Chandoa (Punjabi Story) : Kartar Singh Suri
ਚੰਦੋਆ (ਕਹਾਣੀ) : ਕਰਤਾਰ ਸਿੰਘ ਸੂਰੀ
ਦੋਵੇਂ ਪਤੀ ਪਤਨੀ ਰੇਲ ਦਾ ਸਫ਼ਰ ਕਰ ਰਹੇ ਸਨ। ਜੀਊਣ ਸਿੰਘ ਬਾਰੀ ਦੀ ਫੱਟੀ ਨਾਲ ਢਾਸਣਾ ਲਾਈ ਊਂਘ ਰਿਹਾ ਸੀ। ਉਸ ਦੀ ਘਰਵਾਲੀ ਸਾਹਮਣੀ ਸੀਟ ਤੇ ਬੈਠੀ ਕਾਕੇ ਨੂੰ ਦੁੱਧ ਚੁੰਘਾ ਰਹੀ ਸੀ । ਕਾਕੇ ਤੋਂ ਵੱਡੀਆਂ ਦੋਵੇਂ ਕੁੜੀਆਂ ਉਸ ਦੇ ਨਾਲ ਗੁੱਛਾ ਮੁੱਛਾ ਹੋਈਆਂ ਸੁੱਤੀਆਂ ਪਈਆਂ ਸਨ, ਜਿਵੇਂ ਉਨ੍ਹਾਂ ਨੂੰ ਠੰਢ ਲਗ ਰਹੀ ਹੋਵੇ । ਰੁੱਤ ਜੋ ਸਿਆਲ ਦੀ ਸੀ।
ਉਸ ਦੀ ਪਤਨੀ ਨੇ ਉਸ ਦੀ ਜੇਬ ਵਲ ਹੱਥ ਵਧਾਂਦਿਆਂ ਕਿਹਾ, "ਕਰੋ ਨਾ ਉਰ੍ਹਾਂ ਬਟੂਆ" ਤੇ ਕਹਿੰਦਿਆਂ ਇੰਦਰ ਕੌਰ ਨੇ ਉਸ ਦੀ ਬਾਹਰਲੀ ਜੇਬ ਵਿਚੋਂ ਬਟੂਆ ਖਿੱਚ ਲਿਆ । ਇੰਦਰ ਕੌਰ ਦੀ ਆਵਾਜ਼ ਤੇ ਨਾਲੇ ਉਸ ਦੀਆਂ ਉਂਗਲਾਂ ਦੀ ਛੋਹ ਨੇ ਜੀਊਣ ਸਿੰਘ ਨੂੰ ਜਗਾ ਦਿੱਤਾ ।ਸ਼ਾਇਦ ਇਸ ਵੇਲੇ ਉਹ ਝਪਕੀ ਦੇ ਉਡਨ ਖਟੋਲੇ ਚੜ੍ਹਿਆ ਰੇਲ ਨਾਲੋਂ ਵੀ ਪਹਿਲਾਂ ਅੰਮ੍ਰਿਤਸਰ-ਗੁਰੂ ਕੀ ਨਗਰੀ ਜਾ ਪਹੁੰਚਿਆ ਸੀ, ਜਿਸ ਦੇ ਦਰਸ਼ਨਾਂ ਲਈ ਸਾਲਾਂ ਤੋਂ ਉਹ ਤੇ ਉਸਦੀ ਪਤਨੀ ਤਰਸਦੇ ਰਹੇ ਸਨੇ ।
ਜੀਊੂਣ ਸਿੰਘ ਰੇਲਵੇ ਇੰਜਨ ਦਾ ਫਾਇਰ ਮੈਨ ਹੈ। ਰੇਲਵੇ ਮੁਲਾਜ਼ਮ ਹੋਣ ਕਰ ਕੇ ਭਾਵੇਂ ਉਸ ਨੂੰ ਆਉਣ ਜਾਣ ਦਾ ਪਾਸ ਮਿਲ ਸਕਦਾ ਸੀ, ਪਰ ਤਾਂ ਵੀ ਉਸਦੇ ਰਸਤੇ ਵਿੱਚ ਇਕ ਮੁਸ਼ਕਲ ਆ ਬਣੀ ਜਿਸ ਕਰਕੇ ਉਸ ਦਾ ਅੰਮ੍ਰਿਤਸਰ ਜਾਣਾ ਪਿਛਾਂਹ ਪੈਂਦਾ ਗਿਆ । ਤੇ ਇਹ ਸੀ ਉਸਦੀ ਸੁਖਣਾ ਜਿਹੜੀ ਉਸਨੇ ਸੁੱਖੀ ਹੋਈ ਸੀ ਚੰਦੋਆ ਚੜ੍ਹਾਣ ਦੀ ।ਜਿਸ ਉਤੇ ਘਟੋ ਘਟ ਸਵਾ ਸੌ ਰੁਪਿਆ ਖ਼ਰਚ ਆਉਂਦਾ ਸੀ । ਉਸ ਦੇ ਘਰ ਉਪਰੋਥਲੀ ਕੁੜੀਆਂ ਹੋਈਆਂ । ਤੇ ਉਹ ਮਹੀਨੇ ਵਿੱਚ ਬੱਤੀ ਦਿਨ ਬਿਮਾਰ ਰਹਿੰਦੀਆਂ । ਉਤੋਂ ਕਿਸੇ ਸਾਧੂ ਨੇ ਭਰਮ ਪਾ ਦਿੱਤਾ ਕਿ ਤੁਹਾਡੇ ਘਰ ਪੰਜ ਕੁੜੀਆਂ ਹੋਰ ਆਉਣਗੀਆਂ । ਇਸ ਕੁੜੀਆਂ ਦੇ ਤੂਫ਼ਾਨੀ ਹੱਲੇ ਨੂੰ ਰੋਕਣ ਲਈ ਇਕ ਦਿਨ ਦੁਹਾਂ ਪਤੀ ਪਤਨੀ ਨੇ ਰਲਕੇ ਸੁਖਣਾ ਸੁੱਖੀ ਸੀ ਕਿ ਜੇ ਉਨ੍ਹਾਂ ਦੇ ਘਰ ਪੁੱਤਰ ਹੋ ਪਵੇ ਤਾਂ ਉਹ ਅੰਬਰਸਰ ਵਾਲੇ ਗੁਰੂ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜ੍ਹਾਣਗੇ । ਗੁਰੂ ਬਾਬੇ ਨੇ ਨੇੜਿਉਂ ਹੋ ਕੇ ਸੁਣੀ ਤੇ ਆਉਂਦੇ ਸਾਲ ਉਸ ਨੇ ਜੀਊਣ ਸਿੰਘ ਨੂੰ ਪੁੱਤਰ ਬਖ਼ਸ਼ ਦਿੱਤਾ ।
ਤਨਖ਼ਾਹ ਉਸਦੀ ਜੋ ਫਾਇਰ ਮੈਨ ਦੀ ਹੁੰਦੀ ਹੈ, ਕੁਲ ਅੱਸੀ ਰੁਪਏ ਸੀ। ਜਿਸ ਨਾਲ ਮਸੀਂ ਮਰ ਕੇ ਹੀ ਚਹੁੰ ਪੰਜਾਂ ਜੀਆਂ ਦਾ ਲੂਣ ਤੇਲ ਹੀ ਪੂਰਾ ਹੁੰਦਾ ਸੀ। ਇਕ ਮਹੀਨੇ ਜੇ ਪੰਜ ਸਤ ਬਚ ਜਾਂਦੇ, ਤਾਂ ਦੂਜੇ ਮਹੀਨੇ ਅਚਾਨਕ ਹੀ ਕੋਈ ਐਸੀ ਲੋੜ ਥੋੜ ਆ ਬਣਦੀ ਕਿ ਦਸਾਂ ਪੰਜਾਂ ਦਾ ਉਲਟਾ ਕਰਜ਼ਾ ਚੜ੍ਹ ਜਾਂਦਾ। ਪਰ ਸੁਖਣਾ ਨੂੰ ਤਾਂ ਨਹੀਂ ਸੀ ਟਾਲਿਆ ਜਾ ਸਕਦਾ ਇਹ ਤਾਂ ਹਰ ਹੀਲੇ ਦੇਣੀ ਹੀ ਸੀ । ਜਦੋਂ ਪਿਛਲੇ ਮਹੀਨੇ ਬੱਚੇ ਨੂੰ ਕਾਕੜਾ ਲਾਕੜਾ ਨਿਕਲ ਪਿਆ, ਤਾਂ ਦੁਹਾਂ ਦੀ ਖ਼ਾਨਿਓਂ ਗਈ, ਭਾਵੇਂ ਗੁਰੂ ਬਾਬੇ ਦੀ ਕਰੋਪੀ ਦਾ ਹੀ ਫਲ ਹੋਵੇ, ਦੋਹਾਂ ਨੇ ਅਰਜ਼ੋਈਆਂ ਕੀਤੀਆਂ, "ਹੇ ਸੱਚਿਆ ਪਾਤਸ਼ਾਹ ! ਜੇ ਮੇਹਰ ਕਰਕੇ ਦਿੱਤਾ ਈ ਤਾਂ ਹੁਣ ਇਸਦਾ ਧਾਗਾ ਲੰਮਾ ਕਰੀਂ । ਅਸੀਂ ਇਸਦੇ ਰਾਜ਼ੀ ਹੋਣ ਦੇ ਚਾਲੀਆਂ ਦਿਨਾਂ ਦੇ ਅੰਦਰ ਅੰਦਰ ਤੇਰੇ ਦਰਬਾਰ ਚੰਦੋਆ ਚੜ੍ਹਾਵਾਂਗੇ ।" ਤੇ ਫਿਰ ਜੀਊਣ ਸਿੰਘ ਨੂੰ ਗੁਰੂ ਬਾਬੇ ਦੀ ਪ੍ਰਤੱਖ ਕਰਾਮਾਤ ਨਜ਼ਰ ਆਈ, ਜਦੋਂ ਉਸਦਾ ਕਾਕਾ ਅਠੋਵਾਰੀ ਦੇ ਅੰਦਰ ਅੰਦਰ ਨਵਾਂ ਨਰੋਆ ਹੋ ਗਿਆ । ਖ਼ੁਸ਼ੀ ਤੇ ਸ਼ਰਧਾ ਨਾਲ ਦੋਹਾਂ ਪਤੀ ਪਤਨੀ ਦੀਆਂ ਰੂਹਾਂ ਬਾਗ਼ ਬਾਗ਼ ਹੋ ਗਈਆਂ। ਪਰ ਅਗਲੇ ਸੁਆਲ ਨੇ ਉਂਨ੍ਹਾਂ ਦੀ ਖ਼ੁਸ਼ੀ ਨੂੰ ਕਿਰਕਰਾ ਕਰ ਦਿੱਤਾ । "ਚੰਦੋਏ ਲਈ ਰੁਪਏ ?" ਨਿਰਾ ਰੁਪਿਆਂ ਦਾ ਹੀ ਸਵਾਲ ਨਹੀਂ ਸੀ, ਏਦੂੰ ਵੀ ਵੱਡਾ ਸੁਆਲ ਸੀ ਛੁੱਟੀ ਦਾ । ਕਿਉਂਕਿ ਉਸਦੀ ਛੁੱਟੀ 'ਡੀਊ' ਨਹੀਂ ਸੀ । ਕਦੀ ਬੱਚਿਆਂ ਦੀ ਬਿਮਾਰੀ ਕਰਕੇ, ਕਦੀ ਰਿਸ਼ਤੇਦਾਰਾਂ ਦੇ ਮਰਨਿਆਂ ਪਰਨਿਆਂ ਤੇ ਜਾਣ ਲਈ, ਤੇ ਕਦੀ ਰਾਤ ਦੀ ਡਿਊਟੀ ਦੇ ਅਨੀਂਦੇ ਕਟ ਕਟ ਕੇ ਉਹ ਆਪ ਬਿਮਾਰ ਹੋ ਜਾਂਦਾ ਰਿਹਾ, ਜਿਸ ਕਰਕੇ ਇਨ੍ਹਾਂ ਹੀ ਖਾਤਿਆਂ ਵਿੱਚ ਉਸਦੀਆਂ ਸਾਰੀਆਂ ਛੁੱਟੀਆਂ ਲੇਖੇ ਲਗ ਗਈਆਂ ਸਨ।
ਬੜੀ ਹਫੜਾ ਦਫੜੀ ਮਚੀ, ਉਸ ਨੇ ਹੱਦੋਂ ਬਾਹਲੀ ਠਠ ਭਜ ਕੀਤੀ । ਸ਼ੰਟਰ ਤੋਂ ਲੈ ਕੇ ਫ਼ੋਰ-ਮੈਨ ਤਕ ਦੀਆਂ ਉਸ ਖੁਸ਼ਾਮਤਾਂ ਕੀਤੀਆਂ ਕਿ ਕਿਵੇਂ ਉਸਨੂੰ ਬਹੁਤੀ ਨਹੀਂ ਤਾਂ ਇਕ ਹਫਤੇ ਦੀ ਛੁੱਟੀ ਮਿਲ ਜਾਵੇ ਤਾਂ ਮਸੇ ਕਿਤੇ ਜਾ ਕੇ ਉਸਨੂੰ ਪੰਜਾਂ ਦਿਨਾਂ ਦੀ ਛੁੱਟੀ ਮਿਲੀ।
ਹੁਣ ਬਾਕੀ ਸੁਆਲ ਰਹਿ ਗਿਆ ਰੁਪਿਆਂ ਦਾ । ਰੇਲ ਦਾ ਪਾਸ ਭਾਵੇਂ ਸਰਕਾਰੀ ਸੀ, ਪਰ ਖ਼ਰਚ ਲਈ ਤੇ ਚੰਦੋਏ ਦੀ ਰਕਮ ਪਾ ਕੇ ਘੱਟੋ ਘੱਟ ਡੇਢ ਸੌ ਲੋੜੀਂਦਾ ਸੀ। ਚਲੋ ਰਤੀ ਮਾਸਾ ਚੰਦੋਏ ਦੇ ਕਪੜੇ ਵਿੱਚ ਕਿਰਸ ਕਰ ਲਈ ਜਾਏਗੀ । ਤੇ ਉਤਲੇ ਖ਼ਰਚ ਦਾ ਭਾਂਗਾ ਮਾਮੇ ਦੇ ਘਰ ਜਾ ਕੇ ਟਿਕਣ ਨਾਲ ਨਿਕਲ ਜਾਏਗਾ। ਫਿਰ ਵੀ ਸੌ ਕੁ ਰੁਪਏ ਦਾ ਇੰਤਜ਼ਾਮ ਕਰਨਾ ਹੀ ਹੋਵੇਗਾ ।ਤੇ ਇਸ ਰਕਮ ਲਈ ਜੀਊਣ ਸਿੰਘ ਨੇ ਕੋਈ ਹੀਲਾ ਬਾਕੀ ਨਾ ਛੱਡਿਆ । ਉਸਦੇ ਸਾਥੀ ਮਜ਼ਦੂਰ ਵੀ ਵਿਚਾਰੇ ਉਸ ਵਰਗੇ ਨੰਗ ਸਨ । ਫਿਰ ਵੀ ਜਿੰਨਾ ਕਿਸੇ ਤੋਂ ਸਰਿਆ, ਉਨ੍ਹਾਂ ਨੇ ਉਸ ਨੂੰ ਦਿੱਤਾ ਤਾਂ ਕਿਤੇ ਮਸਾਂ ਪੰਜਾਹ ਕੁ ਰੁਪਏ ਉਸ ਪਾਸ ਜੁੜੇ । ਅੰਮ੍ਰਿਤਸਰ ਦੀ ਯਾਤਰਾ ਨੂੰ ਤਾਂ ਲਮਕਾਇਆ ਨਹੀਂ ਜਾ ਸਕਦਾ, ਜਦ ਕਿ ਕਾਕੇ ਨੂੰ ਰਾਜ਼ੀ ਹੋਇਆਂ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ, ਜੇ ਚਾਲੀਵਾਂ ਦਿਨ ਟਪ ਗਿਆ ਤਾਂ ਨਾ ਜਾਣੀਂਏਂ ਗੁਰੂ ਬਾਬੇ ਦੇ ਦਰ ਤੋਂ ਬੇਮੁਖ ਹੋ ਕੇ ਕਿਹੜੇ ਕਿਹੜੇ ਕਸ਼ਟਾਂ ਦਾ ਮੂੰਹ ਵੇਖਣਾ ਪਵੇ।
ਅਖ਼ੀਰ ਜਦੋਂ ਹੋਰ ਪੈਸਿਆਂ ਲਈ ਕੋਈ ਰਾਹ ਨਾ ਸੁੱਝਿਆ, ਤਾਂ ਜੀਊੂਣ ਸਿੰਘ ਨੇ ਸਲਾਹ ਕੀਤੀ, ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੀ ਮਰਜ਼ ਦੀ ਦੁਆ ਨੇ । ਕੀ ਲੱਖਾਂ ਪਤੀ ਆਦਮੀ ਉਨ੍ਹਾਂ ਦੀ ਏਨੀ ਮਦਦ ਵੀ ਨਾ ਕਰੇਗਾ ? ਤੇ ਇਸੇ ਹੌਸਲੇ ਤੇ ਇਹ ਜੋੜਾ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਯਾਤਰਾ ਨੂੰ ਸਵਾਰ ਹੋਇਆ ।
ਅੱਖਾਂ ਖੁੱਲ੍ਹਣ ਤੇ ਜੀਊਣ ਸਿੰਘ ਨੇ ਤੱਕਿਆ, ਇੰਦਰ ਕੌਰ ਬਟੂਏ ਚੋਂ ਨੋਟ ਕਢਕੇ ਗਿਣ ਰਹੀ ਸੀ।
"ਕੀ ਘੜੀ ਮੁੜੀ ਫੋਲਣ ਬਹਿ ਜਾਨੀ ਏਂ ਬਟੂਏ ਨੂੰ" ਜੀਊਣ ਸਿੰਘ ਨੇ ਮਿੱਠਾ ਜਿਹਾ ਰੋਸ ਪ੍ਰਗਟ ਕੀਤਾ।"ਕਿਤੇ ਵੱਧ ਜਾਣੇ ਨੇ ਘੜੀ ਮੁੜੀ ਗਿਣਨ ਨਾਲ ।"
'ਵੱਧ ਤੇ ਨਹੀਂ ਜਾਣੇ' ਇੰਦਰ ਕੌਰ ਥੋਹੜੀ ਜਿਹੀ ਬੇਵਸੀ ਤੇ ਕੁਝ ਸ਼ਰਮਿੰਦਗੀ ਦੇ ਭਾਵ ਨਾਲ ਬੋਲੀ।"ਪਰ ਮੈਨੂੰ ਤੇ ਇਹੋ ਧੁੜਕੂ ਲਗਾ ਹੋਇਆ ਏ ਪਈ ਜੇ ਮਾਮੇ ਹੋਰਾਂ ਤੋਂ ਨਾ ਮਿਲੇ, ਫੇਰ ਕੀ ਬਣੇਗਾ ?"
"ਸੱਚ ਕਿਸੇ ਕਿਹਾ ਏ," ਜੀਊਣ ਸਿੰਘ ਫ਼ਖ਼ਰੀ ਲਹਿਜੇ ਵਿੱਚ ਬੋਲਿਆ "ਬੁੱਢੀਆਂ ਦੀ ਖੁਰੀ ਪਿੱਛੇ ਮਤ ਹੁੰਦੀ ਐ । ਪੰਜਾਹ ਵੇਰੀ ਸਮਝਾਇਐ ਤੈਨੂੰ ਪਈ ਤੂੰ ਫਿਕਰ ਨਾ ਕਰ । ਮਾਮੇ ਹੋਰਾਂ ਨੂੰ ਅਸੀਂ ਕੋਈ ਦੁਪਿਆਰੇ ਆਂ ? ਨਾਲੇ ਉਥੇ ਕਿਹੜੀ ਗਿਣਤੀ ਐ ਵੀਹਾਂ ਪੰਜਾਹਾਂ ਦੀ । ਗੁਰੂ ਦੀ ਮਿਹਰ ਨਾਲ ਅੰਦਰ ਬਾਹਰ ਭਰਿਆ ਪਿਆ ਛਲਕਦਾ ਨੇ ਤੂੰ ਵੇਖੀਂ ਤੇ ਸਹੀ ਇਕ ਵਾਰੀ । ਮਾਮੀ ਮੇਰੀ ਵੀ ਅਸਲੋਂ ਸੁਭਾ ਦੀ ਮਾੜੀ ਨਹੀਂ, ਸੂਮਣੀ ਹੈ ਤਾਂ ਸਹੀ, ਪਰ ਸਾਡੇ ਨਾਲ ਥੋਹੜਾ ਈ ਸੂੰਮ-ਪੁਣਾ ਕਰਨਾ ਸੂ । ਪਹਿਲ ਪਲਾਹੀਂ ਸੁਖ ਨਾਲ ਕਾਕਾ ਉਹਨਾਂ ਦੇ ਘਰ ਚਲਿਐ । ਅਬਲ ਬਹੁਤੇ ਨਹੀਂ ਤਾਂ ਦਸ ਪੰਜ ਇਸਦੀ ਤਲੀ ਤੇ ਵੀ ਧਰਨਗੇ ਈ। ਕੁਝ ਨਾ ਕੁਝ ਤੈਨੂੰ ਵੀ ਲੀੜਾ ਲੱਤਾ ਦੇਵੇਗੀ-ਦੋਹਤਰਿਉਂ ਨੂੰਹ ਦਾ ਮਾਣ ਨਾ ਰਖਣਗੇ ? ਨਾਲੇ ਕੁੜੀਆਂ ਨੇ ਕਿਹੜਾ ਰੋਜ਼ ਰੋਜ਼ ਉਨ੍ਹਾਂ ਦੇ ਘਰ ਜਾਣੈ, ਉਂਜ ਵੀ ਜਦੋਂ ਮਾਮੇ ਹੋਰਾਂ ਨੂੰ ਸੁਖਣਾ ਦੀ ਗੱਲ ਦੱਸੀ, ਉਨ੍ਹਾਂ ਠੈਹ ਦੇ ਕੇ ਅਵਲ ਤੇ ਚੰਦੋਏ ਜੋਗੀ ਸਾਰੀ, ਨਹੀਂ ਤੇ ਅੱਧੀ ਪੌਣੀ ਰਕਮ ਜਰੂਰ ਬਰਜਰੂਰ ਈ ਦੇ ਦੇਣੀ ਏ ।"
ਪਤੀ ਦੀਆਂ ਗੱਲਾਂ ਸੁਣਕੇ ਇੰਦਰ ਕੌਰ ਦਾ ਡਿਗਦਾ ਡਿਗਦਾ ਉਤਸ਼ਾਹ ਇਕ ਵਾਰੀ ਫੇਰ ਕਾਇਮ ਹੋ ਗਿਆ।
"ਹੱਛਾ ਇਕ ਗੱਲ ਕਰੀਂ" ਜਿਵੇਂ ਮਾਸਟਰ ਆਪਣੇ ਵਿਦਿਆਰਥੀ ਨੂੰ ਇਮਤਿਹਾਨ ਤੇ ਜਾਣ ਤੋ' ਪਹਿਲਾਂ ਸਮਝਾਂਦਾ ਹੈ, ਜੀਊਣ ਸਿੰਘ ਨੇ ਸਮਝਾਣਾ ਸ਼ੁਰੂ ਕੀਤਾ, "ਜ਼ਰਾ ਕੂਣ ਸਹਿਣ ਲਗੀ ਤਜ਼ੀਬ ਦਾ ਖਿਆਲ ਰਖੀਂ, ਵੱਡੇ ਆਦਮੀ ਹੋਏ, ਇਹ ਨਾ ਦਿਲ ਵਿਚ ਸੋਚਣ ਪਈਂ ਕਿਹੋ ਜਿਹੋ ਗਵਾਰਾਂ ਨਾਲ ਉਹਨਾਂ ਦੀ ਸਾਕਾਦਾਰੀ ਐ ।"
"ਲੈ" ਇੰਦਰ ਕੌਰ ਆਪਣੀ ਲਿਆਕਤ ਦੇ ਮਾਣ ਵਿਚ ਬੋਲੀਂ, "ਮੁੰਨੀ ਦਾ ਬਾਪੂ ! ਤੂੰ ਮੈਨੂੰ ਉੱਕੀ ਦੀ ਗਈ ਬੀਤੀ ਸਮਝ ਛਡਿਐ ? ਜੰਮੀ ਭਾਵੇਂ ਪਿੰਡ ਵਿੱਚ ਆਂ, ਪਰ ਅੱਖਾਂ ਤਾਂ ਸ਼ਹਿਰ ਵਿਚ ਖੋਲ੍ਹੀਆਂ ਨੇ । ਮਾਮੀ ਇਕ ਵਾਰੀ ਅਸ਼ ਅਸ਼ ਨਾ ਕਰ ਉਠੀ ਤੇ ਆਖੀਂ ।
"ਸ਼ਾਵਾ ਸ਼ੇ, ਸ਼ਾਵਾ ਸ਼ੇ" ਕਹਿ ਕੇ ਮੁਸਕਰਾਂਦਿਆਂ ਹੋਇਆਂ ਜੀਊਣ ਸਿੰਘ ਨੇ ਦਾਦ ਦਿੱਤੀ । ਉਸਦੀ ਸਲਾਹ ਤਾਂ ਇਕ ਅਧ ਥਾਪੀ ਦੇਣ ਦੀ ਹੋਈ, ਪਰ ਕੋਲ ਬੈਠੀਆਂ ਸਵਾਰੀਆਂ ਦੇ ਲਿਹਾਜ਼ੋਂ ਐਸਾ ਨਾ ਕਰ ਸਕਿਆ । ਇਸ ਸੰਖੇਪ ਜਿਹੇ ਪ੍ਰਸ਼ਨ ਉੱਤਰ ਨੇ ਦੋਹਾਂ ਦੇ ਦਿਲਾਂ ਨੂੰ ਛਲਕਾ ਦਿੱਤਾ, ਭਵਿਸ਼ ਦੇ ਸੁਨਹਿਰੀਂ ਨਕਸ਼ਿਆਂ ਨੇ ਉਨ੍ਹਾਂ ਦੀਆਂ ਅੱਖਾਂ ਵਿਚ ਇਕ ਨਸ਼ਾ ਜਿਹਾ ਭਰ ਦਿੱਤਾ । ਏਸੇ ਨਸ਼ੇ ਦੀ ਮਸਤੀ ਵਿਚ ਉਹ ਦੋਵੇਂ ਜਣੇ ਕਿੰਨਾ ਚਿਰ ਗੱਲਾਂ ਕਰਦੇ ਰਹੇ ਜਿਨ੍ਹਾਂ ਦਾ ਵਿਸ਼ਾ ਸੀ ਜਾਂ ਤਾਂ ਬਾਬੇ ਦਾ ਦਰਬਾਰ, ਤੇ ਜਾਂ ਅੰਬਰਸਰ ਦੀਆਂ ਸੁਗਾਤਾਂ-ਪਾਪੜ ਵੜੀਆਂ ਤੋਂ ਲੈ ਕੇ ਮੁਰਾਦਾਬਾਦੀ ਭਾਂਡਿਆਂ ਤਕ । ਤੇ ਇਸ ਵਿਚਾਲੇ ਜਦੋਂ ਵੀ ਪੈਸਿਆਂ ਦਾ ਸੁਆਲ ਆਉਂਦਾ, ਪਤੀ ਦੀ ਇਕੋ ਦਲੀਲ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ । "ਮਾਮਾ ਜੁ ਹੈ ਉਥੇ ।"
ਗੱਲਾਂ ਕਰਦਿਆਂ ਕਰਦਿਆਂ ਜੀਊਣ ਸਿੰਘ ਨੂੰ ਫਿਰ ਊਂਘ ਆ ਗਈ । ਅਸਲ ਵਿੱਚ ਉਹ ਜਨਮਾਂ ਜਨਮਾਤਰਾਂ ਤੋਂ ਨੀਂਦਰ ਦਾ ਭੁੱਖਾ ਹੈ, ਜਿਸ ਕਰ ਕੇ ਉਸਦੀ ਨੀਂਦਰ-ਭੁੱਖ ਕਿਸੇ ਵੇਲੇ ਵੀ ਉਸਦਾ ਪਿੱਛਾ ਨਹੀਂ ਛਡਦੀ । ਸਾਰੀ ਰਾਤ ਕੋਲਿਆਂ ਨਾਲ ਘੁਲਦਾ ਘੁਲਦਾ ਜਦ ਉਹ ਨੀਂਦਰ ਦਾ ਭਾਂਗਾ ਪੂਰਾ ਕਰਨ ਲਈ ਕੁਆਰਟਰ ਤੀਕ ਪਹੁੰਚਦਾ ਤਾਂ ਬੂਹੇ ਵੜਦਿਆਂ ਹੀ ਗ੍ਰਹਿਸਤ ਦੀਆਂ ਜਿੰਮੇਵਾਰੀਆਂ ਉਸਦੀਆਂ ਅੱਖਾਂ ਚੋਂ ਨੀਂਦਰ ਨੂੰ ਸ਼ਿਸ਼ਕਾਰ ਦੇਂਦੀਆਂ । ਫਿਰ ਵੀ ਜੇ ਭੁੱਲ ਭੁਲੇਖੇ ਮੰਜੀ ਤੇ ਜਾ ਲੇਟੇ, ਤਾਂ ਬਾਜ਼ਾਰ ਦਾ ਸੌਦਾ-ਪੱਤਾ, ਬੀਮਾਰਾਂ ਲਈ ਦੁਆ-ਦਾਰੂ, ਫੋਰਮੈਨ ਜਾਂ ਕਿਸੇ ਹੋਰ ਅਫ਼ਸਰ ਦੀਆਂ ਵਗਾਰਾਂ ਉਸਨੂੰ ਟਿਕਣ ਨਹੀਂ ਦੇਂਦੀਆਂ, ਜਿਸ ਕਰ ਕੇ ਉਸ ਨੂੰ ਸਧਰ ਜਿਹੀ ਪੈ ਗਈ ਹੈ ਕਿ ਕਦੀ ਕੋਈ ਵਕਤ ਆਵੇਗਾ ਜਦੋਂ ਰਜ ਕੇ ਸੌੰਂ ਸਕੇਗਾ ? ਅੰਮ੍ਰਿਤਸਰ ਜਾਣ ਬਾਰੇ ਉਸਨੇ ਜਦ ਕਦੇ ਵੀ ਸੋਚ ਵਿਚਾਰ ਕੀਤੀ ਗੁਰੂ ਬਾਬੇ ਦੀ ਸੁਖਣਾ ਦੇ ਨਾਲ ਉਸ ਨੂੰ ਖ਼ਿਆਲ ਵੀ ਬਰਾਬਰ ਆਉਂਦਾ ਰਿਹਾ ਕਿ ਛੁੱਟੀਆਂ ਦੇ ਦਿਨੀਂ ਉਹ ਰੱਜ ਰੱਜ ਕੇ ਸੰਵੇਂਗਾ । ਫਿਰ ਸੰਵੇਂਗਾ ਵੀ ਮਾਮੇ ਦੀ ਮਹੱਲ ਵਰਗੀ ਕੋਠੀ ਵਿੱਚ, ਖ਼ੂਬ ਗੁਦਗੁਦਾ ਬਿਸਤਰਾ ਤੇ ਨਿੱਘਾ ਨਿੱਘਾ ਕਮਰਾ। ਜਿਥੇ ਨਾ ਕਿਸੇ ਅਫ਼ਸਰ ਦੀ ਵਗਾਰ, ਨਾ ਫ਼ਿਕਰ ਹੋਵੇਗਾ, ਨਾ ਘਰੋਗੀ ਝੰਜਟਾਂ ਨਾਲ ਵਾਸਤਾ।
ਇਸ ਵੇਲੇ ਗੱਡੀ ਵਿੱਚ ਬੈਠਿਆਂ ਵੀ ਜਨਮ ਜਨਮਾਂਤਰਾਂ ਦੀ ਨੀਂਦਰ ਦਾ ਗਲਬਾ ਉਸ ਉਤੇ ਛਾਇਆ ਹੋਇਆ ਸੀ । ਉਹ ਊਂਘ ਰਿਹਾ ਸੀ।
ਇਹ ਊਂਘ ਜਾਂ ਨੀਂਦ ਜੋ ਕੁਝ ਵੀ ਸੀ, ਜੀਊਣ ਸਿੰਘ ਲਈ ਕਿਤਨੀ ਮਿੱਠੀ ਸੀ ਜਦ ਕਿ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਮੌਜੂਦ ਸੀ।ਆਪਣੀ ਪਤਨੀ ਤੇ ਬੱਚਿਆਂ ਸਮੇਤ ਉਹ ਇਕ ਝਮ ਝਮ ਕਰਦਾ ਚੰਦੋਆ ਗੁਰੂ ਬਾਬੇ ਦੀ ਭੇਟ ਕਰ ਰਿਹਾ ਸੀ। ਤੇ ਗੁਰੂ ਬਾਬਾ ਉਸਦੀ ਸ਼ਰਧਾ-ਭਗਤੀ ਉਤੇ ਨਿਹਾਲ ਹੋ ਕੇ ਉਸ ਨੂੰ ਸੱਤਾਂ ਪੁੱਤਰਾਂ ਦਾ ਵਰਦਾਨ ਬਖ਼ਸ਼ ਰਿਹਾ ਸੀ।
ਅਚਿੰਤੇ ਹੀ ਸੰਸਕਾਰ ਦੀ ਤੱਤੀ ਸਾੜਵੀਂ ਹਵਾ ਦਾ ਇਕ ਬੁਲ੍ਹਾ ਕਿਤੋਂ ਆਇਆ, ਜਿਸਨੇ ਜੀਊਣ ਸਿੰਘ ਨੂੰ ਬਾਬੇ ਦੇ ਦਰਬਾਰ 'ਚੋਂ ਉਡਾ ਕਾਲੇ ਕਲੂਣੇ ਰੇਲਵੇ ਇੰਜਨ ਦੇ ਬਾਇਲਰ ਅਗੇ ਜਾ ਖਲਹਾਰਿਆ। ਉਸਦੇ ਇਕ ਹੱਥ ਵਿੱਚ ਕੋਲੇ ਸੁੱਟਣ ਵਾਲਾ ਬੇਲਚਾ ਸੀ ਤੇ ਦੂਜੇ ਵਿੱਚ ਕੋਲੇ ਠਕੋਰਨ ਵਾਲਾ ਹੁਕ ਤੇ ਉਹ ਸਿਰ ਤੋਂ ਪੈਰਾਂ ਤੀਕ ਕਾਲਾ ਭੂਤ ਬਣਿਆ ਹੋਇਆ ਦਬਾਦਬ ਫ਼ਾਇਰ ਬਕਸ ਵਿਚ ਕੋਲਾ ਸੁਟੀ ਜਾ ਰਿਹਾ ਸੀ।
ਡੀਊਟੀ ਤੇ ਹੁੰਦਿਆਂ, ਕੋਲਾ ਸੁਟਦਿਆਂ ਜਦ ਕਦੇ ਅਚਾਨਕ ਹੀ ਉਸਦੀ ਅੱਖ ਲਗ ਜਾਂਦੀ ਤਾਂ ਸ਼ੰਟਰ ਤੇ ਡਰਾਈਵਰ ਦੀਆਂ ਦਿਲ ਸਾੜਵੀਆਂ ਗਾਲ੍ਹਾਂ ਉਸ ਦੇ ਅੱਗ ਨਾਲ ਤਪੇ ਹੋਏ ਸਰੀਰ ਨੂੰ ਹੋਰ ਵੀ ਤਪਾਦੇਂਦੀਆਂ ਸਨ ਤੇ ਫਿਰ ਉਸਦੀਆਂ ਅੱਖਾਂ ਵਿੱਚ ਰੜਕ ਰਹੀ ਨੀਂਦਰ ਵਿੱਚ ਜ਼ਹਿਰ ਘੁਲ ਜਾਂਦਾ ਸੀ ।ਗਾਲ੍ਹਾਂ ਨਿਰਾ ਉਸ ਦੇ ਸਰੀਰ ਤੇ ਮਨ ਨੂੰ ਤਪਾਉਣ ਦਾ ਹੀ ਕਾਰਨ ਨਹੀਂ ਸਨ,ਉਸਦੇ ਗਰੇਡ ਲਈ ਵੀ ਹਮੇਸ਼ਾਂ ਬਰੇਕ ਦਾ ਕੰਮ ਕਰਦੀਆਂ ਸਨ । ਅੱਠਾਂ ਸਾਲਾਂ ਤੋਂ ਜਦ ਤੋਂ ਉਹ ਫਾਇਰ-ਮੈਨ ਭਰਤੀ ਹੋਇਆ ਹੈ, ਇਹ ਨਾਮੁਰਾਦ 'ਸੀ' ਗਰੇਡ ਜਿਵੇਂ ਜਿੰਨ ਬਣਕੇ ਉਸਨੂੰ ਚੰਬੜ ਗਿਆ ਹੋਵੇ । ਦੂਸਰੇ ਮੁਲਾਜ਼ਮਾਂ ਨੇ ਉਪਰ ਲਿਆਂ ਨੂੰ ਨਜ਼ਰਾਂ ਨਿਆਜ਼ਾਂ ਚੜ੍ਹਾਕੇ ਜਿਥੇ ਉਨ੍ਹਾਂ ਦੀਆਂ ਗਾਲ੍ਹਾਂ ਝਿੜਕਾਂ ਨੂੰ ਸ਼ੁਭ ਇਛਾਵਾਂ ਵਿਚ ਬਦਲ ਦਿੱਤਾ ਉਥੇ ਉਨ੍ਹਾਂ ਦੇ ਗਰੇਡ ਵੀ ਬਦਲ ਗਏ । ਪਰ ਜੀਊਣ ਸਿੰਘ ਕਿਉਂਕਿ ਚਾਪਲੂਸੀ ਦੀ ਥਾਂ ਈਮਾਨਦਾਰੀ ਨੂੰ ਜੱਫਾ ਮਾਰੀ ਬੈਠਾ ਸੀ, ਇਸ ਲਈ ਅੱਜ ਤੀਕ ਨਾ ਤਾਂ ਉਸ ਦੇ ਗਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਤੇ ਨਾ ਹੀ ਉਪਰਲਿਆਂ ਦੀਆਂ ਗਾਲ੍ਹਾਂ ਸ਼ੁਭ ਇਛਾਵਾਂ ਵਿੱਚ ਤਬਦੀਲ ਹੋਈਆਂ ।
ਨੀ'ਦਰ ਦੇ ਝੂਟਿਆਂ ਵਿਚ ਏਸੇ ਹੀ ਦੋ ਕਿਸਮ ਦੀ ਦੁਨੀਆਂ-ਕਦੀ ਬਾਬੇ ਦੇ ਦਰਬਾਰ, ਕਦੇ ਬਾਇਲਰ ਦੇ ਅਗੇ ਵਾਰੋਵਾਰੀ ਮੌਜੂਦ ਹੁੰਦਿਆਂ ਜੀਊਣ ਸਿੰਘ ਨੇ ਰੇਲ ਦਾ ਸਫਰ ਮੁਕਾਇਆ ਤੇ ਜਦ ਅੰਮ੍ਰਿਤਸਰ ਸਟੇਸ਼ਨ ਦੀ ਹੱਦ ਵਿੱਚ ਗੱਡੀ ਦਾਖ਼ਲ ਹੋਈ, ਤਾਂ ਉਸਨੂੰ ਅਨੁਭਵ ਹੋ ਰਿਹਾ ਸੀ, ਜਿਵੇਂ ਇਹ ਓਹੀ ਗੱਡੀ ਜਿਹੜੀ ਲਗਾਤਾਰ ਅੱਠ ਸਾਲਾਂ ਤੋਂ ਦਿੱਲੀ ਤੇ ਬਨਿੰਡੇ ਦੇ ਵਿਚਾਲੇ ਉਸ ਨੂੰ ਮੌਤ ਵਰਗੀਆਂ ਭੁਆਟੜੀਆਂ ਦੇਂਦੀ ਰਹੀ ਸੀ, ਅੱਜ ਕੋਈ ਅਰਸ਼ੀ ਪਰੀ ਬਣੀ ਆਪਣੇ ਨਾਜ਼ਕ ਖੰਭਾਂ ਤੇ ਸਵਾਰ ਕਰਕੇ ਉਸਨੂੰ ਮਹਾਂ ਸਵਰਗ ਵਲ ਲੈ ਜਾ ਰਹੀ ਹੋਵੇ।
ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਜਾ ਰੁਕਿਆ, ਜੀਊੂਣ ਸਿੰਘ ਦਾ ਪ੍ਰਵਾਰ ਉਤਰ ਕੇ ਫਾਟਕ ਵਿੱਚ ਦਾਖ਼ਲ ਹੋਇਆ। ਇੰਦਰ ਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੁਕਿਆ ਹੋਇਆ ਸੀ ਤੇ ਖੱਬੇ ਹਥ ਵਿੱਚ ਕਪੜਿਆਂ ਦਾ ਥੈਲਾ।ਵੱਡੀ ਕੁੜੀ ਨੇ ਛੋਟੀ ਨੂੰ ਉਂਗਲੀ ਲਾਇਆ ਹੋਇਆ ਸੀ । ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ ।ਜੀਊਣ ਸਿੰਘ ਨਿੱਕੀ ਜਿਹੀ ਟਰੰਕੀ ਫੜੀ ਸਭ ਤੋਂ ਅੱਗੇ ਸੀ ਤੇ ਨਾਲੋ ਨਾਲ ਕੋਠੀ ਦੀ ਸ਼ਾਨਦਾਰ ਬਗੀਚੀ ਤੇ ਹੋਰ ਨਿਕੜ ਸੁਕੜ ਵੱਲ ਤਕਾ ਤਕਾ ਕੇ ਇੰਦਰ ਕੌਰ ਨੂੰ ਫ਼ਖਰ ਨਾਲ ਮਾਮਾ ਜੀ ਦੇ ਐਸ਼ਵਰਜ ਦੀਆਂ ਗੱਲਾਂ ਸੁਣਾਈ ਜਾ ਰਿਹਾ ਸੀ । ਇੰਦਰ ਕੌਰ ਨੇ ਗ਼ਰੀਬੀ ਦੀ ਚੱਕੀ ਝੋਂਦਿਆਂ ਹੀ ਉਮਰ ਗੁਜ਼ਾਰੀ ਸੀ, ਆਪਣੇ ਪਤੀ ਦੇ ਭਾਗਾਂ ਨੂੰ ਸਲਾਹ ਰਹੀ ਸੀ, ਜਿਸਦੀ ਏਡੇ ਵੱਡੇ ਆਦਮੀਂ ਨਾਲ ਰਿਸ਼ਤੇਦਾਰੀ ਸੀ।
ਸਰਦਾਰ ਗੁਪਾਲ ਸਿੰਘ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਮੈਲੇ ਜੀਵ-ਧਾਰੀਆਂ ਦੀ ਇਕ ਲਾਮ ਡੋਰੀ ਉਤੇ ਪਈ । ਜਿਹੜੇ ਅਗੜ ਪਿਛੜ ਵਰਾਂਡੇ ਦੀਆਂ ਤਿੰਨ ਪੌੜੀਆਂ ਚੜ੍ਹਕੇ ਰਵਾਂ ਰਵੀਂ ਜ਼ਨਾਨ-ਖਾਨੇ ਵਲ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਬੀਭਤਸ ਨਜ਼ਾਰੇ ਨੂੰ ਤੱਕ ਕੇ ਸਹਾਰ ਨਾ ਸਕੀਆਂ ਉਨ੍ਹਾਂ ਦੀ ਕਹਿਰ ਭਰੀ ਨਜ਼ਰ ਚਿਪਸ ਦੇ ਫਰਸ਼ ਉਤੇ ਸੀ, ਜਿਹੜਾ ਮੈਲੇ ਕਦਮਾਂ ਹੇਠ ਦਾਗ਼ੀ ਹੋ ਰਿਹਾ ਸੀ।
ਰਾਜ-ਭਵਨ ਵਿਚ ਆ ਵੜੀ ਇਸ ਕਾਵਾਂ ਦੀ ਡਾਰ ਨੂੰ ਸ਼ਿਸ਼ਕਾਰਨ ਲਈ ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲਗੇ ਸਨ ਕਿ ਇਸ ਕੰਗਾਲ ਕਾਫ਼ਲੇ ਦਾ ਮੋਹਰੀ ਉਨ੍ਹਾਂ ਦੇ ਸਾਹਮਣੇ ਉਪਸਥਿਤ ਹੋਇਆ । "ਮਾਮਾ ਜੀ, ਸਤਿ ਸ੍ਰੀ ਅਕਾਲ।"
"ਕੌਣ, ਜੀਊਣ ਸਿੰਘ ?" ਅੱਖਾਂ ਵਿਚ ਚਾਪਲੋਸ ਜਿਹਾ ਹਾਸਾ ਭਰਕੇ ਸਰਦਾਰ ਹੋਰਾਂ ਸੁਆਲ ਕੀਤਾ-"ਸੁਣਾ, ਕਦੋਂ ਆਇਐਂ ਜੀਊਣਿਆਂ ?"
"ਤੁਰੇ ਈ ਔਨੇ ਆਂ ਮਾਮਾ ਜੀ !"
"ਹਛਾ, ਚਲੋ ਅੰਦਰ" ਸਰਦਾਰ ਜੀ ਪੇਚਤਾਬ ਖਾਂਦੇ ਰਹਿ ਗਏ । ਕਾਫ਼ਲਾ ਅੰਦਰ ਲੰਘ ਗਿਆ । ਮਾਨਯੋਗ ਦੋਸਤਾਂ ਦੇ ਸਾਹਮਣੇ ਇਕ ਤੁੱਛ ਜਿਹੇ ਆਦਮੀ ਦੇ ਮੂੰਹੋਂ "ਮਾਮਾ" ਸੰਬੋਧਨ ਬੰਦੂਕ ਦਾ ਦੁਗਾੜਾ ਬਣ ਕੇ ਉਨ੍ਹਾਂ ਦੀ ਹਿਕ ਵਿਚ ਵੱਜਾ ।ਜੇ ਜੀਊਣ ਸਿੰਘ "ਮਾਮਾ" ਸ਼ਬਦ ਨਾ ਮੂੰਹੋਂ ਫੁਟਦਾ, ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ 'ਐਨ ਓਲਡ ਸਰਵੇਂਟ ਆਫ ਮਾਈਨ' ਕਹਿ ਕੇ ਤਸੱਲੀ ਕਰਾ ਦਿੰਦੇ । ਪਰ ਹੁਣ ਕੀ ਕਹਿ ਕੇ ਆਪਣੀ ਪੋਜ਼ੀਸ਼ਨ ਨੂੰ ਬਚਾਣ ? ਅਖ਼ੀਰ ਜ਼ਹਿਰ ਦੇ ਘੁਟ ਵਾਂਗ ਇਸ ਅਸਹਿ ਸਦਮੇ ਨੂੰ ਪੀ ਗਏ। ਤੇ ਦੋਸਤਾਂ ਨਾਲ ਉਨ੍ਹਾਂ ਨੇ ਕਿਸੇ ਐਸੇ ਦਿਲਚਸਪ ਮਾਮਲੇ ਤੇ ਗੱਲਬਾਤ ਸ਼ੁਰੂ ਕਰ ਦਿੱਤੀ, ਜਿਸ ਨਾਲ ਇਸ ਹੋਈ ਘਟਨਾ ਦਾ ਉਨ੍ਹਾਂ ਲੋਕਾਂ ਨੂੰ ਚੇਤਾ ਭੁਲ ਜਾਵੇ, ਪਰ ਬਦ-ਕਿਸਮਤੀ ਨੇ ਫੇਰ ਵੀ ਉਨ੍ਹਾਂ ਦਾ ਖਹਿੜਾ ਨਾ ਛੱਡਿਆ, ਜਦ ਥੋੜ੍ਹੇ ਹੀ ਚਿਰ ਬਾਅਦ ਇਕ ਵਾਰੀ ਮੁੜ ਓਹੀ ਕਾਫ਼ਲਾ ਰੀਟਰਨਿੰਗ ਮਾਰਚ ਕਰਦਾ ਉਨ੍ਹਾਂ ਦੇ ਸਾਹਮਣਿਓਂ ਲੰਘਿਆ । "ਹੱਛਾ ਮਾਮਾ ! ਸੁੱਚੇ ਮੂੰਹ ਜਾ ਕੇ ਮੱਥਾ ਟੇਕ ਆਈਏ ਪਹਿਲਾਂ, ਫੇਰ ਗੱਲਾਂ ਕਰਾਂਗੇ ਬਹਿ ਕੇ ।"
ਦੂਪਹਿਰਾਂ ਦਾ ਗਿਆ ਇਹ ਪ੍ਰਵਾਰ ਕਿਤੇ ਸ਼ਾਮੀ ਵਾਪਸ ਮੁੜਿਆ । ਅਸ਼ਨਾਨ ਪਾਣੀ ਤੋਂ ਮਗਰੋਂ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਬਾਬੇ ਦੇ ਦਰਬਾਰ ਹਾਜ਼ਰ ਹੋਏ। ਕੀਰਤਨ ਸੁਣਿਆਂ, ਪਤੀ ਪਤਨੀ ਦਾ ਰੋਮ ਰੋਮ ਖਿੜ ਗਿਆ । ਰੋਟੀ ਵਾਲਾ ਡੱਬਾ ਉਨ੍ਹਾਂ ਦੇ ਕੋਲ ਸੀ, ਜਿਸ ਵਿਚ ਹੁਣ ਦੇ ਡੰਗ ਦਾ ਖਾਣ ਜੋਗਾ ਸਮਾਨ ਹੈ ਸੀ । ਕਿਉਂਕਿ ਪਾਣੀ ਹੱਥ ਲਾ ਕੇ ਪਕਾਈਆਂ ਹੋਈਆਂ ਰੋਟੀਆਂ ਤੇ ਆਲੂਆਂ ਦੀ ਭੁਰਜੀ ਉਹ ਲੈ ਕੇ ਟੁਰੇ ਸਨ।
ਰੋਟੀ ਖਾ ਕੇ ਬਜ਼ਾਰ ਦਾ ਚੱਕਰ ਲਾਇਆ । ਖ਼ਰੀਦਣ ਵਾਲੀਆਂ ਚੀਜ਼ਾਂ ਬਾਰੇ ਜੀਊਣ ਸਿੰਘ ਦਾ ਵਿਚਾਰ ਸੀ ਕਿ ਇਹ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਏਗਾ।
ਕੋਠੀ ਪਹੁੰਚਦਿਆਂ ਤੀਕ ਕਾਫੀ ਹਨੇਰਾ ਹੋ ਗਿਆ ਸੀ । ਟਾਂਗੇ ਵਿੱਚ ਬੈਠਾ ਜੀਊਣ ਸਿੰਘ ਊਂਘ ਰਿਹਾ ਸੀ । ਤੇ ਇਸ ਊਂਘ ਵਿੱਚ ਉਸਨੂੰ ਕੋਈ ਡਾਢਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ । ਅਜ ਦੀ ਰਾਤ ਖੂਬ ਨੀ'ਦਰ ਭਰ ਕੇ ਸੰਵਾਂਗਾ, ਮਾਮਾ ਜੀ ਦੀ ਕੋਠੀ ਵਿੱਚ । ਤੇ ਫਿਰ ਇਕ ਝੰਮ ਝੰਮ ਕਰਦਾ ਚੰਦੋਆ ਉਸ ਦੀਆਂ ਅੱਖਾਂ ਅੱਗੇ ਫਿਰਨ ਲਗ ਪੈਂਦਾ।
ਜੀਊਣ ਸਿੰਘ ਤੇ ਇੰਦਰ ਕੌਰ ਦੇ ਕਦਮ ਮਾਨੋਂ ਫ਼ਰਸ਼ ਨਾਲ ਸੀਤੇ ਗਏ, ਜਦੋਂ ਅੰਦਰ ਲੰਘਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਕੰਨੀ ਕੁਝ ਅਵਾਜ਼ਾਂ ਪਈਆਂ।
"ਇਹ ਕਿਥੋਂ ਆ ਮੋਈ ਚੰਗੜਾਂ ਦੀ ਟੋਲੀ ?"
"ਮੈਨੂੰ ਤੇ ਜੀ ਆਪ ਚਿੰਤਾ ਲਗੀ ਹੋਈ ਏ। ਭੈੜੇ ਘੀਚਰਾਂ ਨੇ ਫ਼ਰਸ਼ ਦਾ ਸਤਿਆਨਾਸ ਕਰ ਛਡਿਐ । ਵਿਚਾਰੇ ਖ਼ੁਸ਼ੀਏ ਨੂੰ ਦੂਜੀ ਵੇਰ ਸਾਫ਼ ਕਰਨਾ ਪਿਐ ।"
"ਕੀ ਕਹਿੰਦੇ ਸੀ ਫੇਰ ਆਵਾਂਗੇ ?"
"ਆਹੋ ਜੀ ਆਉਣਾ ਨਹੀਂ ਤੇ ਹੋਰ ਮੜ੍ਹੀਆਂ ਵਿੱਚ ਰਹਿਣਾ ਨੇ ?"
"ਤੇ ਦਫ਼ਾ ਕਦੋਂ ਹੋਣਗੇ ?"
"ਕੀ ਪਤਾ ਉਹ ਮੂੰਹ ਕਾਲੀ ਤੇ ਕਹਿੰਦੀ ਸੀ ਇਥੇ ਰਹਿ ਕੇ ਚੰਦੋਆ ਤਿਆਰ ਕਰਵਾਣਾ ਏ ।"
"ਹਿਸ਼ ਮੁਸਾਫ਼ਰ-ਖ਼ਾਨਾ ਲੱਭਾ ਹੋਣਾ ਨੇ । ਔਂਦੇ ਨੇ ਦਫ਼ਾ ਕਰਨੇ ਦੋ ਚਾਰ ਮੰਨੀਆਂ ਖੁਆ ਕੇ । ਮੈਂ ਨਹੀਂ ਇਸ ਬੇਇੱਜਤੀ ਨੂੰ ਬਰਦਾਸ਼ਤ ਕਰ ਸਕਦਾ। ਬੇਵਕੂਫ਼, ਨਾ ਅਗਾ ਵੇਖਿਆ ਤੇ ਨਾ ਪਿਛਾ ਤੇ ਸ਼ਰੀਫ਼ ਆਦਮੀਆਂ ਦੇ ਸਾਹਮਣੇ ਮੈਨੂੰ 'ਮਾਮਾ' ਕਹਿ ਦਿੱਤਾ ।"
"ਇਸੇ ਕਰ ਕੇ ਮੈਂ ਉਨ੍ਹਾਂ ਦਾ ਲਟਾ ਪਟਾ ਚੁਕਾ ਕੇ ਬਾਹਰ ਰਖਵਾ ਛਡਿਐ ਜੀ । ਚਾਰੇ ਬੰਨੇ ਜੇ ਰਾਤੀਂ ਨਾ ਹੀ ਮਗਰੋਂ ਲੱਥੇ ਤਾਂ ਸਰਵੈਂਟਸ ਕੁਆਰਟਰ ਵਿੱਚ ਵਾੜਾਂਗੇ ਜੀ । ਦਿਨ ਚੜ੍ਹਦੇ ਕਹਾਂਗੀ ਚੁਕੋ ਬੋਰੀਆ ਬਿਸਤਰਾ ਤੇ ਟੁਰਦੇ ਬਣੋ ।"
ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ? ਇਹ ਲੋਕ ਨਾ ਸੁਣ ਸਕੇ । ਦੁਹਾਂ ਦੇ ਕੰਨਾਂ ਵਿਚ ਤੂਫ਼ਾਨ ਵਰਗੀ ਸਾਂ ਸਾਂ ਹੋਣ ਲਗ ਪਈ । ਇੰਦਰ ਕੌਰ ਨੇ ਗਰਦਨ ਮੋੜ ਕੇ ਵਰਾਂਡੇ ਤੋਂ ਬਾਹਰ ਤਕਿਆ । ਵਾੜ ਦੇ ਮੁੱਢ ਉਨ੍ਹਾਂ ਦੀ ਟਰੰਕੀ ਪਈ ਸੀ, ਜਿਸ ਉਤੋਂ ਉਹੀ ਪੁਰਾਣਾ ਕੰਬਲ ਤੇ ਕੰਬਲ ਉੱਤੇ ਕਪੜਿਆਂ ਵਾਲਾ ਥੈਲਾ ।
ਦੁਹਾਂ ਨੇ ਦੁਹਾਂ ਵਲ ਸੁਆਲੀ ਜਿਹੀਆਂ ਨਜ਼ਰਾਂ ਨਾਲ ਤਕਿਆ, ਤੇ ਫਿਰ ਪਰਤ ਪਏ । ਕੁੜੀਆਂ ਨੂੰ ਵੀ ਉਨ੍ਹਾਂ ਨੇ ਇਸ਼ਾਰੇ ਨਾਲ ਪਿਛਾਂਹ ਮੋੜ ਲਿਆ ਫਿਰ ਵਾੜ ਕੋਲ ਪਹੁੰਚ ਕੇ ਇਨ੍ਹਾਂ ਸਮਾਨ ਚੁਕ ਲਿਆ। ਇੰਦਰ ਕੌਰ ਦੀ ਅਵਾਜ਼ ਥਿੜਕ ਕੇ ਨਿਕਲੀ, "ਚੰਦੋਏ ਦਾ ਕੀ ਬਣੇਗਾ ?"
"ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜੇ ਈ ਮੰਗਦੈ, ਜਿਨ੍ਹਾਂ ਨੂੰ ਪੁੱਤਰ ਦੇਂਦਾ ਵੇ।"
"ਪਰ…ਪਰ ਕਾਕਾ ਬਿਮਾਰ ਜੁ ਹੋ ਗਿਆ ਸੀ ।"
"ਗੁਰੂ ਰਾਖਾ ਕਾਕੇ ਦਾ।"
ਤੇ ਫਿਰ ਇਹ ਲਾਮ ਡੋਰੀ ਅਨ੍ਹੇਰੇ ਨੂੰ ਚੀਰਦੀ ਹੋਈ ਕੋਠੀ ਤੋਂ ਬਾਹਰ ਹੋ ਗਈ ।