Dark Portrait (Punjabi Story) : Simran Dhaliwal

ਡਾਰਕ ਪੋਰਟਰੇਟ (ਕਹਾਣੀ) : ਸਿਮਰਨ ਧਾਲੀਵਾਲ

ਅਚਾਨਕ ਮੇਰੀ ਅੱਖ ਖੁੱਲ੍ਹੀ ਚਾਰੇ ਪਾਸੇ ਹਨ੍ਹੇਰਾ ਹੈ। ਘੋਰ ਹਨ੍ਹੇਰਾ।ਬਿਜਲੀ ਬੰਦ ਹੈ। ਮੈਂ ਪਿਸ਼ਾਬ ਕਰਨ ਲਈ ਬਾਹਰ ਨਿਕਲਿਆ। ਅਸਮਾਨ ਵਿੱਚ ਇਕ ਵੀ ਤਾਰਾ ਨਹੀਂ ਹੈ। ਪੂਰਾ ਸਰੀਰ ਟੁੱਟੀ ਜਾ ਰਿਹਾ। ਮੈਂ ਕਮਰੇ ਵਿੱਚ ਵਾਪਸ ਆਇਆ। ਹਨ੍ਹੇਰੇ ਵਿੱਚ ਹੀ ਇੱਧਰ-ਉੱਧਰ ਹੱਥ ਮਾਰਦਾ ਹਾਂ। ਪਰ ਯਾਦ ਆਇਆ ਸਮਾਨ ਤਾਂ ਸ਼ਾਮੀ ਹੀ ਮੁੱਕ ਗਿਆ ਸੀ। ਅੱਜ ਜੇਬ ਖਾਲੀ ਹੈ। ਇਸ ਲਈ....! ਮੰਗਲ ਦਸ ਰੁਪਈਆਂ ਦਾ ਵੀ ਉਧਾਰ ਨਹੀਂ ਕਰਦਾ। ਸਰੀਰ ਕੰਢੇ ’ਤੇ ਕਰਨ ਲਈ ਸਿਰਹਾਣੇ ਥੱਲਿਓ ਅਫ਼ੀਮ ਲੱਭਦਾ ਹਾਂ। ਮੋਮੀ ਕਾਗਜ਼ ’ਚ ਲਪੇਟੀ ਅਫ਼ੀਮ ਖੋਲਦਾਂ। ਡੰਗ ਸਾਰਨ ਜੋਗੀ ਬਚੀ ਪਈ ਹੈ। ਗੋਲੀ ਵੱਟ ਕੇ ਗਲੇ ’ਚ ਸੁੱਟ ਲੈਂਦਾ। ਟੇਬਲ ’ਤੇ ਪਿਆ ਪਾਣੀ ਦਾ ਗਿਲਾਸ ਚੁੱਕ ਕੇ ਗਲਾ ਗਿੱਲਾ ਕਰਦਾਂ। ਸਿਰਹਾਣੇ ਦਾ ਆਸਰਾ ਲੈ ਕੇ ਅੱਧ ਲੇਟੀ ਹਾਲਤ ’ਚ ਬੈਠ ਕੇ ਰਜਾਈ ਉਪੱਰ ਨੱਪ ਲੈਂਦਾ ਹਾਂ।
ਸਾਹਮਣੀ ਦੀਵਾਰ ’ਤੇ ਮੰਮੀ ਪਾਪਾ ਦੀ ਤਸਵੀਰ ਲਟਕ ਰਹੀ ਹੈ।

ਪਾਪਾ ਨੇ ਨੇਵੀ-ਬਲਿਊ ਕਲਰ ਦੀ ਆਪਣੀ ਫੇਵਰਿਟ ਪੱਗ ਬੰਨੀ ਹੋਈ ਹੈ। ਬਰੀਕ ਚੈਕ ਦੀ ਸ਼ਰਟ ’ਤੇ ਮੰਮੀ ਨੇ ਉਸੇ ਕਲਰ ਦਾ ਕਢਾਈ ਵਾਲਾ ਸੂਟ ਪਾਇਆ ਹੋਇਆ।ਤਸਵੀਰ ਵਿੱਚ ਦੋਨੋਂ ਜਣੇ ਹੱਸ ਰਹੇ ਹਨ। ਕਮਰੇ ਵਿੱਚ ਹਨ੍ਹੇਰਾ ਹੈ।

ਪਰ ਇਹ ਤਸਵੀਰ ਮੇਰੇ ਮਨ ਵਿੱਚ ਵਸੀ ਹੋਈ ਹੈ। ਇਸੇ ਲਈ ਇਸ ਨੂੰ ਬਿਨਾਂ ਦੇਖੇ ਵੀ ਦੇਖ ਸਕਦਾਂ।ਮੈਨੂੰ ਯਾਦ ਹੈ ਮਾਸੀ ਜੀ ਦੇ ਬੇਟੇ ਦੇ ਵਿਆਹ ’ਤੇ ਮੈਂ ਹੀ ਆਪਣੇ ਸੈੱਲ ਵਿੱਚ ਖਿੱਚੀ ਸੀ ਇਹ ਤਸਵੀਰ।

ਅੱਜ ਪੂਰੇ ਦੋ ਮਹੀਨੇ ਹੋ ਗਏ ਨੇ...। ਪਰ ਲੱਗਦਾ ਜਿਵੇਂ ਉਹ ਘਟਨਾ ਹੁਣੇ ਅਜੇ ਥੋੜੀ ਦੇਰ ਪਹਿਲਾਂ ਹੀ ਵਾਪਰੀ ਹੋਵੇ। ਮੈਂ ਜਦੋਂ ਦੀ ਆਪਣੀ ਪਲੱਸਤਰ ਲੱਗੀ ਬਾਂਹ ਨੂੰ ਦੇਖਦਾਂ ਉਹ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦਾ।
ਕਦੇ ਇਸੇ ਹੱਥ ਨਾਲ ਟੈਨਿਸ ਖੇਡਿਆ ਕਰਦਾ ਸੀ ਮੈਂ। ਸ਼ਾਮ ਨੂੰ ਮੈਂ ਤੇ ਪਾਪਾ ਮੈਚ ਲਗਾਉਂਦੇ।
ਮੰਮੀ ਰੈਫਰੀ ਬਣ ਜਾਂਦੇ। ਪਰ ਗੇਮ ਹਰ ਵਾਰ ਪਾਪਾ ਜਿੱਤਦੇ।
ਮੈਂ ਹਫ਼ਨ ਲੱਗਦਾ।
“ਯੰਗਮੈਨ ਕੀ ਗੱਲ ਇੰਨੀ ਛੇਤੀ ਥੱਕ ਗਿਆ। ਬੀ ਸਟਰੌਂਗ ਮਾਈ ਬੁਆਏ।“ ਪਾਪਾ ਹੱਲਾਸ਼ੇਰੀ ਦੇਣ ਲੱਗਦੇ।
ਮੈਂ ਆਪਣੇ ਬਾਥਰੂਮ ਜਾ ਕੇ ਸਿਗਰਟ ਦੇ ਕਸ਼ ਖਿੱਚਦਾ। ਅੱਖਾਂ ਵਿੱਚ ਜਿਵੇਂ ਚਮਕ ਆ ਜਾਂਦੀ।
ਸਮੋਕਿੰਗ ਦੀ ਆਦਤ ਮੈਨੂੰ ਰਘੂ ਨੇ ਲਗਾਈ ਸੀ।
ਬੀ.ਐਸ.ਈ ਸੈਕਿੰਡ ਯੀਅਰ ’ਚ ਸੀ ਮੈਂ ਜਦੋਂ ਰਘੂ ਨਾਲ ਦੋਸਤੀ ਪਈ ਸੀ। ਸੈਕਿੰਡ ਯੀਅਰ ਵਿੱਚ ਹੀ ਆਇਆ ਸੀ ਰਘੂ ਸਾਡੇ ਕਾਲਜ। ਪਹਿਲੇ ਦਿਨ ਹੀ ਸਾਡੀ ਦੋਸਤੀ ਹੋ ਗਈ।
ਮੈਂ ਘਰ ਗਿਆ ਸੀ ਰਘੂ ਦੇ।
“ਲਏਂਗਾ?”
ਸਿਗਰਟ ਦੀ ਡੱਬੀ ਮੇਰੇ ਵੱਲ ਕਰਕੇ ਉਹਨੇ ਆਖਿਆ।
“ਤੂੰ ਸਮੋਕਿੰਗ ਕਰਦਾ ਏਂ। ਓ ਮਾਈ ਗਾਡ।” ਮੈਂ ਹੈਰਾਨ ਸਾਂ।
“ਲੈਟਸ ਟ੍ਰਾਈ।” ਉਸਨੇ ਸਿਗਰਟ ਡੱਬੀ ਵਿਚੋਂ ਕੱਢ ਕੇ ਮੇਰੇ ਵੱਲ ਵਧਾਈ।
“ਨਹੀਂ ਯਾਰ ਆਈ ਡੌਂਟ ਲਾਈਕ।”
“ਛੱਡ ਯਾਰ ਕਿਵੇਂ ਕੁੜੀਆਂ ਵਾਂਗ ਕਰਦਾ। ਫੜ੍ਹ ਵੀ।” ਰਘੂ ਨੇ ਦੋ ਕੁ ਵਾਰ ਆਖਿਆ। ਮੈਂ ਸਿਗਰਟ ਫੜ੍ਹ ਲਈ।ਕਸ਼ ਖਿਚਿਆ। ਮੇਰਾ ਸਾਹ ਉਖੜ ਗਿਆ।
“ ਪਹਿਲੀ ਵਾਰ ਇੰਜ ਹੀ ਹੁੰਦਾ ਫਿਰ ਦੇਖੀਂ ਮਜ਼ਾ ਆਉਂਦਾ।”
ਰਘੂ ਦੀ ਫੈਮਿਲੀ ਕਿਤੇ ਬਾਹਰ ਗਈ ਸੀ।ਉਸਨੇ ਸੀ.ਡੀ ਪਲੇਅਰ ਉਪਰ ਬਲਿਊ ਫਿਲਮ ਚਲਾ ਲਈ। ਮੈਂ ਇਕਦਮ ਸੁੰਨ ਜਿਹਾ ਹੋ ਗਿਆ।
“ਤੂੰ ਇਹ ਸਭ...।”
“ਕੀ ਇਹ ਸਭ… ਕੁੜੀ ਏ ਤੂੰ? ਕਿਵੇਂ ਸੰਗੀ ਜਾਂਦਾ। ਇੰਨਜੁਆਏ ਯਾਰ।”

ਉਸਨੇ ਇਕ ਹੋਰ ਸਿਗਰਟ ਮੇਰੇ ਵੱਲ ਵਧਾਈ। ਇਸ ਵਾਰ ਮੈਂ ਨਾਂਹ ਨਾ ਕੀਤੀ। ਟੀ.ਵੀ ਉਤੇ ਬਲਿਊ ਫਿਲਮ ਚੱਲ ਰਹੀ ਸੀ। ਮੇਰੇ ਦਿਮਾਗ਼ ਨੂੰ ਜਿਵੇਂ ਕੁਝ ਚੜ੍ਹਨ ਲੱਗਿਆ।

***
ਲਾਈਟ ਆ ਗਈ ਹੈ।
ਕਮਰਾ ਰੌਸ਼ਨੀ ਨਾਲ ਭਰ ਗਿਆ। ਮੇਰੀ ਨਜ਼ਰ ਮੁੜ ਮੰਮੀ-ਪਾਪਾ ਦੀ ਤਸਵੀਰ ’ਤੇ ਜਾ ਟਿੱਕੀ ਹੈ। ਕਿੰਨਾ ਪਿਆਰ ਕਰਦੇ ਸਨ, ਪਾਪਾ ਮੈਨੂੰ। ਉਹ ਹਮੇਸ਼ਾ ਆਖਦੇ- “ਆਪਾਂ ਦੋਸਤ ਹਾਂ ਯਾਰ! ਯੂ ਕੇਨ ਸ਼ੇਅਰ ਐਵਰੀਥਿੰਗ ਵਿੱਦ ਮੀ।”
ਉਹ ਰੋਜ਼ ਸਵੇਰੇ ਮੈਨੂੰ ਮਾਰਨਿੰਗ ਵਾਕ ਲਈ ਉਠਾ ਲੈਂਦੇ। ਸੈਰ ਕਰਦਿਆਂ ਉਹ ਮੈਨੂੰ ਪੁਰਾਣੀਆਂ ਗੱਲਾਂ ਸੁਣਾਉਣ ਲੱਗਦੇ।
“ਗੈਵੀ ਛੋਟੇ ਹੁੰਦਿਆਂ ਜਦੋਂ ਅਸੀਂ ਪਿੰਡ ਰਹਿੰਦੇ ਸੀ ਨਾ। ਸਾਡੀਆਂ ਸਾਰੀਆਂ ਗੇਮਸ ਆਊਟ ਡੋਰ ਹੁੰਦੀਆਂ। ਲਾਈਕ ਬਾਂਦਰ ਕਿੱਲਾ। ਲੱਕੜ ਲੋਹਾ। ਪਿੱਠੂ ਗਰਮ।
ਫਿਜ਼ੀਕਲ ਪਾਵਰ ਬਹੁਤ ਲੱਗਦੀ ਸੀ ਉਹਨਾਂ ਖੇਡਾਂ ’ਚ। ਹੁਣ ਟੀ.ਵੀ, ਕੰਪਿਊਟਰ, ਮੋਬਾਇਲ ਆ ਗਏ। ਫਿਜ਼ੀਕਲ ਵਰਕ ਕੋਈ ਨਹੀਂ। ਤੂੰ ਜਿਮ ਜੁਆਇਨ ਕਰ ਲੈ।”
ਉਹਨਾਂ ਨੂੰ ਬਹੁਤ ਸ਼ੌਕ ਸੀ ਦਿਸਦਾ। ਉਹ ਮੈਨੂੰ ਸਰੀਰ ਬਣਾਉਣ ਲਈ ਆਖਦੇ। ਕਿੰਨਾ ਖੁਸ਼ ਨੇ ਇਸ ਤਸਵੀਰ ਵਿੱਚ ਪਾਪਾ। ਮੈਨੂੰ ਯਾਦ ਹੈ। ਉਸ ਦਿਨ ਜਦੋਂ ਅਸੀਂ ਰੋਪੜ ਨੂੰ ਜਾ ਰਹੇ ਸਾਂ ਮੈਰਿਜ ਲਈ ਤਾਂ ਗੱਡੀ ਵਿੱਚ ਬੈਠਿਆਂ ਸਾਨੂੰ ਪਾਪਾ ਨੇ ਕਿਹਾ ਸੀ-
“ਮੈਂ ਸੋਚਦਾਂ। ਸਾਲ-ਖੰਡ ਤੀਕ ਗੈਵੀ ਦੀ ਮੈਰਿਜ਼ ਨਾ ਕਰ ਦਈਏ। ਘਰ ਖਾਲੀ-ਖਾਲੀ ਲੱਗਦਾ।” ਮੈਂ ਸ਼ੀਸ਼ੇ ਵਿੱਚ ਦੇਖਿਆ ਪਾਪਾ ਹੱਸ ਰਹੇ ਸਨ।
ਮੈਂ ਵੀ ਮੁਸਕੁਰਾ ਪਿਆ।
“ਕੋਈ ਕੰਮ ਧੰਦਾ ਤਾਂ ਕਰ ਲੈ। ਵਿਹਲੇ ਨੂੰ ਕਰਦਾ ਕੋਈ ਸਾਕ?” ਮੰਮੀ ਨੇ ਜਵਾਬ ਦਿੱਤਾ ਸੀ ਅੱਗਿਓ।
“ਕਰ ਲਏਗਾ ਕੰਮ ਵੀ । ਸਾਰੀ ਉਮਰ ਕੰਮ ਹੀ ਕਰਨਾ। ਸਾਕ ਬਥੇਰੇ ਨੇ। ਇੰਨੇ ਵੱਡੇ ਬਿਜ਼ਨੈਸ ਮੈਨ ਦਾ ਬੇਟਾ ਯਾਰ।”
“ਫੇਰ ਤਾਂ ਬਿਜ਼ਨੈਸ ਮੈਨ ਨੂੰ ਹੀ ਕਰ ਜਾਊ ਸਾਕ।” ਮੰਮੀ ਨੇ ਅੱਗਿਓ ਮਜ਼ਾਕ ਕੀਤਾ।
“ਲੈ ਆਪਾਂ ਕਿਤੇ ਨਾਂਹ ਕੀਤੀ।” ਪਾਪਾ ਦੀ ਇਸ ਗੱਲ ਨਾਲ ਗੱਡੀ ਵਿੱਚ ਹਾਸੜ ਮੱਚ ਗਈ।
ਪਾਪਾ ਹਮੇਸ਼ਾ ਪਾਜ਼ੇਟਿਵ ਸੋਚਦੇ।
ਪਾਜ਼ੇਟਿਵ ਹੀ ਉਨ੍ਹਾਂ ਉਦੋਂ ਸੋਚਿਆ ਸੀ ਜਦੋਂ ਮੈਂ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਂਦਾ-ਜਾਂਦਾ ਰਹਿ ਗਿਆ ਸੀ।...ਤੇ ਫਿਰ ਜਦੋਂ ਮੇਰਾ ਸ਼ੋ ਰੂਮ ਬੰਦ ਹੋਇਆ ਉਦੋਂ ਵੀ।
“ਬਚੇ ਗ਼ਲਤੀਆਂ ਕਰਦੇ ਹੀ ਹੁੰਦੇ ਨੇ...। ਸਭ ਠੀਕ ਹੋ ਜਾਊ।” ਉਹਨਾਂ ਜਿਵੇਂ ਸਭ ਨੂੰ ਹੋਂਸਲਾ ਦਿੱਤਾ ਸੀ।
ਪਰ ਕੁਝ ਗ਼ਲਤੀਆਂ...।
ਉਹ ਰਾਤ ਅਕਸਰ ਮੇਰੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦੀ ਹੈ।

***
ਮੋਬਾਇਲ ਤੋਂ ਟਾਈਮ ਦੇਖਿਆ।
ਅਜੇ ਤਾਂ ਬਾਰਾਂ ਹੀ ਵੱਜੇ ਨੇ। ਚੰਦੀ ਦੇ ਜਾਣ ਤੋਂ ਬਾਅਦ ਮੈਂ ਸ਼ਾਇਦ ਜਲਦੀ ਹੀ ਸੌ ਗਿਆ ਸੀ। ਕੁਝ ਵੀ ਠੀਕ ਤਰ੍ਹਾਂ ਯਾਦ ਨਹੀਂ। ਵਟਸਐਪ ਤੇ ਚਾਰ ਮੈਸੇਜ ਆਏ ਹੋਏ ਨੇ।
ਦੋ ਮੇਰੇ ਕਜ਼ਨ ਬ੍ਰਦਰ ਸੱਤੀ ਦੇ ਨੇ। ਮੇਰਾ ਮਨ ਨਹੀਂ ਕਰਦਾ ਉਸ ਨਾਲ ਗੱਲ ਕਰਨ ਨੂੰ। ਉਸ ਰਾਤ ਸੱਤੀ ਨੇ ਹੀ...।
ਦੋ ਮੈਸੇਜ ਮਾਹੀ ਦੇ ਨੇ...। ਮਿਲਣ ਲਈ ਆਖ ਰਹੀ ਹੈ। ਮਾਹੀ ਨਾਲ ਪਹਿਲੀ ਵਾਰ ਚੰਦੀ ਨੇ ਹੀ ਮਿਲਾਇਆ ਸੀ। ਸਟੱਡੀ ਲਈ ਆਈ ਹੈ ਉਹ ਇੱਥੇ। ਪੀ.ਜੀ ਵਿੱਚ ਰਹਿੰਦੀ ਹੈ। ਚੰਦੀ ਨੇ ਜਦੋਂ ਆਪਣੇ ਮੋਬਾਇਲ ’ਚ ਤਸਵੀਰ ਦਿਖਾਈ ਸੀ ਇਸਦੀ। ਮੈਂ ਹੈਰਾਨ ਰਹਿ ਗਿਆ ਸੀ ਦੇਖ ਕੇ...।
“ਯਾਰ ਇੰਨੀ ਸੋਹਣੀ ਐਜੂਕੇਟਡ ਕੁੜੀ। ਇਹ ਕਿਵੇਂ...।”
“ਕਿਉਂ ਐਜੂਕੇਟਡ ਨੂੰ ਰੱਬ ਨੇ...। ਅਯਾਸ਼ੀ ਕਿਥੋਂ ਕਰਨੀ ਵੀਰ। ਬੀਅਰ, ਚਿਕਨ ਪਾਰਟੀਆਂ। ਮਹਿੰਗੇ ਮੋਬਾਇਲ ਕਿੱਥੋਂ ਆਉਣ। ਤੂੰ ਖ਼ੁਦ ਦੇਖ ਲਈ।”
ਉਸ ਸ਼ਾਮ ਸੱਚਮੁੱਚ ਮਾਹੀ ਸਾਡੇ ਨਾਲ ਸੀ।

ਮੈਂ ਝਕ ਰਿਹਾ ਸਾਂ। ਪਰ ਮਾਹੀ ਪੂਰੀ ਤਰ੍ਹਾਂ ਨਾਰਮਲ ਸੀ। ਚੰਦੀ ਨੇ ਸਿਗਰਟ ਬਾਲ ਲਈ। ਕਸ਼ ਖਿੱਚ ਕੇ ਉਸ ਨੇ ਮਾਹੀ ਵੱਲ ਵਧਾਈ। ਮਾਹੀ ਨੇ ਕਸ਼ ਖਿੱਚਿਆ ਤੇ ਬੜੇ ਅੰਦਾਜ਼ ਨਾਲ ਧੂੰਆਂ ਹਵਾ ਵਿੱਚ ਛੱਡਣ ਲੱਗੀ। ਗੱਲਾਂ ਕਰਦਿਆਂ ਚੰਦੀ ਉਠ ਕੇ ਬਾਹਰ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਮਾਹੀ ਇੱਧਰ-ਉੱਧਰ ਦੀਆਂ ਗੱਲਾਂ ਮਾਰਦੀ ਰਹੀ। ਉਹ ਇੱਕ ਟਕ ਮੇਰੇ ਵੱਲ ਦੇਖ ਰਹੀ ਸੀ।ਚੰਦੀ ਵਾਪਸ ਆਇਆ ਤਾਂ ਉਸਦੇ ਹੱਥ ਵਿੱਚ ਬੀਅਰ ਦੀਆਂ ਬੋਤਲਾਂ ਸਨ। ਨਾਲ ਕੇ.ਐਫ.ਸੀ ਦਾ ਚਿਕਨ।ਮੈਂ ਕਦੀ ਬੀਅਰ ਨਹੀਂ ਸੀ ਪੀਤੀ। ਪਰ ਮਾਹੀ ਦੇ ਸਾਹਮਣੇ ਨਾਂਹ ਨਹੀਂ ਸੀ ਕਰ ਹੋਈ।

ਸਭ ਦੀਆਂ ਅੱਖਾਂ ਵਿੱਚ ਸਰੂਰ ਉਤਰ ਆਇਆ। ਮਾਹੀ ਨੇ ਚੰਦੀ ਨੂੰ ਇਸ਼ਾਰਾ ਕੀਤਾ ਅਤੇ ਉਠ ਕੇ ਰੂਮ ਵਿੱਚ ਚਲੀ ਗਈ। ਉਹਦੇ ਪਿੱਛੇ ਹੀ ਚੰਦੀ। ਕਾਫੀ ਦੇਰ ਬਾਅਦ ਉਹ ਬਾਹਰ ਆਇਆ।
“ਜਾ ਬੁਲਾ ਰਹੀ ਤੈਨੂੰ।” ਸੋਫੇ ’ਤੇ ਡਿੱਗਦੇ ਹੋਏ ਚੰਦੀ ਨੇ ਆਖਿਆ। ਨਸ਼ੇ ਨਾਲ ਮੇਰਾ ਸਿਰ ਘੁੰਮੀ ਜਾ ਰਿਹਾ ਸੀ।ਮੈਂ ਅੰਦਰ ਵੜਿਆ। ਬੈਡ ਉਤੇ ਮਾਹੀ ਬਿਨਾਂ ਕੱਪੜਿਆਂ ਤੋਂ...।ਪੂਰੀ ਰਾਤ ਅਸੀਂ ਇੱਕਠਿਆਂ ਬਿਤਾਈ।
ਸ਼ਾਮੀ ਹੀ ਮੈਂ ਘਰੇ ਫੋਨ ਕਰ ਦਿੱਤਾ ਸੀ। ਆਖਿਆ ਸੀ-
“ਕਿਸੇ ਫਰੈਂਡ ਦੀ ਬਰਥ ਡੇਅ ਪਾਰਟੀ ’ਤੇ ਰੁਕਾਂਗਾ।” ਸਵੇਰ ਨੂੰ ਮੇਰੇ ਉਠਣ ਤੋਂ ਪਹਿਲਾਂ ਹੀ ਮਾਹੀ ਜਾ ਚੁੱਕੀ ਸੀ।
“ਕਿਉਂ ਹੀਰੋ। ਦੇਖਿਆ ਫਿਰ...। ਬਥੇਰਾ ਕੁਝ ਏ ਇੱਥੇ।” ਮੈਂ ਮੁਸਕੁਰਾ ਪਿਆ।

ਘਰ ਪਹੁੰਚਿਆ ਤਾਂ ਮਾਹੀ ਦਾ ਮੈਸੇਜ ਆਇਆ।
“ਤੂੰ ਤਾਂ ਕੁੜੀਆਂ ਵਾਂਗ ਸ਼ਰਮਾਉਂਦਾ ਹੈ।” ਅਸੀਂ ਲੰਬੀ ਚੈਟ ਕੀਤੀ।
... ਤੇ ਅਗਲੀ ਵਾਰ ਅਸੀਂ ਮਾਹੀ ਨੂੰ ਸਾਡੇ ਘਰ ਬੁਲਾਇਆ। ਮੰਮੀ-ਪਾਪਾ ਪਿੰਡ ਗਏ ਸਨ। ਮੈਂ ਬੀਅਰ ਦੀਆਂ ਬੋਤਲਾਂ ਲਿਆ ਕੇ ਫਰਿੱਜ਼ ’ਚ ਰੱਖ ਦਿੱਤੀਆਂ ਸਨ।
“ਇਸ ਵਾਰ ਬੀਅਰ ਨਾਲ ਨਹੀਂ ਸਰਨਾ ਮੇਰੀ ਜਾਨ। ਮਾਹੀ ਕੰਪਲੇਂਟ ਕਰਦੀ ਸੀ ਕਿ ਯਾਰ ਤੇਰੇ ਦੀ ਪ੍ਰਫਾਰਮੈਂਸ ਢਿੱਲੀ ਸੀ ਪਿੱਛਲੀ ਵਾਰ।” ਚੰਦੀ ਨੇ ਜੇਬ ਵਿਚੋਂ ਕੁਝ ਕੱਢਿਆ।ਸਿਲਵਰ ਪੇਪਰ ’ਤੇ ਪਾ ਕੇ ਹੇਠਾਂ ਮਾਚਿਸ ਨਾਲ ਹੀਟ ਦਿੱਤੀ। ਸਮੈਲ ਲਈ।
“ਲੈ ਤੂੰ ਵੀ ਸਮੈੱਲ ਕਰ।”
“ਇਹ ਹੈ ਕੀ?”
“ਵਾਈਟ ਮੈਜਿਕ। ਜਲਦੀ ਕਰ।” ਮੈਂ ਸਮੈੱਲ ਲਈ ਇਕਦਮ ਸਾਹ ਉਖੜ ਗਿਆ।ਸਰੀਰ ਉਤੇ ਕੀੜੀਆਂ ਲੜਨ ਲੱਗੀਆਂ। ਅੱਖਾਂ ਵਿੱਚ ਲਾਲੀ ਉਤਰ ਆਈ।ਮਾਹੀ ਆਈ ਤਾਂ ਬੀਅਰ ਦਾ ਦੌਰ ਸ਼ੁਰੂ ਹੋ ਗਿਆ। ਚੰਦੀ ਨੇ ਲੈਪਟਾਪ ਉਪਰ ਬਲਿਊ ਫਿਲਮ ਚਲਾ ਲਈ। ਅਸੀਂ ਤਿੰਨੋਂ ਨਸ਼ੇ ਵਿੱਚ ਝੂਮ ਰਹੇ ਸਾਂ।
“ਜਾ ਐਤਕੀ ਪਹਿਲੀ ਪਾਰੀ ਤੇਰੀ।” ਚੰਦੀ ਨੇ ਮੈਨੂੰ ਅੰਦਰ ਭੇਜ ਦਿੱਤਾ।
ਸਾਡੇ ਲੈਕਚਰ ਸ਼ਾਰਟ ਹੋ ਜਾਂਦੇ। ਹਾਊਸ ਟੈਸਟ ਕਲੀਅਰ ਨਾ ਹੁੰਦੇ। ਫਾਈਨਲ ਵਿੱਚ ਮੇਰੀ ਰੀਪੇਅਰ ਆ ਗਈ।ਰੀਪੇਅਰ ਕੱਢਦਿਆਂ ਅਗਲਾ ਸਾਲ ਬਰਬਾਦ ਹੋ ਗਿਆ। ਚੰਦੀ ਤੇ ਰਘੂ ਵੀ ਕਲੀਅਰ ਨਾ ਹੋਏ।

***
ਨੀਂਦ ਨਹੀਂ ਆ ਰਹੀ।

ਟੇਬਲ ਤੋਂ ਲੈਪਟਾਪ ਚੁੱਕ ਕੇ ਫੇਰ ਰਜਾਈ ਵਿੱਚ ਆਣ ਬੈਠਾਂ ਹਾਂ। ਲੈਪਟਾਪ ਆਨ ਹੈ। ਫੈਮਿਲੀ ਫੋਲਡਰ ’ਤੇ ਕਲਿੱਕ ਕਰਦਾ ਹਾਂ। ਢਾਈ ਸੌ ਦੇ ਕਰੀਬ ਫੋਟੋਆਂ ਨੇ। ਮੰਮੀ- ਪਾਪਾ ਦੀਆਂ ਤੇ ਮੇਰੀਆਂ। ਸਾਡੇ ਮਨਾਲੀ ਵਾਲੇ ਟੂਰ ਦੀਆਂ। ਕਜ਼ਨ ਸਿਸਟਰ ਦੀ ਰਿੰਗ ਸੈਰੇਮਨੀ ਦੀਆਂ। ਇੱਕ ਤਸਵੀਰ ਵਿੱਚ ਪਾਪਾ ਗਿਲਾਸ ਹੱਥ ਵਿੱਚ ਫੜ੍ਹੀ ਝੂਮ ਰਹੇ ਨੇ। ਜਿਵੇਂ ਪਤਾ ਨਹੀਂ ਕਿੰਨੇ ਕੁ ਨਸ਼ੇ ਵਿੱਚ ਹੋਣ। ਪਰ ਸਾਰੀ ਉਮਰ ਉਹਨਾਂ ਕਿਸੇ ਵੀ ਨਸ਼ੇ ਨੂੰ ਟੱਚ ਨਹੀਂ ਕੀਤਾ। ਉਹਨਾਂ ਬਾਰੇ ਸੋਚ ਕੇ ਮੇਰੇ ਅੰਦਰ ਖੁਦ ਲਈ ਘ੍ਰਿਣਾ ਪੈਦਾ ਹੋਣ ਲੱਗਦੀ ਹੈ।

ਮੈਂ ਤਿੰਨ ਚਾਰ ਸਿਗਰਟਾਂ ਪੀ ਜਾਂਦਾ। ਹੌਲੀ-ਹੌਲੀ ਇਹ ਗਿਣਤੀ ਵੱਧਦੀ ਗਈ। ਬੀਅਰ ਤੋਂ ਹਾਰਡ ਡਰਿੰਕ ਸ਼ੁਰੂ ਹੋ ਗਈ।...ਤੇ ਕਦੇ-ਕਦੇ...।
ਇੱਕ ਵਾਰ ਰੂਮ ਵਿੱਚ ਮਾਚਿਸ ਦੀਆਂ ਜਲੀਆਂ ਤੀਲਾਂ ਦੇਖ ਕੇ ਮੰਮੀ ਹੈਰਾਨ ਰਹਿ ਗਏ।
“ਗੈਵੀ ਆਹ ਕੀ ਮਚਾਉਂਦਾ ਰਿਹਾ ਤੂੰ?”
ਮੈਂ ਸੌ ਬਹਾਨੇ ਬਣਾਏ।...ਮੇਰੇ ਰੂਮ ਵਿੱਚ ਪਿਆ ਸਿਲਵਰ ਪੇਪਰ ਵੀ ਦੇਖ ਲਿਆ ਸੀ ਉਹਨਾਂ।
“ਯਾਰ ਬਹਾਨਾ ਐਸਾ ਬਣਾਉ ਕਿ ਘਰ ਦੇ ਪੈਸੇ ਦੇਣ ਤੋਂ ਜ਼ਰਾ ਵੀ ਨਾਂਹ ਨਾ ਕਰਨ।” ਦੋਸਤ ਮੈਨੂੰ ਝੂਠ ਬੋਲਣ ਦੀ ਜਾਚ ਸਿਖਾਉਂਦੇ।ਕਦੀ ਰੀਪੇਅਰ ਦੀ ਦੁਗਣੀ ਫੀਸ।
ਕਦੀ ਕਿਸੇ ਕੋਚਿੰਗ ਦਾ ਬਹਾਨਾ। ਮੈਂ ਪਾਪਾ ਕੋਲੋਂ ਪੈਸੇ ਮੰਗਦਾ ਰਹਿੰਦਾ।
ਜਦੋਂ ਸਾਰੇ ਬਹਾਨੇ ਮੁਕ ਜਾਂਦੇ ਮੈਂ ਪਾਪਾ ਦੇ ਪਰਸ ’ਚੋਂ...।

... ਤੇ ਜਦੋਂ ਸਾਰੇ ਰਾਹ ਬੰਦ ਹੁੰਦੇ ਦਿਸੇ ਰਘੂ ਨੇ ਇੱਕ ਨਵਾਂ ਰਾਹ ਕੱਢ ਲਿਆ।
ਅਸੀਂ ਮੰਗਲ ਦਾ ‘ਸਮਾਨ’ ਇੱਕ ਤੋਂ ਦੂਜੀ ਥਾਂ ਪਹੁੰਚਾ ਦਿੰਦੇ। ਬਦਲੇ ਵਿੱਚ ਉਹ ਸਾਨੂੰ...।
ਅਗਲੇ ਸਾਲ ਮੈਂ ਰੀਪੇਅਰ ਦਾ ਪੇਪਰ ਕੱਢ ਦਿੱਤਾ।
“ਤੂੰ ਆਈਲੈਟਸ ਕਰ ਲੈ ਗੈਵੀ। ਮਾਸਟਰ ਲਈ ਕੈਨੇਡਾ ਠੀਕ ਰਹੇਗਾ।” ਸ਼ਹਿਰ ਦੇ ਸਭ ਤੋਂ ਟੌਪ ਦੇ ਸੈਂਟਰ ਤੋਂ ਮੈਂ ਆਇਲੈਟਸ ਕਰਨ ਲੱਗਿਆ।
“ਸਾਲਿਆ ਤੂੰ ਤਾਂ ਤੁਰ ਜਾਏਗਾ ਕੈਨੇਡਾ ਜਿਹੜੇ ਚਾਰ ਦਿਨ ਹੈਗੇ ਐਸ਼ ਕਰ ਲੈ।”
ਦੋਸਤ ਮਜ਼ਾਕ ਕਰਦੇ। ਕਲਾਸ ਮਿਸ ਕਰਕੇ ਮੈਂ ਉਹਨਾਂ ਨਾਲ ਚਲਾ ਜਾਂਦਾ।ਪਹਿਲੀ ਵਾਰ ਪੇਪਰ ਦਿੱਤਾ। ਬੈਂਡ ਘੱਟ ਆਏ।

“ਹਰ ਸਾਲ ਫਸਟ ਆਉਂਦਾ ਸੀ ਤੂੰ। ਹਰ ਕੰਮ ’ਚ ਅੱਗੇ। ਧਿਆਨ... ਕਿਥੇ ਰਹਿੰਦਾ ਤੇਰਾ।ਕਦੀ ਚੱਜ ਨਾਲ ਕੋਲ ਨਹੀਂ ਬੈਠਾ।” ਮੰਮੀ ਮੈਨੂੰ ਡਾਂਟਣ ਲੱਗੇ ਸਨ।ਮੈਂ ਮੰਮੀ ਪਾਪਾ ਤੋਂ ਦੂਰ ਰਹਿੰਦਾ।ਡਰਿੰਕ ਕੀਤੀ ਹੁੰਦੀ ਤਾਂ ਨੀਂਦ ਦਾ ਬਹਾਨਾ ਬਣਾ ਕੇ ਆਪਣੇ ਰੂਮ ਵਿੱਚ ਚਲਿਆ ਜਾਂਦਾ। ਪਰ ਇੱਕ ਦਿਨ ਮੰਮੀ ਨੂੰ ਡਰਿੰਕ ਕੀਤੀ ਦਾ ਪਤਾ ਲੱਗ ਗਿਆ।ਕਿਸੇ ਪਾਰਟੀ ’ਤੇ ਜਾ ਕੇ ਆਇਆ ਸੀ ਮੈਂ। ਓਵਰ ਡਰਿੰਕ ਹੋ ਗਈ। ਗੇਟ ਮੰਮੀ ਨੇ ਖੋਲਿਆ। ਮੇਰੇ ਪੈਰ ਥਿੜਕ ਰਹੇ ਸਨ। ਉਹਨਾਂ ਨੂੰ ਸਮੈੱਲ ਆ ਗਈ।
ਉਸ ਰਾਤ ਘਰ ਰੋਟੀ ਨਹੀਂ ਸੀ ਪੱਕੀ।
ਸਵੇਰੇ ਕਮਰੇ ਵਿੱਚ ਪਾਪਾ ਚਾਹ ਲੈ ਕੇ ਆਏ।

“ਗੈਵੀ ! ਲਾਈਫ਼ ਦਾ ਇੱਕ ਹੀ ਫੰਡਾ ਹੁੰਦਾ ਬੇਟਾ। ਜਾਂ ਤੂੰ ਹੁਣ ਐਸ਼ ਕਰ ਲੈ। ਬਾਅਦ ਵਿੱਚ ਧੱਕੇ ਖਾ ਲਈਂ। ਦੂਜਾ ਰਸਤਾ ਇਹ ਹੈ ਕਿ ਹੁਣ ਮਿਹਨਤ ਕਰ। ਹੁਣ ਧੱਕੇ ਖਾ ਲੈ। ਫੇਰ ਐਸ਼ ਕਰ ਲਈਂ।”

ਮੇਰੀਆਂ ਅੱਖਾਂ ਸ਼ਰਮ ਨਾਲ ਝੁਕੀਆਂ ਪਈਆਂ ਸਨ। ਮੈਂ ਪਾਪਾ ਕੋਲੋਂ ਮਾਫੀ ਮੰਗੀ। ਕਿਚਨ ਵਿੱਚ ਗਿਆ। ਮੰਮੀ ਨੇ ਮੂੰਹ ਫੇਰ ਲਿਆ। ਮੈਂ ਮੰਮੀ ਨੂੰ ਕਲਾਵੇ ਵਿਚ ਲੈ ਕੇ ਮਨਾਉਂਦਾ ਰਿਹਾ। ਦੁਬਾਰਾ ਇੰਜ ਨਾ ਕਰਨ ਦਾ ਵਾਅਦਾ ਕੀਤਾ।

***
ਬੇਮਤਲਬ ਹੀ ਮਾਊਸ ’ਤੇ ਕਲਿਕ ਕਰੀ ਜਾ ਰਿਹਾ।
ਦਿਮਾਗ਼ ਤੇ ਅੱਖਾਂ ਵਿੱਚ ਸਮਤੋਲ ਨਹੀਂ ਹੈ। ਦੇਖ ਕੁਝ ਹੋਰ ਰਿਹਾ। ਸੋਚ ਕੁਝ ਹੋਰ ਰਿਹਾ।ਲੈਪਟਾਪ ਬੰਦ ਕਰਕੇ ਪਾਸੇ ਰੱਖ ਦਿੱਤਾ ਹੈ।ਕਦੇ-ਕਦੇ ਲੱਗਦਾ ਜਿਵੇਂ ਮੰਮੀ ਬੁਲਾ ਰਹੇ ਹੋਣ। ਜਦੋਂ ਮੇਰੇ ਦੋਸਤ ਆਉਂਦੇ ਨੇ ਤਾਂ ਲੱਗਦਾ ਜਿਵੇੰ ਮੰਮੀ ਡਾਂਟ ਰਹੇ ਹੋਣ।
“ਗੈਵੀ ! ਮੈਨੂੰ ਤਾਂ ਤੇਰੇ ਇਹ ਦੋਸਤ ਵੀ ਠੀਕ ਨਹੀਂ ਲੱਗਦੇ।”
ਪਰ ਇੱਥੇ ਤਾਂ ਕੋਈ ਵੀ ਨਹੀਂ ਹੈ। ਨਾ ਮੈਨੂੰ ਰੋਕਣ ਵਾਲਾ। ਨਾ ਹੀ ਮੇਰੇ ਦੋਸਤਾਂ ਨੂੰ। ਜਦੋਂ ਅਸੀਂ ਫਾਈਲ ਲਗਾਈ ਸੀ, ਕੈਨੇਡਾ ਜਾਣ ਲਈ ਮੰਮੀ ਥੋੜਾ ਉਦਾਸ ਰਹਿਣ ਲੱਗੇ ਸਨ।
ਮੈਨੂੰ ਸਾਰਾ ਕੁਝ ਅੱਜ ਵੀ ਚੇਤੇ ਹੈ।
“ਗੈਵੀ ਸਾਡਾ ਤਾਂ ਸੱਚੀਂ ਦਿਲ ਨਹੀਂ ਲੱਗਣਾ। ਪਰਦੇਸ ਕੌਣ ਬੈਠਾ ਆਪਣਾ। ਨਾ ਪੱਕੀ ਰੋਟੀ ਜੁੜੇ ਨਾ ਧੋਤੇ ਕੱਪੜੇ।” ਉਹ ਅੰਦਰੋਂ ਮੈਨੂੰ ਦੂਰ ਭੇਜ ਕੇ ਰਾਜੀ ਨਹੀਂ ਸਨ। ਦੋਸਤਾਂ ਨਾਲ ਮਿਲ ਕੇ ਸ਼ਾਨਦਾਰ ਪਾਰਟੀ ਕੀਤੀ ਸੀ ਉਸ ਦਿਨ।

“ਹੁਣ ਤਾਂ ਯਾਰ ਸਾਡੇ ਨੇ ਐਨ.ਆਰ.ਆਈ ਬਣ ਜਾਣਾ।” ਚੰਦੀ ਨੇ ਬੀਅਰ ਦੀ ਬੋਤਲ ਖੋਲਦਿਆਂ ਆਖਿਆ।ਅਸੀਂ ਛੇ ਜਣੇ ਸਾਂ। ਬਾਰਾਂ ਬੀਅਰ ਦੀਆਂ ਬੋਤਲਾਂ ਖਾਲੀ ਕਰ ਦਿੱਤੀਆਂ। ਜਦੋਂ ਸਰੂਰ ਥੋੜਾ ਘਟਿਆ। ਚਿੱਟੇ ਦਾ ਦੌਰ ਸ਼ੁਰੂ ਹੋ ਗਿਆ। ਉਸ ਦਿਨ ਮੰਗਲ ਕੋਲੋਂ ਉਧਾਰ ਚੁੱਕਿਆ ਸੀ।
ਸ਼ਾਮ ਤੀਕ ਅਸੀਂ ਸਾਰੇ ਦੋਸਤ ਇੱਕਠੇ ਰਹੇ।
ਮੰਗਲ ਦਾ ਉਧਾਰ ਚੁਕਾਉਣ ਲਈ ਅਸੀਂ ਉਹਦਾ ਸਮਾਨ ਕਿਤੇ ਪਹੁੰਚਾਉਣ ਗਏ ਸਾਂ।
ਅਚਾਨਕ ਪੁਲਿਸ ਦੀ ਗੱਡੀ ਸਾਡੇ ਪਿੱਛੇ ਆ ਲੱਗੀ। ਕੇਸ ਦਰਜ ਹੋ ਗਿਆ। ਹਫਤੇ ਬਾਅਦ ਸਾਡੀ ਜ਼ਮਾਨਤ ਹੋਈ। ਪੁਲਿਸ ਸਟੇਸ਼ਨ ਮਿਲਣ ਆਏ ਮੰਮੀ ਫੁੱਟ-ਫੁੱਟ ਕੇ ਰੋਂਦੇ ਰਹੇ।ਪਾਪਾ ਨੇ ਵੀ ਅੱਖਾਂ ਭਰ ਲਈਆਂ।
“ਸਾਡੀਆਂ ਸੱਤਾਂ ਪੀੜ੍ਹੀਆਂ ’ਚੋਂ ਕੋਈ ਥਾਣੇ ਨਹੀਂ ਸੀ ਚੜਿਆ।” ਮੈਂ ਦੇਖਿਆ ਮੇਰੇ ਕੀਤੇ ਦੀ ਨਮੋਸ਼ੀ ਪਾਪਾ ਦੀਆਂ ਅੱਖਾਂ ਵਿੱਚ ਸੀ।
ਪਰ ਜਦੋਂ ਪੁਲਿਸ ਕੇਸ ਕਰਕੇ, ਮੈਂ ਕੈਨੇਡਾ ਨਹੀਂ ਸਾਂ ਜਾ ਸਕਿਆ। ਪਾਪਾ ਜਿਵੇਂ ਹੋਰ ਵੀ ਟੁੱਟ ਗਏ ਸਨ। ਦਫ਼ਤਰ ਤੋਂ ਛੁੱਟੀ ਲੈ ਕੇ ਉਹ ਕਈ ਦਿਨ ਘਰੋਂ ਬਾਹਰ ਨਹੀਂ ਸੀ ਨਿਕਲੇ। ਮੈਂ ਜਾ ਕੇ ਉਹਨਾਂ ਦੇ ਪੈਰ ਫੜ੍ਹ ਲਏ।
“ਮੈਂ ਜੀਣਾ ਚਾਹੁੰਦਾ ਪਾਪਾ।ਬਾਹਰ ਆਉਣਾ ਚਾਹੁੰਦਾ ਇਸ ਦਲਦਲ ’ਚੋਂ। ਬਚਾ ਲਉ ਮੈਨੂੰ।” ਪਾਪਾ ਦੇ ਪੈਰ ਫੜ੍ਹੀ ਮੈਂ ਗਿੜਗਿੜਾਉਂਦਾ ਰਿਹਾ। ਉਹਨਾਂ ਨੇ ਮੈਨੂੰ ਡੀ- ਅਡੀਕਸ਼ਨ ਸੈਂਟਰ ’ਚ ਐਡਮਿਟ ਕਰਵਾ ਦਿੱਤਾ।
ਚਾਰ ਮਹੀਨੇ ਮੈਂ ਉਥੇ ਕੱਟੇ। ਨਸ਼ੇ ਦੀ ਤਲਬ ਜਾਗਦੀ ਤਾਂ ਜਾਨ ਨਿਕਲਣ ਵਾਲੀ ਹੋ ਜਾਂਦੀ। ਮੇਰੇ ਵਰਗੇ ਉਥੇ ਹੋਰ ਵੀ ਕਈ ਜਣੇ ਸਨ। ਹਰ ਕੋਈ ਆਪਣੀ-ਆਪਣੀ ਕਹਾਣੀ ਸੁਣਾਉਂਦਾ। ਘਰ ਆਇਆ ਤਾਂ ਮੰਮੀ ਨੇ ਮੇਰਾ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ।
ਦੋਸਤਾਂ ਨਾਲ ਮੇਰਾ ਸੰਪਰਕ ਟੁੱਟ ਗਿਆ।

ਮੈਂ ਤੇ ਪਾਪਾ ਸੈਰ ’ਤੇ ਜਾਂਦੇ। ਸ਼ਾਮ ਨੂੰ ਫੇਰ ਟੈਨਿਸ ਖੇਡਣ ਲੱਗੇ। ਮੰਮੀ ਮੈਨੂੰ ਜਬਰਦਸਤੀ ਦੁੱਧ ਘਿਉ ਖਵਾਉਂਦੇ ਪਿਆਉਂਦੇ। ਚੰਦੀ ਰਘੂ ਫੋਨ ਕਰਦੇ। ਪਰ ਮੈਂ ਕਿਸੇ ਨਾਲ ਗੱਲ ਨਾ ਕਰਦਾ। ਮੰਗਲ ਵਾਲਾ ਕੇਸ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਨਿਬੜਿਆ ਸੀ।

***
ਟਾਈਮ ਦੇਖਿਆ...
ਪੌਣੇ ਦੋ ਹੋਏ ਨੇ...। ਦੋ ਘੰਟੇ ਹੋਣ ਲੱਗੇ ਨੇ ਮੈਂਨੂੰ ਜਾਗਦਿਆਂ, ਪਰ ਨੀਂਦ ਨਹੀਂ ਆ ਰਹੀ। ਅੱਜ ਕੱਲ੍ਹ ਮੇਰੇ ਨਾਲ ਇੰਜ ਹੀ ਹੁੰਦਾ। ਨੀੰਦ ਉਖੜ ਜਾਂਦੀ ਹੈ। ਕਈ ਵਾਰ ਸਾਰੀ ਸਾਰੀ ਰਾਤ ਜਾਗਦਿਆਂ ਬੀਤ ਜਾਂਦੀ। ਵਟਸਐਪ ’ਤੇ ਸੱਤੀ ਦਾ ਇਕ ਹੋਰ ਮੈਸੇਜ ਆਇਆ ਹੋਇਆ। ਉਹ ਵੀ ਸ਼ਾਇਦ ਸੁੱਤਾ ਨਹੀਂ।
ਜਾਣਦਾਂ, ਕਿਉਂ ਕਰ ਰਿਹਾ ਸੱਤੀ ਬਾਰ-ਬਾਰ ਮੈਸੇਜ। ਪੈਸੇ ਚਾਹੀਦੇ ਨੇ ਉਸਨੂੰ। ਮੈਂ ਕਈ ਦਿਨ ਦਾ ਟਾਲੀ ਜਾ ਰਿਹਾ। ਉਹ ਜਾਣਦਾ ਹੈ ਅੱਜ ਇੰਨਸ਼ੋਰੈਂਸ ਕੰਪਨੀ ਤੋਂ ਚੈੱਕ ਮਿਲਣਾ ਸੀ। ਸ਼ਾਇਦ ਇਸੇ ਲਈ..।ਪਰ ਅੱਜ ਤਾਂ ਮੇਰੀ ਜੇਬ ਵੀ ਖਾਲੀ ਸੀ।
ਸਾਰਾ ਦਿਨ ਸਰੀਰ ਟੁੱਟਿਆ ਰਿਹਾ। ਸ਼ਾਮੀ ਚੰਦੀ ਆਇਆ ਸਮਾਨ ਲੈ ਕੇ ਫੇਰ ਜਾਨ ਪਈ ਸਰੀਰ ਵਿੱਚ।
ਡੀ.ਅਡੀਕਸ਼ਨ ਸੈਂਟਰ ਤੋਂ ਆ ਕੇ ਮੈਂ ਛੇ ਮਹੀਨੇ ਬਾਹਰ ਨਹੀਂ ਸੀ ਨਿਕਲਿਆ ਘਰ ਤੋਂ।

ਸਾਰੇ ਖੁਸ਼ ਸਨ। ਪਾਪਾ ਨੇ ਗੱਡੀਆਂ ਦਾ ਸ਼ੋ ਰੂਮ ਖੋਲਣ ਦੀ ਸਲਾਹ ਬਣਾਈ। ਆਪਣੇ ਕਿਸੇ ਦੋਸਤ ਦੇ ਰਾਹੀਂ ਉਹਨਾਂ ਸਾਰੀ ਸੈਟਿੰਗ ਕਰ ਲਈ। ਬੱਸ ਸਟੈਂਡ ਦੇ ਨੇੜੇ ਬਿਲਡਿੰਗ ਕਿਰਾਏ ’ਤੇ ਲੈ ਲਈ। ਦੋ ਕੁ ਮਹੀਨੇ ’ਚ ਸਾਰੀ ਤਿਆਰੀ ਹੋ ਗਈ। ਚੰਦੀ ਅਤੇ ਰਘੂ ਮੁੜ ਮਿਲਣ ਲੱਗੇ ਸਨ। ਉਹ ਸ਼ੋ ਰੂਮ ਹੀ ਆ ਜਾਂਦੇ ਪਰ ਮੈਂ ਡਰੱਗਸ ਨਾ ਲੈਂਦਾ। ਉਹ ਅਕਸਰ ਉਦੋਂ ਹੀ ਆਉਂਦੇ ਜਦੋਂ ਸ਼ਾਮ ਨੂੰ ਸ਼ੋ ਰੂਮ ਬੰਦ ਕਰਨ ਦਾ ਟਾਈਮ ਹੁੰਦਾ। ਸਾਰੇ ਜਾ ਚੁੱਕੇ ਹੁੰਦੇ। ਉਹ ਮੇਰੇ ਸਾਹਮਣੇ ਨਸ਼ਾ ਕਰਦੇ। ਪਰ ਮੈਂ ਖ਼ੁਦ ’ਤੇ ਕੰਟਰੋਲ ਰੱਖਦਾ।
“ਕੁਝ ਨਹੀਂ ਪਿਆ ਇਹਦੇ ’ਚ ਯਾਰ ! ਨਾ ਖਰਾਬ ਕਰੋ ਆਪਣੀ ਜ਼ਿੰਦਗੀ।” ਮੈਂ ਉਹਨਾਂ ਨੂੰ ਸਮਝਾਉਣ ਵਾਂਗ ਆਖਦਾ।
“ਕਰੀਏ ਕੀ ਯਾਰ! ਹੁਣ ਨਹੀਂ ਛੁੱਟਦਾ ਕੁਝ ਵੀ। ਮੇਰਾ ਤਾਂ ਬਾਪ ਵੀ ਹੈਨ੍ਹੀ ਜਿਹੜਾ ਇਲਾਜ ਕਰਵਾ ਦੇਵੇ।”
ਰਘੂ ਦੇ ਪਾਪਾ ਦੀ ਮੌਤ ਹੋ ਚੁੱਕੀ ਸੀ। ਇੱਕ ਦਿਨ ਉਹ ਆਪਣੇ ਨਾਲ ਕਿਸੇ ਕੁੜੀ ਨੂੰ ਲੈ ਕੇ ਆਏ।
“ਦੋਸਤ ਏ ਆਪਣੀ।” ਚੰਦੀ ਨੇ ਹੌਲੀ ਜਿਹੇ ਆਖਿਆ।
“ਯਾਰ ਕਿਸੇ ਨੂੰ ਪਤਾ ਲੱਗ ਗਿਆ...।” ਰਘੂ ਨੇ ਮੈਨੂੰ ਬੋਲਣ ਨਾ ਦਿੱਤਾ। ਮੈਂ ਚਾਹ ਕੇ ਵੀ ਉਹਨਾਂ ਨੂੰ ਰੋਕ ਨਾ ਪਾਉਂਦਾ।
“ਅੱਜ ਤਾਂ ਲਗਾ ਲੈ...। ਐਵੇਂ ਠੁੱਸ ਹੀ ਨਾ ਹੋ ਜਾਈਂ...।” ਉਸ ਦਿਨ ਕੰਟਰੋਲ ਖਤਮ ਹੋ ਗਿਆ। ਜਾਣ ਲੱਗਿਆ ਉਸ ਕੁੜੀ ਨੂੰ ਪੈਸੇ ਵੀ ਮੈਂ ਆਪਣੀ ਜੇਬ ’ਚੋਂ ਦਿੱਤੇ। ਅਸੀਂ ਦੁਬਾਰਾ ਉਹੀ ਸਭ ਕੁਝ ਕਰਨ ਲੱਗੇ। ਜਦੋਂ ਜੇਬ ਖਾਲੀ ਹੁੰਦੀ ਰਘੂ ਮੈਡੀਕਲ ਸਟੋਰ ਤੋਂ ਕਫ਼-ਸਿਰਪ ਲੈ ਆਉਂਦਾ।
“ਅੱਜ ਇਸੇ ਨਾਲ ਸਾਰ ਲਉ।”
ਕਈ ਵਾਰ ਅਸੀਂ ਚਾਰ-ਚਾਰ ਕੈਪਸੂਲ ਇੱਕਠੇ ਅੰਦਰ ਸੁੱਟ ਲੈਂਦੇ। ਪਾਪਾ ਕਦੀ-ਕਦੀ ਗੇੜਾ ਮਾਰ ਜਾਂਦੇ। ਘਰੇ ਮੰਮੀ ਪੂਰੀ ਖਬਰ ਰੱਖਦੇ।
“ਫਾਲਤੂ ਨਾ ਉੱਠਣ ਬੈਠਣ ਦਈਂ ਕਿਸੇ ਨੂੰ।” ਉਹ ਜਦੋਂ ਇੰਜ ਆਖਦੇ, ਮੈਂ ਅੰਦਰੋਂ ਡਰ ਜਾਂਦਾ।
ਚਾਰ-ਛੇ ਮਹੀਨੇ ਸਾਡੇ ਇੰਜ ਹੀ ਲੰਘ ਗਏ। ਜਦੋਂ ਬਿਲਡਿੰਗ ਦੇ ਮਾਲਕ ਨੂੰ ਪਤਾ ਲੱਗਾ, ਉਹਨੇ ਪਾਪਾ ਨੂੰ ਦੱਸ ਦਿੱਤਾ। ਘਰ ਵਿੱਚ ਦੁਬਾਰਾ ਭੁਚਾਲ ਆ ਗਿਆ। ਪਾਪਾ ਨੇ ਸ਼ੋ ਰੂਮ ਬੰਦ ਕਰਵਾ ਦਿੱਤਾ। ਸ਼ੋ ਰੂਮ ਤੇ ਡੀ.ਅਡੀਕਸ਼ਨ ’ਤੇ ਲੱਗਾ ਲੱਖਾਂ ਰੁਪਈਆ ਖੂਹ ਵਿੱਚ ਪੈ ਗਿਆ।
ਮੰਮੀ ਪਾਪਾ ਮੈਨੂੰ ਬੁਲਾਉਂਦੇ ਨਾ।

“ਇਹਨੂੰ ਤੁਸੀਂ ਮੇਰੇ ਕੋਲ ਭੇਜੋ। ਜਦੋਂ ਮਾੜੇ ਲੋਕਾਂ ਦਾ ਸਾਥ ਛੁੱਟ ਗਿਆ ਆਪੇ ਠੀਕ ਹੋ ਜਾਣਾ ਸਭ...।” ਮੰਮੀ ਪਾਪਾ ਨੇ ਮੈਨੂੰ ਜਬਰਦਸਤੀ ਮਾਮਾ ਜੀ ਕੋਲ ਭੇਜ ਦਿੱਤਾ।
ਮਾਮਾ ਜੀ ਮੈਨੂੰ ਤੜਕੇ ਚਾਰ ਵਜੇ ਉਠਾ ਲੈਂਦੇ ਆ ਆਪਣੇ ਨਾਲ ਗੁਰਦੁਆਰੇ ਲੈ ਜਾਂਦੇ। ਫਿਰ ਦੁਕਾਨ ਤੇ ਜਾਣ ਤੋਂ ਪਹਿਲਾਂ ਆਪਣੇ ਕਿਸੇ ਡਾਕਟਰ ਦੋਸਤ ਕੋਲ ਲੈ ਕੇ ਜਾਂਦੇ। ਡਾਕਟਰ ਹਫਤਾ ਭਰ ਮੈਨੂੰ ਇਜੈਕਸ਼ਨ ਤੇ ਦਵਾਈ ਦਿੰਦਾ ਰਿਹਾ। ਡਾਕਟਰ ਦੀ ਦਵਾਈ ਨਾਲ ਸਰੀਰ ਪਹਿਲਾਂ ਵਾਂਗ ਨਾ ਟੁੱਟਦਾ। ਮਾਮਾ ਜੀ ਦਾ ਬੇਟਾ ਸੱਤੀ ਕਾਲਜ ਚਲਿਆ ਜਾਂਦਾ। ਮੈਂ ਸਾਰਾ ਦਿਨ ਇੱਕਲਾ ਟੀ.ਵੀ ਦੇਖਦਾ। ਸ਼ਾਮ ਨੂੰ ਮੈਂ ਤੇ ਸੱਤੀ ਕਈ ਵਾਰ ਬਾਹਰ ਚਲੇ ਜਾਂਦੇ।ਇੱਕ ਦਿਨ ਸੱਤੀ ਮੈਂਨੂੰ ਆਪਣੇ ਦੋਸਤਾ ਕੋਲ ਲੈ ਗਿਆ। ਅਸੀਂ ਗੱਲਾਂ ਕਰਦੇ ਰਹੇ। ਫਿਰ ਉਹਨਾਂ ਦਾਰੂ ਦੀ ਬੋਤਲ ਮੰਗਵਾ ਲਈ। ਸੱਤੀ ਨੇ ਸਭ ਤੋਂ ਪਹਿਲਾਂ ਗਲਾਸੀ ਚੁੱਕੀ।
“ਸੱਤੀ ਤੂੰ ਇਹ...।” ਮੈਂ ਹੈਰਾਨ ਸਾਂ।
“ਘਰ ਜਾ ਕੇ ਨਾ ਦੱਸੀ ਬਾਈ। ਬੁੜੇ ਨੇ ਘਰ ਨਹੀਂ ਵੜਨ ਦੇਣਾ।” ਸੱਤੀ ਨਾਲ ਮੇਰੀ ਬੁੱਕਲ ਖੁੱਲ੍ਹ ਗਈ।

ਮੈਂ ਮਾਮਾ ਜੀ ਵੱਲ ਦੇਖਦਾ। ਉਹ ਦਿਨ ਰਾਤ ਪਾਠ ਕਰਦੇ। ਗੁਰਦੁਆਰੇ ਜਾਂਦੇ। ਮੈਂ ਉਦਾਸ ਹੋ ਗਿਆ।ਮਾਮਾ ਜੀ ਵੱਲ ਦੇਖ ਕੇ ਮੈਨੂੰ ਪਾਪਾ ਦਾ ਚਿਹਰਾ ਯਾਦ ਆ ਜਾਂਦਾ।
ਉਹ ਡਿਫੈਂਸ ਵਿੱਚ ਭੇਜਣਾ ਚਾਹੁੰਦੇ ਸਨ ਮੈਨੂੰ। ਪਰ ਜਦੋਂ ਉਹਨਾਂ ਨੂੰ ਇਹ ਸੁਪਨਾ ਅਧੂਰਾ ਰਹਿੰਦਾ ਦਿੱਸਿਆ, ਉਹਨਾਂ ਮੈਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਸੋਚ ਲਿਆ ਸੀ ।

ਮੈਂ ਦੋ ਕੁ ਮਹੀਨੇ ਮਾਮਾ ਜੀ ਕੋਲ ਰਿਹਾ। ਮੰਮੀ ਪਾਪਾ ਦੀ ਯਾਦ ਆਉਂਦੀ। ਮੈਂ ਫੋਨ ’ਤੇ ਤਰਲੇ ਲਏ। ਵਾਅਦਾ ਕੀਤਾ। ਪਾਪਾ ਮੈਨੂੰ ਘਰ ਲੈ ਆਏ। ਮੈਂ ਸਾਰਾ ਦਿਨ ਘਰੋਂ ਨਾ ਨਿਕਲਦਾ। ਸਰੀਰ ਟੁੱਟਣ ਲੱਗਦਾ। ਮੰਮੀ ਤੋਂ ਅੱਖ ਬਚਾ ਕੇ ਮੈਂ ਸਮੋਕਿੰਗ ਕਰ ਲੈਂਦਾ।
“ਕਿੰਨੀਆਂ ਰੀਝਾਂ ਸੀ ਗੈਵੀ ਦੇ ਵਿਆਹ ਦੀਆਂ। ਪਰ ਇਹਨੇ ਤਾਂ...। ਜਦੋਂ ਮਾਸੀ ਕਜ਼ਨ ਦੇ ਵਿਆਹ ਦਾ ਕਾਰਡ ਦੇ ਕੇ ਗਏ। ਮੰਮੀ ਮੇਰੇ ਵਿਆਹ ਨੂੰ ਯਾਦ ਕਰਕੇ ਰੋਣ ਲੱਗ ਪਏ।

***
ਅਸੀਂ ਵਿਆਹ ਗਏ।
ਸੱਤੀ ਵੀ ਆਇਆ ਸੀ। ਅਸੀਂ ਇੱਕਠੇ ਇੰਜੁਆਏ ਕਰਦੇ ਰਹੇ। ਆਸਾ ਪਾਸਾ ਦੇਖ ਕੇ ਡਰਿੰਕ ਕਰ ਲਈ। ਜਦੋਂ ਸ਼ਰਾਬ ਦਾ ਨਸ਼ਾ ਹੋ ਗਿਆ। ਸੱਤੀ ਪੁੱਛਣ ਲੱਗਾ-
“ਲਾਉਣਾ ਸਮਾਨ?”
“ਇਥੇ ਕਿਵੇਂ?”
“ਟੈਂਸ਼ਨ ਨਾ ਲੈ ਆਜਾ।”
ਮੈਂ ਤੇ ਸੱਤੀ ਮੋਟਰ ਸਾਈਕਲ ਲੈ ਕੇ ਉਸਦੇ ਕਿਸੇ ਦੋਸਤ ਵੱਲ ਚਲੇ ਗਏ।
“ਡੋਜ਼ ਤੇਜ਼ ਕਰਨ ਦਾ ਤਰੀਕਾ ਦੱਸਾਂ ਅੱਜ ਤੈਨੂੰ।”
ਉਹਨੇ ਇੰਜੈਕਸ਼ਨ ਭਰ ਲਿਆ।
“ਪਰ ਯਾਰ...।”
“ਡਰਦਾ ਕਿਉਂ ਏ। ਸਰੂਰ ਦੇਖੀਂ।”
ਅਸੀਂ ਤਿੰਨਾਂ ਨੇ ਇਕੋ ਸਰਿੰਜ ਨਾਲ ਇੰਜੈਕਸ਼ਨ ਲੈ ਲਿਆ।
ਵਾਪਸ ਪੈਲਸ ਵਿੱਚ ਆਏ ਤਾਂ ਮੇਰੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਮੈਂ ਤੇ ਸੱਤੀ ਸਟੇਜ ’ਤੇ ਚੜ੍ਹ ਕੇ ਡਾਂਸਰਾਂ ਨਾਲ ਨੱਚਦੇ ਰਹੇ।ਬਰਾਤ ਤੁਰਨ ਦੇ ਨਾਲ ਹੀ ਪਾਪਾ ਨੇ ਘਰ ਮੁੜਨ ਦਾ ਮਨ ਬਣਾ ਲਿਆ।
ਸ਼ਾਮ ਉਤਰ ਆਈ।

ਮੈਂ ਗੱਡੀ ਚਲਾਉਣ ਲੱਗਾ। ਨਸ਼ੇ ਨਾਲ ਮੇਰੀਆਂ ਅੱਖਾਂ ਮਿਚਦੀਆਂ ਪਈਆਂ ਸਨ। ਸਾਹਮਣਿਓ ਤੇਜ਼ ਟਰੱਕ ਆਇਆ। ਮੇਰੀ ਸੁਰਤੀ ਖਿੰਡ ਗਈ। ਸੰਤੁਲਨ ਵਿਗੜ ਗਿਆ। ਕਾਰ ਟਰੱਕ ਨਾਲ ਟਕਰਾ ਗਈ। ਮੈਂ ਕਾਰ ’ਚੋਂ ਬਾਹਰ ਜਾ ਡਿੱਗਾ। ਰੁਕਦਾ-ਰੁਕਦਾ ਟਰੱਕ ਕਾਰ ਨੂੰ ਧੂਹ ਕੇ ਦੱਸ ਫੁੱਟ ਪਿਛੇ ਲੈ ਗਿਆ। ਕਾਰ ਦਾ ਮੂੰਹ ਘੁੰਮ ਕੇ ਦੂਜੇ ਪਾਸੇ ਹੋ ਗਿਆ।ਪਾਪਾ ਦਾ ਸਿਰ ਕੁਚਲਿਆ ਗਿਆ। ਮੰਮੀ ਸਹਿਕ ਰਹੇ ਸਨ।ਇੱਕਠੇ ਹੋਏ ਲੋਕ ਉਹਨਾਂ ਨੂੰ ਹਸਪਤਾਲ ਲੈ ਕੇ ਦੌੜੇ। ਮੈਂ ਉਠ ਕੇ ਘਬਰਾਏ ਹੋਏ ਮਾਮਾ ਜੀ ਨੂੰ ਫੋਨ ਕੀਤਾ। ਕਿਸੇ ਦੀ ਗੱਡੀ ’ਤੇ ਮੰਮੀ ਦੇ ਪਿੱਛੇ ਹਸਪਤਾਲ ਦੌੜਿਆ। ਪਰ ਰਸਤੇ ਵਿੱਚ ਹੀ ਮੰਮੀ...।ਮੰਮੀ-ਪਾਪਾ ਦੀਆਂ ਲਾਸ਼ਾਂ ਸਾਰੀ ਰਾਤ ਹਸਪਤਾਲ ਪਈਆਂ ਰਹੀਆਂ।ਅਸੀਂ ਹਸਪਤਾਲ ਬੈਠੇ ਦਿਨ ਚੜ੍ਹਨ ਦੀ ਉਡੀਕ ਕਰਦੇ ਰਹੇ।ਮੇਰੀ ਬਾਂਹ ਦਰਦ ਨਾਲ ਸਿੱਧੀ ਨਹੀਂ ਸੀ ਹੋ ਰਹੀ। ਡਾਕਟਰ ਨੂੰ ਦਿਖਾਇਆ ਤਾਂ ਉਹਨੇ ਪਲੱਸਤਰ ਲਗਾ ਦਿੱਤਾ।
ਅਗਲੇ ਦਿਨ ਸਸਕਾਰ ਕੀਤਾ ਗਿਆ।

ਮੇਰਾ ਦਿਲ ਕੀਤਾ, ਪਾਪਾ ਨੂੰ ਫੇਰ ਕਹਾਂ- ਪਾਪਾ ਮੈਂ ਜਿਉਣਾ ਚਾਹੁੰਦਾ। ਬਚਾ ਲਉ ਮੈਨੂੰ। ਪਰ ਪਾਪਾ ਤਾਂ...।
ਮੈਨੂੰ ਰਘੂ ਯਾਦ ਆਇਆ।
“ਮੇਰਾ ਤਾਂ ਬਾਪੂ ਵੀ ਹੈਨੀ ਯਾਰ।” ਪਰ ਆਪਣੇ ਬਾਪ ਨੂੰ ਤਾਂ ਮੈਂ ਹੀ...।
ਮੈਂ ਉਚੀ ਸਾਰੀ ਭੁੱਬ ਮਾਰੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ