Dhaal (Punjabi Story) : Gurmeet Karyalvi
ਢਾਲ਼ (ਕਹਾਣੀ) : ਗੁਰਮੀਤ ਕੜਿਆਲਵੀ
ਰਾਤ ਅੱਧੀ ਏਧਰ ਤੇ ਅੱਧੀ ਉਧਰ ਏ । ਅੱਖਾਂ ਭਾਰੀਆਂ ਜਾਪਦੀਆਂ ਨੇ । ਸਿਰ ਦਾ ਅੱਗੇ ਵਾਲਾ ਪਾਸਾ ਪੀੜ ਨਾਲ ਵੱਟੋ-ਵੱਟ
ਹੋਇਆ ਪਿਆ । ਅੱਖਾਂ ਬੰਦ ਜ਼ਰੂਰ ਹੋ ਜਾਂਦੀਆਂ ਨੇ ਪਰ ਨੀਂਦ ਇਨ੍ਹਾਂ ਵਿਚ ਡੇਰਾ ਨਹੀਂ ਲਾਉਂਦੀ । ਬੈੱਡ 'ਤੇ ਲੇਟਿਆ, ਉਸਲਵੱਟੇ ਭੰਨੀ ਜਾ
ਰਿਹਾਂ । ਖ਼ਿਆਲ ਵਾਰ-ਵਾਰ ਬਾਹਰਲੇ ਬੂਹੇ ਵੱਲ ਤੁਰ ਜਾਂਦਾ ਹੈ । ਥੋੜ੍ਹਾ ਜਿਹਾ ਖੜ੍ਹਾਕ ਵੀ ਕੰਨ ਖੜੇ ਕਰ ਦਿੰਦਾ ਹੈ । ਭੁਲੇਖਾ ਪੈਂਦਾ ਹੈ ਜਿਵੇਂ
ਜਿੰਦਰ ਆ ਗਿਆ ਹੋਵੇ । ਉਸਦੀ ਆਦਤ ਵੀ ਹੈ, ਦਰਵਾਜ਼ੇ ਨੂੰ ਜ਼ੋਰ ਨਾਲ ਧੱਕਾ ਮਾਰ ਕੇ ਖੋਹਲਦਾ ਹੈ । ਉਸਦੀ ਇਸ ਆਦਤ ‘ਤੇ ਮੈਂ ਕਿੰਨ੍ਹਾ-
ਕਿਨ੍ਹਾ ਚਿਰ ਕਰਿੱਝਦਾ ਵੀ ਰਹਿੰਦਾ ਹਾਂ , ਦਰਵਾਜ਼ਾ ਆਰਾਮ ਨਾਲ ਵੀ ਤਾਂ ਖੋਹਲਿਆ ਜਾ ਸਕਦਾ । ਕੋਈ ਚੱਜ ਆਚਾਰ ਤਾਂ ਬੰਦੇ ਦੇ ਪੱਲੇ
ਹੋਵੇ । ਅੱਧੀ ਰਾਤ ਗਈ ਘਰ ਵੜ੍ਹਨਾ , ਫੇਰ ਦਰਵਾਜ਼ੇ ਦਾ ਖੜਾਕ ਕਰਕੇ ਘਰਦਿਆਂ ਹੀ ਨਹੀਂ ਆਂਡ-ਗੁਆਂਢ ਦੀ ਨੀਂਦ ਵੀ ਖ਼ਰਾਬ ਕਰਨੀ ।
ਗੁਆਂਢੀ ਬਤਰੇ ਨੇ ਤਾਂ ਇਕ ਦੋ ਵਾਰ ਦੱਬੀ ਜ਼ੁਬਾਨ ਵਿਚ ਜਰੂਰ ਆਖਿਆ ਏ , ਪਰ ਉਭਾਸਰ ਕੇ ਕੋਈ ਕੁੱਝ ਨਹੀਂ ਕਹਿੰਦਾ । ਸਾਰੇ ਜਿੰਦਰ
ਦੇ ਉਲੱਥਪੁਣੇ ਤੋਂ ਪਾਸਾ ਵੱਟਦੇ ਹਨ । ਕੀ ਪਤਾ ਕੀ ਬੋਲ ਦੇਵੇ ? ਬੰਦੇ ਦੀ ਇੱਜ਼ਤ ਆਪਣੇ ਹੱਥ , ਫਿਰ ਖਾਹ-ਮਖਾਹ ਜਿੰਦਰ ਵਰਗੇ
ਨਿਰਲੱਜ ਦੇ ਹੱਥ ਆਪਣੀ ਦਾਹੜੀ ਫੜਾਉਂਦਾ ਹੋਵੇ। ਜਿਹੜਾ ਆਪਣੇ ਬਾਪ ਦੀ ਪਰਵਾਹ ਨਹੀਂ ਕਰਦਾ- ਕਿਸੇ ਦਾ ਉਹ ਕੀ ਲੱਗਦਾ ?
ਮੈਂ ਬੈੱਡ 'ਤੇ ਲੰਮੀ ਪਈ ਅਤੇ ਸੌਣ ਦਾ ਨਾਟਕ ਕਰਦੀ ਸੁਖਜੀਤ ਵੱਲ ਦੇਖਦਾ ਹਾਂ । ਨੀਂਦ ਇਸਨੂੰ ਕਿੱਥੇ ਪੈਂਦੀ ਹੈ ? ਕਿੰਨੇ ਚਿਰ ਤੋਂ
ਉਸਲਵੱਟੇ ਲੈ ਰਹੀ ਹੈ ।
“ -ਝੱਲੀਏ ! ਜੇ ਨੀਂਦ ਨਹੀਂ ਆਉਂਦੀ ਤਾਂ ਕਿਉਂ ਖਾਹ-ਮਖਾਹ ਅੱਖਾਂ ਬੰਦ ਕਰਦੀ ਏਂ ? ਚੱਲ ਉਠ ਗੱਲਾਂ ਕਰਦੇ ਹਾਂ ।”
ਯੂਰਿਕ ਐਸਿਡ ਦੇ ਵਧਣ ਕਾਰਨ, ਉਸਦੇ ਹੱਥ ਪੈਰ ਸੁੱਜੇ ਪਏ ਨੇ । ਮੈਂ ਜੋੜਾਂ ਨੂੰ ਸਹਿਲਾਉਂਦਿਆਂ , ਸੁਖਜੀਤ ਨੂੰ ਉੱਠ ਕੇ ਬੈਠਣ
ਲਈ ਸਹਾਰਾ ਦੇਣ ਦੀ ਕੋਸ਼ਿਸ਼ ਕਰਦਾ ਹਾਂ । ਉਹ ਕੋਈ ਹੁੰਗਾਰਾ ਨਹੀਂ ਭਰਦੀ । ਉਂਜ ਹੀ ਲੇਟੀ ਰਹਿੰਦੀ ਹੈ । ਬਿਮਾਰੀ ਉਸ ‘ਤੇ ਜ਼ੋਰ ਪਾਈ
ਫਿਰਦੀ ਹੈ । ਡਾਕਟਰ ਜਸਵੰਤ ਹਰ ਵਾਰ ਉਸਨੂੰ ਚਿੰਤਾ ਛੱਡ ਦੇਣ ਦੀ ਨਸੀਹਤ ਕਰਦਾ ਹੈ, ਪਰ ਇਹ ਕਿਸ ਦੇ ਵੱਸ ਹੁੰਦਾ ਹੈ ?”
“ਦਰਦ ਕਿੱਥੇ ਕੁ ਹੋ ਰਿਹਾ ?” ਮੈਂ ਐਵੇਂ ਪੁੱਛ ਲੈਂਦਾ ਹਾਂ ।
“ਹੂੰ !” ਜੁਆਬ ਵਿਚ ਸੁਖਜੀਤ ਦੀ ਲੰਮੀ ਹੂੰਗਰ ਸੁਣਾਈ ਦਿੰਦੀ ਹੈ । ਮੈਨੂੰ ਜਾਪਦਾ ਜਿਵੇਂ ਉਸ ਨੇ ਆਖਿਆ ਹੋਵੇ, “ਇਹ ਪੁੱਛ
ਦਰਦ ਹੁੰਦਾ ਕਿੱਥੇ ਨਹੀਂ ?”
“ - ਜਿੰਦ ਦਾ ਅੱਜ ਵੀ ਕੋਈ ਪਤਾ ਨਹੀਂ ਚੱਲਿਆ । ਚੌਥਾ ਦਿਨ ਹੋ ਗਿਆ । ਕੀ ਪਤਾ ਕਿੱਥੇ ਹੋਊ ?” ਸੁਖਜੀਤ ਨੇ ਮੱਥਾ ਦੋਵੇਂ ਹੱਥਾਂ
ਵਿਚ ਘੁੱਟ ਲਿਆ ।
– ਹੋਣਾ ਕਿੱਥੇ ? ਕਿਸੇ ਥਾਣੇ ' ਚ ਬੰਦ ਹੋਊ । ਛੋਟੀਆਂ-ਮੋਟੀਆਂ ਚੋਰੀਆਂ ਤੋਂ ਤੁਰਿਆ ਹੁਣ ਤਾਂ ਵੱਡੇ ਹੱਥ ਵੀ ਮਾਰਨ ਲੱਗ ਪਿਆ । ਇਕ
ਦਿਨ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਇਸ ਗੰਦੀ ‘ਲਾਦ ਨੇ।” ਮੈਂ ਸੁਖਜੀਤ ਦੀ ਗੱਲ ਦਾ ਜੁਆਬ ਉੱਚੀ ਆਵਾਜ਼ ਵਿਚ ਦੇਣਾ ਚਾਹੁੰਦਾ ਸਾਂ
ਪਰ ਮੇਰੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲੀ । ਮੈਂ ਕੇਵਲ ਮੂੰਹ ਵਿਚ ਹੀ ਬੁੜ-ਬੁੜਾਇਆ ਸਾਂ । ਮੇਰੀ ਇਸ ਬੁੜ-ਬੁੜਾਹਟ ਨੂੰ ਵੀ ਸੁਖਜੀਤ ਦੇ
ਬਾਰੀਕ ਕੰਨਾਂ ਨੇ ਸੁਣ ਲਿਆ ਸੀ ।
“ – ਕਿਧਰੇ ਨਿਕਲ ਗਿਆ । ਹੁਣ ਤਾਂ ਥੋਡਾ ਕਲੇਜਾ ਠੰਡਾ ਹੋ ਗਿਆ ਹੋਊ ? ਸੀਨੇ ਠੰਡ ਪੈ ਗਈ ਹੋਊ ਥੋਡੇ ।” ਸੁਖਜੀਤ ਦੀ
ਰੋਣਹਾਕੀ ਆਵਾਜ਼ ਮੈਨੂੰ ਡਰਾ ਦਿੰਦੀ ਹੈ ।
“ - ਸਭ ਤੇਰੇ ਲਾਡ-ਪਿਆਰ ਦਾ ਨਤੀਜਾ ਹੈ । ਔਲਾਦ ਦਾ ਚੰਗਾ ਮਾੜਾ , ਸਭ ਮਾਂ ‘ਤੇ ਨਿਰਭਰ ਕਰਦਾ।” ਆਖ ਤਾਂ ਦਿੰਦਾ ਹਾਂ
ਪਰ ਮੈਨੂੰ ਆਪਣੇ ਆਪ ‘ਤੇ ਘ੍ਰਿਣਾ ਜਿਹੀ ਹੁੰਦੀ ਹੈ । ਜਿੰਦਰ ਨੂੰ ਵਿਗਾੜਨ ਵਿਚ ਮੇਰਾ ਕਿੱਡਾ ਵੱਡਾ ਰੋਲ ਸੀ । ਉਸ ਦੇ ਦਸਵੀਂ ਪਾਸ ਕਰਨ
ਦੇ ਬਾਅਦ ਮੈਂ ਜ਼ਿੱਦ ਕਰਕੇ ਉਸ ਦੀ ਮਰਜ਼ੀ ਦੇ ਉਲਟ ਉਸ ਨੂੰ ਮੈਡੀਕਲ ਰਖਵਾ ਦਿੱਤਾ ਸੀ । ਜਿੰਦਰ ਨੂੰ ਡਾਕਟਰ ਬਣਿਆ ਦੇਖਣ ਦਾ
ਸੁਪਨਾ ਮੇਰੇ ‘ਤੇ ਭਾਰੂ ਸੀ ।
“ --ਹਾਂ --ਹਾਂ । ਮੈਂ ਹੀ ਮਾੜੀ ਹਾਂ ਸਾਰੇ ਜ਼ਹਾਨ ‘ਚੋਂ । ਤੇਰਾ ਤਾਂ ਸਾਰਾ ਟੱਬਰ ਹੀ ਸਤਜੁਗੀ ਐ। ਤੜਕੇ ਉੱਠ ਕੇ ਨਾਂ ਲੈਣ ਵਾਲਾ ।
ਦੱਸ ਤਾਂ ਸਹੀ- ਮੈਂ ਕੀ ਮਾੜਾ ਕੀਤਾ ਤੇਰੇ ਤੇ ਤੇਰੇ ਘਰਦਿਆਂ ਦਾ ? ਤੇਰੇ ਸਾਰੇ ਭੈਣ - ਭਰਾ ਵਿਆਹੇ । ਥਾਉਂ ਥਾਈਂ ਸੈੱਟ ਕਰਤੇ- ਏਹੀ ਕਸੂਰ
ਆ ਮੇਰਾ ? ਕੋਈ ਪੁੱਛਦਾ ਆ ਕੇ ਤੈਨੂੰ ਹੁਣ ਕਿਸ ਹਾਲ ਵਿਚ ਏਂ ? ਸਾਥੋਂ ਤਾਂ ਸਾਰੀ ਉਮਰ ਤੇਰੇ ਭੈਣ-ਭਰਾ ਈ ਨ੍ਹੀ ਠੀਕ ਆਏ ।” ਸੁਖਜੀਤ ਦੇ
ਰਿਕਾਰਡ ਦੀ ਸੂਈ ਹੋਰ ਈ ਰਾਗ ਛੇੜ ਲੈਂਦੀ ਹੈ ।
“ - ਕੀ ਅਲੋਕਾਰ ਕੀਤਾ ਹੈ ਉਨ੍ਹਾਂ ਲਈ ?” ਮੈਂ ਕਹਿਣਾ ਤਾਂ ਚਾਹੁੰਦਾ ਹਾਂ ਪਰ ਘਰ ਵਿਚ ਕਲੇਸ਼ ਵਧਣ ਦੇ ਡਰੋਂ ਚੁੱਪ ਰਹਿੰਦਾ ਹਾਂ।
“ਜਦੋਂ ਦੀ ਏਸ ਘਰੇ ਆਈ ਹਾਂ -- ਮੈਂ ਨ੍ਹੀ ਸੁੱਖ ਦਾ ਇਕ ਦਿਨ ਵੀ ਦੇਖਿਆ। ਇਕ ਦਿਨ ਤਾਂ ਕੀ- ਇਕ ਸਾਹ ਵੀ ਸੁੱਖ ਦਾ ਨ੍ਹੀਂ ਲਿਆ।
ਇਸ ਘਰ ਵਿਚ ਕੰਮ ਵਾਲੇ ਬੰਦੇ ਦੀ ਕਦਰ ਹੈਨੀ। ਦਰਾਣੀਆਂ-ਜਠਾਣੀਆਂ ਨੇ ਇਕ ਦਿਨ ਕੰਮ ਨ੍ਹੀਂ ਕੀਤਾ। ਕਦੇ ਡੰਕਾ ਭੰਨ ਕੇ ਦੂਹਰਾ ਨ੍ਹੀਂ
ਕੀਤਾ । ਧੇਲੇ ਦਾ ਯੋਗਦਾਨ ਨ੍ਹੀ ਘਰ ‘ਚ । ਨਾ ਹੀ ਕਿਸੇ ਵੱਡੇ -ਵਡੇਰੇ ਨੂੰ ਰੋਟੀ ਲਾਹ ਕੇ ਫੜਾਈ ਆ ਪਰ--ਫੇਰ ਵੀ ਐਸ਼ ਕਰਦੀਆਂ। ਧਰ-
ਧਰ ਭੁੱਲਦੀਆਂ । ਇਕ ਲਾਹੁੰਦੀਆਂ, ਇਕ ਪਾਉਂਦੀਆਂ । ਥੋਡੇ ਸਾਰੇ ਰਿਸ਼ਤੇਦਾਰ ਵੀ ਇਨ੍ਹਾਂ ਬੀਬੀਆਂ ਰਾਣੀਆਂ ਦੇ ਈ ਗੀਗੇ ਗਾਉਂਦੇ ਆ ।
ਦੂਜੇ ਪਾਸੇ ਇਕ ਮੈਂ ਹਾਂ--ਸਾਰੀ ਉਮਰ ਏਸ ਘਰ ਦਾ ਗੋਲਪੁਣਾ ਕੀਤਾ । ਨਾ ਕਦੇ ਚੱਜ ਦਾ ਪਾਇਆ, ਨਾ ਹੰਢਾਇਆ । ਬਸ ਸਾਥੋਂ ਤਾਂ
ਦੂਜਿਆਂ ਦੇ ਜੁਆਕਾਂ ਦਾ ਈ ਸਿੜੀ ਸਿਆਪਾ ਲੋਟ ਨੀ ਆਇਆ। ਆਵਦਿਆਂ ਅੱਲੀਂ ਅਸੀਂ ਧਿਆਨ ਈ ਨ੍ਹੀਂ ਦਿੱਤਾ । ਹੁਣ ਆਖਦੇ ਮੁੰਡਾ ਹੱਥੋਂ
ਨਿਕਲ ਗਿਆ।” ਸੁਖਜੀਤ ਮੂੰਹ ਦੂਜੇ ਪਾਸੇ ਕਰਕੇ ਡੁਸਕਣ ਲੱਗਦੀ ਹੈ । ਮੈਨੂੰ ਪਤਾ ਸੁਖਜੀਤ ਦੇ ਬੋਲਾਂ ਵਿਚ ਬਹੁਤ ਸਾਰੀ ਕੌੜੀ ਸਚਾਈ
ਘੁਲੀ ਹੋਈ ਹੈ।
“ਕਿਉਂ ਐਵੇਂ ਜ਼ੁਬਾਨ ਸਾੜਦੀ ਰਹਿਨੀ ਏਂ । ਅੱਜ ਦੀ ਤਾਰੀਕ ‘ਚ ਹੈ ਕੀ ਨ੍ਹੀਂ ਤੇਰੇ ਕੋਲ ? ਘਰ-ਬਾਰ । ਬੱਚੇ । ਸਟੇਟਸ ।” ਮੈਨੂੰ
ਛੇਤੀ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ । ਸਾਡੇ ਕੋਲ ਤਾਂ ਘਰ-ਬਾਰ ਤੋਂ ਬਿਨਾਂ ਹੁਣ ਕੁੱਝ ਵੀ ਨਹੀਂ ਸੀ।
“ ਘਰ - ਬਾਰ ਨੂੰ ਕੀ ਚੱਟਣਾ ਜਦੋਂ ਘਰ ਵਿਚ ਰਹਿਣ ਵਾਲੀ ਔਲਾਦ ਈ ਹੱਥਾਂ ‘ਚ ਹੈਨੀ । ਨਾਲੇ ਜੀਹਨੂੰ ਆਪਣਾ ਆਖਦਾ ਏਂ--
ਇਹ ਕਿਹੜਾ ਸਾਡਾ, ਪਤਾ ਨਹੀਂ ਕਿਹੜੀ-ਕਿਹੜੀ ਬੈਂਕ ਦਾ ਕਰਜ਼ਾ ਲਿਆ ਚਾਰ ਖਣ ਛੱਤਣ ਵਾਸਤੇ।”
"ਸੁੱਖ ! ਕਿਸੇ ਦੇ ਵੱਸ ਕੁੱਝ ਨਹੀਂ । ਕੋਈ ਵਾਅ ਈ ਐਹੋ ਜੀ ਵਗ ਪਈ ਐ । ਇਕ ਸੌ ਇੱਕੀ ਨੰਬਰ ਕੋਠੀ ਵਾਲੇ ਭੁੱਲਰਾਂ ਨਾਲ ਵੇਖ
ਕੀ ਹੋਇਆ । ਨੂੰਹ ਪੁੱਤ ਨੇ ਥਾਣੇ ਬੰਦ ਕਰਵਾ ਦਿੱਤਾ ਸਾਰੇ ਟੱਬਰ ਨੂੰ ਅਖੇ ਸਾਡੇ ਨਾਲ ਬਦਤਮੀਜ਼ੀ ਕੀਤੀ ਐ । ਭੁੱਲਰਾਂ ਦਾ ਤਾਂ ਸਾਰਾ
ਟੱਬਰ ਧੀਰ ਨ੍ਹੀ ਧਰਦਾ । ਸਿਆਣਾ - ਬਿਆਣਾ ਬੰਦਾ ਮੈਂ ਆਪ ਰੋਂਦਾ ਦੇਖਿਆ । ਸੋ ਭਲੀਏ ਮਾਨਸੇ ਔਲਾਦ ਵਲੋਂ ਤਾਂ ਸਾਰੇ ਪਾਸੇ ਈ ਸੁੱਖ-
ਸਾਂਦ ਆ।”
“ਸਮਾਂ ਨ੍ਹੀਂ ਵਿਚਾਰਨਾ ਹੁੰਦੈ ? ਜਦੋਂ ਪਿਉ ਦੀ ਜੁੱਤੀ ਪੁੱਤ ਦੇ ਆਉਣ ਲੱਗਜੇ-- ਉਦੋਂ ਪੁੱਤ ਨੂੰ ਗੱਲ - ਗੱਲ ‘ਤੇ ਡਾਂਟਣਾ ਬੰਦ ਕਰ
ਦੇਣਾ ਚਾਹੀਦਾ । ਪਰ ਤੁਸੀਂ--ਤੁਸੀਂ ਨ੍ਹੀਂ ਸਮਝਦੇ ਕਿਸੇ ਦੀ । ਜੀਹਦੇ ਮਗਰ ਪੈ ਜਾਵੋਂ , ਖਹਿੜਾ ਈ ਨ੍ਹੀਂ ਛੱਡਦੇ । ਮੇਰੇ ਜਿੰਦ ਦੇ ਵੀ ਐਸੇ
ਮਗਰ ਪਏ--ਐਸੇ ਮਗਰ ਪਏ, ਘਰੋਂ ਕੱਢ ਕੇ ਈ ਸੁੱਖ ਦਾ ਸਾਹ ਲਿਆ। ਮੈਨੂੰ ਕੁੱਛ ਨ੍ਹੀ ਦੀਂਹਦਾ ਸਾਹਮਣੇ । ਕੀਹਦੇ ਆਸਰੇ ਧੀਰਜ ਬੰਨਾਂ ?”
ਮੈਨੂੰ ਹੁਬਕੀਂ - ਹੁਬਕੀਂ ਰੋਂਦੀ ਸੁਖਜੀਤ 'ਤੇ ਗੁੱਸਾ ਆਉਣ ਲੱਗਾ ਹੈ ਪਰ ਕਾਬੂ ਕਰ ਲੈਂਦਾ ਹਾਂ । ਮੈਂ ਜਦੋਂ ਵੀ ਕਦੇ ਜਿੰਦਰ ਨੂੰ
ਡਾਂਟਣ ਦੀ ਕੋਸ਼ਿਸ਼ ਕੀਤੀ ਸੁਖਜੀਤ ਉਸਦੀ ਢਾਲ ਬਣ ਖਲੋਂਦੀ ਰਹੀ । ਜਿੰਦਰ ਨੂੰ ਬੰਦਾ ਬਣਾਉਣ ਲਈ ਕਿਹੜੀ ਕੋਸ਼ਿਸ਼ ਮੈਂ ਨਹੀਂ ਕੀਤੀ ।
ਹੁਣ ਬੰਦਾ ਧੀ-ਪੁੱਤ ਦੇ ਨਾਲ ਬੱਝ ਕੇ ਤਾਂ ਰਹਿ ਨਹੀਂ ਸਕਦਾ। ਆਵਦੇ ਵਲੋਂ ਸਭ ਤੋਂ ਵਧੀਆ ਕਾਲਜ ਵਿਚ ਦਾਖਲ ਕਰਵਾਇਆ ਸੀ ਪਰ
ਇਹਦੀ ਤਾਂ ਬੁੱਧੀ ਹੀ ਪਲਟ ਗਈ ਸੀ । ਚਾਰ ਸਾਲ ਲਾਉਣ ‘ਤੇ ਵੀ ਇਕ ਕਲਾਸ ਨਹੀਂ ਸੀ ਲੰਘਿਆ । ਪਹਿਲੇ ਦੋ ਸਾਲ ਤਾਂ ਮੈਨੂੰ ਪਤਾ ਹੀ
ਨਹੀਂ ਸੀ ਲੱਗਾ । ਆਵਦੀ ਮਾਂ ਤੋਂ ਖੁੱਲ੍ਹਾ-ਡੁੱਲ੍ਹਾ ਖਰਚਾ ਲੈ ਜਾਂਦਾ ਸੀ , ਖਾ-ਪੀ ਕੇ ਘਰ ਆ ਵੜਦਾ । ਇਹ ਤਾਂ ਸ਼ੱਕ ਪੈਣ ‘ਤੇ ਮੈਂ ਇਸਦੇ ਕਾਲਜ
ਚਲਾ ਗਿਆ ਸਾਂ । ਕਲਾਸ ਇੰਚਾਰਜ ਨੇ ਦੱਸਿਆ ਸੀ ਕਿ ਜਿੰਦਰ ਤਾਂ ਚਾਰ ਮਹੀਨਿਆਂ ਤੋਂ ਕੋਈ ਪੀਰੀਅਡ ਹੀ ਨਹੀਂ ਸੀ ਲਾ ਰਿਹਾ।
“ਤੂੰ ਤਾਂ ਸਾਨੂੰ ਜਵਾਂ ਭੁੰਜੇ ਲਾਹਤਾ । ਦੋ ਸਾਲਾਂ 'ਚ ਲੱਖ ਤੋਂ ਉੱਤੇ ਖ਼ਰਚਾ ਕਰ ਦਿੱਤਾ ਤੇਰੇ ' ਤੇ । ਸਾਰੇ ਦਾ ਸਾਰਾ ਖੂਹ 'ਚ ਸੁੱਟਤਾ ।
ਕਿਹੜੇ ਲੇਖੇ ਲੱਗਿਆ ਦੱਸ ? ਪੈਸੇ ਕਿਤੇ ਅੱਕਾਂ ਨੂੰ ਲੱਗਦੇ । ਕਾਸਤੋਂ ਐਨਾ ਖ਼ਰਚਾ ਕਰਨਾ ਸੀ ਜੇ ਤੂੰ ਕਿਸੇ ਸਿਰੇ ਈ ਨ੍ਹੀਂ ਸੀ ਲੱਗਣਾ ?” ਘਰ
ਆ ਕੇ ਮੈਂ ਜਿੰਦਰ ਨੂੰ ਘੂਰਨਾ ਸ਼ੁਰੂ ਕੀਤਾ ਹੀ ਸੀ ਕਿ ਮੂਹਰੋਂ ਸੁਖਜੀਤ ਲਾਟ ਬਣ ਗਈ ਸੀ,
“-ਕੀ ਹੋ ਗਿਆ ? ਕੀ ਪਹਾੜ ਢਹਿ ਗਿਆ ? ਮੇਰੇ ਜੁਆਕ ‘ਤੇ ਲਾਇਆ ਲੱਖ ਤੈਨੂੰ ਰੜਕਣ ਲੱਗ ਪਿਆ, ਜਿਹੜਾ ਆਵਦੇ
ਭਰਾਵਾਂ-ਭਤੀਜਿਆਂ ’ਤੇ ਲਾਈ ਜਾਂਦਾ ਰਿਹਾਂ, ਉਹ ਬੜਾ ਪੁੰਨ ਆਲੇ ਕੰਮਾਂ ‘ਤੇ ਲੱਗਾ । ਕੀ ਕਦਰ ਪਾਈ ਤੇਰੀ ? ਹਜੇ ਕੱਲ ਆਵਦੇ ਭਰਾ ਦੇ
ਵਿਆਹ ‘ਤੇ ਦੋ ਲੱਖ ਲਾ ਕੇ ਹਟਿਆਂ। ਅਗਲੇ ਨੇ ਵਿਆਹ ਕਰਾਉਂਦਿਆਂ ਈ ਮੂੰਹ ਫੇਰ ਲਿਆ । ਅਜੇ ਤਕ ਕਰਜ਼ਾ ਲਾਹੀ ਜਾਨੇ ਆਂ ਉਹਦੇ
ਮਰਨੇ ਦਾ । ਉਹ ਨ੍ਹੀ ਦੁਖਦਾ ਤੈਨੂੰ ? ਬਸ ਜੁਆਕ ‘ਤੇ ਲਾਏ ਚਾਰ ਆਨ੍ਹਿਆਂ ਦਾ ਹਿਸਾਬ ਲੈ ਕੇ ਬਹਿ ਗਿਆਂ । ਇਹ ਕਿਤੇ ਮੈਂ ਮਗਰੋਂ
ਲਿਆਈ ਸੀ ? । ਕੀ ਲੋਹੜਾ ਆ ਗਿਆ ਜੇ ਚਾਰ ਪੈਸੇ ਖ਼ਰਚ ਕਰਤੇ ਜੁਆਕ ‘ਤੇ?”
“ਸੁੱਖ ! ਗੱਲ ਚਾਰ ਪੈਸਿਆਂ ਦੀ ਨ੍ਹੀਂ । ਏਹਦੀ ਜ਼ਿੰਦਗੀ ਦੀ ਐ। ਜੇ ਪੜ੍ਹਜੂ ਚਾਰ ਅੱਖਰ ਤਾਂ ਇਹਦੀ ਜ਼ਿੰਦਗੀ ਬਣਜੂ, ਨਹੀਂ ਜਿੱਥੇ
ਬਾਕੀ ਐਨਾ ਮੁਲਕ ਧੱਕੇ ਖਾਈ ਜਾਂਦਾ ਏਹ ਖਾਈ ਚੱਲੂ । ਮੈਨੂੰ ਕੀ ? ਟਾਈਮ ਲੰਘ ਗਿਆ, ਫੇਰ ਪਛਤਾਊ, ਉਦੋਂ ਬਨਣਾ ਕੁਛ ਨ੍ਹੀਂ ।” ਮੇਰੀ
ਆਵਾਜ਼ ਵਿਚ ਠੰਡਾਪਨ ਆ ਗਿਆ ਸੀ। ਮੇਰੀ ਹਰ ਗੱਲ ਕੱਟਣੀ, ਸੁਖਜੀਤ ਨੂੰ ਖੌਰੇ ਸਕੂਨ ਦਿੰਦੀ ਸੀ।
“-ਹਜੇ ਕੀ ਏਹ ਬੁੱਢਾ ਹੋ ਗਿਆ ? ਕੱਲ੍ਹ ਦਾ ਤਾਂ ਜੁਆਕ ਐ। ਉਮਰ ਈ ਕੀ ਆ ਏਹਦੀ ? ਤੇਰੇ ਭਰਾ ਨੇ ਇੱਕੋ ਕਲਾਸ ‘ਚ ਤਿੰਨ
ਸਾਲ ਲਾ ਕੇ ਕਾਲਜ ਛੱਡਤਾ । ਉਹਨੂੰ ਕੀ ਤੁਸੀਂ ਗੋਲੀ ਮਾਰਤੀ ਸੀ ?”
“ਤਾਂਹੀ ਤਾਂ ਉਹ ਐਸ ਡੀ ਐਮ ਲੱਗਾ ਹੋਇਆ ਬੁਢਲਾਡੇ। ਨਾਲੇ ਸੁਣ, ਇਹਦੇ ਵੀ ਏਹੀ ਲੱਛਣ ਰਹੇ ਨਾ ਇਹ ਤਾਂ ਡੀ ਸੀ ਲੱਗੂ
ਲੁਧਿਆਣੇ ਵਰਗੇ ਵੱਡੇ ਜ਼ਿਲ੍ਹੇ ਦਾ ਤੇ ਤੂੰ ਹੋਵੇਂਗੀ ਡੀ ਸੀ ਦੀ ਮਾਂ। ਲਾਲ ਬੱਤੀ ਆਲੀ ਗੱਡੀ ‘ਚ ਸਬਜ਼ੀ-ਭਾਜੀ ਖਰੀਦਣ ਜਾਇਆ ਕਰੀਂ
ਬਾਜ਼ਾਰ ‘ਚੋਂ। --ਗੱਲ ਕਿਸੇ ਹੋਰ ਈ ਪਾਸੇ ਤੁਰਦੀ ਏਂ--ਲੈ ਦੱਸ ਮੈਂ ਕੋਈ ਦੋਖੀਂ ਇਹਦਾ ? ਰੋਵੇਂਗੀ ਕਿਸੇ ਦਿਨ ਅੱਖਾਂ ‘ਤੇ ਹੱਥ ਧਰ-ਧਰ ਕੇ।”
“ਅੱਗੇ ਵੀ ਤਾਂ ਥੋਡੇ ਟੱਬਰ ' ਚ ਸਾਰੇ ਐਸ ਡੀ ਐਮ , ਡੀ ਸੀ ਈ ਲੱਗੇ ਆ, ਇਹ ਵੀ ਲੱਗਜੂ।” ਸੁਖਜੀਤ ਮੇਰੇ ਘਰਦਿਆਂ ਦੀ
ਗ਼ਰੀਬੀ ‘ਤੇ ਕਟਾਖ਼ਸ਼ ਕਰਦੀ ਹੈ । ਮੈਂ ਅੰਦਰੇ-ਅੰਦਰ ਜ਼ਹਿਰ ਘੋਲ ਕੇ ਰਹਿ ਜਾਂਦਾ ਹਾਂ । ਖੇਤਾਂ ਵਿਚ ਹੱਡ ਰੋਲਦੇ ਦੋਵੇਂ ਵੱਡੇ ਭਰਾ ਅਤੇ
ਪ੍ਰਾਈਵੇਟ ਸਕੂਲ ਵਿਚ ਸੇਵਾਦਾਰ ਲੱਗਾ ਛੋਟਾ ਭਰਾ ਉਸਦੇ ਨਿਸ਼ਾਨੇ ‘ਤੇ ਸਨ । ਅਜਿਹੇ ਸਮੇਂ ਮੈਂ ਚੁੱਪ ਵੱਟ ਕੇ ਘਰੋਂ ਬਾਹਰ ਨਿਕਲ ਜਾਣਾ
ਹੀ ਬਿਹਤਰ ਸਮਝਦਾ।
“ - ਪਤਾ ਨਹੀਂ ਕਿਸ ਹਾਲ ' ਚ ਹੋਊ ? ਸਾਰੀਆਂ ਰਿਸ਼ਤੇਦਾਰੀਆਂ ‘ਚ ਫ਼ੋਨ ਘੁਮਾ ਲਿਆ । ਉਸਦੇ ਸਾਰੇ ਦੋਸਤਾਂ -ਮਿੱਤਰਾਂ ਕੋਲੋਂ
ਵੀ ਪੁੱਛ -ਦੱਸ ਕਰਲੀ । ਕੋਈ ਤਾਂ ਥਹੁ ਪਤਾ ਲੱਗੇ ਉਹਦਾ ।” ਸੁਖਜੀਤ ਦੀ ਆਵਾਜ਼ ਜਿਵੇਂ ਦਰਿਆ ਦੇ ਪਾਰਲੇ ਕਿਨਾਰੇ ‘ਤੋਂ ਆਈ ਸੀ । ਮੈਂ
ਪਿਛਲੀਆਂ ਯਾਦਾਂ ਵਿਚੋਂ ਨਿਕਲ ਆਇਆ ਸਾਂ ।
“---ਕੋਈ ਨਾ, ਮੈਂ ਇਧਰ-ਉਧਰ ਸਾਰੇ ਹੀ ਆਖ ਦਿੱਤਾ---- ਰਿਸ਼ਤੇਦਾਰੀਆਂ ਨੂੰ ਵੀ । ਲਿਹਾਜ਼ੀਆਂ ਨੂੰ ਵੀ । ਕੋਈ ਨਾ ਆਜੂ ਅੱਜ
ਭਲਕ । ਤੂੰ ਦਿਲ ਨਾ ਢਾਹ, ਕਿੱਥੇ ਜਾਣੇ ਉਹਨੇ ? ਆਜੂ ।” ਮੈਂ ਸੁਖਜੀਤ ਦੇ ਵਾਲਾਂ ‘ਚ ਉਂਗਲਾਂ ਫੇਰਦਿਆਂ ਉਸਨੂੰ ਦਿਲਾਸਾ ਦਿੰਦਾ ਹਾਂ ।
ਉਂਜ ਮੇਰਾ ਆਪਣਾ ਦਿਲ ਵੀ ਘਟਣ ਲੱਗ ਪਿਆ ਹੈ ।
“--ਤੁਸੀਂ ਤਾਂ ਨਿਰੇ ਪੱਥਰ ਦਿਲ ਐਂ--ਨਿਰੇ ਪੱਥਰ । ਧੀ-ਪੁੱਤ ਨੂੰ ਘਰੋਂ ਬਾਹਰ ਕਰਕੇ ਬੂਹਾ ਹੀ ਭੇੜ ਲੈਨੇ ਐਂ, ਅਗਲਾ ਪਰਤੇ
ਵੀ ਤਾਂ ਕਿੱਥੇ ਤੇ ਕਿਵੇਂ?”
ਸੁਖਜੀਤ ਦੀ ਗੱਲ ਮੈਨੂੰ ਧੁਰ ਅੰਦਰ ਤੱਕ ਝੰਜੋੜ ਦਿੰਦੀ ਹੈ । ਮੈਂ ਵੇਖਿਆ ਉਹ ਕੈਨਵਸ ‘ਤੇ ਪਈ ਰਿਸ਼ਮ ਦੀ ਗਹਿਰ-ਗੰਭੀਰ
ਜਿਹੀ ਜਾਪਦੀ ਫ਼ੋਟੋ ਵੱਲ ਤੱਕ ਰਹੀ ਸੀ । ਅੱਖਾਂ ਵਿਚੋਂ ਵਗ ਆਏ ਅੱਥਰੂ ਉਸਨੇ ਉਂਗਲਾਂ ਦੇ ਪੋਟਿਆਂ ਨਾਲ ਸੰਭਾਲ ਲਏ ਸਨ । ਮੈਂ ਕਿੰਨ੍ਹਾ ਹੀ
ਚਿਰ ਸੁਖਜੀਤ ਦੇ ਕਹੇ ਹੋਏ ਬੋਲਾਂ ਨਾਲ ਘੋਲ ਕਰਦਾ ਰਿਹਾ ।
“ਅੱਜ ਪੂਰੇ ਚਾਰ ਸਾਲ ਹੋਗੇ ਮੇਰੀ ਧੀ ਨੂੰ ਘਰੋਂ ਗਿਆਂ । ਜਿਉਣ ਜੋਗੀ ਨੇ ਇਕ ਵਾਰ ਵੀ ਪਿੱਛੇ ਭਉਂ ਕੇ ਨੀਂ ਵੇਖਿਆ । ਅਸੀਂ ਕਿਸ
ਹਾਲ ' ਚ ਆਂ? ਜਿਉਂਦੇ ਹਾਂ ਜਾਂ ਮਰਗੇ ? ਪਰ ਅਸੀਂ ਕਿਹੜਾ ਪਤਾ ਲਿਆ ? ਅਸੀਂ ਤਾਂ ਮਾਂ-ਬਾਪ ਹਾਂ, ਸਾਡਾ ਫ਼ਰਜ਼ ਬਣਦਾ ਸੀ। ਮੇਰੀ
ਰਿਸ਼ਮ ਨੇ ਕਿਹੜੀ ਜੱਗੋਂ ਤੇਰ੍ਹਵੀਂ ਕਰ ਦਿੱਤੀ ਸੀ ? ਸਾਰੀ ਦੁਨੀਆਂ ਈ ਆਵਦੀ ਮਰਜ਼ੀ ਨਾਲ ਮੈਰਿਜ ਕਰਵਾਈ ਜਾਂਦੀ । ਅਸੀਂ ਐਵੇਂ ਫੋਕੀ
ਹੈਂਕੜ । ਅਖੇ ਜੀ ਮੁੰਡੇ ਦੀ ਜਾਤ ਹੋਰ ਐ । ਧਰਮ ਹੋਰ ਐ । ਧਰਮ ਤੋਂ ਖੋਰੇ ਕੀ ਟਿੰਡੀਆਂ ਲੈਣੀਆਂ ਸੀ ਅਸੀਂ ? ਜਿਵੇਂ ਬੜਾ ਤਾਰ ਦਿੱਤਾ ਹੁੰਦਾ
ਧਰਮਾਂ ਵਾਲਿਆਂ ਨੇ ਦੁਨੀਆਂ ਨੂੰ ।” ਸੁਖਜੀਤ ਸਾਹ ਲੈ ਕੇ ਫੇਰ ਬੋਲਣ ਲੱਗਦੀ ਹੈ,
“ ਛੋਟੀ ਰਮਨ ਦੇ ਘਰ ਵਾਲਾ ਤਾਂ ਤੁਹਾਡੀE ਸਹੇੜ ਆ ਨਾ ? ਥੋਡੀ ਆਵਦੀ ਜਾਤ ਬਰਾਦਰੀ ਤੇ ਧਰਮ ਦਾ । ਬੜੀ ਰਿਸਪੋਕਟ
ਕਰਦਾ ਹੋਊ ਤੁਹਾਡੀ । ਨਿੱਤ ਜੁੰਡੇ ਪੁੱਟਦਾ ਕੁੜੀ ਦੇ । ਜੂਨ ਵਰੋਲ ਕੇ ਰੱਖਤੀ ਮੇਰੀ ਧੀ ਦੀ । ਦੇਖਲੀਂ ਤਲਾਕ ਤੋਂ ਉਰ੍ਹੇ ਗੱਲ ਨ੍ਹੀ ਖੜਨੀ ।
ਹੋਰ ਕੀ ? ਕਿੰਨੀ ਵਾਰ ਤਾਂ ਕੁੱਟ-ਮਾਰ ਕਰਕੇ ਕੁੜੀ ਨੂੰ ਘਰੋਂ ਕੱਢਿਆ । ਥਾਂ-ਕੁਥਾਂ ਖੇਹ ਖਾਂਦਾ ਫਿਰਦਾ । ਤੁਹਾਡੇ ਵਾਸਤੇ ਤਾਂ ਉਹੀ ਚੰਗਾ ।
ਜਾਤ ਬਰਾਦਰੀ ਦਾ ਜੋ ਹੋਇਆ । ਸਮਾਜ ' ਚ ਸਿਰ ਉੱਚਾ ਕਰਕੇ ਤੁਰਦੇ ਹਾਂ ਨਾ ਉਹਦੀ ਜਾਤ ਬਰਾਦਰੀ ਕਰਕੇ।” ਸੁਖਜੀਤ ਨੇ ਪਤਾ
ਨਹੀਂ ਕਿਸ ਸੰਦਰਭ ਵਿਚ ਇਹ ਗੱਲ ਆਖੀ ਸੀ ਪਰ ਮੈਨੂੰ ਲੱਗਾ ਜਿਵੇਂ ਮੈਨੂੰ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾ ਕੇ ਆਖੀ ਸੀ।
“ਗੱਲ ਕੀ--ਇਨਸਾਨ ਆਵਦਾ ਵਕਤ ਯਾਦ ਨ੍ਹੀ ਰੱਖਦਾ।” ਸੁਖਜੀਤ ਦਾ ਨਿਸ਼ਾਨਾ ਸਾਫ਼ ਹੋ ਗਿਆ ਸੀ । ਸੱਚ-ਮੁਚ ਮੈਂ ਆਪਣਾ
ਵਕਤ ਤਾਂ ਭੁੱਲ ਹੀ ਗਿਆ ਸਾਂ । ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਅੱਗੇ ਪੱਟੀ ਆ ਬੱਝੀ ਸੀ। ਬੇਟੀ ਰਿਸ਼ਮ ਨੇ ਆਪਣੀ ਪਸੰਦ ਦੇ ਮੁੰਡੇ ਜੌਹਨ
ਨਾਲ ਵਿਆਹ ਕਰਾਉਣ ਦੀ ਗੱਲ ਕੀ ਚਲਾਈ , ਮੇਰੇ ਲਈ ਤਾਂ ਜਿਵੇਂ ਭੂਚਾਲ ਹੀ ਆ ਗਿਆ ਸੀ ।
“ਹਜ਼ਾਰਾਂ ਸਾਲਾਂ ਦੀਆਂ ਵਿਥਾਂ-ਵੰਡਾਂ ਐਨੀ ਛੇਤੀ ਕਿੱਥੋਂ ਮਿਟਦੀਆਂ ਨੇ ?” ਆਪਣੀ ਹੀ ਕਿਸਮ ਦੀ ਦਲੀਲ ਦਿੰਦਿਆਂ ਮੈਂ ਰਿਸ਼ਮ
ਦੇ ਇਸ ਫ਼ੈਸਲੇ ਨੂੰ ਮੁੱਢੋਂ-ਸੁੱਢੋਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ । ਫੇਰ ਉਹ ਕਿਹੜਾ ਢੰਗ ਤਰੀਕਾ ਸੀ ਜਿਹੜਾ ਮੈਂ ਰਿਸ਼ਮ ਨੂੰ ਜੌਹਨ
ਦੇ ਘਰ ਵੱਲ ਜਾਂਦੇ ਰਾਹ ਤੋਂ ਮੋੜਨ ਲਈ ਨਹੀਂ ਸੀ ਵਰਤਿਆ । ਸਰੀਰਕ ਅਤੇ ਮਾਨਸਿਕ ਤਸ਼ੱਦਦ ਵੀ ਕੀਤਾ ਸੀ।
ਨਵੰਬਰ ‘ਚ ਪੂਰੇ ਚਾਰ ਸਾਲ ਹੋ ਗਏ ਨੇ ਰਿਸ਼ਮ ਨੂੰ ਘਰ ਛੱਡ ਕੇ ਗਈ ਨੂੰ । ਇਹ ਨ੍ਹੀਂ ਕਿ ਉਹਦੀ ਯਾਦ ਨਹੀਂ ਆਉਂਦੀ ਜਾਂ ਉਸਨੂੰ
ਮਿਲਣ ਨੂੰ ਜੀਅ ਨਹੀਂ ਕਰਦਾ । ਪਰ ਉਸਦੇ ਘਰ ਵੱਲ ਪਤਾ ਨਹੀਂ ਕਿਉਂ ਪੈਰ ਨਹੀਂ ਤੁਰੇ।
“ਭਲੇ ਬੰਦਿਆ , ਤੇਰਾ ਕੋਈ ਨਿਰਣਾ ਕਦੇ ਪ੍ਰਪੱਕ ਸਾਬਤ ਨ੍ਹੀਂ ਹੋਇਆ । ਤੂੰ ਸਾਰੀ ਉਮਰ ਥਿੜਕਦਾ ਈ ਰਿਹਾਂ ਏ । ਤੇਰੇ ਤੋਂ ਤਾਂ
ਕੁੱਝ ਵੀ ਚੰਗਾ ਨਹੀਂ ਬਣ ਹੋਇਆ। ਨਾ ਚੰਗਾ ਬਾਪ , ਨਾ ਚੰਗਾ ਪਤੀ ਤੇ ਨਾ ਹੀ ਚੰਗਾ--।” ਸੁਖਜੀਤ ਅੱਗੇ ਚੁੱਪ ਹੋ ਗਈ ਸੀ । ਮੈਂ ਬਹੁਤ
ਦੂਰ ਕਮਲ ਕੋਲ ਪਰਤ ਗਿਆ ਸਾਂ ।
ਕਿਸੇ ਵਕਤ ਕਿੰਨਾ ਚਾਹੁੰਦਾ ਰਿਹਾ ਸਾਂ ਕਮਲ ਨੂੰ। ਉਸਦੇ ਬਗ਼ੈਰ ਜਿਉਣ ਦਾ ਮੈਂ ਸੁਪਨਾ ਵੀ ਨਹੀਂ ਸੀ ਲੈ ਸਕਦਾ । ਆਪਣੇ
ਸੁਪਨੇ ਵਿਚ ਅਸਲੀਅਤ ਦੇ ਰੰਗ ਕਰਨ ਲਈ ਕਮਲ ਦੇ ਘਰ ਵੀ ਚਲਾ ਗਿਆ ਸਾਂ । ਉਸਦੇ ਪੁਲਸੀਏ ਬਾਪ ਦੀ ਘੂਰੀ ਨੇ ਮੇਰੀਆਂ ਨਸਾਂ
ਵਿਚ ਭੁੜਕਦਾ ਲਹੂ , ਬਰਫ਼ ਵਾਂਗ ਠੰਡਾ ਕਰ ਦਿੱਤਾ ਸੀ । ਉੱਚੇ ਨੀਵੇਂ ਦੀ ਲਛਮਣ ਰੇਖਾ ਮੇਰੇ ਦੁਆਲੇ ਵੀ ਖਿੱਚ ਹੋ ਗਈ ਸੀ । ਫਿਰ ਇਕ
ਦਿਨ ਕਮਲ ਨੇ ਦੋਵੇਂ ਹੱਥ ਮੇਰੀ ਛਾਤੀ ‘ਤੇ ਰੱਖ ਦਿੱਤੇ ਸਨ । ਮੈਨੂੰ ਲੱਗਾ ਸੀ ਜਿਵੇਂ ਬਹੁਤ ਭਾਰਾ ਪੱਥਰ ਮੇਰੀ ਛਾਤੀ ‘ਤੇ ਆ ਟਿਕਿਆ ਹੋਵੇ ।
ਇਨ੍ਹਾਂ ਹੱਥਾਂ ਦਾ ਭਾਰ ਮੈਥੋਂ ਚੁੱਕ ਹੀ ਨਹੀਂ ਸੀ ਹੋਇਆ । ਕਮਲ ਕਿੰਨਾ ਚਿਰ ਪ੍ਰਸ਼ਨ ਚਿੰਨ ਬਣੀ ਮੇਰੀਆਂ ਅੱਖਾਂ ਵਿਚ ਝਾਕਦੀ ਰਹੀ ਸੀ ।
ਮੇਰੇ ਬਰਫ਼ ਬਣੇ ਖ਼ੂਨ ਵਿਚ ਤਾਂ ਕੋਈ ਹਰਕਤ ਹੀ ਨਹੀਂ ਸੀ ਹੋਈ । ਮੈਂ ਉਸਦੇ ਦੋਵੇਂ ਹੱਥ ਆਪਣੀ ਛਾਤੀ ਤੋਂ ਚੁੱਕ , ਉਸਦੇ ਘਰ ਵੱਲ ਜਾਂਦੇ
ਰਾਹ ਵੱਲ ਕਰ ਦਿੱਤੇ ਸਨ । ਰਾਮਕਾਰ ਮੈਥੋਂ ਉਲੰਘ ਹੀ ਨਹੀਂ ਸੀ ਹੋਈ।
ਫਿਰ ਪਤਾ ਲੱਗਾ ਉਹ ਕਿਸੇ ਪਰਵਾਸੀ ਪਰਿੰਦੇ ਦੇ ਪਰਾਂ ਨਾਲ ਬੰਨ੍ਹ ਦਿੱਤੀ ਹੈ , ਜੋ ਉਸਨੂੰ ਆਪਣੀ ਉਡਾਰੀ ਨਾਲ ਵਲੈਤ ਲੈ
ਗਿਆ ਹੈ।
ਫਿਰ ਉਸ ਦੇ ਤਲਾਕ ਹੋ ਜਾਣ ਦਾ ਪਤਾ ਲੱਗਾ । ਦੁੱਖਾਂ ਦੇ ਡੂੰਘੇ ਸਮੁੰਦਰਾਂ ਵਿਚ ਡੁੱਬ ਜਾਣ ਦਾ । ਘੁੱਟ-ਘੁੱਟ ਕੇ ਮਰਦੀ ਰਹੀ ਸੀ
ਉਹ । ਫਿਰ ਕਿਸੇ ਤਰ੍ਹਾਂ ਹਵਾ ਦੇ ਬੁਲ੍ਹੇ ਹੱਥ , ਉਸਦੀ ਸੱਖ-ਸਾਂਦ ਹੀ ਪੁੱਛੀ ਸੀ ਤਾਂ ਉਸਦਾ ਸੰਖੇਪ ਜੁਆਬ ਆਇਆ ਸੀ, “ਪਰਛਾਵਿਆਂ
ਮਗਰ ਨਹੀਂ ਭੱਜੀਦਾ ।”
ਮੈਨੂੰ ਕਮਲ ਦੇ ਹੱਥ ਆਪਣੇ ਦੁਆਲੇ ਘੁੱਟ ਕੇ ਵਲ਼ ਲੈਣੇ ਚਾਹੀਦੇ ਸਨ । ਸੁਖਜੀਤ ਸੱਚ ਹੀ ਤਾਂ ਆਖਦੀ ਏ ਕਿ ਮੈਂ ਸਾਰੀ ਉਮਰ
ਥਿੜਕਦਾ ਹੀ ਰਿਹਾ ਹਾਂ । ਕਮਲ ਵੀ ਤਾਂ ਇਹੀ ਕਹਿੰਦੀ ਹੁੰਦੀ ਸੀ, “ਥਿੜਕਦੇ ਕਦਮਾਂ ਨਾਲ ਪੈਂਡੇ ਕਦੋਂ ਮਾਰ ਹੁੰਦੇ ਨੇ ?”
“ਹਾਏ !” ਸੁਖਜੀਤ ਦੀ ਹੂੰਗਰ ਮੈਨੂੰ ਯਾਦਾਂ ' ਚੋਂ ਵਾਪਸ ਖਿੱਚ ਲਿਆਉਂਦੀ ਹੈ ।
“ਮੈਨੂੰ ਨ੍ਹੀ ਲੱਗਦਾ ਮੈਂ ਹੁਣ ਬਚਜੂੰ । ਸਾਰਾ ਸਰੀਰ ਈ ਮਿੱਟੀ ਹੋਇਆ ਪਿਆ । ਅੱਜ ਤਾਂ ਸਾਹ ਵੀ ਔਖਾ ਹੋ ਕੇ ਆਉਂਦਾ ।”
“ਰੱਬ 'ਤੇ ਭਰੋਸਾ ਰੱਖ । ਸਭ ਠੀਕ ਹੋਜੂ । ਜੇ ਉਹ ਦੁੱਖ ਪਾਉਂਦਾ ਤਾਂ ਕੱਟਣ ਵਾਲਾ ਵੀ ਉਹੀ ਐ।” ਮੈਨੂੰ ਪਤਾ ਸੁਖਜੀਤ ਦੀ
ਬਿਮਾਰੀ ਸਰੀਰਕ ਨਾਲੋਂ ਮਾਨਸਿਕ ਬਹੁਤੀ ਹੈ , ਇਸੇ ਲਈ ਮੈਂ ਰੱਬ ਨੂੰ ਵਿਚਾਲੇ ਲੈ ਆਉਂਦਾ ਹਾਂ ।
“ਸੱਚ ਸੁੱਖ । ਮੈਂ ਤੈਨੂੰ ਤਾਂ ਦੱਸਿਆ ਨੀਂ --ਸੋਚਿਆ ਉਦਾਸ ਹੋਵੇਂਗੀ । ਮੈਨੂੰ ਪਰਸੋਂ ਰਿਸ਼ਮ ਮਿਲੀ ਸੀ।”
“ ਹੈਂ ! ਕੀ ? । ਕਿੱਥੇ ਮਿਲੀ ਸੀ ?” ਸੁਖਜੀਤ ਨੂੰ ਜਿਵੇਂ ਦਰਦ ਉੱਕਾ ਹੀ ਵਿਸਰ ਗਿਆ ਸੀ ।
“ਲੁਧਿਆਣੇ ਬੱਸ ਸਟੈਂਡ ‘ਤੇ । ਮਾਛੀਵਾੜੇ ਸੀਨੀਅਰ ਸੈਕੰਡਰੀ ਸਕੂਲ ਵਿਚ ਡਿਊਟੀ ਐ ਉਸਦੀ । ਸਬੱਬੀ ਮੇਲ ਹੋ ਗਿਆ । ਉਸਦਾ ਬੱਚਾ
ਵੀ ਗੋਦੀ ਸੀ ਉਸਦੇ । ਛੇ ਕੁ ਮਹੀਨੇ ਦਾ ਹੋਊ । ਬੜਾ ਪਿਆਰਾ-ਪਿਆਰਾ , ਗੋਗਲਾ-ਗੋਗਲਾ ਜਿਹਾ ।”
“ਬੁਲਾਇਆ ਨ੍ਹੀਂ ਤੁਸੀਂ ?”
“ ਕਿਉਂ ਬੁਲਾਉਣਾ ਕਿਉਂ ਨ੍ਹੀਂ ਸੀ ? ਮੇਰਾ ਖ਼ੂਨ ਐ । ਘੁੱਟ ਕੇ ਪਿਆਰ ਕੀਤਾ ਦੋਵਾਂ ਮਾਂ-ਪੁੱਤਾਂ ਨੂੰ।”
“ਸ਼ਗਨ ਨ੍ਹੀਂ ਦਿੱਤਾ ਬੱਚੇ ਨੂੰ ?”
“ਨਹੀਂ ।”
“ਕਿਉਂ ? ”
“ਲਿਆ ਹੀ ਨਹੀਂ ਉਸਨੇ ।”
“ਕੀ ਕਹਿੰਦੀ । ਅਜੇ ਗੁੱਸਾ ਗਿਆ ਨਹੀਂ ਉਸਦਾ ?”
“ਕਹਿੰਦੀ ਇਹ ਬੱਚਾ ਵੀ ਤਾਂ ਜੌਹਨ ਦਾ ਈ ਖ਼ੂਨ ਆ । ਜੇ ਤੁਹਾਨੂੰ ਜੌਹਨ ਹੀ ਪ੍ਰਵਾਨ ਨਹੀਂ ਤਾਂ ਉਸਦੀ ਔਲਾਦ ਲਈ ਵੀ ਤੁਹਾਡੀ
ਪ੍ਰਵਾਨਗੀ ਦੀ ਲੋੜ ਨਹੀਂ ।”
“ਤੁਸੀਂ ਕਹਿਣਾ ਸੀ ਸਾਨੂੰ ਪ੍ਰਵਾਨ ਐ ।” ਸੁਖਜੀਤ ਉੱਠ ਕੇ ਬੈਠ ਗਈ ਸੀ , ਜਿਵੇਂ ਉਸਦਾ ਕੁੱਝ ਦੁਖਦਾ ਹੀ ਨਾ ਹੋਵੇ।
“ਉਹਨੂੰ ਘਰ ਆਉਣ ਲਈ ਵੀ ਨਹੀਂ ਕਿਹਾ ਹੋਣਾ ?”
“ਕਿਹਾ ਸੀ, ਕਹਿੰਦੀ ਤੁਹਾਨੂੰ ਪਹਿਲ ਕਰਨੀ ਚਾਹੀਦੀ।”
“ਉਫ਼ !” ਸੁਖਜੀਤ ਨੇ ਠੰਡਾ ਸਾਹ ਲਿਆ ਸੀ।
“ਆਪਾਂ ਨੂੰ ਜਾਣਾ ਚਾਹੀਦੈ ?” ਮੈਂ ਸੁਖਜੀਤ ਨੂੰ ਸੁਆਲ ਕੀਤਾ ਸੀ।
“ਤੁਸੀਂ ਤਿਆਰ ਹੋ ?” ਉਸ ਨੇ ਮੇਰੇ ਸੁਆਲ ਦੇ ਜੁਆਬ ਵਿਚ ਸੁਆਲ ਕਰ ਦਿੱਤਾ ਸੀ।
“ਤੂੰ ਛੇਤੀ । ਠੀਕ ਹੋਜਾ ।”
“ਮੈਨੂੰ ਕੀ ਹੋਇਆ ? ਚੰਗੀ ਭਲੀ ਆਂ।”
“ਤਾਂ ਠੀਕ ਐ । ਤੂੰ ਕਹਿਨੀ ਏ ਤਾਂ ਚੱਲਾਂਗੇ ।”
“ਸੱਚ ! ਮੈਨੂੰ ਨ੍ਹੀ ਯਕੀਨ ਤੂੰ ਜਾਵੇਂਗਾ।” ਸੁਖਜੀਤ ਉਦਾਸ ਸੀ। ਉਸਨੇ ਮੇਰੇ ਅੱਥਰੇ ਸੁਭਾਅ ਅਨੁਸਾਰ ਹੀ ਆਖਿਆ ਸੀ।
ਮੈਂ ਸੁਖਜੀਤ ਨੂੰ ਕੀ ਦੱਸਦਾ ਕਿ ਰਿਸ਼ਮ ਨੂੰ ਮਿਲਣ ਵਾਲਾ ਐਡਾ ਵੱਡਾ ਝੂਠ ਬੋਲ ਕੇ ਮਸਾਂ ਤਾਂ ਆਪਣੇ ਥਿੜਕੇ ਹੋਏ ਕਦਮਾਂ ਨੂੰ
ਪੈਰਾਂ ਸਿਰ ਕੀਤਾ ਹੈ।