Dhehnde Munare (Punjabi Story) : Savinder Singh Uppal
ਢਹਿੰਦੇ ਮੁਨਾਰੇ (ਕਹਾਣੀ) : ਸਵਿੰਦਰ ਸਿੰਘ ਉੱਪਲ
ਲਾਇਬ੍ਰੇਰੀ ਵਾਲਿਆਂ ਵਲੋਂ ਬਾਲਗਾਂ ਦੀ ਪੜ੍ਹਾਈ ਲਈ ਰਾਤਰੀ ਪਾਠਸ਼ਾਲਾ ਖੋਲ੍ਹਣ ਦੀ ਢਿਲ ਸੀ ਕਿ ਇਧਰੋਂ ਉਧਰੋਂ ਅਨਪੜ੍ਹ ਨੌਜਵਾਨ ਪੜ੍ਹਨ ਲਈ ਖੁੰਮਾਂ ਵਾਂਗੂੰ ਨਿਕਲ ਆਏ। ਬਨਵਾਰੀ ਉਨ੍ਹਾਂ ਨੌਜਵਾਨਾਂ ਵਿਚੋਂ ਸੀ, ਜਿਨ੍ਹਾਂ ਪਹਿਲੇ ਦਿਨ ਹੀ ਆਪਣਾ ਨਾਂ ਲਿਖਾ ਦਿਤਾ ਸੀ । ਭਾਵੇਂ ਉਸ ਨੂੰ ਦੋ ਮੀਲ ਦੂਰ ਕੁਨੀਦਪੁਰੋਂ ਆਉਣਾ ਪੈਂਦਾ, ਪਰ ਫਿਰ ਵੀ ਉਹ ਸਾਰੇ ਦਿਨ ਦੇ ਚਲਾਏ ਹਲ ਦੇ ਥਕੇਵੇਂ ਨੂੰ ਮਾਸੂਸ ਕੀਤੇ ਬਿਨਾਂ ਰਾਤੀਂ ਆਮ ਤੌਰ ਤੇ ਠੀਕ ਸਮੇਂ ਸਿਰ ਲਾਇਬ੍ਰੇਰੀ ਵਿਚ ਆ ਪਹੁੰਚਦਾ ਸੀ। ਆਮ ਲੋਕਾਂ ਦਾ ਖਿਆਲ ਸੀ ਕਿ ਦਸਾਂ ਤੋਂ ਵੱਧ ਮੁੰਡੇ ਕਦੀ ਵੀ ਨਹੀਂ ਹੋਣੇ ਪਰ ਜਿਉਂ ਜਿਉਂ ਨੌਜਵਾਨਾਂ ਦੀ ਗਿਣਤੀ ਵਧਦੀ ਵਧਦੀ ਚਾਲ੍ਹੀ ਤਕ ਅਪੜ ਗਈ ਤਾਂ ਸਾਰੇ ਹੈਰਾਨ ਰਹਿ ਗਏ । ਉਨ੍ਹਾਂ ਸਾਰਿਆਂ ਅਨਪੜ੍ਹ ਕਿਸਾਨਾਂ ਤੇ ਹਰੀਜਨਾਂ ਦੇ ਅਣਚਿਤਰੇ ਤੇ ਸਿਧ-ਪਧਰੇ ਮੂੰਹਾਂ ਅਤੇ ਦਿਲੀ ਸ਼ਕ ਤੋਂ ਇਵੇਂ ਭਾਸਦਾ ਸੀ, ਜਿਵੇਂ ਉਨ੍ਹਾਂ ਦੀਆਂ ਪੜ੍ਹਾਈ ਲਈ ਘੂਕ ਸੁਤੀਆਂ ਸਧਰਾਂ ਮੌਕਾ ਮਿਲਣ ਸਾਰ ਬੁੰਬ ਦੇ ਕੇ ਫੁਟ ਪਈਆਂ ਹਨ।
ਬਨਵਾਰੀ ਮਾਸਟਰ ਦੀ ਹਰ ਗਲ ਬੜੇ ਗਹੁ ਨਾਲ ਸੁਣਦਾ ਅਤੇ ਕਦੀ ਕਦੀ ਕੋਈ ਸੁਆਲ ਵੀ ਪੁਛ ਲੈਂਦਾ, ਖਾਸ ਕਰ ਕੇ ਸਨਿਚਰਵਾਰ ਵਾਲੇ ਦਿਨ, ਜਦੋਂ ਉਨ੍ਹਾਂ ਨੂੰ ਆਮ ਵਾਕਫੀਅਤ ਦੇਣ ਵਾਸਤੇ ਭਾਰਤ ਦੇ ਜ਼ਰੂਰੀ ਮਸਲਿਆਂ ਜਾਂ ਬਾਹਰ ਦੇ ਮੁਲਕਾਂ ਵਿਚ ਪਈਆਂ ਗੁੰਝਲਾਂ ਨੂੰ ਸੁਲਝਾਉਣ ਬਾਬਤ ਲੈਕਚਰ ਦਿਤੇ ਜਾਂਦੇ । ਬਨਵਾਰੀ ਦਾ ਪੜ੍ਹਾਈ ਵਲ ਝੁਕਾ ਤੇ ਖਾਸ ਕਰ ਕੇ ਲੈਕਚਰਾਂ ਵਲ ਉਚੇਰਾ ਧਿਆਨ ਅਤੇ ਸਿਆਣਪ ਭਰਪੂਰ ਬਹਿਸ ਕਰਨ ਦਾ ਢੰਗ ਦੇਖ ਕੇ, ਕਈ ਵਾਰੀ ਉਨ੍ਹਾਂ ਦਾ ਮਾਸਟਰ ਸੋਚਦਾ, ਕਿ ਜੇ ਕਦੀ ਬਨਵਾਰੀ ਨੂੰ ਬਚਪਨ ਤੋਂ ਹੀ ਲਗਾਤਾਰ ਵਿਦਿਆ ਦਿਤੀ ਜਾਂਦੀ, ਤਾਂ ਅੱਜ ਉਹਨੇ ਇਸ ਇਲਾਕੇ ਦੇ ਆਗੂਆਂ ਵਿਚੋਂ ਹੋਣਾ ਸੀ । ਬਨਵਾਰੀ ਪਿੰਡ ਵਿੱਚ ਕਿਸੇ ਕੋਲ ਘੜੀ ਨ ਹੋਣ ਕਾਰਨ, ਸੂਰਜ ਡੁੱਬਣ ਸਾਰ ਹੀ ਘਰੋਂ ਟੁਰ ਪੈਂਦਾ ਤੇ ਸਨਿਚਰਵਾਰ ਵਾਲੇ ਦਿਨ ਤਾਂ ਉਹ ਹਮੇਸ਼ਾਂ ਪੰਦਰਾਂ ਵੀਹ ਮਿੰਟ ਪਹਿਲਾਂ ਪਹੁੰਚਦਾ, ਭਾਵੇਂ ਉਹਨੂੰ ਉਸ ਦਿਨ ਠੰਡੀ-ਠਾਰ ਹੋ ਚੁੱਕੀ ਰੋਟੀ ਮੁੜ ਕੇ ਹੀ ਕਿਉਂ ਨ ਖਾਣੀ ਪੈਂਦੀ ।
ਬਨਵਾਰੀ ਦੀ ਹਿੰਮਤ ਨਾਲ ਹੁਣ ਉਨ੍ਹਾਂ ਦੇ ਪਿੰਡ ਦੇ ਕੋਈ ਸਤ ਅਠ ਕਿਸਾਨ ਨੌਜਵਾਨ ਉਹਦੇ ਨਾਲ ਪੜ੍ਹਨ ਆਉਂਦੇ ਬਨਵਾਰੀ ਵਲ ਦੇਖ ਦੇਖ ਉਨ੍ਹਾਂ ਦਾ ਵੀ ਇਤਨੀ ਵਡੀ ਉਮਰ ਵਿਚ ਪੜ੍ਹਨ ਦਾ ਝੱਕ ਹੌਲੀ ਹੌਲੀ ਜਾਂਦਾ ਰਿਹਾ ਸੀ ਤੇ ਹੁਣ ਉਹ ਬਨਵਾਰੀ ਦੇ ਜੁਟ ਸਨ । ਜੋ ਗਲ ਬਨਵਾਰੀ ਉਨ੍ਹਾਂ ਨੂੰ ਕਹਿੰਦਾ, ਸਾਰੇ ਦੇ ਸਾਰੇ ਮੰਨ ਜਾਂਦੇ ਤੇ ਉਵੇਂ ਹੀ ਕਰਦੇ। ਭਾਵੇਂ ਬਨਵਾਰੀ ਪਹਿਲਾਂ ਵੀ ਕੁਸ਼ਤੀਆਂ ਅਤੇ ਕਬੱਡੀਆਂ ਵਿਚ ਹਮੇਸ਼ਾਂ ਜਿਤਣ ਕਰਕੇ, ਸਾਰੇ ਨੌਜਵਾਨਾਂ ਦਾ ਆਗੂ ਸੀ, ਪਰ ਹੁਣ ਤਾਂ ਰੋਜ਼ ਨਵੀਆਂ ਖਬਰਾਂ ਦਸਣ ਕਰਕੇ, ਉਹਦੀ ਵੱਡੀ ਉਮਰ ਦੇ ਕਿਸਾਨਾਂ ਵਿੱਚ ਵੀ ਧਾਂਕ ਬੱਝ ਗਈ ਸੀ ।
ਕੁਨੀਦਪੁਰ ਦੇ ਸਾਰੇ ਦੇ ਸਾਰੇ ਵਸਨੀਕ ਸੇਠ ਬਿਹਾਰੀ ਲਾਲ ਦੇ ਮੁਜ਼ਾਰੇ ਸਨ, ਕਿਉਂਕਿ ਸਾਰੇ ਦਾ ਸਾਰਾ ਪਿੰਡ ਸੇਠ ਦਾ ਸੀ, ਜਿਸ ਹਰ ਮਜ਼ਾਰੇ ਨੂੰ ਅਗੋਂ ਤੀਹ ਤੀਹ ਪੈਂਤੀ ਬਿੱਘੇ ਜ਼ਮੀਨ ਵੰਡੀ ਹੋਈ ਸੀ । ਪਿੰਡ ਵਿੱਚ ਪਹਿਲਾਂ ਤਾਂ ਮਸਾਂ ਕੋਈ ਚਾਲ੍ਹੀ ਘਰ ਸਨ, ਪਰ ਹੁਣ ਕੁਝ ਪੜ੍ਹੇ ਲਿਖੇ ਨੌਜਵਾਨਾਂ ਵਲੋਂ ਕਿਸਾਨਾਂ ਵਿੱਚ ਜਾਗਰਤ ਲਿਆਉਣ ਕਾਰਨ ਸੇਠ ਨੇ ਇਕ ਦੋ ਹੋਰ ਘਰ ਵਸਾ ਛਡੇ ਸਨ, ਜਿਹੜੇ ਹਰ ਸਮੇਂ ਸੇਠ ਹੋਰਾਂ ਨੂੰ ਸੂਹ ਪਹੁੰਚਾਂਦੇ ਰਹਿੰਦੇ।
ਭਾਵੇਂ ਬਨਵਾਰੀ ਦੀ ਦਿਲਚਸਪੀ ਸਨਿਚਰਵਾਰ ਦੇ ਲੈਕਚਰਾਂ ਵਿਚ ਅਗੇ ਹੀ ਘੱਟ ਨਹੀਂ ਸੀ, ਪਰ ਜਦੋਂ ਤੋਂ ਉਨ੍ਹਾਂ ਦੇ ਮਾਸਟਰ ਰੂਸ ਬਾਬਤ ਗਲਾਂ ਸੁਨਾਣੀਆਂ ਸ਼ੁਰੂ ਕੀਤੀਆਂ ਸਨ, ਬਨਵਾਰੀ ਦਾ ਸ਼ੌਕ ਦੂਣਾ ਤੀਣਾ ਹੋ ਗਿਆ । ਉਨ੍ਹਾਂ ਨੂੰ ਇਕ ਰਾਤ ਮਾਸਟਰ ਨੇ ਦਸਿਆ “ਰੂਸ ਵਿਚ ਕੋਈ ਭੁਖਾ ਨਹੀਂ ਰਹਿੰਦਾ, ਹਰ ਇਕ ਨੂੰ ਰਜਵੀਂ ਰੋਟੀ ਮਿਲਦੀ ਹੈ । ਉਥੇ ਨਾ ਤਾਂ ਕੋਈ ਅਜਿਹਾ ਨਿਕੰਮਾ ਬੈਠ ਕੇ ਖਾਣ ਵਾਲਾ ਸੇਠ ਹੈ, ਜਿਸ ਦੀ ਜ਼ਮੀਨ ਹਜ਼ਾਰਾਂ ਬਿੱਘੇ ਹੋਵੇ ਅਤੇ ਜੋ ਕਈ ਕਾਮਿਆਂ ਦੀ ਮਿਹਨਤ ਤੇ ਡਕਾਰ ਮਾਰੇ ਅਤੇ ਨਾ ਹੀ ਕੋਈ ਅਜਿਹਾ ਲਖ-ਪਤੀ ਹੈ, ਜੋ ਸੂਦ ਤੇ ਹੀ ਸਾਰੀ ਉਮਰ ਐਸ਼ ਕਰਦਾ ਰਹੇ। ਉਥੇ ਹਰ ਇਕ ਇਨਸਾਨ ਕੰਮ ਕਰਨਾ ਆਪਣਾ ਪਹਿਲਾ ਫਰਜ਼ ਸਮਝਦਾ ਹੈ । ਇਸੇ ਤਰ੍ਹਾਂ ਜਦ ਤਕ ਭਾਰਤ ਦੇ ਗਰੀਬ ਕਿਸਾਨਾਂ ਲਈ ਕੋਈ ਪੱਕਾ ਹਲ ਨਹੀਂ ਲਭਿਆ ਜਾਂਦਾ, ਉਨਾਂ ਚਿਰ ਭਾਰਤ ਦੇ ਵਸਨੀਕ ਅਜ਼ਾਦ ਹੋ ਜਾਣ ਤੇ ਵੀ ਖੁਸ਼ਹਾਲ ਨਹੀਂ ਹੋ ਸਕਦੇ । ਇਹ ਖੁਸ਼ੀ ਦੀ ਗਲ ਹੈ, ਕਿ ਕਸ਼ਮੀਰ ਦੀ ਹਕੂਮਤ ਨੇ ਵਡੇ ਵਡੇ ਜਿਮੀਂਦਾਰਾਂ ਪਾਸ ਥੋੜੀ ਜਹੀ ਜ਼ਮੀਨ ਰਹਿਣ ਦਿਤੀ ਹੈ ਅਤੇ ਬਾਕੀ ਜ਼ਮੀਨ ਹਲ ਚਲਾਉਣ ਵਾਲਿਆਂ ਕਿਸਾਨਾਂ ਵਿਚ ਵੰਡ ਦਿਤੀ ਹੈ, ਤਾਂ ਜੋ ਹਰਾਮ ਦੀ ਖਾਣ ਵਾਲਿਆਂ ਵਡੀਆਂ ਗੋਗੜਾਂ ਵਾਲੇ ਜ਼ਿਮੀਂਦਾਰਾਂ ਦੀ ਸ਼੍ਰੇਣੀ ਨੂੰ ਹਮੇਸ਼ਾਂ ਲਈ ਖਤਮ ਕਰ ਦਿਤਾ ਜਾਏ ।”
ਇਸ ਲੈਕਚਰ ਨੇ ਬਨਵਾਰੀ ਦੀਆਂ ਅੱਖਾਂ ਖੋਲ੍ਹ ਦਿਤੀਆਂ ਭਾਵੇਂ ਉਹ ਸੁਣ ਤੇ ਮਾਸਟਰ ਦਾ ਲੈਕਚਰ ਰਿਹਾ ਸੀ, ਪਰ ਅੰਦਰੋਂ ਉਹ ਆਪਣੇ ਕਿਸਾਨਾਂ ਦੀ ਹਾਲਤ ਤੇ ਸੇਠ ਬਿਹਾਰੀ ਲਾਲ ਦੀ ਕਿਸਾਨਾਂ ਦੇ ਖੂਨ ਨੂੰ ਚੂਸ ਕੇ ਬਣਾਈ ਅਮੀਰੀ-ਸ਼ਾਨ ਬਾਬਤ ਹੀ ਸੋਚਦਾ ਰਿਹਾ । ਅਜ ਉਹਨੂੰ ਪਹਿਲੀ ਵਾਰ ਪਤਾ ਲਗਾ, ਕਿ ਦੁਨੀਆਂ ਦੇ ਕਿਸੇ ਦੇਸ਼ ਵਿਚ ਕਿਸਾਨ ਵੀ ਰੱਜਵੀਂ ਰੋਟੀ ਖਾਂਦੇ ਹਨ ਅਤੇ ਭਾਰਤ ਵਿਚ ਵੀ ਉਹਨਾਂ ਦੇ ਭਰਾਵਾਂ ਲਈ ਕੋਈ ਹਲ ਲੱਭਿਆ ਜਾ ਰਿਹਾ ਹੈ। ਜਦੋਂ ਉਸ ਨੇ ਇਹ ਗਲਾਂ ਪਿੰਡ ਆ ਸੁਣਾਈਆਂ ਤਾਂ ਸਾਰੇ ਹੈਰਾਨ ਰਹਿ ਗਏ । ਪਹਿਲਾਂ ਕਈਆਂ ਤਾਂ ਕਸ਼ਮੀਰ ਬਾਬਤ ਦਸੇ ਸੁਧਾਰਾਂ ਤੇ ਯਕੀਨ ਹੀ ਨਾ ਕੀਤਾ ਪਰ ਫਿਰ ਦੂਜੇ ਦਿਨ ਜਦੋਂ ਬਨਵਾਰੀ ਨੇ ਲਾਇਬ੍ਰੇਰੀਓਂ ਲਿਆਂਦੀ ਅਖਬਾਰ ਵਿਚੋਂ ਪੜ੍ਹ ਕੇ ਸੁਣਾਇਆ ਤਾਂ ਸਾਰਿਆਂ ਦੇ ਮੂੰਹ ਵਿਚ ਪਾਣੀ ਆ ਗਿਆ ਕਿ ਕਦੀ ਸਾਡੇ ਸੂਬੇ ਵਿਚ ਵੀ ਜ਼ਮੀਨਾਂ ਦਾ ਸੁਧਾਰ ਕੀਤਾ ਜਾਏ ਤਾਂ ਕਿਤਨਾ ਚੰਗਾ ਹੋਵੇ ਤੇ ਉਹ ਸਾਰੇ ਦੇ ਸਾਰੇ ਜ਼ਮੀਨਾਂ ਦੇ ਮਾਲਕ ਹੋ ਜਾਣ ।
ਬਨਵਾਰੀ ਨੂੰ ਸੱਤਰ ਸਾਲ ਦੇ ਨਥੂ ਤੋਂ ਇਹ ਪਤਾ ਲਗਾ, ਕਿ ਪਹਿਲਾਂ ਇਸ ਪਿੰਡ ਦੇ ਸਾਰੇ ਵਸਨੀਕ, ਆਪਣੀ ੨ ਜ਼ਮੀਨ ਦੇ ਮਾਲਕ ਸਨ, ਪਰ ਕੋਈ ਪੰਜਾਹ ਸਾਲ ਹੋਏ ਜਦੋਂ ਹੜ੍ਹ ਆ ਜਾਣ ਅਤੇ ਮਕੱੜੀ ਆਉਣ ਕਾਰਨ ਉਸ ਸਾਲ ਦੀਆਂ ਦੋਵੇਂ ਦੀਆਂ ਦੋਵੇਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਤੇ ਫਿਰ ਉਪਰੋਂ ਸਰਕਾਰੀ ਲਗਾਨ ਦੇਣ ਦਾ ਸਮਾਂ ਆ ਗਿਆ । ਲੋਕੀ ਅਗੇ ਹੀ ਇਤਨੇ ਲਾਚਾਰ ਸਨ, ਕਿ ਉਨ੍ਹਾਂ ਪਾਸ ਖਾਣਾ ਜਮ੍ਹਾਂ ਨਹੀਂ ਸੀ । ਲਗਾਨ ਕਿਥੋਂ ਦਿੰਦੇ। ਆਖਰ ਉਨ੍ਹਾਂ ਸਾਰਿਆਂ ਸੇਠ ਬਿਹਾਰੀ ਲਾਲ ਦੇ ਪਿਉ ਦੀਆਂ ਮਿਨਤਾਂ ਕਰ ਕੇ ਉਸ ਨੂੰ ਇਸ ਗਲ ਤੇ ਬੜੀ ਮੁਸ਼ਕਲ ਨਾਲ ਰਾਜ਼ੀ ਕੀਤਾ ਕਿ ਸਾਰੇ ਦੇ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਸੇਠ ਦੇ ਨਾਂ ਕਰਵਾ ਦੇਣਗੇ, ਜੇ ਉਹ ਸਾਰਿਆਂ ਦਾ ਲਗਾਨ ਸਰਕਾਰ ਨੂੰ ਦੇ ਦੇਵੇ । ਇਹ ਸੁਣਦੇ ਸਾਰ ਬਨਵਾਰੀ ਦਾ ਖੂਨ ਖੌਲਿਆ ਤੇ ਕੁੱਝ ਦਿਨਾਂ ਅੰਦਰ ਹੀ ਬਨਵਾਰੀ ਨੇ ਆਪਣੇ ਮਾਸਟਰ ਦੀ ਅਗਵਾਈ ਨਾਲ ਆਪਣੇ ਪਿੰਡ ਦੇ ਕਿਸਾਨਾਂ ਦੀ “ਕਿਸਾਨ-ਸਭਾ” ਬਣਾ ਲਈ, ਜਿਸ ਦਾ ਮੁਖ-ਮੰਤਵ ਸੀ, ‘ਇਸ ਸੂਬੇ ਦੇ ਕਿਸਾਨਾਂ ਦੇ ਹੱਕਾਂ ਲਈ ਅਵਾਜ਼ ਉਠਾਉਣਾ ਅਤੇ ਆਪਣੀਆਂ ਖੁਸੀਆਂ ਜ਼ਮੀਨਾਂ ਨੂੰ ਮੁੜ ਹਾਸਲ ਕਰਨਾ।’
ਕਿਸਾਨ-ਸਭਾ ਦੇ ਬਣਨਸਾਰ ਸੂਹਿਆਂ ਨੇ ਸੇਠ ਪਾਸ ਖਬਰ ਪਹੁੰਚਾਈ, ਪਰ ਸੇਠ ਨੇ ਕੋਈ ਬਹੁਤਾ ਫਿਕਰ ਨਾ ਕੀਤਾ ਕਿਉਂਕਿ ਉਹਨੂੰ ਪਤਾ ਸੀ, ਕਿ ਸੂਬੇ ਦੇ ਸਾਰੇ ਦੇ ਸਾਰੇ ਵਡੇ ਅਫਸਰ ਉਹਦੇ ਹੱਥ ਵਿੱਚ ਸਨ । ਉਹ ਸੋਚਦਾ ਇਨ੍ਹਾਂ ਅਨਪੜ੍ਹਾਂ ਤੋਂ ਹੋ ਹੀ ਕੀ ਸਕਦਾ ਹੈ, ਉਹ ਆਪੇ ਝੱਗ ਵਾਂਗੂੰ ਬਹਿ ਜਾਣਗੇ । ਪਰ ਫਿਰ ਵੀ ਉਸ ਆਪਣੇ ਸੂਹਿਆਂ ਨੂੰ ਵਧੇਰੇ ਖਿਆਲ ਰਖਣ ਲਈ ਤਾਕੀਦ ਕਰ ਦਿਤੀ।
ਬਨਵਾਰੀ ਹੁਣ ਪੜ੍ਹਾਈ ਦੇ ਨਾਲ ਨਾਲ ਪਿੰਡ ਦੇ ਨੌਜਵਾਨਾਂ ਦੇ ਖਿਆਲਾਂ ਵਿੱਚ ਤਬਦੀਲੀ ਲਿਆਉਣ ਲਈ ਵੀ ਉਪਰਾਲਾ ਕਰਦਾ ਰਹਿੰਦਾ । ਪੰਜਾਂ ਛਿਆਂ ਮਹੀਨਿਆਂ ਵਿਚ ਹੀ ਉਸ ਨੇ ਪਿੰਡ ਦੇ ਸਾਰੇ ਦੇ ਸਾਰੇ ਨੌਜਵਾਨ ਆਪਣੇ ਪਿੱਛੇ ਕਰ ਲਏ ਅਤੇ ਸੇਠ ਦੇ ਜ਼ੁਲਮਾਂ ਤੋਂ ਤੰਗ ਆਏ ਹੋਏ ਕੁਝ ਵਡੇਰੀ ਉਮਰ ਦੇ ਕਿਸਾਨ ਵੀ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਗ ਪਏ ।
ਸੇਠ ਦੀ ਇਕ ਚਲਾਕੀ ਇਹ ਸੀ ਕਿ ਕੁਝ ਸਾਲਾਂ ਪਿੱਛੋਂ ਉਹ ਆਪਣੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਵਟਾਂਦਰਾ ਕਰ ਦਿੰਦਾ, ਤਾਂ ਜੋ ਉਹ ਕਾਨੂੰਨ ਮੁਤਾਬਿਕ ਨੀਯਤ ਸਾਲਾਂ ਪਿਛੋਂ ਜ਼ਮੀਨ ਦੇ ਮਾਲਕ ਨਾ ਹੋ ਜਾਣ, ਕਿਉਂ ਜੋ ਇਨ੍ਹਾਂ ਕਿਸਾਨਾਂ ਦੇ ਪਿਉ ਸੇਠ ਦੇ ਪਿਉ ਦੇ ਮੁਜ਼ਾਰੇ ਸਨ ਅਤੇ ਉਸ ਸਮੇਂ ਤੋਂ ਉਹ ਇਨ੍ਹਾਂ ਜ਼ਮੀਨਾਂ ਨੂੰ ਵਾਹ ਰਹੇ ਸਨ । ਪਰ ਬਨਵਾਰੀ ਦੀ ਕੋਸ਼ਿਸ਼ ਨਾਲ ਸਾਰੇ ਦੇ ਸਾਰੇ ਕਿਸਾਨਾਂ ਨੇ ਇਸ ਵਾਰੀ ਦਾਖਲ ਖਾਰਜ ਨਾ ਕਰਾਉਣ ਦਾ ਪੱਕਾ ਇਰਾਦਾ ਕਰ ਲਿਆ।
“ਮੈਂ ਇਤਨੀ ਦੂਰੋਂ ਸੌ ਕੰਮ ਛੱਡਕੇ ਤੁਹਾਡੇ ਇਸ ਕੰਮ ਲਈ ਆਇਆ ਹਾਂ ਪਰ ਤੁਹਾਨੂੰ ਮੇਰੀ ਤਕਲੀਫ ਦੀ ਜ਼ਰਾ ਪ੍ਰਵਾਹ ਨਹੀਂ,'' ਦਾਖਲ ਖਾਰਜ ਕਰਨ ਆਏ ਨਾਇਬ ਤਸੀਲਦਾਰ ਨੇ ਸਾਰਿਆਂ ਕਿਸਾਨਾਂ ਨੂੰ ਚੌਪਾਲ ਵਿਚ ਇਕੱਠਾ ਕਰਕੇ ਆਖਿਆ ।
ਸਾਰੇ ਦੇ ਸਾਰੇ ਕਿਸਾਨ ਸਰਕਾਰੀ ਹਾਕਮ ਦੇ ਇਹ ਸ਼ਬਦ ਸੁਣਕੇ ਸਹਿਮ ਗਏ, ਬਹੁਤਿਆਂ ਦਾ ਜੋਸ਼ ਮੱਠਾ ਪੈ ਗਿਆ, ਤੇ ਇਕ ਦੂਜੇ ਦੇ ਮੂੰਹ ਵਲ ਵੇਖਣ ਲਗ ਪਏ ।
“ਤੁਸੀਂ ਲਾਟਕੀਨ ਦੇ ਬੱਚਿਓ ! ਕੁਝ ਸੁਣਦੇ ਵੀ ਹੋ ਕਿ ਨਹੀਂ,” ਨਾਇਬ ਤਸੀਲਦਾਰ ਨੇ ਜ਼ਰਾ ਡਾਂਟ ਦਿੰਦਿਆਂ ਕਿਹਾ ।
ਸਾਰਿਆਂ ਨੂੰ ਨਿੰਮੋਝੂਣਾ ਦੇਖਕੇ ਬਨਵਾਰੀ ਨੂੰ ਉਠਣਾ ਪਿਆ । ਹਜ਼ੂਰ ਤੁਹਾਨੂੰ ਗੁੱਸਾ ਕਰਨ ਦੀ ਲੋੜ ਨਹੀਂ, ਅਸੀਂ ਹੋਰ ਹਰ ਤਰ੍ਹਾਂ ਤੁਹਾਡੇ ਨੌਕਰ ਹਾਂ, ਪਰ ਸਾਨੂੰ ਇਸ ਗਲ ਲਈ ਮਜਬੂਰ ਨ ਕਰੋ,'' ਤੇ ਇਸ ਗਲ ਦੀ ਪੁਸ਼ਟੀ ਲਈ ਸਾਰਿਆਂ ਨੇ “ਹਾਂ ਸਰਕਾਰ ਬਨਵਾਰੀ ਦੀ ਗਲ ਸੋਲ੍ਹਾਂ ਆਨੇ ਠੀਕ ਹੈ, ਝਕਦਿਆਂ ਝਕਦਿਆਂ ਕਹਿ ਦਿਤਾ ਜਦੋਂ ਨਾਇਬ ਤਸੀਲਦਾਰ ਨੇ ਬਾਕੀ ਸਾਰਿਆਂ ਵਲ ਘੂਰ ਕੇ ਵੇਖਿਆ । ਹੁਣ ਨਾਇਬ ਤਸੀਲਦਾਰ ਨੇ ਸਿਆਣਪ ਇਸੇ ਵਿੱਚ ਸਮਝੀ, ਕਿ ਉਹ ਵਾਪਸ ਚਲਾ ਜਾਏ ਤੇ ਉਹ ਸੇਠ ਦੇ ਪਲਿਉਂ ਦੋ ਵੇਲੇ ਚੰਗੀ ਚੋਖੀ ਰੋਟੀ ਸਣੇ ਸ਼ਰਾਬ ਦੇ ਖਾ ਪੀ ਕੇ ਉਵੇਂ ਦਾ ਉਵੇਂ ਮੁੜ ਗਿਆ।
ਸੇਠ ਹੋਰਾਂ ਨੂੰ ਹੁਣ ਬਹੁਤ ਫਿਕਰ ਹੋਇਆ । ਦੂਜੇ ਦਿਨ ਦੀਵਾਲੀ ਸੀ, ਜਦੋਂ ਕਿ ਉਨ੍ਹਾਂ ਹਮੇਸ਼ਾਂ ਵਾਂਗ ਸਾਰਾ ਦਿਨ ਮੌਨਬਰਤ ਰਖਕੇ ਪੂਜਾ ਕਰਨੀ ਸੀ ਤੇ ਰਾਤੀਂ ਰੁਪਿਆਂ ਨੂੰ ਮਾਇਆ ਦੇ ਹੋਰ ਵਾਧੇ ਲਈ ਸੰਧੂਰ ਦੇ ਟਿਕੇ ਲਾਉਣੇ ਸਨ, ਪਰ ਇਸ ਵਾਰੀ ਸੇਠ ਹੋਰੀਂ ਆਪਣਾ ਦੀਵਾਲਾ ਨਿਕਲਦਾ ਮਾਸੂਸ ਕਰ ਰਹੇ ਸਨ। ਉਨ੍ਹਾਂ ਇਸ ਵਾਰੀ ਦੀ ਦੀਵਾਲੀ ਤੇ ਬਹੁਤ ਘਟ ਖਰਚ ਕਰਨ ਲਈ ਖਾਸ ਹਦਾਇਤਾਂ ਕੀਤੀਆਂ। ਹੁਣ ਉਨ੍ਹਾਂ ਨੂੰ ਅਜ ਤੀਕ ਖਜ਼ਾਨੇ ਨੂੰ ਭਰਦੀਆਂ ਆਈਆਂ ਨਾਲੀਆਂ ਦਾ ਹਮੇਸ਼ਾਂ ਲਈ ਸੁਕ ਜਾਉਣ ਦਾ ਡਰ ਸੀ । ਦੀਵਾਲੀ ਵਾਲੇ ਦਿਨ ਹੀ ਉਹ ਆਪਣੀ ਬੈਲ-ਬੱਘੀ ਤੇ ਸਵਾਰ ਹੋ ਕੇ ਆਪਣੇ ਸਲਾਹਕਾਰ ‘ਪਾਟੇਖਾਨ’ ਸਮੇਤ ਪਿੰਡ ਵਿੱਚ ਜਾ ਵੜੇ। ਭਾਵੇਂ ਸਾਰਿਆਂ ਨੂੰ ਸੇਠ ਹੋਰਾਂ ਦੀ ਆਮਦ ਦਾ ਪਤਾ ਲਗ ਗਿਆ ਸੀ, ਪਰ ਅਗੇ ਵਾਂਗੂੰ ਉਨ੍ਹਾਂ ਨੂੰ ਕੋਈ ਵੀ ਪਿੰਡੋਂ ਬਾਹਰ ਲੈਣ ਨ ਆਇਆ । ਇਹ ਅਜ ਪਹਿਲੀ ਵਾਰ ਸੀ, ਜਦੋਂ ਸੇਠ ਹੋਰੀਂ ਕਲ-ਮਕੱਲੇ ਹੀ ਪਿੰਡ ਦੀਆਂ ਗਲੀਆਂ ਵਿਚੋਂ ਅਣਪੁੱਛਿਆਂ ਤੇ ਅਣਬੁਲਾਇਆਂ ਹੀ ਲੰਘ ਰਹੇ ਸਨ। ਕੇਵਲ ਉਹ ਦੋਵੇਂ ਸੂਹੇ, ਜਿਨ੍ਹਾਂ ਦੇ ਇਹ ਰਾਜ਼ਕ ਸਨ, ਅੱਗੇ ਪਿਛੇ ਪਏ ਹੁੰਦੇ ਸਨ । ਪਿੰਡ ਵਿੱਚ ਮਾਸਟਰ ਨੂੰ ਬਨਵਾਰੀ ਨਾਲ ਫਿਰਦਿਆਂ ਵੇਖ ਕੇ ਉਨ੍ਹਾਂ ਨੂੰ ਸੂਹਿਆਂ ਦੀ ਦੱਸੀ ਗਲ 'ਤੇ ਯਕੀਨ ਹੋ ਗਿਆ ਕਿ ਇਹ ਸਾਰੀ ਸ਼ਰਾਰਤ ਬਨਵਾਰੀ ਤੇ ਲਾਇਬਰੇਰੀ ਦੇ ਮਾਸਟਰ ਦੀ ਹੈ । ਉਸ ਆਪਣੇ ਸਾਰਿਆਂ ਮੁਜ਼ਾਰਿਆਂ ਨੂੰ ਚੌਪਾਲ ਵਿਚ ਸਦਿਆ ਪਰ ਕੋਈ ਵੀ ਨ ਆਇਆ । ਅਖੀਰ ਉਹ ਉਨ੍ਹਾਂ ਦੋ ਚਾਰ ਮੁਜ਼ਾਰਿਆਂ ਦੇ ਘਰ ਗਏ, ਜਿਨ੍ਹਾਂ ਤੋਂ ਉਨ੍ਹਾਂ ਨੂੰ ਯਕੀਨ ਸੀ, ਕਿ ਉਨ੍ਹਾਂ ਨੂੰ ਵੇਖਣ ਸਾਰ ਹੀ ਕਿਰ ਜਾਣਗੇ । ਸੇਠ ਹੋਰਾਂ ਉਨ੍ਹਾਂ ਨੂੰ ਆਪਣੇ ਪੁਰਾਣੇ ਰਿਸ਼ਤੇ ਤੇ ਤਅਲਕਾਤ ਦਾ ਚੇਤਾ ਕਰਾਇਆ, ਉਨ੍ਹਾਂ ਉਤੇ ਕੀਤੀਆਂ ਆਪਣੀਆਂ ਮੇਹਰਬਾਨੀਆਂ ਦਾ ਜ਼ਿਕਰ ਕੀਤਾ ਪਰ ਚੰਡੇ ਕਿਸਾਨਾਂ ਉਤੇ ਥਿੰਦੇ ਘੜੇ ਵਾਂਗੂੰ ਰਤੀ ਭਰ ਵੀ ਅਸਰ ਨ ਹੋਇਆ । ਉਨ੍ਹਾਂ ਸਾਫ ਸਾਫ ਕਹਿ ਦਿਤਾ ਕਿ ਉਹ ਪਿੰਡ ਦੇ ਬਾਕੀ ਕਿਸਾਨਾਂ ਅਤੇ ਆਪਣੇ ਜਵਾਨ ਪੁਤਰਾਂ ਦੇ ਵਿਰੁਧ ਨਹੀਂ ਜਾ ਸਕਦੇ। ਅਖੀਰ ਸੇਠ ਹੋਰਾਂ ਡਾਂਟ ਡਪਟ ਵੀ ਦਿਤੀ ਤੇ ਬਦਲਾ ਲੈਣ ਦੀਆਂ ਧਮਕੀਆਂ ਵੀ ਦਿਤੀਆਂ, ਪਰ ਉਨ੍ਹਾਂ ਦੇ ਪਕੇ ਇਰਾਦਿਆਂ ਵਿਚ ਉਹਦੀਆਂ ਫ਼ੋਕੀਆਂ ਧਮਕੀਆਂ ਜ਼ਰਾ ਵੀ ਫਰਕ ਨਾ ਲਿਆ ਸੱਕੀਆਂ ।
ਵਾਪਸੀ ਤੇ ਸਾਰਾ ਰਾਹ ਸੇਠ ਹੋਰੀਂ ਸੋਚਦੇ ਆਏ, “ਇਹ ਸਾਰੀ ਸ਼ਰਾਰਤ ਉਸ ਲਾਇਬਰੇਰੀ ਵਾਲੇ ਮਾਸਟਰ ਦੀ ਹੈ । ਉਹਦੀ ਮਨਹੂਸ ਸ਼ਕਲ ਮੈਨੂੰ ਪਹਿਲੇ ਦਿਨ ਹੀ ਨਹੀਂ ਸੀ ਭਾਈ ਤੇ ਜਦੋਂ ਉਸ ਮੁਫਤ ਪੜ੍ਹਾਉਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤਾਂ ਮੈਨੂੰ ਉਸੇ ਦਿਨ ਹੀ ਠਣਕ ਗਈ ਸੀ, ਕਿ ਇਹ ਕਿਹੜੇ ਨਾਢੂਸ਼ਾਹ ਦਾ ਪੁਤਰ ਏ ਜਿਹੜਾ ਅਨਪੜ੍ਹ ਗਵਾਰਾਂ ਨਾਲ ਮੁਫਤ ਮਗ਼ਜ਼ ਮਾਰਨ ਲਈ ਤਿਆਰ ਹੋ ਪਿਆ ਹੈ । ਪਰ ਮੈਂ ਇਕੱਲਾ ਕੀ ਕਰ ਸਕਦਾ ਸਾਂ, ਜਦ ਲਾਇਬਰੇਰੀ ਕਮੇਟੀ ਦੇ ਸਾਰੇ ਦੇ ਸਾਰੇ ਮੈਂਬਰ ਉਹਦੇ ਹਕ ਵਿਚ ਸਨ ।ਕਿਹਾ ਚੰਗਾ ਹੁੰਦਾ ਕਿ ਇਹ ਲਾਇਬਰੇਰੀ ਹੀ ਨ ਬਣਦੀ ! ਨਾ ਹੁੰਦਾ ਬਾਂਸ ਨ ਵਜਦੀ ਬੰਸਰੀ । ਮੈਂ ਡਿਪਟੀ ਕਮਿਸ਼ਨਰ ਨੂੰ ਲਾਇਬਰੇਰੀ ਬਣਨ ਸਮੇਂ ਐਵੇਂ ਪੰਜ ਹਜ਼ਾਰ ਰੁਪਏ ਦਿਤੇ ਤੇ ਫਜ਼ੂਲ ਹੀ ਨਾਲ ਹੋ ਕੇ ਉਗਰਾਹੀ ਕਰਾਈ । ਪਰ ਕਰਦਾ ਕੀ, ਉਹਦੇ ਅਗੇ ਇਨਕਾਰ ਵੀ ਤਾਂ ਨਹੀਂ ਸਾਂ ਕਰ ਸਕਦਾ । ਉਸ ਵੀ ਤਾਂ ਮੈਨੂੰ ਕਈ ਵਡੀਆਂ ਭਾਰੀਆਂ ਮੁਸੀਬਤਾਂ ਵਿਚੋਂ ਬਚਾਇਆ ਸੀ, ਨਹੀਂ ਤਾਂ ਮੈਂ ਅਜ ਕਲ ਜੇਹਲ ਦੀ ਹਵਾ ਭੱਖਦਾ ਹੁੰਦਾ । ਤੇ ਖਾਸ ਕਰਕੇ ਸ਼ਰਾਬ ਦੀ ਹਾਲਤ ਵਿੱਚ ਅਤਰੂ ਕਿਸਾਨ ਦੀ ਜਵਾਨ ਕੰਵਾਰੀ ਧੀ ਨਾਲ ਕੀਤੀ ਮੇਰੀ ਜ਼ਬਰਦਸਤੀ ਨੂੰ ਜੇ ਕੋਈ ਛੁਪਾਣ ਵਾਲਾ ਸੀ ਤਾਂ ਉਹੋ ਹੀ ਸੀ । ਸਾਰਾ ਪਿੰਡ ਬੁੜ ਬੁੜ ਕਰਦਾ ਰਿਹਾ ਸੀ, ਪਰ ਉਸ ਕਿਸੇ ਦੀ ਪਰਵਾਹ ਤਕ ਨਹੀਂ ਸੀ ਕੀਤੀ, ਫਿਰ ਮੈਂ ਉਹਦੇ ਨਾਲ ਜਾਣ ਤੋਂ ਇਨਕਾਰ ਕਿਵੇਂ ਕਰਦਾ । ਕਿਹਾ ਚੰਗਾ ਹੁੰਦਾ ਜੇ ਲਾਇਬਰੇਰੀ ਦਾ ਸਕੱਤ੍ਰ ਅਨਪੜ੍ਹਿਆਂ ਜਵਾਨਾਂ ਨੂੰ ਰਾਤੀਂ ਪੜ੍ਹਾਉਣ ਦਾ ਅੜੁਚ ਹੀ ਨ ਕਢਦਾ ਜਾਂ ਮੈਂ ਦੋ ਚਾਰ ਮੈਂਬਰਾਂ ਨੂੰ ਆਪਣੇ ਵਲ ਕਰਕੇ ਉਹਦੀ ਮੁਖਾਲਫਤ ਕਰਦਾ, ਪਰ ਮੈਨੂੰ ਕੀ ਪਤਾ ਸੀ, ਕਿ ਮੇਰੇ ਹੀ ਕਿਸਾਨਾਂ ਦੇ ਪੁਤਰ ਪੜ੍ਹਕੇ ਮੇਰੇ ਹੀ ਖਿਲਾਫ ਉਠ ਪੈਣਗੇ, ਮੇਰੀ ਹੀ ਬਿਲੀ ਮੈਨੂੰ ਹੀ ਮਿਆਉਂ ਕਰੇਗੀ । ਪਰ ਕੋਈ ਗਲ ਨਹੀਂ ਮੈਂ ਕੋਈ ਇਤਨਾ ਗਿਆ ਗੁਜ਼ਰਿਆ ਤੇ ਨਹੀਂ। ਇਨ੍ਹਾਂ ਮੈਨੂੰ ਸਮਝਿਆ ਕੀ ਹੈ, ਮੇਰੀਆਂ ਵੀ ਬਾਹਵਾਂ ਕਾਫੀ ਵੱਡੀਆਂ ਹਨ । ਕਲ ਹੀ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਕਿਸਾਨਾਂ ਦਾ ਮੱਕੂ ਬੰਨਣ ਲਈ ਮਿਲਾਂਗਾ । ਅਜ ਰਾਤੀਂ ਦੀਵਾਲੀ ਦੇ ਖਾਣੇ ਤੇ ਥਾਣੇਦਾਰ ਸਾਹਿਬ ਨੂੰ ਸਦ ਲਵਾਂਗੇ ਤੇ ਉਹਨੂੰ ਰਜਾ ਕੇ ਖਿਲਾਵਾਂਗੇ। ਵਿਚੋਂ ਤੇ ਵੀਹ ਪੰਝੀ ਰੁਪਿਆਂ ਦੀ ਗਲ ਹੀ ਹੈ ਨਾ । ਫਿਰ ਇਸ ਮਾਸਟਰ ਦੇ ਬੱਚੇ ਨੂੰ ਉਹਦੇ ਕੋਲੋਂ ਡਾਂਟ ਡੱਪਟ ਦਵਾਕੇ ਸਿਧਾ ਕਰ ਛਡਾਂਗਾ ਤੇ ਜੇ ਉਹ ਫਿਰ ਵੀ ਬਾਜ਼ ਨਾ ਆਇਆ ਤਾਂ ਲਾਇਬਰੇਰੀ ਵਾਲਿਆਂ ਨੂੰ ਪੰਜ ਸਤ ਸੌ ਹੋਰ ਦਾਨ ਦੇਕੇ ਇਹਦਾ ਬਿਸਤਰਾ ਹੀ ਗੋਲ ਕਰਵਾ ਦਿਆਂਗਾ । ਇਹ ਸਾਰੇ ਉਤਨਾ ਚਿਰ ਹੀ ਫੜ ਫੜ ਕਰਦੇ ਰਹੇ ਹਨ ਜਿਤਨਾ ਚਿਰ ਮੈਂ ਚੁਪ ਰਿਹਾ ਹਾਂ । ਹੁਣ ਵੇਖੋ ਮੈਂ ਕਿਵੇਂ ਇਨ੍ਹਾਂ ਦੀ ਤੱਤੜ ਮੱਠੀ ਕਰਦਾ ਹਾਂ।”
ਫਿਰ ਸੇਠ ਹੋਰਾਂ ਕਿਸੇ ਹੋਰ ਚੰਗੇਰੀ ਤਰਕੀਬ ਲਈ ਆਪਣੇ ਸਲਾਹਕਾਰ ‘ਪਾਟੇਖਾਨ’ ਵਲ ਦੇਖਿਆ ਜੋ ਅਜ ਸਾਰਾ ਰਸਤਾ ਬਿੱਜੂ ਵਾਂਗੂ ਗੁੱਛਾ ਮੁੱਛਾ ਹੋਇਆ ਚੁਪ ਬੈਠਾ ਰਿਹਾ ਸੀ ਤੇ ਜਿਸਦੀ ਬੇ-ਉੱਤਰੀ ਸ਼ਕਲ ਆਉਣ ਵਾਲੇ ਖਤਰੇ ਦੀ ਸੂਚਕ ਸੀ। ਭਾਵੇਂ ਉਹ ਬੋਲਿਆ ਤਾਂ ਨਾ, ਪਰ ਉਹਦੇ ਢੱਠੇ ਮੂੰਹ ਤੋਂ ਸੇਠ ਹੋਰਾਂ ਇੰਜ ਮਾਸੂਸ ਕੀਤਾ, ਜਿਵੇਂ ਉਹ ਕਹਿ ਰਿਹਾ ਹੋਵੇ “ਸੇਠ ਜੀ ਇਸ ਆਉਣ ਵਾਲੇ ਭਿਆਨਕ ਖਤਰੇ ਤੋਂ ਬਚ ਨਿਕਲਣਾ ਮੁਸ਼ਕਲ ਹੀ ਨਜ਼ਰ ਆਉਂਦਾ ਹੈ । ਮੇਰੀ ਤਾਂ ਅਕਲ ਹੀ ਅਜ ਮੈਨੂੰ ਜੁਆਬ ਦਈ ਜਾ ਰਹੀ ਹੈ ।”
ਤੇ ਫਿਰ ਸੇਠ ਹੋਰਾਂ ਦੇਖਿਆ ਕਿ ਬੈਲ-ਬੱਘੀ ਉਨ੍ਹਾਂ ਦੇ ਮਕਾਨ ਕੋਲ ਆ ਖੜੀ ਹੋਈ ਹੈ । ਤਰਕਾਲਾਂ ਦੀ ਹਵਾ ਭਾਵੇਂ ਹਾਲੇ ਬਹੁਤ ਠੰਢੀ ਨਹੀਂ ਸੀ, ਪਰ ਫਿਰ ਵੀ ਸੇਠ ਹੋਰਾਂ ਆਪਣੇ ਐਚਕਨ ਕੋਟ ਵਿੱਚ ਕੁਝ ਸਰਦੀ ਮਾਸੂਸ ਕੀਤੀ ਤੇ ਇਕ ਕਾਂਬਾ ਜਿਹਾ ਉਨ੍ਹਾਂ ਦੇ ਸਾਰੇ ਸਰੀਰ ਵਿਚ ਦੌੜ ਗਿਆ। ਗਲੀ ਵਿਚ ਆਕੇ ਉਨ੍ਹਾਂ ਵੇਖਿਆ ਕਿ ਅਜ ਦੀਵਾਲੀ ਦੀ ਰਾਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਮਕਾਨ ਦੇ ਚਾਰੇ ਪਾਸੇ ਹਨੇਰਾ ਪਸਰਿਆ ਪਿਆ ਹੈ । ਅੰਦਰ ਆਕੇ ਉਨ੍ਹਾਂ ਆਪਨਾ ਗੁਸਾ ਨੌਕਰਾਂ ਤੇ ਕਢਿਆ ।
“ਉਏ ਛੋਟੂ ਦੇ ਬਚੇ ਕਿਥੇ ਮਰ ਗਿਆ ਏਂ?
“ਜੀ ਹਜ਼ੂਰ’ ਇਕ ਕਮਰੇ ਵਿਚੋਂ ਦੌੜਦਿਆਂ ਛੋਟੂ ਬੋਲਿਆ !
“ਸਹੁਰੀ ਦਿਆ ਤੂੰ ਦੀਵੇ ਕਿਉਂ ਨਹੀਂ ਜਗਾਏ” ਛੋਟੂ ਨੂੰ ਵੇਖ ਕੇ ਸੇਠ ਹੋਰਾਂ ਦਾ ਪਾਰਾ ਹੋਰ ਚੜ੍ਹ ਗਿਆ ।
“ਜੀ-ਜੀ ਜਗਾਏ ਤੇ ਸਨ ਪਰ ਹਵਾ ਤੇਜ਼ ਹੋਣ ਕਰ ਕੇ ਬੁਝ ਗਏ ਹੋਣੇ ਨੇ” ਛੋਟੂ ਨੇ ਉਪਰ ਕੋਠੇ ਦੇ ਬੁਝਿਆਂ ਦੀਵਿਆਂ ਨੂੰ ਵੇਖ ਕੇ ਆਖਿਆ ।
“ਜਾਹ ਹੋਰ ਤੇਲ ਪਾਕੇ ਉਨ੍ਹਾਂ ਸਾਰਿਆਂ ਨੂੰ ਫਿਰ ਜਗਾ ਕੇ ਆ।” ਇਹ ਆਖ ਕੇ ਸੇਠ ਹੋਰੀਂ ਲੈਂਪ ਦੀ ਮੱਧਮ ਰੋਸ਼ਨੀ ਹੇਠਾਂ ਆਪਣੀ ਗੱਦੀ ਤੇ ਬੈਠ ਗਏ । ਭਾਵੇਂ ਰਸਤੇ ਵਿਚ ਉਹ ਆਪਣੇ ਦਿਲ ਨੂੰ ਕਾਫੀ ਧਰਵਾਸਾ ਦਿੰਦੇ ਆਏ ਸਨ, ਪਰ ਇਹ ਫੋਕੀਆਂ ਤਸੱਲੀਆਂ ਉਨ੍ਹਾਂ ਦੇ ਅੰਦਰ ਸ਼ਾਂਤੀ ਨ ਲਿਆ ਸੱਕੀਆਂ ਅਤੇ ਉਨ੍ਹਾਂ ਇੰਜ ਮਾਸੂਸ ਕੀਤਾ ਜਿਵੇਂ ਬੁਰੇ ਦਿਨ ਆਉਣੇ ਸ਼ੁਰੂ ਹੋ ਗਏ ਹਨ ਅਤੇ ਨੌਕਰਾਂ ਉਹਦੇ ਦਿਲ ਦੀ ਸੋਗੀ-ਹਾਲਤ ਮਾਸੂਸ ਕਰ ਲੈਣ ਕਾਰਨ ਹੀ ਦੀਵੇ ਨਹੀਂ ਸਨ ਜਗਾਏ ।
ਫਿਰ ਉਨ੍ਹਾਂ ਵੇਖਿਆ, ਛੋਟੂ ਮਮਟੀ ਉਪਰ ਦੀਵੇ ਰਖਕੇ ਜਗਾ ਰਿਹਾ ਸੀ, ਪਰ ਹਵਾ ਦੇ ਫਰਾਟੇ ਉਨ੍ਹਾਂ ਨੂੰ ਫਿਰ ਬੁਝਾ ਦੇਂਦੇ ਸਨ । ਇਕ ਨੂੰ ਉਹ ਜਗਾਕੇ ਮਸਾਂ ਹਟਦਾ ਹੀ ਸੀ, ਕਿ ਦੂਜਾ ਬੁਝ ਜਾਂਦਾ ਸੀ, ਆਖਰ ਤੰਗ ਆ ਕੇ ਉਸ ਸੇਠ ਹੋਰਾਂ ਦੇ ਗੁਸੇ ਤੋਂ ਬਚਣ ਲਈ ਦੀਵਿਆਂ ਨੂੰ ਵਿਹੜੇ ਵਾਲੇ ਪਾਸੇ ਮਮਟੀ ਦੀ ਓਟ ਪਿਛੇ ਰਖ ਦਿਤਾ । ਉਹ ਹੇਠਾਂ ਉਤਰਿਆ ਹੀ ਸੀ, ਕਿ ਹਵਾ ਦੇ ਇਕ ਫਰਾਟੇ ਨਾਲ ਕੋਠੇ ਦੇ ਸਾਰੇ ਦੇ ਸਾਰੇ ਦੀਵੇ ਭੱੜਕ ਕਰਕੇ ਬੁਝ ਗਏ। ਇਸ ਨਾਕਾਮੀ ਕਾਰਨ ਦੋਵੇਂ ਇਸ ਘੁਸ-ਮੁਸੇ ਦੀ ਹਾਲਤ ਵਿਚ ਚੁਪ-ਚਾਪ ਇਕ ਦੂਜੇ ਦੇ ਮੂੰਹ ਵਲ ਵੇਖਣ ਲਗ ਪਏ ਤੇ ਛੋਟੂ ਦੀਵੇ ਜਗਾਉਣ ਲਈ ਫਿਰ ਉਪਰ ਚੜ੍ਹ ਗਿਆ ।
ਸੇਠ ਹੋਰਾਂ ਛੋਟੂ ਨੂੰ ਦੀਵੇ ਜਗਾ ਕੇ ਗੈਲਰੀ ਵਿਚ ਰਖਣ ਲਈ ਕਿਹਾ, ਅਤੇ ਪੂਜਾ ਦਾ ਖਿਆਲ ਕਰਕੇ ਆਪ ਘਿਓ ਵਾਲੇ ਵਡੇ ਦੀਵੇ ਨੂੰ ਕ੍ਰਿਸ਼ਨ ਮਹਾਰਾਜ ਦੀ ਮੂਰਤੀ ਅਗੇ ਰਖਕੇ ਆਪ ਜਗਾਇਆ, ਉਹਦੀ ਵਟੀ ਉਚੀ ਕੀਤੀ ਵਗ ਰਹੀ ਹਵਾ ਦਾ ਵਧੇਰੇ ਬਲ ਨਾਲ ਮੁਕਾਬਲਾ ਕਰਨ ਲਈ ਤੇ ਹਥਾਂ ਦੀ ਓਟ ਵੀ ਦਿਤੀ ਪਰ ਇੰਜ ਲਗਦਾ ਸੀ ਜਿਵੇਂ ਦੀਵੇ ਦੀ ਲਾਟ ਆਪਣੀ ਲਾਚਾਰੀ ਦਸਦੀ ਹੋਈ ਕਹਿ ਰਹੀ ਹੋਵੇ, “ਸੇਠ ਜੀ, ਇਤਨੇ ਜ਼ੋਰ ਦੀ ਹਵਾ ਦਾ ਮੁਕਾਬਲਾ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ।” ਸੇਠ ਹੋਰੀਂ ਹੁਣ ਬਹੁਤ ਸਹਿਮ ਗਏ, ਉਨ੍ਹਾਂ ਇੰਜ ਅਨੁਭਵ ਕੀਤਾ ਕਿਸਾਨਾਂ ਦੇ ਨੌਜਵਾਨ ਮੁੰਡੇ ਚਾਰੇ ਪਾਸਿਉਂ ਉਨ੍ਹਾਂ ਵਲ ਵਧ ਰਹੇ ਹਨ ਤੇ ਮਿੰਟਾਂ ਸਕਿੰਟ ਵਿੱਚ ਉਨ੍ਹਾਂ ਦੀ ਗਿਚੀ ਨੂੰ ਉਹ ਦਬੋਚ ਲੈਣਗੇ ਸੇਠ ਹੋਰੀਂ ਸਾਰੇ ਦੇ ਸਾਰੇ ਕੰਬ ਗਏ ਹੁਣ ਉਨ੍ਹਾਂ ਨੂੰ ਇਸ ਦੁਨੀਆਂ ਵਿਚ ਕੋਈ ਸਹਾਰਾ ਨਜ਼ਰ ਨਹੀਂ ਸੀ ਆ ਰਿਹਾ ਜੋ ਉਨ੍ਹਾਂ ਨੂੰ ਇਸ ਮੁਸੀਬਤ 'ਚੋਂ ਕੱਢ ਲਏ । ਜੇ ਕੋਈ ਓਟ ਸੀ ਤਾਂ ਉਹ ਧਰਮ ਦੀ ਸੀ ਤੇ ਉਨ੍ਹਾਂ ਇਸ ਡਰਾਉਣੇ ਵਾਯੂਮੰਡਲ ਦੇ ਡਰ ਨੂੰ ਘਟਾਉਣ ਲਈ ਝੱਟ ਧਰਮ ਦੀ ਓਟ ਲਈ। ਅੱਖਾਂ ਬੰਦ ਕਰਕੇ ਕ੍ਰਿਸ਼ਨ ਦੀ ਮੂਰਤੀ ਵਿਚ ਧਿਆਨ ਲਾਉਣ ਦੀ ਕੀਤੀ, ਪਰ ਅਜ ਉਨ੍ਹਾਂ ਦਾ ਮਨ ਜੁੜਦਾ ਹੀ ਨਹੀਂ ਸੀ, ਅਭੋਲ ਹੀ ਉਹ ਸਹਿਮ ਉਨ੍ਹਾਂ ਦੇ ਅੰਦਰੋਂ ਨਿਕਲਕੇ ਸਾਮ੍ਹਣੇ ਆ ਖੜੀਂਦਾ । ਉਨ੍ਹਾਂ ਮਾਸੂਸ ਕੀਤਾ ਜਿਵੇਂ ਕਿਸੇ ਭੁੰਚਾਲ ਕਾਰਨ ਉਨ੍ਹਾਂ ਦੀਆਂ ਹਜ਼ਾਰਾਂ ਰੁਪਿਆਂ ਦੀਆਂ ਮਹਿਲ ਮਾੜੀਆਂ ਕੋਠੀਆਂ ਤੇ ਹਵੇਲੀਆਂ ਡਿਗ ਰਹੀਆਂ ਹਨ ।
ਤੇ ਫਿਰ ਇਕ ਖੜਾਕ ਪੈਦਾ ਹੋਇਆ ਜਿਸ ਨਾਲ ਉਹ ਕੰਬ ਗਏ । ਇਹ ਆਵਾਜ਼ ਇਤਨੀ ਉੱਚੀ ਪੈਦਾ ਹੋਈ ਕਿ ਉਨ੍ਹਾਂ ਅਨੁਭਵ ਕੀਤਾ ਜਿਵੇਂ ਉਨ੍ਹਾਂ ਦੀ ਬੜੀ ਮਿਹਨਤ ਨਾਲ ਬਣਵਾਈ ਆਪਣੇ ਰਹਿਣ ਵਾਲੀ ਦੋ ਮੰਜ਼ਲੀ ਕੋਠੀ ਦੇ ਸਾਰੇ ਕਸਬੇ ਤੋਂ ਉਚੇ ਢਹਿੰਦੇ ਮੁਨਾਰੇ ਦੀ ਅਵਾਜ਼ ਹੈ । ਅੱਖਾਂ ਖੋਲ੍ਹਣ ਤੇ ਉਨ੍ਹਾਂ ਵੇਖਿਆ ਸਾਰੇ ਦੀਵੇ ਬੁਝ ਚੁਕੇ ਸਨ, ਚਾਰੇ ਪਾਸੇ ਹਨੇਰਾ ਪਸਰਿਆ ਪਿਆ ਸੀ ਤੇ ਕ੍ਰਿਸ਼ਨ ਦੀ ਮੂਰਤੀ ਵਾਲਾ ਦੀਵਾ ਵੀ ਹੇਠਾਂ ਡਿਗਕੇ ਮੂਧਾ ਪਿਆ ਹੋਇਆ ਸੀ ਜਿਸ ਵਿਚੋਂ ਘਿਉ ਵੱਗ ਵੱਗ ਕੇ ਕੀਮਤੀ ਕਾਲੀਨ ਨੂੰ ਥਿੰਧਾ ਕਰ ਰਿਹਾ ਸੀ ।