Gora Basha (Punjabi Story) : Mohan Bhandari

ਗੋਰਾ ਬਾਸ਼ਾ (ਕਹਾਣੀ) : ਮੋਹਨ ਭੰਡਾਰੀ

ਮੈਂ ਪਰਤਾਪ ਮਹਿਤਾ ਦੀ ਦੁਕਾਨ ਵਿਚ ਬੈਠਾ ਸਾਂ। ਤਦੇ ਇਕ ਤੇਜ਼ ਤਰਾਰ ਗੱਭਰੂ ਛੁਹਲੇ ਕਦਮੀਂ ਤੁਰਦਾ ਅੰਦਰ ਆਇਆ। ਉਹ ਲਗਭਗ ਛੱਬੀ-ਸਤਾਈ ਵਰ੍ਹਿਆਂ ਦਾ ਹੋਏਗਾ। ਗਲ ਕਾਲੇ ਰੰਗ ਦਾ ਕੁੜਤਾ। ਸਿਰ ਦੇ ਵਾਲ ਗਹਿਰੇ ਭੂਰੇ। ਬਿਖਰੇ ਤੇ ਪ੍ਰੇਸ਼ਾਨ ਜਿਹੇ।

ਉਲਝੀਆਂ ਜਟੂਰੀਆਂ ਵਿਚ ਆਪਣੀਆਂ ਪਤਲੀਆਂ ਉਂਗਲਾਂ ਫੇਰਦਾ ਕੁਝ ਚਿਰ ਉਹ ਰੈਕਾਂ ਵਿਚ ਪਈਆਂ ਕਿਤਾਬਾਂ ਉੱਤੇ ਉੱਡਦੀ-ਉੱਡਦੀ ਨਜ਼ਰ ਮਾਰਦਾ ਰਿਹਾ। ਫੇਰ ਉਹ ਇਕਦਮ ਮੇਰੇ ਵੱਲ ਮੁੜਿਆ। ਮੈਂ ਰਤਾ ਕੁ ਤ੍ਰਭਕਿਆ। ਦੋ ਬਿੱਲੀਆਂ ਅੱਖਾਂ ਮੈਨੂੰ ਤਾੜ ਰਹੀਆਂ ਸਨ।
ਉਹਦੇ ਬੁੱਲ੍ਹ ਫਰਕੇ, “ਤੁਸੀਂ… ਮੋਹਨ ਭੰਡਾਰੀ?”
“ਹਾਂ ਜੀ, ਫਰਮਾਓ।” ਮੈਂ ਸੰਕੋਚ ਭਰੇ ਠਰ੍ਹੰਮੇ ਨਾਲ ਉੱਤਰ ਦਿੱਤਾ।
ਸੁਣਦਿਆਂ ਹੀ ਉਹਦੀ ਮੇਰੇ ਵੱਲ ਤਣੀ ਉਂਗਲ ਕੰਬੀ, ਢਿੱਲੀ ਹੋਈ ਅਤੇ ਕੁੰਡੀ ਬਣ ਗਈ। ਉਹ ਬੋਲਿਆ, “ਠੀਕ ਐ, ਬਾਹਰ ਚੱਲੋ। ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਐ!” ‘ਠੀਕ ਐ’ ਉਹਨੇ ਇਉਂ ਆਖਿਆ ਸੀ ਜਿਵੇਂ ਕਹਿਣਾ ਚਾਹੁੰਦਾ ਹੋਵੇ, “ਬਣ ਗਿਆ ਕੰਮ!”
“ਏਥੇ ਈ ਕਰ ਲੈਂਦੇ ਆਂ ਗੱਲ, ਜਿਹੜੀ ਕਰਨੀ ਐਂ! ਤੁਸੀਂ ਤਸ਼ਰੀਫ ਰੱਖੋ।” ਮੈਂ ਕੋਲ ਪਏ ਖਾਲੀ ਬੈਂਚ ਵੱਲ ਇਸ਼ਾਰਾ ਕੀਤਾ। ਉਹ ਬੈਠਾ ਨਾ ਸਗੋਂ ਥਾਏਂ ਖੜ੍ਹੇ ਨੇ ਆਲੇ-ਦੁਆਲੇ ਨਿਗਾਹ ਮਾਰਦਿਆਂ ਦੁਕਾਨ ਦਾ ਜਾਇਜ਼ਾ ਲਿਆ। ਫੇਰ ਮਹਿਤਾ ਨੂੰ ਚੋਰ-ਅੱਖ ਨਾਲ ਦੇਖਦਾ ਕਹਿਣ ਲੱਗਿਆ, “ਏਥੇ ਨਹੀਂ, ਬਾਹਰ। ਦੋ ਜਣੇ ਹੋਰ ਨੇ ਮੇਰੇ ਨਾਲ।” ਮੁੰਡਾ ਮੈਨੂੰ ਤੱਤੀ ਅਤੇ ਕਾਹਲੀ ਤਬੀਅਤ ਦਾ ਲੱਗਿਆ।
ਉਹਨੀਂ ਦਿਨੀਂ ਸ਼ਹਿਰ ਵਿਚ ਦੋ ਪ੍ਰਸਿੱਧ ਹਸਤੀਆਂ ਦੇ ਕਤਲ ਹੋ ਚੁੱਕੇ ਸਨ ਜੋ ਅਜੇ ਤਕ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਇਨ੍ਹਾਂ ਕਤਲਾਂ ਤੋਂ ਅਪਰਾਧ-ਬੋਧ ਵਿਚ ਆਏ ਨਵੇਂ ਪਹਿਲੂ ਦਾ ਲੋਕਾਂ ਨੂੰ ਪਤਾ ਲੱਗਿਆ। ਕਤਲ ਪੁੰਨ ਦੀ ਭਾਵਨਾ ਨਾਲ ਕੀਤੇ ਗਏ। ਨਫਾਸਤ ਅਤੇ ਕਰੀਨੇ ਨਾਲ।

ਖਬਰਾਂ ਵਿਚ ਇਕ ਹਸਤੀ ਦੇ ਕਾਤਲਾਂ ਬਾਰੇ ਮਹੱਤਵਪੂਰਨ ਟਿੱਪਣੀਆਂ ਸਨ। ਉਹ ਤਿੰਨ ਜਣੇ ਸਨ। ਤਿੰਨੇ ਪੰਝੀ-ਛੱਬੀ ਵਰ੍ਹਿਆਂ ਦੇ ਭਰਵੇਂ ਗੱਭਰੂ। ਉਹ ਛੁਹਲੇ ਕਦਮੀਂ ਤੁਰਦੇ ਹਸਤੀ ਦੀ ਕੋਠੀ ਪੁੱਜੇ। ਪੂਜਾ-ਪਾਠ ਦਾ ਵੇਲਾ ਸੀ। ਬੂਹਾ ਬੰਦ। ਉਨ੍ਹਾਂ ਨੇ ਦਸਤਕ ਦਿੱਤੀ। ਬੂਹਾ ਸਵਾਗਤੀ ਭਾਵ ਨਾਲ ਖੁੱਲ੍ਹਿਆ। ਆਉਣ ਵਾਲਿਆਂ ਨੇ ਮੰਦ-ਮੰਦ ਮੁਸਕਰਾਉਂਦਿਆਂ ਬੜੀ ਨਿਮਰਤਾ ਅਤੇ ਆਦਰ ਨਾਲ ਹਸਤੀ ਦਾ ਨਾਂ ਲੈਂਦਿਆਂ ਬਿਨੈ ਕੀਤੀ, “ਜੀ ਇਕ ਜ਼ਰੂਰੀ ਗੱਲ ਕਰਨੀ ਐਂ।” ਖੁੱਲ੍ਹ-ਦਿਲੀ ਨਾਲ ਪ੍ਰਵੇਸ਼ ਦੀ ਆਗਿਆ ਮਿਲ ਗਈ। ਉਹ ਬੜੇ ਆਰਾਮ ਨਾਲ ਕੁਰਸੀਆਂ ਉੱਤੇ ਜਾ ਬਿਰਾਜਮਾਨ ਹੋਏ। ਚਾਹ ਬਣੀ। ਚਿਰਚ-ਪਿਆਲੀਆਂ ਮੇਜ਼ ਉੱਤੇ ਰੱਖ ਦਿੱਤੀਆਂ ਗਈਆਂ। ਚਾਹ ਦੀਆਂ ਚੁਸਕੀਆਂ, ਗਿਆਨ-ਧਿਆਨ ਦੀਆਂ ਗੱਲਾਂ, ਵਿਚ-ਵਿਚ ਹਲਕੇ-ਫੁਲਕੇ ਲਤੀਫਿਆਂ ਦੀ ਚਾਸ਼ਨੀ। ਨਿੱਘੀ ਪ੍ਰਾਹੁਣਚਾਰੀ ਨਾਲ ਗਦਗਦ ਹੋਏ ਉਹ ਉੱਠੇ। ਹੱਥ ਜੁੜੇ। ਸੀਸ ਝੁਕੇ। ਹਸਤੀ ਦਾ ਸਵਾਲੀਆ ਚਿਹਰਾ ਉਤਸੁਕਤਾ ਵਿਚ ਉੱਪਰ ਨੂੰ ਹੋਇਆ, “ਬੋਲੋ?” ਉਨ੍ਹਾਂ ਵਿਚੋਂ ਕੋਈ ਨਾ ਬੋਲਿਆ। ਇਹ ਬੋਲਣ ਦਾ ਵੇਲਾ ਨਹੀਂ ਸੀ। ਬੱਸ, ਚਿਹਰੇ ਸਖਤ ਹੋ ਗਏ। ਜੁੜੇ ਹੱਥ ਥੋੜ੍ਹੇ ਜਿਹੇ ਖੁੱਲ੍ਹੇ। ਇਕ ਹੱਥ ਦੀ ਇਕ ਉਂਗਲ ਤਣੀ, ਢਿੱਲੀ ਹੋਈ ਅਤੇ ਫੇਰ ਕੁੰਡੀ ਬਣ ਗਈ। ਪਤਾ ਹੀ ਨਾ ਲੱਗਾ, ਕਦੋਂ ਦੱਬੀ ਗਈ। ਦਸੌਰੀ ਸਾਖਤ ਦਾ ਅਜ਼ਮਾਇਆ ਹੋਇਆ ਪਸਤੌਲ ਹੋਵੇ, ਫੇਰ ਉੱਕਣ ਦਾ ਕੀ ਮਤਲਬ? ਕੜਿੱਚ-ਕੜਿੱਚ… ਕਰੜ-ਕਰੜ… ਤਾੜ-ਤਾੜ… ਗੋਲੀਆਂ ਦੀ ਵਾਛੜ ਹੋ ਗਈ!

ਕੀਹਦਾ ਹੱਥ ਸੀ ਇਹ? ਕੀ ਕਹੀਏ! ਇਕ ਛਿਣ ਪਹਿਲਾਂ ਇਸ ਹੱਥ ਸਾਹਮਣੇ ਜੋ ਹਸਤੀ ਕ੍ਰਿਤਿੱਗਤਾ ਦੀ ਮੂਰਤ ਬਣੀ ਮੁਸਕਰਾ ਰਹੀ ਸੀ, ਹੁਣ ਲਹੂ ਦੇ ਛੱਪੜ ਵਿਚ ਢੇਰੀ ਹੋਈ ਪਈ ਸੀ। ਇਕ ਲਾਸ਼। ਪੂਰੀ ਨਿਹਚਾ ਨਾਲ ਦੋ ਗੋਲੀਆਂ ਹੋਰ ਮਾਰੀਆਂ ਗਈਆਂ। ਲਾਸ਼ ਦੇ ਲਾਸ਼ ਹੋਣ ਵਿਚ ਹੁਣ ਰੀਣ-ਭਰ ਸ਼ੱਕ ਨਾ ਰਿਹਾ। ਉਹ ਨਿਸਚਿੰਤ ਹੋ ਗਏ। ਫਿਰ ਕਿਸੇ ਇਕ ਜਣੇ ਦੀ ਧੁਰ ਅੰਦਰੋਂ ਦੱਬਵੀਂ ਆਵਾਜ਼ ਉੱਪਰੀ, “ਚਲੋ।”
ਇਹ ਦ੍ਰਿਸ਼ ਅੱਖ ਦੇ ਫੋਰ ਵਿਚ ਮੇਰੇ ਸਾਹਮਣੇ ਸਾਕਾਰ ਹੋਇਆ ਅਤੇ ਫਿਰ ਛਾਈਂ-ਮਾਈਂ ਹੋ ਗਿਆ।
“ਚਲੋ”, ਗੱਭਰੂ ਬੋਲਿਆ ਸੀ ਜਾਂ ਮੈਂ ਆਪ? ਪਤਾ ਨਹੀਂ। ਏਨਾ ਜ਼ਰੂਰ ਪਤਾ ਸੀ ਕਿ ਨਾ ਮੈਂ ‘ਪ੍ਰਸਿੱਧ’ ਸਾਂ, ਨਾ ‘ਹਸਤੀ`। ਸ਼ਾਇਦ ਇਸ ਅਵਗੁਣ ਤੋਂ ਨਿਰਲੇਪ ਹੋਣ ਕਾਰਨ ਮੇਰੇ ਅੰਦਰ ਸਵੈ-ਭਰੋਸੇ ਦਾ ਜਜ਼ਬਾ ਸੁਰਜੀਤ ਹੋ ਠਾਠਾਂ ਮਾਰਨ ਲੱਗਿਆ। ਮੈਂ ਉੱਠਿਆ ਅਤੇ ਗੱਭਰੂ ਦੇ ਬਰਾਬਰ ਤੁਰਦਾ ਭੂਮੀਗਤ ਦੁਕਾਨ ਵਿਚੋਂ ਬਾਹਰ ਨਿਕਲ ਕੇ ਪੌੜੀਆਂ ਚੜ੍ਹ ਗਿਆ। ਬਾਹਰ ਵਰਾਂਡੇ ਵਿਚ ਦੋ ਜਣੇ ਸਾਨੂੰ ਉਡੀਕ ਰਹੇ ਸਨ। ਇਕ ਨਲੀ-ਚੋਚੋ ਜਿਹਾ ਮੁੰਡਾ ਅਤੇ ਇਕ ਕਾਲਾ ਕੁੱਤਾ। ਗੱਭਰੂ ਚੁੱਪ-ਚਾਪ ਅੱਗੇ ਵਧਿਆ। ਅਸੀਂ ਤਿੰਨੇ ਮਗਰ-ਮਗਰ। ਫੁਹਾਰੇ ਕੋਲ ਜਾ ਕੇ ਉਹ ਰੁਕਿਆ। ਕੁੱਤੇ ਨੇ ਆਪਣੇ ਮਾਲਕ ਵੱਲ ਦੇਖ ਪੂਛ ਹਿਲਾਈ।
“ਗੱਦੀ ਐ?” ਗੱਲ ਤੋਰਨ ਲਈ ਮੈਂ ਪੁੱਛਿਆ।
ਕੁੱਤੇ ਨਾਲ ਲਾਡ ਕਰਦਿਆਂ ਗੱਭਰੂ ਉਮਾਹ ਨਾਲ ਬੋਲਿਆ, “ਹਾਂ ਜੀ।”

ਕੁੱਤਿਆਂ ਦੀਆਂ ਘਤਿੱਤਾਂ, ਆਦਤਾਂ ਅਤੇ ਨਸਲਾਂ ਬਾਰੇ ਮੇਰੀ ਜਾਣਕਾਰੀ ਨਾ ਹੋਣ ਦੇ ਬਰੋਬਰ ਹੈ। ਸੋ ‘ਤੁੱਕਾ ਲੱਗਣ` ਦੀ ਗੱਲ ਕਰਨਾ ਕੁੱਤੇ ਨਾਲ ਵਧੀਕੀ ਹੋਵੇਗੀ। ਉਂਜ ਵੀ ਕੁੱਤਿਆਂ ਦੀ ਤੌਹੀਨ ਮੈਤੋਂਂ ਬਰਦਾਸ਼ਤ ਨਹੀਂ ਹੁੰਦੀ। ‘ਲਓ ਜੀ! ਬੰਦੇ ਨੂੰ ਨਸਲ ਦਾ ਵੀ ਪਤਾ ਨਹੀਂ!` ਕੁੱਤਾ ਸੋਚਦਾ ਹੋਵੇਗਾ। ‘ਇਹ ਬੰਦੇ ਬੜੇ ਅਜੀਬ ਨੇ। ਸਾਨੂੰ ਛੁਟਿਆਉਣ ਦਾ ਕੋਈ ਮੌਕਾ ਨਹੀਂ ਖੁੰਝਣ ਦਿੰਦੇ। ਦੋ ਜਣੇ ਚੰਗੇ-ਭਲੇ ਪਿਆਰ ਨਾਲ ਗੱਲਾਂ ਕਰਦੇ ਹੋਣਗੇ। ਜਦੋਂ ਇਕ ਜਣਾ ਦੂਜੇ ਦੀ ਗੱਲ ਵੱਲ ਧਿਆਨ ਦੇਣੋਂ ਹਟ ਜਾਵੇ ਤਾਂ ਅਗਲਾ ਝੱਟ ਆਖੇਗਾ, ‘ਓਏ, ਤੇਰੇ ਭਾਅ ਦਾ ਮੈਂ ਕੁੱਤਾ ਭੌਂਕ ਰਿਹਾਂ!`

ਖੈਰ, ਕੁੱਤਾ ਕੂਲਾ ਨਿਕਲਿਆ। ਉਹ ਪੂਛ ਹਿਲਾਉਂਦਾ ਮੇਰੀਆਂ ਲੱਤਾਂ ਸੁੰਘਣ ਲੱਗਿਆ। ਗੱਭਰੂ ਨੇ ਉਹਨੂੰ ਝਿੜਕਿਆ, “ਸ਼ੇਰੂ!” ਸ਼ੇਰੂ ਚੁੱਪ-ਚਾਪ ਬੂਥੀ ਨੀਵੀਂ ਕਰ ਕੇ ਉਹਦੇ ਕੋਲ ਜਾ ਖੜ੍ਹਾ ਹੋਇਆ।
“ਮੇਰਾ ਨਾਂ ਗੋਰਾ ਬਾਸ਼ਾ ਐ। ਮੈਨੂੰ ਰਾਮਗੜ੍ਹ ਸਰਦਾਰਾਂ ਆਲੇ ਮਿੰਦਰ ਗੁੱਜਰ ਨੇ ਭੇਜਿਐ।” ਗੱਭਰੂ ਨੇ ਆਪਣੀ ਜਾਣ-ਪਛਾਣ ਕਰਾਈ।
ਮੈਨੂੰ ਕੁਝ ਹੌਸਲਾ ਹੋਇਆ। “ਉਹ! ਮਿੰਦਰ ਵੰਝਲੀ ਆਲਾ?” ਮੈਂ ਖੁਸ਼ ਹੁੰਦਿਆਂ ਪੁੱਛਿਆ। ਮਿੰਦਰ ਨੂੰ ਮੈਂ ਜਾਣਦਾ ਸਾਂ। ਉਹ ਸੋਫੀ ਹੋਵੇ ਤਾਂ ਗੱਲਾਂ ਵਿਚ ਕਿਸੇ ਨੂੰ ਅੱਗੇ ਨਹੀਂ ਆਉਣ ਦਿੰਦਾ। ਦੋ ਘੁੱਟ ਪੀਤੀ ਹੋਵੇ ਤਾਂ ਉਹਦੀ ਵੰਝਲੀ ਗੱਲਾਂ ਕਰਨ ਗੱਲ ਜਾਂਦੀ ਐ।
“ਹਾਂ ਜੀ, ਓਹੀ। ਅੱਜ ਕੱਲ੍ਹ ਅਸੀਂ ਭੰਗੜੇ ਦੀ ਟੀਮ ਵਿਚ ਆਂ। ਮਿਲ ਜਾਂਦੇ ਨੇ ਪ੍ਰੋਗਰਾਮ, ਕਦੇ-ਕਦੇ। ਸਭਿਆਚਾਰਕ ਮਾਮਲੇ ਵਿਭਾਗ ਦੀ ਕਿਰਪਾ ਹੋ ਜਾਏ ਤਾਂ।” ਗੋਰਾ ਬਾਸ਼ਾ ਦੀ ਸੁਰ ਵਿਚ ਉਦਾਸੀ ਸੀ।
“ਸਭਿਆਚਾਰਕ ਮਾਮਲੇ ਵਿਭਾਗ ਦਾ ਪ੍ਰੋਗਰਾਮ ਤੇ ਭੰਗੜਾ ਕਦੇ-ਕਦੇ?” ਮੈਂ ਹੱਸਦਿਆਂ ਆਖਿਆ।
“ਇਹ ਗੱਲ ਨਹੀਂ ਜੀ।” ਬੋਲਦਾ-ਬੋਲਦਾ ਉਹ ਰੁਕ ਗਿਆ।
“ਹੋਵੇਗੀ ਕੋਈ ਗੱਲ।” ਸੋਚਦਿਆਂ ਮੈਂ ਚੁੱਪ ਰਿਹਾ।
“ਬੈਠੀਏ ਕਿਤੇ! ਕਿਸੇ ਚੰਗੀ ਥਾਂ।” ਉਹਨੇ ਚਹਿਕਦਿਆਂ ਆਖਿਆ।

ਮੈਂ ਨਾਂਹ-ਨੁੱਕਰ ਕੀਤੀ ਤਾਂ ਉਹ ਉਲਾਹਮੇ ਭਰੀ ਸੁਰ ਵਿਚ ਕਹਿਣ ਲੱਗਿਆ, “ਹੱਦ ਹੋ ਗੀ! ਅਸੀਂ ਤੁਹਾਡੀ ਸੋਭਾ ਸੁਣ ਕੇ ਆਏ ਆਂ। ਮਿੰਦਰ ਤਾਂ ਕਹਿੰਦਾ ਸੀ…।” ਕਹਿੰਦਾ-ਕਹਿੰਦਾ ਉਹ ਮੁਸਕੜੀਏਂ ਹੱਸਿਆ। ਮਿੰਦਰ ਦਾ ਨਾਂ ਆਇਆ ਤਾਂ ਮੈਂ ਅਨੁਮਾਨ ਲਾਉਣ ਲੱਗਿਆ, ‘ਕੰਜਰ ਨੇ ਪਤਾ ਨਹੀਂ ਕੀ-ਕੀ ਕਿਹਾ ਹੋਊ ਮੇਰੇ ਬਾਰੇ।` ਖੈਰ, ਗੋਰਾ ਬਾਸ਼ਾ ਬਾਰੇ ਹੁਣ ਮੈਨੂੰ ਪੂਰੀ ਤਸੱਲੀ ਹੋ ਗਈ।

‘ਸੋਭਾ` ਵਾਲੀ ਗੱਲ ਉੱਤੇ ਹੱਸਦਿਆਂ ਮੈਂ ਆਖਿਆ, “ਖੁਦਾ ਦੀ ਰਹਿਮਤ ਐ। ਅੱਛਾ! ਤਾਂ ਇਹ ਇਸ ਸਾਹਬ ਤੱਕ ਵੀ ਪਹੁੰਚ ਗਈ।” ਕੁੱਤਾ ਪੂਛ ਹਿਲਾਉਣ ਲੱਗ ਪਿਆ। ਗੋਰਾ ਬਾਸ਼ਾ ਇਸ਼ਾਰਾ ਸਮਝ ਗਿਆ। ਉਹ ਮੁਸਕਰਾਇਆ। ਫੇਰ ਗੰਭੀਰ ਹੋ ਕੇ ਉਹਨੇ ਮੁੰਡੇ ਦੇ ਕੰਨ ਵਿਚ ਕੁਝ ਕਿਹਾ। ਮੁੰਡੇ ਨੇ ਸਿਰ ਹਿਲਾਇਆ, “ਚੰਗਾ ਜੀ।”
ਕੁੱਤਾ ਅਤੇ ਮੁੰਡਾ ਪੰਦਰਾਂ-ਵੀਹ ਕਦਮ ਦੂਰ ਗਏ ਤਾਂ ਗੋਰਾ ਬਾਸ਼ਾ ਉੱਚੀ ਹਾਕ ਮਾਰ ਕੇ ਬੋਲਿਆ, “ਕਾਟੇ! ਧਿਆਨ ਨਾਲ ਜਾਇਓ। ਮੈਂ ਦੀਵਾ-ਬੱਤੀ ਵੇਲੇ ਘਰ ਆ ਜਾਊਂਗਾ।”
ਕੁੱਤੇ ਨੇ ਮੁੜ ਕੇ ਦੇਖਿਆ। ਫੇਰ ਉਹ ਤੇਜ਼-ਤੇਜ਼ ਤੁਰਦਾ ਮੁੰਡੇ ਨਾਲ ਰਲ ਗਿਆ।
ਬੈਠਣ ਵਾਲੀ ਥਾਂ ਨੂੰ ਜਾਂਦਿਆਂ ਰਾਹ ਵਿਚ ਗੋਰਾ ਬਾਸ਼ਾ ਖੁੱਲ੍ਹ ਕੇ ਗੱਲਾਂ ਕਰਨ ਲੱਗਿਆ। ਉਹਨੇ ਦੱਸਿਆ ਕਿ ਉਹ ਨੂੰ ਸੰਮੋਹਨ-ਕਲਾ ਆਉਂਦੀ ਹੈ। ਉਹ ਤਾਸ਼ ਦੇ ਪੱਤਿਆਂ ਨਾਲ ਟਰਿੱਕ ਖੇਡ ਲੈਂਦਾ ਹੈ। ਮੁੰਡੇ ਅਤੇ ਕੁੱਤੇ ਨੂੰ ਨਾਲ ਲੈ ਕੇ ਉਹ ਸ਼ਹਿਰ-ਸ਼ਹਿਰ ‘ਸ਼ੋਅ` ਕਰਦਾ ਰਿਹਾ ਹੈ। ਇਸ ਧੰਦੇ ਵਿਚ ਹੁਣ ਦਮ ਨਹੀਂ ਰਿਹਾ। ਲੋਕ ਜੇਬ ਵਿਚੋਂ ਪੈਸੇ ਹੀ ਨਹੀਂ ਕੱਢਦੇ! ਸੋ ਧੰਦਾ ਬੰਦ। “ਹੁਣ ਭੰਗੜਾ… ਸਭਿਆਚਾਰਕ ਮਾਮਲੇ… ਲਾਹਨਤ ਐ।” ਉਹਨੇ ਪਰੇਡ ਗਰਾਊਂਡ ਵਿਚ ਥੁੱਕਿਆ।
“ਹੋਰ?” ਮੈਨੂੰ ਗੋਰਾ ਬਾਸ਼ਾ ਦਿਲਚਸਪ ਬੰਦਾ ਲੱਗਿਆ।
ਉਹ ਕਹਿ ਰਿਹਾ ਸੀ, “ਮੇਰੀ ਜ਼ਿੰਦਗੀ ਵਿਚ ਤਿੰਨ ਔਰਤਾਂ ਆਈਆਂ… ਦੋ ਮਰ ਗੀਆਂ।”
“ਤੀਜੀ?” ਮੈਂ ਉਤਾਵਲਾ ਹੋ ਕੇ ਪੁੱਛਿਆ।
“ਓਸੇ ਦਾ ਤਾਂ ਸਿਆਪੈ! ਸਾਲੀ ਨੇ ਨੱਕ ਵਿਚ ਦਮ ਕਰ ਰੱਖਿਐ ਮੇਰਾ।”
ਹੋਟਲ ਆ ਗਿਆ ਸੀ। ਅਸੀਂ ਨੱਕ ਵਿਚ ਦਮ ਲੈ ਕੇ ਅੰਦਰ ਵੜ ਗਏ।

ਹੁਣ ਅਸੀਂ ‘ਹੋਟਲ ਸਰੂਰ` ਵਿਚ ਬੈਠੇ ਸਾਂ। ਸੋਢਾ ਰਲੀ ਵਿਸਕੀ ਦੇ ਦੋ-ਦੋ ਪੈੱਗ ਸਾਡੇ ਅੰਦਰ ਜਾ ਚੁੱਕੇ ਸਨ। ਦੋਨੋਂ ਵਾਰ “ਸੋਢਾ ਕਿੰਨਾ… ਬਰਫ ਦਾ ਟੁਕੜਾ ਹੋਰ ਪਾਵਾਂ?” ਤੋਂ ਬਿਨਾ ਗੋਰਾ ਬਾਸ਼ਾ ਹੋਰ ਕੁਝ ਨਾ ਬੋਲਿਆ। ਮੈਂ ਵੀ ਚੁੱਪ ਸਾਂ। ਸੋਚ ਰਿਹਾ ਸਾਂ, ਮਿੰਦਰ ਨੇ ਮੇਰੇ ਬਾਰੇ ਕਿਹੋ ਜਿਹੀਆਂ ਗੱਲਾਂ ਕੀਤੀਆਂ ਹੋਣਗੀਆਂ! ਉਹਦਾ ਗੋਲ ਚਿਹਰਾ, ਰਸਮਿਸੇ ਬੁੱਲ੍ਹ ਅਤੇ ਹੱਸਦੀਆਂ ਅੱਖਾਂ ਬਾਰ-ਬਾਰ ਮੇਰੇ ਸਾਹਮਣੇ ਆ ਰਹੀਆਂ ਸਨ। ਮੁਸਕਰਾ ਰਿਹਾ ਹੈ, ਗੱਲ ਕਰ ਰਿਹਾ ਹੈ, ਫੇਰ ਮੁਸਕਰਾ ਰਿਹਾ ਹੈ। ਕਿਸੇ ਦੀ ਮਾੜੀ ਗੱਲ ਉਹ ਕਰਦਾ ਹੀ ਨਹੀਂ। ਹੱਦ ਦੋ ਘੁੱਟ ਪੀਤੀ ਅਤੇ ਉਹਦੀ ਵੰਝਲੀ ਗੱਲਾਂ ਕਰਨ ਲੱਗ ਪਈ। ਬੱਸ।

ਸਰੂਰ ਆ ਰਿਹਾ ਹੈ। ਆ ਰਹੇ ਸਰੂਰ ਵਿਚ ਮੈਂ ਗੋਰਾ ਬਾਸ਼ਾ ਦੀਆਂ ਬਿੱਲੀਆਂ ਅੱਖਾਂ ਵਿਚ ਝਾਕਿਆ। ਅੰਦਰ ਧੁੰਦੂਕਾਰਾ ਮੱਚਿਆ ਹੋਇਆ ਸੀ, ਗੋਰੀਆਂ-ਚਿੱਟੀਆਂ ਬਦਲੀਆਂ ਤੈਰ ਰਹੀਆਂ ਸਨ ਅਤੇ ਕੱਚ ਦੇ ਬੰਟੇ ਬੇਚੈਨ ਜਿਹੇ ਘੁੰਮ ਰਹੇ ਸਨ। ਇਹ ਬੋਲਦਾ ਕਿਉਂ ਨਹੀਂ! ਐਡੀ ਕਿਹੜੀ ਜ਼ਰੂਰੀ ਗੱਲ ਹੈ ਜੋ ਇਹਨੇ ਮੇਰੇ ਨਾਲ ਕਰਨੀ ਐ? ‘ਨੱਕ ਵਿਚ ਦਮ` ਵਾਲੀ ਗੱਲ ਮੈਨੂੰ ਯਾਦ ਆਈ।
ਅਚਾਨਕ ਮੇਰੇ ਹੱਥ ਵਿਚ ਲੋਰ-ਭਰੀ ਤਰਲ ਜਿਹੀ ਜੁੰਬਸ਼ ਹੋਈ। ਉਹਨੂੰ ਗੱਲਾਂ ਜੋਗਾ ਕਰਨ ਵਾਸਤੇ ਮੈਂ ਪਟਿਆਲਾ ਪੈੱਗ ਬਣਾ ਕੇ ਉਹਦੇ ਵੱਲ ਸਰਕਾ ਦਿੱਤਾ। ਇਕ ਛੋਟਾ ਆਪਣੇ ਲਈ ਬਣਾ ਲਿਆ।

ਪੈੱਗ ਇਕੋ ਸਾਹ ਵਿਚ ਉਹਨੇ ਆਪਣੇ ਅੰਦਰ ਸੁੱਟ ਲਿਆ। ਤਦੇ ਬਿਜਲੀ ਲਿਸ਼ਕਾਰੇ ਵਾਂਗ ਖਿਆਲ ਆਇਆ ਕਿ ਸੋਢਾ ਤਾਂ ਵਿਚ ਪਾਇਆ ਹੀ ਨਹੀਂ ਸੀ। ਆਪਣੇ ਲਈ ਸੋਢਾ ਪਾਉਂਦਿਆਂ ਮੈਂ ਸੋਚਿਆ, ‘ਮੈਨੂੰ ਪਾਉਣਾ ਚਾਹੀਦਾ ਸੀ।` ਉਹਨੇ ਸਿਗਰਟ ਸੁਲਘਾ ਲਈ। ਲੰਮਾ ਕਸ਼ ਖਿੱਚ ਕੇ ਉਹਨੇ ਆਪਣੀਆਂ ਨਾਸਾਂ ਵਿਚੋਂ ਧੂੰਆਂ ਕੱਢਦਿਆਂ ਗੱਲ ਸ਼ੁਰੂ ਕੀਤੀ, “ਮੇਰੇ ਬਾਪ ਦਾ ਨਾਂ ਚਤਰੂ ਸੀ… ਚਤਰੂ ਬਾਜ਼ੀਗਰ। ਭੰਡਾਰੀ ਸਾਹਬ! ਅਸੀਂ ਬਾਜ਼ੀਗਰ ਹੁੰਨੇ ਆਂ, ਬਾਜ਼ੀਆਂ ਪਾਉਣ ਵਾਲੇ ਪਿੰਡ ਪਿੰਡ… ਹੈਂਅ!… ਹਾਂ, ਬਾਜ਼ੀਗਰ। ਤੁਹਾਨੂੰ ਇਤਰਾਜ਼ ਤਾਂ ਨਹੀਂ ਕੋਈ? ਹੈਂਅ!”

ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ? ਮੈਂ ਕਿਹਾ, “ਨਹੀਂ!”
“ਸਾਡੀਆਂ ਬਾਜ਼ੀਗਰਨੀਆਂ ਠੀਕਰਾਂ ਉੱਤੇ ਦੁੱਪੜਾਂ ਪਕਾਉਂਦੀਆਂ ਸੀਗੀਆਂ। ਬੜੀ ਸਾਰੀ ਤੌੜੀ ਵਿਚ ਦਾਲ-ਮੀਟ ਰਿੱਝਦਾ। ਐਡੀ ਬੜੀ ਤੌੜੀ!” ਉਹਨੇ ਆਪਣੀਆਂ ਬਾਹਾਂ ਫੈਲਾ ਕੇ ਆਖਿਆ, “ਮਾਫ ਕਰਨਾ।”
ਮੈਂ ਹੱਥ ਖੜ੍ਹਾ ਕਰ ਕੇ ਮਾਫ ਕਰ ਦਿੱਤਾ, “ਕੋਈ ਗੱਲ ਨੀ।”
“ਗੱਲ ਕਿਉਂ ਨੀ? ਗੱਲ ਤਾਂ ਹੈ! ਹੈਂਅ!!” ਉਹਦੇ ਬੰਟਿਆਂ ਵਰਗੇ ਡੇਲੇ ਕੰਬੇ।
“ਆਹੋ! ਹੈ ਗੀ ਐ ਗੱਲ। ਤੂੰ ਅਗਲੀ ਗੱਲ ਕਰ!” ਮੈਂ ਤਕੜਾਈ ਨਾਲ ਕਿਹਾ। ਉਹਨੇ ਬੋਤਲ ਚੁੱਕ ਕੇ ਆਪਣੇ ਲਈ ਇਕ ਹੋਰ ਪੈੱਗ ਬਣਾਉਣ ਦਾ ਉਪਰਾਲਾ ਕੀਤਾ। ਉਹਦੇ ਹੱਥੋਂ ਬੋਤਲ ਫੜ ਕੇ ਮੇਜ਼ ਉੱਤੇ ਰੱਖਦਿਆਂ ਮੈਂ ਆਖਿਆ, “ਪਹਿਲਾਂ ਗੱਲ।”
“ਹਾਂ… ਗੱਲ। ਮੈਂ ਕੀ ਗੱਲ ਕਰ ਰਿਹਾ ਸੀ?”
“ਚਤਰੂ ਬਾਜ਼ੀਗਰ…।” ਮੈਂ ਬੋਲਣ ਹੀ ਲੱਗਿਆ ਸੀ ਕਿ ਉਹਨੇ ਮੈਨੂੰ ਵਿਚੋਂ ਟੋਕਦਿਆਂ ਆਖਿਆ, “ਹਾਂ, ਚਤਰੂ… ਆਪਣੇ ਕਸਬ ਦਾ ਧਨੀ। ਮਾਹਰ ਬਾਜ਼ੀਗਰ। ਜੁਆਨੀ ਪਹਿਰੇ ਕਸਰਤਾਂ ਕਰ-ਕਰ, ਬਾਜ਼ੀਆਂ ਪਾ-ਪਾ ਉਹਨੇ ਆਪਣੀ ਦੇਹ ਏਨੀ ਕਮਾ ਲਈ ਕਿ ਲੋਕ ਦੇਖ ਕੇ ਅਸ਼-ਅਸ਼ ਕਰ ਉੱਠਦੇ। ਓਸ ਵੇਲੇ ਬਸਤੀ ਦੀਆਂ ਅੱਧੀਆਂ ਔਰਤਾਂ ਉਹਦੇ ‘ਤੇ ਮਰਦੀਆਂ ਸਨ।”
“ਬਾਕੀ ਦੀਆਂ ਅੱਧੀਆਂ ਵੀ ਨੀ ਬਚੀਆਂ ਹੋਣੀਆਂ!” ਮੈਂ ਹੱਸਿਆ।

ਮੇਰੀ ਗੱਲ ਨੂੰ ਅਣਸੁਣੀ ਕਰਦਿਆਂ ਉਹਨੇ ਕਹਿਣਾ ਜਾਰੀ ਰੱਖਿਆ, “ਸੂਲੀ ਦੀ ਛਾਲ ਵਿਚ ਉਹਦੇ ਨਾਲ ਬਿਦਣਾ ਕੋਈ ਸੌਖੀ ਗੱਲ ਨਹੀਂ ਸੀ। ਉਹ ਦੂਰੋਂ ਬਿਜਲੀ ਦੀ ਤੇਜ਼ੀ ਨਾਲ ਭੱਜਦਾ। ਫੱਟੇ ਉੱਤੋਂ ਪੱਬਾਂ ਭਾਰ ਉਪਰ ਨੂੰ ਬੁੜ੍ਹਕਦਾ ਤੇ ਹਵਾ ਵਿਚ ਉੱਡ ਜਾਂਦਾ। ਦੇਖਣ ਵਾਲਿਆਂ ਨੂੰ ਲੱਗਦਾ ਕਿ ਉਹ ਹਵਾ ਵਿਚ ਹੀ ਕਿਧਰੇ ਗੁਆਚ ਜਾਏਗਾ। ਫੇਰ ਉਹਦੀ ਗੋਲੀ ਵਰਗੀ ਦੇਹ ਉਪਰੋਂ ਕਲਾਬਾਜ਼ੀਆਂ ਲਾਉਂਦੀ ਹੇਠਾਂ ਨੁੰ ਆਉਂਦੀ ਦਿਖਾਈ ਦਿੰਦੀ। ਲੋਕ ਸਾਹ ਰੋਕੀਂ ਦੇਖਦੇ ਰਹਿ ਜਾਂਦੇ। ਜਦੋਂ ਉਹ ਸਾਹਮਣੇ ਪੱਟੀ ਹੋਈ ਪੋਲੀ-ਪੋਲੀ ਮਿੱਟੀ ਉੱਤੇ ਪੱਬਾਂ ਭਾਰ ਉੱਤਰ ਕੇ ਖੜ੍ਹਾ ਹੋ ਆਪਣੀਆਂ ਬਾਹਾਂ ਫੈਲਾ ਲੈਂਦਾ। ‘ਸ਼ਾਬਾਸ਼ੇ ਚਤਰੂ… ਚਤਰੂ ਸ਼ਾਬਾਸ਼ੇ` ਦੀਆਂ ਉੱਭਰ-ਉੱਭਰ ਪੈਂਦੀਆਂ ਆਵਾਜ਼ਾਂ ਵਿਚਕਾਰ ਜਦੋਂ ਉਹ ਚੁਪਾਸੇ ਬੈਠੇ-ਖੜ੍ਹੇ ਦਰਸ਼ਕਾਂ ਮੂਹਰਦੀ ਗੇੜਾ ਕੱਢਦਾ ਤਾਂ ਨੋਟ ਮੀਂਹ ਵਾਂਗ ਵਰ੍ਹਨ ਲੱਗ ਪੈਂਦੇ।”

ਮੈਂ ਅਵਾਕ, ਗੋਰਾ ਬਾਸ਼ਾ ਦਾ ਤਮਤਮਾਇਆ ਚਿਹਰਾ ਦੇਖ ਰਿਹਾ ਸਾਂ।
“ਇਕ ਦਿਨ ਸੂਲੀ ਦੀ ਛਾਲ ਲਾਉਂਦਾ ਉਹ ਡਿੱਗ ਪਿਆ।” ਗੋਰਾ ਬਾਸ਼ਾ ਦੀ ਡੁੱਬੀ ਜਿਹੀ ਆਵਾਜ਼ ਮੇਰੇ ਕੰਨੀਂ ਪਈ।
ਮੈਂ ਚੌਂਕਿਆ ਅਤੇ ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ, “ਡਿੱਗ ਪਿਆ!”
“ਹਾਂ, ਡਿੱਗਣਾ ਈ ਸੀ।” ਉਹਦਿਆਂ ਬੋਲਾਂ ਵਿਚ ਬਾਜ਼ੀਗਰਾਂ ਵਾਲੇ ਸਹਿਜ-ਅਨੁਭਵ ਦਾ ਝਲਕਾਰਾ ਸੀ।
“ਏਨਾ ਬੜਾ ਸੂਰਬੀਰ! ਬਹਾਦਰ!” ਮੇਰੇ ਬੁੱਲ੍ਹ ਫਰਕੇ।
“ਮੇਰਾ ਖਿਆਲ ਐ, ਉਹਨੂੰ ਆਪਣੇ ਆਪ ‘ਤੇ ਮਾਣ ਹੋ ਗਿਆ ਸੀ। ਤਾਹੀਉਂ ਤਾਂ ਹਰ ਛਾਲ ਲਾਉਣ ਲੱਗਿਆਂ ਉਹ ਆਖਦਾ, ਸੂਲੀ ਇਕ ਹੱਥ ਹੋਰ ਉੱਚੀ ਕਰ ਦਿਓ। ਉਹ ਇਹ ਭੁੱਲ ਗਿਆ, ਸੂਲੀ ਆਖਰ ਸੂਲੀ ਹੁੰਦੀ ਐ। ਕਸਬ ਦੇ ਮਾਮਲੇ ਵਿਚ ਈਰਖਾ ਵੀ ਹੋ ਜਾਂਦੀ ਐ। ਆਖਰੀ ਵਾਰ ਦੋਖੀਆਂ ਨੇ ਸੂਲੀ ਦੋ-ਢਾਈ ਹੱਥ ਉੱਚੀ ਚੁੱਕ ਦਿੱਤੀ।”
“ਏਨਾ ਜੋਸ਼ ਠੀਕ ਨਹੀਂ ਹੁੰਦਾ। ਉਹਨੂੰ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਸੀ।” ਮੈਂ ਆਖਿਆ।
“ਜੋਸ਼ ਜਿਹਾ ਜੋਸ਼! ਉਹ ਤਾਂ ਅੰਨ੍ਹਾ ਹੋਇਆ ਪਿਆ ਸੀ। ਦਰਸ਼ਕਾਂ ਵਿਚ ਤੀਮੀਆਂ ਵਾਲੇ ਪਾਸੇ, ਮੂਹਰਲੀ ਕਤਾਰ ਵਿਚ ਉਹਦੀ ਪ੍ਰੇਮਿਕਾ ਜੁ ਬੈਠੀ ਸੀ। ਸਾਨੂੰ ਤਾ ਓਦੋਂ ਈ ਪਤਾ ਲੱਗਿਆ ਜਦੋਂ ਉਹਦਾ ਇਕ ਪੈਰ ਸੂਲੀ ਨਾਲ ਟਕਰਾਇਆ ਤੇ ਉਹ ਧੜਾਮ ਕਰ ਕੇ ਪੱਕੀ ਪਟੜੀ ਉੱਤੇ ਡਿੱਗ ਕੇ ਤੜਫਣ ਲੱਗਿਆ। ਸਭ ਤੋਂ ਪਹਿਲਾਂ ਓਹੀ ਧਾਹਾਂ ਮਾਰਦੀ ਦੌੜੀ ਆਈ ਤੇ ਉਹਨੂੰ ਚੰਬੜ ਗਈ!”

ਅਸੀਂ ਚੁੱਪ-ਚਾਪ ਵ੍ਹਿਸਕੀ ਦੀਆਂ ਘੁੱਟਾਂ ਭਰਨ ਲੱਗੇ। ਦਿਲ ਦਾ ਦਰਦ ਦਬਾਉਣ ਖਾਤਰ। ਤਿੰਨ-ਚਾਰ ਘੁੱਟਾਂ ਮਗਰੋਂ ਗੋਰਾ ਬਾਸ਼ਾ ਦੇ ਅੰਦਰੋਂ ਹਉਕਾ ਉੱਭਰਿਆ। ਉਹ ਕਹਿਣ ਲੱਗਿਆ, “ਨਿੱਤ ਆਥਣ-ਸਵੇਰ ਦਵਾਈ ਦੇਣ ਲੱਗਿਆ ਮੈਂ ਆਪਣੇ ਬਾਪੂ ਦੇ ਨਿੰਮੋਝੂਣੇ ਚਿਹਰੇ ਵੱਲ ਦੇਖਦਾ। ਦੇਖਦਾ ਤੇ ਝੂਰਦਾ। ‘ਇਹ ਓਹੀ ਬੰਦੈ ਜਿਹੜਾ ਸਾਨੂੰ ਮੱਤਾਂ ਦਿੰਦਾ ਹੁੰਦਾ ਸੀ: ਦੇਖਿਓ! ਬਿਗਾਨੀ ਤੀਮੀਂ ਵੱਲ ਮੈਲੀ ਨਿਗਾਹ ਨਾਲ ਨੀ ਦੇਖਣਾ, ਨਸ਼ਾ ਨੀ ਕਰਨਾ, ਸ਼ਰਾਬ ਨੀ ਪੀਣੀ, ਇਉਂ ਕਰਨ ਨਾਲ ਬੰਦੇ ਅੰਦਰੋਂ ਕਲਾ ਮਰ ਜਾਂਦੀ ਐ! ਹੁਣ ਇਹ ਆਪ…!` ਮੈਂ ਖਿਝ ਅਤੇ ਗੁੱਸੇ ਨਾਲ ਭਰਿਆ ਪਿਆ ਸੀ। ਮੇਰਾ ਉਹਦੇ ਨਾਲ ਮੱਲੋ-ਮੱਲੀ ਲੜਨ ਨੂੰ ਜੀਅ ਕਰਦਾ।”

ਘੁੱਟ ਭਰ, ਸੁਣਦਿਆਂ ਵ੍ਹਿਸਕੀ ਦੀ ਤਿੱਪ ਮੇਰੇ ਸੰਘ ਵਿਚ ਕਿਤੇ ਅਟਕ ਗਈ। ਤਿੱਪ ਵਿਚੋਂ ਹੁੰਗਾਰਾ ਨਿਕਲਿਆ, “ਹੂੰ…ਅ।”

“ਕੁਝ ਦਿਨਾਂ ਪਿੱਛੋਂ ਮੇਰਾ ਸਹੁਰਾ ਬਾਕਰ ਉਹਦੀ ਖਬਰ-ਸਾਰ ਲੈਣ ਆਇਆ। ਉਹ ਦੋਵੇ਼ ਨਿੱਕੇ ਹੁੰਦੇ ਆੜੀ ਰਹੇ ਸਨ। ਦੂਜੇ ਕਮਰੇ ਵਿਚ ਬੈਠਾ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਮੇਰਾ ਸਹੁਰਾ ਗਿਲਾ ਕਰ ਰਿਹਾ ਸੀ, ‘ਤੈਂ ਇਹ ਕੀ ਕੀਤਾ, ਚਤਰਿਆ?` ਮੇਰਾ ਬਾਪੂ ਖੰਘੂਰਾ ਮਾਰ ਕੇ ਬੋਲਿਆ, ‘ਇਹ ਕੋਈ ਬੰਦੇ ਦੇ ਬਸ ਹੁੰਦੈ, ਬਾਕਰਾ! ਸਹੁਰਾ ਪਤਾ ਈ ਨਹੀਂ ਲੱਗਿਆ ਕਦੋਂ… ਤੀਮੀਂ ਦੇ ਦਿਲ ਅਤੇ ਪਾਣੀ ਦਾ ਕੋਈ ਪਾਰਾਵਾਰ ਨੀ। ਇਹ ਅਛੋਪਲੇ ਰਾਹ ਬਣਾ ਆਪਣੇ ਟਿਕਾਣੇ ਲੱਗ ਜਾਂਦੇ ਨੇ।` ਮੇਰੇ ਸਹੁਰੇ ਨੂੰ ਇਹ ਦਲੀਲ ਜਚੀ ਨਾ, ‘ਆਪਾਂ ਬਾਜ਼ੀਗਰ ਆਂ! ਅਣਖ, ਇੱਜ਼ਤ ਵੀ ਕੋਈ ਚੀਜ਼ ਹੁੰਦੀ ਐ! ਤੂੰ ਸਿਆਣਾ-ਬਿਆਣਾ ਹੋ ਕੇ…।` ਮੇਰਾ ਸਹੁਰਾ ਨਮੋਸ਼ੀ ਦਾ ਮਾਰਿਆ ‘ਘੁਰ-ਘੁਰ` ਕਰਦਾ ਰਿਹਾ। ਆਪਣੀ ਧੀ ਨੂੰ ਨਾਲ ਲੈ ਉਹ ਉਸੇ ਦਿਨ ਵਾਪਸ ਚਲਿਆ ਗਿਆ। ਤੀਜੇ ਦਿਨ ਮੇਰੇ ਸਹੁਰਿਉਂ ਖਬਰ ਆਈ। ਮੇਰੀ ਵਹੁਟੀ ਖੂਹ ਵਿਚ ਡੁੱਬ ਕੇ ਮਰ ਗਈ।”

“ਓਹ! ਇਹ ਤਾਂ ਬਹੁਤ ਬੁਰਾ ਹੋਇਆ!” ਮੈਂ ਅਫਸੋਸ ਨਾਲ ਕਿਹਾ। ਗੋਰਾ ਬਾਸ਼ਾ ਕੁਝ ਨਾ ਬੋਲਿਆ। ਉਹਨੇ ਹੁਝਕੇ ਨਾਲ ਬੋਤਲ ਚੁੱਕੀ। ਦੋ ਗਲਾਸ ਪੌਣੇ-ਪੌਣੇ ਭਰ ਕੇ ਖਾਲੀ ਕਰ ਦਿੱਤੀ। ਫੇਰ ਆਪਣਾ ਗਲਾਸ ਚੁੱਕਿਆ। ਅੱਧਾ ਪੀ ਕੇ ਮੇਜ਼ ਉੱਤੇ ਰੱਖ ਦਿੱਤਾ।
“ਇਹ ਕੀ!” ਮੈਨੂੰ ਆਪਣੇ ਆਪ ਉੱਤੇ ਹੈਰਾਨੀ ਹੋਈ। ਮੈਂ ਉਹਨੂੰ ਰੋਕਿਆ ਕਿਉਂ ਨਾ? ਮੈਂ ਬੇਵੱਸ ਹੋ ਉਹਦੇ ਵੱਲ ਵੇਖਦਾ ਹੋਇਆ ਸੋਚਣ ਲੱਗਿਆ, ‘ਇਹ ਬੰਦਾ ਆਪਣੇ ਆਪ ਨੂੰ ਮਾਰਨ ਉੱਤੇ ਤੁਲਿਆ ਹੋਇਐ। ਇਸ ਹਾਲਤ ਵਿਚ ਇਹਨੂੰ ਕੌਣ ਸੰਭਾਲਦਾ ਹੋਏਗਾ!`
ਮੈਨੂੰ ਵਾਤਾਵਰਨ ਵਿਚੋਂ ਕਚਿਆਣ ਆਈ ਅਤੇ ਮੈਂ ਉਠ ਕੇ ਬਾਥਰੂਮ ਚਲਿਆ ਗਿਆ। ਵਾਪਸ ਆ ਖਾਰੇ ਸੋਢੇ ਦੀਆਂ ਤਿੰਨ-ਚਾਰ ਘੁੱਟਾਂ ਭਰੀਆਂ। ਮੇਰਾ ਮਨ ਟਿਕਾਣੇ ਆਇਆ ਤਾਂ ਮੈਂ ਦੇਖਿਆ, ਗੋਰਾਬਾਸ਼ਾ ਆਪਣਾ ਬਾਕੀ ਅੱਧਾ ਗਲਾਸ ਸਿਰੇ ਲਾਈ ਚੁਸਤ-ਦਰੁਸਤ ਹੋਇਆ ਬੈਠਾ ਸੀ। ਉਹਨੇ ਮੈਨੂੰ ਸਿਗਰਟ ਪੇਸ਼ ਕੀਤੀ ਅਤੇ ਲਾਈਟਰ ਨਾਲ ਲਵਾ ਦਿੱਤੀ। ਫੇਰ ਪੁੱਛਣ ਲੱਗਿਆ, “ਤਬੀਅਤ ਤਾਂ ਠੀਕ ਐ, ਤੁਹਾਡੀ?”

ਮੈਂ ਆਪਣੇ ਬੁੱਲ੍ਹਾਂ ਉੱਤੇ ਮੱਲੋਜ਼ੋਰੀ ਮੁਸਕਰਾਹਟ ਲਿਆਉਂਦਿਆਂ ਆਖਿਆ, “ਤੂੰ ਆਪਣੀ ਸੁਣਾ!” ਮੇਰੇ ਬੋਲਣ ਢੰਗ ਵਿਚ ਵਿਅੰਗ-ਭਰੀ ਚੋਭ ਸੀ। ਮੇਰਾ ਖਿਆਲ ਸੀ ਕਿ ਉਹ ਵੀ ਕਰਾਰਾ ਜਿਹਾ ਜਵਾਬ ਦੇਵੇਗਾ ਪਰ ਉਹ ਚੁੱਪ ਰਿਹਾ ਅਤੇ ਡੂੰਘੀਆਂ ਸੋਚਾਂ ਵਿਚ ਗੁਆਚ ਗਿਆ। ਫੇਰ ਉਹ ਪੋਲਾ ਜਿਹਾ ਹੱਸਿਆ, ਜਿਵੇਂ ਦਿਲਗੀਰ ਹੋਇਆ ਆਪਣੇ ਆਪ ਉੱਤੇ ਹੱਸਿਆ ਹੋਵੇ। ਹੁਣ ਉਹਦੇ ਲਈ ਮੇਰੀ ਹੋਂਦ ਦਾ ਕੋਈ ਮਾਅਨਾ ਨਾ ਰਿਹਾ। ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆ, “ਇਹ ਸਾਲੀ ਜ਼ਿੰਦਗੀ ਬੜੀ ਅਜੀਬ ਸ਼ੈਅ ਐ। ਕਿਥੇ ਦੀ ਕਿਥੇ ਖਿੱਚੀ ਤੁਰੀ ਫਿਰਦੀ ਐ, ਮੈਨੂੰ। ਮੈਂ ਸੋਚਦਾ ਹੁੰਦਾ ਸੀ, ਕਹਿੰਦਾ-ਕਹਾਉਂਦਾ ਬਾਜ਼ੀਗਰ ਬਣੂੰਗਾ। ਆਪਣੇ ਬਾਪ ਤੋਂ ਉੱਚੀਆਂ ਛਾਲਾਂ ਲਾ ਕੇ ਦਿਖਾਊਂਗਾ। ਮੇਰੀਆਂ ਕਲਾਬਾਜ਼ੀਆਂ ਦੇਖ ਲੋਕ ਨੋਟਾਂ ਦੀ ਬਰਖਾ ਕਰ ਦਿਆ ਕਰਨਗੇ। ਨਾਅਰੇ ਗੂੰਜਣਗੇ- ‘ਬੱਲੇ ਓਏ ਤੇਰੇ, ਗੋਰਿਆ ਬਾਸ਼ਾ! ਨਹੀਂ ਰੀਸਾਂ ਤੇਰੀਆਂ।` ਅਚਾਨਕ ਜ਼ਿੰਦਗੀ ਨੇ ਤੇਜ਼ੀ ਨਾਲ ਮੋੜ ਕੱਟਿਆ। ਬਾਜ਼ੀਆਂ ਪੈਣੋਂ ਹਟ ਗਈਆਂ। ਬਾਜ਼ੀਗਰਾਂ ਦੇ ਮੁੰਡੇ ਮਿੱਲਾਂ ਤੇ ਫੈਕਟਰੀਆਂ ਵਿਚ ਰੁਲਣ ਲੱਗੇ। ਡਫਲੀਆਂ ਵਾਲਿਆਂ ਤੇ ਛਾਤੀਆਂ ਕੱਢ ਕੇ ਗਾਉਣ ਵਾਲੀਆਂ ਨੇ ਸਟੇਜਾਂ ਮੱਲ ਲਈਆਂ। ਸ਼ਰੇਆਮ ਨੰਗੇ ਤੇ ਉਕਸਾਊ ਇਸ਼ਾਰੇ ਹੋਣ ਲੱਗੇ। ਬਾਜ਼ੀਆਂ ਦੀ ਥਾਂ ਲੋਕ ਓਧਰ ਨੂੰ ਉੱਲਰ ਗਏ। ਮੇਰਾ ਤਾਂ ਮਨ ਈ ਬੁਝ ਗਿਆ!” ਉਹ ਬਿੰਦ ਕੁ ਰੁਕਿਆ ਅਤੇ ਫੇਰ ਉੱਚੀ ਸੁਰ ਵਿਚ ਬੋਲਿਆ, “ਇਹ ਸਾਜ਼ਿਸ਼ ਐ, ਚੁੱਪ-ਚੁਪੀਤੀ ਸਾਜ਼ਿਸ਼!”

ਸੁਣ ਕੇ ਮੈਤੋਂ ਰਹਿ ਨਾ ਹੋਇਆ। ਟੋਕਦਿਆਂ ਉਹਨੂੰ ਪੁੱਛਿਆ, “ਕੀਹਦੇ ਨਾਲ ਹੋ ਗਈ ਸਾਜ਼ਿਸ਼? ਕੀਹਨੇ ਕੀਤੀ?”
“ਕਿਉਂ ਮਜ਼ਾਕ ਕਰਦੇ ਓਂ? ਕੀ ਹੋਇਆ ਜੇ ਮੈਂ ਬਹੁਤਾ ਪੜ੍ਹਿਆ-ਲਿਖਿਆ ਨੀ। ਗੱਲ ਤਾਂ ਸਮਝਦਾਂ! ਦੁਨੀਆ ਘੁੰਮ-ਫਿਰ ਕੇ ਦੇਖੀ ਐ! ਮਿੰਦਰ ਨਾ ਹੁੰਦਾ ਤਾਂ ਹੁਣ ਨੂੰ ਪਤਾ ਨੀ ਮੈਂ ਕਿੱਥੇ ਹੁੰਦਾ। ਰੁਜ਼ਗਾਰ ਵਿਚ ਸੱਟ ਵੱਜੇ, ਘਰ ਉੱਜੜ ਜਾਵੇ, ਪਤੈ ਫੇਰ ਬੰਦੇ ‘ਤੇ ਕੀ ਬੀਤਦੀ ਐ?” ਉਹਨੇ ਮੈਨੂੰ ਸਿੱਧਾ ਸਵਾਲ ਕੀਤਾ। ਮੈਂ ਲਾਜਵਾਬ ਹੋਇਆ ਉਹਦੇ ਮੂੰਹ ਵੱਲ ਦੇਖਦਾ ਰਹਿ ਗਿਆ। ਸੋਚਿਆ, “ਇਹ ਓਹੀ ਗੋਰਾ ਬਾਸ਼ਾ ਐ ਜੋ ਤਿੰਨ ਕੁ ਪੈਗਾਂ ਨਾਲ ਈ ਬਹਿਕ ਗਿਆ ਸੀ?”
“ਮਿੰਦਰ ਨੇ ਕੀਤਾ ਹੋਊ ਹੀਲਾ ਕੋਈ।” ਮੈਂ ਜਾਣਨਾ ਚਾਹਿਆ।

ਉਹ ਆਖਣ ਲੱਗਿਆ, “ਹੋਰ ਕੀਹਨੇ ਕਰਨਾ ਸੀ। ਇਕ ਦਿਨ ਉਹ ਆਇਆ। ਮੈਨੂੰ ਚੰਗੀ ਰੌਂਅ ਵਿਚ ਦੇਖ ਕੇ ਉਹਨੇ ਸਲਾਹ ਦਿੱਤੀ, ‘ਗੋਰਿਆ, ਤੇਰਾ ਬੰਨ੍ਹ-ਸੁੱਬ ਨਾ ਕਰ ਦਈਏ ਕਿਤੇ! ਮੈਨੂੰ ਗਲਤ ਨਾ ਸਮਝੀ। ਉਹ ਪੜ੍ਹੀ-ਲਿਖੀ ਐ; ਇਕ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਕੰਮ ਕਰਦੀ ਐ। ਰੰਜਨਾ ਨਾਂ ਐ ਓਹਦਾ।` ‘ਤੈਨੂੰ ਹੋਰ ਨੀ ਮਿਲਿਆ ਕੋਈ ਟਿੱਚਰਾਂ ਕਰਨ ਨੂੰ!` ਮੈਂ ਉਹਨੂੰ ਟੁੱਟ ਕੇ ਪਿਆ। ‘ਕੌਣ ਕਰੂਗੀ ਮੇਰੇ ਨਾਲ ਵਿਆਹ, ਇਸ ਹਾਲਤ ਵਿਚ`?”

“ਇਹ ਤੂੰ ਮੇਰੇ ‘ਤੇ ਛੱਡ ਦੇ। ਬਹੁਤੀ ਬੜ-ਬੜ ਨਾ ਕਰੀਂ, ਉਹਦੇ ਨਾਲ, ਬੱਸ ਚੁੱਪ ਰਹੀਂ। ਹਾਂ, ਤੈਨੂੰ ਪਹਿਲਾਂ ਈ ਦੱਸ ਦਿਆਂ! ਉਹਨੇ ਤਲਾਕ ਲਿਆ ਹੋਇਐ ਪਹਿਲੇ ਪਤੀ ਤੋਂ, ਸਤ ਕੇ। ਉਂਜ ਫਾਰਵਰਡ ਕੁੜੀ ਐ। ਜਾਤ-ਜੂਤ ਨੂੰ ਨੀ ਮੰਨਦੀ।` ਸੋ, ਦੋ ਕੁ ਮੁਲਾਕਾਤਾਂ ਪਿੱਛੋਂ ਸਾਡਾ ਫਾਰਵਰਡ ਤਰੀਕੇ ਨਾਲ ਵਿਆਹ ਹੋ ਗਿਆ। ਕਚਹਿਰੀ ਵਿਚ। ਮੇਰੇ ਦਿਨ ਫਿਰਨ ਲੱਗੇ। ਰੰਜਨਾ ਨਿੱਤ ਦੇ ਵਰਤਾਓ ਵਿਚ ਸਿਆਣੀ ਤੇ ਸੂਝਵਾਨ ਲੱਗਦੀ ਸੀ ਮੈਨੂੰ। ਸਲੀਕੇ ਨਾਲ ਗੱਲ ਕਰਨ ਵਾਲੀ। ਕੰਮਕਾਰ ਵਿਚ ਸੁਘੜ। ਇਕ ਸਾਲ ਚੰਗਾ-ਭਲਾ ਬੀਤਿਆ। ਫੇਰ ਮਾੜੀ-ਮੋਟੀ ਟੋਕਾ-ਟਾਕੀ ਸ਼ੁਰੂ ਹੋ ਗਈ। ਜਿਵੇਂ ਆਮ ਘਰਾਂ ਵਿਚ ਹੁੰਦੀ ਐ। ਉਹ ਪਹਿਲਾਂ ਰੁੱਸਣ ਲੱਗੀ। ਫੇਰ ਖਿੱਝਣ। ਵਧਦੀ-ਵਧਦੀ ਗੱਲ ਲੜਾਈ-ਝਗੜੇ ਉੱਤੇ ਆ ਗਈ। ਹੁਣ ਉਹ ਕਲੇਸ਼ ਪਾਈ ਬੈਠੀ ਐ। ਮੇਰਾ ਤਾਂ ਨੱਕ ਵਿਚ ਦਮ…।”

ਬੋਲਦੇ-ਬੋਲਦੇ ਦਾ ਉਹਦਾ ਗਲਾ ਰੁਧ ਗਿਆ। ਅੱਖਾਂ ਵਿਚ ਪਾਣੀ ਤੈਰਨ ਲੱਗਿਆ। ਉਹਨੇ ਜੇਬ ਵਿਚੋਂ ਰੁਮਾਲ ਕੱਢ ਕੇ ਅੱਖਾਂ ਪੂੰਝ ਲਈਆਂ।
“ਤੇਰਾ ਬਾਪੂ?” ਮੈਨੂੰ ਸ਼ੱਕ ਪਿਆ ਕਿ ਕਿਤੇ ਓਸ ਨੇ ਪੰਗਾ ਨਾ ਲੈ ਲਿਆ ਹੋਵੇ।
“ਛੱਡੋ ਪਰ੍ਹੇ!” ਉਹਨੇ ਟਾਲਣਾ ਚਾਹਿਆ। ਉਹਦੀ ਸੁਰ ਵਿਚ ਬੇਚੈਨੀ ਅਤੇ ਉਦਾਸੀ ਸੀ।
“ਫੇਰ ਵੀ? ਪਤਾ ਤਾਂ ਲੱਗੇ!” ਮੈ ਜ਼ੋਰ ਦਿੰਦਿਆਂ ਆਖਿਆ।
ਉਹ ਥਿੜਕਦਾ-ਥਿੜਕਦਾ ਦੱਸਣ ਲੱਗਿਆ, “ਉਹ ਤਾਂ ਜੀ ਓਦੋਂ ਈ ਚਲਿਆ ਗਿਆ ਸੀ… ਬੀਕਾਨੇਰ… ਸਾਡੇ ਜੱਦੀ ਘਰ… ਮੇਰੇ ਬੜੇ ਭਾਈ ਕੋਲ। ਮੈਂ ਰੋਕਿਆ ਨਾ। ਉਹਨੂੰ ਕਸੂਰਵਾਰ ਸਮਝਦਿਆਂ ਮੈਂ ਉਸ ਨਾਲ ਓਪਰਿਆਂ ਵਾਂਗ ਪੇਸ਼ ਆਉਂਦਾ ਸੀ। ਉਹਦੀ ਬਣਦੀ-ਸਰਦੀ ਟਹਿਲ-ਸੇਵਾ ਵੀ ਨਾ ਕੀਤੀ। ਅਸਲ ਵਿਚ ਇਹ ਮੇਰੀ ਨਿਆਣ-ਮੱਤ ਸੀ। ਨਿਰਾ ਅੱਲ੍ਹੜਪੁਣਾ। ਜਜ਼ਬਾਤ ਵਿਚ ਅਚਾਨਕ ਉਛਾਲ ਆਉਣਾ, ਅੰਦਰੋਂ ਧੂਹ ਪੈਣੀ, ਕਿਸੇ ਵੱਲ ਸਮੁੰਦਰ ਦੀ ਛੱਲ ਵਾਂਗ ਬੌਰਾ ਹੋ ਖਿੱਚਿਆ ਜਾਣਾ! ਇਸ ਗੱਲ ਦਾ ਅਹਿਸਾਸ ਨਹੀਂ ਸੀ। ਇਹ ਤਾਂ ਹੁਣ ਪਤਾ ਲੱਗਿਆ। ਬਾਪ ਮੇਰਾ ਸੱਚਾ-ਸੁੱਚਾ ਇਨਸਾਨ ਤੇ ਕਲਾਕਾਰ ਐ। ਤੁਸੀਂ ਹੀ ਦੱਸੋ, ਭਾਅ ਜੀ! ਔਰਤ ਕੋਈ ਜ਼ਮੀਨ ਐ ਜਿਸ ਨੂੰ ਧੱਕੇ ਨਾਲ ਦੱਬ ਕੇ ਬੰਦਾ ਹਲ ਵਾਹੁਣ ਲੱਗ ਪਵੇ।”
ਮੈਂ ਤਾਂ ਉਹਦੀ ਗੱਲ ਸੁਣ ਕੇ ਈ ਬੌਂਦਲ ਗਿਆ। ਫੇਰ ਕੀ ਦੱਸਦਾ? ਮੇਰੇ ਮੂੰਹੋਂ ਕੇਵਲ ਏਨਾ ਨਿਕਲਿਆ, “ਤੇਰਾ ਰਵੱਈਆ ਬਦਲਿਆ ਕਿਵੇ? ਇਹ ਹੋ ਕਿਸ ਤਰ੍ਹਾਂ ਗਿਆ?”
ਉਹਨੇ ਆਪਣੇ ਮੱਥੇ ਤੋਂ ਪਸੀਨਾ ਪੂੰਝਿਆ। ਬਹਿਰੇ ਵੱਲ ਦੇਖ ਕੇ ਬੋਲਿਆ, “ਪਾਣੀ… ਇਕਦਮ ਠੰਢਾ!” ਬਹਿਰਾ ਪਾਣੀ ਦਾ ਭਰਿਆ ਜੱਗ ਮੇਜ਼ ਉੱਤੇ ਰੱਖ ਗਿਆ। ਉਹਨੇ ਗਲਾਸ ਭਰਿਆ। ਫੇਰ ਹੌਲੀ-ਹੌਲੀ ਘੁੱਟਾਂ ਭਰਦਿਆਂ ਮੁਕਾ ਦਿੱਤਾ ਅਤੇ ਕਹਿਣ ਲੱਗਿਆ, “ਭਾਅ ਜੀ, ਮਾਫ ਕਰਨਾ। ਇਕ ਮਿੰਟ ਵਿਚ ਮੁਕਾਉਣਾ ਗੱਲ। ਤੁਹਾਡਾ ਪਹਿਲਾਂ ਈ ਬਹੁਤ ਟਾਇਮ ਲੈ ਲਿਆ ਮੈਂ।”
“ਪ੍ਰਵਾਹ ਨਾ ਕਰ ਤੂੰ। ਦਸ ਮਿੰਟ ਲੈ!” ਮੈਂ ਉਹਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ।

“ਅਸੀਂ ਹੈਦਰਾਬਾਦ ਭੰਗੜਾ ਪਾ ਕੇ ਵਾਪਸ ਆ ਰਹੇ ਸੀ”, ਉਹਨੇ ਕਹਿਣਾ ਸ਼ੁਰੂ ਕੀਤਾ, “ਮਿੰਦਰ, ਮੈਂ ਤੇ ਦੋ ਜਣੇ ਹੋਰ। ਰੇਲ-ਗੱਡੀ ਚੜ੍ਹਦਿਆਂ ਈ ਅਸੀਂ ਇੱਲਤਾਂ ਕਰਨ ਲੱਗੇ। ਚਾਂਭੜਾਂ ਪਾਉਂਦੇ, ਹਿੜ-ਹਿੜ ਕਰਦੇ ਅਸੀਂ ਡੱਬਿਆਂ ਵਿਚਾਲੇ ਲੰਘ ਰਹੇ ਸਾਂ। ਡੱਬੇ ਅੰਦਰ ਝਾਤੀ ਮਾਰ ਸਾਡਾ ਕੋਈ ਸਾਥੀ ਪੁਕਾਰ ਉੱਠਦਾ ‘ਫੋਕੜ!` ਦੂਜੇ ਮਖੌਲ ਕਰਦੇ ਕਹਿੰਦੇ, ‘ਵਧ ਸ਼ੇਰਾ ਅੱਗੇ!` ਅਸੀਂ ਕੋਈ ਮਨਪਸੰਦ ਸਵਾਰੀ ਦੀ ਭਾਲ ਵਿਚ ਸਾਂ ਤਾਂ ਜੋ ਸਫਰ ਸੁਖਾਵਾਂ ਰਹੇ। ਆਖਰ ਇਕ ਡੱਬਾ ਜਚਿਆ ਸਾਨੂੰ। ਉਸ ਦੀ ਹੇਠਲੀ ਸਲੀਪਰ ਸੀਟ ਉੱਤੇ ਦੋ ਅਧਖੜ੍ਹ ਉਮਰ ਦੀਆਂ ਤੀਮੀਆਂ ਆਪਣੀਆਂ ਗਠੜੀਆਂ ਕੱਛਾਂ ਵਿਚ ਦੱਬੀ ਬੈਠੀਆਂ ਸਨ। ਸਾਨੂੰ ਅੰਦਰ ਵੜਦਿਆਂ ਦੇਖ ਉਹ ਇਕਦਮ ਉੱਠ ਖੜ੍ਹੀਆਂ ਤੇ ਤੁਰ ਗਈਆਂ। ਅਸੀਂ ਹੱਸਦਿਆਂ-ਹੱਸਦਿਆਂ ਸਲੀਪਰ ਮੱਲ ਲਈ। ਸਾਡਾ ਟਾਰਗੈੱਟ ਸਾਹਮਣੇ ਵਾਲੀ ਸੀਟ ਸੀ। ਉਸ ਉੱਤੇ ਇਕ ਨੇਤਰਹੀਣ ਬਿਰਧ ਜੋੜਾ ਬੈਠਾ ਸੀ। ਤਾਕੀ ਕੋਲ ਦਸ ਕੁ ਵਰ੍ਹਿਆਂ ਦਾ ਮੁੰਡਾ ਬਾਹਰ ਪਿੱਛੇ ਨੂੰ ਭੱਜੇ ਜਾਂਦੇ ਰੁੱਖ ਦੇਖ ਰਿਹਾ ਸੀ। ਉਹਦੇ ਕੋਲ ਇਕ ਭਰਵੇਂ ਜੁੱਸੇ ਵਾਲੀ ਮੁਟਿਆਰ ਸਾਲ ਕੁ ਦਾ ਬੱਚਾ ਗੋਦੀ ਵਿਚ ਲਈ ਬੈਠੀ ਸੀ। ਗੋਲ-ਮਟੋਲ ਜਿਹੀ। ਅਸਲ ਵਿਚ ਉਹਦੇ ਸਰੀਰ ਦਾ ਹਰ ਅੰਗ ਗੁਲਾਈ ਵਿਚ ਢਲਿਆ ਦਿਖਾਈ ਦੇ ਰਿਹਾ ਸੀ। ਹੱਸਦੀ ਤਾਂ ਬੁੱਲ੍ਹ ਗੁਲਾਈ ਅਖਤਿਆਰ ਕਰ ਲੈ਼ਦੇ। ਉਹਦੇ ਗੋਰੇ, ਘੁੱਗੀਆਂ ਵਰਗੇ ਪੈਰਾਂ ਉੱਤੇ, ਗਿੱਟਿਆਂ ਤੋਂ ਹੇਠਾਂ ਤਕ, ਮਹਿੰਦੀ ਦੇ ਲਾਲ-ਸੂਹੇ ਬੂਟੇ ਖਿੜੇ ਹੋਏ ਸਨ! ‘ਇਹਦਾ ਤਾਂ ਅੰਗ-ਅੰਗ ਗੱਲਾਂ ਕਰ ਰਿਹੈ। ਛੇੜਾਂ?’ ਮਿੰਦਰ ਨੇ ਆਪਣੇ ਰਸਮਿਸੇ ਬੁੱਲ੍ਹਾਂ ਉੱਤੇ ਜੀਭ ਫੇਰਦਿਆਂ ਮੇਰੇ ਕੰਨ ਵਿਚ ਕਿਹਾ। ‘ਗੱਲ ਕਰਨ ਵਿਚ ਕੀ ਹਰਜ ਐ।` ਮੈਂ ਹਰੀ ਝੰਡੀ ਦੇ ਦਿੱਤੀ। ਮੁਟਿਆਰ ਵੱਲ ਦੇਖ ਉਹਦਾ ਚਿਹਰਾ ਖਿੜ ਉੱਠਿਆ। ਸ਼ਰਾਰਤ ਨਾਲ ਉਹਦੇ ਭਰਵੱਟੇ ਹੇਠਾਂ-ਉੱਤੇ ਨੂੰ ਹੋਏ। ਫੇਰ ਉਹਨੇ ਬੀਬਾ ਜਿਹਾ ਮੂੰਹ ਬਣਾ ਕੇ ਪੁੱਛਿਆ, ‘ਆਪ ਕਾ ਨਾਮ?` `ਪਰਵੀਨ`, ਮੁਟਿਆਰ ਨੇ ਬਿਨਾ ਹਿਚਕਚਾਇਆਂ ਨਾਂ ਦਸ ਦਿੱਤਾ। ‘ਕਹਾਂ ਸੇ ਤਸ਼ਰੀਫ ਲਾ ਰਹੀ ਹੋ?` ਅਗਲਾ ਸਵਾਲ ਆਪ-ਮੁਹਾਰੇ ਹੋਇਆ। ‘ਇਧਰ ਮੌਸੀ ਕੇ ਯਹਾਂ ਆਈ ਥੀ। ਵੈਸੇ ਕੋਹਲਾਪੁਰ ਕੀ ਹੂੰ`, ਕਹਿ ਕੇ ਉਹ ਮੁਸਕਰਾ ਪਈ।

“ਸਾਡੇ ਨਾਲ ਦਾ ਤੀਜਾ ਜੁਆਨ ਚਾਂਭਲ ਕੇ ਬੋਲਿਆ, ‘ਕੋਹਲਾਪੁਰ ਕੀ ਕਿਆ ਚੀਜ਼ ਮਸ਼ਹੂਰ ਹੈ?` ‘ਚੱਪਲੇਂ!` ਉਹਨੇ ਆਪਣੇ ਚੱਪਲਾਂ ਸਮੇਤ ਪੈਰ ਘੁਮਾਉਂਦਿਆਂ ਆਖਿਆ। ਜੁਆਨ ਨੇ ਉਹਦਾ ਇਸ਼ਾਰਾ ਸਮਝਦਿਆਂ ਟਕੋਰ ਕੀਤੀ, ‘ਏਕ ਪਦਮਨੀ ਵੀ ਤਾਂ ਹੈ… ਪਦਮਨੀ ਕੋਹਲਾਪੁਰ!` ‘ਹਾਂ, ਹੈ। ਆਪ ਕਭੀ ਮਿਲੇ ਹੈਂ ਉਸ ਸੇ?` ਪਰਵੀਨ ਨੇ ਮੋੜਵਾਂ ਵਿਅੰਗ ਕੀਤਾ।

“ਉਹ ਖਸਿਆਣਾ ਜਿਹਾ ਹੋਇਆ ‘ਹੀ… ਹੀ… ਹੀ… ਹੀ…` ਕਰਦਾ ਦੰਦ ਕੱਢਣ ਲੱਗਿਆ। ਚੌਥੇ ਗੱਭਰੂ ਨੇ ਸੋਚਿਆ, ਤੀਜੇ ਦੀ ਤਾਂ ਹੇਠੀ ਹੋ ਗਈ! ਇਸ ਦਾ ਬਦਲਾ ਲਿਆ ਜਾਵੇ। ਉਹਨੇ ਸਾਡੇ ਵੱਲ ਟੇਢੀ ਨਜ਼ਰ ਨਾਲ ਦੇਖਦਿਆਂ ਅੱਖ ਦੱਬੀ। ਤੀਜੇ ਜੁਆਨ ਦੀ ਵੱਖੀ ਵਿਚ ਪੋਲੀ ਜਿਹੀ ਕੂਹਣੀ ਮਾਰਦਾ ਉਹ ਪਰਵੀਨ ਵੱਲ ਦੇਖ ਕੇ ਅੱਖਾਂ ਝਮਕਦਾ ਬੋਲਿਆ, ‘ਅੱਛਾ, ਏਕ ਬਾਤ ਬਤਾਓ!` ਪਰਵੀਨ ਨੇ ਆਪਣੀਆਂ ਗੋਲ-ਗੋਲ ਅੱਖਾਂ ਮਟਕਾਈਆਂ ਤੇ ਬੋਲੀ, ‘ਪੂਛੋ।` ਉਹ ਝੁੰਜਲਾ ਕੇ ਕਹਿਣ ਲੱਗਿਆ, ‘ਅੱਛਾ ਯਹਾਂ… ਕੋਹਲਾਪੁਰ ਮੇਂ… ਸਰਦੀਉਂ ਮੇਂ ਕੈਸਾ ਮੌਸਮ ਹੋਤਾ ਹੈ?` ਉਹ ਪਟਾਕ ਦੇਣੇ ਹੱਸੀ ਤੇ ਆਖਣ ਲੱਗੀ, ‘ਸਰਦੀਉਂ ਜੈਸਾ!` ਜਿਵੇਂ ਅਜੇ ਉਹਦੀ ਤਸੱਲੀ ਨਾ ਹੋਈ ਹੋਵੇ, ਉਹ ਫੇਰ ਖਿੜ-ਖਿੜਾ ਕੇ ਹੱਸਣ ਲੱਗ ਪਈ।

“ਸਾਡੇ ਵਿਚੋਂ ਕਿਸੇ ਨੂੰ, ਅੱਗੇ ਤੋਰਨ ਲਈ ਕੋਈ ਗੱਲ ਨਹੀਂ ਸੀ ਸੁੱਝ ਰਹੀ। ਪਰਵੀਨ ਨੇ ਆਪਣੇ ਮੱਥੇ ਉੱਤੇ ਪਲਮ ਆਈ ਲਿਟ ਨੂੰ ਅਦਾ ਨਾਲ ਪਿੱਛੇ ਨੂੰ ਹਟਾਇਆ, ਮੋਢਾ ਉਚਕਿਆ ਤੇ ਬੱਚੇ ਨੂੰ ਚੁੱਕ ਲਾਗਲੇ ਡੱਬੇ ਵਿਚ ਚਲੀ ਗਈ। ਦੋ-ਤਿੰਨ ਮਿੰਟ ਅਸੀਂ ਠਗੇ-ਠਗੇ ਬੈਠੇ ਰਹੇ। ‘ਲੈ ਲੋ ਸੁਆਦ!` ਮਿੰਦਰ ਨੇ ਤਬਸਰਾ ਕੀਤਾ। ‘ਮੈਂ ਦੇਖ ਕੇ ਆਉਣਾਂ!` ਮਿੰਦਰ ਦੇ ਕੰਨ ਵਿਚ ਕਹਿ ਮੈਂ ਬਾਥਰੂਮ ਜਾਣ ਦੇ ਬਹਾਨੇ ਉੱਠਿਆ। ਕੋਲ ਦੀ ਲੰਘਦਿਆਂ ਲਾਗਲੇ ਡੱਬੇ ਅੰਦਰ ਝਾਕਿਆ। ਬੱਚੇ ਉਪਰ ਮਲਮਲ ਦੀ ਚਾਦਰ ਤਾਣੀਂ ਉਹ ਉਹਨੂੰ ਦੁੱਧ ਚੁੰਘਾ ਰਹੀ ਸੀ। ਵਾਪਸ ਮੁੜਦਿਆਂ ਮੈਂ ਪਰਵੀਨ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ। ਉਹਦੇ ਉਮਾਹ ਨਾਲ ਪੰਘਰੇ ਮੁੱਖ-ਮੰਡਲ ਦੁਆਲੇ ਸ਼ਾਂਤ ਪਰਵਾਰ ਪਸਰਿਆ ਹੋਇਆ ਸੀ। ਮੇਰੇ ਅੰਦਰ ਧੂਹ ਜਿਹੀ ਪਈ। ਚਿਹਰੇ ਦਾ ਜਲਾਲ ਮੈਤੋਂ ਝੱਲਿਆ ਨਾ ਗਿਆ। ਸੁਖਾਵੇਂ ਸੁਪਨਿਆਂ ਵਿਚ ਗੁਆਚਿਆ ਮੈਂ ਆਪਣੇ ਡੱਬੇ ਵਿਚ ਆ ਗਿਆ। ਮੇਰੇ ਸਾਥੀ ਊਂਘ ਰਹੇ ਸਨ। ਮੈਂ ਮੁੰਡੇ ਕੋਲ ਮਲਕੜੇ ਬੈਠ ਗਿਆ। ਉਹਦੇ ਮੋਢੇ ਉੱਤੇ ਪਿਆਰ ਨਾਲ ਹੱਥ ਰੱਖਿਆ ਤਾਂ ਮੁਸਕਰਾਉਣ ਲੱਗਿਆ। ‘ਪਰਵੀਨ ਤੇਰੀ ਦੀਦੀ ਹੈ?’ ਫੁੱਛਣ ਉੱਤੇ ਉਹ ਬੋਲਿਆ, ‘ਬਹਿਨ।’ ‘ਜਾਨਾ ਕਹਾਂ ਹੈ?’ ਸੁਣਦਿਆਂ ਹੀ ਉਹ ਸਿਖਾਏ ਹੋਏ ਤੋਤੇ ਵਾਂਗ ਆਪੇ ਦੱਸਣ ਲੱਗਿਆ, ‘ਬਹਿਨ ਕੇ ਸੁਸਰਾਲ, ਔਰੰਗਾਬਾਦ। ਸਟੇਸ਼ਨ ਸੇ ਚਲੋ, ਬੜਾ ਸਾ ਰਹਿਟ ਆਤਾ ਹੈ। ਬਹੁਤ ਸੇ ਲੋਗ ਹਰ ਰੋਜ਼ ਉਸੇ ਦੇਖਨੇ ਆਤੇ ਹੈਂ। ਥੋੜ੍ਹੀ ਦੂਰ ਆਗੇ ਮਸਜਿਦ ਹੈ। ਬਗਲ ਮੇਂ ਪੁਰਾਨੀ ਗਲੀ… ਸਾਤਵਾਂ ਮਕਾਨ… ਛੋਟੀ-ਛੋਟੀ ਈਟੋਂ ਵਾਲਾ। ਸਾਹਮਣੇ ਵਾਲੀ ਦੀਵਾਰ ਸੇ ਏਕ ਈਂਟ ਨਿਕਲੀ ਹੂਈ। ਪਾਸ ਹੀ ਕਬੂਤਰੋਂ ਦਾ ਦੜੂਆ ਹੈ। ਸ਼ਾਮ ਕੋ ਵਹਾਂ ਸੇ ਉੜ ਕਰ ਦੋ-ਏਕ ਕਬੂਤਰ ਮਕਾਨ ਮੇਂ ਘੁਸ ਆਤੇ ਹੈ…`, ਦੱਸਦਾ-ਦੱਸਦਾ ਉਹ ਉੱਚੀ-ਉੱਚੀ, ਨਿਰਛਲ ਤੇ ਬੇਬਾਕ ਹਾਸਾ ਹੱਸਦਾ ਕਹਿਣ ਲੱਗਿਆ, ‘ਸਾਲੇ! ਆਈਸੇ ਝੂਮਤੇ ਹੂਏ ਮਕਾਨ ਮੇਂ ਦਾਖਿਲ ਹੋਤੇ ਹੈਂ ਜੈਸੇ ਪੀ ਰਖੀ ਹੈ। ਫਿਰ ਅੰਦਰ ਬਹਨ ਕੇ ਪਾਸ ਜਾ ਕਰ ਗੁਟਰ ਗੂੰ… ਗੁਟਰ ਗੂੰ… ਕਰਨੇ ਲਗਤੇ ਹੈਂ!` ਮੁੰਡਾ ਫੇਰ ਹੱਸਣ ਲੱਗਿਆ।

“ਮੇਰੇ ਸਾਥੀ ਜਾਗ ਪਏ ਸਨ। ਕਈ ਛੋਟੇ-ਛੋਟੇ ਸਟੇਸ਼ਨ ਲੰਘ ਗਏ। ਸੁੰਨੇ-ਸੁੰਨੇ। ਬੇਰੌਣਕ ਜਿਹੇ। ਸਾਡੇ ਮਨਪਸੰਦ ਦੀ ਰੋਟੀ ਕਿਤੋਂ ਨਹੀਂ ਸੀ ਮਿਲ ਰਹੀ। ਨਾ ਗੱਡੀ ਵਿਚੋਂ, ਨਾ ਕਿਸੇ ਸਟੇਸ਼ਨ ਤੋਂ। ਸਾਡੇ ਨਾਲ ਹੈਦਰਾਬਾਦ ਵੀ ਇਉਂ ਹੀ ਹੋਇਆ ਸੀ। ਅਸੀਂ ਬੁਰਕੀ ਮੂੰਹ ਵਿਚ ਪਾਉਂਦੇ, ਉਹ ਬਾਹਰ ਨੂੰ ਆਉਂਦੀ। ‘ਬੜੀ ਭੁੱਖ ਲੱਗੀ ਐ, ਯਾਰ!` ਮਿੰਦਰ ਆਪਣੇ ਢਿੱਡ ਉੱਤੇ ਹੱਥ ਫੇਰਦਾ ਬੋਲਿਆ। ਸਾਡੇ ਦੂਜੇ ਦੋ ਸਾਥੀ ਵੀ ਭੁੱਖ ਦਾ ਰਾਗ ਅਲਾਪਣ ਲੱਗੇ। ‘ਜਾਨ ਤਾਂ ਨੀ ਨਿੱਕਲਦੀ! ਮਿਲ ਜੂ ਕੁਸ਼ ਖਾਣ ਨੂੰ, ਕਿਤੋਂ ਨਾ ਕਿਤੋਂ’।”

“ਮੇਰਿਆਂ ਬੋਲਾਂ ਵਿਚ ਖਿਝ ਤੇ ਹਿਰਖ ਸੀ। ਅਸਲ ਵਿਚ ਭੁੱਖ ਨਾਲ ਮੇਰਾ ਆਪਣਾ ਬੁਰਾ ਹਾਲ ਹੋਇਆ ਪਿਆ ਸੀ। ਅਸੀਂ ਕੋਈ ਹੀਲਾ-ਵਸੀਲਾ ਲੱਭਣ ਬਾਰੇ ਸੋਚਣ ਲੱਗੇ। ਏਨੇ ਨੂੰ ਲਾਗਲੇ ਡੱਬੇ ਵਿਚੋਂ ਨਿੱਕਲ ਮੁੰਡਾ ਹੱਥਾਂ ਵਿਚ ਡੱਬਾ ਫੜੀ ਸਾਡੇ ਵੱਲ ਆਉਂਦਾ ਦਿਖਾਈ ਦਿੱਤਾ। ਸਾਡੇ ਕੋਲ ਆ ਕੇ ਡੱਬਾ ਫੜਾਉਂਦਿਆਂ ਉਹ ਆਖਣ ਲੱਗਿਆ, ‘ਬਹਿਨ ਨੇ ਬੋਲਾ ਹੈ, ਬ੍ਹਾਈਉਂ ਸੇ ਕਹਿਨਾ, ਖਾਨਾ ਖਾ ਲੇਂ।` ਅਸੀਂ ਚੁੱਪ-ਚਾਪ ਇਕ ਦੂਜੇ ਦਾ ਮੂੰਹ ਵੇਖਣ ਲੱਗੇ। ਮੁੰਡਾ ਜਾ ਚੁੱਕਿਆ ਸੀ। ਮੇਰੇ ਸਾਥੀ ਰੋਟੀਆਂ ਨੂੰ ਹਾਬੜਿਆਂ ਵਾਂਗ ਪੈ ਗਏ। ਮਿੰਦਰ ਬੁਰਕੀ ਤੋੜ ਕੇ ਮੇਰੇ ਵੱਲ ਝਾਕਿਆ। ਉਹਦੀ ਡਲ੍ਹਕਦੀ ਅੱਖ ਵਿਚ ਤਾਰਾ ਚਮਕਿਆ ਤੇ ਉਹਦੇ ਮੂੰਹੋਂ ਬੋਲ ਮਸਾਂ ਨਿੱਕਲੇ, ‘ਸਾਡੀਆਂ ਕੁੜੀਆਂ ਵੀ ਬੱਸ!` ਸੁਣਦਿਆਂ ਹੀ ਮੇਰੇ ਮੂੰਹ ਵਿਚ ਬੁਰਕੀ ਫੁੱਲ ਗਈ। ਉਛਾਲ ਜਿਹਾ ਉੱਠਿਆ ਤੇ ਗੱਚ ਭਰ ਆਇਆ ਮੇਰਾ। ਪਤਾ ਹੀ ਨਾ ਲੱਗਿਆ, ਕਦੋਂ ਮੇਰੀਆਂ ਅੱਖਾਂ ਵਿਚੋਂ ਹੰਝੂ ਆਪ-ਮੁਹਾਰੇ ਵਹਿ ਤੁਰੇ। ਕੁਝ ਟੁੱਟ ਗਿਆ ਸੀ, ਅੰਦਰ। ਸ਼ਾਇਦ।”

“ਪੰਜ ਵਰ੍ਹੇ ਬੀਤ ਗਏ। ਪਿਛਲੇ ਮਹੀਨੇ ਉਹ ਮਰੀ ਤਾਂ ਇਕ ਗੱਲ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੋਇਆ। ਮੁੰਡੇ ਨੇ ਰਾਹ ਸਹਿਜ ਦੱਸਿਆ ਸੀ। ਪਤਾ ਵੀ ਸਹੀ ਸੀ। ਫੇਰ ਵੀ ਪਤਾ ਨਹੀਂ ਕਿਉਂ, ਔਰੰਗਾਬਾਦ ਜਾਂਦਿਆਂ ਹਰ ਵਾਰ ਰਾਹ ਵਿਚ ਮੈਨੂੰ ਮਹਿਸੂਸ ਹੁੰਦਾ ਕਿ ਸੱਤਵੇਂ ਘਰ ਅਪੜਨਾ ਏਨਾ ਆਸਾਨ ਨਹੀਂ। ਏਸ ਗੱਲ ਨੂੰ ਉਹ ਦੋ ਕੁ ਬੰਦੇ ਨਹੀਂ ਸਮਝਦੇ ਹੋਣੇ ਜੋ ਸ਼ਾਮ ਨੂੰ ਆਪੋ-ਆਪਣੇ ਦੜਬਿਆਂ ਵਿਚੋਂ ਨਿੱਕਲ ਕੇ ਝੂਮਦੇ ਹੋਏ ਓਸ ਘਰ ਵਿਚ ਘੁਸ ਜਾਂਦੇ ਤੇ ਪਰਵੀਨ ਕੋਲ ‘ਗੁਟਰ ਗੂੰ… ਗੁਟਰ ਗੂੰ…` ਕਰ ਕੇ ਆਪਣੇ ਰਾਹ ਪੈ ਜਾਂਦੇ ਸਨ। ਸਿਰ ਉੱਤੇ ਚਿੱਟੀ ਜਾਲੀ ਦੀ ਟੋਪੀ ਅਤੇ ਤੇੜ ਹਰੇ ਰੰਗ ਦੀ ਮੈਲੀ ਤਹਿਮਦ ਪਾਈ ਘਰ ਮੂਹਰੇ ਚਬੂਤਰੇ ਉੱਤੇ ਬੈਠਾ ਸੁੱਕਿਆ ਜਿਹਾ ਅੱਧਖੜ ਉਮਰ ਦਾ ਦੱਲਾ ਜੋ ਆਪਣੇ ਆਪ ਨੂੰ ਪਰਵੀਨ ਦਾ ਖਾਵੰਦ ਦੱਸਦਾ ਸੀ, ਵੀ ਕੀ ਸਮਝਦਾ ਹੋਊ।` ਇਸ ਕੀ ਰੂਹ ਤੋ ਹਮੇਸ਼ਾ ਠੇਕੇ ਕੇ ਇਰਦ-ਗਿਰਦ ਮੰਡਰਾਤੀ ਰਹਿਤੀ ਹੈ`, ਇਕ ਵੇਰਾਂ ਪਰਵੀਨ ਨੇ ਹੱਸਦਿਆਂ ਆਖਿਆ ਸੀ।

“ਰੰਜਨਾ ਬਾਰੇ ਕੀ ਕਹਾਂ! ਸ਼ਾਇਦ ਲਿਮਟਿਡ ਕੰਪਨੀ ਵਿਚ ਹੋਣ ਕਰਕੇ ਮਨੁੱਖੀ ਰਿਸ਼ਤਿਆਂ ਪ੍ਰਤੀ ਉਹਦੀ ਪਹੁੰਚ ਲਿਮਟਿਡ ਹੋ ਗਈ ਹੈ। ਉਹਨੇ ਚੱਤੋ-ਪਹਿਰ ਇਕੋ ਰੱਟ ਲਾ ਰੱਖੀ ਹੈ, ‘ਗੋਰਿਆ ਬੰਦਿਆ! ਮੈਂ ਤੈਨੂੰ ਕਦੇ ਮਾਫ ਨਹੀਂ ਕਰਾਂਗੀ। ਤੈਂ ਮੈਨੂੰ ਧੋਖਾ ਦਿੱਤਾ।` ਉਹ ਇਹ ਗੱਲ ਨਹੀਂ ਸਮਝ ਰਹੀ ਕਿ ਇਨਸਾਨ ਦੀ ਆਪਣੀ ਅਜ਼ਮਤ ਵੀ ਕੋਈ ਮਹੱਤਵ ਰੱਖਦੀ ਹੈ!”

ਬਿੰਦ ਕੁ ਚੁੱਪ ਵਰਤੀ ਰਹੀ।
ਫੇਰਾ ਗੋਰਾ ਬਾਸ਼ਾ ਨੇ ਉਬਾਸੀ ਲੈਂਦਿਆਂ ਆਖਿਆ, “ਚੱਲਾਂ ਹੁਣ।”

ਮੈਂ ਕਿਹਾ, “ਹੋਰ ਮੰਗਾ ਲੈਨੇ ਆਂ।” ਉਹ ਉੱਠਣ ਲੱਗਿਆ, “ਨਹੀਂ। ਘਰ ਕਾਟੇ ਹੁਰੀਂ ਉਡੀਕਦੇ ਹੋਣਗੇ। ਮੈਂ ਕੋਲ ਨਾ ਹੋਵਾਂ ਤਾ ਕੁੱਤਾ ਕੁਝ ਖਾਂਦਾ-ਪੀਂਦਾ ਨਹੀਂ। ਉਦਾਸ ਹੋ ਜਾਂਦੈ!”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਮੋਹਨ ਭੰਡਾਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ