Chhote Natak : Satish Kumar Verma

ਛੋਟੇ ਨਾਟਕ : ਸਤੀਸ਼ ਕੁਮਾਰ ਵਰਮਾ

ਪਹਿਲਾਂ ਨਾਟਕਾਂ ਦੀ ਮਿਆਦ ਲਗਪਗ ਦੋ ਤੋਂ ਤਿੰਨ ਘੰਟੇ ਮੰਨੀ ਜਾਂਦੀ ਸੀ। ਅੱਧੇ ਸਮੇਂ ਤੋਂ ਬਾਅਦ ਅੰਤਰਾਲ (ਇੰਟਰਵਲ) ਹੁੰਦਾ ਸੀ। ਇਸ ਤੋਂ ਲੰਮੇ ਸਮੇਂ ਦੇ ਨਾਟਕ ਵੀ ਖੇਡੇ ਜਾਂਦੇ ਸਨ। ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਇਹ ਰੁਝਾਨ ਸ਼ੁਰੂ ਹੋਇਆ ਕਿ ਨਾਟਕ ਦੀ ਮਿਆਦ ਛੋਟੀ ਹੋਵੇ। ਹੁਣ ਬਹੁਤੇ ਨਾਟਕਾਂ ਵਿਚ ਅੰਤਰਾਲ ਨਹੀਂ ਹੁੰਦਾ। ਅਮਰੀਕਾ ਵਿਚ 10 ਮਿੰਟ ਦੇ ਸਮੇਂ ਵਾਲੇ ਨਾਟਕ ਆਮ ਖੇਡ ਜਾਂਦੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਵੀ ਹੁੰਦੇ ਹਨ। ਪੰਜਾਬੀ ਵਿਚ ਵੀ ਹੁਣ ਅਜਿਹੇ ਨਾਟਕ ਲਿਖੇ ਜਾਣ ਲੱਗੇ ਹਨ।

1. ਸਬੂਤ

ਪਾਤਰ: ਬਜ਼ੁਰਗ, ਦੋ ਸਰਕਾਰੀ ਅਧਿਕਾਰੀ

ਸਥਾਨ: ਬਜ਼ੁਰਗ ਦਾ ਘਰ

(ਅਧਿਕਾਰੀਆਂ ਦੀ ਆਮਦ, ਘਰ ਦਾ ਕੁੰਡਾ ਖੜਕਾਉਣਾ)

ਬਜ਼ੁਰਗ: ਜੀ, ਦੱਸੋ? ਇੱਥੇ ਕਿਵੇਂ?

ਅਧਿਕਾਰੀ 1: (ਰੋਹਬ ਨਾਲ) ਤੁਸੀਂ ਇੱਥੇ ਕਿਵੇਂ?

ਬਜ਼ੁਰਗ (ਹੈਰਾਨੀ ਨਾਲ): ਇਹ ਕੀ ਸਵਾਲ? ਮੇਰਾ 

ਘਰ ਐ।

ਅਧਿਕਾਰੀ 2: ਕਾਗਜ਼ ਪੱਤਰ? 

ਬਜ਼ੁਰਗ : ਕਾਹਦੇ?

ਅਧਿਕਾਰੀ 1: ਘਰ ਦੇ। ਜਿੱਥੋਂ ਸਾਬਤ ਹੋਵੇ ਤੁਸੀਂ ਇਸ ਦੇਸ਼ ਦੇ ਵਸਨੀਕ ਓ।

ਬਜ਼ੁਰਗ: ਵਰ੍ਹਿਆਂ ਤੋਂ ਵੱਸ ਰਹੇ ਆਂ। ਹੋਰ ਵਸਨੀਕ ਕੀ ਹੁੰਦੈ ?

ਅਧਿਕਾਰੀ 2: (ਝੁੰਜਲਾ ਕੇ) ਇਸ ਦੇਸ਼ ਦੇ ਸ਼ਹਿਰੀ ਹੋਣ ਦਾ ਸਬੂਤ।

ਬਜ਼ੁਰਗ (ਠਰ੍ਹੰਮੇ ਨਾਲ): ਠੀਕ ਐ। ਫੇਰ ਪਹਿਲਾਂ ਦੇਸ਼ ਦੇ ਕਾਗਜ਼ ਪੱਤਰ ਦਿਖਾਓ।

ਅਧਿਕਾਰੀ 1 (ਖਿਸਿਆਨਾ ਜਿਹਾ ਹੋ ਕੇ): ਦੇਸ਼! ... ਦੇਸ਼ ਬਸ ਦੇਸ਼ ਐ...! ਇਹਦੇ ਕਾਹਦੇ ਕਾਗਜ਼ ਪੱਤਰ? (ਦੂਜੇ ਅਧਿਕਾਰੀ ਨੂੰ) ਕਿਉਂ ਬਈ ਤੇਰੇ ਕੋਲ ਹੈਣ ਕੋਈ ਇਹੋ ਜਿਹੇ ਕਾਗਜ਼ ਪੱਤਰ ?

ਅਧਿਕਾਰੀ 2: (ਅਵਾਕ)

* * *

2. ਚੌਧਰ

ਪਾਤਰ: ਧਰਤੀ, ਅੰਬਰ, ਸੂਰਜ, ਸਮੁੰਦਰ, ਸੂਰਜ, ਚੰਦ, ਤਾਰੇ ਤੇ ਹਵਾ

ਸਥਾਨ: ਕਾਇਨਾਤ

(ਮੀਟਿੰਗ ਚੱਲ ਰਹੀ ਹੈ, ਬਹਿਸ ਭਖੀ ਹੋਈ ਹੈ ਤੇ ਸਾਰੇ ਬੰਦਿਆਂ ਵਾਂਗ ਮੈਂ ਮੈਂ ਕਰ ਰਹੇ ਹਨ)

ਧਰਤੀ: ਭਲਾ, ਇਸ ’ਚ ਬਹਿਸ ਕਾਹਦੀ? ਮੇਰੇ ਕਰਕੇ ਸਭ ਜੀਆ ਜੰਤ; ਫੇਰ ਚੌਧਰ ਕੀਹਦੀ ਹੋਈ?

ਸਮੁੰਦਰ: ਅੱਛਾ, ਮੈਂ ਹੋਵਾਂ ਦੋ ਬਟਾ ਤਿੰਨ ਤੇ ਤੂੰ ਇਕ ਬਟਾ ਤਿੰਨ? ਚੌਧਰ ਫੇਰ ਵੀ ਤੇਰੀ?

ਅੰਬਰ: ਚਾਰੇ ਪਾਸੇ ਫੈਲਿਆ ਕੌਣ ਐ ਭਲਾ? ਦੀਂਹਦਾ ਨੀ?

ਸੂਰਜ: ਮੈਂ ਨਾ ਉੱਗਾਂ, ਤੂੰ ਦਿਸੇਂ ਈ ਨਾ?

ਚੰਦ: ਰੋਜ਼ ਜਦ ਨ੍ਹੇਰ ਕਰਕੇ ਸਹੁਰੀਂ ਤੁਰ ਜਾਨੈਂ, ਫੇਰ ਚਮਕਦਾ ਕੌਣ ਐ?

ਤਾਰੇ: ਲੈ ਦੱਸ, ਤੂੰ ਕੱਲਾ ਕਾਰਾ, ਫੇਰ ਵੀ ਸਾਰਾ ਸੰਸਾਰ ਹਮਾਮੀ ਸਾਡੇ ਵੱਲ ਵੇਖ, ਸਾਡੀ ਤਾਂ ਗਿਣਤੀ ਈ ਨਾ ਹੋ ਸਕਦੀ।

ਹਵਾ: ਭਾਈ ਮੈਂ ਵੀ ਆਂ? ਮੈਂ ਪਲ ਭਰ ਲਈ ਰੁਕਾਂ ਤਾਂ ਵੇਖੋ ਮਾਨਸ ਕਿੰਜ ਚਿੰਘਾੜਦੈ, ਘਾਹ ਪੱਤੇ ਕਿਵੇਂ ਕੁਮਲਾਉਂਦੇ ਐ, ਚਿੜੀ ਜਨੌਰ ਕਿਵੇਂ ਸਹਿਕਦੇ ਐ?

(ਅਚਾਨਕ ਕਾਇਨਾਤ ‘ਸਥਾਨ ਤੋਂ ਸਥਾਨ ਬਦਲ ਕੇ’ ਪਾਤਰ ਵਿਚ ਪ੍ਰਵੇਸ਼ ਕਰਦੀ ਹੈ)

ਕਾਇਨਾਤ: ਕੀ ਭਕਾਈ ਮਾਰੀ ਜਾਨੇ ਓਂ? ਜੇ ਮੈਂ ਨਾ ਹੋਵਾਂ ਤਾਂ ਤੁਹਾਡੀ ਕੀ ਔਕਾਤ (ਸਾਰੇ ਚੁੱਪ ਕਰ ਜਾਂਦੇ ਹਨ) ਪਰ ਤੁਹਾਡੇ ਬਿਨਾ ਮੈਂ ਵੀ ਕੀ (ਟਿਕਾਅ ਨਾਲ) ਯਾਦ ਰੱਖੋ, ਜੇ ਤੁਸੀਂ ਓਂ ਤਾਂ ਮੈਂ ਆਂ, ਜੇ ਮੈਂ ਆਂ ਤਾਂ ਤੁਸੀਂ ਓਂ। ਜੇ ਅਸੀਂ ਆਂ ਤਾਂ ਸਾਰੇ ਜੀਆ ਜੰਤ ਨੇ। ਇਸ ਲਈ ਸਮਾਈ ਰੱਖੋ ਤੇ ਆਪੋ ਆਪਣੀ ਔਕਾਤ ’ਚ ਰਹੋ।

ਸਮਝੇ?

ਸਾਰੇ: (ਅਵਾਕ)

* * *

3. ਇਕ ਜਾਂ ਦੋ ?

ਪਾਤਰ: ਪਤੀ, ਪਤਨੀ

ਪਤਨੀ: ਤੁਸੀਂ ਨਹੀਂ ਸੁਧਰਨਾ ਨਾ?

ਪਤੀ: ਹੁਣ ਕੀ ਹੋ ਗਿਆ?

ਪਤਨੀ: ਮੈਂ ਜਿੱਧਰ ਨੂੰ ਜਾਂਦੀ ਆਂ, ਤੁਸੀਂ ਉਲਟ  ਚਲਦੇ ਜੇ।

ਪਤੀ: ਇਹ ਤਾਂ ਠੀਕ ਈ ਐ। ਜੇ ਦੋ ਜਹਾਜ਼ ਇਕ ਦੂਜੇ ਵੱਲ ਚੱਲ ਪਏ ਤਾਂ ਫੇਰ ਟੱਕਰ ਈ ਹੋਣੀ ਐ।

ਪਤਨੀ: (ਗੁੱਸੇ ਵਿਚ) ਟੱਕਰਾਂ ਤਾਂ ਹੋਈ ਜਾਂਦੀਐਂ।

ਪਤੀ: ਦੇਖ ਲੈ, ਹਾਲੇ ਤਾਂ ਅੱਡ ਅੱਡ ਦਿਸ਼ਾ ਵਿਚ ਜਾ ਰਹੇ ਆਂ!

ਪਤਨੀ: ਮੈਨੂੰ ਪਤਾ ਤੁਹਾਨੂੰ ਗੱਲਾਂ ਬੜੀਆਂ ਆਉਂਦੀਐਂ!

ਪਤੀ: ਚੱਲ ਕੁਛ ਤਾਂ ਮੰਨੀ ਕਿ ਮੈਨੂੰ ਕੁਛ ਆਉਂਦਾ ਵੀ ਐ।

ਪਤਨੀ: (ਹੱਸਾਸ ਹੋ ਕੇ) ਤੁਸੀਂ ਮੇਰੇ ਵਰਗੇ ਨਹੀਂ ਬਣ ਸਕਦੇ। ਆਪਾਂ ਇਕੋ ਹੋ ਜਾਈਏ।

ਪਤੀ: ਲੈ ਦੱਸ, ਇਕ ਹੋ ਜਾਈਏ। ਇਹ ਤਾਂ ਘਾਟੇ ਦਾ ਸੌਦੈ। ਦੋ ਤੋਂ ਇਕ ਹੋਈਏ।

ਪਤਨੀ: ਨਹੀਂ; ਮੈਂ ਤਾਂ ਕਹਿਨੀ ਆਂ, ਮਨੋ ਇਕ ਹੋਈਏ।

ਪਤੀ: ਇਕ ਤੋਂ ਦੋ ਭਲੇ ਕਿ ਦੋ ਤੋਂ ਇਕ! ਅਸੀਂ ਇਕ ਇਕ ਰਲਕੇ ਗਿਆਰਾਂ ਵਰਗੇ ਦੋ ਬਣਦੇ ਹਾਂ। ਸਾਡੀ ਸਰੀਰਕ ਪਛਾਣ ਵੀ ਅੱਡ ਅੱਡ ਹੈ। ਬਿਹਤਰ ਹੈ ਦੋ ਦੇ ਦੋ ਰਹੀਏ। ਕੱਲਾ ਹੋਣਾ ਚੰਗੈ ਕਿ ਦੂਣਾ? ਦੋ ਹਮੇਸ਼ਾਂ ਇਕ ਤੋਂ ਵੱਧ ਹੁੰਦੈ।

ਪਤਨੀ: ਸਮਝ ਗਈ ਆਂ।

ਪਤੀ: ਕੀ ਸਮਝੀ ਏਂ?

ਪਤਨੀ: ਇਹੀ ਕਿ ਤੁਸੀਂ ਨਹੀਂ ਸਮਝ ਸਕਦੇ।

* * *

4. ਜ਼ਿੰਦਗੀ

ਪਾਤਰ: ਬੰਦਾ, ਜ਼ਿੰਦਗੀ

ਸਥਾਨ: ਧਰਤ ਦਾ ਕੋਈ ਵੀ ਟੁਕੜਾ

(ਬੰਦਾ ਕਿਤਾਬ ਪੜ੍ਹ ਰਿਹਾ ਹੈ)

ਜ਼ਿੰਦਗੀ: ਮੇਰੀ ਗੱਲ ਦਾ ਜਵਾਬ ਤਾਂ ਦੇ?

ਬੰਦਾ: ਕੀ ਦੇਣਾ?

ਜ਼ਿੰਦਗੀ: ਤੂੰ ਮੈਨੂੰ ਖੱਜਲ ਕਰਨ ਦਾ ਠੇਕਾ ਲਿਐ?

ਬੰਦਾ: ਨਹੀਂ

ਜ਼ਿੰਦਗੀ: ਫੇਰ ਮੈਨੂੰ ਸੁਹਣੀ ਤਰ੍ਹਾਂ ਕਿਉਂ ਨੀਂ ਗੁਜ਼ਾਰਦਾ

ਬੰਦਾ: ਗੁਜ਼ਾਰ ਤਾਂ ਰਿਹਾਂ। ਵੇਖ ਕਿੰਨੀ ਸੁਹਣੀ ਐ ਤੂੰ।

     ਚਾਰੇ ਪਾਸੇ ਕਿਤਾਬਾਂ ਦਾ ਅੰਬਾਰ ਤੇ ਵਿਚ ਤੇਰਾ ਸੰਸਾਰ।

ਜ਼ਿੰਦਗੀ: ਪਰ ਮੇਰਾ ਤਾਂ ਸਾਹ ਘੁਟਣ ਲੱਗ ਪਿਐ।

ਬੰਦਾ: ਫੇਰ ਦੱਸ ਕੀ ਕਰਾਂ? ਬੰਦਾ ਹਾਜ਼ਰ ਐ।

ਜ਼ਿੰਦਗੀ: ਚਲ, ਕਿਤੇ ਬਾਹਰ ਚੱਲੀਏ?

ਬੰਦਾ: ਫੇਰ ਕੀ ਹੋਜੂ।

ਜ਼ਿੰਦਗੀ: ਰਲ ਕੇ ਜੀਵਾਂਗੇ

ਬੰਦਾ: ਹੁਣ ਰਲ ਕੇ ਨੀ ਜੀ ਰਹੇ?

ਜ਼ਿੰਦਗੀ: ਤੂੰ ਜੀ ਰਿਹੈਂ, ਮੈਂ ਤਾਂ ਘੁਟ ਘੁਟ ਕੇ ਮਰ ਰਹੀ ਆਂ

ਬੰਦਾ: ਫੇਰ ਤੂੰ ਕੱਲੀ ਚਲੀ ਜਾ

ਜ਼ਿੰਦਗੀ: ਇਹੀ ਤਾਂ ਸਿਆਪੈ। ਤੇਰੇ ਬਿਨਾਂ ਮੈਂ ਹੈ ਈ ਨਹੀਂ?

ਬੰਦਾ: ਫੇਰ ਹੋ ਜਾ

ਜ਼ਿੰਦਗੀ: ਕਿਵੇਂ?

ਬੰਦਾ: ਜਿਵੇਂ ਹੁਣ ਐਂ। ਮੇਰੇ ਅੰਦਰ ਵੱਸਦੀ।

ਜ਼ਿੰਦਗੀ: ਪਰ? ਸਾਹ ਘੁਟਦੈ

ਬੰਦਾ: ਸੋਹਣੀਏ, ਜ਼ਿੰਦਗੀ ਅੰਦਰ ਹੀ ਹੁੰਦੀ ਐ। ਇਹ ਅੰਦਰੋਂ ਬਾਹਰ ਨੀ ਜਾਂਦੀ ਬਲਕਿ ਬਾਹਰੋਂ ਅੰਦਰ ਵੱਲ ਆਉਂਦੀ ਹੈ। ਅਸਲੀ ਘਰ ਤੇਰਾ ਇਹੀ ਹੈ। ਇੱਥੇ ਈ ਦਿਲ ਲਾ। ਇਹੀ ਸਵਾਬ ਹੈ ਕਿ ਬਾਕੀ ਤਾਂ ਸਭ ਅਜ਼ਾਬ ਹੈ।

ਜ਼ਿੰਦਗੀ: (ਅਵਾਕ)

* * *

5. ਜੇ ਨਾ ਸੰਭਲੇ

ਪਾਤਰ: ਬੰਦਾ, ਕੁਦਰਤ

ਸਥਾਨ: ਕਾਇਨਾਤ

ਸਮਾਂ: ਚੌਵੀ ਘੰਟੇ

(ਦੋਹਾਂ ਦੀ ਬਹਿਸ ਹੋ ਰਹੀ ਹੈ)

ਕੁਦਰਤ: ਕੁਝ ਸ਼ਰਮ ਕਰ ਲੈ। ਏਨੀਆਂ ਤੈਨੂੰ ਦਾਤਾਂ ਦੇ’ਤੀਆਂ। ਸਬਰ ਨਾਂ ਦੀ ਕੋਈ ਚੀਜ਼ ਹੁੰਦੀ ਐ!

ਬੰਦਾ: ਸਬਰ ਕਰ ਲਿਆ ਤਾਂ ਖੜ੍ਹ ਗਿਆ। ਤੇਰੇ ਨਾਲ ਆਢਾ ਲਾ ਕੇ ਈ ਤਾਂ ਤਰੱਕੀ ਕੀਤੀ ਹੈ।

ਕੁਦਰਤ: ਫੇਰ ਜਿੱਤ ਗਿਆ?

ਬੰਦਾ: ਬੜੀ ਵੇਰ ਜਿੱਤਿਆਂ। ਇਹ ਜਿੱਤਣ ਦਾ ਈ ਕਮਾਲ ਐ। ਮਾਰ ਧਰਤੀ ’ਤੇ ਰੌਣਕਾਂ ਲਗੀਆਂ ਪਈਐਂ। ਪਤੈ ਕਿੰਨੀ ਤਰੱਕੀ ਕੀਤੀ ਐ?

ਕੁਦਰਤ: ਅੱਛਾ! ਇਹ ਰੌਣਕਾਂ ਦਿੱਤੀਆਂ ਕੀਹਨੇ ਐ। ਮੇਰੇ ਪਹਾੜ ਭੰਨਲੇ ਸੜਕਾਂ ਬਣਾ ਲੀਆਂ। ਮੇਰਾ ਪਾਣੀ ਬੰਨ੍ਹ ਲਿਆ, ਡੈਮ ਬਣਾ ਕੇ ਫ਼ਸਲਾਂ ਹਰੀਆਂ ਕਰ ਲੀਆਂ। ਲਾ ਲਾ ਇੰਜਣ ਮੇਰੀ ਧਰਤੀ ’ਚੋਂ ਪਾਣੀ ਖਿੱਚ ਲਿਆ।

ਬੰਦਾ: ਹੋਰ ਬੋਲ? ਦੇਖਦੀ ਐਂ ਫੇਰ ਮੇਰੀ ਤਾਕਤ? ਤੇਰੀਆਂ ਤਾਂ ਪੰਜੇ ਇੰਦਰੀਆਂ ਮੇਰੇ ਕਾਬੂ ’ਚ ਐ।

ਕੁਦਰਤ: ਸ਼ਾਬਾਸ਼! ਚੰਘਿਆੜਾਂ ਫੇਰ ਮਾਰੀ ਜਾਨੈਂ। ਤਮਾ ਨੀ ਨਾ ਮਰਦੀ। ਪੁਰਾਣਿਆਂ ਵੇਲਿਆਂ ’ਚ ਕਿੰਨੀ ਸਕੀਰੀ ਸੀ। ਯਾਦ ਐ? ਸਕਿਆਂ ਨਾਲੋਂ ਵੱਧ ਸੀ ਆਪਾਂ।

ਬੰਦਾ: ਕੁਝ ਨੀਂ ਭੁੱਲਿਆ। ਪਹਿਲਾਂ ਤੈਨੂੰ ਦੇਵਤਾ ਬਣਾ ਬਣਾ ਦੇਖ ਲਿਆ। ਤੇਰੇ ਹਰ ਜੁਆਕ ਨੂੰ ਦੇਵਤਾ ਮੰਨ ਲਿਆ। ਪਾਣੀ, ਤਾਂ ਦੇਵਤਾ। ਹਵਾ, ਤਾਂ ਦੇਵਤਾ। ਪਤਾ ਨੀ ਕੀਹਨੂੰ ਕੀਹਨੂੰ ਮੱਥੇ ਟੇਕੇ।

ਕੁਦਰਤ: ਨਾ ਹੁਣ ਕੀ ਹੋ ਗਿਆ?

ਬੰਦਾ: ਹੋਣਾ ਕੀ ਐ। ਅਸੀਂ ਦੇਵਤੇ ਬਣਾਈ ਗਏ। ਉਹ ਸਾਨੂੰ ਢਾਹੀ ਗਏ। ਕਦੇ ਮੀਂਹ ਨੇ ਫ਼ਸਲ ਮਾਰਤੀ, ਕਦੇ ਹੜ੍ਹ ਆ ਗੇ, ਕਦੇ ਸੋਕਾ ਪੈ ਗਿਆ। ਅਸੀਂ ਤਾਂ ਤੈਨੂੰ ਰੱਬ ਮੰਨਿਆ। ਸਾਡਾ ਤਾਂ ਬਾਬਾ ਕਹਿ ਗਿਆ: ਬਲਿਹਾਰੀ ਕੁਦਰਤ ਵਸਿਆ।।

ਕਾਇਨਾਤ: (ਪ੍ਰਵੇਸ਼ ਕਰਦੀ ਹੈ) ਆਹ ਥੋਡੇ ਰੌਲੇ ਮੈਨੂੰ ‘ਸਥਾਨ’ ਤੋਂ ‘ਪਾਤਰ’ ਵਿੱਚ ਬਦਲ ਦਿੰਦੇ ਐ। ਆਹ ਜਿਹੜਾ ਆਪਸ ’ਚ ਯੁੱਧ ਲਾਇਐ ਨਾ, ਕੋਈ ਅੰਤ ਨਹੀਂ ਇਹਦਾ। ਦੋਵੇਂ ਜਣੇ ਸਮਾਈ ਰੱਖੋ। ਤੂੰ ਨਿੱਕੀਏ (ਕੁਦਰਤ ਨੂੰ) ਸਿਆਣੀ ਬਣ। ਤੂੰ ਸ਼ਰੀਕਾ ਰੱਖਿਆ, ਤਾਂ ਆਹ ਬੰਦੇ ਦਾ ਪੁੱਤ ਤੜਫਿਐ। ਤੁਸੀਂ ‘ਪਿਆਰ’ ਦਾ ਰਿਸ਼ਤਾ ‘ਸ਼ਰੀਕੇ’ ’ਚ ਬਦਲ ਲਿਆ। (ਬੰਦੇ ਨੂੰ) ਤੂੰ ਵੀ ਥੋੜ੍ਹੀ ਠੰਢ ਰੱਖ ਕਾਕਾ, ਰੱਬ ਨੂੰ ਟਾਕੀ ਲਾਉਣ ਨੂੰ ਫਿਰਦੈਂ। (ਦੋਹਾਂ ਨੂੰ) ਦੇਖ ਲਓ ਜੇ ਨਾ ਸੰਭਲੇ ਨਾ, ਮੁੜ ਕੇ ਪੱਥਰ ਯੁੱਗ ਆ ਜਾਣੈ, ਝਾਕੋਂਗੇ ਬਿਟਰ ਬਿਟਰ।

ਦੋਵੇਂ: (ਅਵਾਕ)

* * *

6. ਤੱਕੜੀ ਦੇ ਪਲੜੇ 'ਚ

ਪਾਤਰ: ਦਿਲ, ਦਿਮਾਗ਼, ਦੇਹ

ਸਥਾਨ: ਕਾਇਨਾਤ

ਸਮਾਂ: ਕੋਈ ਵੀ

(ਤਿੰਨਾਂ ਦੀ ਮੀਟਿੰਗ ਚੱਲ ਰਹੀ ਹੈ)

ਦੇਹ: ਭਾਈ ਮੇਰਾ ਕਰੋ ਹੱਲ। ਕਿਉਂ ਟੰਗਿਐ ਚੌਵੀ ਘੰਟੇ?

ਦਿਲ: ਕਿਉਂ ਕੀ ਹੋ ਗਿਆ। ਜਦ ਤਕ ਮੈਂ ਧੜਕੀ ਜਾਨੈਂ ਤੈਨੂੰ ਕੀ ਚਿੰਤਾ? ਜੇ ਮੈਂ ਖੜ੍ਹਾਂ ਤਾਂ ਫ਼ਿਕਰ ਕਰੀਂ।

ਦਿਮਾਗ਼: (ਹੱਸ ਕੇ) ਲੈ ਇਹਦੀ ਕਮਲੇ ਦੀ ਸੁਣ ਲੋ। ਜਦ ਤੂੰ ਖੜ੍ਹ ਗਿਆ ਤਾਂ ਇਹਨੇ ਫ਼ਿਕਰ ਕਰਨ ਜੋਗਾ ਤਾਂ ਰਹਿਣਾ ਈ ਨੀ।

ਦੇਹ: ਆਹੋ, ਦਿਮਾਗ਼ ਬਾਈ ਠੀਕ ਕਹਿੰਦੈ। ਫੇਰ ਤਾਂ ਮੈਂ ਦੂਜਿਆਂ ’ਚ ਫ਼ਿਕਰ ’ਚ ਪਾ ਕੇ ਆਪ ਫ਼ਿਕਰਾਂ ਤੋਂ ਮੁਕਤ ਹੋ ਜਾਣੈ।

ਦਿਮਾਗ਼: ਇਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ। ਇਹ ਤਾਂ ਵਿਚਾਰਾ ਹੈ ਈ ਕਮਲਾ। ਇਹਦੇ ਤਾਂ ਗੀਤ ਵੀ ਬਣੇ ਹੋਏ ਐਂ, ਲੈ ਤੈਨੂੰ ਤਾਂ ਪਤਾ ਈ ਹੋਊ।

ਦਿਲ: (ਗੁੱਸੇ ਨਾਲ) ਮੈਨੂੰ ਵੀ ਦੱਸੋਗੇ ਕਿ ਆਪਸ ’ਚ ਈ ਗਿਟਮਿਟ ਕਰੀ ਜਾਉਂਗੇ।

ਦੇਹ: ਕਿਉਂ ਤੈਨੂੰ ਨੀ ਸੁਣਦੇ? ਆਹ ਰੋਜ਼ ਤਾਂ ਚਲਦੇ ਐ:

ਹਾਏ ਮੇਰਾ ਦਿਲ, ਲੈ ਗਈ ਦਿਲ, ਦੇ ਗਈ ਦਿਲ, ਦਿਲ ਦਾ ਮਾਮਲਾ ਹੈ ਵਗੈਰਾ ਵਗੈਰਾ।

ਦਿਮਾਗ਼: (ਹੱਸ ਕੇ) ਭਾਈ ਇਹਨੇ ਤਾਂ ਸਾਰੇ ਸ਼ਾਇਰ, ਕਲਾਕਾਰ, ਆਸ਼ਕ ਇੱਕੋ ਕੰਮ ਲਾਏ ਹੋਏ ਐ। ਵਿਚਾਰੇ ਦਿਲ ਦਿਲ ਦਿਲ ਦਿਲ ਕਰਦੇ ਵਕਤ ਕੱਟੀ ਜਾਂਦੇ ਐ।

ਦਿਲ: ਥੋਨੂੰ ਦੋਹਾਂ ਨੂੰ ਮੈਂ ਈ ਟੱਕਰਿਐਂ ਚੁਹਲਬਾਜ਼ੀ ਕਰਨ ਨੂੰ।

ਦੇਹ: (ਅਚਾਨਕ ਕੁਝ ਯਾਦ ਆਉਣ ’ਤੇ) ਓ ਭਾਈ, ਆਪਾਂ ਤਾਂ ਹੋਰ ਈ ਪਾਸੇ ਲੱਗ ਗੇ। ਮੇਰਾ ਕਰੋ ਕੋਈ ਹੱਲ?

ਦਿਮਾਗ਼: ਹਾਂ ਦੱਸ। ਤੈਨੂੰ ਕੀ ਸੰਕਟ ਐ?

ਦੇਹ: ਸੰਕਟ ਵਰਗਾ ਸੰਕਟ। (ਦਿਲ ਵੱਲ ਹੋ ਕੇ) ਜੇ ਇਹਦੇ ਮਗਰ ਲੱਗਾਂ ਤਾਂ ਖੱਜਲ ਖੁਆਰੀ (ਦਿਮਾਗ਼ ਵੱਲ ਹੋ ਕੇ) ਜੇ ਤੇਰੇ ਮਗਰ ਲੱਗਾਂ ਤਾਂ ਮਿਹਣੇ। ਅਖੇ ਇਹਦਾ ਦਿਮਾਗ਼ ਖਰਾਬ ਹੋ ਗਿਆ।

ਦਿਲ: (ਦੇਹ ਵੱਲ ਹੋ ਕੇ) ਪਰ ਭੈਣੇ, ਮੇਰੇ ਕਰਕੇ ਤਾਂ ਤੂੰ ਜ਼ਿੰਦਾ ਐਂ। ਜਦ ਤਕ ਮੈਂ ਧੜਕੀ ਜਾਵਾਂ ਤੂੰ ਹੈਂ ਵਰਨਾ ਨਹੀਂ ਐਂ। (ਦਿਮਾਗ਼ ਨਾਲ ਹੋ ਕੇ ਮਾਣ ਨਾਲ) ਮੈਂ ਤਾਂ ਇਹਦੇ ‘ਡੈੱਡ’ ਹੋਣ ’ਤੇ ਵੀ ਧੜਕੀ ਜਾਨੈਂ।

ਦਿਮਾਗ਼: ਆਹੋ ਆਹੋ ਮੈਨੂੰ ਪਤੈ ਤੂੰ ਧੜਕੀ ਤਾਂ ਜਾਨੈਂ (ਦੇਹ ਨੂੰ) ਪਰ ਤੂੰ ਫੇਰ ‘ਵੈਜੀਟੇਬਲ ਬਾਡੀ’ ਕਹਾਉਂਨੀ ਐਂ। ਇਹਦੇ ਸਮੇਤ ਤੇਰੇ ਸਾਰੇ ਅੰਗ ਪੈਰ ਦਾਨ ਕਰ ਦਿੱਤੇ ਜਾਂਦੇ ਐ। ਸੋ ਮੁੱਦਾ ਇਹ ਕਿ ਧੜਕਦਾ ਭਾਵੇਂ (ਦਿਲ ਵੱਲ ਹੋ ਕੇ) ਇਹ ਦਿਸਦੈ ਪਰ ਕੰਟਰੋਲ ਮੇਰੇ ਕੋਲ ਐ (ਪਿਆਰ ਨਾਲ) ਇਸ ਲਈ ਇਹਨੂੰ ਧੜਕੀ ਜਾਣ ਦੇ, ਬੁੜ੍ਹਕੀ ਜਾਣ ਦੇ। ਬਸ ਤੂੰ ਇਹਦੇ ਮਗਰ ਲੱਗ ਕੇ ਖੱਜਲ ਖੁਆਰ ਨਾ ਹੋ।

ਦੇਹ: (ਬੌਂਦਲ ਕੇ) ਮੈਂ ਸਮਝੀ ਨੀਂ।

ਦਿਲ: (ਦਿਮਾਗ਼ ਨੂੰ) ਬਾਈ ਸਮਝਾ ਇਹਨੂੰ। ਆਹ ਸਮਝਣ ਸਮਝਾਉਣ ਦਾ ਕੰਮ ਤੇਰੈ।

ਦਿਮਾਗ਼: ਕਮਲੀਏ, ਸਾਨੂੰ ਦੋਹਾਂ ਨੂੰ ਤੱਕੜੀ ਦੇ ਪਲੜੇ ’ਚ ਬਰਾਬਰ ਰੱਖਣ ਦੀ ਸਲਾਹੀਅਤ ਪੈਦਾ ਕਰ।

ਦੇਹ: (ਅਵਾਕ ਹੋਣ ਦੀ ਥਾਂ ਚਹਿਕ ਕੇ) ਜੀ ਸਮਝ ਗਈ, ਚੰਗੀ ਤਰ੍ਹਾਂ ਸਮਝ ਗੀ।

ਕਾਇਨਾਤ: (ਸਥਾਨ ਤੋਂ ਪਾਤਰ ਵਿਚ ਤਬਦੀਲ ਹੋ ਕੇ) ਸ਼ੁਕਰ ਐ ਕੋਈ ਤਾਂ ‘ਅਵਾਕ’ ਤੋਂ ਸਵਾਕ ਹੋਇਆ।

* * *

7. ਬੰਦਿਆਂ ਵਾਂਗੂੰ

ਪਾਤਰ: ਬੰਦਾ, ਰੱਬ

ਸਥਾਨ: ਬੰਦੇ ਦਾ ਘਰ

(ਦੋਵਾਂ ਦੀ ਗੁਫ਼ਤਗੂ ਹੋ ਰਹੀ ਹੈ)

ਬੰਦਾ: (ਹੱਸ ਕੇ) ਲੈ ਦੇਖ ਲੈ। ਰੱਬ ਦੇ ਘਰ ਤਾਂ ਬੰਦੇ ਜਾਂਦੇ ਦੇਖੇ ਨੇ, ਪਰ ਅੱਜ ਬੰਦੇ ਦੇ ਘਰ ਰੱਬ ਤਾਂ ਪਹਿਲੀ ਵਾਰ ਵੇਖਿਐ।

ਰੱਬ: ਤੂੰ ਬੁਲਾਇਆ, ਮੈਂ ਆ ਗਿਆ।

ਬੰਦਾ: ਮੰਨਗੇ ਬਈ। ਹਾਕਾਂ ਮਾਰ ਮਾਰ ਤੈਨੂੰ ਦੁਨੀਆ ਬੁਲਾਉਂਦੀ ਐ, ਤੂੰ ਆਉਂਦਾ ਨੀਂ। ਮੈਂ ਸੁਭਾਵਿਕ ਹੀ ਕਿਹਾ ਕਿ ਆਜਾ ਰੱਬਾ ਤੇ ਤੂੰ ਆ ਗਿਆ।

ਰੱਬ: ਮੈਨੂੰ ਪਤਾ ਲੱਗਿਆ ਕਿ ਤੂੰ ਮੇਰੇ ਬਾਰੇ ਕਿੰਤੂ ਪ੍ਰੰਤੂ ਜੇ ਕਰਦੈਂ (ਸੋਚ ਕੇ) ਕੀ ਕਹਿੰਦੇ ਐ ਥੋਡੀ ਭਾਸ਼ਾ ’ਚ... ਹਾਂ, ਨਾਸਤਿਕ ਐਂ। ਮੈਂ ਕਿਹਾ, ਚੱਲ ਮੇਰੇ ਅਭਗਤ ਦੀ ਵੀ ਗੱਲ ਸੁਣ ਲਾਂ, ਕੀ ਕਹਿੰਦੈ?

ਬੰਦਾ: ਚਲ ਤੇਰਾ ਸ਼ੁਕਰੀਆ ਤੂੰ ਆ ਗਿਆ। ਬਾਕੀ ਭਾਈ ਇਹ ਵੀ ਗੱਲ ਐ ਬਈ ਤੂੰ ਹੈਂ ਪਤਾ ਨੀ ਨਹੀਂ ਐਂ, ਪਰ ਤੂੰ ਆਪਣੀ ਗਰੇਸ ਬੜੀ ਬਣਾ ਕੇ ਰੱਖੀ ਐ।

ਰੱਬ: ਕਿਵੇਂ?

ਬੰਦਾ: ਇਹੀ ਬਈ, ਹਰ ਕੋਈ ਤੈਨੂੰ ‘ਤੂੰ’ ਕਹਿ ਕੇ ਬੁਲਾਉਂਦੈ। ਅਸੀਂ ਤਾਂ ਭਲਾ ਕਹਿਣਾ ਹੀ ਹੋਇਆ ਪਰ ਤੇਰੇ ਭਗਤ ਵੀ ਤੂੰ ਹੀ ਤੂੰ, ਤੂੰ ਹੀ ਤੂੰ ਕਹਿ ਕੇ ਈ ਹਾਕਾਂ ਮਾਰਦੇ ਐ।

ਰੱਬ: ਚੱਲ, ਹੁਣ ਗੱਲ ਕਰ ਆਪਣੀ, ਕਾਹਦੇ ਲਈ ਸੱਦਿਐ?

ਬੰਦਾ: ਬਸ, ਇੱਕ ਨਿੱਕਾ ਜਿਹਾ ਸਵਾਲ ਐ ਬਈ ਤੂੰ ਆਹ ਦੁਨੀਆ ਬਣਾਈ ਐ? ਤੈਥੋਂ ਬੰਦਿਆਂ ਵਾਂਗ ਨੀ ਸੀ ਬਣਦੀ। 

ਰੱਬ: (ਹੱਸ ਕੇ) ਵਾਹ ਓਏ! ਤੁਸੀਂ ਬੰਦਿਆਂ ਨੇ ਜੋ ਖੇਹ ਉਡਾਈ ਐ, ਦਿਸਦੀ ਐ। ਹਾਲੇ ਤਾਂ ਮੈਂ ਰੱਬ ਬਣ ਕੇ ਬਣਾਈ ਐ ਤਾਂ ਵੀ ਤੁਸੀਂ ਮੇਰੇ ਨਾਂ ’ਤੇ ਈ ਬੰਦੇ ਵੱਢੀ ਜਾਨੇ ਉਂ। ਜੇ ਮੈਂ ਬੰਦਿਆਂ ਵਾਂਗ ਬਣਾਉਂਦਾ ਤਾਂ ਪਤਾ ਨੀ ਫੇਰ ਕੀ ਹਾਲ ਕਰਦੇ, ਲਾ ਲੈ ਹਿਸਾਬ। ਤੂੰ ਤਾਂ ਆਪ ਸਿਆਣੈਂ?

ਬੰਦਾ: (ਅਵਾਕ)

* * *

8. ਮੈਂ ਜੋ ਹਾਂ

ਪਾਤਰ: ਭੂਤ, ਵਰਤਮਾਨ, ਭਵਿੱਖ

ਸਥਾਨ: ਕਾਇਨਾਤ

(ਤਿੰਨਾਂ ਦੀ ਬਹਿਸ ਚੱਲ ਰਹੀ ਹੈ)

ਵਰਤਮਾਨ: ਵੇਖੋ, ਚਾਰੇ ਪਾਸੇ ਮੈਂ ਈ ਮੈਂ ਆਂ, ਮੇਰੇ ’ਚ ਹੀ ਬੰਦੇ ਜੀਂਦੇ ਐ, ਮੇਰੇ ’ਚ ਈ ਮਰਦੇ ਐ।

ਭਵਿੱਖ: ਪਰ ਇਹ ਵੀ ਦੇਖ ਲੈ ਕਿ ਮੇਰੇ ਬਾਰੇ ਤਾਂ ਸੋਚ ਸੋਚ ਕੇ ਹੀ ਚੌੜੇ ਹੋਏ ਫਿਰਦੇ ਐ- ਬਈ ਐਂ ਹੋ ਜੂ, ਐਂ ਕਰ ਲਾਂਗੇ। ਮੈਂ ਉਨ੍ਹਾਂ ਦੇ ਸੁਪਨੇ ਬੁਣਦਾਂ।

ਭੂਤ: ਪਰ ਰਿਕਾਰਡ ਤਾਂ ਸਾਰਾ ਮੇਰੇ ਕੋਲ ਈ ਐ ਨਾ (ਅੱਜ ਨੂੰ ਸੰਬੋਧਿਤ ਹੋ ਕੇ) ਤੂੰ ‘ਹੈਂ ਗਾ’ (ਭਵਿੱਖ ਨੂੰ ਸੰਬੋਧਿਤ ਹੋ ਕੇ) ਤੇ ਤੂੰ ਹੋ ਜੇਂਗਾ’। ਪਰ ਸਮਾਉਣਾ ਤਾਂ ਸਭ ਮੇਰੇ ’ਚ ਈ ਐ।

ਭਵਿੱਖ: ਪਰ ਜੇ ਮੈਂ ਨਾ ਹੋਵਾਂ ਤਾਂ ਬੰਦੇ ਦੇ ਜੀਣ ਦਾ ਚਾਅ ਈ ਮੁੱਕ ਜੇ। ਮੈਂ ਤਾਂ ਉਹਦੀ ਆਸ ਆਂ।

ਭੂਤ: ਤੇ ਮੈਂ ਪਿਆਸ ਆਂ। ਆਹ ਰਹਿ ਗਿਆ, ਉਹ ਰਹਿ ਗਿਆ, ਆਹ ਹੋ ਜਾਂਦਾ, ਉਹ ਹੋ ਜਾਂਦਾ।

ਵਰਤਮਾਨ: ਮਖਾ, ਹੁਣ ਮੈਂ ਕਰਾਂ ਗੱਲ? ਮੇਰੇ ਘਰ ਆਏ ਓ?

ਭਵਿੱਖ: ਤੇਰਾ ਘਰ ਕਿਵੇਂ ਹੋਇਆ?

ਭੂਤ: ਹਾਂ ਦੱਸ, ਤੂੰ ਕਿਵੇਂ ਚੌਧਰੀ ਬਣਿਆ ਫਿਰਦੈਂ?

ਵਰਤਮਾਨ: (ਹੱਸ ਕੇ ਭੂਤ ਵੱਲ) ਵੇ ਮੇਰੇ ਕਮਲਿਆ ਵੀਰਾ, ਸਾਰੀ ਕਾਇਨਾਤ ਈ ਮੇਰਾ ਘਰ ਐ, ਤੂੰ ‘ਸੀ’ ਐਂ, ਤੇਰੇ ਤਾਂ ਨਾਂ ਤੋਂ ਈ ਡਰਦੇ ਐ ਸਾਰੇ। (ਹੱਸ ਕੇ ਭਵਿੱਖ ਵੱਲ) ਤੇ ਤੂੰ ਵੀਰਾ ‘ਹੋਏਂਗਾ’। ਇਹ ‘ਸੀ’ ਅਤੇ ‘ਹੋਏਂਗਾ’ ਦੇ ਵਿਚਕਾਰ ਕੌਣ ਹੋਇਆ ਭਲਾ- ਮੈਂ। ਮੈਂ ਜੋ ਹਾਂ, ਉਹ ਹਾਂ, ਜਿਸ ਵਿਚ ਕੁਝ ਹੋ ਸਕਦਾ ਹੈ, ਕੀਤਾ ਜਾ ਸਕਦਾ ਹੈ, ਕੀਤਾ ਜਾਂਦਾ ਹੈ। ਤੁਸੀਂ ਜਾਉ, ਹੁਣ ਆਪਣੇ ਆਪਣੇ ਘਰ। ਕਾਇਨਾਤ ਮੈਂ ਸਾਂਭੀ ਹੋਈ ਐ। ਮਖਾ ਭੋਰਾ ਵੀ ਫ਼ਿਕਰ ਨਾ ਕਰੋ।

ਭੂਤ ਤੇ ਭਵਿੱਖ : (ਅਵਾਕ)

* * *

9. ਵੈਰ

ਪਾਤਰ: ਭੁੱਖ, ਰੋਟੀ, ਸਬਰ

ਸਥਾਨ : ਕਾਇਨਾਤ

(ਤਿੰਨਾਂ ਵਿਚ ਬਹਿਸ ਚੱਲ ਰਹੀ ਹੈ)

ਭੁੱਖ: ਹਾਂ ਬਈ ਰੋਟੀਏ? ਕਰੀਏ ਤੇਰੇ ਨਾਲ ਗੱਲ?

ਰੋਟੀ: ਕਰ ਲਉ। ਮੈਂ ਰੋਕਿਐ?

ਸਬਰ: ਭੁੱਖ ਭੈਣੇ, ਅੱਜ ਗੱਲ ਨਿਬੇੜ ਕੇ ਜਾਣੀ ਐਂ।

ਭੁੱਖ: ਸਬਰ ਵੀਰੇ ਤੂੰ ਸਬਰ ਰੱਖ। ਅੱਜ ਤਾਂ ਇਕ ਪਾਸਾ ਹੋ ਕੇ ਰਹੂ।

ਰੋਟੀ: ਹੁਣ ਆਪਸ ’ਚ ਈ ਗਿਟਮਿਟ ਕਰੀ ਜਾਉਂਗੇ ਜਾਂ ਗੱਲ ਵੀ ਕਰੋਂਗੇ। ਜਲਦੀ ਕਰੋ। ਮੈਂ ਵਿਹਲੀ ਨਹੀਂ। ਕਰੋੜਾਂ ਦਾ ਢਿੱਡ ਭਰਨੈਂ।

ਭੁੱਖ: ਆਹੀ ਤਾਂ ਗੱਲ ਕਰਨੀ ਐਂ। ਭਲਾ ਐਂ ਦੱਸ, ਮੈਂ ਚੰਗੀ ਭਲੀ ਚਮਕਦੀ ਹੁੰਨੀ ਐਂ- ਤੂੰ ਆ ਕੇ ਬੁਝਾ ਕਿਉਂ ਦਿੰਨੀ ਐਂ? ਉਲਟਾ ਈ ਕੰਮ ਐ ਤੇਰਾ- ਅਖੇ ‘ਚਮਕਦੇ’ ਨੂੰ ‘ਬੁਝਾ’ ਦਿਉ।

ਰੋਟੀ: (ਠਰ੍ਹੰਮੇ ਨਾਲ) ਇਸ ਲਈ ਕਿ ਤੇਰਾ ‘ਚਮਕਣਾ’ ਹਰ ਜੀਅ ਜੰਤ ਲਈ ਘਾਤਕ ਐ। ਤੂੰ ਵੈਰਨ ਐਂ ਵੈਰਨ।

ਸਬਰ: ਪਰ ਮੈਂ ਤਾਂ ਗ਼ਲਤ ਨੀ ਕਰਦਾ। ਮੈਂ ਤਾਂ ਤੁਹਾਡੇ ਦੋਹਾਂ ’ਚ ਤਵਾਜ਼ਨ ਬਣਾਉਂਦਾਂ।

ਰੋਟੀ: ਆਹੋ ਤੇਰਾ ਸੂਤ ਐ। ਇਧਰ ਵੀ ਤੂੰ ਉਧਰ ਵੀ ਤੂੰ। ਭੁੱਖੇ ਹੋਵੇ ਤਾਂ ‘ਸਬਰ ਕਰੋ’ ਭਾਈ। ਰੱਜਿਆ ਹੋਵੇ ਤਾਂ ‘ਸਬਰ ਰੱਖੋ’ ਭਾਈ।

ਭੁੱਖ: ਪਰ ਮੈਂ ਤਾਂ ਇਕੋ ਪਾਸੇ ਐਂ। ਮੇਰੇ ਨਾਲ ਕੀ ਵੈਰ?

ਰੋਟੀ: (ਟਿਕਾਅ ਨਾਲ) ਮੇਰਾ ਵੈਰ ਐ ਥੋਡੇ ਦੋਹਾਂ ਨਾਲ। ਤੁਸੀਂ ਦੋਨੋਂ ਘਾਤਕ ਉਂ। ਤੁਸੀਂ ਦੋਵੇਂ ਜੀਣ ’ਚ ਅੜਿੱਕਾ ਓਂ। ਜਦ ਤਕ ਮੈਂ ਨੀਂ ਢਿੱਡ ’ਚ ਪੈਂਦੀ- ਬੰਦਾ ਜਿਊਂਦਾ ਈ ਨੀ ਰਹਿ ਸਕਦਾ। ਮੈਂ ਮਰਨ ਤੋਂ ਬਚਾਉਨੀ ਆਂ, ਹਰ ਸਾਹ ਲੈਂਦੇ ਪ੍ਰਾਣੀ ਨੂੰ। ਤੁਸੀਂ ਮਰਨ ’ਚ ਭੂਮਿਕਾ ਨਿਭਾਉਂਦੇ ਓ। ‘ਭੁੱਖ’ ਤੇ ‘ਸਬਰ’ ਬਿਨਾਂ ਦੁਨੀਆ ਚੱਲ ਸਕਦੀ ਐ ਪਰ ਮੇਰੇ ਬਿਨਾਂ ਨਹੀਂ। ਤਾਂ ਹੀ ਕਿਹੈ ਸਿਆਣਿਆਂ ਨੇ:

ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ

ਭੁੱਖ ਤੇ ਸਬਰ : (ਅਵਾਕ)

* * *

  • ਮੁੱਖ ਪੰਨਾ : ਨਾਟਕ ; ਸਤੀਸ਼ ਕੁਮਾਰ ਵਰਮਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ, ਨਾਟਕ ਤੇ ਲੇਖ