Deewana Shaair (Story in Punjabi) : Saadat Hasan Manto
ਦੀਵਾਨਾ ਸ਼ਾਇਰ (ਕਹਾਣੀ) : ਸਆਦਤ ਹਸਨ ਮੰਟੋ
(ਮੈਕਸਿਮ ਗੋਰਕੀ : ਪਵਿੱਤਰ ਹੱਕ ਨੂੰ ਜੇ
ਦੁਨੀਆ ਦੀਆਂ ਢੂੰਡਦੀਆਂ ਅੱਖਾਂ ਤੋਂ ਓਹਲੇ ਵੀ
ਕਰ ਦਿੱਤਾ ਜਾਏ ਤਾਂ ਉਸ ਸ਼ੁਦਾਈ 'ਤੇ ਮਿਹਰ
ਹੋਵੇ ਜੋ ਮਨੁੱਖ ਦੇ ਦਿਮਾਗ਼ ਨੂੰ ਫੇਰ ਵੀ ਸੁਨਹਿਰੀ
ਸੁਫ਼ਨੇ ਦਿਖਾਅ ਦੇਵੇ।-ਲੇਖਕ ਵੱਲੋਂ ਨੋਟ।)
ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ
ਬਾਗ਼ ਕੀ ਮਾਂਦਾ ਹਵਾਓ
ਅਪਨਾ ਦਾਮਨ ਸਮੇਟ ਲੋ ਕਿ
ਮੇਰੇ ਆਤਿਸ਼ੀ ਗੀਤ
ਦਬੇ ਹੂਏ ਸੀਨੋਂ ਮੇ ਇਕ
ਤਲਾਤੁਮ
ਬਰਪਾ ਕਰ ਦੇਨੇ ਵਾਲੇ ਹੈਂ।
(ਮਾਂਦਾ=ਮੱਠੀਆਂ, ਆਤਿਸ਼ੀ=ਆਗ ਕੇ,
ਤਲਾਤੁਮ=ਸਮੁੰਦਰੀ-ਤੂਫ਼ਾਨ)
ਇਹ ਬੇਬਾਕ ਨਗ਼ਮਾ ਦਰਦ ਵਾਂਙ ਉੱਠਿਆ,
ਤੇ ਬਾਗ਼ ਦੀ ਫ਼ਿਜ਼ਾ ਵਿਚ ਚੰਦ ਲਮਹੇ ਥਰਥਰਾਅ
ਕੇ ਡੁੱਬ ਗਿਆ। ਆਵਾਜ਼ ਵਿਚ ਇੱਕ ਕਿਸਮ ਦੀ
ਦੀਵਾਨਗੀ ਸੀ ਬਿਆਨੋਂ ਬਾਹਰ ਦੀ, ਮੇਰੇ ਜਿਸਮ
ਵਿਚ ਕਾਂਬਾ ਛਿੜ ਪਿਆ। ਮੈਂ ਆਵਾਜ਼ ਦੀ ਤਾਂਘ
'ਚ ਏਧਰ ਓਧਰ ਨਜ਼ਰ ਘੁਮਾਈ। ਸਾਹਮਣੇ
ਚਬੂਤਰੇ ਕੋਲ ਉਚੀ ਜਿਹੀ ਥਾਂ ਲੱਗੇ ਘਾਅ 'ਤੇ
ਕੁਝ ਬੱਚੇ ਆਪਣੀਆਂ ਮਾਵਾਂ ਨਾਲ ਖੇਲ੍ਹ ਕੁੱਦ
ਵਿਚ ਰੁੱਝੇ ਸੀ, ਨੇੜੇ ਹੀ ਦੋ ਤਿੰਨ ਗੰਵਾਰ ਬੈਠੇ
ਹੋਏ ਸਨ। ਖੱਬੇ ਪਾਸੇ ਨਿੰਮ ਦੇ ਦ੍ਰਖਤਾਂ ਥੱਲੇ
ਮਾਲੀ ਜ਼ਮੀਨ ਪੁੱਟਣ ਵਿਚ ਮਸਰੂਫ਼ ਸੀ। ਮੈਂ ਅਜੇ
ਇਸ ਤਲਾਸ਼ ਵਿਚ ਹੀ ਸੀ ਕਿ ਉਹੀ ਦਰਦ ਵਿਚ
ਡੁੱਬੀ ਹੋਈ ਅਵਾਜ਼ ਫੇਰ ਬੁਲੰਦ ਹੋਈ।
ਮੈਂ ਉਨ ਲਾਸ਼ੋਂ ਕਾ ਗੀਤ ਗਾਤਾ ਹੂੰ
ਜਿਨ ਕੀ ਸਰਦੀ ਦਿਸੰਬਰ ਉਧਾਰ ਲੇਤਾ ਹੈ
ਮੇਰੇ ਸੀਨੇ ਸੇ ਨਿਕਲੀ ਆਹ
ਵੋ ਲੂਅ ਹੈ ਜੋ ਜੂਨ ਕੇ ਮਹੀਨੇ ਚਲਤੀ ਹੈ
ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ…
ਆਵਾਜ਼ ਖੂਹ ਦੀ ਤਰਫੋਂ ਆ ਰਹੀ ਸੀ।
ਮੇਰੇ 'ਤੇ ਇੱਕ ਝੱਲ ਜਿਹਾ ਸਵਾਰ ਹੋ ਗਿਆ।
ਮੈਨੂੰ ਏਸ ਤਰ੍ਹਾਂ ਲੱਗਣ ਲੱਗਾ ਜਿਵੇਂ ਠੰਡੀਆਂ
ਤੇ ਗਰਮ ਲਹਿਰਾਂ ਇੱਕੋ ਵੇਲੇ ਮੇਰੇ ਜਿਸਮ ਨਾਲ
ਚੰਬੜ ਰਹੀਆਂ ਨੇ। ਇਸ ਖ਼ਿਆਲ ਨੇ ਮੈਨੂੰ ਕੁਝ
ਕੁ ਖ਼ੌਫ਼ਜ਼ਦਾ ਕਰ ਦਿੱਤਾ ਕਿ ਆਵਾਜ਼ ਓਸ ਖੂਹ
ਦੇ ਨੇੜਿਓਂ ਬੁਲੰਦ ਹੋ ਰਹੀ ਹੈ, ਜਿਸ ਵਿਚ ਅੱਜ
ਤੋਂ ਕੁਝ ਸਾਲ ਪਹਿਲਾਂ ਲਾਸ਼ਾਂ ਦਾ ਢੇਰ ਲੱਗਾ
ਹੋਇਆ ਸੀ। ਇਸ ਖ਼ਿਆਲ ਦੇ ਨਾਲ ਹੀ ਮੇਰੇ
ਦਿਮਾਗ਼ ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ
ਦੀ ਇੱਕ ਤਸਵੀਰ ਖਿੱਚੀ ਗਈ। ਕੁਛ ਦੇਰ ਲਈ
ਮੈਨੂੰ ਐਸਾ ਮਹਿਸੂਸ ਹੋਇਆ ਕਿ ਬਾਗ਼ ਵਿਚ
ਫ਼ਿਜ਼ਾ ਗੋਲੀਆਂ ਦੀ ਸਨਸਨਾਹਟ ਤੇ ਭੱਜਦੇ ਹੋਏ
ਲੋਕਾਂ ਦੀ ਚੀਖ਼ ਓ ਪੁਕਾਰ ਨਾਲ ਗੂੰਜ ਰਹੀ ਹੈ।
ਮੈਂ ਹਿੱਲ ਗਿਆ। ਆਪਣੇ ਮੋਢਿਆਂ ਨੂੰ ਜ਼ੋਰ ਦੀ
ਛੰਡ ਕੇ ਤੇ ਇਸ ਤਰ੍ਹਾਂ ਕਰਨ ਨਾਲ ਆਪਣੇ ਖ਼ੌਫ਼
ਨੂੰ ਦੂਰ ਕਰਦਿਆਂ ਹੋਇਆਂ ਮੈਂ ਉੱਠਿਆ। ਤੇ
ਖੂਹ ਵੱਲ ਚੱਲ ਪਿਆ।
ਸਾਰੇ ਬਾਗ਼ 'ਤੇ ਇੱਕ ਅਜੀਬ ਗ਼ੈਬੀ
ਜਿਹੀ ਖ਼ਾਮੋਸ਼ੀ ਛਾਈ ਹੋਈ ਸੀ। ਮੇਰੇ ਪੈਰਾਂ ਦੇ
ਹੇਠਾਂ ਸੁੱਕੇ ਪੱਤਿਆਂ ਦੀ ਕੜ ਕੜ ਸੁੱਕੀਆਂ
ਹੋਈਆਂ ਹੱਡੀਆਂ ਦੇ ਟੁੱਟਣ ਦੀ ਆਵਾਜ਼ ਪੈਦਾ
ਕਰ ਰਹੀਆਂ ਸਨ। ਕੋਸ਼ਿਸ਼ ਦੇ ਬਾਵਜੂਦ ਮੈਂ
ਆਪਣੇ ਦਿਲ ਤੋਂ ਉਹ ਨਾਮਾਲੂਮ ਖ਼ੌਫ਼ ਦੂਰ ਨਾ
ਕਰ ਸਕਿਆ ਜਿਹੜਾ ਏਸ ਆਵਾਜ਼ ਨੇ ਪੈਦਾ
ਕਰ ਦਿੱਤਾ ਸੀ। ਹਰ ਕਦਮ 'ਤੇ ਮੈਨੂੰ ਇਹੋ
ਜਾਪਦਾ ਸੀ ਕਿ ਘਾਅ ਦੇ ਹਰੇ ਬਿਸਤਰ 'ਤੇ
ਬੇਸ਼ੁਮਾਰ ਲਾਸ਼ਾਂ ਪਈਆਂ ਹੋਈਆਂ ਨੇ ਜਿਨ੍ਹਾਂ
ਦੀਆਂ ਗਲੀਆਂ ਹੱਡੀਆਂ ਮੇਰੇ ਪੈਰ ਦੇ ਥੱਲੇ ਟੁੱਟ
ਰਹੀਆਂ ਨੇ। ਅਚਾਨਕ ਮੈਂ ਆਪਣੇ ਕਦਮ ਤੇਜ਼
ਕੀਤੇ ਤੇ ਧੜਕਦੇ ਹੋਏ ਦਿਲ ਨਾਲ ਓਸ ਚਬੂਤਰੇ
'ਤੇ ਬੈਠ ਗਿਆ ਜੋ ਖੂਹ ਦੇ ਇਰਦ ਗਿਰਦ
ਬਣਿਆ ਹੋਇਆ ਸੀ।
ਮੇਰੇ ਦਿਮਾਗ਼ ਵਿਚ ਵਾਰ ਵਾਰ ਇਹ
ਅਜੀਬ ਜਿਹਾ ਸ਼ੋਰ ਗੂੰਜ ਰਿਹਾ ਸੀ।
ਮੈਂ ਆਹੋਂ ਕਾ ਵਿਓਪਾਰੀ ਹੂੰ
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ
ਖੂਹ ਦੇ ਕੋਲ ਕੋਈ ਜਿਊਂਦੀ ਸ਼ੈਅ ਮੌਜੂਦ
ਨਹੀਂ ਸੀ। ਮੇਰੇ ਸਾਹਮਣੇ ਛੋਟੇ ਫਾਟਕ ਦੇ ਨਾਲ
ਵਾਲੀ ਦੀਵਾਰ 'ਤੇ ਗੋਲੀਆਂ ਦੇ ਨਿਸ਼ਾਨ ਸਨ।
ਚੌਕੋਰ ਜਾਲੀ ਬੰਦ ਸੀ। ਮੈਂ ਇਨ੍ਹਾਂ ਨਿਸ਼ਾਨਾਂ ਨੂੰ
ਕਈ ਵੀਹਾਂ ਵਾਰ ਦੇਖ ਚੁੱਕਾ ਸੀ। ਪਰ ਹੁਣ
ਉਹ ਨਿਸ਼ਾਨ ਜੋ ਮੇਰੀਆਂ ਅੱਖਾਂ ਅੱਗੇ ਤੇ ਐਨ
ਸਾਹਮਣੇ ਸਨ, ਦੋ ਖੂਨੀ ਅੱਖਾਂ ਮਲੂਮ ਹੋ ਰਹੇ ਸੀ
ਜਿਹੜੀਆਂ ਦੂਰ ਬਹੁਤ ਦੂਰ ਕਿਸੇ ਅਣਦਿਸਦੀ
ਸ਼ੈਅ ਨੂੰ ਟਿਕਿਟਕੀ ਲਗਾਈ ਦੇਖ ਰਹੀਆਂ
ਹੋਣ। ਆਪ ਮੁਹਾਰੇ ਮੇਰੀਆਂ ਨਿਗਾਹਾਂ ਇਨ੍ਹਾਂ
ਦੋ ਅੱਖਾਂ ਵਰਗੀਆਂ ਮੋਰੀਆਂ 'ਤੇ ਹੀ ਜੰਮੀਆਂ
ਰਹਿ ਗਈਆਂ। ਮੈਂ ਉਨ੍ਹਾਂ ਵੱਲ ਅਲਗ ਅਲਗ
ਕਈ ਖਿਆਲਾਂ ਵਿਚ ਗੁਆਚਿਆ ਹੋਇਆ ਰੱਬ
ਜਾਣੇ ਕਿੰਨਾ ਚਿਰ ਦੇਖਦਾ ਰਿਹਾ ਕਿ ਅਚਾਨਕ
ਨਾਲ ਵਾਲੇ ਰਾਹ 'ਤੇ ਕਿਸੇ ਦੇ ਭਾਰੇ ਕਦਮਾਂ ਦੀ
ਚਾਪ ਨੇ ਮੈਨੂੰ ਇਸ ਸੁਫ਼ਨੇ 'ਚੋਂ ਕੱਢ ਦਿੱਤਾ।
ਮੈਂ ਘੁੰਮ ਕੇ ਦੇਖਿਆ। ਗੁਲਾਬ ਦੀਆਂ ਝਾੜੀਆਂ
ਵਿਚੋਂ ਇੱਕ ਉੱਚਾ ਲੰਬਾ ਆਦਮੀ ਸਿਰ ਝੁਕਾਈ
ਮੇਰੇ ਵੱਲ ਵਧਿਆ ਆ ਰਿਹਾ ਸੀ। ਓਸ ਦੇ ਦੋਵ੍ਹੇਂ
ਹੱਥ ਉਸ ਦੇ ਵੱਡੇ ਕੋਟ ਦੀਆਂ ਜੇਬਾਂ ਵਿਚ ਤੁੰਨੇ
ਹੋਏ ਸੀ। ਚੱਲਦਾ ਹੋਇਆ ਉਹ ਬੁੱਲ੍ਹਾਂ ਹੀ ਬੁੱਲ੍ਹਾਂ
ਵਿਚ ਕੁਝ ਗੁਣਗੁਣਾਅ ਰਿਹਾ ਸੀ। ਖੂਹ ਦੇ ਕੋਲ
ਪਹੁੰਚ ਕੇ ਉਹ ਅਚਾਨਕ ਠਿਠਕਿਆ ਤੇ ਗਰਦਨ
ਘੁਮਾਅ ਕੇ ਮੇਰੇ ਵੱਲ ਦੇਖਦਿਆਂ ਕਿਹਾ-
"ਪਾਣੀ ਪੀਆਂਗਾ।"
ਮੈਂ ਫ਼ੌਰਨ ਚਬੂਤਰੇ ਤੋਂ ਉੱਠਿਆ ਤੇ ਪੰਪ
ਦਾ ਹੈਂਡਲ ਹਿਲਾਅ ਕੇ ਓਸ ਅਜਨਬੀ ਨੂੰ ਕਿਹਾ
"ਆਓ ।"
ਚੰਗੀ ਤਰ੍ਹਾਂ ਪਾਣੀ ਪੀ ਚੁੱਕਣ ਦੇ ਬਾਅਦ
ਉਸ ਨੇ ਆਪਣੇ ਕੋਟ ਦੀ ਮੈਲੀ ਬਾਂਹ ਨਾਲ ਮੂੰਹ
ਪੂੰਝਿਆ। ਤੇ ਵਾਪਿਸ ਜਾਣ ਹੀ ਲੱਗਾ ਸੀ ਕਿ ਮੈਂ
ਧੜਕਦੇ ਹੋਏ ਦਿਲ ਨਾਲ ਪੁੱਛ ਲਿਆ।
"ਕੀ ਹੁਣੇ ਹੁਣੇ ਤੁਸੀਂ ਹੀ ਗਾ ਰਹੇ ਸੀ?"
"ਹਾਂ ਪਰ ਤੁਸੀਂ ਕਿਓਂ ਪੁੱਛ ਰਹੇ ਹੋ?"
ਇਹ ਕਹਿੰਦਿਆਂ ਹੋਇਆਂ ਉਸ ਨੇ ਆਪਣਾ
ਸਿਰ ਫੇਰ ਚੁੱਕਿਆ। ਉਸਦੀਆਂ ਅੱਖਾਂ ਜਿਨ੍ਹਾਂ
ਵਿਚ ਸੁਰਖ ਡੋਰੇ ਕੁਝ ਬਹੁਤੇ ਹੀ ਉੱਭਰੇ ਦਿਸ
ਰਹੇ ਸਨ, ਮੇਰੇ ਦਿਲ ਉੱਤੇ ਵਾਪਰ ਰਹੀ ਅਜੀਬ
ਹਾਲਤ ਦਾ ਜਾਇਜ਼ਾ ਲੈਂਦੀਆਂ ਮਹਿਸੂਸ ਹੋ
ਰਹੀਆਂ ਸਨ। ਮੈਂ ਘਬਰਾਅ ਗਿਆ।
"ਤੁਸੀਂ ਇਹੋ ਜਿਹੇ ਗੀਤ ਨਾ ਗਾਇਆ
ਕਰੋ, ਇਹ ਡਾਢੇ ਖ਼ੌਫ਼ਨਾਕ ਨੇ।"
"ਖ਼ੌਫ਼ਨਾਕ? ਨਹੀਂ, ਇਨ੍ਹਾਂ ਨੂੰ ਹੌਲਨਾਕ
ਹੋਣਾ ਚਾਹੀਦੈ। ਜਦੋਂ ਕਿ ਮੇਰੇ ਰਾਗ ਦੇ ਹਰੇਕ
ਸੁਰ ਵਿਚ ਰਿਸਦੇ ਹੋਏ ਜ਼ਖ਼ਮਾਂ ਦੀ ਜਲੂਣ ਤੇ
ਅਟਕੀਆਂ ਹੋਈਆਂ ਹਾਵਾਂ ਦੀ ਤਪਸ਼ ਭਰੀ ਹੋਈ
ਹੈ। ਜਾਪਦਾ ਹੈ ਮੇਰੇ ਸ਼ੋਲਿਆਂ ਦੀਆਂ ਜੀਭਾਂ
ਤੁਹਾਡੀ ਬਰਫ਼ ਹੋਈ ਰੂਹ ਨੂੰ ਚੰਗੀ ਤਰ੍ਹਾਂ ਚੱਟ
ਨਹੀਂ ਸਕੀਆਂ," ਉਸ ਨੇ ਆਪਣੀ ਨੋਕੀਲੀ
ਠੋਡੀ ਨੂੰ ਉਂਗਲਾਂ ਨਾਲ ਖੁਰਕਦਿਆਂ ਕਿਹਾ।
ਇਹ ਲਫ਼ਜ਼ ਉਸ ਆਵਾਜ਼ ਦੀ ਯਾਦ ਦੁਆਂਦੇ
ਸਨ ਜੋ ਬਰਫ਼ ਦੇ ਢੇਲੇ ਵਿਚ ਤਪਦੀ ਸਲਾਖ
ਲੰਘਾਉਣ ਨਾਲ ਪੈਦਾ ਹੁੰਦੀ ਹੈ।
"ਤੁਸੀਂ ਮੈਨੂੰ ਡਰਾਅ ਰਹੇ ਓ।"ਮੇਰੇ ਇਹ
ਕਹਿਣ 'ਤੇ ਉਸ ਅਜੀਬ ਮਰਦ ਦੇ ਹਲਕ 'ਚੋਂ
ਇੱਕ ਠਹਾਕੇ ਜਿਹਾ ਸ਼ੋਰ ਬੁਲੰਦ ਹੋਇਆ।
"ਹਾ, ਹਾ, ਹਾ ਹਾ………ਤੁਸੀਂ ਡਰਾਅ
ਰਹੇ ਹੋ! ਕੀ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਏਸ
ਵੇਲੇ ਓਸ ਮੁੰਡੇਰ 'ਤੇ ਖੜ੍ਹੇ ਓ ਜੋ ਅੱਜ ਤੋਂ ਕੁਝ
ਅਰਸਾ ਪਹਿਲਾਂ ਬੇਕਸੂਰ ਇਨਸਾਨਾਂ ਦੇ ਖੂਨ
ਨਾਲ ਲਥਪਥ ਸੀ? ਇਹ ਅਸਲੀਅਤ ਮੇਰੀ ਗੱਲ
ਬਾਤ ਤੋਂ ਜ਼ਿਆਦਾ ਦਰਿੰਦਗੀ ਵਾਲੀ ਐ।"
ਇਹ ਸੁਣ ਕੇ ਮੇਰੇ ਕਦਮ ਡਗਮਗਾਅ
ਗਏ, ਮੈਂ ਵਾਕਈ ਖੂਨੀ ਮੁੰਡੇਰ 'ਤੇ ਖੜ੍ਹਾ ਸੀ।
ਮੈਨੂੰ ਖ਼ੌਫ਼ਜ਼ਦਾ ਦੇਖਕੇ ਉਹ ਫੇਰ ਬੋਲਿਆ,
"ਖੌਫ਼ ਸੇ ਥੱਰਾਈ ਹੂਈ ਰਗੋਂ ਸੇ ਬਹਾ ਲਹੂ
ਕਭੀ ਫ਼ਨਾ ਨਹੀਂ ਹੋਤਾ। ਇਸ ਖ਼ਾਕ ਕੇ ਜ਼ੱਰੇ
ਜ਼ੱਰੇ ਮੇਂ ਮੁਝੇ ਸੁਰਖ਼ ਬੂੰਦੇਂ ਨਜ਼ਰ ਆ ਰਹੀ ਹੈਂ।
ਆਓ, ਤੁਮ ਭੀ ਦੇਖੋ!!!"
ਇਹ ਕਹਿੰਦਿਆਂ ਹੋਇਆਂ ਉਸ ਨੇ
ਆਪਣੀਆਂ ਨਜ਼ਰਾਂ ਜ਼ਮੀਨ ਵਿਚ ਗੱਡ ਦਿੱਤੀਆਂ।
ਮੈਂ ਖੂਹ ਤੋਂ ਨੀਚੇ ਉਤਰ ਆਇਆ। ਤੇ ਉਸਦੇ
ਨਜ਼ਦੀਕ ਖੜ੍ਹਾ ਹੋ ਗਿਆ। ਮੇਰਾ ਦਿਲ ਧਕ ਧਕ
ਕਰ ਰਿਹਾ ਸੀ। ਅਚਾਨਕ ਉਸ ਨੇ ਆਪਣਾ ਹੱਥ
ਮੇਰੇ ਮੋਢੇ 'ਤੇ ਰੱਖਿਆ। ਤੇ ਬੜੇ ਧੀਮੇ ਲਹਿਜੇ
ਵਿਚ ਕਿਹਾ,
"ਪਰ ਤੂੰ ਇਹ ਨਹੀਂ ਸਮਝ ਸਕੇਂਗਾ,
ਇਹ ਬਹੁਤ ਮੁਸ਼ਕਿਲ ਹੈ।"
ਮੈਂ ਇਸਦਾ ਮਤਲਬ ਬਖ਼ੂਬੀ ਸਮਝ ਰਿਹਾ
ਸੀ। ਉਹ ਜ਼ਰੂਰ ਮੈਨੂੰ ਉਸ ਖ਼ੂਨੀ ਹਾਦਸੇ ਦੀ
ਯਾਦ ਦੁਆਅ ਰਿਹਾ ਸੀ ਜੋ ਅੱਜ ਤੋਂ ਤਕਰੀਬਨ
ਸੋਲ੍ਹਾਂ ਸਾਲ ਪਹਿਲਾਂ ਇਸ ਬਾਗ਼ ਵਿਚ ਵਾਪਰਿਆ
ਸੀ। ਇਸ ਹਾਦਸੇ ਦੇ ਵਕਤ ਮੇਰੀ ਉਮਰ ਕੋਈ
5 ਸਾਲ ਦੀ ਸੀ। ਇਸ ਲਈ ਮੇਰੇ ਦਿਮਾਗ਼ ਵਿਚ
ਉਸ ਦੇ ਬਹੁਤ ਧੁੰਦਲੇ ਨਕਸ਼ ਬਚੇ ਸਨ। ਪਰ
ਮੈਨੂੰ ਏਨਾ ਜ਼ਰੂਰ ਪਤਾ ਸੀ ਕਿ ਇਸ ਬਾਗ਼
ਵਿਚ ਜਨਤਾ ਦੇ ਇਕ ਜਲਸੇ 'ਤੇ ਗੋਲੀਆਂ
ਬਰਸਾਈਆਂ ਗਈਆਂ ਸਨ, ਜਿਸ ਦਾ ਨਤੀਜਾ
ਤਕਰੀਬਨ 2000 ਮੌਤਾਂ ਸੀ। ਮੇਰੇ ਦਿਲ ਵਿਚ
ਉਨ੍ਹਾਂ ਲੋਕਾਂ ਲਈ ਬਹੁਤ ਸਤਿਕਾਰ ਸੀ ਜਿਨ੍ਹਾਂ
ਨੇ ਆਪਣੇ ਮਾਦਰੇ-ਵਤਨ ਤੇ ਜਜ਼ਬਾ-ਏਆਜ਼ਾਦੀ
ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ
ਕਰ ਦਿੱਤੀਆਂ ਸਨ। ਬੱਸ ਇਸ ਸਤਿਕਾਰ ਦੇ
ਇਲਾਵਾ ਮੇਰੇ ਦਿਲ ਵਿਚ ਹਾਦਸੇ ਦੇ ਮੁਤੱਲਕ
ਹੋਰ ਕੋਈ ਜਜ਼ਬਾ ਨਾ ਸੀ। ਪਰ ਅੱਜ ਇਸ
ਮਰਦ ਦੀ ਅਜੀਬ ਗੱਲਬਾਤ ਨੇ ਮੇਰੇ ਸੀਨੇ ਵਿਚ
ਇੱਕ ਤਰਥੱਲੀ ਜਿਹੀ ਪੈਦਾ ਕਰ ਦਿੱਤੀ। ਮੈਂ
ਅਜਿਹਾ ਮਹਿਸੂਸ ਕਰਨ ਲੱਗਾ ਕਿ ਗੋਲੀਆਂ
ਤੜਾਤੜ ਬਰਸ ਰਹੀਆਂ ਹਨ ਤੇ ਬਹੁਤ ਸਾਰੇ
ਲੋਕ ਏਧਰ ਓਧਰ ਭੱਜਦੇ ਹੋਏ ਇੱਕ ਦੂਜੇ 'ਤੇ
ਡਿੱਗ ਕੇ ਮਰ ਰਹੇ ਨੇ। ਇਸ ਅਸਰ ਦੇ ਥੱਲੇ ਮੈਂ
ਚੀਖ ਉੱਠਿਆ।
"ਮੈਂ ਸਮਝਤਾ ਹੂੰ, ਮੈਂ ਸਬ ਕੁਛ ਸਮਝਤਾ
ਹੂੰ। ਮੌਤ ਭਯਾਨਕ ਹੈ। ਮਗਰ ਜ਼ੁਲਮ ਇਸ ਸੇ
ਕਹੀਂ ਖ਼ੌਫ਼ਨਾਕ ਔਰ ਭਯਾਨਕ ਹੈ!"
ਇਹ ਕਹਿੰਦੇ ਹੋਏ ਮੈਨੂੰ ਇਸ ਤਰ੍ਹਾਂ
ਮਹਿਸੂਸ ਹੋਇਆ ਕਿ ਮੈਂ ਸਭ ਕੁਝ ਕਹਿ
ਛੱਡਿਆ ਹੈ। ਤੇ ਮੇਰਾ ਸੀਨਾ ਬਿਲਕੁਲ ਖਾਲੀ
ਰਹਿ ਗਿਆ ਹੈ। ਮੇਰੇ ਉਤੇ ਇੱਕ ਮੁਰਦਨੀ
ਜਿਹੀ ਛਾਅ ਗਈ। ਆਪ ਮੁਹਾਰੇ ਹੀ ਮੈਂ ਉਸ
ਆਦਮੀ ਦੇ ਕੋਟ ਨੂੰ ਫੜ ਲਿਆ ਤੇ ਖ਼ੌਫ਼ ਨਾਲ
ਕੰਬੀ ਆਵਾਜ਼ ਵਿਚ ਕਿਹਾ,
"ਤੁਸੀਂ ਕੌਣ ਹੋ? ਤੁਸੀਂ ਕੌਣ ਹੋ?"
"ਆਹੋਂ ਕਾ ਵਿਓਪਾਰੀ
ਇੱਕ ਦੀਵਾਨਾ ਸ਼ਾਇਰ"
"ਆਹੋਂ ਕਾ ਵਿਓਪਾਰੀ! ਦੀਵਾਨਾ
ਸ਼ਾਇਰ!" ਉਸ ਦੇ ਅਲਫ਼ਾਜ਼ ਬੁੱਲ੍ਹਾਂ ਹੀ ਬੁੱਲ੍ਹਾਂ
ਵਿਚ ਗੁਣਗੁਣਾਂਦਿਆ ਮੈਂ ਖੂਹ ਦੇ ਚਬੂਤਰੇ 'ਤੇ
ਬੈਠ ਗਿਆ। ਉਸ ਵਕਤ ਮੇਰੇ ਦਿਮਾਗ਼ ਵਿਚ
ਇਸ ਦੀਵਾਨੇ ਸ਼ਾਇਰ ਦਾ ਗੀਤ ਗੂੰਜ ਰਿਹਾ
ਸੀ। ਥੋੜ੍ਹੀ ਦੇਰ ਦੇ ਬਾਅਦ ਮੈਂ ਆਪਣਾ ਝੁਕਿਆ
ਹੋਇਆ ਸਿਰ ਚੁੱਕਿਆ। ਸਾਹਮਣੇ ਸਫ਼ੇਦੇ ਦੇ ਦੋ
ਦ੍ਰਖ਼ਤ ਭਿਆਣਕ ਦੈਂਤਾਂ ਦੀ ਤਰ੍ਹਾਂ ਅੰਗੜਾਈਆਂ
ਲੈ ਰਹੇ ਸਨ। ਨਜ਼ਦੀਕ ਹੀ ਚਮੇਲੀ, ਤੇ ਗੁਲਾਬ
ਦੀਆਂ ਕੰਡਿਆਲੀਆਂ ਝਾੜੀਆਂ ਵਿਚ ਹਵਾ
ਹਉਕੇ ਖਿਲਾਰ ਰਹੀ ਸੀ। ਦੀਵਾਨੇ ਸ਼ਾਇਰ ਨੇ
ਖ਼ਾਮੋਸ਼ ਖੜ੍ਹੇ ਹੋ ਸਾਹਮਣੇ ਵਾਲੀ ਦੀਵਾਰ ਦੀ
ਇੱਕ ਖਿੜਕੀ 'ਤੇ ਨਿਗਾਹਾਂ ਜਮਾਈਆਂ ਹੋਈਆਂ
ਸੀ। ਸ਼ਾਮ ਦੇ ਸੁਰਮਈ ਧੁੰਦਲਕੇ ਵਿਚ ਉਹ
ਇੱਕ ਪਰਛਾਵਾਂ ਜਿਹਾ ਜਾਪ ਰਿਹਾ ਸੀ। ਕੁਛ
ਚਿਰ ਖ਼ਾਮੋਸ਼ ਰਹਿਣ ਦੇ ਬਾਅਦ ਉਹ ਆਪਣੇ
ਖ਼ੁਸ਼ਕ ਵਾਲਾਂ ਨੂੰ ਉਂਗਲੀਆਂ ਨਾਲ ਕੰਘੀ ਕਰਦਾ
ਹੋਇਆ ਗੁਣਗੁਣਾਇਆ।
"ਆਹ! ਯੇ ਸਬ ਖ਼ੌਫ਼ਨਾਕ਼ ਹਕ਼ੀਕ਼ਤ ਹੈ!
ਕਿਸੀ ਸਹਿਰਾ ਮੇਂ ਜੰਗਲੀ ਇਨਸਾਨ ਕੇ
ਪੈਰੋਂ ਕੇ ਨਿਸ਼ਾਨਾਤ ਕੀ ਤਰਹ ਖੌਫ਼ਨਾਕ!"
"ਕੀ ਕਿਹਾ?"
ਮੈਂ ਉਨ੍ਹਾਂ ਸ਼ਬਦਾਂ ਨੂੰ ਸੁਣ ਨਹੀਂ ਸੀ ਸਕਿਆ
ਜੋ ਉਸ ਨੇ ਮੂੰਹ ਹੀ ਮੂੰਹ ਵਿਚ ਆਖ ਦਿੱਤੇ ਸਨ।
"ਕੁਛ ਵੀ ਨਹੀਂ", ਇਹ ਕਹਿੰਦੇ ਹੋਏ
ਉਹ ਮੇਰੇ ਕੋਲ ਆ ਕੇ ਚਬੂਤਰੇ 'ਤੇ ਬੈਠ ਗਿਆ।
"ਪਰ ਤੁਸੀਂ ਗੁਣਗੁਣਾਅ ਰਹੇ ਸੀ"
ਇਸ 'ਤੇ ਉਸ ਨੇ ਆਪਣੀਆਂ ਅੱਖਾਂ ਇੱਕ
ਅਜੀਬ ਅੰਦਾਜ਼ ਵਿਚ ਸਿਕੋੜੀਆਂ। ਤੇ ਹੱਥਾਂ
ਨੂੰ ਆਪਸ ਵਿਚ ਜ਼ੋਰ ਜ਼ੋਰ ਦੀ ਮਲਦੇ ਹੋਏ
ਕਿਹਾ, "ਸੀਨੇ ਮੇਂ ਕੈਦ ਹੂਏ ਅਲਫ਼ਾਜ਼ ਬਾਹਰ
ਨਿਕਲਨੇ ਕੇ ਲੀਏ ਤੜਪ ਰਹੇ ਹੋਤੇ ਹੈਂ। ਅਪਨੇ
ਆਪ ਸੇ ਬੋਲਨਾ ਉਸ ਉਲੂਹੀਅਤ ਸੇ ਗੁਫ਼ਤਗੂ
ਕਰਨਾ ਹੈ, ਜੋ ਹਮਾਰੇ ਦਿਲ ਕੀ ਪਹਿਨਾਈਓਂ
ਮੇਂ ਮਸਤੂਰ ਹੋਤੀ ਹੈ।" (ਉਸ ਇਲਾਹੀ ਇੱਕਤਾ ਦੇ
ਨਾਲ ਜੋ ਸਾਡੇ ਦਿਲ ਦੀਆਂ ਡੁੰਘਿਆਈਆਂ ਵਿਚ ਲੁਕੀ
ਹੁੰਦੀ ਹੈ-ਸੰ.) ਫੇਰ ਨਾਲ ਹੀ ਗੁਫ਼ਤਗੂ ਦਾ ਰੁਖ਼
ਬਦਲਦੇ ਹੋਏ ਕਿਹਾ,
"ਕੀ ਤੁਸੀਂ ਇਸ ਖਿੜਕੀ ਨੂੰ ਦੇਖਿਆ ਹੈ?"
ਉਸ ਨੇ ਆਪਣੀ ਉਂਗਲੀ ਉਸ ਖਿੜਕੀ
ਵੱਲ ਨੂੰ ਚੁੱਕੀ ਜਿਸਨੂੰ ਉਹ ਕੁਝ ਛਿਣ ਪਹਿਲਾਂ
ਟਿਕਟਿਕੀ ਬੰਨ੍ਹੀ ਦੇਖ ਰਿਹਾ ਸੀ। ਮੈਂ ਓਸ ਪਾਸੇ
ਦੇਖਿਆ। ਛੋਟੀ ਜਹੀ ਖਿੜਕੀ ਸੀ ਜਿਹੜੀ
ਸਾਹਮਣੇ ਦੀਵਾਰ ਦੀਆਂ ਖਸਤਾਂ ਇੱਟਾਂ ਵਿਚ
ਸੁੱਤੀ ਜਾਪਦੀ ਸੀ।
"ਓਹ ਖਿੜਕੀ ਜਿਸਦਾ ਡੰਡਾ ਹੇਠਾਂ ਲਮਕ
ਰਿਹਾ ਹੈ?" ਮੈਂ ਉਸ ਨੂੰ ਕਿਹਾ।
"ਹਾਂ ਇਹੀ, ਜਿਸਦਾ ਡੰਡਾ ਹੇਠਾਂ ਲਮਕ
ਰਿਹਾ ਹੈ- ਕੀ ਤੂੰ ਇਸ 'ਤੇ ਉਸ ਭੋਲੀ ਕੁੜੀ
ਦੇ ਖੂਨ ਦੇ ਛਿੱਟੇ ਨਹੀਂ ਦੇਖਦਾ ਪਿਆ, ਜਿਸਨੂੰ
ਸਿਰਫ਼ ਇਸ ਲਈ ਜਾਨੋਂ ਮਾਰ ਦਿੱਤਾ ਗਿਆ
ਕਿ ਤਰਕਸ਼-ਏ-ਇਸਤਿਬਦਾਦ ਕੋ ਅਪਨੇ
ਤੀਰੋਂ ਕੀ ਕੁੱਵਤ ਕਾ ਇਮਤਿਹਾਨ ਲੇਨਾ ਥਾ,
ਮੇਰੇ ਅਜ਼ੀਜ਼! (ਜ਼ੁਲਮ ਦੇ ਤਰਕਸ਼ ਨੇ ਆਪਣੇ ਤੀਰਾਂ
ਨੂੰ ਪਰਖਣਾ ਸੀ-ਸੰ.)। ਤੁਮਹਾਰੀ ਇਸ ਬਹਿਨ
ਕਾ ਖ਼ੂਨ ਜ਼ਰੂਰ ਰੰਗ ਲਾਏਗਾ। ਮੇਰੇ ਗੀਤੋਂ
ਕੇ ਜ਼ੀਰ-ਓ-ਬਮ ਮੇਂ (ਉਤਰਾਵਾਂ ਚੜ੍ਹਾਵਾਂ) ਉਸ
ਕਮਸਿਨ ਰੂਹ ਕੀ ਫੜਫੜਾਹਟ ਔਰ ਉਸ
ਕੀ ਦਿਲਦੋਜ਼ (ਦਿਲ ਨੂੰ ਹੱਥ ਪਾਉਂਦੀਆਂ) ਚੀਖ਼ੇਂ
ਹੈਂ। ਯੇ ਗੀਤ ਸੁਕੂਨ ਕੇ ਦਾਮਨ ਕੋ ਤਾਰ
ਤਾਰ ਕਰੇਂਗੇ। ਏਕ ਹੰਗਾਮਾ ਹੋਗਾ। ਸੁਕੂਨ ਕਾ
ਸੀਨਾ ਤਾਰ ਤਾਰ ਹੋ ਜਾਏਗਾ। ਮੇਰੀ ਬੇ-ਲਗਾਮ
ਆਵਾਜ਼ ਬੁਲੰਦ ਸੇ ਬੁਲੰਦਤਰ ਹੋਤੀ ਜਾਏਗੀ ਫਿਰ
ਕਯਾ ਹੋਗਾ? ਫਿਰ ਕਯਾ ਹੋਗਾ? ਯੇ ਮੁਝੇ
ਮਾਲੂਮ ਨਹੀਂ। ਆਓ, ਦੇਖੋ, ਇਸ ਸੀਨੇ ਮੇਂ
ਕਿਤਨੀ ਆਗ ਸੁਲਗ ਰਹੀ ਹੈ!"
ਇਹ ਕਹਿੰਦੇ ਹੋਏ ਉਸ ਨੇ ਮੇਰਾ ਹੱਥ
ਪਕੜਿਆ। ਤੇ ਇਸਨੂੰ ਕੋਟ ਦੇ ਅੰਦਰ ਲਿਜਾਅ
ਕੇ ਆਪਣੇ ਸੀਨੇ 'ਤੇ ਰੱਖ ਦਿੱਤਾ। ਉਸ ਦੇ ਹੱਥਾਂ
ਦੀ ਤਰ੍ਹਾਂ ਉਸਦਾ ਸੀਨਾ ਵੀ ਗ਼ੈਰ-ਮਮੂਲੀ ਤੌਰ
'ਤੇ ਗਰਮ ਸੀ। ਉਸ ਵਕਤ ਉਸ ਦੀਆਂ ਅੱਖਾਂ
ਦੇ ਡੋਰੇ ਬਹੁਤ ਉਭਰੇ ਹੋਏ ਸੀ। ਮੈਂ ਆਪਣਾ
ਹੱਥ ਹਟਾਅ ਲਿਆ। ਤੇ ਕੰਬਦੀ ਹੋਈ ਅਵਾਜ਼
ਵਿਚ ਕਿਹਾ,
"ਤੁਸੀਂ ਬਿਮਾਰ ਹੋ। ਕੀ ਮੈਂ ਤੁਹਾਨੂੰ ਘਰ
ਛੱਡ ਆਵਾਂ?"
"ਨਹੀਂ ਮੇਰੇ ਅਜ਼ੀਜ਼, ਮੈਂ ਬਿਮਾਰ ਨਹੀਂ
ਹਾਂ।" ਉਸ ਨੇ ਜ਼ੋਰ ਦੀ ਆਪਣੇ ਸਿਰ ਨੂੰ
ਹਿਲਾਇਆ। "ਇਹ ਇੰਤਕਾਮ ਦੀ ਅੱਗ ਹੈ ਜੋ
ਮੇਰੇ ਅੰਦਰ ਗਰਮ ਸਾਹ ਲੈ ਰਹੀ ਹੈ। ਮੈਂ ਇਸ
ਦਬੀ ਹੂਈ ਆਗ ਕੋ ਅਪਨੇ ਗੀਤੋਂ ਕੇ ਦਾਮਨ
ਸੇ ਹਵਾ ਦੇ ਰਹਾ ਹੂੰ, ਕਿ ਯੇ ਸ਼ੋਲੋਂ ਮੇਂ ਤਬਦੀਲ
ਹੋ ਜਾਏ।"
"ਇਹ ਠੀਕ ਹੈ ਪਰ ਤੁਹਾਡੀ ਤਬੀਅਤ
ਸੱਚੀਂ ਮੁੱਚੀਂ ਖਰਾਬ ਹੈ। ਤੁਹਾਡੇ ਹੱਥ ਬਹੁਤ
ਗਰਮ ਹਨ। ਇਸ ਸਰਦੀ ਵਿਚ ਤੁਹਾਨੂੰ
ਜ਼ਿਆਦਾ ਬੁਖਾਰ ਹੋ ਜਾਣ ਦਾ ਡਰ ਹੈ।" ਉਸ
ਦੇ ਹੱਥਾਂ ਦੀ ਗ਼ੈਰ ਮਮੂਲੀ ਗਰਮੀ ਤੇ ਅੱਖਾਂ ਵਿਚ ਉੱਭਰੇ ਹੋਏ
ਸੁਰਖ ਡੋਰੇ ਸਾਫ਼ ਤੌਰ 'ਤੇ ਦੱਸ ਰਹੇ ਸਨ ਕਿ
ਉਸਨੂੰ ਕਾਫ਼ੀ ਬੁਖਾਰ ਹੈ।
ਉਸਨੇ ਮੇਰੇ ਕਹਿਣ ਦੀ ਕੋਈ ਪਰਵਾਹ ਨਾ
ਕੀਤੀ ਤੇ ਜੇਬਾਂ ਵਿਚ ਹੱਥ ਘੁਸੇੜ ਕੇ ਮੇਰੇ ਵੱਲ
ਬੜੇ ਗ਼ੌਰ ਨਾਲ ਦੇਖਦੇ ਹੋਏ ਕਿਹਾ,
"ਯੇ ਮੁਮਕਿਨ ਹੋ ਸਕਤਾ ਹੈ ਕਿ ਲਕੜੀ
ਜਲੇ ਔਰ ਧੂੰਆਂ ਨਾ ਦੇ ਮੇਰੇ ਅਜ਼ੀਜ਼! ਇਨ
ਆਂਖੋਂ ਨੇ ਐਸਾ ਸਮਾਂ ਦੇਖਾ ਹੇ ਕਿ ਉਨ ਕੋ
ਉਬਲ ਕਰ ਬਾਹਰ ਆਨਾ ਚਾਹੀਏ ਥਾ। ਕਯਾ
ਕਹਿ ਰਹੇ ਥੇ ਕਿ ਮੈਂ ਬਿਮਾਰ ਹੂੰ? ਹਾ, ਹਾ,
ਹਾ, ਬੀਮਾਰੀ। ਕਾਸ਼ ਕਿ ਸਬ ਲੋਗ ਮੇਰੀ ਤਰਹ
ਬੀਮਾਰ ਹੋਤੇ। ਜਾਓ, ਆਪ ਜੈਸੇ ਨਾਜ਼ੁਕ ਮਿਜ਼ਾਜ
ਮੇਰੀ ਆਹੋਂ ਕੇ ਖ਼ਰੀਦਾਰ ਨਹੀਂ ਹੋ ਸਕਤੇ।"
"ਮਗਰ…!!"
"ਮਗਰ ਵਗਰ ਕੁਛ ਨਹੀਂ।" ਉਹ ਅਚਾਨਕ
ਜੋਸ਼ ਵਿਚ ਚੀਖਣ ਲੱਗਾ। "ਇਨਸਾਨੀਅਤ ਕੇ
ਬਾਜ਼ਾਰ ਮੇਂ ਸਿਰਫ਼ ਤੁਮ ਲੋਗ ਬਾਕੀ ਰਹਿ ਗਏ
ਹੋ, ਜੋ ਖੋਖਲੇ ਕ਼ਹਕ਼ਹੋਂ (ਠਹਾਕਿਆਂ) ਔਰ ਫੀਕੇ
ਤਬੱਸੁਮੋਂ (ਮੁਸਕਾਨਾਂ) ਕੇ ਖ਼ਰੀਦਾਰ ਹੋ। ਏਕ
ਜ਼ਮਾਨੇ ਸੇ ਤੁਮਹਾਰੇ ਮਜ਼ਲੂਮ ਭਾਈਓਂ ਔਰ
ਬਹਨੋਂ ਕੀ ਫ਼ਲਕ-ਸ਼ਿਗਾਫ਼ ਚੀਖ਼ੇਂ (ਅਸਮਾਨ
ਚੀਰਦੀਆਂ) ਤੁਮਹਾਰੇ ਕਾਨੋਂ ਸੇ ਟਕਰਾਅ ਰਹੀ
ਹੈ ਮਗਰ ਤੁਮਹਾਰੀ ਖ਼ਵਾਬੀਦਾ ਸਮਾਅਤ ਮੇਂ
ਇਰਤਿਆਸ਼ ਪੈਦਾ ਨਹੀਂ ਹੂਆ। (ਸੁੱਤਉਨੀਂਦੇਪਣ
ਵਿਚ ਜੁਆਬੀ ਹਲਚਲ) ਆਓ ਅਪਨੀ ਰੂਹੋਂ ਕੋ
ਮੇਰੀ ਆਹੋਂ ਕੀ ਆਂਚ ਦੋ। ਯੇ ਉਨ੍ਹੇਂ ਹੱਸਾਸ
ਬਨਾ ਦੇਂਗੀ।" ਮੈਂ ਉਸ ਦੀ ਗ਼ੁਫ਼ਤਗ਼ੂ ਨੂੰ ਗ਼ੌਰ
ਨਾਲ ਸੁਣ ਰਿਹਾ ਸੀ। ਮੈਂ ਹੈਰਾਨ ਸੀ, ਕਿ ਉਹ
ਚਾਹੁੰਦਾ ਕੀ ਹੈ। ਤੇ ਉਸ ਦੇ ਖ਼ਿਆਲਾਤ ਇਸ
ਕਦਰ ਪਰੇਸ਼ਾਨ ਤੇ ਤੜਫ਼ਦੇ ਕਿਓਂ ਹਨ। ਬਹੁਤੀ
ਤਾਂ ਇਕ ਅਜੀਬ ਕਿਸਮ ਦੀ ਦੀਵਾਨਗੀ ਸੀ।
ਉਸ ਦੀ ਉਮਰ ਇਹੀ ਕੋਈ ਪੱਚੀ ਸਾਲਾਂ ਦੇ
ਕਰੀਬ ਹੋਵੇਗੀ। ਦਾੜ੍ਹੀ ਦੇ ਵਾਲ ਜੋ ਇੱਕ ਅਰਸੇ
ਤੋਂ ਮੁੰਨੇ ਨਹੀਂ ਗਏ ਸੀ, ਕੁਝ ਇਸ ਅੰਦਾਜ਼
ਵਿਚ ਉਸਦੇ ਚਿਹਰੇ 'ਤੇ ਉੱਗੇ ਹੋਏ ਸੀ ਕਿ
ਲੱਗਦਾ ਸੀ, ਕਿਸੇ ਖੁਸ਼ਕ ਰੋਟੀ 'ਤੇ ਬਹੁਤ
ਸਾਰੀਆਂ ਕੀੜੀਆਂ ਚੰਬੜੀਆਂ ਹੋਈਆਂ ਨੇ। ਗੱਲ੍ਹਾਂ
ਅੰਦਰ ਨੂੰ ਪਿਚਕੀਆਂ ਹੋਈਆਂ, ਮੱਥਾ ਬਾਹਰ
ਨੂੰ ਉੱਭਰਿਆ ਹੋਇਆ। ਨੱਕ ਨੋਕੀਲਾ। ਅੱਖਾਂ
ਵੱਡੀਆਂ ਜਿਨ੍ਹਾਂ ਤੋਂ ਵਹਿਸ਼ਤ (ਡਾਢਾ ਉਲਾਰਪੁਣਾ)
ਟਪਕਦੀ ਸੀ। ਸਿਰ 'ਤੇ ਖੁਸ਼ਕ ਅਤੇ ਮਿੱਟੀ ਘੱਟੇ
ਨਾਲ ਭਰੇ ਵਾਲਾਂ ਦਾ ਇੱਕ ਗਾੜ੍ਹ-ਹਜੂਮ। ਵੱਡੇ
ਸਾਰੇ ਭੂਰੇ ਕੋਟ ਵਿਚ ਉਹ ਵਾਕਈ ਸ਼ਾਇਰ ਲੱਗ
ਰਿਹਾ ਸੀ, ਇੱਕ ਦੀਵਾਨਾ ਸ਼ਾਇਰ, ਜਿਵੇਂ ਕਿ
ਉਸਨੇ ਆਪ ਇਸ ਨਾਂ ਨਾਲ ਆਪਣੀ ਵਾਕਫ਼ੀ
ਕਰਾਈ ਸੀ।
ਮੈਂ ਅਕਸਰ ਕਈ ਵਾਰ ਅਖਬਾਰਾਂ ਵਿਚ
ਇੱਕ ਜਮਾਤ ਦਾ ਹਾਲ ਪੜ੍ਹਿਆ ਸੀ। ਉਸ ਜਮਾਤ
ਦੇ ਲੋਕਾਂ ਦੇ ਖਿਆਲ ਇਸ ਦੀਵਾਨੇ ਸ਼ਾਇਰ ਦੇ
ਖ਼ਿਆਲਾਂ ਨਾਲ ਬਹੁਤ ਮਿਲਦੇ ਜੁਲਦੇ ਸਨ। ਮੈਨੂੰ
ਲੱਗਾ ਕਿ ਸ਼ਾਇਦ ਇਹ ਵੀ ਉਸੇ ਪਾਰਟੀ ਦਾ
ਮੈਂਬਰ ਹੈ।
"ਤੁਸੀਂ ਇਨਕਲਾਬੀ ਲੱਗਦੇ ਹੋ।"
ਇਸ 'ਤੇ ਉਹ ਖਿੜਖਿੜਾਅ ਕੇ ਹੱਸ ਪਿਆ।
'ਇਹ ਤੁਸੀਂ ਬਹੁਤ ਵੱਡੀ ਖੋਜ ਕੀਤੀ ਹੈ। ਮੀਆਂ,
ਮੈਂ ਤਾਂ ਕੋਠਿਆਂ-ਛੱਤਾਂ 'ਤੇ ਚੜ੍ਹ ਚੜ੍ਹ ਕੂਕਦਾ ਹਾਂ
ਮੈਂ ਇਨਕਲਾਬੀ ਹਾਂ, ਮੈਂ ਇਨਕਲਾਬੀ ਹਾਂ, ਮੈਨੂੰ
ਰੋਕ ਲਏ ਜਿਸ ਤੋਂ ਰੋਕਿਆ ਜਾਂਦਾ ਹਾਂ, ਤੁਸੀਂ ਤਾਂ
ਸੱਚਮੁਚ ਬਹੁਤ ਵੱਡੀ ਖੋਜ ਕੀਤੀ ਹੈ।"
ਇਹ ਕਹਿ ਕੇ ਹੱਸਦੇ ਹੋਏ ਵੀ ਉਹ
ਅਚਾਨਕ ਸੰਜੀਦਾ ਹੋ ਗਿਆ।
"ਸਕੂਲ ਦੇ ਕਿਸੇ ਸਟੁਡੈਂਟ ਦੀ ਤਰ੍ਹਾਂ
ਇਨਕਲਾਬ ਦੇ ਅਸਲੀ ਮਾਅਨਿਆਂ ਤੋਂ ਤੁਸੀਂ
ਵੀ ਅਣਜਾਣ ਹੋ। ਇਨਕਲਾਬੀ ਉਹ ਹੈ ਜੋ ਹਰ
ਨਾਇਨਸਾਫ਼ੀ ਤੇ ਹਰ ਗਲਤੀ ਦੇ ਉੱਤੇ ਚੀਖ਼
ਪਏ। ਇਨਕਲਾਬੀ ਉਹ ਹੈ ਜੋ ਸਭ ਜ਼ਮੀਨਾਂ,
ਸਭ ਅਸਮਾਨਾਂ, ਸਭ ਭਾਸ਼ਾਵਾਂ ਤੇ ਸਭ ਵਕਤਾਂ
ਦਾ ਇੱਕ ਮੁਜੱਸਮ ਗੀਤ ਹੋਵੇ; ਇਨਕਲਾਬੀ,
ਸਮਾਜ ਦੇ ਬੁੱਚੜਖਾਨੇ ਦੀ ਇੱਕ ਬੀਮਾਰ ਤੇ
ਫਾਕਿਆਂ ਮਾਰੀ ਭੀੜ ਨਹੀਂ, ਉਹ ਇੱਕ ਮਜ਼ਦੂਰ
ਹੈ ਸਰੀਰੋਂ-ਤਕੜਾ, ਜੋ ਆਪਣੇ ਲੋਹੇ ਦੇ ਹਥੌੜੇ
ਦੀ ਇੱਕ ਮਾਰ ਨਾਲ ਹੀ ਜੰਨਤ ਜਿਹੀ ਦੁਨੀਆ
ਦੇ ਦਰਵਾਜ਼ੇ ਖੋਲ੍ਹ ਸਕਦਾ ਹੈ। ਮੇਰੇ ਅਜ਼ੀਜ਼!
ਇਹ ਫ਼ਲਸਫ਼ਿਆਂ, ਸੁਫ਼ਨਿਆਂ ਤੇ ਨਜ਼ਰੀਇਆਂ
ਦਾ ਜ਼ਮਾਨਾ ਨਹੀਂ, ਇਨਕਲਾਬ ਇੱਕ ਠੋਸ
ਹਕੀਕਤ ਹੈ, ਇਹ ਇੱਥੇ ਮੌਜੂਦ ਹੈ। ਉਸ ਦੀਆਂ
ਲਹਿਰਾਂ ਵਧ ਰਹੀਆਂ ਹਨ। ਕੌਣ ਹੈ ਜੋ ਹੁਣ
ਇਸ ਨੂੰ ਰੋਕ ਸਕਦਾ ਹੈ। ਇਹ ਬੰਨ੍ਹ ਲਾਉਣ
ਨਾਲ ਨਹੀਂ ਰੁਕ ਸਕਣਗੀਆਂ!"
ਉਸ ਦਾ ਹਰ ਲਫ਼ਜ਼ ਹਥੌੜੇ ਦੀ ਉਸ
ਮਾਰ ਵਰਗਾ ਸੀ ਜੋ ਸੁਰਖ ਲੋਹੇ ਦੇ ਉੱਤੇ ਪੈ ਕੇ
ਉਸ ਦੀ ਸ਼ਕਲ ਤਬਦੀਲ ਕਰ ਰਿਹਾ ਹੋਏ। ਮੈਂ
ਮਹਿਸੂਸ ਕੀਤਾ ਕਿ ਮੇਰੀ ਰੂਹ ਕਿਸੇ ਅਣਦਿਸਦੀ
ਸ਼ੈਅ ਨੂੰ ਸਿਜਦਾ ਕਰ ਰਹੀ ਹੈ।
ਸ਼ਾਮ ਦੀ ਕਾਲਖ ਹੌਲੀ ਹੌਲੀ ਵਧ ਰਹੀ
ਸੀ, ਨਿੰਮ ਦੇ ਦ੍ਰਖ਼ਤ ਕੰਬ ਰਹੇ ਸੀ, ਸ਼ਾਇਦ ਮੇਰੇ
ਸੀਨੇ ਵਿਚ ਇੱਕ ਨਵਾਂ ਜਹਾਨ ਅਬਾਦ ਹੋ ਰਿਹਾ
ਸੀ। ਅਚਾਨਕ ਮੇਰੇ ਦਿਲ ਵਿਚੋਂ ਕੁਝ ਲਫ਼ਜ਼
ਉੱਠੇ ਤੇ ਬੁੱਲ੍ਹਾਂ 'ਚੋਂ ਬਾਹਰ ਨਿੱਕਲ ਗਏ।
"ਅਗਰ ਇਨਕਲਾਬ ਯਹੀ ਹੈ ਤੋ ਮੈਂ ਭੀ
ਇਨਕਲਾਬੀ ਹੂੰ!"
ਸ਼ਾਇਰ ਨੇ ਆਪਣਾ ਸਿਰ ਚੁੱਕਿਆ ਤੇ ਮੇਰੇ
ਮੋਢੇ 'ਤੇ ਹੱਥ ਰੱਖਦਿਆਂ ਕਿਹਾ,
"ਤਾਂ ਫੇਰ ਆਪਣੇ ਖੂਨ ਨੂੰ ਕੱਢ ਕੇ ਕਿਸੇ
ਤਸ਼ਤਰੀ ਵਿਚ ਰੱਖ ਛੱਡ, ਕਿਓਂਕਿ ਸਾਨੂੰ
ਆਜ਼ਾਦੀ ਦੇ ਖੇਤ ਦੇ ਲਈ ਇਸ ਸੁਰਖ ਖਾਦ
ਦੀ ਬਹੁਤ ਜ਼ਰੂਰਤ ਮਹਿਸੂਸ ਹੋਏਗੀ। ਆਹ!
ਵੋ ਵਕਤ ਕਿੰਨਾ ਖ਼ੁਸ਼-ਗਵਾਰ ਹੋਗਾ ਜਬ ਮੇਰੀ
ਆਹੋਂ ਕੀ ਜ਼ਰਦੀ ਤਬੱਸੁਮ ਕਾ ਰੰਗ ਇਖ਼ਤਿਆਰ
ਕਰ ਲੇਗੀ।"
ਇਹ ਕਹਿ ਕੇ ਉਹ ਖੂਹ ਦੀ ਮੁੰਡੇਰ ਤੋਂ
ਉੱਠਿਆ ਤੇ ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ
ਕਹਿਣ ਲੱਗਾ, "ਇਸ ਦੁਨੀਆ ਵਿਚ ਇਹੋ ਜਿਹੇ
ਲੋਕ ਮੌਜੂਦ ਹਨ ਜੋ ਆਪਣੇ ਹਾਲ ਨਾਲ ਤਸੱਲੀ
ਵਿਚ ਹਨ। ਜੇ ਤੈਨੂੰ ਆਪਣੀ ਰੂਹ ਦਾ ਬਲੀਦਗੀ
(ਉਚਿਆਈ) ਹਾਸਿਲ ਕਰਦੇ ਰਹਿਣਾ ਮਨਜ਼ੂਰ ਹੈ
ਤਾਂ ਐਸੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣ ਦੀ ਸਈ
ਕਰੀਂ। ਇਨ੍ਹਾਂ ਦਾ ਅਹਿਸਾਸ ਪਥਰਾਅ ਗਿਆ ਹੈ।
ਮੁਸਤਕਬਿਲ ਕੇ ਜਾਂ-ਬਖ਼ਸ਼ ਮਨਾਜ਼ਿਰ ਉਨ ਕੀ
ਨਿਗਾਹੋਂ ਸੇ ਹਮੇਸ਼ਾ ਓਝਲ ਰਹੇਂਗੇ।....(ਆਉਣ
ਵਾਲੇ ਕੱਲ੍ਹ ਦੇ ਜਾਨ ਪਾਉਣ ਵਾਲੇ ਨਜ਼ਾਰੇ ਉਨ੍ਹਾਂ ਦੀਆਂ
ਅੱਖਾਂ ਤੋਂ ਹਮੇਸ਼ਾ ਲੁਕੇ ਰਹਿਣਗੇ।) ਅੱਛਾ, ਹੁਣ ਮੈਂ
ਚੱਲਦਾ ਹਾਂ।"
ਉਸ ਨੇ ਬੜੇ ਪਿਆਰ ਨਾਲ ਮੇਰਾ ਹੱਥ
ਘੁੱਟਿਆ, ਤੇ ਇਸ ਤੋਂ ਪਹਿਲਾਂ ਕਿ ਮੈਂ ਉਸ
ਨਾਲ ਕੋਈ ਹੋਰ ਗੱਲ ਕਰਦਾ ਉਹ ਲੰਬੇ ਕਦਮ
ਭਰਦਾ ਹੋਇਆ ਝਾੜੀਆਂ ਦੇ ਝੁੰਡ ਵਿਚ ਗ਼ਾਇਬ
ਹੋ ਗਿਆ।
ਬਾਗ਼ ਦੀ ਫ਼ਿਜ਼ਾ 'ਤੇ ਖ਼ਾਮੋਸ਼ੀ ਤਾਰੀ ਸੀ।
ਮੈਂ ਸਿਰ ਝੁਕਾਈ ਰੱਬ ਜਾਣੇ ਕਿੰਨਾ ਚਿਰ ਆਪਣੇ
ਖ਼ਿਆਲਾਂ ਵਿਚ ਡੁੱਬਾ ਰਿਹਾ ਕਿ ਅਚਾਨਕ ਉਸ
ਸ਼ਾਇਰ ਦੀ ਅਵਾਜ਼ ਰਾਤ ਦੀ ਰਾਣੀ ਦੀ ਦਿਲ-ਨਵਾਜ਼
ਖ਼ੁਸ਼ਬੋਅ ਵਿਚ ਘੁਲੀ ਹੋਈ ਮੇਰੇ ਕੰਨਾਂ
ਤੱਕ ਪਹੁੰਚੀ। ਉਹ ਬਾਗ਼ ਦੀ ਦੂਸਰੀ ਨੁੱਕਰੇ ਗਾ
ਰਿਹਾ ਸੀ।
"ਜ਼ਮੀਨ ਸਿਤਾਰੋਂ ਕੀ ਤਰਫ਼ ਲਲਚਾਈ
ਹੂਈਂ ਨਜ਼ਰੋਂ ਸੇ ਦੇਖ ਰਹੀ ਹੈ।
ਉਠੋ ਔਰ ਉਨ ਨਗੀਨੋਂ ਕੋ
ਇਸ ਕੇ ਨੰਗੇ ਸੀਨੇ ਪਰ ਜੜ ਦੋ।
ਢਾਓ, ਖੋਦੋ, ਬੇਰੋਕ, ਪਥਰਾਵ।
ਮੈਂ ਆਹੋਂ ਕਾ ਵਿਓਪਾਰੀ ਹੂੰ।
ਨਈ ਦੁਨੀਆ ਬਨਾਨੇ ਵਾਲੋ!
ਕਿਆ ਤੁਮਹਾਰੇ ਬਾਜ਼ੂਓਂ ਮੇਂ ਕੁੱਵਤ ਨਹੀਂ ਹੈ।
ਲਹੂ ਕੀ ਸ਼ਾਇਰੀ ਮੇਰਾ ਕਾਮ ਹੈ।"
ਗੀਤ ਖਤਮ ਹੋਣ 'ਤੇ ਮੈਂ ਬਾਗ਼ ਵਿਚ ਕਿੰਨਾ
ਚਿਰ ਬੈਠਾ ਰਿਹਾ, ਇਹ ਮੈਨੂੰ ਬਿਲਕੁਲ ਯਾਦ
ਨਹੀਂ। ਅੱਬਾ ਕਹਿੰਦੇ ਹਨ ਕਿ ਮੈਂ ਓਸ ਦਿਨ ਘਰ
ਬਹੁਤ ਦੇਰ ਨਾਲ ਆਇਆ ਸੀ।
(ਇਹ ਕਹਾਣੀ ਮੰਟੋ ਨੇ 1931 ਵਿਚ ਲਿਖੀ ਜਦੋਂ
ਉਹ 19 ਸਾਲ ਦੇ ਸਨ, ਭਗਤ ਸਿੰਘ ਤੇ ਸਾਥੀਆਂ
ਦੀ ਫਾਂਸੀ ਤੋਂ ਬਾਅਦ, ਪਰ 1936 ਤੋਂ ਬਾਅਦ ਛਪੀ
ਕਿਤਾਬ ਵਿਚ ਹੀ ਜਾ ਕੇ ਛਾਪੀ (ਗੋਰਕੀ ਦੀ ਮੌਤ
ਬਾਅਦ)। ਜਲ੍ਹਿਆਂਵਾਲਾ ਤੋਂ ਬਾਅਦ ਗਰਮ ਲਹਿਰ
ਨੇ ਜ਼ੋਰ ਪਕੜਿਆ ਤੇ ਹੋਂਦ ਵਿਚ ਆਉਣੀ ਸ਼ੁਰੂ ਹੋਈ।
ਹਰ ਨੌਜਵਾਨ ਅੱਗੇ ਸੁਆਲ ਪਾਉਂਦੀ। 1919 ਵਿਚ
ਰੋਲੈੱਟ ਐਕਟ ਦੀ ਤਾਨਾਸ਼ਾਹੀ ਬਾਰੇ ਜਨ-ਰੋਸ ਦਾ
ਹੁਕਮ ਵੀ ਸ਼ਾਇਦ ਗਾਂਧੀ ਨੇ ਨਹੀਂ ਸੀ ਦਿੱਤਾ।-ਸੰ)
(ਅਨੁਵਾਦ: ਪੂਨਮ ਸਿੰਘ; ਮੁਨੀਰ ਹੋਸ਼ਿਆਰਪੁਰੀਆ,
ਲਾਹੌਰ)
('ਪ੍ਰੀਤਲੜੀ' ਤੋਂ ਧੰਨਵਾਦ ਸਹਿਤ)