Do Shabad : Jarnail Singh

ਦੋ ਸ਼ਬਦ : ਜਰਨੈਲ ਸਿੰਘ

ਮੈਂ ਇੱਕ ਸਾਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮ-ਪਲ਼ ਹਾਂ। ਮੇਰਾ ਜਨਮ 15 ਜੂਨ 1944 ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਹੋਇਆ। ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈਟ੍ਰਿਕ ਕਰਕੇ, 1962 ’ਚ ਮੈਂ ਇੰਡੀਅਨ ਏਅਰਫੋਰਸ ਵਿੱਚ ਭਰਤੀ ਹੋ ਗਿਆ। ਪੰਦਰਾਂ ਸਾਲ ਦੀ ਉਸ ਸਰਵਿਸ ਤੋਂ ਬਾਅਦ ਗਿਆਰਾਂ ਸਾਲ ਬੈਂਕ ਵਿੱਚ ਅਕਾਊਂਟੈਂਟ ਦੀ ਨੌਕਰੀ ਨਿਭਾਈ। ਬੈਂਕ ਦੀ ਨੌਕਰੀ ਵਿੱਚੇ ਛੱਡ 1988 ’ਚ ਕੈਨੇਡਾ ਆ ਗਿਆ। ਕੈਨੇਡਾ ’ਚ 20 ਸਾਲ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕੀਤੀ।

ਸਾਹਿਤਕ ਰੁਚੀਆਂ ਸਾਡੇ ਪਰਿਵਾਰ ਵਿੱਚ ਚਲੀਆਂ ਆ ਰਹੀਆਂ ਹਨ। ਮੇਰੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਸੂਫ਼ੀ ਸਾਹਿਤ ਦੇ ਰਸੀਆ ਸਨ। ਉਨ੍ਹਾਂ ਦੀਆਂ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ ਤੇ ਹੋਰ ਕਵੀਆਂ ਦੀਆਂ ਕਿਤਾਬਾਂ ਘਰ ’ਚ ਪਈਆਂ ਹੁੰਦੀਆਂ ਸਨ। ਸਾਹਿਤ ਪੜ੍ਹਨ ਦੀ ਚੇਟਕ ਮੈਨੂੰ ਉਨ੍ਹਾਂ ਕਿਤਾਬਾਂ ਤੋਂ ਲੱਗੀ। ਪਿਤਾ ਜੀ ਧਾਰਮਿਕ ਕਵਿਤਾਵਾਂ ਲਿਖਿਆ ਕਰਦੇ ਸਨ। ਉਨ੍ਹਾਂ ਕੋਲ਼ ਬਾਤਾਂ ਦਾ ਬਹੁਤ ਵੱਡਾ ਭੰਡਾਰ ਸੀ। ਉਨ੍ਹਾਂ ਦੀ ਬਾਤ ਬਹੁਤ ਲੰਬੀ ਹੁੰਦੀ ਸੀ। ਅੱਧੀ-ਅੱਧੀ ਰਾਤ ਲੰਘ ਜਾਣੀ ਤਾਂ ਜਾ ਕੇ ਕਿਤੇ ਉਨ੍ਹਾਂ ਦੀ ਬਾਤ ਮੁੱਕਦੀ।

20 ਸਾਲ ਦੀ ਉਮਰ ਵਿੱਚ ਮੈਂ ਇੱਕ ਨਾਵਲ ਲਿਖਿਆ ਪਰ ਕਲਾ ਪੱਖ ਕਮਜ਼ੋਰ ਹੋਣ ਕਰਕੇ ਛਪਵਾਇਆ ਨਹੀਂ। ਫਿਰ ਏਅਰਫੋਰਸ ਦੀ ਨੌਕਰੀ ਦੇ ਨਾਲ਼-ਨਾਲ਼ ਪ੍ਰਾਈਵੇਟਲੀ ਪੜ੍ਹਾਈ ਸ਼ੁਰੂ ਕਰ ਲਈ। ਐਫ.ਏ, ਬੀ.ਏ ਤੋਂ ਪਿੱਛੋਂ ਦੋ ਐਮ.ਏ ਕੀਤੀਆਂ, ਅੰਗਰੇਜ਼ੀ ਤੇ ਪੰਜਾਬੀ। ਪੜ੍ਹਾਈ ਪੂਰੀ ਕਰਕੇ 1974 ’ਚ ਕਹਾਣੀ ਨਾਲ਼ ਨਾਤਾ ਬਣਾ ਲਿਆ। ਭਾਰਤ ਰਹਿੰਦਿਆਂ ਤਿੰਨ ਕਹਾਣੀ ਸੰਗ੍ਰਹਿ ਰਚੇ — ‘ਮੈਨੂੰ ਕੀ’ (1981), ‘ਮਨੁੱਖ ਤੇ ਮਨੁੱਖ’ (1983) ਤੇ ‘ਸਮੇਂ ਦੇ ਹਾਣੀ’ (1987)। ਇਨ੍ਹਾਂ ਸੰਗ੍ਰਿਹਾਂ ਦੀਆਂ ਕਹਾਣੀਆਂ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸਬੰਧਤ ਹਨ।

ਕੈਨੇਡਾ ਆ ਕੇ ਜ਼ਿੰਦਗੀ ਸਿਫ਼ਰ ਤੋਂ ਸ਼ੁਰੂ ਕਰਨੀ ਪਈ। ਅਣਕਿਆਸੀਆਂ ਕਠਿਨਾਈਆਂ ਤੇ ਦੁਸ਼ਵਾਰੀਆਂ ਨਾਲ਼ ਭਿੜਦਿਆਂ ਲਿਖਣ-ਪੜ੍ਹਨ ਦੇ ਮੂਡ ਹੀ ਖਤਮ ਹੋ ਗਏ। ਪੰਜ ਸਾਲ ਨਾ ਕੁੱਝ ਪੜ੍ਹਿਆ ਤੇ ਨਾ ਹੀ ਕੁੱਝ ਲਿਖਿਆ। ਪਰ ਆਦਤ ਅਨੁਸਾਰ ਮੇਰੀ ਆਲੋਚਨਾਤਮਕ ਦ੍ਰਿਸ਼ਟੀ ਕਾਰਜਸ਼ੀਲ ਰਹੀ। ਕੈਨੇਡਾ ਦੇ ਜੀਵਨ ਪਾਸਾਰਾਂ ਤੇ ਵਰਤਾਰਿਆਂ ਨੂੰ ਮੈਂ ਗਹੁ ਨਾਲ਼ ਵੇਖਦਾ-ਘੋਖਦਾ ਰਿਹਾ। ਜ਼ਿੰਦਗੀ ਜਰਾ ਸੁਖਾਲ਼ੀ ਹੋਈ ਤਾਂ ਅੰਦਰੋਂ ਸੁੱਕ ਚੁੱਕੀ ਸਿਰਜਣਾਤਮਕ ਨਦੀ ਮੁੜ ਸਜੀਵ ਹੋ ਗਈ। ਪਹਿਲੀ ਕਹਾਣੀ ‘ਦੋ ਟਾਪੂ’ ਲਿਖੀ। ਜਿਸ ਦੀ ਢੇਰ ਚਰਚਾ ਹੋਈ। ਉਸ ਤੋਂ ਬਾਅਦ ਹਰ ਕਹਾਣੀ ’ਤੇ ਭਰਵੀਂ ਚਰਚਾ ਹੁੰਦੀ ਰਹੀ।
ਮੈਂ ਧੀਮੀ ਚਾਲ ਵਾਲ਼ਾ ਲੇਖਕ ਹਾਂ। ਥੋੜ੍ਹਾ ਲਿਖਣ ਦਾ ਆਦੀ ਹਾਂ। ਅਹਿਮੀਅਤ ਗਿਣਤੀ ਦੀ ਥਾਂ ਗੁਣਾਂ ਨੂੰ ਦਿੰਦਾ ਹਾਂ।

ਕੈਨੇਡਾ ’ਚ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ ਲਿਖ ਚੁੱਕਾ ਹਾਂ — ‘ਦੋ ਟਾਪੂ’ (1999), ‘ਟਾਵਰਜ਼’ (2005) ਅਤੇ ‘ਕਾਲ਼ੇ ਵਰਕੇ’ (2015)। ਇਨ੍ਹਾਂ ਵਿੱਚ ਪਰਵਾਸੀ ਜੀਵਨ ਦੇ ਮਸਲਿਆਂ, ਸਮੱਸਿਆਵਾਂ ਤੇ ਸਮਾਚਾਰਾਂ : ਕੈਨੇਡਾ ਵਿੱਚ ਪੰਜਾਬੀਆਂ ਦਾ ਸੰਘਰਸ਼, ਸੱਭਿਆਚਾਰਕ ਟਕਰਾਓ ਤੇ ਰਲ਼ੇਵਾਂ, ਪੀੜ੍ਹੀ-ਪਾੜਾ, ਰਿਸ਼ਤਿਆਂ ਦੀ ਟੁੱਟ ਭੱਜ, ਅੰਤਰ ਸੱਭਿਆਚਾਰਕ ਤੇ ਪਾਰਸੱਭਿਆਚਾਰਕ ਸਰੋਕਾਰਾਂ ਨੂੰ ਕਲਾਮਈ ਢੰਗ ਨਾਲ਼ ਗਲਪ ’ਚ ਢਾਲ਼ਿਆ ਹੈ।

ਕੁੱਝ ਕਹਾਣੀਆਂ ਵਿੱਚ ਅੰਤਰ ਰਾਸ਼ਟਰੀ ਮਸਲਿਆਂ ਤੇ ਸਰੋਕਾਰਾਂ: ਵਾਤਾਵਰਣ ਦਾ ਪਰਦੂਸ਼ਣ, ਫੈਸ਼ਨ ਦੇ ਨਾਂ ਤੇ ਫੈਲ ਰਹੀ ਨਗਨਤਾ ਅਤੇ ਕਾਮ ਭੜਕਾਹਟ, ਪੂੰਜੀਵਾਦ ਦੀਆਂ ਅਲਾਮਤਾਂ (ਪਦਾਰਥਵਾਦ, ਖਪਤਵਾਦ, ਮੁਨਾਫਾਖ਼ੋਰੀ), ਅਮਰੀਕਾ ਦੀਆਂ ਅਫਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਤੇ ਲੱਗਦੇ ਪ੍ਰਸ਼ਨ ਚਿੰਨ੍ਹ ਅਤੇ ਗੋਰੇ ਬਸਤੀਵਾਦੀਆਂ ਵੱਲੋਂ ਕੈਨੇਡਾ ਦੇ ਨੇਟਿਵ ਲੋਕਾਂ ਨਾਲ਼ ਹੋਏ ਅਣਮਨੁੱਖੀ ਵਿਹਾਰ, ਨੂੰ ਕਲਾ ’ਚ ਗੁੰਨ੍ਹ ਕੇ ਪੇਸ਼ ਕੀਤਾ ਹੈ।

ਆਪਣੇ ਸਾਹਿਤਕ ਸਫਰ ਦੇ ਮੁਢਲੇ ਸਾਲਾਂ ’ਚ ਮੈਂ ਇਕਹਿਰੀ ਕਹਾਣੀ ਲਿਖਦਾ ਸੀ। ਸਮੇਂ ਦੇ ਨਾਲ਼-ਨਲ਼ ਇਕਹਿਰਾ ਬਿਰਤਾਂਤ ਬਹੁ-ਪਰਤੀ, ਲੰਬਾ ਤੇ ਸੰਘਣਾ ਹੁੰਦਾ ਗਿਆ।

ਮੇਰੀਆਂ ਕਹਾਣੀਆਂ ਤੇ ਕਈ ਐਮ.ਫਿਲ ਤੇ ਪੀ.ਐਚ.ਡੀ ਦੇ ਥੀਸਿਸ ਲਿਖੇ ਜਾ ਚੁੱਕੇ ਹਨ। ਪਰ ਵਿੱਦਵਾਨਾਂ ਤੇ ਖੋਜਾਰਥੀਆਂ ਦਾ ਧਿਆਨ ਮੇਰੀਆਂ ਪਰਵਾਸੀ ਜੀਵਨ ਤੇ ਵਿਸ਼ਵੀ ਸਰੋਕਾਰਾਂ ਵਾਲ਼ੀਆਂ ਕਹਾਣੀਆਂ ’ਤੇ ਹੀ ਕੇਂਦਰਤ ਹੋਣ ਕਰਕੇ ਇੰਡੀਆ ’ਚ ਲਿਖੀਆਂ ਕਹਾਣੀਆਂ ਅਣਗੌਲੀਆਂ ਰਹਿ ਗਈਆਂ ਹਨ। ਖੈਰ ਕੈਨੇਡਾ ’ਚ ਰਚੇ ਤਿੰਨ ਸੰਗ੍ਰਿਹਾਂ ਨੂੰ ਮੇਰੀ ਵੱਖਰੀ ਤੇ ਵਿਸ਼ੇਸ਼ ਪਛਾਣ ਬਣਾਈ ਹੈ। ਪਾਠਕਾਂ, ਵਿੱਦਵਾਨਾਂ ਤੇ ਖੋਜਾਰਥੀਆਂ ਵੱਲੋਂ ਭਰਪੂਰ ਹੁੰਘਾਰਾ ਮਿਲਿਆ ਹੈ।

ਪਾਕਿਸਤਾਨ ਦਾ ਨਾਮਵਰ ਅਦੀਬ, ਚਿੱਤਰਕਾਰ ਤੇ ਨਿੱਘੇ ਦਿਲ ਵਾਲ਼ਾ ਇਨਸਾਨ ਮੁਹੰਮਦ ਆਸਿਫ਼ ਰਜ਼ਾ ਦੋਹਾਂ ਪੰਜਾਬਾਂ ਦੇ ਅਦਬ ਅਤੇ ਅਦੀਬਾਂ ਦਰਮਿਆਨ ਪੁਲ਼ ਦੀ ਅਹਿਮ ਭੂਮਿਕਾ ਨਿਭਾ ਰਿਹਾ ਏ। ਇਸ ਨੇ ਭਾਰਤੀ ਪੰਜਾਬੀ ਲੇਖਕਾਂ ਦੀਆਂ ਢੇਰ ਸਾਰੀਆਂ ਕਿਤਾਬਾਂ ਸ਼ਾਹਮੁਖੀ ’ਚ ਉਲਥਾਈਆਂ ਹਨ। ਇਸ ਵਡਮੁੱਲੇ ਕਾਰਜ ਲਈ ਮੁਹੰਮਦ ਆਸਿਫ਼ ਰਜ਼ਾ ਪ੍ਰਸ਼ੰਸਾ ਦਾ ਹੱਕਦਾਰ ਹੈ। ਮੇਰੇ ਲਈ ਖ਼ੁਸ਼ੀ ਤੇ ਮਾਣ ਵਾਲ਼ੀ ਗੱਲ ਹੈ ਕਿ ਇਸ ਨੇ ਮੇਰੀਆਂ ਚੋਣਵੀਆਂ ਕਹਾਣੀਆਂ ਨੂੰ ਵੀ ਸ਼ਾਹਮੁਖੀ ਲਿੱਪੀ ਦੀ ਨੁਹਾਰ ’ਚ ਸਜਾਇਆ ਹੈ। ਮੈਨੂੰ ਆਸ ਹੈ ਕਿ ਪਾਕਿਸਤਾਨ ਦੇ ਪਾਠਕ, ਲੇਖਕ ਤੇ ਵਿੱਦਵਾਨ ਇਨ੍ਹਾਂ ਕਹਾਣੀਆਂ ਨੂੰ ਪਸੰਦ ਕਰਨਗੇ। ਮੁਹੰਮਦ ਆਸਿਫ਼ ਰਜ਼ਾ ਜੀ ਦਾ ਤਹਿ ਦਿਲੋਂ ਧੰਨਵਾਦ।

ਸਾਹਿਤਕ ਸਫ਼ਰ

ਪਿਛਲੇ 45 ਸਾਲਾਂ ਤੋਂ ਉੱਚ-ਮਿਆਰੀ ਕਹਾਣੀਆਂ ਲਿਖਣ ਵਿੱਚ ਜੁੱਟਿਆ ਹੋਇਆ ਹਾਂ। ਹੁਣ ਤੱਕ ਹੇਠ ਲਿਖੇ ਛੇ ਕਹਾਣੀ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲ਼ੀ ਵਿੱਚ ਪਾ ਚੁੱਕਾ ਹਾਂ:
(1) ਮੈਨੂੰ ਕੀ - 1981,
(2) ਮਨੁੱਖ ਤੇ ਮਨੁੱਖ - 1983,
(3) ਸਮੇਂ ਦੇ ਹਾਣੀ - 1987,
(4) ਦੋ ਟਾਪੂ - 1999,
(5) ਟਾਵਰਜ਼ - 2005.
(6) ਕਾਲ਼ੇ ਵਰਕੇ-2015,
(7) ਮੇਪਲ ਦੇ ਰੰਗ-2011 (ਸੰਪਾਦਿਤ)

ਕਹਾਣੀ ਸੰਗ੍ਹਹਿ 'ਦੋ ਟਾਪੂ' ਆਪਣੀ ਵਿਲੱਖਣਤਾ ਸਦਕਾ ਹਿੰਦੀ ਵਿੱਚ ਅਨੁਵਾਦ ਹੋਇਆ ਤੇ ਪਾਕਿਸਤਾਨ ਵਿਚ ਸ਼ਾਹਮੁਖੀ ਅੱਖਰਾਂ ਵਿਚ ਛਾਪਿਆ ਗਿਆ।
'ਦੋ ਟਾਪੂ' ਕਹਾਣੀ ਸੰਗ੍ਰਹਿ ਪਿਛਲੇ ਸਾਲਾਂ 'ਚ. ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗ੍ਹੜ ਅਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ (ਹਰਿਆਣਾ) ਦੇ ਐਮ. ਏ ਪੰਜਾਬੀ ਦੇ ਸਿਲੇਬਸਾਂ ਵਿੱਚ ਸੀ। ਅੱਜ-ਕੱਲ੍ਹ ਲਵਲੀ ਯੂਨੀਵਰਸਿਟੀ ਜਲੰਧਰ 'ਚ ਬੀ ਏ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

'ਟਾਵਰਜ਼' ਕਹਾਣੀ ਸੰਗ੍ਰਹਿ ਵੀ, ਕੁਝ ਕੁ ਸਾਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੰਡੀਗੜ੍ਹ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕੁਸ਼ੇਤਰ ਦੇ ਐਮ ਏ ਪੰਜਾਬੀ ਦੇ ਸਿਲੇਬਸਾਂ ਦਾ ਹਿੱਸਾ ਸੀ। ਅੱਜ ਕਲ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਯੂਨੀਵਰਸਟੀ ਜਲੰਧਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਕਾਲਜਾਂ 'ਚ ਪੰਜਾਬੀ ਐਮ ਏ ਦੇ ਵਿਦਿਆਿਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।
'ਕਾਲ਼ੇ ਵਰਕੇ' ਕਹਾਣੀ ਸੰਗ੍ਰਹਿ ਪੰਜਾਬੀ ਯੂਨੀਵਰਸਿਟੀ ਪਟਆਿਲਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਐਮ ਏ ਪੰਜਾਬੀ ਦੇ ਸਲੇਬਸਾਂ 'ਚ ਪੜ੍ਹਾਇਆ ਜਾ ਰਿਹਾ ਹੈ।
ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਕਹਾਣੀ ’ਟਾਵਰਜ਼’ ਦਾ ਅੰਗਰੇਜ਼ੀ ਅਨੁਵਾਦ ਕਰਵਾ ਕੇ ਆਪਣੇ ਪਰਚੇ ’ਇੰਡੀਅਨ ਲਿਟਰੇਚਰ’ ਵਿਚ ਛਾਪਿਆ। ਤੇ ਅਕਾਦਮੀ ਵਲੋਂ ਹੀ ਕਹਾਣੀ ’ਹੜ੍ਹ’ ਹਿੰਦੀ ਵਿਚ ਅਨੁਵਾਦ ਕਰਵਾ ਕੇ ਆਪਣੇ ਪਰਚੇ ’ਸਮਕਾਲੀ ਭਾਰਤੀਯ ਸਾਹਿਤ’ ਵਿਚ ਛਾਪੀ ਗਈ।
'ਦੋ ਟਾਪੂ' ਸੰਗ੍ਰਹਿ ਦੀਆਂ ਕਹਾਣੀਆਂ ਦੇ ਗੁਣਾਂ ਬਾਬਤ ਅਧਿਐਨ-ਵਿਸ਼ਲੇਸ਼ਣ ਕਰਦਿਆਂ ਪੰਜਾਬੀ ਸਾਹਿਤ ਦੇ ਕਈ ਨਾਮਵਰ ਵਿਦਵਾਨਾਂ ਨੇ ਲੇਖ ਲਿਖੇ ਜੋ ਕਿ ਡਾ: ਗੁਰਮੀਤ ਕੱਲਰ ਮਾਜਰੀ ਨੇ 'ਦੋ ਟਾਪੂ ਦੇ ਪਰਸੰਗ ਵਿੱਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ' ਨਾਂ ਦੀ ਆਲੋਚਨਾ- ਪੁਸਤਕ ਵਿੱਚ ਸੰਪਾਦਿਤ ਕੀਤੇ ਹਨ।

ਇਸੇ ਤਰ੍ਹਾਂ ਹੀ 'ਟਾਵਰਜ਼' ਸੰਗ੍ਰਹਿ ਦੀਆਂ ਕਹਾਣੀਆਂ ਦੀ ਵਿਲੱਖਣਤਾ ਦੇ ਪਰਸੰਗ ਵਿੱਚ ਕਈ ਉੱਘੇ ਵਿਦਵਾਨਾਂ ਨੇ ਲੇਖ ਲਿਖੇ, ਜਿਨ੍ਹਾਂ ਨੂੰ ਕੁਰੂਕੁਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਡਾ: ਕਰਮਜੀਤ ਸਿੰਘ ਅਤੇ ਡਾ: ਹਰਸਿਮਰਨ ਸਿੰਘ ਰੰਧਾਵਾ ਨੇ 'ਟਾਵਰਜ਼ ਵਸਤੂ, ਵਿਧੀ ਅਤੇ ਦ੍ਰਿਸ਼ਟੀ' ਨਾਂ ਦੀ ਆਲੋਚਨਾ-ਪੁਸਤਕ ਵਿੱਚ ਸੰਪਾਦਿਤ ਕੀਤਾ ਹੈ।

ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੀਆਂ ਡਾਇਮੈਨਸ਼ਨਜ਼ ਸਿਰਜਦੇ ਕਹਾਣੀ ਸੰਗ੍ਰਹਿ 'ਕਾਲ਼ੇ ਵਰਕੇ' ਦੀਆਂ ਕਹਾਣੀਆਂ ਬਾਰੇ ਲਿਖੇ ਲੇਖਾਂ ਨੂੰ ਡਾ ਕਰਮਜੀਤ ਸਿੰਘ (ਪ੍ਰੋਫੈਸਰ ਤੇ ਸਾਬਕਾ ਮੁਖੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ) ਨੇ 'ਵਸਤੂ, ਬਿਰਤਾਂਤ ਤੇ ਸਰੰਚਨਾ' ਨਾਂ ਦੀ ਆਲੋਤਨਾ-ਪੁਸਤਕ ਵਿਚ ਸੰਪਾਦਿਤ ਕੀਤਾ ਹੈ।
ਪਹਿਲੇ ਤਿੰਨ ਕਹਾਣੀ ਸੰਗ੍ਰਹਿ ਕਿਸਾਨੀ ਅਤੇ ਫੌਜੀ ਜੀਵਨ ਨਾਲ਼ ਸਬੰਧਿਤ ਹਨ। ਇਨ੍ਹਾਂ ਵਿੱਚ ਕਿਸਾਨਾਂ ਅਤੇ ਫੌਜੀਆਂ ਦੇ ਦੁੱਖਾਂ-ਸੁੱਖਾਂ, ਮਸਲਿਆਂ-ਮਸੌਦਿਆਂ ਅਤੇ ਟੁੱਟਦੇ-ਜੁੜਦੇ ਰਿਸ਼ਤਿਆਂ ਨੂੰ ਯਥਾਰਥਕ ਤੇ ਕਲਾਤਮਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

'ਦੋ ਟਾਪੂ' ਤੇ 'ਟਾਵਰਜ਼' ਕਹਾਣੀ ਸੰਗ੍ਰਹਿਆਂ ਵਿੱਚ ਕਨੇਡਾ ਵਸਦੇ ਪੰਜਾਬੀਆਂ ਦੇ ਸੰਘਰਸ਼, ਪੀੜ੍ਹੀ ਪਾੜਾ, ਰਿਸ਼ਤਿਆਂ ਦੀ ਟੁੱਟ-ਭੱਜ, ਸਭਿਆਚਾਰਕ ਤਣਾਉ, ਟਕਰਾਉ ਅਤੇ ਰਲ਼ੇਵੇਂ, ਅੰਤਰ ਸਭਿਆਚਾਰਕ ਅਤੇ ਪਾਰ ਸਭਿਆਚਾਰਕ ਸਰੋਕਾਰਾਂ ਅਤੇ ਕਨੇਡਾ ਦੇ ਜੰਮ-ਪਲ਼ ਟੀਨ ਏਜਰਾਂ ਦੀਆ ਸਮੱਸਿਆਵਾਂ ਦਾ ਗਲਪੀਕਰਣ ਕੀਤਾ ਗਿਆ ਹੈ।
'ਟਾਵਰਜ਼' ਕਹਾਣੀ ਵਿਚ 9/11 ਅਤੇ 'ਬਰਫ਼ ਤੇ ਦਰਿਆ' ਕਹਾਣੀ ਵਿਚ ਪ੍ਰਦੂਸ਼ਣ ਦੇ ਵਿਸ਼ਵਵਿਆਪੀ ਮਸਲਿਆਂ ਦੀ ਕਲਾਮਈ ਪੇਸ਼ਕਾਰੀ ਹੈ।
'ਕਾਲ਼ੇ ਵਰਕੇ' ਕਥਾ ਸੰਗ੍ਰਹਿ ਦੀਆਂ ਕਹਾਣੀਆਂ 'ਹੜ੍ਹ', 'ਪੱਤਿਆਂ ਨਾਲ਼ ਢੱਕੇ ਜਿਸਮ', 'ਮੁਹਾਜ਼' ਅਤੇ 'ਕਾਲ਼ੇ ਵਰਕੇ' ਕਹਾਣੀਆਂ ਵਿਚ ਗਲੋਬਲੀ ਮਸਲਿਆਂ ਨੂੰ ਕਲਾਤਮਿਕਤਾ ਸਹਿਤ ਗਲਪੀ ਬਿੰਬ ਵਿਚ ਢਾਲ਼ਿਆ ਹੈ।

ਸਨਮਾਨ

-ਪੰਜਾਬੀ ਸੱਥ ਵਲੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿਚ ਪਾਏ ਯੋਗਦਾਨ ਲਈ 'ਵਾਰਸ ਸ਼ਾਹ ਅਵਾਰਡ', 2007।
-ਪਰਵਾਸੀ ਪੰਜਾਬੀ ਅਵਾਰਡ ਟੋਰਾਂਟੋ ਕਨੇਡਾ ਵਲੋ 'ਬੈਸਟ ਰਾਈਟਰ ਅਵਾਰਡ', 2009.
-'ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ', 2009.
-'ਇਕਬਾਲ ਅਰਪਨ ਮੈਮੋਰੀਅਲ ਅਵਾਰਡ' ਕੈਲਗਰੀ ਕਨੇਡਾ, 2011.
-'ਪਰਵਾਸੀ ਸ਼ਰੋਮਣੀ ਸਾਹਿਤਕਾਰ ਪੁਰਸਕਾਰ', ਭਾਸ਼ਾ ਵਿਭਾਗ ਪੰਜਾਬ ਸਰਕਾਰ, 2011.
-'ਅੰਤਰਰਾਸ਼ਟਰੀ ਢਾਹਾਂ ਸਾਹਿਤ ਅਵਾਰਡ (25000 ਡਾਲਰ)' ਵੈਨਕੂਵਰ, ਕਨੇਡਾ-2015 (ਕਹਾਣੀ ਸੰਗ੍ਰਹਿ 'ਕਾਲ਼ੇ ਵਰਕੇ' ਲਈ)

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਰਨੈਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ