Grahan (Story in Punjabi) : Rajinder Singh Bedi

ਗ੍ਰਹਿਣ (ਕਹਾਣੀ) : ਰਾਜਿੰਦਰ ਸਿੰਘ ਬੇਦੀ

ਰੂਪੋ, ਸ਼ਿੱਬੂ, ਕੁੱਥੂ ਤੇ ਮੁੰਨਾਂ-ਹੋਲੀ ਨੇ ਅਸਾੜੀ ਦੇ ਕਾਇਸਥਾਂ ਨੂੰ ਚਾਰ ਬੱਚੇ ਦਿੱਤੇ ਸਨ ਤੇ ਪੰਜਵਾਂ ਕੁਝ ਮਹੀਨਿਆਂ ਵਿਚ ਹੀ ਜੰਮਣ ਵਾਲੀ ਸੀ। ਉਸਦੀਆਂ ਅੱਖਾਂ ਦੁਆਲੇ ਗੂੜ੍ਹੇ–ਕਾਲੇ ਘੇਰੇ ਪੈ ਗਏ ਸਨ, ਗੱਲ੍ਹਾਂ ਦੀਆਂ ਹੱਡੀਆਂ ਉਭਰ ਆਈਆਂ ਸਨ ਤੇ ਮਾਸ ਉਹਨਾਂ ਵਿਚ ਪਿਚਕ ਗਿਆ ਸੀ। ਉਹ ਹੋਲੀ, ਜਿਸਨੂੰ ਪਹਿਲੋਂ–ਪਹਿਲ ਮਈਆ ਪਿਆਰ ਨਾਲ ਚਾਂਦਨੀ ਕਹਿ ਕੇ ਬੁਲਾਉਂਦੀ ਸੀ ਤੇ ਰਸੀਲਾ ਜਿਸਦੀ ਸਿਹਤ ਤੇ ਰੂਪ ਦਾ 'ਵੈਰੀ' ਸੀ, ਝੜੇ ਹੋਏ ਪੱਤੇ ਵਾਂਗ ਪੀਲੀ ਤੇ ਮੁਰਝਾਈ ਹੋਈ ਸੀ।
ਅੱਜ ਰਾਤੀਂ ਚੰਦ ਗ੍ਰਹਿਣ ਲੱਗਣਾ ਸੀ। ਸ਼ਾਮ ਹੁੰਦਿਆਂ ਹੀ ਚੰਦ ਗ੍ਰਹਿਣ ਦਾ ਲਗਨ ਸ਼ੁਰੂ ਹੋ ਜਾਣਾ ਹੈ, ਹੋਲੀ ਨੂੰ ਹੁਕਮ ਨਹੀਂ ਕਿ ਉਹ ਕੋਈ ਕਪੜਾ ਪਾੜੇ-ਪੇਟ ਵਿਚਲੇ ਬੱਚੇ ਦਾ ਨੱਕ–ਕੰਨ ਪਾਟ ਜਾਵੇਗਾ; ਉਹ ਸਿਉਂ ਨਹੀਂ ਸੀ ਸਕਦੀ-ਮੂੰਹ ਸਿਉਂਤਾ ਬੱਚਾ ਪੈਦਾ ਹੋਵੇਗਾ। ਆਪਣੇ ਪੇਕੇ ਖ਼ਤ ਨਹੀਂ ਸੀ ਲਿਖ ਸਕਦੀ-ਉਸ ਦੇ ਟੇਢੇ–ਮੇਢੇ ਅੱਖਰ ਬੱਚੇ ਚਿਹਰੇ 'ਤੇ ਝਰੀਟੇ ਜਾਣਗੇ-ਤੇ ਆਪਣੇ ਪੇਕਿਆਂ ਨੂੰ ਖ਼ਤ ਲਿਖਣ ਦਾ ਉਸਨੂੰ ਬੜਾ ਚਾਅ ਸੀ।
ਪੇਕਿਆਂ ਦੀ ਯਾਦ ਆਉਂਦਿਆਂ ਹੀ ਉਸਦੀ ਸਾਰੀ ਦੇਹ ਇਕ ਅਣਜਾਣ ਜਜ਼ਬੇ ਨਾਲ ਕੰਬਨ ਲੱਗ ਪੈਂਦੀ। ਉਹ ਪੇਕੇ ਹੁੰਦੀ ਸੀ ਤਾਂ ਉਸਨੂੰ ਸਹੁਰਿਆਂ ਦਾ ਕਿੰਨਾ ਚਾਅ ਹੁੰਦਾ ਸੀ। ਪਰ ਹੁਣ ਸਹੁਰਿਆਂ ਤੋਂ ਏਨੀ 'ਨਿਹਾਲ' ਹੋ ਚੁੱਕੀ ਸੀ ਉਹ ਕਿ ਉੱਥੋਂ ਭੱਜ ਜਾਣਾ ਚਾਹੁੰਦੀ ਸੀ। ਇੰਜ ਕਰਨ ਦੀ ਉਸਨੇ ਕਈ ਵਾਰੀ ਕੋਸ਼ਿਸ਼ ਵੀ ਕੀਤੀ, ਪਰ ਹਰ ਵੇਰ ਅਸਫਲ ਰਹੀ। ਉਸਦਾ ਪੇਕਾ ਪਿੰਡ, ਅਸਾੜੀ ਪਿੰਡ ਤੋਂ ਕੋਈ ਪੰਜਾਹ ਕੁ ਮੀਲ ਦੇ ਫਾਸਲੇ 'ਤੇ ਸੀ। ਸਮੁੰਦਰ ਕਿਨਾਰੇ ਹਰਫੂਲ ਬੰਦਰਗਾਹ ਤੋਂ ਸ਼ਾਮ ਵੇਲੇ ਸਟੀਮਰ ਲਾਂਚ ਮਿਲ ਜਾਂਦੀ ਸੀ ਤੇ ਕਿਨਾਰੇ ਦੇ ਨਾਲ ਨਾਲ ਡੇਢ ਦੋ ਘੰਟਿਆਂ ਦੇ ਸਫ਼ਰ ਪਿੱਛੋਂ ਉਸਦੇ ਪੇਕੇ–ਪਿੰਡ ਦੇ ਵੱਡੇ ਮੰਦਰ ਦੇ ਜਰ–ਖਾਧੇ ਕਲਸ ਦਿਖਾਈ ਦੇਣ ਲੱਗ ਪੈਂਦੇ ਸੀ।
ਅੱਜ ਸ਼ਾਮ ਹੋਣ ਤੋਂ ਪਹਿਲਾਂ ਰੋਟੀ–ਟੁੱਕ ਤੇ ਚੌਂਕੇ–ਚੁੱਲ੍ਹੇ ਦੀ ਸਫਾਈ ਤੋਂ ਵਿਹਲਿਆਂ ਹੋਣਾ ਸੀ। ਮਈਆ ਕਹਿੰਦੀ ਸੀ ਗ੍ਰਹਿਣ ਤੋਂ ਪਹਿਲਾਂ ਰੋਟੀ ਵਗ਼ੈਰਾ ਖਾ ਲੈਣੀ ਚਾਹੀਦੀ ਹੈ ਵਰਨਾ ਹਰ ਹਰਕਤ ਢਿੱਡ ਦੀ ਡੱਡ ਦੇ ਸਰੀਰ ਅਤੇ ਕਿਸਮਤ 'ਤੇ ਪੈਂਦੀ ਹੈ। ਜਿਵੇਂ ਉਸ ਬਡਰੂਪ, ਚੌੜੀਆਂ ਨਾਸਾਂ ਵਾਲੀ, ਅੜੀਅਲ ਮਈਆ ਨੇ ਆਪਣੀ ਨੂੰਹ ਹਮੀਦਾ ਬਾਨੋ ਦੇ ਢਿੱਡੋਂ ਕਿਸੇ ਅਕਬਰ ਅਜ਼ੀਮ ਦੀ ਆਸ ਲਾਈ ਹੋਈ ਹੋਵੇ। ਚਾਰ ਬੱਚਿਆਂ, ਤਿੰਨ ਆਦਮੀਆਂ,ਦੋ ਤੀਵੀਂਆਂ, ਚਾਰ ਮੱਝਾਂ ਵਾਲਾ ਇਹ ਵੱਡਾ ਟੱਬਰ ਤੇ ਇਕੱਲੀ ਹੋਲੀ-ਦੁਪਹਿਰ ਤਾਈਂ ਤਾਂ ਹੋਲੀ ਭਾਂਡਿਆਂ ਦਾ ਢੇਰ ਮਾਂਜਦੀ ਰਹੀ। ਫੇਰ ਜਾਨਵਰਾਂ ਲਈ ਵੜੇਵੇਂ, ਖਲ ਤੇ ਛੋਲੇ ਭਿਓਂਣ ਚਲੀ ਗਈ। ਇੱਥੋਂ ਤਾਈਂ ਕਿ ਉਸਦਾ ਲੱਕ ਪੀੜ ਨਾਲ ਟੁੱਟਣ ਲੱਗ ਪਿਆ ਤੇ ਬਗ਼ਾਵਤ ਪਸੰਦ ਬੱਚਾ ਪੇਟ ਵਿਚ ਆਪਣੇ ਹੱਕ-ਪਰ ਹੋਲੀ ਨੂੰ ਤੜਫਾ ਦੇਣ ਵਾਲੀਆਂ ਹਰਕਤਾਂ-ਨਾਲ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਿਆ। ਹੋਲੀ ਹਾਰ ਮੰਨ ਕੇ ਫੱਟੀ ਉੱਤੇ ਬੈਠ ਗਈ ਪਰ ਦੇਰ ਤਾਈਂ ਫੱਟੀ ਜਾਂ ਫਰਸ਼ ਉੱਤੇ ਬੈਠਣ ਦੇ ਕਾਬਿਲ ਨਹੀਂ ਸੀ ਉਹ...ਨਾਲੇ ਮਈਆ ਦੇ ਖ਼ਿਆਲ ਅਨੁਸਾਰ ਚੌੜੀ ਫੱਟੀ ਉੱਤੇ ਦੇਰ ਤਾਈਂ ਬੈਠਣ ਨਾਲ ਬੱਚੇ ਦਾ ਸਿਰ ਚਪਟਾ ਹੋ ਜਾਂਦਾ ਹੈ। ਮੂੜ੍ਹਾ ਹੋਵੇ ਤਾਂ ਠੀਕ ਹੈ। ਕਦੀ ਕਦੀ ਹੋਲੀ ਮਈਆ ਤੇ ਕਾਇਸਥਾਂ ਦੀ ਅੱਖ ਬਚਾ ਕੇ ਮੰਜੀ ਉੱਤੇ ਸਿੱਧੀ ਲੇਟ ਜਾਂਦੀ ਤੇ ਸੂਣ ਵਾਲੀ ਕੁੱਤੀ ਵਾਂਗ ਲੱਤਾਂ ਪਸਾਰ ਕੇ ਭਰਪੂਰ ਅੰਗੜਾਈ ਲੈਂਦੀ ਤੇ ਫੇਰ ਉਦੋਂ ਹੀ ਕੰਬਦੇ ਹੋਏ ਹੱਥਾਂ ਨਾਲ ਆਪਣੇ ਨੰਨ੍ਹੇ ਜਿਹੇ ਨਰਕ ਨੂੰ ਪਲੋਸਣ ਲੱਗ ਪੈਂਦੀ।
ਇਹ ਖ਼ਿਆਲ ਆਉਂਦਿਆਂ ਹੀ ਕਿ ਉਹ ਸੀਤਲ ਦੀ ਧੀ ਹੈ, ਉਹ ਆਪਣੇ ਆਪ ਨੂੰ ਰੋਕ ਨਾ ਸਕਦੀ-ਸੀਤਲ ਸਾਰੰਗਦੇਵ ਪਿੰਡ ਦਾ ਇਕ ਮਾਲਦਾਰ ਸਾਹੂਕਾਰ ਸੀ ਤੇ ਸਾਰੰਗਦੇਵ ਪਿੰਡ ਦੇ ਚਾਰੇ ਪਾਸੇ ਵੱਸਦੇ ਵੀਹ ਪਿੰਡਾਂ ਦੇ ਕਿਸਾਨ ਉਸਤੋਂ ਵਿਆਜੂ ਰਕਮ ਲੈਂਦੇ ਹੁੰਦੇ ਸਨ; ਉਸਦੇ ਬਾਵਜੂਦ ਉਸਨੂੰ ਕਾਇਸਥਾਂ ਦੇ ਇੱਥੇ ਜਲੀਲ ਕੀਤਾ ਜਾਂਦਾ ਸੀ। ਹੋਲੀ ਨਾਲ ਕੁੱਤਿਆਂ ਨਾਲੋਂ ਵੀ ਮਾੜਾ ਸਲੂਕ ਹੁੰਦਾ ਸੀ। ਕਾਇਸਥਾਂ ਨੂੰ ਤਾਂ ਬੱਚੇ ਚਾਹੀਦੇ ਨੇ, ਹੋਲੀ ਪਵੇ ਢੱਠੇ ਖ਼ੂਹ 'ਚ। ਕੀ ਸਾਰੇ ਗੁਜਰਾਤ ਵਿਚ ਇਹ ਕਇਸਥ ਹੀ ਕੁਲਬਧੂ ਦਾ ਸਹੀ ਮਤਲਬ ਸਮਝਦੇ ਸੀ!
ਹਰ ਸਾਲ, ਡੇਢ ਸਾਲ ਬਾਅਦ ਉਹ ਇਕ ਨਵਾਂ ਕੀੜਾ ਘਰੇ ਰੀਂਘਦਾ ਹੋਇਆ ਦੇਖ ਕੇ ਖੁਸ਼ ਹੁੰਦੇ ਸਨ ਤੇ ਬੱਚੇ ਕਰਕੇ ਖਾਧਾ ਪੀਤਾ ਹੋਲੀ ਦੇ ਜਿਸਮ ਨੂੰ ਨਹੀਂ ਸੀ ਲੱਗਦਾ। ਸ਼ਾਇਦ ਉਸਨੂੰ ਰੋਟੀ ਵੀ ਇਸੇ ਲਈ ਦਿੱਤੀ ਜਾਂਦੀ ਸੀ ਕਿ ਢਿੱਡ ਵਿਚ ਬੱਚਾ ਮੰਗਦਾ ਹੈ ਤੇ ਇਸੇ ਲਈ ਉਸਨੂੰ ਹਮਲ ਦੇ ਮੁੱਢਲੇ ਦਿਨਾਂ ਵਿਚ ਚਾਟ ਤੇ ਹੁਣ ਫਲ ਖੁੱਲ੍ਹੇ ਦਿਲ ਨਾਲ ਦਿੱਤੇ ਜਾਂਦੇ ਸਨ।
'ਦਿਓਰ ਐ ਤਾਂ ਉਹ ਅੱਡ ਕੁੱਟ ਲੈਂਦੈ।' ਹੋਲੀ ਸੋਚਦੀ ਸੀ-'ਤੇ ਸੱਸ ਦੇ ਮਿਹਣੇ, ਕੁੱਟਮਾਰ ਤੋਂ ਕਿਤੇ ਵੱਧ ਭੇੜੇ ਹੁੰਦੇ ਐ ਤੇ ਵੱਡੇ ਕਾਇਸਥ ਜਦੋਂ ਝਾੜ ਪਾਉਣ ਲੱਗਦੇ ਐ ਤਾਂ ਪੈਰਾਂ ਹੇਠਲੀ ਜ਼ਮੀਨ ਹਿੱਲਣ ਲੱਗ ਪੈਂਦੀ ਐ। ਉਹਨਾਂ ਸਾਰਿਆਂ ਨੂੰ ਭਲਾ ਮੇਰੀ ਜਾਨ ਲੈਣ ਦਾ ਕੀ ਹੱਕ...? ਰਸੀਲੇ ਦੀ ਗੱਲ ਹੋਰ ਐ। ਸ਼ਾਸਤਰਾਂ ਨੇ ਉਸਨੂੰ ਪ੍ਰਮਾਤਮਾ ਦਾ ਦਰਜਾ ਦਿਤਾ ਹੋਇਐ। ਉਹ ਜਿਸ ਛੁਰੀ ਨਾਲ ਮਾਰੇ, ਉਸੇ ਛੁਰੀ ਦਾ ਭਲਾ!...ਪਰ ਕੀ ਸ਼ਾਸਤਰ ਕਿਸੇ ਔਰਤ ਨੇ ਬਣਾਏ ਐ? ਤੇ ਮਾਨਤਾ ਦੀ ਗੱਲ ਹੀ ਵੱਖਰੀ ਐ। ਸ਼ਾਸਤਰ ਕਿਸੇ ਔਰਤ ਨੇ ਲਿਖੇ ਹੁੰਦੇ ਤਾਂ ਆਪਣੀ ਜਾਤੀ ਉੱਤੇ ਇਸ ਨਾਲੋਂ ਵੀ ਵਧ ਪਾਬੰਦੀਆਂ ਲਾ ਦੇਂਦੀ...'
...ਰਾਹੂ ਆਪਣੇ ਨਵੇਂ ਭੇਸ ਵਿਚ ਬੈਠਾ ਮੌਜ ਨਾਲ ਅਮ੍ਰਿਤ ਪੀ ਰਿਹਾ ਸੀ। ਚੰਦ ਤੇ ਸੂਰਜ ਨੇ ਵਿਸ਼ਨੂੰ ਮਹਾਰਾਜ ਨੂੰ ਉਸਦੀ ਸ਼ਿਕਾਇਤ ਕਰ ਦਿਤੀ ਤੇ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਰਾਹੂ ਦੇ ਦੋ ਟੁਕੜੇ ਕਰ ਦਿੱਤੇ। ਉਸਦਾ ਸਿਰ ਤੇ ਧੜ ਦੋਵੇਂ ਆਸਮਾਨ ਵਿਚ ਜਾ ਕੇ ਰਹੂ ਤੇ ਕੇਤੂ ਬਣ ਗਏ। ਸੂਰਜ ਤੇ ਚੰਦ ਦੋਵਾਂ ਨੇ ਉਹਦਾ ਕਰਜਾ ਦੇਣਾ ਹੈ। ਹੁਣ ਉਹ ਹਰ ਸਾਲ ਦੋ ਵਾਰੀ ਚੰਦ ਤੇ ਸੂਰਜ ਤੋਂ ਬਦਲਾ ਲੈਂਦੇ ਨੇ-ਤੇ ਹੋਲੀ ਸੋਚਦੀ ਸੀ, 'ਭਗਵਾਨ ਦੇ ਖੇਡ ਵੀ ਨਿਆਰੇ ਐ...ਤੇ ਰਾਹੂ ਦੀ ਸ਼ਕਲ ਕੇਡੀ ਅਜੀਬ ਐ! ਇਕ ਕਾਲਾ ਜਿਹਾ ਰਾਕਸ਼ਸ, ਸ਼ੇਰ ਉੱਤੇ ਚੜ੍ਹਿਆ ਹੋਇਆ, ਦੇਖ ਕੇ ਕਿੰਨਾ ਡਰ ਲਗਦੈ! ਰਸੀਲਾ ਵੀ ਤਾਂ ਸ਼ਕਲ ਪਖੋਂ ਰਹੂ ਈ ਤਾਂ ਲੱਗਦੈ। ਮੁੰਨੇ ਦੇ ਜੰਮਣ ਪਿੱਛੋਂ ਅਜੇ ਚਾਲ੍ਹੀਵਾਂ ਵੀ ਨਹੀਂ ਸੀ ਨਹਾਤੀ ਕਿ ਆ ਢਾਇਆ ਸੀ; ਮੈਂ ਵੀ ਤਾਂ ਉਸਦਾ ਕਰਜਾ ਈ ਦੇਣੈ...?
ਉਸੇ ਵੇਲੇ ਹੋਲੀ ਦੇ ਕੰਨਾਂ ਵਿਚ ਮਾਂ–ਪੁੱਤਰ ਦੇ ਆਉਣ ਦੀ ਬਿੜਕ ਪਈ। ਹੋਲੀ ਨੇ ਦੋਵਾਂ ਹੱਥਾਂ ਨਾਲ ਪੇਟ ਸੰਭਾਲਿਆ ਦੇ ਉਠ ਖੜ੍ਹੀ ਹੋਈ। ਤੇ ਕਾਹਲ ਨਾਲ ਤਵਾ, ਬਲ ਰਹੀ, ਮੱਠੀ ਮੱਠੀ ਅੱਗ ਉੱਤੇ ਰੱਖ ਦਿੱਤਾ। ਹੁਣ ਉਸ ਵਿਚ ਝੁਕਣ ਦੀ ਹਿੰਮਤ ਵੀ ਨਹੀਂ ਸੀ ਰਹੀ ਕਿ ਫੂਕਨੀ ਨਾਲ ਫੂਕ ਮਾਰ ਕੇ ਅੱਗ ਬਾਲ ਲਵੇ। ਉਸਨੇ ਕੋਸ਼ਿਸ਼ ਵੀ ਕੀਤੀ ਪਰ ਉਸਦੀਆਂ ਅੱਖਾਂ ਫੁੱਟ ਕੇ ਬਾਹਰ ਆਉਣ ਵਾਲੀਆਂ ਹੋ ਗਈਆਂ।
ਰਸੀਲਾ ਇਕ ਨਵਾਂ ਮੁਰੰਮਤ ਕੀਤਾ ਹੋਇਆ ਛੱਜ ਹੱਥ ਵਿਚ ਫੜ੍ਹੀ ਅੰਦਰ ਵੜਿਆ। ਉਸਨੇ ਜਲਦੀ ਜਲਦੀ ਹੱਥ ਧੋਤੇ ਤੇ ਮੂੰਹ ਵਿਚ ਕੁਝ ਬੁੜਬੁੜ ਕਰਨ ਲੱਗਾ। ਉਸਦੇ ਪਿੱਛੇ ਮਈਆ ਆਈ ਤੇ ਆਉਂਦੀ ਹੀ ਬੋਲੀ-“ਬਹੂ...ਅਨਾਜ ਕੱਢ ਕੇ ਰੱਖਿਐ ਨਾ?”
ਹੋਲੀ ਡਰਦੀ ਡਰਦੀ ਬੋਲੀ-“ਹਾਂ, ਹਾਂ ਰੱਖਿਐ-ਨਹੀਂ ਰੱਖਿਆ...ਯਾਦ ਨਹੀਂ ਰਿਹਾ, ਭੁੱਲ ਗਈ ਸੀ ਮਈਆ...”
“ਤੂੰ ਬੈਠੀ ਕਰਦੀ ਕੀ ਰਹੀ ਨੀਂ, ਨਵਾਬਜਾਦੀਏ?”
ਹੋਲੀ ਨੇ ਸਹਿਮੀਆਂ ਜਿਹੀਆਂ ਅੱਖਾਂ ਨਾਲ ਰਸੀਲੇ ਵੱਲ ਦੇਖਿਆ ਤੇ ਬੋਲੀ, “ਜੀ ਮੈਥੋਂ ਅਨਾਜ ਦੀ ਬੋਰੀ ਹਿਲਾਈ ਜਾਂਦੀ ਐ ਭਲਾਂ?”
ਮਈਆਂ ਨੂੰ ਕੋਈ ਜਵਾਬ ਨਾ ਆਇਆ। ਤੇ ਉਂਜ ਵੀ ਉਸਨੂੰ ਹੋਲੀ ਦੀ ਬਜਾਏ ਉਸਦੇ ਢਿੱਡ ਵਿਚਲੇ ਬੱਚੇ ਦੀ ਵਧੇਰੇ ਫਿਕਰ ਸੀ। ਸ਼ਾਇਦ ਇਸੇ ਲਈ ਹੋਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲੀ, “ਤੂੰ ਸੁਰਮਾ ਕਿਉਂ ਪਾਇਆ ਹੋਇਐ ਨੀਂ ਰੰਡੀਏ?-ਜਾਣਦੀ ਨਹੀਂ ਅੱਜ ਗ੍ਰਹਿਣ ਲੱਗਣੈ...ਜੇ ਬੱਚਾ ਅੰਨ੍ਹਾ ਹੋ ਗਿਆ ਤਾਂ ਤੇਰੇ ਵਰਗੀ ਰੰਡੀ ਉਸਨੂੰ ਪਾਲ ਲਊ...?”
ਹੋਲੀ ਚੁੱਪ ਰਹੀ ਤੇ ਨਜ਼ਰਾਂ ਜ਼ਮੀਨ ਉੱਤੇ ਗੱਡੀ ਰੱਖੀਆਂ।...ਫੇਰ ਮੂੰਹ ਵਿਚ ਬੁੜਬੁੜ ਕਰਨ ਲੱਗੀ। ਹੋਰ ਕੁਝ ਵੀ ਹੋ ਜਾਏ ਪਰ ਰੰਡੀ ਦੀ ਗਾਲ੍ਹ ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ। ਉਸਨੂੰ ਬੁੜਬੁੜ ਕਰਦਿਆਂ ਦੇਖ ਕੇ ਮਈਆ ਹੋਰ ਭੜਕ ਗਈ ਤੇ ਬਕਦੀ ਝਕਦੀ ਹੋਈ ਚਾਬੀਆਂ ਵਾਲਾ ਗੁੱਛਾ ਲੱਭਣ ਲੱਗ ਪਈ। ਇਕ ਮੈਲੇ ਜਿਹੇ ਲੈਂਪ ਕੋਲ ਸੁਰਮਾ ਰਗੜਨ ਵਾਲੀ ਖਰਲ ਰੱਖੀ ਹੋਈ ਸੀ। ਉਸ ਹੇਠੋਂ ਚਾਬੀਆਂ ਵਾਲਾ ਗੁੱਛਾ ਕੱਢ ਕੇ ਉਹ ਦਾਣਿਆਂ ਵਾਲੇ ਕੋਠੇ ਵੱਲ ਤੁਰ ਗਈ। ਰਸੀਲੇ ਨੇ ਇਕ ਵਾਰੀ ਹਵਸ ਭਰੀਆਂ ਅੱਖਾਂ ਨਾਲ ਹੋਲੀ ਵੱਲ ਤੱਕਿਆ, ਉਸ ਵੇਲੇ ਹੋਲੀ ਇਕੱਲੀ ਸੀ। ਰਸੀਲੇ ਨੇ ਹੌਲੀ ਜਿਹੀ ਪੱਲੇ ਨੂੰ ਛੂਹਿਆ। ਹੋਲੀ ਨੇ ਡਰਦਿਆਂ ਡਰਦਿਆਂ ਹੱਥ ਝਟਕ ਦਿਤਾ ਤੇ ਆਪਣੇ ਦਿਓਰ ਨੂੰ ਆਵਾਜ਼ ਮਾਰੀ, ਜਿਵੇਂ ਦੂਜੇ ਆਦਮੀ ਦੀ ਮੌਜ਼ੂਦਗੀ ਚਾਹੁੰਦੀ ਹੋਵੇ। ਇਸ ਹਾਲਤ ਵਿਚ ਮਰਦ ਨੂੰ ਠੁਕਰਾਅ ਦੇਣਾ ਮਾਮੂਲੀ ਗੱਲ ਨਹੀਂ ਹੁੰਦੀ। ਰਸੀਲਾ ਸ਼ਬਦਾਂ ਨੂੰ ਚਿੱਥ–ਚਿੱਥ ਕੇ ਬੋਲਿਆ-
“ਮੈਂ ਪੁੱਛਦਾਂ, ਭਲਾ, ਏਨੀ ਜਲਦੀ ਕਾਹਦੀ ਸੀ?”
“ਜਲਦੀ ਕਿਹੜੀ?”
ਰਸੀਲਾ ਉਸਦੇ ਪੇਟ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ, “ਇਹੀ...ਤੂੰ ਵੀ ਤਾਂ ਕੁੱਤੀ ਐਂ, ਕੁੱਤੀ?”
ਹੋਲੀ ਨੇ ਬਿਨਾਂ ਵਿਚਾਰੇ ਰਸੀਲੇ ਨੂੰ ਵਹਿਸ਼ੀ, ਬਦਚਲਨ, ਕਾਮੀਨਾ-ਸਭੋ ਕੁਝ ਆਖ ਦਿੱਤਾ। ਵਾਰ ਥਾਵੇਂ ਲੱਗਿਆ। ਰਸੀਲੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਜਵਾਬ ਵਿਹੂਣੇ ਆਦਮੀ ਦਾ ਜਵਾਬ ਥੱਪੜ ਹੁੰਦਾ ਹੈ ਤੇ ਦੂਜੇ ਪਲ ਉਂਗਲਾਂ ਦੇ ਨਿਸ਼ਾਨ ਹੋਲੀ ਦੀ ਗੱਲ੍ਹ ਉੱਤੇ ਦਿਖਾਈ ਦੇਣ ਲੱਗੇ। ਉਦੋਂ ਹੀ ਮਈਆ ਮਾਸ਼ (ਪਸ਼ੂਆਂ ਦੇ ਦਾਣੇ ਵਾਲੀ ਟੋਕਰੀ) ਚੁੱਕੀ ਭੰਡਾਰ ਘਰ ਵਿਚੋਂ ਬਾਹਰ ਆਈ ਤੇ ਬਹੂ ਨਾਲ ਬਦਸਲੂਕੀ ਕਰਨ ਕਰਕੇ ਪੁੱਤਰ ਨੂੰ ਤਾੜਨ ਲੱਗੀ। ਹੋਲੀ ਨੂੰ ਰਸੀਲੇ ਉੱਤੇ ਤਾਂ ਗੁੱਸਾ ਨਹੀਂ ਸੀ ਆਇਆ-ਹਾਂ, ਮਈਆ ਦੀ ਇਸ ਆਦਤ ਉੱਤੇ ਬਲ–ਬੁਝੀ ਸੀ ਉਹ-'ਰੰਡੀ ਆਪ ਮਾਰੇ ਤਾਂ ਇਸ ਤੋਂ ਵੀ ਵੱਧ, ਜੇ ਪੁੱਤ ਕੁਸ਼ ਕਹੇ ਤਾਂ ਹਮਦਰਦੀਆਂ ਦਿਖਾਉਂਦੀ ਆ, ਵੱਡੀ ਆਈ...'
ਹੋਲੀ ਸੋਚਣ ਲੱਗੀ ਕਿ 'ਕੱਲ੍ਹ ਰਸੀਲੇ ਨੇ ਇਸ ਲਈ ਮਾਰਿਆ ਸੀ ਕਿ ਮੈਂ ਉਸਦੀ ਗੱਲ ਦਾ ਜਵਾਬ ਨਹੀਂ ਸੀ ਦਿੱਤਾ ਤੇ ਅੱਜ ਇਸ ਲਈ ਮਾਰਿਆ ਕਿ ਮੈਂ ਗੱਲ ਦਾ ਜਵਾਬ ਦਿੱਤਾ ਐ-ਮੈਂ ਜਾਣਦੀ ਹਾਂ ਉਹ ਮੇਰੇ ਨਾਲ ਕਿਉਂ ਨਾਰਾਜ਼ ਐ, ਕਿਉਂ ਗਾਲ੍ਹਾਂ ਕੱਢਦਾ ਰਹਿੰਦਾ ਐ। ਮੇਰੇ ਪਕਾਉਣ-ਖਾਣ, ਉਠਣ, ਬੈਠਣ ਵਿਚ ਕਿਉਂ ਉਸਨੂੰ ਨੁਕਸ ਨਜ਼ਰ ਆਉਂਦੇ ਐ...ਤੇ ਮੇਰੀ ਇਹ ਹਾਲਤ ਐ ਕਿ ਨੱਕ ਵਿਚ ਦਮ ਆ ਜਾਂਦਾ ਐ ਤੇ ਮਰਦ, ਔਰਤ ਨੂੰ ਮੁਸੀਬਤ ਵਿਚ ਧਰੀਕ ਕੇ ਆਪ ਪਾਸੇ ਹੋ ਜਾਂਦੇ ਐ; ਇਹ ਮਰਦ...!'
ਮਈਆ ਨੇ ਕੁਝ ਬਾਸਮਤੀ, ਦਾਲਾਂ ਤੇ ਲੂਣ ਰਸੋਈਂ ਵਿਚ ਢੇਰੀ ਕਰ ਦਿੱਤਾ ਤੇ ਫੇਰ ਇਕ ਭਿੱਜੀ ਹੋਈ ਤੱਕੜੀ ਵਿਚ ਉਸਨੂੰ ਤੋਲਨ ਲੱਗੀ। ਤੱਕੜੀ ਗਿੱਲੀ ਸੀ, ਇਹ ਮਈਆ ਵੀ ਦੇਖ ਰਹੀ ਸੀ ਤੇ ਜਦੋਂ ਬਾਸਮਤੀ ਚੌਲ ਪਾਲੜੇ ਨਾਲ ਚਿਪਕ ਗਏ ਤਾਂ-ਬਹੂ ਮੋਈ ਕੁੱਡਰ ਹੋ ਗਈ-ਤੇ ਆਪ ਏਨੀ ਸੁਘੜ ਕਿ ਨਵੇਂ ਦੁਪੱਟੇ ਨਾਲ ਪਾਲੜਾ ਸਾਫ ਕਰਨ ਲੱਗ ਪਈ। ਜਦੋਂ ਖਾਸਾ ਮੈਲਾ ਹੋ ਗਿਆ ਤਾਂ ਦੁਪੱਟੇ ਨੂੰ ਸਿਰ ਤੋਂ ਲਾਹ ਕੇ ਹੋਲੀ ਵੱਲ ਸੁੱਟ ਦਿੱਤਾ ਤੇ ਬੋਲੀ, “ਲੈ ਧੋ ਦੇਅ।”
ਹੁਣ ਵਿਚਾਰੀ ਹੋਲੀ ਇਹ ਨਹੀਂ ਜਾਣਦੀ ਕਿ ਉਹ ਪਹਿਲਾਂ ਰੋਟੀਆਂ ਪਕਾਏ ਜਾਂ ਦੁਪੱਟਾ ਧੋਵੇ-ਬੋਲੇ ਜਾਂ ਨਾ ਬੋਲੇ, ਹਿੱਲੇ ਜਾਂ ਨਾ ਹਿੱਲੇ-ਉਹ ਕੁੱਤੀ ਹੈ ਜਾਂ ਨਵਾਬਜਾਦੀ। ਉਸਨੇ ਦੁਪੱਟਾ ਧੋਣ ਵਿਚ ਹੀ ਭਲਾਈ ਸਮਝੀ। ਉਸ ਸਮੇਂ ਚੰਦ ਗ੍ਰਹਿਣ ਸ਼ੁਰੂ ਹੋਣ ਵਾਲਾ ਹੋਵੇਗਾ। ਜੇ ਬੱਚਾ ਧੋਤੇ ਹੋਏ ਕਪੜੇ ਵਾਂਗ ਵੱਟੋ–ਵੱਟ ਪੈਦਾ ਹੋਇਆ ਤੇ ਮਹੀਨੇ ਦੋ ਮਹੀਨੇ ਪਿੱਛੋਂ ਬੱਚੇ ਦਾ ਵਟਿਆਇਆ ਹੋਇਆ ਚਿਹਰਾ ਦੇਖ ਕੇ ਉਹਨੂੰ ਨੇਹਨਿਆਂ ਜਾਣ ਲੱਗਾ ਤਾਂ ਉਸ ਵਿਚ ਹੋਲੀ ਦਾ ਕੀ ਕਸੂਰ ਹੋਵੇਗਾ?...ਪਰ ਕਸੂਰ ਤੇ ਬੇਕਸੂਰ ਦੀ ਤਾਂ ਗੱਲ ਹੀ ਵੱਖਰੀ ਹੈ ਕਿਉਂਕਿ ਇਹ ਕੋਈ ਸੁਣਨ ਲਈ ਤਿਆਰ ਹੀ ਨਹੀਂ ਕਿ ਇਸ ਵਿਚ ਹੋਲੀ ਦਾ ਕਸੂਰ ਕਿੰਨਾ ਹੈ; ਸਾਰਾ ਕਸੂਰ ਹੋਲੀ ਦਾ ਹੀ ਹੋਵੇਗਾ।
ਉਸ ਸਮੇਂ ਹੋਲੀ ਨੂੰ ਸਾਰੰਗਦੇਵ ਪਿੰਡ ਚੇਤੇ ਆਇਆ-ਕਿਸ ਤਰ੍ਹਾਂ ਉਹ ਅੱਸੂ ਦੇ ਸ਼ੁਰੂ ਵਿਚ ਹੋਰ ਔਰਤਾਂ ਨਾਲ ਗਰਬਾ ਨੱਚਦੀ ਹੁੰਦੀ ਸੀ ਤੇ ਭਾਬੀ ਦੇ ਸਿਰ ਉੱਤੇ ਰੱਖੇ ਹੋਏ ਘੜੇ ਦੇ ਸੁਰਾਖ਼ਾਂ ਵਿਚੋਂ ਰੌਸ਼ਨੀ ਛਣ ਛਣ ਕੇ ਦਾਲਾਨ ਦੇ ਚਾਰੇ ਖੁੰਜਿਆਂ ਨੂੰ ਰੁਸ਼ਨਾਅ ਦੇਂਦੀ ਹੁੰਦੀ ਸੀ। ਉਦੋਂ ਸਾਰੀਆਂ ਔਰਤਾਂ ਆਪਣੇ ਮੇਂਹਦੀ ਰੰਗੇ ਹੱਥਾਂ ਨਾਲ ਤਾੜੀਆਂ ਵਜਾਉਂਦੀਆਂ ਸਨ ਤੇ ਗਾਉਂਦੀਆਂ ਹੁੰਦੀਆਂ ਸਨ-
ਮੇਂਹਦੀ ਤਾਂ ਆਵਦਾ ਈ ਮਾਲ ਵੇ
ਏਹ ਨੇ ਰੰਗ ਦਿਤਾ ਗੁਜਰਾਤ ਏ
ਮੇਂਹਦੀ ਰੰਗ ਲਿਆਈ ਏ
ਉਦੋਂ ਉਹ ਇਕ ਨੱਚਣ–ਕੁੱਦਣ ਵਾਲੀ ਅੱਲੜ੍ਹ ਕੁੜੀ ਹੁੰਦੀ ਸੀ; ਇਕ ਬਹਿਰ ਤੇ ਕਾਫ਼ੀਏ ਤੋਂ ਆਜ਼ਾਦ ਨਜ਼ਮ। ਜੋ ਚਾਹੁੰਦੀ ਸੀ, ਪੂਰਾ ਹੋ ਜਾਂਦਾ ਸੀ-ਘਰ ਵਿਚ ਸਾਰਿਆਂ ਨਾਲੋਂ ਛੋਟੀ ਜੋ ਸੀ। ਨਵਾਬਜਾਦੀ ਤਾਂ ਨਹੀਂ ਸੀ ਤੇ ਉਸਦੀਆਂ ਸਹੇਲੀਆਂ-ਉਹ ਵੀ ਆਪੋ ਆਪਣੇ ਕਰਜੇ ਲਾਹੁਣ ਜਾ ਚੁੱਕੀਆਂ ਹੋਣਗੀਆਂ।
...ਸਾਰੰਗਦੇਵ ਪਿੰਡ ਵਿਚ ਗ੍ਰਹਿਣ ਦੇ ਮੌਕੇ ਜੀਅ ਖੋਲ੍ਹ ਕੇ ਦਾਨ ਪੂੰਨ ਕੀਤਾ ਜਾਂਦਾ ਹੈ। ਔਰਤਾਂ ਇਕੱਠੀਆਂ ਹੋ ਕੇ ਤ੍ਰਿਵੇਦੀ ਘਾਟ 'ਤੇ ਇਸ਼ਨਾਨ ਲਈ ਚਲੀਆਂ ਜਾਂਦੀਆਂ ਨੇ, ਫੁੱਲ, ਨਾਰੀਅਲ, ਪਤਾਸੇ ਸਮੁੰਦਰ ਵਿਚ ਤਾਰਦੀਆਂ ਨੇ-ਪਾਣੀ ਦੀ ਇਕ ਛੱਲ ਮੂੰਹ ਅੱਡੀ ਆਉਂਦੀ ਹੈ ਤੇ ਸਾਰੇ ਤਿਲ ਫੁੱਲ ਕਬੂਲ ਕਰ ਲੈਂਦੀ ਹੈ। ਉਸ ਸਮੇਂ ਦੇ ਇਸ਼ਨਾਨ ਨਾਲ ਸਾਰੇ ਮਰਦ–ਔਰਤਾਂ ਦੇ ਪਾਪ ਧੋਤੇ ਜਾਂਦੇ ਨੇ-ਉਹ ਸਭ ਪਾਪਾ ਜਿਹੜੇ ਲੋਕ ਪਿਛਲੇ ਸਾਲ ਕਰਦੇ ਰਹੇ ਨੇ; ਧੋਤੇ ਜਾਂਦੇ ਨੇ। ਤਨ ਤੇ ਆਤਮਾਂ ਪਵਿੱਤਰ ਹੋ ਜਾਂਦੀ ਹੈ। ਸਮੁੰਦਰ ਦੀਆਂ ਲਹਿਰਾਂ ਸਾਰੇ ਪਾਪਾਂ ਨੂੰ ਰੋੜ੍ਹ ਕੇ, ਬੜੀ ਦੂਰ -ਇਕ ਅਗਿਆਤ, ਪਹੁੰਚ ਤੋਂ ਪਰ੍ਹੇ, ਅਥਾਹ ਡੁੰਘਾਈ ਵਿਚ ਲੈ ਜਾਂਦੀਆਂ-ਇਕ ਸਾਲ ਬਾਅਦ ਫੇਰ ਲੋਕਾਂ ਦੇ ਤਨ ਮਨ–ਪਾਪਾਂ ਨਾਲ ਲਿੱਬੜ ਜਾਂਦੇ ਨੇ, ਫੇਰ ਅਪਵਿੱਤਰ ਹੋ ਜਾਂਦੇ ਨੇ...ਫੇਰ ਦਯਾ ਦੀ ਇਕ ਲਹਿਰ ਆਉਂਦੀ ਹੈ ਤੇ ਫੇਰ ਸਭੇ ਪਾਕ ਤੇ ਪਵਿੱਤਰ।
ਜਦੋਂ ਗ੍ਰਹਿਣ ਸ਼ੁਰੂ ਹੁੰਦਾ ਹੈ ਤੇ ਚੰਦ ਦੀ ਨੂਰਾਨੀ ਇਸਮਤ ਉੱਤੇ ਦਾਗ਼ ਲੱਗ ਜਾਂਦਾ ਹੈ ਤਾਂ ਕੁਝ ਪਲਾਂ ਲਈ ਚਾਰੇ ਪਾਸੇ ਚੁੱਪ ਤੇ ਫੇਰ ਰਾਮ ਨਾਮ ਦਾ ਜਾਪ ਸ਼ੁਰੂ ਹੋ ਜਾਂਦਾ ਹੈ-ਫੇਰ ਘੰਟੇ, ਤਾਸ਼ੇ, ਸੰਖ ਯਕਦਮ ਵੱਜਣ ਲੱਗ ਪੈਂਦੇ ਨੇ। ਇਸ ਸ਼ੋਰ ਤੇ ਗੁਣਗਾਣ ਵਿਚਕਾਰ ਇਸ਼ਨਾਨ ਦੇ ਬਾਅਦ ਸਾਰੇ ਮਰਦ ਔਰਤਾਂ ਜਲੂਸ ਦੀ ਸ਼ਕਲ ਵਿਚ ਗਾਉਂਦੇ ਵਜਾਉਂਦੇ ਹੋਏ ਪਿੰਡ ਵਾਪਸ ਪਰਤਦੇ ਨੇ।
ਗ੍ਰਹਿਣ ਦੌਰਾਣ ਗਰੀਬ ਲੋਕ ਬਾਜ਼ਾਰਾਂ ਤੇ ਗਲੀਆਂ ਮੁਹੱਲਿਆਂ ਵਿਚ ਦੌੜੇ ਫਿਰਦੇ ਨੇ। ਲੰਗੜੇ ਬਿਸਾਖ਼ੀਆਂ ਘੁਮਾਉਂਦੇ ਹੋਏ ਆਪੋ ਆਪਣੀਆਂ ਝੋਲੀਆਂ ਤੇ ਬਗਲੀਆਂ ਚੁੱਕੀ, ਪਲੇਗ ਦੇ ਚੂਹਿਆਂ ਵਾਂਗ ਇਕ ਦੂਜੇ ਉੱਤੇ ਡਿੱਗਦੇ ਢੈਂਦੇ, ਭੱਜੇ ਤੁਰੇ ਜਾਂਦੇ ਨੇ ਕਿਉਂਕਿ ਰਹੂ ਤੇ ਕੇਤੂ ਨੇ ਖ਼ੂਬਸੂਰਤ ਚੰਦ ਨੂੰ ਆਪਣੀ ਪਕੜ ਵਿਚ ਪੂਰੀ ਤਰ੍ਹਾਂ ਜਕੜ ਲਿਆ ਹੈ। ਨਰਮ ਦਿਲ ਹਿੰਦੂ ਦਾਨ ਦੇਂਦਾ ਹੈ ਤਾਂਕਿ ਗਰੀਬ ਚੰਦ ਨੂੰ ਛਡ ਦਿਤਾ ਜਾਏ ਤੇ ਦਾਨ ਲੈਣ ਲਈ ਭੱਜਣ–ਦੌੜਣ ਵਾਲੇ ਭਿਖਾਰੀ-'ਛੱਡ ਦਿਓ, ਛੱਡ ਦਿਓ-ਦਾਨ ਦਾ ਵੇਲਾ ਏ।' ਦਾ ਰੌਲਾ ਪਾਉਂਦੇ ਹੋਏ ਮੀਲਾਂ ਦਾ ਪੰਧ ਕੱਛ ਲੈਂਦੇ ਨੇ।
ਚੰਦ ਗ੍ਰਹਿਣ ਦੀ ਲਪੇਟ ਵਿਚ ਆਉਣ ਵਾਲਾ ਸੀ। ਹੋਲੀ ਨੇ ਬੱਚਿਆਂ ਨੂੰ ਵੱਡੇ ਕਾਇਸਥ ਕੋਲ ਛੱਡਿਆ। ਇਕ ਮੈਲੀ ਕੁਚੈਲੀ ਧੋਤੀ ਬੰਨ੍ਹੀ ਤੇ ਔਰਤਾਂ ਨਾਲ ਹਰਫੂਲ ਬੰਦਰ ਵੱਲ ਇਸ਼ਨਾਨ ਲਈ ਤੁਰ ਪਈ।
ਹੁਣ ਮਈਆ, ਰਸੀਲਾ, ਵੱਡਾ ਮੁੰਡਾ ਸ਼ਿੱਬੂ ਤੇ ਹੋਲੀ ਸਾਰੇ ਸਮੁੰਦਰ ਵੱਲ ਜਾ ਰਹੇ ਸਨ। ਉਹਨਾਂ ਦੇ ਹੱਥਾਂ ਵਿਚ ਫੁੱਲ ਸਨ, ਗਜਰੇ ਸਨ ਤੇ ਅੰਬ ਦੇ ਪੱਤੇ ਸਨ ਤੇ ਵੱਡੀ ਅੰਮਾਂ ਦੇ ਹੱਥ ਵਿਚ ਰੁਦਰਾਕਸ਼ ਦੀ ਮਾਲਾ ਦੇ ਇਲਾਵਾ ਮੁਸ਼ਕ–ਕਾਫ਼ੂਰ ਸੀ, ਜਿਸਨੂੰ ਬਾਲ ਕੇ ਉਹ ਪਾਣੀ ਦੀਆਂ ਲਹਿਰਾਂ ਵਿਚ ਵਹਾਅ ਦੇਣਾ ਚਾਹੁੰਦੀ ਸੀ ਤਾਂਕਿ ਮਰਨ ਪਿੱਛੋਂ ਸਫ਼ਰ ਵਿਚ ਉਸਦੇ ਰਸਤੇ ਵਿਚ ਚਾਨਣ ਹੋ ਜਾਵੇ। ਤੇ ਹੋਲੀ ਡਰਦੀ ਸੀ ਕਿ ਕੀ ਉਸਦੇ ਪਾਪ ਸਮੁੰਦਰ ਦੇ ਪਾਣੀ ਨਾਲ ਧੋਤੇ ਜਾਣਗੇ!
ਸਮੁੰਦਰ ਦੇ ਕਿਨਾਰੇ, ਘਾਟ ਤੋਂ ਪੌਣਾ ਕੁ ਮੀਲ ਦੇ ਫਾਸਲੇ ਉਪਰ ਇਕ ਲਾਂਚ ਖੜ੍ਹੀ ਸੀ। ਉਹ ਜਗ੍ਹਾ ਹਰਫੂਲ ਬੰਦਰ ਦਾ ਇਕ ਹਿੱਸਾ ਸੀ, ਬੰਦਰ ਦੇ ਛੋਟੇ ਜਿਹੇ ਅਗੜ–ਦੁਗੜੇ ਕਿਨਾਰੇ ਤੇ ਇਕ ਸੀਮਿਤ ਜਿਹੇ ਡਾਕ ਉਪਰ ਕੁਝ ਟੈਂਟ ਡੁੱਬਦੇ ਹੋਏ ਸੂਰਜ ਦੇ ਚਾਨਣ ਤੇ ਹਨੇਰੇ ਦੀ ਇਕ ਕਸ਼ਮਕਸ਼ ਦੇ ਵਿਰੁਧ ਨਿੱਕੇ ਨਿੱਕੇ ਅਣਘੜ ਖ਼ਾਕੇ ਜਿਹੇ ਬਣਾ ਰਹੇ ਸਨ ਤੇ ਲਾਂਚ ਦੇ ਕਿਸੇ ਕੈਬਿਨ 'ਚੋਂ ਇਕ ਮੱਧਮ ਜਿਹੀ ਟਿਮਟਿਮਾਉਂਦੀ ਹੋਈ ਰੌਸ਼ਨੀ ਪਾਰੇ ਵਾਂਗ ਥਿਰਕਦੀ ਪਾਣੀ ਦੀਆਂ ਲਹਿਰਾਂ 'ਤੇ ਨੱਚ ਰਹੀ ਸੀ। ਉਸ ਤੋਂ ਅੱਗੇ ਇਕ ਚਰਖ਼ੀ ਜਿਹੀ ਘੁੰਮਦੀ ਹੋਈ ਦਿਖਾਈ ਦਿੱਤੀ। ਕੁਝ ਧੁੰਦਲੇ ਜਿਹੇ ਪਰਛਾਵੇਂ ਇਕ ਅਜਗਰ ਵਰਗੇ ਰੱਸੇ ਨੂੰ ਖਿੱਚਣ ਲੱਗੇ-ਅੱਠ ਵਜੇੇ ਸਟੀਮਰ ਲਾਂਚ ਦੀ ਆਖ਼ਰੀ ਸੀਟੀ ਵੱਜੇਗੀ, ਫੇਰ ਉਹ ਸਾਰੰਗਦੇਵ ਪਿੰਡ ਵੱਲ ਰਵਾਨਾ ਹੋੋਵੇਗਾ। ਜੇ ਹੋਲੀ ਉਸ ਵਿਚ ਸਵਾਰ ਹੋ ਜਾਵੇ ਤਾਂ ਡੇਢ ਦੋ ਘੰਟਿਆਂ ਵਿਚ ਹੀ ਉਹਨੂੰ ਚਾਨਣੀ ਵਿਚ ਨਹਾਉਂਦੇ ਹੋਏ, ਭਾਵੇਂ ਸਦੀਆਂ ਪੁਰਾਣੇ ਹੀ ਸਹੀ, ਕਲਸ਼ ਦਿਖਾਈ ਦੇਣ ਲੱਗ ਪੈਣਗੇ...ਤੇ ਫੇਰ ਉਹੀ ਅੰਮਾਂ, ਕੁਆਰਾਪਨ ਤੇ ਗਰਬਾ ਨਾਚ!
ਹੋਲੀ ਨੇ ਇਕ ਨਜ਼ਰ ਸ਼ਿੱਬੂ ਵੱਲ ਤੱਕਿਆ। ਸ਼ਿੱਬੂ ਹੈਰਾਨ ਸੀ ਉਸਦੀ ਮਾਂ ਨੇ ਏਨੀ ਭੀੜ ਵਿਚ ਝੁਕੇ ਕੇ ਉਸਦਾ ਮੂੰਹ ਕਿਉਂ ਚੁੰਮਿਆਂ ਸੀ ਤੇ ਇਕ ਗਰਮ ਗਰਮ ਤੁਪਕਾ ਕਿੱਥੋਂ ਉਸਦੀ ਗੱਲ੍ਹ ਉੱਤੇ ਆ ਡਿੱਗਿਆ ਸੀ! ਉਸਨੇ ਅੱਗੇ ਵਧ ਕੇ ਰਸੀਲੇ ਦੀ ਉਂਗਲ ਫੜ੍ਹ ਲਈ। ਹੁਣ ਘਾਟ ਆ ਚੁੱਕਿਆ ਸੀ ਜਿੱਥੋਂ ਮਰਦ ਤੇ ਔਰਤਾਂ ਵੱਖ ਹੁੰਦੇ ਸਨ-ਹਮੇਸ਼ਾ ਲਈ ਨਹੀਂ ਸਿਰਫ ਕੁਝ ਘੰਟਿਆਂ ਲਈ...ਉਸੇ ਪਾਣੀ ਦੀ ਗਵਾਹੀ ਨਾਲ ਉਹ ਆਪਣੇ ਮਰਦਾਂ ਨਾਲ ਬੰਨ੍ਹ ਦਿਤੀਆਂ ਗਈਆਂ ਸਨ। ਪਾਣੀ ਵਿਚ ਕੇਡੀ ਰਹੱਸਮਈ ਖਿੱਚ ਤੇ ਤਾਕਤ ਹੈ-ਤੇ ਦੂਰੋਂ ਲਾਂਚ ਦੀ ਟਿਮਟਿਮਾਉਂਦੀ ਹੋਈ ਰੌਸ਼ਨੀ ਹੋਲੀ ਤਾਈਂ ਪਹੁੰਚ ਰਹੀ ਸੀ।
ਹੋਲੀ ਨੇ ਭੱਜ ਕੇ ਜਾਣਾ ਚਾਹਿਆ, ਪਰ ਉਹ ਭੱਜ ਨਹੀਂ ਸੀ ਸਕਦੀ। ਉਸਨੇ ਆਪਣੀ ਢਿਲਕੀ ਹੋਈ ਧੋਤੀ ਨੂੰ ਕਸ ਕੇ ਬੰਨ੍ਹਿਆਂ-ਧੋਤੀ ਹੇਠਾਂ ਵੱਲ ਢਿਲਕਦੀ ਜਾ ਰਹੀ ਸੀ...ਅੱਧੇ ਘੰਟੇ ਵਿਚ ਉਹ ਲਾਂਚ ਦੇ ਸਾਹਮਣੇ ਖੜ੍ਹੀ ਸੀ। ਲਾਂਚ ਦੇ ਸਾਹਮਣੇ ਨਹੀਂ ਸਾਰੰਗਦੇਵ ਪਿੰਡ ਦੇ ਸਾਹਮਣੇ...ਉਹ ਕਲਸ਼, ਮੰਦਰ ਦੇ ਘੰਟੇ, ਲਾਂਚ ਦੀ ਸੀਟੀ ਤੇ ਹੋਲੀ ਨੂੰ ਯਾਦ ਆਇਆ ਕਿ ਉਸ ਕੋਲ ਤਾਂ ਟਿਕਟ ਲਈ ਵੀ ਪੈਸੇ ਨਹੀਂ...।
ਉਹ ਕੁਝ ਚਿਰ ਲਈ ਲਾਂਚ ਦੇ ਇਕ ਖੂੰਜੇ ਵਿਚ ਬੌਂਦਲੀ ਜਿਹੀ ਬੈਠੀ ਰਹੀ। ਪੌਣੇ ਅੱਠ ਵਜੇ ਦੇ ਲਗਭਗ ਇਕ ਟੇਂਡਲ ਆਇਆ ਤੇ ਹੋਲੀ ਤੋਂ ਟਿਕਟ ਮੰਗਣ ਲੱਗਾ। ਟਿਕਟ ਨਾ ਮਿਲਣ ਤੇ ਉਹ ਚੁੱਪਚਾਪ ਉੱਥੋਂ ਚਲਾ ਗਿਆ। ਕੁਝ ਚਿਰ ਪਿੱਛੋਂ ਮੁਲਾਜਮਾਂ ਦੀ ਕਾਨਾਫੂਸੀ ਸੁਣਾਈ ਦੇਣ ਲੱਗੀ...ਫੇਰ ਹਨੇਰੇ ਵਿਚ ਗੁੱਝਾ–ਗੁੱਝਾ ਹੱਸਣ ਤੇ ਗੱਲਾਂ ਕਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕੋਈ ਕੋਈ ਸ਼ਬਦ ਹੋਲੀ ਦੇ ਕੰਨੀਂ ਵੀ ਪੈ ਜਾਂਦਾ...'ਮੁਰਗੀ ਐ'...'ਟੰਗ ਦੇ'...'ਚਾਬੀਆਂ ਮੇਰੇ ਕੋਲ ਆ'...'ਪਾਣੀ ਜ਼ਿਆਦਾ ਹੋਏਗਾ'...।
ਇਸ ਪਿੱਛੋਂ ਕੁਝ ਵਹਿਸ਼ੀ ਜਿਹੇ ਠਹਾਕੇ ਗੂੰਜੇ ਤੇ ਕੁਝ ਦੇਰ ਬਾਅਦ ਤਿੰਨ ਚਾਰ ਆਦਮੀ ਹੋਲੀ ਨੂੰ ਲਾਂਚ ਦੇ ਇਕ ਹਨੇਰੇ ਕੋਨੇ ਵੱਲ ਧਰੀਕਣ ਲੱਗੇ ਉਸੇ ਵੇਲੇ ਨਹਿਰੀ ਵਿਭਾਗ ਦਾ ਇਕ ਸਿਪਾਈ ਲਾਂਚ ਵਿਚ ਵੜ ਆਇਆ, ਐਨ ਉਸੇ ਸਮੇਂ ਜਦੋਂ ਕਿ ਦੁਨੀਆਂ ਹੋਲੀ ਦੀਆਂ ਅੱਖਾਂ ਸਾਹਮਣੇ ਧੁੰਦਲੀ ਹੁੰਦੀ ਜਾ ਰਹੀ ਸੀ, ਹੋਲੀ ਨੂੰ ਉਮੀਦ ਦੀ ਇਕ ਕਿਰਨ ਦਿਖਾਈ ਦਿੱਤੀ। ਉਹ ਸਿਪਾਹੀ ਸਾਰੰਗਦੇਵ ਪਿੰਡ ਦਾ ਇਕ ਮੁੰਡਾ ਸੀ ਤੇ ਪੇਕਿਆਂ ਦੇ ਪਿੰਡ ਦਾ ਹੋਣ ਕਰਕੇ ਭਰਾ ਸੀ। ਛੇ ਸਾਲ ਪਹਿਲਾਂ ਉਹ ਬੜੀਆਂ ਉਮੀਦਾਂ–ਉਮੰਗਾਂ ਨਾਲ ਪਿੰਡੋਂ ਬਾਹਰ ਗਿਆ ਸੀ ਤੇ ਸਾਬਰਮਤੀ ਲੰਘ ਕੇ ਕਿਸੇ ਅਣਜਾਣੇ ਦੇਸ਼ ਵਿਚ ਚਲਾ ਗਿਆ ਸੀ। ਕਦੀ ਕਦੀ ਮੁਸੀਬਤ ਸਮੇਂ ਆਦਮੀ ਦੀ ਅਕਲ ਕੰਮ ਕਰ ਜਾਂਦੀ ਹੈ। ਹੋਲੀ ਨੇ ਸਿਪਾਹੀ ਨੂੰ ਆਵਾਜ਼ ਤੋਂ ਹੀ ਪਛਾਣ ਲਿਆ ਤੇ ਕੁਝ ਹੌਸਲੇ ਨਾਲ ਬੋਲੀ-
“ਕੱਥੂ ਰਾਮ...”
ਕੱਥੂ ਰਾਮ ਨੇ ਵੀ ਸੀਤਲ ਦੀ ਕੁੜੀ ਦੀ ਆਵਾਜ਼ ਪਛਾਣ ਲਈ। ਬਚਪਨ ਵਿਚ ਉਹ ਉਸ ਨਾਲ ਖੇਡਦਾ ਹੁੰਦਾ ਸੀ।
ਕੱਥੂ ਰਾਮ ਬੋਲਿਆ-
“ਹੋਲੇ।”
ਹੋਲੀ ਵਿਸ਼ਵਾਸ ਨਾਲ ਭਰੀ ਪਰ ਭਰੜਾਈ ਆਵਾਜ਼ ਬੋਲੀ, “ਕੱਥੂ ਭਰਾ...ਮੈਨੂੰ ਸਾਰੰਗਦੇਵ ਪਿੰਡ ਪਹੁੰਚਾਅ ਦੇ...”
ਕੱਥੂ ਰਾਮ ਨੇੜੇ ਆਇਆ। ਇਕ ਟੇਂਡਲ ਨੂੰ ਘੂਰਦਿਆਂ ਹੋਇਆਂ ਬੋਲਿਆ-
“ਸਾਰੰਗਦੇਵ ਜਾਣਾ ਈਂ ਸੁਣਿਆਂ।” ਤੇ ਫੇਰ ਸਾਹਮਣੇ ਖੜ੍ਹੇ ਆਦਮੀ ਵੱਲ ਭੌਂ ਕੇ ਬੋਲਿਆ, “ਤੂੰ ਇਸਨੂੰ ਇੱਥੇ ਕਿਉਂ ਲਿਆਂਦਾ ਏ ਬਈ?”
ਟੇਂਡਲ ਜਿਹੜਾ ਸਭ ਤੋਂ ਨੇੜੇ ਖੜ੍ਹਾ ਸੀ ਬੋਲਿਆ, “ਵਿਚਾਰੀ ਕੋਈ ਦੁੱਖਾਂਮਾਰੀ ਲੱਗਦੀ ਏ। ਇਸ ਕੋਲ ਟਿਕਟ ਦੇ ਪੈਸੇ ਵੀ ਨਹੀਂ ਸੀ। ਅਸੀਂ ਸੋਚ ਰਹੇ ਸੀ, ਅਸੀਂ ਇਸਦੀ ਕੀ ਮਦਦ ਕਰ ਸਕਦੇ ਹਾਂ ਜੀ?”
ਕੱਥੂ ਰਾਮ ਨੇ ਹੋਲੀ ਨੂੰ ਨਾਲ ਲਿਆ ਤੇ ਲਾਂਚ ਤੋਂ ਹੇਠਾਂ ਉਤਰ ਆਇਆ। ਡਾਕ 'ਤੇ ਪੈਰ ਧਰਦਿਆਂ ਬੋਲਿਆ, “ਹੋਲੇ...ਕੀ ਤੂੰ ਅਸਾੜੀ ਤੋਂ ਭੱਜ ਆਈ ਏਂ?”
“ਹਾਂ।”
“ਇਹ ਸ਼ਰੀਫ਼ਜਾਦੀਆਂ ਦਾ ਕੰਮ ਏਂ?...ਤੇ ਜੇ ਮੈਂ ਕਾਇਸਥਾਂ ਨੂੰ ਖ਼ਬਰ ਕਰ ਦਿਆਂ ਫੇਰ?”
ਹੋਲੀ ਡਰ ਨਾਲ ਕੰਬਣ ਲੱਗ ਪਈ। ਉਹ ਨਾ ਤਾਂ ਨਵਾਬਜਾਦੀ ਸੀ ਤੇ ਨਾ ਸ਼ਰੀਫ਼ਜਾਦੀ। ਇਸ ਜਗ੍ਹਾ ਤੇ ਅਜਿਹੀ ਹਾਲਤ ਵਿਚ ਉਹ ਕੱਥੂ ਰਾਮ ਨੂੰ ਕੁਝ ਕਹਿ ਵੀ ਤਾਂ ਨਹੀਂ ਸੀ ਸਕਦੀ। ਉਹ ਆਪਣੀ ਕਮਜ਼ੋਰੀ ਨੂੰ ਮਹਿਸੂਸ ਕਰਦੀ ਹੋਈ ਚੁੱਪਚਾਪ ਸਮੁੰਦਰ ਦੀਆਂ ਲਹਿਰਾਂ ਦੇ ਜਵਾਰ ਭਾਟੇ ਦੀਆਂ ਆਵਾਜ਼ਾਂ ਸੁਣਨ ਲੱਗੀ। ਫੇਰ ਉਸਦੇ ਸਾਹਮਣੇ ਲਾਂਚ ਦੇ ਰੱਸੇ ਢਿੱਲੇ ਕੀਤੇ ਗਏ। ਇਕ ਨਿੱਕੀ ਜਿਹੀ ਵਿਸਲ ਵੱਜੀ ਤੇ ਹੌਲੀ ਹੌਲੀ ਸਾਰੰਗਦੇਵ ਪਿੰਡ ਹੋਲੀ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ। ਉਸ ਇਕ ਵਾਰੀ ਪਿੱਛੇ ਭੌਂ ਕੇ ਦੇਖਿਆ। ਲਾਂਚ ਦੀ ਹਲਕੀ ਜਿਹੀ ਰੌਸ਼ਨੀ ਵਿਚ ਝੱਗ ਦੀ ਇਕ ਲੰਮੀ ਲਕੀਰ ਲਾਂਚ ਦਾ ਪਿੱਛਾ ਕਰਦੀ ਹੋਈ ਦਿਖਾਈ ਦਿੱਤੀ ਸੀ ਉਸਨੂੰ।
ਕੱਥੂ ਰਾਮ ਬੋਲਿਆ-“ਡਰ ਨਾ ਹੋਲੇ, ਮੈਂ ਤੇਰੀ ਹਰ ਸੰਭਵ ਮਦਦ ਕਰਾਂਗਾ। ਇੱਥੋਂ ਕੁਛ ਦੂਰ ਕਿਸ਼ਤੀ ਚੱਲਦੀ ਏ। ਪਹੂ–ਫੁਟਾਲੇ ਚੱਲਾਂਗੇ। ਇੰਜ ਘਬਰਾ ਨਾ। ਰਾਤੀਂ ਸਰਾਂ ਵਿਚ ਆਰਾਮ ਕਰ ਲੈ।”
ਕੱਥੂ ਰਾਮ ਹੋਲੀ ਨੂੰ ਸਰਾਂ ਵਿਚ ਲੈ ਗਿਆ। ਸਰਾਂ ਦਾ ਮਾਲਿਕ ਬੜੀ ਹੈਰਾਨੀ ਨਾਲ ਕੱਥੂ ਰਾਮ ਤੇ ਉਸਦੀ ਸਾਥਨ ਨੂੰ ਦੇਖ ਰਿਹਾ ਸੀ। ਆਖ਼ਰ ਜਦੋਂ ਉਸ ਤੋਂ ਰਿਹਾ ਨਾ ਗਿਆ ਤਾਂ ਉਸਨੇ ਕੱਥੂ ਰਾਮ ਨੂੰ ਬੜੀ ਧੀਮੀ ਆਵਾਜ਼ ਵਿਚ ਪੁੱਛਿਆ-
“ਇਹ ਕੌਣ ਏਂ?”
ਕੱਥੂ ਰਾਮ ਨੇ ਧੀਮੀ ਆਵਾਜ਼ ਵਿਚ ਹੀ ਜਵਾਬ ਦਿਤਾ-
“ਮੇਰੀ ਪਤਨੀ ਏਂ।”
ਹੋਲੀ ਦੀਆਂ ਅੱਖਾਂ ਪਥਰਾਉਣ ਲੱਗੀਆਂ। ਇਕ ਵਾਰੀ ਉਸਨੇ ਆਪਣੇ ਪੇਟ ਨੂੰ ਟੋਹਿਆ ਤੇ ਕੰਧ ਦਾ ਸਹਾਰਾ ਲੈ ਕੇ ਬੈਠ ਗਈ। ਕੱਥੂ ਰਾਮ ਨੇ ਸਰਾਂ ਵਿਚ ਇਕ ਕਮਰਾ ਕਿਰਾਏ ਉੱਤੇ ਲਿਆ। ਹੋਲੀ ਨੇ ਡਰਦੇ ਡਰਦੇ ਉਸ ਕਮਰੇ ਵਿਚ ਪੈਰ ਧਰਿਆ। ਕੁਝ ਚਿਰ ਮਗਰੋਂ ਕੱਥੂ ਰਾਮ ਅੰਦਰ ਆਇਆ ਤਾਂ ਉਸਦੇ ਮੂੰਹ ਵਿਚੋਂ ਸ਼ਰਾਬ ਦੀ ਬੋ ਆ ਰਹੀ ਸੀ...
ਸਮੁੰਦਰ ਦੀ ਇਕ ਬੜੀ ਭਾਰੀ ਛੱਲ ਆਈ-ਸਾਰੇ ਫੁੱਲ, ਪਤਾਸੇ, ਅੰਬ ਦੇ ਪੱਤਿਆਂ ਤੇ ਟਾਹਣੀਆਂ, ਗਜਰੇ ਤੇ ਬਲਦਾ ਹੋਇਆ ਮੁਸ਼ਕ–ਕਪੂਰ ਨਾਲ ਵਹਾਅ ਕੇ ਲੈ ਗਈ। ਉਹਨਾਂ ਦੇ ਨਾਲ ਹੀ ਇਨਸਾਨ ਦੇ ਮਹਾਂਪਾਪ ਵੀ ਲੈ ਗਈ-ਦੂਰ, ਬਹੁਤ ਦੂਰ, ਇਕ ਅਗਿਆਤ, ਅਮੁੱਕ ਤੇ ਅਥਾਹ ਡੂੰਘੇ ਸਮੁੰਦਰ ਵਿਚ...ਜਿੱਥੇ ਹਨੇਰਾ ਹੀ ਹਨੇਰਾ ਸੀ...ਫੇਰ ਸੰਖ ਵੱਜਣ ਲੱਗੇ। ਉਸੇ ਵੇਲੇ ਸਰਾਂ ਵਿਚੋਂ ਕੋਈ ਔਰਤ ਨਿਕਲ ਕੇ ਭੱਜੀ-ਤੇਜ਼, ਅਤੀ ਤੇਜ਼...ਉਹ ਡਿੱਗਦੀ ਸੀ, ਉਠਦੀ ਸੀ ਤੇ ਫੇਰ ਭੱਜ ਪੈਂਦੀ ਸੀ; ਢਿੱਡ ਫੜ੍ਹ ਕੇ ਬੈਠ ਜਾਂਦੀ, ਹੌਂਕਦੀ ਰਹਿੰਦੀ ਤੇ ਫੇਰ ਦੌੜਨ ਲੱਗਦੀ...ਉਸ ਸਮੇਂ ਆਸਮਾਨ ਵਿਚ ਪੂਰਾ ਚੰਦ ਨਿਕਲ ਆਇਆ ਸੀ, ਰਾਹੂ ਤੇ ਕੇਤੂ ਨੇ ਜੀਅ ਭਰ ਕੇ ਕਰਜਾ ਵਸੂਲ ਕੀਤਾ ਸੀ...ਦੋ ਧੁੰਦਲੇ ਜਿਹੇ ਪ੍ਰਛਾਵੇਂ ਉਸ ਔਰਤ ਨੂੰ ਲੱਭਣ ਲਈ ਹੈਰਾਨ ਪ੍ਰੇਸ਼ਾਨ ਇਧਰ ਉਧਰ ਦੌੜ ਰਹੇ ਸਨ...ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਤੇ ਦੂਰ, ਅਸਾੜੀ ਵੱਲੋਂ ਧੀਮੀਆਂ ਧੀਮੀਆਂ ਆਵਾਜ਼ਾਂ ਆ ਰਹੀਆਂ ਸਨ-
“ਦਾਨ ਦਾ ਵੇਲਾ ਏ...
ਛੱਡ ਦਿਓ...ਛੱਡ ਦਿਓ...ਛੱਡ ਦਿਓ...”
ਹਰਫੂਲ ਬੰਦਰ ਵੱਲੋਂ ਆਵਾਜ਼ ਆਈ-
“ਫੜ੍ਹ ਲਓ...ਫੜ੍ਹ ਲਓ...ਫੜ੍ਹ ਲਓ..”
... ... ... ... ... ... ... ... ... ...
... ... ... ... ... ... ... ... ... ...
“ਛੱਡ ਦਿਓ...ਛੱਡ ਦਿਓ...ਦਾਨ ਦਾ ਵੇਲਾ ਏ।”
“ਫੜ੍ਹ ਲਓ...!”, “ਛੱਡ ਦਿਓ...!”
(ਅਨੁਵਾਦ: ਮਹਿੰਦਰ ਬੇਦੀ, ਜੈਤੋ)
<

  • ਮੁੱਖ ਪੰਨਾ : ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ