Easter (Story in Punjabi) : Maxim Gorky
ਈਸਟਰ (ਕਹਾਣੀ) : ਮੈਕਸਿਮ ਗੋਰਕੀ
ਈਸਟਰ ਤੋਂ ਪਹਿਲਾਂ ਇੱਕ ਸ਼ਨਿੱਚਰਵਾਰ ਵਾਲ਼ੇ ਦਿਨ ਨੇਰੀ ਰਾਤ ਵਿੱਚ ਕਾਲ਼ਾ ਲਿਬਾਸ ਪਾਈ ਇੱਕ ਤੀਵੀਂ ਸ਼ਹਿਰ ਦੀ ਸਰਹੱਦ ’ਤੇ ਸੌੜੀਆਂ ਗਲ਼ੀਆਂ ਵਿੱਚੋਂ ਹੌਲ਼ੀ ਹੌਲ਼ੀ ਜਾ ਰਹੀ ਸੀ। ਉਹਦਾ ਚਿਹਰਾ ਪੱਲੇ ਥੱਲੇ ਲੁਕਿਆ ਹੋਇਆ ਸੀ ਤੇ ਢਿੱਲੇ ਢਾਲੇ ਲਿਬਾਸ ਦੀਆਂ ਬਹੁਤ ਸਾਰੀਆਂ ਲਹਿਰਾਂ ਕਰਕੇ ਉਹ ਕਾਫ਼ੀ ਲੰਮੀ ਦਿਸ ਰਹੀ ਸੀ। ਉਹ ਚੁੱਪ ਚਪੀਤੀ ਤੁਰ ਰਹੀ ਸੀ, ਅੰਤਾਂ ਦੇ ਦੁੱਖ ਦੀ ਇੰਨਬਿੰਨ ਮੂਰਤ ਬਣੀ ਹੋਈ।
ਉਸ ਦੇ ਮਗਰ, ਉਸੇ ਮੱਧਮ ਤੋਰੇ, ਵਾਜੇ ਵਾਲ਼ੇ ਤੁਰ ਰਹੇ ਸਨ ਉਨ੍ਹਾਂ ਦਾ ਟੋਲਾ ਏਨਾ ਬੱਝਵਾਂ ਸੀ ਕਿ ਇੱਕੋ ਸਰੀਰ ਜਾਪ ਰਿਹਾ ਸੀਤੇ ਉਨ੍ਹਾਂ ਉੱਪਰ ਵਾਜਿਆਂ ਦੇ ਪੀਲੇ ਪੀਲੇ ਭਿਆਨਕ ਮੂੰਹ ਜਿਵੇਂ ਤਰ ਰਹੇ ਸਨ। ਕੁੱਝ ਵਾਜੇ ਅਗਾਂਹ ਵੱਲ ਫੈਲੇ ਹੋਏ ਸਨ ਤੇ ਕੁੱਝ ਕਾਲੇ ਅਸਮਾਨ ਵੱਲ ਉੱਠੇ ਹੋਏ ਸਨ। ਸਾਰੇ ਹੀ ਚੀਕ ਰਹੇ ਸਨ, ਕਰਾਹ ਰਹੇ ਸਨ, ਲੰਮੀ, ਨੀਂਦ-ਵਿਹੂਣੀ ਰਾਤ ਦੀ ਪ੍ਰਾਰਥਨਾ ਦੇ ਅੰਤ ਵਿੱਚ ਗਾਉਣ ਵਾਲ਼ੇ ਕਈ ਸੰਨਿਆਸੀਆਂ ਵਾਂਗ ‘ਕਲੇਰੀਨੇਟ’ ਆਪਣਾ ਉਦਾਸ ਰਾਗ ਅਲਾਪ ਰਹੇ ਸਨ ਤੇ ‘ਬਸੂਨ’ ਬਨ੍ਹੇਰਿਆਂ ’ਤੇ ਕਰਾਹੁਣ ਵਾਲ਼ੀ ਭੈੜੀ ਹਵਾ ਦੀ ਯਾਦ ਦੁਆ ਰਹੇ ਸਨ। ‘ਕੋਰਨੇਟ-ਅ-ਪਿਸਟਨ’ ਭਰਵੀਂ ਆਵਾਜ਼ ਵਿੱਚ ਵਿਰਲਾਪ ਕਰ ਰਿਹਾ ਸੀ ਤੇ ਜਵਾਬ ਵਿੱਚ ਫ਼ਰਾਂਸੀਸੀ ਤੂਤੀ ਦੀ ਨਿਰਾਸ਼ਤਾ ਭਰੀ ਆਵਾਜ਼ ਗੂੰਜ ਰਹੀ ਸੀ। ‘ਸੈਕਸਹਾਰਨ’ ਨੇ ਦਰਦ ਭਰੀ ਤਾਨ ਛੇੜੀ ਤਾਂ ਵੱਡੇ ਢੋਲ ਨੇ ਉਦਾਸੀ ਭਰੇ ਕੂਚ ਦਾ ਤਾਲ ਦਿੱਤਾ ਤੇ ਛੋਟੇ ਢੋਲ ਦੀ ਆਵਾਜ਼ ਪੱਕੀ ਪਥਰੀਲੀ ਸੜਕ ’ਤੇ ਤੁਰਨ ਵਾਲ਼ੇ ਸੈਆਂ ਲੋਕਾਂ ਦੇ ਕਦਮਾਂ ਦੀ ਆਵਾਜ਼ ਵਿੱਚ ਡੁੱਬ ਗਈ।
ਪਿੱਤਲ ਦੇ ਵਾਜੇ ਪੀਲ਼ੀ ਨਿਰਜਿੰਦ ਚਮਕ ਵਿੱਚ ਲਿਸ਼ਕ ਰਹੇ ਸਨ। ਉਨ੍ਹਾਂ ਨੂੰ ਕਮਰਾਂ ਨਾਲ਼ ਕੱਸੀ ਲੋਕ ਕਿਸੇ ਹੋਰ ਹੀ ਦੁਨੀਆਂ ਤੋਂ ਆਏ ਅਜੀਬ ਦੈਂਤ ਜਿਹੇ ਲੱਗ ਰਹੇ ਸਨ। ਲੱਕੜ ਦੇ ਵਾਜੇ ਫੁਫਕਾਰ ਰਹੇ ਸਨ ਤੇ ਸਾਜ਼ਿੰਦਿਆਂ ਦੀ ਉਹ ਟੋਲੀ ਉਸ ਵੱਡੇ ਸਾਰੇ ਕਾਲੇ ਸੱਪ ਦੀ ਸਿਰੀ ਵਰਗੀ ਲੱਗ ਰਹੀ ਸੀ, ਜੋ ਭੂਰੀਆਂ ਕੰਧਾਂ ਵਾਲ਼ੇ ਮਕਾਨਾਂ ਦੇ ਵਿਚਕਾਰ ਸੌੜੀ ਗਲ਼ੀ ਵਿੱਚ ਔਖਿਆਈ ਨਾਲ਼ ਰੀਂਗਦਾ ਹੋਇਆ ਜਾ ਰਿਹਾ ਹੋਵੇ।
ਇਹ ਅਜੀਬ ਜਿਹਾ ਜਲੂਸ ਹਰ ਵਾਰ ਸ਼ਹਿਰ ਦੇ ਕਿਸੇ ਨਾ ਕਿਸੇ ਛੋਟੇ ਜਿਹੇ, ਟੇਢੇ ਮੇਢੇ ਚੌਕ ਵਿੱਚ ਦਾਖ਼ਲ ਹੋ ਰਿਹਾ ਸੀ। ਇਹ ਚੌਕ ਸ਼ਹਿਰ ਦੇ ਪਥਰੀਲੇ ਲਿਬਾਸ ਵਿੱਚ ਪਏ ਲਗਾਰਾਂ ਵਾਂਗ ਦਿਸ ਰਹੇ ਸਨ। ਚੌਕ ਵਿੱਚੋਂ ਅੱਗੇ ਵੱਧ ਕੇ ਜਲੂਸ ਇੱਕ ਸੜਕ ਦੀ ਕਿਸੇ ਗਲ਼ੀ ਵਿੱਚ ਵੜ ਜਾਂਦਾ, ਜਿਵੇਂ ਉਸ ਦੀਆਂ ਕੰਧਾਂ ਨੂੰ ਜ਼ਬਰਦਸਤੀ ਦੂਰ ਹਟਾਉਣ ਦਾ ਯਤਨ ਕਰ ਰਿਹਾ ਹੋਵੇ। ਘੱਟੇ ਬੀਤਦੇ ਗਏ ਤੇ ਇਹ ਖ਼ਤਰਨਾਕ ਸੱਪ ਜਿਸ ਦੀ ਹਰ ਪਸਲੀ ਇੱਕ ਜਿਉਂਦਾ ਮਨੁੱਖ ਸੀ, ਉਸ ਤੀਵੀਂ ਦੀ ਰਹੱਸ-ਭਰੀ ਸ਼ਕਲ ਦਾ ਪਿੱਛਾ ਕਰਦਾ ਹੋਇਆ ਅਸਮਾਨ ਦੇ ਅਬੋਲ ਗੁੰਬਦ ਦੇ ਥੱਲੇ ਸਾਰੇ ਸ਼ਹਿਰ ਵਿੱਚ ਰੀਂਗਦਾ ਗਿਆ।
ਚੁੱਪ, ਕਾਲ਼ੇ ਲਿਬਾਸ ਵਿੱਚ, ਉਦਾਸੀ ਦਾ ਕਵੱਚ ਪਾਈ ਜਾ ਰਹੀ ਉਸ ਤੀਵੀਂ ਨੇ ਰਾਤ ਵਿੱਚ ਆਪਣੀ ਭਾਲ਼ ਚਾਲੂ ਰੱਖੀ। ਉਸ ਨੂੰ ਵੇਖ ਕੇ ਆਦਮੀ ਦੀ ਸੋਚ ਪੁਰਾਣੇ ਵਿਸ਼ਵਾਸਾਂ ਦੀ ਹਨੇਰੀ ਡੂੰਘਾਣ ਵਿੱਚ ਜਾ ਪੁੱਜਦੀ ਸੀ ਤੇ ਵੇਖਣ ਵਾਲ਼ੇ ਨੂੰ ਈਸਿਸ ਦਾ ਚੇਤਾ ਆਉਂਦਾ, ਜਿਸ ਦੇ ਭਰਾ ਤੇ ਪਤੀ ਨੂੰ ਦੁਸ਼ਟ ਥ-ਤਿਫੋਨ ਦਾ ਸ਼ਿਕਾਰ ਹੋਣਾ ਪਿਆ ਸੀ। ਅਖ਼ੀਰ ਉਹ ਅਜੀਬ ਸ਼ਕਲ ਕਾਲ਼ੋਂ ਨੂੰ ਉਗਲ਼ਦੀ ਹੋਈ ਪ੍ਰਤੀਤ ਹੋਈ, ਜਿਸ ਨੇ ਆਲ਼ੇ ਦੁਆਲੇ ਦੀ ਹਰ ਚੀਜ਼ ਨੂੰ ਪ੍ਰਾਚੀਨਤਾ ਦੇ ਹਨੇਰੇ ਵਿੱਚ ਡੁਬੋ ਦਿੱਤਾ। ਮਨੁੱਖ ਨੂੰ ਪੁਰਾਣੇ ਜ਼ਮਾਨੇ ਨਾਲ਼ ਆਪਣੇ ਡੂੰਘੇ ਸਬੰਧ ਦਾ ਚੇਤਾ ਕਰਾਉਣ ਲਈ ਹੀ ਜਿਵੇਂ ਉਸ ਕਾਲ਼ੀ ਰਾਤ ਦਾ ਮੁੜ ਜਨਮ ਹੋਇਆ ਸੀ।
ਮਰਸੀਏ ਦੇ ਬੋਲ ਬਾਰੀਆਂ ਨਾਲ਼ ਟਕਰਾ ਕੇ ਗੂੰਜ ਰਹੇ ਸਨ ਤੇ ਬਾਰੀਆਂ ਦੇ ਸ਼ੀਸ਼ਿਆਂ ਵਿੱਚੋਂ ਕੰਬਦੀਆਂ ਹੋਈਆਂ ਅਵਾਜ਼ਾਂ ਵਹਿ ਰਹੀਆਂ ਸਨ, ਪਰ ਵਾਜਿਆਂ ਦਾ ਸੰਗੀਤ ਤੇ ਲੋਕਾਂ ਦੀ ਘੁਸਰ ਮੁਸਰ ਪੱਕੀਆਂ ਪਥਰੀਲੀਆਂ ਸੜਕਾਂ ’ਤੇ ਤੁਰ ਰਹੇ ਹਜ਼ਾਰਾਂ ਕਦਮਾਂ ਦੀ ਆਵਾਜ਼ ਵਿੱਚ ਡੁੱਬ ਜਾਂਦੀ ਸੀ। ਪੈਰਾਂ ਥੱਲੇ ਸਖ਼ਤ ਪੱਥਰ ਸਨ, ਫੇਰ ਵੀ ਧਰਤੀ ਕੰਬਦੀ ਹੋਈ ਪ੍ਰਤੀਤ ਹੋ ਰਹੀ ਸੀ ਤੇ ਦੁਨੀਆਂ ਛੋਟੀ ਜਿਹੀ ਜਾਪਦੀ ਸੀ। ਉੱਪਰ ਲਟਕੀ ਹੋਈ ਸੀ ਮਨੁੱਖਤਾ ਦੀ ਬੋਝਲ ਖੁਸ਼ਬੂ। ਅੱਖਾਂ ਬਾਰ ਬਾਰ ਅਸਮਾਨ ਵੱਲ ਉੱਠਦੀਆਂ ਸਨ ਜਿਥੇ ਧੁੰਦ ਵਿੱਚੋਂ ਤਾਰੇ ਮੱਧਮ ਜਿਹੇ ਟਿਮਟਿਮਾ ਰਹੇ ਸਨ।
ਪਰ ਹੁਣ ਦੂਰ ਇੱਕ ਲੰਮੀ ਕੰਧ ਦੀਆਂ ਬਾਰੀਆਂ ਦੇ ਕਾਲੇ ਚੌਖਟਿਆਂ ’ਤੇ ਚਾਨਣ ਦੀ ਲਾਲ ਜਗਮਗਾਹਟ ਲਿਸ਼ਕ ਉੱਠੀ ਲਿਸ਼ਕੀ ਗ਼ਾਇਬ ਹੋਈ, ਫੇਰ ਲਿਸ਼ਕੀ ਤੇ ਭੀੜ ਵਿੱਚੋਂ ਇੱਕ ਦੱਬੀ ਹੋਈ ਘੁਸਰ ਮੁਸਰ ਜੰਗਲੀ ਝਾੜੀਆਂ ਵਿੱਚੋਂ ਹੁੰਦੀ ਹੋਈ ਬਹਾਰ ਦੀ ਹਵਾ ਦੇ ਬੁੱਲੇ ਵਾਂਗ ਦੌੜ ਗਈ।
‘‘ਉਹ ਆ ਰਹੇ ਹਨ… ਉਹ ਆ ਰਹੇ ਹਨ…’’
ਕਿਤੇ ਅਗਾਂਹ ਵੱਲ ਨਵੀਆਂ ਆਵਾਜ਼ਾਂ ਉੱਠੀਆਂ ਸਨ ਤੇ ਹੁਣ ਉਨ੍ਹਾਂ ਦਾ ਜ਼ੋਰ ਵਧਦਾ ਜਾ ਰਿਹਾ ਸੀ। ਇਨ੍ਹਾਂ ਅਵਾਜ਼ਾਂ ਵਿੱਚ ਉਦਾਸੀ ਘੱਟ ਸੀ ਤੇ ਉਥੋਂ ਦਾ ਚਾਨਣ ਵੀ ਤਿੱਖਾ ਹੁੰਦਾ ਜਾ ਰਿਹਾ ਸੀ। ਉਸ ਤੀਵੀਂ ਨੇ ਆਪਣੀ ਤੋਰ ਤਿੱਖੀ ਕਰ ਲਈ ਤੇ ਉਸ ਦੇ ਨਾਲ਼ ਰਹਿਣ ਲਈ ਭੀੜ ਵੀ ਆਪਣੀ ਰਫ਼ਤਾਰ ਵਧਾ ਕੇ ਅਗਾਂਹ ਵੱਲ ਉਮਡ ਪਈ। ਵਾਜੇ ਵਾਲ਼ੇ ਵੀ ਤਾਲ ਖੁੰਝਾ ਬੈਠੇ ਤੇ ਇੱਕ ਬਿੰਦ ਲਈ ਵਾਜਿਆਂ ਦੀ ਲੈਅ ਲੜਖੜਾ ਗਈ, ਤਰਜ਼ ਟੁੱਟ ਗਈ ਤੇ ਇੱਕ ਵੰਝਲੀ ਨੇ ਕਾਹਲੀ ਵਿੱਚ ਗ਼ਲਤ ਸੁਰ ਛੇੜ ਦਿੱਤੀ ਜਿਸ ਨਾਲ਼ ਭੀੜ ਵਿੱਚ ਹਾਸੇ ਦੀ ਇੱਕ ਹਲਕੀ ਜਿਹੀ ਲਹਿਰ ਦੌੜ ਗਈ।
ਅਗਲੇ ਹੀ ਬਿੰਦ ਪਰੀ ਕਹਾਣੀ ਵਾਂਗ ਚਾਣਚੱਕ ਇੱਕ ਨਿੱਕਾ ਜਿਹਾ ਚੌਕ ਅਗਾਂਹ ਵੱਲ ਖੁਲ੍ਹ ਗਿਆ, ਜਿਸ ਵਿਚਕਾਰ ਮਸ਼ਾਲਾਂ ਅਤੇ ਫੁਲਝੜੀਆਂ ਦੇ ਚਾਨਣ ਵਿੱਚ ਦੋ ਮੂਰਤੀਆਂ ਖੜੋਤੀਆਂ ਸਨ। ਇਨ੍ਹਾਂ ਵਿੱਚੋਂ ਇੱਕ ਸੀ ਸੁਨਹਿਰੇ ਵਾਲਾਂ ਵਾਲ਼ੇ ਈਸਾ ਦੀ ਜਾਣੀ ਪਛਾਣੀ ਸ਼ਕਲ, ਜਿਸ ਨੇ ਚਿੱਟਾ ਜਾਮਾ ਪਾਇਆ ਹੋਇਆ ਸੀ ਤੇ ਦੂਜੀ ਸ਼ਕਲ ਸੀ ਈਸਾ ਦੇ ਪਿਆਰੇ ਚੇਲੇ ਜੌਨ ਦੀ, ਜਿਸ ਦੇ ਗਲ਼ ਨੀਲਾ ਕੁਰਤਾ ਸੀ। ਉਨ੍ਹਾਂ ਦੇ ਆਲ਼ੇ ਦੁਆਲ਼ੇ ਕਈ ਕਾਲੀਆਂ ਮੂਰਤੀਆਂ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਬਲਦੀਆਂ ਹੋਈਆਂ ਮਸ਼ਾਲਾਂ ਸਨ ਤੇ ਜਿਨ੍ਹਾਂ ਦੇ ਕਾਲ਼ੇ ਤੇ ਬਿਲਕੁਲ ਇੱਕੋ ਜਿਹੇ ਦੱਖਣੀ ਚਿਹਰੇ ਅੰਤਾਂ ਦੀ ਖ਼ੁਸ਼ੀ ਨਾਲ਼ ਚਮਕ ਰਹੇ ਸਨਇਹ ਖ਼ੁਸ਼ੀ ਉਨ੍ਹਾਂ ਦੀ ਹੀ ਸਿਰਜੀ ਹੋਈ ਸੀ ਤੇ ਇਸ ’ਤੇ ਉਨ੍ਹਾਂ ਨੂੰ ਮਾਣ ਸੀ।
ਈਸਾ ਵੀ ਬਹੁਤ ਖ਼ੁਸ਼ ਸਨ। ਉਨ੍ਹਾਂ ਨੇ ਇੱਕ ਹੱਥ ਵਿੱਚ ਫੁੱਲਾਂ ਨਾਲ਼ ਸਜਿਆ ਹੋਇਆ ਮੌਤ ਦਾ ਡੰਡਾ ਫੜਿਆ ਹੋਇਆ ਸੀ ਤੇ ਦੂਜੇ ਹੱਥ ਨੂੰ ਉਹ ਜ਼ੋਰ ਨਾਲ਼ ਹਿਲਾਉਂਦੇ ਹੋਏ ਕੁੱਝ ਬੋਲ ਰਹੇ ਸਨ। ਜਵਾਨ, ਬਿਨਾਂ ਦਾਹੜੀ ਵਾਲ਼ੇ ਚਿਹਰੇ ’ਤੇ ‘ਅਟੋਨਿਸ’ ਵਾਂਗ ਸੁਹਣੇ ਜੌਨ ਨੇ ਆਪਣੇ ਘੁੰਗਰਾਲੇ, ਲਹਿਰਦਾਰ ਵਾਲਾਂ ਵਾਲ਼ੇ ਸਿਰ ਨੂੰ ਪਿਛਾਂਹ ਝਟਕ ਦਿੱਤਾ ਤੇ ਹੱਸ ਪਿਆ।
ਭੀੜ ਚੌਕ ਵਿੱਚ ਫੈਲ ਗਈ ਤੇ ਲੋਕਾਂ ਨੇ ਈਸਾ ਤੇ ਜੌਨ ਦੇ ਆਲ਼ੇ ਦੁਆਲ਼ੇ ਘੇਰਾ ਬਣਾ ਲਿਆ ਜਦ ਕਿ ਬੱਦਲਾਂ ਭਰੀ ਰਾਤ ਵਰਗੀ ਕਾਲ਼ੀ ਉਹ ਤੀਵੀਂ ਉੱਪਰ ਉੱਠ ਕੇ ਈਸਾ ਵੱਲ ਤਰਦੀ ਹੋਈ ਪ੍ਰਤੀਤ ਹੋਈ। ਉਨ੍ਹਾਂ ਕੋਲ ਪੁਜਦਿਆਂ ਉਸ ਨੇ ਆਪਣੀ ਓੜ੍ਹਨੀ ਪਿਛਾਂਹ ਹਟਾ ਦਿੱਤੀ ਤੇ ਉਸ ਦਾ ਕਾਲ਼ਾ ਲਿਬਾਸ ਬੱਦਲ ਵਾਂਗ ਉਸ ਦੇ ਪੈਰਾਂ ਨਾਲ਼ ਜੁੜਿਆ ਰਿਹਾ।
ਹੁਣ ਝਿਲਮਿਲਾਉਂਦੀਆਂ ਹੋਈਆਂ ਮਸ਼ਾਲਾਂ ਦੇ ਖ਼ੁਸ਼ੀ ਭਰੇ ਚਾਨਣ ਵਿੱਚ, ਖਿਸਕਦੀ ਹੋਈ ਓੜ੍ਹਨੀ ਵਿੱਚੋਂ ਮੱਦੋਨਾ ਦਾ ਚਮਕਦਾ ਹੋਇਆ ਸੁਨਹਿਰਾ ਸਿਰ ਪ੍ਰਗਟ ਹੋਇਆ ਤੇ ਉਸ ਦੇ ਚੋਗ਼ੇ ਥਲਿਓਂ ਅਤੇ ਉਸ ਦੇ ਅਤਿ ਨੇੜੇ ਖੜੀਆਂ ਸ਼ਕਲਾਂ ਦੇ ਹੱਥਾਂ ਵਿੱਚੋਂ ਸੈਆਂ ਚਿੱਟੇ ਕਬੂਤਰ ਚਮਕਦਾਰ ਖੰਭ ਫੜਫੜਾਉਂਦੇ ਹੋਏ ਕਾਲੇ ਅਸਮਾਨ ਵਲ ਉੱਡੇ। ਸੱਚ ਮੁਚ ਇੱਕ ਬਿੰਦ ਇੰਝ ਲੱਗਾ ਕਿ ਚਾਂਦੀ ਨਾਲ਼ ਚਮਕਣ ਵਾਲ਼ਾ ਚਿੱਟਾ ਲਿਬਾਸ ਪਾਈ ਅਤੇ ਫੁੱਲਾਂ ਦੇ ਹਾਰਾਂ ਵਿੱਚ ਉਹ ਤੀਵੀਂ, ਚਿੱਟੇ ਪਾਰਦਰਸ਼ੀ ਈਸਾ ਮਸੀਹ ਤੇ ਨੀਲੇ ਲਿਬਾਸ ਵਿੱਚ ਜੌਨਤਿੰਨਾਂ ਦੀਆਂ ਅਲੋਕਾਰ ਸੁਹੱਪਣ ਵਾਲੀਆਂ ਮੂਰਤੀਆਂ, ਕਬੂਤਰਾਂ ਦੇ ਖੰਭਾਂ ਦੀ ਫੜਫੜਾਹਟ ਦੇ ਵਿਚਕਾਰ, ਜਿਵੇਂ ਦੇਵਦੂਤਾਂ ਨਾਲ਼ ਘਿਰੀਆਂ ਹੋਈਆਂ, ਸੁਰਗ ਵੱਲ ਜਾ ਰਹੀਆਂ ਹਨ। ‘‘ਜੈ, ਮੱਦੋਨਾ ਦੀ ਜੈ!’’ ਲੋਕਾਂ ਦੀ ਕਾਲੀ ਭੀੜ ਵਿੱਚੋਂ ਹਜ਼ਾਰਾਂ ਆਵਾਜ਼ਾਂ ਗੂੰਜੀਆਂ ਤੇ ਦੁਨੀਆਂ ’ਤੇ ਜਾਦੂ ਜਿਹਾ ਧੂੜਿਆ ਗਿਆ ਸਾਰੀਆਂ ਬਾਰੀਆਂ ਵਿੱਚ ਬੱਤੀਆਂ ਜਗ ਪਈਆਂ, ਸੈਆਂ ਹੱਥਾਂ ਨੇ ਲੋਕਾਂ ਦੇ ਸਿਰਾਂ ਉੱਤੇ ਮਸ਼ਾਲਾਂ ਉੱਚੀਆਂ ਕੀਤੀਆਂ, ਲਾਲ ਤੇ ਜਾਮਣੀ ਰੌਸ਼ਨੀਆਂ ਜਗਮਗਾ ਉੱਠੀਆਂ, ਕਬੂਤਰ ਉੱਪਰ ਚੱਕਰ ਲਾਉਂਦੇ ਰਹੇ ਤੇ ਸਾਰੇ ਚਿਹਰੇ ਉਤਾਂਹ ਵੱਲ ਉੱਠ ਗਏ ਤੇ ਭੀੜ ’ਚੋਂ ਖ਼ੁਸ਼ੀ ਭਰੀ ਆਵਾਜ਼ ਉਠੀ:
‘‘ਜੈ, ਮੱਦੋਨਾ ਦੀ ਜੈ!’’
ਚਾਨਣ ਦੀ ਖੇਡ ਵਿੱਚ ਮਕਾਨਾਂ ਦੀਆਂ ਕੰਧਾਂ ਕੰਬ ਉੱਠੀਆਂ ਤੇ ਬਾਰੀਆਂ ਵਿੱਚ ਬੱਚੇ ਅਤੇ ਤੀਵੀਆਂਮੁਟਿਆਰਾਂ ਤੇ ਬੁੱਢੀਆਂ ਆਣ ਕੇ ਖਲੋ ਗਈਆਂ। ਉਨ੍ਹਾਂ ਦੇ ਸ਼ੋਖ਼ ਰੰਗਾਂ ਵਾਲ਼ੇ ਮੇਲੇ-ਤਿਉਹਾਰਾਂ ਤੇ ਪਾਉਣ ਵਾਲ਼ੇ ਲਿਬਾਸ ਵੱਡੇ ਵੱਡੇ ਫੁੱਲਾਂ ਵਾਂਗ ਖਿੜ ਪਏ ਜਦ ਕਿ ਜੌਨ ਤੇ ਈਸਾ ਮਸੀਹ ਦੇ ਵਿਚਕਾਰ ਚਾਂਦੀ ਵੰਨਾ ਲਿਬਾਸ ਪਾਈ ਖੜੋਤੀ ਮੱਦੋਨਾ ਬਲਦੀ ਹੋਈ ਅਤੇ ਪੰਘਰ ਕੇ ਗ਼ਾਇਬ ਹੁੰਦੀ ਹੋਈ ਜਾਪੀਇੰਝ ਜਾਪਿਆ ਕਿ ਉਸ ਦਾ ਵੱਡਾ ਸਾਰਾ ਚਿੱਟਾ ਗ਼ੁਲਾਬੀ ਚਿਹਰਾ ਹੈ, ਵੱਡੀਆਂ ਵੱਡੀਆਂ ਅੱਖਾਂ ਹਨ, ਤੇ ਸੁਨਹਿਰੇ ਵਾਲ਼ ਹਨ, ਜਿਨ੍ਹਾਂ ਦੇ ਦੋ ਘੁੰਗਰਾਲੇ ਗੁੱਛੇ ਉਸ ਦੇ ਮੋਢਿਆਂ ’ਤੇ ਲਮਕ ਰਹੇ ਹਨ। ਈਸਾ ਮਸੀਹ ਦੇ ਚਿਹਰੇ ’ਤੇ ਖ਼ੁਸ਼ੀ ਭਰਿਆ ਹਾਸਾ ਸੀ। ਨੀਲੀਆਂ ਅੱਖਾਂ ਵਾਲ਼ੀ ਮੱਦੋਨਾ ਨੇ ਮੁਸਕਰਾ ਕੇ ਆਪਣਾ ਸਿਰ ਹਿਲਾਇਆ ਤੇ ਜੌਨ ਨੇ ਇੱਕ ਮਸ਼ਾਲ ਨੂੰ ਫੜ ਕੇ ਏਧਰ ਉਧਰ ਘੁਮਾਇਆ ਜਿਸ ਨਾਲ਼ ਚੁਫੇਰੇ ਚੰਗਿਆੜਿਆਂ ਦੀ ਵਰਖਾ ਹੋਈ ਉਹ ਹੁਣ ਤਾਈੰ ਇੱਕ ਮੁੰਡਾ ਹੀ ਤਾਂ ਸੀਤਿੱਖੀਆਂ ਅੱਖਾਂ ਵਾਲ਼ਾ, ਪੰਛੀ ਵਾਂਗ ਛੁਹਲਾਅ ਤੇ ਚੰਚਲ ਤੇ ਖੇਡਣ ਮੱਲਣ ਦੇ ਸਵਾਦ ਵਿੱਚ ਡੁੱਬਾ ਹੋਇਆ।
ਤਿੰਨੇ ਜਣੇ ਬੜਾ ਖੁਲ੍ਹ ਕੇ ਹੱਸੇ। ਸਿਰਫ਼ ਉਹੀ ਲੋਕ ਇਸ ਤਰ੍ਹਾਂ ਹੱਸ ਸਕਦੇ ਹਨ ਜੋ ਦੱਖਣੀ ਸੂਰਜ ਦੇ ਚਾਨਣ ਵਿੱਚ ਖ਼ੁਸ਼ ਸਮੁੰਦਰ ਦੇ ਕੰਢੇ ’ਤੇ ਰਹਿੰਦੇ ਹਨ। ਤਿੰਨਾਂ ਨੂੰ ਹੱਸਦਿਆਂ ਵੇਖ ਕੇ ਆਲ਼ੇ ਦੁਆਲ਼ੇ ਖੜੋਤੇ ਲੋਕ ਵੀ ਹੱਸ ਪਏਉਹ ਲੋਕ ਜੋ ਖ਼ੁਸ਼ੀਆਂ ਮਨਾਉਣਾ ਜਾਣਦੇ ਹਨ, ਜੋ ਹਰ ਚੀਜ਼ ’ਚੋਂ ਸੁਹੱਪਣ ਸਿਰਜਣ ਦਾ ਹੁਨਰ ਜਾਣਦੇ ਹਨ ਤੇ ਜੋ ਆਪ ਵੀ ਸਾਰਿਆਂ ਨਾਲ਼ੋਂ ਸੁਹਣੇ ਤੇ ਦਰਸ਼ਨੀ ਹਨ।
ਹਾਂ, ਬੱਚੇ ਉੱਥੇ ਜ਼ਰੂਰ ਸਨ। ਤਿੰਨਾਂ ਮੂਰਤੀਆਂ ਦੇ ਪੈਰਾਂ ਕੋਲ਼ ਉਹ ਅਸਮਾਨ ਵਿੱਚ ਪਰ ਫੜਫੜਾਉਂਦੇ ਹੋਏ ਚੱਕਰ ਲਾਉਣ ਵਾਲ਼ੇ ਪੰਛੀਆਂ ਵਾਂਗ ਨੱਚ ਟੱਪ ਰਹੇ ਸਨ। ਆਪਣੀ ਕੰਬਦੀ ਹੋਈ ਖ਼ੁਸ਼ੀ ਅਤੇ ਜੋਸ਼ ਭਰੀ ਆਵਾਜ਼ ਵਿੱਚ ਬੱਚੇ ਚੀਕੇ।
‘‘ਜੈ, ਮੱਦੋਨਾ ਦੀ ਜੈ!’’
ਬੁੱਢੀਆਂ ਤੀਵੀਆਂ ਪ੍ਰਾਰਥਨਾ ਕਰ ਰਹੀਆਂ ਸਨ। ਸੁਪਨੇ ਵਰਗੀ ਸੁਹਣੀ ਉਸ ਤਿ੍ਰਮੂਰਤੀ ਵੱਲ ਉਨ੍ਹਾਂ ਵੇਖਿਆ ਤੇ ਭਾਵੇਂ ਉਹ ਚੰਗੀ ਤਰ੍ਹਾਂ ਜਾਣਦੀਆਂ ਸਨ ਕਿ ਇਹ ਈਸਾ ਮਸੀਹ ਹੋਰ ਕੋਈ ਨਹੀਂ ਸਗੋਂ ਪਿਜ਼ਕਾਮੇ ਸੜਕੇ ’ਤੇ ਰਹਿਣ ਵਾਲ਼ਾ ਤਰਖਾਣ ਹੈ, ਜੌਨ ਇੱਕ ਘੜੀਸਾਜ਼ ਹੈ ਤੇ ਮੱਦੋਨਾ ਹੈ ਜ਼ਰੀ ਕਢਾਈ ਕਰਨ ਵਾਲ਼ੀ ਅਨੀਤਾ ਬਰਗਾਲਿਆ, ਫੇਰ ਵੀ ਉਨ੍ਹਾਂ ਨੇ ਪ੍ਰਾਰਥਨਾਵਾਂ ਕੀਤੀਆਂ ਤੇ ਆਪਣੇ ਸੁੱਕੇ ਹੋਏ ਬੁੱਲ੍ਹਾਂ ਨਾਲ਼ ਮੱਧਮ ਆਵਾਜ਼ ਵਿੱਚ ਮੱਦੋਨਾ ਨੂੰ ਹਰ ਗੱਲ ਲਈ ਦਿਲੀ ਧੰਨਵਾਦ ਦਿੱਤਾ, ਖ਼ਾਸ ਕਰ ਉਸ ਦੀ ਹੋਂਦ ਲਈ…
ਪਵਿੱਤਰ ਸੰਗੀਤ ਦੀ ਧੁੰਨ ਦੂਰੋਂ ਸੁਣਾਈ ਦਿੱਤੀ ਤੇ ਉਸ ਪੁਰਾਣੇ ਜਾਣੇ ਪਛਾਣੇ ਗੀਤ ਦੇ ਬੋਲ ਯਾਦ ਆਏ:
‘‘ਮੌਤ ਦੀ ਮੌਤ ਦਾ ਅਸੀਂ ਪੁਰਬ ਮਨਾਉਂਦੇ ਹਾਂ…’’
ਪਹੁ ਫੁਟਾਲਾ ਹੋ ਰਿਹਾ ਸੀ। ਗਿਰਜੇ ਦੀਆਂ ਘੰਟੀਆਂ ਖ਼ੁਸ਼ੀ ਨਾਲ਼ ਟੁਣਟੁਣਾ ਕੇ ਇਹ ਐਲਾਨ ਕਰ ਰਹੀਆਂ ਸਨ ਕਿ ਈਸਾ ਮਸੀਹ, ਬਹਾਰ ਦਾ ਰੱਬ, ਮੌਤ ਦੀ ਨੀਂਦੋਂ ਜਾਗ ਉਠਿਆ ਹੈ। ਚੌਂਕ ਵਿੱਚ ਵਾਜੇ ਵਾਲ਼ੇ ਟੋਲੀ ਬਣਾ ਕੇ ਖੜੋਤੇ ਰਹੇ ਤੇ ਵਾਜਿਆਂ ’ਚੋਂ ਸੰਗੀਤ ਗੂੰਜਿਆਂ ਤੇ ਉਸ ਦੇ ਤਾਲ ’ਤੇ ਕਈ ਲੋਕ ਗਿਰਜਿਆਂ ਵੱਲ ਵਧਣ ਲੱਗੇ। ਉਥੇ ਵੀ ‘ਆਰਗਨ’ ਵਾਜੇ ਉੱਚੀ ਆਵਾਜ਼ ਵਿੱਚ ਮੌਤ ਦੀ ਨੀਂਦੋਂ ਜਾਗੇ ਬਹਾਰ ਦੇ ਰੱਬ ਦੀ ਮਹਿਮਾ ਗਾ ਰਹੇ ਸਨ ਤੇ ਉਹ ਪੰਛੀ ਗੁੰਬਦਾਂ ਦੇ ਥੱਲੇ ਏਧਰ ਉਧਰ ਘੁੰਮ ਰਹੇ ਸਨ ਜਿਨ੍ਹਾਂ ਨੂੰ ਲੋਕ ਇਸ ਪਵਿੱਤਰ ਮੌਕੇ ’ਤੇ ਅਸਮਾਨ ਵਿੱਚ ਉਡਾਉਣ ਲਈ ਲਿਆਏ ਸਨ।
ਮਨੁੱਖਾਂ ਦੇ ਮਹਾਨ ਪੁਰਬ ਵਿੱਚ ਪੰਛੀਆਂ ਦੀ ਹਿੱਸਾ ਲੈਣ ਦੀ ਇਹ ਰੀਤ ਸੱਚਮੁਚ ਮਹਾਨ ਹੈ। ਇਨ੍ਹਾਂ ਰੰਗ ਬਿਰੰਗੇ ਖੰਭਾਂ ਵਾਲ਼ੇ ਸੈਆਂ ਨਿੱਕੇ ਨਿੱਕੇ ਜੀਵਾਂ ਨੂੰ ਵੇਖ ਕੇ ਦਿਲ ਇੱਕ ਅਜੀਬ ਜਿਹੀ ਲੈਅ ਨਾਲ਼ ਭਰ ਜਾਂਦਾ ਹੈ, ਜਦ ਉਹ ਚਹਿਕਦੇ ਹੋਏ ਗਿਰਜੇ ਦੇ ਚੁਫੇਰੇ ਚੱਕਰ ਲਾਉਂਦੇ ਹਨ, ਕਾਰਨਸਾਂ ਅਤੇ ਮੂਰਤੀਆਂ ਉੱਤੇ ਬੈਠਦੇ ਹਨ ਤੇ ਰਹਿ ਰਹਿ ਕੇ ਥੱਲੇ ਪੂਜਾ ਦੀ ਵੇਦੀ ਵੱਲ ਉਡਦੇ ਹੋਏ ਜਾਂਦੇ ਹਨ।
ਚੌਂਕ ’ਚੋਂ ਲੋਕ ਜਾਣ ਲੱਗੇ। ਤਿੰਨਾਂ ਲਿਸ਼ਕਣੀਆਂ ਮੂਰਤੀਆਂ ਨੇ ਇੱਕ ਮਿੱਠਾ ਗੀਤ ਗਾਉਣਾ ਸ਼ੁਰੂ ਕੀਤਾ ਤੇ ਤਿੰਨੇ ਹੱਥਾਂ ਵਿੱਚ ਹੱਥ ਪਾਈ ਅੱਗੇ ਵਧੀਆਂ। ਇਨ੍ਹਾਂ ਦੇ ਪਿੱਛੇ ਤੁਰ ਪਏ ਵਾਜੇ ਵਾਲ਼ੇ ਤੇ ਉਨ੍ਹਾਂ ਦੇ ਪਿੱਛੇ ਤੁਰ ਪਈ ਭੀੜ। ਇਨ੍ਹਾਂ ਪਿੱਛੇ ਭੱਜਦੇ ਹੋਏ ਬੱਚੇ ਰੰਗ-ਬਰੰਗੀ ਰੌਸ਼ਨੀ ਵਿੱਚ ਇੰਜ ਲਗ ਰਹੇ ਸਨ ਜਿਵੇਂ ਮੋਤੀਆਂ ਦੀ ਮਾਲਾ ਟੁੱਟਣ ’ਤੇ ਮੋਤੀ ਖਿੰਡਰ ਗਏ ਹੋ। ਏਧਰ ਕਬੂਤਰ ਛੱਤਾਂ ਅਤੇ ਬਨੇਰਿਆਂ ਉੱਤੇ ਬੈਠ ਕੇ ਗੁਟਰ ਗੂੰ ਕਰ ਰਹੇ ਸਨ।
ਤੇ ਫੇਰ ਇੱਕ ਵਾਰ ਉਸ ਸੁਹਣੇ, ਪੁਰਾਣੇ ਗੀਤ ਦੇ ਲਫ਼ਜ਼ ਚੇਤੇ ਆਏ:
‘‘ਜਾਗ ਪਿਆ ਏ ਈਸਾ…’’
ਤੇ ਮੌਤ ਨੂੰ ਮੌਤ ਨਾਲ਼ ਹੀ ਮਿੱਧ ਕੇ ਅਸੀਂ ਸਾਰੇ ਮੌਤ ਦੀ ਨੀਂਦਰ ’ਚੋਂ ਜਾਗ ਪਵਾਂਗੇ।