ਧਰਤੀ ਦੇ ਮਾਲਕ (ਕਹਾਣੀ) : ਬਲੀਜੀਤ

ਮੈਂ ਨਲਕੇ 'ਤੇ ਹੱਥ ਧੋਣ ਲੱਗਾ । ਮੈਨੂੰ ਉਲਟੀ ਆ ਗਈ । ਅੱਖਾਂ 'ਚੋਂ ਪਾਣੀ ਨਿਕਲ ਆਇਆ । ਪੇਟ 'ਚੋਂ ਕੁੱਝ ਨਾ ਨਿਕਲਿਆ । ਡਾਕਣ ਨੂੰ ਜੀਅ ਕਰੀ ਜਾਵੇ । ਕੁਰਲੀ ਕੀਤੀ । ਪਾਣੀ ਪੀਣ ਨੂੰ ਜੀਅ ਕਰੇ । ਪਾਣੀ ਅੰਦਰ ਨੂੰ ਜਾਵੇ ਹੀ ਨਾ । ਉਲਟੀ 'ਤੇ ਉਲਟੀ ।

''ਕਿਆ ਹੋ ਗਿਆ'', ਮਾਂ ਨੂੰ ਚਿੰਤਾ ਲੱਗਣੀ ਹੀ ਸੀ ।

ਆਪ ਨੂੰ ਹੀ ਸਮਝ ਨਾ ਲੱਗੇ ਤਾਂ ਦੂਸਰੇ ਨੂੰ ਕੀ ਦੱਸ ਹੋਵੇ । ਅੱਗੇ ਕਿਹੜਾ ਕਦੇ ਡਾਂਗ ਨਹੀਂ ਸੀ ਚਲਾਈ । ਪਹਿਲਾਂ ਕਦੇ ਕੁੱਝ ਨਹੀਂ ਹੋਇਆ । ਅੱਜ ਕੀ ਹੋ ਗਿਆ । ਕੋਈ ਚੀਜ਼ ਖਾ ਨਾ ਹੋਵੇ । ਖਾਣਾ ਤਾਂ ਕੀ ਰਸੋਈ 'ਚ ਪੱਕਦੀ ਰੋਟੀ ਦੇ ਖ਼ਿਆਲ ਨਾਲ ਹੀ ਅੰਦਰ ਬਾਹਰ ਨੂੰ ਆਵੇ । ਰੋਟੀ ਖਾਣਾ ਕਿੱਡਾ ਵੱਡਾ ਸੰਕਟ ਐ ... ਜੋ ਸ੍ਹਾਮਣੇ ਦਿੱਸ ਰਿਹਾ ਸੀ । ਰੋਟੀ ਨੂੰ ਤਾਂ ਦੇਖਣ ਨੂੰ ਜੀਅ ਨਾ ਕਰੇ ।

''ਰੋਟੀ ਖਾ ਲੈ'' ਮਾਂ ਨੇ ਜਿਵੇਂ ਰਸੋਈ 'ਚੋਂ ਮੈਨੂੰ ਗਾਲ਼ ਕੱਢੀ ।

ਕਿਵੇਂ ਖਾ ਲਵਾਂ! ਕੋਈ ਜ਼ਬਰਦਸਤੀ ਵੀ ਮੈਨੂੰ ਕੁੱਝ ਨਾ ਖਿਲਾ ਸਕਦਾ । ਪਤਾ ਨਹੀਂ ਮੇਰੇ ਮੂੰਹ 'ਚ ਕੀ ਵੜ ਗਿਆ ਸੀ । ਮੈਂ ਕੁਝ ਨਹੀਂ ਕਰ ਸਕਦਾ ਸਾਂ । ਤੇ ਕੁਝ ਵੀ ਕਰ ਸਕਦਾ ਸਾਂ । ਮੈਂ ਮਾਂ ਤੋਂ ਕਾਲੇ ਛੋਲਿਆਂ ਦੀ ਤਰੀ ਤੇ ਰੋਟੀ ਲੈ ਕੇ, ਅੱਖ ਬਚਾ ਕੇ ਬਾਰੀ ਤੋਂ ਬਾਹਰ ਸੁੱਟ ਦਿੱਤੀ । ਘਬਰਾ ਕੇ ਇੰਨੇ ਜ਼ੋਰ ਨਾਲ ਮੇਰਾ ਦਿਲ ਉੱਛਲਿਆ ਜਿਵੇਂ ਮੂੰਹ ਥਾਣੀਂ ਮੇਰੀਆਂ ਆਂਦਰਾਂ ਹੀ ਬਾਹਰ ਨਿਕਲ ਆਉਣਗੀਆਂ । ਹੋਰ ਅੰਦਰ ਹੈ ਕੀ ਸੀ?

''ਕਿਆ ਹੋ ਗਿਆ? ...''

***

ਕਈ ਸਾਲਾਂ ਤੋਂ ਸਾਡੇ ਘਰ ਵਿੱਚ ਪੰਦਰਾਂ ਸੋਲਾਂ ਡਾਂਗਾਂ ਪਈਆਂ ਹੁੰਦੀਆਂ ਸਨ । ਬਾਂਸ ਦੀਆਂ । ਬਾਹਰੋਂ ਆ ਕੇ ਬਗਲ ਅੰਦਰ ਵੜਦੇ ਸਾਰ ਹੀ ਖੂੰਜੇ ਵਿੱਚ ਖੜ੍ਹੀਆਂ ਇਨ੍ਹਾਂ ਡਾਗਾਂ ਉੱਤੇ ਹਰ ਇੱਕ ਦੀ ਨਿਗ੍ਹਾ ਪੈਂਦੀ । ਸਾਨੂੰ ਬੜਾ ਹੌਂਸਲਾ ਦਿੰਦੀਆਂ । ਬਹੁਤ ਕੰਮ ਆਉਂਦੀਆਂ । ਯਾਦ ਨਹੀਂ ਕਿ ਕਦੇ ਮੁਸ਼ਤਰਕਾ ਜ਼ਮੀਨ ਵਿੱਚ ਹਾੜ੍ਹੀ ਸੌਣੀ ਦੀ ਫ਼ਸਲ ਇਹਨਾਂ ਤੋਂ ਬਗ਼ੈਰ ਬੀਜੀ ਵੱਢੀ ਹੋਵੇ । ਅਜਿਹੇ ਮੌਕਿਆਂ ਉੱਤੇ ਇਹ ਸਾਰੀਆਂ ਕਈ ਦਿਨ ਖੂੰਜੇ ਵਿੱਚੋਂ ਗਾਇਬ ਰਹਿੰਦੀਆਂ । 'ਕੰਮ' ਖ਼ਤਮ ਹੋਣ ਬਾਅਦ ਫੇਰ ਜਿਵੇਂ ਖ਼ੁਦ-ਬ-ਖ਼ੁਦ ਉਸੇ ਖੂੰਜੇ ਵਿੱਚ ਆ ਖੜ੍ਹਦੀਆਂ । ਹੋਰ ਬਥੇਰੇ ਕੰਮ ਆਉਂਦੀਆਂ । ਕਿੱਕਰ ਜਾਂ ਨਿੰਮ ਦੀ ਦਾਤਣ ਤੋੜਦੀਆਂ । ਬੱਕਰੀਆਂ ਲਈ ਤੁੱਕੇ ਝਾੜਦੀਆਂ । ਡੰਗਰ ਚਾਰਦੀਆਂ । ਕਦੇ ਕੋਈ ਗੁਹਾਰੇ 'ਚੋਂ ਪਾਥੀਆਂ ਲੈਣ ਤੁਰ ਜਾਂਦੀ । ਕੁੱਪ 'ਚੋਂ ਤੂੜੀ ਦੀ ਪੰਡ ਲੈਣ ਲਈ ਖੂੰਜੇ 'ਚੋਂ ਗਾਇਬ ਹੋ ਜਾਂਦੀ...ਤੇ ਕਦੇ...

ਤੇ ਕਦੇ ਕਈ ਕਈ ਦਿਨ ਸਾਰੀਆਂ ਚੁੱਪ-ਚਾਪ ਖੜ੍ਹੀਆਂ ਰਹਿੰਦੀਆਂ ।

ਸ਼ਾਂਤ । ਕਦੇ ਆਪ ਹੀ ਇੱਕ ਦੂਜੇ ਨਾਲ ਵੱਜ ਕੇ ਡਿੱਗ ਪੈਂਦੀਆਂ । ਬੁਲਾਉਂਦੀਆਂ । ਪਟਾਕੇ ਚੱਲਣ ਵਰਗਾ ਖੜਾਕ ਕਰਦੀਆਂ । ਜੋ ਮਰਜ਼ੀ ਕਰਨ ਪਰ ਅੰਤ ਨੂੰ ਸਿੱਧੀਆਂ ਹੋ ਕੇ ਖੂੰਜੇ 'ਚ ਖੜ੍ਹ ਜਾਂਦੀਆਂ...

ਤਿਆਰ-ਬਰ-ਤਿਆਰ ।

ਪਤਾ ਨਹੀਂ ਕਦੋਂ ਚੱਲਣ ਦਾ ਹੁਕਮ ਹੋ ਜਾਵੇ ।

ਕਦੋਂ ਕੀ? ਇਹਨਾਂ ਦੀ ਲੋੜ ਪਈ ਹੀ ਰਹਿੰਦੀ ਸੀ ।

ਭਾਵੇਂ ਹਰ ਇੱਕ ਦੀ ਆਪਣੀ ਅਲੱਗ ਤਾਕਤ, ਪਛਾਣ ਤੇ ਰੁਤਬਾ ਸੀ । ਪਰ ਫੇਰ ਵੀ ਸਾਰੀਆਂ ਹੱਥ ਲਗ-ਲਗ ਕੇ ਚਮਕੀਆਂ ਪਈਆਂ ਸਨ । ਕੋਈ ਸਿਲਤ ਨਹੀਂ । ਅਲੱਗ ਅਲੱਗ ਰੰਗ ... ਪੀਲਾ ਕਾਲਾ, ਪੀਲਾ ਹਰਾ, ਸੁਨਹਿਰੀ ... । ਧਰਤੀ 'ਤੇ ਮਾਰੀਏ ਤਾਂ ਸਭ ਵੱਖਰੀ ਆਵਾਜ਼ ਵਿੱਚ ਜਿਵੇਂ ਹਾਕਾਂ ਮਾਰਦੀਆਂ । ਇਹਨਾਂ ਦਾ ਆਲੇ-ਦੁਆਲੇ ਦੇ ਲੋਕਾਂ ਨੂੰ ਭੈਅ ਸੀ । ਪਰ ਜੇ ਘਰ ਵਿੱਚ ਹੀ ਲੜਾਈ ਹੋ ਜਾਂਦੀ ਤਾਂ ਸਾਨੂੰ ਇਹਨਾਂ ਡਾਂਗਾਂ ਤੋਂ ਬੜਾ ਡਰ ਲੱਗਦਾ । ਬਗਲ ਦੇ ਅੰਦਰ ਅਜਿਹੀ ਗਰਮਾ-ਗਰਮੀ ਮੌਕੇ ਕੋਈ ਮਾਂ, ਚਾਚੀ, ਤਾਈ ਦੂਸਰੀ ਨੂੰ ਕਹਿੰਦੀ ...

''ਕੁੜੇ, ਇਹਨਾਂ ਨੂੰ ਮਲ੍ਹਕ ਦੇ ਕੇ ਲੁਕੋ ਦੇ ਕਿਤੇ ... ਹੋਰ ਕਿਤੇ ...''

ਇੰਜ ਕਈ ਵਾਰ ਹੋਇਆ ਕਿ ਅੰਮਾਂ ਹਰ ਕੁਰ ਮੂਹਰੇ-ਮੂਹਰੇ ਤੇ ਬਾਬਾ ਡਾਂਗ ਫੜੀ ਪਿੱਛੇ ਪਿੱਛੇ ਦੋਵੇਂ ਬਗਲ ਦੇ ਬਾਹਰ ਪੂਰੇ ਘਰ ਦੁਆਲੇ ਦੋ ਤਿੰਨ ਗੇੜੇ ਲਾਉਂਦੇ ।

''ਕੰਗ ਦੀ ਜੜ੍ਹ'', ਅੰਮਾਂ ਨੂੰ ਬਾਬੇ ਤੇ ਡਾਂਗ ਵਿੱਚ ਕੋਈ ਫ਼ਰਕ ਨਾ ਦਿਸਦਾ ।

''ਮੈਂ ਤੇਰਾ ਕੁੱਤੀ ਬੁੜ੍ਹੀ ਦਾ ਅੱਜ ਭੋਗ ਪਾ ਦੇਣਾ ''

ਪਰ ਘਰ 'ਚ ਨਾ ਬਾਬੇ ਨੇ ਤੇ ਨਾ ਕਿਸੇ ਹੋਰ ਨੇ ਕਦੇ ਕਿਸੇ ਦੇ ਡਾਂਗ ਮਾਰੀ । ਸਿਰ ਤੋਂ ਉਤਾਂਹ ਚੁੱਕੀ ਡਾਂਗ ਉੱਥੇ ਹੀ ਰੁਕ ਜਾਂਦੀ ਤੇ ਮੂੰਹ ਵਿੱਚੋਂ ਡਾਂਗ ਵਰਗੀ ਗਾਲ਼ ਨਿਕਲਦੀ । ਘਰ ਦੇ ਅੰਦਰ ਜਦੋਂ ਡਾਂਗਾਂ ਨੱਚਦੀਆਂ ਤਾਂ ਸਾਡਾ ਬੱਚਿਆਂ ਦਾ ਚਿੱਤ ਘਬਰਾਉਂਦਾ । ਅਸੀਂ ਕੀ ਕਰ ਸਕਦੇ ਸਾਂ? ਜੀਭ ਪਿੱਛੇ ਨੂੰ ਹਟਦੀ । ਫੇਰ ਠੰਡ-ਠੇਰ ਹੋਣ 'ਤੇ ਅਸੀਂ ਡਾਂਗਾਂ ਦੀ ਗਿਣਤੀ ਕਰਦੇ ...ਇੱਕ ...ਦੋ ...ਤਿੰਨ ...ਪੰਦਰਾਂ ... । ਕਦੇ ਕਿਸੇ ਸਭ ਤੋਂ ਲੰਬੀ ਜਾਂ ਛੋਟੀ ਦੀਆਂ ਗੱਠਾਂ ਗਿਣਦੇ । ਥੱਲਿਓਂ ਉਪਰ ਨੂੰ । ਉਪਰੋਂ ਥੱਲੇ ਨੂੰ । ਉਪਰੋਂ ਹੇਠਾਂ ਨੂੰ ਨਿਗ੍ਹਾ ਦੁੜਾਉਂਦੇ ਤਾਂ ਪੋਰੀਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਬਾਂਸ ਮੋਟਾ ਹੁੰਦਾ ਜਾਂਦਾ । ਇੱਕ ਦਾ ਹੇਠਲਾ ਸਿਰਾ ਟੁੰਡ ਵਰਗਾ ਸੀ । ਤਿੰਨ ਡਾਂਗਾਂ 'ਤੇ ਸੁੰਮਾਂ ਚੜ੍ਹੀਆਂ ਹੋਈਆਂ ਸਨ । ਇਹ ਤਿੰਨੋਂ ਬਰਸਾਤੂ ਪਾਣੀ ਦੇ ਝਗੜੇ ਨਿਬੇੜਨ ਜ਼ਰੂਰ ਜਾਂਦੀਆਂ ।

ਜਦੋਂ ਅਸੀਂ ਕੁਝ ਜੁਆਨ ਹੋਏ ਤਾਂ ਯਾਦ ਆਉਂਦਾ ਕਿ ਪਹਿਲਾਂ ਇੰਨੀ ਤਦਾਦ ਵਿੱਚ ਇੰਨੀਆਂ ਜ਼ਬਰਦਸਤ ਡਾਂਗਾਂ ਸਾਡੇ ਘਰ ਵਿੱਚ ਨਹੀਂ ਹੁੰਦੀਆਂ ਸਨ । ਇਸੇ ਖੂੰਜੇ ਵਿੱਚ ਦੋ ਮੂਹਲੇ, ਡੰਗਰ ਚਾਰਨ ਵਾਲੇ ਡੰਡੇ, ਸੋਟੀਆਂ ਤੇ ਛਿਟੀਆਂ ਹੀ ਹੁੰਦੀਆਂ ਸਨ । ਜਾਂ ਹੋਰ ਕਬਾੜ ... ਟੁੱਟੇ ਪਾਵੇ, ਪਾਟੀਆਂ ਬਾਹੀਆਂ, ਕੰਡਮ ਸੇਰਬੇ । ਬਸ...

ਇੱਕ ਦਿਨ ਤੜਕੇ ਹੀ ਜਦੋਂ ਮੇਰੀ ਸਭ ਤੋਂ ਛੋਟੀ ਭੈਣ ਨੇ ਹੋਣਾ ਸੀ ਅਤੇ ਘਰ ਵਿੱਚ ਗੁੱਗਲ ਦੀ ਭਾਲ ਹੋ ਰਹੀ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਸਾਡਾ ਬਾਬਾ ਸਰਕਾਰੀ ਹਸਪਤਾਲ ਵਿੱਚ ਦਾਖਲ ਸੀ । ਮੁਸ਼ਤਰਕਾ ਜ਼ਮੀਨ ਦੇ ਝਗੜੇ ਕਾਰਨ, ਮੂੰਹ ਨ੍ਹੇਰੇ ਸੱਤ ਕਿੱਲਿਆਂ ਵਿੱਚ ਲੱਗੇ ਬੋਰ ਦੇ ਕੋਠੇ 'ਚ ਇਕੱਲੇ ਸੁੱਤੇ ਬਾਬੇ ਉੱਤੇ ਜੱਟਾਂ ਨੇ ਦਰਵਾਜ਼ਾ ਭੰਨ ਕੇ ਇੱਖ ਗੁੱਡਣ ਵਾਲੀਆਂ ਕਹੋਲੀਆਂ ਤੇ ਬਰਛਿਆਂ ਨਾਲ ਹਮਲਾ ਕਰ ਦਿੱਤਾ ਸੀ । ਆਪਣੇ ਵੱਲੋਂ ਉਹ ਬਾਬੇ ਨੂੰ ਮਾਰ ਕੇ ਲਾਗਲੇ ਖੇਤ ਵਿੱਚ ਸਿੱਟ ਗਏ ਸਨ । ਪਰ ਬਾਬਾ ਮਰਿਆ ਨਹੀਂ ਸੀ । ਉਸ ਦੇ ਹੱਥਾਂ ਪੈਰਾਂ ਉੱਤੇ ਬਾਈ ਟੱਕ ਸਨ । ਇੱਕ ਟੱਕ ਵੱਖੀ ਉੱਤੇ ਸੀ । ਹਸਪਤਾਲ ਵਿੱਚ ਪਿਆ ਉਹ ਗੱਲਾਂ ਕਰ ਰਿਹਾ ਸੀ । ਬਾਬਾ ਬਚ ਗਿਆ । ਮਹੀਨਾ ਉਹ ਹਸਪਤਾਲ ਹੀ ਰਿਹਾ । ਉਸ ਦੇ ਤੰਦਰੁਸਤ ਹੋ ਕੇ ਘਰ ਪੁੱਜਣ ਤੋਂ ਪਹਿਲਾਂ ਸਾਡੇ ਘਰ ਡਾਂਗਾਂ ਜਿਵੇਂ ਸੂ ਪਈਆਂ ਸਨ । ਹੁਣ ਸਾਨੂੰ ਇਹ ਵੀ ਪਤਾ ਸੀ ਪਿਛਲੇ ਸੰਦੂਖਾਂ ਪੇਟੀਆਂ ਵਾਲੇ ਅੰਦਰ ਕਿਰਪਾਨਾਂ, ਸਫ਼ਾਜੰਗ ਤੇ ਗੰਡਾਸੀਆਂ ਵੀ ਪਈਆਂ ਸਨ । ਇਹਨਾਂ ਦੀ ਲੋੜ ਭਾਵੇਂ ਕਦੇ ਨਹੀਂ ਸੀ ਪਈ, ਪਰ ਇਹਨਾਂ ਨੂੰ ਘਰ ਵਿੱਚ ਰੱਖਣ ਦੀ ਜ਼ਰੂਰਤ ਜ਼ਰੂਰ ਸੀ । ਲੰਬੀ ਦੇਰ ਇਹਨਾਂ ਦੀ ਹੋਂਦ ਚੇਤੇ ਵਿੱਚ ਸੁੱਤੀ ਰਹਿੰਦੀ । ਕਦੇ ਕਦੇ ਯਾਦ ਆਉਂਦੀ । ਕਦੇ ਇਹ ਹਥਿਆਰ ਹੌਂਸਲਾ ਦਿੰਦੇ, ਕਦੇ ਡਰਾਉਂਦੇ । ਇਹ ਵੱਢ-ਟੁੱਕ ਦਾ ਸਮਾਨ ਪਿਛਲੇ ਹਨ੍ਹੇਰੇ ਅੰਦਰ ਵਿੱਚ ਲੁਕਿਆ ਰਹਿੰਦਾ ।

ਪਰ ਡਾਂਗਾਂ ਘਰ ਵੜਦੇ ਹਰ ਇੱਕ ਦੇ ਮੱਥੇ ਲੱਗਦੀਆਂ!

ਅਸੀਂ ਵੀ ਇਹਨਾਂ ਨੂੰ ਵਰਤਦੇ ਹੋਏ ਜੁਆਨ ਹੋ ਰਹੇ ਸਾਂ ।

ਡੰਗਰ ਚਾਰਦੇ ਕਿਸੇ ਝੋਟੀ ਦੇ ਬੇਕਿਰਕ ਹੋ ਕੇ ਪੰਜ ਸੱਤ ਡਾਂਗਾਂ ਜੜਨ ਦਾ ਸੁਆਦ ਲੈਂਦੇ । ਵ੍ਹੇੜ ਪਾ ਦਿੰਦੇ । ਕੋਹੜ-ਕਿਰਲੀ ਜਾਂ ਛਿਪਕਲੀ ਜੋ ਵੀ ਨਿਗ੍ਹਾ ਪੈ ਗਈ, ਛੱਡੀ ਨਹੀਂ । ਘਾਹ 'ਤੇ ਉੱਡਦੀਆਂ ਭਿੰਡਾਂ ਦਾ ਨਿਸ਼ਾਨਾ ਲਾਉਂਦੇ । ਇੰਨੇ ਜ਼ੋਰ ਦੀ ਮਾਰਦੇ ਕਿ ਉਹ ਡੰਡੇ ਨਾਲ ਹੀ ਚਿਪਕ ਜਾਂਦੀਆਂ । ਕਦੇ ਡੰਡੇ ਤੋਂ ਬਚ ਕੇ ਨਿਕਲੀ ਭਿੰਡ ਗੁੱਸੇ ਵਿੱਚ ਹੱਥ ਮੂੰਹ 'ਤੇ ਲੜ ਜਾਂਦੀ ਤਾਂ ਝਿੜਕਾਂ ਪੈਂਦੀਆਂ...

''ਤੈਨੂੰ ਕੀਹਨੇ ਕਿਹਾ ਦੁਪਹਿਰੇ 'ਚ ਇਨ੍ਹਾਂ ਨਾਲ ਪੰਗਾ ਲੈ ।'' ਜੇ ਹੋਰ ਕੁਝ ਨਾ ਸੁੱਝਦਾ ਤਾਂ ਅੱਕਾਂ ਦੇ ਟੂਸਿਆਂ ਉੱਤੇ ਹੀ ਡਾਂਗਾਂ ਮਾਰੀ ਜਾਂਦੇ । ਕਿਸੇ ਪਲ ਰਹੇ ਕਿੱਕਰ ਜਾਂ ਸਰੀਂਹ ਦੇ ਬੂਟੇ ਨੂੰ ਝੰਬ ਦਿੰਦੇ । ਭਾਵੇਂ ਬਾਅਦ ਵਿੱਚ ਚੰਗੀਆਂ ਗਾਲ਼ਾਂ ਪੈਂਦੀਆਂ ਪਰ ਹਟਦੇ ਫੇਰ ਵੀ ਨਾ । ਡਾਂਗ ਚਲਾਉਣ 'ਚ ਬੜਾ ਸੁਆਦ ਆਉਂਦਾ ।

***

ਸਭ ਤੋਂ ਵੱਧ ਇਹ ਡਾਂਗਾਂ ਸੱਪਾਂ ਦੀਆਂ ਸਿਰੀਆਂ ਫੇਹਣ ਦੇ ਕੰਮ ਆਉਂਦੀਆਂ ਸਨ । ਆਲੇ-ਦੁਆਲੇ ਬਹੁਤ ਸੱਪ ਸਨ । ਅਕਸਰ ਹੀ ਨਿਕਲ ਆਉਂਦੇ । ਆਪਣਾ ਜੱਦੀ ਪੁਸ਼ਤੀ ਪਿੰਡ ਛੱਡਣ ਤੋਂ ਪਹਿਲਾਂ ਬਾਬੇ ਨੇ ਇਸੇ ਤਹਿਸੀਲ ਵਿੱਚ ਸ਼ਹਿਰ ਦੇ ਨੇੜੇ ਇੱਕ ਛੜੇ ਚੌਧਰੀ ਦੇ ਪੈਰੀਂ ਪੱਗ ਰੱਖ ਕੇ, ਪੌਣੇ ਦੋ ਕਿੱਲੇ ਜ਼ਮੀਨ ਅਠਾਰਾਂ ਸੌ ਰੁਪੱਈਆਂ ਵਿੱਚ ਬੈਅ ਲਿੱਤੀ ਸੀ । ਕੋਠੇ ਛੱਤ ਲਏ । ਡੰਗਰ ਬਲਦ ਰੱਖ ਲਏ । ਬਹੁਤ ਨੀਵੀਂ ਜ਼ਮੀਨ ਸੀ । ਕਿਸੇ ਜ਼ਮਾਨੇ ਵਿੱਚ ਇੱਥੇ ਇੱਟਾਂ ਦਾ ਭੱਠਾ ਹੁੰਦਾ ਸੀ । ਇਸੇ ਥਾਂ ਦੀ ਮਿੱਟੀ ਪੁੱਟ ਪੁੱਟ ਕੇ ਬਣੀਆਂ ਇੱਟਾਂ ਨੇ ਦੋ ਮੀਲ ਦੂਰ ਵਸਦੇ ਸ਼ਹਿਰ ਵਿੱਚ ਮਹਿਲਾਂ ਵਰਗੀਆਂ ਕੋਠੀਆਂ ਦੀਆਂ ਮੰਜ਼ਲਾਂ ਉੱਚੀਆਂ ਅਸਮਾਨ ਨੂੰ ਲਾ ਦਿੱਤੀਆਂ ਸਨ । ਇੱਥੇ ਟੋਇਆਂ ਤੇ ਉਜਾੜ ਵਿੱਚ ਜੇ ਸੱਪ ਨਾ ਜੰਮਦੇ ਤਾਂ ਹੋਰ ਤਿੱਤਲੀਆਂ ਉੱਡਦੀਆਂ । ਮਿੰਟ ਵਿੱਚ ਘਰ ਰੌਲਾ ਪੈ ਜਾਂਦਾ । ਹਲਾ-ਲਲਾ ਮਚ ਜਾਂਦੀ...

''ਓ ਦੀਪੇ ਸੱਪ ਓਏ!''

''ਕਿੱਥੇ?''

''ਉੱਥੇ ... ਔਹ ਦੇਖ ... ਔਹ ਦੇਖ!''

''ਚੱਕ ਲੈ ਡਾਂਗ''

''ਉਹ ਗਿਆ''

''ਐਧਰ ਆ ਗਿਆ ਹੁਣ''

''ਮਾਰ ਦੇ । ਟਿਕਾ ਕੇ ਮਾਰ''

''ਹੁਣ ਮਾਰ-ਗੱਭੇ''

''ਮਰ ਗਿਆ । ਮਰ ਗਿਆ । ਬਸ ਹੁਣ ਨੀਂ ਹਿੱਲਦਾ ਕੁੜੀ ਚੋ...''

ਅਸੀਂ ਝਾੜਾਂ 'ਚ ਫਸੀ ਸੱਪ ਦੀ ਕੁੰਜ ਦੇਖ ਕੇ ਹੀ ਡਰ ਜਾਂਦੇ ਜਿਵੇਂ ਕੁੰਜ ਲਾਹ ਕੇ ਸੱਪ ਕੋਲ ਈ ਬੈਠਾ ਹੋਵੇ ।

''ਕੁਸ਼ ਨੀਂ ਕਹਿੰਦਾ ਇਹ । ਧਰਤੀ ਦਾ ਰਾਜਾ ਐ । ਬੰਦੇ ਨੂੰ ਸੁੰਘਦੇ ਈ ਗਾਇਬ ਹੋ ਜਾਂਦਾ । ਸੱਪ ਉਪਰ ਪੈਰ ਰੱਖਿਆ ਜਾਵੇ ਤਾਂ ਪਿੱਛੇ ਨੂੰ ਮੁੜ ਕੇ ਡੰਗ ਮਾਰਦਾ । ਊਂ ਨੀਂ ਕੁਸ ਕਹਿੰਦਾ ।''

ਕਈ ਸਿਆਣੇ ਬੈਠੇ ਗੱਲਾਂ ਕਰਦੇ ਰਹਿੰਦੇ । ਸਾਨੂੰ ਉਹਨਾਂ ਦੀਆਂ ਸੱਪਾਂ ਦੀਆਂ ਗੱਲਾਂ ਤੋਂ ਸੱਪਾਂ ਵਰਗਾ ਹੀ ਡਰ ਲੱਗਦਾ । ਬੋਚ ਬੋਚ ਕੇ ਪੈਰ ਧਰਦੇ । ਸੱਪਾਂ ਦੇ ਡਰ ਨੇ ਸਾਡੀ ਤੋਰ ਹੀ ਬਦਲ ਦਿੱਤੀ ਸੀ । ਘਰ ਵਿੱਚ ਨਿਕਲ ਆਉਂਦਾ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ । ਕਦੇ ਸਿਰ ਚੁੱਕਦਾ । ਸਿਰ ਨੂੰ ਖੱਬੇ ਸੱਜੇ ਘੁੰਮਾਉਂਦਾ । ਫਣ ਫੈਲਾਅ ਕੇ ਫੁੰਕਾਰੇ ਮਾਰਦਾ । ਧਰਤੀ 'ਤੇ ਹੀ ਡੰਗ ਮਾਰੀ ਜਾਂਦਾ । ਸਾਨੂੰ ਮਾਰਨ ਲਈ ਆਪਣੇ ਮੂੰਹ 'ਚ ਸਾਂਭੀ ਜ਼ਹਿਰ ਦੀਆਂ ਧਮਕੀਆਂ ਦਿੰਦਾ । ਡਾਂਗ ਵਾਂਗ ਹੀ ਚਮਕਦਾ । ਘਰ ਦੇ ਬੰਦੇ ਡਾਂਗਾਂ ਫੜੀ ਉਸ ਦੇ ਦੁਆਲੇ, ਕੌਡੀ ਖੇਡਣ ਵਾਂਗ ਅੱਗੇ ਪਿੱਛੇ ਨੂੰ ਹੋਈ ਜਾਂਦੇ । ਡਾਂਗਾਂ ਦੇ ਡਰ ਤੋਂ ਵਲੇਵੇਂ ਖਾਂਦੇ ਦੌੜਦੇ ਜਾਂਦੇ ਦੀ ਚਾਲ ਦੇਖਣ ਵਾਲੀ ਹੁੰਦੀ । ਮੌਤ ਤੋਂ ਬਚਣ ਦੇ ਰਾਹ ਲੱਭਦਾ । ਕਦੇ ਕੋਈ ਹਿੱਸਾ ਦਿਸਦਾ । ਕਦੇ ਪੂਛ ਹੀ ਨਜ਼ਰ ਆਉਂਦੀ । ਕਦੇ ਮੂੰਹ ਹੀ ਦਿਸਦਾ ਜਿਸ ਵਿੱਚੋਂ ਦੋ ਸੂਈਆਂ ਜਹੀਆਂ ਟੱਪਦੀਆਂ । ਧੜ ਪਾਥੀਆਂ 'ਚ ਕਿਤੇ ਲੁਕਿਆ ਹੁੰਦਾ । ਮੂੰਹ ਤੋਂ ਸਰੀਰ ਦੀ ਲੰਬਾਈ ਦਾ ਭੋਰਾ ਵੀ ਪਤਾ ਨਾ ਲੱਗਦਾ । ਝੱਟ ਹੀ ਮੂੰਹ ਵੀ ਗਾਇਬ ਹੋ ਜਾਂਦਾ । ਉਸ ਦੀ ਭਾਲ ਸ਼ੁਰੂ ਹੋ ਜਾਂਦੀ । ਦੁਸ਼ਮਣ ਘਰ ਵਿੱਚ ਛੁਪਿਆ ਹੋਵੇ ਤਾਂ ਕਿੱਥੇ ਕਿਸੇ ਤੋਂ ਝੱਲ ਹੁੰਦਾ । ਕਣਕ ਦੀਆਂ ਭਰੀਆਂ ਹੇਠ ਜਾ ਵੜਦਾ । ਮੱਕੀ ਦੇ ਬੰਦਾਂ 'ਚ ਛਾਈਂ ਮਾਈਂ ਹੋ ਜਾਂਦਾ । ਸਿਆੜਾਂ 'ਚ ਮੇਲ੍ਹਦਾ । ਟੋਭੇ 'ਚ ਤਾਰੀਆਂ ਲਾਉਂਦਾ । ਤਰ੍ਹਾਂ-ਤਰ੍ਹਾਂ ਦੇ ਰੰਗ ...ਲੰਬਾਈ ...ਮੋਟਾਈ । ਇੱਕੋ ਤਰ੍ਹਾਂ ਦੇ ਦੋ ਸੱਪ ਕਦੇ ਨਹੀਂ ਟੱਕਰੇ । ਨਾ ਹੀ ਕਦੇ ਸੱਪ ਦੀ ਜਨਾਨੀ ...ਸੱਪਣੀ ਦੀ ਅਲੱਗ ਪਛਾਣ ਹੋਈ ।

ਜਦੋਂ ਵੀ ਸੱਪ ਦੇ ਪ੍ਰਗਟ ਹੋਣ ਦੀ ਹਾਕ ਪੈਂਦੀ, ਇਹ ਡਾਂਗਾਂ, ਡੰਡਿਆਂ ਸੋਟਿਆਂ ਸਮੇਤ ਅੱਖ ਦੇ ਫੋਰ ਵਿੱਚ ਹਰਕਤ ਵਿੱਚ ਆ ਜਾਂਦੀਆਂ । ਡਾਂਗਾਂ ਵਾਹੁਣ ਵਾਲੇ, ਡਾਂਗਾਂ ਨੂੰ ਇੰਨੇ ਜ਼ੋਰ ਨਾਲ ਪਕੜਦੇ ਕਿ ਇਹ ਉਹਨਾਂ ਦੇ ਸਰੀਰ ਦਾ ਹੀ ਅੰਗ ਬਣ ਜਾਂਦੀਆਂ । ਮਿੰਟਾਂ ਵਿੱਚ ਸੱਪ ਦੀਆਂ ਹੱਡੀਆਂ ਕਈ ਥਾਓਂ ਤੋਂ ਤੋੜ ਦਿੰਦੀਆਂ । ਸੱਪ ਨੂੰ ਮਾਰ ਕੇ, ਜਦੋਂ ਧਰਤੀ 'ਚ ਦੱਬਦੇ ਤਾਂ ਉਸ ਦੀ ਪੂਛ ਹਮੇਸ਼ਾ ਹਿੱਲਦੀ ਹੁੰਦੀ । ਡਾਂਗਾਂ ਤੋਂ ਖ਼ੂਨ ਧੋ ਕੇ ਫੇਰ ਉੱਥੇ ਹੀ ਪੁਰਾਣੇ ਖੂੰਜੇ 'ਚ ਇਹਨਾਂ ਨੂੰ ਟਿਕਾ ਦਿੱਤਾ ਜਾਂਦਾ ਜਿੱਥੇ ਇਹ ਸਭ ਦੀ ਨਿਗ੍ਹਾ ਪੈਂਦੀਆਂ ।

ਡਾਂਗਾਂ ਚਲਾਉਣ ਦਾ ਸੁਆਦ ਤੇ ਸੱਪਾਂ ਦਾ ਡਰ ਸਾਡੇ ਖ਼ੂਨ 'ਚ ਲਿਖਿਆ ਜਾ ਚੁੱਕਿਆ ਸੀ । ਡਾਂਗਾਂ ਨੇ ਡਰਾਇਆ ਬਹੁਤਿਆਂ ਨੂੰ , ਪਰ ਮਾਰੇ ਇਹਨਾਂ ਨੇ ਸੱਪ ਹੀ ਸਨ । ਦੋਹਾਂ ਦਾ ਜਨਮਾਂ ਜਨਮਾਂ ਦਾ ਵੈਰ ਸੀ । ਘਰ 'ਚ ਬੁੜ੍ਹੀਆਂ ਸੱਪਾਂ ਤੋਂ ਡਰਦੀਆਂ ਕੱਚੇ ਦੁੱਧ ਦਾ ਛਿੱਟਾ ਦਿੰਦੀਆਂ...

''ਯਾ ਧਰਤੀ ਦੇ ਮਾਲਕ, ਬਾਬਾ ਸਾਨੂੰ ਕਦੇ ਅੱਖ 'ਚ ਪਾਉਣ ਨੂੰ ਵੀ ਨਾ ਦਿਖੀਂ ।''

ਸਾਡੇ ਜੀਵਨ 'ਚ ਸੱਪ ਲੜ ਕੇ ਮਰਨ ਤੋਂ ਸਿਵਾ ਹੋਰ ਕੋਈ ਵੱਡਾ ਡਰ ਨਹੀਂ ਸੀ । ਮੌਤ ਜਿਵੇਂ ਸਿਰਫ਼ ਸੱਪਾਂ ਦੇ ਹੀ ਵੱਸ ਦੀ ਗੱਲ ਹੋਵੇ । ਜਦੋਂ ਤਕ ਸੱਪ ਜਿਊਂਦਾ ਹੁੰਦਾ, ਅਸੀਂ ਸਾਰੇ ਡੰਗਰ ਪਸ਼ੂਆਂ ਸਮੇਤ ਮੌਤ ਦੇ ਮੂੰਹ 'ਚ ਹੁੰਦੇ । ਜਦੋਂ ਮਰ ਜਾਂਦਾ ਤਾਂ ਉਸ ਦੀ ਲਾਸ਼ ਦੇ ਸ੍ਹਾਮਣੇ ਡਾਂਗਾਂ ਫੜੀ ਸ਼ੇਖ਼ਚਿਲੀ ਬਣੇ ਹੁੰਦੇ...

''ਮੈਂ ਮਾਰਿਆ''

''ਮਾਰਿਆ ਤੈਂ? ਤੂੰ ਤਾਂ ਪਿੱਛੇ ਈ ਮੂਤੀ ਗਿਆ ।''

''ਦੇਖਿਆ, ਕਿੱਡਾ ਭਾਰੀ ਸੱਪ ਤਾ, ਕਾਲਾ ਸ਼ਾਹ... ਖੜੱਪਾ... ਜੇ ਮੈਂ ਨਾ ਹੁੰਦਾ ...''

''ਤੈਂ ਕਿਆ ਕੀਤਾ...''

''ਹੁਣ ਦੇਖ ਲੂੰ ਗੇ ਤੈਨੂੰ... ਸ੍ਹਾਨ ਨੂੰ ... ਜਦ ਫੇਰ ਨਿਕਲੂ ਗਾ ।''

ਕਦੇ ਸੱਪਾਂ ਦੀ ਗਰੀਬ ਜਨ ਸੰਖਿਆਂ 'ਚੋਂ ਕੋਈ ਦਲਿੱਦਰ ਨਰਾਇਣ ਵੀ ਆ ਟਪਕਦਾ...

''ਬਚਾਰਾ, ਮਿੱਟੀ ਖਾਣਾ ਤਾ ।''

''ਪਾਣੀ ਆਲਾ । ਐਥੇ ਕਿੱਥੇ ਆ ਗਿਆ ਭੁੱਲਿਆ ਭਟਕਿਆ ।''

''ਮੌਤ ਬੁਲਾਉਂਦੀ ਤੀ, ਹੋਰ ਕਿਆ ।''

''ਵਿਚਾਰਾ ਲੰਘ ਜਾਂਦਾ, ਤਾਂ ਲੰਘ-ਏ ਜਾਂਦਾ ।''

ਇੰਨੇ ਸੱਪ ਨਿਕਲਦੇ!

ਤੋਬਾ ਤੋਬਾ!!

ਜਿਵੇਂ ਦੁਨੀਆ ਭਰ ਦੇ ਸੱਪਾਂ ਨੇ ਸਾਡੇ ਘਰ, ਜ਼ਮੀਨ ਵੱਲ ਨੂੰ ਵਹੀਰਾਂ ਘੱਤੀਆਂ ਹੋਣ । ਰਸੋਈ ਦੀ ਛੱਤ 'ਚੋਂ ਨਿਕਲ ਆਉਂਦੇ । ਬੋਰ ਦੇ ਕੋਠੇ 'ਚੋਂ । ਜੀਰੀ 'ਚੋਂ । ਕਣਕ ਮੱਕੀ 'ਚੋਂ । ਪਾਥੀਆਂ ਦਾ ਗੁਹਾਰਾ । ਤੂੜੀ ਦਾ ਕੁੱਪ । ਡੰਗਰਾਂ ਦਾ ਛੱਪਰ । ਮੱਲੋ-ਮੱਲੀ ਆ ਟਪਕਦੇ । ਆਪ ਮਰਦੇ, ਨਾਲ ਏ ਸਾਨੂੰ 'ਮਾਰਦੇ' ।

***

''ਸੌਂ ਜਾ ਹੁਣ''

''ਅੱਧੀ ਰਾਤ ਹੋ ਗਈ । ਪੈ ਜਾ ਹੁਣ । ਬੁਝਾ ਦੇ ਦੀਵਾ ।''

ਬੇਬੇ ਤੇ ਬਾਪੂ ਮੈਨੂੰ ਕਈ ਵਾਰ ਕਹਿ ਚੁੱਕੇ ਸਨ । ਮੈਂ ਰਾਤ ਨੂੰ ਚੌਂਕੜੀ ਮਾਰੀ, ਮੰਜੇ ਦੀ ਬਾਹੀ 'ਤੇ ਟਿਕਾਏ ਮਿੱਟੀ ਦੇ ਤੇਲ ਦੇ ਦੀਵੇ ਦੀ ਲੋਅ 'ਚ ਪੜ੍ਹ ਰਿਹਾ ਸਾਂ । 'ਪ੍ਰਸ਼ਨ' ਅਜੇ ਅੱਧਾ ਵੀ ਯਾਦ ਨਹੀਂ ਸੀ ਹੋਇਆ । ਗਰਦਨ ਆਕੜ ਗਈ ਸੀ ।

''ਬੁਝਾ ਦੇ ਦੀਵਾ'', ਮੈਂ ਦੀਵਾ ਬੁਝਾਉਣ ਲਈ ਮੂੰਹ 'ਚ ਫੂਕ ਭਰੀ । ਫੂਕ ਮੂੰਹ 'ਚ ਈ ਰਹਿ ਗਈ । ਬਾਪੂ ਦੇ 'ਗੂਠੇ ਵਰਗੀ ਕੋਈ ਚੀਜ਼ ਕੰਧ ਅਤੇ ਮੰਜੇ ਦੀ ਬਾਹੀ ਦੇ ਵਿਚਾਲਿਓਂ ਉਪਰ ਨੂੰ ਉੱਠੀ । ਫੇਰ ਮੰਜੇ ਦੇ ਹੇਠਾਂ ਗਾਇਬ ਹੋ ਗਈ¸

''ਬਾਪੂ¸ਅ¸ਅ । ਸੱਪ¸ਅ¸ਅ ।''

''ਸੱਪ? ਓ¸ਤੇਰੀ¸ਅ¸ਭੈਣ ਦੀ¸'' ਬਾਪੂ ਡਰ ਕੇ ਉੱਠਿਆ ਤੇ ਕੋਠੇ ਤੋਂ ਬਾਹਰ ਹੋ ਗਿਆ । ਦੀਵਾ ਨਹੀਂ ਬੁਝਿਆ ਸੀ । ਘਰ ਵਿੱਚ ਖੜਦੁੰਮ ਮਚ ਗਿਆ ।

''ਕਿੱਥੇ''

''ਮੰਜੇ ਥੱਲੇ ਮੇਰੇ ।'' ਮੈਂ ਡਰਿਆ ਬੈਠਾ ਪੈਰ ਹੇਠਾਂ ਨਾ ਉਤਾਰਾਂ ।

ਸੱਪ ਵਕਤ-ਬੇ-ਵਕਤ ਵੀ ਨਹੀਂ ਦੇਖਦੇ । ਦੀਵਾ ਤਾਂ ਕੀ ਬੁਝਣਾ ਸੀ, ਸਾਰੀਆਂ ਲਾਲਟੈਣਾਂ ਵੀ ਬਲ ਪਈਆਂ । ਡਾਂਗਾਂ ਹਿੱਲ ਪਈਆਂ । ਘਰ ਦੇ ਅੰਦਰ ਸੱਪ ਸਿਰ 'ਚ ਜ਼ਹਿਰ ਚੁੱਕੀ ਘੁੰਮ ਰਿਹਾ ਸੀ । ਜਦ ਤੱਕ ਮਰਦਾ ਨਾ ਕਿਸੇ ਨੂੰ ਟੇਕ ਨਹੀਂ ਸੀ । ਭਾਲ ਸ਼ੁਰੂ ਹੋ ਗਈ । ਸਾਰਿਆਂ ਨੇ ਮੈਨੂੰ ਤਸੱਲੀ ਦਿੱਤੀ ਕਿ ਮੰਜੇ ਥੱਲੇ ਕੁਸ਼ ਨਹੀਂ ਤਾਂ ਮੈਂ ਆਪਣਾ ਮੰਜਾ ਛੱਡ ਕੇ ਬਾਹਰ ਨੂੰ ਦੌੜ ਪਿਆ । ਮੇਰੀ ਦਰੀ ਤੇ ਖੇਸੀ ਨੂੰ ਡਾਂਗਾਂ ਵਿੱਚ ਅੜਾ ਕੇ ਬਾਹਰ ਲਿਆਂਦਾ । ਵਿੱਚ ਕੁੱਝ ਨਹੀਂ ਸੀ । ਇੱਕ ਡਾਂਗ ਮੰਜੇ 'ਤੇ ਮਾਰੀ । ਮੰਜਾ ਖ਼ਾਲੀ ਸੀ । ਸਾਰੇ ਸਮਾਨ ਉੱਤੇ ਪੋਲੀਆਂ ਪੋਲੀਆਂ ਡਾਂਗਾਂ ਮਾਰ ਕੇ, ਵਿੱਚ ਛੁਪੇ ਸੱਪ ਨੂੰ ਲਲਕਾਰਦੇ । ਸ਼ਿਸ਼ਕਾਰਦੇ । ਸਮਾਨ ਧੂਹ ਕੇ ਬਾਹਰ ਕੱਢ ਦਿੰਦੇ । ਅੰਦਰ ਖ਼ਾਲੀ ਹੋਣ ਲੱਗਾ । ਸਭ ਟਿੰਡ ਫਹੁੜੀ ਬਾਹਰ । ਵਿਹੜੇ ਵਿੱਚ ਨਿੱਕ-ਸੁੱਕ ਦਾ ਢੇਰ ਲੱਗ ਗਿਆ । ਜੋ ਵੀ ਹੱਥ ਲੱਗਦਾ ਬਾਹਰ ਕੱਢ ਦਿੰਦੇ । ਪਰ 'ਬਾਬਾ' ਕਿਤੇ ਨਾ ਦਿਖਿਆ ।

ਹੁਣ ਅੰਦਰ ਸਿਰਫ਼ ਅੰਮਾਂ ਦਾ ਸੰਦੂਖ ਹੀ ਰਹਿ ਗਿਆ ਸੀ । ਜਾਂ ਕਣਕ ਦੀਆਂ ਚਾਰ ਬੋਰੀਆਂ ਜੋ ਛੇ ਇੱਟਾਂ ਉੱਚੇ ਥਮਲਿਆਂ 'ਤੇ ਰੱਖੇ ਟੁੱਟੇ ਦਰਵਾਜ਼ੇ ਦੇ ਇੱਕ ਤਖ਼ਤੇ ਉੱਤੇ ਦੂਸਰੀ ਕੰਧ ਦੇ ਨਾਲ ਚਿਣੀਆਂ ਹੋਈਆਂ ਸਨ । ਥੋੜ੍ਹੇ ਜਿਹੇ ਜ਼ੋਰ ਨਾਲ ਡਾਂਗ ਮਾਰ ਕੇ ਸੰਦੂਖ ਨੂੰ ਠਕੋਰਿਆ ।

''ਵੇ ਮੇਰਾ ਸੰਦੂਖ਼ ਨਾ ਤੋੜ ਦਿਓ ਕਿਤੇ ।''

ਅੰਮਾਂ ਦੀ ਹੁਣ ਕੌਣ ਸੁਣਦਾ ।

ਡਾਂਗਾਂ ਚਲਦੀਆਂ ਰਹੀਆਂ ।

'ਹੜਿਆਤ¸ਅ¸ਅ¸'' ਕੋਈ ਬੋਲਿਆ ।

ਕੁੱਝ ਨਾ ਹੋਇਆ ।

ਸੱਪ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ ।

ਮੇਰੀ ਸ਼ਾਮਤ ਆ ਗਈ ।

''ਕਿਆ ਦੇਖਿਆ ਤੈਂ । ਊਈਂ ਤਾਂ ਨੀਂ ਮਾਰੀ ਜਾਂਦਾ ।''

''ਸੱਪ ਤਾ । ਮੈਂ ਦੇਖਿਆ । ਮੈਂ ਫੂਕ ਮਾਰਨ ਲੱਗਿਆ । ਉਪਰ ਨੂੰ ਆਇਆ । ਫੇਰ ਮੰਜੇ ਥੱਲੇ ਹੋ ਗਿਆ ।''

''ਫੇਰ ਗਿਆ ਕਿੱਥੇ? ਹੈਂਅ?? '' ਮੇਰੇ ਸਾਹ ਸੁੱਕ ਗਏ । ਸੱਪ ਦੇ ਅੰਦਰ ਹੋਣ, ਨਾ ਹੋਣ ਵਿਚਾਲੇ ਉਨੀਂਦਰੇ ਬਾਪੂ ਦਾ ਭਾਰਾ ਥੱਪੜ ਲਟਕਿਆ ਹੋਇਆ ਸੀ ।

''ਪੰਗਾ ਪਾ ਤਾ ਰਾਤ ਨੂੰ ''

''ਸੱਪ ਤਾ, ਬਾਪੂ''

ਸਾਰੇ ਚੁੱਪ, ਬੇਬਸ ਹੋ ਕੇ ਖੜ੍ਹ ਗਏ । ਫੇਰ ਸਲਾਹ ਬਣੀ ਕਿ ਦੋ ਬੰਦੇ ਸੰਦੂਖ ਨੂੰ ਬਾਹਰ ਘੜੀਸੋ । ਦੋ ਤਿੰਨ ਡਾਂਗਾਂ ਉਲਾਰ ਕੇ ਖੜ੍ਹ ਗਏ । ਬਾਕੀ ਨੂੰ ਕਹਿਣ 'ਨਿਗ੍ਹਾ ਰੱਖਿਓ ਚਾਰੇ ਪਾਸੇ । ਪਿੱਛੇ ਰਹਿਓ ਕਿਤੇ ਥੁਆੜੇ ਈ ਡਾਂਗ ਨਾ ਵੱਜ ਜਾਵੇ ।' ਸੰਦੂਖ ਚਾਰੇ ਪਾਸਿਓਂ ਬੰਦ ਸੀ । ਮੂਹਰੇ ਜਿੰਦਾ । ਸੱਪ ਸੰਦੂਖ਼ 'ਚ ਨਹੀਂ ਵੜ ਸਕਦਾ । ਹੋ ਸਕਦਾ ਸੰਦੂਖ਼ ਦੇ ਬਾਹਰ ਕਿਤੇ ਚਿਪਕਿਆ ਹੋਵੇ । ਸੰਦੂਖ਼ ਵੀ ਪੁੱਠਾ ਸਿੱਧਾ ਕਰ ਕੇ ਬਾਹਰ ਕੱਢ ਦਿੱਤਾ ।

ਸੱਪ ਹੀ ਸੀ, ਹੋਰ ਕਿਆ ਸੀ । ਮੈਂ ਸੋਚਿਆ । ਪਰ ਪਤਾ ਨਹੀਂ ਕੀ ਹੋਵੇ । ਮੈਂ ਫਸ ਗਿਆ ।

''ਚਲੋ ਹੁਣ ਬੋਰੀਆਂ ਛੇੜੋ '' ਕਣਕ ਦੀਆਂ ਚਾਰ ਬੋਰੀਆਂ ਛੱਡ ਕੇ ਸਭ ਕੁੱਝ ਹਿੱਲ ਚੁੱਕਾ ਸੀ ।

''ਹੁਣ ਜੇ ਹੋਇਆ ਤਾਂ ਬੋਰੀਆਂ ਵਿੱਚ-ਏ ਹੋਊ ।''

''ਹੂੰ¸ਆ¸ਆ'' ਕਿਸੇ ਨੇ ਸਭ ਤੋਂ ਉਪਰਲੀ ਬੋਰੀ ਤੋਂ ਹੇਠਲੀ ਬੋਰੀ ਨੂੰ ਖਿੱਚ ਮਾਰੀ । ਉਪਰਲੀਆਂ ਦੋਵੇਂ ਬੋਰੀਆਂ ਕੰਧ ਤੋਂ ਚਾਰ ਉਂਗਲ ਪਰ੍ਹਾਂ ਖਿਸਕ ਗਈਆਂ । ਮਿੱਟੀ ਦੇ ਫਰਸ਼ 'ਤੇ ਕੁੱਝ ਡਿੱਗ ਕੇ 'ਚਟੱਕ' ਦੀ ਆਵਾਜ਼ ਆਈ ।

''ਹੈਗਾ । ਹੈਗਾ । ਉਹ ਗਿਰਿਆ ਥੱਲੇ । ਬਹੁਤ ਬੜਾ ।''

ਮੇਰੀ ਜਾਨ ਵਿੱਚ ਜਾਨ ਆਈ । ਕਿੰਨੀ ਦੇਰ ਮੈਨੂੰ ਝੂਠੇ ਨੂੰ ਹੀ ਖੜ੍ਹਾ ਰਹਿਣਾ ਪਿਆ ।

ਸੱਪ ਨੂੰ ਘੇਰ ਲਿਆ । ਉਹ ਵੀ ਮੁਜ਼ਰਿਮਾਂ ਵਾਂਗ ਲੁਕਣ ਲਈ ਤਰਲੋ-ਮੱਛੀ ਹੋ ਰਿਹਾ ਸੀ । ਸਿੱਧੀ ਡਾਂਗ ਉਸ ਦੇ ਵੱਜਦੀ ਨਹੀਂ ਸੀ । ਕੰਧ ਵਿੱਚ ਢਿੱਲੀਆਂ ਜਹੀਆਂ ਇੱਟਾਂ ਵਿੱਚ ਆਪਣੇ ਵਜੂਦ ਦਾ ਅੰਗ ਅੰਗ ਲੁਕੋ ਰਿਹਾ ਸੀ । ਛੇ ਹੱਥ ਲੰਮੇ ਸੱਪ ਦਾ ਜੋ ਵੀ ਕੁੱਝ ਦਿਸਦਾ, ਉਸ ਉੱਤੇ ਡਾਂਗਾਂ ਨਾਲ ਹੁੱਝਾਂ ਪੈਂਦੀਆਂ । ਉਹ ਵੀ ਛੇਤੀ ਨਾਲ 'ਆਈ-ਗਈ' ਦੇਣ ਵਾਲਾ ਨਹੀਂ ਸੀ । ਅੱਧ ਮੋਏ ਨੂੰ ਕੰਧ ਦੀ ਜੜ੍ਹ ਵਿੱਚੋਂ ਚਾਚੇ ਦੇ ਘਰ ਵੱਲ ਲੰਘਣ ਲਈ ਚੂਹਿਆਂ ਦੀ ਖੁੱਡ ਮਿਲ ਗਈ ।

ਕੰਧ ਦੇ ਦੂਸਰੇ ਪਾਸੇ ਚਾਚੇ ਦੇ ਘਰ ਇੱਟਾਂ ਵੱਜਣ ਦੀ ਆਵਾਜ਼ ਆਉਣ ਲੱਗੀ । ਫੇਰ ਚਾਚੀ ਦੀ ਹਾਕ ਕੰਨੀਂ ਪਈ...

''ਐਧਰ ਆ ਗਿਆ, ਆਜੋ ਦੌੜ ਕੇ । ਮੇਰਾ ਦੀਵਾ ਬੁਝ ਗਿਆ ।''

ਇੱਟਾਂ ਵੱਜਣ ਦੀ ਆਵਾਜ਼ ਫੇਰ ਵੀ ਲਗਾਤਾਰ ਆਉਂਦੀ ਰਹੀ । ਅਸੀਂ ਉਪਰੋਂ ਘੁੰਮ ਕੇ ਚਾਚੇ ਦੇ ਘਰ ਜਾ ਵੜੇ । ਉਹਨਾਂ ਦੇ ਨਿਆਣੇ ਵੀ ਜਾਗ ਪਏ । ਚਾਚੇ ਦੀ ਪੀਤੀ ਉਤਰ ਗਈ । ਸ੍ਹਾਮਣੇ ਪਾਣੀ ਦੀ ਟੈਂਕੀ ਉੱਤੇ ਮੁਲਾਜ਼ਮ ਵੀ ਜਾਗ ਪਏ ।

ਚਾਚੀ ਸਾਹੋ ਸਾਹੀ ਹੋਈ ਪਈ ਸੀ ।

''ਮੈਂ ਕਹਾਂ ... ਉੱਧਰ ਸੱਪ ਦਾ ਰੌਲਾ ਪੈਂਦਾ । ਖੱਡ ਬੰਦ ਕਰਨ ਨੂੰ ਕਈ ਦਿਨਾਂ ਦੀ ਸੋਚਦੀ ਤੀ । ਮਖਾਂ ਕਿਤੇ ਖੱਡ 'ਚੋਂ ਐਧਰ ਈ ਨਾ ਆ ਜਾਵੇ । ਮੈਂ ਫੜੱਕ ਦੇ ਕੇ ਸੀਂਖ ਬਾਲ ਕੇ ਦੀਵੇ ਨੂੰ ਲਾ 'ਤੀ । ਦਾਦਣਾ ਦੀਵਾ ਵੀ ਬੁਝ ਗਿਆ । ਸੱਪ ਦੀ ਨਿਗ੍ਹਾ 'ਚ ਕਹਿੰਦੇ ਦੀਵਾ ਨੀਂ ਬਲਦਾ ।'' ਅਸੀਂ ਲਾਲਟੈਨਾਂ ਲੈ ਕੇ ਅੱਗੇ ਆ ਗਏ । ਹਨੇਰੇ ਵਿੱਚ ਵੱਜੀਆਂ ਇੱਟਾਂ ਨਾਲ ਸੱਪ ਬੁਰੀ ਤਰ੍ਹਾਂ ਫੱਟੜ ਸੀ । ਪਰ ਉਸ ਦੇ ਸਿਰ ਉੱਤੇ ਅਜੇ ਕੁਝ ਨਹੀਂ ਸੀ ਵੱਜਿਆ । ਉਸ ਦੀ ਸਿਰੀ ਜਿਓਂ ਦੀ ਤਿਓਂ... ਉਵੇਂ ਦੀ ਹੀ ਸੀ... ਜਿਵੇਂ ਦੀ ਮੈਂ ਦੇਖੀ ਸੀ... ਬਾਪੂ ਦੇ 'ਗੂਠੇ ਵਰਗੀ ।

''ਮਾਰ ਭਾਗੇ'' ਤੇ ਪੂਰੇ ਜ਼ੋਰ ਦੀ ਡਾਂਗ ਟਿਕਾ ਕੇ ਉਸ ਦੀ ਸਿਰੀ 'ਤੇ ਵੱਜੀ । ਸਿਰ ਚਪਟਾ ਹੋ ਕੇ ਫੈਲ ਗਿਆ । ਮਰੇ ਹੋਏ ਸੱਪ ਨੂੰ ਸਰੀਏ 'ਤੇ ਲਟਕਾ ਕੇ ਅਸੀਂ ਆਪਣੇ ਘਰ ਲੈ ਆਏ ਜਿਵੇਂ ਉਹ ਸਾਡੀ ਹੀ ਚੀਜ਼ ਹੋਵੇ ।

''ਮੁੰਡਾ ਸੱਚਾ ਤਾ''

ਵਿਹੜੇ 'ਚ ਸੱਪ ਦੀ ਲਾਸ਼ ਨੂੰ ਸਿੱਧਾ ਲਿਟਾ ਦਿੱਤਾ ।

ਸਭ ਤੋਂ ਲੰਬੀ ਡਾਂਗ ਤੋਂ ਵੀ ਲੰਬਾ ਸੀ ।

''ਹੇ ਮਹਾਰਾਜ । ਬਾਬਾ! ਤੂੰ ਆਪਣੇ 'ਥਾਨਾਂ 'ਚ ਏ ਰਹਿ । ਤੈਂ ਕਿਆ ਲੈਣਾ ਸਾੜੇ ਗਰੀਬਾਂ ਤੇ ।''

ਮਾਂ ਮਰੇ ਹੋਏ ਸੱਪ ਨੂੰ ਹੀ ਹੱਥ ਜੋੜੀ ਜਾਵੇ । ਸਾਰੀ ਰਾਤ ਲਾਲਟੈਣਾਂ ਬਲਦੀਆਂ ਰਹੀਆਂ । ਤੇਲ ਮੁੱਕੇ ਤੋਂ ਆਪੇ ਬੁਝ ਗਈਆਂ ਹੋਣੀਆਂ । ਸਭ ਘੁਰਾੜੇ ਮਾਰਦੇ ਰਹੇ ਹੋਣਗੇ ।

***

ਸਰਦੀਆਂ ਦੇ ਦਿਨ ਸਨ । ਜਦੋਂ ਮੈਂ ਦੁਪਹਿਰ ਤੋਂ ਬਾਅਦ ਸਕੂਲੋਂ ਮੁੜਿਆ ਤਾਂ ਘਰ ਦਾ ਸਾਰਾ ਵਿਹੜਾ ਧੁੱਪ ਨੇ ਚਮਕਾਇਆ ਪਿਆ ਸੀ । ਅੰਤਾਂ ਦੀ ਭੁੱਖ ਲੱਗੀ ਹੋਈ ਸੀ । ਬਸਤਾ ਸਿੱਟਿਆ । ਸਿੱਧਾ ਰਸੋਈ 'ਚ ਜਾ ਵੜਿਆ । ਬਿੰਦ ਕੁ ਮਗਰੋਂ ਮੈਂ ਪਟੜੀ 'ਤੇ ਬੈਠਾ, ਗਰਮ ਚਾਹ ਨਾਲ ਮੱਕੀ ਦੀ ਬਾਸੀ ਰੋਟੀ ਦੂਹਰੀ ਕਰ ਕੇ ਬੁਰਕ ਮਾਰ ਮਾਰ ਖਾ ਰਿਹਾ ਸਾਂ । ਮਨ ਭੁੱਖੇ ਪੇਟ ਵਾਂਗ ਖਾਲੀ ਸੀ । ਬਾਹਰ ਧੁੱਪ ਕਿੰਨੀ ਨਿੱਘੀ ਸੀ । ਸੁਆਦ ਆ ਰਿਹਾ ਸੀ । ਬੁਰਕ ਮਾਰੀ ਜਾ ਰਿਹਾ ਸਾਂ । ਬਾਹਰ ਦੇਖੀ ਜਾ ਰਿਹਾ ਸਾਂ । ਕੈੜੀ ਰੋਟੀ ਜਾੜ੍ਹਾਂ ਹੇਠ ਦਰੜੀ ਜਾ ਰਿਹਾ ਸਾਂ । ਬੁਰਕ ਤੇ ਬੁਰਕ । ਬੁਰਕ... ਬੁਰਕ ...

ਹੈਂ! ਇਹ ਕੀ? ਜਦੋਂ ਮੈਂ ਆਇਆ ਸਾਂ ਵਿਹੜੇ 'ਚ ਕੁੱਝ ਵੀ ਨਹੀਂ ਸੀ । ਹੁਣ ਵਿਹੜੇ ਦੇ ਗੱਭੇ ਹਰੇ ਪੀਲੇ ਰੰਗ ਦਾ ਸੱਪ ਅੱਧਾ ਸਰੀਰ 'ਤਾਂਹ ਨੂੰ ਚੁੱਕੀ ਬਾਰ ਬਾਰ ਮੂੰਹ ਅੱਡੀ ਜਾਵੇ ਤੇ ਬੰਦ ਕਰੀ ਜਾਵੇ । ਕਲੋਲਾਂ ਕਰੇ । ਮੂੰਹ ਸੂਰਜ ਵੱਲ ਨੂੰ ਸੀ, ਜਿਵੇਂ ਧੁੱਪ ਨੂੰ ਬੁਰਕ ਮਾਰ ਮਾਰ ਖਾ ਕੇ ਮੇਰੀ ਨਕਲ ਕਰ ਰਿਹਾ ਹੋਵੇ । ਮੈਂ ਫ਼ਟਾਫ਼ਟ ਰੋਟੀ ਦੇ ਵੱਡੇ ਵੱਡੇ ਟੁੱਕੜੇ ਅੰਦਰ ਕੀਤੇ । ਬਚਦੀ ਰੋਟੀ ਤੇ ਗਲਾਸ ਪਟੜੀ 'ਤੇ ਟਿਕਾ ਚੁੱਪ-ਚਾਪ ਮੈਂ ਖੂੰਜੇ 'ਚ ਖੜ੍ਹੀਆਂ ਡਾਂਗਾਂ ਵੱਲ ਨੂੰ ਦੌੜ ਪਿਆ । ਸੱਪ ਮਸਤ ਸੀ । ਜਦੋਂ ਠਾਹ ਕਰਦੀ ਡਾਂਗ ਪਈ ਤਾਂ ਵਿਚਾਲਿਓਂ ਟੁੱਟ ਗਿਆ । ਮੂੰਹ ਇੰਨਾ ਅੱਡਿਆ ਜਿਵੇਂ ਪੂਰੇ ਸਰੀਰ ਨੂੰ ਸਿੱਧਾ ਦੋ ਹਿੱਸਿਆਂ 'ਚ ਪਾੜ ਦਏਗਾ । ਦੋ ਚਾਰ ਹੋਰ ਡਾਂਗਾਂ ਦਾ ਖੜਾਕ ਸੁਣਿਆ ਤਾਂ ਬਾਪੂ ਪਤਾ ਨਹੀਂ ਘਰ 'ਚੋਂ ਕਿੱਥੋਂ ਨਿਕਲ ਆਇਆ¸

''ਕਿਆ ਹੋਇਆ...''

''ਸੱਪ¸ਅ¸ਅ । ਆਹ ਦੇਖ । ਮਾਰਤਾ ।''

''ਮਰ ਗਿਆ?''

''ਹਾਂ''

''ਦੱਬਿਆ ਜਾ ਕੇ ।''

ਮੇਰਾ ਸਾਰਾ ਪਿੰਡਾ ਜੋਸ਼ ਨਾਲ ਕੰਬ ਰਿਹਾ ਸੀ । ਫੇਰ ਚਾਹ ਤੱਤੀ ਕੀਤੀ ਤੇ ਬਚਦੀ ਰੋਟੀ ਦਾ ਸੁਆਦ ਲੈਣ ਲੱਗਾ । ***

ਉਸ ਸਾਲ ਵਿਸਾਖੀ ਲੰਘੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਸੀ । ਘਰ ਅੰਦਰ ਬੈਠੇ ਬੈਠੇ ਦਾ ਮੇਰਾ ਸਾਹ ਬੰਦ ਹੋ ਰਿਹਾ ਸੀ । ਮੈਂ ਉਦਾਸ ਗ਼ਮਗ਼ੀਨ ਬੈਠਾ ਪਤਾ ਨਹੀਂ ਕਿਸ ਨੂੰ ਘੂਰ ਰਿਹਾ ਸਾਂ ਕਿ ਦੋ ਮੱਖੀਆਂ ਲੜਦੀਆਂ ਹੋਈਆਂ, ਇੱਕ ਦੂਜੇ 'ਚ ਫਸੀਆਂ ਮੇਰੇ ਕੰਨ ਉੱਤੇ ਵੱਜੀਆਂ । ਮੇਰੇ ਹੱਥ ਮਾਰਨ ਤੋਂ ਪਹਿਲਾਂ ਹੀ ਉਹ ਇੱਕ ਦੂਜੇ ਨੂੰ ਛੱਡ ਕੇ ਫੁੱਰਰ ਹੋ ਗਈਆਂ ।

ਮਨ ਬੜਾ ਦੁਖੀ ਸੀ ।

ਸਮਝ ਨਾ ਲੱਗਦਾ ਕਿ ਕੀ ਕਰਨਾ ਹੈ ।

ਵਿਸਾਖੀ ਦੀ ਸੰਗਰਾਂਦ ਨੂੰ ਮੇਰਾ ਬਾਬਾ ਮਰ ਗਿਆ ਸੀ ।

ਮੱਖੀਆਂ ਦੇ ਮਗਰ ਹੀ ਮੈਂ ਵੀ ਘਰ ਤੋਂ ਬਾਹਰ ਆ ਗਿਆ । ਘਰ ਦੇ ਗੇਟ ਤੋਂ ਸੜਕ ਨੂੰ ਲੱਗਦੇ ਰਾਹ ਤੁਰਦਾ ਗਿਆ ।

''ਕਿਆ ਹੋਇਆ ਪੁੱਤ!''

ਮੈਨੂੰ ਬਾਹਰੋਂ ਤੇਜੋ ਤੇਜ ਮੁੜਦੇ ਤੇ ਡਾਂਗ ਚੁੱਕ ਕੇ ਫੇਰ ਬਾਹਰ ਨੂੰ ਦੌੜਦੇ ਨੂੰ ਦੇਖ ਮਾਂ ਹੈਰਾਨ ਵੀ ਹੋਈ ਤੇ ਡਰ ਵੀ ਗਈ । ਮੇਰੇ ਮਗਰ ਈ ਚਲੀ ਆਈ ।

''ਕਿਆ ਹੋਇਆ? ਬੋਲਦਾ ਨੀਂ ਤੂੰ ।''

ਮੈਂ ਰਸਤੇ ਤੋਂ ਨੀਵਾਂ ਉਤਰ ਕੇ ਵਾਹੋ-ਦਾਹੀ ਸੋਟੀਆਂ ਮਾਰੀ ਜਾ ਰਿਹਾ ਸਾਂ । ਲੁੱਕ ਵਾਲੀ ਸੜਕ ਦੇ ਥੱਲੇ, ਪਾਣੀ ਲੰਘਣ ਲਈ ਦੱਬੇ ਪਾਈਪ ਦੇ ਮੂੰਹ ਵਿੱਚ ਸੱਪ ਬੈਠਾ ਸੀ । ਸੋਟੀਆਂ ਪਾਈਪ ਦੇ ਮੂੰਹ 'ਤੇ ਈ ਵੱਜੀ ਜਾਣ । ਸੱਪ ਅੰਦਰ ਸੀ । ਉਸ ਦੇ ਕੋਈ ਸੋਟੀ ਨਾ ਵੱਜੀ । ਜ਼ੋਰ ਨਾਲ ਮਾਰੀ ਡਾਂਗ ਦੀ, ਮਾਰਨ ਦੀ ਸ਼ਕਤੀ ਪਾਈਪ 'ਤੇ ਵੱਜ ਕੇ ਡਾਂਗ ਵਿੱਚੀਂ ਮੁੜ ਕੇ ਮੇਰੇ ਹੱਥਾਂ 'ਚ ਚੀਸਾਂ ਪਾਉਂਦੀ । ਸੱਪ ਗੋਲ਼ ਕੁੰਡਲੀ ਮਾਰੀ ਬੈਠਾ ਰਿਹਾ । ਅਹਿੱਲ । ਜਿਵੇਂ ਮਦਾਰੀ ਨੇ ਪਟਾਰੀ 'ਚ ਪਾਇਆ ਹੋਵੇ । ਕੀਲਿਆ ਹੋਇਆ ।

''ਤੇਰੇ ਬਾਪ ਨੂੰ ਬਲਾਵਾਂ?''

ਮੇਰਾ ਸਾਰਾ ਧਿਆਨ 'ਉਧਰ' ਸੀ । ਮੈਂ ਡਾਂਗ ਪਾਈਪ ਦੇ ਅੰਦਰ ਵਾੜ ਕੇ ਹੇਠਾਂ ਨੂੰ ਜ਼ੋਰ ਨਾਲ ਦੱਬ ਦਿੱਤੀ । ਜਿੱਥੇ ਸੋਟੀ ਦੀ ਦਾਬ ਪਈ, ਉੱਥੋਂ ਹੀ ਸੱਪ ਦੀਆਂ ਕੁੰਡਲੀਆਂ ਗਿੱਲੀ ਮਿੱਟੀ ਵਿੱਚ ਦਬ ਗਈਆਂ । ਦੋ ਤਿੰਨ ਵਾਰ ਇਵੇਂ ਹੀ ਡਾਂਗ ਮਾਰੀ । ਜਗ੍ਹਾ ਤੰਗ ਹੋਣ ਕਾਰਨ ਡਾਂਗ ਵਿੱਚ ਜ਼ੋਰ ਨਹੀਂ ਭਰਦਾ ਸੀ । ਸੱਪ ਦੇ ਕਿਤੇ ਸੱਟ ਨਾ ਵੱਜੀ । ਸੱਪ ਜੀਊਂਦਾ ਸੀ । ਪਰ ਉਸ ਨੇ ਡਾਂਗ ਲੱਗਣ ਤੋਂ ਬਾਅਦ ਵੀ ਕੋਈ ਤੇਜ਼ ਹਰਕਤ ਨਾ ਕੀਤੀ । ਬੱਸ ਕੁਝ ਹਿੱਸਾ, ਜੋ ਕਾਲੇ ਪੀਲੇ ਰੰਗ ਦਾ ਸੀ, ਵਟਾ ਖਾ ਕੇ ਹੇਠੋਂ ਚਿੱਟਾ ਦਿੱਸਣ ਲੱਗਾ । ਹੁਣ ਕੀ ਕਰੀਏ ।

''ਛੱਡ ਪਰ੍ਹਾਂ । ਆਪੇ ਖਿਸਕ ਜਾਣਾ । ਇਹ ਚੀਜ਼ਾਂ ਨੀਂ ਟਿਕ ਕੇ ਬਹਿੰਦੀਆਂ ਹੁੰਦੀਆਂ ।''

ਨਹੀਂ । ਮੈਂ ਕਿੱਥੇ ਮੰਨਦਾ ਸਾਂ । ਜਦ ਤਕ ਉਸ ਦੀ ਸਿਰੀ ਨਾ ਚਿੱਪ ਦਿੰਦਾ, ਮੈਨੂੰ ਟੇਕ ਨਹੀਂ ਸੀ । ਪਰ ਕਰਾਂ ਕੀ । ਮੈਂ ਡਰਦੇ ਡਰਦੇ ਨੇ ਜਿਗਰਾ ਕਰ ਕੇ ਸੱਪ ਨੂੰ ਡਾਂਗ ਉੱਤੇ ਟੰਗ ਲਿਆ ਤੇ ਪਾਈਪ ਵਿੱਚੋਂ ਬਾਹਰ ਕੱਢਣ ਲੱਗਾ । ਅੰਤਾਂ ਦਾ ਡਰ ਲੱਗੇ । ਐਡਾ ਭਾਰੀ ਸੱਪ ਡਾਂਗ 'ਤੇ ਕਿਵੇਂ ਲਟਕ ਜੂ । ਕਦੇ ਵੀ ਸੋਟੀ 'ਤੇ ਟੰਗਿਆ ਫਣ ਚੁੱਕ ਕੇ ਡੰਗ ਮਾਰ ਦਏ । ਊਈਂ ਲੱਗਦਾ ਮਚਲਾ ਜਿਹਾ । ਪਰ ਸੱਪ ਨੇ ਕੋਈ ਚੁਸਤੀ ਨਾ ਵਿਖਾਈ । ਡਾਂਗ ਉੱਤੇ ਦੋ ਤੋਰੀਆਂ ਵਾਂਗ ਲਟਕਿਆ ਮਾੜਾ ਮੋਟਾ ਹਿੱਲਿਆ ।

''ਬੇਬੇ ਪਿੱਛੇ ਹੋ ਜਾ'', ਮੈਂ ਉਸ ਨੂੰ ਰਸਤੇ ਉੱਤੇ ਸੁੱਟ ਕੇ ਜ਼ੋਰ ਨਾਲ ਦੰਦ ਭੀਚ ਕੇ ਡਾਂਗ ਉਲਾਰੀ । ਉਹ ਹਿੱਲਿਆ ਨਾ । ਮੈਂ ਡਾਂਗ ਦੇ ਛੇ ਵਾਰ ਕੀਤੇ । ਓਨੇ ਈ ਥਾਓਂ ਤੋਂ ਉਸ ਦਾ ਸਰੀਰ ਟੁੱਟ ਗਿਆ । ਖਲੜੀ ਫੱਟ ਕੇ, ਗੁਲਾਬੀ ਜਿਹਾ ਮਾਸ ਬਾਹਰ ਝਾਕਣ ਲੱਗਾ । ਫੇਰ ਆਖ਼ਰੀ ਸਿਰ 'ਤੇ ਪਈ ਡਾਂਗ ਨਾਲ ਉਹ ਚਿੱਤ ਹੋ ਗਿਆ ।

ਮੈਂ ਸਾਹ ਲਿਆ ।

ਮਾਂ ਚੁੱਪ ਖੜ੍ਹੀ ਰਹੀ ।

ਬਿਲਕੁਲ ਬੇਪਛਾਣ ਜਹੀ ਬੋਅ ਪਤਾ ਨਹੀਂ ਕਿੱਥੋਂ ਆ ਰਹੀ ਸੀ ।

ਮੇਰੇ ਮੂੰਹ 'ਚ ਗੰਦਾ ਬਕਬਕਾ ਪਾਣੀ ਭਰ ਗਿਆ ।

ਮੈਂ ਪਾਈਪ ਵੱਲ ਨੂੰ ਥੁੱਕ ਦਿੱਤਾ । ਫੇਰ ਮੂੰਹ 'ਚ ਪਾਣੀ ਆ ਗਿਆ । ਫੇਰ ਥੁੱਕ ਦਿੱਤਾ । ਮੇਰਾ ਜੀਅ ਕੱਚਾ ਹੋਣ ਲੱਗਾ । ਮੈਂ ਫ਼ਟਾਫਟ ਸੱਪ ਨੂੰ ਡੰਡੇ 'ਚ ਅੜਾਇਆ ਤੇ ਪਾਈਪ ਦੇ ਸ੍ਹਾਮਣੇ ਸੜਕ ਦੇ ਪਰਲੇ ਪਾਸੇ ਨਾਲੇ ਵਿੱਚ ਉੱਗੇ ਅੱਕਾਂ ਵਿੱਚ ਸੁੱਟ ਆਇਆ ।

ਵਾਪਸ ਮੁੜਦਾ ਮੈਂ ਥੁੱਕਦਾ ਹੀ ਆਇਆ ।

ਡਾਂਗ ਵਗਾਹ ਕੇ ਪਰ੍ਹਾਂ ਵਿਹੜੇ 'ਚ ਮਾਰੀ । ਮੇਰੇ ਅੰਦਰ ਖੋਹ ਜਹੀ ਪੈਣ ਲੱਗੀ । ਜਿਵੇਂ ਟੁੱਟ ਕੇ ਭੁੱਖ ਲੱਗੀ ਹੋਵੇ ।

''ਡਾਂਗ ਤਾਂ ਧੋ ਦਿੰਦਾ । ਚੱਲ ਕੋਈ ਨਾ । ਹੱਥ ਮੂੰਹ ਧੋ ਲੈ ਸਾਬਣ ਨਾਲ । ਚੰਗੀ ਤਰ੍ਹਾਂ । ਊਈਂ । ਵਿਚਾਰਾ ਬੁੜ੍ਹਾ ਬਾਬਾ ਸੱਪ । ਚੱਲ ਕੋਈ ਨਾ!''

ਮੇਰਾ ਸਰੀਰ ਮੇਰੇ ਵੱਸ 'ਚ ਨਹੀਂ ਸੀ । ਹੱਥ ਪੈਰ ਸੁੰਨ । ਅੱਖਾਂ ਵਿੱਚ ਹਨੇਰਾ ਛਾ ਗਿਆ ਜਿਵੇਂ ਕਿਸੇ ਨੇ ਵੱਟ ਕੇ ਮੇਰੇ ਢਿੱਡ ਵਿੱਚ ਮੁੱਕਾ ਮਾਰ ਦਿੱਤਾ ਹੋਵੇ । ਸਾਹ ਘੁਟਣ ਲੱਗਿਆ । ਘਰੋਂ ਬਾਹਰ ਨਿਕਲ ਜਾਣ ਲਈ ਤੁਰ ਪਿਆ । ਫੇਰ ਪਤਾ ਲੱਗਾ ਕਿ ਮੈਂ ਬਾਹਰ ਨਹੀਂ, ਘਰ ਦੇ ਅੰਦਰ ਨੂੰ ਜਾ ਰਿਹਾ ਸਾਂ ।

''ਪੁੱਤ ਕਿਆ ਹੋਇਆ', ਮਾਂ ਨੇ ਮੇਰਾ ਡੌਲ਼ਾ ਫੜ ਲਿਆ ।

ਕੀ ਹੋਇਆ ਮੈਨੂੰ । ਮਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਨੂੰ ਕੁੱਝ ਹੋ ਗਿਆ ਹੈ ।

ਮੈਨੂੰ ਸ਼ਰਮ ਆਈ । ਕੀ ਦੱਸਾਂ ਮਾਂ ਨੂੰ ਕਿ ਮੈਨੂੰ ਕੀ ਹੋ ਗਿਆ ਹੈ । ਕੀ ਕਰ ਦਿੱਤਾ ਹੈ ਮੈਂ । ਮੇਰਾ ਜੀਅ ਕੀਤਾ ਕਿ ਮੈਂ ਉਸ ਵਕਤ ਧਰਤੀ 'ਚ ਗਰਕ ਹੋ ਜਾਵਾਂ ।

''ਅੱਖਾਂ 'ਚ ਛਿੱਟੇ ਮਾਰ । ਅੱਗੇ ਨੂੰ ਹੋ ਜਾ । ਮੈਂ ਗੇੜਦੀ ਐਂ ਨਲਕਾ । ਠਹਿਰ ਜਾ ਛੋਕਰਿਆ । ਠੰਡਾ ਲਿਕੜ ਜਾਣ ਦੇ ।''

ਮੈਂ ਵਾਹੋ ਦਾਹੀ ਉਂਜਲੇ ਭਰ ਭਰ ਅੱਖਾਂ 'ਚ ਠੰਡਾ ਪਾਣੀ ਮਾਰਦਾ ਰਿਹਾ ।

''ਆ¸ਅ¸ਆ¸ਆ¸ਆ'' ਉਲਟੀ ਆ ਗਈ ।

ਮੂੰਹ 'ਚੋਂ ਕੁਝ ਨਾ ਨਿਕਲਿਆ । ਨੱਕ 'ਚੋਂ ਪਾਣੀ ਨਿਕਲ ਆਇਆ....

ਦੋ ਹੀ ਦਿਨਾਂ ਵਿੱਚ ਮੈਂ ਮਰਨ ਵਾਲਾ ਹੋ ਗਿਆ । ਮੰਜੇ 'ਤੇ ਪੈ ਗਿਆ । ਮੈਨੂੰ ਲੱਗੇ ਕਿ ਸੱਪ ਦੇ ਮਾਰੀ ਡਾਂਗ ਵਿਚਲੀ ਪੋਲ ਥਾਣੀਂ ਸੱਪ ਦੀ ਕੋਈ ਜ਼ਹਿਰੀਲੀ ਚੀਜ਼ ਲੰਘ ਕੇ ਮੇਰੇ ਹੱਥਾਂ ਅਤੇ ਸਰੀਰ ਵਿੱਚ ਆ ਵੜੀ ਸੀ । ਆਪਣੇ ਆਪ ਤੋਂ ਹੀ ਸੜਿਆਨ ਆਈ ਜਾਵੇ । ਸਰੀਰ ਦੀਆਂ ਨਾੜਾਂ ਮਰੇ ਹੋਏ ਸੱਪ ਬਣ ਗਈਆਂ । ਮਾਂ ਨੇ ਉਤਰਿਆ ਹੋਇਆ ਚਿਹਰਾ ਦੇਖ ਲਿਆ ।

''ਕੋਈ ਦੁਆਈ ਬੂਟੀ ਲਿਆ ਜਾ ਕੇ, ਗਿਆਨ ਚੰਦ ਤੋਂ ।''

''ਪਰ ਮੈਂ ਡਾਕਟਰ ਨੂੰ ਦੱਸਾਂਗਾ ਕੀ?''

''ਡਾਕਟਰ ਨੂੰ ਕਹੀਂ ...'' ਅੱਗੇ ਮਾਂ ਬੋਲੀ ਹੀ ਨਾ । ਮੇਰਾ ਮੂੰਹ ਝੱਗ ਨਾਲ ਭਰ ਗਿਆ । ਮੈਂ ਥੁੱਕਣ ਲਈ ਬਾਹਰ ਨੂੰ ਦੌੜਿਆ । ਕੁਝ ਵੀ ਚੰਗਾ ਨਾ ਲੱਗਦਾ । ਆਪਣਾ ਆਪ ਹੀ ਬਹੁਤ ਬੁਰਾ ਲੱਗੀ ਜਾਂਦਾ । ਸੱਪ ਮਾਰਨ ਦੀ ਘਟਨਾ ਭੁੱਲੇ ਹੀ ਨਾ ।

ਸੱਪ? ਸੱਪ ਕੋਈ ਇੱਕ ਮਾਰਿਆ ।

ਲੈ? ਇਹ ਕੀ ਗੱਲ ਹੋਈ ।

ਫੇਰ ਆਖ਼ਰ ਹੋਇਆ ਕੀ? ਕੁਝ ਸਮਝ ਨਾ ਲੱਗੇ ।

ਪੂਰਾ ਹਫ਼ਤਾ ਜੀਅ ਨਾ ਟਿਕਿਆ । ਖਾਧਾ ਕੁਝ ਨਾ । ਜੇ ਕੁਝ ਪੀਤਾ ਵੀ ਤਾਂ ਡੰਗਰ ਨੂੰ ਨਾਲ਼ ਭਰ ਕੇ ਦੇਣ ਬਰਾਬਰ ਸੀ । ਕਈ ਦਿਨ ਹੋਰ ਲੰਘ ਗਏ । ਬੜੀ ਔਖੀ ਇਹ ਗੱਲ ਮਨ 'ਚੋਂ ਖਦੇੜੀ ਕਿ ਪਾਈਪ ਵਿੱਚ ਸੱਪ ਮਾਰਨ ਕਰ ਕੇ ਐਂ ਹੋ ਗਿਆ ਸੀ । ਹੌਲੀ ਹੌਲੀ ਫੇਰ ਮੂੰਹ 'ਚ ਆਮ ਸੁਆਦ ਪੈਦਾ ਹੋਣ ਲੱਗੇ ।

ਤਿੰਨ ਹਫ਼ਤਿਆਂ ਬਾਅਦ ਮੈਂ ਪੂਰੀ ਤਰ੍ਹਾਂ ਕਾਇਮ ਹੋ ਗਿਆ । ਹੁਣ ਮੈਨੂੰ ਸੱਪ ਮਾਰਨ ਕਰ ਕੇ, ਮੂੰਹ ਵਿੱਚੋਂ ਸੁਆਦ ਮਰ ਜਾਣ ਦੀ ਗੱਲ ਯਾਦ ਕਰ ਕੇ ਘਬਰਾਹਟ ਨਹੀਂ ਹੁੰਦੀ ਸੀ । ਮਨ ਟਿਕ ਗਿਆ । 'ਉਸ ਗੱਲ' ਦਾ ਜ਼ਹਿਰ ਘੁਲ ਕੇ ਬੇਅਸਰ ਹੋ ਗਿਆ ।

ਤਸੱਲੀ ਨਾਲ ਸੋਚਣ ਲੱਗਾ ਕਿ ਆਖ਼ਰ ਕੀ ਹੋ ਗਿਆ ਸੀ ।

ਕੀ ਹੋ ਗਿਆ ਸੀ ਮੈਨੂੰ ।

ਕੋਈ ਲੰਬੀ ਪਤਲੀ ਮਰੀ ਹੋਈ ਚੀਜ਼ ਮੇਰੇ ਦਿਮਾਗ਼ ਵਿੱਚ ਹਿੱਲੀ । ਫਿਰ ਗ਼ਾਇਬ ਹੋ ਗਈ ।

ਹੈਂ!!! ਇੱਕ ਦਮ ਮੇਰੇ ਦਿਮਾਗ਼ 'ਚ ਬਿਜਲੀ ਚਮਕੀ । ਮੈਂ ਖੇਸੀ 'ਚ 'ਕੱਠਾ ਕੀਤਾ ਸਰੀਰ ਸਿੱਧਾ ਕੀਤਾ । ਸਿਰ ਬਾਹਰ ਕੱਢ ਕੇ ਲੰਮਾ ਸਾਹ ਲਿਆ ।

ਅੱਛਿਆ!

ਅੱਛਿਆ!! ਅੱਛਿਆ!!

ਕਿੱਡਾ ਭਾਰੀ ਸੱਪ ਸੀ । ਇਸ ਨਾਲੋਂ ਅੱਧੇ ਸੱਪਾਂ ਨੇ ਸਾਡੀਆਂ ਪੂਛਾਂ ਚੁੱਕਾ ਦਿੱਤੀਆਂ ਸਨ । ਇਹ ਤਾਂ ਹਿੱਲਿਆ ਤੱਕ ਨਹੀਂ ਸੀ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ