ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ, ‘‘ਮੈਨੂੰ ਵੀ ਸੱਤ ਸਾਲ ਦੀ ਕੈਦ ਠੁੱਕ ਗਈ। ਅਜੇ ਕੈਦ ਪੂਰੀ ਵੀ ਨਹੀਂ ਸੀ ਹੋਈ ਕਿ ਦੇਸ਼ ਆਜ਼ਾਦ ਹੋਣ ਨਾਲ ਅਸੀਂ ਵੀ ਆਜ਼ਾਦ ਹੋ ਗਏ।’’ ਅਜਨਬੀ ਨੇ ਦੋ ਕੁ ਘੁੱਟਾਂ ਹੋਰ ਭਰਦਿਆਂ ਕਿਹਾ, ‘‘ਕੁਝ ਕੁ ਸਾਲ ਤਾਂ ਹੋਸ਼ ਈ ਨਾ ਰਹੀ…ਬਸ, ਆਜ਼ਾਦੀ ਦੀ ਖੁਮਾਰੀ ਵਿਚ ਹੀ ਉੱਡੇ ਫਿਰਦੇ ਰਹੇ।…ਤੇ ਜਦ ਖੁਮਾਰੀ ਲੱਥੀ ਤਾਂ ਮਹਿਸੂਸ ਹੋਇਆ ਕਿ ਕੋਈ ਬਹੁਤ ਕੁਝ ਨਹੀਂ ਸੀ ਬਦਲਿਆ। ਜਦੋਂ ਅਸੀਂ ਫੇਰ ਆਵਾਜ਼ ਬੁਲੰਦ ਕੀਤੀ ਤਾਂ ਉਹੀ ਪੁਲਿਸ, ਉਹੀ ਤਸੀਹੇ, ਉਹੀ ਅਦਾਲਤਾਂ ਤੇ ਜੇਲ੍ਹਾਂ…ਕੁਝ ਚਿਰ ਤੋਂ ਮੈਂ ਦੇਵ ਦੀ ਜੀਵਨੀ ਲਿਖਣ ਬਾਰੇ ਸੋਚ ਰਿਹਾ ਹਾਂ। ਇਸੇ ਲਈ ਪੱੁਛਦਾ ਪੁਛਾਂਦਾ ਉਸ ਸਕੂਲ ਪਹੁੰਚਾ ਜਿਥੇ ਦੇਵ ਪੜ੍ਹਾਇਆ ਕਰਦਾ ਸੀ। ਸਕੂਲ ਦੇ ਇਕ ਪੁਰਾਣੇ ਟੀਚਰ ਨੇ ਤੁਹਾਡਾ ਨਾਂ ਲੈਂਦਿਆਂ ਦੱਸਿਆ ਕਿ ਦੇਵ ਦੀ ਨਿੱਜੀ ਜ਼ਿੰਦਗੀ ਬਾਰੇ ਤੁਸੀਂ ਹੀ ਵੱਧ ਤੋਂ ਵੱਧ ਦੱਸ ਸਕਦੇ ਹੋ। ਤੁਹਾਡਾ ਨਾਂ ਮੇਰੇ ਮਨ ਦੀ ਹਨੇਰੀ ਗੁੱਠੇ ਇਕ ਚਾਨਣ ਵਾਂਗ ਚਮਕਿਆ, ਮੈਨੂੰ ਯਾਦ ਆਇਆ ਕਿ ਇਸ ਨਾਂ ਵਾਲੀਆਂ ਚਿੱਠੀਆਂ ਦੇਵ ਮੇਰੇ ਰਾਹੀਂ ਹੀ ਡਾਕੇ ਪੁਆਇਆ ਕਰਦਾ ਸੀ। ਉਸ ਟੀਚਰ ਤੋਂ ਥਹੁ ਪਤਾ ਪੁੱਛ ਮੈਂ ਤੁਹਾਡੇ ਤਕ ਅਪੜਿਆ ਹਾਂ…।’’
ਫੇਰ ਉਹ ਦੇਵ ਦੀਆਂ ਗੱਲਾਂ ਵਿਚ ਅਜਿਹੇ ਜੁੜੇ ਕਿ ਆਲੇ ਦੁਆਲੇ ਦੀ ਵੀ ਸੁੱਧ ਬੁੱਧ ਨਾ ਰਹੀ। ਜਦ ਕਮਰੇ ਅੰਦਰ ਹਨੇਰੇ ਦੇ ਪਰਛਾਵੇਂ ਡਾਢੇ ਸੰਘਣੇ ਹੋ ਗਏ ਤਾਂ ਪਾਸ਼ ਤ੍ਰਭਕ ਕੇ ਉੱਠੀ ਤੇ ਬੱਤੀ ਬਾਲ ਦਿੱਤੀ। ਦੋਵੇਂ ਖਾਲੀ ਗਲਾਸ ਚੁੱਕ ਇਕ ਪਾਸੇ ਰੱਖਦੀ, ਉਹ ਫੇਰ ਆਪਣੀ ਥਾਂ ’ਤੇ ਆ ਬੈਠੀ।
‘‘ਮੈਂ ਬਹੁਤਾ ਚਿਰ ਰੁਕ ਨਹੀਂ ਸਕਦਾ…ਬਸ ਇਕ ਗੱਲ ਹੋਰ…ਤੁਹਾਡੇ ਲਈ ਹੋਵੇਗੀ ਤਾਂ ਔਖੀ ਪਰ ਜੇਲ੍ਹ ਵੇਲੇ ਦੀਆਂ ਲਿਖੀਆਂ ਦੇਵ ਦੀਆਂ ਚਿੱਠੀਆਂ ਮੇਰੀ ਬੜੀ ਮਦਦ ਕਰ ਸਕਦੀਆਂ ਨੇ।’’
‘‘ਚਿੱਠੀਆਂ ?’’ ਪਾਸ਼ ਦੀ ਸੋਚ ਨੂੰ ਇਕ ਝਟਕਾ ਲੱਗਾ, ‘‘ਮੇਰੇ ਕੋਲ ਜੀਊਣ ਲਈ ਕੁਝ ਤਾਂ ਰਹਿਣ ਦਿਉ…’’ ਕਹਿਣਾ ਚਾਹੁੰਦੀ ਸੀ, ਪਰ ਇਸ ਸੋਚ ਨੂੰ ਸ਼ਬਦ ਨਾ ਜੁੜੇ। ਉਸ ਦੀਆਂ ਉਦਾਸ ਅੱਖਾਂ ਨੇ ਜਦ ਅਜਨਬੀ ਵੱਲ ਤੱਕਿਆ ਤਾਂ ਉਹ ਤ੍ਰਹਿ ਗਈ। ਕੁਰਸੀ ਉੱਤੇ ਬੈਠਾ ਓਪਰਾ ਆਦਮੀ ਉਹਨੂੰ ਦੇਵ ਦਾ ਹੀ ਬਦਲਿਆ ਰੂਪ ਜਾਪਿਆ। ਉਹੋ ਗੱਲਾਂ, ਉਹੋ ਸਾਦਗੀ ਤੇ ਅੱਖਾਂ ਦੀਆਂ ਡੂੰਘਿਆਈਆਂ ਵਿਚ ਤਰਦਾ ਲੋਕਾਂ ਲਈ ਉਹੋ ਜਿਹਾ ਹੀ ਦਰਦ। ‘‘ਅਸਲ ਵਿਚ ਦੇਵ ਨੇ ਮੈਨੂੰ ਕੋਈ ਚਿੱਠੀ ਲਿਖੀ ਹੀ ਨਹੀਂ।’’ ਪਾਸ਼ ਨੇ ਇਕ ਡੂੰਘਾ ਸਾਹ ਲੈਂਦਿਆਂ ਕਿਹਾ, ‘‘ਉਹਨੇ ਜੋ ਵੀ ਮੈਨੂੰ ਲਿਖਿਆ ਉਹ ਲੋਕਾਂ ਲਈ ਹੀ ਸੀ।’’ ਤੇ ਉਸਨੇ ਟਰੰਕ ਵਿਚੋਂ ਰੁਮਾਲ ਨਾਲ ਵਲੇਟੀਆਂ ਸਾਰੀਆਂ ਚਿੱਠੀਆਂ ਕੱਢ ਕੇ ਅਜਨਬੀ ਨੂੰ ਫੜ੍ਹਾ ਦਿੱਤੀਆਂ। ‘‘ਲਉ, ਤੁਸੀਂ ਪੜ੍ਹ ਲਉ…ਓਨਾ ਚਿਰ ਮੈਂ ਰੋਟੀ ਦਾ ਆਹਰ ਕਰਾਂ।’’ ਅਜਨਬੀ ਨੇ ਚਿੱਠੀਆਂ ਫੜਦਿਆਂ ਆਪਣੀ ਘੜੀ ਵੱਲ ਵੇਖਿਆ, ‘‘ਇਥੋਂ ਅੰਬਰਸਰ ਕਿੰਨੇ ਕੁ ਚਿਰ ਦਾ ਰਾਹ ਹੋਵੇਗਾ ?’’
‘‘ਬਸ, ਕੋਈ ਅੱਧੇ ਕੁ ਘੰਟੇ ਦਾ।’’
‘‘ਫੇਰ ਤਾਂ ਮੈਨੂੰ ਚੱਲਣਾ ਚਾਹੀਦੈ!’’
‘‘ਨਹੀਂ, ਇੰਜ ਨਾ ਸੋਚੋ, ਤੁਸੀਂ ਇਥੇ ਬਗ਼ੈਰ ਝਿਜਕ ਦੇ ਰਾਤ ਰਹਿ ਸਕਦੇ ਹੋ।’’
‘‘ਰਾਤ ਰਹਿਣ ਦੀ ਗੱਲ ਨਹੀਂ ਪਾਸ਼ੀ, ਪਰ ਮੈਂ ਜ਼ਰੂਰੀ ਕੰਮ ਕਲਕੱਤੇ ਜਾ ਰਿਹਾਂ…ਕਿਸੇ ਵੀ ਤਰ੍ਹਾਂ ਰੁਕ ਨਹੀਂ ਸਕਦਾ।’’ ਆਪਣਾ ਨਾਂ ਇਕ ਅਜਨਬੀ ਦੇ ਮੂੰਹੋਂ ਏਨੀ ਅਪਣੱਤ ਨਾਲ ਸੁਣ ਕੇ ਪਾਸ਼ੀ ਹਿੱਲ ਜਿਹੀ ਗਈ, ਦੇਵ ਵੀ ਬਹੁਤੀ ਵਾਰ ਉਹਨੂੰ ਇੰਜ ਹੀ ਸੱਦਿਆ ਕਰਦਾ ਸੀ। ਤੇ ਅੱਜ ਇਕ ਲੰਬੇ ਅਰਸੇ ਤੋਂ ਬਾਅਦ ਇਕ ਓਪਰਿਆਂ ਵਾਂਗ ਆਏ ਇਸ ਪ੍ਰਾਹੁਣੇ ਨੇ ਉਸੇ ਨਾਂ ਨੂੰ ਦੁਹਰਾ ਕੇ ਪਾਸ਼ ਨੂੰ ਇਕ ਕਾਂਬਾ ਜਿਹਾ ਛੇੜ ਦਿੱਤਾ। ‘‘ਤੁਸੀਂ ਫੇਰ ਕਦੋਂ ਆਉਗੇ…?’’
‘‘ਇਹ ਫੇਰ ਸਾਡੀ ਜ਼ਿੰਦਗੀ ਵਿਚ ਬਹੁਤ ਘੱਟ ਆਉਂਦੀ ਏ। ਪਤਾ ਨਹੀਂ ਕਿਹੜੀ ਥਾਂ ਮੁਕਾਬਲੇ ਲਈ ਉਡੀਕ ਰਹੀ ਹੋਵੇਗੀ ?’’ ਪਾਸ਼ ਨੂੰ ਲੱਗਾ ਉਹ ਅਜਨਬੀ ਦੀ ਹਿੱਕ ਨਾਲ ਆਪਣਾ ਸਿਰ ਲਾ ਕੇ, ਉਮਰਾਂ ਦੇ ਡੱਕੇ ਅੱਥਰੂ ਵਗਾ ਛੱਡੇ, ਪਰ ਆਪਣੇ ਉੱਤੇ ਜ਼ਬਤ ਰੱਖਦਿਆਂ ਉਹਨੇ ਸਿਰ ਕੰਧ ਨਾਲ ਜੋੜ ਲਿਆ।
‘‘ਨਹੀਂ ਪਾਸ਼ੀ, ਰੋਣਾ ਨਹੀਂ। ਇਹ ਅੱਥਰੂ ਰੋਇਆਂ ਨਹੀਂ…ਮੁਕਾਇਆਂ ਹੀ ਮੁਕਣੇ ਨੇ।’’ ਓਪਰੇ ਮਰਦ ਨੇ ਕਿਹਾ ਤੇ ਕੁਝ ਚੇਤੇ ਆ ਜਾਣ ਵਾਂਗ, ਕਾਹਲੀ ਨਾਲ ਆਪਣੀ ਘੜੀ ਵੱਲ ਵੇਖਿਆ। ‘‘ਅੱਛਾ ਮੈਂ ਚਲਦਾਂ…ਕਿਤੇ ਗੱਡੀਓਂ ਨਾ ਖੰੁਝ ਜਾਵਾਂ!’’ ਅਜਨਬੀ ਨੇ ਬੰਦ ਅੱਖਾਂ ਵਿਚੋਂ ਹੰਝੂ ਕੇਰਦੀ ਪਾਸ਼ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਘੁੱਟ ਲਏ। ‘‘ਜਾਣ ਤੋਂ ਪਹਿਲਾਂ ਆਪਣਾ ਨਾਂ ਤਾਂ ਦੱਸਦੇ ਜਾਉ ?’’ ਪਾਸ਼ ਨੇ ਆਪਣੀ ਮੁਕਦੀ ਜਾਂਦੀ ਸੁਰਤ ਦੀ ਕਿਸੇ ਤੰਦ ਨੂੰ ਹੱਥ ਪਾਉਂਦਿਆਂ ਕਿਹਾ।
‘‘ਨਾਂ ਕੀ ਦੱਸਾਂ ਪਾਸ਼ੀ…ਇਸ ਰਾਹ ’ਤੇ ਤੁਰਨ ਵਾਲਿਆਂ ਦਾ ਕੋਈ ਨਾਂ ਨਹੀਂ ਹੁੰਦਾ…ਪਰ ਇਕ ਲੰਮੇ ਅਰਸੇ ਤੋਂ ਦੇਵ ਦੀ ਪੈੜ ਉਤੇ ਤੁਰਦਿਆਂ, ਮੈਂ ਆਪਣੇ ਆਪ ਨੂੰ ਦੇਵ ਹੀ ਸਮਝਣ ਲੱਗ ਪਿਆ ਹਾਂ।’’
ਘਰ ਆਇਆ ਓਪਰਾ ਮਰਦ ਦੇਵ ਬਣ ਕੇ ਚਲਾ ਗਿਆ ਤੇ ਪਾਸ਼ ਡਾਢੀ ਹੀ ਉਦਾਸ ਹੋ ਗਈ…ਛਾਂਗੇ ਹੋਏ ਰੁੱਖ ਵਾਂਗਰਾਂ ਉਦਾਸ। ਸਿਆਲ ਦੀ ਧੁੱਪ ਵਾਂਗਰਾਂ ਉਦਾਸ ਤੇ ਕਿਸੇ ਹੱਥੀਂ ਤੋਰੇ ਪਿਆਰੇ ਦੀ ਮੁੜ ਮੁੜ ਆਉਂਦੀ ਯਾਦ ਵਾਂਗਰਾਂ ਉਦਾਸ…।