Butcherkhana (Punjabi Story) : Muhammad Imtiaz

ਬੁੱਚੜਖਾਨਾ (ਕਹਾਣੀ) : ਮੁਹੰਮਦ ਇਮਤਿਆਜ਼


ਇਕ ਤਾਂ ਇੰਨਾ ਵੱਡਾ ਸ਼ਹਿਰ, ਉੱਪਰੋਂ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ! ਪਰ ਸਾਰਾ ਟੱਬਰ ਮੇਰੇ ਮਗਰ ਪਿਆ ਹੋਇਆ ਸੀ—ਪੇਂਡੂ ਜੋ ਹੋਏ!
ਆਖਿਰ, ਮੇਰੀ ਮਾਂ ਸੀ ਉਹ! ਨਹੀਂ, ਮੈਨੂੰ ਕੀ ਲੋੜ ਸੀ, ਬਿਪਤਾ ਗੱਲ ਪਾਉਣ ਦੀ!

ਕੱਲ੍ਹ ਸ਼ਾਮੀਂ ਪਿੰਡੋਂ ਫੋਨ ਆਇਆ ਕਿ ਬੇਬੇ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਪਿੰਡ ਦੇ ਡਾਕਟਰ ਦੇ ਵੱਸ ਦੀ ਗੱਲ ਨਹੀਂ ਸੀ। ਮੈਂ ਕਹਿ ਦਿੱਤਾ ਕਿ ਮੇਰੇ ਕੋਲ ਸ਼ਹਿਰ ਲੈ ਆਓ, ਕਿਸੇ ਚੰਗੇ ਡਾਕਟਰ ਨੂੰ ਦਿਖਾ ਦਿਆਂਗੇ।

ਡਾਕਟਰ ਨੇ ਦੱਸਿਆ ਕਿ ਹਾਲਤ ਗੰਭੀਰ ਹੈ, ਤੇ ਉਸਨੂੰ ਦਾਖ਼ਲ ਕਰਨਾ ਪਿਆ। ਦਾਖ਼ਲ ਕਾਹਦੀ ਕਰਵਾਈ, ਸਾਰੇ ਟੱਬਰ ਨੇ ਹੀ ਮੂੰਹ ਫੁਲਾ ਲਏ! ਗੱਲ ਤਾਂ ਕੁਝ ਵੀ ਨਹੀਂ ਸੀ। ਸਿਰਫ਼ ਮਰੀਜ਼ ਨੂੰ ਕਿਸੇ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ। ਵੱਡਾ ਭਰਾ ਤੇ ਭਰਜਾਈ, ਜਿਹੜੇ ਪਿੰਡੋਂ ਬੇਬੇ ਨਾਲ ਆਏ ਸਨ, ਐਵੇਂ ਔਖੇ ਹੋ ਗਏ, ''ਤੈਨੂੰ ਕਿਹਨੇ ਕਿਹਾ ਸੀ ਦਾਖਲ ਕਰਾਉਣ ਨੂੰ!... ਅਫਸਰ ਹੋਮੇਂਗਾ ਤੂੰ ਆਪਣੇ ਘਰ... ਮਾਂ ਤਾਂ ਉਹ ਸਾਡੀ ਵੀ ਉਂਨੀ ਈ ਐ...!''
ਹੁਣ ਉਹਨਾਂ ਨੂੰ ਮੈਂ ਕਿਵੇਂ ਸਮਝਾਉਂਦਾ ਕਿ ਵੱਡੇ ਹਸਪਤਾਲਾਂ ਵਿੱਚ ਇਲਾਜ ਕਿਵੇਂ ਹੁੰਦੇ ਨੇ!

ਰੋਟੀ-ਪਾਣੀ, ਨਵ੍ਹਾਉਣਾ-ਧਵਾਉਣਾ, ਸਾਰੀ ਦੇਖਭਾਲ ਹਸਪਤਾਲ ਵਾਲਿਆਂ ਨੇ ਆਪ ਕਰਨੀ ਸੀ। ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਇੱਕ ਕਮਰੇ ਵਿੱਚ ਇੱਕ ਮਰੀਜ਼, ਤੇ ਉਹਦੀ ਦੇਖਭਾਲ ਲਈ ਇੱਕ ਨਰਸ। ਹਰੇਕ ਕਮਰੇ ਵਿੱਚ ਏਅਰਕੰਡੀਸ਼ਨਰ। ਚੰਗੇ ਤੋਂ ਚੰਗਾ ਡਾਕਟਰ ਇਲਾਜ ਕਰ ਰਿਹਾ ਸੀ। ਮਹਿੰਗੀਆਂ ਤੋਂ ਮਹਿੰਗੀਆਂ ਮਸ਼ੀਨਾਂ ਨਾਲ ਟੈਸਟ ਕੀਤੇ ਜਾਂਦੇ ਸਨ। ਵਧੀਆਂ ਤੋਂ ਵਧੀਆਂ ਦਵਾਈ ਦਿੱਤੀ ਜਾਂਦੀ ਸੀ। ਮਰੀਜ਼ ਦੇ ਕਿਸੇ ਵੀ ਰਿਸ਼ਤੇਦਾਰ ਜਾਂ ਸੰਬੰਧੀ ਨੂੰ ਮਰੀਜ਼ ਕੋਲ ਜਾਣ ਦੀ ਆਗਿਆ ਨਹੀਂ ਸੀ।

ਸਭ ਕੁਝ ਬੇਬੇ ਦੀ ਭਲਾਈ ਲਈ ਹੀ ਤਾਂ ਸੀ! ਜੇ ਇਹਨਾਂ ਨੂੰ ਬੇਬੇ ਕੋਲ ਜਾਣ ਦੇ ਦਿੱਤਾ ਜਾਂਦਾ ਤਾਂ ਇਹਨਾਂ ਨੇ ਬੇਵਕੂਫਾਂ ਵਾਂਗ ਉਥੇ ਉੱਚੀ-ਉੱਚੀ ਬੋਲਣਾ ਸੀ! ਐਵੇਂ ਮਰੀਜ਼ਾਂ ਨੂੰ ਤੰਗ ਕਰਨਾ ਸੀ! ਪਛੜੇ ਲੋਕ ਜੋ ਹੋਏ!

ਸ਼ਾਮੀਂ ਮੈਂ ਬਹੁਤ ਕਿਹਾ ਕਿ ਹੁਣ ਤੁਸੀਂ ਪਿੰਡ ਚਲੇ ਜਾਓ, ਬੇਬੇ ਦੀ ਸੰਭਾਲ ਹੁਣ ਹਸਪਤਾਲ ਦੇ ਜ਼ਿੰਮੇ ਹੈ। ਜੇ ਕੋਈ ਲੋੜ ਹੋਈ ਤਾਂ ਮੈਂ ਟੈਲੀਫੋਨ ਕਰਕੇ ਬੁਲਾ ਲਵਾਂਗਾ। ਬਾਕੀ ਮੈਂ ਸਵੇਰੇ-ਸ਼ਾਮ ਗੇੜਾ ਮਾਰਦਾ ਰਹਾਂਗਾ।

''ਲੋਕਾਂ ਨੂੰ ਵੀ ਮੂੰਹ ਦਖੋਣੈ, ਭਾਈ!... ਬੇਬੇ ਨੂੰ ਐਂ ਸਿੱਟ ਕੇ ਕਿਮੇਂ ਚਲੇ ਜਾਈਏ...!'' ਭਾਬੀ ਨੇ ਹਸਪਤਾਲ ਵਿੱਚ ਹੀ ਰੌਲ਼ਾ ਪਾ ਲਿਆ। ਮੈਨੂੰ ਬੁਰਾ ਤਾਂ ਬਹੁਤ ਲੱਗਿਆ, ਪਰ ਚੁੱਪ ਕਰਨਾ ਪੈ ਗਿਆ। ਡੰਗਰਾਂ ਨਾਲ ਡੰਗਰ ਥੋੜ੍ਹਾ ਬਣੀਦਾ ਹੁੰਦੈ!
ਸਾਰੀ ਰਾਤ ਪਤੀ-ਪਤਨੀ ਨੇ ਔਖੇ ਹੋ ਕੇ ਕੱਟੀ। ਮੈਨੂੰ ਕੀ ਸੀ, ਮੈਂ ਘਰ ਵਾਪਿਸ ਆ ਗਿਆ। ਸਵੇਰੇ ਡਿਊਟੀ ਤੇ ਵੀ ਜਾਣਾ ਸੀ।

ਅਗਲੇ ਦਿਨ ਸਵੇਰੇ ਜਦੋਂ ਮੈਂ ਡਾਕਟਰ ਤੋਂ ਬੇਬੇ ਦੀ ਹਾਲਤ ਪੁੱਛਣ ਹਸਪਤਾਲ ਗਿਆ, ਤਾਂ ਅੱਗੋਂ ਬਾਪੂ ਨਾਲ ਪਿੰਡ ਦੇ ਦਸ-ਬਾਰਾਂ ਬੰਦੇ ਪਹੁੰਚੇ ਹੋਏ। ਮੈਨੂੰ ਗੁੱਸਾ ਆ ਗਿਆ, ''ਪਤਾ ਨਹੀਂ ਇਹਨਾਂ ਲੋਕਾਂ ਨੂੰ ਹੋਰ ਕੋਈ ਕੰਮ ਈ ਨਹੀਂ! ਲੋਕ ਕੀ ਸੋਚਦੇ ਹੋਣਗੇ ਕਿ ਇੰਨੇ ਵੱਡੇ ਅਫਸਰ ਦਾ ਪਰਿਵਾਰ ਇਹੋ ਜਿਹਾ!''
ਬਾਪੂ ਨੇ ਤਾਂ ਗੁੱਸੇ ਕਰਕੇ ਮੈਨੂੰ ਬੁਲਾਇਆ ਤੱਕ ਨਾ। ਮੈਨੂੰ ਕੀ ਸੀ! ਨਹੀਂ, ਤਾਂ ਨਾ ਸਹੀ!
ਸ਼ਾਮੀ, ਦਫਤਰ ਤੋਂ ਬਾਅਦ, ਮੈਂ ਘਰਵਾਲੀ ਨੂੰ ਲੈ ਕੇ ਫਿਰ ਹਸਪਤਾਲ ਚਲਾ ਗਿਆ।
ਅੱਗੋਂ ਘਰਦਿਆਂ ਨੇ ਉਥੇ ਮੇਲਾ ਲਾਇਆ ਹੋਇਆ। ਦੋਵੇਂ ਭੈਣਾਂ ਤੇ ਭਣਵੱਈਏ ਵੀ ਪਹੁੰਚੇ ਹੋਏ। ਜਾਂਦਿਆਂ ਹੀ ਸਾਰੇ ਮੇਰੇ ਖਹਿੜੇ ਪੈ ਗਏ। ਵਿੱਚੇ ਮੇਰੀ ਘਰਵਾਲੀ ਨੂੰ ਬੋਲਦੇ ਰਹੇ।
ਮੇਰੀ ਘਰਵਾਲੀ ਨੂੰ ਤਾਂ ਇਹ ਲੋਕ ਪਹਿਲਾਂ ਹੀ ਪਸੰਦ ਨਹੀਂ ਸਨ। ਪਰ ਵਿਚਾਰੀ ਮੇਰੇ ਕਰਕੇ ਸਹਿੰਦੀ ਰਹੀ!
ਮੈਂ ਵੱਡੀ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
''ਕਾਹਨੂੰ ਵੀਰ, ਬੇਬੇ ਤਾਂ ਓਦਰ ਕੇ ਈ ਮਰ ਜੂ!... ਨਾ ਤਾਂ ਇਹ ਕਿਸੇ ਨੂੰ ਮਿਲਣ ਦੰਦੇ ਨੇ, ਨਾ ਕੁਸ਼ ਦੱਸਦੇ ਨੇ, ਬਈ, ਕਿਮੇਂ ਐ...!''
ਜਦੋਂ ਮੇਰੀ ਬੱਸ ਹੋ ਗਈ ਤਾਂ ਮੈਂ ਡਾਕਟਰ ਨਾਲ ਗੱਲ ਕੀਤੀ।
''... ਜੇ ਲੈ ਕੇ ਜਾਣਾ ਹੈ ਤਾਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਇਓ...!'' ਮੈਨੂੰ ਪਤਾ ਸੀ ਕਿ ਡਾਕਟਰ ਦਾ ਇਹੋ ਜਵਾਬ ਹੋਣਾ ਸੀ।
ਛੁੱਟੀ ਦਿਲਵਾ ਕੇ ਮੇਰੀ ਜਾਨ ਨੂੰ ਆਰਾਮ ਮਿਲਿਆ। ਜੋ ਵੀ ਸੀ, ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ! ਅੱਜ-ਕੱਲ੍ਹ ਕੌਣ ਪੁੱਛਦਾ ਹੈ ਕਿਸੇ ਨੂੰ!
ਮੈਂ ਜਾਂਦੀ ਵਾਰੀ ਬੇਬੇ ਨੂੰ ਮਜ਼ਾਕ ਵਿੱਚ ਕਿਹਾ, ''ਐਥੇ ਇਲਾਜ ਕਰਵਾ ਕੇ, ਬੇਬੇ, ਤੇਰੀ ਦਸ ਸਾਲ ਉਮਰ ਹੋਰ ਵਧਗੀ!''

''ਵੇ, ਕਿੱਥੇ! ਤੈਂ ਤਾਂ ਮੇਰੀ ਉਮਰ ਦਸ ਸਾਲ ਹੋਰ ਘਟਾ 'ਤੀ, ਸਗੋਂ! ਐਥੇ ਤਾਂ, ਨਾ ਕੋਈ ਬੋਲੇ, ਨਾ ਬੋਲਣ ਦੇਵੇ... ਨਾ ਕਿਸੇ ਨੂੰ ਮਿਲਣ ਦੇਣ!... ਰੋਟੀ, ਉਹ ਨਾ ਚੱਜ ਦੀ... ਟੱਬਰ ਤੋਂ ਬਿਨਾਂ ਰੋਟੀ ਕਿੱਥੇ ਸਵਾਦ ਲੱਗਦੀ ਐ!... ਫੇਰ, ਮਿੰਟ ਕੁ ਮਗਰੋਂ ਕਦੇ ਖ਼ੂਨ ਕੱਢ ਲੇਣ, ਕਦੇ ਪਾ ਦੇਣ... ਜਮ੍ਹੀਂ ਡੰਗਰਾਂ ਮਾਂਗ' ਲਾਜ ਕਰਦੇ ਨੇ! ਐਦੋਂ ਤਾਂ ਆਪਣਾ ਪਿੰਡ ਆਲਾ ਡਾਕਟਰ ਬਧੀਐ...!''
ਮੈਨੂੰ ਗੁੱਸਾ ਆ ਗਿਆ, ''ਪਰ ਜੇ ਪਿੰਡ ਕੁਸ਼ ਹੋ ਗਿਆ ਤਾਂ, ਮੈਨੂੰ...''
''... ਜੇ ਮਰ ਵੀ ਗੀ ਤਾਂ ਟੱਬਰ 'ਚ ਤਾਂ ਮਰੂੰ, ਏਸ ਬੁੱਚੜਖਾਨੇ ਨਾਲੋਂ ਤਾਂ ਚੰਗੈ!''

(ਕਹਾਣੀ-ਸੰਗ੍ਰਹਿ 'ਪਾਕਿਸਤਾਨੀ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਇਮਤਿਆਜ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ