Gallan Karan Wala Khota (Punjabi Story) : Sukhbir

ਗੱਲਾਂ ਕਰਨ ਵਾਲਾ ਖੋਤਾ (ਕਹਾਣੀ) : ਸੁਖਬੀਰ

ਫੱਤੂ ਘੁਮਾਰ ਕੋਲ ਇੱਕ ਬੁੱਢਾ ਖੋਤਾ ਸੀ, ਜਿਸ ‘ਤੇ ਉਹ ਇੱਟਾਂ ਢੋਇਆ ਕਰਦਾ ਸੀ।

ਇੱਕ ਦਿਨ ਉਹ ਸਵੇਰੇ ਉਠ ਕੇ ਖੋਤੇ ਨੂੰ ਖੋਲ੍ਹਣ ਲੱਗਾ ਤਾਂ ਖੋਤੇ ਨੇ ਕਿਹਾ, “ਅੱਜ ਮੇਰੀ ਤਬੀਅਤ ਵੱਲ ਨਹੀਂ ਏ। ਮੈਨੂੰ ਅਰਾਮ ਕਰ ਲੈਣ ਦੇ।”

ਫੱਤੂ ਨੇ ਖੋਤੇ ਨੂੰ ਗੱਲ ਕਰਦਿਆਂ ਸੁਣਿਆ, ਤਾਂ ਭੌਚੱਕਾ ਰਹਿ ਗਿਆ। ‘ਭਲਾ ਖੋਤਾ ਵੀ ਗੱਲਾਂ ਕਰ ਸਕਦੈ?’ ਉਸ ਨੇ ਸੋਚਿਆ ਤੇ ਅੱਖਾਂ ਟੱਡੀ ਖੋਤੇ ਨੂੰ ਵੇਖਣ ਲੱਗਾ।

“ਇੰਝ ਕਿਉਂ ਘੂਰ ਰਿਹੈਂ?” ਖੋਤੇ ਨੇ ਕਿਹਾ। “ਕੀ ਮੈਂ ਇੱਕ ਦਿਨ ਲਈ ਵੀ ਅਰਾਮ ਨਹੀਂ ਕਰ ਸਕਦਾ?”

ਹੁਣ ਫੱਤੂ ਉਥੇ ਹੋਰ ਵਧੇਰੇ ਖੜ੍ਹਾ ਨਾ ਰਹਿ ਸਕਿਆ ਤੇ ਮੁੜਦੇ ਪੈਰੀਂ ਘਰ ਗਿਆ ਤੇ ਜਾਂਦੇ ਹੀ ਆਪਣੀ ਪਤਨੀ ਨੂੰ ਕਹਿਣ ਲੱਗਾ, “ਸੁਣਦੀ ਏਂ? ਸਾਡਾ ਖੋਤਾ ਗੱਲਾਂ ਕਰਦੈ।”

“ਖੋਤਾ ਗੱਲਾਂ ਕਰਦੈ?” ਪਤਨੀ ਦੇ ਚਿਹਰੇ ‘ਤੇ ਬੇਯਕੀਨੀ ਦੇ ਭਾਵ ਆਏ।

“ਚੱਲ ਕੇ ਆਪਣੀ ਅੱਖੀਂ ਵੇਖ ਲੈਜੇ ਮੇਰੀ ਗੱਲ ‘ਤੇ ਭਰੋਸਾ ਨਹੀਂ।”

ਉਸ ਵੇਲੇ ਘਰ ਦੇ ਵਿਹੜੇ ਵਿਚ ਇੱਕ ਕੁੱਤਾ ਬੈਠਾ ਹੋਇਆ ਸੀ। ਉਹ ਮੂੰਹ ਚੁੱਕੀ ਜਿਵੇਂ ਬੜੇ ਗਹੁ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਤਦ ਉਹ ਬੋਲਿਆ, “ਭੌਂ-ਭੌਂ! ...ਅਜੀਬ ਏ! ਭਲਾ ਖੋਤੇ ਵੀ ਗੱਲਾਂ ਕਰ ਸਕਦੇ ਨੇ?”

ਫੱਤੂ ਤੇ ਉਸ ਦੀ ਪਤਨੀ ਨੇ ਕੁੱਤੇ ਦੀ ਇਹ ਗੱਲ ਸੁਣੀ, ਤਾਂ ਕੁਝ ਕੁ ਬਿੰਦ ਗੱਲਾਂ ਕਰਨ ਵਾਲਾ ਖੋਤਾ ਸੁਖਬੀਰ ਤਾਂ ਬੌਂਦਲਿਆਂ ਵਾਂਗ ਉਸ ਵੱਲ ਵੇਖਦੇ ਰਹਿ ਗਏ। ਫੇਰ, ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਫੱਤੂ ਦੇ ਮੂੰਹੋਂ ਨਿਕਲਿਆ, “ਲੈ, ਇਹ ਕੁੱਤਾ ਵੀ ਗੱਲਾਂ ਕਰਦੈ!”

“ਭੌਂ-ਭੌਂ!” ਕੁੱਤੇ ਨੇ ਕਿਹਾ। “ਕੀ ਮੈਂ ਖੋਤਾ ਹਾਂ, ਜੋ ਗੱਲਾਂ ਨਹੀਂ ਕਰ ਸਕਦਾ?” ਤੇ ਉਹ ਜਿਵੇਂ ਬੁਰਾ ਮਨਾਅ ਕੇ ਉਥੋਂ ਚਲਾ ਗਿਆ।

ਉਸੇ ਵੇਲੇ ਫੱਤੂ ਤੇ ਉਸਦੀ ਪਤਨੀ ਘਰੋਂ ਨਿਕਲੇ।

“ਏਨੀ ਕਾਹਲੀ ਕਾਹਲੀ ਕਿੱਥੇ ਜਾ ਰਹੇ ਹੋ?” ਰਾਹ ਵਿਚ ਇੱਕ ਤੀਵੀਂ ਨੇ ਉਹਨਾਂ ਨੂੰ ਪੁੱਛਿਆ, ਜੋ ਆਪਣੀ ਗਾਂ ਨੂੰ ਬਾਹਰ ਖੇਤਾਂ ਵਿਚ ਚਰਾਉਣ ਜਾ ਰਹੀ ਸੀ।

“ਸਾਡਾ ਖੋਤਾ ਗੱਲਾਂ ਕਰਦੈ!” ਫੱਤੂ ਦੀ ਪਤਨੀ ਨੇ ਕਿਹਾ।

“ਕਿਤੇ ਪਾਗਲ ਤਾਂ ਨਹੀਂ ਹੋ ਗਈ ਤੂੰ!” ਤੀਵੀਂ ਨੇ ਹਲਕਾ ਜਿਹਾ ਹੱਸ ਕੇ ਕਿਹਾ।

“ਖੋਤੇ ਨੂੰ ਹੀ ਨਹੀਂ ਅੱਜ ਅਸੀਂ ਕੁੱਤੇ ਨੂੰ ਵੀ ਗੱਲਾਂ ਕਰਦਿਆਂ ਸੁਣਿਐ!” ਫੱਤੂ ਨੇ ਕਿਹਾ।

“ਬੈਂ-ਬੈਂ!” ਉਸਦੀ ਗੱਲ ਸੁਣਦਿਆਂ ਹੀ, ਤੀਵੀਂ ਦੇ ਪਿੱਛੇ ਖੜ੍ਹੀ ਗਾਂ ਬੋਲੀ। “ਸੱਚੀਂ ਮੁੱਚੀਂ ਇਹ ਦੋਵ੍ਹੇਂ ਪਾਗਲ ਨੇ। ਭਲਾ ਖੋਤੇ ਤੇ ਕੁੱਤੇ ਵੀ ਗੱਲਾਂ ਕਰ ਸਕਦੇ ਨੇ!”

ਹੁਣ ਤਿੰਨਾਂ ਨੇ ਘਬਰਾਅ ਕੇ ਗਾਂ ਵੱਲ ਦੇਖਿਆ। ਹੈਰਾਨੀ ਸਦਕਾ ਉਹਨਾਂ ਦੀਆਂ ਅੱਖਾਂ ਪਾਟਣ ‘ਤੇ ਆ ਗਈਆਂ ਸਨ। ਤਦੇ ਗਾਂ ਨੇ ਕਿਹਾ, “ਇੰਝ ਅੱਖਾਂ ਪਾੜੀ ਕੀ ਵੇਖ ਰਹੇ ਹੋ, ਗਾਂ ਹੀ ਤਾਂ ਹਾਂ, ਸ਼ੇਰ ਤਾਂ ਨਹੀਂ ਜੋ ਤੁਹਾਨੂੰ ਖਾ ਜਾਵਾਂਗੀ।”

“ਹੱਦ ਹੋ ਗਈ ਹੈ,” ਫੱਤੂ ਨੇ ਸਿਰ ਹਿਲਾਅ ਕੇ ਕਿਹਾ।

ਗਾਂ ਵਾਲੀ ਤੀਵੀਂ ਹਾਲੀ ਤੱਕ ਅੱਖਾਂ ਪਾੜੀ ਗਾਂ ਵੱਲ ਵੇਖ ਰਹੀ ਸੀ।

ਫੱਤੂ ਤੇ ਉਸਦੀ ਪਤਨੀ ਉਸਨੂੰ ਓਥੇ ਹੀ ਛੱਡ ਕੇ ਤਿੱਖੇ ਪੈਰੀਂ ਆਪਣੇ ਖੋਤੇ ਕੋਲ ਗਏ। ਖੋਤਾ ਧੌਣ ਨਿਵਾਈ, ਅੱਖਾਂ ਮੀਟੀ, ਨਿਢਾਲ ਬਣਿਆ ਖੜ੍ਹਾ ਸੀ ਤੇ ਉਹ ਖੜ੍ਹਾ ਖੜ੍ਹਾ ਸੌਂ ਰਿਹਾ ਜਾਪਦਾ ਸੀ।

ਫੱਤੂ ਨੇ ਆਪਣੀ ਪਤਨੀ ਨੂੰ ਕਿਹਾ, “ਵਿਚਾਰੇ ਦੀ ਤਬੀਅਤ ਖਰਾਬ ਏ, ਸੋ ਅਰਾਮ ਕਰ ਰਿਹਾ ਏ, ਇਸ ਵੇਲੇ ਇਸ ਨੂੰ ਜਗਾਉਣਾ ਠੀਕ ਨਹੀਂ। ਰਤਾ ਠਹਿਰ ਕੇ ਆਵਾਂਗੇ, ਤਦ ਇਸਨੂੰ ਗੱਲਾਂ ਕਰਦੇ ਨੂੰ ਸੁਣੀਂ।”

“ਮੈਨੂੰ ਹਾਲੇ ਵੀ ਯਕੀਨ ਨਹੀਂ ਆ ਰਿਹਾ ਕਿ ਇਹ ਗੱਲਾਂ ਕਰ ਸਕਦੈ!” ਪਤਨੀ ਨੇ ਕਿਹਾ। “ਘੱਟੋ ਘੱਟ ਖੋਤਾ ਤਾਂ ਗੱਲਾਂ ਨਹੀਂ ਕਰ ਸਕਦਾ!”

“ਆਪਣੇ ਕੰਨੀਂ ਸੁਣੇਂਗੀ ਤਾਂ ਯਕੀਨ ਹੋ ਜਾਏਗਾ।” ਫੱਤੂ ਨੇ ਕਿਹਾ।

“ਚੱਲ ਤਦ ਤਾਈਂ ਜ਼ਿਮੀਂਦਾਰ ਦੇ ਘਰ ਹੋ ਆਈਏ, ਫੱਤੂ ਦੀ ਪਤਨੀ ਨੇ ਕਿਹਾ। “ਉਹਨਾਂ ਕੋਲੋਂ ਕੁਝ ਕਣਕ ਉਧਾਰ ਲੈਣੀ ਏ।”

ਜ਼ਿਮੀਂਦਾਰ ਦੇ ਘਰ ਜਾ ਕੇ ਫੱਤੂ ਨੇ ਗੱਲਾਂ ਗੱਲਾਂ ਵਿਚ ਆਪਣੇ ਖੋਤੇ ਦੇ ਗੱਲਾਂ ਕਰਨ ਦਾ ਜ਼ਿਕਰ ਕੀਤਾ। ਸੁਣਦਿਆਂ ਹੀ ਜ਼ਿਮੀਂਦਾਰ ਖਿੜਖਿੜਾ ਕੇ ਹੱਸਿਆ। “ਤੂੰ ਸੱਤਰਿਆ-ਬਹੱਤਰਿਆ ਗਿਆ ਏਂ! ਜਿਓਂ ਜਿਓਂ ਬੁੱਢਾ ਹੁੰਦਾ ਜਾ ਰਿਹੈਂ, ਤੇਰੀ ਅਕਲ ਜਵਾਬ ਦਿੰਦੀ ਜਾ ਰਹੀ ਏ। ਗੱਲਾਂ ਕਰਦੈਂ ਬਿਲਕੁਲ ਖੋਤੇ ਵਰਗੀਆਂ।”

“ਕਾਂ-ਕਾਂ!” ਘਰ ਦੇ ਬਨੇਰੇ ‘ਤੇ ਬੈਠਾ ਇੱਕ ਕਾਂ ਬੋਲਿਆ। “ਹਾਂ, ਬਿਲਕੁਲ ਹੀ ਖੋਤੇ ਵਰਗੀਆਂ ਗੱਲਾਂ ਕਰਦੈ।”

ਜ਼ਿਮੀਂਦਾਰ ਤੇ ਫੱਤੂ ਨੇ ਚਾਣਚੱਕ ਕਾਂ ਵੱਲ ਵੇਖਿਆ ਤੇ ਹੈਰਾਨੀ ਵਿਚ ਵੇਖਦੇ ਰਹੇ। ਕਾਂ ਨੇ ਫੇਰ ਕਿਹਾ, “ਕਾਂ-ਕਾਂ! ਭਲਾ ਖੋਤਾ ਵੀ ਗੱਲਾਂ ਕਰ ਸਕਦੈ? ਤੁਸੀਂ ਵੀ ਅਜੀਬ ਖੋਤੇ ਹੋ, ਜੋ ਅਜਿਹੀਆਂ ਅਣਹੋਣੀਆਂ ਗੱਲਾਂ ਕਰ ਰਹੇ ਹੋ!”

ਤੇ ਉਸੇ ਵੇਲੇ ਉਹ ਉੱਡ ਗਿਆ।

(ਕਿਤਾਬ ਛੱਪੜ ਤੇ ਅਸਮਾਨ,

  • ਮੁੱਖ ਪੰਨਾ : ਕਹਾਣੀਆਂ, ਸੁਖਬੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ