Ganga Ishnan (Punjabi Lekh) : Shardha Ram Phillauri
ਗੰਗਾ ਇਸ਼ਨਾਨ (ਲੇਖ) : ਸ਼ਰਧਾ ਰਾਮ ਫਿਲੌਰੀ
ਫੇਰ ਸੱਭੋ ਤੁਰ ਪਏ ਤਾਂ ਧੀਰੇ ਧੀਰੇ ਗੰਗਾ ਜੀ ਪੁਰ ਪਹੁੰਚੇ। ਉੱਥੇ ਪਹੁੰਚ ਕੇ ਕਈਆਂ ਦੁਆਬੇ ਦਿਆਂ ਸ਼ਹਿਰਾਂ ਦਾ ਸੰਗ ਮਿਲਿਆ ਅਰ ਨੇੜੇ ਤੇੜੇ ਦੇ ਕਈਆਂ ਸ਼ਹਿਰਾਂ ਦਿਆਂ ਲੋਕਾਂ ਨੇ ਪਾਸੇ ਪਾਸ ਬਰੇਤੀ ਵਿਚ ਡੇਰੇ ਕਰ ਲਏ । ਜਾਂ ਮਨੁੱਖ ਸੱਭੇ ਹਰਦੁਆਰ ਇਸ਼ਨਾਨ ਕਰਨੇ ਨੂੰ ਚੱਲੇ ਤਾਂ ਤੀਮੀਆਂ ਬੀ ਸੱਭੇ ਤਿਆਰ ਹੋ ਪਈਆਂ । ਕਿਨੇ ਕਿਹਾ ਚਲ ਤਾਬੋ ਨ੍ਹਾਉਣ, ਕੋਈ ਬੋਲੀ ਚੱਲ ਬੇਬੇ ਜੀ ਆ ਨਹਾ ਆਈਏ। ਕਿਨੇ ਪਾਨੋ ਅਤੇ ਠਾਕੁਰੀ ਅਰ ਭੱਪੀ ਨੂੰ ਸੱਦਿਆ ਅਰ ਕਿਨੇ ਖੇਮੀ ਅਰ ਬੁਧਾਂ ਨੂੰ ਹਾਕ ਮਾਰੀ । ਇਕ ਬਹੁਟੀ ਨੇ ਆਪਣੀ ਸੱਸ ਨੂੰ ਪੁੱਛਿਆ, “ਬੋਬੋ, ਜੱਟੋ ਅਰ ਮਾਲਣ ਅਰ ਗੁਜਰੀ, ਪਾਰੋ, ਸਿੱਬੀ, ਦ੍ਰੋਪਤੀ, ਸੋਧਾਂ, ਨਰੈਣੀ, ਰਾਜਦੇਈ, ਕਰਮੋ, ਬੰਨੋ, ਬਿੱਸੋ, ਕਿਸ਼ਨੀ, ਸਾਡੇ ਡੇਰੇ ਦੀਆਂ ਏਹ ਸਾਰੀਆਂ ਬਹੁਟੀਆਂ ਅਰ ਤੀਮੀਆਂ ਨ੍ਹਾਉਣ ਚੱਲੀਆਂ ਹਨ ਜੇ ਤੂੰ ਕਹੇਂ ਤਾਂ ਇਨ੍ਹਾਂ ਦੇ ਨਾਲ ਮੈਂ ਭੀ ਨਹਾ ਆਵਾਂ?"
ਸੱਸ ਨੇ ਕਿਹਾ, ‘ਬਹੁਟੀਏ, ਤੇਰੀ ਸੱਸ, ਦਦੇਹਸਾਂ ਅਰ ਪਤੀਹਸਾਂ ਅਰ ਹੋਰ ਦਰਾਣੀਆਂ ਜਠਾਣੀਆਂ ਅਰ ਫੁਫੇਹਸ, ਸੁੱਖ ਨਾਲ ਸੱਭੇ ਆਈਆਂ ਹੋਈਆਂ ਤੇਰੇ ਕੋਲ ਹਨ, ਜਦ ਇਹ ਜਾਣਗੀਆਂ ਤਾਂ ਤੂੰ ਵੀ ਨਹਾ ਆਵੀਂ। ਸੁੱਖੀ ਸਾਂਦੀਂ, ਤੈਂ ਬਗਾਨੀਆਂ ਨਾਣ ਕਿਉਂ ਜਾਣਾ ਸਾ ? ਦੇਖ ਤਾਂ ਤੇਰਾ ਦਦਿਅਹੁਰਾ, ਸਹੁਰਾ ਔਰ ਪਤਿਅਹੁਰਾ੫, ਸੱਭੇ ਧੋਤੀਆਂ ਫੜੀ ਤਿਆਰ ਬੈਠੇ ਹਨ। ਇਨ੍ਹਾਂ ਨੂੰ ਛੱਡ ਕੇ ਬਗਾਨਿਆਂ ਮਰਦਾਂ ਅਰ ਤੀਮੀਆਂ ਨਾਲ ਤੇਰੀ ਜੁੱਤੀ ਜਾਂਦੀ ਹੈ।"
ਬਹੁਟੀ ਨੇ ਕਿਹਾ, “ਆਹੋ ਜੀ ! ਅਸੀਂ ਤੁਹਾਡਿਆਂ ਸਿਆਣਿਆਂ ਨਾਲ ਜਾ ਕੇ ਨਾ ਤਾਂ ਉੱਚੀ ਤੇ ਕੁਛ ਗੱਲ ਹੀ ਕਰ ਸਕਾਂਗੇ ਅਰ ਨਾ ਕਿਤੇ ਮੇਲਾ ਹੀ ਦੇਖ ਸਕਾਂਗੇ ਏਹ ਤਾਂ ਸਭ ਸਾਡੀਆਂ ਹਾਨਣਾਂ ਹਨ । ਸਗੋਂ ਜੇ ਤੂੰ ਕਹੇਂ ਤਾਂ ਇਨ੍ਹਾਂ ਇੱਕੋ ਜੇਹੀਆਂ ਦੇ ਨਾਲ ਜਾ ਕੇ ਮੈਂ ਬੀ ਨਹਾ ਆਵਾਂ । ਅਰ ਜੇ ਤੂੰ ਕਹੇਂਗੀ ਤਾਂ ਘਰ ਦਿਆਂ ਦੇ ਨਾਲ ਜਾ ਕੇ ਫੇਰ ਚੁੱਭੀ ਲਾ ਆਵਾਂਗੀ।”
ਸੱਸ ਨੇ ਕਿਹਾ, “ਬੀਬੀ ਮੈਂ ਤਾਂ ਤੈਨੂੰ ਪਰਾਈਆਂ ਰੰਨਾਂ ਨਾਲ ਕਦੀ ਨਹੀਂ ਭੇਜਣਾ ! ਕੇਡੀ ਅੱਲੋਕਾਰੀ ਆਈ ਹੈ, ਜਹਾਨ ਦੀਆਂ ਰੰਨਾਂ ਘਰ ਦਿਆਂ ਨੂੰ ਛੱਡ ਕੇ ਓਪਰਿਆਂ ਨਾਲ ਤੁਰ ਪੈਂਦੀਆਂ ਹੋਣਗੀਆਂ ? ਚੱਲ ਹੱਟ ਕੇ ਬੈਠ, ਕੋਈ ਰਾਹ ਦੀ ਗੱਲ ਕਰੀਦੀ ਹੈ।"
ਬਹੁਟੀ ਨੇ ਕਿਹਾ, ‘ਬੇਬੇ ! ਹਾਹੜੇ ਹਾਹੜੇ, ਤੇਰਾ ਭਲਾ ਹੋਵੇ, ਕਾਇਆਂ ਦੀ ਸਹੁੰ, ਮੈਂ ਹੁਣੇ ਪਿਛਲੀ ਪੈਰੀਂ ਆ ਜਾਊਂਗੀ, ਇਕ ਵਾਰ ਇਨ੍ਹਾਂ ਦੇ ਨਾਲ ਮੈਨੂੰ ਜਾਇ ਆਉਣ ਦੇਹ।’ ਇਧਰ ਏਹ ਗੱਲਾਂ ਹੋ ਹੀ ਰਹੀਆਂ ਸੀਆਂ ਕਿ ਇਤਨੇ ਨੂੰ ਸੱਭ ਤੀਮੀਆਂ ਜੋ ਤਿਆਰ ਹੋਈਆਂ ਸੀਆਂ ਕੱਠੀਆਂ ਹੋ ਕੇ ਉਸ ਬਹੁਟੀ ਕੋਲ ਆ ਕੇ ਕਹਿਣ ਲੱਗੀਆਂ, "ਕੁੜੇ ਕਿਰਪੀਏ ਚੱਲ ਨਹਾ ਆਈਏ?"
ਬਹੁਟੀ ਨੇ ਕਿਹਾ, "ਭੈਣੋ ! ਸਾਡੀ ਸੱਸ ਨਹੀਂ ਜਾਣ ਦਿੰਦੀ, ਜਾਓ ਤੁਸੀਂ ਨਹਾ ਆਓ।"
ਉਹ ਸਭ ਆ ਕੇ ਉਸ ਦੀ ਸੱਸ ਨੂੰ ਬੋਲੀਆਂ ਕਿ ਬੋਬੋ, ਕਿਰਪੀ ਨੂੰ ਸਾਡੇ ਨਾਲ ਨ੍ਹਾਉਣ ਭੇਜ ਦੇਹ, ਅਸੀਂ ਕੁੜੀਆਂ ਚਿੜੀਆਂ ਇਕ ਵਾਰ ਅੱਗੋਂ ਜਾ ਕੇ ਨ੍ਹਾਇ ਆਉਂਦੀਆਂ ਹਾਂ।"
ਸੱਸ ਨੇ ਕਿਹਾ, “ਨਾ ਬੇਬੇ ! ਸਾਡੇ ਮਰਦ ਗੁੱਸੇ ਹੋਣਗੇ। ਅਸੀਂ ਆਪਣੀ ਨੂੰਹ ਨੂੰ ਬਗਾਨੀਆਂ ਨਾਲ ਨਹੀਂ ਭੇਜਣਾ । ਸਾਡੇ ਘਰ ਦੇ ਸਭ ਤਿਆਰ ਹਨ ਪਰ ਕਿਰਪੀ ਨੂੰ ਖ਼ਬਰ ਨਹੀਂ ਦਿਨੋਂ ਦਿਨ ਕਿਹਦੀ ਮੱਤ ਆਉਂਦੀ ਜਾਂਦੀ ਹੈ, ਜੋ ਚੋਲੇ ਸੀਉਂਦਿਆਂ ਉੱਧਲਦੀ ਜਾਂਦੀ ਹੈ?"। ਉਨ੍ਹਾਂ ਆਖਿਆ, “ਬੇਬੇ ਤੂੰ ਕੇਹੀਆਂ ਜਿਹੀਆਂ ਗੱਲਾਂ ਕਰਦੀ ਹੈਂ ? ਭਲਾ ਨਿਆਣੀਆਂ ਦੇ ਮਨ ਵਿਚ ਆਪਣੀਆਂ ਹਾਨਣਾਂ ਦੇ ਨਾਲ ਜਾਣੇ ਦਾ ਚਾਉ ਹੁੰਦਾ ਹੀ ਹੈ ਨਾ । ਤੂੰ ਤਾਂ ਕੋਈ ਜੱਗੋਂ ਮੁਲਖੋਂ ਬਾਹਰੀਆਂ ਗੱਲਾਂ ਕਰਨ ਲੱਗ ਪੈਂਨੀ ਹੈਂ । ਭਲਾ ਦੇਖ ਤਾਂ ਤੈਨੂੰ ਚੋਲੇ ਸੀਤੀ ਉਧਲਨੇ ਦਾ ਕਹਾਣਾ ਪਾਉਣਾ ਬਣਦਾ ਸੀ ?''
ਸੱਸ ਨੇ ਕਿਹਾ, “ਬੇਬੇ ! ਅਸੀਂ ਤੁਹਾਡੇ ਉਤੇ ਤਾਂ ਨਹੀਂ ਕਹਾਣ ਪਾਇਆ। ਅਸੀਂ ਤਾਂ ਆਪਣੀ ਨੂੰਹ ਨੂੰ ਸਮਝਾਉਂਦੇ ਹਾਂ । ਫੇਰ ਤੁਹਾਨੂੰ ਕੀ ਵਾਸਤਾ ਜੋ ਧਿਗਾਨੇ ਚਪੜ ਚਪੜ ਲਾਈ ਹੋਈ ਹੈ ? ਜਾਓ, ਅਸੀਂ ਨਹੀਂ ਜਾਣ ਦੇਣੀ, ਤੁਹਾਡਾ ਕੋਈ ਰਾਜ ਹੈ ?”
ਇਕ ਉਨ੍ਹਾਂ ਵਿਚੋਂ ਬੋਲੀ, “ਨੀ ਚੱਲੋ, ਭੈਣੋਂ ! ਤੁਹਾਡਾ ਕਿਰਪੀ ਤੇ ਬਿਨਾਂ ਜੀਉ ਤਾਂ ਨਹੀਂ ਥੋੜਾ ਹੁੰਦਾ। ਤੁਸੀਂ ਉਸ ਨੂੰ ਨਾਲ ਲਿਜਾ ਕੇ ਕੀ ਕੱਢਣਾ ਹੈ ? ਤੁਹਾਨੂੰ ਉਸ ਤੇ ਬਿਨਾਂ ਰਾਹ ਤਾਂ ਨਹੀਂ ਭੁੱਲ ਚੱਲਿਆ।" ਫੇਰ ਆਖਿਆ, “ਅੱਛਾ, ਬੇਬੇ ! ਸਾਨੂੰ ਕਾਹਨੂੰ ਔਖੀ ਹੁੰਦੀ ਹੈਂ ? ਤੇਰੀ ਨੂੰਹ ਹੈ ਜਮ ਜਮ ਤੂੰ ਉਹਨੂੰ ਜਾਣ ਦੇਹ, ਭਾਵਾਂ ਨਾ ਜਾਣ ਦੇਹ।” ਇਹ ਕਹਿ ਕੇ ਸਭੇ ਹਰਦੁਆਰ ਨੂੰ ਤੁਰ ਪਈਆਂ । ਜਾਂ ਸਭ ਨਹਾ ਧੋ ਚੁਕੀਆਂ ਤਾਂ ਬੋਲੀਆਂ, “ਆਓ, ਭੈਣੋਂ ! ਚੁਲੀਆਂ ਲਈਏ।"
ਇਕ ਜੋ ਉਨ੍ਹਾਂ ਵਿਚ ਛੋਟੀ ਜੇਹੀ ਕੁੜੀ ਸੀ ਉਸ ਨੇ ਆਪਣੀ ਭਰਜਾਈ ਨੂੰ ਪੁੱਛਿਆ, ‘ਭਾਬੀ ! ਚੁਲੀਆਂ ਕੀ ਹੁੰਦੀਆਂ ਹਨ ?'
ਭਾਬੀ ਨੇ ਕਿਹਾ, “ਬੀਬੀ ਤੂੰ ਨਹੀਂ ਜਾਣਦੀ ਇੱਥੇ ਗੰਗਾ ਉੱਤੇ ਬੈਠ ਕੇ ਕਿਸੇ ਨੂੰ ਧਰਮ ਭੈਣ ਬਣਾ ਲਈਦਾ ਹੈ । ਆਪ ਗੰਗਾਜਲ ਦੀ ਚੁਲੀ ਭਰ ਕੇ ਦੂਜੀ ਦੇ ਹੱਥ ਪੁਰ ਪਾ ਦੇਈਦੀ ਹੈ ਅਰ ਉਹ ਉਸ ਨੂੰ ਪੀ ਕੇ ਉਸੇ ਤਰ੍ਹਾਂ ਫੇਰ ਉਸ ਦੂਜੀ ਦੇ ਹੱਥ ਪੁਰ ਚੁਲੀ ਦੇ ਕੇ ਪਲਾ ਦਿੰਦੀ ਹੈ; ਬੱਸ ਏਸ ਗਲ ਦਾ ਨਾਮ ਚੁਲੀਆਂ ਲੈਣੀਆਂ ਹਨ । ਜਿਸ ਨਾਲ ਚੁਲੀਆਂ ਲਈ ਦੀਆਂ ਹਨ ਫੇਰ ਸਾਰੀ ਉਮਰ ਉਸ ਨੂੰ ਧਰਮ-ਭੈਣ ਜਾਣ ਕੇ ਪਿਆਰ ਰੱਖੀ ਦਾ ਹੈ। ਅਰ ਦੁਖ ਸੁਖ ਵਿਚ ਉਸ ਤੇ ਮੱਦਤ ਲਈ ਦੀ ਅਰ ਆਪ ਉਸ ਦੀ ਮੱਦਤ ਕਰੀ ਦੀ ਹੈ। ਨਾਲੇ ਸਾਰੀ ਉਮਰ ਉਸ ਦੀ ਨਿੰਦਿਆ ਨਹੀਂ ਕਰੀ ਦੀ।
ਕੁੜੀ ਨੇ ਪੁੱਛਿਆ, “ਭਾਬੀ ! ਮਰਦ ਬੀ ਚੁਲੀਆਂ ਲੈਂਦੇਂ ਹੁੰਦੇ ਹਨ ਕਿ ਇਹ ਤੀਵੀਆਂ ਦਾ ਹੀ ਰਾਹ ਹੁੰਦਾ ਹੈ ?''
ਭਾਬੀ ਨੇ ਕਿਹਾ, “ਹਾਂ, ਮਰਦ ਭੀ ਬਥੇਰੇ ਚੁਲੀਆਂ ਲੈ ਜਾਂਦੇ ਹਨ ਅਰ ਫੇਰ ਸਾਰੀ ਉਮਰ ਇਕ ਦੂਜੇ ਦੀ ਮਰਨੀ ਮਰਦੇ ਹਨ । ਬੀਬੀ ਮਰਦ ਚੁਲੀਆਂ ਭੀ ਬਥੇਰੇ ਲੈ ਜਾਂਦੇ ਹਨ ਪਰ ਕਈ ਮਰਦ ਆਪਣੀ ਪੱਗ ਵਟਾ ਕੇ ਵੀ ਧਰਮ-ਭਰਾਉ ਬਣ ਜਾਂਦੇ ਹਨ।’’
ਕੁੜੀ ਨੇ ਕਿਹਾ, “ਅੱਛਾ ਫੇਰ ਮੈਂ ਵੀ ਕਿਸੇ ਨਾਲ ਚੁਲੀਆਂ ਜ਼ਰੂਰ ਲਵਾਂਗੀ।”
ਜਾਂ ਸੱਭੇ ਕਿਸੇ ਕਿਸੇ ਨਾਲ ਚੁਲੀਆਂ ਲੈਣ ਲੱਗੀਆਂ ਤਾਂ ਇਕ ਅਕਲ ਵਾਲੀ ਬੋਲੀ "ਭੈਣੋਂ ! ਅਸੀਂ ਤਾਂ ਕਿਸੀ ਓਪਰੀ ਨਾਲ ਚੁਲੀਆਂ ਲਵਾਂਗੇ । ਕਿਉਂ ਜੋ ਸ਼ਹਿਰ ਵਿਚਲੀ ਨਾਲ ਕਈ ਵਾਰ ਲੜਾਈ ਭਿੜਾਈ ਅਰ ਗੁੱਸਾ ਗਿੱਲਾ ਵੀ ਹੋ ਜਾਂਦਾ ਹੈ ਅਰ ਕਦੇ ਕਦੇ ਨਿੰਦਿਆ ਚੁਗਲੀ ਵੀ ਕਰ ਹੋ ਜਾਂਦੀ ਹੈ, ਸੋ ਚੁਲੀਆਂ ਕਿਸੀ ਦੂਰ ਰਹਿਣੇ ਵਾਲੀ ਨਾਲ ਲੈਣੀਆਂ ਚਾਹੀਦੀਆਂ ਹਨ ਕਿ ਜਿੱਥੋਂ ਕੁਧਰਮੀ ਨਾ ਹੋਣਾ ਪਵੇ ।”
ਇਕ ਨੇ ਕਿਹਾ, “ਅੱਛਾ ਭੈਣੇ ! ਅਸੀਂ ਤਾਂ ਇਸੇ ਮਾਰੇ ਗੰਗਾ ਜੀ ਨੂੰ ਹੀ ਆਪਣੀ ਭੈਣ ਬਣ ਚੱਲੇ ਹਾਂ ! ਅਸੀਂ ਇਕ ਚੁਲੀ ਇਸ ਤੇ ਲੈ ਕੇ ਪੀ ਲਈ ਅਤੇ ਇਕ ਆਪਣੇ ਹੱਥ ਵਿਚ ਭਰ ਕੇ ਇਸ ਵਿਚ ਛੱਡ ਚੱਲੇ ਹਾਂ। ਹੁਣ ਇਸ ਨੂੰ ਅਸੀਂ ਭੈਣ ਬਣਾ ਲਿਆ ਹੈ ਜਦ ਇਸ ਨੂੰ ਪਿਆਰ ਆਊ ਸਾਨੂੰ ਘਰ ਤੇ ਸੱਦ ਲਊ । ਇਸ ਡੋਲ ਨਾਲ ਸਾਨੂੰ ਇਸ਼ਨਾਨ ਤਾਂ ਫੇਰ ਪ੍ਰਾਪਤ ਹੋ ਜਾਇਆ ਕਰੂਗਾ।”
ਉਨ੍ਹਾਂ ਵਿੱਚੋਂ ਇਕ ਬੋਲੀ, “ਭੈਣੋਂ ! ਐਥੇ ਜੇਹੜੇ ਮਨੁੱਖ ਬੈਠੇ ਨ੍ਹਾਉਂਦੇ ਸੇ ਉਨ੍ਹਾਂ ਨੇ ਕਈ ਚੀਜ਼ਾਂ ਖਾਣੀਆਂ ਪੀਣੀਆਂ ਛੱਡੀਆਂ ਹਨ ਆਓ ਅਸੀਂ ਵੀ ਕੁਝ ਛੱਡ ਦੇਈਏ ।” ਕਿਸੇ ਨੇ ਚੁਲੀ ਭਰ ਕੇ ਇਹ ਗੱਲ ਆਖੀ ਕਿ ਮੈਂ ਅੱਜ ਤੋਂ ਵਤਾਊਂ ਖਾਣੇ ਛੱਡੇ । ਕਿਸੇ ਨੇ ਕਿਹਾ ਭੈਣੋਂ ਮੈਂ ਤਾਂ ਮਸਰਾਂ ਦੀ ਦਾਲ ਖਾਣੀ ਛੱਡੀ । ਕੋਈ ਬੋਲੀ, ਭੈਣੋਂ ! ਅਸੀਂ ਤਾਂ ਕੋਈ ਐਹੀ ਜੇਹੀ ਚੀਜ਼ ਛੱਡਾਂਗੇ ਜਿਹੜੀ ਸਾਨੂੰ ਕਦੀ ਲੱਭ ਨਾ ਸਕੇ, ਜਿਹਾ ਕੁ ਸਾਡੇ ਦੇਸ਼ ਵਿਚ ਕੇਲੇ ਘੱਟ ਹੁੰਦੇ ਹਨ ਸੋ ਮੈਂ ਤਾਂ ਓਹ ਛੱਡੇ, ਕਿਉਂ ਕਿ ਨਾ ਓਹ ਦਿੱਸਣ ਨਾ ਸੁਰਤ ਚੱਲੇ।”
ਇਕ ਸਾਧੂ ਨੇ ਪਾਸੋਂ ਕਿਹਾ, “ਬੀਬੀਓ ! ਇਹ ਜੋ ਕੁਛ ਛੱਡਣੇ ਛੁਡਾਉਣੇ ਦੀ ਰੀਤ ਤੁਰੀ ਹੋਈ ਹੈ, ਇਹ ਨਿਰੀ ਏਹੋ ਨਹੀਂ ਜਿਹੀ ਕੁ ਤੁਸੀਂ ਸਮਝੀ। ਇਹ ਤਾਂ ਇਹ ਗੱਲ ਸੀ ਭਈ ਜੋ ਗੱਲਾਂ ਮਨੁੱਖ ਨੂੰ ਨਰਕੀਂ ਲੈ ਜਾਂਦੀਆਂ ਹਨ ਤੀਰਥ ਪੁਰ ਆ ਕੇ ਉਨ੍ਹਾਂ ਦੀ ਚੂਲੀ ਛੱਡਣੀ ਚਾਹੀਏ । ਜਿਹਾ ਕੁ ਮੈਂ ਅੱਜ ਝੂਠ ਬੋਲਣਾ ਛੱਡਿਆ ਜਾਂ ਕਾਮ ਕ੍ਰੋਧ ਅਥਵਾ ਹੰਕਾਰ ਛੱਡਿਆ। ਸੋ ਤੁਸੀਂ ਇਨ੍ਹਾਂ ਵਿੱਚੋਂ ਤਾਂ ਕੋਈ ਚੀਜ਼ ਵੀ ਨਾ ਛੱਡੀ, ਖਾਂਣੇ ਪੀਣੇ ਦੀਆਂ ਚੀਜ਼ਾਂ ਛੱਡਣੇ ਉਤੇ ਲੱਕ ਬੰਨ੍ਹ ਲਿਆ ਹੈ ।”
ਇਕ ਬੋਲੀ ‘ਬਾਵਾ ਜੀ ਇਹ ਤਾਂ ਤੁਹਾਡਾ ਸੰਤਾਂ ਦਾ ਹੀ ਕੰਮ ਹੈ, ਸਾਤੇ ਕਬੀਲਦਾਰਾਂ ਤੇ ਏਹ ਗੱਲਾਂ ਕਦ ਛੁੱਟ ਸੱਕਦੀਆਂ ਹਨ ? ਬੱਡੀ ਦੌੜ ਅਸੀਂ ਮਾਸ ਖਾਣਾ ਛੱਡ ਦੇਵਾਂਗੀਆਂ ; ਹੋਰ ਸਾਤੇ ਕੀ ਛੁੱਟ ਜਾਣਾ ਹੈ ।"
ਜਾਂ ਨਹਾ ਧੋਕੇ ਡੇਰੇ ਨੂੰ ਮੁੜਨ ਲੱਗੀਆਂ ਤਾਂ ਇਕ ਬੋਲੀ, "ਹੈ ਹੈ, ਲੋਹੜਾ ! ਮੈਂ ਕਿਹੜੇ ਖੂਹ ਪਵਾਂ? ਮੇਰੀ ਸੁੱਥਣ ਨਾਲੋਂ ਤਾਂ ਕਿਨੇ ਬਟੂਆ ਤੋੜ ਲਿਆ ਕਿ ਜਿਸ ਵਿੱਚ ਦੋ ਰੁਪਏ ਤਾਂ ਇਕ ਪਾਉਲੀ ਅਰ ਦੋਂਹ ਆਨਿਆਂ ਦੇ ਡੱਬਲੀ ਟਕੇ ਸੇ।” ਦੂਜੀ ਬੋਲੀ ਧਾੜ ਨੀ ਧਾੜ ! ਮੇਰੀ ਤਾਂ ਚਾਦਰ ਨਹੀਂ ਦਿੱਸਦੀ ਕਿ ਜਿਸ ਦੇ ਲੜ ਮੈਂ ਆਪਣੀ ਪੌਂਚੀ ਖੋਲ੍ਹ ਕੇ ਬੰਨ੍ਹ ਦਿੱਤੀ ਸੀ ।" ਤੀਜੀ ਨੇ ਕਿਹਾ, "ਹੈ ਹੈ, ਮੈਂ ਡੁਬੀ ਮੇਰੇ ਪੈਰ ਦੀ ਕੜੀ ਕਿੱਥੇ ਗਈ ਜੋ ਮੈਂ ਹੁਣੇ ਰੱਖ ਕੇ ਨ੍ਹਾਉਣੇ ਵੜੀ ਸੀ ।"
ਇਕ ਬੁੱਢੀ ਜਿਹੀ ਪਾਸੋਂ ਬੋਲੀ, “ਨੀ ਘਰਦਿਆਂ ਨੂੰ ਖਾਣੀਓ ! ਔਤ ਨਪੁੱਤਿਆਂ ਦੀਓ ਬਛੇਰੀਓ ! ਤੁਸੀਂ ਉੱਡ ਪੁੱਡ ਜਾਮੋਂ, ਐਡੇ ਮੇਲੇ ਵਿਚ ਤੁਸੀਂ ਏਹ ਚੀਜ਼ਾਂ ਸੁਮਾਲੀਆਂ ਕਿਹਨੂੰ ਸੀਆਂ ? ਜਾਓ ਤੁਸੀਂ ਐਡੀਆਂ ਹੀ, ਉਖੜਿਆਂ ਦੀਓ, ਹੁਨ ਮੈਂ ਚੂੰਡਾ ਮੁਨਾਉਣੀ ਬੁੱਢੀ ਤਾਂ ਧਿਗਾਣੇ ਉਲਾਂਭੇ ਵਿੱਚ ਆ ਗਈ ਨਾ, ਜੇਹੜੀ ਤੁਹਾਡੇ ਨਾਲ ਉਠ ਤੁਰੀ । ਬੱਢੀਓ ! ਤੁਹਾਡੇ ਘਰ ਦੇ ਹੁਣ ਮੇਰੀ ਗੁੱਤ ਮੁੰਨਣਗੇ ਨਾ ਕਿ ਤੂੰ ਐਡੀ ਸਿਆਣੀ ਹੋ ਕੇ ਇਨ੍ਹਾਂ ਦੀਆਂ ਚੀਜ਼ਾਂ ਕਿਉਂ ਨਾ ਸੰਭਾਲੀਆਂ ? ਭਲਾ ਮੈਂ ਝੁੱਗਾ-ਖਾਣੀ ਕੀ ਕਰਾਂ? ਤੁਸੀਂ ਤਾਂ ਜਿਉਂ ਦਰਿਆ ਵਿਚ ਬੜੀਆਂ ਨਿਕਲੋਂ ਹੀ ਨਹੀਂ ।"
ਕਿਨੇ ਪਾਸੋਂ ਆਖਿਆ, ‘ਬੁੱਢੀਏ ! ਗੰਗਾ ਜੀ ਨੂੰ ਦਰਿਆਓਂ ਨਹੀਂ ਆਖੀਦਾ, ਪਾਪ ਲੱਗਦਾ ਹੈ ।"
ਬੁੱਢੀ ਨੇ ਬੁਰਾ ਜਿਹਾ ਮੂੰਹ ਬਣਾ ਕੇ ਕਿਹਾ, “ਬੇ ਹੋਊ ਭਾਈ ਪਾਪ ਲੱਗਦਾ ! ਮੈਂ ਖਸਮ ਪਿੱਟੀ ਇਸ ਗੰਗਾਂ ਨੂੰ ਦਰਿਆਓ ਨਾ ਕਹਾਂ ਤਾਂ ਹੋਰ ਕੀ ਕਹਾਂ, ਜਿਸ ਨੇ ਮੇਰੀਆਂ ਕੁੜੀਆਂ ਦੇ ਗਹਿਣੇ ਕੱਪੜੇ ਗੁਆ ਦਿੱਤੇ।"
ਉਸ ਨੇ ਕਿਹਾ, “ਮਾਈ ਕੋਈ ਨਹੀਂ, ਅੱਛੀ ਤਰ੍ਹਾਂ ਨਜ਼ਰ ਮਾਰ ਕੇ ਦੇਖੋ ਲੱਭ ਪੈਣਗੇ: ਕਿਤੇ ਵਿੱਚੋ ਹੀ ਹੋਣੇ ਹਨ।"
ਬੁੱਢੀ ਬੋਲੀ, “ਬੇ ਰਾਮ, ਭਾਈ ! ਕਦੀ ਗਈ ਚੀਜ਼ ਵੀ ਲੱਭਦੀ ਹੁੰਦੀ ਹੈ ?"
ਜਾਂ ਸੱਭੇ ਤੀਮੀਆਂ ਉੱਥੋਂ ਤੁਰੀਆਂ, ਬਜ਼ਾਰ ਵਿਚ ਦੀ ਆਪਣੇ ਡੇਰੇ ਨੂੰ ਆਈਆਂ, ਰਾਹ ਵਿਚ ਇਕ ਕੁੜੀ ਨੂੰ ਕਿਸੇ ਮਨੁੱਖ ਦਾ ਐਹਾ ਜਿਹਾ ਧੱਕਾ ਲੱਗਾ ਕਿ ਕੁਛ ਕਹਿਣੇ ਦੀ ਗੱਲ ਨਹੀਂ। ਉਸ ਕੁੜੀ ਦੀ ਮਾਂ ਨੇ ਕਿਹਾ, “ਹੈ ਹੈ, ਜਾਂਦੂ ! ਤੈਂ ਤਾਂ ਮੇਰੀ ਕੁੜੀ ਨੂੰ ਮਾਰ ਹੀ ਸਿੱਟਿਆ ਸੀ । ਉੱਖੜਿਆਂ ਦਾ, ਅੱਗਾ ਦੇਖ ਕੇ ਨਹੀਂ ਤੁਰਦਾ । ਐਹੀ ਜੇਹੀ ਜੁਆਨੀ ਨੂੰ ਕਿਥੇ ਥਾਉਂ ਹੈ ? ਆਹਾਂ, ਨੀ ਕਾਹਨੋਂ ! ਦੇਖ ਤਾਂ, ਜਾਣੀਦੀ ਕੁੜੀ ਨੂੰ ਗਸ਼ੀ ਪੈ ਪੈ ਜਾਂਦੀ ਹੈ।” ਕਾਹਨੇ ਨੇ ਕਿਹਾ, “ਹਾਇਆ ! ਲੁਹੜਾ ਬੇਬੇ ਮੈਨੂੰ ਦੱਸ ਤਾਂ ਉਹ ਕੇਹੜਾ ਪੱਟਿਆ ਜਾਣਾ ਐਹਾ ਜਿਹਾ ਕਾਹਲਾ ਸੀ ? ਹੈ ਹੈ, ਉਹਨੂੰ ਨਿਘਾਰ ਪੈ ਜਾਏ, ਏ, ਓਨ ਇਹ ਨਾ ਜਾਤਾ ਭਈ ਕੁੜੀ ਨਿਆਣੀ ਹੈ । ਚੱਲ ਤਾਂ ਮੈਂ ਉਹਨੂੰ ਆਪਣਿਆਂ ਮਰਦਾਂ ਕੋਲੋਂ ਕੇਹੀ ਕੁ ਧਨੇਸੜੀ ਦੁਆਨੀ ਹਾਂ । ਨੀ ਉਹਨੂੰ ਨਿੱਘਰ ਸਿੱਘਰੀ ਆ ਜਾਏ !"
ਪਾਸੋਂ ਕਿਸੇ ਜਾਤ੍ਰੀ ਨੇ ਕਿਹਾ, “ ਚੁੱਪ ਕਰ ਮਾਈ । ਮੇਲੇ ਗੇਲੇ ਦਾ ਇਹੋ ਸੁਭਾਉ ਹੁੰਦਾ ਹੈ, ਕਈਆਂ ਦੇ ਪੈਰ ਦਰੜ ਹੋ ਜਾਂਦੇ ਅਰ ਕਈਆਂ ਨੂੰ ਧੱਕੇ ਬੱਜਦੇ ਹਨ ; ਸੋ ਹੋਊ, ਜਾਣ ਦਿਓ, ਤੀਰਥ ਨ੍ਹਾਉਣ ਆਈਆਂ ਹੋਈਆਂ ਹੋ, ਕਿਸੇ ਨੂੰ ਖੋਟਾ ਬਚਨ ਕਹਿਣਾ ਚੰਗਾ ਨਹੀਂ ।"
ਤੀਮੀਆਂ ਨੇ ਨੇ ਕਿਹਾ, “ਭਲਾ, ਬੇ ਭਾਈ ਭਲਾ ! ਤੁਸੀਂ ਮਨੁੱਖਾਂ ਨੇ ਮਨੁੱਖਾਂ ਦੀ ਹੀ ਹੁਮਾਇਤ ਕਰਨੀ ਸੀ ਨਾ, ਸਾਡਾ ਤੀਮੀਆਂ ਮਾਨੀਰਾਂ ਦਾ ਹੁਮੈਤੀ ਕੌਣ ਬਣਦਾ ਹੈ ? ਸਾਡਾ ਕੋਈ ਮਨੁੱਖ ਇੱਥੇ ਹੁੰਦਾ ਤਾਂ ਉਸ ਨੂੰ ਸੁਆਦ ਦਿਆਲ ਦਿੰਦਾ ਕਿ ਜਿਨ ਸਾਡੀ ਕੁੜੀ ਨੂੰ ਧੱਕਾ ਮਾਰਿਆ ਸਾ'' ਇਨ੍ਹਾਂ ਗੱਲਾਂ ਤੇ ਬਾਦ ਆਪਣੇ ਡੇਰੇ ਆਈਆਂ ।
ਜਾਂ ਪੰਜ ਸੱਤ ਦਿਨ ਗੰਗਾ ਜੀ ਪੁਰ ਬੀਤ ਗਏ ਤਾਂ ਮਨੁੱਖਾਂ ਨੇ ਕਿਹਾ, “ਲਓ ਭਈ, ਹੁਣ ਇਸ਼ਨਾਨ ਧਿਆਨ ਹੋ ਚੁੱਕੇ, ਚਲੋ ਘਰਾਂ ਦੀ ਤਿਆਰੀ ਕਰੋ । ਕੋਈ ਲੋਕ ਤਾਂ ਆਪਣੀਆਂ ਗੱਡੀਆਂ ਤਿਆਰ ਕਰ ਕੇ ਉਠ ਤੁਰੇ ਅਰ ਕਈ ਸਹਾਰਨਪੁਰ ਆ ਕੇ ਰੇਲ ਪੁਰ ਚੜ੍ਹ ਬੈਠੇ । ਦੋ ਚਹੁੰ ਦਿਨਾਂ ਵਿਚ ਦੁਆਬੇ ਦਾ ਸਾਰਾ ਸੰਗ ਆਪਣੇ ਘਰੀਂ ਆ ਪਹੁੰਚਾ, ਅਰ ਆਪਣੇ ਭਾਈਚਾਰੇ ਵਿਚ ਗੰਗਾ ਜਲ ਅਰ ਪਰਸ਼ਾਦ ਦੀਆਂ ਫੁੱਲੀਆਂ ਵੰਡੀਆਂ।
ਲਾਲਾ ਗੋਂਦਾ ਮੱਲ ਦੀ ਬਹੁਟੀ ਨੇ ਆਪਣੇ ਗਭਰੂ ਨੂੰ ਕਿਹਾ, “ਰਾਮ ਦਿੱਤੇ ਦਾ ਪਿਓ ! ਸਾਨੂੰ ਕਈ ਦਿਨ ਤੀਰਥ-ਜਾਤ੍ਰਾ ਦੇ ਸਬੱਬ ਭੁੰਨੇ ਸੌਂਦਿਆਂ ਨੂੰ ਹੋ ਗਏ। ਅਜ ਤਕਾਲਾਂ ਨੂੰ ਕੁਛ ਮਿੱਥਾ ਥਿੰਧਾ ਅਰ ਥੋਹੜੇ ਜਿਹੇ ਚਾਉਲ ਘਰ ਭੇਜ ਦੇਈਓ ਕਿਉਂ ਜੋ ਭਲਕੇ ਛਿੱਦਾ ਲੈ ਕੇ ਮੰਜੇ ਸੌਣਾ ਬਖਸਾ ਲਈਏ । ਗੋਂਦਾ ਮੱਲ ਨੇ ਚਾਉਲ ਭੇਜੇ ਤਾਂ ਰਾਤ ਨੂੰ ਦੋ ਤਿੰਨ ਬਾਹਮਣ ਨਿਂਉਦੇ ਦਿੱਤੇ । ਸਵੇਰ ਹੁੰਦੀ ਹੀ ਪੁਰਤਾਣੀ ਨੂੰ ਸੱਦ ਕੇ ਚਾਉਲ ਅਰ ਮਾਂਹ ਰਿਨ੍ਹਾਂ ਕੇ ਫੁਲਕੇ ਪਕਵਾਏ ਅਰ ਬਾਹਮਣ ਜੁਮਾਲ ਕੇ ਉਨ੍ਹਾਂ ਤੇ ਮੰਜੇ ਸੌਣੇ ਦੀ ਪਰਵਾਨਗੀ ਲੈ ਲਈ ।
ਹੁਣ ਪੰਜ ਸੱਤ ਤੀਮੀਆਂ ਜੋ ਮਹੱਲੇ ਦੀਆਂ ਗੋਂਦਾ ਮੱਲ ਦੀ ਬਹੁਟੀ ਪਾਸ ਕੋਈ ਅਟੇਰਨ ਫੜ ਕੇ ਅਰ ਕੋਈ ਹੱਥ ਵਿੱਚ ਧੁਣਖੀ ਲੈ ਕੇ ਅਰ ਕੋਈ ਦੋ ਤਿੰਨ ਚੂਹਟੀਆਂ ਰੂੰ ਦੀਆਂ ਫੜ ਕੇ ਆਪੋ ਆਪਣਾ ਕੰਮ ਕਰਨ ਆ ਬੈਠੀਆਂ ਤਾਂ ਕੁਛ ਗੱਲਾਂ ਚੱਲੀਆਂ। ਕਿਨੇ ਕੋਈ ਗੱਲ ਅਰ ਕਿਨੇ ਕੋਈ ਗਲ ਕਰ ਲਈ ਤਾਂ ਇਕ ਚਰਖਾ ਕੱਤਦੀ ਕੱਤਦੀ ਬੋਲੀ, “ਬੇਬੇ ਰਾਮ ਦਿੱਤੇ ਦੀ ਮਾਂ ! ਸੁਣਿਆ ਹੈ ਅੱਜ ਤੁਸੀਂ ਛਿੱਦ ਲਿਆ ਸਾ? ਕੀ ਹੋਇਆ ਹੈ ਕੁਛ ਤੁਸੀਂ ਸਾਡੇ ਘਰ ਤਾਂ ਛਿੱਦ ਦਾ ਪਰਸਾਦ ਘੱਲਣਾ ਸਾ। ਦੇਖ ਤਾਂ ਜਦ ਅਸੀਂ ਚਿੰਤਪੁਰਨੀ ਤੇ ਗੋਕਲ ਨੂੰ ਭੱਦ ਕੇ ਆਏ ਸੇ ਤਾਂ ਪਹਿਲੋਂ ਤੇਰੇ ਘਰ ਛਿੱਦ ਦਾ ਪਰਸਾਦ ਘੱਲ ਲਿਆ ਸਾਂ ਤਾਂ ਸਾਨੂੰ ਸਾਹੁ ਆਇਆ ਸਾ। ਬੇਬੇ ! ਤੁਸੀਂ ਤਾਂ ਹੁਣ ਭਾਈਚਾਰੇ ਦੀ ਸਾਰੀ ਬਰਤੋਂ ਛੱਡਦੇ ਜਾਂਦੇ ਹੋ, ਕੀ ਜਾਣੀਏ ਜਾਂ ਭਲਕ ਰੁਲਦੂ ਦਾ ਸੁੱਖ ਨਾਲ, ਵਿਆਹ ਕਰੋਗੇ ਤਾਂ ਭਾਈਚਾਰੇ ਦੀ ਭਾਜੀ ਜਾਜੀ ਬੀ ਨਹੀਂ ਦੇਮੋਂਗੇ !”
ਗੋਂਦਾ ਮੱਲ ਦੀ ਬਹੂ ਨੇ ਅਚੰਭਾ ਜੇਹਾ ਕਰ ਕੇ ਕਿਹਾ, ‘ਅੜੀਏ ਰਾਮੀਏਂ ! ਤੈਨੂੰ ਕੀ ਦੱਸਾਂ ? ਜੇਹੜੇ ਅਸੀਂ ਬਾਹਮਣ ਜੁਮਾਲੇ ਸੇ, ਸਹੁੰ ਤੇਰੀ, ਉਨ੍ਹੀਂ ਪੰਦਰਾਂ ਸੇਰਾਂ ਦੀਆਂ ਰੋਟੀਆਂ ਅਰ ਚਾਉਲਾਂ ਵਿਚੋਂ ਮੁਸਕ ਨਾ ਛੱਡੀ । ਭੈਣੋਂ ! ਮੈਂ ਹੱਕੀ ਬੱਕੀ ਰਹਿ ਗਈ। ਨੀ ਉਨ੍ਹਾਂ ਮੋਇਆਂ ਦੇ ਢਿੱਡ ਕਾਹਦੇ ਸੇ ਕੋਈ ਟੋਏ ਹੋਣਗੇ ! ਨੀ ਤੂੰ ਭਗਵਾਨ ਦੀ ਬੰਦੀ ਹੈਂ, ਰੱਬ ਝੂਠ ਨਾ ਬੁਲਾਵੇ ਉਹ ਤਾਂ ਕੋਈ ਐਹੋ ਨਦੀਦੇ ਸੇ ਕਿ ਅੰਨ ਨੂੰ ਹਾਬੜੇ ਹੋਏ ਪਏ ! ਬੇਬੇ ਕੀ ਜਾਣੀਏ, ਉਨ੍ਹੀਂ ਕਦੀ ਅੰਨ ਡਿੱਠਾ ਹੀ ਨਹੀਂ ਸੀ ! ਤੂੰ ਸੱਚ ਕਰ ਕੇ ਜਾਣੀਂ ਮੈਂ ਅਣਤੋਲੀ ਮਿੱਟੀ ਪੁਰ ਬੈਠੀ ਹੈਂ, ਝੂਠ ਨਹੀਂ ਕਹੂੰਗੀ, ਉਹ ਤਿੰਨੋਂ ਜਣੇ ਬਲਟੋਹੀ ਮਾਂਹਾਂ ਦੀ ਪਾਣੀ ਵਾਂਗਰ ਪੀ ਗਏ ! ਮੈਨੂੰ ਭਰਾ ਦੀ ਸਹੁੰ ਅਸੀਂ ਜਾਂ ਦੂਜੀ ਵਾਰ ਆਟਾ ਗੁੰਨ੍ਹਿਆਂ ਤਾਂ ਟੱਬਰ ਟੀਹਰ ਨੂੰ ਰੋਟੀ ਖਲਾਈ । ਫੇਰ ਦੱਸ ਤਾਂ, ਪ੍ਰਸਾਦ ਤੈਨੂੰ ਕਿੱਥੋਂ ਘੱਲਦੇ ?"
ਰਾਮੀ ਨੇ ਕਿਹਾ, “ਹੈਂ ਹੈਂ, ਨੀਂ ਤੁਸੀਂ ਕੇਹੜੇ ਕੇਹੜੇ ਬਾਹਮਣ ਨੂੰ ਜੁਮਾਲਿਆ ਸਾ ? ਉਹ ਚੰਦਰੇ ਬਾਹਮਣ ਕਾਹਦੇ ਸੇ ਕੋਈ ਛਨਿੱਛਰ ਸੇ?"
ਉਸ ਨੇ ਕਿਹਾ, “ਬੇਬੇ ਇਕ ਤਾਂ ਸਾਡਾ ਪਾਂਧਾ ਜਗਨਾ ਸਾ ਅਰ ਦੂਜਾ ਮਿਸਰ ਰਾਮਜਸ ਆਖਦੇ ਹਨ ਅਰ ਤੀਜੇ ਦਾ ਮੈਂ ਨਾਉਂ ਤਾਂ ਜਾਣਦੀ ਨਹੀਂ ਕਿੱਸੂ ਦੇ ਕੋਟ ਦਾ ਕੋਈ ਪੱਕੇ ਜਹੇ ਰੰਗ ਦਾ ਲੰਮਾ ਜੇਹਾ ਸਾ।”
ਇਕ ਬੋਲੀ, “ਨੀ ਆਹੋ ! ਮੈਂ ਜਾਣਦੀ ਹੈਂ। ਉਹਨੂੰ ਇਕ ਬਾਰ ਸੈਂਕਰ ਦਾ ਲਾਲਾ ਬੀ ਸਰਾਧਾਂ ਵਿੱਚ ਨੇਉਂਦਾ ਕਹਿ ਆਇਆ ਸਾ । ਭੈਣੇ ਸਾਰੇ ਬਾਹਮਣ ਜੇਉਂ ਚੁੱਕੇ, ਉਸ ਪੱਟੇ ਜਾਣੇ ਦਾ ਢਿੱਡ ਭਰਨੇ ਵਿੱਚ ਨਾ ਆਵੇ । ਕਿ ਜਾਣੀ ਉਹਦਾ ਨਾਉਂ ਗੋਪੀ ਹੈ ?''
ਗੋਂਦਾ ਮੱਲ ਦੀ ਬਹੁਟੀ ਨੇ ਕਿਹਾ, “ਹਾਂ ਹਾਂ, ਸਚੁ ! ਉਸ ਉੱਖੜੇ ਦਾ ਨਾਉਂ ਗੋਪੀ, ਗੋਪੀ ਹੀ ਸੱਦਦੇ ਸੇ । ਪੁਛ ਪੁਰਤਾਣੀ ਨੂੰ ਜਿਹੜੀ ਬਚਾਰੀ ਪਕਾਉਂਦੀ ਪਕਾਉਂਦੀ ਨੂੰ ਦੁਪਹਿਰਾ ਆਇਆ ਸਾ।”
ਰਾਮੀ ਨੇ ਪੁੱਛਿਆ, “ਅੜੀਏ ਤੂੰ ਆਪ ਰਸੋਈ ਨ ਸੋ ਲੱਗੀ ?"
ਉਸ ਨੇ ਕਿਹਾ, “ਨਾ, ਮੈਂ ਤਾਂ ਅੱਜੁ ਤੀਆ ਦਿਨ ਹੈ, ਅੱਛੀ ਨ ਸੋ।”
(ਸ਼ਬਦਾਰਥ = ਦਦੇਹਸ : ਬੱਸ ਦੀ ਸੱਸ, ਪਤੀ ਦੀ ਦਾਦੀ । ਪਤੀਹਸ : ਪਤੀ ਦੀ ਚਾਚੀ ਜਾਂ ਤਾਈ । ਫੁਫੇਹਸ : ਪਤੀ ਦੀ ਭੂਆ । ਦਦਿਅਹੁਰਾ : ਪਤੀ ਦਾ ਦਾਦਾ । ਪਤਿਅਹੁਰਾ : ਪਤੀ ਦਾ ਚਾਚਾ ਜਾਂ ਤਾਇਆ । ਅਲੋਕਾਰੀ : ਅਲੋਕਾਰੀ, ਅਜੀਬ; ਏਥੇ ਅਨੋਖੀ, ਜਗ ਤੋਂ ਬਾਹਰੀ ਗੱਲ । ਚੋਲੇ ਸੀਉਂਦਿਆਂ ਉੱਧਲਨਾ, ਚੇਲੇ ਸੀਤੀ ਉੱਧਲਨਾ: ਰਜੇ ਪੁੱਜੇ ਹੋਣ ਦੇ ਬਾਵਜੂਦ ਘਰ ਤੋਂ ਜੀ ਉਪਰਾਮ ਕਰ ਲੈਣਾ, ਅਕਾਰਨ ਵਿਗੜ ਬਹਿਣਾ । ਕਹਾਣਾ : ਅਖਾਣ, ਕਿਸੇ ਦੀ ਮਰਨੀ ਮਰਨਾ : ਦੂਜੇ ਦੀ ਥਾਂ ਆਪਣੀ ਜਾਨ ਬਾਰਨ ਲਈ ਤਿਆਰ ਰਹਿਣਾ, ਸਦਕੇ ਜਾਣਾ । ਸੁਰਤ ਚੱਲਣੀ : ਧਿਆਨ ਜਾਣਾ, ਮਨ ਦਾ ਦੌੜਨਾ । ਸਾਡੇ : ਅਸਾਂ ਤੇ, ਸਾਥੋਂ। ਪੌਂਚੀ : ਵੀਣੀ ਦਾ ਇਕ ਗਹਿਣਾ । ਜਾਂਦੂ : ਨਾ ਰਹਿਣਹਾਰ, ਮੌਤ ਪੈਣਾ । ਧਨੇਸੜੀ ਦੇਣਾ : ਮਾਰ ਕੁੱਟ ਕਰਨਾ, ਧਾਨਾਂ ਵਾਂਗੂੰ ਛੜਨਾ । ਛਿੱਦ ਲੈਣਾ : ਤੀਰਥ ਯਾਤਰਾ ਤੋਂ ਵਾਪਸ ਆ ਕੇ ਬ੍ਰਾਹਮਣਾਂ ਨੂੰ ਰੋਟੀ ਖਵਾਣਾ, ਉਨ੍ਹਾਂ ਪਾਸੋਂ ਮੰਜੇ ਉੱਤੇ ਸੌਣ ਦੀ ਆਗਿਆ ਲੈਣਾ । ਨੇਉਂਦ ਦੇਣਾ : ਰੋਟੀ ਆਖਣਾ । ਪੁਰਤਾਣੀ : ਪਰੋਹਤਣੀ, ਪਰੋਹਤ ਦੀ ਪਤਨੀ। ਜੁਮਾਲਨਾ : ਖਵਾਉਣਾ । ਭੁਦਣਾ : ਸਿਰ ਮੁੰਨਣਾ, ਝੰਡ ਲਾਹੁਣਾਂ । ਨਦੀਦ : ਜਿਸ ਨੇ ਕਦੀ ਕੁੱਝ ਨਾ ਦੇਖਿਆ ਹੋਵੇ, ਭੁੱਖੜ, ਲੋਭੀ । )