ਗੁੜ ਦੀ ਪੱਤ ਖਾਣ ਦੀ ਸ਼ਰਤ (ਕਹਾਣੀ) : ਸੁਖਵਿੰਦਰ ਸਿੰਘ ਖਾਰਾ

ਸੁਦਾਗਰ ਝੋਕੇ ਨੇ ਅੱਗ ਬੰਦ ਕਰ ਦਿੱਤੀ ਸੀ, ਪੰਜ ਪੀਪਿਆਂ ਦੀ ਪੱਤ ਚੜ੍ਹ ਕੇ ਕੜਾਹੇ ਦੇ ਕੰਢਿਆਂ ਨਾਲ ਅਠਖੇਲੀਆਂ ਕਰ ਰਹੀ ਸੀ। ਉਸ ਦੇ ਗੋਰੇ ਮੁਖੜੇ ਤੇ ਪਲ ਪਲ ਕਈ ਰੰਗ ਬਦਲ ਰਹੇ ਸਨ। ਪੱਤ ਖੁਸ਼ੀ ਵਿੱਚ ਇਸ ਤਰ੍ਹਾਂ ਬੜ੍ਹਕਾਂ ਮਾਰ ਰਹੀ ਸੀ, ਜਿਵੇਂ ਉਸ ਨੇ ਐਵਰੈਸਟ ਦੀ ਚੋਟੀ ਨੂੰ ਸਰ ਕਰ ਲਿਆ ਹੋਵੇ ।

ਸੁਦਾਗਰ ਝੋਕੇ ਅੱਗ ਲੰਮੇ ਗੰਨੇ ਨਾਲ ਫਰੋਲ ਦਿੱਤੀ ਸੀ। ਚੁੰਬੇ ਵਿੱਚ ਚੂਰੇ ਦੀਆਂ ਪੱਛੀਆਂ ਦਾ ਸੇਕ ਕਾਫੀ ਹੋਣ ਕਰਕੇ ਸਿਖਰ ਤੇ ਚੜ੍ਹੀ ਹੋਈ ਪੱਤ ਆਪਣੇ ਚਾਅ ਨਾ ਸੰਭਾਲਦੀ ਹੋਈ ਸ਼ਰਾਬੀਆਂ ਵਾਗ ਕੜਾਹੇ ਵਿੱਚੋਂ ਉਛਲ ਕੇ ਧਰਤੀ ਤੇ ਡਿੱਗਣ ਲੱਗ ਪਈ ਸੀ। ਝੋਕੇ ਨੇ ਜਲਦੀ ਨਾਲ ਡੁੱਲ੍ਹਦੀ ਪੱਤ ਵਿੱਚ ਗੰਨੇ ਦਾ ਟੋਟਾ ਘੁਮਾਇਆ ਤੇ ਪੱਤ ਕੜਾਹੇ ਦੇ ਕਾਬੂ ਵਿੱਚ ਆ ਗਈ ਸੀ।

ਹੁਣ ਪੱਤ ਫੜਕੇ ਪੈ ਗਈ ਸੀ। ਭਾਵ ਹਵਾ ਵਿੱਚ ਛਲਾਗਾਂ ਲਗਾਉਂਦੀ ਹੋਈ, ਜਵਾਨੀ ਦੇ ਪਲ ਗਵਾਉਂਦੀ ਹੋਈ ਥੱਲੇ ਵਲ ਤੁਰ ਪਈ ਸੀ। ਝੋਕੇ ਨੇ ਅੱਗ ਇਕ ਵਾਰ ਫੇਰ ਫਰੋਲ ਦਿੱਤੀ ਸੀ। ਹੁਣ ਗੁੜ ਦੀ ਮਹਿਕ ਹਵਾ ਨੂੰ ਆਪਣੀ ਸੁਗੰਧ ਨਾਲ਼ ਮਿੱਠਿਆਂ ਕਰਦੀ ਹੋਈ ਦੂਰ ਤੱਕ ਫੈਲ ਗਈ ਸੀ। ਹੁਣ ਝੋਕੇ ਨੇ ਗੁੜ ਨੂੰ ਸੜਨ ਤੋਂ ਬਚਾਉਣ ਲਈ ਘੰਮਾ ਫੇਰਨਾ ਸ਼ੁਰੂ ਕਰ ਦਿੱਤਾ ਸੀ। ਘੰਮੇ ਨਾਲ ਪੱਤ ਨੂੰ ਘੰਮਾ ਕੇ ਥੱਲੇ ਉਤੇ ਬਰਾਬਰ ਸੇਕ ਲਵਾਇਆ ਜਾ ਰਿਹਾ ਸੀ।

ਇਸ ਸਾਰੀ ਪੱਤ ਨੂੰ ਖਾਣ ਦੀ ਸ਼ਰਤ ਬੂੜੇ ਅਤੇ ਹਰਨਾਮੇ ਨੇ ਕਾਫੀ ਦਿਨ ਪਹਿਲਾਂ ਲਾਈ ਹੋਈ ਸੀ। ਦੋਵੇਂ ਛੇ ਛੇ ਫੁੱਟ ਜਵਾਨ ਤੇ ਅਖਾੜਿਆਂ ਵਿੱਚ ਘੋਲਾਂ ਦੇ ਜੇਤੂ ਰਹੇ ਸਨ। ਕਿੱਲੋ ਕਿੱਲੋ ਘਿਉ ਇੱਕੋ ਡੀਕ ਲਾ ਕੇ ਪਾਣੀ ਵਾਂਗ ਪੀ ਜਾਣਾ ਉਹਨਾਂ ਲਈ ਮਾਮੂਲੀ ਗਲ ਸੀ। ਉਹ ਦੋਵੇਂ ਸਾਰੀ ਪੱਤ ਖਾ ਕੇ ਸ਼ਰਤ ਜਿੱਤਣ ਲਈ ਤਿਆਰ ਖੜ੍ਹੇ ਸਨ। ਉਹਨਾਂ ਨੇ ਗੁੜ ਨੂੰ ਹਾਜਮੇਦਾਰ ਤੇ ਸਵਾਦੀ ਬਣਾਉਣ ਲਈ ਆਪਣੀ ਲੋੜ ਅਨੁਸਾਰ ਸੌਂਫ, ਜਵੈਣ, ਸੁੰਢ, ਹੋਰ ਨਿਕੜ ਸੁਕੜ ਲਿਆਂਦਾ ਹੋਇਆ ਸਮਾਨ, ਘੰਮੇ ਨਾਲ ਘੁੰਮਦੀ ਪੱਤ ਵਿੱਚ ਸੁੱਟ ਦਿੱਤਾ ਸੀ।

ਝੋਕੇ ਨੇ ਰੰਬੇ ਨਾਲ ਕੜਾਹੇ ਦੇ ਕੰਢਿਆਂ ਨਾਲੋਂ ਮੈਲ ਲਾਹੁਣੀ ਸ਼ੁਰੂ ਕਰ ਦਿੱਤੀ ਸੀ। ਇਹ ਮੈਲ ਉਤਰਦੀ ਹੋਈ ਪੱਤ ਆਪਣੇ ਆਪ ਨੂੰ ਹੋਰ ਨਿਖਾਰਦੀ ਹੋਈ ਸਾਰੀ ਮੈਲ ਕੜਾਹੇ ਦੇ ਕੰਢਿਆਂ ਨਾਲ ਚੁੰਬੇੜ ਗਈ ਸੀ। ਝੋਕੇ ਨੇ ਕੜਾਕੇ ਦੇ ਘੇਰਿਉਂ ਮੈਲ ਲਾਹ ਕੇ ਆਪਣੇ ਬਾਟੇ ਵਿੱਚ ਇਕੱਠੀ ਕਰ ਲਈ ਸੀ। ਝੋਕਾ ਇਹ ਮੈਲ ਮਿੱਠੀ ਹੋਣ ਕਰਕੇ ਇਸ ਨਾਲ ਮਿੱਠੇ ਚਾਵਲ ਬਣਾ ਲੈਂਦਾ ਸੀ ਜਾਂ ਕਾਫੀ ਪੱਤਾਂ ਦੀ ਪੰਜ ਛੇ ਕਿੱਲੋ ਮੈਲ ਇਕੱਠੀ ਕਰਕੇ ਦੇਸੀ ਦਾਰੂ ਬਣਾਉਣ ਲਈ ਘੜਾ ਪਾ ਲੈਂਦਾ ਸੀ।

ਪੱਤ ਨੂੰ ਆਪਣੀ ਮਨ ਮਰਜੀ ਦੀ ਬਣਾਉਣ ਲਈ ਬੂੜੇ ਨੇ ਘੰਮਾ ਆਪ ਫੜ ਕੇ ਫੇਰਨਾ ਸ਼ੁਰੂ ਕਰ ਦਿੱਤਾ ਸੀ। "ਬੂੜ ਸਿਹਾਂ, ਪੱਤ ਜਰਾ ਚਾੜ੍ਹ ਕੇ ਲਾਹੁਣੀ ਹੈ," ਗੁੜ ਵਾਲੇ ਗੰਡ ਨੂੰ ਕੁਝ ਦੂਰੀ ਤੇ ਸਿੱਧਾ ਕਰਦਿਆਂ ਹਰਨਾਮੇ ਨੇ ਆਖਿਆ। ਝੋਕੇ ਨੇ ਕਹਾੜੇ ਦੇ ਨੇੜਿਉਂ ਫਾਲਤੂ ਸਮਾਨ ਦੂਰ ਕਰ ਦਿੱਤਾ ਸੀ, ਤਾਂ ਜੋ ਪੈਰ ਤਿਲਕ ਕੇ ਕੋਈ ਨੁਕਸਾਨ ਨਾ ਹੋ ਜਾਵੇ।

"ਬੂੜ ਸਿਹਾਂ, ਪੱਤ ਬਣ ਗਈ ਲੱਗਦੀ ਹੈ, ਘੰਮੇ ਨਾਲ ਜਰਾ ਕੜਾਹੇ ਦੇ ਬੰਨੇ ਪਾ ਕੇ ਵੇਖ," ਹਰਨਾਮ ਸਿੰਘ ਨੇ ਪੱਤ ਦਾ ਪੂਰਾ ਵੱਤਰ ਜਾਨਣ ਲਈ ਆਖਿਆ।

"ਹਰਨਾਮ ਸਿਹਾਂ, ਪੱਤ ਤੇ ਹੁਣ ਲਾਲੀ ਫੜਦੀ ਜਾਂਦੀ ਹੈ ਲਾਹ ਦੇਈਏ," ਝੋਕਾ ਪੱਤ ਦਾ ਵੱਤਰ ਸਮਝਦਾ ਬੋਲਿਆ। ਝੋਕੇ ਅਤੇ ਬੂੜ ਸਿੰਘ ਨੇ ਪੂਰੀ ਚੌਕਸੀ ਨਾਲ, ਕੜਾਹੇ ਦੇ ਕੁੰਡਿਆਂ ਨੂੰ ਕੱਪੜੇ ਦੇ ਟੁਕੜਿਆਂ ਨਾਲ ਫੜਦਿਆਂ ਕੜਾਹੇ ਨੂੰ ਚੁੰਬੇ ਤੋਂ ਲਾਹ ਕੇ ਗੰਡ ਨੇੜੇ ਰੱਖ ਦਿੱਤਾ। ਫੇਰ ਕੁਝ ਮਿੰਟਾਂ ਲਈ ਘੰਮਾ ਫੇਰਨਾ ਸ਼ੁਰੂ ਕਰ ਦਿੱਤਾ। ਫੇਰ ਦੋਵਾਂ ਜਣਿਆਂ ਨੇ ਕੜਾਹੇ ਨੂੰ ਚੁੱਕ ਕੇ, ਪੱਤ ਨੂੰ ਗੰਡ ਵਿੱਚ ਪਲਟ ਦਿੱਤਾ। ਨਾਲ ਖੜ੍ਹੇ ਹਰਨਾਮ ਸਿੰਘ ਨੇ ਜਲਦੀ ਨਾਲ ਗੁੜ ਨੂੰ ਘੰਮੇ ਨਾਲ ਗੰਡ ਵਲ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਘੰਮੇ ਨਾਲ ਮੋਟਾ ਮੋਟਾ ਗੁੜ ਖਿੱਚ ਕੇ ਕੜਾਹਾ ਖਾਲੀ ਕਰ ਦਿੱਤਾ ਸੀ। ਬੂੜ ਸਿੰਘ ਹੁਣਾਂ ਕੜਾਹਾ ਹੁਣ ਸਿੱਧਾ ਥੱਲੇ ਰੱਖ ਦਿੱਤਾ ਸੀ। ਕੋਲ ਖੜ੍ਹੇ ਕੁਝ ਬੱਚਿਆਂ ਨੇ ਘਰੋੜਾ ਖਾਣ ਦੀ ਜਿੱਦ ਕੀਤੀ ਸੀ।ਜਿਸ ਕਰਕੇ ਝੋਕੇ ਨੇ ਕੜਾਹੇ ਨਾਲ ਲੱਗੇ ਗੁੜ ਦਾ ਘਰੋੜਾ ਬਣਾਉਣ ਲਈ ਘੰਮੇ ਨੂੰ ਮੁੜ ਕੜਾਹੇ ਵਿੱਚ ਫੇਰਨਾ ਸ਼ੁਰੂ ਕਰ ਦਿੱਤਾ ਸੀ। ਪੰਜ ਸੱਤ ਮਿੰਟਾਂ ਵਿੱਚ ਦੋ ਢਾਈ ਕਿੱਲੋ ਘਰੋੜਾ, ਝੋਕੇ ਨੇ ਰੰਬੇ ਨਾਲ ਖੁਰਚ ਕੇ ਕੜਾਹੇ ਵਿੱਚ ਢੇਰੀ ਕਰ ਦਿੱਤਾ ਸੀ। ਬੱਚਿਆਂ ਨੇ ਇਹ ਗਰਮ ਗਰਮ ਘਰੋੜਾ ਕੜਾਹੇ ਵਿੱਚੋਂ ਹੀ ਚੁੱਕ ਕੇ ਹੀ ਖਾਣਾਂ ਸ਼ੁਰੂ ਕਰ ਦਿੱਤਾ ਸੀ। ਪਰੰਤੂ ਝੋਕੇ ਨੇ ਬੱਚਿਆਂ ਨੂੰ ਦਬਕਾ ਮਾਰ ਕੇ ਕੁਝ ਪਿੱਛੇ ਕਰ ਦਿੱਤਾ ਸੀ। ਘਰੋੜਾ ਸਾਰਾ ਇਕ ਥਾਲੀ ਵਿੱਚ ਲਾਹ ਕੇ ਬੱਚਿਆਂ ਅੱਗੇ ਰੱਖ ਦਿੱਤਾ ਸੀ । ਇਕ ਬੁੱਕ ਆਪਣੇ ਖਾਣ ਲਈ ਆਪਣੇ ਪਰਨੇ ਦੇ ਲੜ ਨਾਲ ਬੰਨ੍ਹ ਲਿਆ ਸੀ।

ਦੂਜੇ ਪਾਸੇ ਰੰਬੇ ਅਤੇ ਖੁਰਪੀ ਨਾਲ ਗੁੜ ਨੂੰ ਗੰਡ ਵਿੱਚ ਗੋਡ ਗੋਡ ਕੇ, ਬੂੜ ਸਿੰਘ ਨੇ ਖੁਰਪੀ ਨਾਲ ਗੰਡ ਦੇ ਬੰਨੇ ਛਡਾਅ ਦਿੱਤੇ ਸਨ। ਹੁਣ ਗੁੜ ਗੰਡ ਵਿੱਚ ਠੰਡਾ ਹੋ ਕੇ ਜੰਮਣਾ ਸ਼ੁਰੂ ਹੋ ਗਿਆ ਸੀ। ਇਸ ਸ਼ਰਤ ਦੀ ਭਿਣਕ ਕੁਝ ਲੋਕਾਂ ਨੂੰ ਪੈ ਗਈ ਸੀ। ਇਸ ਕਰਕੇ ਦਸ ਬਾਰਾਂ ਬੰਦੇ ਇਹ ਸ਼ਰਤ ਵੇਖਣ ਆ ਗਏ ਸਨ। ਪੋਹ ਦੀ ਠੰਡੀ ਹਵਾ ਦੇ ਫਰਾਟਿਆਂ ਨੇ ਮਿੰਟਾਂ ਵਿੱਚ ਗੁੜ ਠੰਡਾ ਕਰ ਦਿੱਤਾ ਸੀ।

ਹਰਨਾਮ ਸਿੰਘ ਤੇ ਬੂੜ ਸਿੰਘ ਨੇ ਸ਼ਰਤ ਜਿੱਤਣ ਲਈ ਰਾਤ ਦੀ ਰੋਟੀ ਵੀ ਨਹੀਂ ਖਾਧੀ ਸੀ। ਦਿਨ ਦੇ ਤਿੰਨ ਵਜ ਗਏ ਸਨ। ਬੂੜ ਸਿੰਘ ਨੇ ਗੰਡ ਦੇ ਅੱਧ ਵਿੱਚ ਉਂਗਲ ਨਾਲ ਲਕੀਰ ਖਿੱਚ ਦਿੱਤੀ ਸੀ। ਹਰਨਾਮ ਸਿਹਾਂ, "ਜਿਹੜਾ ਪਾਸਾ ਗੁੜ ਦਾ ਖਾਣਾ ਹੈ ਮੱਲ ਲੈ ਪਹਿਲ ਤੇਰੀ ਹੈ," ਬੂੜ ਸਿੰਘ ਨੇ ਕੰਮ ਸ਼ੁਰੂ ਕਰਨ ਦਾ ਇਸ਼ਾਰਾ ਕਰਦਿਆਂ ਆਖਿਆ।

ਦੋਵਾਂ ਨੇ ਆਪਣੇ, ਆਪਣੇ ਹਿੱਸੇ ਦਾ ਗੁੜ ਖਾਣਾਂ ਸ਼ੁਰੂ ਕਰ ਦਿੱਤਾ ਸੀ। ਚੱਪੇ ਭਰ ਭਰ ਕੇ ਉਹਨਾਂ ਨੇ ਆਪਣੇ ਮੂੰਹ ਵਿੱਚ ਗੁੜ ਇਸ ਤਰ੍ਹਾਂ ਸੁੱਟਣਾ ਸ਼ੁਰੂ ਕਰ ਦਿੱਤਾ ਸੀ, ਜਿਵੇਂ ਭੜੋਲੇ ਵਿੱਚ ਪਾ ਰਹੇ ਹੋਣ। ਬੂੜ ਸਿੰਘ ਗੁੜ ਖਾਣ ਵਿੱਚ ਹਰਨਾਮ ਸਿੰਘ ਨਾਲੋਂ ਅੱਗੇ ਚੱਲ ਰਿਹਾ ਸੀ। ਵੇਖਣ ਵਾਲਿਆਂ ਨੂੰ ਲੱਗ ਰਿਹਾ ਸੀ। ਹਰਨਾਮ ਸਿੰਘ ਤੋਂ ਆਪਣੇ ਹਿੱਸੇ ਦਾ ਗੁੜ ਨਹੀਂ ਖਾਧਾ ਜਾਣਾ ਪਰੰਤੂ ਆਖਰੀ ਪਲਾਂ ਤੇ ਉਹ ਬੂੜ ਸਿੰਘ ਨੂੰ ਲੰਡੀ ਚੂਹੀ ਦੇ ਗਿਆ ਸੀ। ਦੋਵਾਂ ਜਾਣਿਆਂ ਗੁੜ ਖਾ ਕੇ ਸ਼ਰਤ ਜਿੱਤ ਲਈ ਸੀ। ਗੁੜ ਦੇ ਮਾਲਕ ਗੱਜਣ ਸਿੰਘ ਨੂੰ ਇਹ ਸ਼ਰਤ ਪੈ ਗਈ ਸੀ। ਉਸ ਨੇ ਲਾਈ ਸ਼ਰਤ ਮੁਤਾਬਿਕ ਸੌ, ਸੌ ਰੁਪਏ ਦੋਵਾਂ ਜਣਿਆਂ ਨੂੰ ਦੇ ਦਿੱਤੇ ਸਨ।

ਪਿੰਡ ਦੇ ਲੋਕ ਕਹਿ ਰਹੇ ਸਨ ਗੁੜ ਦੀ ਪੂਰੀ ਪੱਤ ਤਾਂ ਦੋ ਡੰਗਰ ਵੀ ਨਹੀਂ ਖਾ ਸਕਦੇ। ਪਤਾ ਨਹੀਂ ਇਹਨਾਂ ਦੇ ਢਿੱਡ ਹਨ ਜਾਂ ਟੋਏ। ਕੋਈ ਕਹਿ ਰਿਹਾ ਸੀ ਜੇਕਰ ਖਾਣ ਲਈ ਘਰ ਬੇਗਾਨਾ ਹੋਵੇ, ਢਿੱਡ ਤੇ ਆਪਣਾ ਹੁੰਦਾ ਹੈ। ਕੋਈ ਕਹਿ ਰਿਹਾ ਸੀ, ਇਹ ਬਿਮਾਰ ਜ਼ਰੂਰ ਹੋਣਗੇ। ਕੋਈ ਕਹਿ ਰਿਹਾ ਸੀ ਇਹਨਾਂ ਦਾ ਮਿਹਦਾ ਸੂਰਾਂ ਵਰਗਾ ਹੈ। ਇਹਨਾਂ ਨੂੰ ਕੁਝ ਨਹੀਂ ਹੋਣ ਲੱਗਾ। ਪਰੰਤੂ ਉਹ ਸ਼ਰਤ ਜਿੱਤ ਕੇ ਨੇੜੇ ਦੇ ਪਿੰਡਾਂ ਦੇ ਖੁੰਢਾਂ ਦੀ ਖੁੰਢ ਚਰਚਾ ਬਣ ਗਏ ਸਨ।

  • ਮੁੱਖ ਪੰਨਾ : ਕਹਾਣੀਆਂ, ਸੁਖਵਿੰਦਰ ਸਿੰਘ ਖਾਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ