Dosti (Punjabi Story) : Omkar Sood Bahona
ਦੋਸਤੀ (ਕਹਾਣੀ) : ਓਮਕਾਰ ਸੂਦ ਬਹੋਨਾ
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ । ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ । ਪੱਪੂ ਗ਼ਰੀਬ ਘਰ
ਦਾ ਲੜਕਾ ਸੀ ਪਰ ਮਨ ਦਾ ਸੱਚਾ ਲੜਕਾ ਸੀ । ਸੁਨੀਲ ਚੰਗੇ ਸਰਦੇ-ਪੁਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ । ਉਹ ਆਪਣੀ
ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ । ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨਹੀਂ ਸੀ । ਉਸਦਾ ਪਿਓ ਦਰਮਿਆਨੇ
ਦਰਜ਼ੇ ਦਾ ਕਿਸਾਨ ਸੀ । ਪੱਪੂ ਤੇ ਸੁਨੀਲ ਦੋਨਾਂ ਦੇ ਘਰ ਨਾਲੋ-ਨਾਲ ਸਨ । ਉਨ੍ਹਾਂ ਦੇ ਘਰਾਂ ਦੀ ਕੰਧ ਸਾਂਝੀ ਸੀ । ਪੱਪੂ
ਦਾ ਘਰ ਅੱਧਾ ਕੱਚਾ,ਅੱਧਾ ਪੱਕਾ ਸੀ । ਸੁਨੀਲ ਦਾ ਘਰ ਵੱਡਾ ਅਤੇ ਸਾਰਾ ਹੀ ਪੱਕਾ ਸੀ । ਉਨ੍ਹਾਂ ਦੀਆਂ ਫ਼ਰਸ਼ਾਂ ਵੀ
ਸੀਮਿੰਟ ਦੀਆਂ ਪੱਕੀਆਂ ਸਨ । ਬਾਹਰ ਦਰਾਂ ਨੂੰ ਲੋਹੇ ਦਾ ਇੱਕ ਵੱਡਾ ਸਾਰਾ ਗੇਟ ਸੀ । ਇੱਕ ਟਰੈਕਟਰ ਸੀ, ਜ਼ਮੀਨ ਵੀ ਚੋਖੀ
ਸੀ । ਪੱਪੂ ਹੋਰਾਂ ਕੋਲੇ ਨਾ ਜ਼ਮੀਨ, ਨਾ ਹੀ ਕੋਈ ਟਰੈਕਟਰ ਸੀ । ਉਸ ਦਾ ਪਿਓ ਤਾਂ ਸ਼ਹਿਰ ਕਿਸੇ ਫੈਕਟਰੀ ਵਿੱਚ 'ਹੈਲਪਰ'
ਸੀ । ਉਸ ਦੀ ਥੋੜ੍ਹੀ ਜਿਹੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਔਖੇ-ਸੌਖੇ ਚੱਲੀ ਜਾਂਦਾ ਸੀ । ਦੁੱਧ ਵਾਸਤੇ ਇੱਕ ਤੋਕੜ
ਜਿਹੀ ਮੱਝ ਰੱਖੀ ਹੋਈ ਸੀ । ਪੱਪੂ ਦੀ ਮਾਂ ਮੱਝ ਵਾਸਤੇ ਬਾਹਰੋਂ ਖੇਤਾਂ ਵਿੱਚੋਂ ਘਾਹ ਖੋਤ ਕੇ ਲਿਆਉਂਦੀ ਸੀ । ਮੱਝ
ਤਿੰਨ-ਚਾਰ ਕਿੱਲੋ ਦੁੱਧ ਦੇ ਦਿੰਦੀ ਸੀ । ਚਾਹ ਪਾਣੀ ਵਾਸਤੇ ਥੋੜ੍ਹਾ ਜਿਹਾ ਦੁੱਧ ਉਹ ਘਰੇ ਰੱਖ ਲੈਂਦੇ ਤੇ ਬਾਕੀ
ਬਚਦਾ ਦੋਧੀ ਦੇ ਢੋਲਾਂ ਵਿੱਚ ਪਾ ਦਿੰਦੇ ।
ਬਾਲਣ ਉਨ੍ਹਾਂ ਵਾਸਤੇ ਇੱਕ ਸਮੱਸਿਆ ਸੀ । ਪੱਪੂ ਦੀ ਮਾਂ ਬਾਹਰੋਂ ਸੂਏ 'ਤੇ ਉੱਗੇ ਦਰਖ਼ਤਾਂ ਦੇ
ਪੱਤੇ, ਲੱਕੜਾਂ, ਸੁੱਕੀਆਂ ਟਾਹਣੀਆਂ ਚੁਗ ਕੇ ਲੈ ਆਉਂਦੀ । ਉਨ੍ਹਾਂ ਲੱਕੜਾਂ ਨਾਲ ਉਹ ਚੁੱਲ੍ਹਾ ਬਾਲ਼ਦੀ । ਸਕੂਲੋਂ
ਆ ਕੇ ਪੱਪੂ ਵੀ ਮਾਂ ਦੀ ਮੱਦਦ ਕਰਦਾ । ਉਹ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਬਾਹਰੋਂ ਬਾਲਣ ਲੈਣ ਵਾਸਤੇ
ਜਾਂਦਾ । ਉਹ ਵੀ ਬਾਹਰੋਂ ਸੁੱਕੀਆਂ ਟਾਹਣੀਆਂ, ਪੱਤੇ, ਸੁੱਕਾ ਘਾਹ ਇਕੱਠਾ ਕਰ ਲਿਆਉਂਦੇ । ਉਨ੍ਹਾਂ ਨੇ ਸੁੱਕੇ
ਘਾਹ ਦੀਆਂ ਨਿੱਕੀਆਂ-ਨਿੱਕੀਆਂ ਪੰਡਾਂ ਲਿਆ-ਲਿਆ ਕੇ ਕਿੰਨਾ ਸਾਰਾ ਸੁੱਕਾ ਘਾਹ ਇਕੱਠਾ ਕਰ ਲਿਆ । ਉਨ੍ਹਾਂ
ਦੇ ਵਿਹੜੇ ਵਿੱਚ ਸੁੱਕੇ ਘਾਹ ਦਾ ਢੇਰ ਲੱਗ ਗਿਆ ਸੀ । ਇਹ ਸੁੱਕਾ ਘਾਹ ਉਹ ਚੁੱਲੇ ਵਿੱਚ ਬਾਲਣ ਲਈ ਵਰਤਦੇ ਸਨ । ਜਦੋਂ
ਖੇਤ ਖਲਿਆਣ ਲੋਕੀਂ ਟਰੈਕਟਰ ਨਾਲ ਵਾਹ ਦਿੰਦੇ ਤਾਂ ਖੱਬਲ ਪੈਲੀਆਂ ਵਿੱਚ ਪਿਆ-ਪਿਆ ਹੀ ਸੁੱਕ ਜਾਂਦਾ ਸੀ । ਗ਼ਰੀਬ ਲੋਕ
ਇਕੱਠਾ ਕਰ ਲਿਆਉਂਦੇ ਸਨ । ਬਰਸਾਤਾਂ ਦੇ ਦਿਨਾਂ ਵਿੱਚ ਇਹ ਸੁੱਕਾ ਘਾਹ ਚੁੱਲ੍ਹੇ ਵਿੱਚ ਬਾਲਣ ਦੇ ਕੰਮ
ਆਉਂਦਾ ਸੀ । ਬਰਸਾਤਾਂ ਕਰਕੇ ਪਾਥੀਆ ਵੀ ਗਿੱਲੀਆਂ ਹੋ ਜਾਂਦੀਆਂ ਸਨ । ਉਦੋਂ ਇਸ ਸੁੱਕੇ ਘਾਹ ਦਾ ਝੋਕਾ ਲਾ-
ਲਾ ਕੇ ਗ਼ਰੀਬ ਲੋਕ ਅੱਗ ਬਾਲ਼ਦੇ ਤੇ ਚਾਹ-ਰੋਟੀ ਦਾ ਜੁਗਾੜ ਬਣਾ ਲੈਂਦੇ । ਪੱਪੂ ਕੇ ਵੀ ਇਉਂ ਹੀ ਕਰਦੇ ਸਨ । ਜਦੋਂ
ਪੱਪੂ ਤੇ ਉਹਦਾ ਛੋਟਾ ਭਰਾ ਦੀਪੂ ਘਾਹ ਚੁਗ ਕੇ ਬਾਹਰੋਂ ਲਿਆਉਂਦੇ ਤਾਂ ਉਨ੍ਹਾਂ ਨੂੰ ਵੇਖ ਕੇ ਪੜੋਸੀ
ਮੁੰਡਾ ਸੁਨੀਲ ਉਨ੍ਹਾਂ ਨੂੰ ਮਖੌਲ ਕਰਦਾ । ਸੁਨੀਲ ਨੇ ਉਨ੍ਹਾਂ ਦੋਵਾਂ ਭਰਾਵਾਂ ਦੀ ਘਾਹ ਚੁਗਣੇ ਅੱਲ ਪਾ
ਦਿੱਤੀ । ਉਹ ਜਦੋਂ ਉਨ੍ਹਾਂ ਨੂੰ ਕਿਤੇ ਰਸਤੇ ਵਿੱਚ ਮਿਲਦਾ ਤਾਂ 'ਘਾਹ ਚੁਗਣੇ' ਕਹਿ ਕੇ ਬੁਲਾਉਂਦਾ । ਪੱਪੂ ਹੋਰਾਂ
ਨੂੰ ਸੁਨੀਲ ਤੇ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਉਸ ਕੋਲੋਂ ਡਰਦੇ ਸਨ । ਕੁਝ ਨਾ ਬੋਲਦੇ!
ਇੱਕ ਦਿਨ ਸੁਨੀਲ ਨਾਲ ਬਹੁਤ ਬੁਰੀ ਹੋਈ । ਹੋਇਆ ਇਉਂ ਕਿ ਉਹ ਆਪਣੇ ਕੋਠੇ ਉੱਤੇ ਪਤੰਗ
ਉਡਾ ਰਿਹਾ ਸੀ । ਉਹ ਪਤੰਗ ਨੂੰ ਤੁਣਕੇ ਮਾਰਦਾ ਕੋਠੇ 'ਤੇ ਕਦੇ ਇੱਧਰ, ਕਦੇ ਉੱਧਰ ਭੱਜਿਆ ਫਿਰਦਾ ਸੀ । ਉਸ ਦੀ
ਪਤੰਗ ਡੋਲੇ ਖਾ ਰਹੀ ਸੀ । ਪਤੰਗ ਨੂੰ ਡਿੱਗਣੋਂ ਬਚਾਉਣ ਖ਼ਾਤਰ ਤੁਣਕੇ ਮਾਰਦਿਆਂ-ਮਾਰਦਿਆਂ ਉਸ ਦਾ ਪੈਰ
ਫਿਸਲਿਆ ਤੇ ਉਹ ਪਿਛਲ ਖੁਰੀ ਕੋਠੇ ਤੋਂ ਖੁੱਲ੍ਹੇ ਪੱਪੂ ਕੇ ਵਿਹੜੇ 'ਚ ਪਏ ਘਾਹ 'ਤੇ ਆਣ ਡਿੱਗਿਆ । ਪੱਪੂ ਦੀ
ਮਾਂ ਨੇ ਭੱਜ ਕੇ ਚੁੱਕਿਆ । ਘਾਹ ਤੋਂ ਡਿੱਗਿਆ ਉਠਾ ਕੇ ਪਾਣੀ ਪਿਲਾਇਆ । ਪੋਲੇ-ਪੋਲੇ ਘਾਹ 'ਤੇ ਡਿੱਗਣ ਕਰਕੇ ਉਸ
ਨੂੰ ਸੱਟ ਤਾਂ ਨਹੀਂ ਸੀ ਲੱਗੀ ਪਰ ਉਹ ਅਚਾਨਕ ਡਿੱਗਣ ਕਰਕੇ ਘਬਰਾ ਗਿਆ ਸੀ । ਪੱਪੂ ਹੋਰੀਂ ਵੀ ਕੋਲ ਆ ਗਏ ਸਨ । ਪੱਪੂ
ਹੋਰਾਂ ਨੂੰ ਵੇਖ ਕੇ ਸੁਨੀਲ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਪਏ । ਪੱਪੂ ਦੀ ਮਾਂ ਨੇ ਉਸ ਨੂੰ ਹੌਸਲਾ
ਦਿੰਦਿਆਂ ਆਖਿਆ, "ਕੋਈ ਨਹੀਂ ਪੁੱਤ ਬਚ ਗਿਆ ਏਂ! ਗੁੱਡੀ ਧਿਆਨ ਨਾਲ ਚੜ੍ਹਾਇਆ ਕਰ । ਅਵਲ ਤਾਂ ਬਾਹਰ
ਗਰਾਉਂਡ ਵਿੱਚ ਜਾਂ ਬਾਹਰ ਫਿਰਨੀ 'ਤੇ ਜਾ ਕੇ ਗੁੱਡੀ ਚੜ੍ਹਾਇਆ ਕਰੋ, ਇੱਥੇ ਕੋਠਿਆਂ-ਕਾਠਿਆਂ 'ਤੇ ਤਾਂ ਜਾਨ
ਨੂੰ ਖਤਰਾ ਰਹਿੰਦਾ ਹੈ!" ਸੁਨੀਲ ਆਗਿਆਕਾਰ ਬਣਿਆ ਬੈਠਾ 'ਹਾਂ' ਵਿੱਚ ਸਿਰ ਮਾਰ ਰਿਹਾ ਸੀ । ਅੱਜ ਉਸ ਦੀ ਜਾਨ ਬਚ
ਗਈ ਸੀ । ਉਹ ਰੋਂਦੀ ਅਵਾਜ਼ ਵਿੱਚ ਬੋਲਿਆ, "ਤਾਈ ਅੱਜ ਇਸ ਸੁੱਕੇ ਘਾਹ ਨੇ ਮੇਰੀ ਜਾਨ ਬਚਾਈ ਹੈ । ਜੇ ਇਹ ਘਾਹ ਨਾ
ਇੱਥੇ ਪਿਆ ਹੁੰਦਾ ਤਾਂ ਅੱਜ ਮੈਂ ਖਤਮ ਹੋ ਗਿਆ ਹੁੰਦਾ ਜਾਂ ਮੇਰੀ ਲੱਤ-ਬਾਂਹ ਟੁੱਟ ਜਾਂਦੀ ਤੇ ਮੈਂ ਜ਼ਿਦਗੀ
ਭਰ ਵਾਸਤੇ ਅਪਾਹਜ ਹੋ ਜਾਂਦਾ । ਮੈਂ ਹਰ ਰੋਜ਼ ਇਸ ਘਾਹ ਪਿੱਛੇ ਪੱਪੂ ਹੋਰਾਂ ਨੂੰ ਮਖੌਲ ਕਰਦਾ ਹਾਂ । ਇਨ੍ਹਾਂ
ਨੂੰ 'ਘਾਹ-ਚੁਗਣੇ' ਆਖਦਾ ਹਾਂ ਪਰ ਇਹੀ ਘਾਹ ਮੇਰੇ ਲਈ ਰੱਬ ਬਣਕੇ ਬਹੁੜਿਆ ਹੈ । ਮੈਨੂੰ ਮਾਫ਼ ਕਰਦੇ
ਪੱਪੂ ਮੇਰੇ ਵੀਰ । ਮੈਂ ਅੱਗੇ ਤੋਂ ਕਦੇ ਵੀ ਤੇਰਾ ਜਾਂ ਇਸ ਘਾਹ ਦਾ ਮਖੌਲ ਨਹੀਂ ਉਡਾਵਾਂਗਾ!" ਸੁਨੀਲ ਦੀਆਂ
ਅੱਖਾਂ ਵਿੱਚ ਅੱਥਰੂ ਭਰ ਆਏ ਸਨ । ਪੱਪੂ ਨੇ ਉੱਠ ਕੇ ਸੁਨੀਲ ਨੂੰ ਗਲ਼ੇ ਨਾਲ ਲਾ ਲਿਆ । ਬੇ-ਵਜ੍ਹਾ ਦੇ ਫਾਸਲੇ ਮਿਟ
ਗਏ ਸਨ । ਦੋਹਾਂ ਵਿੱਚ ਦੋਸਤੀ ਦੀ ਸ਼ੁਰੂਆਤ ਹੋ ਗਈ ਸੀ ।