Hiaau Na Kaihi Thahi (Punjabi Essay) : Professor Sahib Singh
ਹਿਆਉ ਨਾ ਕੈਹੀ ਠਾਹਿ (ਲੇਖ) : ਪ੍ਰੋਫੈਸਰ ਸਾਹਿਬ ਸਿੰਘ
ਸਿੱਖ-ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿ ਰਾਇ ਸਾਹਿਬ ਜੀ ਬਾਲ ਉਮਰੇ ਇੱਕ ਦਿਨ
ਕਲੀਆਂ ਵਾਲਾ ਕੁੜਤਾ ਪਾ ਕੇ ਬਗੀਚੇ ਵਿੱਚ ਟਹਿਲ ਰਹੇ ਸਨ, ਕੁੜਤਾ ਬੂਟਿਆਂ ਨਾਲ ਖਹਿਣ ਕਰ ਕੇ,
ਬੂਟਿਆਂ ਨਾਲੋਂ ਕਈ ਕਲੀਆਂ ਤੇ ਫੁੱਲ ਟੁੱਟ ਕੇ ਢਹਿ ਪਏ । (ਗੁਰੂ) ਹਰਿ ਰਾਇ ਸਾਹਿਬ ਜੀ ਇਹ ਵੇਖ
ਕੇ ਉਦਾਸ ਹੋ ਗਏ। ਇਤਨੇ ਨੂੰ ਛੇਵੇਂ ਪਾਤਸ਼ਾਹ ਸਤਿਗੁਰੂ ਹਰ ਗੋਬਿੰਦ ਸਾਹਿਬ ਓਥੇ ਆ ਅਪੜੇ । ਇਹਨਾਂ
ਦੀ ਉਦਾਸੀ ਦਾ ਕਾਰਣ ਪੁਛਿਓ ਨੇ, ਉੱਤਰ ਸੁਣ ਕੇ ਹਜ਼ੂਰ ਕਹਿਣ ਲਗੇ ਕਿ ਸਦਾ ਸੰਕੋਚ ਨਾਲ ਕਪੜਾ
ਸਾਂਭ ਕੇ ਤੁਰਨਾ ਚਾਹੀਦਾ ਹੈ ।
ਇਹ ਜਗਤ ਇਕ ਬਾਗ਼ ਹੈ, ਸਾਰੇ ਜੀਅ ਜੰਤ ਫੁੱਲ ਤੇ ਕਲੀਆਂ ਹਨ । ਅਸਾਂ ਇਸ ਬਗੀਚੇ ਵਿੱਚ ਇਸ
ਤਰ੍ਹਾਂ ਵਰਤਣਾ ਹੈ ਕਿ ਕਿਸੇ ਭੀ ਫੁੱਲ ਨੂੰ ਠੇਸ ਨਾ ਲਗੇ, ਨਾ ਅਸਾਡੇ ਖਿਆਲ ਨਾਲ ਨਾ ਸਾਡੇ ਬਚਨਾਂ ਨਾਲ,
ਤੇ ਨਾ ਹੀ ਅਸਾਡੇ ਕੰਮਾਂ ਨਾਲ । ਬਾਬਾ ਫ਼ਰੀਦ ਜੀ ਫ਼ਰਮਾਉਂਦੇ ਹਨ :
ਇਕ ਫਿਕਾ ਨਾ ਗਾਲਾਇ, ਸਭਨਾ ਮਹਿ ਸਚਾ ਧਣੀ ॥
ਹਿਆਉ ਨਾ ਕੈਹੀ ਠਾਹਿ, ਮਾਣਕ ਸਭ ਅਮੋਲਵੇ । 129 ॥
ਸਭਨਾ ਮਨ ਮਾਣਿਕ, ਠਾਹੁਣੁ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ, ਹਿਆਉ ਨਾ ਠਾਹੇ ਕਹੀ ਦਾ । 130 ॥
ਮਨੁੱਖ ਧਰਮ ਦੇ ਰਾਹ ਉੱਤੇ ਅਨੇਕਾਂ ਸਾਧਨ ਕਰਦਾ ਰਹੇ, ਪਰ ਜੇ ਮਨ ਵਿੱਚ ‘ਪੰਘਰ’ ਨਹੀਂ ਹੈ, ਜੇ ਉਸ
ਦੇ ਮਨ ਵਿੱਚ ਕੋਮਲਤਾ ਨਹੀਂ ਆਈ, ਤਾਂ ਓਹ ਪ੍ਰਭੂ ਦੀ ਹਜ਼਼ੂਰੀ ਤੋਂ ਅਜੇ ਬੜੀ ਵਿੱਥ ਤੇ ਹੈ । ਸੁਖਮਨੀ
ਵਿੱਚ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ :
“ਅਨਿਕ ਜਤਨ ਕਰਿ ਆਤਮ ਨਹੀਂ ਦ੍ਰਵੈ॥
ਹਰਿ ਦਰਗਾਹ ਕਹੁ ਕੈਸੇ ਗਵੈ ॥”
ਗੁਰੂ ਅਮਰਦਾਸ ਜੀ ਦੀ ਸੋਭਾ ਸੁਣ ਕੇ, ਪ੍ਰਭੂ-ਚਰਨਾਂ ਵਿੱਚ ਜੁੜਨ ਦਾ ਚਾਹਵਾਨ ਇਕ ਬਾਹਮਣ ਪੰਡਿਤ ਮਾਈ ਦਾਸ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਆਇਆ । ਹਿੰਦੂ ਕੌਮ ਦੇ ਅੰਦਰ ਸਦੀਆਂ ਤੋਂ ਬਣੇ ਹੋਏ ਉੱਚੀ ਨੀਵੀਂ ਜਾਤ ਦੇ ਵਿਤਕਰੇ ਨੂੰ ਦੂਰ ਕਰਨ ਲਈ, ਸਤਿਗੁਰੂ ਜੀ ਨੇ ਹੁਕਮ ਦੇ ਰੱਖਿਆ ਸੀ ਕਿ ਜੋ ਸ਼ਖ਼ਸ਼ ਅਸਾਨੂੰ ਮਿਲਣਾ ਚਾਹੇ, ਉਹ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪਰਸ਼ਾਦ ਛਕੇ । ਮਾਈ ਦਾਸ ਜੀ ਨੂੰ ਹੁਕਮ ਹੋਇਆ ਕਿ ਮਰਯਾਦਾ ਅਨੁਸਾਰ ਪਹਿਲਾਂ ਲੰਗਰ ਵਿੱਚ ਪਰਸ਼ਾਦ ਛਕੋ । ਉਸ ਨੂੰ ਤਰਕ ਫੁਰੀ-ਇਹ ਭੋਜਨ ਪੂਰਨ ਰਹਿਤ ਨਾਲ ਨਹੀਂ ਬਣਿਆ, ਮੈਂ ਵੈਸ਼ਨਵ ਹਾਂ ਕਿਵੇਂ ਛਕਾਂ ? ਦਰਸ਼ਨ ਦੀ ਤਾਂਘ ਸੀ, ਪਰ ਦਰਸ਼ਨ ਦਾ ਕੀਹ ਲਾਭ ਰਹੇਗਾ ਜੇ ਧਰਮ-ਹੀਨ ਹੋ ਗਿਆ ? ਮਾਈਦਾਸ ਬਿਨਾਂ ਦੀਦਾਰ ਕਰਨ ਦੇ ਹੀ ਮੁੜ ਗਿਆ, ਕਿਉਂਕਿ ਜੋ ਖ਼ਲਕਤ ਵਿੱਚ ਬੈਠਣੋਂ ਪਰਹੇਜ਼ ਕਰਦਾ ਹੈ, ਉਸ ਨੂੰ ਗੁਰੂ ਦਾ ਦੀਦਾਰ ਨਹੀਂ ਹੋ ਸਕਦਾ ।
ਨੋਟ :-ਜਦੋਂ ਮੁੜ ਪ੍ਰੇਮ ਵਧੀਕ ਤੀਬਰ ਹੋਇਆ ਤਾਂ ਮਾਈਦਾਸ ਨੇ
ਵਿਤਕਰੇ ਵਾਲਾ ਨੇਮ ਭੰਨਿਆ, ਤੇ ਗੁਰੂ-ਦਰ ਤੇ ਆ ਕੇ ਖ਼ਾਲਕ
ਨੂੰ ਖ਼ਲਕਤਿ ਵਿੱਚ ਵੇਖਣ ਦੀ ਜਾਚ ਸਿੱਖ ਲਈ ਸੀ । ਪਰ ਇਹ ਰਸਤਾ ਹੈ ਬੜਾ ਔਖਾ । ਮੇਲੇ ਦੀ ਭੀੜ ਵਿਚੋਂ ਲੰਘੀਏ, ਤੇ ਇਹ ਆਸ ਰਖੀਏ ਕਿ ਨਾਂਹ ਕਿਸੇ ਦਾ ਮੋਢਾ ਵੱਜੇ ਤੇ ਨਾਂਹ ਕਿਸੇ ਨੂੰ ਮੋਢਾ ਮਾਰੀਏ-ਇਹ ਗੱਲ ਬੜੀ ਹੀ ਔਖੀ ਹੈ । ਕਿਸੇ ਨੂੰ ਭੀ ਅਸਾਡੇ ਖ਼ਿਆਲਾਂ, ਬਚਨਾਂ ਜਾਂ ਕੰਮਾਂ ਦੀ ਰਾਹੀਂ ਕੋਈ ਦੁੱਖ ਨਾ ਅੱਪੜੇ-ਇਹ ਬੜਾ ਕਠਨ ਰਸਤਾ ਹੈ । ਇਸ ਰਾਹ ਉੱਤੇ ਕੋਈ ਵਿਰਲੇ ਸੂਰਮੇ ਤੁਰ ਸਕਦੇ ਹਨ । ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ-
“ਭਗਤਾਂ ਕੀ ਚਾਲ ਨਿਰਾਲੀ ॥
ਚਾਲ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ ॥
ਲਭੁ ਲੋਭੁ ਅਹੰਕਾਰੁ ਤਜਿ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ, ਨਿਕੀ, ਏਤੁ ਮਾਰਗਿ ਜਾਣਾ ।
ਗੁਰੂ ਪ੍ਰਸਾਦੀ ਜਿਨੀ ਆਪੁ ਤਜਿਆ, ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਹ, ਜੁਗਹੁ ਜੁਗ ਨਿਰਾਲੀ।”
(ਅਨੰਦ, ਰਾਮਕਲੀ ਮਹਲਾ 3)
ਅਸੀਂ ਕਿਸੇ ਨੂੰ ਠੋਕਰ ਕਦੋਂ ਲਾਉਂਦੇ ਹਾਂ ?
ਮਾਇਆ ਦੀ ਮਸਤੀ, ਜਵਾਨੀ ਦੀ ਖੁਮਾਰੀ ਵਿੱਚ ਮਨ ਅੰਨ੍ਹਾਂ ਹੋ ਜਾਂਦਾ ਹੈ, ਤਦੋਂ ਅਹੰਕਾਰ ਵਿੱਚ ਦੂਜਿਆਂ ਦੇ ਅਉਗੁਣ ਤੱਕ ਕੇ ਉਨਾਂ ਨੂੰ ਖਰ੍ਹਵਾ ਬੋਲਦੇ ਹਾਂ, ਜਾਂ ਉਹਨਾਂ ਦੀ ਨਿਰਾਦਰੀ ਲਈ ਕੋਈ ਹੋਰ ਅਹੰਕਾਰ-ਭਰੇ ਕੰਮ ਕਰਦੇ ਹਾਂ । ਕਵੀ ਤੁਲਸੀ ਨੇ ਰਾਮਾਇਣ ਵਿੱਚ ਲਿਖਿਆ ਹੈ :
ਐਸੋ ਕੋ ਜਨਮਯੋ ਜਗ ਮਾਹੀਂ।
ਪ੍ਰਭੁਤਾ ਪਾਇ ਜਾਸ ਮਦੁ ਨਾਹੀਂ।
ਇੰਗਲਿਸਤਾਨ ਵਿੱਚ ਸ਼ੈਕਸਪੀਅਰ ਇਕ ਬੜਾ ਹੀ ਪ੍ਰਸਿੱਧ ਲਿਖਾਰੀ ਹੋਇਆ ਹੈ, ਉਸ ਨੇ ਆਪਣੇ ਇਕ ਨਾਟਕ ਦੇ ਇੱਕ ਪਾਤ੍ਰ ਦੇ ਮੂੰਹੋਂ ਪ੍ਰਭੁਤਾ ਦੇ ਪ੍ਰਭਾਵ ਬਾਰੇ ਇਉਂ ਅਖਵਾਇਆ ਹੈ:
Call me not fool,
Till heaven hath sent me fortune.
ਭਾਵ, ਜਦੋਂ ਤੱਕ ਰੱਬ ਵਲੋਂ ਮੈਨੂੰ ਧਨ ਐਸ਼ਵਰਜ ਨਹੀਂ ਮਿਲਦਾ, ਤਦ ਤੱਕ ਕੋਈ ਮਨੁੱਖ ਮੈਨੂੰ ਮੂਰਖ ਨਾਂਹ ਆਖੇ ।
ਪਰ ਜੇ ਰਤਾ ਗਹੁ ਨਾਲ ਵਿਚਾਰੀਏ, ਤੇ ਆਪ ਦੀ ਖੋਜ-ਪੜਤਾਲ ਕਰੀਏ ਤਾਂ ਇਹ ਗੱਲ ਸਾਫ਼ ਦਿੱਸ ਪਏਗੀ ਕਿ ਜਦੋਂ ਅਸੀਂ ਕਿਸੇ ਦੂਜੇ ਦੇ ਅਉਗਣ ਭੰਡਦੇ ਹਾਂ, ਉਸ ਵੇਲੇ ਅਸਾਡੀ ਆਪਣੀ ਮਾਨਸਿਕ ਹਾਲਤ ਭੀ ਵੈਸੀ ਹੀ ਨੀਵੀਂ ਹੋ ਗਈ ਹੁੰਦੀ ਹੈ । ਸਾਹਿਬ ਲਿਖਦੇ ਹਨ :
ਸੋਰਠਿ ਮਹਲਾ 5
ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ ।
ਕਰਨ ਕਰਾਵਨਹਾਰ ਸੁਆਮੀ, ਆਪ ਹਾਥ ਸੰਜੋਗੀ ।1।
ਤਿਸ ਕੈ ਭਾਣੇ, ਕੋਇ ਨਾ ਭੁਲਾ ਜਿਨਿ ਸਗਲੋ ਬ੍ਰਹਮ ਪਛਾਤਾ ।1। ਰਹਾਉ॥
ਜਦੋਂ ਯੁਧਿਸ਼ਟਰ ਨੂੰ ਕ੍ਰਿਸ਼ਨ ਜੀ ਨੇ ਹਸਤਨਾਪੁਰ ਵਿੱਚੋਂ ਕੋਈ ਭੈੜਾ ਮਨੁੱਖ ਲੱਭ ਕੇ ਲਿਆਉਣ ਲਈ ਆਖਿਆ ਸੀ, ਉਸ ਨੂੰ ਕੋਈ ਐਸਾ ਬੰਦਾ ਨਹੀ ਸੀ ਲੱਭਾ, ਕਿਉਂਕਿ ਉਸ ਦਾ ਆਪਣਾ ਆਤਮਾ ਸ਼ੁੱਧ ਸੀ । ਇਸ ਬਾਰੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇਕ ਸੁਅਦਲੀ ਗਵਾਹੀ ਇਉਂ ਮਿਲਦੀ ਹੈ :
ਆਪਿ ਭਲਾ ਸਭੁ ਜਗੁ ਭਲਾ, ਭਲਾ ਭਲਾ ਸਭੁ ਜਗੁ ਕਰਿ ਦੇਖੈ ।
ਆਪਿ ਬੁਰਾ ਸਭੁ ਜਗੁ ਬੁਰਾ, ਸਭੁ ਕੋ ਬੁਰਾ ਬੁਰੇ ਦੇ ਲੇਖੈ ॥
ਕ੍ਰਿਸ਼ਨ ਸਹਾਈ ਪਾਂਡਵਾਂ ਭਾਇ ਭਗਤਿ ਕਰਤੂਤਿ ਵਿਸੇਖੈ।
ਵੈਰ-ਭਾਉ ਚਿਤਿ ਕੈਰਵਾਂ, ਗਣਤੀ ਗਣਨਿ ਅੰਦਰ ਕਾਲੇਖੈ ॥
ਭਲਾ ਬੁਰਾ ਪਰਵੰਨਿਆਂ, ਭਾਲਣ ਗਏ ਨਾ ਦ੍ਰਿਸ਼ਟਿ ਸਰੇਖੈ ॥
ਬੁਰਾ ਨਾ ਕੋਈ ਜੁਧਿਸ਼ਟਰੈ ਦੁਰਯੋਧਨ ਕੋ ਭਲਾ ਨਾ ਦੇਖੈ ॥
ਕਰਵੈ ਹੋਇ ਸੂ ਟੋਟੀਂ ਰੇਖੈ ।4। 31 ॥
ਜੇ ਦੂਜਿਆਂ ਨਾਲ ਖਰ੍ਹਵਾ ਬੋਲਦੇ ਰਹੀਏ ਤਾਂ ਇਸ ਵਾਦੀ ਨਾਲ ਅਸਾਨੂੰ ਆਪ ਨੂੰ ਹੀ ਨੁਕਸਾਨ ਹੁੰਦਾ ਹੈ, ਆਤਮਕ ਭੀ, ਸਰੀਰਕ ਭੀ ਤੇ ਭਾਈਚਾਰਕ ਭੀ !
ਕਿਸੇ ਨੂੰ ਕੌੜਾ ਬਚਨ ਬੋਲ ਕੇ, ਕਿਸੇ ਦੀ ਨਿੰਦਾ ਕਰ ਕੇ, ਅਸੀਂ ਆਪਣੀ ਹੀ ਸ਼ਾਂਤੀ ਗਵਾ ਬੈਠਦੇ ਹਾਂ । ਹਰੇਕ ਖ਼ਿਆਲ ਜੋ ਅਸੀਂ ਸੋਚਦੇ ਹਾਂ, ਤੀਰ ਦੀ ਨਿਆਈਂ ਹੁੰਦਾ ਹੈ । ਇਹ ਖ਼ਿਆਲ ਆਪਣੇ ਵਿੱਤ ਤੇ ਤੇਜ਼ੀ ਅਨੁਸਾਰ ਦੂਜੇ ਮਨੁੱਖਾਂ ਦੇ ਦਿਲ ਨਾਲ ਜਾ ਠੋਕਰ ਖਾਂਦਾ ਹੈ, ਮੁੜ ਉਥੋਂ ਪਰਤ ਕੇ ਅਸਾਡੇ ਉੱਤੇ ਆ ਅਸਰ ਪਾਂਦਾ ਹੈ । ਮਨ ਮਨ ਦਾ ਸ਼ਾਹਦ ਹੁੰਦਾ ਹੈ । ਖ਼ੁਦਗਰਜ਼ੀ, ਈਰਖਾ ਅਤੇ ਫ਼ਸਾਦ ਪੈਦਾ ਕਰਨ ਵਾਲੇ ਖ਼ਿਆਲ ਅਸਾਡੇ ਆਪਣੇ ਹੀ ਵਾਸਤੇ ਤਬਾਹੀ ਦਾ ਕਾਰਣ ਬਣਦੇ ਹਨ । ਇਹ ‘ਖ਼ਿਆਲ’ ਮਾਨੋ ਬਦੀ ਦੇ ਹਰਕਾਰੇ ਹਨ, ਜੋ ਹੋਰ ਮਨੁੱਖਾਂ ਦੇ ਦਿਲ ਵਿੱਚ ਬਦੀ ਦੇ ਖ਼ਿਆਲ ਉਕਸਾਣ ਤੇ ਵਧਾਣ ਲਈ ਭੇਜੇ ਜਾਂਦੇ ਹਨ ।
ਉਨ੍ਹਾਂ ਮਨੁੱਖਾਂ ਦੇ ਦਿਲ ਇਹਨਾਂ ਬਦੀ ਦੇ ਹਰਕਾਰਿਆਂ ਨੂੰ ਵਧੀਕ ਬਲਵਾਨ ਬਣਾ ਕੇ ਅਸਾਡੇ ਪਾਸ ਭੇਜ ਦਿੰਦੇ ਹਨ । ਇਸ ਤਰ੍ਹਾਂ ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਜਾਂ ਆਪਣੇ ਦਿਲ ਵਿੱਚ ਕਿਸੇ ਨਾਲ ਵੈਰ ਭਾਵ ਕਰਦੇ ਹਾਂ, ਤਾਂ ਆਪਣੇ ਆਪ ਦੋਹੀਂ ਪਾਸੀਂ ਈਰਖਾ ਦੀ ਅੱਗ ਮੱਚ ਪੈਂਦੀ ਹੈ । ਮਨੁੱਖਾਂ ਦੇ ਹਿਰਦੇ ਪਰਸਪਰ ਸੁਰ ਹੋਏ ਤਾਊਸਾਂ ਵਾਂਗ ਮਿਥ ਲਵੋ । ਇੱਕ ਤਾਊਸ ਦੀ ਇੱਕ ਸੁਰ ਛੇੜਿਆਂ ਸਾਰੇ ਸੁਰ ਹੋਏ ਤਾਊਸਾਂ ਚੋਂ ਉਹੀ ਸੁਰ ਵੱਜ ਕੇ ਇਕ ਘਨਘੋਰ ਜੇਹੀ ਪੈ ਜਾਂਦੀ ਹੈ । ਸੋ ਨਿੰਦਾ ਈਰਖਾ ਕਰਨ ਵਾਲੇ ਦਾ ਆਪਣਾ ਆਤਮਾ ਕੋਈ ਘੱਟ ਦੁਖੀ ਨਹੀਂ ਹੁੰਦਾ ।
ਨਿਰੇ ਆਤਮਾਂ ਦਾ ਨਹੀਂ, ਸਰੀਰ ਦਾ ਭੀ ਇਹੀ ਹਾਲ ਹੁੰਦਾ ਹੈ । ਖ਼ਿਆਲ ਤੇ ਫੁਰਨੇ ਦੀ ਤਾਕਤ ਸਰੀਰ ਦੇ ਅੰਗਾਂ ਨੂੰ ਹਿਲਾ ਦੇਂਦੀ ਹੈ, ਤਾਹੀਏਂ ਬਾਬਾ ਫਰੀਦ ਜੀ ਆਖਦੇ ਹਨ,
ਫਰੀਦਾ ਬੁਰੇ ਦਾ ਭਲਾ ਕਰ, ਗੁਸਾ ਮਨ ਨਾ ਹੰਢਾਇ ॥
ਦੇਹੀ ਰੋਗ ਨਾ ਲਗਈ, ਪਲੈ ਸਭੁ ਕਿਛੁ ਪਾਇ । 78॥
ਖ਼ਿਆਲਾਂ ਦਾ ਅਸਰ ਸਰੀਰਕ ਅੰਗਾਂ ਉੱਤੇ ਕੀਹ ਹੁੰਦਾ ਹੈ-ਇਹ ਗੱਲ ਤਾਂ ਸਿਆਣੇ ਲੋਕਾਂ ਨੇ ਤਜਰਬੇ ਕਰ ਕਰ ਕੇ ਪਰਤਾ ਲਈ ਹੈ।
ਦੌੜਨ ਤੋਂ ਪਹਿਲਾਂ ਮਨੁੱਖ ਦੇ ਮਨ ਵਿੱਚ ਦੌੜਨ ਦਾ ਖ਼ਿਆਲ ਉਠਦਾ ਹੈ, ਅਤੇ ਲੱਤਾਂ ਦੌੜਨ ਤੋਂ ਪਹਿਲਾਂ ਸੱਚ ਮੁੱਚ ਖ਼ਿਆਲੀ ਦੌੜ ਜਾਣ ਲਗ ਪੈਂਦੀਆਂ ਹਨ । ਅਮਰੀਕਾ ਦੀ ਯੂਨੀਵਰਸਿਟੀ ਹਾਰਵਰਡ ਵਿੱਚ ਕਈ ਤਜਰਬੇ ਕੀਤੇ ਗਏ ਹਨ, ਜਿਨ੍ਹਾਂ ਤੋਂ ਇਹ ਨਿਸਚੇ ਹੋ ਗਿਆ ਹੈ ਕਿ ਦੌੜਨ ਦਾ ਖ਼ਿਆਲ ਆਉਂਦਿਆਂ ਹੀ ਤੁਰਤ ਲੱਤਾਂ ਵਿਚ ਹੋਰ ਲਹੂ ਆ ਜਾਂਦਾ ਹੈ । ਉਥੇ ਇਕ ਮਨੁੱਖ ਨੂੰ ਇਕ ਤਰਾਜੂ ਉੱਤੇ ਸਿੱਧਾ ਲਿਟਾਇਆ ਗਿਆ, ਕੰਡੇ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ, ਕਿ ਮਨੁੱਖ ਦੇ ਸਿਰ ਜਾਂ ਪੈਰਾਂ ਵਲ ਰਤਾ ਕੁ ਭੀ ਵਧੀਕ ਭਾਰ ਹੋ ਜਾਏ, ਤਾਂ ਤੁਰਤ ਪਤਾ ਲੱਗ ਸਕੇ । ਜਦੋਂ ਉਸ ਮਨੁੱਖ ਦਾ ਭਾਰ ਕੰਡੇ ਉੱਤੇ ਸਾਵਾਂ ਕੀਤਾ ਗਿਆ, ਤਾਂ ਉਸ ਦੇ ਸਾਹਮਣੇ ਹਿਸਾਬ ਦਾ ਇਕ ਸਵਾਲ ਕੱਢਣ ਲਈ ਰੱਖਿਆ ਗਿਆ । ਸਵਾਲ ਨੂੰ ਸੋਚਣ ਦੀ ਢਿੱਲ ਸੀ ਕਿ ਕੰਡੇ ਦੇ ਸਿਰ ਵਾਲੇ ਪਾਸੇ ਭਰ ਵਧੀਕ ਹੋ ਗਿਆ ।
ਦੂਜੀ ਵਾਰੀ ਉਸ ਨੂੰ ਆਖਿਆ ਗਿਆ ਕਿ ਤੂੰ ਇਹ ਖ਼ਿਆਲ ਮਨ ਵਿੱਚ ਲਿਆ, ਜੋ ਮੈਂ ਦੌੜ ਰਿਹਾ ਹਾਂ । ਉਸ ਦੇ ਇਹ ਕਰਦਿਆਂ ਹੀ ਲੱਤਾਂ ਵਾਲ ਪਾਸੇ ਭਾਰ ਵਧੇਰਾ ਹੋ ਗਿਆ । ਇਸ ਤਜਰਬੇ ਤੋਂ ਪ੍ਰਤੱਖ ਇਹ ਮਲੂਮ ਹੋਇਆ ਕਿ ਪਹਿਲੀ ਵਾਰੀ ਲਹੂ ਸਿਰ ਵਲ ਤੇ ਦੂਜੀ ਵਾਰ ਲਹੂ ਲੱਤਾਂ ਵਲ ਚਲਾ ਗਿਆ ਸੀ । ਇਸ ਤੋਂ ਸਿੱਧ ਹੋਇਆ ਕਿ ਫੁਰਨੇ ਦੇ ਆਸਰੇ ਸਰੀਰ ਦੇ ਨਿਰੇ ਬਾਹਰਲੇ ਅੰਗ ਹੀ ਨਹੀ ਹਲਦੇ, ਸਗੋਂ ਸਰੀਰ ਦੇ ਅੰਦਰਲੇ ਲਹੂ ਆਦਿਕ ਰਸ ਭੀ ਫੁਰਨੇ ਦੇ ਅਧੀਨ ਹਨ । ਜੇ ਫੁਰਨਾ ਲਹੂ ਨੂੰ ਇਤਨੀ ਛੇਤੀ ਇਕ ਥਾਂ ਤੋਂ ਦੂਜੀ ਥਾਂ ਤੋਰ ਦੇਂਦਾ ਹੈ ਤਾਂ ਹੋ ਸਕਦਾ ਹੈ ਕਿ ਸਰੀਰ ਦੇ ਸੂਖਮ ਰਸ ਤੇ ਸਰੀਰਕ ਬਿਜਲੀ ਦੀ ਤਾਕਤ ਇਸ ਤੋਂ ਭੀ ਵਧੀਕ ਛੇਤੀ ਹਿੱਲਦੇ ਹੋਣ ।
ਇਕ ਮਨੁੱਖ ਵਿਉਪਾਰ ਕਰਦਾ ਹੈ । ਕਈ ਸਾਲ ਮਾਇਆ ਜੋੜਨ ਦੀ ਤੀਬਰ ਇੱਛਾ ਦਾ ਪ੍ਰੇਰਿਆ ਹੋਇਆ ਉਹ ਦਿਨ ਰਾਤ ਦੌੜਦਾ ਭਜਦਾ ਹੈ । ਵਿਉਪਾਰ ਵਿੱਚ ਘਾਟਾ ਪੈ ਜਾਂਦਾ ਹੈ । ਸਿੱਟਾ ਕੀਹ ਨਿਕਲਦਾ ਹੈ ?
ਪਹਿਲਾਂ ਉਸ ਦਾ ਮਨ ਲਾਭ ਦੀ ਤਾਂਘ ਦੇ ਨਾਲ ਨਾਲ ਤੇਜ਼ ਦੌੜਿਆ ਜਾ ਰਿਹਾ ਸੀ। ਅਚਨਚੇਤ ਘਾਟਾ ਪੈ ਜਾਣ ਕਰ ਕੇ ਪਹਿਲੀ ਤੇਜ਼ ਰਫ਼ਤਾਰ ਰੁਕ ਜਾਂਦੀ ਹੈ, ਅਗੋਂ ਡਾਢਾ ਧੱਕਾ ਵਜਦਾ ਹੈ, ਸਰੀਰ-ਮੋਟਰ ਦਾ ਮਨ-ਇੰਜਨ ਡੋਲ ਜਾਂਦਾ ਹੈ, ਟੁੱਟ ਜਾਂਦਾ ਹੈ, ਸਾਰਾ ਸਰੀਰ ਢਿੱਲਾ ਪੈ ਜਾਂਦਾ ਹੈ, ਮਾਨੋ ਸਾਰੇ ਅੰਗ ਉਸ ਧੱਕੇ ਦੇ ਕਾਰਨ ਆਪਣੇ ਆਪਣੇ ਥਾਂ ਤੋਂ ਹਿੱਲ ਜਾਂਦੇ ਹਨ, ਸਰੀਰ ਦੇ ਅੰਗ ਆਪੋ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰਾਂ ਨਿਬਾਹ ਨਹੀਂ ਸਕਦੇ। ਘਾਟਾ ਪੈਣ ਕਰਕੇ ਮਨੁੱਖ ਦੇ ਮਨ ਵਿੱਚ ਇਕ ਪੱਕਾ ਯਕੀਨ ਬੱਝ ਜਾਂਦਾ ਹੈ ਕਿ ਮੈਂ ਆਪਣੀ ਪੂੰਜੀ ਗਵਾ ਬੈਠਾ ਹਾਂ ।
‘ਗਵਾਉਣ’ ਦਾ ‘ਘਾਟੇ’ ਦਾ ਖ਼ਿਆਲ, ਸਾਰੇ ਸਰੀਰ ਵਿੱਚ ਧਾਅ ਜਾਂਦਾ ਹੈ, ਸਰੀਰ ਦੀ ਸੱਤਾ ਸਹਜੇ ਸਹਜੇ ਘੁਲ ਕੇ ਜ਼ਾਇਆ ਹੋਣੀ ਸ਼ੁਰੂ ਹੋ ਜਾਂਦੀ ਹੈ । ਇਹੋ ਜਿਹੇ ਮਨੁੱਖਾਂ ਨੂੰ ਆਮ ਤੌਰ ਤੇ ਗੁਰਦਿਆਂ ਦੀ ਕੋਈ ਨਾ ਕੋਈ ਬੀਮਾਰੀ ਲਗ ਜਾਂਦੀ ਹੈ ।
ਪਰ ਜਿਸ ਮਨੁੱਖ ਦਾ ਮਨ ਮਾਇਆ ਤੋਂ ਉਚੇਰਾ ਹੋਵੇ, ਜੋ ਮਾਇਆ ਵਰਤਦਾ ਹੋਇਆ ਭੀ ਇਹ ਖ਼ਿਆਲ ਨਾ ਕਰੇ ਕੇ ਮਾਇਆ ਦਾ ਆਉਣਾ ਜਾਣਾ ਮੇਰੇ ਸੁਖ ਦੁਖ ਦਾ ਕਾਰਨ ਹੈ, ਉਸਦੇ ਮਨ ਉੱਤੇ ਮਾਇਕ ਘਾਟਾ ਕੋਈ ਅਸਰ ਨਹੀਂ ਪਾ ਸਕਦਾ। ਕਿਸੇ ਮਾਇਕ ਘਾਟ ਤੇ ਉਸ ਦੇ ਮਨ ਵਿੱਚ ਕੋਈ ਖੋਹ ਨਾ ਪੈਣ ਦੇ ਕਾਰਨ, ਉਸ ਦੇ ਸਰੀਰ ਦੀ ਅਰੋਗਤਾ ਕਾਇਮ ਰਹਿੰਦੀ ਹੈ।
ਜੇ ਅਚਨਚੇਤ ਮਨੁੱਖ ਕਿਸੇ ਫ਼ਰਜ਼ੀ ਜਾਂ ਅਸਲੀ ਮੁਸੀਬਤ ਦੇ ਕਾਰਨ ਬਹੁਤ ਹੀ ਡਰ ਜਾਵੇ ਜਾਂ ਚਿੰਤਾ ਵਿੱਚ ਪੈ ਜਾਏ, ਤਾਂ ਥੋੜ੍ਹੇ ਚਿਰ ਵਿੱਚ ਉਸ ਦੇ ਵਾਲ ਚਿੱਟੇ ਹੋ ਜਾਂਦੇ ਹਨ, ਜਾਂ ਪੇਟ ਵਿੱਚ ਗਮ ਦਾ ਗੋਲਾ ਜਿਹਾ ਪੈ ਜਾਂਦਾ ਹੈ । ਇਸੇ ਤਰ੍ਹਾਂ ਜਿਸ ਮਨੁੱਖ ਦਾ ਸੁਭਾਓ ਸਦਾ ਦੂਜਿਆਂ ਨੂੰ ਦੁਖਦਾਈ ਚੋਭਾਂ ਦੇਣ ਤੇ ਨੁਕਤਾ ਚੀਨੀ ਕਰਨ ਦਾ ਹੋ ਜਾਏ, ਉਸ ਦੇ ਲਹੂ ਵਿੱਚ ਖਟਿਆਈ ਪੈਦਾ ਹੋ ਜਾਂਦੀ ਹੈ, ਤੇ ਆਖ਼ਰ ਵਿੱਚ ਉਸ ਨੂੰ ਗੰਠੀਆ ਹੋ ਜਾਂਦਾ ਹੈ । ਜੋ ਮਨੁੱਖ ਸਦਾ ਸੋਚਾਂ ਵਿੱਚ ਹੀ ਪਿਆ ਰਹੇ ਉਸ ਦੇ ਮੋਢੇ ਵਿੰਗੇ ਹੋ ਜਾਂਦੇ ਹਨ ।
“ਕਾਮ ਕ੍ਰੋਧ ਕਾਇਆ ਕਉ ਗਾਲੈ ।
ਜਿਓ ਕੰਚਨੁ ਸੁਹਾਗਾ ਢਾਲੈ ।”
ਭਾਈਚਾਰਕ ਦ੍ਰਿਸ਼ਟੀ ਕੋਣ ਤੋਂ ਭੀ, ਆਕੜ ਵਾਲਾ ਆਦਮੀ ਆਪਣੀ ਹੀ ਹਉਮੈ ਦੀ ਇਕੱਲੀ ਕੋਠੜੀ ਵਿੱਚ ਕੈਦ ਹੋ ਜਾਂਦਾ ਹੈ, ਕਿਉਂਕਿ ਉਸ ਦੇ ਨੇੜੇ ਕੋਈ ਨਹੀਂ ਢੁਕਦਾ :
ਅਨਿਕ ਬਸਤ ਸੁੰਦਰ ਪਹਿਰਾਇਆ ।
ਜਿਉਂ ਡਰਨਾ ਖੇਤ ਮਾਹਿ ਡਰਾਇਆ ॥
ਫਿਰ ਦੂਜਿਆਂ ਨਾਲ ਰੁੱਖਾ-ਪਨ ਦੂਰ ਕਰਨ ਦਾ ਉਪਾਉ ਕੀਹ ਹੈ ?
ਹਿਰਦੇ ਵਿੱਚ ‘ਪਿਆਰ’ ਪੈਦਾ ਕਰੋ । ਸਰੀਰਕ ਅੰਗਾਂ ਵਿੱਚ ਪਿਆਰ ਦਾ ਟਿਕਾਣਾ ਦਿਲ ਹੈ । ਦਿਲ ਸਰੀਰ ਵਿੱਚ ਇਕ ਹੋਰ ਸੇਵਾ ਭੀ ਕਰਦਾ ਹੈ । ਦਿਲ ਲਹੂ ਨੂੰ ਸਾਰੇ ਅੰਗਾਂ ਵਿੱਚ ਲੋੜ ਅਨੁਸਾਰ ਇਕੋ ਜਿਹਾ ਵਰਤਾਉਂਦਾ ਹੈ, ਤੇ ਲਹੂ, ਮਾਨੋ ਮਨੁੱਖ ਦੀ ਜ਼ਿੰਦਗੀ ਦਾ ਰਸ ਹੈ । ਸੋ, ਦਿਲ ਜਿਵੇਂ ਜੀਵਨ ਰਸ ਨੂੰ ਸਰੀਰ ਵਿੱਚ ਇਕੋ ਜਿਹਾ ਵੰਡਦਾ ਹੈ, ਤਿਵੇਂ ਪਿਆਰ ਭੀ (ਜਿਸ ਦਾ ਟਿਕਾਣਾ ਦਿਲ ਵਿੱਚ ਹੈ) । ਮਨ ਦੇ ਕਈ ਕਿਸਮ ਦੇ ਖ਼ਿਆਲਾਂ ਨੂੰ ਥਾਉਂ ਥਾਈਂ ਟਿਕਾਉਂਦਾ ਹੈ ।
‘ਪਿਆਰ’ ਕਿਵੇਂ ਪੈਦਾ ਹੋਵੇ ? ਪਿਆਰ ਦਾ ਸੋਮਾ ਹੈ ਪਰਮਾਤਮਾ, ਪਰਮਾਤਮਾ ਨਾਲ ਜੁੜੀਏ, ਉਸ ਦੀ ਯਾਦ ਵਿੱਚ ਚਿੱਤ ਨੂੰ ਪਰੋਈਏ । ਜਿਥੇ ਪਿਆਰ ਦਾ ਜਜ਼ਬਾ ਪੈਦਾ ਹੋ ਜਾਏ, ਉਥੇ ਇਹ ਗੱਲ ਭੀ ਕੁਦਰਤੀ ਤੌਰ ਤੇ ਆ ਜਾਂਦੀ ਹੈ ਕਿ ਪਿਆਰ ਦੀ ਵਰਤੋਂ ਭੀ ਕੀਤੀ ਜਾਏ, ਕਿਉਂਕਿ ਫਿਰ ਹਰ ਥਾਂ ਪਿਆਰ ਦਾ ਸੋਮਾਂ ਪ੍ਰਭੂ ਹੀ ਦਿਸਦਾ ਹੈ, ਤੇ ਓਸੇ ਨਾਲ ਹੀ ਪਿਆਰ ਕਰੀਦਾ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਭੌਰੇ ਭਾਈ ਨੰਦ ਲਾਲ ਜੀ ਲਿਖਦੇ ਹਨ :
ਦੀਦਹ ਦਰ ਦੀਦਾਰੇ ਹੱਕ ਮੁਬਤਲਾਸਤ ॥
ਗਰਚਿਹ ਮੀ-ਬੀਨੀ ਬ-ਚਸ਼ਮਤ, ਹੱਕ ਨੁਮਾਸਤ ।
ਭਾਵ, ਹੇ ਮਨੁੱਖ ! ਜੇ ਤੇਰੀਆਂ ਅੱਖਾਂ ਪ੍ਰਭੂ ਦੇ ਦਰਸ਼ਨ ਵਿੱਚ ਟਿਕ ਜਾਣ, ਤਾਂ ਇਨ੍ਹਾਂ ਅੱਖਾਂ ਨਾਲ ਜਿਸ ਸ਼ੈ ਵੱਲ ਤੱਕੇਂਗਾ, ਪ੍ਰਭੂ ਰੂਪ ਹੀ ਦਿੱਸੇਗੀ ।
ਇਕ ਬਹੁਤ ਵੱਡਾ ਸਰੋਵਰ ਹੈ, ਜਿਸ ਵਿੱਚੋਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਨਦੀਆਂ ਨਿਕਲਦੀਆਂ ਹਨ, ਹਰੇਕ ਨਦੀ ਦਾ ਸੋਮਾ ਇਹ ਸਰੋਵਰ ਹੈ । ਦੂਜੇ ਪਾਸੇ, ਇਹ ਹਰੇਕ ਨਦੀ ਕਿਸੇ ਛੋਟੇ ਚਸ਼ਮੇ ਵਿੱਚ ਜਾ ਖੁਲ੍ਹਦੀ ਹੈ, ਇਸ ਚਸ਼ਮੇ ਵਿੱਚ ਲਗਾਤਾਰ ਉਸ ਨਦੀ ਰਾਹੀਂ ਵੱਡੇ ਸਰੋਵਰ ਵਿੱਚੋਂ ਪਾਣੀ ਆਉਂਦਾ ਰਹਿੰਦਾ ਹੈ ।
ਪਰ, ਜੇ ਇਹ ਨਿੱਕਾ ਚਸ਼ਮਾ ਸਰੋਵਰ ਵਿਚੋਂ ਆਉਂਦੇ ਪਾਣੀ ਨੂੰ ਆਪਣੇ ਵਿੱਚ ਹੀ ਰੱਖੀ ਰਖੇ, ਤਾਂ ਵਿਤੋਂ ਵਧੀਕ ਪਾਣੀ ਦੀ ਸਮਾਈ ਨਾ ਹੋ ਸਕਣ ਦੇ ਕਾਰਣ ਪਿਛਲਾ ਪ੍ਰਵਾਹ ਬੰਦ ਹੋ ਜਾਇਗਾ, ਤੇ ਕੁਝ ਚਿਰ ਪਿਛੋਂ ਚਸ਼ਮੇ ਦਾ ਪਾਣੀ ਗੰਦਾ ਹੋ ਜਾਇਗਾ । ਸੋ ਆਪਣੇ ਆਪ ਨੂੰ ਸੁਅਛ ਰੱਖਣ ਲਈ ਇਹ ਚਸ਼ਮਾ ਭੀ ਆਪਣੇ ਵਿਤ-ਅਨੁਸਾਰ ਆਪਣੇ ਆਲੇ ਦੁਆਲੇ ਪਾਣੀ ਸਿੰਜਦਾ ਹੈ।
ਪ੍ਰਮਾਤਮਾ ਵੱਡਾ ਸਰੋਵਰ ਹੈ, ਹਰੇਕ ਮਨੁੱਖ-ਮਾਤ੍ਰ ਇਕ ਨਿੱਕਾ ਜਿਹਾ ਚਸ਼ਮਾ ਹੈ, ਜੋ ਸੋਮੇ-ਪਰਮਾਤਮਾ ਤੋਂ ਆਪਣਾ ਜੀਵਨ-ਜਲ ਹਾਸਲ ਕਰਦਾ ਹੈ । ਚਸ਼ਮਾਂ ਮਨੁੱਖ ਦੀ ਆਪਣੀ ਸ਼ਖ਼ਸੀਅਤ ਹੈ, ਜੋ ਪਰਮਾਤਮਾ ਤੋਂ ਵਖਰੀ ਹੋ ਚੁੱਕੀ ਹੈ, ਪਰ ਹਰ ਵੇਲੇ ਓਥੋਂ ਹੀ ਜੀਵਨ-ਦਾਤਿ ਲੈ ਕੇ ਅਗਾਹਾਂ ਵਰਤਾ ਸਕਦਾ ਹੈ ਤੇ ਵਰਤਾਣੀ ਜ਼ਰੂਰੀ ਹੈ, ਨਹੀਂ ਤਾਂ ਉਸ ਦੇ ਆਪਣੇ ਅੰਦਰ ਸੜ੍ਹਿਆਣ ਪੈਦਾ ਹੋ ਜਾਵੇਗੀ ।
ਧੁੱਪ ਹਾਸਲ ਕਰਨ ਵਾਸਤੇ ਕਦੇ ਕਿਸੇ ਮਨੁੱਖ ਨੇ ਸੂਰਜ ਅੱਗੇ ਮਿੰਨਤਾਂ ਨਹੀਂ ਕੀਤੀਆਂ । ਸੂਰਜ ਦੀ ਹਸਤੀ ਦਾ ਇਹ ਨੇਮ ਹੀ ਹੈ ਕਿ ਉਹ ਚਮਕ ਤੇ ਧੁੱਪ ਦੇਵੇ । ਸੂਰਜ ਧੁੱਪ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ । ਪਰਮਾਤਮਾ ਜੀਵਨ ਸੁੰਦਰਤਾ ਪਿਆਰ ਆਦਿ ਗੁਣਾਂ ਦਾ ਸੋਮਾ ਹੈ, ਉਸ ਦੀ ਆਪਣੀ ਹਸਤੀ ਦਾ ਨੇਮ ਹੈ । “ਦੇਣਹਾਰੁ ਦੇ ਰਹਿਆ ਸੁਜਾਨ” । ਉਹ ਆਪਣੇ ਖ਼ਜ਼ਾਨੇ ਵਿੱਚੋਂ ਸਦਾ ਵੰਡ ਰਿਹਾ ਹੈ, ਇਸ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ। ਉਸ ਦੀਆਂ ਬਖ਼ਸ਼ਸ਼ਾਂ ਦੇ ਰਾਹ ਵਿੱਚ ਅਸੀਂ ਖ਼ੁਦ ਰੁਕਾਵਟ ਹਾਂ । ਸੂਰਜ ਸਦਾ ਸਭ ਥਾਵਾਂ ਤੇ ਚਮਕਦਾ ਤੇ ਚਾਨਣ ਦੇਂਦਾ ਹੈ, ਪਰ ਜੇ ਅਸੀਂ ਕਿਸੇ ਭੁੱਲ ਦੇ ਕਾਰਨ
ਕਿਸੇ ਡੂੰਘੀ, ਸਿੱਲੀ ਤੇ ਹਨੇਰੀ ਗੁਫਾ ਵਿਚ ਪਏ ਰਹੀਏ, ਤਾਂ ਅਸਾਨੂੰ ਉਸ ਚਾਨਣ ਤੋਂ ਕੋਈ ਸੁਖ ਨਹੀਂ ਮਿਲ ਸਕਦਾ, ਕਿਉਂਕਿ ਸਾਡੇ ਭਾ ਦਾ ਸੂਰਜ ਹੈ ਹੀ ਨਹੀਂ।
ਕਦੇ ਕਿਸੇ ਨਹੀਂ ਵੇਖਿਆ ਕਿ ਸੂਰਜ ਇਕ ਦਿਨ ਨਿੱਘ ਤੇ ਚਾਨਣ ਦੇਵੇ ਤੇ ਕਿਸੇ ਹੋਰ ਦਿਨ ਹਨੇਰਾ ਤੇ ਠੰਡ ਵਰਤਾਏ । ਉਸ ਹੀ ਹਸਤੀ ਵਿੱਚ, ਉਸਦੇ ਸੁਭਾਉ ਵਿੱਚ, ਇਹ ਗੱਲ ਹੈ ਹੀ ਨਹੀਂ । ਕਦੇ ਕਿਸੇ ਚਸ਼ਮੇ ਵਿੱਚੋਂ ਇਕੋ ਵਾਰੀ ਮਿੱਠਾ ਤੇ ਕੌੜਾ ਪਾਣੀ ਨਹੀਂ ਨਿਕਲਦਾ। ਇਸੇ ਤਰ੍ਹਾਂ ਇਹ ਭੀ ਨਹੀਂ ਹੋ ਸਕਦਾ ਕਿ ਪਰਮਾਤਮਾ ਕਦੇ ਤਾਂ ਪਿਆਰ ਦੀ ਦਾਤਿ ਵੰਡੇ, ਤੇ ਕਦੇ ਕ੍ਰੋਧ ਆਦਿਕ ਦੀ । ਉਹ ਸਦਾ ਪਿਆਰ ਦਾ ਸੋਮਾ ਹੈ, ਉਹ ਆਪਣੇ ਸੁਭਾਉਂ ਤੋਂ ਕਦੇ ਬਦਲਦਾ ਨਹੀਂ, ਉਹ ਹਰ ਵੇਲੇ ਆਪਣੇ ਆਪ ਦਾ ਪ੍ਰਕਾਸ਼ ਅਸਾਡੇ ਦਿਲਾਂ ਵਿੱਚ ਕਰਨ ਨੂੰ ਤਿਆਰ ਹੈ, ਪਰ,
“ਤੂੰ ਹਮ ਹਿਜਾਬੇ ਖ਼ੁਦੀ, ਯਾਰੇ ਖ਼ੁਸ਼-ਲਿਕਾ ਚਿਹ ਕੁਨਦ ।”
ਭਾਵ, ਉਹ ਸੋਹਣਾ ਪ੍ਰੀਤਮ ਕੀਹ ਕਰੇ ? ਤੇਰੇ ਆਪਣੇ ਅੰਦਰ ਹਉਮੈ ਦਾ ਪਰਦਾ ਹੈ । ਇਸ ਹਉਮੈ ਨੂੰ ਦੂਰ ਕਰ ।
ਜਿਥੇ ਉਸ ਦੀ ‘ਯਾਦ’ ਹੈ, ਓਥੇ 'ਪਿਆਰ' ਹੈ, ਓਥੇ ਦਇਆ ਤੇ ਹਮਦਰਦੀ ਹੈ, ਓਥੇ ਉਹ ਪ੍ਰਭੂ ਆਪ ਹੈ ।
(‘ਕੁਝ ਹੋਰ ਧਾਰਮਕ ਲੇਖ’ ਵਿੱਚੋਂ)