Goonj (Story in Punjabi) : Munshi Premchand
ਗੂੰਜ (ਕਹਾਣੀ) : ਮੁਨਸ਼ੀ ਪ੍ਰੇਮਚੰਦ
ਭਾਨੂ ਚੌਧਰੀ ਪਿੰਡ ਦਾ ਸਰਪੰਚ ਸੀ। ਹਰ ਕੋਈ ਉਸ ਦਾ ਇੱਜ਼ਤ ਮਾਣ ਕਰਦਾ ਸੀ। ਥਾਣੇਦਾਰ ਉਸ ਨੂੰ ਬੈਠਣ ਲਈ ਮੂੜ੍ਹਾ ਪੇਸ਼ ਕਰਦਾ ਸੀ। ਸਰਪੰਚ ਹੋਰਾਂ ਦੀ ਪਿੰਡ ਵਿੱਚ ਇੰਨੀ ਧਾਂਕ ਸੀ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਪਿੰਡ ਵਿੱਚ ਪੱਤਾ ਨਹੀਂ ਸੀ ਹਿੱਲ ਸਕਦਾ। ਕੋਈ ਘਟਨਾ ਚਾਹੇ ਉਹ ਨੂੰਹ, ਸੱਸ ਦਾ ਝਗੜਾ ਹੋਵੇ ਜਾਂ ਕਿਸੇ ਦੀ ਜ਼ਮੀਨ ਜਾਇਦਾਦ ਦੀ ਵੰਡ ਵੰਡਾਈ ਦੀ ਗੱਲ, ਸਰਪੰਚ ਦੇ ਚਮਚੇ ਝੱਟ ਸਾਰੀ ਖਬਰ ਉਨ੍ਹਾਂ ਤੱਕ ਪਹੁੰਚਾ ਦਿੰਦੇ। ਸਰਪੰਚ ਹੋਰੀਂ ਝੱਟ ਦੇਣੀ ਮੌਕੇ 'ਤੇ ਪੁੱਛ ਪੜਤਾਲ ਕਰਦੇ। ਸਬੂਤਾਂ ਤੇ ਗਵਾਹਾਂ 'ਤੇ ਵਿਚਾਰ ਕਰ ਕੇ ਸਰਪੰਚ ਦੇ ਦਰਬਾਰ ਵਿੱਚ ਫੈਸਲਾ ਹੋ ਜਾਂਦਾ। ਹਾਂ, ਇਸ ਸਾਰੀ ਦੌੜ ਭੱਜ ਲਈ ਸਰਪੰਚ ਸਾਬ੍ਹ ਆਪਣੀ ਪੂਰੀ ਫੀਸ ਵਸੂਲ ਕਰਦੇ।
ਸਰਪੰਚ ਹੋਰਾਂ ਦੇ ਤਿੰਨ ਪੁੱਤਰ ਸਨ। ਸਭ ਤੋਂ ਵੱਡਾ 'ਬਿਤਾਨ ਚੌਧਰੀ' ਪੜ੍ਹਿਆ ਲਿਖਿਆ, ਤਜਰਬੇਕਾਰ ਨੀਤੀਵਾਨ ਸੀ। ਕਾਨੂੰਨ ਦੇ ਮਸਲੇ ਉਸ ਦੇ ਹੱਥ ਵਿੱਚ ਸਨ। ਵਿਚਲਾ ਪੁੱਤਰ 'ਸ਼ਾਨ ਚੌਧਰੀ' ਖੇਤੀਬਾੜੀ ਵਿਭਾਗ ਵਿੱਚ ਅਫਸਰ ਲੱਗਾ ਹੋਇਆ ਸੀ। ਬੇਸ਼ੱਕ ਉਸ ਦਾ ਦਿਮਾਗ ਖੁੰਢਾ ਸੀ, ਪਰ ਸਰੀਰਕ ਤੌਰ 'ਤੇ ਉਹ ਬਹੁਤ ਮਿਹਨਤੀ ਸੀ। ਤੀਜਾ ਮੁੰਡਾ 'ਗੁਮਾਨ ਚੌਧਰੀ' ਬੜਾ ਰਸੀਆ ਅਤੇ ਬੇਫਿਕਰ, ਉਜੱਡ ਕਿਸਮ ਦਾ ਬੰਦਾ ਸੀ। ਉਹ ਖੰਜਰੀ (ਇਕ ਸਾਜ਼) ਵਜਾ ਕੇ ਮਿੱਠੀ ਸੁਰ ਵਿੱਚ ਰਾਗ 'ਖਿਯਾਲ' ਗਾਉਂਦਾ ਤਾਂ ਰੰਗ ਬੱਝ ਜਾਂਦਾ। ਕਿਤੇ ਅਖਾੜਾ ਲੱਗਣਾ ਹੁੰਦਾ ਤਾਂ ਉਹ ਮੀਲਾਂ ਦੀ ਪਰਵਾਹ ਨਾ ਕਰਦਾ ਤੇ ਪੈਦਲ ਚੱਲ ਪੈਂਦਾ। ਪਿਓ ਤੇ ਭਰਾਵਾਂ ਨੇ ਉਸ ਨੂੰ ਖਰਦਿਮਾਗ ਸਮਝ ਰੱਖਿਆ ਸੀ, ਕਿਉਂਕਿ ਉਸ ਉਤੇ ਝਿੜਕ, ਧਮਕੀ, ਉਪਦੇਸ਼, ਪਿਆਰ ਜਾਂ ਬੇਨਤੀ ਦਾ ਕੋਈ ਅਸਰ ਨਹੀਂ ਸੀ ਹੁੰਦਾ। ਉਹ ਵਿਹਲੀਆਂ ਖਾਣ ਗਿੱਝ ਗਿਆ ਸੀ। ਹਾਂ, ਭਾਬੀਆਂ ਅਜੇ ਤੱਕ ਉਸ ਵੱਲੋਂ ਨਿਰਾਸ਼ ਨਹੀਂ ਸਨ ਹੋਈਆਂ। ਅਜਿਹਾ ਕੋਈ ਵਿਚਲਾ ਦਿਨ ਹੁੰਦਾ ਸੀ ਜਦੋਂ ਉਸ ਨੂੰ ਭਾਬੀਆਂ ਦੇ ਜ਼ਹਿਰੀਲੇ ਸਲੋਕ ਨਾ ਸੁਣਨੇ ਪਏ ਹੋਣ। ਇਹ ਜ਼ਹਿਰੀਲੇ ਬਾਣ ਕਦੇ-ਕਦੇ ਉਸ ਦੇ ਪੱਥਰ ਦਿਲ ਵਿੱਚ ਖੁੱਭ ਜਾਂਦੇ, ਪਰ ਉਹ ਫੱਟ ਰਾਤ ਤੋਂ ਵੱਧ ਨਾ ਰਹਿੰਦਾ। ਉਸ ਨੂੰ ਠੀਕ ਰਸਤੇ ਲਿਆਉਣ ਲਈ ਕੀ-ਕੀ ਯਤਨ ਨਹੀਂ ਕੀਤੇ ਗਏ? ਪਿਤਾ ਸਮਝਾਉਂਦਾ, 'ਪੁੱਤਰ, ਐਸੀ ਰਾਹ ਚੱਲ ਜਿੱਥੋਂ ਤੈਨੂੰ ਚਾਰ ਪੈਸੇ ਮਿਲਣ ਅਤੇ ਟੱਬਰ ਦਾ ਗੁਜ਼ਾਰਾ ਸੌਖਾ ਹੋਣ ਲੱਗੇ। ਭਰਾਵਾਂ ਦੇ ਆਸਰੇ ਕਦੋਂ ਤੱਕ ਰਹੇਂਗਾ? ਮੈਂ ਤਾਂ ਪੱਕਾ ਹੋਇਆ ਅੰਬ ਹਾਂ, ਪਤਾ ਨਹੀਂ ਕਦੋਂ ਟਪਕ ਜਾਵਾਂ। ਫਿਰ ਤੇਰਾ ਗੁਜ਼ਾਰਾ ਕਿਵੇਂ ਹੋਵੇਗਾ?'
ਗੁਮਾਨ ਖੜਾ-ਖੜਾ ਪਿਤਾ ਦੀ ਗੱਲ ਸੁਣਦਾ, ਪਰ ਉਹ ਤਾਂ ਪੱਥਰ ਦਾ ਦੇਵਤਾ ਸੀ, ਉਸ ਉਤੇ ਕੋਈ ਅਸਰ ਨਾ ਹੁੰਦਾ। ਮੂਧੇ ਘੜੇ 'ਤੇ ਪਏ ਪਾਣੀ ਵਾਂਗੂੰ ਪਿਤਾ ਦੀ ਸਾਰੀ ਸਿੱਖਿਆ ਬੇਅਸਰ ਰਹਿੰਦੀ। ਇਸ ਭੱਦਰ ਪੁਰਸ਼ ਦੀ ਬੇਫਿਕਰੀ ਦੀ ਮਾਰ ਉਸ ਦੀ ਘਰ ਵਾਲੀ ਨੂੰ ਝੱਲਣੀ ਪੈਂਦੀ। ਘਰ ਵਿੱਚ ਮਿਹਨਤ ਦਾ ਸਾਰਾ ਕੰਮ ਉਸ ਨੂੰ ਦੇ ਦਿੱਤਾ ਜਾਂਦਾ, ਜਿਸ ਨੂੰ ਕਰਦਿਆਂ ਉਸ ਨੂੰ ਰਾਤ ਪੈ ਜਾਂਦੀ। ਉਹ ਤਨੋਂ ਮਨੋਂ ਦੁਖੀ ਹੋ ਜਾਂਦੀ। ਫਿਰ ਇਕ ਦਿਨ ਉਹ ਦੁਖੀ ਹੋਈ ਪਤੀ ਨਾਲ ਝਗੜ ਪਈ ਤੇ ਬੋਲਣਾ ਛੱਡ ਦਿੱਤਾ। ਫਿਰ ਗੁਮਾਨ ਨੂੰ ਹੋਸ਼ ਆਈ ਤੇ ਮਿਜ਼ਾਜ ਟਿਕਾਣੇ ਹੋਇਆ। ਫਿਰ ਉਹ ਪਿਤਾ ਨੂੰ ਜਾ ਕੇ ਕਹਿਣ ਲੱਗਾ, 'ਮੈਨੂੰ ਕੋਈ ਦੁਕਾਨ ਲੈ ਦਿਓ।' ਭਾਨੂ ਚੌਧਰੀ ਨੇ ਪੈਸੇ ਖਰਚ ਕੇ ਕੱਪੜੇ ਦੀ ਦੁਕਾਨ ਖੋਲ੍ਹ ਦਿੱਤੀ। ਦੁਕਾਨ ਨੇ ਗੁਮਾਨ ਦੇ ਦਿਨ ਫੇਰ ਦਿੱਤੇ। ਉਸ ਨੇ ਵਧੀਆ-ਵਧੀਆ ਫੁੱਲਾਂ, ਰੰਗਾਂ ਤੇ ਚੋਣਾਂ ਵਾਲੇ ਕੱਪੜੇ ਅਤੇ ਵਧੀਆ ਹਲਕੇ ਰੰਗਾਂ ਦੇ ਕੁੜਤੇ ਤੇ ਸਾਫੇ ਲਿਆ ਕੇ ਦੁਕਾਨ ਵਿੱਚ ਰੱਖੇ, ਜੋ ਖੂਬ ਵਿਕ ਰਹੇ ਸਨ। ਉਸ ਨੂੰ ਲਾਭ ਹੋਣ ਲੱਗਾ ਤਾਂ ਦੁਕਾਨ ਕੁਝ ਵਿਹਲੜ ਦੋਸਤਾਂ ਲਈ ਚਰਸ ਦਾ ਸੂਟਾ ਮਾਰਨ ਅਤੇ ਖਿਯਾਲਾਂ ਦੀ ਤਾਨ ਛੇੜਨ ਦਾ ਅੱਡਾ ਬਣ ਗਈ।
'ਚੱਲ ਝਪਟ ਰੀ, ਜਮੁਨਾ ਤੱਟ ਰੀ, ਖੜੋ ਨਟਖਟ ਰੀ' ਇਸ ਤਰ੍ਹਾਂ ਪੰਜ ਸੱਤ ਮਹੀਨੇ ਚੈਨ ਨਾਲ ਬੀਤੇ ਸਨ ਕਿ ਫਿਰ ਘਰ ਵਿੱਚ ਭੰਗ ਭੁੱਜਣ ਲੱਗ ਪਈ, ਤੱਪੜ ਰੁਲ ਗਏ। ਬੁੱਢਾ ਚੌਧਰੀ ਨਿਰਾਸ਼ ਹੋਇਆ ਖੂਹ ਵਿੱਚ ਛਾਲ ਮਾਰਨ ਤੁਰ ਪਿਆ। ਨੂੰਹਾਂ ਨੇ ਬਹੁਤ ਹਾਲ-ਪਾਹਰਿਆ ਕੀਤੀ, ਚੌਧਰੀ ਮੁੜ ਪਿਆ, ਪਰ ਗੁਮਾਨ 'ਤੇ ਕੋਈ ਅਸਰ ਨਾ ਹੋਇਆ। ਉਸ ਦਾ ਰੰਗ ਢੰਗ ਨਾ ਬਦਲਿਆ। ਉਹ ਫਿਰ ਪੁਰਾਣੀ ਚਾਲ ਚੱਲਣ ਲੱਗਾ। ਕਾਨੂੰਨਦਾਨ ਭਰਾ, ਗੁਮਾਨ ਦੇ ਇਹ ਚਾਲੇ ਦੇਖ-ਦੇਖ ਸੜਦਾ, 'ਮੈਂ ਸਾਰਾ ਦਿਨ ਪਸੀਨਾ ਵਹਾਉਂਦਾ ਹਾਂ, ਮੈਨੂੰ ਨੈਨਸੁਖ ਦਾ ਕੁੜਤਾ ਨਸੀਬ ਨਹੀਂ। ਇਹ ਵਿਹਲੜ ਸਾਰਾ ਦਿਨ ਮੰਜਾ ਤੋੜੇ ਤੇ ਬਣ ਫੱਬ ਕੇ ਨਿਕਲਦਾ।' ਸ਼ਾਨ ਚੌਧਰੀ ਦੇ ਮਨ ਵਿੱਚੋਂ ਵੀ ਕੁਝ ਅਜਿਹੇ ਹੀ ਵਿਚਾਰ ਨਿਕਲਦੇ ਸਨ। ਜਦੋਂ ਵਿਚਾਰਾਂ ਦੀ ਅੱਗ ਭੜਕ ਪਈ ਤਾਂ ਬਿਤਾਨ ਦੀ ਘਰ ਵਾਲੀ ਨੇ ਗੁੱਸੇ ਵਿੱਚ ਆ ਕੇ ਗੁਮਾਨ ਦੇ ਸਾਰੇ ਕੱਪੜੇ ਚੁੱਕ ਲਿਆਂਦੇ ਤੇ ਵਿਹੜੇ ਵਿੱਚ ਰੱਖ ਕੇ ਤੀਲੀ ਲਾ ਦਿੱਤੀ। ਗੁਮਾਨ ਰੋਣ ਲੱਗਾ। ਵੱਡੇ ਭਰਾ ਖੜੇ ਤਮਾਸ਼ਾ ਦੇਖਦੇ ਰਹੇ।
ਬੁੱਢੇ ਪਿਓ ਨੇ ਇਹ ਦ੍ਰਿਸ਼ ਦੇਖਿਆ ਤਾਂ ਸਿਰ ਪਿੱਟਣ ਲੱਗਾ। ਇਹ ਅੱਗ ਤਾਂ ਥੋੜ੍ਹੀ ਦੇਰ 'ਚ ਸ਼ਾਂਤ ਹੋ ਜਾਊ, ਪਰ ਦਿਲ ਵਿੱਚ ਜੋ ਭਾਂਬੜ ਬਲਦਾ ਸੀ, ਉਹ ਉਸੇ ਤਰ੍ਹਾਂ ਦਹਿਕ ਰਿਹਾ ਸੀ। ਆਖਰ ਬੁੱਢੇ ਚੌਧਰੀ ਨੇ ਸਾਰੇ ਟੱਬਰ ਨੂੰ ਇਕ ਥਾਂ ਬਿਠਾਇਆ ਤੇ ਬਿਤਾਨ ਨੂੰ ਕਿਹਾ, 'ਬੇਟਾ ਤੂੰ ਅੱਜ ਦੇਖ ਲਿਆ ਕਿ ਗੱਲਾਂ-ਗੱਲਾਂ ਵਿੱਚ ਸੈਂਕੜੇ ਰੁਪਏ ਮਿੱਟੀ ਹੋ ਗਏ। ਤੂੰ ਸਮਝਦਾਰ ਹੈਂ, ਐਸਾ ਰਾਹ ਕੱਢ, ਜਿਸ ਨਾਲ ਘਰ ਉਜੜਨ ਤੋਂ ਬਚ ਜਾਏ।' ਪਿਤਾ ਦੀ ਗੱਲ ਸੁਣ ਕੇ ਬਿਤਾਨ ਕੁਝ ਸੋਚਣ ਲੱਗ ਪਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਬਿਤਾਨ ਦੀ ਘਰ ਵਾਲੀ ਪਿਤਾ ਵੱਲ ਦੇਖਦੀ ਬੋਲ ਪਈ, 'ਪਿਤਾ ਜੀ! ਹੁਣ ਸਮਝਣ ਸਮਝਾਉਣ ਨਾਲ ਗੱਲ ਨਹੀਂ ਬਣਨੀ। ਅਣਹੋਣੀ ਸਹਿੰਦੇ-ਸਹਿੰਦੇ ਮੈਂ ਤਾਂ ਅੱਕ ਗਈ। ਮੈਂ ਮੂੰਹ 'ਤੇ ਗੱਲ ਕਰਦੀ ਹਾਂ, ਗੁਮਾਨ ਨੂੰ ਤੇਰੀ ਕਮਾਈ 'ਤੇ ਪੂਰਾ ਹੱਕ ਹੈ, ਪਰ ਸਾਡੇ ਵਿੱਚ ਨਾ ਇੰਨੀ ਹਿੰਮਤ ਹੈ ਤੇ ਨਾ ਇੰਨਾ ਵੱਡਾ ਦਿਲ ਕਿ ਇਸ ਚੰਗੇ ਭਲੇ ਨੂੰ ਆਪਣੀ ਕਮਾਈ ਖੁਆਈ ਜਾਈਏ ਜਾਂ ਆਪਣੀ ਕੁੱਲੀ ਵੱਖ ਬਣਾ ਲਈਏ। ਜੋ ਸਾਡੇ ਹਿੱਸੇ ਦਾ ਹੈ, ਉਹ ਸਾਨੂੰ ਮਿਲਣਾ ਚਾਹੀਦਾ ਹੈ। ਸਾਰਾ ਚੱਲ ਅਚੱਲ ਸੰਪਤੀ ਤੁਹਾਡੇ ਜਿਉਂਦੇ ਜੀਅ ਸੌਖੀ ਵੰਡੀ ਜਾ ਸਕਦਾ ਹੈ।' ਹੁਣ ਘੱਟ ਸੋਚ ਵਾਲੇ ਸ਼ਾਨ ਚੌਧਰੀ ਦੀ ਵਾਰੀ ਆਈ ਤਾਂ ਉਹ ਵਿਚਾਰਾ ਕਿਸਾਨ ਇਸ ਗੂੜ੍ਹ ਵਿਸ਼ੇ 'ਤੇ ਕੀ ਮੂੰਹ ਖੋਲ੍ਹਦਾ? ਉਸ ਦੀ ਘਰ ਵਾਲੀ ਨੇ ਜਠਾਣੀ ਦੇ ਪੈਰ ਚਿੰਨ੍ਹਾਂ 'ਤੇ ਚੱਲਦਿਆਂ ਇਹ ਔਖਾ ਕੰਮ ਮੁਕਾਇਆ। ਉਸ ਨੇ ਕਿਹਾ, 'ਵੱਡੇ ਭੈਣ ਜੀ ਨੇ ਜੋ ਕਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।' ਸ਼ਾਨ ਚੌਧਰੀ ਨੇ ਵੀ ਚੁੱਪ ਰਹਿ ਕੇ ਇਸ ਤਜਵੀਜ਼ 'ਤੇ ਆਪਣੀ ਮੋਹਰ ਲਾ ਦਿੱਤੀ ਤਾਂ ਭਾਨੂ ਚੌਧਰੀ ਨੇ ਗੁਮਾਨ ਨੂੰ ਪੁੱਛਿਆ, 'ਕਿਉਂ ਬੇਟਾ! ਤੈਨੂੰ ਤਜਵੀਜ਼ ਮਨਜ਼ੂਰ ਹੈ? ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਸਭ ਨੂੰ ਕੰਮ ਹੀ ਪਿਆਰਾ ਹੁੰਦਾ ਹੈ, ਚੰਮ ਨਹੀਂ। ਬੋਲ ਕੀ ਚਾਹੁੰਦਾ ਹੈਂ?' ਗੁਮਾਨ ਵਿੱਚ ਧੀਰਜ ਦੀ ਕਮੀ ਨਹੀਂ ਸੀ, ਪਰ ਭਰਾਵਾਂ ਦੀ ਇਸ ਰੰਨ-ਮੁਰੀਦੀ ਉਤੇ ਉਸ ਨੂੰ ਗੁੱਸਾ ਆ ਗਿਆ। ਉਹ ਬੋਲਿਆ, 'ਭਰਾਵਾਂ ਦੀ ਜੋ ਇੱਛਾ ਹੈ, ਉਹੀ ਮੇਰੇ ਮਨ ਵਿੱਚ ਹੈ, ਮੈਂ ਵੀ ਇਸ ਜੰਜਾਲ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹਾਂ। ਮੈਂ ਕਿਸੇ ਨੂੰ ਵੀ ਕੰਮ ਕਰਨ ਨੂੰ ਨਹੀਂ ਕਹਿੰਦਾ, ਤੁਸੀਂ ਸਾਰੇ ਮੇਰੇ ਪਿੱਛੇ ਕਿਉਂ ਪਏ ਹੋ? ਆਪਣੀ ਫਿਕਰ ਕਰੋ, ਮੈਨੂੰ ਅੱਧ ਸੇਰ ਆਟੇ ਦਾ ਘਾਟਾ ਨਹੀਂ।'
ਇਸ ਤਰ੍ਹਾਂ ਦੀਆਂ ਬੈਠਕਾਂ ਕਈ ਵਾਰ ਹੋ ਚੁੱਕੀਆਂ ਸਨ, ਪਰ ਇਸ ਦੇਸ਼ ਦੀਆਂ ਰਾਜਨੀਤਕ ਅਤੇ ਸਮਾਜਿਕ ਬੈਠਕਾਂ ਵਾਂਗੂੰ ਇਸ ਬੈਠਕ ਨਾਲ ਵੀ ਕੋਈ ਮਸਲਾ ਹੱਲ ਨਹੀਂ ਸੀ ਹੋ ਸਕਿਆ। ਦੋ ਤਿੰਨ ਦਿਨ ਗੁਮਾਨ ਨੇ ਘਰ ਰੋਟੀ ਨਾ ਖਾਧੀ। ਆਖਰ ਬੁੱਢਾ ਪਿਓ ਉਸ ਨੂੰ ਮਨਾ ਕੇ ਲਿਆਇਆ। ਪੰਡਿਤਾਂ ਦੇ ਘਰਾਂ ਦੇ ਚੂਹਿਆਂ ਵਾਂਗੂੰ ਚੌਧਰੀ ਦੇ ਨਿਆਣੇ ਵੀ ਸਿਆਣੇ ਸਨ। ਉਨ੍ਹਾਂ ਲਈ ਘੜੇ, ਮਿੱਟੀ ਦੇ ਘੜੇ ਸਨ ਤੇ ਕਿਸ਼ਤੀਆਂ, ਕਾਗਜ਼ ਦੀਆਂ ਕਿਸ਼ਤੀਆਂ। ਫਲਾਂ ਬਾਰੇ ਉਨ੍ਹਾਂ ਦਾ ਗਿਆਨ ਹੱਦੋਂ ਪਰ੍ਹੇ ਸੀ। ਗੂਲਰ ਅਤੇ ਜੰਗਲੀ ਬੇਰ ਤੋਂ ਸਿਵਾਏ ਕੋਈ ਐਸਾ ਫਲ ਨਹੀਂ ਸੀ, ਜਿਸ ਨੂੰ ਉਹ ਬੀਮਾਰੀ ਦਾ ਘਰ ਨਾ ਸਮਝਦੇ ਹੋਣ, ਪਰ ਗੁਰਦੀਨ ਦੀ ਛਾਬੜੀ ਵਿੱਚ ਅਜਿਹੀ ਸ਼ਕਤੀਸ਼ਾਲੀ ਖਿੱਚ ਸੀ ਕਿ ਉਸ ਦੀ ਆਵਾਜ਼ ਸੁਣਦੇ ਹੀ ਘੂਕ ਸੁੱਤੇ ਨਿਆਣੇ ਵੀ ਉਠ ਪੈਂਦੇ। ਗੁਰਦੀਨ ਪਿੰਡਾਂ ਵਿੱਚ ਹਫਤਾਵਾਰੀ ਫੇਰੀ ਲਾਉਂਦਾ ਸੀ। ਭਾਵੇਂ ਉਹ ਬੁੱਢਾ ਜਿਹਾ ਤੇ ਮੈਲੀ ਕੁਚੈਲੀ ਦਿਖ ਵਾਲਾ ਆਦਮੀ ਸੀ, ਪਰ ਆਲੇ ਦੁਆਲੇ ਵਿੱਚ ਉਸ ਦਾ ਨਾਮ ਸ਼ਰਾਰਤੀ ਮੁੰਡਿਆਂ ਲਈ ਹਨੂੰਮਾਨ ਮੰਤਰ ਤੋਂ ਘੱਟ ਨਹੀਂ ਸੀ। ਜਿਥੇ ਬੰਦਿਆਂ ਲਈ ਉਸ ਕੋਲ ਮਠਿਆਈਆਂ ਸਨ, ਉਥੇ ਬੱਚਿਆਂ ਅਤੇ ਬੀਬੀਆਂ ਲਈ ਮਠਿਆਈ ਦੇ ਨਾਲ ਮਿੱਠੀਆਂ ਗੱਲਾਂ ਦਾ ਪ੍ਰਸ਼ਾਦ ਸੀ। ਮਾਂ ਬੱਚੇ ਨੂੰ ਕਿੰਨਾ ਵੀ ਮਨ੍ਹਾਂ ਕਰਦੀ, ਪੈਸੇ ਨਾ ਹੋਣ ਦਾ ਬਹਾਨਾ ਕਰਦੀ, ਪਰ ਗੁਰਦੀਨ ਹਰ ਬੱਚੇ ਦੇ ਹੱਥ ਉਤੇ ਕੁਝ ਨਾ ਕੁਝ ਰੱਖ ਹੀ ਦਿੰਦਾ ਅਤੇ ਬੜੇ ਪਿਆਰ ਨਾਲ ਕਹਿੰਦਾ, 'ਬਹੂ ਜੀ, ਪੈਸੇ ਦੀ ਕੋਈ ਚਿੰਤਾ ਨਾ ਕਰੋ, ਫਿਰ ਮਿਲ ਜਾਣਗੇ, ਕਿਤੇ ਦੌੜੇ ਥੋੜ੍ਹੀ ਜਾਂਦੇ ਹਨ?'
ਮੰਗਲ ਦਾ ਸ਼ੁਭ ਦਿਨ ਸੀ। ਬੱਚੇ ਬੇਚੈਨੀ ਵਿੱਚ ਆਪਣੇ ਘਰਾਂ ਦੇ ਬੂਹਿਆਂ ਵਿੱਚ ਬੈਠੇ ਗੁਰਦੀਨ ਦੀ ਉਡੀਕ ਕਰ ਰਹੇ ਸਨ। ਸੂਰਜ ਭਗਵਾਨ ਆਪਣਾ ਵਜੂਦ ਲੈ ਕੇ ਪੂਰਬ ਤੋਂ ਪੱਛਮ ਵੱਲ ਜਾ ਪਹੁੰਚਿਆ ਸੀ। ਜਦੋਂ ਉਨ੍ਹਾਂ ਨੂੰ ਗੁਰਦੀਨ ਆਉਂਦਾ ਦਿਸਿਆ, ਮੁੰਡਿਆਂ ਨੇ ਦੌੜ ਕੇ ਉਸ ਨੂੰ ਝੁਰਮਟ ਪਾ ਲਿਆ ਤੇ ਉਸ ਨਾਲ ਖਿੱਚ ਧੂਹ ਕਰਨ ਲੱਗੇ। ਸਭ ਤੋਂ ਪਹਿਲਾਂ ਭਾਨੂ ਚੌਧਰੀ ਦਾ ਮਕਾਨ ਸੀ। ਗੁਰਦੀਨ ਨੇ ਆਪਣੀ ਛਾਬੜੀ ਸਿਰ ਤੋਂ ਲਾਹ ਕੇ ਉਸ ਦੇ ਦਰਾਂ ਅੱਗੇ ਰੱਖੀ ਤਾਂ ਮਠਿਆਈਆਂ ਦੀ ਲੁੱਟ ਸ਼ੁਰੂ ਹੋ ਗਈ। ਬਿਤਾਨ ਦੀ ਘਰ ਵਾਲੀ ਆਪਣੇ ਤਿੰਨ ਮੁੰਡਿਆਂ ਨਾਲ ਤੇ ਸ਼ਾਨ ਦੀ ਘਰ ਵਾਲੀ ਆਪਣੇ ਦੋਵਾਂ ਮੁੰਡਿਆਂ ਨਾਲ ਆ ਪਹੁੰਚੀਆਂ। ਗੁਰਦੀਨ ਉਨ੍ਹਾਂ ਤੋਂ ਪੈਸੇ ਲੈ ਕੇ ਸਾਂਭਦਾ ਹੋਇਆ ਧੇਲੇ ਦੀ ਮਠਿਆਈ ਦਿੰਦਾ ਤੇ ਧੇਲੇ ਦੀ ਅਸ਼ੀਰਵਾਦ ਦਿੰਦਾ ਹੋਇਆ ਉਨ੍ਹਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗਦਾ। ਪਿੰਡ ਵਿੱਚ ਜੇ ਕੋਈ ਮੁੰਡਾ ਸੀ, ਜਿਸ ਨੇ ਗੁਰਦੀਨ ਦੀ ਉਦਾਰਤਾ ਦਾ ਭਰਪੂਰ ਲਾਭ ਲਿਆ ਸੀ ਤਾਂ ਉਹ ਸੀ ਗੁਮਾਨ ਦਾ ਮੁੰਡਾ ਧਾਨ।
ਧਾਨ ਆਪਣੇ ਭੈਣ ਭਰਾਵਾਂ ਨੂੰ ਮਠਿਆਈ ਖਾਂਦਿਆਂ ਦੇਖ ਕੇ ਲਲਚਾਉਂਦਾ ਹੋਇਆ ਆਪਣੀ ਮਾਂ ਦਾ ਦੁਪੱਟਾ ਖਿੱਚਦਾ ਛਾਬੜੀ ਵੱਲ ਲਿਆਉਣ ਲੱਗਾ। ਉਹ ਦੁਖੀ ਅਬਲਾ ਔਰਤ ਕੀ ਕਰੇ? ਉਹ ਆਪਣੇ ਪਤੀ ਦੇ ਨਖੱਟੂਪੁਣੇ 'ਤੇ ਕੁੜ੍ਹਦੀ ਜ਼ਿੰਦਗੀ ਲੰਘਾ ਰਹੀ ਸੀ। ਆਪਣਾ ਆਦਮੀ ਅਜਿਹਾ ਨਿਕੰਮਾ ਨਾ ਹੁੰਦਾ ਤਾਂ ਕਿਉਂ ਦੂਜਿਆਂ ਦੇ ਮੂੰਹ ਵੱਲ ਦੇਖਣਾ ਪੈਂਦਾ। ਉਹ ਬੱਚੇ ਨੂੰ ਕੁਛੜ ਚੁੱਕ ਕੇ ਪਿਆਰ ਨਾਲ ਵਰਚਾਉਣ ਲੱਗੀ। 'ਨਾ ਰੋ ਪੁੱਤ, ਗੁਰਦੀਨ ਜਦੋਂ ਫਿਰ ਆਏਗਾ ਤਾਂ ਮੈਂ ਤੈਨੂੰ ਬਹੁਤ ਸਾਰੀ ਮਠਿਆਈ ਲੈ ਕੇ ਦਿਆਂਗੀ।' ਇਹ ਕਹਿੰਦਿਆਂ ਉਸ ਦੀਆਂ ਅੱਖਾਂ ਛਲਕ ਆਈਆਂ। ਆਹ! ਇਹ ਮਨਹੂਸ ਮੰਗਲਵਾਰ ਤਾਂ ਫਿਰ ਆਏਗਾ, ਉਸ ਨੂੰ ਫਿਰ ਇਹੋ ਬਹਾਨੇ ਕਰਨੇ ਪੈਣਗੇ। ਉਹ ਵਿਚਾਰੀ ਇਸੇ ਫਿਕਰ ਵਿੱਚ ਡੁੱਬੀ ਹੋਈ ਸੀ, ਪਰ ਮੁੰਡਾ ਕਿਸੇ ਤਰ੍ਹਾਂ ਮੰਨ ਨਹੀਂ ਸੀ ਰਿਹਾ, ਉਹ ਰੋਂਦਾ ਹੋਇਆ ਮਿੱਟੀ ਵਿੱਚ ਲਿਟਦਾ ਮਾਂ ਦਾ ਦੁਪੱਟਾ ਪਾੜਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਦੇਖ ਕੇ ਮਾਂ ਨੂੰ ਗੁੱਸਾ ਆ ਗਿਆ ਤੇ ਉਸ ਨੇ ਦੋ ਤਿੰਨ ਥੱਪੜ ਮੁੰਡੇ ਦੀਆਂ ਗੱਲਾਂ 'ਤੇ ਜੜ ਦਿੱਤੇ। 'ਚੁੱਪ ਹੋ ਜਾ ਮਾੜੇ ਕਰਮਾਂ ਵਾਲਿਆ, ਤੇਰਾ ਮੂੰਹ ਹੀ ਮਠਿਆਈ ਖਾਣ ਵਾਲਾ ਨਹੀਂ। ਆਪਣੇ ਕਰਮਾਂ ਨੂੰ ਨਹੀਂ ਰੋਂਦਾ, ਚੱਲਿਆ ਮਠਿਆਈ ਖਾਣ।'
ਗੁਮਾਨ ਆਪਣੀ ਕੋਠੜੀ ਦੇ ਬੂਹੇ ਵਿੱਚ ਬੈਠਾ ਇਹ ਕੌਤਕ ਬੜੇ ਧਿਆਨ ਨਾਲ ਦੇਖ ਸੁਣ ਰਿਹਾ ਸੀ। ਉਹ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ। ਬੱਚੇ ਦੀ ਗੱਲ 'ਤੇ ਲੱਗੇ ਥੱਪੜ ਉਸ ਦੇ ਸੀਨੇ ਵਿੱਚ ਚੁਭ ਗਏ। ਸ਼ਾਇਦ ਮਾਂ ਵੱਲੋਂ ਥੱਪੜ ਮਾਰਨ ਦਾ ਮਕਸਦ ਵੀ ਇਹੋ ਸੀ। ਗੁਮਾਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਹ ਸੁਚੇਤ ਹੋ ਗਿਆ ਤੇ ਉਠ ਕੇ ਬੱਚੇ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਪਤਨੀ ਨੂੰ ਕਹਿਣ ਲੱਗਾ, 'ਇਸ ਵਿਚਾਰੇ 'ਤੇ ਗੁੱਸਾ ਕਿਉਂ ਕਰਦੀ ਹੈਂ? ਤੇਰਾ ਦੋਸ਼ੀ ਤਾਂ ਮੈਂ ਹਾਂ, ਮੈਨੂੰ ਜੋ ਚਾਹੇ ਸਜ਼ਾ ਦੇ ਦੇ। ਰੱਬ ਨੇ ਚਾਹਿਆ ਤਾਂ ਕੱਲ੍ਹ ਨੂੰ ਇਸ ਘਰ ਵਿੱਚ ਸਾਰੇ ਮੇਰਾ ਅਤੇ ਮੇਰੇ ਪਰਵਾਰ ਦਾ ਆਦਰ ਕਰਨਗੇ। ਤੂੰ ਅੱਜ ਮੈਨੂੰ ਸਦਾ ਵਾਸਤੇ ਜਗਾ ਦਿੱਤਾ ਹੈ। ਬੱਚੇ ਦੇ ਮਾਰੀਆਂ ਤੇਰੀਆਂ ਚਪੇੜਾਂ ਦੀ ਗੂੰਜ ਨੇ ਮੇਰੇ ਕੰਨਾਂ ਵਿੱਚ ਸੰਖ ਪੂਜਣ ਵਰਗੀ ਗੂੰਜ ਪੈਦਾ ਕਰਕੇ ਮੈਨੂੰ ਸੱਚੇ ਮਨ ਨਾਲ ਕਿਰਤ ਕਰਨ ਦਾ ਉਪਦੇਸ਼ ਦੇ ਦਿੱਤਾ ਹੈ।'
(ਪੰਜਾਬੀ ਰੂਪ: ਭੁਪਿੰਦਰ ਉਸਤਾਦ)