Chall Mana Jalandhar Mariye (Punjabi Story) : Prem Parkash
ਚੱਲ ਮਨਾ, ਜਲੰਧਰ ਮਰੀਏ (ਕਹਾਣੀ) : ਪ੍ਰੇਮ ਪ੍ਰਕਾਸ਼
ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਡਰ ਦੀ ਕਸਰ ਬਹੁਤ ਵਧ ਗਈ ਸੀ। ਏਸ ਡਰ ਨੂੰ ਸੁਣ ਕੇ ਮੇਰਾ ਡਾਕਟਰ ਦਰਸ਼ਨ ਸਿੰਘ ਹੱਸਦਾ ਹੋਇਆ ਕਹਿੰਦਾ, 'ਕਿਉਂ ਡਰ ਲਗਦੈ ਮੌਤ ਤੋਂ?'...ਮੈਂ ਐਵੇਂ ਕਹਿ ਦੇਂਦਾ, “ਨਹੀਂ, ਏਨਾ ਤਾਂ ਨਹੀਂ।”...ਅਸਲੀ ਗੱਲ ਉਹਨੂੰ ਦੱਸਣ ਲਈ ਮੈਂ ਕਹਿੰਦਾ, “ਅਸਲ 'ਚ ਮੈਂ ਕਲ੍ਹ ਚੰਡੀਗੜ੍ਹ ਜਾਣੈ। ਬਸ ਤੁਸੀਂ ਮੇਰੀ ਬਾਂਹ ਫੜ ਕੇ ਪਲੋ ਦਿਓ। ਬਸ ਚੜ੍ਹਨ ਲੱਗਿਆਂ ਤਾਂ ਮੈਂ ਗੋਲੀ ਖਾ ਈ ਲੈਣੀ ਐ।”
ਖ਼ੈਰ ਕਦੇ ਮੈਂ ਉਹਨੂੰ ਸੱਚੀ ਗੱਲ ਦੱਸ ਦੇਂਦਾ ਕਿ ਜਦ ਬਸ 'ਚ ਮੈਂ 'ਕੱਲਾ ਹੁੰਦਾ ਹਾਂ ਤਾਂ ਮੈਨੂੰ ਡਰ ਲੱਗਣ ਲੱਗ ਪੈਂਦਾ ਏ ਕਿ ਮੈਨੂੰ ਰਾਹ 'ਚ ਕੋਈ ਬਿਮਰੀ ਨਾ ਹੋ ਜਾਵੇ। ਜੇ ਹੋ ਗਈ ਫੇਰ ਮੈਨੂੰ ਕੌਣ ਸਾਂਭੂ? ਪਰ ਜੇ ਮੇਰੇ ਨਾਲ ਕੋਈ ਬੰਦਾ ਹੋਵੇ, ਭਾਵੇਂ ਉਹ ਬੱਚਾ ਈ ਹੋਵੇ ਤਾਂ ਮੇਰਾ ਧਿਆਨ ਆਪਣੇ ਡਰ ਵੱਲ ਨਹੀਂ ਜਾਂਦਾ। ਬੱਚੇ ਨੂੰ ਸੰਭਾਲਣ ਵੱਲ ਲੱਗਿਆ ਰਹਿੰਦਾ ਏ।
ਡਾਕਟਰ ਦਰਸ਼ਨ ਸਿੰਘ ਨੇ ਮੈਨੂੰ ਸਮਝਾਇਆ ਕਿ ਏਸ ਬਿਮਾਰੀ ਨੂੰ 'ਹਾਈਪੋਕੌਂਡਰੀਆ' ਆਖਦੇ ਨੇ। ਜਿਸ ਦਾ ਮਤਲਬ ਏ ਕਿ ਬੰਦੇ 'ਤੇ ਵੇਲੇ ਕੁਵੇਲੇ ਰੋਗਾਂ ਤੇ ਮੌਤਾਂ ਦੇ ਝੂਠੇ ਡਰ ਆਉਂਦੇ ਰਹਿੰਦੇ ਨੇ। ਉਹ ਦੇਖੀਆਂ ਸੁਣੀਆਂ ਬਿਮਾਰੀਆਂ ਆਪਣੇ ਨਾਲ ਜੋੜਦਾ ਰਹਿੰਦਾ ਏ...ਤਦੇ ਤੁਸੀਂ ਏਨੀਆਂ ਗੋਲੀਆਂ ਖਾਂਦੇ ਹੋ। ਛੱਡੋ ਪਰ੍ਹਾਂ ਇਹਨਾਂ ਗੋਲੀਆਂ ਨੂੰ। ਰਾਤ ਨੂੰ ਦੋ ਪੈੱਗ ਵਿਸਕੀ ਦੇ ਪੀਆ ਕਰੋ। ਫੇਰ ਮੌਜ ਨਾਲ ਸੌਂ ਜਾਇਆ ਕਰੋ।
ਮੈਨੂੰ ਵੀ ਉਦੋਂ ਮੌਤ ਦਾ ਜ਼ਿਕਰ ਕਰਨਾ ਤੇ ਪੜ੍ਹਨਾ ਜਾਂ ਸੁਨਣਾ ਭਿਆਨਕ ਜਿਹਾ ਵਿਸ਼ਾ ਲਗਦਾ ਸੀ। ਪਰ ਹੁਣ ਨਹੀਂ ਲਗਦਾ। ਇਹ ਗੱਲ ਸੱਤਰੋਂ ਟੱਪੇ ਬੰਦੇ ਲਈ ਅਜਿਹੀ ਭਿਆਨਕ ਨਹੀਂ ਰਹਿੰਦੀ। ਫੇਰ ਜਿਉਂ-ਜਿਉਂ ਉਮਰ ਵਧਦੀ ਜਾਂਦੀ ਏ, ਬੰਦਾ ਏਸ ਵਿਸ਼ੇ ਨੂੰ ਵੱਧ ਗੰਭੀਰਤਾ ਨਾਲ ਸੋਚਣ ਸਮਝਣ ਤੇ ਘੋਖਣ ਲੱਗ ਪੈਂਦਾ ਏ। ਸਿੱਖ-ਅੱਤਵਾਦ ਦੇ ਦਿਨਾਂ 'ਚ ਦਿਲਚਸਪ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਮਰਨ ਦੇ ਸਮੇਂ ਤੇ ਥਾਵਾਂ ਸੈਂਕੜੇ ਹੋ ਗਈਆਂ ਸਨ। ਪਤਾ ਨਹੀਂ ਸੀ ਰਿਹਾ ਕਿ ਗੋਲੀ ਕਿਸ ਖੇਤ 'ਚ ਮੈਦਾਨ ਮਾਰਦੇ ਨੂੰ ਆ ਲੱਗੇ ਜਾਂ ਰਾਹ 'ਚ ਕਿਤੇ ਜਾਂਦੇ ਆਉਂਦੇ ਨੂੰ। ਜਾਂ ਸੁੱਤੇ ਪਏ ਨੂੰ। ਮੈਨੂੰ ਤਾਂ ਆਪਣੀ ਲੋਥ 'ਹਿੰਦ ਸਮਾਚਾਰ' ਦਫ਼ਤਰ ਤੋਂ ਰਾਤ ਨੂੰ ਮੋਤਾ ਸਿੰਘ ਨਗਰ 'ਚ ਆਪਣੇ ਘਰ ਨੂੰ ਮੁੜਣ ਵਾਲੀ ਸੜਕ 'ਤੇ ਜਾਂ ਆਪਣੇ ਘਰ ਪਹੁੰਚ ਕੇ ਰੋਟੀ ਖਾਂਦੇ ਜਾਂ ਗਊਆਂ ਨੂੰ ਅੰਦਰ ਬਾਹਰ ਕਰਦੇ ਦੀ ਡਿਗਦੀ ਲਗਦੀ ਸੀ। ਪਰ ਮੈਨੂੰ ਇਹ ਘਰ ਨਾਲੋਂ ਵੱਧ ਸੜਕ 'ਤੇ ਹੋਣਾ ਠੀਕ ਲਗਦਾ ਸੀ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਰਦੇ ਨੂੰ ਮੇਰੇ ਘਰ ਵਾਲੇ ਦੇਖਣ।
ਮੈਨੂੰ ਇਹ ਵਿਸ਼ਾ ਅੱਜਕਲ੍ਹ ਕਾਫੀ ਦਿਲਚਸਪ ਲੱਗਦਾ ਏ। ਕਦੇ ਇਹਦੇ 'ਚ ਕੋਈ ਦੁੱਖ ਵਾਲੀ ਗੱਲ ਹੀ ਨਹੀਂ ਲਗਦੀ। ਕਦੇ ਕਦੇ ਤਾਂ ਇਹ ਮੌਤ ਮਾਸੀ ਸੁਖ ਤੇ ਰਾਹਤਾਂ ਦਾ ਵਰਦਾਨ ਦੇਣ ਵਾਲੀ ਲਗਦੀ ਏ। ਫੇਰ ਮੈਂ ਸੋਚਣ ਲੱਗ ਪੈਂਦਾ ਹਾਂ ਕਿ ਕਿਉਂ ਵਈ ਮਨਾਂ, ਦੱਸ ਕਿੱਥੇ ਮਰਨੈ? ਉਹ ਜਵਾਬ ਦੇਂਦਾ ਏ ਕਿ ਇਹ ਕੋਈ ਤੇਰੇ ਵੱਸ 'ਚ ਥੋੜ੍ਹਾ ਏ? ਨਾ ਥਾਂ, ਨਾ ਸਮਾਂ ਤੇ ਨਾ ਤਰੀਕਾ, ਤੇਰੇ ਕੁਝ ਵੀ ਵੱਸ 'ਚ ਤਾਂ ਨਹੀਂ। ਫੇਰ ਉਹ ਮੈਨੂੰ ਟਿੱਚਰ ਕਰਦਾ ਕਹਿੰਦਾ ਏ, “ਬੁੱਢਾ ਹੋ ਕੇ ਬੰਦਾ ਆਪ ਸਮਾਨ ਬਣ ਜਾਂਦਾ ਏ। ਉਹਦਾ ਪੁੱਤ ਜਾਂ ਪੋਤਾ ਜਿੱਥੇ ਵੀ ਵੱਸਣ ਲਈ ਜਾਂਦਾ ਏ, ਉਹ ਬੁੱਢੇ ਨੂੰ ਓਸ ਟਰੱਕ ਦੀ ਮੂਹਰਲੀ ਸੀਟ 'ਤੇ ਬਹਾ ਕੇ ਫਿੱਟ ਕਰ ਦੇਂਦਾ ਏ, ਜਿਸ 'ਤੇ ਸਮਾਨ ਜਾ ਰਿਹਾ ਹੁੰਦਾ ਏ।
ਤੈਨੂੰ ਪਤੈ ਬਈ ਪਟਿਆਲੇ ਵਾਲਾ ਪੰਜਾਬ ਦਾ ਸੁਕਰਾਤ 'ਲਾਲੀ' ਕਿੱਥੇ ਏ? ਉਹ ਸਾਰੀ ਉਮਰ ਪਟਿਆਲੇ ਗੰਦੇ ਨਾਲੇ 'ਤੇ ਬਣਾਏ ਆਪਣੇ ਮਕਾਨ 'ਚ ਸ਼ਾਹੀ ਠਾਠ ਨਾਲ ਰਹਿੰਦਾ ਰਿਹਾ। ਨਾ ਜ਼ਮੀਨ ਦਾ ਫ਼ਿਕਰ ਤੇ ਨਾ ਜੋਰੂ ਦਾ। ਨਾ ਬੱਚਿਆਂ ਦੀ ਚਿੰਤਾ। ਸਾਇਕਲ ਚੱਕਿਆ ਤੇ ਜਾ ਵੜਿਆ ਯੂਨੀਵਰਸਿਟੀ ਦੇ ਕੌਫ਼ੀ ਹਾਉਸ 'ਚ। ਜਿਹੜਾ ਚੇਲਾ ਆਉਂਦਾ, ਉਹਨੂੰ ਸੁਕਰਾਤ ਵਾਂਗੂੰ ਲੈਕਚਰ ਦੇਂਦਾ ਤੇ ਨਾਸ਼ਤਾ ਕੌਫ਼ੀ ਮਿਲ ਜਾਂਦੀ। ਇਵੇਂ ਦੁਪਹਿਰ ਦਾ ਖਾਣਾ। ਸ਼ਾਮ ਨੂੰ ਫੇਰ ਕਿਸੇ ਕੱਚੇ ਪੱਕੇ ਸਾਹਿਤਕਾਰ ਦੇ ਘਰੇ ਸੁਕਰਾਤ ਵੱਲੋਂ ਵਰ੍ਹਿਆਂ ਤੋਂ ਸੁਣਾਏ ਜਾ ਰਹੇ ਲੈਕਚਰ ਸੁਣਾਂਦਾ ਤੇ ਦਾਰੂ ਚੱਲ ਪੈਂਦੀ। ਫੇਰ ਖਾਣਾ ਖਾ ਕੇ ਰਾਤ ਦੇ ਕਿੰਨੇ ਵਜ ਵੀ ਘਰ ਜਾ ਵੜਦਾ।
ਜਦ ਮੁੰਡਾ ਜਵਾਨ ਹੋਇਆ ਤਾਂ ਉਹਨੇ ਘਰ ਦੀ ਕਮਾਨ ਸੰਭਾਲ ਲਈ। ਲਾਲੀ ਨੂੰ ਤਦੇ ਸੁਨਣਾ, ਬੋਲਣਾ ਤੇ ਤੁਰਨਾ ਭੁੱਲ ਗਿਆ। ਮੁੰਡੇ ਨੇ ਪਟਿਆਲੇ ਵਾਲਾ ਮਕਾਨ ਵੇਚਿਆ ਤੇ ਮੁਹਾਲੀ ਨਵਾਂ ਖਰੀਦ ਲਿਆ। ਲਾਲੀ ਨੂੰ ਸਮਾਨ ਵਾਲੇ ਟਰੱਕ 'ਤੇ ਬਹਾ ਕੇ ਮੁਹਾਲੀ ਲੈ ਜਾਇਆ ਗਿਆ। ਫੇਰ ਮੁੜ ਕੇ ਆ ਕੇ ਪਟਿਆਲੇ ਕੋਠੀ ਹੋਰ ਖਰੀਦ ਲਈ। ਆਬਾਦੀ ਤੋਂ ਹਟਵੀਂ। ਲਾਲੀ ਫੇਰ ਪਟਿਆਲੇ ਆ ਗਿਆ। ਹੁਣ ਉਹ ਕਿਤੇ ਜਾਣ ਜੋਗਾ ਨਾ ਰਿਹਾ। ਫੇਰ ਪਤਾ ਨਹੀਂ ਮੁੰਡਾ ਕਿਥੇ ਚਲਿਆ ਗਿਆ। ਜਿਥੇ ਮੁੰਡਾ ਗਿਆ ਹੋਵੇਗਾ, ਉੱਥੇ ਹੀ ਲਾਲੀ ਹੋਵੇਗਾ।
ਇਹ ਹਾਲ ਮੇਰਾ ਏ। ਸੱਤ ਸਾਲ ਪਹਿਲਾਂ ਮੈਂ ਮੁੰਡੇ ਨੂੰ ਕਿਹਾ, “ਚੱਲ ਆਪਾਂ ਚੰਡੀਗੜ੍ਹ ਜਾ ਵਸੀਏ। ਇਹ ਮਕਾਨ ਵੇਚ ਕੇ ਉੱਥੇ ਜਾ ਕੇ ਹੋਰ ਲੈ ਲਵਾਂਗੇ। ਮੁੱਲ ਇੱਕੋ ਜਿਹਾ ਐ।”
ਉਹ ਕਹਿੰਦਾ, “ਮੈਂ ਤਾਂ ਜਲੰਧਰ ਛੱਡ ਕੇ ਕਿਤੇ ਜਾਣਾ ਨਹੀਂ। ਤੁਸੀਂ ਜਾਣੈ ਤਾਂ ਚਲੇ ਜਾਓ ਮਕਾਨ ਵੇਚ ਕੇ। ਮੈਂ ਤਾਂ ਦੁਕਾਨ 'ਤੇ ਦੋ ਚੁਬਾਰੇ ਹੋਰ ਪਾ ਕੇ ਉਥੇ ਰਹਿਣ ਲੱਗ ਪੈਣੈ।”
ਉਹਦੀ ਗੱਲ ਠੀਕ ਏ। ਮੇਰੀ ਜਨਮ ਭੂਮੀ ਖੰਨਾ ਏ ਤੇ ਉਹਦੀ ਜਲੰਧਰ। ਏਸੇ ਲਈ ਮੈਂ ਹੁਣ ਦੁਆਬੀਆਂ ਨੂੰ ਮਾੜਾ ਨਹੀਂ ਕਹਿੰਦਾ। ਮੇਰੇ ਨਿਆਣੇ ਸਾਰੇ ਦੁਆਬੀਏ ਨੇ।...ਪਰ ਮੇਰਾ ਸੰਕਟ ਸਿਰਫ ਮਾਲਵੇ ਜਾਂ ਦੁਆਬੇ ਦਾ ਨਹੀਂ। ਆਪਣੇ ਘਰ ਦਾ ਮੇਰਾ ਮੋਹ ਕਈ ਥਾਂਈਂ ਵੰਡਿਆ ਹੋਇਆ ਏ। ਮੈਨੂੰ ਆਪਣੇ ਜੱਦੀ ਪਿੰਡ ਬਦੀਨਪੁਰ ਵਾਲਾ ਘਰ ਵੀ ਯਾਦ ਆਉਂਦਾ ਏ। ਬਡਗੁੱਜਰਾਂ ਵਾਲਾ ਘਰ ਤੇ ਖੂਹ ਮੈਨੂੰ ਖਿੱਚਦੇ ਨੇ। ਪਰ ਮੇਰਾ ਉਹਨਾਂ ਨਾਲ ਕੋਈ ਸੀਰ ਨਹੀਂ ਰਿਹਾ। ਏਸੇ ਲਈ ਮੈਂ ਪਿਛਲੇ ਪੱਚੀ ਸਾਲਾਂ ਤੋਂ ਉਥੇ ਗਿਆ ਈ ਨਹੀਂ। ਮੈਨੂੰ ਉਹਨਾਂ ਥਾਵਾਂ ਦੀ ਨਵੀਂ ਤਸਵੀਰ ਤੋਂ ਭੈਅ ਆਉਂਦਾ ਏ। ਮੈਂ ਆਪਣੇ ਜ਼ਿਹਨ 'ਚ ਵਸੀ ਪੁਰਾਣੀ ਤਸਵੀਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਹਾਂ।
ਹਾਂ, ਖੰਨੇ ਵਾਲਾ ਜੱਦੀ ਮਕਾਨ ਸਭ ਤੋਂ ਛੋਟੇ ਭਾਈ ਅਸ਼ੋਕ ਦੇ ਹਿੱਸੇ ਆਇਆ ਸੀ। ਉਹਨੇ ਉਹਨੂੰ ਸ਼ਾਨਦਾਰ ਪੱਥਰਾਂ ਦੇ ਫਰਸ਼ਾਂ ਵਾਲਾ ਬਣਾ ਲਿਆ ਸੀ। ਹੁਣ ਉਹਦੀ ਬਖਤਾਵਰੀ ਵੱਡੀ ਹੋ ਗਈ ਏ। ਉਹ ਆਪਣੀ ਬਹੁਤ ਵੱਡੀ ਆਲੀਸ਼ਾਨ ਕੋਠੀ 'ਚ ਰਹਿੰਦਾ ਏ। ਉਹਨੇ ਪੁਰਾਣਾ ਘਰ ਵੇਚਿਆ ਨਹੀਂ ਤੇ ਨਾ ਈ ਕਿਰਾਏ 'ਤੇ ਦਿੱਤਾ ਏ। ਬਸ ਜਿੰਦਾ ਲਾ ਕੇ ਰੱਖਿਆ ਹੋਇਆ ਏ। ਓਸ ਘਰ 'ਚ ਸਭ ਕੁਝ ਬਦਲ ਗਿਆ ਏ। ਮੈਨੂੰ ਖਿੱਚਣ ਲਈ ਸਿਰਫ ਦੋ ਨਿਸ਼ਾਨੀਆਂ ਬਚੀਆਂ ਨੇ। ਇਕ ਸਾਹਮਣੇ ਦਲਾਨ ਵਾਲੀ ਅਲਮਾਰੀ ਤੇ ਦੂਜੀ ਵੱਡੇ ਚੁਬਾਰੇ ਵਾਲੀ ਅਲਮਾਰੀ। ਉਹਨਾਂ ਦੇ ਲੱਕੜ ਦੇ ਦਰਵਾਜੇ ਵੀ ਉਹੀ ਪੁਰਾਣੇ ਨੇ। ਉਹ ਦੋਵੇਂ ਅਲਮਾਰੀਆਂ ਮੇਰੇ ਸਕੂਲ 'ਚ ਪੜ੍ਹਨ ਵੇਲੇ ਮੇਰੀਆਂ ਸਨ। ਸਤਵੀਂ ਤਕ ਹੇਠਲੀ ਮੇਰੀ ਸੀ ਤੇ ਫੇਰ ਦਸਵੀਂ ਤਕ ਚੁਬਾਰੇ ਵਾਲੀ ਮੇਰੀ ਹੋ ਗਈ ਸੀ। ਹੁਣ ਵੀ ਮੈਂ ਜਦ ਕਦੇ ਓਸ ਮਕਾਨ 'ਚ ਜਾਂਦਾ ਹਾਂ ਤਾਂ ਅਲਮਾਰੀਆਂ ਵਾਰੀ-ਵਾਰੀ ਖੋਲ੍ਹ ਕੇ ਦੇਖਦਾ ਹਾਂ। ਬੰਦ ਹੋਣ ਤਾਂ ਵੀ ਉਹਨਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ।
ਇਕ ਵਾਰੀ ਮੇਰੇ ਅੰਦਰ ਖਿੱਚਾਂ ਜਿਹੀਆਂ ਪਈਆਂ ਖੰਨੇ ਵਾਲੇ ਘਰ ਦੀਆਂ। ਮੇਰਾ ਮੁੰਡਾ ਬਾਹਰ ਜਾਣ ਦੀ ਸੋਚਣ ਲੱਗ ਪਿਆ ਸੀ। ਮੈਂ ਛੋਟੇ ਭਾਈ ਨੂੰ ਪੁੱਛਿਆ ਕਿ ਇਹ ਮਕਾਨ ਜੇ ਤੂੰ ਵੇਚਣਾ ਹੋਵੇ ਤਾਂ ਮੈਨੂੰ ਪਹਿਲਾਂ ਪੁੱਛ ਲਵੀਂ। ਉਹ ਕਹਿੰਦਾ, “ਜਦ ਮਰਜੀ ਜਿੰਦਾ ਖੋਲ੍ਹ ਕੇ ਅੰਦਰ ਵੜ ਜਾਹ!”...ਕਦੇ ਮੈਂ ਖੰਨੇ ਉਹਦੇ ਨਵੇਂ ਘਰ ਹੁੰਦਾ ਤੇ ਪੁਰਾਣੇ ਘਰ ਦੀ ਗੱਲ ਛਿੜਦੀ ਤਾਂ ਉਹ ਮੈਨੂੰ ਪੁੱਛ ਲੈਂਦਾ, “ਜੇ ਏਧਰ ਨੀਂਦ ਨੀ ਆਉਂਦੀ ਤਾਂ ਓਧਰ ਜਾ ਕੇ ਸੌਂ ਜਾਹ। ਮੈਂ ਸਵੇਰੇ ਸਵੇਰੇ ਚਾਹ ਲੈ ਕੇ ਆ ਜਾਉਂਗਾ।”...ਹਨ ਤਾਂ ਇਹ ਗੱਲਾਂ ਆਮ ਜਿਹੀਆਂ। ਬਹੁਤੇ ਪਾਠਕਾਂ ਨੂੰ ਸ਼ਾਇਦ ਮੂਰਖਾਂ ਵਾਲੀਆਂ ਹੀ ਲੱਗਣ। ਪਰ ਮੈਂ ਆਪਣੀ ਕਲਪਨਾ 'ਚ ਓਸ ਘਰ 'ਚ ਆਪਣਾ ਸਮਾਨ ਹੀ ਟਿਕਾਉਣ ਨੂੰ ਛੇ ਮਹੀਨੇ ਲਾ ਦਿੱਤੇ ਸਨ। ਇਹ ਕੰਮ ਮੈਂ ਰੋਜ਼ ਰਾਤ ਨੂੰ ਸੌਣ ਵੇਲੇ ਕਰਦਾ ਸੀ। ਸੋਚਦਿਆਂ ਨੀਂਦ ਚੰਗੀ ਆਉਂਦੀ ਸੀ। ਜੇ ਕੋਈ ਕਹੇ ਬਈ 'ਸੂਤ ਨਾ ਕਤਾਨ, ਜੁਲਾਹੇ ਨਾਲ ਠੈਂਗਾ ਠੈਂਗੀ' ਤਾਂ ਮੈਂ ਸੁਰਜੀਤ ਹਾਂਸ ਦੇ ਫੁੱਫੜ ਵਾਂਗ ਕਹਾਂਗਾ, “ਸਹੁਰਿਓ ਏਸ ਚਿੰਤਾ ਨੇ ਤਾਂ ਮਰੀਆਂ ਕਿੰਨੀਆਂ ਈ ਰਾਤਾਂ ਲੰਘਾ ਦਿੱਤੀਆਂ।”
ਖ਼ੈਰ, ਮਨ ਸੋਚਦਾ ਏ ਕਿ ਇਹ ਸੋਚ ਕੀ ਹੋਈ ਕਿ ਕਿੱਥੇ ਜਾ ਕੇ ਮਰਨਾ ਏ? ਕਿੱਥੇ ਬਹੁਤੇ ਲੋਕ ਨੜੋਏ ਜਾਣਗੇ? ਕਿੱਥੇ ਕਿਰਿਆ ਦਾ ਜਸ਼ਨ ਚੰਗਾ ਹੋਵੇਗਾ ਤੇ ਸ਼ਰਧਾਂਜਲੀਆਂ ਸੁਹਣੀਆਂ ਦਿੱਤੀਆਂ ਜਾਣਗੀਆਂ?...ਬੰਦੇ ਨੂੰ ਮਿੱਟੀ ਹੋਏ ਨੂੰ ਕੀ ਖ਼ਬਰ ਕਿ ਕੀ ਹੋਇਆ ਏ।...ਪਰ ਇਕ ਸਚਾਈ ਮੈਂ ਆਪਣੇ ਆਪ ਨੂੰ ਆਪਣੀ ਵੀ ਦੱਸੀ ਜਾਂਦਾ ਹਾਂ ਕਿ ਉੱਤੋਂ ਤਾਂ ਮੈਂ ਇਹੀ ਕਹਿੰਦਾ ਹਾਂ ਕਿ ਮੈਨੂੰ ਕਿਸੇ ਸ਼ਹਿਰ, ਥਾਂ, ਮਕਾਨ ਜਾਂ ਬੰਦੇ ਨਾਲ ਕੋਈ ਮੋਹ ਨਹੀਂ। ਪਰ ਹੁੰਦਾ ਕੁਝ ਨਾ ਕੁਝ ਜ਼ਰੂਰ ਏ। ਜੇ ਨਾ ਹੋਵੇ ਤਾਂ ਮੈਂ ਗੱਲ ਹੀ ਕਿਉਂ ਕਰਾਂ?
ਜਦ ਮੇਰੇ ਕੱਟੜ ਆਰੀਆ ਸਮਾਜੀ ਬਾਈ ਜੀ ਗੁਜ਼ਰੇ ਤਾਂ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮਰਨ ਬਾਅਦ ਉਹਨਾਂ 'ਤੇ ਕੀ ਬੀਤਣੀ ਏ। ਉਹਨਾਂ ਨੇ ਜਿਉਂਦਿਆਂ ਜੀਅ ਕਿਸੇ ਬ੍ਰਾਹਮਣ ਨੂੰ ਘਰ ਨਹੀਂ ਸੀ ਵੜਨ ਦਿੱਤਾ। ਮੁੰਡੇ ਕੁੜੀਆਂ ਦੇ ਵਿਆਹ ਇਕ ਖੱਤਰੀ ਆਰੀਆ ਸਮਾਜੀ ਡਾਕਟਰ ਕਰਾਉਂਦਾ ਹੁੰਦਾ ਸੀ। ਪਰ ਜਦ ਬਾਈ ਜੀ ਗੁਜ਼ਰੇ ਤਾਂ ਉਹ ਜਿਹੜੇ ਪੁੱਤ ਦੇ ਘਰ 'ਚ ਪਏ ਸੀ, ਉਹਦੀ ਪਤਨੀ ਨੇ ਜਦੇ ਅਚਾਰੀਆ ਜੀ ਨੂੰ ਬੁਲਾ ਲਿਆ। ਫੇਰ ਜਿਵੇਂ ਉਹ ਕਰਾਈ ਗਿਆ, ਅਸੀਂ ਕਰੀ ਗਏ। ਜਦ ਨ੍ਹਾਈ ਥੋਈ ਦੇ ਬਾਅਦ ਅਚਾਰੀਆ ਨੇ ਮੁੰਡਿਆਂ ਤੋਂ ਅਰਥੀ ਚੁਕਵਾਈ ਤਾਂ ਜਿਹੜੇ ਬੰਦੇ ਨੇ ਸਾਰੀ ਉਮਰ ਨਾ ਕਦੇ ਗੁਰਦਵਾਰੇ ਤੇ ਨਾ ਈ ਮੰਦਰ 'ਚ ਮੱਥਾ ਟੇਕਿਆ ਸੀ, ਉਸਦੀ ਅਰਥੀ ਪਹਿਲਾਂ ਗੁਰਦਵਾਰੇ ਅੱਗੇ ਤੇ ਫੇਰ ਦੇਵੀ ਦਵਾਰੇ ਅੱਗੇ ਝੁਕਾ ਕੇ ਤੇ ਹਰੇਕ ਚੁਰਸਤੇ 'ਚ ਪਿੰਡ-ਛੁਡਾਈ ਕਰਾ ਕੇ ਸ਼ਮਸ਼ਾਨ ਘਾਟ ਲਿਜਾਈ ਗਈ। ਘੜਾ ਭੰਨਿਆ ਗਿਆ।...ਇਹ ਸੋਚਾਂ ਸੋਚਦਿਆਂ ਮੈਂ ਹੱਸਦਾ ਹਾਂ। ਆਪਣੇ ਬਾਰੇ ਸੋਚਦਾ ਹਾਂ ਕਿ ਪਤਾ ਨਹੀਂ ਅਗਲਿਆਂ ਮੇਰੀ ਮਿੱਟੀ ਨਾਲ ਕੀ ਕਰਨਾ ਏ।
ਫੇਰ ਮੈਂ ਗਿਆਨ ਨਾਲ ਮਨ ਨੂੰ ਸਮਝਾਉਣ ਲੱਗ ਪੈਂਦਾ ਹਾਂ ਕਿ ਹਿੰਦੂ ਦਰਸ਼ਨ ਮੌਤ ਨੂੰ ਜੀਵਨ ਦਾ ਅੰਤ ਨਹੀਂ, ਮੁੱਢ ਮੰਨਦਾ ਏ। ਜਨਮ ਤੋਂ ਮਰਨ ਤੇ ਮਰਨ ਤੋਂ ਜਨਮ ਕਿਸੇ ਧਾਗੇ ਦੇ ਇਕ ਜਾਂ ਦੂਜੇ ਸਿਰੇ 'ਤੇ ਨਹੀਂ ਬਲਕਿ ਇਕ ਦਾਇਰੇ 'ਚ ਨੇ। ਜਿਸ ਦੇ ਸਿਰੇ ਆਪਣੀ ਗੋਲਾਈ ਪੂਰੀ ਕਰ ਕੇ ਇਕ ਦੂਜੇ ਨਾਲ ਮਿਲ ਜਾਂਦੇ ਨੇ। ਜੀਵ 'ਚ ਜਿੰਨੀ ਤਾਂਘ ਏਸ ਜਨਮ ਤੋਂ ਮੋਕਸ਼ ਪ੍ਰਾਪਤ ਕਰਨ ਦੀ ਹੁੰਦੀ ਏ, ਓਨੀ ਹੀ ਮੁੜ ਜਨਮ ਲੈਣ ਜਾਂ ਨਵਾਂ ਚੋਲਾ ਧਾਰਨ ਕਰਨ ਦੀ ਹੁੰਦੀ ਏ। ਜਿਹੜਾ ਏਸ ਸੱਚ ਨੂੰ ਜਿੰਨਾ ਮਨੋਂ ਮੰਨ ਲੈਂਦਾ ਏ, ਓਨਾ ਹੀ ਸੌਖਾ ਹੋ ਜਾਂਦਾ ਏ।
ਉਂਜ ਹਰੇਕ ਬੰਦਾ ਸੋਚਦਾ ਏ ਕਿ ਉਹਦੇ ਮਰਨ ਤੋਂ ਬਾਅਦ ਉਹਦਾ ਕੀ ਕੀਤਾ ਜਾਵੇਗਾ? ਉਹਦੇ ਅੰਤਮ ਸੰਸਕਾਰ ਕਿਵੇਂ ਕੀਤੇ ਜਾਣਗੇ?...ਮੈਨੂੰ ਇਹ ਸੋਚ ਹਾਸੋਹੀਣੀ ਲਗਦੀ ਏ। ਮੈਂ ਸੋਚਦਾ ਹਾਂ ਕਿ ਜਦ ਬੰਦੇ ਦੀ ਚੇਤਨਾ ਹੀ ਨਹੀਂ ਰਹਿਣੀ, ਫੇਰ ਉਹਦੀ ਮਿੱਟੀ ਹੋਈ ਦੇਹ ਨਾਲ ਕੋਈ ਕੀ ਸਲੂਕ ਕਰਦਾ ਏ, ਇਹਦੇ ਨਾਲ ਉਹਨੂੰ ਕੀ ਫਰਕ ਪੈਂਦਾ ਏ। ਅਸਲ 'ਚ ਬੰਦੇ ਦੇ ਮਨ ਦੇ ਡਰ ਅਖੀਰ ਤਕ ਵੀ ਉਹਦਾ ਖਹਿੜਾ ਨਹੀਂ ਛੱਡਦੇ। ਜਿਵੇਂ ਉਰਦੂ ਦੀ ਸ਼ਾਨਦਾਰ ਗਲਪਕਾਰ ਇਸਮਤ ਚੁਗ਼ਤਾਈ ਨੂੰ ਅੰਤ ਵੇਲੇ ਤਕ ਇਹੀ ਡਰ ਤੰਗ ਕਰਦਾ ਰਿਹਾ ਕਿ ਮਰਨ ਬਾਅਦ ਉਹਨੂੰ ਕਬਰ 'ਚ ਦੱਬ ਦਿੱਤਾ ਜਾਵੇਗਾ ਤਾਂ ਉਹਦੀ ਦੇਹ ਨੂੰ ਖਾਣ ਵਾਸਤੇ ਸੁੰਡੀਆਂ ਤੇ ਕੀੜੇ ਆ ਜਾਣਗੇ। ਉਹਨੂੰ ਉਹਨਾਂ ਕੀੜਿਆਂ ਤੋਂ ਬਹੁਤ ਡਰ ਲਗਦਾ ਸੀ। ਏਸੇ ਲਈ ਉਹਨੇ ਵਸੀਅਤ ਕੀਤੀ ਸੀ ਕਿ ਉਹਨੂੰ ਮਰਨ ਬਾਅਦ ਸਾੜ ਦਿੱਤਾ ਜਾਵੇ, ਦਫ਼ਨ ਨਾ ਕੀਤਾ ਜਾਵੇ। ਪਰ ਮੁਸਲਮਾਨ ਮੁਰਦੇ ਨੂੰ ਸਾੜ ਕੇ ਬੰਬਈ 'ਚ ਹਿੰਦੂ-ਮੁਲਸਮ ਫਸਾਦ ਥੋੜ੍ਹਾ ਕਰਾਉਣਾ ਸੀ, ਉਹਦੀ 'ਨਾਜਾਇਜ਼ ਔਲਾਲ' ਨੇ। ਇਹ 'ਨਾਜਾਇਜ਼ ਔਲਾਦ' ਲੁਕਵੀਂ ਕਹਾਣੀ ਏ ਕਿ ਇਸਮਤ ਚੁਗ਼ਤਾਈ ਨੇ ਕੁਆਰੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਸੀ। ਜਦ ਇਸਮਤ 'ਕੱਲੀ ਤੇ ਬੁੱਢੀ ਹੋ ਗਈ ਤਾਂ ਉਹੀ ਕੁੜੀ ਉਹਨੂੰ ਆਪਣੇ ਘਰ ਲੈ ਗਈ ਸੀ। ਉਹਨੂੰ ਇਸਮਤ ਨੇ ਉਹਦੇ ਨਾਲ ਪਿਆਰ ਦਾ ਭੇਦ ਦੱਸ ਦਿੱਤਾ ਸੀ। ਓਸ ਹਿੰਦੂ ਘਰ 'ਚ ਪਲੀ ਉਹਦੀ ਕੁੜੀ ਸੀਮਾ ਨੇ ਆਪਣੀ ਮਾਂ ਦੀ ਵਸੀਅਤ ਨੂੰ ਲਾਂਭੇ ਰੱਖ ਕੇ ਮੌਲਵੀ ਨੂੰ ਬੁਲਾ ਕੇ ਆਪਣੀ ਮਾਂ ਨੂੰ ਕੀੜਿਆਂ ਦੇ ਖਾਣ ਲਈ ਦਫ਼ਨ ਕਰਾ ਦਿੱਤਾ ਸੀ।
ਏਸੇ ਤਰ੍ਹਾਂ ਏਸ਼ੀਆ ਦੇ ਵੱਡੇ ਕਹਾਣੀਕਾਰ ਦੇ ਤੌਰ 'ਤੇ ਮਸ਼ਹੂਰ ਕ੍ਰਿਸ਼ਨ ਚੰਦਰ ਨੂੰ ਉਹਦੇ ਧਰਮ ਦੇ ਉਲਟ ਮੜ੍ਹੀਆਂ 'ਚ ਸਾੜਿਆ ਗਿਆ ਸੀ। ਕੋਈ 54 ਜਾਂ 55 ਸਾਲ ਦੀ ਉਮਰ 'ਚ ਉਹਨੇ ਇਸਲਾਮ ਕਬੂਲ ਕਰ ਕੇ ਸਲਮਾ ਨਾਂ ਦੀ ਇਕ ਔਰਤ ਨਾਲ ਨਿਕਾਹ ਕਰ ਲਿਆ ਸੀ। ਸਾਹਿਤਕ ਸ਼ੌਕ ਵਾਲੀ ਉਹ ਸ਼ਾਇਰਾ ਔਰਤ ਬਹੁਤ ਸਿਆਣੀ ਸੀ। ਉਹਨਾਂ ਦਾ ਪ੍ਰੇਮ ਨਾਟਕ ਪਤਾ ਨਹੀਂ ਕਦ ਤੋਂ ਚਲ ਰਿਹਾ ਸੀ। ਨਿਕਾਹ ਹੋਣ 'ਤੇ ਈ ਸਭ ਨੂੰ ਪਤਾ ਲੱਗਿਆ। ਕ੍ਰਿਸ਼ਨ ਚੰਦਰ ਨੂੰ ਮੁਸਲਮਾਨ ਏਸ ਲਈ ਵੀ ਹੋਣਾ ਪਿਆ ਕਿ ਉਹਦੀ ਹਿੰਦੂ ਪਤਨੀ ਸਰਲਾ ਹਾਲੇ ਚੰਗੀ ਭਲੀ ਸੀ। ਪਰ ਉਹ ਰਹਿੰਦੀ ਵੱਖਰੀ ਸੀ। ਖਰਚਾ ਕ੍ਰਿਸ਼ਨ ਚੰਦਰ ਹੀ ਦੇਂਦਾ ਸੀ।
ਜਦ ਕ੍ਰਿਸ਼ਨ ਚੰਦਰ ਗੁਜ਼ਰਿਆ ਤਾਂ ਰਾਜਿੰਦਰ ਸਿੰਘ ਬੇਦੀ ਵਗ਼ੈਰਾ ਪੰਜਾਬੀ ਦੋਸਤ 'ਕੱਠੇ ਹੋ ਗਏ। ਜਿਨ੍ਹਾਂ 'ਚ ਬਹੁਤੇ ਹਿੰਦੂ ਸਨ ਤੇ ਸਭ ਨੂੰ ਕ੍ਰਿਸ਼ਨ ਚੰਦਰ ਦੀ ਪਹਿਲੀ ਪਤਨੀ ਦਾ ਪਤਾ ਸੀ। ਸਲਮਾ ਨੂੰ ਪੁੱਛਿਆ ਗਿਆ ਕਿ ਬੀਬੀ, ਹੁਣ ਇਹਦਾ ਕੀ ਕਰੀਏ?...ਸਲਮਾ ਕਹਿੰਦੀ, ਹੁਣ ਏਸ ਮਿੱਟੀ ਦਾ ਕੀ ਏ? ਜੋ ਮਰਜ਼ੀ ਕਰ ਲਓ।...ਤਦ ਨੂੰ ਸਰਲਾ ਨੂੰ ਖਬਰ ਹੋ ਗਈ। ਉਹ ਆ ਗਈ ਵੰਗਾਂ ਭੰਨ ਕੇ ਰੋਂਦੀ, ਕੁਰਲਾਂਦੀ। ਜਦ ਉਹਨੂੰ ਦਫ਼ਨ ਕਰਨ ਦੀ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਪਿੱਟ ਪੱਟੂਆ ਪਾ ਲਿਆ। ਕ੍ਰਿਸ਼ਨ ਚੋਪੜਾ ਖੱਤਰੀ ਸੀ। ਫੇਰ ਸਾਰਿਆਂ ਨੇ ਸਲਾਹ ਕਰ ਕੇ ਅਰਥੀ ਮੜ੍ਹੀਆਂ 'ਚ ਲਿਜਾ ਕੇ ਦਾਹ ਸੰਸਕਾਰ ਕਰ ਦਿੱਤਾ। ਸਲਮਾ ਕਿਤੇ ਵੀ ਇਕ ਸ਼ਬਦ ਤਕ ਨਹੀਂ ਬੋਲੀ।
ਸਾਡੇ ਪਿੰਡਾਂ 'ਚ ਕਈ ਬੁੱਢੇ ਆਪਣੇ ਸੰਸਕਾਰ ਦੀ ਤਿਆਰੀ ਪਹਿਲਾਂ ਆਪ ਈ ਕਰਨ ਲੱਗ ਪੈਂਦੇ ਨੇ। ਸਾਡੇ ਪਿੰਡ ਗਲਾਸੀ ਹੋਰਾਂ ਦਾ ਬੁੜ੍ਹਾ ਸੀ। ਉਹ ਆਪਣੀ ਮੌਤ ਤੋਂ ਪਹਿਲਾਂ ਲੱਕੜਾਂ ਦੇ ਖੁੰਢ 'ਕੱਠੇ ਕਰਨ ਲੱਗ ਪਿਆ ਸੀ। ਮੇਰੇ ਪੁੱਛਣ 'ਤੇ ਕਹਿੰਦਾ, “ਮਾਸਟਰ, ਤੈਨੂੰ ਨੀਂ ਪਤਾ, ਇਹਨਾਂ ਮੁੰਡਿਆਂ ਨੂੰ ਨਹੀਂ ਪਤਾ ਬਈ ਮੁਰਦੇ ਦੇ ਸੀਨੇ 'ਤੇ ਕਹੇਜੀ ਲੱਕੜੀ ਦਾ ਖੁੰਢ ਰੱਖੀਦੈ।” ਫੇਰ ਉਹਨੇ ਆਪਣੀ ਕੌਡੀ 'ਤੇ ਹੱਥ ਧਰ ਕੇ ਦੱਸਿਆ 'ਬਈ ਇਹ ਕੌਡੀ ਛੇਤੀ ਨੀ ਜਲਦੀ।
ਜਿਹੜੇ ਬੁੜ੍ਹਿਆਂ ਨੂੰ ਇਹ ਵਸਾਹ ਨਹੀਂ ਹੁੰਦਾ ਕਿ ਉਹਦੀ ਜਾਇਦਾਦ ਸਾਂਭਣ ਵਾਲੇ ਮੁੰਡਿਆਂ ਨੇ ਉਹਦਾ ਹੰਗਾਮਾ ਕਰਨਾ ਏ ਜਾਂ ਨਹੀਂ ਤਾਂ ਉਹ ਆਪ ਈ ਕੱਫਨ ਖਰੀਦ ਕੇ ਰੱਖਦੇ ਸੀ। ਕਈ ਤਾਂ ਆਪਣਾ ਬਾਰ੍ਹਾਂ ਤੇਰ੍ਹਾਂ ਵੀ ਕਰਾ ਲੈਂਦੇ ਨੇ। ਸਾਡੇ ਪਿੰਡ ਦੇ ਮਹਿਦ ਪੁਰੀਆਂ ਦਾ ਬੁੜ੍ਹਾ ਆਪਣਾ ਭਾਰ ਏਸ ਲਈ ਘਟਾਉਂਦਾ ਰਿਹਾ ਸੀ ਕਿ ਮੁੰਡਿਆਂ ਦੇ ਮੋਢੇ 'ਤੇ ਭਾਰ ਘੱਟ ਪਵੇ।...ਸਾਡੇ ਪੁਰਾਣੇ ਪਿੰਡ ਬਦੀਨਪੁਰ ਦਾ ਇਕ ਬ੍ਰਾਹਮਣ ਬੁੜ੍ਹਾ ਹਰਦੁਆਰ ਤੇ ਪਹੋਏ ਜਾ ਕੇ ਆਪਣੀ ਗਤੀ ਵੀ ਕਰਾ ਆਇਆ ਸੀ। ਉਹਦੇ ਘਰ 'ਚ ਨਾ ਤੀਵੀਂ ਤੇ ਨਾ ਨਿਆਣੇ, ਕੋਈ ਵੀ ਨਹੀਂ ਸੀ। ਉਹਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਦੇ ਮਰਨ ਬਾਅਦ ਕਿਸੇ ਨੇ ਉਹਦੀ ਗਤੀ ਨਹੀਂ ਕਰਾਉਣੀ। ਮਰਨਾ ਉਹਨੇ 'ਕੱਲੇ ਨੇ ਮੰਜੇ 'ਤੇ ਏ। ਪੈਣਾ ਉਹਨੇ ਪ੍ਰੇਤ ਜੂਨ 'ਚ ਐ। ਰਹਿਣਾ ਉਹਨੇ ਬਦੀਨਪੁਰ ਦਿਆਂ ਇਨ੍ਹਾਂ ਬਰੋਟਿਆਂ, ਪਿੱਪਲਾਂ ਤੇ ਨਿੰਮਾਂ 'ਤੇ ਈ ਐ।
ਜਦੋਂ ਮੌਤ ਬਾਰੇ ਸੋਚਦਿਆਂ ਤੇ ਭੂਸ਼ਨ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਸੀ ਕਿ ਬ੍ਰਾਹਮਣਾਂ ਦੇ ਕਿਰਿਆ ਗਿਆਰਾਂ ਦਿਨਾਂ ਬਾਅਦ ਹੁੰਦੀ ਏ। ਖੱਤਰੀਆਂ ਤੇ ਹੋਰ ਸਾਰੀਆਂ ਹਿੰਦੂ ਜਾਤਾਂ ਦੇ ਕਿਰਿਆ ਬਾਰ੍ਹਵੇਂ ਤੇਰ੍ਹਵੇਂ ਦਿਨ ਹੁੰਦੀ ਏ। ਆਰੀਆ ਸਮਾਜੀ ਚੌਥੇ ਦਿਨ ਈ ਅੰਤਿਮ ਸ਼ੋਕ ਦਿਵਸ ਕਰ ਕੇ ਉਠਾਲਾ ਕਰ ਲੈਂਦੇ ਨੇ। ਕਾਰੋਬਾਰੀ ਸਨਾਤਨੀ ਵੀ ਚੌਥੇ ਦਿਨ ਈ ਉਠਾਲਾ ਕਰ ਕੇ ਆਪਣੀਆਂ ਹੱਟੀਆਂ ਖੋਲ੍ਹ ਲੈਂਦੇ ਨੇ। ਪਿੱਛੋਂ ਤਾਂ ਉਹੀ ਕੁਝ ਹੁੰਦਾ ਏ, ਜੋ ਪਿਛਲਿਆਂ ਦੀ ਮਰਜ਼ੀ ਹੋਵੇ। ਮੀਸ਼ੇ ਦੇ ਸੰਸਕਾਰ ਵੇਲੇ ਉਹਦੇ ਸਰ੍ਹਾਣੇ ਘੜਾ ਭੰਨਿਆ ਗਿਆ ਸੀ ਤੇ ਭੈਣਾਂ ਨੇ ਵੈਣ ਪਾਏ ਸੀ 'ਬਦਾਮ ਤੇ ਹੋਰ ਪਤਾ ਨਹੀਂ ਕੀ ਕੀ ਖਾਣੇ' ਦੇ। ਪਰ ਸੁਰਜੀਤ ਕੌਰ ਦੇ ਪਤੀ ਦੇ ਮਰਨੇ 'ਤੇ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਗਿਆ। ਸੁਰਜੀਤ ਕੌਰ ਨੇ ਭੋਗ ਵਾਲੇ ਦਿਨ ਗੁਰਦਵਾਰੇ 'ਚ ਆ ਕੇ ਮੱਥਾ ਵੀ ਨਹੀਂ ਸੀ ਟੇਕਿਆ। ਚੁੱਪ ਕਰ ਕੇ ਇਕ ਪਾਸੇ ਨੂੰ ਹੋ ਕੇ ਬਹਿ ਗਈ ਸੀ।
ਮੈਂ ਏਸ ਮਾਮਲੇ ਕੋਈ ਵਸੀਅਤ ਨਹੀਂ ਕਰਨਾ ਚਾਹੁੰਦਾ, ਪਤਾ ਨਹੀਂ ਕਾਰਜ ਕਰਨ ਵਾਲਿਆਂ ਨੂੰ ਕੀ ਤਮਾਸ਼ਾ ਕਰ ਕੇ ਸੁਖ ਮਿਲੇ। ਮੈਨੂੰ ਕੀ ਕਿਸੇ ਅਗਲੇ ਪਿਛਲੇ ਜਨਮ ਨੂੰ ਤਾਂ ਮੰਨਦਾ ਹੀ ਨਹੀਂ। ਉਂਜ ਮੈਨੂੰ ਪ੍ਰੇਤ ਜੂਨ ਚੰਗੀ ਲਗਦੀ ਏ। ਦੇਹ ਦੇ ਸੌ ਦੁੱਖ ਨੇ। ਪ੍ਰੇਤ ਆਪਣੀ ਮਰਜ਼ੀ ਨਾਲ ਦੁਨੀਆ ਭਰ ਦੀਆਂ ਸੈਰਾਂ ਕਰ ਸਕਦਾ ਏ। ਮੇਰਾ ਜਦ ਦਿਲ ਕਰਿਆ ਮੈਂ ਜਲੰਧਰ ਦੇ ਦੋਸਤਾਂ ਦੇ ਬਨੇਰਿਆਂ 'ਤੇ ਬਹਿ ਕੇ ਉਹਨਾਂ ਦੇ ਨਾਟਕ ਦੇਖਾਂਗਾ। ਜਦ ਦਿਲ ਕਰੇਗਾ ਖੰਨੇ ਚਲਿਆ ਜਾਵਾਂਗਾ। ਨਹੀਂ ਚੰਡੀਗੜ੍ਹ ਤਾਂ ਜਾਵਾਂਗਾ ਈ, ਜਿਥੇ ਦੇਖਣ ਤੇ ਮਾਨਣ ਨੂੰ ਬੜੇ ਤਮਾਸ਼ੇ ਨੇ।...ਦੇਖਿਆ, ਬੰਦੇ ਦੀ ਗੱਲ ਮੁੱਕੀ ਨਾ ਫੇਰ ਤਮਾਸ਼ਿਆਂ 'ਤੇ!