Faasle (Punjabi Story) : Pro. Niranjan Tasneem
ਫ਼ਾਸਲੇ (ਕਹਾਣੀ) : ਪ੍ਰੋ. ਨਿਰੰਜਣ ਤਸਨੀਮ
ਪਿਛਲੇ ਦਿਨੀਂ ਦਿੱਲੀ ਜਾਣਾ ਪਿਆ, ਚਾਚਾ ਜੀ ਦਾ ਅਪਰੇਸ਼ਨ ਹੋਣ ਕਰਕੇ। ਉਨ੍ਹਾਂ ਦੀਆਂ ਬੇਟੀਆਂ ਵੀ ਆਈਆਂ ਹੋਈਆਂ ਸਨ ਉਥੇ, ਇੱਕ ਅਮਰੀਕਾ ਤੋਂ ਦੂਜੀ ਬੰਗਲੌਰ ਤੋਂ। ਲੜਕਾ ਪਹਿਲਾਂ ਹੀ ਕੋਠੀ ਦੇ ਥੱਲੇ ਦੇ ਪੋਰਸ਼ਨ ਵਿੱਚ ਰਹਿ ਰਿਹਾ ਸੀ। ਇੰਜ ਉਨ੍ਹਾਂ ਦਾ ਪੂਰਾ ਪਰਿਵਾਰ ਇਕੱਠਾ ਹੋ ਗਿਆ, ਚਿੰਤਾ ਦੀ ਉਸ ਘੜੀ ਵਿੱਚ। ਅਪਰੇਸ਼ਨ ਠੀਕ ਹੋ ਗਿਆ ਅਤੇ ਦਸ-ਬਾਰਾਂ ਦਿਨ ਹਸਪਤਾਲ ਵਿੱਚ ਰਹਿ ਕੇ ਚਾਚਾ ਜੀ ਘਰ ਪਰਤ ਆਏ। ਸਭ ਖੁਸ਼ ਸਨ ਕਿ ਹੁਣ ਹੌਲੀ-ਹੌਲੀ ਉਹ ਪਹਿਲਾਂ ਵਾਂਗ ਤੰਦਰੁਸਤ ਹੋ ਜਾਣਗੇ। ਮੈਂ ਜਦੋਂ ਉਥੇ ਪਹੁੰਚਿਆ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਆਇਆਂ ਇੱਕ ਹਫ਼ਤਾ ਹੋ ਚੁੱਕਿਆ ਸੀ। ਮੈਨੂੰ ਦੇਖ ਕੇ ਉਹ ਜਿਵੇਂ ਚਹਿਕ ਉੱਠੇ ਅਤੇ ਦੋ ਘੰਟੇ ਲਗਾਤਾਰ ਮੇਰੇ ਨਾਲ ਗੱਲਾਂ ਕਰਦੇ ਰਹੇ। ਉਨ੍ਹਾਂ ਨੂੰ ਮੈਂ ਮਸਾਂ ਪੰਜ ਕੁ ਮਹੀਨਿਆਂ ਬਾਅਦ ਮਿਲਿਆ ਸੀ ਪਰ ਲੱਗ ਇਵੇਂ ਰਿਹਾ ਸੀ ਜਿਵੇਂ ਪੰਜ ਸਾਲਾਂ ਪਿੱਛੋਂ ਮਿਲਿਆ ਹੋਵਾਂ।
ਉਥੇ ਪਹੁੰਚਣ ਦੇ ਪਹਿਲੇ ਦਿਨ ਰਾਤੀਂ ਖਾਣਾ ਖਾ ਕੇ ਅਸੀਂ ਗੱਪਾਂ ਮਾਰ ਰਹੇ ਸੀ ਕਿ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਆਪੋ-ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ। ਆਪਣੇ ਵਿਆਹਾਂ ਤੋਂ ਪਹਿਲਾਂ ਵੀ ਉਹ ਇਨ੍ਹਾਂ ਕਮਰਿਆਂ ਵਿੱਚ ਹੀ ਰਹਿੰਦੀਆਂ ਸਨ ਅਤੇ ਹੁਣ ਵੀ ਉਹ ਜਦੋਂ ਇੱਥੇ ਆਉਂਦੀਆਂ, ਇਹੀ ਕਮਰੇ ਮੱਲ ਲੈਂਦੀਆਂ। ਦੋਵਾਂ ਕਮਰਿਆਂ ਵਿਚਲੇ ਕਾਮਨ ਬਾਥਰੂਮ ਕਾਰਨ ਉਨ੍ਹਾਂ ਨੂੰ ਕਿਸੇ-ਕਿਸਮ ਦੀ ਬੇਆਰਾਮੀ ਨਾ ਹੁੰਦੀ। ਚਾਚਾ ਜੀ ਦਾ ਲੜਕਾ ਡਿਨਰ ਤੋਂ ਪਹਿਲਾਂ ਹੀ ਥੱਲੇ ਆਪਣੇ ਪੋਰਸ਼ਨ ਵਿੱਚ ਚਲਿਆ ਗਿਆ ਸੀ, ਆਪਣੀ ਪਤਨੀ ਅਤੇ ਬੱਚਿਆਂ ਨਾਲ ਖਾਣਾ ਖਾਣ ਲਈ। ਮੇਰੇ ਸੌਣ ਦਾ ਸਮਾਂ ਹੋਇਆ ਤਾਂ ਚਾਚਾ ਜੀ ਕਹਿਣ ਲੱਗੇ, ”ਤੂੰ ਡਰਾਇੰਗ ਰੂਮ ਦੇ ਨਾਲ ਵਾਲੇ ਕਮਰੇ ਵਿੱਚ ਸੌਂ ਜਾ, ਬਸ ਏਨਾ ਕੁ ਹੈ ਕਿ ਨਹਾਉਣ-ਧੋਣ ਲਈ ਤੈਨੂੰ ਸਾਡੇ ਵਾਲੇ ਬਾਥਰੂਮ ਵਿੱਚ ਆਉਣਾ ਪਏਗਾ।”
”ਕੋਈ ਗੱਲ ਨਹੀਂ, ਚਾਚਾ ਜੀ, ਮੈਂ ਉਥੇ ਹੀ ਸੌਂ ਜਾਵਾਂਗਾ,” ਏਨਾ ਕਹਿ ਕੇ ਮੈਂ ਕੁਰਸੀ ਤੋਂ ਉੱਠਿਆ।
”ਜਾਂ ਫਿਰ ਉਪਰਲੇ ਕਮਰੇ ਵਿੱਚ ਚਲਿਆ ਜਾ, ਉਥੇ ਅਟੈਚਡ ਬਾਥਰੂਮ ਵੀ ਹੈ,” ਇਹ ਸੁਝਾਅ ਚਾਚੀ ਜੀ ਦਾ ਸੀ।
”ਇਹ ਹੋਰ ਵੀ ਚੰਗੀ ਗੱਲ ਹੈ,” ਮੇਰੇ ਮੂੰਹੋਂ ਸੁਭਾਵਕ ਨਿਕਲਿਆ।
ਅਸਲ ਵਿੱਚ ਮੈਂ ਵੀ ਇਹੀ ਚਾਹੁੰਦਾ ਸੀ ਕਿ ਬਾਥਰੂਮ ਦੀ ਵਰਤੋਂ ਕਰਨ ਲਈ ਮੈਨੂੰ ਆਪਣੇ ਕਮਰੇ ਤੋਂ ਬਾਹਰ ਨਾ ਜਾਣਾ ਪਏ। ਪਿਛਲੇ ਕਈ ਸਾਲਾਂ ਤੋਂ ਮੈਂ ਇਸ ਢੰਗ ਨਾਲ ਰਹਿਣ ਦਾ ਆਦੀ ਜੋ ਹੋ ਚੁੱਕਿਆ ਸੀ। ਉਪਰਲੇ ਕਮਰੇ ਵਿੱਚ ਜਾ ਕੇ ਮੈਂ ਸਭ ਖਿੜਕੀਆਂ ਦਰਵਾਜ਼ੇ ਖੋਲ੍ਹ ਦਿੱਤੇ, ਪੱਖਾ ਚਲਾ ਦਿੱਤਾ ਅਤੇ ਕੱਪੜੇ ਬਦਲਣ ਲੱਗ ਪਿਆ। ਸਤੰਬਰ ਦਾ ਸ਼ੁਰੂ ਸੀ ਅਜੇ, ਇਸ ਲਈ ਗਰਮੀ ਕਾਫ਼ੀ ਸੀ। ਪੱਖਾ ਵੀ ਗਰਮ ਹਵਾ ਹੀ ਇਧਰ-ਉਧਰ ਖਿੰਡਾ ਰਿਹਾ ਸੀ। ਬਾਹਰ ਛੱਤ ਉਤੇ ਗਿਆ ਤਾਂ ਮੌਸਮ ਬੜਾ ਖ਼ੁਸ਼ਗਵਾਰ ਪ੍ਰਤੀਤ ਹੋਇਆ। ਨਵਾਰੀ ਪਲੰਘ ਭਾਵੇਂ ਭਾਰਾ ਸੀ ਪਰ ਮੈਂ ਖਿੱਚ ਕੇ ਬਾਹਰ ਕੱਢ ਲਿਆ। ਬਿਸਤਰਾ ਵਿਛਾ ਕੇ ਮੈਂ ਲੇਟ ਗਿਆ। ਉਪਰ ਅਸਮਾਨ ਵੱਲ ਦੇਖਿਆ ਤਾਂ ਚਮਕਦੇ ਹੋਏ ਤਾਰੇ ਮੈਨੂੰ ਕੁਝ ਜ਼ਿਆਦਾ ਹੀ ਚਮਕਦੇ ਲੱਗੇ, ਨਾਲੇ ਇੰਜ ਪ੍ਰਤੀਤ ਹੋਇਆ ਜਿਵੇਂ ਅਸਮਾਨ ਨੇੜੇ ਖਿਸਕ ਆਇਆ ਹੋਵੇ।
ਅਸਲ ਵਿੱਚ ਮੁੱਦਤਾਂ ਬਾਅਦ ਮੈਨੂੰ ਛੱਤ ਉਤੇ ਸੌਣ ਦਾ ਮੌਕਾ ਮਿਲਿਆ ਸੀ। ਕੁਝ ਦੇਰ ਮੈਂ ਸਿੱਧਾ ਲੇਟਿਆ ਰਿਹਾ। ਫਿਰ ਜਦੋਂ ਮੈਂ ਪਾਸਾ ਮੋੜਿਆ ਤਾਂ ਮੈਨੂੰ ਕੋਠੇ ਉਤੇ ਦੂਰ ਤੱਕ ਥਾਂ ਖਾਲੀ-ਖਾਲੀ ਲੱਗੀ। ਦੂਜੇ ਪਾਸੇ ਜਦੋਂ ਮੈਂ ਦੇਖਿਆ ਤਾਂ ਉਥੇ ਵੀ ਇੰਜ ਹੀ ਸੀ। ਸ਼ਾਇਦ ਉਹ ਛੱਤ ਹੀ ਜ਼ਿਆਦਾ ਵੱਡੀ ਸੀ ਜਾਂ ਓਪਰੀ ਥਾਂ ਹੋਣ ਕਰਕੇ ਮੈਨੂੰ ਇੰਜ ਹੀ ਲੱਗ ਰਿਹਾ ਸੀ। ਇਧਰ-ਉਧਰ ਨਜ਼ਰ ਦੌੜਾਈ ਤਾਂ ਦੂਜੀਆਂ ਕੋਠੀਆਂ ਦੀਆਂ ਛੱਤਾਂ ਵੀਰਾਨ ਨਜ਼ਰ ਆਈਆਂ। ਲੋਕ ਤਾਂ ਕਮਰਿਆਂ ਵਿੱਚ ਸੁੱਤੇ ਹੋਏ ਸਨ, ਏ.ਸੀ. ਜਾਂ ਕੂਲਰ ਦੀ ਠੰਢੀ ਹਵਾ ਵਿੱਚ। ਬੇਸ਼ੱਕ ਉਪਰ ਛੱਤ ਉਤੇ, ਖੁੱਲ੍ਹੇ ਅਸਮਾਨ ਥੱਲੇ, ਸੌਣ ਦਾ ਵਕਤ ਬਹੁਤ ਪਿੱਛੇ ਰਹਿ ਗਿਆ ਸੀ।
ਕੋਈ ਜ਼ਮਾਨਾ ਸੀ ਜਦੋਂ ਅੰਮ੍ਰਿਤਸਰ ਵਿੱਚ ਸਾਡੇ ਘਰ ਦੇ ਸਭ ਜੀਅ ਉਪਰਲੀ ਛੱਤ ਉਤੇ ਹੀ ਸੌਂਦੇ ਹੁੰਦੇ ਸਨ, ਗਰਮੀਆਂ ਵਿੱਚ। ਘਰ ਵਿੱਚ ਇੱਕ ਕਮਰਾ ਅਸੀਂ ਕਿਰਾਏ ਉਤੇ ਦਿੱਤਾ ਹੋਇਆ ਸੀ, ਇੱਕ ਲੇਡੀ ਟੀਚਰ ਨੂੰ। ਉਹ ਸ਼ਾਇਦ ਬਾਲ ਵਿਧਵਾ ਸੀ ਅਤੇ ਉਸ ਜ਼ਮਾਨੇ ਵਿੱਚ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਹਦੇ ਮਾਤਾ-ਪਿਤਾ ਮਰ ਚੁੱਕੇ ਸਨ ਅਤੇ ਭਰਾ-ਭਰਜਾਈ ਲਾਹੌਰ ਰਹਿੰਦੇ ਸਨ। ਬਾਊ ਜੀ ਨਾਲ ਉਹਦੇ ਭਰਾ ਦੀ ਪੁਰਾਣੀ ਵਾਕਫ਼ੀਅਤ ਹੋਣ ਕਰਕੇ ਅਸੀਂ ਇੱਕ ਕਮਰਾ ਉਸ ਨੂੰ ਕਿਰਾਏ ਉਤੇ ਦਿੱਤਾ ਹੋਇਆ ਸੀ। ਕਮੇਟੀ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ ਉਹ, ਪਹਿਲਾਂ ਪਹਿਲ। ਫਿਰ ਉਸ ਨੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਲਈ। ਬੜੇ ਚੰਗੇ ਸੁਭਾਅ ਦੀ ਸੀ, ਕੈਲਾਸ਼ੋ। ਮੇਰੇ ਤੋਂ ਕਾਫ਼ੀ ਵੱਡੀ ਸੀ, ਇਸ ਲਈ ਮੈਂ ਉਸ ਨੂੰ ਭੂਆ ਸੱਦਦਾ ਹੁੰਦਾ ਸੀ। ਛੇਤੀ ਹੀ ਉਹ ਸਾਡੇ ਘਰ ਦਾ ਇੱਕ ਜੀਅ ਬਣ ਗਈ। ਗਰਮੀਆਂ ਵਿੱਚ ਸਾਡੇ ਕੋਲ ਹੀ ਡਾਹ ਲੈਂਦੀ ਸੀ ਉਹ ਆਪਣੀ ਮੰਜੀ।
ਇੱਕ ਵਾਰ ਉਹ ਜਦੋਂ ਸਕੂਲੋਂ ਪਰਤੀ ਤਾਂ ਉਹਦੇ ਨਾਲ ਇੱਕ ਕੁੜੀ ਸੀ, ਵੀਹ-ਬਾਈ ਵਰ੍ਹਿਆਂ ਦੀ। ਉਹ ਉਸ ਸਕੂਲ ਵਿੱਚ ਹੈੱਡ-ਮਿਸਟੈ੍ਰਸ ਲੱਗ ਕੇ ਆਈ ਸੀ। ਸਿਰਫ਼ ਬੀ.ਏ. ਪਾਸ ਹੀ ਸੀ ਉਹ, ਪਰ ਬੀ.ਏ. ਪਾਸ ਕੁੜੀਆਂ ਬਹੁਤ ਘੱਟ ਮਿਲਦੀਆਂ ਸਨ, ਉਨ੍ਹੀਂ ਦਿਨੀਂ। ਭੂਆ ਕੈਲਾਸ਼ੋ ਨਾਲ ਉਹ ਦੋ-ਚਾਰ ਦਿਨਾਂ ਲਈ ਹੀ ਆਈ ਸੀ ਤਾਂ ਜੋ ਆਪਣੇ ਲਈ ਕੋਈ ਕਮਰਾ ਲੱਭ ਸਕੇ। ਸਾਡੇ ਝਾਈ ਜੀ ਨੇ ਆਪਣੀ ਗਲੀ ਵਿੱਚ ਕਈਆਂ ਨੂੰ ਪੁੱਛਿਆ ਅਤੇ ਨਾਲ ਲੱਗਦੀਆਂ ਗਲੀਆਂ ਵਿੱਚੋਂ ਵੀ ਪਤਾ ਕੀਤਾ ਪਰ ਉਹਦੇ ਲਈ ਕੋਈ ਢੰਗ ਦਾ ਕਮਰਾ ਨਾ ਮਿਲ ਸਕਿਆ। ਏਨਾ ਜ਼ਰੂਰ ਹੋਇਆ ਕਿ ਬਹੁਤੇ ਲੋਕਾਂ ਨੂੰ ਪੁੱਛਣ-ਪਛਾਣ ਕਰਕੇ ਉਹ ਬੀ.ਏ. ਵਾਲੀ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਉਂਜ ਉਸ ਦਾ ਨਾਂ ਕੁਸ਼ੱਲਿਆ ਆਨੰਦ ਸੀ। ਛੇਤੀ ਹੀ ਉਹ ਵੀ ਸਾਡੇ ਨਾਲ ਰਚ-ਮਿਚ ਗਈ ਅਤੇ ਦੋਵੇਂ ਜਣੀਆਂ ਇੱਕੋ ਕਮਰੇ ਵਿੱਚ ਰਹਿਣ ਲੱਗ ਪਈਆਂ। ਗਰਮੀਆਂ ਵਿੱਚ ਉਹਦੇ ਲਈ ਵੀ ਇੱਕ ਮੰਜੀ ਡਿੱਠਣ ਲੱਗ ਪਈ। ਸਾਡੇ ਕੋਠੇ ਉਤੇ ਹੋਰ ਮੰਜੀ ਲਈ ਥਾਂ ਤਾਂ ਨਹੀਂ ਸੀ ਪਰ ਉਪਰਲੀ ਪੌੜੀ ਉਤੇ ਇੱਕ ਇੱਟ ਰੱਖ ਕੇ ਮੰਜੀ ਦਾ ਪਾਵਾ ਟਿਕ ਸਕਦਾ ਸੀ। ਏਨਾ ਡਰ ਜ਼ਰੂਰ ਸੀ ਕਿ ਜ਼ੋਰ ਨਾਲ ਪਾਸਾ ਮੋੜਨ ਲੱਗਿਆਂ ਕਿਤੇ ਪੌੜੀ ਵਾਲੀ ਇੱਟ ਖਿਸਕ ਹੀ ਨਾ ਜਾਏ। ਪਰ ਇੰਜ ਹੋਇਆ ਕਦੀ ਨਹੀਂ।
ਅਗਲੇ ਸਾਲ ਮੈਂ ਦਸਵੀਂ ਵਿੱਚ ਹੋ ਗਿਆ। ਬੀ.ਏ. ਵਾਲੀ ਦਾ ਇੱਕ ਭਰਾ ਵੀ ਇਸੇ ਕਲਾਸ ਵਿੱਚ ਪੜ੍ਹਦਾ ਸੀ, ਸਿਆਲਕੋਟ ਵਿੱਚ। ਉਸ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਤਾਂ ਜੋ ਪੜ੍ਹਾਈ ਵਿੱਚ ਉਸ ਦੀ ਮਦਦ ਕਰ ਸਕੇ। ਅੰਮ੍ਰਿਤਸਰ ਆ ਕੇ ਉਸ ਨੂੰ ਸਾਡੇ ਸਕੂਲ ਵਿੱਚ ਹੀ ਦਾਖਲਾ ਮਿਲ ਗਿਆ, ਬਲਕਿ ਮੇਰੇ ਵਾਲੇ ਸੈਕਸ਼ਨ ਵਿੱਚ ਹੀ। ਸੱਤ ਦੇ ਆਉਣ ਨਾਲ ਏਨਾ ਜ਼ਰੂਰ ਹੋਇਆ ਕਿ ਗਰਮੀਆਂ ਵਿੱਚ ਉਹ ਦੋਵੇਂ ਜਣੀਆਂ ਇੱਕੋ ਮੰਜੀ ਉਤੇ ਪੈ ਜਾਂਦੀਆਂ ਅਤੇ ਸੱਤ ਵੱਖਰੀ ਮੰਜੀ ਉਤੇ। ਮੇਰੀ ਮੰਜੀ ਸੱਤ ਦੇ ਨਾਲ ਹੀ ਹੁੰਦੀ ਸੀ, ਇਸ ਲਈ ਕਿੰਨੀ ਕਿੰਨੀ ਦੇਰ ਅਸੀਂ ਗੱਲਾਂ ਕਰਦੇ ਰਹਿੰਦੇ। ਜਦੋਂ ਕਦੀ ਕੈਲਾਸ਼ੋ ਅਤੇ ਬੀ.ਏ. ਵਾਲੀ ਇੱਕ ਦੂਜੇ ਨਾਲ ਰੁੱਸ ਜਾਂਦੀਆਂ ਤਾਂ ਬੀ.ਏ. ਵਾਲੀ ਸੱਤ ਦੀ ਮੰਜੀ ਉਤੇ ਆ ਜਾਂਦੀ। ਉਦੋਂ ਉਹ ਮੇਰੇ ਵਾਲੇ ਪਾਸੇ ਦੀ ਹੀਅ ਨਾਲ ਲੱਗ ਜਾਂਦਾ ਅਤੇ ਆਪਣੀ ਸੱਜੀ ਲੱਤ ਮੇਰੀ ਮੰਜੀ ਉਤੇ ਰੱਖ ਲੈਂਦਾ।
ਸਵੇਰੇ ਉਠਦਿਆਂ ਹੀ ਘਰ ਵਿੱਚ ਗਹਿਮਾ-ਗਹਿਮੀ ਸ਼ੁਰੂ ਹੋ ਜਾਂਦੀ। ਇੱਕ ਲੈਟਰਿਨ ਸੀ ਕੋਠੇ ਉਤੇ ਅਤੇ ਇੱਕੋ ਗੁਸਲਖਾਨਾ ਸੀ ਥੱਲੇ, ਡਿਉੜੀ ਦੇ ਪਿਛਲੇ ਪਾਸੇ। ਕੋਈ ਹਿਸਾਬ-ਕਿਤਾਬ ਨਹੀਂ ਸੀ, ਜਿਸ ਦਾ ਦਾਅ ਲੱਗਦਾ ਉਪਰ ਚਲਿਆ ਜਾਂਦਾ ਜਾਂ ਥੱਲੇ ਉਤਰ ਆਉਂਦਾ। ਸਕੂਲ ਜਾਣ ਵਾਲੇ ਬਹੁਤ ਜਣੇ ਸਨ ਘਰ ਵਿੱਚ। ਮੇਰੇ ਦੋਵੇਂ ਛੋਟੇ ਭਰਾ ਅਤੇ ਦੋਵੇਂ ਛੋਟੀਆਂ ਭੈਣਾਂ ਸਕੂਲ ਜਾਂਦੀਆਂ ਸਨ। ਮੈਂ ਅਤੇ ਸੱਤ ਤਾਂ ਸਕੂਲ ਜਾਂਦੇ ਹੀ ਸਾਂ। ਫੇਰ ਕੈਲਾਸ਼ੋ ਅਤੇ ਬੀ.ਏ. ਵਾਲੀ ਨੇ ਵੀ ਸਕੂਲ ਜਾਣਾ ਹੁੰਦਾ ਸੀ। ਸਾਡੇ ਬਾਊ ਜੀ ਅਤੇ ਝਾਈ ਜੀ ਜ਼ਰਾ ਸਵਖਤੇ ਉਠ ਕੇ ਇਸ਼ਨਾਨ ਵਗੈਰਾ ਕਰ ਲੈਂਦੇ ਸਨ। ਬਾਕੀ ਦੇ ਸਭ ਲੋਕ ਇੱਕੋ ਵੇਲੇ ਉਠਦੇ ਅਤੇ ਇੱਕੋ ਵੇਲੇ ਤਿਆਰ ਹੋਣ ਲਈ ਉਪਰ ਥੱਲੇ ਜਾਣ ਲੱਗਦੇ।
ਦਿੱਲੀ ਚਾਚਾ ਜੀ ਦੇ ਘਰ ਉਪਰਲੀ ਛੱਤ ਉਤੇ ਲੇਟੇ ਹੋਏ ਨੂੰ ਮੈਨੂੰ ਇਹ ਸਭ ਗੱਲਾਂ ਪਤਾ ਨਹੀਂ ਕਿਉਂ ਯਾਦ ਆ ਰਹੀਆਂ ਸਨ। ਇਨ੍ਹਾਂ ਨੂੰ ਯਾਦ ਕਰਕੇ ਇੱਕ ਵਾਰ ਤਾਂ ਮੇਰੇ ਬੁੱਲ੍ਹਾਂ ਉਤੇ ਮੁਸਕਾਨ ਫੈਲ ਗਈ। ਦੂਜੇ ਪਾਸੇ ਵੱਲ ਜਦੋਂ ਮੈਂ ਮੂੰਹ ਕੀਤਾ ਤਾਂ ਮੇਰੇ ਜੀਅ ਵਿੱਚ ਆਇਆ ਕਿ ਮੈਂ ਖੁੱਲ੍ਹ ਕੇ ਹੱਸਾਂ ਪਰ ਮੈਂ ਇੰਜ ਨਾ ਕਰ ਸਕਿਆ। ਉਹ ਵੀ ਦਿਨ ਸਨ ਕਿ ਜੇ ਕੋਈ ਅੰਦਰ ਜ਼ਰਾ ਜ਼ਿਆਦਾ ਸਮਾਂ ਲਗਾ ਦੇਵੇ ਤਾਂ ਬਾਹਰ ਖੜ੍ਹਾ ਬੰਦਾ ਬੂਹਾ ਖੜਕਾ ਦਿੰਦਾ ਸੀ। ਨਹਾਉਣ ਲੱਗਿਆਂ ਤਾਂ ਮੇਰੇ ਅਤੇ ਸੱਤ ਵਿੱਚ ਦੌੜ ਜਿਹੀ ਲੱਗ ਜਾਂਦੀ ਸੀ। ਜਿਹੜਾ ਦੌੜ ਕੇ ਗੁਸਲਖਾਨੇ ਵਿੱਚ ਜਾ ਵੜਦਾ, ਉਹ ਵੇਲੇ ਸਿਰ ਤਿਆਰ ਹੋ ਜਾਂਦਾ। ਉਂਜ ਸਕੂਲ ਅਸੀਂ ਦੋਵੇਂ ਇਕੱਠੇ ਹੀ ਜਾਂਦੇ ਸੀ ਅਤੇ ਦੇਰ ਨਾਲ ਪਹੁੰਚਣ ਕਰਕੇ ਕਦੀ-ਕਦੀ ਮਾਰ ਵੀ ਖਾ ਲੈਂਦੇ ਸੀ ਪਰ ਇਹ ਨਹੀਂ ਸੀ ਹੋਇਆ ਕਿ ਜਿਹੜਾ ਜਲਦੀ ਤਿਆਰ ਹੋ ਜਾਏ, ਉਹ ਪਹਿਲਾਂ ਸਕੂਲ ਚਲਾ ਜਾਏ।
ਉਦੋਂ ਰਾਤੀਂ ਪਤਾ ਨਹੀਂ ਕਦੋਂ ਮੈਨੂੰ ਨੀਂਦ ਆਈ ਪਰ ਜਦੋਂ ਜਾਗ ਖੁੱਲ੍ਹੀ ਤਾਂ ਚਿੱਟਾ ਦਿਨ ਚੜ੍ਹਿਆ ਹੋਇਆ ਸੀ। ਉਥੋਂ ਉਠ ਕੇ ਪਹਿਲਾਂ ਮੈਂ ਬਾਥਰੂਮ ਵਿੱਚ ਗਿਆ ਅਤੇ ਫਿਰ ਥੱਲੇ ਉਤਰ ਗਿਆ। ਰਸੋਈ ਵਿੱਚ ਚਾਚੀ ਜੀ ਚਾਹ ਬਣਾ ਰਹੇ ਸਨ। ਮੈਂ ਅੰਦਰ ਕਮਰੇ ਵਿੱਚ ਚਾਚਾ ਜੀ ਦੇ ਕੋਲ ਬੈਠ ਗਿਆ-
”ਚੰਗੀ ਨੀਂਦ ਆਈ ਰਾਤ ਨੂੰ?”
”ਹਾਂ, ਚਾਚਾ ਜੀ, ਬਹੁਤ ਗੂੜ੍ਹੀ।”
”ਮੱਛਰ ਤਾਂ ਨਹੀਂ ਲੜਿਆ।”
”ਪਤਾ ਹੀ ਨਹੀਂ ਲੱਗਾ। ਉਂਜ ਮੇਰਾ ਖੂਨ ਕੌੜਾ ਹੈ, ਮੱਛਰ ਲਾਗੇ ਨਹੀਂ ਲੱਗਦਾ।”
”ਖੂਨ ਭਾਵੇਂ ਕੌੜਾ ਹੋਵੇ,” ਚਾਚੀ ਜੀ ਨੇ ਕਮਰੇ ਵਿੱਚ ਆਉਂਦਿਆਂ ਕਿਹਾ, ”ਪਰ ਸੁਭਾਅ ਨਹੀਂ ਕੌੜਾ ਹੋਣਾ ਚਾਹੀਦਾ।”
”ਪਰ ਚਾਚੀ ਜੀ, ਕਹਿੰਦੇ ਨੇ ਜਿਸ ਦਾ ਸੁਭਾਅ ਕੌੜਾ ਹੁੰਦੈ, ਉਹ ਦਿਲ ਦਾ ਮਾੜਾ ਨਹੀਂ ਹੁੰਦਾ,” ਮੇਰੇ ਮੂੰਹੋਂ ਨਿਕਲਿਆ।
”ਦਿਲ ਨੂੰ ਦੇਖਣ ਦਾ ਕੀਹਦੇ ਕੋਲ ਵਿਹਲ ਏ, ਰੰਜਨ,” ਇਹ ਕਹਿੰਦੇ ਹੋਏ ਚਾਚੀ ਜੀ ਨੇ ਚਾਹ ਦਾ ਕੱਪ ਮੈਨੂੰ ਫੜਾ ਦਿੱਤਾ।
ਹਾਂ, ਗੱਲ ਦਿਲ ਦੀ ਨਹੀਂ, ਵਿਹਲ ਦੀ ਸੀ। ਕੁਝ ਦੇਰ ਇਧਰ-ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ, ਫੇਰ ਅਖ਼ਬਾਰ ਆ ਗਈ। ਇੱਕੋ ਭਾਂਤ ਦੀਆਂ ਖ਼ਬਰਾਂ ਛਪਦੀਆਂ ਸਨ, ਰੋਜ਼ ਦਿਹਾੜੇ। ਪੜ੍ਹਨ ਜਾਂ ਨਾ ਪੜ੍ਹਨ ਨਾਲ ਬਹੁਤਾ ਫ਼ਰਕ ਨਹੀਂ ਸੀ ਪੈਂਦਾ। ਅਖ਼ਬਾਰ ਦੇ ਵਰਕੇ ਫੋਲ ਕੇ ਮੈਂ ਉਪਰਲੇ ਕਮਰੇ ਵਿੱਚ ਚਲਾ ਗਿਆ। ਪਲੰਘ ਨੂੰ ਖਿੱਚ ਕੇ ਮੈਂ ਕਮਰੇ ਵਿੱਚ ਲੈ ਆਇਆ। ਕੁਝ ਦੇਰ ਮੈਂ ਛੱਤ ਉਤੇ ਟਹਿਲਦਾ ਰਿਹਾ। ਮੈਨੂੰ ਕੋਈ ਕਾਹਲੀ ਨਹੀਂ ਸੀ, ਕਿਸੇ ਕਿਸਮ ਦੀ। ਬੜੇ ਆਰਾਮ ਨਾਲ ਮੈਂ ਤਿਆਰ ਹੁੰਦਾ ਰਿਹਾ। ਕਿਸੇ ਵੱਲੋਂ ਬਾਥਰੂਮ ਦਾ ਬੂਹਾ ਖੜਕਾਏ ਜਾਣ ਦਾ ਡਰ ਨਹੀਂ ਸੀ ਅਤੇ ਨਾ ਹੀ ਇਹ ਖਦਸ਼ਾ ਸੀ ਕਿ ਮੇਰੇ ਕੋਲੋਂ ਪਹਿਲਾਂ ਕੋਈ ਉਸ ਵਿੱਚ ਜਾ ਵੜੇਗਾ। ਆਪਣੇ ਆਪ ਵਿੱਚ, ਆਪਣੇ ਹੀ ਆਪ ਵਿੱਚ, ਅਲਮਸਤ ਸੀ ਮੈਂ। ਭਾਵੇਂ ਮੈਂ ਹੌਲੀ-ਹੌਲੀ ਤਿਆਰ ਹੋ ਰਿਹਾ ਸੀ ਪਰ ਮੈਨੂੰ ਇੰਜ ਲੱਗਾ ਜਿਵੇਂ ਮੈਂ ਬਹੁਤ ਜਲਦੀ ਤਿਆਰ ਹੋ ਗਿਆ ਹੋਵਾਂ।
ਥੱਲੇ ਉਤਰਿਆ ਤਾਂ ਰਸੋਈ ਵਿੱਚ ਕੋਈ ਨਹੀਂ ਸੀ। ਮੈਂ ਸਿੱਧਾ ਚਾਚਾ ਜੀ ਦੇ ਕਮਰੇ ਵਿੱਚ ਚਲਾ ਗਿਆ। ਉਹ ਅਖ਼ਬਾਰ ਉਤੇ ਨਜ਼ਰ ਮਾਰ ਰਹੇ ਸਨ। ਮੈਂ ਇੱਕ ਪਾਸੇ ਜਿਹੇ ਬੈਠ ਕੇ ‘ਗੈਟ ਵੈੱਲ ਸੂਨ’ ਵਾਲੇ ਕਾਰਡਾਂ ਨੂੰ ਉਲਟ-ਪੁਲਟ ਕੇ ਦੇਖਣ ਲੱਗ ਪਿਆ। ਢੇਰ ਸਾਰੇ ਕਾਰਡ ਸਨ ਅਤੇ ਉਨ੍ਹਾਂ ਉਤੇ ਛਪੀ ਹੋਈ ਭਾਂਤ-ਭਾਂਤ ਦੀ ਇਬਾਰਤ ਬਹੁਤ ਦਿਲਕਸ਼ ਸੀ। ਥੋੜ੍ਹੀ ਦੇਰ ਬਾਅਦ ਦਰਵਾਜ਼ੇ ਉਤੇ ਨਾਕ ਹੋਈ ਅਤੇ ਫਿਰ ਉਹ ਥੋੜ੍ਹਾ ਜਿਹਾ ਖੁੱਲਿ੍ਹਆ। ਉਥੇ ਚਾਚਾ ਜੀ ਦੀ ਵੱਡੀ ਲੜਕੀ ਗੋਗੀ ਖੜ੍ਹੀ ਸੀ। ਉਸ ਨੇ ਧੀਮੀ ਆਵਾਜ਼ ਵਿੱਚ ਕਿਹਾ, ”ਗੁੱਡ ਮਾਰਨਿੰਗ, ਪਾਪਾ।”
”ਮਾਰਨਿੰਗ ਬੇਟੇ,” ਚਾਚਾ ਜੀ ਨੇ ਅਖ਼ਬਾਰ ਪਰ੍ਹੇ ਰੱਖ ਦਿੱਤਾ।
”ਹਾਊ ਆਰ ਯੂ ਫੀਲਿੰਗ ਟੂਡੇ?” ਉਹੀ ਆਵਾਜ਼ ਫਿਰ ਕਮਰੇ ਵਿੱਚ ਫੈਲੀ।
”ਫਾਈਨ, ਥੈਂਕਯੂ,” ਚਾਚਾ ਜੀ ਨੇ ਅਖ਼ਬਾਰ ਨੂੰ ਦੁਬਾਰਾ ਚੁੱਕਦੇ ਹੋਏ ਜਵਾਬ ਦਿੱਤਾ।
ਫੇਰ ਉਹ ਦਰਵਾਜ਼ਾ ਬੰਦ ਹੋ ਗਿਆ, ਬਿਲਕੁਲ ਹੌਲੀ ਜਿਹੇ। ਮੈਂ ਉਨ੍ਹਾਂ ਕਾਰਡਾਂ ਨੂੰ ਤਰਤੀਬ ਵਿੱਚ ਲਗਾ ਦਿੱਤਾ। ਥੋੜ੍ਹੀ ਦੇਰ ਬਾਅਦ ਚਾਚੀ ਜੀ ਅਟੈਚਡ ਬਾਥਰੂਮ ਵਿੱਚੋਂ ਬਾਹਰ ਆ ਗਏ। ਮੈਨੂੰ ਉਥੇ ਬੈਠਾ ਦੇਖ ਕੇ ਪੁੱਛਣ ਲੱਗੇ:
”ਤੇਰਾ ਨਾਸ਼ਤਾ ਤਿਆਰ ਕਰ ਦਿਆਂ, ਰੰਜਨ?”
”ਕੋਈ ਜਲਦੀ ਨਹੀਂ, ਸਾਰਿਆਂ ਦੇ ਨਾਲ ਹੀ…”
”ਫੇਰ ਤਾਂ ਤੂੰ ਭੁੱਖਾ ਬੈਠਾ ਰਹੇਂਗਾ, ਦੋ ਘੰਟੇ।”
”ਉਹ ਕਿਵੇਂ, ਚਾਚੀ ਜੀ?”
”ਦੇਖ, ਗੋਗੀ ਨੇ ਦੁੱਧ ਦਾ ਇੱਕ ਕੱਪ ਪੀਣੈ ਤਾਂ ਉਹਦਾ ਨਾਸ਼ਤਾ ਹੋ ਗਿਆ। ਮਿੰਨੀ ਅਜੇ ਘੰਟੇ ਕੁ ਤਕ ਉਠੇਗੀ, ਫੇਰ ਤਿਆਰ ਹੋਏਗੀ ਅਤੇ ਬਟਰ-ਟੋਸਟ ਲੈ ਕੇ ਚਾਹ ਦਾ ਕੱਪ ਪੀ ਲਵੇਗੀ।”
”ਚਲੋ ਕੋਈ ਨਹੀਂ, ਤੁਸੀਂ ਤੇ ਚਾਚਾ ਜੀ ਜਦੋਂ ਨਾਸ਼ਤਾ ਕਰੋਗੇ, ਮੈਂ ਵੀ ਕਰ ਲਵਾਂਗਾ।”
”ਤੇਰੇ ਚਾਚਾ ਜੀ ਨੇ ਤਾਂ ਪਹਿਲਾਂ ਨਖਰੇ ਕਰਨੇ ਨੇ ਕਿੰਨੀ ਹੀ ਦੇਰ ਕਿ ਮੈਂ ਐਹ ਨਹੀਂ ਖਾਣਾ, ਉਹ ਨਹੀਂ ਖਾਣਾ। ਫੇਰ ਓਟਸ ਦਾ ਦਲੀਆ ਅਤੇ ਅੱਧਾ ਗਿਲਾਸ ਦੁੱਧ ਦਾ।”
”ਤੁਸੀਂ ਤਾਂ….?”
”ਮੈਂ ਲਵਾਂਗੀ ਇੱਕ ਸਲਾਈਸ ਤੇ ਜ਼ਰਦੀ ਤੋਂ ਬਗੈਰ ਇੱਕ ਅੰਡਾ।”
”ਸੱਚ ਪੁੱਛੋ ਤਾਂ ਚਾਚੀ ਜੀ, ਮੈਨੂੰ ਅੰਡੇ ਦੀ ਜ਼ਰਦੀ ਬਹੁਤ ਚੰਗੀ ਲੱਗਦੀ ਏ।”
”ਨਹੀਂ ਨਹੀਂ, ਰੰਜਨ,” ਚਾਚਾ ਜੀ ਅੱਬੜਵਾਹੇ ਬੋਲ ਪਏ, ”ਅੰਡੇ ਦੀ ਜ਼ਰਦੀ ਤਾਂ ਨਿਰਾ ਕੋਲਿਸਟਰੋਲ, ਹਾਰਟ ਲਈ ਬਹੁਤ ਹੀ ਹਾਨੀਕਾਰਕ।”
ਏਨੇ ਵਿੱਚ ਬੱਬੀ ਉਪਰ ਆ ਗਿਆ। ਉਸ ਨੇ ਆਉਂਦਿਆਂ ਹੀ ਪੁੱਛਿਆ, ”ਹਾਊ ਆਰ ਯੂ ਪਾਪਾ?” ਅਤੇ ਫਿਰ ਚਾਚਾ ਜੀ ਦਾ ਜਵਾਬ ਸੁਣਨ ਤੋਂ ਪਹਿਲਾਂ ਹੀ ਚਾਚਾ ਜੀ ਨੂੰ ਕਹਿਣ ਲੱਗਾ, ”ਕੋਈ ਦਵਾਈ ਮੰਗਵਾਣੀ ਹੋਵੇ ਤਾਂ ਦੱਸੋ, ਮੈਂ ਸ਼ਾਮੀਂ ਲੈ ਆਵਾਂਗਾ।”
”ਹਾਂ…ਇਹ ਦਵਾਈਆਂ ਲੈਂਦਾ ਆਈਂ,” ਚਾਚਾ ਜੀ ਨੇ ਇੱਕ ਪਰਚੀ ਉਸ ਨੂੰ ਫੜਾ ਦਿੱਤੀ।
”ਚੰਗਾ, ਭਾਜੀ,” ਉਸ ਨੇ ਮੇਰੇ ਵੱਲ ਤੱਕਦੇ ਹੋਏ ਕਿਹਾ, ”ਮੈਂ ਹੁਣ ਨਹਾ ਕੇ ਦਫ਼ਤਰ ਚਲੇ ਜਾਣੈ। ਸ਼ਾਮੀਂ ਮਿਲਾਂਗੇ, ਅੱਠ ਵਜੇ ਤੋਂ ਬਾਅਦ।” ਏਨਾ ਕਹਿ ਕੇ ਉਹ ਚਲਾ ਗਿਆ, ਦਰਵਾਜ਼ਾ ਆਪਣੇ ਪਿੱਛੇ ਭੀੜਦਾ ਹੋਇਆ।
ਅਚਨਚੇਤ ਮੇਰਾ ਜੀਅ ਕੀਤਾ ਕਿ ਮੈਂ ਦੌੜ ਕੇ ਪੌੜੀਆਂ ਉਤਰ ਜਾਵਾਂ ਅਤੇ ਬੱਬੀ ਤੋਂ ਪਹਿਲਾਂ ਗੁਸਲਖਾਨੇ ਵਿੱਚ ਜਾ ਵੜਾਂ।