Ghareeb Nawaz (Punjabi Story) : Ashok Vasishth
ਗ਼ਰੀਬ ਨਵਾਜ਼ (ਕਹਾਣੀ) : ਅਸ਼ੋਕ ਵਾਸਿਸ਼ਠ
“ਐਕਸਕਿਊਜ਼ ਮੀ ਸਰ, ਮੈਂ ਇਹ ਪ੍ਰਾਬਲਮ ਲੈ ਕੇ ਨਹੀਂ ਆਈ!”
“ਗੱਲ ਤਾਂ ਇਕੋ ਈ ਐ, ਕੰਨ ਸਿੱਧੇ ਹੱਥ ਨਾ ਫੜਿਆ, ਪੁੱਠੇ ਫੜ ਲਿਆ, ਕੀ ਫਰਕ ਐ!”
“ਕੰਨ ਸਿੱਧੇ ਜਾਂ ਪੁੱਠੇ ਹੱਥ ਨਾਲ ਫੜਨ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ ਤੇ ਦੂਜੇ ਤੁਹਾਡੀ ਗਲਤ ਬਿਆਨੀ ਨਾਲ ਮੈਨੂੰ ਫਰਕ ਪੈਂਦਾ। ਤੁਹਾਡੇ ਲਈ ਭਾਵੇਂ ਇਹ ਨਿੱਕੀ ਜਿਹੀ ਗੱਲ ਹੋਵੇ।” ਰਿਤੂ ਦਾ ਲਹਿਜਾ ਰੋਹ ਪੂਰਨ ਸੀ। ਇਹ ਦੇਖ ਸੈਕਸ਼ਨ ਅਫਸਰ ਹਰੀਸ਼ ਹੜਬੜਾ ਉਠਿਆ।
“ਮੈਂ ਕੋਈ ਗਲਤ ਬਿਆਨੀ ਨਹੀਂ ਕੀਤੀ, ਹਰ ਰੋਜ਼ ਇਥੇ ਸੈਂਕੜੇ ਕੇਸ ਆਉਂਦੇ ਨੇ। ਹਰ ਕਿਸੇ ਨਾਲ ਮੱਥਾ ਮਾਰ ਕੇ ਏਨੀ ਸਮਝ ਤਾਂ ਆ ਹੀ ਗਈ ਹੈ।” ਹਰੀਸ਼ ਨੇ ਸਫਾਈ ਵਿਚ ਕਿਹਾ।
“ਪਤਾ ਨਹੀਂ ਤੁਸੀਂ ਕਿਨ੍ਹਾਂ ਕੇਸਾਂ ਦੀ ਗੱਲ ਕਰ ਰਹੇ ਹੋ, ਮੇਰਾ ਤਾਂ ਕੋਈ ਕੇਸ ਹੀ ਨਹੀਂ ਤੇ ਦੂਜੀ ਗੱਲ, ਮੈਂ ਕਿਸੇ ਸੈਕਸ਼ਨ ਅਫਸਰ ਨੂੰ ਮਿਲਣ ਨਹੀਂ ਆਈ, ਮੈਂ ਤਾਂ ਇਥੇ ਰੱਬ ਦੇ ਓਸ ਬੰਦੇ ਨੂੰ ਮਿਲਣ ਆਈ ਹਾਂ ਜਿਸ ਨੂੰ ਉਹਦੇ ਘਰ ਵਾਲੇ ਤੇ ਜਾਨਣ ਵਾਲੇ ਬਾਬੂ ਹਰੀਸ਼ ਚੰਦਰ ਮਲਹੋਤਰਾ ਕਰਕੇ ਜਾਣਦੇ ਹਨ। ਬਿਹਤਰ ਇਹੀ ਹੋਵੇਗਾ ਕਿ ਤੁਸੀਂ ਠੰਢੇ ਦਿਮਾਗ ਨਾਲ ਮੇਰੀ ਪੂਰੀ ਗੱਲ ਸੁਣੋ। ਪਲੀਜ਼!” ਰਿਤੂ ਨੇ ਠਰ੍ਹੰਮੇ ਨਾਲ ਕਿਹਾ। ਉਸ ਦਾ ਸੁਰ ਭਾਵੇਂ ਤਿੱਖਾ ਸੀ, ਪਰ ਬੋਲ ਪਿਆਰ ਭਰੇ ਸਨ। ਇਹ ਸੁਣ ਸੈਕਸ਼ਨ ਅਫਸਰ ਇਕਦਮ ਢਿੱਲਾ ਪੈ ਗਿਆ।
“ਠੀਕ ਹੈ, ਤੁਸੀਂ ਬੈਠੋ। ਪਾਣੀ ਪਿਓਗੇ?” ਇਹਦੇ ਨਾਲ ਹੀ ਉਹਨੇ ਕਾਲ ਬੈੱਲ ਵਜਾਈ।
“ਯਸ ਸਰ?” ਪੀਅਨ ਨੇ ਅੰਦਰ ਆਉਂਦਿਆਂ ਪੁੱਛਿਆ।
“ਪਾਣੀ ਪਿਲਾਓ!” ਸਾਹਮਣੇ ਬੈਠੀ ਰਿਤੂ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ।
“ਹਾਂ ਹੁਣ ਦੱਸੋ, ਕੀ ਗੱਲ ਹੈ?” ਰਿਤੂ ਦੇ ਪਾਣੀ ਪੀ ਲੈਣ ਮਗਰੋਂ ਹਰੀਸ਼ ਨੇ ਪੁੱਛਿਆ।
“ਪਹਿਲਾਂ ਦੱਸੋ, ਮੈਨੂੰ ਪਛਾਣਿਆਂ ਜਾਂ ਨਹੀਂ!”
“ਜੇ ਪਛਾਣ ਲਿਆ ਹੁੰਦਾ ਤਾਂ ਅਜਿਹੀ ਗੱਲ ਈ ਨਾ ਹੁੰਦੀ।” ਉਸ ਨੇ ਜਵਾਬ ਦਿੱਤਾ।
“ਠੀਕ ਹੈ ਫਿਰ, ਤੁਹਾਨੂੰ ਮੇਰੇ ਨਾਲ ਮੈਮਰੀ-ਲੇਨ ਵਿਚ ਜਾਣਾ ਹੋਵੇਗਾ, ਚਲ ਸਕੋਗੇ?”
“ਜ਼ਰੂਰ... ਬਹੁਤੀ ਦੂਰ ਤਾਂ ਨਹੀਂ ਜਾਣਾ?”
“ਘਾਬਰੋ ਨਾ, ਤੁਹਾਨੂੰ ਹਿੰਟ ਦੀ ਲੋੜ ਹੈ, ਬਾਕੀ ਗੱਲ ਆਪੇ ਸਮਝ ਜਾਵੋਗੇ ਤੇ ਜੇ ਕਿਧਰੇ ਕੁਝ ਕਸਰ ਬਾਕੀ ਰਹਿ ਗਈ ਤਾਂ ਮੈਂ ਬੈਠੀ ਹਾਂ।”
“ਗੁਡ, ਮੈਨੂੰ ਬਹੁਤ ਚੰਗਾ ਲੱਗਿਆ, ਹੁਣ ਦੇਰ ਨਾ ਕਰੋ।”
“ਇਕ ਵਰ੍ਹਾ ਪਹਿਲਾਂ ਦੀ ਗੱਲ ਹੈ, ਮੰਡੀ ਹਾਊਸ ਮੈਟਰੋ ਸਟੇਸ਼ਨ ‘ਤੇ ਇਕ ਲੜਕੀ ਮਿਲੀ ਸੀ ਤੁਹਾਨੂੰ, ਕੋਈ ‘ਮਹਾਪੁਰਖ’ ਉਹਦਾ ਪਰਸ ਲੈ ਗਿਆ ਸੀ, ਤੇ ਉਹ ਪੈਸਿਆਂ ਤੋਂ ਬਿਨਾ ਪਰੇਸ਼ਾਨ ਸੀ। ਹੁਣ ਘਰ ਕਿੱਦਾਂ ਜਾਵੇਗੀ, ਉਹ ਇਸੇ ਸੋਚ ਵਿਚ ਸੀ ਕਿ ਨਾਲ ਖਲੋਤਾ ਇਕ ਸੱਜਣ ਉਹਦੇ ਪਾਸ ਆ ਪੁੱਛਣ ਲੱਗਾ, ‘ਬੇਟੀ, ਕੀ ਗੱਲ ਹੈ, ਤੂੰ ਕਿਉਂ ਪਰੇਸ਼ਾਨ ਹੈਂ?’ ਇਕ ਅਜਨਬੀ ਦਾ ਅਚਾਨਕ ਮੇਰੇ ਕੋਲ ਆਉਣਾ ਅਤੇ ਅਪਣੱਤ ਨਾਲ ਪੁੱਛਣਾ, ‘ਬੇਟੀ, ਕੀ ਪ੍ਰਾਬਲਮ ਹੈ’, ਮੈਨੂੰ ਚੰਗਾ ਲੱਗਾ ਸੀ। ਮਨ ਵਿਚ ਸੰਕੋਚ ਸੀ, ਪਰ ਕਹੇ ਬਿਨਾ ਸਰਨਾ ਵੀ ਨਹੀਂ ਸੀ। ਘਰ ਵਾਪਸੀ ਲਈ ਤਾਂ ਪੈਸੇ ਚਾਹੀਦੇ ਹੀ ਸਨ। ਉਸ ਸੱਜਣ ਨੇ ਕੁਝ ਨਹੀਂ ਸੋਚਿਆ, ਜੇਬ ‘ਚੋਂ ਸੌ ਦਾ ਨੋਟ ਕੱਢ ਅਜਨਬੀ ਲੜਕੀ ਦੇ ਹੱਥ ਦਿੰਦਿਆਂ ਏਨਾ ਈ ਕਿਹਾ, “ਘਰ ਛੇਤੀ ਚਲੀ ਜਾਈਂ।” ਮੈਂ ਬੇਅਕਲ ਉਸ ਦਾ ਪਤਾ ਨਾ ਪੁੱਛ ਸਕੀ। ਸੋਚਿਆ, ਪਈ ਮੰਡੀ ਹਾਊਸ ਦੇ ਇਲਾਕੇ ‘ਚ ਕਦੇ ਨਾ ਕਦੇ ਮੁਲਾਕਾਤ ਹੋ ਜਾਊ, ਪਰ ਕਿੱਥੇ! ਏਨੇ ਚੰਗੇ ਬੰਦੇ ਐਵੇਂ ਤਾਂ ਨਹੀਂ ਮਿਲ ਜਾਂਦੇ।”
“ਚੇਤੇ ਆ ਗਿਆ, ਹੁਣ ਹੋਰ ਕੁਝ ਕਹਿਣ ਦੀ ਲੋੜ ਨਹੀਂ। ਮਾਫ ਕਰਨਾ ਦਫ਼ਤਰ ਦੇ ਰੁਝੇਵੇਂ ‘ਚ ਫਸਿਆ ਤੁਹਾਨੂੰ ਚੰਗੀ ਤਰ੍ਹਾਂ ਮਿਲ ਨਾ ਸਕਿਆ।” ਹਰੀਸ਼ ਨੇ ਹਲੀਮੀ ਨਾਲ ਕਿਹਾ। ਉਸ ਘੰਟੀ ਵਜਾਈ। ਚਪੜਾਸੀ ਆਇਆ, “ਯਸ ਸਰ!”
“ਬਈ ਬੇਟੀ ਆਈ ਐ, ਚਾਹ ਲਿਆ। ਮਿੱਠਾ ਵੀ ਲਿਆਈਂ।” ਉਸ ਕੁਰਸੀ ਤੋਂ ਉਠ, ਰਿਤੂ ਨੂੰ ਕਲਾਵੇ ‘ਚ ਲੈ ਪਿਆਰ ਕੀਤਾ, “ਅਫਸਰ ਦੀ ਕੁਰਸੀ ‘ਤੇ ਬਹਿ ਕੇ ਧੀਆਂ ਨਾਲ ਗੱਲ ਨਹੀਂ ਕਰੀਦੀ।” ਸੋਫੇ ਵੱਲ ਵਧਦਿਆਂ ਕਿਹਾ, “ਚਲ ਪੁੱਤ ਉਥੇ ਬਹਿ ਕੇ ਗੱਲ ਕਰਦੇ ਆਂ।”
ਬਜ਼ੁਰਗ ਔਰਤ ਡਿਗਦੀ ਢਹਿੰਦੀ ਰਸੋਈ ਵਿਚ ਆਉਂਦੀ ਹੈ। ਗੋਡਿਆਂ ਦੇ ਦਰਦ ਨਾਲ ਪ੍ਰੇਸ਼ਾਨ ਜਾਪਦੀ ਹੈ। ਚਾਹ ਦੀ ਪਤੀਲੀ ਚੁੱਕ ਬੁੜਬੁੜਾਉਂਦੀ ਹੈ, “ਇਹ ਦਰਦ ਤਾਂ ਮੇਰੀ ਜਾਨ ਲੈ ਕੇ ਈ ਹਟੇਗੀ, ਚਲ ਕੋਈ ਨਾ।” ਉਸ ਚਾਹ ਬਣਾਈ, ਟਰੇ ਵਿਚ ਸਜਾ ਡਰਾਇੰਗ ਰੂਮ ਦਾ ਰੁਖ ਕੀਤਾ, ਪਰ ਅਚਾਨਕ ਚੱਕਰ ਆ ਜਾਣ ਨਾਲ ਲੜਖੜਾ ਗਈ। ਨੇੜੇ ਸੋਫੇ ‘ਤੇ ਬੈਠੀ ਮੁਟਿਆਰ ਕਾਹਲੀ ਨਾਲ ਉਠੀ, ਉਸ ਬਜ਼ੁਰਗ ਔਰਤ ਨੂੰ ਸਹਾਰਾ ਦੇ ਸੋਫੇ ‘ਤੇ ਬਿਠਾਇਆ, ਚਾਹ ਦੀ ਟਰੇ ਫੜ ਸੈਂਟਰ ਟੇਬਲ ‘ਤੇ ਰੱਖੀ ਤੇ ਪੁੱਛਿਆ, “ਮਾਂ ਜੀ, ਠੀਕ ਤਾਂ ਹੋ?”
“ਮੈਂ ਠੀਕ ਹਾਂ ਬੱਚੀਏ, ਇਹ ਤਾਂ ਰੋਜ਼ ਦਾ ਕੰਮ ਐ। ਤੂੰ ਕਾਹਤੋਂ ਪਰੇਸ਼ਾਨ ਹੁੰਨੀ ਏਂ, ਆਪੇ ਠੀਕ ਹੋ ਜਾਵਾਂਗੀ।” ਬਜ਼ੁਰਗ ਔਰਤ ਨੇ ਕਿਹਾ।
“ਆਪੇ ਤਾਂ ਤੁਸਾਂ ਠੀਕ ਹੋ ਈ ਜਾਣਾ, ਪਰ ਮਾਂ ਜੀ ਦਵਾ ਤਾਂ ਲੈਣੀ ਹੀ ਪਏਗੀ।”
“ਗੋਡਿਆਂ ਦੀ ਦਰਦ ਐ, ਕਈ ਵਾਰ ਥੋੜ੍ਹਾ ਤੁਰਨ ‘ਤੇ ਚੱਕਰ ਆ ਜਾਂਦੈ। ਡਾਕਟਰ ਕਹਿੰਦਾ, ਕਮਜ਼ੋਰੀ ਕਰ ਕੇ ਹੁੰਦਾ। ਉਸ ਦਵਾ ਦਿੱਤੀ ਏ।”
“ਉਹ ਤਾਂ ਠੀਕ ਹੈ, ਪਰ ਮਾਂ ਜੀ, ਤੁਸੀਂ ਮੈਨੂੰ ਬੁਲਾ ਲੈਣਾ ਸੀ। ਇੱਕ ਤਾਂ ਤੁਹਾਡੀ ਸਿਹਤ ਠੀਕ ਨਹੀਂ, ਉਤੋਂ ਏਨੀ ਖੇਚਲ ਕਰ ਰਹੇ ਹੋ।”
“ਹੁਣ ਗੱਲ ਕਰ, ਇਹ ਧੀ ਰਾਣੀ ਹੈ, ਇਹ ਟਲਣ ਵਾਲੀ ਨਹੀਂ।” ਹਰੀਸ਼ ਨੇ ਪਤਨੀ ਤੇ ਰਿਤੂ ਦੀਆਂ ਗੱਲਾਂ ਵਿਚ ਦਿਲਚਸਪੀ ਲੈਂਦਿਆਂ ਕਿਹਾ।
“ਭਲਾ ਧੀਆਂ ਨੂੰ ਵੀ ਕੋਈ ਟਾਲਦਾ ਹੁੰਦਾ, ਅਜੀਬ ਗੱਲ ਕਰਦੇ ਓ ਤੁਸੀਂ। ਕੰਮ ਕਰਨ ਨਾਲ ਬੰਦੇ ਦਾ ਕੁਝ ਘਸ ਤਾਂ ਨਹੀਂ ਜਾਂਦਾ, ਹੱਡ ਪੈਰ ਚਲਦੇ ਰਹਿੰਦੇ ਨੇ, ਜੇ ਬਹਿ ਗਈ ਤਾਂ ਅਹਿ ਜੋ ਮਾੜਾ ਮੋਟਾ ਚਲ ਫਿਰ ਲੈਂਦੀ ਹਾਂ, ਉਸ ਤੋਂ ਵੀ ਜਾਊਂ। ਬਹਾਨੇ ਨਾਲ ਕਸਰਤ ਹੋ ਜਾਂਦੀ ਆ।” ਸ੍ਰੀਮਤੀ ਮਲਹੋਤਰਾ ਨੇ ਕਿਹਾ।
“ਮੇਰੀ ਮਾਂ ਤਾਂ ਬਹੁਤ ਚੰਗੀ ਚਾਹ ਬਣਾਉਂਦੀ ਏ, ਮਜ਼ਾ ਆ ਗਿਆ ਬਈ ਚਾਹ ਪੀ ਕੇ, ਤੁਸੀਂ ਛੱਡੋ ਬਾਬੂ ਜੀ ਇਨ੍ਹਾਂ ਗੱਲਾਂ ਨੂੰ, ਮੈਂ ਤਾਂ ਹੁਣ ਹਰ ਰੋਜ਼ ਆਵਾਂਗੀ, ਮਾਂ ਦੇ ਹੱਥ ਦੀ ਬਣੀ ਚਾਹ ਪੀਣ।”
“ਜੀ ਸਦਕੇ, ਜਦ ਜੀਅ ਕਰੇ, ਆ ਜਾਇਆ ਕਰ। ਕੋਈ ਦੱਸਣ-ਪੁੱਛਣ ਦੀ ਲੋੜ ਨਹੀਂ।” ਮਾਂ ਜੀ ਨੇ ਰਿਤੂ ਦੀ ਪਿੱਠ ਪਲੋਸਦਿਆਂ ਕਿਹਾ।
“ਜੀ ਤਾਂ ਕਰਦਾ ਏ, ਬਸ ਏਦਾਂ ਈ ਬੈਠੀ ਰਹਾਂ, ਆਪਣੀ ਮਾਂ ਕੋਲ।”
“ਆਪਣੀ ਮਾਂ ਕੋਲ਼.. ਤੇ ਪਿਓ... ਉਹਦੀ ਹੁਣ ਲੋੜ ਨਹੀਂ।” ਹਰੀਸ਼ ਨੇ ਤੁਣਕਾ ਮਾਰਿਆ।
“ਏਦਾਂ ਨਾ ਕਹੋ। ਤੁਸੀਂ ਤਾਂ ਮੇਰੇ ਸਵੀਟ... ਸਵੀਟ ਡੈਡ ਹੋ।”
“ਚਲ ਮੰਨ ਲੈਂਦੇ ਹਾਂ, ਪਰ ਬੇਟਾ ਆਪਣੀ ਮਾਂ ਨੂੰ ਸਮਝਾ ਬਹੁਤੀ ਖੇਚਲ ਨਾ ਕਰਿਆ ਕਰੇ। ਚੰਗੀ ਭਲੀ ਬਾਈ ਹੈ ਕੰਮ ਕਰਨ ਲਈ, ਫੇਰ ਵੀ ਇਹ ਮੁੜ-ਘਿੜ ਰਸੋਈ ਵਿਚ ਚਲੀ ਜਾਂਦੀ ਹੈ।”
“ਅੰਕਲ, ਏਸ ਗੱਲ ਦੀ ਤੁਸੀਂ ਉਕਾ ਈ ਫਿਕਰ ਨਾ ਕਰੋ। ਏਸ ਬਹਾਨੇ ਇਹ ਘਰ ਵਿਚ ਮਾੜਾ ਮੋਟਾ ਟਹਿਲ ਲੈਂਦੇ ਨੇ। ਉਂਜ ਵੀ ਬੰਦੇ ਨੂੰ ਕੋਈ ਆਹਰ ਜ਼ਰੂਰ ਰਹਿਣਾ ਚਾਹੀਦਾ।” ਰਿਤੂ ਨੇ ਮਾਂ ਜੀ ਦੇ ਨਾਲ ਚਿੰਬੜਦਿਆਂ ਕਿਹਾ।
“ਅੰਕਲ? ਤੇਰਾ ਸਵੀਟ ਡੈਡ ਅੰਕਲ ਕਦੋਂ ਤੋਂ ਬਣ ਗਿਆ ਮੇਰੀ ਬੱਚੀ?”
“ਸੌਰੀ, ਫਿਰ ਇਹ ਭੁੱਲ ਨਹੀਂ ਹੋਵੇਗੀ। ਮੈਂ ਸਿਰਫ ਤੇ ਸਿਰਫ ਪਾਪਾ ਕਹਾਂਗੀ। ਹੁਣ ਖੁਸ਼?” ਰਿਤੂ ਨੇ ਲਾਡ ਨਾਲ ਕਿਹਾ।
“ਠੀਕ ਹੈ ਫਿਰ, ਇਸ ਵਾਰ ਮਾਫ ਕੀਤਾ।”
“ਥੈਂਕਸ, ਮਾਈ ਡਿਅਰ ਪਾਪਾ।” ਰਿਤੂ ਦੇ ਇਨ੍ਹਾਂ ਬੋਲਾਂ ਨਾਲ ਤਿੰਨੇ ਉਚੀ ਉਚੀ ਹੱਸਣ ਲੱਗੇ।
—
“ਸ੍ਰੀਮਾਨ ਜੀ, ਰੋਗੀ ਦੀ ਹਾਲਤ ਬਹੁਤ ਖ਼ਰਾਬ ਹੈ; ਹਸਪਤਾਲ ਲਿਆਉਣ ਵਿਚ ਥੋੜ੍ਹੀ ਹੋਰ ਦੇਰ ਹੋ ਜਾਂਦੀ ਤਾਂ ਇਹਦਾ ਬਚਣਾ ਮੁਸ਼ਕਲ ਸੀ, ਪਰ ਅਜੇ ਵੀ ਕੁਝ ਕਿਹਾ ਨਹੀਂ ਜਾ ਸਕਦਾ।” ਡਾਕਟਰ ਨੇ ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਬੰਦੇ ਦੀ ਹਾਲਤ ਦੱਸਦਿਆਂ ਕਿਹਾ।
“ਪਤਾ ਨਹੀਂ ਵਿਚਾਰਾ ਕੌਣ ਏ, ਘਰੋਂ ਚੰਗਾ ਭਲਾ ਨਿਕਲਿਆ ਹੋਵੇਗਾ ਤੇ ਰਾਹ ਵਿਚ...।” ਬਜ਼ੁਰਗ ਇਸ ਤੋਂ ਅੱਗੇ ਬੋਲ ਨਾ ਸਕਿਆ।
“ਤੁਹਾਨੂੰ ਇਹ ਕਿੱਥੇ ਮਿਲਿਆ ਸੀ?” ਪੁਲਿਸ ਇੰਸਪੈਕਟਰ ਨੇ ਪੁੱਛਿਆ।
“ਮਿਲਣਾ ਕਿਥੇ ਸੀ ਇਸ, ਸੜਕ ‘ਤੇ ਪਿਆ ਤੜਫ ਰਿਹਾ ਸੀ। ਲੋਕਾਂ ਦੀ ਚੋਖੀ ਭੀੜ ਸੀ। ਗੱਲਾਂ ਕਰਨ ਲਈ ਬਥੇਰੇ ਸਨ, ਪਰ ਇਸ ਵਿਚਾਰੇ ਦੀ ਮਦਦ ਕਰਨ ਵਾਲਾ ਕੋਈ ਨਹੀਂ। ਮੈਂ ਭੀੜ ਦੇਖ ਕੇ ਅੱਗੇ ਹੋਇਆ, ਇਹਦੀ ਹਾਲਤ ਦੇਖ ਮੈਥੋਂ ਰਿਹਾ ਨਾ ਗਿਆ। ਝਟ ਤੁਹਾਨੂੰ ਫੋਨ ਕਰ ਦਿੱਤਾ, ਤੁਸੀਂ ਇਹਨੂੰ ਇਥੇ ਲੈ ਆਂਦਾ। ਨਹੀਂ ਤਾਂ ਮੈਥੋਂ ਏਨੀ ਖੇਚਲ ਕਿਥੇ ਹੋਣੀ ਸੀ।” ਇਹ ਕਹਿੰਦਿਆਂ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ।
“ਕੀ ਇਹ ਕਾਫੀ ਨਹੀਂ, ਤੁਸੀਂ ਉਹੀ ਕੀਤਾ ਜੋ ਕਿਸੇ ਜ਼ਿੰਮੇਦਾਰ ਬੰਦੇ ਨੂੰ ਕਰਨਾ ਚਾਹੀਦੈ।” ਨਾਲ ਖਲੋਤੇ ਅਧਖੜ ਉਮਰ ਦੇ ਸੱਜਣ ਨੇ ਕਿਹਾ।
“ਲੋਕ ਚਾਹੁੰਦੇ ਹੋਏ ਵੀ ਕੁਝ ਕਰਦੇ ਨਹੀਂ। ਪੁੱਛੋ ਤਾਂ ਕਹਿੰਦੇ ਨੇ, ਛੱਡੋ ਪਰ੍ਹੇ ਜੀ! ਕੌਣ ਪੁਲਿਸ ਦੇ ਚੱਕਰ ਵਿਚ ਫਸੇ।” ਦੂਜਾ ਕਹਿ ਰਿਹਾ ਸੀ।
“ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ, ਕਈ ਪੁਲਿਸ ਵਾਲੇ ਬਹੁਤ ਚੰਗੇ ਹੁੰਦੇ ਨੇ।” ਤੀਜੇ ਸੱਜਣ ਦਾ ਕਹਿਣਾ ਸੀ।
“ਬਜ਼ੁਰਗੋ, ਤੁਹਾਡੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ, ਤੁਸੀਂ ਘਾਬਰੋ ਨਾ।” ਇੰਸਪੈਕਟਰ ਨੇ ਬਜ਼ੁਰਗ ਦਾ ਹੱਥ ਦੋਵੇਂ ਹੱਥਾਂ ‘ਚ ਲੈਂਦਿਆਂ ਕਿਹਾ।
“ਜੇ ਘਾਬਰਦਾ ਹੁੰਦਾ ਤਾਂ ਤੁਹਾਨੂੰ ਟੈਲੀਫੋਨ ਨਹੀਂ ਕਰਦਾ। ਮੈਂ ਨਹੀਂ ਜਾਣਦਾ ਇਸ ਬੰਦੇ ਨੂੰ। ਇਹ ਕੌਣ ਏ, ਕਿਥੋਂ ਦਾ ਰਹਿਣ ਵਾਲਾ ਏ, ਇਹਦੇ ਘਰ ਹੋਰ ਕੌਣ ਕੌਣ ਏ, ਪਰ ਚਾਹੁੰਦਾ ਹਾਂ ਇਹ ਛੇਤੀ ਤੋਂ ਛੇਤੀ ਠੀਕ ਹੋ ਜਾਵੇ, ਆਪਣੇ ਘਰ ਜਾਏ, ਇਸ ਲਈ ਜੋ ਵੀ ਕਰ ਸਕਿਆ ਜ਼ਰੂਰ ਕਰਾਂਗਾ।”
“ਬਜ਼ੁਰਗੋ, ਸਾਰੇ ਲੋਕ ਇਸ ਤਰ੍ਹਾਂ ਸੋਚਣ ਤਾਂ ਅਜਿਹੀਆਂ ਸਮੱਸਿਆਵਾਂ ਉਂਜ ਈ ਹੱਲ ਹੋ ਜਾਣ, ਸਾਡਾ ਕੰਮ ਵੀ ਘੱਟ ਜਾਵੇ, ਹੁਣ ਕੰਮ ਘੱਟ ਤੇ ਦਕੰਮਣ ਵੱਧ ਹੁੰਦਾ। ਲੋਕ ਵੀ ਤੰਗ ਹੁੰਦੇ ਨੇ, ਸੋ ਅਲਗ।” ਇੰਸਪੈਕਟਰ ਕਹਿ ਰਿਹਾ ਸੀ।
ਇਸ ਰਾਮ ਰੌਲੇ ‘ਚ ਬਜ਼ੁਰਗ ਦੀ ਜੇਬ ਵਿਚ ਮੋਬਾਈਲ ਫੋਨ ਖੜਕਿਆ। ਉਸ ਝੱਟ ਫੋਨ ਬਾਹਰ ਕੱਢਿਆ, ਸ੍ਰੀਮਤੀ ਮਲਹੋਤਰਾ ਦੀਆਂ ਤਿੰਨ ਮਿਸ ਕਾਲਾਂ ਸਨ। ਕਾਲ ਬੈਕ ਕੀਤੀ, ਦੂਜੇ ਪਾਸਿਓਂ ਆਵਾਜ਼ ਆਈ, “ਕਿੱਥੇ ਓ ਤੁਸੀਂ?”
“ਹਸਪਤਾਲ ਆਇਆ ਸੀ ਜ਼ਰਾ।”
“ਕਿਉਂ ਕੀ ਹੋਇਆ?” ਸ੍ਰੀਮਤੀ ਮਲਹੋਤਰਾ ਦਾ ਪਾਰਾ ਹਸਪਤਾਲ ਦਾ ਨਾਂ ਸੁਣਦਿਆਂ ਹੀ ਇਕਦਮ ਹੇਠਾਂ ਡਿਗ ਪਿਆ, ਤੇ ਉਸ ਦੀ ਨਰਮ ਸੁਰ ਸੁਣੀ, “ਸੁੱਖ ਤਾਂ ਹੈ?”
“ਮੈਨੂੰ ਕੁਝ ਨਹੀਂ ਹੋਇਆ, ਰਾਮ ਕ੍ਰਿਸ਼ਨ ਆਸ਼ਰਮ ਮਾਰਗ ਤੋਂ ਲੰਘ ਰਿਹਾ ਸਾਂ ਕਿ ਝੰਡੇਵਾਲਾ ਵੱਲੋਂ ਆਉਂਦੀ ਕਾਰ ਨੇ ਇਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ। ਉਸ ਕਈ ਭੁਆਟਣੀਆਂ ਖਾ ਦੂਰ ਜਾ ਡਿੱਗਾ। ਕਾਫੀ ਸੱਟਾਂ ਲੱਗੀਆਂ। ਹਸਪਤਾਲ ਪੁਚਾਉਣ ਦੇ ਚੱਕਰ ਵਿਚ ਦੇਰ ਹੋ ਗਈ। ਅੱਧਾ-ਪੌਣਾ ਘੰਟਾ ਲੱਗ ਜਾਵੇਗਾ ਆਉਣ ਵਿਚ।”
“ਕੋਈ ਗੱਲ ਨਹੀਂ, ਆਰਾਮ ਨਾਲ ਆਈਓ।” ਸ੍ਰੀਮਤੀ ਮਲਹੋਤਰਾ ਨੇ ਤਸੱਲੀ ਹੋਣ ‘ਤੇ ਫੋਨ ਰੱਖ ਦਿੱਤਾ।
“ਤੁਸੀਂ ਜਾਓ ਬਜ਼ੁਰਗੋ, ਐਵੇਂ ਕਿਉਂ ਤੰਗ ਹੁੰਦੇ ਹੋ। ਸਾਡਾ ਤਾਂ ਰੋਜ਼ ਦਾ ਕੰਮ ਐ, ਲੋੜ ਹੋਈ ਤਾਂ ਮੈਂ ਆਪ ਨਾਲ ਗੱਲ ਕਰ ਲਊ।” ਇੰਸਪੈਕਟਰ ਨੇ ਹਲੀਮੀ ਨਾਲ ਹਰੀਸ਼ ਮਲਹੋਤਰਾ ਨੂੰ ਕਿਹਾ।
“ਚੰਗਾ ਫੇਰ, ਮੈ ਚਲਦਾਂ। ਲੋੜ ਪਈ ਤਾਂ ਸੰਕੋਚ ਨਾ ਕਰਨਾ।” ਆਖ ਹਰੀਸ਼ ਨੇ ਵਿਦਾ ਲਈ।
“ਤੁਸੀਂ ਉਕਾ ਈ ਫਿਕਰ ਨਾ ਕਰੋ, ਆਰਾਮ ਨਾਲ ਜਾਓ।” ਇੰਸਪੈਕਟਰ ਨੇ ਕਿਹਾ।
—
“ਭਾਈ ਸਾਹਿਬ, ਇਕ ਮਿੰਟ, ਤੁਹਾਡੇ ਨਾਲ ਇਕ ਗੱਲ ਕਰਨੀ ਏ!” ਅਧਖੜ ਉਮਰ ਦੇ ਬੰਦੇ ਨੇ ਕੋਲੋਂ ਲੰਘਦੇ ਸੱਜਣ ਨੂੰ ਬੇਨਤੀ ਕੀਤੀ।
“ਜੀ ਗੱਲ ਇਹ ਵੇ... ਮੈਂ ਕੱਲ੍ਹ ਕਿਸੇ ਕੰਮ ਅਲੀਗੜ੍ਹ ਤੋਂ ਇਥੇ ਆਇਆ ਸੀ।”
“ਕਿਸੇ ਨੇ ਮੇਰਾ ਬਟੂਆ ਕੱਢ ਲਿਐ। ਹੁਣ ਮੇਰੇ ਪਾਸ ਵਾਪਸ ਜਾਣ ਲਈ ਕਿਰਾਏ ਜੋਗੇ ਪੈਸੇ ਨਹੀਂ ਹਨ, ਕਿਰਪਾ ਕਰ ਕੇ ਮੇਰੀ ਮਦਦ ਕਰ ਦੇਵੋ ਤਾਂ ਜੋ ਮੈਂ ਵਾਪਸ ਜਾ ਸਕਾਂ। ਮੈਂ ਜਾਂਦੇ ਹੀ ਤੁਹਾਡੇ ਪੈਸੇ ਭੇਜ ਦੇਵਾਂਗਾ।” ਅਗਲੇ ਬੋਲ ਰਿਤੂ ਦੇ ਸਨ। ਅਜਨਬੀ ਡੌਰ-ਭੌਰ ਹੋਇਆ ਵੇਖਣ ਲੱਗਾ। ਉਹਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ। ‘ਇਹ ਕਿਥੋਂ ਟਪਕ ਪਈ’, ਉਹ ਸੋਚ ਰਿਹਾ ਸੀ।
“ਅੰਕਲ, ਤੁਸੀਂ ਵੀ ਰਾਹ ਤੁਰੇ ਜਾਂਦੇ ਪੁੱਠੇ ਚੱਕਰਾਂ ‘ਚ ਪੈ ਜਾਂਦੇ ਹੋ। ਚਲੋ ਇਥੋਂ।” ਕਹਿੰਦਿਆਂ ਰਿਤੂ ਹਰੀਸ਼ ਮਲਹੋਤਰਾ ਨੂੰ ਬਾਹੋਂ ਫੜ ਅੱਗੇ ਲੈ ਤੁਰੀ। ਅਜਨਬੀ ਨੇ ਵੀ ਉਥੋਂ ਖਿਸਕਣ ਦੀ ਕੀਤੀ।
“ਪਰ ਬੇਟੀ ਤੂੰ ਐਸ ਵੇਲੇ ਇਥੇ?” ਉਸ ਦੀ ਹੈਰਾਨੀ ਅਜੇ ਦੂਰ ਨਹੀਂ ਹੋਈ ਸੀ।
“ਕਰੋਲ ਬਾਗ ਵੱਲੋਂ ਆਓ ਤਾਂ ਆਈ ਟੀ ਓ ਜਾਣ ਲਈ ਕਨਾਟ ਪਲੇਸ ਦੇ ਆਊਟਰ ਸਰਕਲ ਵਿਚੋਂ ਲੰਘਣਾ ਹੀ ਪੈਂਦਾ...ਸੋ ਮੈਂ ਏਧਰੋਂ ਲੰਘ ਰਹੀ ਸੀ। ਕੋਈ ਸ਼ੱਕ?”
“ਨਹੀਂ ਮੀ ਲਾਰਡ। ਬਿਲਕੁਲ ਨਹੀਂ, ਪਰ ਇਹ ਦੱਸੋ, ਉਸ ਬੰਦੇ ਨੇ ਅਜੇ ਆਪਣੀ ਗੱਲ ਸ਼ੁਰੂ ਹੀ ਨਹੀਂ ਕੀਤੀ ਸੀ, ਤੈਂ ਕਿੱਦਾਂ ਬੁੱਝ ਲਿਆ, ਉਹ ਮੈਥੋਂ ਪੈਸੇ ਮੰਗੂ। ਫੇਰ ਉਸ ਨੇ ਮੈਥੋਂ ਭੀਖ ਤਾਂ ਨਹੀਂ ਮੰਗੀ ਸੀ?” ਮਲਹੋਤਰਾ ਨੇ ਪੁੱਛਿਆ।
“ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਤੁਸੀਂ ਕਦੇ ਕਿਸੇ ਨੂੰ ਭੀਖ ਨਹੀਂ ਦਿੰਦੇ। ਹਾਂ, ਔਕੜ ਮਾਰਿਆਂ ਦੀ ਮਦਦ ਜ਼ਰੂਰ ਕਰਦੇ ਹੋ। ਰਹੀ ਤੁਹਾਡੀ ਪਹਿਲੀ ਗੱਲ, ਇਸ ਦਾ ਜਵਾਬ ਬਹੁਤ ਹੈ। ਬੁੱਝਣ ਲਈ ਵੱਡੀਆਂ ਪੋਥੀਆਂ ਨਾਲ ਸਿਰ ਨਹੀਂ ਮਾਰਨਾ ਪੈਂਦਾ, ਇਹ ਵਿਹਾਰਕ ਗੱਲ ਹੈ...ਵੈਰੀ ਸਿੰਪਲ।”
“ਉਹ ਕਿੱਦਾਂ?”
“ਉਹ ਏਦਾਂ ਮੇਰੇ ਸਤਿਕਾਰਯੋਗ ਪਾਪਾ ਜੀ, ਇਹ ਵੀ ਭੀਖ ਮੰਗਣ ਦਾ ਤਰੀਕਾ ਏ। ਇਹੋ ਜਿਹੇ ਬੰਦੇ ਇਥੇ ਆਮ ਘੁੰਮਦੇ ਨੇ। ਇਨ੍ਹਾਂ ਦੇ ਡਾਇਲਾਗ ਸੇਮ ਹੁੰਦੇ ਨੇ, ਮੈਂ ਫਲਾਨੀ ਥਾਂ ਤੋਂ ਆਇਆ ਸੀ, ਕੋਈ ਬਿਮਾਰ ਸੀ, ਰਾਹ ‘ਚ ਜੇਬ ਕੱਟੀ ਗਈ, ਹੁਣ ਮੇਰੇ ਪਾਸ ਘਰ ਜਾਣ ਜੋਗੇ ਪੈਸੇ ਨਹੀਂ, ਕਿਰਪਾ ਕਰ ਕੇ ਮੈਨੂੰ ਸੌ ਪੰਜਾਹ ਰੁਪਏ ਦੇ ਦੇਵੋ, ਮਿਹਰਬਾਨੀ ਹੋਵੇਗੀ ਤੁਹਾਡੀ...ਆਦਿ ਆਦਿ।”
“ਪਰ ਤੂੰ ਇਹ ਕਿਵੇਂ ਕਹਿ ਸਕਦੀ ਏਂ ਕਿ ਉਹ ਸੱਚੀ ਮੁੱਚੀ ਮੈਥੋਂ ਪੈਸੇ ਮੰਗਣ ਵਾਲਾ ਸੀ?”
“ਹੋਰ ਤੁਹਾਡੀ ਰਿਸ਼ਤੇਦਾਰੀ ਸੀ ਉਸ ਨਾਲ? ਪੈਸੇ ਠੱਗਣੇ ਸਨ, ਇਸੇ ਲਈ ਸ਼ਰੀਫ ਬੰਦਾ ਜਾਣ ਉਸ ਤੁਹਾਨੂੰ ਰੋਕ ਲਿਆ। ਜੇ ਨਹੀਂ ਤਾਂ ਉਹ ਮੇਰੀ ਗੱਲ ਕੱਟਦਾ ਨਾ, ਉਥੋਂ ਖਿਸਕਣ ਦੀ ਨਾ ਕਰਦਾ?”
“ਗੱਲ ਤਾਂ ਤੇਰੀ ਠੀਕ ਐ।” ਹਰੀਸ਼ ਮਲਹੋਤਰਾ ਦੇ ਮੂੰਹੋਂ ਨਿਕਲਿਆ।
“ਮੇਰੇ ਭੋਲੇ ਪਾਪਾ, ਤੁਸੀਂ ਬਹੁਤ ਚੰਗੇ ਹੋ, ਪਰ ਮਦਦ ਕਰਨ ਲੱਗਿਆਂ ਬੰਦਾ ਕੁ-ਬੰਦਾ ਦੇਖ ਲਿਆ ਕਰੋ। ਕੱਲ੍ਹ ਨੂੰ ਤੁਸੀਂ ਆਪਣੀ ਏਸ ਧੀ ਦਾ ਕਾਜ ਵੀ ਕਰਨਾ ਏ, ਪੈਸੇ ਕਿਥੋਂ ਆਉਣਗੇ?” ਰਿਤੂ ਨੇ ਗੱਲ ਹਾਸੇ ‘ਚ ਪਾ ਦਿੱਤੀ।
“ਉਹਦੀ ਤੂੰ ਫਿਕਰ ਨਾ ਕਰ।”
“ਫਿਕਰ ਕਿੱਦਾਂ ਨਾ ਕਰਾਂ ਪਾਪਾ...ਤੁਹਾਡਾ ਨਿਰਛਲ ਸੁਭਾਅ, ਕੋਈ ਕਪਟ ਨਹੀਂ, ਤੁਸੀਂ ਸਭ ਨੂੰ ਆਪਣੇ ਜਿਹਾ ਸਮਝਦੇ ਹੋ, ਏਦਾਂ ਹੁੰਦਾ ਨਹੀਂ।”
“ਅੱਗੇ ਤੋਂ ਖਿਆਲ ਰੱਖਾਂਗਾ, ਤੂੰ ਫਿਕਰ ਕਰ! ਮੇਰਾ ਕਾਫੀ ਪੀਣ ਨੂੰ ਦਿਲ ਕਰਦੈ...ਪੀਏਂਗੀ ਨਾ?” “ਜ਼ਰੂਰ!” ਇੰਝ ਦੋਵੇਂ ਗੱਲਾਂ ਕਰਦੇ ਕਾਫੀ ਹਾਊਸ ਵੱਲ ਹੋ ਤੁਰੇ।
—
“ਆਓ ਜੀ, ਕਿਵੇਂ ਆਉਣੇ ਹੋਏ?” ਬਾਹਰ ਖਲੋਤੇ ਸੱਜਣ ਨੂੰ ਅੰਦਰ ਆਉਣ ਲਈ ਕਹਿੰਦਿਆਂ ਹਰੀਸ਼ ਮਲਹੋਤਰਾ ਨੇ ਪੁੱਛਿਆ। ਕਮਰੇ ਵਿਚ ਵੜਦਿਆਂ ਹੀ ਉਹ ਮਲਹੋਤਰਾ ਦੇ ਪੈਰਾਂ ‘ਚ ਡਿਗ ਪਿਆ। ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਉਸ ਕੁਝ ਬੋਲਣਾ ਚਾਹਿਆ। ਉਸ ਦੇ ਬੁੱਲ੍ਹ ਫੜਕੇ... ਬੋਲਿਆ ਕੀ ਹੈ, ਇਹ ਹਰੀਸ਼ ਦੇ ਪੱਲੇ ਨਾ ਪਿਆ।
“ਸੰਭਲ ਕੇ...ਚਲ ਉਠ। ਦੱਸ ਹੋਇਆ ਕੀ ਹੈ?” ਉਸ ਨੂੰ ਉਠਾਉਂਦਿਆਂ ਉਨ੍ਹਾਂ ਕਿਹਾ। ਉਹ ਥੋੜ੍ਹਾ ਸੰਭਲਿਆ। ਮਲਹੋਤਰਾ ਨੇ ਪਿਆਰ ਨਾਲ ਉਸ ਦੇ ਮੂੰਹ ‘ਤੇ ਹੱਥ ਫੇਰਿਆ ਤਾਂ ਉਹ ਇਕ ਵਾਰ ਫੇਰ ਜਜ਼ਬਾਤ ਦੇ ਵਹਿਣ ਵਿਚ ਵਹਿਣ ਲੱਗਾ।
“ਨਾ ਬਰਖੁਰਦਾਰ ਨਾ, ਏਦਾਂ ਨਹੀਂ ਕਰੀਦਾ। ਮੈਨੂੰ ਗੱਲ ਦਸ।”
“ਗੱਲ ਕੋਈ ਨਹੀਂ ਸਾਹਿਬ ਜੀ, ਤੁਹਾਡਾ ਸ਼ੁਕਰੀਆ ਕਿਵੇਂ ਕਰਾਂ, ਇਹੋ ਸੋਚ ਸੋਚ ਮੈਂ ਕਮਲਾ ਜਿਹਾ ਹੋ ਗਿਆਂ।” “ਪਰ ਮੈਂ ਤਾਂ ਤੇਰੇ ਲਈ ਕੁਝ ਕੀਤਾ ਨਹੀਂ, ਜੇ ਕਰਦਾ ਤਾਂ ਸ਼ੁਕਰੀਆ ਕਰਨ ਦਾ ਢੰਗ ਵੀ ਦੱਸ ਦਿੰਦਾ।”
“ਸਾਹਿਬ ਜੀ, ਇਹ ਤੁਹਾਡਾ ਵਡੱਪਣ ਹੈ ਸਾਹਿਬ ਜੀ। ਤੁਸੀਂ ਉਹ ਕੀਤਾ ਹੈ, ਜੋ ਸਕੇ ਵੀ ਨਹੀਂ ਕਰਦੇ। ਮੈਨੂੰ ਡੋਲਣ ਨਹੀਂ ਦਿੱਤਾ, ਹੌਸਲਾ ਵਧਾਇਆ, ਏਨਾ ਘੱਟ ਐ? ਅੱਜ ਕੱਲ੍ਹ ਤਾਂ ਬੰਦਾ ਗੱਲ ਈ ਨਹੀਂ ਸੁਣਦਾ, ਮਦਦ ਇਕ ਪਾਸੇ ਰਹੀ।”
“ਕਿਉਂ ਕੀ ਕਰ ਦਿੱਤਾ ਤੇਰੇ ਸਾਹਿਬ ਜੀ ਨੇ, ਜ਼ਰਾ ਮੈਂ ਵੀ ਤਾਂ ਸੁਣਾਂ।” ਅੰਦਰੋਂ ਚਾਹ ਦਾ ਕੱਪ ਲਿਆਉਂਦੇ ਸ੍ਰੀਮਤੀ ਮਲਹੋਤਰਾ ਨੇ ਪੁੱਛਿਆ।
“ਮਾਂ ਜੀ, ਮੇਰੀਆਂ ਅੱਖਾਂ ਵਿਚ ਕਾਲਾ ਮੋਤੀਆ ਉਤਰਿਆ ਸੀ। ਸਰਕਾਰੀ ਹਸਪਤਾਲ ਗਿਆ ਤਾਂ ਉਨ੍ਹਾਂ ਅੱਠ ਹਜ਼ਾਰ ਰੁਪਏ ਜਮ੍ਹਾਂ ਕਰਾਉਣ ਲਈ ਕਹਿ ਦਿੱਤਾ। ਮੇਰੇ ਪਾਸ ਪੈਸੇ ਨਹੀਂ ਸਨ। ਕਿਸੇ ਨੇ ਸਾਹਿਬ ਜੀ ਦੀ ਦੱਸ ਪਾਈ। ਉਸ ਕਿਹਾ ਸੀ, ਸਾਹਿਬ ਜੀ ਨੂੰ ਮਿਲ, ਉਹ ਕੋਈ ਨਾ ਕੋਈ ਰਾਹ ਕੱਢ ਦੇਣਗੇ। ਇਨ੍ਹਾਂ ਦੇ ਕਹਿਣ ‘ਤੇ ਸਤਿਆ ਨਾਂ ਦੀ ਐਨ ਜੀ ਓ ਨੇ ਇਲਾਜ ਦਾ ਸਾਰਾ ਪ੍ਰਬੰਧ ਕਰਾ ਦਿੱਤਾ। ਓਪਰੇਸ਼ਨ ਵੀ ਸਫਲ ਰਿਹਾ। ਚੰਗੀ ਤਰ੍ਹਾਂ ਦੇਖ ਸਕਦਾ ਹਾਂ।”
“ਇਹ ਤਾਂ ਬਈ ਬਹੁਤ ਚੰਗਾ ਹੋਇਆ। ਮੁਬਾਰਕਾਂ। ਪਰ ਮੂੰਹ ਮਿੱਠਾ ਕੌਣ ਕਰਾਊ?” ਸ੍ਰੀਮਤੀ ਮਲਹੋਤਰਾ ਨੇ ਖੁਸ਼ ਹੁੰਦਿਆਂ ਕਿਹਾ।
“ਉਹਦਾ ਪ੍ਰਬੰਧ ਵੀ ਅਸਾਂ ਕਰ ਛੱਡਿਐ, ਤੁਸੀਂ ਮੂੰਹ ਮਿੱਠਾ ਕਰਨ ਵਾਲੇ ਬਣੋ।” ਮਲਹੋਤਰਾ ਨੇ ਕੋਲ ਪਿਆ ਮਿਠਾਈ ਦਾ ਡੱਬਾ ਸ੍ਰੀਮਤੀ ਜੀ ਦੇ ਅੱਗੇ ਕਰਦਿਆਂ ਠਹਾਕਾ ਲਾਇਆ।
“ਅਰੇ ਵਾਹ, ਜਵਾਬ ਨਹੀਂ ਮੇਰੇ ਪਾਪਾ ਦਾ।” ਅੰਦਰ ਵੜਦਿਆਂ ਰਿਤੂ ਨੇ ਤੁਣਕਾ ਮਾਰਿਆ।
“ਇਹ ਰਿਤੂ ਹੈ, ਮੇਰੀ ਧੀ। ਬੜੀ ਹੋਣਹਾਰ, ਸਿਆਣੀ, ਸਾਡਾ ਬਹੁਤ ਖਿਆਲ ਰੱਖਦੀ ਏ... ਆ ਧੀਏ, ਇਥੇ ਆ ਜਾ ਮੇਰੇ ਕੋਲ।” ਸ੍ਰੀਮਤੀ ਮਲਹੋਤਰਾ ਨੇ ਉਸ ਨੂੰ ਆਪਣੇ ਵੱਲ ਖਿੱਚ ਸੋਫੇ ‘ਤੇ ਬਹਾ ਲਿਆ।
“ਹੁਣ ਦੱਸੋ, ਮਿਠਾਈ ਕਿਸ ਖੁਸ਼ੀ ਵਿਚ ਖੁਆਈ ਜਾ ਰਹੀ ਹੈ?”
“ਇਨ੍ਹਾਂ ਦੇ ਮੋਤੀਆ ਬਿੰਦ ਦਾ ਓਪਰੇਸ਼ਨ ਹੋਇਆ, ਇਸ ਖੁਸ਼ੀ ਵਿਚ।” ਮਲਹੋਤਰਾ ਨੇ ਦੂਜੇ ਸੱਜਣ ਵੱਲ ਇਸ਼ਾਰਾ ਕਰਦਿਆਂ ਦੱਸਿਆ। “ਇਕ ਐਨਜੀਓ ਨੇ ਇਨ੍ਹਾਂ ਦਾ ਕੇਸ ਆਪਣੇ ਹੱਥਾਂ ਵਿਚ ਲਿਆ ਸੀ, ਉਹਦੀ ਮਦਦ ਨਾਲ ਹੀ ਇਹ ਕੰਮ ਸਿਰੇ ਚੜ੍ਹਿਐ।”
“ਇਹ ਤਾਂ ਬਈ ਬਹੁਤ ਚੰਗਾ ਹੋਇਆ।” ਰਿਤੂ ਦੇ ਮੂੰਹੋਂ ਨਿਕਲਿਆ।
“ਇਸ ਗ਼ਰੀਬ ਨਿਵਾਜ਼ ਨੇ ਮੇਰੀ ਬਾਂਹ ਫੜੀ ਸੀ, ਚੰਗਾ ਕਿੱਦਾਂ ਨਾ ਹੁੰਦਾ ਜੀ।”
“ਸਭ ਉਪਰ ਵਾਲੇ ਦੀ ਮਾਇਆ... ਮੈਂ ਕਿਹੜੇ ਪਾਣੀਹਾਰ ਹਾਂ। ਤੁਸੀਂ ਮਿਠਾਈ ਖਾਓ, ਬਾਕੀ ਦੀਆਂ ਗੱਲਾਂ ਛੱਡੋ।” ਮਲਹੋਤਰਾ ਨੇ ਇਕ ਵਾਰ ਫਿਰ ਮਿਠਾਈ ਦਾ ਡੱਬਾ ਉਹਦੇ ਅੱਗੇ ਕਰਦਿਆਂ ਗੱਲ ਹੋਰ ਪਾਸੇ ਪਾ ਦਿੱਤੀ।