Daakkhana (Bangla Play in Punjabi) : Rabindranath Tagore

ਡਾਕਖਾਨਾ (ਬੰਗਾਲੀ ਨਾਟਕ) : ਰਾਬਿੰਦਰਨਾਥ ਟੈਗੋਰ

ਝਾਕੀ ਪਹਿਲੀ

(ਮਾਧੋ ਦਾ ਘਰ)

ਮਾਧੋ : ਮੈਂ ਕਿਹੜੀ ਬਿਪਤਾ ਵਿਚ ਫਸ ਗਿਆ। ਜਦੋਂ ਇਹ ਨਹੀਂ ਸੀ ਆਇਆ ਤਾਂ ਗੱਲ ਈ ਕੋਈ ਨਹੀਂ ਸੀ। ਮੈਂ ਆਜ਼ਾਦ ਸਾਂ। ਪਰ ਹੁਣ ਜਦੋਂ ਇਹ ਆ ਗਿਆ ਏ, ਤਾਂ ਰੱਬ ਜਾਣੇ ਕਿਉਂ ਮੇਰਾ ਦਿਲ ਉਸ ਦੇ ਪਿਆਰ ਨਾਲ ਭਰਿਆ ਭਰਿਆ ਰਹਿੰਦਾ ਏ। ਜੇ ਕਿਤੇ ਚਲਿਆ ਗਿਆ ਤਾਂ ਮੇਰਾ ਘਰ ਸੁੰਨ ਸਰਾਂ ਬਣ ਜਾਵੇਗਾ। ਵੈਦ ਜੀ, ਤੁਹਾਡਾ ਕੀ ਖਿਆਲ ਏ ਕਿ ....

ਵੈਦ : ਜੇ ਵਧੀ ਹੋਈ ਤਾਂ ਬਚ ਜਾਵੇਗਾ। ਪਰ ਆਯੁਰਵੇਦ ਦੀਆਂ ਪੁਸਤਕਾਂ ਅਨੁਸਾਰ ਤਾਂ ...

ਮਾਧੋ : ਹੇ ਰੱਬਾ, ਕੀ ?

ਵੈਦ : ਸ਼ਾਸਤਰਾਂ ਵਿਚ ਲਿਖਿਐ -

ਮ੍ਰਿਗੀ ਅੰਗ -- ਬੁਖਾਰ ਅੰਗ

ਖਾਂਸੀ ਅੰਗ -- ਤਪੰਗ

ਮਾਧੋ : ਛਡੋ ਜੀ ਸ਼ਾਸਤਰਾਂ ਨੂੰ। ਇਨ੍ਹਾਂ ਗੱਲਾਂ ਨਾਲ ਤਾਂ ਮੇਰਾ ਜੀਅ ਹੋਰ ਵੀ ਖਰਾਬ ਹੁੰਦੈ। ਮੈਨੂੰ ਇਹ ਦੱਸੋ, ਮੈਂ ਕਰਾਂ ਕੀ ?

ਵੈਦ : (ਨਸਵਾਰ ਦੀ ਚੂੰਢੀ ਲੈ ਕੇ) ਬਿਮਾਰ ਨੂੰ ਬੜੀ ਦੇਖ ਭਾਲ ਦੀ ਲੋੜ ਏ।

ਮਾਧੋ : ਇਹ ਤਾਂ ਠੀਕ ਹੈ, ਪਰ ਦਸੋ ਕਿਸ ਤਰ੍ਹਾਂ ?

ਵੈਦ : ਜਿਵੇਂ ਮੈਂ ਪਹਿਲਾਂ ਆਖਿਐ, ਉਸ ਨੂੰ ਬਾਹਰ ਉੱਕਾ ਨਾ ਨਿਕਲਣ ਦਿਓ।

ਮਾਧੋ : ਵਿਚਾਰਾ ! ਉਹਨੂੰ ਸਾਰਾ ਦਿਨ ਅੰਦਰ ਡੱਕੀ ਰਖਣਾ ਬੜਾ ਮੁਸ਼ਕਲ ਏ।

ਵੈਦ : ਹੋਰ ਤੁਸੀਂ ਕਰ ਵੀ ਕੀ ਸਕਦੇ ਓ? ਕੱਤਕ ਦੀ ਧੁੱਪ ਤੇ ਹਵਾ ਦੋਵੇਂ ਉਹਦੇ ਲਈ ਮਾੜੀਆਂ ਨੇ।

ਮਾਧੋ : ਤਾਂ ਗੱਲ ਇਹ ਹੋਈ ਕਿ ਅਸੀਂ ਉਸਨੂੰ ਅੰਦਰ ਤਾੜੀ ਰਖੀਏ। ਹੋਰ ਕੋਈ ਇਲਾਜ ਨੀਂ ?

ਵੈਦ : ਕੋਈ ਨਹੀਂ, ਕਿਉਂਕਿ -- ਪਵਨੰਮ, ਸੂਰਯੰਮ ...

ਮਾਧੋ : ਰਹਿਣ ਦਿਓ ਆਪਣੇ "ਪਵਨੰਮ, ਸੂਰਯੰਮ" ਨੂੰ ! ਤੁਸੀਂ ਇਨ੍ਹਾਂ ਗੱਲਾਂ ਨੂੰ ਛੱਡ ਕੇ ਸਿੱਧੀ ਗੱਲ ਕਿਉਂ ਨਹੀਂ ਕਰਦੇ। ਕਰੀਏ ਕੀ ਇਹ ਦਸੋ। ਤੁਹਾਡੀ ਦਵਾਈ ਬੜੀ ਕੌੜੀ ਏ। ਵਿਚਾਰਾ ਮੁੰਡਾ ਇਸ ਦਾ ਘੁਟ ਕਿਵੇਂ ਭਰੇਗਾ? ਜਦੋਂ ਉਹ ਘੁਟ ਭਰ ਕੇ ਮੂੰਹ ਵਟਦੈ ਤਾਂ ਮੇਰਾ ਕਾਲਜਾ ਪਾਟਦੈ।

ਵੈਦ : ਜਿੰਨਾ ਮੂੰਹ ਵੱਟੇ ਉਨੀ ਹੀ ਔਸ਼ਧੀ ਸਫਲ ਸਮਝੋ।

(ਜਾਂਦਾ ਹੈ)

(ਠਾਕੁਰ ਦਾਦਾ ਦਾ ਪ੍ਰਵੇਸ਼।)

ਮਾਧੋ : ਬੁਰੇ ਫਸੇ, ਉਹ ਠਾਕਰ ਦਾਦਾ ਤੁਰਿਆ ਆਉਂਦੈ।

ਠਾਕਰ ਦਾਦਾ : ਕਿਉਂ ? ਕਿਉਂ ? ਮੈਂ ਤੈਨੂੰ ਖਾ ਤਾਂ ਨਹੀਂ ਜਾਵਾਂਗਾ।

ਮਾਧੋ : ਨਹੀਂ। ਪਰ ਤੂੰ ਨਿੱਕੇ ਬਾਲਾਂ ਨੂੰ ਇੱਲਤ ਸਿਖਾਉਣ ਵਿਚ ਉਸਤਾਦ ਏਂ।

ਠਾਕਰ ਦਾਦਾ : ਤੂੰ ਕਿਹੜਾ ਬਾਲ ਏਂ? ਤੇ ਤੇਰੇ ਕਿਹੜਾ ਕੋਈ ਨਿੱਕਾ ਨਿਆਣਾ ਏਂ ? ਤੂੰ ਕਿਉਂ ਘਾਬਰਦਾ ਏਂ?

ਮਾਧੋ : ਪਰ ਮੈਂ ਇਕ ਮੁੰਡਾ ਜੋ ਆਪਣੇ ਘਰ ਲੈ ਆਂਦਾ ਏ।

ਠਾਕਰ ਦਾਦਾ : ਉਹ ਕਿਵੇਂ ?

ਮਾਧੋ : ਤੈਨੂੰ ਪਤਾ ਤਾਂ ਹੈ। ਮੇਰੀ ਵਹੁਟੀ ਕਿਸੇ ਬੱਚੇ ਨੂੰ ਗੋਦ ਲੈਣ ਲਈ ਕਿਵੇਂ ਸਹਿਕਦੀ ਰਹੀ ਸੀ।

ਠਾਕਰ ਦਾਦਾ : ਹਾਂ, ਇਹ ਤਾਂ ਬੜੇ ਚਿਰ ਤੋਂ ਸੁਣ ਰਿਹਾ ਹਾਂ। ਪਰ ਤੂੰ ਤਾਂ ਕਦੇ ਵੀ ਨਹੀਂ ਸੈਂ ਮੰਨਿਆਂ।

ਮਾਧੋ : ਤੂੰ ਤਾਂ ਜਾਣਦਾ ਈ ਏਂ ਭਰਾਵਾ ਮੈਂ ਕਿਸ ਬਿਪਤਾ ਨਾਲ ਦੋ ਦਮੜੇ ਜੋੜੇ ਨੇ। ਮੈਂ ਨਹੀਂ ਸੀ ਚਾਹੁੰਦਾ ਕਿਸੇ ਹੋਰ ਦਾ ਨਿਆਣਾ ਐਵੇਂ ਕਿਧਰੋਂ ਰਿੜ੍ਹਦਾ ਖਿੜਦਾ ਆ ਜਾਵੇ ਤੇ ਮੇਰਾ ਅੰਤਾਂ ਦਾ ਧਨ ਖੇਹ ਖਰਾਬ ਕਰ ਦੇਵੇ, ਪਰ ਇਸ ਬਾਲ ਨੇ ਤਾਂ ਮੈਨੂੰ ਅਜਿਹਾ ਮੋਹ ਲਿਆ ਏ ਕਿ -

ਠਾਕਰ ਦਾਦਾ : ਰੁਪਈਆਂ ਦੇ ਭਾਗ ਜਾਗ ਪਏ ! ਹੁਣ ਜਿੰਨਾ ਖਰਚ ਕਰੇਂ ਉਨਾ ਈ ਪੁੰਨ !

ਮਾਧੋ : ਪਹਿਲਾਂ ਮੈਂ ਕਮਾਈ ਦਾ ਕੀੜਾ ਸਾਂ। ਬਸ ਰੁਪਏ ਲਈ ਹੀ ਕੰਮ ਕਰਦਾ ਸਾਂ। ਹੁਣ ਸਭ ਕੁਝ ਇਸ ਮੁੰਡੇ ਲਈ ਕਮਾਉਨਾ, ਤਾਂ ਕਮਾਉਣਾ ਆਨੰਦ ਬਣ ਗਿਆ ਏ।

ਠਾਕਰ ਦਾਦਾ : ਚੰਗਾ ਏ ਭਾਈ, ਚੰਗਾ ਏ ! ਪਰ ਇਹ ਮੁੰਡਾ ਤੈਨੂੰ ਕਿਥੋਂ ਮਿਲ ਗਿਆ ਏ ?

ਮਾਧੋ : ਮੇਰੀ ਘਰ ਵਾਲੀ ਦੇ ਪੇਕਿਓਂ ਸਾਕੋਂ ਭਤੀਜਾ ਏ। ਜੰਮਦਿਆਂ ਹੀ ਇਸ ਦੀ ਮਾਂ ਮਰ ਗਈ ਸੀ। ਹੁਣ ਥੋੜੇ ਦਿਨ ਹੋਏ ਇਸ ਦਾ ਪਿਉ ਵੀ ਗੁਜਰ ਗਿਆ ਏ?

ਠਾਕਰ ਦਾਦਾ : ਫੇਰ ਤਾਂ ਇਸ ਨੂੰ ਮੇਰੀ ਬੜੀ ਲੋੜ ਏ।

ਮਾਧੋ : ਵੈਦ ਜੀ ਆਖਦੇ ਨੇ ਕਿ ਇਸ ਨਿੱਕੀ ਜਿਹੀ ਜਿੰਦ ਨੂੰ ਵਾਤ, ਪਿੱਤ ਤੇ ਬਲਗਮ 'ਕੱਠੇ ਹੀ ਚੰਬੜ ਗਏ ਨੇ। ਬਚਣ ਦੀ ਕੋਈ ਆਸ ਨਹੀਂ, ਬਸ ਇਕੋ ਇਲਾਜ ਏ ਕਿ ਇਸ ਨੂੰ ਕੱਤਕ ਦੀ ਹਵਾ ਤੇ ਧੁਪ ਤੋਂ ਬਚਾ ਕੇ ਕੋਠੇ ਅੰਦਰ ਰਖਿਆ ਜਾਵੇ। ਪਰ ਤੂੰ ਏਂ ਕਿ ਬੁੱਢੇ ਵਾਰੇ ਤੇਰਾ ਦਿਲ ਈ ਨਹੀਂ ਪਰਚਦਾ ਜਦ ਤੀਕ ਤੂੰ ਨਿੱਕਿਆ ਬਾਲਾਂ ਨੂੰ ਘਰੋਂ ਨਾ ਕੱਢ ਲਵੇਂ। ਏਸੇ ਕਰਕੇ ਤੈਥੋਂ ਡਰਦਾਂ।

ਠਾਕਰ ਦਾਦਾ : ਤੂੰ ਝੂਠ ਨਹੀਂ ਆਖਦਾ। ਕੱਤਕ ਦੀ ਹਵਾ ਤੇ ਧੁੱਪ ਵਾਂਗ ਮੈਂ ਵੀ ਖ਼ਤਰਨਾਕ ਹਾਂ ! ਪਰ ਮੈਨੂੰ ਅਜਿਹੀਆਂ ਖੇਡਾਂ ਵੀ ਆਉਂਦੀਆਂ ਨੇ ਜਿਨ੍ਹਾਂ ਨਾਲ ਬੱਚਾ ਘਰ ਹੀ ਰਹੇ। ਚੰਗਾ ਕੰਮ ਮੁਕਾ ਆਵਾਂ, ਫੇਰ ਆ ਕੇ ਤੇਰੇ ਮੁੰਡੇ ਨਾਲ ਦੋਸਤੀ ਗੰਢਾਂਗਾ।

(ਜਾਂਦਾ ਹੈ)

ਝਾਕੀ ਦੂਜੀ

(ਅਮਲ ਗੁਪਤ ਆਉਂਦਾ ਹੈ)

ਅਮਲ : ਫੁੱਫੜ !

ਮਾਧੋ : ਕੀ ਐ ਅਮਲ ?

ਅਮਲ : ਮੈਂ ਉਸ ਵਿਹੜੇ ਤੀਕ ਵੀ ਨਹੀਂ ਜਾ ਸਕਦਾ ?

ਮਾਧੋ : ਨਾ ਮੇਰਾ ਲਾਲ !

ਅਮਲ : ਵੇਖ ਨ ਫੁੱਫੜ, ਉਹ ਜਿਥੇ ਭੂਆ ਚੱਕੀ ਵਿਚ ਦਾਲ ਦਲਦੀ ਏ, ਕਾਟੋ ਆਪਣੀ ਪੂਛਲ ਉਤੇ ਬੈਠੀ ਦੋਹਾਂ ਹੱਥਾਂ ਨਾਲ ਛੋਲਿਆਂ ਦੀਆਂ ਛਿਲਤਰਾਂ ਕਕੁਤਰ ਕੁਤਰ ਖਾਈ ਜਾਂਦੀ ਏ - ਕੀ ਉਥੇ ਵੀ ਨਹੀਂ ਜਾ ਸਕਦਾ ?

ਮਾਧੋ : ਨਾ ਮੇਰਾ ਪੁੱਤ, ਨਾ ।

ਅਮਲ : ਹਾਏ, ਜੇ ਮੈਂ ਕਿਤੇ ਕਾਟੋ ਹੀ ਹੁੰਦਾ ਤਾਂ ਮੌਜਾਂ ਬਣ ਜਾਂਦੀਆਂ ! ਪਰ ਫੁੱਫੜ ਤੂੰ ਮੈਨੂੰ ਕਿਉਂ ਨਹੀਂ ਬਾਹਰ ਜਾਣ ਦੇਂਦਾ ?

ਮਾਧੋ : ਵੈਦ ਜੀ ਨੇ ਜੋ ਆਖਿਐ ਕਿ ਬਾਹਰ ਜਾਣਾ ਤੇਰੇ ਲਈ ਮਾੜਾ ਏ।

ਅਮਲ : ਵੈਦ ਜੀ ਨੂੰ ਕਿਵੇਂ ਪਤਾ ਲਗਾ ?

ਮਾਧੋ : ਗੱਲਾਂ ਕੀ ਕਰਦੈਂ ? ਵੈਦ ਜੀ ਨੂੰ ਨਹੀਂ ਪਤਾ, ਉਸ ਨੇ ਐਨੀਆਂ ਵੱਡੀਆਂ ਵੱਡੀਆਂ ਪੋਥੀਆਂ ਜੋ ਪੜ੍ਹੀਆਂ ਨੇ -

ਅਮਲ : ਲੈ ਪੋਥੀਆਂ ਪੜ੍ਹ ਕੇ ਕੀ ਸਾਰਾ ਕੁਝ ਹੀ ਪਤਾ ਲਗ ਜਾਂਦਾ ਏ ?

ਮਾਧੋ : ਵਾਹ ਵਾਹ ! ਤੈਨੂੰ ਐਨਾ ਵੀ ਨਹੀਂ ਪਤਾ ?

ਅਮਲ : (ਹਉਕਾ ਲੈ ਕੇ) ਮੈਂ ਕੋਈ ਪੋਥੀ ਨਹੀਂ ਨਾਂ ਪੜ੍ਹੀ - ਇਸ ਲਈ ਨਹੀਂ ਜਾਣਦਾ।

ਮਾਧੋ : ਵੇਖ, ਵੱਡੇ ਵੱਡੇ ਸਾਰੇ ਪੰਡਤ ਤੇਰੇ ਵਾਂਗ ਹੀ ਨੇ। ਉਹ ਬੈਠੇ ਬੈਠੇ ਸਾਰਾ ਦਿਨ ਪੋਥੀਆਂ ਪੜ੍ਹਦੇ ਨੇ। ਕਿਸੇ ਪਾਸੇ ਨਹੀਂ ਝਾਕਦੇ। ਮੇਰੇ ਲਾਲ, ਵੱਡਾ ਹੋ ਕੇ ਤੂੰ ਵੀ ਵਿਦਵਾਨ ਬਣੇਂਗਾ - ਫੇਰ ਤੂੰ ਵੀ ਬੈਠਾ ਬੈਠਾ ਵੱਡੀਆਂ ਪੋਥੀਆਂ ਪੜ੍ਹੇਂਗਾ। ਲੋਕ ਵੇਖ ਵੇਖ ਕੇ ਹੈਰਾਨ ਹੋਣਗੇ।

ਅਮਲ : ਨਾ ਨਾ ਫੁੱਫੜ, ਮੈਂ ਤੇਰੇ ਪੈਰੀਂ ਪੈਨਾਂ, ਮੈਂ ਵਿਦਵਾਨ ਨਹੀਂ ਬਣਨਾ! ਫੁੱਫੜ, ਮੈਂ ਵਿਦਵਾਨ ਨਹੀਂ ਬਣਨਾ !

ਮਾਧੋ : ਇਹ ਤੂੰ ਕੀ ਆਖਦੈਂ ? ਜੇ ਕਿਤੇ ਮੈਂ ਪੜ੍ਹ ਲਿਖ ਜਾਂਦਾ ਤਾਂ ਆਪਣੇ ਭਾਗਾਂ ਨੂੰ ਸਲਾਹੁੰਦਾ ।

ਅਮਲ : ਮੈਂ ਤਾਂ ਬਾਹਰ ਘੁੰਮਦਾ ਫਿਰਾਂਗਾ ਤੇ ਸਭ ਕੁਝ ਦੇਖਾਂਗਾ।

ਮਾਧੋ : ਗੱਲ ਸੁਣ, ਆਖਰ ਕਿਹੜੀ ਚੀਜ਼ ਦੇਖੇਂਗਾ ? ਦੇਖਣ ਨੂੰ ਐਡਾ ਹੈ ਈ ਕੀ ?

ਅਮਲ : ਉਹ ਵੇਖ - ਆਪਣੀ ਬਾਰੀ ਤੋਂ ਦੂਰ ਦਿਸਦੀ ਪਹਾੜੀ ! ਮੇਰਾ ਬੜਾ ਜੀਅ ਕਰਦੈ ਕਿ ਉਨ੍ਹਾਂ ਪਹਾੜੀਆਂ ਤੋਂ ਪਾਰ ਚਲਾ ਜਾਵਾਂ।

ਮਾਧੋ : ਕਮਲਾ ਨ ਹੋਵੇ ਤਾਂ ! ਕੰਮ ਨਹੀਂ, ਕਾਜ ਨਹੀਂ। ਖ਼ਾਹਮਖ਼ਾਹ ਪਹਾੜੀਆਂ ਤੋਂ ਪਾਰ ਚਲਿਆ ਜਾਵਾਂ ! ਪਤਾ ਨਹੀਂ ਕੀ ਅਵਾ ਤਵਾ ਬੋਲੀ ਜਾਨੈਂ। ਗੱਲ ਸੁਣ, ਇਹ ਪਹਾੜ ਜੋ ਉੱਚੀ ਕੰਧ ਵਾਂਗ ਰਸਤਾ ਰੋਕੀ ਖੜਾ ਏ - ਇਸ ਦਾ ਅਰਥ ਇਹ ਹੈ ਕਿ ਇਸ ਤੋਂ ਅਗਾਂਹ ਨਹੀਂ ਜਾਣਾ। ਨਹੀਂ ਤਾਂ ਕੀ ਲੋੜ ਸੀ ਰੱਬ ਨੂੰ ਪੱਥਰਾਂ ਦਾ ਐਡਾ ਵੱਡਾ ਢੇਰ ਕੱਠਾ ਕਰਨ ਦੀ ?

ਅਮਲ : ਫੁੱਫੜ, ਤੈਨੂੰ ਜਾਪਦਾ ਏ ਕਿ ਇਹ ਰਾਹ ਰੋਕਣ ਲਈ ਖੜਾ ਏ। ਮੈਨੂੰ ਤਾਂ ਐਉਂ ਲਗਦੈ ਜਿਵੇਂ ਧਰਤੀ ਬੋਲ ਨਹੀਂ ਸਕਦੀ ਤੇ ਨੀਲੇ ਅਸਮਾਨ ਵੱਲ ਇਹ ਬਾਹਵਾਂ ਚੁੱਕੀ ਬੁਲਾ ਰਹੀ ਏ। ਜੋ ਲੋਕ ਦੁਪਹਿਰਾਂ ਵੇਲੇ ਦੂਰ ਆਪਣੀਆਂ ਤਾਕੀਆਂ ਵਿਚ ਬੈਠੇ ਰਹਿੰਦੇ ਨੇ, ਉਹ ਵੀ ਇਸ ਦੇ ਬੁਲਾਵੇ ਨੂੰ ਸਮਝਦੇ ਨੇ। ਕੀ ਵਿਦਵਾਨ ਇਸ ਦੇ ਇਸ਼ਾਰੇ ਨੂੰ ਨਹੀਂ ਸਮਝ ਸਕਦੇ ?

ਮਾਧੋ : ਨਹੀਂ। ਉਹ ਕੋਈ ਤੇਰੇ ਵਾਂਗ ਝੱਲੇ ਥੋੜ੍ਹਾ ਈ ਨੇ। ਅਮਲਾ : ਫੁੱਫੜ, ਕਲ੍ਹ ਮੈਂ ਬਿਲਕੁਲ ਆਪਣੇ ਵਰਗੇ ਇਕ ਝੱਲੇ ਆਦਮੀ ਨੂੰ ਵੇਖਿਆ ਸੀ।

ਮਾਧੋ : ਸਚ ਮੁਚ?

ਅਮਲ : ਉਸ ਦੇ ਮੋਢੇ ਉਤੇ ਡਾਂਗ ਸੀ ਤੇ ਡਾਂਗ ਦੇ ਸਿਰੇ ਉੱਤੇ ਨਿੱਕੀ ਜਿਹੀ ਪੋਟਲੀ। ਖੱਬੇ ਹੱਥ ਵਿਚ ਗੜਵਾ ਤੇ ਪੈਰੀਂ ਪੁਰਾਣੀ ਜੁੱਤੀ। ਉਹ ਇਸੇ ਚਰਾਂਦ ਨੂੰ ਲੰਘ ਕੇ ਸਿੱਧਾ ਉਨ੍ਹਾਂ ਪਹਾੜੀਆਂ ਵੱਲ ਤੁਰਿਆ ਜਾਂਦਾ ਸੀ। ਮੈਂ ਉਸ ਨੂੰ ਹਾਕ ਮਾਰ ਕੇ ਪੁੱਛਿਆ, "ਤੂੰ ਕਿਧਰ ਜਾਣੈਂ?" ਉਸ ਨੇ ਉੱਤਰ ਦਿਤਾ, "ਮੈਨੂੰ ਨਹੀਂ ਪਤਾ। ਕਿਧਰੇ ਵੀ।" ਮੈਂ ਮੁੜ ਕੇ ਪੁੱਛਿਆ, "ਤੂੰ ਜਾਨਾ ਕਿਉਂ ਏਂ?" ਉਸ ਆਖਿਆ, "ਮੈਂ ਕੰਮ ਲੱਭਣ ਲਈ ਚਲਿਆਂ।" ਅੱਛਾ ਫੁੱਫੜ, ਕੀ ਕੰਮ ਵੀ ਲਭਣਾ ਪੈਂਦੈ ?

ਮਾਧੋ : ਕਿਉਂ ਨਹੀਂ। ਕਈ ਲੋਕ ਭਾਲਦੇ ਫਿਰਦੇ ਨੇ ਕੰਮ।

ਅਮਲ : ਆਹਾ ਜੀ ! ਮੈਂ ਵੀ ਉਨ੍ਹਾਂ ਵਾਂਗ ਕੰਮ ਭਾਲਦਾ ਫਿਰਾਂਗਾ।

ਮਾਧੋ : ਜੇ ਤੈਨੂੰ ਨਾ ਲੱਭਾ - ਫੇਰ ?

ਅਮਲ : ਜੇ ਨਾ ਲਭਿਆ ਤਾਂ ਫੇਰ ਲਭਾਂਗਾ। ਮੈਂ ਉਸ ਆਦਮੀ ਨੂੰ ਜਿਸ ਪੁਰਾਣੀ ਜੁੱਤੀ ਪਾਈ ਸੀ, ਵੇਖਦਾ ਰਿਹਾਂ - ਉਹ ਜਿੱਥੇ ਅੰਜੀਰ ਦੇ ਥਲਿਉਂ ਝਰਣੇਂ ਦਾ ਪਾਣੀ ਵਗਦਾ ਏ, ਉਸ ਆਪਣੀ ਡਾਂਗ ਰੱਖ ਕੇ ਹੌਲੀ ਹੌਲੀ ਪਾਣੀ ਵਿਚ ਪੈਰ ਧੋਤੇ। ਫਿਰ ਉਹ ਪੋਟਲੀ 'ਚੋਂ ਸੱਤੂ ਕੱਢ ਕੇ ਪਾਣੀ ਵਿਚ ਘੋਲ ਕੇ ਪੀਣ ਲੱਗਾ। ਸੱਤੂ ਪੀ ਕੇ ਉਸ ਮੁੜ ਪੋਟਲੀ ਬੰਨ੍ਹ ਲਈ ਤੇ ਮੋਢੇ 'ਤੇ ਸੁੱਟ ਲਈ, ਧੋਤੀ ਨੂੰ ਖੁਚਾਂ ਤੀਕ ਚੜ੍ਹਾ ਲਿਆ, ਤੇ ਵੱਗਦੇ ਪਾਣੀ ਵਿਚੋਂ ਦੀ ਪਾਰ ਲੰਘ ਗਿਆ। ਮੈਂ ਭੂਆ ਨੂੰ ਆਖ ਛਡਿਐ ਕਿਸੇ ਦਿਨ ਮੈਂ ਵੀ ਉਸ ਝਰਨੇ ਦੇ ਕੰਢੇ ਜਾ ਕੇ ਸੱਤੂ ਪੀਵਾਂਗਾ।

ਮਾਧੋ : ਤੇ ਤੇਰੀ ਭੂਆ ਨੇ ਕੀ ਆਖਿਆ ?

ਅਮਲ : ਭੂਆ ਨੇ ਆਖਿਆ, ਪਹਿਲਾਂ ਰਾਜ਼ੀ ਹੋ ਲੈ ਫੇਰ ਮੈਂ ਤੈਨੂੰ ਉਸ ਝਰਨੇ 'ਤੇ ਲਿਜਾ ਕੇ ਸੱਤੂ ਪਿਆ ਲਿਆਵਾਂਗੀ। ਫੁੱਫੜ, ਮੈਂ ਕਦੋਂ ਰਾਜ਼ੀ ਹੋਵਾਂਗਾ?

ਮਾਧੋ : ਹੁਣ ਕਿਹੜੀ ਦੇਰ ਏ।

ਅਮਲ : ਦੇਰ ਨਹੀਂ ? ਪਰ ਮੈਂ ਰਾਜ਼ੀ ਹੁੰਦਿਆਂ ਈ ਚਲੇ ਜਾਣੈਂ।

ਮਾਧੋ : ਕਿਥੇ ਜਾਏਂਗਾ ?

ਅਮਲ : ਇਨ੍ਹਾਂ ਵਲ ਵਿੰਗ ਖਾਂਦੇ ਝਰਨਿਆਂ ਦਿਆਂ ਪਾਣੀਆਂ ਵਿਚ ਪੈਰ ਧਰਦਾ ਧਰਦਾ ਮੈਂ ਪਾਰ ਚਲਾ ਜਾਵਾਂਗਾ। ਦੁਪਹਿਰਾਂ ਦੀ ਗਰਮੀ ਵਿਚ ਹਰ ਕੋਈ ਬੂਹੇ ਭੇੜੀ ਸੁੱਤਾ ਪਿਆ ਹੋਵੇਗਾ, ਤਾਂ ਮੈਂ ਕੰਮ ਲਭਦਾ ਹੋਇਆ ਘੁੰਮਦਾ ਫਿਰਾਂਗਾ।

ਮਾਧੋ : ਅੱਛਾ, ਪਹਿਲਾਂ ਤੂੰ ਰਾਜ਼ੀ ਹੋ ਲੈ ਫੇਰ ਤੂੰ ....

ਅਮਲ : ਪਰ ਫੇਰ ਤੂੰ ਮੈਨੂੰ ਵਿਦਵਾਨ ਬਣਨ ਲਈ ਤਾਂ ਨਹੀਂ ਆਖੇਂਗਾ ?

ਮਾਧੋ : ਤਾਂ ਫੇਰ ਤੂੰ ਕੀ ਬਣੇਂਗਾ ?

ਅਮਲ : ਹਾਲ ਤਾਂ ਮੈਂ ਕੁਝ ਨਹੀਂ ਆਖ ਸਕਦਾ। ਸੋਚ ਕੇ ਦਸਾਂਗਾ।

ਮਾਧੋ : ਤੂੰ ਕਿਸੇ ਓਪਰੇ ਬੰਦੇ ਨੂੰ ਸੱਦ ਕੇ ਗੱਲਾਂ ਨਾ ਕਰਨ ਲਗ ਪਵੀਂ।

ਅਮਲ : ਓਪਰੇ ਲੋਕ ਮੈਨੂੰ ਤਾਂ ਬੜੇ ਚੰਗੇ ਲਗਦੇ ਨੇ।

ਮਾਧੋ : ਜੇ ਤੈਨੂੰ ਫੜ ਕੇ ਲੈ ਗਏ ?

ਅਮਲ : ਸੁਆਦ ਈ ਆ ਜਾਵੇ ! ਪਰ ਮੈਨੂੰ ਤਾਂ ਕੋਈ ਫੜ ਕੇ ਵੀ ਨਹੀਂ ਲਿਜਾਂਦਾ। ਸਾਰੇ ਇਹੋ ਚਾਹੁੰਦੇ ਨੇ ਕਿ ਅੰਦਰ ਡੱਕਿਆ ਰਹਵਾਂ।

ਮਾਧੋ : ਮੈਨੂੰ ਕੰਮ ਏ, ਮੈਂ ਚਲਦਾ ਹਾਂ ਹੁਣ, ਪਰ ਬੇਟਾ ਵੇਖੀਂ, ਬਾਹਰ ਨਾ ਜਾਈਂ।

ਅਮਲ : ਨਹੀਂ ਜਾਂਦਾ। ਫੁੱਫੜ, ਮੈਂ ਵਿਹੀ ਵਾਲੇ ਕਮਰੇ ਵਿਚ ਬੈਠਾ ਰਹਵਾਂਗਾ।

(ਮਾਧੋ ਚਲਾ ਜਾਂਦਾ ਏ।)

(ਗਲੀ ਵਿਚੋਂ ਦਹੀ ਵਾਲਾ ਲੰਘਦਾ ਏ।)

ਦਹੀਂ ਵਾਲਾ : ਦਹੀਂ ਲੈ ਲਉ ਦਹੀਂ ! ਮਿੱਠਾ ਸੋਹਣਾ ਦਹੀਂ।

ਅਮਲ : ਦਹੀਂ ਵਾਲੇ ! ਉਹ ਦਹੀਂ ਵਾਲੇ !

ਦਹੀਂ ਵਾਲਾ : ਵਾਜਾਂ ਕਿਉਂ ਮਾਰਨੈਂ ! ਦਹੀਂ ਲੈਣੈਂ ?

ਅਮਲ : ਕਿਵੇਂ ਲਵਾਂ ? ਮੇਰੇ ਕੋਲ ਤਾਂ ਪੈਸੇ ਨਹੀਂ।

ਦਹੀਂ ਵਾਲਾ : ਝੱਲਾ ਨਾ ਹੋਵੇ ਤਾਂ ! ਜੇ ਕੁਝ ਲੈਣਾ ਨਹੀਂ ਤਾਂ ਮੇਰਾ ਵਕਤ ਕਿਉਂ ਖ਼ਰਾਬ ਕਰਦੈਂ ?

ਅਮਲ : ਮੈਂ ਤੇਰੇ ਨਾਲ ਚਲਦਾ ਜੇ ਜਾਣ ਜੋਗਾ ਹੁੰਦਾ।

ਦਹੀਂ ਵਾਲਾ : ਮੇਰੇ ਨਾਲ ?

ਅਮਲ : ਹਾਂ। ਜਦ ਮੈਂ ਤੈਨੂੰ ਹੋਕੇ ਲਾਉਂਦਿਆਂ, ਤੁਰੇ ਜਾਂਦਿਆਂ ਸੁਣਦਾਂ ਤਾਂ ਮੇਰੇ ਜੀਅ ਨੰ ਕੁਝ ਕੁਝ ਹੁੰਦਾ ਏ।

ਦਹੀਂ ਵਾਲਾ : (ਵਹਿੰਗੀ ਲਾਹ ਕੇ) ਪੁੱਤ, ਤੂੰ ਐਥੇ ਬੈਠਾ ਕੀ ਕਰਦੈਂ ?

ਅਮਲ : ਵੈਦ ਜੀ ਨੇ ਆਖਿਐ ਬਾਹਰ ਨਾ ਨਿਕਲੀਂ ਇਸੇ ਲਈ ਮੈਂ ਸਾਰਾ ਦਿਨ ਇਥੇ ਬੈਠਾ ਰਹਿੰਨਾ।

ਦਹੀਂ ਵਾਲਾ : ਤੈਨੂੰ ਹੋਇਆ ਕੀ ਏ ਕਾਕਾ ?

ਅਮਲ : ਪਤਾ ਨਹੀਂ ਮੈਂ ਤਾਂ ਕੁਝ ਪੜ੍ਹਿਆ ਹੋਇਆ ਵੀ ਨਹੀਂ। ਇਸੇ ਲਈ ਮੈਨੂੰ ਪਤਾ ਨਹੀਂ ਮੈਨੂੰ ਕੀ ਹੋਇਆ ਏ। ਭਾਈ ਦਹੀਂ ਵਾਲਿਆ ਤੂੰ ਕਿਥੋਂ ਆ ਰਿਹਾ ਏਂ ?

ਦਹੀਂ ਵਾਲਾ : ਆਪਣੇ ਪਿੰਡੋਂ।

ਅਮਲ : ਤੇਰਾ ਪਿੰਡ ? ਬੜੀ ਈ ਦੂਰ ਏ ਤੇਰਾ ਪਿੰਡ ?

ਦਹੀਂ ਵਾਲਾ : ਮੇਰਾ ਪਿੰਡ ਓਸ ਪਾਂਚ-ਮੁੜਾ ਪਹਾੜੀ ਦੀ ਕੁੱਖ ਵਿਚ ਹੈ -ਸ਼ਾਮਲੀ ਨਦੀ ਦੇ ਕੰਢੇ।

ਅਮਲ : ਪਾਂਚ-ਮੁੜਾ ਪਹਾੜੀ .... ਸ਼ਾਮਲੀ ਨਦੀ ... ਕੀ ਪਤਾ ਮੈਂ ਤੇਰਾ ਪਿੰਡ ਵੇਖਿਆ ਈ ਹੋਵੇ। ਕਦੋਂ - ਇਹ ਮੈਨੂੰ ਯਾਦ ਨਹੀਂ ਆ ਰਿਹਾ।

ਦਹੀਂ ਵਾਲਾ : ਤੂੰ ਵੇਖਿਐ ? ਗਿਆ ਏਂ ਕਦੇ ਉਸ ਪਹਾੜੀ ਵਲ ?

ਅਮਲ : ਨਾ ਕਦੇ ਨਹੀਂ ਗਿਆ। ਪਰ ਮੈਨੂੰ ਇੰਜ ਜਾਪਦੈ ਜਿਵੇਂ ਮੈਂ ਵੇਖਿਆ ਏ। ਵੱਡੇ ਵੱਡੇ ਰੁੱਖਾਂ ਵਿਚਕਾਰ ਤੇਰਾ ਪਿੰਡ ਐ ਨਾ ... ਸੂਹੀ ਸੜਕ ਦੇ ਲਾਗੇ?

ਦਹੀ ਵਾਲਾ : ਤੂੰ ਠੀਕ ਆਖਨੈ ਕਾਕਾ।

ਅਮਲ : ਉਥੇ ਪਹਾੜ ਦੇ ਪਿੰਡੇ ਉਤੇ ਗਊਆਂ ਚਰਦੀਆਂ ਫਿਰਦੀਆਂ ਨੇ?

ਦਹੀਂ ਵਾਲਾ : ਅਸ਼ਕੇ ਤੇਰੇ ! ਠੀਕ ਆਖਨੈਂ। ਸਾਡੇ ਪਿੰਡ ਗਊਆਂ ਕੀ, ਵੱਗ ਚਰਦੇ ਨੇ।

ਅਮਲ : ਤੇ ਕੁੜੀਆਂ ਨਦੀ ਤੋਂ ਪਾਣੀ ਦੀਆਂ ਗਾਗਰਾਂ ਭਰ ਕੇ ਲੈ ਜਾਂਦੀਆਂ ਨੇ ਲਾਲ ਸਾੜ੍ਹੀਆਂ ਵਾਲੀਆਂ ਕੁੜੀਆਂ।

ਦਹੀਂ ਵਾਲਾ : ਬਲੇ ਬਲੇ ! ਬਿਲਕੁਲ ਠੀਕ। ਸਾਡੇ ਪਿੰਡੋਂ ਗੁਜਰੀਆਂ ਪਾਣੀ ਭਰ ਕੇ ਤਾਂ ਲਿਜਾਂਦੀਆਂ ਨੇ, ਪਰ ਸਾਰੀਆਂ ਦੇ ਲਾਲ ਸਾੜ੍ਹੀ ਨਹੀਂ ਹੁੰਦੀ। ਕਾਕਾ ਤੂੰ ਜ਼ਰੂਰ ਕਦੇ ਉਥੇ ਗਿਆ ਹੋਵੇਂਗਾ।

ਅਮਲ : ਨਹੀਂ। ਸੱਚ ਆਖਨਾਂ ਮੈਂ ਉਥੇ ਕਦੇ ਵੀ ਨਹੀਂ ਗਿਆ। ਵੈਦ ਜਿਸ ਦਿਨ ਮੈਨੂੰ ਬਾਹਰ ਜਾਣ ਲਈ ਆਖੇਗਾ - ਉਦੋਂ ਤੂੰ ਮੈਨੂੰ ਆਪਣੇ ਪਿੰਡ ਲੈ ਜਾਵੇਂਗਾ ?

ਦਹੀਂ ਵਾਲਾ : ਸੱਤ ਵਾਰੀ ਕਾਕਾ। ਮੈਂ ਤੈਨੂੰ ਜ਼ਰੂਰ ਨਾਲ ਲੈ ਚਲਾਂਗਾ।

ਅਮਲ : ਤੇ ਮੈਨੂੰ ਆਪਣੇ ਵਾਂਗ ਹੋਕਾ ਲਾਉਣਾ ਵੀ ਸਿਖਾਏਂਗਾ? ਦਹੀਂ ਲੈ ਲੋ ਦਹੀਂ ! ਮਿੱਠਾ ਸੁਹਣਾ ਦਹੀਂ ! ਇਸੇ ਤਰ੍ਹਾਂ ਵਹਿੰਗੀ ਮੋਢੇ 'ਤੇ ਰਖ ਕੇ ਦੂਰ ਦੁਰੇਡੇ ਰਾਹਾਂ ਉਤੇ ਹੋਕੇ ਲਾਂਦਾ ਜਾਵਾਂਗਾ ਮੈਂ।

ਦਹੀ ਵਾਲਾ : ਸੁਖੀ ਸਾਂਦੀ ਤੂੰ ਦਹੀਂ ਕਾਹਨੂੰ ਵੇਚੇਂਗਾ ਪੁੱਤ ? ਤੂੰ ਤਾਂ ਬਹੁਤੀਆਂ ਸਾਰੀਆਂ ਪੋਥੀਆਂ ਪੜ੍ਹ ਕੇ ਵਿਦਵਾਨ ਬਣੇਂਗਾ।

ਅਮਲ : ਨਹੀਂ ਮੈਂ ਕਦੇ ਵਿਦਵਾਨ ਨਹੀਂ ਬਣਨਾ। ਮੈਂ ਤੁਹਾਡੀ ਸੂਹੀ ਸੜਕ ਲਾਗਲੇ ਬੁੱਢੇ ਬੋਹੜ ਵਾਲੇ ਪਿੰਡੋਂ ਦਹੀਂ ਲੈ ਕੇ ਥਾਂ ਥਾਂ ਦਹੀਂ ਵੇਚਦਾ ਫਿਰਾਂਗਾ। ਭਲਾ ਨੂੰ ਕਿਵੇਂ ਹੋਕਾ ਲਾਉਦੈਂ। ਦਹੀਂ ਲੈ ਲੌ ਦਹੀਂ, ਮਿਠਾ ਸੁਹਣਾ ਦਹੀਂ... ਮੈਨੂੰ 'ਵਾਜ ਲਾਉਣੀ ਸਿਖਾ ਦੇ ਖਾਂ!

ਦਹੀਂ ਵਾਲਾ : 'ਵਾਜ ਲਾਉਣੀ ਸਿਖਾ ਦੇ ! ਫੁੱਟੇ ਭਾਗ !

ਅਮਲ : ਨਹੀਂ ਨਹੀਂ ਇਹ 'ਵਾਜ ਮੈਨੂੰ ਬੜੀ ਚੰਗੀ ਲਗਦੀ ਏ। ਜਿਵੇਂ ਉਚੇ ਆਕਾਸ਼ ਵਿਚ ਉੱਡਦੇ ਪੰਛੀ ਦੀ ਆਵਾਜ਼ ਸੁਣਦਿਆਂ ਮਨ ਉਦਾਸ ਹੋ ਜਾਂਦੈ - ਇਸੇ ਤਰ੍ਹਾਂ ਸੜਕ ਦੇ ਮੋੜ ਤੋਂ ਰੁੱਖਾਂ ਦੀ ਪਾਲ ਵਿਚੋਂ ਦੀ ਤੇਰੀ 'ਵਾਜ ਆ ਰਹੀ ਸੀ। ਮੈਨੂੰ ਜਾਪਦਾ ਸੀ ....ਪਤਾ ਨਹੀਂ ਕੀ ਜਾਪਦਾ ਸੀ।

ਦਹੀਂ ਵਾਲਾ : ਕਾਕਾ, ਲੈ ਇਕ ਡੋਨਾ ਦਹੀਂ ਦਾ ਖਾ ਲੈ।

ਅਮਲ : ਮੇਰੇ ਕੋਲ ਤਾਂ ਪੈਸੇ ਕੋਈ ਨਹੀਂ।

ਦਹੀਂ ਵਾਲਾ : ਨਾ - ਨਾ - ਨਾ - ਪੈਸਿਆਂ ਦੀ ਗੱਲ ਨਾ ਕਰ। ਜੇ ਤੂੰ ਥੋੜਾ ਜਿਹਾ ਦਹੀਂ ਖਾ ਲਵੇਂ ਤਾਂ ਮੈਂ ਬਹੁਤ ਖ਼ੁਸ਼ ਹੋਵਾਂਗਾ।

ਅਮਲ : ਤੈਨੂੰ ਬਹੁਤ ਚਿਰ ਹੋ ਗਿਆ ਏ ਨਾ ?

ਦਹੀਂ ਵਾਲਾ : ਕੋਈ ਚਿਰ ਚੁਰ ਨਹੀਂ ਹੋਇਆ...ਬੀਬਾ ਮੇਰਾ ਕੋਈ ਹਰਜਾ ਨਹੀਂ ਹੋਇਆ। ਦਹੀਂ ਵੇਚਣ ਵਿਚ ਕਿੰਨਾ ਅਨੰਦ ਆਉਂਦਾ ਏ - ਇਹ ਮੈਂ ਤੈਥੋਂ ਸਿਖ ਲਿਆ ਏ।

(ਚਲਾ ਜਾਂਦਾ ਏ)

ਅਮਲ : (ਹੇਕ ਲਾ ਕੇ) ਦਹੀਂ ਲੈ ਲੌ ਦਹੀਂ। ਮਿੱਠਾ ਸੁਹਣਾ ਦਹੀਂ। ਪਾਂਚ-ਮੁੜਾ ਪਹਾੜੀ ਦਾ ਦਹੀਂ ! ਸ਼ਾਮਲੀ ਨਦੀ ਦੇ ਕੰਢੇ ਵਸਦੇ ਗੁਜਰਾਂ ਦੇ ਪਿੰਡ ਦਾ ਦਹੀਂ ! ਤੜਕੇ ਈ ਉਹ ਰੁੱਖਾਂ ਥੱਲੇ ਗਾਵਾਂ ਖਲ੍ਹਿਆਰ ਕੇ ਦੁੱਧ ਚੋਂਦੇ ਨੇ। ਤਰਕਾਲਾਂ ਵੇਲੇ ਤੀਵੀਆਂ ਦਹੀਂ ਜਮਾਉਂਦੀਆਂ ਨੇ। ਉਹੀ ਦਹੀਂ। ਮਿੱਠਾ ਦਹੀਂ ! ਉਹ ਸੜਕ ਉਤੇ ਪਹਿਰੇਦਾਰ ਘੁੰਮਦਾ ਫਿਰਦਾ ਹੈ। ਪਹਿਰੇਦਾਰ ! ਉਹ ਪਹਿਰੇਦਾਰ ! ਜ਼ਰਾ ਗੱਲ ਤੇ ਸੁਣ ਜਾ।

(ਪਹਿਰੇਦਾਰ ਦਾ ਆਉਣਾ)

ਪਹਿਰੇਦਾਰ : ਕਿਉਂ ਡੰਡ ਪਾਈ ਜਾਨੈਂ ਤੈਨੂੰ ਮੇਰਾ ਕੋਈ ਡਰ ਨਹੀਂ ?

ਅਮਲ : ਕਿਉਂ ਤੈਥੋਂ ਮੈਂ ਕਿਉਂ ਡਰਾਂ ?

ਪਹਿਰੇਦਾਰ : ਜੇ ਮੈਂ ਤੈਨੂੰ ਫੜ ਕੇ ਲੈ ਗਿਆ ?

ਅਮਲ : ਕਿਥੇ ਫੜ ਕੇ ਲੈ ਜਾਵੇਂਗਾ ? ਬੜੀ ਦੂਰ ? ਉਸ ਪਹਾੜ ਤੋਂ ਪਾਰ ?

ਪਹਿਰੇਦਾਰ : ਜੇ ਸਿੱਧਾ ਈ ਰਾਜੇ ਕੋਲ ਲੈ ਜਾਵਾਂ ?

ਅਮਲ : ਰਾਜੇ ਕੋਲ ? ਲੈ ਚਲ ਨਾ ਫਿਰ। ਪਰ ... ਮੈਨੂੰ ਤਾਂ ਵੈਦ ਜੀ ਨੇ ਬਾਹਰ ਜਾਣੋਂ ਰੋਕਿਆ ਹੋਇਆ ਹੈ, ਮੈਨੂੰ ਕੋਈ ਕਿਤੇ ਵੀ ਫੜ ਕੇ ਨਹੀਂ ਲਿਜਾ ਸਕਦਾ। ਦਿਨ ਰਾਤ ਇਥੇ ਹੀ ਬੈਠੇ ਰਹਿਣਾ ਪਵੇਗਾ।

ਪਹਿਰੇਦਾਰ : ਵੈਦ ਜੀ ਨੇ ਰੋਕਿਆ ਏ ? ਠੀਕ। ਤਾਂਹੀਉਂ ਤੇਰਾ ਮੂੰਹ ਪੂਣੀ ਵਾਂਗ ਬੱਗਾ ਹੋ ਗਿਆ ਏ, ਅੱਖਾਂ ਹੇਠ ਕਾਲੋਂ ਫਿਰ ਗਈ ਏ, ਤੇਰੀਆਂ ਬਾਹਵਾਂ ਦੀਆਂ ਨਾੜਾ ਦਿਸਣ ਲਗ ਪਈਆਂ ਨੇ।

ਅਮਲ : ਪਹਿਰੇ ਵਾਲੇ ! ਤੂੰ ਹੁਣ ਘੜਿਆਲ ਨਹੀਂ ਵਜਾਉਣਾ ?

ਪਹਿਰੇਦਾਰ : ਹਾਲੇ ਵੇਲਾ ਨਹੀਂ ਹੋਇਆ।

ਅਮਲ : ਕੋਈ ਆਖਦੈ ”ਵੇਲਾ ਲੰਘਦਾ ਜਾਂਦੈ। ਕੋਈ ਆਖਦੈ ”ਵੇਲਾ ਹੋਇਆ ਨਹੀਂ। ਜੇ ਤੂੰ ਘੜਿਆਲ ਵਜਾਵੇਂ ਤਾਂ ਈ ਤਾਂ ਵੇਲਾ ਹੋਵੇ !

ਪਹਿਰੇਦਾਰ : ਇਹ ਕਿਵੇਂ ਹੋ ਸਕਦੈ। ਵੇਲਾ ਹੋਵੇ ਤਾਂ ਈ ਮੈਂ ਘੜਿਆਲ ਵਜਾਵਾਂ।

ਅਮਲ : ਹਾਂ। ਮੈਨੂੰ ਤੇਰਾ ਘੜਿਆਲ ਬੜਾ ਚੰਗਾ ਲਗਦਾ ਏ। ਸੁਣਨ ਵਿਚ ਬੜਾ ਈ ਸੁਆਦ ਆਉਂਦਾ ਏ। ਦੁਪਹਿਰ ਵੇਲੇ ਜਦ ਸਾਡੇ ਘਰ ਸਭ ਜਣੇ ਖਾ ਪੀ ਚੁਕਦੇ ਨੇ ਤੇ ਫੁੱਫੜ ਕਿਤੇ ਕੰਮ ਉਤੇ ਚਲਾ ਜਾਂਦੈ, ਤੇ ਭੂਆ ਰਾਮਾਇਣ ਪੜ੍ਹਦੀ ਪੜ੍ਹਦੀ ਊਂਘਣ ਲਗ ਪੈਂਦੀ ਹੈ, ਤੇ ਵਿਹੜੇ ਵਿਚ ਉਸ ਪੇੜ ਦੀ ਛਾਵੇਂ ਸਾਡਾ ਕਤੂਰਾ ਪੂਛ ਵਿਚ ਮੂੰਹ ਤੁਨ ਕੇ ਸੌਂ ਜਾਂਦਾ ਏ - ਉਦੋਂ ਤੇਰਾ ਘੜਿਆਲ ਖੜਕਦੈ - ਟਨ ਟਨ ਟਨ ! ਟਨ ਟਨ ਟਨ ! ਤੇਰਾ ਘੜਿਆਲ ਕਿਉਂ ਵਜਦਾ ਏ ?

ਪਹਿਰੇਦਾਰ : ਘੜਿਆਲ ਸਾਰਿਆਂ ਨੂੰ ਇਹ ਗੱਲ ਆਖਦਾ ਏ "ਸਮਾਂ ਖਲੋਤਾ ਨਹੀਂ ਰਹਿੰਦਾ। ਸਮਾਂ ਵਗਿਆ ਤੁਰਿਆ ਜਾਂਦਾ ਹੈ।"

ਅਮਲ : ਕਿਥੇ ਟੁਰਿਆ ਜਾਂਦੈ ? ਕਿਹੜੇ ਦੇਸ ?

ਪਹਿਰੇਦਾਰ : ਇਹ ਗੱਲ ਕੋਈ ਨਹੀਂ ਜਾਣਦਾ।

ਅਮਲ : ਤਾਂ ਕੀ ਕੋਈ ਵੀ ਉਸ ਦੇਸ ਤੋਂ ਨਹੀਂ ਮੁੜਿਆ ? ਮੇਰਾ ਬੜਾ ਜੀ ਕਰਦੈ ਸਮੇਂ ਨਾਲ ਚਲਿਆ ਜਾਵਾਂ ਉਸ ਦੇਸ - ਜਿਥੋਂ ਦੀ ਗੱਲ ਕੋਈ ਨਹੀਂ ਜਾਣਦਾ - ਉਥੇ ਬੜੀ ਦੂਰ.....।

ਪਹਿਰੇਦਾਰ : ਉਸ ਦੇਸ ਸਭਨਾਂ ਨੂੰ ਜਾਣਾ ਪੈਣੈ, ਬੱਲਿਆ।

ਅਮਲ : ਮੈਨੂੰ ਵੀ ਜਾਣਾ ਪਵੇਗਾ ...?

ਪਹਿਰੇਦਾਰ : ਹਾਂ। ਇਹ ਵੀ ਕੋਈ ਪੁੱਛਣ ਦੀ ਗੱਲ ਹੈ?

ਅਮਲ : ਪਰ...ਪਰ... ਵੈਦ ਨੇ ਮੈਨੂੰ ਬਾਹਰ ਜਾਣੋਂ ਰੋਕਿਆ ਹੋਇਆ ਹੈ।

ਪਹਿਰੇਦਾਰ : ਕਿਸੇ ਦਿਨ ਖ਼ਵਰੇ ਵੈਦ ਤੈਨੂੰ ਆਪੇ ਹੱਥ ਫੜ ਕੇ ਉਥੇ ਲੈ ਜਾਵੇ।

ਅਮਲ : ਨਾ ਨਾ, ਤੂੰ ਉਸ ਨੂੰ ਨਹੀਂ ਜਾਣਦਾ। ਉਸਨੇ ਤਾਂ ਮੈਨੂੰ ਅੰਦਰ ਹੀ ਡੱਕੀ ਰਖਣੈ।

ਪਹਿਰੇਦਾਰ : ਪਰ ਉਸ ਤੋਂ ਵੀ ਵੱਡਾ ਇਕ ਵੈਦ ਹੈ ਜੋ ਆ ਕੇ ਸਭਨਾਂ ਨੂੰ ਮੁਕਤ ਕਰ ਦੇਂਦਾ ਏ।

ਅਮਲ : ਇਹ ਵੱਡਾ ਵੈਦ ਕਦੋਂ ਆਵੇਗਾ ? ਮੈਨੂੰ ਹੁਣ ਬੈਠੇ ਰਹਿਣਾ ਚੰਗਾ ਨਹੀਂ ਲਗਦਾ।

ਪਹਿਰੇਦਾਰ : ਇਹੋ ਜਿਹੀ ਗੱਲ ਨਹੀਂ ਆਖੀਦੀ, ਬੀਬਾ !

ਅਮਲ : ਨਾ - ਮੈਂ ਤਾਂ ਬੈਠਾ ਹੀ ਹਾਂ - ਜਿਥੇ ਮੈਨੂੰ ਬਿਠਾ ਗਏ ਨੇ ਉਥੋਂ ਹਿੱਲਦਾ ਨਹੀਂ। ਪਰ ਜਦ ਤੇਰਾ ਘੜਿਆਲ ਵੱਜਦਾ ਏ - ਟਨ ਟਨ ਟਨ ! ਮੇਰੇ ਜੀਅ ਵਿਚ ਕੁਝ ਕੁਝ ਹੁੰਦੈ ! ਅੱਛਾ ਪਹਿਰੇ ਵਾਲਿਆ !

ਪਹਿਰੇਦਾਰ : ਕਿਉਂ ਚੰਨਿਆਂ ?

ਅਮਲ : ਭਲਾ ਇਸ ਸੜਕ ਦੇ ਪਾਰ ਉਸ ਵੱਡੇ ਘਰ ਵਿਚ ਕੀ ਹੁੰਦੈ ਜਿਸ ਉਤੇ ਝੰਡਾ ਲਗਿਆ ਹੋਇਆ ਹੈ, ਤੇ ਜਿਸ ਵਿਚ ਲੋਕ ਹਰ ਵੇਲੇ ਅੰਦਰ ਬਾਹਰ ਨਿਕਲਦੇ ਵੜਦੇ ਨੇ ?

ਪਹਿਰੇਦਾਰ : ਉਹ... ਉਥੇ ਨਵਾਂ ਡਾਕਖਾਨਾ ਬਣਿਆ ਹੋਇਆ ਹੈ।

ਅਮਲ : ਡਾਕਖਾਨਾ ? ਕਾਹਦਾ ਡਾਕਖਾਨਾ ?

ਪਹਿਰੇਦਾਰ : ਡਾਕਖਾਨਾ ਹੋਰ ਕਿਹਦਾ ਹੋਣੈ - ਰਾਜੇ ਦਾ ਡਾਕਘਰ। ਤੂੰ ਵੀ ਬੜਾ ਮਜ਼ੇਦਾਰ ਮੁੰਡਾ ਏਂ।

ਅਮਲ : ਰਾਜੇ ਦੇ ਡਾਕਘਰ ਵਿਚ ਸਭ ਚਿੱਠੀਆਂ ਰਾਜੇ ਵਲੋਂ ਆਉਂਦੀਆਂ ਨੇ ?

ਪਹਿਰੇਦਾਰ : ਹੋਰ ਕੀ। ਵੇਖੀਂ ਕਿਸੇ ਦਿਨ ਤੇਰੀ ਵੀ ਚਿੱਠੀ ਆਵੇਗੀ।

ਅਮਲ : ਮੇਰੀ ਚਿੱਠੀ ? ਪਰ ਮੈਂ ਤਾਂ ਹਾਲੇ ਨਿੱਕਾ ਜਿਹਾ ਮੁੰਡਾ ਈ ਆਂ।

ਪਹਿਰੇਦਾਰ : ਨਿੱਕੇ ਨਿੱਕੇ ਮੁੰਡਿਆਂ ਨੂੰ ਰਾਜਾ ਨਿੱਕੀਆਂ ਨਿੱਕੀਆਂ ਚਿੱਠੀਆਂ ਲਿਖਦਾ ਏ।

ਅਮਲ : ਫੇਰ ਤਾਂ ਮੌਜ ਬਣ ਜਾਊ। ਮੈਨੂੰ ਕਦੋਂ ਚਿੱਠੀ ਮਿਲੇਗੀ ? ਤੈਨੂੰ ਕਿਕਣ ਪਤਾ ਲੱਗਾ ਜੁ ਉਹ ਮੈਨੂੰ ਵੀ ਚਿੱਠੀ ਘੱਲੇਗਾ ?

ਪਹਿਰੇਦਾਰ : ਨਹੀਂ ਤਾਂ ਉਹ ਤੇਰੀ ਖੁਲ੍ਹੀ ਤਾਕੀ ਦੇ ਸਾਹਮਣੇ ਈ ਸੁਨਹਿਰੀ ਝੰਡੇ ਵਾਲਾ ਡਾਕਖਾਨਾ ਕਿਉਂ ਖੋਲ੍ਹਦਾ? ਇਹ ਮੁੰਡਾ ਮੈਨੂੰ ਬੜਾ ਚੰਗਾ ਲਗਦੈ।

ਅਮਲ : ਅੱਛਾ, ਜਦ ਰਾਜੇ ਦੀ ਚਿੱਠੀ ਆਈ ਤਾਂ ਕੌਣ ਲੈ ਕੇ ਆਵੇਗਾ?

ਪਹਿਰੇਦਾਰ : ਰਾਜੇ ਕੋਲ ਬਹੁਤ ਸਾਰੇ ਡਾਕੀਏ ਨੇ। ਵੇਖੇ ਨਹੀਂ, ਉਨ੍ਹਾਂ ਦੀ ਛਾਤੀ ਉੱਤੇ ਸੋਨੇ ਦੇ ਗੋਲ ਗੋਲ ਬਿੱਲੇ ਲੱਗੇ ਹੋਏ - ਤੇ ਉਹ ਇਧਰ ਉਧਰ ਘੁੰਮਦੇ ਫਿਰਦੇ ਨੇ ?

ਅਮਲ : ਹੱਛਾ, ਉਹ ਕਿਧਰ ਜਾਂਦੇ ਨੇ ?

ਪਹਿਰੇਦਾਰ : ਘਰ ਘਰ, ਪਿੰਡ ਪਿੰਡ। ਇਸ ਮੁੰਡੇ ਦੀਆਂ ਗੱਲਾਂ ਸੁਣ ਕੇ ਮੇਰਾ ਢਿੱਡ ਹੱਸਦਾ ਏ।

ਅਮਲ : ਵੱਡਾ ਹੋ ਕੇ ਮੈਂ ਰਾਜੇ ਦਾ ਡਾਕੀਆ ਬਣਾਂਗਾ।

ਪਹਿਰੇਦਾਰ : ਹਾ ਹਾ ਹਾ। ਡਾਕੀਆ ! ਵੱਡਾ ਕੰਮ ! ਧੁੱਪ ਹੋਵੇ ਭਾਵੇਂ ਮੀਂਹ, ਅਮੀਰ ਹੋਵੇ ਭਾਵੇਂ ਗ਼ਰੀਬ - ਸਭਨਾਂ ਦੇ ਘਰ ਚਿੱਠੀਆਂ ਵੰਡਦੇ ਫਿਰਨਾ - ਬੜਾ ਔਖਾ ਕੰਮ ਏ !

ਅਮਲ : ਤੂੰ ਹੱਸਦਾ ਕਿਉਂ ਏਂ ? ਮੈਨੂੰ ਇਹੋ ਕੰਮ ਸਭ ਤੋਂ ਚੰਗਾ ਲਗਦਾ ਏ। ਨਾ ਨਾ, ਤੇਰਾ ਕੰਮ ਵੀ ਬੜਾ ਚੰਗੈ - ਜਦ ਦੁਪਹਿਰ ਸਾਂ ਸਾਂ ਕਰਦੀ ਹੈ, ਉਦੋਂ ਘੜਿਆਲ ਵਜਦੈ - ਟਨ ਟਨ ਟਨ ! ਫੇਰ ਕਈ ਵਾਰ ਰਾਤ ਨੂੰ ਜਦ ਚਾਨਚਕ ਹੀ ਮੇਰੀ ਜਾਗ ਖੁਲ੍ਹ ਜਾਂਦੀ ਹੈ ਤਾਂ ਵੇਖਨਾ, ਦੀਵਾ ਬੁੱਝ ਗਿਆ ਏ ਤੇ ਬਾਹਰ ਹਨੇਰੇ ਵਿਚੋਂ ਦੀ ਘੜਿਆਲ ਖੜਕ ਉਠਦਾ ਹੈ - ਟਨ ਟਨ ਟਨ !

ਪਹਿਰੇਦਾਰ : ਉਹ ਮੁਖੀਆ ਤੁਰਿਆ ਆਉਦੈ। ਮੈਂ ਹੁਣ ਖਿਸਕਾਂ। ਜੇ ਮੈਨੂੰ ਉਸ ਤੇਰੇ ਨਾਲ ਗੱਪਾਂ ਮਾਰਦੇ ਵੇਖ ਲਿਆ ਤਾਂ ਬਿਪਤਾ ਖੜੀ ਕਰ ਦੇਵੇਗਾ।

ਅਮਲ : ਕੌਣ ਮੁਖੀਆ ? ਮੁਖੀਆ ਕੌਣ ?

ਪਹਿਰੇਦਾਰ : ਉਹ ਦੂਰ ਸਾਰੇ - ਸਿਰ ਉਤੇ ਤਾੜ ਦੇ ਪੱਤਿਆਂ ਦੀ ਵੱਡੀ ਸਾਰੀ ਛੱਤਰੀ ਹੈ ਉਸ ਦੇ।

ਅਮਲ : ਮੇਰੀ ਜਾਚੇ, ਰਾਜੇ ਨੇ ਹੀ ਮੁਖੀਆ ਬਣਾਇਆ ਏ ਉਸ ਨੂੰ ?

ਪਹਿਰੇਦਾਰ : ਨਹੀਂ ਉਹ ਆਪੇ ਹੀ ਚੌਧਰ ਪੁਣਾ ਛਾਂਟਦਾ ਫਿਰਦਾ ਏ। ਜਿਹੜਾ ਉਸ ਦੀ ਚੌਧਰ ਨਹੀਂ ਮੰਨਦਾ, ਉਹ ਬੱਸ ਉਸ ਦੇ ਪਿੱਛੇ ਹੀ ਪੈ ਜਾਂਦਾ ਏ ! ਉਸ ਤੋਂ ਸਾਰੇ ਹੀ ਚਲਦੇ ਨੇ। ਹਰ ਇਕ ਨਾਲ ਲੜਾਈ ਮੁੱਲ ਲੈਣੀ - ਇਹੋ ਉਸ ਦਾ ਧੰਦਾ ਏ। ਮੈਂ ਜਾਨਾ ਆਂ ਹੁਣ, ਕੰਮ ਦਾ ਹਰਜ ਹੁੰਦਾ ਏ। ਕਲ੍ਹ ਸਾਜ੍ਹਰੇ ਈ ਫਿਰ ਆਵਾਂਗਾ ਤੇ ਤੈਨੂੰ ਸਾਰੇ ਨਗਰ ਦੀਆਂ ਖ਼ਬਰਾਂ ਸੁਣਾਵਾਂਗਾ।

(ਪਹਿਰੇਦਾਰ ਚਲਾ ਜਾਂਦਾ ਹੈ)

ਅਮਲ : ਰਾਜੇ ਵਲੋਂ ਜੇ ਰੋਜ਼ ਇਕ ਚਿੱਠੀ ਆ ਜਾਏ ਤਾਂ ਮੌਜ ਹੀ ਬਣ ਜਾਏ ! ਮੈਂ ਤਾਕੀ ਕੋਲ ਬੈਠਾ ਪੜ੍ਹਦਾ ਰਹਵਾਂ। ਪਰ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ। ਕੌਣ ਪੜ੍ਹ ਕੇ ਸੁਣਾਏਗਾ? ਭੂਆ ਰਾਮਾਇਣ ਪੜ੍ਹਦੀ ਏ। ਕੀ ਉਹ ਰਾਜੇ ਦਾ ਲਿਖਿਆ ਪੜ੍ਹ ਸਕੇਗੀ ? ਜੇ ਕਿਸੇ ਨੇ ਪੜ੍ਹ ਕੇ ਨਾ ਸੁਣਾਇਆ ਤਾਂ ਮੈਂ ਉਨ੍ਹਾਂ ਨੂੰ ਸਾਂਭ ਕੇ ਰਖਾਂਗਾ ਤੇ ਵੱਡਾ ਹੋ ਕੇ ਪੜ੍ਹਾਂਗਾ। ਪਰ ਜੇ ਡਾਕੀਏ ਨੇ ਮੈਨੂੰ ਨਾ ਪਛਾਣਿਆਂ ?

ਚੌਧਰੀ ਜੀ ! ਏ ਚੌਧਰੀ ਜੀ ! ਇਕ ਗੱਲ ਤਾਂ ਸੁਣ ਜਾਓ।

(ਮੁਖੀਆ ਆਉਂਦਾ ਹੈ)

ਮੁਖੀਆ : ਕੌਣ ਐਂ ਉਏ ਤੂੰ ? ਰਾਹ ਵਿਚ ਮੈਨੂੰ 'ਵਾਜਾਂ ਮਾਰੀ ਜਾਨੈਂ। ਮਸਤਿਆ ਹੋਇਆ ਬਾਂਦਰ !

ਅਮਲ : ਤੁਸੀਂ ਚੌਧਰੀ ਓ - ਤੁਹਾਨੂੰ ਤਾਂ ਸਾਰੇ ਈ ਮੰਨਦੇ ਨੇ।

ਮੁਖੀਆ : (ਖੁਸ਼ ਹੋ ਕੇ) ਹਾਂ ਹਾਂ ਮੰਨਦੇ ਨੇ - ਆਪਣੀ ਗੌਂ ਨੂੰ ਮੰਨਦੇ ਨੇ।

ਅਮਲ : ਰਾਜੇ ਦਾ ਡਾਕੀਆ ਤੁਹਾਡੀ ਗੱਲ ਮੰਨਦਾ ਏ ?

ਮੁਖੀਆ : ਮੰਨੇ ਕਿਵੇਂ ਨਾ। ਉਸ ਨੂੰ ਜਾਨ ਨਹੀਂ ਲੋੜੀਦੀ ਆਪਣੀ ? ਉਸ ਦੀ ਕੀ ਮਜਾਲ !

ਅਮਲ : ਤੁਸੀਂ ਡਾਕੀਏ ਨੂੰ ਆਖ ਦਿਓ ਕਿ ਇਸ ਮੁੰਡੇ ਦਾ ਨਾਂ ਈ ਅਮਲ ਹੈ। ਮੈਂ ਇਸ ਤਾਕੀ ਕੋਲ ਬੈਠਾ ਰਹਿਨਾਂ।

ਮੁਖੀਆ : ਦਸ ਖਾਂ ਕਿਉਂ ?

ਅਮਲ : ਜੇ ਮੇਰੇ ਨਾਂ ਦੀ ਚਿੱਠੀ ਆਵੇ ....

ਮੁਖੀਆ : ਤੇਰੇ ਨਾਂ ਦੀ ਚਿੱਠੀ ! ਤੈਨੂੰ ਕਿਸ ਨੇ ਚਿੱਠੀ ਲਿਖਣੀ ਏ ?

ਅਮਲ : ਜੇ ਰਾਜੇ ਨੇ ਚਿੱਠੀ ਲਿਖੀ ਤਾਂ ...

ਮੁਖੀਆ : ਹਾ ਹਾ ਹਾ ਹਾ ! ਇਹ ਮੁੰਡਾ ਵੀ ਨਿਰਾ ਅਜੂਬਾ ਏ ਹਾ ਹਾ ਹਾ ਹਾ ! ਰਾਜੇ ਨੇ ਤੈਨੂੰ ਈ ਚਿੱਠੀ ਲਿਖਣੀ ਏ ? ਤੂੰ ਉਸ ਦਾ ਜਿਗਰੀ ਦੋਸਤ ਜੋ ਹੋਇਆ ! ਤੇਰੇ ਮਿਲੇ ਬਾਝੋਂ ਰਾਜੇ ਦੀਆਂ ਬਾਹਵਾਂ ਆਕੜੀਆਂ ਜਾਂਦੀਆਂ ਨੇ ! ਓਏ, ਮੈਨੂੰ ਪਤਾ ਲਗ ਗਿਐ ਕਿ ਹੁਣ ਛੇਤੀ ਈ ਤੈਨੂੰ ਚਿੱਠੀ ਆਈ ਸਮਝ - ਅੱਜ ਜਾਂ ਭਲਕੇ!

ਅਮਲ : ਚੌਧਰੀ ਜੀ, ਤੁਸੀਂ ਇੰਜ ਔਖੇ ਔਖੇ ਕਿਉਂ ਬੋਲਦੇ ਓ ? ਕੁਝ ਗੁੱਸਾ ਗਿਲਾ ਏ ?

ਮੁਖੀਆ : ਓਏ ! ਤੇਰੇ ਉਤੇ ਗੁੱਸਾ ਕਰਾਂ ਮੇਰੀ ਮਜਾਲ ਏ ? ਰਾਜੇ ਨਾਲ ਤੇਰੀ ਚਿੱਠੀ ਪੱਤਰੀ ਏ ! ਮੈਂ ਵੇਖਣਾ ਏ, ਮਾਧੋ ਦੱਤ ਦੇ ਕੁੱਤੇ ਅਜ ਕਲ੍ਹ ਅਸਮਾਨੀ ਭੌਂਕਦੇ ਨੇ ! ਦੋ ਪੈਸੇ ਕੀ ਕਮਾ ਲਏ, ਰਾਜਿਆਂ ਮਹਾਰਾਜਿਆਂ ਤੋਂ ਉਰੇ ਇਸ ਦੇ ਘਰ ਗੱਲ ਈ ਨਹੀਂ ਹੁੰਦੀ। ਮੈਂ ਚਖਾਊਂਗਾ ਇਸਨੂੰ ਮਜ਼ਾ। ਓਏ ਠੀਂਗਣਿਆਂ ! ਮੈਂ ਕਰਦਾ ਇਆਂ ਬੰਦੋਬਸਤ ਜਿਸ ਨਾਲ ਛੇਤੀ ਈ ਤੁਹਾਡੇ ਘਰ ਸਰਕਾਰ ਚਿੱਠੀ ਪਾਵੇ !

ਅਮਲ : ਨ ਨਾ, ਤੁਹਾਨੂੰ ਖੇਚਲ ਕਰਨ ਦੀ ਲੋੜ ਨਹੀਂ।

ਮੁਖੀਆ : ਮੈਂ ਤੇਰੀ ਗੱਲ ਰਾਜੇ ਨਾਲ ਤੋਰਾਂਗਾ। ਉਹ ਢਿੱਲ ਨਹੀਂ ਕਰੇਗਾ। ਤੁਹਾਡੀ ਖ਼ਬਰ ਲੈਣ ਲਈ ਛੇਤੀ ਈ ਪਿਆਦਾ ਘਲ ਦੇਵੇਗਾ।

ਹੂੰਹ ! ਮਾਧੋ ਦੱਤ ਦੀ ਹੈਂਕੜ ! ਜੇ ਇਕ ਵਾਰ ਰਾਜੇ ਦੇ ਕੰਨੀਂ ਸੂਹ ਵੀ ਪੈ ਗਈ ਤਾਂ ਸਿੱਧਾ ਹੋ ਜਾਵੇਗਾ !

(ਚਲਾ ਜਾਂਦਾ ਹੈ)

ਅਮਲ : ਕੌਣ ਏਂ ਤੂੰ ਕੁੜੇ ? ਛਣ ਛਣ ਕਰਦੀ ਤੁਰੀ ਜਾਨੀ ਏਂ ! ਖਲੋ ਤੇ ਜਾ ਜ਼ਰਾ !

(ਕੁੜੀ ਆਉਂਦੀ ਹੈ)

ਕੁੜੀ : ਮੇਰੇ ਕੋਲ ਖੜੋਣ ਦੀ ਵਿਹਲ ਕਿਥੇ ? ਅੱਗੇ ਈ ਕੁਵੇਲਾ ਹੋ ਗਿਐ।

ਅਮਲ : ਤੇਰਾ ਖੜੋਣ ਨੂੰ ਜੀਅ ਨਹੀਂ ਕਰਦਾ ? ਮੇਰਾ ਵੀ ਏਥੇ ਬੈਠੇ ਰਹਿਣ ਨੂੰ ਜੀਅ ਨਹੀਂ ਕਰਦਾ।

ਕੁੜੀ : ਤੈਨੂੰ ਵੇਖ ਕੇ ਇੰਜ ਲਗਦੈ ਜਿਵੇਂ ਸਵੇਰ ਦਾ ਤਾਰਾ ਹੋਵੇਂ। ਤੈਨੂੰ ਹੋਇਆ ਕੀ ਏ ? ਦੱਸ ਖਾਂ।

ਅਮਲ : ਪਤਾ ਨਹੀਂ ਕੀ ਹੋਇਆ ਏ। ਵੈਦ ਨੇ ਮੈਨੂੰ ਬਾਹਰ ਜਾਣੋਂ ਰੋਕ ਦਿਤਾ ਏ।

ਕੁੜੀ : ਹਾਏ, ਫੇਰ ਨਾ ਜਾ ਖਾਂ। ਵੈਦ ਦੀ ਗੱਲ ਮੰਨਣੀ ਚਾਹੀਦੀ ਏ। ਅੜੀ ਨਹੀਂ ਕਰੀਦੀ, ਨਹੀਂ ਤਾਂ ਲੋਕੀਂ ਆਖਣਗੇ ਤੂੰ ਇੱਲਤੀ ਏਂ। ਬਾਹਰ ਝਾਕਣ ਨਾਲ ਤੇਰਾ ਮਨ ਡੋਲਦੈ, ਲੈ ਮੈਂ, ਰਤਾ ਕੁ ਤਾਕੀ ਭੀੜ ਦਿਆਂ।

ਅਮਲ : ਨਾ ਨਾ, ਭੀੜੀਂ ਨਾ ! ਬਸ ਇਹੋ ਤਾਕੀ ਹੀ ਖੁਲ੍ਹੀ ਏ। ਬਾਕੀ ਸਭ ਕੁਝ ਬੰਦ ਏ। ਤੂੰ ਕੌਣ ਏਂ ? ਦੱਸ ਖਾਂ, ਮੈਂ ਤੈਨੂੰ ਪਛਾਣਿਆ ਨਹੀਂ।

ਕੁੜੀ : ਮੈਂ ਸੁਧਾ ਹਾਂ।

ਅਮਲ : ਸੁਧਾ ?

ਸੁਧਾ : ਤੈਨੂੰ ਨਹੀਂ ਪਤਾ ? ਇਥੋਂ ਦੇ ਮਾਲੀ ਦੀ ਧੀ।

ਅਮਲ : ਤੂੰ ਕੀ ਕਰਦੀ ਹੁੰਨੀ ਐਂ ?

ਸੁਧਾ : ਮੈਂ ਆਪਣੀ ਚੰਗੇਰ ਵਿਚ ਫੁੱਲ ਤੋੜ ਕੇ ਲਿਆਉਂਨੀ ਆਂ ਤੇ ਹਾਰ ਪਰੋਨੀ ਆਂ। ਹੁਣ ਫੁੱਲ ਤੋੜਨ ਚੱਲੀ ਆਂ।

ਅਮਲ : ਫੁੱਲ ਤੋੜਨ ਚੱਲੀ ਏਂ ? ਇਸ ਲਈ ਤੇਰੇ ਪੈਰ ਖ਼ੁਸ਼ੀ ਨਾਲ ਨੱਚਦੇ ਨੇ, ਤੇ ਤੁਰਨ ਲੱਗੇ ਤੇਰੀਆਂ ਪੰਜੇਬਾਂ ਛਣਕਦੀਆਂ ਨੇ - ਛਣ ਛਣ ਛਣ! ਹਾਏ ਜੇ ਮੈਂ ਕਿਤੇ ਤੇਰੇ ਨਾਲ ਜਾ ਸਕਦਾ ਤਾਂ ਉੱਚੀ ਟਹਿਣੀ ਤੋਂ ਜਿੱਥੇ ਨਜ਼ਰ ਨਹੀਂ ਪੁੱਜਦੀ, ਉਥੋਂ ਤੈਨੂੰ ਫੁੱਲ ਤੋੜ ਕੇ ਦੇਂਦਾ।

ਸੁਧਾ : ਸਚੀ ਮੁਚੀਂ ? ਫੁੱਲਾਂ ਦਾ ਤੈਨੂੰ ਮੇਰੇ ਨਾਲੋਂ ਵਧੇਰੇ ਪਤਾ ਏ !

ਅਮਲ : ਪਤਾ ਏ। ਬਹੁਤ ਪਤਾ ਏ। ਮੈਂ ਚੰਪਾ ਫੁੱਲ ਤੇ ਉਹਦੇ ਸੱਤ ਭਰਾਵਾਂ ਦੀ ਕਹਾਣੀ ਵੀ ਜਾਣਦਾ ਆਂ। ਮੈਨੂੰ ਜਾਪਦੈ ਜੇ ਮੈਨੂੰ ਘਰ ਦੇ ਲੋਕ ਜਾਣ ਦੇਣ ਤਾਂ ਮੈਂ ਜਾ ਸਕਦਾਂ - ਬੜੇ ਸੰਘਣੇ ਜੰਗਲ ਵਿਚਕਾਰ ਜਿਥੇ ਰਾਹ ਨਹੀਂ ਲੱਭਦੇ, ਜਿਥੇ ਪਤਲੀਆਂ ਟਹਿਣੀਆਂ ਉਤੇ ਮਨਵਾ ਪੰਛੀ ਬੈਠਾ ਝੂਲਦੈ। ਮੈਂ ਉਥੇ ਚੰਪਾ ਫੁੱਲ ਬਣ ਕੇ ਖਿੜ ਸਕਦਾਂ। ਤੂੰ ਬਣੇਂਗੀ ਮੇਰੀ ਪਾਰੁਲ ਭੈਣ ?

ਸੁਧਾ : ਤੂੰ ਤਾਂ ਝੱਲਾ ਏਂ ! ਭਲਾ ਮੈਂ ਕਿਕਣ ਪਾਰੁਲ ਬਣ ਸਕਣੀ ਆਂ ? ਮੈਂ ਤਾਂ ਸੁਧਾ ਆਂ -- ਸ਼ਸ਼ੀ ਮਾਲਣ ਦੀ ਧੀ। ਮੈਨੂੰ ਨਿੱਤ ਐਨੇ ਸਾਰੇ ਹਾਰ ਪਰੋਣੇ ਪੈਂਦੇ ਨੇ। ਮੈਂ ਜੇ ਤੇਰੇ ਵਾਂਗ ਇਥੇ ਬੈਠੀ ਰਹਿ ਸਕਦੀ। ਕਿੰਨੀ ਮੌਜ ਹੁੰਦੀ !

ਅਮਲ : ਤਾਂ ਤੂੰ ਸਾਰਾ ਦਿਨ ਕੀ ਕਰਦੀ ?

ਸੁਧਾ : ਫੇਰ ਮੈਂ ਗੁੱਡੀ ਨਾਲ ਖੇਡਦੀ ਤੇ ਉਸ ਦਾ ਵਿਆਹ ਰਚਾਉਂਦੀ ਤੇ ਮੇਰੀ ਮਾਣੋਂ ਬਿੱਲੀ ਏ ਨਾ ਉਸ ਨਾਲ ਵੀ ਖੇਡਦੀ। ਅੱਛਾ ਚਲਾਂ ਹੁਣ। ਬੜਾ ਚਿਰ ਹੋ ਗਿਐ ਜੇ ਵੇਲਾ ਖੁੰਝ ਗਿਆ ਤਾਂ ਫੁੱਲ ਨਹੀਂ ਰਹਿਣੇ।

ਅਮਲ : ਮੇਰੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਕਰ। ਮੈਨੂੰ ਬੜੀਆਂ ਚੰਗੀਆਂ ਲਗਦੀਆਂ ਨੇ।

ਸੁਧਾ : ਠੀਕ। ਪਰ ਤੂੰ ਇੱਲਤਾਂ ਨਾ ਕਰ। ਬੀਬਾ ਰਾਣਾ ਬਣ ਕੇ ਇਥੇ ਬੈਠਾ ਰਹਿ। ਫੁੱਲ ਤੋੜ ਕੇ ਮੁੜਦੀ ਵਾਰ ਤੇਰੇ ਨਾਲ ਗੱਲਾਂ ਕਰ ਕੇ ਜਾਵਾਂਗੀ।

ਅਮਲ : ਮੈਨੂੰ ਇਕ ਫੁੱਲ ਦੇ ਜਾਵੇਂਗੀ ?

ਸੁਧਾ : ਫੁੱਲ - ਮੁਫਤ ਕਿਵੇਂ ਦੇ ਜਾਵਾਂ ? ਪੈਸੇ ਲਗਦੇ ਨੇ।

ਅਮਲ : ਜਦ ਵੱਡਾ ਹੋਵਾਂਗਾ ਤੇ ਕੰਮ ਲਭਣ ਲਈ ਉਸ ਝਰਨੇ ਤੋਂ ਪਾਰ ਜਾਵਾਂਗਾ ਤਾਂ ਤੇਰੇ ਪੈਸੇ ਦੇ ਦੇਵਾਂਗਾ।

ਸੁਧਾ : ਹੱਛਾ ! ਠੀਕ ਏ।

ਅਮਲ : ਤਾਂ ਤੂੰ ਫੁੱਲ ਤੋੜ ਕੇ ਲਿਆਵੇਂਗੀ ਨਾ ?

ਸੁਧਾ : ਆਵਾਂਗੀ।

ਅਮਲ : ਆਵੇਂਗੀ ?

ਸੁਧਾ : ਹਾਂ, ਆਵਾਂਗੀ।

ਅਮਲ : ਭੁੱਲੇਂਗੀ ਤਾਂ ਨਹੀਂ ? ਮੇਰਾ ਨਾਂ ਅਮਲ ਏ। ਤੈਨੂੰ ਯਾਦ ਰਹੇਗਾ ਨਾ?

ਸੁਧਾ : ਯਾਦ ਰਵ੍ਹੇਗਾ। ਭੁੱਲਾਂਗੀ ਨਹੀਂ।

(ਚਲੀ ਜਾਂਦੀ ਹੈ। ਮੁੰਡਿਆਂ ਦੀ ਟੋਲੀ ਆਉਂਦੀ ਹੈ)

ਅਮਲ : ਭਰਾਓ ! ਤੁਸੀਂ ਕਿਧਰ ਚੱਲੇ ਓ? ਰਤਾ ਮੇਰੇ ਕੋਲ ਖੜੋ ਜਾਓ।

ਮੁੰਡੇ : ਅਸੀਂ ਖੇਡਣ ਚਲੇ ਆਂ।

ਅਮਲ : ਕੀ ਖੇਡੋਗੇ ਤੁਸੀਂ ਭਰਾਓ ?

ਮੁੰਡੇ : ਅਸੀਂ ਹਾਲੀ ਹਾਲੀ ਬਣਨ ਖੇਡਾਂਗੇ।

ਪਹਿਲਾ ਮੁੰਡਾ : (ਸੋਟੀ ਵਿਖਾ ਕੇ) ਇਹ ਸਾਡਾ ਹਲ।

ਦੂਜਾ : ਅਸੀਂ ਦੋਵੇਂ ਬਲਦਾਂ ਦੀ ਜੋੜੀ ਆਂ।

ਅਮਲ : ਸਾਰਾ ਦਿਨ ਖੇਡੋਗੇ ?

ਮੁੰਡੇ : ਹਾਂ, ਸਾਰਾ ਦਿਨ।

ਅਮਲ : ਫੇਰ ਤਰਕਾਲੀਂ ਨਦੀ ਦੇ ਕੰਢੇ ਕੰਢੇ ਘਰ ਮੁੜੋਗੇ ?

ਮੁੰਡੇ : ਹਾਂ, ਤਰਕਾਲੀਂ ਮੁੜਾਂਗੇ।

ਅਮਲ : ਮੇਰੀ ਇਸ ਤਾਕੀ ਅਗੋਂ ਦੀ ਲੰਘਿਓ।

ਇਕ ਮੁੰਡਾ : ਤੂੰ ਬਾਹਰ ਆ ਜਾ ਨਾ। ਚਲ ਰਲ ਕੇ ਖੇਡੀਏ।

ਅਮਲ : ਵੈਦ ਨੇ ਮੈਨੂੰ ਬਾਹਰ ਜਾਣੋਂ ਰੋਕਿਆ ਏ।

ਇਕ ਮੁੰਡਾ : ਵੈਦ ! ਕੀ ਤੂੰ ਵੈਦ ਦੇ ਆਖੇ ਚਲਦੈਂ ? ਚਲੋ ਬਈ ਚਲੋ, ਸਾਨੂੰ ਚਿਰ ਹੁੰਦੈ।

ਅਮਲ : ਨਾ ਭਾਈ । ਤੁਸੀਂ ਮੇਰੀ ਇਸ ਤਾਕੀ ਸਾਹਮਣੇ ਥੋੜਾ ਚਿਰ ਖੇਡੋ। ਮੈਂ ਤੁਹਾਨੂੰ ਵੇਖਾਂਗਾ।

ਇਕ ਮੁੰਡਾ : ਏਥੇ ਕਾਸਦੇ ਨਾਲ ਖੇਡੀਏ ?

ਅਮਲ : ਇਹ ਵੇਖ ਖਾਂ, ਮੇਰੇ ਖਡੌਣੇ ਪਏ ਨੇ। ਇਹ ਸਾਰੇ ਤੁਸੀਂ ਲੈ ਲਉ। ਕਮਰੇ ਵਿਚ ਇਕੱਲਿਆਂ ਖੇਡਣਾ ਮੈਨੂੰ ਚੰਗਾ ਨਹੀਂ ਲਗਦਾ। ਏਥੇ ਪਏ ਪਏ ਇਨ੍ਹਾਂ ਖਡੌਣਿਆਂ ਉਤੇ ਧੂੜ ਈ ਪੈਂਦੀ ਏ ਨਾ - ਮੇਰੇ ਕਿਸ ਕੰਮ ਦੇ ?

ਮੁੰਡੇ : ਵਾਹ ਬਈ ਵਾਹ ! ਕਿੱਡੇ ਸੋਹਣੇ ਖਿਡੌਣੇ ਨੇ ! ਇਹ ਜਹਾਜ਼ ਏ! ਤੇ ਇਹ ਬੁੱਢੀ ਮਾਈ ! ਤੇ ਇਹ ਬਾਂਕਾ ਸ਼ਪਾਹੀ ! ਤੂੰ ਇਹ ਸਾਰੇ ਸਾਨੂੰ ਦੇ ਦਿਤੇ ਨੇ ? ਤੇਰਾ ਜੀਅ ਤਾਂ ਨਹੀਂ ਘਟਦਾ ?

ਅਮਲ : ਨਹੀਂ ਕੁਝ ਨਹੀਂ ਹੁੰਦਾ ਮੈਨੂੰ। ਸਭ ਤੁਹਾਨੂੰ ਦੇ ਦਿਤੇ !

ਇਕ ਮੁੰਡਾ : ਪਰ ਅਸਾਂ ਮੋੜ ਕੇ ਨਹੀਂ ਦੇਣੇ।

ਅਮਲ : ਨਹੀਂ ਮੋੜਨ ਦੀ ਲੋੜ ਨਹੀਂ।

ਇਕ ਮੁੰਡਾ : ਅੱਛਾ, ਕੋਈ ਝਿੜਕੇਗਾ ਤਾਂ ਨਹੀਂ ?

ਅਮਲ : ਮੈਨੂੰ ਕੋਈ ਨਹੀਂ ਝਿੜਕਦਾ। ਪਰ ਰੋਜ਼ ਸਵੇਰੇ ਤੁਹਾਨੂੰ ਇਨ੍ਹਾਂ ਖਿਡੌਣਿਆਂ ਨਾਲ ਮੇਰੀ ਤਾਕੀ ਅਗੇ ਥੋੜਾ ਚਿਰ ਖੇਡਣਾ ਪਏਗਾ। ਫੇਰ ਜਦੋਂ ਇਹ ਪੁਰਾਣੇ ਹੋ ਗਏ ਮੈਂ ਤੁਹਾਨੂੰ ਨਵੇਂ ਖਿਡੌਣੇ ਲਿਆ ਦੇਵਾਂਗਾ।

ਮੁੰਡੇ : ਚੰਗਾ ਭਾਈ ਅਸੀਂ ਨਿੱਤ ਏਥੇ ਖੇਡਿਆ ਕਰਾਂਗੇ। ਉਏ ! ਇਨ੍ਹਾਂ ਸ਼ਪਾਹੀਆਂ ਨੂੰ ਇਕ ਪਾਲ ਵਿਚ ਖੜਾ ਕਰ ਦਿਉ - ਅਸੀਂ ਲੜਾਈ ਲੜਾਈ ਖੇਡਾਂਗੇ। ਬੰਦੂਕ ਕਿਥੋਂ ਲਈਏ ? ਉਹ - ਇਕ ਵੱਡਾ ਕਾਨਾਂ ਪਿਆ ਏ, ਇਸ ਨੂੰ ਤੋੜ ਕੇ ਬੰਦੂਕ ਬਣਾ ਲੈਨੇ ਆਂ। ਪਰ ਭਾਈ, ਤੂੰ ਤੇ ਸੌਂਦਾ ਜਾਨਾ ਏਂ ।

ਅਮਲ : ਹਾਂ, ਮੈਨੂੰ ਬੜੀ ਨੀਂਦਰ ਆਈ ਏ। ਪਤਾ ਨਹੀਂ ਕਿਉਂ ਮੈਨੂੰ ਘੜੀ ਮੁੜੀ ਘੂਕੀ ਜਿਹੀ ਚੜ੍ਹ ਜਾਂਦੀ ਏ। ਮੈਂ ਬੜੇ ਚਿਰ ਤੋਂ ਬੈਠਾਂ ਆਂ। ਹੁਣ ਬੈਠਿਆ ਨਹੀਂ ਜਾਂਦਾ। ਮੇਰੀ ਪਿੱਠ ਅੰਬ ਗਈ ਏ।

ਇਕ ਮੁੰਡਾ : ਹਾਲੇ ਤਾਂ ਮਸਾਂ ਪਹਿਰ ਦਿਨ ਚੜ੍ਹਿਆ ਏ - ਹੁਣੇ ਤੈਨੂੰ ਨੀਂਦ ਕਿਉਂ ਆਉਣ ਲਗ ਪਈ ? ਸੁਣ ! ਪਹਿਲੇ ਪਹਿਰ ਦਾ ਘੜਿਆਲ ਵੱਜ ਰਿਹਾ ਏ।

ਅਮਲ : ਹਾਂ, ਇਹ ਵੱਜਦਾ ਏ, ਟਨ ਟਨ ਟਨ ! ਮੈਨੂੰ ਸੌਂ ਜਾਣ ਲਈ ਆਖ ਰਿਹਾ ਏ।

ਇਕ ਮੁੰਡਾ : ਤਾਂ ਅਸੀਂ ਚਲਦੇ ਆਂ । ਕੱਲ੍ਹ ਸਵੇਰੇ ਫੇਰ ਆਵਾਂਗੇ।

ਅਮਲ : ਜਾਣ ਤੋਂ ਪਹਿਲਾਂ ਤੁਹਾਨੂੰ ਇਕ ਗੱਲ ਪੁੱਛਨਾਂ ਭਰਾਵੋ। ਤੁਸੀਂ ਤੇ ਬਾਹਰ ਰਹਿੰਦੇ ਓ - ਤੁਸੀਂ ਰਾਜੇ ਦੇ ਡਾਕ ਘਰ ਦੇ ਡਾਕੀਆਂ ਨੂੰ ਪਛਾਣਦੇ ਓ ?

ਮੁੰਡਾ : ਹਾਂ, ਚੰਗੀ ਤਰ੍ਹਾਂ।

ਅਮਲ : ਉਹ ਕੌਣ ਨੇ ? ਉਨ੍ਹਾਂ ਦੇ ਨਾਂ ਕੀ ਨੇ ?

ਇਕ ਮੁੰਡਾ : ਇਕ ਦਾ ਨਾਂ ਏ ਬਾਦਲ। ਇਕ ਦਾ ਨਾਂ ਏ ਸ਼ਰਤ। ਹੋਰ ਵੀ ਕਿੰਨੇ ਸਾਰੇ ਨੇ।

ਅਮਲ : ਅੱਛਾ, ਜੇ ਮੇਰੇ ਨਾਂ ਦੀ ਚਿੱਠੀ ਆਵੇ - ਕੀ ਉਹ ਮੈਨੂੰ ਸਿਆਣ ਲੈਣਗੇ ?

ਮੁੰਡਾ : ਕਿਉਂ ਨਹੀਂ ? ਚਿੱਠੀ ਉਤੇ ਤੇਰਾ ਨਾਂ ਵੇਖਦਿਆਂ ਈ ਉਹ ਤੈਨੂੰ ਪਛਾਣ ਲੈਣਗੇ।

ਅਮਲ : ਕੱਲ੍ਹ ਸਵੇਰੇ ਜਦੋਂ ਆਉ, ਉਨ੍ਹਾਂ ਵਿਚੋਂ ਕਿਸੇ ਇਕ ਨੂੰ ਆਪਣੇ ਨਾਲ ਲਿਆ ਕੇ ਮੇਰੀ ਸਿਆਣ ਕਰਾ ਦਿਉਗੇ ਨਾ ?

ਮੁੰਡੇ : ਅੱਛਾ, ਕਰਾ ਦਿਆਂਗੇ।

(ਪਰਦਾ)

ਝਾਕੀ ਤੀਜੀ

(ਅਮਲ ਬਿਸਤਰੇ ਵਿਚ)

ਅਮਲ : ਫੁੱਫੜ, ਅੱਜ ਕੀ ਮੈਂ ਉਸ ਤਾਕੀ ਕੋਲ ਵੀ ਨਹੀਂ ਜਾ ਸਕਦਾ ? ਵੈਦ ਨੇ ਰੋਕ ਦਿਤਾ ਏ ਕੀ ?

ਮਾਧੋ : ਹਾਂ, ਪੁੱਤ ! ਉਥੇ ਰੋਜ਼ ਬੈਠ ਬੈਠ ਕੇ ਈ ਤਾਂ ਤੇਰਾ ਰੋਗ ਵੱਧ ਗਿਆ ਏ।

ਅਮਲ : ਨਹੀਂ ਫੁੱਫੜ, ਆਪਣੇ ਰੋਗ ਦਾ ਮੈਨੂੰ ਕੁਝ ਨਹੀਂ ਪਤਾ, ਪਰ ਇਹ ਪਤਾ ਏ ਕਿ ਉਥੇ ਬੈਠ ਕੇ ਮੈਨੂੰ ਬੜਾ ਸਵਾਦ ਆਉਂਦਾ ਏ।

ਮਾਧੋ : ਉਥੇ ਬੈਠਿਆਂ ਬੈਠਿਆਂ ਤੂੰ ਨਗਰ ਦੇ ਸਭਨਾਂ ਬੁੱਢਿਆਂ ਨੱਢਿਆਂ ਨਾਲ ਯਾਰੀ ਗੰਢ ਲਈ ਏ ! ਸਾਡੇ ਬੂਹੇ ਅਗੋ ਰੋਜ਼ ਮੇਲਾ ਈ ਲਗਿਆ ਰਹਿੰਦਾ ਏ। ਨਿੱਕੀ ਜਿਹੀ ਜਿੰਦ ਤੋਂ ਇਹ ਭਾਰ ਝੱਲਿਆ ਜਾਂਦਾ ਏ ਕਿਤੇ ? ਵੇਖ ਤਾਂ ਸਹੀ ਤੇਰਾ ਮੂੰਹ ਕਿਵੇਂ ਬੱਗਾ ਹੋ ਗਿਆ ਏ ...!

ਅਮਲ : ਫੁੱਫੜ, ਅੱਜ ਮੇਰਾ ਉਹ ਸਾਈਂ ਬਾਬਾ ਮੈਨੂੰ ਤਾਕੀ ਕੋਲ ਨਾ ਬੈਠਿਆਂ ਵੇਖ ਕੇ ਕਿਤੇ ਮੁੜ ਨਾ ਜਾਵੇ।

ਮਾਧੋ : ਇਹ ਤੇਰਾ ਨਵਾਂ ਸਾਈਂ ਬਾਬਾ ਕਿਹੜਾ ਏ ?

ਅਮਲ : ਉਹੀ ਜਿਹੜਾ ਰੋਜ਼ ਮੇਰੇ ਕੋਲ ਆ ਕੇ ਦੂਰ ਦੇਸਾਂ ਦੀਆਂ ਗੱਲਾਂ ਸੁਣਾ ਜਾਂਦਾ ਏ। ਮੈਨੂੰ ਉਸ ਦੀਆਂ ਗੱਲਾਂ ਬੜੀਆਂ ਚੰਗੀਆਂ ਲਗਦੀਆਂ ਨੇ।

ਮਾਧੋ : ਕਿਹੜਾ ? ਮੈਂ ਤਾਂ ਕਿਸੇ ਸਾਈਂ ਬਾਬੇ ਨੂੰ ਨਹੀਂ ਜਾਣਦਾ।

ਅਮਲ : ਬਸ ਹੁਣ ਉਸ ਦੇ ਆਉਣ ਦਾ ਵੇਲਾ ਏ। ਹਾੜੇ ਫੁੱਫੜ, ਇਕ ਵਾਰ ਆਖ ਆ ਨਾ ਉਹਨੂੰ ਜਾ ਕੇ ਕਿ ਉਹ ਮੇਰੇ ਕੋਲ ਅੰਦਰ ਆ ਕੇ ਬੈਠੇ।

(ਸਾਈਂ ਬਾਬੇ ਦੇ ਭੇਸ ਵਿਚ ਠਾਕਰ ਦਾਦਾ ਦਾ ਪ੍ਰਵੇਸ਼)

ਆਹ ਵੇਖ, ਆ ਗਿਆ ਏ ਉਹ ! ਸਾਈਂ ਬਾਬਾ ਉਰੇ ਮੇਰੀ ਮੰਜੀ ਉਤੇ ਆ ਕੇ ਬੈਠ ਜਾ।

ਮਾਧੋ : ਇਹ ਕੀ ! ਇਹ ਤਾਂ --

ਠਾਕਰ ਦਾਦਾ : (ਅੱਖ ਮਾਰ ਕੇ) ਆਹੋ, ਮੈਂ ਆਂ ਸਾਈਂ ਬਾਬਾ।

ਮਾਧੋ : ਕੀ ਰੀਸਾਂ ਨੇ ਤੇਰੀਆਂ ! ਤੂੰ ਕੀ ਕੁਝ ਨਹੀਂ !

ਅਮਲ : ਇਸ ਵਾਰ ਤੂੰ ਕਿਥੇ ਗਿਆ ਸੈਂ, ਸਾਈਂ ਬਾਬਾ ?

ਠਾਕਰ ਦਾਦਾ : ਤੋਤਿਆਂ ਦੇ ਟਾਪੂ ਵਿਚ ਗਿਆ ਸਾਂ। ਬਸ ਤੁਰਿਆ ਈ ਆਉਨਾਂ।

ਮਾਧੋ : ਤੋਤਿਆਂ ਦੇ ਟਾਪੂ ਵਿਚ ?

ਠਾਕਰ ਦਾਦਾ : ਇਸ ਵਿਚ ਕਿਹੜਾ ਅਚਰਜ ਏ ? ਮੈਂ ਤੇਰੇ ਵਾਂਗ ਨਹੀਂ ਕਿ ਕਿਤੇ ਆਉਣ ਜਾਣ ਲਈ ਪੈਸੇ ਖਰਚਾਂ। ਏਥੇ ਤਾਂ ਜਿਧਰ ਮਰਜ਼ੀ ਹੋਈ, ਤੁਰ ਪਏ।

ਅਮਲ : (ਤਾੜੀ ਵਜਾ ਕੇ) ਮੌਜ ਏ ਤੈਨੂੰ । ਯਾਦ ਏ ਸਾਈਂ ਬਾਬਾ ਤੂੰ ਆਖਿਆ ਸੀ, ਜਦੋਂ ਮੈਂ ਰਾਜ਼ੀ ਹੋਵਾਂਗਾ, ਤੂੰ ਮੈਨੂੰ ਚੇਲਾ ਬਣਾ ਲਵੇਂਗਾ।

ਠਾਕਰ ਦਾਦਾ : ਹਾਂ ਹਾਂ, ਚੰਗੀ ਤਰ੍ਹਾਂ ਯਾਦ ਏ। ਘੁੰਮਣ ਫਿਰਨ ਦੇ ਅਜਿਹੇ ਮੰਤਰ ਸਿਖਾ ਦੇਵਾਂਗਾ ਕਿ ਤੇਰੇ ਰਾਹ ਵਿਚ ਨਾ ਸਮੁੰਦਰ, ਨਾ ਜੰਗਲ, ਨਾ ਪਹਾੜ - ਕੋਈ ਚੀਜ਼ ਵੀ ਨਹੀਂ ਖੜੋ ਸਕੇਗੀ।

ਮਾਧੋ : ਕਿਹੀਆਂ ਪਾਗਲਾਂ ਵਰਗੀਆਂ ਗੱਲਾਂ ਕਰਦੇ ਓ?

ਠਾਕਰ ਦਾਦਾ : ਅਮਲ ਬੱਚਾ, ਪਹਾੜ, ਪਰਬਤ, ਸਮੁੰਦਰ ਤੋਂ ਮੈਂ ਨਹੀਂ ਡਰਦਾ। ਪਰ ਜੇ ਤੇਰੇ ਇਸ ਫੁੱਫੜ ਨਾਲ ਵੈਦ ਜੀ ਆ ਰਲੇ, ਤਾਂ ਮੇਰੇ ਸਾਰੇ ਮੰਤਰ ਧਰੇ ਰਹਿ ਜਾਣਗੇ।

ਅਮਲ : ਨਾ ਨਾ ਫੁੱਫੜ, ਤੂੰ ਵੈਦ ਨੂੰ ਕੁਝ ਨਾ ਦਸੀਂ। ਹੁਣ ਮੈਂ ਇਥੇ ਹੀ ਪਿਆ ਰਵ੍ਹਾਂਗਾ। ਕੁਝ ਨਹੀਂ ਕਰਾਂਗਾ। ਪਰ ਜਿਸ ਦਿਨ ਰਾਜ਼ੀ ਹੋਇਆ, ਉਸੇ ਦਿਨ ਸਾਈਂ ਬਾਬੇ ਦਾ ਮੰਤਰ ਲੈ ਕੇ ਚਲਾ ਜਾਵਾਂਗਾ, ਫਿਰ ਨਾ ਸਮੁੰਦਰ, ਨਾ ਪਰਬਤ, ਨਾ ਪਹਾੜ - ਕੋਈ ਵੀ ਮੈਨੂੰ ਰੋਕ ਨਹੀਂ ਸਕੇਗਾ।

ਮਾਧੋ : ਨਾ ਨਾ ਮੇਰਾ ਸੋਹਣਾ ਪੁੱਤ। ਬਸ ਹਰ ਵੇਲੇ ਚਲੇ ਜਾਣ ਦੀ ਈ ਮੁਹਾਰਨੀ ਨਹੀਂ ਰਟੀਦੀ। ਤੇਰੀਆਂ ਇਨ੍ਹਾਂ ਗੱਲਾਂ ਨਾਲ ਮੇਰਾ ਜੀਅ ਡੁੱਬਦਾ ਏ।

ਅਮਲ : ਮੈਨੂੰ ਦਸ ਖਾਂ ਸਾਈਂ ਬਾਬਾ, ਤੋਤਿਆਂ ਦਾ ਟਾਪੂ ਕਿਹੋ ਜਿਹਾ ਏ?

ਠਾਕਰ ਦਾਦਾ : ਅਸਚਰਜਾਂ ਭਰੀ ਧਰਤੀ ! ਪੰਛੀਆਂ ਦਾ ਦੇਸ - ਜਿਥੇ ਕੋਈ ਆਦਮੀ ਨਹੀਂ। ਉਹ ਗੱਲਾਂ ਨਹੀਂ ਕਰਦੇ, ਤੁਰਦੇ ਫਿਰਦੇ ਨਹੀਂ। ਬਸ ਗੀਤ ਗਾਉਂਦੇ ਨੇ ਤੇ ਉੱਡਦੇ ਨੇ।

ਅਮਲ : ਆਹਾ, ਮੌਜ ਏ ! ਸਮੁੰਦਰ ਦੇ ਕੰਢੇ ਈ ਏ ਨਾ ?

ਠਾਕਰ ਦਾਦਾ : ਹੋਰ ਕੀ, ਸਮੁੰਦਰ ਦੇ ਕੰਢੇ ਈ ਏ।

ਅਮਲ : ਤੇ ਉਥੋਂ ਦੇ ਸਭ ਪਹਾੜ ਨੀਲੇ ਨੇ ?

ਠਾਕਰ ਦਾਦਾ : ਨੀਲੇ ਪਹਾੜਾਂ ਉਤੇ ਈ ਤਾਂ ਉਹ ਰਹਿੰਦੇ ਨੇ। ਤਰਕਾਲੀਂ ਜਦ ਡੁੱਬਦੇ ਸੂਰਜ ਦੀ ਲਾਲੀ ਪਹਾੜ ਉਤੇ ਖਿੰਡ ਜਾਂਦੀ ਏ, ਤੇ ਸਾਵੇ ਤੋਤਿਆਂ ਦੀਆਂ ਡਾਰਾਂ ਆਪਣੇ ਆਪਣੇ ਆਲ੍ਹਣਿਆਂ ਨੂੰ ਮੁੜਦੀਆਂ ਨੇ - ਉਸ ਵੇਲੇ ਅਸਮਾਨ ਦੇ ਰੰਗ, ਤੋਤਿਆਂ ਦੇ ਰੰਗ, ਪਹਾੜਾਂ ਦੇ ਰੰਗ - ਬਸ ਇਕ ਨਜ਼ਾਰਾ ਹੁੰਦਾ ਏ !

ਅਮਲ : ਪਹਾੜ ਉਤੇ ਝਰਨੇ ਵੀ ਹੋਣਗੇ।

ਠਾਕਰ ਦਾਦਾ : ਵਾਹ ! ਝਰਨੇ ਤੋਂ ਬਿਨਾਂ ਪਹਾੜ ਹੋਏ ਨੇ ਕਦੇ ? ਪੰਘਰੇ ਹੋਏ ਹੀਰਿਆਂ ਵਾਂਗ ਚਮਕਦੇ ਨੇ ਝਰਨੇ ਝਮ ਝਮ ਕਰਦੇ। ਪੱਥਰ ਗੀਟਿਆਂ ਨੂੰ ਖਣ-ਖਣਾਉਂਦੇ, ਕਲ ਕਲ ਕਰਦੇ, ਛਲ ਛਲ ਕਰਦੇ ਇਹ ਝਰਨੇ ਸਮੁੰਦਰ ਵਿਚ ਜਾ ਡਿੱਗਦੇ ਨੇ। ਕਿਸੇ ਵੈਦ ਜੀ ਦੇ ਪਿਉ ਦੀ ਵੀ ਮਜਾਲ ਨਹੀਂ ਜੁ ਇਨ੍ਹਾਂ ਝਰਨਿਆਂ ਨੂੰ ਇਕ ਮਿੰਟ ਲਈ ਵੀ ਕਿਤੇ ਰੋਕ ਸਕੇ। ਜੇ ਉਥੋਂ ਦੇ ਪੰਛੀ ਮੈਨੂੰ ਉੱਕਾ ਈ ਤੁੱਛ ਨਾ ਸਮਝਦੇ - ਇਕ ਪੰਖ-ਹੀਨ ਬੰਦਾ - ਤਾਂ ਮੈਂ ਵੀ ਉਨ੍ਹਾਂ ਦੇ ਅਣਗਿਣਤ ਆਹਲਣਿਆਂ ਦੇ ਲਾਗੇ ਝਰਨਿਆਂ ਦੇ ਕੰਢੇ ਝੁੱਗੀ ਪਾ ਲੈਂਦਾ ਤੇ ਸਾਰਾ ਦਿਨ ਸਮੁੰਦਰ ਦੀਆਂ ਛੱਲਾਂ ਵੇਖਦਾ ਰਹਿੰਦਾ।

ਅਮਲ : ਜੇ ਮੈਂ ਪੰਛੀ ਹੁੰਦਾ ਤਾਂ ....

ਠਾਕਰ ਦਾਦਾ : ਤਾਂ ਬਿਪਤਾ ਖੜੀ ਹੋ ਜਾਂਦੀ। ਸੁਣਿਆਂ ਏ, ਤੂੰ ਦਹੀਂ ਵਾਲੇ ਨਾਲ ਸਾਈ ਲਾਈ ਏ ਕਿ ਵੱਡਾ ਹੋ ਕੇ ਤੂੰ ਦਹੀ ਵੇਚਿਆ ਕਰੇਂਗਾ ? ਤੋਤਿਆਂ ਦੇ ਟਾਪੂ ਵਿਚ ਤੇਰਾ ਇਹ ਵਪਾਰ ਨਹੀਂ ਚਲਣਾ। ਤੈਨੂੰ ਕੁਝ ਘਾਟਾ ਈ ਪਊ।

ਮਾਧੋ : ਬਸ ਬਸ, ਬਹੁਤ ਹੋ ਗਈ ! ਜਾਪਦੈ ਤੁਸੀਂ ਦੋਵੇਂ ਮੈਨੂੰ ਸ਼ੁਦਾਈ ਬਣਾ ਕੇ ਛਡੋਗੇ। ਮੈਂ ਚੱਲਾਂ ਹੁਣ।

ਅਮਲ : ਫੁੱਫੜ, ਦਹੀਂ ਵਾਲਾ ਆ ਕੇ ਚਲਾ ਗਿਐ ?

ਮਾਧੋ : ਹੋਰ ਕੀ, ਚਲਿਆ ਈ ਗਿਐ। ਤੇਰੇ ਏਸ ਸਾਈਂ ਬਾਬੇ ਦੇ ਸੁਨੇਹੇਂ ਲਈ ਉਹ ਤੋਤਿਆਂ ਦੇ ਟਾਪੂ ਵਿਚ ਈ ਘੁੰਮਦਾ ਫਿਰੇ ਤਾਂ ਉਸ ਦਾ ਗੁਜ਼ਾਰਾ ਕਿਥੋਂ ਹੋਵੇ। ਉਹ ਤੇਰੇ ਲਈ ਦਹੀਂ ਦਾ ਇਕ ਕਟੋਰਾ ਛੱਡ ਗਿਆ ਏ। ਆਖ ਗਿਆ ਏ, ਪਿੰਡ ਵਿਚ ਉਸ ਦੀ ਭਣੇਵੀਂ ਦਾ ਵਿਆਹ ਏ। ਕਮਲੀ ਮਹੱਲੇ ਵਿਚ ਉਸ ਬੈਂਡ ਵਾਜੇ ਦਾ ਪ੍ਰਬੰਧ ਕਰਨ ਜਾਣੈਂ। ਇਸੇ ਲਈ ਉਹ ਬਹੁਤ ਕਾਹਲੀ ਵਿਚ ਸੀ।

ਅਮਲ : ਉਸ ਨੇ ਤਾਂ ਆਖਿਆ ਸੀ ਕਿ ਆਪਣੀ ਨਿੱਕੀ ਭਣੇਵੀਂ ਦਾ ਵਿਆਹ ਮੇਰੇ ਨਾਲ ਕਰੇਗਾ।

ਠਾਕਰ ਦਾਦਾ : ਤਾਂ ਤੇ ਬੜੀ ਮੁਸ਼ਕਲ ਹੋਈ।

ਅਮਲ : ਆਖਦਾ ਸੀ, ਉਹ ਮੇਰੀ ਨਿੱਕੀ ਸੋਹਣੀ ਵਹੁਟੀ ਬਣੇਗੀ। ਨੱਕ ਵਿਚ ਨੱਥ ਹੋਵੇਗੀ, ਤੇ ਲਾਲ ਪੱਲੇ ਵਾਲੀ ਸਾੜੀ। ਸਵੇਰ ਵੇਲੇ ਉਹ ਆਪਣੇ ਹੱਥੀਂ ਕਾਲੀ ਗਊ ਦੀ ਧਾਰ ਕੱਢ ਕੇ ਮਿੱਟੀ ਦੇ ਨਵੇਂ ਕੁੱਜੇ ਵਿਚ ਝੱਗ ਵਾਲਾ ਦੁੱਧ ਲਿਆਵੇਗੀ ਤੇ ਮੈਨੂੰ ਪਿਆਵੇਗੀ। ਤੇ ਤਰਕਾਲੀਂ ਵਾੜੇ ਵਿਚ, ਦੀਵਾ ਬਾਲ ਕੇ ਮੇਰੇ ਕੋਲ ਆ ਬੈਠੇਗੀ ਤੇ ਚੰਪਾ ਫੁੱਲ ਦੇ ਸੱਤ ਭਰਾਵਾਂ ਦੀ ਕਹਾਣੀ ਸੁਣਾਏਗੀ।

ਠਾਕਰ ਦਾਦਾ : ਬੱਲੇ ਬੱਲੇ ! ਕੀ ਕਹਿਣਾ ਏ ਤੇਰੀ ਨਿੱਕੀ ਵਹੁਟੀ ਦਾ ! ਮੇਰੇ ਵਰਗੇ ਸਾਈਂ ਬਾਬਾ ਦਾ ਵੀ ਜੀਅ ਕਰ ਆਇਆ ਏ, ਵਿਆਹ ਨੂੰ ! ਕੋਈ ਗੱਲ ਨਹੀਂ ਉਸ ਦਾ ਵਿਆਹ ਹੋ ਈ ਜਾਣ ਦੇ। ਮੈਂ ਤੈਨੂੰ ਦੱਸ ਦੇਵਾਂ, ਜਦ ਤੂੰ ਵਿਆਹੁਣ ਜੋਗਾ ਹੋਇਆ ਤਾਂ ਉਹਦੇ ਘਰ ਭਣੇਵੀਆਂ ਦਾ ਕਾਲ ਨਹੀਂ ਪੈਣ ਲਗਾ।

ਮਾਧੋ : ਜਾ ਜਾ ! ਮੇਰੇ ਕੋਲੋਂ ਨਹੀਂ ਹੋਰ ਇਹੋ ਜਿਹੀਆਂ ਗੱਲਾਂ ਸੁਣ ਹੁੰਦੀਆਂ !

(ਚਲਾ ਜਾਂਦਾ ਹੈ)

ਅਮਲ : ਸਾਈਂ ਬਾਬਾ, ਫੁੱਫੜ ਤਾਂ ਚਲਾ ਗਿਆ। ਹੁਣ ਤੂੰ ਮੈਨੂੰ ਹੌਲੀ ਹੌਲੀ ਦੱਸ, ਡਾਕਖਾਨੇ ਵਿਚ ਮੇਰੇ ਨਾਂ ਰਾਜੇ ਦੀ ਕੋਈ ਚਿੱਠੀ ਆਈ ਏ ?

ਠਾਕਰ ਦਾਦਾ : ਸੁਣਿਆਂ ਏ, ਚਿੱਠੀ ਤੁਰ ਤਾਂ ਪਈ ਏ। ਬਸ ਰਾਹ ਵਿਚ ਈ ਹੋਣੀ ਏ ਕਿਤੇ।

ਅਮਲ : ਰਾਹ ਵਿਚ ? ਕਿਹੜੇ ਰਾਹ ਵਿਚ ? ਕੀ ਉਸ ਦੂਰ ਜੰਗਲ ਦੇ ਰਾਹ ਵਿਚ ਜਿੱਥੇ ਮੀਂਹ ਪੈਣ ਪਿਛੋਂ ਅਸਮਾਨ ਨਿੱਖਰ ਆਉਂਦੈ ?

ਠਾਕਰ ਦਾਦਾ : ਤੂੰ ਤੇ ਅੱਗੇ ਈ ਸਭ ਕੁਝ ਜਾਨਣੈਂ। ਉਸ ਰਾਹ 'ਤੇ ਈ।

ਅਮਲ : ਮੈਂ ਸਭ ਕੁਝ ਜਾਣਨਾਂ ਸਾਈਂ ਬਾਬਾ।

ਠਾਕਰ ਦਾਦਾ : ਇਹੀ ਤਾਂ ਵੇਖਣਾ ਏਂ - ਕਿਵੇਂ ਜਾਣਨਾ ਏਂ ਤੂੰ ?

ਅਮਲ : ਇਹ ਨਹੀਂ ਮੈਨੂੰ ਪਤਾ। ਪਰ ਇਉਂ ਲਗਦੈ ਸਭ ਕੁਝ ਅੱਖਾਂ ਸਾਹਮਣੇ ਵੇਖ ਰਿਹਾ ਹੋਵਾਂ। ਜਾਪਦੈ, ਜਿਵੇਂ ਮੈਂ ਬੜੀ ਵਾਰੀ ਵੇਖਿਐ - ਬੜਾ ਚਿਰ ਪਹਿਲਾਂ। ਕਿੰਨਾ ਚਿਰ ਪਹਿਲਾਂ - ਇਹ ਮੈਨੂੰ ਯਾਦ ਨਹੀਂ ਆਉਂਦਾ। ਦੱਸਾਂ ? ਮੈਂ ਵੇਖ ਰਿਹਾਂ ਰਾਜੇ ਦਾ ਡਾਕੀਆ ਪਹਾੜ ਤੋਂ 'ਕੱਲਾ ਉਤਰਦਾ ਆ ਰਿਹਾ ਏ - ਉਸ ਦੇ ਖੱਬੇ ਹੱਥ ਲਾਲਟੈਨ, ਮੋਢੇ ਉਤੇ ਡਾਕ ਦਾ ਥੈਲਾ । ਕਿੰਨੇ ਦਿਨਾਂ ਤੋਂ? ਕਿੰਨੀਆਂ ਰਾਤਾਂ ਤੋਂ ਉਹ ਬੱਸ ਉਤਰ ਈ ਰਿਹਾ ਏ। ਪਹਾੜ ਦੇ ਪੈਰਾਂ ਕੋਲ ਜਿੱਥੇ ਝਰਨਾ ਵਲ ਖਾਂਦੀ ਨਦੀ ਦਾ ਰੂਪ ਧਾਰ ਲੈਂਦਾ ਏ - ਉਹ ਤੁਰਿਆ ਈ ਆ ਰਿਹਾ ਏ। ਨਦੀ ਦੇ ਕੰਢੇ ਜਵਾਰ ਦੇ ਖੇਤ ਨੇ, ਖੇਤਾਂ ਵਿਚੋਂ ਡੰਡੀਓ ਡੰਡੀ ਉਹ ਚਲਿਆ ਆ ਰਿਹਾ ਏ - ਉਸ ਪਿਛੋਂ ਕਮਾਦ ਦੇ ਖੇਤ ਆਉਂਦੇ ਨੇ। ਇਨ੍ਹਾਂ ਖੇਤਾਂ ਦੇ ਨਾਲੋਂ ਦੀ ਉੱਚੀ ਆਲ ਲੰਘਦੀ ਏ। ਉਸ ਆਲ ਦੇ ਕੋਲੋਂ ਦੀ ਉਹ ਤੁਰਿਆ ਈ ਆ ਰਿਹਾ ਏ - ਇਕੱਲਾ - ਰਾਤੀਂ ਵੀ ਤੇ ਦਿਨੇ ਵੀ। ਖੇਤਾਂ ਵਿਚ ਬੀਂਡੇ ਬੋਲਦੇ ਨੇ। ਨਦੀ ਕੰਢੇ ਕੋਈ ਵੀ ਆਦਮੀ ਨਹੀਂ। ਚੱਕੀਰਾਹੇ ਪੂਛ ਹਿਲਾ ਹਿਲਾ ਗਾਰੇ ਵਿਚ ਠੁੰਗੇ ਮਾਰਦੇ ਫਿਰਦੇ ਨੇ, ਮੈਂ ਸਭ ਕੁਝ ਵੇਖ ਸਕਨਾ। ਜਿਉਂ ਜਿਉਂ ਉਸ ਨੂੰ ਨੇੜੇ ਆਉਂਦੇ ਵੇਖਨਾ, ਮੇਰਾ ਮਨ ਖੁਸ਼ੀ ਨਾਲ ਉਛਲ ਉਛਲ ਪੈਂਦਾ ਏ।

ਠਾਕਰ ਦਾਦਾ : ਮੇਰੀਆਂ ਬੁੱਢੀਆਂ ਅੱਖਾਂ ਵਿਚ ਤੇਰੇ ਵਰਗੀ ਜੋਤ ਕਿਥੇ ? ਫੇਰ ਵੀ ਜਿਵੇਂ ਤੇਰੇ ਕਰ ਕੇ - ਮੈਨੂੰ ਵੀ ਸਭ ਕੁਝ ਦਿਸ ਰਿਹਾ ਹੋਵੇ।

ਅਮਲ : ਭਲਾ ਸਾਈਂ ਬਾਬਾ, ਤੂੰ ਉਸ ਰਾਜੇ ਨੂੰ ਜਾਣਨੈਂ ਜਿਸ ਦਾ ਇਹ ਡਾਕਖਾਨਾ ਏ।

ਠਾਕਰ ਦਾਦਾ : ਹਾਂ, ਜਾਣਦਾ ਕੀ, ਮੈਂ ਤਾਂ ਰੋਜ਼ ਉਸ ਕੋਲ ਭਿੱਖਿਆ ਲੈਣ ਜਾਨਾਂ।

ਅਮਲ : ਬੜੀ ਚੰਗੀ ਗੱਲ ਏ, ਜਦ ਰਾਜ਼ੀ ਹੋ ਗਿਆ ਮੈਂ ਵੀ ਉਸ ਕੋਲ ਭਿੱਖਿਆ ਲੈਣ ਜਾਵਾਂ। ਜਾ ਸਕਾਂਗਾ ਮੈਂ ?

ਠਾਕਰ ਦਾਦਾ : ਬੇਟਾ, ਤੈਨੂੰ ਭਿੱਖਿਆ ਦੀ ਲੋੜ ਨਹੀਂ ਪਵੇਗੀ। ਰਾਜੇ ਜੋ ਤੈਨੂੰ ਦੇਣਾ ਏ ਉਂਜ ਈ ਦੇ ਦੇਵੇਗਾ।

ਅਮਲ : ਨਾ ਨਾ, ਮੈਂ ਉਸ ਦੇ ਬੂਹੇ ਅੱਗੇ ਸੜਕ ਕੰਢੇ ਖਲੋ ਕੇ "ਜੈ ਹੋ, ਜੈ ਹੋ" ਦੀ ਅਲਖ ਜਗਾ ਕੇ ਭਿੱਖਿਆ ਮੰਗਾਂਗਾ... ਮੈਂ ਖੰਜਰੀ ਵਜਾ ਕੇ ਨੱਚਾਂਗਾ। ਠੀਕ ਏ ਨਾ ?

ਠਾਕਰ ਦਾਦਾ : ਬਿਲਕੁਲ ਠੀਕ ! ਤੇਰੇ ਨਾਲ ਖਲੋਤਿਆਂ ਮੈਨੂੰ ਵੀ ਰਜਵੀਂ ਭਿੱਖਿਆ ਮਿਲ ਜਾਵੇਗੀ। ਕੀ ਮੰਗੇਂਗਾ ਤੂੰ ਉਸ ਤੋਂ ?

ਅਮਲ : ਮੈਂ ਆਖਾਂਗਾ ਮੈਨੂੰ ਆਪਣਾ ਡਾਕੀਆ ਬਣਾ ਲੈ। ਮੈਂ ਇਸੇ ਤਰ੍ਹਾਂ ਹੱਥ ਵਿਚ ਲਾਲਟੈਨ ਫੜੀ ਘਰ ਘਰ ਤੇਰੀਆਂ ਚਿੱਠੀਆਂ ਵੰਡਦਾ ਫਿਰਾਂਗਾ। ਜਾਨਣੈ ਸਾਈਂ ? ਮੈਨੂੰ ਇਕ ਆਦਮੀ ਨੇ ਆਖਿਆ ਏ ਕਿ ਮੇਰੇ ਰਾਜੀ ਹੋਣ ਉਤੇ ਉਹ ਮੈਨੂੰ ਭਿੱਖਿਆ ਮੰਗਣੀ ਸਿਖਾ ਦੇਵੇਗਾ। ਮੈਂ ਇਸ ਦੇ ਨਾਲ ਜਿੱਥੇ ਜੀਅ ਕਰੇ ਭਿੱਖਿਆ ਮੰਗਦਾ ਫਿਰਾਂਗਾ।

ਠਾਕਰ ਦਾਦਾ : ਕੌਣ ਏ ਉਹ ?

ਅਮਲ : ਸ਼ਿਦਾਮ।

ਠਾਕਰ ਦਾਦਾ : ਕੌਣ ਸ਼ਿਦਾਮ ?

ਅਮਲ : ਉਹੀ ਜਿਹੜਾ ਅੰਨ੍ਹਾਂ ਤੇ ਲੰਗੜਾ ਏ। ਉਹ ਰੋਜ਼ ਮੇਰੀ ਤਾਕੀ ਕੋਲ ਆਉਂਦੈ। ਮੇਰੇ ਵਰਗਾ ਇਕ ਮੁੰਡਾ ਉਸ ਨੂੰ ਰੇੜ੍ਹੀ 'ਤੇ ਬਿਠਾ ਕੇ ਲਈ ਫਿਰਦੈ। ਮੈਂ ਉਸ ਨੂੰ ਆਖਿਆ, ਮੈਂ ਰਾਜ਼ੀ ਹੋ ਲਵਾਂ ਤਾਂ ਤੈਨੂੰ ਲੈ ਕੇ ਫਿਰਿਆ ਕਰਾਂਗਾ।

ਠਾਕਰ ਦਾਦਾ : ਫੇਰ ਤਾਂ ਬੜਾ ਸਵਾਦ ਆਵੇਗਾ।

ਅਮਲ : ਓਸ ਮੈਨੂੰ ਆਖਿਆ ਏ ਕਿ ਭਿੱਖਿਆ ਮੰਗਨੀ ਸਿਖਾ ਦੇਵੇਗਾ। ਮੈਂ ਫੁੱਫੜ ਨੂੰ ਆਖ ਦਿਤਾ ਏ ਕਿ ਉਸ ਨੂੰ ਭੀਖ ਦੇਵੇ। ਫੁੱਫੜ ਆਖਦੈ ਕਿ ਉਹ ਝੂਠ ਮੂਠ ਦਾ ਕਾਣਾ ਏ, ਝੂਠ ਮੂਠ ਦਾ ਲੰਗੜਾ ਏ। ਹੱਛਾ ਉਹ ਝੂਠ ਮੂਠ ਦਾ ਕਾਣਾ ਈ ਸਹੀ - ਪਰ ਉਸ ਨੂੰ ਅੱਖੋਂ ਨਹੀਂ ਦਿਸਦਾ, ਇਹ ਤਾਂ ਸੱਚ ਏ ਨਾ ?

ਠਾਕਰ ਦਾਦਾ : ਠੀਕ ਆਖਦਾ ਏਂ ਬੇਟਾ। ਇਸ ਗੱਲ ਵਿਚ ਸੱਚ ਇਤਨਾ ਈ ਏ ਕਿ ਉਹਨੂੰ ਅੱਖੀਉਂ ਨਹੀਂ ਦਿਸਦਾ। ਉਸ ਨੂੰ ਕਾਣਾ ਆਖੋ ਭਾਵੇਂ ਕੁਝ ਹੋਰ ਆਖੋ। ਉਹਨੂੰ ਭਿੱਖਿਆ ਨਹੀਂ ਮਿਲਦੀ ਤਾਂ ਉਹ ਤੇਰੇ ਕੋਲ ਕਾਹਦੇ ਲਈ ਬੈਠਾ ਰਹਿੰਦੈ ?

ਅਮਲ : ਉਹਨੂੰ ਮੈਂ ਦਸਦਾ ਜੁ ਆਂ ਕਿ ਫਲਾਣੀ ਚੀਜ਼ ਕਿਥੇ ਏ ਤੇ ਫ਼ਲਾਣੀ ਚੀਜ਼ ਕਿਥੇ। ਵਿਚਾਰੇ ਨੂੰ ਦਿਸਦਾ ਨਹੀਂ। ਤੂੰ ਜਿਹੜੇ ਦੇਸਾਂ ਦੀਆਂ ਗੱਲਾਂ ਮੈਨੂੰ ਦਸਦੈਂ, ਉਹ ਸਾਰੀਆਂ ਮੈਂ ਉਸ ਨੂੰ ਸੁਣਾ ਦੇਨਾ ਆਂ। ਤੂੰ ਉਸ ਦਿਨ ਮੈਨੂੰ ਉਹ ਜਿਹੜੇ ਹੌਲੇ ਫੁੱਲ ਦੇਸ ਦੀ ਗੱਲ ਸੁਣਾਈ ਸੀ ਜਿਥੇ ਕਿਸੇ ਚੀਜ਼ ਦਾ ਕੋਈ ਭਾਰ ਨਹੀਂ ਹੁੰਦਾ, ਜਿਥੇ ਰਤਾ ਕੁ ਛਾਲ ਮਾਰਿਆਂ ਪਹਾੜ ਟੱਪ ਜਾਈਦਾ ਏ, ਉਸ ਹੌਲੇ ਦੇਸ ਦੀ ਬਾਤ ਸੁਣ ਕੇ ਉਸ ਨੂੰ ਬੜੀ ਖੁਸ਼ੀ ਹੋਈ ਸੀ। ਅੱਛਾ ਸਾਈਂ ਉਸ ਦੇਸ ਵਿਚ ਕਿਹੜੇ ਪਾਸਿਉਂ ਦੀ ਜਾਈਦਾ ਏ ?

ਠਾਕਰ ਦਾਦਾ : ਅੰਦਰਲੇ ਪਾਸਿਉਂ ਦੀ ਇਕ ਰਾਹ ਏ ! ਇਸ ਨੂੰ ਲਭਣਾ ਕੁਝ ਔਖਾ ਏ।

ਅਮਲ : ਉਹ ਵਿਚਾਰਾ ਤਾਂ ਅੰਨ੍ਹਾ ਏ ਉਹਨੂੰ ਤਾਂ ਦਿੱਸੇ ਈ ਨਾ। ਉਹਨੂੰ ਤਾਂ ਬਸ ਭਿੱਖਿਆ ਈ ਮੰਗਦੇ ਫਿਰਨਾਂ ਪਵੇਗਾ। ਏਸੇ ਗੱਲ ਦਾ ਉਹਨੂੰ ਦੁੱਖ ਸੀ। ਮੈਂ ਉਸ ਨੂੰ ਆਖਿਆ। ਭਿੱਖਿਆ ਮੰਗਦਿਆਂ ਫਿਰਦਿਆਂ ਜਿੰਨਾ ਤੂੰ ਤੁਰ ਫਿਰ ਲੈਨਾ ਏਂ, ਐਨਾ ਹਰ ਕੋਈ ਤੇ ਨਹੀਂ ਫਿਰ ਸਕਦਾ।

ਠਾਕਰ ਦਾਦਾ : ਬੱਚਾ, ਘਰ ਬੈਠੇ ਰਹਿਣ ਵਿਚ ਵੀ ਐਡਾ ਕਾਹਦਾ ਦੁੱਖ ਐ।

ਅਮਲ : ਨਾ ਨਾ, ਕੋਈ ਦੁੱਖ ਨਹੀਂ। ਪਹਿਲਾਂ ਪਹਿਲਾਂ ਜਦ ਮੈਨੂੰ ਕਮਰੇ ਅੰਦਰ ਡੱਕ ਦਿਤਾ, ਤਾਂ ਮੈਨੂੰ ਜਾਪਿਆ ਸੀ, ਜਿਵੇਂ ਦਿਨ ਮੁਕਦਾ ਈ ਨਹੀਂ। ਹੁਣ ਜਦੋਂ ਦਾ ਰਾਜੇ ਦਾ ਡਾਕ ਖਾਨਾ ਵੇਖਿਆ ਏ, ਉਦੋਂ ਤੋਂ ਏਥੇ ਬੈਠੇ ਰਹਿਣਾ ਮੈਨੂੰ ਚੰਗਾ ਲਗਦਾ ਏ। ਇਕ ਦਿਨ ਮੇਰੀ ਚਿੱਠੀ ਆ ਪਹੁੰਚੇਗੀ - ਇਹ ਗੱਲ ਸੋਚਦਿਆਂ ਮੈਂ ਖੁਸ਼ੀ ਨਾਲ ਚੁੱਪ ਕੀਤਾ ਬੈਠਾ ਰਹਿ ਸਕਦਾਂ। ਪਰ ਰਾਜੇ ਦੀ ਚਿੱਠੀ ਵਿਚ ਕੀ ਲਿਖਿਆ ਹੋਵੇਗਾ, ਇਹ ਮੈਨੂੰ ਪਤਾ ਨਹੀਂ।

ਠਾਕਰ ਦਾਦਾ : ਨਾ ਪਤਾ ਸਈ, ਤੇਰਾ ਨਾਂ ਤਾਂ ਲਿਖਿਆ ਹੋਵੇਗਾ - ਐਨਾ ਈ ਬਥੇਰਾ ਏ।

(ਮਾਧੋ ਦੱਤ ਦਾ ਆਉਣਾ)

ਮਾਧੋ : ਤੁਸੀਂ ਦੋਹਾਂ ਜਣਿਆਂ ਰਲ ਕੇ ਇਹ ਕੀ ਫ਼ਸਾਦ ਖੜਾ ਕਰ ਦਿਤਾ ?

ਠਾਕਰ ਦਾਦਾ : ਕਿਉਂ, ਹੋਇਆ ਕੀ ?

ਮਾਧੋ : ਸੁਣਿਆਂ ਏ ਤੁਸਾਂ ਸ਼ਾਇਦ ਇਹ ਗੱਲ ਧੁਮਾ ਛੱਡੀ ਏ ਕਿ ਰਾਜੇ ਨੇ ਤੁਹਾਨੂੰ ਚਿੱਠੀ ਲਿਖਣ ਲਈ ਇਹ ਡਾਕਖਾਨਾ ਖੋਲ੍ਹਿਆ ਏ।

ਠਾਕਰ ਦਾਦਾ : ਇਸ ਵਿਚ ਗਲਤ ਕੀ ਏ ?

ਮਾਧੋ : ਸਾਡੇ ਪੰਚਾਨਣ ਮੁਖੀਏ ਨੇ ਗੁੰਮਨਾਮ ਚਿੱਠੀ ਲਿਖ ਕੇ ਇਹ ਗੱਲ ਰਾਜੇ ਤਾਈਂ ਪੁਚਾ ਦਿਤੀ ਏ।

ਠਾਕਰ ਦਾਦਾ : ਸਾਨੂੰ ਨਹੀਂ ਪਤਾ ਕਿ ਸਾਰੀਆਂ ਗੱਲਾਂ ਰਾਜੇ ਤੀਕ ਪਹੁੰਚ ਜਾਂਦੀਆਂ ਨੇ।

ਮਾਧੋ : ਤਾਂ ਫੇਰ ਸੰਭਲ ਕੇ ਕਿਉਂ ਨਹੀਂ ਚਲਦੇ ? ਰਾਜੇ ਦੇ ਨਾਂ ਨਾਲ ਗੱਲਾਂ ਜੋੜ ਜੋੜ ਕੇ ਤੁਸੀਂ ਮੈਨੂੰ ਫਸਾਉਗੇ।

ਅਮਲ : ਸਾਈਂ, ਰਾਜਾ ਗੁੱਸਾ ਕਰੇਗਾ ਇਸ ਗੱਲ ਦਾ ?

ਠਾਕਰ ਦਾਦਾ : ਗੁੱਸਾ - ਉਹ ਤੇਰੇ ਵਰਗੇ ਆਲੇ ਭੋਲੇ ਬਾਲ ਤੇ ਮੇਰੇ ਵਰਗੇ ਸਾਈਂ ਦਰਵੇਸ਼ ਉਤੇ ਗੁੱਸਾ ਕਰੇਗਾ ! ਗੁੱਸਾ ਕਰਕੇ ਉਹ ਸਾਡੇ ਉਤੇ ਰਾਜ ਕਿਵੇਂ ਕਰੇਗਾ - ਵੇਖਾਂਗੇ ਫਿਰ।

ਅਮਲ : ਸਾਈਂ ਬਾਬਾ ਅਜ ਸਵੇਰ ਤੋਂ ਈ ਮੇਰੀਆਂ ਅੱਖਾਂ ਅਗੇ ਰਹਿ ਰਹਿ ਕੇ ਹਨੇਰਾ ਆਉਂਦਾ ਏ, ਜਾਪਦਾ ਏ ਜਿਵੇਂ ਸਭ ਕੁਝ ਸੁਪਨਾ ਹੋਵੇ। ਚੁੱਪ ਰਹਿਣ ਨੂੰ ਜੀਅ ਕਰਦਾ ਏ। ਗੱਲ ਕਰਨ ਨੂੰ ਹੁਣ ਉੱਕਾ ਜੀਅ ਨਹੀਂ ਕਰਦਾ। ਰਾਜੇ ਦੀ ਚਿੱਠੀ ਆਵੇਗੀ ਨਾ ? ਹੁਣੇ ਜੇ ਦੇਖਦੇ ਦੇਖਦੇ ਇਹ ਕਮਰਾ ਅਲੋਪ ਹੋ ਜਾਏ ਤਾਂ - ਜੇ - ।

ਠਾਕਰ ਦਾਦਾ : (ਅਮਲ ਨੂੰ ਪੱਖੀ ਝਲਦੇ ਹੋਏ) ਆਵੇਗੀ, ਚਿੱਠੀ ਅੱਜ ਹੀ ਆਵੇਗੀ।

(ਵੈਦ ਜੀ ਦਾ ਪ੍ਰਵੇਸ਼)

ਵੈਦ : ਅਜ ਚਿਤ ਕਿਹੋ ਜਿਹਾ ਏ ?

ਅਮਲ : ਵੈਦ ਜੀ, ਅਜ ਬੜਾ ਚੰਗਾ ਲਗਦੈ ਸਭ ਕੁਝ, ਜਾਪਦੈ ਜਿਵੇਂ ਸਾਰੀ ਪੀੜ ਹਟ ਗਈ ਹੋਵੇ।

ਵੈਦ : (ਮਾਧੋ ਨੂੰ ਇਕ ਪਾਸੇ ਲਿਜਾ ਕੇ) ਮੈਨੂੰ ਇਸ ਦੀ ਇਹ ਮੁਸਕਣੀ ਚੰਗੀ ਨਹੀਂ ਜਾਪਦੀ। ਇਹ ਜਿਹੜਾ "ਚੰਗਾ ਚੰਗਾ" ਆਖੀ ਜਾਂਦਾ ਏ, ਮਾੜੇ ਲੱਛਣ ਦਿਸਦੇ ਨੇ। ਚਕਰ ਧਰ ਆਖਦਾ ਏ.....।

ਮਾਧੋ : ਦੁਹਾਈ ਜੇ ! ਵੈਦ ਜੀ ਚਕਰ ਧਰ ਦੀ ਕਥਾ ਰਹਿਣ ਦਿਉ ਸਿੱਧੀ ਗੱਲ ਦਸੋ, ਮਾਮਲਾ ਕੀ ਏ।

ਵੈਦ : ਜਾਪਦੈ, ਹੁਣ ਇਸ ਨੂੰ ਫੜ ਕੇ ਨਹੀਂ ਰਖਿਆ ਜਾਣਾ ! ਮੈਂ ਤੇ ਮਨ੍ਹਾ ਕਰ ਗਿਆ ਸਾਂ, ਪਰ ਜਾਪਦੈ ਬਾਹਰ ਦੀ ਹਵਾ ਲਗ ਗਈ ਏ।

ਮਾਧੋ : ਨਹੀਂ ਵੈਦ ਜੀ, ਮੈਂ ਤਾਂ ਇਸ ਨੂੰ ਬੜੀ ਚੰਗੀ ਤਰ੍ਹਾਂ ਦੋਹਾਂ ਪਾਸਿਆਂ ਤੋਂ ਵਲ੍ਹੇਟ ਵਲ੍ਹਾਟ ਕੇ ਰਖਿਆ ਹੋਇਆ ਏ, ਇਸ ਨੂੰ ਬਾਹਰ ਨਹੀਂ ਜਾਣ ਦਿਤਾ। ਬੂਹਾ ਤੇ ਆਮ ਤੌਰ 'ਤੇ ਬੰਦ ਹੀ ਰਖਨਾ।

ਵੈਦ : ਅੱਜ ਅਜੀਬ ਕਿਸਮ ਦੀ ਹਵਾ ਚਲ ਰਹੀ ਏ। ਮੈਂ ਵੇਖਿਆ ਏ ਤੁਹਾਡੇ ਬਾਹਰਲੇ ਬੂਹੇ ਦੇ ਵਿਚੋਂ ਦੀ ਹਵਾ ਹੂ ਹੂ ਕਰ ਕੇ ਲੰਘ ਰਹੀ ਸੀ। ਇਹ ਅਸਲੋਂ ਮਾੜੀ ਹੈ, ਇਸ ਬੂਹੇ ਨੂੰ ਚੰਗੀ ਤਰ੍ਹਾਂ ਭੀੜ ਕੇ ਜੰਦਰਾ ਜੜ ਦਿਉ। ਜੇ ਦੋ ਚਾਰ ਦਿਨ ਤੁਹਾਡੇ ਮਿਲਣ ਗਿਲਣ ਵਾਲੇ ਨਾ ਆਉਣ ਤਾਂ ਕੀ ਹਰਜ ਏ ? ਕੇ ਕੋਈ ਆ ਈ ਜਾਏ ਤਾਂ ਪਿਛਲਾ ਬੂਹਾ ਜੋ ਹੈ। ਇਹ ਖਿੜਕੀ ਵੀ ਬੰਦ ਕਰਾ ਦਿਓ। ਇਸ ਵਿਚੋਂ ਡੁੱਬਦੇ ਸੂਰਜ ਦੀ ਰੋਸ਼ਨੀ ਆਉਂਦੀ ਏ ਤੇ ਇਸ ਨੂੰ ਸੌਂਣ ਨਹੀਂ ਦੇਂਦੀ।

ਮਾਧੋ : ਅਮਲ ਨੇ ਅੱਖਾਂ ਮੀਟੀਆਂ ਹੋਈਆਂ ਨੇ, ਜਾਪਦੈ ਸੌਂ ਗਿਆ ਏ। ਇਹਦੇ ਮੂੰਹ ਵਲ ਵੇਖ ਕੇ ਇਉਂ ਲਗਦੈ, ਵੈਦ ਜੀ, ਜਿਹੜਾ ਆਪਣਾ ਨਹੀਂ ਸੀ ਉਸ ਨੂੰ ਘਰ ਲਿਆ ਕੇ ਰਖਿਆ, ਉਸ ਨੂੰ ਪਿਆਰ ਕੀਤਾ, ਇਉਂ ਲਗਦੈ ਕਿ ਹੁਣ ਇਸ ਨੇ ਮੇਰੇ ਕੋਲ ਨਹੀਂ ਰਹਿਣਾ।

ਵੈਦ : ਇਹ ਕੀ ? ਤੇਰੇ ਘਰ ਤੇ ਮੁਖੀਆ ਆ ਰਿਹਾ ਏ! ਇਹ ਕੀ ਮੁਸੀਬਤ? ਮੈਂ ਚੱਲਾਂ ਭਾਈ। ਪਰ ਤੂੰ ਜਾਹ ਤੇ ਜਾ ਕੇ ਚੰਗੀ ਤਰ੍ਹਾਂ ਹੁਣੇ ਬੂਹਾ ਬੰਦ ਕਰ ਦੇ। ਮੈਂ ਘਰ ਜਾਂਦਿਆਂ ਹੀ ਇਕ ਪੁੜੀ ਘਲ ਦੇਂਦਾਂ। ਉਹ ਖੁਆ ਕੇ ਵੇਖੋ। ਜੇ ਬਚਣਾ ਹੋਇਆ ਤਾਂ ਇਹ ਪੁੜੀ ਹੀ ਇਸ ਨੂੰ ਬਚਾ ਸਕੇਗੀ।

(ਮਾਧੋ ਦੱਤ ਤੇ ਵੈਦ ਜੀ ਦਾ ਜਾਣਾ)

(ਮੁਖੀਆ ਦਾ ਪ੍ਰਵੇਸ਼)

ਮੁਖੀਆ : ਕਿਉਂ ਉਏ ਬਾਂਦਰਾ !

ਠਾਕਰ ਦਾਦਾ : (ਝਟ ਪਟ ਖੜਾ ਹੋਕੇ) ਸ਼ੀ... ਸ਼ੀ... ! ਚੁੱਪ !

ਅਮਲ : ਨਾ ਸਾਈਂ ਬਾਬਾ । ਤੂੰ ਸੋਚਦੈਂ ਮੈਂ ਸੁੱਤਾ ਹੋਇਆਂ ! ਮੈਂ ਸੁੱਤਾ ਨਹੀਂ, ਮੈਂ ਸਭ ਕੁਝ ਸੁਣ ਰਿਹਾਂ। ਜਿਵੇਂ ਬੜੀ ਦੂਰ ਦੀਆਂ ਗੱਲਾ ਸੁਣ ਰਿਹਾ ਹੋਵਾਂ। ਇਉਂ ਜਾਪਦੈ ਜਿਵੇਂ ਮੇਰੀ ਮਾਂ, ਮੇਰਾ ਬਾਪੂ ਮੇਰੇ ਸਰ੍ਹਾਂਦੀ ਬੈਠੇ ਗੱਲਾਂ ਕਰ ਰਹੇ ਹੋਣ।

(ਮਾਧੋ ਦੱਤ ਦਾ ਪ੍ਰਵੇਸ਼)

ਮੁਖੀਆ : ਓਏ ਮਾਧੋ ਦੱਤ, ਅਜ ਕਲ੍ਹ ਤਾਂ ਤੇਰਾ ਵੱਡੇ ਵੱਡੇ ਲੋਕਾਂ ਨਾਲ ਮੇਲ ਗੇਲ ਏ।

ਮਾਧੋ : ਕੀ ਆਖਦੇ ਓ ਚੌਧਰੀ ਜੀ ? ਸਾਡੇ ਨਾਲ ਮਖ਼ੌਲ ਨਾ ਕਰੋ। ਅਸੀਂ ਤਾਂ ਸਧਾਰਨ ਲੋਕ ਆਂ।

ਮੁਖੀਆ : ਪਰ ਤੇਰਾ ਇਹ ਮੁੰਡਾ ਤਾਂ ਰਾਜੇ ਦੀ ਉਡੀਕ ਵਿਚ ਬੈਠੈ।

ਮਾਧੋ : ਨਿਆਣਾ ਏ, ਪਾਗਲ ਏ, ਇਸ ਦੀਆਂ ਗੱਲਾਂ 'ਤੇ ਨਾ ਜਾਉ।

ਮੁਖੀਆ : ਨਹੀਂ ਨਹੀਂ, ਇਸ ਵਿਚ ਚਰਜ ਦੀ ਕੀ ਗੱਲ ਏ ? ਭਲਾ ਰਾਜੇ ਨੂੰ ਤੁਹਾਡੇ ਵਰਗਾ ਯੋਗ ਘਰ ਕਿਥੋਂ ਲਭਣੈ ? ਵੇਖਦਾ ਨਹੀਂ ਇਸੇ ਕਰ ਕੇ ਤਾਂ ਉਹਨੇ ਆਪਣਾ ਨਵਾਂ ਡਾਕਖ਼ਾਨਾ ਐਨ ਤੇਰੇ ਘਰ ਸਾਹਮਣੇ ਖੋਲ੍ਹਿਆ ਏ। ਓਏ ਮੁੰਡਿਆ ਤੇਰੇ ਨਾਂ 'ਤੇ ਰਾਜੇ ਦੀ ਚਿੱਠੀ ਆਈ ਪਈ ਏ।

ਅਮਲ : (ਤ੍ਰੱਭਕ ਕੇ) ਸੱਚ ?

ਮੁਖੀਆ : ਹੋਰ ਨਹੀਂ ਤਾਂ ਕੀ ਝੂਠ। ਤੇਰੇ ਨਾਲ ਰਾਜੇ ਦੀ ਯਾਰੀ ! (ਇਕ ਲਿਖਿਆ ਕਾਗਜ਼ ਫੜਾ ਕੇ) ਹਾ ਹਾ ਹਾ ਹਾ। ਇਹ ਐ ਉਹਦੀ ਚਿੱਠੀ।

ਅਮਲ : ਮੇਰੇ ਨਾਲ ਠੱਠਾ ਨਾ ਕਰੋ। ਸਾਈਂ ਬਾਬਾ, ਸਾਈਂ ਬਾਬਾ ? ਤੂੰ ਦਸ ਤਾਂ ਕੀ ਸੱਚ ਮੁਚ ਰਾਜੇ ਦੀ ਚਿੱਠੀ ਆਈ ਏ ?

ਅਮਲ : ਪਰ ਮੈਨੂੰ ਤਾਂ ਇਸ ਉਤੇ ਕੁਝ ਵੀ ਨਹੀਂ ਦਿਸਦਾ । ਅਜ ਮੈਨੂੰ ਹਰ ਚੀਜ਼ ਖ਼ਾਲੀ ਖ਼ਾਲੀ ਦਿਸਦੀ ਏ। ਚੌਧਰੀ ਜੀ ਦੱਸੋ ਖਾਂ ਇਸ ਚਿੱਠੀ ਵਿਚ ਕੀ ਕੁਝ ਲਿਖਿਆ ਹੋਇਆ ਏ ?

ਮੁਖੀਆ : ਰਾਜੇ ਨੇ ਲਿਖਿਆ ਏ "ਮੈਂ ਅਜ ਕਲ੍ਹ ਵਿਚ ਤੁਹਾਡੇ ਘਰ ਆ ਰਿਹਾ ਹਾਂ, ਮੇਰੇ ਲਈ ਖਿੱਲਾਂ ਦਾ ਭੋਗ ਤਿਆਰ ਕਰਕੇ ਰਖਣਾ। ਰਾਜ ਭਵਨ ਮੈਨੂੰ ਚੰਗਾ ਨਹੀਂ ਲਗਦਾ।" ਹਾ ਹਾ ਹਾ ਹਾ !

ਮਾਧੋ : (ਹੱਥ ਜੋੜ ਕੇ) ਚੌਧਰੀ ਜੀ ਦੁਹਾਈ ਰੱਬ ਦੀ। ਇਹੋ ਜਿਹੇ ਮਖ਼ੌਲ ਨਾ ਕਰੋ।

ਠਾਕਰ ਦਾਦਾ : ਮਖ਼ੌਲ ! ਇਸ ਦੀ ਕੀ ਮਜਾਲ ਏ ਮਖ਼ੌਲ ਕਰੇ।

ਮਾਧੋ : ਠਾਕਰ ਦਾਦਾ ਤੇਰਾ ਵੀ ਸਿਰ ਫਿਰ ਗਿਆ ਏ ?

ਠਾਕਰ ਦਾਦਾ : ਹਾਂ ਮੇਰਾ ਸਿਰ ਫਿਰ ਗਿਆ ਏ। ਤਾਂ ਹੀ ਅਜ ਇਸ ਚਿੱਟੇ ਕਾਗਜ਼ ਉਤੇ ਅੱਖਰ ਵੇਖ ਰਿਹਾ ਹਾਂ। ਰਾਜਾ ਲਿਖਦਾ ਏ, ”ਉਹ ਆਪ ਅਮਲ ਨੂੰ ਵੇਖਣ ਆ ਰਿਹਾ ਹੈ ਤੇ ਆਪਣੇ ਨਾਲ ਰਾਜ ਵੈਦ ਜੀ ਨੂੰ ਲਿਆ ਰਿਹਾ ਹੈ।"

ਅਮਲ : ਸਾਈਂ ਬਾਬਾ, ਔਹ ਵੇਖ ! ਔਹ ਸੁਣ ! ਉਸ ਦਾ ਨਰਸਿੰਙਾ ਵਜ ਰਿਹਾ ਏ। ਸੁਣਦੈਂ ਨਾ ?

ਮੁਖੀਆ : ਹਾ ਹਾ ਹਾ ਹਾ ! ਥੋੜਾ ਜਿਹਾ ਉਸ ਦਾ ਸਿਰ ਹੋਰ ਫਿਰ ਜਾਵੇ ਤਾਂ ਉਹ ਚੰਗੀ ਤਰ੍ਹਾਂ ਸੁਣ ਸਕੇਗਾ।

ਅਮਲ : ਚੌਧਰੀ ਜੀ, ਮੈਂ ਸਮਝਦਾ ਸਾਂ ਤੁਸੀਂ ਮੇਰੇ ਨਾਲ ਗੁੱਸੇ ਓ, ਮੈਨੂੰ ਪਿਆਰ ਨਹੀਂ ਕਰਦੇ। ਤੁਸੀਂ ਸੱਚ ਮੁਚ ਹੀ ਰਾਜੇ ਦੀ ਚਿੱਠੀ ਲਿਆਉਗੇ - ਮੈਂ ਸੋਚਿਆ ਵੀ ਨਹੀਂ ਸੀ। ਲਿਆਉ, ਮੈਨੂੰ ਆਪਣੇ ਚਰਨਾਂ ਦੀ ਮਿੱਟੀ ਲੈਣ ਦਿਉ।

ਮੁਖੀਆ : ਨਾ, ਇਸ ਮੁੰਡੇ ਵਿਚ ਸ਼ਰਧਾ ਭਗਤੀ ਤਾਂ ਹੈ। ਉੱਜ ਭਾਵੇਂ ਝੱਲਾ ਏ। ਪਰ ਦਿਲ ਦਾ ਚੰਗਾ ਏ।

ਅਮਲ : ਜਾਪਦੈ, ਚਾਰ ਪਹਿਰ ਬੀਤ ਗਏ ਨੇ ਔਹ ਘੜਿਆਲ ਵੱਜ ਰਿਹੈ ਟਨ ਟਨ ਟਨ - ਟਨ ਟਨ ਟਨ ! ਸੰਝ ਦਾ ਤਾਰਾ ਨਿਕਲ ਆਇਐ ਸਾਈਂ। ਮੈਨੂੰ ਕਿਉਂ ਨਹੀਂ ਦਿਸਦਾ ?

ਠਾਕਰ ਦਾਦਾ : ਇਨ੍ਹਾਂ ਤਾਕੀ ਜੁ ਬੰਦ ਕਰ ਦਿਤੀ ਏ ਮੈਂ ਖੋਲ੍ਹ ਦੇਵਾਂ।

(ਬਾਹਰਲੇ ਬੂਹੇ ਉਤੇ ਠਕ ਠਕ)

ਮਾਧੋ : ਇਹ ਕੀ ! ਇਹ ਕੀ ! ਇਹ ਕੀ ਬਿਪਤਾ ਏ !

ਇਕ ਆਵਾਜ਼ : (ਬਾਹਰੋਂ) ਬੂਹਾ ਖੋਲ੍ਹੋ।

ਮਾਧੋ : ਤੁਸੀਂ ਕੌਣ ਹੋ ?

ਆਵਾਜ਼ : ਬੂਹਾ ਖੋਲ੍ਹੋ।

ਮਾਧੋ : ਚੌਧਰੀ ਜੀ ਇਹ ਕਿਤੇ ਡਾਕੂ ਤੇ ...

ਮੁਖੀਆ : ਕੌਣ ਐ ਓਏ ਮੈਂ ਪੰਚਾਨਣ ਮੁਖੀਆ ਬੋਲਦਾਂ। ਤੁਹਾਨੂੰ ਡਰ ਨਹੀਂ ਲਗਦਾ ਮੇਰੇ ਨਾਂ ਤੋਂ ? ਦੇਖੋ ਇਕ ਵਾਰ ਆਵਾਜ਼ ਬੰਦ ਹੋ ਗਈ ਏ। ਪੰਚਾਨਣ ਦੀ ਆਵਾਜ਼ ਸੁਣਨ ਸਾਰ ਬਸ ਚੁੱਪ ਹੋ ਗਏ, ਕਿੱਡਾ ਵੀ ਵੱਡਾ ਡਾਕੂ ਹੋਵੇ, ਉਹ ਵੀ ..।

ਮਾਧੋ : (ਤਾਕੀ ਵਿਚੋਂ ਮੂੰਹ ਕਢ ਕੇ) ਬੂਹਾ ਤੋੜ ਦਿਤਾ ਏ, ਇਸੇ ਕਰਕੇ ਹੁਣ ਆਵਾਜ਼ ਨਹੀਂ ਆਉਂਦੀ।

(ਰਾਜਦੂਤ ਦਾ ਪ੍ਰਵੇਸ਼)

ਰਾਜਦੂਤ : ਮਹਾਰਾਜ ਅਜ ਰਾਤ ਨੂੰ ਆਉਣਗੇ।

ਮੁਖੀਆ : ਹੇ ਰੱਬਾ !

ਅਮਲ : ਰਾਤ ਨੂੰ ਕਿਸ ਵੇਲੇ ?

ਦੂਤ : ਅਜ ਰਾਤ ਦੇ ਦੂਜੇ ਪਹਿਰ।

ਅਮਲ : ਜਦੋਂ ਮੇਰਾ ਮਿੱਤਰ ਪਹਿਰੇਦਾਰ ਨਗਰ ਦੇ ਸ਼ਾਹੀ ਦਰਵਾਜ਼ੇ ਉਤੇ ਘੜਿਆਲ ਵਜਾਏਗਾ - ਟਨ ਟਨ ਟਨ, ਟਨ ਟਨ ਟਨ ! ਉਦੋਂ ?

ਦੂਤ : ਹਾਂ ਉਦੋਂ। ਰਾਜੇ ਨੇ ਆਪਣੇ ਬਾਲਕ ਮਿੱਤਰ ਨੂੰ ਵੇਖਣ ਲਈ ਆਪਣੇ ਸਭ ਤੋਂ ਵੱਡੇ ਰਾਜਵੈਦ ਨੂੰ ਘਲਿਆ ਏ।

(ਰਾਜਵੈਦ ਦਾ ਪ੍ਰਵੇਸ਼)

ਰਾਜਵੈਦ : ਇਹ ਕੀ ! ਚੌਹੀਂ ਪਾਸੀਂ ਬੂਹੇ ਬਾਰੀਆਂ ਬੰਦ। ਖੋਲ੍ਹ ਦਿਉ ! ਜਿੰਨੇ ਬੂਹੇ ਬਾਰੀਆਂ ਨੇ ਸਭ ਖੋਲ੍ਹ ਦਿਉ। (ਅਮਲ ਦੇ ਪਿੰਡੇ ਨੂੰ ਹੱਥ ਲਾ ਕੇ) ਪੁੱਤ ਕੀ ਹਾਲ ਏ ਤੇਰਾ ?

ਅਮਲ : ਬੜਾ ਚੰਗਾ ਏ ਰਾਜ ਵੈਦ ਜੀ। ਮੈਨੂੰ ਹੁਣ ਕੋਈ ਰੋਗ ਨਹੀਂ, ਕੋਈ ਪੀੜ ਨਹੀਂ। ਆਹ, ਸਭ ਬੂਹੇ ਖੋਲ੍ਹ ਦਿਤੇ ਨੇ। ਸਾਰੇ ਤਾਰੇ ਵੇਖ ਸਕਣਾ - ਹਨੇਰੇ ਤੋਂ ਪਰਲੇ ਪਾਰ ਤੀਕ ਚਮਕਦੇ ਤਾਰਿਆਂ ਨੂੰ ...।

ਰਾਜਵੈਦ : ਅੱਧੀ ਰਾਤ ਨੂੰ ਜਦ ਮਹਾਰਾਜ ਆਉਣਗੇ ਉਦੋਂ ਤੂੰ ਬਿਸਤਰੇ ਤੋਂ ਉਠ ਕੇ ਉਨ੍ਹਾਂ ਨਾਲ ਬਾਹਰ ਜਾ ਸਕੇਂਗਾ ?

ਅਮਲ : ਜਾ ਸਕਾਂਗਾ। ਮੈਂ ਜਾ ਸਕਾਂਗਾ। ਜੇ ਬਾਹਰ ਜਾ ਸਕਾਂ ਤਾਂ ਬਚ ਜਾਵਾਂ। ਮੈਂ ਮਹਾਰਾਜ ਨੂੰ ਆਖਾਂਗਾ, ਇਸ ਹਨੇਰੇ ਆਕਾਸ਼ 'ਤੇ ਮੈਨੂੰ ਧਰੂ ਤਾਰਾ ਵਿਖਾਓ। ਜਾਪਦੈ, ਮੈਂ ਇਹ ਤਾਰਾ ਕਈ ਵਾਰ ਵੇਖਿਆ ਏ, ਪਰ ਇਹ ਕਿਹੜਾ ਏ, ਇਹ ਮੈਂ ਜਾਣਦਾ ਨਹੀਂ।

ਰਾਜਵੈਦ : ਉਹ ਸਾਰਿਆਂ ਦੀ ਪਛਾਣ ਕਰਾ ਦੇਣਗੇ। (ਮਾਧੋ ਨੂੰ) ਇਸ ਕਮਰੇ ਨੂੰ ਮਹਾਰਾਜ ਦੇ ਆਗਮਨ ਲਈ ਸਾਫ਼ ਕਰਕੇ ਫੁੱਲਾਂ ਨਾਲ ਸਜਾ ਰਖੋ (ਮੁਖੀਏ ਵਲ ਇਸ਼ਾਰਾ ਕਰਕੇ) ਇਸ ਆਦਮੀ ਨੂੰ ਇਸ ਕਮਰੇ ਵਿਚ ਰਹਿਣ ਦੀ ਆਗਿਆ ਨਹੀਂ।

ਅਮਲ : ਨਾ ਨਾ, ਰਾਜ ਵੈਦ ਜੀ, ਇਹ ਮੇਰੇ ਮਿੱਤਰ ਨੇ। ਤੁਸੀਂ ਜਦੋਂ ਅਜੇ ਆਏ ਨਹੀਂ ਸੀ ਇਨ੍ਹਾਂ ਨੇ ਹੀ ਮੈਨੂੰ ਰਾਜੇ ਦੀ ਚਿੱਠੀ ਲਿਆ ਕੇ ਦਿਤੀ ਸੀ।

ਰਾਜਵੈਦ : ਹੱਛਾ, ਜੇ ਇਹ ਤੇਰਾ ਮਿੱਤਰ ਹੈ ਤਾਂ ਇਹ ਵੀ ਇਸ ਕਮਰੇ ਵਿਚ ਰਹਿ ਸਕਦੈ।

ਮਾਧੋ : (ਅਮਲ ਦੇ ਕੰਨ ਵਿਚ) ਬੇਟਾ, ਮਹਾਰਾਜ ਤੈਨੂੰ ਪਿਆਰ ਕਰਦੇ ਨੇ। ਉਹ ਅਜ ਆਪ ਹੀ ਆ ਰਹੇ ਨੇ। ਉਨ੍ਹਾਂ ਅਗੇ ਅਜ ਬੇਨਤੀ ਕਰੀਂ - ਸਾਡੀ ਹਾਲਤ ਕੁਝ ਚੰਗੀ ਨਹੀਂ। ਤੂੰ ਤਾਂ ਸਭ ਕੁਝ ਜਾਣਦਾ ਈ ਏਂ।

ਅਮਲ : ਇਹ ਮੈਂ ਫ਼ੈਸਲਾ ਕਰ ਲਿਐ ਫੁੱਫੜ ਤੂੰ ਕੋਈ ਚਿੰਤਾ ਨਾ ਕਰ।

ਮਾਧੋ : ਕੀ ਫੈਸਲਾ ਕੀਤਾ ਏ ਪੁੱਤ ?

ਅਮਲ : ਮੈਂ ਉਨ੍ਹਾਂ ਅਗੇ ਅਰਜ਼ ਕਰਾਂਗਾ ਮੈਨੂੰ ਆਪਣੇ ਡਾਕਖਾਨੇ ਦਾ ਹਰਕਾਰਾ ਬਣਾ ਲੈਣ। ਮੈਂ ਦੇਸ ਦੇਸ, ਘਰ ਘਰ ਉਨਾਂ ਦੀਆਂ ਚਿੱਠੀਆਂ ਵੰਡਦਾ ਫਿਰਾਂਗਾ।

ਮਾਧੋ : (ਮੱਥੇ ਉਤੇ ਹੱਥ ਮਾਰ ਕੇ) ਹਾਏ ਮੇਰੇ ਭਾਗ।

ਅਮਲ : ਫੁੱਫੜ, ਮਹਾਰਾਜ ਆਉਣਗੇ ਤਾਂ ਉਨ੍ਹਾਂ ਦੇ ਖਾਣ ਲਈ ਕੀ ਬਣਾ ਕੇ ਰਖੇਂਗਾ ...?

ਰਾਜਦੂਤ : ਉਨ੍ਹਾਂ ਆਖ ਦਿਤਾ ਏ ਤੁਹਾਡੇ ਘਰ ਉਹ ਖਿੱਲਾਂ ਦਾ ਭੋਜਨ ਕਰਨਗੇ।

ਅਮਲ : ਖਿੱਲਾਂ ? ਚੌਧਰੀ ਜੀ ਤੁਸੀਂ ਤਾਂ ਪਹਿਲਾਂ ਈ ਦੱਸ ਦਿਤਾ ਸੀ। ਮਹਾਰਾਜ ਦੀਆਂ ਸਭ ਗੱਲਾਂ ਤੁਸੀਂ ਜਾਣਦੇ ਓ। ਅਸੀਂ ਤਾਂ ਕੁਝ ਵੀ ਨਹੀਂ ਸਾਂ ਜਾਣਦੇ।

ਮੁਖੀਆ : ਮੇਰੇ ਘਰ ਜੇ ਆਦਮੀ ਘੱਲ ਦਿਉ ਤਾਂ ਰਾਜੇ ਲਈ ਕੋਈ ਚੰਗਾ ਚੰਗਾ ...।

ਰਾਜਵੈਦ : ਕੋਈ ਲੋੜ ਨਹੀਂ, ਹੁਣ ਤੁਸੀਂ ਸਾਰੇ ਚੁੱਪ ਕਰਕੇ ਬਹਿ ਜਾਉ। ਇਸ ਨੂੰ ਨੀਂਦ ਆ ਰਹੀ ਏ। ਮੈਂ ਇਸ ਦੇ ਸਰ੍ਹਾਣੇ ਬੈਠਾਂਗਾ। ਇਸ ਨੂੰ ਨੀਂਦ ਆ ਰਹੀ ਏ। ਦੀਵਾ ਬੁਝਾ ਦਿਉ। ਬਸ ਆਕਾਸ਼ ਦੇ ਤਾਰਿਆਂ ਦੀ ਲੋਅ ਆਵੇ। ਸ਼ ਸ਼ ਸ਼... ਸੌਂ ਗਿਆ ਏ।

ਮਾਧੋ : (ਠਾਕਰ ਦਾਦਾ ਨੂੰ) ਤੂੰ ਉਥੇ ਬੁੱਤ ਬਣਿਆਂ ਕਿਉਂ ਖੜਾ ਏਂ ਇਸ ਤਰ੍ਹਾਂ ਹੱਥ ਜੋੜੀ ? ਮੈਨੂੰ ਡਰ ਜਿਹਾ ਲਗਦਾ ਏ। ਇਹ ਜੋ ਕੁਝ ਵੇਖ ਰਿਹਾ ਹਾਂ ਕੀ ਇਹ ਚੰਗਾ ਸ਼ਗਨ ਏ? ਕਮਰੇ ਨੂੰ ਹਨੇਰਾ ਕਿਉਂ ਕਰ ਰਹੇ ਨੇ? ਤਾਰਿਆਂ ਦੀ ਲੋਅ ਨੇ ਕੀ ਕਰਨੈ?

ਠਾਕਰ ਦਾਦਾ : ਚੁੱਪ ਕਰ, ਨਾਸਤਕਾ ! ਗੱਲਾਂ ਨਾ ਕਰ।

(ਸੁਧਾ ਦਾ ਪ੍ਰਵੇਸ਼)

ਸੁਧਾ : ਅਮਲ !

ਰਾਜਵੈਦ : ਉਹ ਸੌਂ ਗਿਆ ਏ।

ਸੁਧਾ : ਮੈਂ ਉਸ ਲਈ ਫੁੱਲ ਲਿਆਂਦੇ ਨੇ। ਕੀ ਮੈਂ ਉਸ ਦੇ ਹੱਥ ਵਿਚ ਫੁੱਲ ਨਹੀਂ ਦੇ ਸਕਦੀ ?

ਰਾਜਵੈਦ : ਹੱਛਾ, ਲਿਆ ਦੇਹ ਆਪਣੇ ਫੁੱਲ।

ਸੁਧਾ : ਉਹ ਜਾਗੇਗਾ ਕਦ ?

ਰਾਜਵੈਦ : ਹੁਣੇ ਜਦੋਂ ਮਹਾਰਾਜ ਆ ਕੇ ਉਸ ਨੂੰ ਬੁਲਾਉਣਗੇ।

ਸੁਧਾ : ਉਦੋਂ ਕੀ ਤੁਸੀਂ ਇਕ ਗੱਲ ਉਹਦੇ ਕੰਨਾਂ ਵਿਚ ਹੌਲੀ ਦੇ ਕੇ ਆਖ ਦਿਉਗੇ ?

ਰਾਜਵੈਦ : ਕੀ ਆਖੀਏ ?

ਸੁਧਾ : ਆਖਣਾ, ਸੁਧਾ ਤੈਨੂੰ ਫੁੱਲ ਦੇਣਾ ਭੁੱਲੀ ਨਹੀਂ।

(ਪਰਦਾ)

(ਅਨੁਵਾਦਕ : ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ, ਨਾਟਕ, ਨਾਵਲ ਤੇ ਹੋਰ ਰਚਨਾਵਾਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ