Ik Bakkri Ik Teeveen (Punjabi Story) : Lochan Singh Bakshi

ਇਕ ਬੱਕਰੀ ਇਕ ਤੀਵੀਂ (ਕਹਾਣੀ) : ਲੋਚਨ ਸਿੰਘ ਬਖਸ਼ੀ

'ਇਕ ਬੱਕਰੀ ਇਕ ਤੀਵੀਂ' -- ਮੈਂ ਕਈ ਵਾਰ ਸੋਚਦਾ ਹਾਂ ਕਿਸੇ ਦੇ ਜੀਵਨ ਵਿੱਚ ਕੀ ਮਹਤਤਾ ਰਖ ਸਕਦੀਆਂ ਹਨ। ਪਰ 'ਮੰਨਸਾ' ਦੀ ਸਾਰੀ ਦੀ ਸਾਰੀ ਜ਼ਿੰਦਗੀ ਕੇਵਲ ਇਹੋ ਕੁਝ ਹੀ ਸੀ, ਇਕ ਬੱਕਰੀ ਇਕ ਤੀਵੀਂ

-- ਬੱਕਰੀ ਜਿਹੜੀ ਛੋਟੀ ਜਹੀ ਅਜੇ ਉਸਨੇ ਕੱਲ ਹੀ ਖ਼ਰੀਦੀ ਸੀ, ਇਕ ਨਿੱਕੀ ਜਹੀ ਮੇਮਣੀ। ਤੇ ਅਜ ਉਹ ਇਕ ਚੰਗੀ ਤਕੜੀ ਬੱਕਰੀ ਬਣ ਗਈ ਸੀ। ਤੇ 'ਮੰਨਸਾ' ਦੇ ਕਹੇ ਅਨੁਸਾਰ ਉਸ ਨੇ ਕੁਝ ਦਿਨਾਂ ਨੂੰ ਮਾਂ ਬਣ ਜਾਣਾ ਸੀ। ਆਪਣੇ ਵਰਗੀ ਇਕ ਹੋਰ ਮੇਮਣੀ ਦੀ ਮਾਂ! ਉਹ ਸਾਰਾ ਦਿਨ ਉਸਦੇ ਮਗਰ ਭੱਜਦਾ ਰਹਿੰਦਾ 'ਛੇ ....ਛੇ' ਕਰਕੇ ਉਹ ਉਸ ਨੂੰ ਪੁਚਕਾਰਦਾ ਸੀ ਤੇ ਆਪਣੇ ਵਲ ਬੁਲਾਉਂਦਾ ਸੀ। ਫਿਰ ਘਾ ਦੀਆਂ ਦੱਥੀਆਂ ਨੂੰ ਹਵਾ ਵਿੱਚ ਲਹਿਰਾਉਂਦਾ ਤੇ ਕਿਸੇ ਸ਼ਾਤਾਰ ਖਿਡਾਰੀ ਵਾਂਗ, ਉਸ ਨੂੰ ਆਪਣੇ ਵਲ ਖਿਚਣ ਵਿਚ ਕਾਮਯਾਬ ਹੋ ਜਾਂਦਾ।

ਬੱਕਰੀ ਸਾਰਾ ਦਿਨ ਬਗੀਚੀ ਦੀਆਂ ਕਿਆਰੀਆਂ ਵਿੱਚ ਚੌਂਕੜੀਆਂ ਭਰਦੀ ਰਹਿੰਦੀ, ਕਿਸੇ ਆਜ਼ਾਦ ਤਤਲੀ ਵਾਂਗ ਜੋ ਇਕ ਫੁਲ ਤੋਂ ਉਡ ਕੇ ਕਿਸੇ ਦੂਜੇ ਫੁੱਲ ਤੇ ਜਾ ਬੈਠਦੀ ਹੈ ਤੇ ਉਹ ਕਿਸੇ ਅਣਭੋਲ ਬਾਲਕ ਵਾਂਗ ਉਹਦੇ ਮਗਰ ਭਜਦਾ ਰਹਿੰਦਾ। 'ਮੰਨਸਾ' ਦੀ ਬਕਰੀ ਅਜੇ ਹੁਣੇ ਹੁਣੇ ਕੋਠੀ ਦੇ ਇਸ ਫਾਟਕ ਤੇ ਸੀ। ਹੁਣ ਲਾਨ ਵਿਚ ਹੈ। ਹੁਣ ਬਗੀਚੀ ਦੇ ਉਹਲੇ ਹੈ ਤੇ ਹੁਣੇ ਹੀ ਕੋਠੀ ਦੇ ਦੂਜੇ ਫਾਟਕ ਤੇ। ਤੇ ਉਹ ਵੀ ਉਸ ਦੇ ਮਗਰ ਮਗਰ ਉਸਦੇ ਪਰਛਾਵੇਂ ਵਾਂਗ ਪਸਰਿਆ ਰਹਿੰਦਾ।

ਪਰ ਇਕ ਸਿਫ਼ਤ ਹੈ ‘ਮੰਨਸਾ’ ਦੀ ਬੱਕਰੀ ਵਿਚ, ਉਸ ਨੇ ਅਜੇ ਤੀਕ ਕਦੇ ਵੀ ਬਗੀਚੀ ਦਿਆਂ ਬੂਟਿਆਂ ਨੂੰ ਮੂੰਹ ਨਹੀਂ ਸੀ ਮਾਰਿਆ। ਜਿਵੇਂ ਉਹ ਮੰਨਸਾ ਦੀ ਦਿਲ-ਪੀੜ ਨੂੰ ਅਨੁਭਵ ਕਰ ਸਕਦੀ ਹੋਵੇ। ਮੰਨਸਾ ਇਸ ਗਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਉਹ ਸਦਾ ਉਸ ਦੇ ਇਸ ਪਹਿਲੂ ਦੀ ਤਾਰੀਫ਼ ਕਰਦਾ ਸੀ।

ਮੰਨਸਾ ਮੇਰਾ ਮਾਲੀ ਸੀ ਜਿਸਦਾ ਕੰਮ ਦਿਨ ਭਰ ਬਗੀਚੀ ਦੀ ਗੋਡੀ ਕਰਨਾ ਸੀ। ਲਾਨ ਵਿਚੋਂ ਘਾ, ਖਨੋਤਰਨਾ ਸੀ। ਕਿਆਰੀਆਂ ਨੂੰ ਪਾਣੀ ਲਾਣਾ ਸੀ। ਪਰ ਉਸਦੀ ਜਾਚੇ ਇਨ੍ਹਾਂ ਸਾਰਿਆਂ ਕੰਮਾਂ ਤੋਂ ਵੀ ਅਤਿਅੰਤ ਜ਼ਰੂਰੀ ਆਪਣੀ ਬੱਕਰੀ ਨੂੰ ਪਿਆਰ ਕਰਨਾ ਸੀ। ਜਦ ਤੀਕ ਉਹ ਆਪਣੀ ਬੱਕਰੀ ਨੂੰ ਫੜ ਕੇ ਪਿਆਰ ਨਾਲ ਉਸਦੇ ਮੂੰਹ ਵਿਚ ਘਾ ਦੀਆਂ ਦੱਥੀਆਂ ਨਹੀਂ ਸੀ ਠੋਸ ਲੈਦਾ, ਉਸ ਨੂੰ ਚੈਨ ਨਹੀਂ ਸੀ ਆਉਂਦਾ। ਉਸ ਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਅਰਦਲੀ 'ਸ਼ੇਰ ਸਿੰਘ' ਬੋਲ ਉਠਦਾ।

"ਇਸ ਸਾੜੀ ਮੋਮਣੀ ਜਹੀ ਦਾ ਢਿਡ ਕਦੇ ਭਰਦਾ ਵੀ ਆ। ਇਸ ਸਾੜੀ ਦੀਆਂ ਬੱਖੀਆਂ ਪਾਟ ਜਾਣੀਆਂ ਕਿਸੇ ਦਿਨ।" ਸ਼ੇਰ ਸਿੰਘ 'ਲ' ਨੂੰ 'ੜ' ਬੋਲਦਾ ਹੈ ਤੇ ‘ਵ’ ਨੂੰ ‘ਬ’।

"ਯੋ ਮਤ ਕਹੋ ਜੀ।" ਮੰਨਸਾ ਬੋਲਦਾ ਹੈ। "ਗਰਭਵਤੀ ਹੈ ਨਾ, ਇਸ ਕੀ ਸੇਵਾ ਹੋਨੀ ਹੀ ਚਾਹੀਏ।"

"ਨਾੜੇ ਮਿਤਰਾਂ ਸੇਵਾ ਹਉ ਤਾਂ ਦੁਧ ਦਉ।" ਸ਼ੇਰ ਸਿੰਘ ਮਨਸਾ ਦੀ ਨਾੜ ਟੋਂਹਦਾ ਤੇ ਮਨਸਾ ਦੇ ਮੂੰਹ ਤੇ ਇਕ ਮੁਸਕਰਾਹਟ ਜਹੀ ਆ ਜਾਂਦੀ। ਉਸ ਦੀਆਂ ਅਖਾਂ ਚਮਕਦੀਆਂ ਉਸ ਦੇ ਮੂੰਹ ਵਿਚੋਂ ਰਾਲਾਂ ਵਗ ਤੁਰਦੀਆਂ, ਤੇ ਉਹ ਇਕ ਪਚਾਕੇ ਨਾਲ ਆਪਣੇ ਬੁਲਾਂ ਤੇ ਜੀਭ ਫੇਰਦਾ ਤੇ ਫਿਰ ਹੌਲੀ ਹੌਲੀ ਬਕਰੀ ਦੀ ਬੂਥੀ ਸਲਾਹਉਣ ਲਗ ਜਾਂਦਾ।

"ਬੱਕਰੀ ਬੜਾ ਪਿਆਰਾ ਜਾਨਵਰ ਹੈ ਸ਼ੇਰ ਸਿੰਘ!" ਮੰਨਸਾ ਬੋਲਦਾ ਹੈ। ‘ਗਾਏ ਕੀ ਤਰ੍ਹਾਂ ਯਿਹ ਨਾ ਲਾਤ ਮਾਰਤੀ ਹੈ ਨ ਸੀਂਝ ਹੀ। ਔਰ ਨਾ ਭੈਸ ਕੀ ਤਰਾਂ ਪੇਟੂ ਹੈ। ਆਪਣੇ ਦੋ ਤਿਨਕੇ ਘਾਸ ਖਾਈ ਔਰ ਮਜ਼ੇ ਸੋ ਪੜ ਰਹੀ। ਜਬ ਜੀ ਚਾਹਾ ਕਾਨ ਸੇ ਪਕੜਾ,ਔਰ ਲੇ ਆਏ ਮੈਦਾਨ ਮੇਂ। ਇਸ ਕੀ ਪੀਠ ਪਰ ਹਾਥ ਫੇਰਾ ਔਰ ਚੁਪਕੇ ਸੇ ਬੈਠ ਕੇ ਦੌਹ ਲੀਆ। ਮੈਂ ਤੋ ਕਹਿਤਾ ਨੂੰ ਬਕਰੀ ਜੈਸਾ ਬੇਜ਼ਬਾਨ ਜਾਨਵਰ ਔਰ ਕੋਈ ਪੈਦਾ ਹੀ ਨਹੀਂ ਕੀਆ ਭਗਵਾਨ ਨੇ।'

"ਤੇ ਮੈਂ ਵੀ ਤੇ ਤਦੇ ਹੀ ਆਹਨਾ ਵਾਂ, ਤੇਰੇ ਵਰਗਾ ਬੁਧੂ ਵੀ ਹੋਰ ਕੋਈ ਪੈਦਾ ਨਹੀਂ ਕੀਤਾ ਭਗਵਾਨ ਨੇ।" ਇਸ ਗੱਲ ਤੇ ਮੰਨਸਾ ਝੀਂਪ ਜਾਂਦਾ। ਜਦੋਂ ਵੀ ਸ਼ੇਰ ਸਿੰਘ ਉਸ ਨਾਲ ਤਤਾ ਬੋਲਦਾ, ਤਾਂ ਉਹ ਸਦਾ ਹੀ ਝੀਂਪ ਜਾਇਆ ਕਰਦਾ ਸੀ। ਇਸ ਦਾ ਕਾਰਣ ਇਹ ਨਹੀਂ ਸੀ ਕਿ ਸ਼ੇਰ ਸਿੰਘ ਅਰਦਲੀ ਹੋਣ ਦੀ ਹੈਸੀਅਤ ਵਿਚ ਉਸ ਨਾਲੋਂ ਪੈਸੇ ਜ਼ਿਆਦਾ ਕਮਾਉਂਦਾ ਸੀ ਜਾਂ ਉਹ ਜੁਸੇ ਵਿਚ ਮੰਨਸਾ ਨਾਲੋਂ ਤਕੜਾ ਸੀ, ਸਗੋਂ ਮੰਨਸਾ ਵਿਚ ਆਪ ਮੁਹਾਰੇ ਹੀ ਇਕ ਅਹਿਸਾਸ ਸੀ ਆਪਣੇ ਘਟੀਆਪਨ ਦਾ।

ਮੰਨਸਾ ਦੱਸਦਾ ਸੀ ਛੋਟਾ ਹੁੰਦਾ ਉਹ ਬੜਾ ਸੋਹਣਾ ਹੁੰਦਾ ਸੀ। ਪਰ ਚੀਚਕ ਦੀ ਬੀਮਾਰੀ ਇਕ ਵਾਰੀ ਉਸ ਤੇ ਐਸੀ ਆਈ ਕਿ ਵਿਚਾਰੇ ਦੀ ਇਕ ਅੱਖ ਜਾਂਦੀ ਰਹੀ। ਹੁਣ ਉਸ ਦੀ ਇਕ ਅੱਖ ਬਨਾਵਟੀ ਸੀ। ਤੇ ਮੰਨਸਾ ਦਾ ਇਹੋ ਅਹਿਸਾਸ ਹੀ ਉਸਨੂੰ ਮਜਬੂਰ ਕਰਦਾ ਸੀ ਕਿ ਉਹ ਸ਼ੇਰ ਸਿੰਘ ਦੀਆਂ ਵਧੀਆਂ ਘਾਟੀਆਂ ਸੁਣ ਲਵੇ।

"ਇਸ ਮਾਂ ਨੂੰ ਹੁਣ ਪਰ੍ਹਾਂ ਬਨ੍ਹ ਤੇ ਬਗੀਚੀ ਬਿਚੋਂ ਸ਼ੇਤੀ ਨਾਲ ਸਬਜੀ ਲਿਆ। ਸਾਹਿਬ ਦਾ ਖਾਣਾ ਬਣਾਉਣਾਂ ਵਾਂ’ ਸ਼ੇਰ ਸਿੰਘ ਜੋ ਮੇਰਾ ਇਕੋ ਸਮੇਂ ਅਰਦਲੀ ਵੀ ਹੈ ਤੇ ਰਸੋਈਆ ਵੀ, ਚੀਖਦਾ।

ਹਰ ਰੋਜ਼ ਇਵੇਂ ਹੀ ਸ਼ੇਰ ਸਿੰਘ ਮੰਨਸਾ ਤੋਂ ਹੁਕਮ ਚਲਾਉਂਦਾ। ਹਰ ਰੋਜ਼ ਸ਼ੇਰ ਸਿੰਘ ਦੇ ਗੁਸੇ ਦਾ ਉਤਰ ਮੰਨਸਾ ਪਾਸ ਹੋਰ ਕੁਝ ਨਹੀਂ ਸੀ ਛੂਟ ਇਸ ਤੋਂ ਕਿ ਉਹ ਹਾਰ ਮੰਨ ਲਵੇ ਤੇ ਸਿਰ ਸਿਟ ਕੇ ਜਿਵੇਂ ਉਹ ਆਖੇ ਕਰੀ ਜਾਵੇ। ਉਸ ਦੀ ਇਸ ਹਾਰ ਵਿਚ ਇਕ ਅਜੀਬ ਕਿਸਮ ਦੀ ਬੇਕੱਸੀ ਸੀ। ਇਕ ਅਕਹਿ ਦਰਦ ਜਿਸ ਨੂੰ ਸ਼ੇਰ ਸਿੰਘ ਕਦੀ ਵੀ ਨਹੀਂ ਸੀ ਜਾਣ ਸਕਦਾ।

ਮੰਨਸਾ ਮਾਲੀ ਸੀ ਤੇ ਸਖਤ ਕੰਮ ਕਰਨ ਦਾ ਆਦੀ। ਉਹ ਮੁਸੀਬਤਾਂ ਸਹਾਰਨ ਜਾਣਦਾ ਸੀ। ਸ਼ੇਰ ਸਿੰਘ ਮੰਨਸਾ ਜਿਨਾ ਕੰਮ ਨਹੀਂ ਸੀ ਕਰ ਸਕਦਾ।

ਸਗੋਂ ਉਸ ਦੇ ਖ਼ਿਆਲ ਅਨੁਸਾਰ ਉਹ ਐਵੇਂ ਸਵੇਰੇ ਉਠ ਕੇ ਦੋ ਕੁ ਪੈਸਿਆਂ ਦੇ ਕੌੜੇ ਤੇਲ ਦਾ ਸਤਿਆਨਾਸ ਕਰਦਾ ਸੀ। ਬਗੀਚੀ ਵਿਚ ਡੰਡ ਬੈਠਕਾਂ ਲਾਉਂਦਾ ਸੀ। ਆਪਣੀ ਕਰੜ ਬਰੜੀ ਦਾੜ੍ਹੀ ਦੀਆਂ ਫ਼ੌਜੀ ਤਰੀਕੇ ਨਾਲ ਮੁਸ਼ਕਾਂ ਕਸਦਾ ਸੀ। ਦਿਨ ਭਰ ਜਮਾਦਾਰਨੀ ਨਾਲ ਵਾਹਿਯਾਤ ਮਖੌਲ ਕਰਦਾ ਰਹਿੰਦਾ ਸੀ ਯਾ ਮੰਨਸਾ ਤੇ ਰੁਅਬ ਗਠਾਂਦਾ ਰਹਿੰਦਾ ਸੀ। ਪਰ ਇਹ ਗੱਲਾਂ ਜਾਣਦਿਆਂ ਹੋਇਆਂ ਵੀ ਮੰਨਸਾ ਸ਼ੇਰ ਸਿੰਘ ਤੋਂ ਝੀਂਪਦਾ ਤੇ ਉਸ ਦੀ ਉੱਚੀ ਨੀਵੀਂ ਸੁਣਦਾ। ਸ਼ਾਮ ਨੂੰ ਜਦੋਂ ਸ਼ੇਰ ਸਿੰਘ ਲਾਲ ਪਾਣੀ ਦੀ ਬੋਤਲ ਕੱਢਦਾ ਤਾਂ ਉਹ ਦੋਵੇਂ ਯਾਰ ਯਾਰ ਬਣ ਜਾਂਦੇ।

"ਤੇਰੀ ਬਕਰੀ ਦੇ ਦੋ ਨਿਆਣੇ ਹੋਣੇ ਆਂ"

'ਏਕ ਤੁਮ ਲੇ ਲੇਨਾ'

'ਸਾੜਿਆਂ ਮੈਂ ਤਾਂ ਦੋਨਾਂ ਨੂੰ ਝਟਕਾਉਣਾ’

'ਤੋ ਫਿਰ ਬਕਰੀ ਬਚਾਰੀ ਕਿਆ ਕਰੇਗੀ' 

‘ਰੋਊਗੀ ਤੇਰੀ ਜਾਨ ਨੂੰ। ਬਕਰੀ ਮੇਰੇ ਕਿਸ ਕੰਮ ਦੀ। ਮੈਂ ਕਿਹੜਾ ਸਾੜੀ ਨੂੰ ਚੁੰਘਣਾ ਮਾਂ। ਸਾਨੂੰ ਤੇ ਮੌਜ ਮੇਲਾ ਚਾਹੀਦਾ ਮੌਜ ਮੇਲਾ।'

ਪਰ ਹੁਣ ਕਈ ਦਿਨਾਂ ਤੋਂ ਮੰਨਸਾ ਨੂੰ ਸ਼ੱਕ ਹੋ ਰਿਹਾ ਸੀ। ਜਦੋਂ ਬਕਰੀ ਸਚ ਮੁਚ ਸ਼ੇਰ ਸਿੰਘ ਦੇ ਕੰਮ ਦੀ ਬੰਣ ਗਈ ਹੋਵੇ। ਜਿਵੇਂ ਉਹ ਉਸ ਨੂੰ ਚੁੰਘਣਾ ਲੋਚਦਾ ਹੋਵੇ। ਅਜ ਕਈ ਦਿਨਾਂ ਤੋਂ ਬਕਰੀ ਦੇ ਥਨ ਖ਼ਾਲੀ ਖ਼ਾਲੀ ਸਨ। ਤੇ ਇਕ ਦਿਨ ਹਾਰ ਕੇ ਮੰਨਸਾ ਨੇ ਬਕਰੀ ਹੀ ਵੇਚ ਛੱਡੀ। "ਨਾ ਰਹੇ ਬਾਂਸ ਨਾ ਬਜੇ ਬੰਸਰੀ।" ਉਸ ਨੇ ਆਖਿਆ। ਫਿਰ ਵੀ ਜਾਣ ਲਗਿਆਂ ਮੰਨਸਾ ਬਕਰੀ ਦੇ ਗਲ ਲਗ ਕੇ ਰੋਇਆ ਜਿਵੇਂ ਕੋਈ ਪਿਆਰੇ ਸਰਬੰਧੀ ਤੋਂ ਵਿਛੜਨ ਲਗਦਾ ਹੈ ਤੇ ਬਕਰੀ ਵੀ ਮਮਿਆਂਦੀ ਰਹੀ। ਜਿਥੋਂ ਤੀਕ ਉਸ ਦਾ ਵਸ ਚਲਿਆ ਪਿਛੇ ਪਰਤ ਪਰਤ ਕੇ ਵੇਖਦੀ ਰਹੀ ਤੇ ਰੁਕਦੀ ਰਹੀ ਜਿਵੇਂ ਆਖ ਰਹੀ ਹੋਵੇ ‘ਤੇਰੀ ਮਰਜ਼ੀ ਮੈਂ ਜਾਣਾ ਤੇ ਨਹੀਂ ਸੀ ਚਾਹੁੰਦੀ ਪਰ ਕੀ ਕਰਾਂ ਗਲ ਪਈ ਫਾਹੀ ਤੋਂ ਮਜ਼ਬੂਰ ਹਾਂ। ਬੇਜ਼ਬਾਨ ਜਾਨਵਰ ਹਾਂ। ਜਿਸ ਹੱਥ ਡੋਰੀ ਹੈ, ਜਿਧਰ ਮਰਜ਼ੀ ਖਿੱਚੀ ਫਿਰੇ।

ਅਸਲ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਇਕ ਵਾਰੀ ਮੰਨਸਾ ਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਆਇਆਂ ਤੇ ਦੋ ਕੁ ਦਿਨ ਉਸ ਦੇ ਕੋਲ ਠਹਿਰਿਆ ਤੇ ਜਾਣ ਲਗਿਆਂ ਉਸ ਉਸ ਨੂੰ ਦੇਸ਼ ਪਾਈ ਪਈ ਫਲਾਣੀ ਥਾਂ ਤੇ ਉਸ ਦੀ ਵਹੁਟੀ ਦੀ ਭੂਆ ਦੀ ਨਨਾਣ ਦੀ ਕੋਈ ਧੀ ਧਿਆਣ ਕੰਵਾਰੀ ਕੰਨਿਆ ਦੇ ਰੂਪ ਵਿਚ ਮਿਲ ਸਕਦੀ ਹੈ ਤੇ ਉਹ ਵੀ ਪੁੰਨੇ ਤੇ। ਕੇਵਲ ਮੰਨ ਕੋਲ ਪੰਜ ਸੌ ਰੁਪਿਆ ਹੋਣਾ ਚਾਹੀਦਾ ਹੈ। ਮੰਨਸਾ ਨੇ ਖਿਚ ਧੂ ਕੇ ਉਸ ਨੂੰ ਤਿੰਨ ਸੌ ਰੁਪਏ ਤੇ ਰਾਜ਼ੀ ਕੀਤਾ ਤੇ ਇਕ ਦਿਨ ਦਸ ਬਾਰਾਂ ਸਾਲ ਦੀ ਇਕ ਬਾਲੜੀ ਦੇ ਰੂਪ ਵਿਚ, ਘਰ ਵਿਚ 'ਬਹੂ ਜੀ’ ਲਿਆ ਬਠਾਈ।

ਇਸ ਤੋਂ ਪਹਿਲਾਂ ਮੰਨਸਾ ਸਾਰਾ ਦਿਨ ਬਾਹਰ ਬਗੀਚੀ ਵਿਚ ਕੰਮ ਕਰਦਾ ਰਹਿੰਦਾ ਸੀ, ਪਰ ਹੁਣ ਜਦੋਂ ਦੀ ਉਸ ਦੀ 'ਬਹੂ ਜੀ' ਆ ਗਈ ਸੀ, ਉਹ ਸਾਰਾ ਦਿਨ ਅਪਣੀ ਕੋਠੀ ਵਿੱਚ ਹੀ ਵੜਿਆ ਰਹਿੰਦਾ। ਸਾਰਾ ਦਿਨ ਆਪਣੀ ਨਵੀਂ ਵਿਆਹੀ ‘ਬਹੂ ਜੀ’ ਨਾਲ ਗੱਲਾਂ ਹੋ ਰਹੀਆਂ ਹਨ। ਹੁਣ 'ਬਹੂ ਜੀ’ ਰੁਸ ਰਹੀ ਹੈ। ਹੁਣ 'ਬਹੂ ਜੀ' ਨੂੰ ਮਨਾਇਆ ਜਾ ਰਿਹਾ ਹੈ। ਹੁਣ ਮੰਨਸਾ ‘ਬਹੂ ਜੀ’ ਲਈ ਖਾਣਾ ਬਣਾ ਰਿਹਾ ਹੈ। ਹੁਣ ਅਗ ਵਿਚ ਫੂਕਾਂ ਮਾਰਦੇ ਦੇ ਸਿਰ ਵਿਚ ਸਵਾਹ ਪੈ ਗਈ ਹੈ। ਤੇ ਸ਼ੇਰ ਸਿੰਘ ਨੂੰ ਆਪ ਮੁਹਾਰੇ ਜਿਵੇਂ ਖਾਰ ਆ ਜਾਂਦੀ। ‘ਸਾੜਾ ਜੰਨ ਮੁਰੀਦ! ਬੁਧੂ ਕਿਤੋਂ ਦਾ! ਇਹ ਵੀ ਕੋਈ ਬਕਰੀ ਵਾ ਕਿ ਘਾ ਖੁਆਲ ਲਵੇਂਗਾ ਤੇ ਦੁਧ ਪੀ ਲਵੇਂਗਾ। ਸਾੜਿਆ ਇਹ ਵੀ ਤੇਰੇ ਬਸ ਦਾ ਰੋਗ ਵਾ। ਐਵੇਂ ਜ਼ਰ ਦਾ ਸਤਿਆਨਾਸ ਕਰ ਬਈਠੈਂ।' ਪਰ ਮੰਨਸਾ ਦੇ ਖ਼ਿਆਲ ਅਨੁਸਾਰ ਇਹ ਸਭ ਕੁਝ ਸ਼ੇਰ ਸਿੰਘ ਇਸ ਲਈ ਸੋਚਦਾ ਸੀ ਕਿ ਉਹ ਇਹ ਵੀ ਤੇ ਨਹੀਂ ਸੀ ਕਰ ਸਕਿਆ। ਨਹੀਂ ਤੇ ਮੰਨਸਾ ਨਾਲ ਉਸਨੂੰ ਹੋਰ ਕੋਈ ਰੰਜਸ਼ ਨਹੀਂ ਸੀ।

'ਮੰਨਸਾ ਬੱਕਰੀ ਮਹਿੰਗੀ ਬੈਠਦੀ ਹੈ ਕਿ ਤੀਵੀਂ ਕਦੀ ਕਦੀ ਸ਼ੇਰ ਸਿੰਘ ਉਸਨੂੰ ਪੁਛਦਾ ਹੁੰਦਾ ਸੀ ਤੇ ਉਹ ਮੁਸਕਰਾ ਛਡਦਾ, ਇਕ ਦਿਨ ਸ਼ੇਰ ਸਿੰਘ ਨੇ ਮੰਨਸਾ ਨੂੰ ਜਦੋਂ ਜਤਲਾਇਆ, 'ਮੰਨਸਾ! ਤੂੰ ਗਲਤੀ ਕੀਤੀ ਹੈ', ਤਾਂ ਮੰਨਸਾਂ ਨੇ ਕਿਹਾ। "ਭਾਈ ਜੀ ਐਸੀ ਗਲਤੀ ਕਭੀ ਤੁਮ ਸੇ ਤੋ ਨ ਹੂਈ" ਤੇ ਸ਼ੇਰ ਸਿੰਘ ਫਿਕਾ ਜਿਹਾ ਪੈ ਗਿਆ। ਜਿਵੇਂ ਇਹ ਕੋਈ ਐਸਾ ਜਵਾਨ-ਮਰਦੀ ਦਾ ਕੰਮ ਸੀ ਜਿਹੜਾ ਮੰਨਸਾ ਨੇ ਪਲ ਵਿੱਚ ਕਰ ਲਿਆ ਸੀ ਤੇ ਸ਼ੇਰ ਸਿੰਘ ਨਹੀਂ ਸੀ ਕਰ ਸਕਿਆ।

"ਹਸ਼ਾ ਫੇਰ ਸੇਵਾ ਕਰੀ ਜਾ ਪੁਤਰਾ।" ਤੇ ਸ਼ੇਰ ਸਿੰਘ ਨੇ ਆਪਣੀਆਂ ਮੁੱਛਾਂ ਤੇ ਹਥ ਫੇਰ ਕੇ ਆਪਣੇ ਸੁਭਾ ਅਨੁਸਾਰ ਖੰਘੂਰਾ ਮਾਰਿਆ। ਖੰਘੂਰਾ ਜਿਸ ਤੋਂ ਮੰਨਸਾ ਚੰਗੀ ਤਰ੍ਹਾਂ ਜਾਣੂ ਸੀ। ਜਿਸ ਵਿਚ ਸ਼ੇਰ ਸਿੰਘ ਦੀ ਨਾਕਾਮੀ ਸੀ, ਨਾ-ਮੁਰਾਦੀ ਸੀ, ਵਿਅੰਗ ਸੀ। ਮੰਨਸਾ ਨੂੰ ਇਹ ਖੰਘੂਰਾ ਇਸ ਤਰ੍ਹਾਂ ਤਲਖ ਜਾਪਿਆ ਜਿਵੇਂ ਕੌੜੀ ਕੁਨੀਨ ਦਾ ਘੁਟ ਹੁੰਦਾ ਹੈ। ਪਰ ਉਹ ਇਸਨੂੰ ਲਾਲ ਪਾਣੀ ਸਮਝ ਕੇ ਪੀ ਗਿਆ।

ਸਰਦੀਆਂ ਦੇ ਦਿਨ ਸਨ ਤੇ ਅਜੇ ਮੱਸਾਂ ਮੂੰਹ ਝਾਖਰਾ ਹੀ ਹੋਇਆ ਸੀ। ਮੰਨਸਾ ਆਪਣੇ ਬਿਸਤਰੇ ਵਿਚ ਪਿਆ ਉਲਸੇਟੇ ਲੈ ਰਿਹਾ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ ਪਰ ਉਠਣ ਨੂੰ ਵੀ ਉਸਦਾ ਜੀ ਨਹੀਂ ਸੀ ਕਰ ਰਿਹਾ। ਸੁੱਤ ਉਨੀਦੇ ਜਹੇ ਵਿੱਚ ਉਸਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਕੋਈ ਉਸ ਨੂੰ ਵਾਜਾਂ ਮਾਰ ਰਿਹਾ ਹੈ--"ਮੰਨਸਾ ਹੋ ਮੰਨਸਾ" - ਸ਼ੇਰ ਸਿੰਘ ਦੀ ਅਵਾਜ਼ ਮੰਨਸਾ ਚੰਗੀ ਤਰਾਂ ਜਾਣਦਾ ਸੀ। ਉਹ ਕਦੀ ਭੁਲੇਖਾ ਨਹੀਂ ਸੀ ਖਾ ਸਕਦਾ। "ਮਨਹੂਸ" ਉਸਨੇ ਸੋਚਿਆ। ਉਹ ਕਦੀ ਸਵੇਰੇ ਸਵੇਰੇ ਉਸਦੇ ਮਥੇ ਨਹੀਂ ਸੀ ਲਗਦਾ। "ਨਹਿਸ! ਆਜ ਦਿਨ ਪਤਾ ਨਹੀਂ ਕੈਸੇ ਗੁਜ਼ਰਤ ਹੈ।" ਪਰ ਉਹ ਤਾਂ ਉਸਨੂੰ ਉਠਾ ਰਿਹਾ ਸੀ, ਉਸਦੇ ਮੋਢਿਆਂ ਨੂੰ ਫੜ ਕੇ ਹਲੂਣ ਰਿਹਾ ਸੀ। "ਰਾਮ, ਰਾਮ" ਤੇ ਮੰਨਸਾ ਉਠ ਬੈਠਿਆ।

"ਬਹੂ ਜੀ ਚਲੀ ਗਈ ਤੂੰ ਮੈਂ ਕਿਹਾ।" ਮੰਨਸਾ ਦਾ ਦਿਲ ਧਕ ਧਕ ਕਰਨ ਲਗਾ। "ਉਹ ਜਿਹੜਾ ਤੇਰਾ ਰਿਸ਼ਤੇਦਾਰ ਔਂਦਾ ਹੁੰਦਾ ਨਾ, ਜੀਹਦੀ ਉਹ ਵੋਹਟੀ ਦੀ ਭੂਆ ਦੀ ਨੰਨਾਣ ਦੀ ਮਾਸੀ ਦੀ ਧੀ ਲਗਦੀ ਏ, ਉਹੀਓ ਲੈ ਗਿਆ ਸੂ।" ਤੇ ਮੰਨਸਾ ਦਾ ਜਿਵੇਂ ਕਲੇਜਾ ਨਿਕਲ ਗਿਆ। "ਅਜੇ ਮੂੰਹ ਨ੍ਹੇਰਾ ਹੀ ਸੀ ਤੇ ਮੈਂ ਸਬੇਰੇ ਸਬੇਰੇ ਮਾਲਸ਼ ਕਰਦਾ ਸਾਂ ਬਗੀਚੀ ਬਿਚ, ਕਿ ਉਹ ਦੋਵੇਂ ਜਣੇ ਤੇਰੇ ਅੰਦਰੋਂ ਨਿਕੜੇ। ਮੈਂ ਜਾਣਿਆ ਸ਼ੈਤ ਮੰਨਸਾ ਵਾ। ਪਰ ਉਹ ਤਾਂ ਹੋੜੀ ਹੋੜੀ ਚੋਰਾਂ ਬਾਂਗ ਪੈਰ ਰਖਦੇ ਬੂਹਿਉਂ ਬਾਹਰ ਨਿਕੜ ਗਏ। ਤੇ ਨਿਕੜਦਿਆਂ ਈ ਤੀਰ ਹੋ ਗਏ। ਜਾਨੂੰ, ਮੈਨੂੰ ਤੇਰਾ ਖਿਆਲ ਆਇਆ ਮੈਂ ਕਿਹਾ ਚਲੋ ਯਾਰ ਦੀ ਖੈਰ ਸਾਰ ਈ ਲਈਏ .. ਚਲਕੇ ......"

"ਧਕ ਧਕ .." ਮੰਨਸਾ ਦਾ ਦਿਲ ਦੌੜਨ ਲਗਾ। ਤੋਂ ਆਪ ਮੁਹਾਰੇ ਹੀ ਉਸ ਨੂੰ ਆਪਣੇ ਤਿੰਨ ਸੌ ਰੁਪਏ ਦਾ ਖ਼ਿਆਲ ਆ ਗਿਆ। ਰੁਪਏ ਦਾ ਖ਼ਿਆਲ ਆਉਦਿਆਂ ਹੀ ਉਸਦੀ ਨਜ਼ਰ ਆਪਣੀ ਬੁਘਨੀ ਤੇ ਜਾ ਪਈ। ਮਿੱਟੀ ਦੀ ਬੁਘਨੀ ਭੋਰਾ ਭੋਰਾ ਹੋਈ ਫ਼ਰਸ਼ ਤੇ ਪਈ ਸੀ।

"ਹੂੰ।" ਸ਼ੇਰ ਸਿੰਘ ਨੇ ਆਪਣੀਆਂ ਮੁੱਛਾਂ ਤੇ ਹਥ ਫੇਰਿਆ ਤੇ ਬੋਲਿਆ "ਸਾੜੀ ਮੂਲ ਨਾਲ ਬਿਆਜ ਬੀ ਲੈ ਗਈ।' ਸ਼ੇਰ ਸਿੰਘ ਦਾ ਖੰਘੂਰਾ ਫ਼ਿਜ਼ਾ ਵਿਚ ਫਿਰ ਗੂੰਜਿਆ। ਪਰ ਮੰਨਸਾ ਉਸ ਨੂੰ ਸੁਣ ਨਾ ਸਕਿਆ। ਉਸ ਦੇ ਕੰਨਾਂ ਤੇ ਜਿਵੇਂ ਕਿਸੇ ਨੇ ਹਥੋੜੇ ਦੀ ਸਟ ਮਾਰੀ ਸੀ। ਉਹ ਟੁੱਟੀ ਬੁਘਨੀ ਦੇ ਟੁਕੜੇ ਚੁਣ ਰਿਹਾ ਸੀ। ਉਹ ਉਸ ਦਿਆਂ ਟੋਟਿਆਂ ਵਿਚ ਇਕ ਮਿਟ ਗਈ ਰੂਪ ਰੇਖਾ ਲਭ ਰਿਹਾ ਸੀ। ਦੂਰ ਕਿਤੇ ਫ਼ਿਜ਼ਾ ਵਿਚ ਉਸਦੀ ਬਕਰੀ ਮਮਿਆਈ। ਉਸਦੀਆਂ ਅੱਖੀਆਂ ਕਿਸੇ ਬੇਕੱਸੀ ਦੇ ਅਕਹਿ ਦਰਦ ਨਾਲ ਚਮਕਦੀਆਂ ਰਹੀਆਂ ਝੱਲਕਦੀਆਂ ਰਹੀਆਂ। ਬੱਕਰੀ ਜਿਵੇਂ ਕਹਿ ਰਹੀ ਸੀ, "ਕੀ ਕਰਾਂ ਮੈਂ ਜਾਣਾ ਤੇ ਨਹੀਂ ਸਾਂ ਚਾਹੁੰਦੀ ਪਰ ਮਜਬੂਰ ਹਾਂ।"

  • ਮੁੱਖ ਪੰਨਾ : ਕਹਾਣੀਆਂ, ਲੋਚਨ ਸਿੰਘ ਬਖਸ਼ੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ