Dar-Darvesh (Punjabi Story) : Dalbir Chetan

ਦਰ-ਦਰਵੇਸ਼ (ਕਹਾਣੀ) : ਦਲਬੀਰ ਚੇਤਨ

'ਬੀਬਾ ਮੈਂ ਅੰਦਰ ਆ ਸਕਦਾਂ?' ਕੋਈ ਓਪਰਾ ਬੰਦਾ ਬੜੇ ਹੀ ਅਦਬ ਨਾਲ ਘਰ ਦੀਆਂ ਮੁਹਾਠਾਂ ਧੋ ਰਹੀ ਔਰਤ ਨੂੰ ਪੁੱਛਦਾ ਹੈ।
ਦਹਿਲੀਜ਼ਾਂ ਧੋ ਰਹੀ ਔਰਤ ਤ੍ਰਭਕ ਜਾਂਦੀ ਹੈ। ਮੂੰਹਹਨੇਰੇ 'ਚ ਉਹ ਪੁੱਛਣ ਵਾਲੇ ਦਾ ਮੂੰਹ ਵੇਖਦੀ ਹੈ ਪਰ ਚਿਹਰਾ ਧੁੰਦਲਾ ਜਿਹਾ ਹੀ ਦਿਸਦਾ ਹੈ। ਪੋਹ ਦੀ ਧੁੰਦ ਕਾਰਨ, ਵਰਾਂਡੇ 'ਚ ਜਗ ਰਹੀ ਬੱਤੀ ਦਾ ਚਾਨਣ ਵੀ ਬੜਾ ਮੱਧਮ ਜਿਹਾ ਹੈ। ਉਂਜ ਤਾਂ ਕਾਲੇ ਦਿਨਾਂ 'ਚ ਚਾਨਣ ਦੀ ਬੜੀ ਲੋੜ ਸੀ ਪਰ ਕਾਲੇ ਦਿਨਾਂ ਤੋਂ ਹੀ ਡਰਦਿਆਂ, ਲੋਕਾਂ ਨੇ ਬਾਹਰਲੇ ਬੂਹਿਆਂ ਉਤੇ ਲੱਗੀਆਂ ਬੱਤੀਆਂ ਆਪਣੇ ਹੱਥੀਂ ਹੀ ਲਾਹ ਦਿੱਤੀਆਂ ਸਨ।
ਸਹਿਮੀ ਔਰਤ ਬੜੇ ਗਹੁ ਨਾਲ ਉਸ ਓਪਰੇ ਬੰਦੇ ਨੂੰ ਵਿੰਹਦੀ ਹੈ। ਉਹ ਕੋਈ ਦਰਵੇਸ਼ ਜਿਹੀ ਕਿਸਮ ਦਾ ਲਗਦਾ ਹੈ। ਪਿਛਾਂਹ ਨੂੰ ਮੋਢਿਆਂ ਤੱਕ ਲਟਕ ਰਹੇ ਸਿਰ ਦੇ ਚਿੱਟੇ ਵਾਲ। ਲੰਮੀ ਸਫੈਦ ਦਾਹੜੀ, ਗਲ ਲੰਮਾ ਚਿੱਟਾ ਚੋਲਾ, ਪੈਰੀਂ ਖੜਾਵਾਂ ਤੇ ਹੱਥ ਵਿਚ ਖੂੰਡੀ। ਉਹ ਉਸ ਨੂੰ ਨਿਹਾਰਦੀ, ਡਰੀ ਸਹਿਮੀ ਜਿਹੀ ਬੜਾ ਕੁਝ ਸੋਚਦੀ ਹੈ। ਓਪਰੇ ਬੰਦਿਆਂ ਨਾਲ ਜੁੜੀ ਦਹਿਸ਼ਤ ਦਾ ਖਿਆਲ ਉਸ ਨੂੰ ਹਲੂਣ ਸੁੱਟਦਾ ਹੈ। ਉਸ ਨੂੰ ਕੁਝ ਵੀ ਨਹੀਂ ਅਹੁੜ ਰਿਹਾ ਕਿ ਉਹ ਕੀ ਜਵਾਬ ਦੇਵੇ...।
ਅੰਮ੍ਰਿਤ ਵੇਲੇ ਉਠ ਕੇ ਬਾਹਰਲੀਆਂ ਦਹਿਲੀਜ਼ਾਂ ਧੋਣਾ ਇਸ ਔਰਤ ਦਾ ਨਿੱਤਨੇਮ ਹੈ। ਮਰਨ ਵਾਲਾ ਕਿਹਾ ਕਰਦਾ ਸੀ, 'ਸਵੱਖਤੇ ਉਠ ਕੇ ਘਰ ਦੀਆਂ ਮੁਹਾਠਾਂ ਧੋ ਲੈਣੀਆਂ ਚਾਹੀਦੀਆਂ। ਕੀ ਪਤਾ ਕਿਹੜੇ ਵੇਲੇ ਕੋਈ ਘਰ ਆ ਜਾਵੇ।' ਉਹਦੀ ਯਾਦ ਆਉਂਦਿਆਂ ਉਹਦੇ ਕਾਲਜੇ ਜਿਵੇਂ ਰੁੱਗ ਭਰਿਆ ਗਿਆ ਤੇ ਉਹ ਹੋਰ ਵੀ ਸਹਿਮ ਜਾਂਦੀ ਹੈ ਪਰ ਉਹਨੂੰ ਮਰਨ ਵਾਲੇ ਦੇ ਬੋਲ ਯਾਦ ਆਉਂਦੇ ਨੇ ਜਿਹੜਾ ਕਿਹਾ ਕਰਦਾ ਸੀ, 'ਵੇਖ, ਇਸ ਬੂਹੇ 'ਤੇ ਮਾਰੀ ਕੋਈ ਵੀ ਆਵਾਜ਼ ਕਦੇ ਵੀ ਖਾਲੀ ਨਹੀਂ ਮੁੜਨੀ ਚਾਹੀਦੀ।' ਉਹ ਆਪਣੇ ਅੰਦਰ ਉਗਮ ਆਏ ਸਹਿਮ ਨੂੰ ਪਰ੍ਹੇ ਸੁੱਟਦਿਆਂ ਕਹਿੰਦੀ ਹੈ, 'ਜੀ, ਜੀ ਆਇਆਂ ਨੂੰ, ਬੱਸ ਦਲ੍ਹੀਜਾਂ 'ਤੇ ਪਾਣੀ ਦਾ ਆਖਰੀ ਛੱਟਾ ਮਾਰ ਲੈਣ ਦਉ।'
ਦਰਵੇਸ਼ਾਂ ਵਰਗਾ ਬੰਦਾ ਅੰਦਰ ਲੰਘ ਆਇਆ। ਔਰਤ ਨੇ ਉਸ ਨੂੰ ਬੈਠਣ ਲਈ ਉਚਾ ਮੂੜ੍ਹਾ ਦਿੱਤਾ ਤੇ ਆਪ ਪੀੜ੍ਹੀ ਉਤੇ ਬੈਠ ਗਈ। ਦਰਵੇਸ਼ ਨੇ ਮੂੜ੍ਹੇ ਉਤੇ ਬੈਠ ਕੇ ਅੱਖਾਂ ਮੁੰਦ ਲਈਆਂ। ਔਰਤ ਇਕ ਟੱਕ ਉਸ ਨੂੰ ਨਿਹਾਰਨ ਲੱਗੀ। ਚਿਹਰੇ ਉਤੇ ਥਕਾਵਟ ਤੇ ਪੈਰ ਧੂੜ ਨਾਲ ਅੱਟੇ ਪਏ ਸਨ। ਪਿੱਠ 'ਤੇ ਮਿਲਟਰੀ ਵਾਲਿਆਂ ਵਰਗਾ ਵੱਡਾ ਸਾਰਾ ਪਿੱਠੂ ਸੀ। ਚਿੱਟਾ ਚੋਲਾ ਮੈਲਾ-ਕੁਚੈਲਾ ਹੋਇਆ ਪਿਆ ਸੀ। ਲੱਗਦਾ ਸੀ ਜਿਵੇਂ ਉਹ ਬੜੇ ਹੀ ਲੰਮੇ ਤੇ ਔਖੇ ਰਾਹਾਂ 'ਚੋਂ ਲੰਘ ਕੇ ਆਇਆ ਹੋਵੇ। ਉਹਦੇ ਬੀਬੇ ਜਿਹੇ ਚਿਹਰੇ ਨੂੰ ਵੇਖ ਔਰਤ ਦਾ ਸਹਿਮ ਕੁਝ ਘਟਿਆ ਪਰ ਫੇਰ ਵੀ ਉਹ ਸੋਚਣ ਲੱਗੀ, 'ਕੌਣ ਹੋਵੇਗਾ ਇਹ? ਤੇ ਇਸ ਤੋਂ ਵੱਡੀ ਗੱਲ ਕਿ ਇਸ ਨੂੰ ਪੁੱਛਿਆ ਕਿੱਦਾਂ ਜਾਵੇ ਕਿ ਕੌਣ ਹੈ ਇਹ?' ਔਰਤ ਅਜੇ ਤੱਕ ਵੀ ਦੁਚਿੱਤੀ 'ਚ ਸੀ।
ਦਰਵੇਸ਼ ਨੇ ਅੱਖਾਂ ਉਘੇੜੀਆਂ ਤੇ ਆਪਣੇ ਮੋਢਿਆਂ ਦੁਆਲਿਉਂ ਤਣੀਆਂ ਖੋਲ੍ਹ ਪਿੱਠੂ ਨੂੰ ਲਾਹ ਕੇ ਫਰਸ਼ ਉਤੇ ਰੱਖ ਦਿੱਤਾ। 'ਬੌਤ੍ਹ ਥੱਕ ਗਿਆ ਹਾਂ ਬੀਬਾ, ਥੋੜ੍ਹਾ ਰਾਮ ਕਰਨ ਨੂੰ ਜੀ ਕਰਦੇ।' ਦਰਵੇਸ਼ ਨੇ ਆਖਿਆ।
'ਠੀਕ ਐ, ਪਰ ਜੇ ਚਾਹੋ ਤਾਂ ਗਰਮ ਪਾਣੀ ਨਾਲ ਪੈਰ ਵੀ ਧੋ ਲਵੋ, ਕੁਝ ਥਕਾਵਟ ਲਹਿ ਜਾਏਗੀ।' ਪਤਾ ਨਹੀਂ ਉਹ ਕਿਵੇਂ ਉਂਜ ਦੀਆਂ ਗੱਲਾਂ ਕਰਨ ਲੱਗ ਪਈ ਸੀ, ਜਿਵੇਂ ਉਹ ਮਰਨ ਵਾਲੇ ਦੇ ਜਿਊਂਦਿਆਂ ਜੀ, ਘਰ ਆਏ ਲੋਕਾਂ ਨਾਲ ਕਰਿਆ ਕਰਦੀ ਸੀ। ਔਰਤ ਨੇ ਤ੍ਰਿਮਚੀ 'ਚ ਪਾਣੀ ਪਾ ਲਿਆਂਦਾ। ਦਰਵੇਸ਼ ਨੇ ਦੋਵੇਂ ਪੈਰ ਪਾਣੀ 'ਚ ਰੱਖਦਿਆਂ, ਕੁਝ ਰਾਹਤ ਜਿਹੀ ਮਹਿਸੂਸ ਕੀਤੀ।
'ਇਥੇ ਤਾਂ ਆਲੇ ਦੁਆਲੇ ਰੌਲਾ ਹੀ ਬੜਾ 'ਰਾਮ ਕਿਵੇਂ ਹੋਏਗਾ?' ਦਰਵੇਸ਼ ਨੇ ਜਿਵੇਂ ਆਪਣੇ-ਆਪ ਨੂੰ ਹੀ ਪੁੱਛਿਆ ਪਰ ਜਵਾਬ ਔਰਤ ਨੇ ਦਿੱਤਾ, 'ਦਰਅਸਲ ਘਰ ਦੇ ਲਾਗੇ ਹੀ ਰੱਬ ਦਾ ਘਰ ਹੈ ਜੀ, ਲੋਕ ਸਵੇਰੇ-ਸਵੇਰੇ ਰੱਬ ਦਾ ਨਾਂ ਲੈਂਦੇ ਨੇ।' 'ਰੱਬ ਦੇ ਨਾਂ ਦਾ ਰੌਲੇ ਨਾਲ ਕੀ ਵਾਸਤਾ ਬੀਬਾ?' ਦਰਵੇਸ਼ ਨੇ ਹੱਸ ਕੇ ਪੁੱਛਿਆ ਪਰ ਉਹਦਾ ਹਾਸਾ ਵੀ ਜਿਵੇਂ ਰੋਣ ਵਰਗਾ ਹੀ ਸੀ।
'ਧੁਆਡੀ ਗੱਲ ਵੀ ਠੀਕ ਐ ਜੀ, ਮੇਰਾ ਮਰਨ ਵਾਲਾ ਵੀ ਕਿਹਾ ਕਰਦਾ ਸੀ ਕਿ ਰੱਬ ਦੇ ਘਰ ਸਭ ਤੋਂ ਵਧ ਸ਼ਾਂਤੀ ਚਾਹੀਦੀ ਐ ਪਰ ਲਗਦਾ ਜਿਵੇਂ ਇਥੇ ਵੀ ਚੋਣ ਪ੍ਰਚਾਰ ਹੋ ਰਿਹਾ ਹੋਵੇ।' 'ਉਹ ਜ਼ਰੂਰ ਬਾਗੀ ਸੁਭਾਅ ਦੇ ਬੰਦੇ ਹੋਣਗੇ?' ਦਰਵੇਸ਼ ਜਿਵੇਂ ਆਪਣਾ ਕਿਆਸ ਪੁੱਛਦਾ ਹੈ।
'ਬਸ ਜੀ, ਪਾਖੰਡ ਬਿਲਕੁਲ ਬਰਦਾਸ਼ਤ ਨਹੀਂ ਸਨ ਕਰਦੇ। ਆਹ ਵੇਖੋ, ਇਹ ਸਾਰੇ ਸ਼ੇਅਰ ਉਨ੍ਹਾਂ ਨੇ ਆਪਣੇ ਹੱਥੀਂ ਲਿਖੇ ਸਨ' ਔਰਤ ਨੇ ਕੰਧ ਉਤੇ ਲੱਗੇ ਪਰਦੇ ਨੂੰ ਇਕ ਪਾਸੇ ਸਰਕਾਇਆ। ਸਾਰੀ ਚਿੱਟੀ ਕੰਧ, ਕਾਲੇ ਅੱਖਰਾਂ ਨਾਲ ਸ਼ੇਅਰ ਲਿਖ-ਲਿਖ ਭਰੀ ਹੋਈ ਸੀ। ਦਰਵੇਸ਼ ਨੇ ਸਾਰੇ ਸ਼ੇਅਰਾਂ ਉਤੇ ਨਜ਼ਰ ਮਾਰੀ ਪਰ ਇਕ ਥਾਂ ਜਿਵੇਂ ਉਹਦੀ ਨਜ਼ਰ ਅੜ ਗਈ:
'ਜਾਂ ਧਰਤੀ ਕੇ ਜ਼ਖਮੋਂ ਪਰ ਮਰਹਮ ਰਖਦੇ
ਜਾਂ ਮੇਰਾ ਦਿਲ ਪੱਥਰ ਕਰ ਦੇ, ਯਾ ਅੱਲ੍ਹਾ...।'
'ਕਮਾਲ ਹੈ ਭਈ!' ਦਰਵੇਸ਼ ਜਿਵੇਂ ਆਵੇਸ਼ 'ਚ ਹੀ ਬੋਲਿਆ।
'ਜੀ ਉਹ ਤਾਂ ਕਿਹਾ ਕਰਦੇ ਸਨ, ਮਨੁੱਖ ਦਾ ਕਲਿਆਣ ਸਿਆਸਤ ਤੇ ਧਰਮ ਰਾਹੀਂ ਹੀ ਹੋ ਸਕਦਾ ਸੀ ਪਰ ਇਹ ਦੋਵੇਂ ਗੜ੍ਹ ਮਾੜੇ ਹੱਥਾਂ ਨੇ ਹਥਿਆ ਲਏ ਨੇ।'
'ਉਹ ਕਦੇ ਨਹੀਂ ਸਨ ਜਾਂਦੇ ਰੱਬ ਦੇ ਘਰ?' ਦਰਵੇਸ਼ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
'ਕੀ ਦੱਸਾਂ ਜੀ, ਇਕ ਵਾਰ ਇੰਜ ਦਾ ਸਵਾਲ ਹੀ ਉਨ੍ਹਾਂ ਦੇ ਕਿਸੇ ਧਾਰਮਿਕ ਕਿਸਮ ਦੇ ਦੋਸਤ ਨੇ ਪੁੱਛਿਆ ਸੀ ਤੇ ਉਨ੍ਹਾਂ ਨੇ ਅੱਗੋਂ ਹੱਸ ਕੇ ਕਿਹਾ ਸੀ, '...ਅਸਲ 'ਚ ਜਦੋਂ ਤੁਸੀਂ ਢੋਲਕੀਆਂ-ਛੈਣੇ ਕੁੱਟਣ ਲੱਗਦੇ ਹੋ ਤਾਂ ਰੱਬ ਵਿਚਾਰਾ ਰੌਲੇ ਤੋਂ ਘਬਰਾ ਕੇ, ਮੇਰੇ ਘਰ ਆ ਜਾਂਦਾ। ਫੇਰ ਤੂੰ ਹੀ ਦੱਸ ਮੈਂ ਉਥੇ ਲੈਣ ਕੀ ਜਾਣਾ?'
'ਬੜਾ ਦਿਲਚਸਪ ਬੰਦਾ ਹੋਏਗਾ, ਰੱਬ ਨਾਲ ਏਨੀ ਨੇੜਤਾ? ਨਹੀਂ ਤਾਂ ਵੇਖਿਆ ਕਿ ਲੋਕ ਰੱਬ ਤੋਂ ਡਰਦੇ ਹੀ ਰੱਬ ਨੂੰ ਪੂਜੀ ਜਾਂਦੇ ਨੇ।'
'ਰੱਬ ਬਾਰੇ ਉਨ੍ਹਾਂ ਇਕ ਕਿਤਾਬ ਵੀ ਲਿਖੀ ਸੀ, ਸਾਈਂ। ਉਸ ਕਿਤਾਬ ਦੀ ਏਨੀ ਪ੍ਰਸ਼ੰਸਾ ਤੇ ਵਿਰੋਧਤਾ ਹੋਈ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਾਫ਼ਰ ਮਿਥ ਲਿਆ।'
ਔਰਤ ਨੇ ਅਲਮਾਰੀ 'ਚੋਂ ਕਿਤਾਬ ਕੱਢ ਕੇ ਦਰਵੇਸ਼ ਨੂੰ ਲਿਆ ਫੜਾਈ। ਦਰਵੇਸ਼ ਨੇ ਪਹਿਲਾਂ ਸਰਵਰਕ ਨੂੰ ਗਹੁ ਨਾਲ ਵੇਖਿਆ ਤੇ ਫੇਰ ਉਹ ਬੇਤਰਤੀਬੀ ਜਿਹੀ ਨਾਲ ਵਰਕੇ ਫਰੋਲਣ ਲੱਗਾ। ਇਕ ਥਾਂ ਉਹਦੀ ਨਜ਼ਰ ਅਟਕ ਗਈ, 'ਧਰਤੀ ਉਤੇ ਜਿੰਨੀਆਂ ਲੜਾਈਆਂ ਤੇ ਕਤਲੋਗਾਰਤ ਧਰਮ ਦੇ ਨਾਂ ਉਤੇ ਹੋਈ ਹੈ, ਉਨੀ ਹੋਰ ਕਿਸੇ ਵੀ ਕਾਰਨ ਨਹੀਂ ਹੋਈ।' ਉਹਨੇ ਕੁਝ ਹੋਰ ਵਰਕੇ ਫੋਲੇ। ਇਕ ਥਾਂ ਲਿਖਿਆ ਸੀ: 'ਮਨੁੱਖ ਨੂੰ ਮਨੁੱਖ ਹੀ ਰਹਿਣ ਦਿਓ, ਇਹਨੂੰ ਧਾਰਮਿਕ ਬਣਾਉਣ ਉਤੇ ਜ਼ੋਰ ਨਾ ਪਾਉ। ਧਾਰਮਿਕ ਬੰਦਾ ਉਲ੍ਹਾਰ ਹੋ ਜਾਂਦਾ ਹੈ ਤੇ ਉਲ੍ਹਾਰ ਬੰਦਾ ਕਦੇ ਵੀ ਸਹੀ ਨਹੀਂ ਹੁੰਦਾ।'
ਵਰਕੇ ਫਰੋਲਦਿਆਂ ਤੇ ਟਾਵੀਂ-ਟਾਵੀਂ ਸਤਰ ਪੜ੍ਹਦਿਆਂ ਦਰਵੇਸ਼ ਨੂੰ ਲੱਗਾ ਜਿਵੇਂ ਉਹਦੀ ਥਕਾਵਟ ਲਹਿ ਰਹੀ ਹੋਵੇ। ਉਹ ਇਕ-ਅੱਧੀ ਸਤਰ ਪੜ੍ਹ ਕੇ ਅਗਲੇ ਵਰਕੇ ਫਰੋਲਣ ਲੱਗ ਪੈਂਦਾ ਜਿਵੇਂ ਸਾਰੀ ਕਿਤਾਬ ਦਾ ਜਾਇਜ਼ਾ ਲੈ ਰਿਹਾ ਹੋਵੇ।
'ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ। ਸਮੇਂ-ਸਮੇਂ ਕੁਝ ਲੋਕ ਪੈਦਾ ਹੋਏ ਜਿਨ੍ਹਾਂ ਮਨੁੱਖ ਨੂੰ ਵਧੀਆ ਮਨੁੱਖ ਬਣਾਉਣ ਲਈ ਉਪਰਾਲੇ ਵੀ ਕੀਤੇ ਪਰ ਉਨ੍ਹਾਂ ਦੇ ਚਲਾਕ ਪੈਰੋਕਾਰਾਂ ਨੇ ਉਨ੍ਹਾਂ ਦੇ ਨਾਂਵਾਂ 'ਤੇ ਹੀ ਝੰਡੇ ਤੇ ਬੁੰਗੇ ਬਣਾ ਕੇ ਮਨੁੱਖਤਾ ਵਿਚ ਹੋਰ ਵੀ ਵੰਡੀਆਂ ਪਾ ਦਿੱਤੀਆਂ।'
ਦਰਵੇਸ਼ ਨੇ ਸਾਰੀ ਕਿਤਾਬ ਦੇ ਵਰਕੇ ਪਲਟੇ ਤੇ ਆਖਰੀ ਸਫੇ 'ਤੇ ਝਾਤੀ ਮਾਰੀ। ਲਿਖਿਆ ਸੀ: 'ਜਿੰਨਾ ਚਿਰ ਧਰਮ ਦੇ ਦਾਅਵੇਦਾਰ ਆਪੋ-ਆਪਣਾ ਗਿਆਨ ਫੜੀ ਮਨੁੱਖ ਤੇ ਰੱਬ ਦੇ ਵਿਚਕਾਰ ਖੜੇ ਹਨ, ਰੱਬ ਦੀ ਰੌਸ਼ਨੀ ਮਨੁੱਖ ਤੱਕ ਨਹੀਂ ਪਹੁੰਚ ਸਕਦੀ।'
ਦਰਵੇਸ਼ ਨੇ ਅੱਖਾਂ ਮੀਟ ਕੇ ਇਕ ਲੰਮਾ ਸਾਹ ਲਿਆ। ਫੇਰ ਅੱਖਾਂ ਉਘੇੜ ਕੇ ਔਰਤ ਵਲ ਵੇਖਦਿਆਂ ਪੁੱਛਿਆ, 'ਬੀਬਾ, ਤੁਸਾਂ ਤਾਂ ਪੜ੍ਹੀ ਹੀ ਹੋਵੇਗੀ, ਇਹ ਕਿਤਾਬ।'
'ਜੀ ਹਾਂ, ਮੈਂ ਤਾਂ ਕਈ ਵਾਰ ਪੜ੍ਹੀ ਏ। ਜਦੋਂ ਵੀ ਦਿਲ ਉਦਾਸ ਹੁੰਦਾ, ਪੜ੍ਹ ਕੇ ਸੋਚਦੀ ਆਂ, ਇਹੋ-ਜਿਹੇ ਮਨੁੱਖ ਨੂੰ ਮਾਰਨ ਵਾਲਿਓ, ਤੁਸੀਂ ਕਿਹੜੇ ਰੱਬ ਨੂੰ ਖੁਸ਼ ਕੀਤਾ ਹੋਵੇਗਾ?' ਔਰਤ ਦੀ ਗੱਲ ਸੁਣ ਕੇ ਦਰਵੇਸ਼ ਜਿਵੇਂ ਹੈਰਾਨ ਹੀ ਰਹਿ ਗਿਆ।
'ਕਿਸ ਨੇ ਮਾਰ ਦਿੱਤਾ ਸੀ, ਇਹੋ-ਜਿਹੇ ਮਨੁੱਖ ਨੂੰ?' ਉਹ ਜਿਵੇਂ ਰੋਣਹਾਕਾ ਹੋ ਗਿਆ ਸੀ, 'ਕੌਣ ਸਨ ਉਹ...?' 'ਬਸ ਜੀ, ਉਨ੍ਹਾਂ ਦੇ ਦਾਅਵੇ ਅਨੁਸਾਰ ਰੱਬ ਨੂੰ ਮੰਨਣ ਵਾਲੇ ਸਨ, ਉਹ।'
ਦਰਵੇਸ਼ ਦੀ ਹੈਰਾਨੀ ਜਿਵੇਂ ਅਸੀਮ ਹੋਈ ਜਾ ਰਹੀ ਸੀ,
'ਰੱਬ ਨੂੰ ਮੰਨਣ ਵਾਲਿਆਂ ਹੀ ਰੱਬ ਵਰਗੇ ਬੰਦੇ ਨੂੰ ਮਾਰ'ਤਾ?'
'ਬਸ ਸਾਈਂ, ਉਸ ਦਿਨ ਵੀ ਮੈਂ ਸਰਦਲਾਂ ਧੋ ਕੇ ਹਟੀ ਹੀ ਸੀ ਕਿ ਕੁਝ ਲਿੱਬੜੇ ਪੈਰ, ਸੁੱਚੀ ਸਰਦਲ ਨੂੰ ਲਤਾੜ ਕੇ ਅੰਦਰ ਲੰਘ ਆਏ। ਸਾਡੇ ਤਰਲੇ-ਮਿੰਨਤਾਂ ਦਾ ਉਨ੍ਹਾਂ ਲਈ ਕੋਈ ਅਰਥ ਹੀ ਨਹੀਂ ਸੀ। ਉਨ੍ਹਾਂ ਧੂਹ ਕੇ, ਉਸ ਨੂੰ ਬਾਹਰ ਕੱਢ ਲਿਆ। ਉਹਨੇ ਸਿਰਫ ਏਨਾ ਹੀ ਪੁੱਛਿਆ ਸੀ, 'ਮੈਨੂੰ ਮੇਰਾ ਕਸੂਰ ਤਾਂ ਦੱਸੋ?'
'ਕਸੂਰ ਪੁਛਦੈਂ...? ਤੂੰ ਆਂਹਦੇ ਰੱਬ ਨੂੰ ਨਈਂ ਮੰਨਦਾ?'
'ਜ਼ਰੂਰੀ ਤਾਂ ਨਹੀਂ ਕਿ ਮੈਂ ਧੁਆਡੇ ਵਾਂਗ ਹੀ ਰੱਬ ਨੂੰ ਮੰਨਾਂ।' ਉਨ੍ਹਾਂ ਬਗੈਰ ਕਿਸੇ ਡਰ-ਭੈਅ ਦੇ ਬੜੀ ਹੀ ਦ੍ਰਿੜਤਾ ਨਾਲ ਕਿਹਾ ਸੀ।
'ਸਵਾਲ-ਜਵਾਬ ਕਰਦੈਂ?... ਇਹ ਕਾਫਰ ਹੋਣ ਦਾ ਸਭ ਤੋਂ ਵੱਡਾ ਸਬੂਤ ਐ।' ...ਤੇ ਅਗਲੇ ਹੀ ਪਲ ਇਕ ਨੇ ਆਪਣੀ ਬੰਦੂਕ ਦੀ ਗੋਲੀ, ਉਹਦੇ ਸੀਨੇ 'ਚ ਦਾਗ ਦਿੱਤੀ। 'ਹੇ ਖੁਦਾ... ਆ।' ਕਹਿੰਦਾ ਉਹ ਵਿਹੜੇ ਵਿਚ ਡਿੱਗ ਪਿਆ ਸੀ ਤੇ ਉਹਦੇ ਲਹੂ ਦੀਆਂ ਕੁਝ ਛਿੱਟਾਂ, ਧੋਤੀ ਸਰਦਲ ਉਤੇ ਵੀ ਆ ਡਿੱਗੀਆਂ ਸਨ ਸਾਈਂ। ਔਰਤ ਜਿਵੇਂ ਨਵੇਂ ਸਿਰਿਉਂ ਰੋਣਹਾਕੀ ਹੋ ਗਈ ਸੀ।
ਔਰਤ ਦੀ ਗਾਥਾ ਸੁਣ, ਦਰਵੇਸ਼ ਦੀਆਂ ਅੱਖਾਂ ਵਿਚੋਂ ਵੀ ਅੱਥਰੂ ਵਹਿ ਤੁਰੇ।
'ਮੈਂ ਹੋਰ ਕਿਸੇ ਰੱਬ ਨੂੰ ਕੀ ਕਰਨਾ ਸੀ ਜੀ... ਮੇਰੇ ਲਈ ਤਾਂ ਉਹੀ ਰੱਬ ਸੀ।' ਔਰਤ ਰੋਣ ਵਰਗੀ ਆਵਾਜ਼ 'ਚ ਕਹਿ ਰਹੀ ਸੀ। ਦਰਵੇਸ਼ ਆਪਣਾ ਸਿਰ ਸੱਜੇ-ਖੱਬੇ ਇੰਜ ਮਾਰ ਰਿਹਾ ਸੀ, ਜਿਵੇਂ ਬੜਾ ਕੁਝ ਅਸਹਿ ਵਾਪਰ ਗਿਆ ਹੋਵੇ।
'ਸਾਈਂ, ਸਕੂਲ ਵਿਚ ਪੜ੍ਹਾਉਂਦੇ ਸਨ। ਹਮੇਸ਼ਾ ਸਕੂਲ ਦੇ ਦਰ 'ਤੇ ਸੱਜਦਾ ਕਰਕੇ ਅੰਦਰ ਦਾਖਲ ਹੁੰਦੇ ਸਨ। ਕਹਿੰਦੇ ਸਨ, 'ਇਸ ਤੋਂ ਵੱਡਾ ਕੋਈ ਮੰਦਰ ਨਹੀਂ ਹੋ ਸਕਦਾ। ਕਦੇ ਕਿਸੇ ਲੋੜਵੰਦ ਨੂੰ ਘਰੋਂ ਖਾਲੀ ਨਹੀਂ ਸੀ ਮੋੜਿਆ। ਆਪ ਉੜਾਂ-ਥੁੜਾਂ ਵੀ ਝੱਲ ਲੈਣੀਆਂ ਪਰ ਕਹਿਣਾ, 'ਆਉਣ ਵਾਲੇ ਦੀ ਲੋੜ ਸ਼ਾਇਦ ਮੇਰੇ ਤੋਂ ਵੀ ਵੱਡੀ ਹੋਵੇ।' ਕਈ ਵਾਰ ਸੋਚਦੀ ਆਂ ਰੱਬ ਨੂੰ ਮੰਨਣ ਵਾਲਾ ਹੋਰ ਕਿੱਦਾਂ ਦਾ ਹੁੰਦਾ ਹੋਵੇਗਾ?'
'ਬਸ ਬੀਬਾ ਬਸ਼..।' ਦਰਵੇਸ਼ ਆਪਣਾ ਹੱਥ ਦਿਲ ਵਾਲੇ ਪਾਸੇ ਛਾਤੀ ਉਤੇ ਮਲਣ ਲੱਗਾ ਜਿਵੇਂ ਬਹੁਤ ਹੀ ਪੀੜ ਮਹਿਸੂਸ ਕਰ ਰਿਹਾ ਹੋਵੇ। ਔਰਤ ਨੇ ਵੇਖਿਆ, ਦਰਵੇਸ਼ ਦੀ ਛਾਤੀ 'ਚੋਂ ਲਹੂ ਸਿੰਮ ਕੇ ਚੋਲੇ 'ਚੋਂ ਬਾਹਰ ਵੀ ਦਿਸਣ ਲੱਗ ਪਿਆ ਸੀ।
ਦਰਵੇਸ਼ ਨੇ ਪਿੱਠੂ 'ਚੋਂ ਇਕ ਡੱਬੇ ਨੂੰ ਖੋਲ੍ਹ ਕੇ, ਉਸ 'ਚੋਂ ਉਂਗਲ ਨਾਲ ਮਲ੍ਹਮ ਕੱਢੀ ਤੇ ਜ਼ਖਮ ਵਾਲੀ ਥਾਂ ਮਲਣ ਲੱਗਾ।
ਔਰਤ ਬੜੀ ਹੀ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਹੀ ਸੀ। ਮਲ੍ਹਮ ਨੂੰ ਮਲ ਕੇ ਉਹਨੇ ਕੁਝ ਚੈਨ ਮਹਿਸੂਸ ਕੀਤਾ ਤੇ ਔਰਤ ਨੂੰ ਕਹਿਣ ਲੱਗਾ, 'ਬੀਬਾ, ਬਹੁਤ ਅਰਸਾ ਪਹਿਲਾਂ ਮੈਂ ਜਦ ਧਰਮ ਹੱਥੋਂ, ਪਹਿਲਾ ਮਨੁੱਖ ਮਰਿਆ ਵੇਖਿਆ ਸੀ ਤਾਂ ਮੇਰੇ ਇਥੇ ਦਿਲ ਵਾਲੇ ਪਾਸੇ, ਬੜੀ ਜ਼ੋਰ ਦੀ ਪੀੜ ਉਠੀ ਸੀ ਤੇ ਫੇਰ ਇਥੋਂ ਆਪਣੇ-ਆਪ ਹੀ ਲਹੂ ਸਿੰਮ ਪਿਆ ਸੀ। ਉਦੋਂ ਮੈਂ ਰੱਬ ਨੂੰ ਬੜਾ ਮੰਨਦਾ ਹੁੰਦਾ ਸੀ। ਇਸ ਲਈ ਉਸ ਨਾਲ ਬੜਾ ਲੜਿਆ। ਉਹਨੂੰ ਤਾਹਨੇ-ਮੇਹਣੇ ਵੀ ਦਿੱਤੇ। ਮੈਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਥੋਂ ਇਹ ਜ਼ਖਮ ਵੇਖੇ ਨਹੀਂ ਜਾਂਦੇ... ਜੇ ਤੂੰ ਇਹ ਸਭ ਕੁਝ ਬੰਦ ਨਹੀਂ ਕਰ ਸਕਦਾ ਤਾਂ ਮੈਂ ਤੈਨੂੰ ਖੁਦਾ ਮੰਨਣ ਤੋਂ ਮੁਨਕਰ ਆਂ।'
ਉਦੋਂ ਮੈਨੂੰ ਇਕ ਆਵਾਜ਼ ਸੁਣੀ ਸੀ। ਯਾਰ-ਦੋਸਤ ਕਹਿੰਦੇ ਨੇ ਕਿ ਇਹ ਮੇਰੇ ਮਨ ਦਾ ਵਹਿਮ ਏ ਪਰ ਮੈਂ ਆਵਾਜ਼ ਆਪਣੇ ਕੰਨਾਂ ਨਾਲ ਸੁਣੀ ਸੀ, ਬੀਬਾ। ਇਸ ਆਵਾਜ਼ 'ਚ ਰੱਬ ਨੇ ਆਪਣੀ ਬੇਬਸੀ ਜ਼ਾਹਰ ਕਰਦਿਆਂ ਕਿਹਾ ਸੀ, 'ਧਰਤੀ ਦੇ ਜ਼ਖਮ ਕਦੇ ਨਹੀਂ ਮੁੱਕਣੇ। ਹਾਂ, ਜੇ ਤੂੰ ਚਾਹੇ ਤਾਂ ਇਨ੍ਹਾਂ ਉਤੇ ਮਲ੍ਹਮ ਲਾਉਣ ਦੀ ਜ਼ਿੰਮੇਵਾਰੀ ਲੈ ਸਕਦਾ ਏਂ।'
'ਉਸ ਦਿਨ ਤੋਂ ਅੱਜ ਦੇ ਦਿਨ ਤੱਕ ਇਹੀ ਕੰਮ ਕਰ ਰਿਹਾ ਹਾਂ ਪਰ ਧਰਤੀ ਦੇ ਜ਼ਖਮ ਮੁੱਕਣ ਦੀ ਥਾਂ ਹੋਰ ਵੀ ਵਧਦੇ ਹੀ ਜਾਂਦੇ ਨੇ।' ਦਰਵੇਸ਼ ਨੇ ਇਕ ਲੰਮਾ ਹੌਕਾ ਲਿਆ। ਤਿਰਮਚੀ ਦਾ ਪਾਣੀ ਹੁਣ ਤੱਕ ਠੰਢਾ ਹੋ ਚੁੱਕਾ ਸੀ।
ਦਰਵੇਸ਼ ਨੇ ਆਪਣੇ ਪੈਰ ਪਾਣੀ 'ਚੋਂ ਕੱਢ ਕੇ ਪਰਨੇ ਨਾਲ ਪੂੰਝੇ ਤੇ ਮੂੜ੍ਹੇ 'ਤੇ ਚੌਂਕੜੀ ਮਾਰ ਕੇ ਬੈਠ ਗਿਆ।
'ਸਫ਼ਰ ਦੇ ਬੜੇ ਝੰਬੇ ਲੱਗਦੇ ਹੋ, ਜ਼ਰੂਰ ਭੁੱਖ ਵੀ ਲੱਗੀ ਹੋਏਗੀ?' ਔਰਤ ਨੇ ਪੁੱਛਿਆ।
'ਭੁੱਖ ਨਾਲੋਂ ਥਕਾਵਟ ਜ਼ਿਆਦਾ ਹੈ, ਬੀਬਾ... ਥੋੜ੍ਹਾ ਜਿਹਾ 'ਰਾਮ ਕਰਕੇ ਕੁਝ ਖਾ-ਪੀ ਲਵਾਂਗਾ।' ਦਰਵੇਸ਼ ਨੇ ਕੰਧ ਨਾਲ ਢੋਅ ਲਾ ਕੇ ਅੱਖਾਂ ਮੀਟ ਲਈਆਂ।
'ਸਾਈਂ, ਇਥੇ ਮੰਜੇ 'ਤੇ ਆ ਜਾਉ।' ਔਰਤ ਨੇ ਬੜੇ ਆਦਰ ਨਾਲ ਆਖਿਆ।
'ਨਹੀਂ ਬੀਬਾ, ਮੰਜੇ 'ਤੇ ਤਾਂ ਮੈਂ ਕਦੇ ਸੁੱਤਾ ਈ ਨਹੀਂ।
...ਬਸ ਇੰਜ ਈ ਘੜੀ-ਪਲ ਲਈ ਅੱਖਾਂ ਮੀਟਾਂਗਾ ਤੇ ਸਰੀਰ ਕੁਝ ਵੱਲ ਹੋ ਜਾਏਗਾ... ਫੇਰ ਮੈਂ ਸਾਰੀ ਕਿਤਾਬ ਪੜ੍ਹਾਂਗਾ...ਉਂਜ ਤਾਂ ਟਾਵੀਆਂ-ਟਾਵੀਆਂ ਸਤਰਾਂ ਪੜ੍ਹਨ ਨਾਲ ਹੀ ਮੇਰੀ ਅੱਧੀ ਥਕਾਵਟ ਦੂਰ ਹੋ ਗਈ ਏ।' ਫੇਰ ਕੁਝ ਚਿਰ ਰੁਕ ਕੇ ਪੁੱਛਣ ਲੱਗਾ, 'ਬੀਬਾ ਤੁਸਾਂ ਕੰਧ ਉਤੇ ਲਿਖੇ ਸ਼ੇਅਰ ਪਰਦੇ ਨਾਲ ਕਿਉਂ ਢਕ ਰੱਖੇ ਨੇ?'...'ਉਂਜ ਹੀ ਰਹਿਣ ਦਿਓ ਨਾ, ਆਉਂਦਾ-ਜਾਂਦਾ ਪੜ੍ਹਦਾ ਰਹੇ।'
ਔਰਤ ਨੇ ਹੌਕਾ ਲੈਂਦਿਆਂ ਕਿਹਾ, 'ਬਸ ਸਾਈਂ, ਸੋਚਦੀ ਆਂ, ਇਹ ਅੱਖਰ ਕਿਤੇ ਮਿਟ ਨਾ ਜਾਣ..ਅਸਲ 'ਚ ਉਹਦਾ ਜੋ ਵੀ ਮੇਰੇ ਕੋਲ ਹੈ ਮੈਂ ਗੁਆਉਣਾ ਨਹੀਂ ਚਾਹੁੰਦੀ।'
ਔਰਤ ਨੇ ਵੇਖਿਆ ਕਿ ਗੱਲਾਂ ਕਰਦਾ-ਕਰਦਾ ਦਰਵੇਸ਼ ਇਕ-ਦੋ ਵਾਰ ਉਂਘਲਾਇਆ ਤੇ ਫੇਰ ਕੰਧ ਨਾਲ ਢੋਅ ਲਾ ਕੇ ਸੌਂ ਗਿਆ। ਔਰਤ ਲਾਗੇ ਬੈਠੀ ਆਪਣੇ ਨਿੱਕੇ-ਨਿੱਕੇ ਕੰਮ ਕਰਦੀ ਰਹੀ। ਉਹਨੇ ਪਹਿਲਾਂ ਨਹੀਂ ਸੀ ਚਾਹਿਆ ਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਵਿਚ ਵਿਘਨ ਬਣੇ ਪਰ ਹੁਣ ਸੋਚਿਆ ਕਿ ਉਹ ਆਪਣੇ ਜਵਾਨ ਪੁੱਤ ਨੂੰ ਇਸ ਦਰਵੇਸ਼ ਨਾਲ ਜ਼ਰੂਰ ਮਿਲਾਏ। ਰੱਬ ਦੇ ਘਰ ਦੇ ਰੌਲੇ-ਰੱਪੇ ਤੋਂ ਡਰਦਿਆਂ ਸਭ ਬੂਹੇਬਾਰੀਆਂ ਬੰਦ ਕਰਕੇ ਪੜ੍ਹ ਰਹੇ ਅਪਣੇ ਪੁੱਤ ਨੂੰ ਉਸ ਨੇ ਆਖਿਆ, 'ਬੇਟੇ, ਇਸ ਧਰਤੀ 'ਤੇ ਧਰਮ ਅਜੇ ਵੀ ਜਿੰਦਾ ਏ...।' ਆਪਣੇ ਘਰ ਇਕ ਦਰਵੇਸ਼ ਆਇਐ... ਆ ਉਸ ਨੂੰ ਮਿਲ। ਤੂੰ ਮਹਿਸੂਸ ਕਰੇਂਗਾ ਕਿ ਬਹੁਤ ਕੁਝ ਮਰ ਕੇ, ਬੜਾ ਕੁਝ ਫੇਰ ਵੀ ਜ਼ਿੰਦਾ ਰਹਿੰਦਾ ਏ।'
ਉਹ ਆਪਣੇ ਪੁੱਤ ਨੂੰ ਦਰਵੇਸ਼ ਵਾਲੇ ਕਮਰੇ 'ਚ ਲੈ ਕੇ ਆਈ ਤਾਂ ਉਸ ਨੇ ਵੇਖਿਆ ਕਿ ਦਰਵੇਸ਼ ਬੈਠਾ ਕਿਤਾਬ ਪੜ੍ਹ ਰਿਹਾ ਸੀ। ਉਹਦਾ ਚਿਹਰਾ ਸੱਜਰਾ-ਸੱਜਰਾ ਸੀ ਜਿਵੇਂ ਅੱਖ-ਝਮੱਕੇ ਵਿਚ ਹੀ ਉਸ ਨੇ ਆਪਣੀ ਪੂਰੀ ਨੀਂਦ ਲਾਹ ਲਈ ਹੋਵੇ।
ਦਰਵੇਸ਼ ਨੇ ਅੱਖਾਂ ਪੁੱਟ ਕੇ ਉਨ੍ਹਾਂ ਵਲ ਵੇਖਿਆ। ਔਰਤ ਨੇ ਦੱਸਿਆ, 'ਸਾਈਂ, ਇਹ ਮੇਰਾ ਬੇਟਾ ਏ... ਇਹਨੂੰ ਦਿਲਾਸਾ ਦਿਓ! ਮੈਂ ਤਾਂ ਸਭ ਕਾਸੇ ਨੂੰ ਭਾਣਾ ਮੰਨ ਕੇ ਜਰ ਲਿਆ, ਪਰ ਇਹ ਪਿਉ ਦੀ ਮੌਤ ਤੋਂ ਬਾਅਦ ਜਿਵੇਂ ਸਭ ਕਾਸੇ ਤੋਂ ਹੀ ਬਾਗੀ ਹੋ ਗਿਐ। ਕਹਿੰਦਾ, 'ਕੋਈ ਰੱਬ ਵਰਗੀ ਚੀਜ਼ ਹੈ ਈ ਨਹੀਂ। ਮੇਰਾ ਪਿਉ ਰੱਬ ਸੀ, ਉਦ੍ਹੇ ਮਰਨ ਨਾਲ ਸਮਝੋ ਰੱਬ ਵੀ ਮਰ ਗਿਆ ਏ।'
ਔਰਤ ਦੀਆਂ ਗੱਲਾਂ ਸੁਣ ਕੇ, ਦਰਵੇਸ਼ ਦੀਆਂ ਅੱਖਾਂ ਵਿਚ ਅੱਥਰੂਆਂ ਦਾ ਜਿਵੇਂ ਹੜ੍ਹ ਆ ਗਿਆ ਹੋਵੇ। ਇਕ ਚੀਕ ਉਹਦੇ ਗਲੇ ਵਿਚੋਂ ਉਚੀ ਸਾਰੀ ਉਠੀ। ਵੇਖਦਿਆਂ ਹੀ ਵੇਖਦਿਆਂ, ਦਰਵੇਸ਼ ਨੇ ਆਪਣੀ ਛਾਤੀ ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਫੜ ਲਿਆ ਤੇ ਤੜਫਣ ਲੱਗਾ। ਔਰਤ ਨੂੰ ਲੱਗਾ ਕਿ ਉਹਦੀ ਛਾਤੀ ਵਿਚ ਪਹਿਲਾਂ ਵਾਂਗ ਜ਼ਰੂਰ ਜ਼ਬਰਦਸਤ ਪੀੜ ਉੱਠੀ ਹੋਵੇਗੀ।
ਔਰਤ ਨੇ ਵੇਖਿਆ ਉਹਦੇ ਚੋਲੇ 'ਚੋਂ ਸਿੰਮਦੇ ਲਹੂ ਨਾਲ, ਉਹਦੀਆਂ ਉਂਗਲਾਂ ਵੀ ਰੰਗੀਆਂ ਗਈਆਂ ਸਨ। ਔਰਤ ਨੇ ਕਾਹਲੀ ਨਾਲ ਪਿੱਠੂ 'ਚ ਪਏ ਮਲ੍ਹਮ ਵਾਲੇ ਡੱਬੇ ਨੂੰ ਬਾਹਰ ਕੱਢ ਕੇ, ਉਸ 'ਚੋਂ ਮਲ੍ਹਮ ਲੱਭਣੀ ਚਾਹੀ ਪਰ ਉਸਨੇ ਵੇਖਿਆ ਮਲ੍ਹਮ ਵਾਲਾ ਡੱਬਾ ਬਿਲਕੁਲ ਖਾਲੀ ਹੋ ਚੁੱਕਾ ਸੀ। ਫੇਰ ਵੀ ਔਰਤ ਨੇ ਪੂੰਝ-ਪਾਂਝ ਕੇ ਥੋੜ੍ਹੀ-ਬਹੁਤ ਮਲ੍ਹਮ ਆਪਣੀ ਉਂਗਲ ਨੂੰ ਲਾਈ ਤੇ ਦਰਵੇਸ਼ ਦੀ ਛਾਤੀ ਉਤੇ ਮਲਣ ਲੱਗੀ ਪਰ ਉਸਨੇ ਮਹਿਸੂਸ ਕੀਤਾ ਕਿ ਜਿਊਂਦੇ ਜੀ, ਧਰਤੀ ਦੀ ਹਰ ਪੀੜ ਨੂੰ ਮਲ੍ਹਮ ਲਾਉਣ ਵਾਲਾ ਲਰਜ਼ਦਾ ਤੇ ਧੜਕਦਾ ਦਿਲ ਮਰ ਕੇ ਜਿਵੇਂ ਸੱਚਮੁੱਚ ਹੀ ਪੱਥਰ ਹੋ ਗਿਆ ਸੀ।
ਉਹਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ ਤੇ ਇਹ ਅੱਥਰੂ ਹੋਰ ਵੀ ਸਮੁੰਦਰ ਬਣ ਗਏ ਜਦੋਂ ਉਸਨੇ ਵੇਖਿਆ ਕਿ ਉਹਦੇ ਬੇਟੇ ਨੇ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਪਹਿਲੀ ਵਾਰ ਕਿਸੇ ਹੋਰ ਦੇ ਪੈਰਾਂ ਨੂੰ ਛੂਹਿਆ ਸੀ।

  • ਮੁੱਖ ਪੰਨਾ : ਕਹਾਣੀਆਂ, ਦਲਬੀਰ ਚੇਤਨ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ