Binda (Story in Punjabi) : Mahadevi Verma
ਬਿੰਦਾ (ਕਹਾਣੀ) : ਮਹਾਦੇਵੀ ਵਰਮਾ
ਭੀਤ ਜਹੀਆਂ ਅੱਖਾਂ ਵਾਲੀ ਉਸ ਦੁਰਬਲ, ਛੋਟੀ ਅਤੇ ਆਪਣੇ-ਆਪ 'ਚ ਸਿਮਟੀ ਕੁੜੀ ਉੱਤੇ ਨਿਗਾਹ ਮਾਰਕੇ, ਮੈਂ ਆਪਣੇ ਸਾਹਮਣੇ
ਬੈਠੇ ਸੱਜਣ ਨੂੰ, ਉੰਨਾ ਦਾ ਭਰਿਆ ਦਾਖਲੇ ਦਾ ਫ਼ਾਰਮ ਵਾਪਸ ਕਰਦਿਆਂ ਕਿਹਾ, "ਤੁਸੀਂ ਉਮਰ ਠੀਕ ਨਹੀਂ ਭਰੀ; ਇਸਨੂੰ ਸਹੀ ਕਰ ਲਓ, ਨਹੀਂ
ਤਾਂ ਬਾਅਦ 'ਚ ਮੁਸ਼ਕਿਲ ਹੋ ਜਾਵੇਗੀ ।"
"ਨਹੀਂ ਜੀ, ਇਹ ਤਾਂ ਬੀਤੇ ਹਾੜ੍ਹ ਦੇ ਮਹੀਨੇ 'ਚ ਚੌਦਾਂ ਵਰ੍ਹਿਆਂ ਦੀ ਹੋ ਗਈ ਹੈ ।" ਇਹ ਸੁਣਿਆ ਤਾਂ ਮੈਂ ਹੈਰਾਨ ਹੋਕੇ ਆਪਣੀ ਨਵੀਂ ਵਿਦਿਆਰਥਣ
ਵੱਲ ਧਿਆਨ ਨਾਲ ਵੇਖਿਆ, ਜਿਹੜੀ ਨੌਂ ਸਾਲਾਂ ਦੀ ਬੱਚੀ ਵਾਲੀ ਸਰਲ ਚੰਚਲਤਾ ਤੋਂ ਵਾਂਝੀ ਅਤੇ ਚੌਦਾਂ ਸਾਲਾਂ ਦੀ ਜਵਾਨ ਕੁੜੀ ਵਾਲੇ ਸ਼ਰਮਾਏ
ਉਤਸ਼ਾਹ ਤੋਂ ਅਣਜਾਣ ਸੀ ।
ਉਸਦੀ ਮਾਂ ਬਾਰੇ ਮੇਰੀ ਉਤਸੁਕਤਾ ਮੇਰੇ ਤਕ ਹੀ ਨਾ ਰਹਿਕੇ ਇਕ ਸਾਫ਼ ਪ੍ਰਸ਼ਨ ਹੀ ਬਣ ਗਈ ਹੋਣੀ ਹੈ, ਕਿਓਂਕਿ ਦੂਜੇ ਪਾਸਿਓਂ ਜ਼ਰਾ
ਕੁੰਠਿਤ ਜਿਹਾ ਜਵਾਬ ਮਿਲਿਆ, "ਮੇਰਾ ਦੂਜਾ ਵਿਆਹ ਹੈ, ਅਤੇ ਤੁਹਾਨੂੰ ਪਤਾ ਹੀ ਹੋਵੇਗਾ..." ਗੱਲ ਅਨਸੁਣੀ ਕਰਕੇ ਮੇਰਾ ਮਨ ਯਾਦਾਂ ਦੀ
ਚਿਤਰਸ਼ਾਲਾ ਵਿਚ ਦੋ ਯੁਗਾਂ ਤੋਂ ਵੱਧ ਸਮੇਂ ਤੋਂ ਭੁੱਲੀ, ਦੱਬੀ ਬਿੰਦਾ, ਜਾਂ ਵਿੰਧਯੇਸ਼ਵਰੀ, ਦੀ ਧੁੰਦਲੀ ਜਿਹੀ ਤਸਵੀਰ ਤੇ ਉਂਗਲ ਰੱਖ ਕੇ ਕਹਿਣ ਲੱਗਾ
- ਪਤਾ ਹੈ, ਬਿਲਕੁਲ ਪਤਾ ਹੈ ।
ਬਿੰਦਾ ਮੇਰੇ ਬਚਪਨ ਦੀ ਉਦੋਂ ਦੀ ਸਹੇਲੀ ਸੀ ਜਦੋਂ ਹਾਲੇ ਮੈਨੂੰ ਜੀਵਨ ਅਤੇ ਮਰਣ ਦਾ ਅਮਿਟ ਫ਼ਰਕ ਸਮਝ ਨਹੀਂ ਸੀ ਆਇਆ ।
ਆਪਣੇ ਨਾਨਾ-ਨਾਨੀ ਦੇ ਸਵਰਗ ਚਲਾਣਾ ਕਰਨ ਬਾਰੇ ਸੁਣਕੇ ਮੈਂ ਬੜੇ ਗੰਭੀਰ ਚਿਹਰੇ ਅਤੇ ਪੂਰੇ ਯਕੀਨ ਨਾਲ ਪੂਰੇ ਘਰ ਨੂੰ ਦੱਸਿਆ ਸੀ ਕਿ ਜਦੋਂ
ਮੇਰਾ ਸਿਰ ਕੱਪੜੇ ਰੱਖਣ ਵਾਲੀ ਅਲਮਾਰੀ ਨੂੰ ਛੋਹਣ ਲੱਗ ਪਵੇਗਾ, ਮੈਂ ਇਕ ਵਾਰ ਜ਼ਰੂਰ ਉੰਨਾ ਨੂੰ ਵੇਖਣ ਜਾਵਾਂਗੀ ।
ਮੇਰੇ ਇਸ ਪੁੰਨ-ਸੰਕਲਪ ਦਾ ਵਿਰੋਧ ਕਰਨ ਨੂੰ ਕਿਸੇ ਦਾ ਵੀ ਜੀ ਨਾ ਕੀਤਾ ਅਤੇ ਨਾ ਹੀ ਮੈਂ ਇਕ ਵਾਰ ਮਰਕੇ ਕਦੀ ਨਾ ਪਰਤਣ ਦਾ ਨਿਯਮ ਸਮਝਿਆ । ਐਸੀ ਹਾਲਤ 'ਚ ਆਪਣੇ ਛੋਟੇ-ਛੋਟੇ ਅਸਮਰਥ ਬੱਚਿਆਂ ਨੂੰ ਛੱਡਕੇ ਮਰ ਜਾਣ ਵਾਲੀ ਮਾਂ ਦੀ ਕਲਪਨਾ ਵੀ ਮੇਰੇ ਦਿਮਾਗ਼ 'ਚ ਕਿੱਥੇ ਠਹਿਰਨੀ ਸੀ । ਮੇਰਾ ਤਾਂ ਹਾਲੇ ਦੁਨੀਆਂ ਦਾ ਤਜਰਬਾ ਵੀ ਬੜਾ ਸੰਖਿਪਤ ਜਿਹਾ ਸੀ ।
ਅਗਿਆਨਤਾ ਦੇ ਵੇਲੇ ਤੋਂ ਮੇਰਾ ਸਾਥ ਦੇਣ ਵਾਲੀ ਚਿੱਟੀ ਕੁੱਤੀ ਪੌੜੀਆਂ ਦੇ ਥੱਲੇ ਬਣੀ ਹਨੇਰੀ ਕੋਠੜੀ ਵਿਚ ਅੱਖਾਂ ਮੀਟੀਂ ਪਏ ਆਪਣੇ ਬੱਚਿਆਂ ਲਈ ਇੰਨੀ ਸਤਰਕ 'ਤੇ ਖ਼ਤਰਨਾਕ ਹੋ ਜਾਂਦੀ ਸੀ ਕਿ ਉਸਦਾ ਭੌਂਕਣਾ ਮੇਰੀ ਸਾਰੀ ਮਮਤਾ-ਭਰੀ ਮਿੱਤਰਤਾ ਉੱਤੇ ਪਾਣੀ ਫੇਰ ਦੇਂਦਾ ਸੀ । ਭੂਰੀ ਬਿੱਲੀ ਵੀ ਆਪਣੇ ਚੂਹਿਆਂ ਵਰਗੇ ਨਿੱਕੇ ਬੱਚਿਆਂ ਨੂੰ ਆਪਣੇ ਤਿੱਖੇ, ਨੁਕੀਲੇ ਦੰਦਾਂ 'ਚ ਫਸਾਕੇ ਇਸਤਰਾਂ ਲਿਆਉਂਦੀ-ਲੈ ਜਾਂਦੀ ਸੀ ਕਿ ਉੰਨਾ ਨੂੰ ਕਦੇ ਕੋਈ ਦੰਦ ਨਾ ਚੁੱਭੇ ।
ਉੱਤੇ ਛੱਤ ਦੀ ਇਕ ਨੁੱਕੜ 'ਚ ਕਬੂਤਰਾਂ ਦਾ ਅਤੇ ਵੱਡੀ ਫੋਟੋ ਦੇ ਪਿੱਛੇ ਚਿੜੀਆਂ ਦਾ ਆਲ੍ਹਣਾ ਸੀ । ਉੰਨਾ ਵਿਚ ਦੀਆਂ ਖੁੱਲੀਆਂ ਅਤੇ ਛੋਟੀਆਂ ਚੁੰਝਾਂ 'ਚ ਬੜੇ ਧਿਆਨ ਨਾਲ ਭਰੇ ਜਾਂਦੇ ਦਾਣੇ ਅਤੇ ਕੀੜੇ-ਮਕੌੜੇ ਵੀ ਮੈਂ ਕਈ ਵਾਰ ਵੇਖੇ ਸਨ ।
ਆਪਣੇ ਵੱਛੇ ਦੇ ਹਟਾਏ ਜਾਣਤੇ ਬਾਂ-ਬਾਂ ਕਰਕੇ ਪੂਰੇ ਘਰ ਵਿਚ ਇਹ ਖ਼ਬਰ ਫੈਲਾਣ ਵਾਲੀ ਆਪਣੀ ਸ਼ਿਆਮਾ ਗਾਂ ਦੀ ਤਕਲੀਫ਼ ਵੀ ਮੇਰੇ ਲਈ ਕੋਈ ਭੇਦ ਨਹੀਂ ਸੀ । ਫਿਰ ਇਕ ਮੰਗਤੀ ਸੀ, ਜਿਹੜੀ ਆਪਣੇ ਇਕ ਬੱਚੇ ਨੂੰ ਕੁੱਛੜ ਚੁੱਕੀ, ਦੂਜੇ ਦੀ ਉਂਗਲ ਫੜੀ, ਘਰ-ਘਰ ਫਿਰਦੀ ਸੀ ਤਾਂਕਿ ਉਹਦੇ ਬੱਚਿਆਂ ਨੂੰ ਕੁਛ ਖਾਣ ਨੂੰ ਮਿਲ ਸਕੇ ।
ਗੱਲ ਇਹ ਕਿ ਇਕ ਚੀਜ਼ ਮੈਨੂੰ ਚੰਗੀ ਤਰਾਂ ਸਮਝ ਆ ਚੁਕੀ ਸੀ ਕਿ ਇਸ ਸੰਸਾਰ ਦਾ ਸਾਰਾ ਕਾਰੋਬਾਰ ਬਸ ਬੱਚਿਆਂ ਨੂੰ ਖੁਆਣ-ਪਿਆਣ
ਅਤੇ ਸੁਆਣ ਲਈ ਚੱਲ ਰਿਹਾ ਹੈ, ਨਾਲੇ ਇਹ ਕਿ ਇਸ ਬਹੁਤ ਜ਼ਰੂਰੀ ਕੰਮ ਨੂੰ ਅੰਜਾਮ ਦੇਣ ਦਾ ਜਿੰਮਾ 'ਮਾਂ' ਨਾਮਦੇ ਜੀਵ ਨੂੰ ਦਿੱਤਾ ਗਿਆ ਹੈ ।
ਬਿੰਦਾ ਦੀ ਵੀ ਤਾਂ ਮਾਂ ਸੀ, ਜਿਸਨੂੰ ਅਸੀਂ ਪੰਡਤੈਨ ਚਾਚੀ ਤੇ ਬਿੰਦਾ ਨਵੀਂ ਮਾਂ ਕਹਿ ਕੇ ਬੁਲਾਉਂਦੀ ਸੀ । ਉਹ ਆਪਣੀ ਗੋਰੀ-ਚਿੱਟੀ 'ਤੇ
ਮੋਟੀ ਦੇਹ ਨੂੰ ਰੰਗੀਨ ਸਾੜੀ 'ਚ ਕੱਸੀ, ਸੱਜਕੇ, ਮੰਜੇ ਉੱਤੇ ਬੈਠੀ, ਫੁੱਲੀਆਂ ਗੱਲਾਂ 'ਤੇ ਫੀਨ੍ਹੇ ਨੱਕ ਜੇ ਦੋਵੇਂ ਪਾਸੇ ਕੱਚ ਦੇ ਬਟਨਾਂ ਵਾੰਗ ਚਮਕਦੀਆਂ
ਅੱਖਾਂ ਵਾਲੇ ਮੋਹਨ ਨੂੰ ਤੇਲ ਮਲਦੀ ਰਹਿੰਦੀ ਸੀ । ਬੜੀ ਕਾਰੀਗਰੀ ਨਾਲ ਵਾਹੇ ਵਾਲਾਂ ਦੇ ਵਿਚ ਸਿੰਦੂਰ ਦੀ ਮੋਟੀ ਜਿਹੀ ਲਕੀਰ, ਊਂਘੀਆਂ ਅੱਖਾਂ
ਵਿਚ ਕਾਲੇ ਡੋਰਿਆਂ ਜਿਹਾ ਸੁਰਮਾ, ਚਮਕੀਲੇ ਕੰਨ ਫੁੱਲ, ਗਲ 'ਚ ਮਾਲਾ, ਨੱਗ ਵਾਲਿਆਂ ਰੰਗ-ਬਰੰਗੀਆਂ ਚੂੜੀਆਂ ਅਤੇ ਘੁੰਘਰੂਆਂ ਵਾਲੀਆਂ
ਪੰਜੇਬਾਂ... ਮੈਨੂੰ ਬੜੇ ਚੰਗੇ ਲੱਗਦੇ ਸਨ । ਇੰਨਾ ਸਾਰਿਆਂ ਨਾਲ ਉਹ ਕਿਸੇ ਪਟੌਲੇ ਵਰਗੀ ਜਾਪਦੀ ਸੀ ।
ਇਹ ਸਭ ਤਾਂ ਚਲੋ ਠੀਕ ਸੀ, ਪਰ ਉਸਦਾ ਵਿਹਾਰ ਬੜਾ ਅਜੀਬ ਜਿਹਾ ਹੁੰਦਾ ਸੀ । ਠੰਡ ਦੇ ਦਿਨਾਂ 'ਚ ਜਦੋਂ ਸਾਨੂੰ ਧੁੱਪ ਨਿਕਲਣ ਤੋਂ
ਬਾਅਦ ਜਗਾਇਆ ਜਾਂਦਾ ਸੀ, ਗਰਮ ਪਾਣੀ ਨਾਲ ਮੂੰਹ-ਹੱਥ ਧੁਆ ਕੇ ਊਨੀ ਕੱਪੜੇ, ਜੁਰਾਬਾਂ 'ਤੇ ਬੂਟ ਪੁਆ ਕੇ ਤਰਲੇ ਕਰ-ਕਰ, ਕੋਸਾ ਦੁੱਧ
ਪਿਆਇਆ ਜਾਂਦਾ ਸੀ, ਉਦੋਂ ਗਵਾਂਢ ਦੇ ਘਰੋਂ ਪੰਡਤੈਨ ਚਾਚੀ ਦੀ ਅਵਾਜ਼ ਉੱਚੀ, ਹੋਰ ਉੱਚੀ ਹੁੰਦੀ ਜਾਂਦੀ ਸੀ ।
ਜੇ ਉਸ ਗੱਜਣ-ਵੱਸਣ ਦਾ ਕੋਈ ਵੀ ਮਤਲਬ ਪੱਲੇ ਨਾ ਪੈਂਦਾ ਤਾਂ ਮੈਂ ਉਸਨੂੰ ਸ਼ਿਆਮਾ ਦੇ ਰੰਭਨ ਵਰਗਾ ਪਿਆਰ ਦਾ ਪਰਦਰਸ਼ਨ ਵੀ ਸਮਝ
ਸਕਦੀ ਸਾਂ, ਲੇਕਿਨ ਉਹ ਸ਼ਬਦਾਵਲੀ ਜਾਣੀ-ਪਹਿਚਾਣੀ ਹੋਣ ਕਰਕੇ ਹੀ ਕੁਛ ਭੁਲੇਖਾ ਪਾਉਂਦੀ ਸੀ । 'ਉੱਠਦੀ ਹੈਂ ਜਾਂ ਮੈਂ ਆਵਾਂ?', 'ਸੰਢੇ ਵਾੰਗ
ਅੱਖਾਂ ਕੀ ਕੱਢਦੀ ਹੈਂ?', 'ਮੋਹਨ ਦਾ ਦੁੱਧ ਕਦੇ ਗਰਮ ਹੋਏਗਾ?', 'ਰੁੜ ਜਾਣੀ ਮਰਦੀ ਵੀ ਨਹੀਂ!' ਇਤਆਦਿ ਸ਼ਬਦਾਂ 'ਚੋਂ ਜਿਹੜੀ ਕਠੋਰ ਧਾਰ
ਵੱਗਦੀ ਸੀ , ਉਹ ਮੇਰਾ ਅੱਲ੍ਹੜ ਮਨ ਵੀ ਸਮਝ ਲੈਂਦਾ ਸੀ ।
ਕਦੇ-ਕਦੇ ਮੈਂ ਕੋਠੇ ਤੇ ਖਲੋ ਕੇ ਉਸ ਘਰ ਦੀ ਕਥਾ ਸਮਝਣ ਦਾ ਜਤਨ ਕਰਦੀ ਤਾਂ ਮੈਨੂੰ ਗੰਦੀ-ਮੰਦੀ ਧੋਤੀ 'ਚ ਬਸ ਬਿੰਦਾ ਹੀ ਵੇਹੜੇ
ਤੋਂ ਲੈਕੇ ਚੌਂਕੇ ਤਕ, ਭੰਬੀਰੀ ਵਾੰਗ ਨੱਚਦੀ ਦਿੱਸਦੀ । ਉਸਦਾ ਕਦੇ ਝਾੜੂ ਫੇਰਨਾ, ਕਦੀ ਚੁੱਲ੍ਹਾ ਬਾਲਣਾ, ਕਦੇ ਵੇਹੜੇ ਦੀ ਟੂਟੀ 'ਚੋਂ ਪਾਣੀ ਭਰਨਾ
ਅਤੇ ਕਦੇ ਨਵੀਂ ਮਾਂ ਨੂੰ ਦੁੱਧ ਦੀ ਕੌਲੀ ਫੜਾ ਜਾਣਾ ਮੈਨੂੰ ਕਿਸੇ ਮਦਾਰੀ ਦੇ ਖੇਡ ਵਰਗਾ ਲੱਗਦਾ ਸੀ, ਕਿਓਂਕਿ ਮੇਰੇ ਲਈ ਉਹ ਸਾਰੇ ਕੰਮ ਕਰਨਾ
ਨਾਮੁਮਕਿਨ ਸੀ ।
ਪਰ ਜਦੋਂ ਉਸ ਹੈਰਾਨ-ਪਰੇਸ਼ਾਨ ਕਰ ਦੇਣ ਵਾਲੇ ਕੌਤਕ ਨੂੰ ਨਜ਼ਰਅੰਦਾਜ਼ ਕਰ ਕੇ ਚਾਚੀ ਦੀ ਖਰਵੀ ਅਵਾਜ਼ ਗੂੰਜਦੀ - ਜਿਸ ਵਿਚ ਕਦੇ ਕਦੇ
ਪੰਡਿਤ ਜੀ ਦੀ ਝਿੜੱਕ ਵੀ ਸ਼ਾਮਿਲ ਹੋ ਜਾਂਦੀ ਸੀ - ਤਦ ਮੈਂ ਪਤਾ ਨਹੀਂ ਕਿਹੜੇ ਦੁੱਖ ਦੀ ਛਾਂ ਨਾਲ ਘਿਰ ਜਾਂਦੀ ਸਾਂ । ਜਿਸਦੀਆਂ ਨਿਪੁੰਨਤਾ ਦੀਆਂ
ਮਿਸਾਲਾਂ ਦੇਕੇ ਮੇਰਾ ਖਿਲੰਦੜਾਪਨ ਰੋਕਿਆ ਜਾਂਦਾ ਸੀ, ਉਹੀ ਬਿੰਦਾ ਆਪਣੇ ਘਰ 'ਚ ਕਿਹੜੀਆਂ ਚੁਲਬੁਲੀਆਂ ਕਰਦੀ ਸੀ, ਇਹ ਮੈਨੂੰ ਬੜੀ
ਕੋਸ਼ਿਸ਼ ਕਰਕੇ ਵੀ ਨਹੀਂ ਸੀ ਸਮਝ ਆਉਂਦਾ । ਮੈਂ ਇਕ ਵੀ ਕੰਮ ਨਹੀਂ ਸਾਂ ਕਰਦੀ, ਉਤੋਂ ਦਿਨ-ਰਾਤ ਸ਼ਰਾਰਤਾਂ; ਪਰ ਮੇਰੀ ਮਾਂ ਨੇ ਮੈਨੂੰ ਕਦੇ ਮਰ
ਜਾਣ ਲਈ ਨਹੀਂ ਕਿਹਾ, ਨਾ ਹੀ ਕਦੇ ਇਹ ਕਹਿ ਕੇ ਡਰਾਇਆ ਕਿ ਮੇਰੀਆਂ ਅੱਖਾਂ ਕੱਢ ਲਵੇਗੀ ।
ਮੈਂ ਇਕ ਵਾਰ ਆਪਣੀ ਮਾਂ ਨੂੰ ਪੁੱਛਿਆ ਵੀ, 'ਕੀ ਚਾਚੀ ਤੇਰੇ ਵਰਗੀ ਹੈ?' ਮਾਂ ਨੂੰ ਪਤਾ ਨਹੀਂ ਮੇਰੀ ਗੱਲ ਕਿੰਨੀ ਕੁ ਸਮਝ ਆਈ, ਪਰ
ਉਸਦੇ ਸੰਖਿਪਤ ਜਿਹੇ ਜਵਾਬ 'ਹਾਂ' ਨੇ ਨਾ ਮੇਰੀ ਸਮੱਸਿਆ ਹੱਲ ਕੀਤੀ ਤੇ ਨਾ ਹੀ ਮੇਰੀ ਉਲਝਣ ਦਾ ਇਲਾਜ ।
ਬਿੰਦਾ ਮੇਰੇ ਤੋਂ ਵੱਡੀ ਹੀ ਹੋਵੇਗੀ, ਪਰ ਉਸਦਾ ਗਿੱਠਾਪਨ ਵੇਖਕੇ ਇੰਜ ਜਾਪਦਾ ਸੀ ਜਿਵੇਂ ਕਿਸੇ ਨੇ ਉਸਨੂੰ ਉੱਤੋਂ ਦੱਬ ਕੇ ਕੁੱਛ ਛੋਟਾ
ਕਰ 'ਤਾ ਹੋਵੇ । ਦੋ ਪੈਸਿਆਂ ਦੀ ਸਸਤੀ ਜਿਹੀ ਡੱਫਲੀ ਦੇ ਉੱਤੇ, ਝਿੱਲੀ ਵਰਗੇ ਪਤਲੇ, ਮੜੇ ਚਮੜੇ ਵਾਲੇ ਅਤੇ ਹਰੀਆਂ ਨੱਸਾਂ ਦੀ ਝਲਕ ਦੇਂਦੇ
ਉਸਦੇ ਲਿੱਸੇ ਹੱਥ-ਪੈਰ ਕਿਸੇ ਅਨਜਾਣੇ ਡਰ ਨਾਲ ਸੁੰਨ ਰਹਿੰਦੇ ਸਨ । ਕਿਤੇ ਕੋਈ ਖਟਕਾ ਹੁੰਦਿਆਂ ਹੀ ਉਸਦਾ ਤ੍ਰਬਕ ਪੈਣਾ, ਪੰਡਤੈਨ ਚਾਚੀ ਦੀ
ਅਵਾਜ਼ ਸੁਣਦਿਆਂ ਹੀ ਉਸਦੀ ਕੰਬਣੀ ਛਿੜ ਜਾਣਾ... ਮੇਰੇ ਅਚੰਭੇ ਨੂੰ ਸਿਰਫ਼ ਵਧਾ ਨਹੀਂ ਸਨ ਦੇਂਦੇ, ਬਲਕਿ ਉਸਨੂੰ ਇਕ ਖ਼ੌਫ਼ ਵਿਚ ਬਦਲ ਦੇਂਦੇ
ਸਨ । ਨਾਲੇ ਬਿੰਦਾ ਦੀਆਂ ਅੱਖਾਂ ਵੇਖ ਕੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਕੋਈ ਪੰਛੀ ਪਿੰਜਰੇ 'ਚ ਬੰਦ ਹੋਵੇ ।
ਇਕ ਵਾਰ ਉਸਨੇ ਦੋ-ਤਿੰਨ ਕਰਦਿਆਂ ਤਾਰੇ ਗਿਣਦੇ-ਗਿਣਦੇ ਇਕ ਚਮਕਦਾਰ ਤਾਰੇ ਵੱਲ ਇਸ਼ਾਰਾ ਕੀਤਾ, 'ਉਹ ਵੇਖ ਮੇਰੀ ਮਾਂ ।'
ਮੇਰੀ ਹੈਰਾਨੀ ਦਾ ਤਾਂ ਕੋਈ ਠਿਕਾਣਾ ਹੀ ਨਾ ਰਿਹਾ, 'ਕਿਉਂ, ਸਭ ਦੀ ਇਕ ਮਾਂ ਘਰੇ ਤੇ ਇਕ ਤਾਰਿਆਂ 'ਚ ਹੁੰਦੀ ਹੈ?' ਬਿੰਦਾ ਨੇ ਉਸ ਦਿਨ ਆਪਣੇ
ਗਿਆਨ ਦੇ ਖ਼ਜ਼ਾਨੇ 'ਚੋਂ ਮੈਨੂੰ ਕੁਛ ਮੋਤੀ ਦਿੱਤੇ ਅਤੇ ਮੈਨੂੰ ਸਮਝ ਆਇਆ ਕਿ ਜਿਸ ਮਾਂ ਨੂੰ ਰੱਬ ਆਪਣੇ ਕੋਲ ਬੁਲਾ ਲੈਂਦਾ ਹੈ, ਉਹ ਤਾਰਾ ਬਣਕੇ
ਉੱਤੋਂ ਬੱਚਿਆਂ ਨੂੰ ਵੇਖਦੀ ਰਹਿੰਦੀ ਹੈ । ਦੂਜੀ, ਜਿਹੜੀ ਬਹੁਤ ਸੱਜ-ਸਵਰ ਕੇ ਘਰ ਆਉਂਦੀ ਹੈ ਉਹ ਬਿੰਦਾ ਦੀ ਨਵੀਂ ਮਾਂ ਵਰਗੀ ਹੁੰਦੀ ਹੈ । ਮੇਰਾ
ਦਿਮਾਗ਼ ਥੋੜੀ ਕੀਤਿਆਂ ਹਾਰ ਨਹੀਂ ਮੰਨਦਾ । ਇਸਲਈ ਮੈਂ ਕੁਛ ਸੋਚਕੇ ਉਸਨੂੰ ਕਿਹਾ - 'ਤੂੰ ਇੱਦਾਂ ਕਿਉਂ ਨਹੀਂ ਕਰਦੀ ਕਿ ਆਪਣੀ ਨਵੀਂ ਮਾਂ ਨੂੰ
ਪੁਰਾਣੀ ਮਾਂ ਕਹਿਣਾ ਸ਼ੁਰੂ ਕਰਦੇ, ਫਿਰ ਨਾ ਉਹ ਨਵੀਂ ਰਹੇਗੀ, ਨਾ ਤੈਨੂੰ ਝਿੜਕੇਗੀ ।’
ਬਿੰਦਾ ਨੂੰ ਮੇਰਾ ਸੁਝਾਉ ਕੁਛ ਜਚਿਆ ਨਹੀਂ, ਕਿਉਂਕਿ ਉਸਨੇ ਤਾਂ ਆਪ ਆਪਣੀ ਪੁਰਾਣੀ ਮਾਂ ਨੂੰ ਖੁੱਲੀ ਪਾਲਕੀ 'ਚ ਲੇਟਕੇ ਜਾਂਦੇ ਅਤੇ ਨਵੀਂ ਮਾਂ
ਨੂੰ ਬੰਦ ਪਾਲਕੀ 'ਚ ਬਹਿਕੇ ਆਉਂਦੇ ਵੇਖਿਆ ਸੀ । ਇਸਲਈ ਉਹਦੇ ਵਾਸਤੇ ਕਿਸੇ ਨੂੰ ਵੀ ਖਾਰਜ ਕਰ ਦੇਣਾ ਔਖਾ ਕੰਮ ਸੀ, ਪਰ ਮੇਰਾ ਮਨ
ਉਸਦੀ ਕਹਾਣੀ ਤੋਂ ਇੰਨਾ ਵਿਆਕੁਲ ਹੋਇਆ ਕਿ ਮੈਂ ਉਸੀ ਰਾਤ ਆਪਣੀ ਮਾਂ ਨੂੰ ਮਿੰਨਤ ਕੀਤੀ - 'ਤੂੰ ਕਦੇ ਵੀ ਤਾਰਾ ਨਾ ਬਣੀਂ, ਭਾਂਵੇ ਰੱਬ ਤੈਨੂੰ
ਕਿੰਨਾ ਹੀ ਚਮਕੀਲਾ ਤਾਰਾ ਬਣਾਵੇ ।' ਮਾਂ ਵਿਚਾਰੀ ਮੇਰੀ ਗੱਲ ਤੇ ਹੈਰਾਨ ਹੋਕੇ ਵੀ ਕੁਛ ਨਾ ਬੋਲੀ, ਪਰ ਮੈਂ ਆਪ ਹੀ ਉਸਨੂੰ ਖੁੱਲਕੇ ਸਮਝਾ ਦਿੱਤਾ,
'ਨਹੀਂ ਤਾਂ ਪੰਡਤੈਨ ਚਾਚੀ ਵਰਗੀ ਕੋਈ ਨਵੀਂ ਮਾਂ ਪਾਲਕੀ 'ਚ ਬਹਿਕੇ ਆ ਜਾਵੇਗੀ ਅਤੇ ਫਿਰ ਮੇਰਾ ਦੁੱਧ, ਬਿਸਕੁਟ, ਜਲੇਬੀ ਸਾਰਾ ਕੁਛ ਬੰਦ ਹੋ
ਜਾਵੇਗਾ - ਨਾਲੇ ਮੈਨੂੰ ਵੀ ਬਿੰਦਾ ਬਨਣਾ ਪਊਗਾ । ਮਾਂ ਨੇ ਕੀ ਜਵਾਬ ਦਿੱਤਾ ਉਹ ਤਾਂ ਚੇਤੇ ਨਹੀਂ ਆਉਂਦਾ, ਪਰ ਇੰਨਾ ਯਾਦ ਹੈ ਕਿ ਉਸ ਰਾਤ ਮੈਂ
ਮਾਂ ਦੀ ਸਾੜੀ ਦਾ ਪੱਲਾ ਮੁੱਠੀ 'ਚ ਦੱਬ ਕੇ ਹੀ ਸੌਂ ਸਕੀ ਸਾਂ ।
ਬਿੰਦਾ ਦੇ ਅਪਰਾਧ ਤਾਂ ਮੇਰੇ ਕਦੇ ਪੱਲੇ ਨਹੀਂ ਪਏ, ਪਰ ਪੰਡਤੈਨ ਚਾਚੀ ਦੀ ਕਚਹਿਰੀ ਤੋਂ ਮਿਲਣ ਵਾਲੀ ਸਜ਼ਾ ਦੇ ਸਾਰੇ ਰੂਪ ਮੈਨੂੰ
ਸਮਝ ਆ ਚੁੱਕੇ ਸਨ । ਗਰਮੀਆਂ ਦੀ ਦੁਪਹਿਰੇ ਮੈਂ ਬਿੰਦਾ ਨੂੰ ਵੇਹੜੇ ਦੀ ਸਾੜਵੀਂ ਜ਼ਮੀਨ 'ਤੇ ਬਾਰ-ਬਾਰ ਪੈਰ ਚੁਕਦਿਆਂ-ਰੱਖਦਿਆਂ ਘੰਟਿਆਂ ਤਕ
ਖੜੋਤੇ ਵੇਖਿਆ ਸੀ । ਚੌਂਕੇ ਦੇ ਥੰਮ ਨਾਲ ਪੂਰਾ-ਪੂਰਾ ਦਿਨ ਬੰਨਿਆਂ ਵੇਖਿਆ ਸੀ । ਭੂਸੇ ਵਾੰਗ ਮੁਰਝਾਏ ਚਿਹਰੇ ਨਾਲ ਪਹਰਾਂ-ਪਹਰ ਨਵੀਂ ਮਾਂ ਅਤੇ
ਉਸਦੇ ਨਾਲ ਭੰਗੂੜੇ 'ਚ ਲੇਟੇ ਮੋਹਨ ਨੂੰ ਪੱਖਾ ਝੱਲਦਿਆਂ ਵੇਖਿਆ ਸੀ । ਨਾ ਸਿਰਫ਼ ਗ਼ਲਤੀ ਦਾ, ਬਿਨਾ ਕਿਸੇ ਗ਼ਲਤੀ ਦਾ ਦੰਡ ਵੀ ਬਿੰਦਾ ਨੂੰ
ਸਹਿਣਾ ਪੈਂਦਾ ਸੀ - ਇਸੇ ਕਰਕੇ ਜਦੋਂ ਪੰਡਿਤ ਜੀ ਦੀ ਰੋਟੀ ਦੀ ਥਾਲੀ 'ਚੋਂ ਪੰਡਤੈਨ ਚਾਚੀ ਦਾ ਕਾਲਾ ਮੋਟਾ ਤੇ ਘੁੰਘਰਾਲਾ ਵਾਲ ਮਿਲਿਆ ਤਾਂ ਵੀ
ਸਜ਼ਾ ਬਿੰਦਾ ਨੂੰ ਹੀ ਮਿਲੀ ।
ਉਸਦੇ ਛੋਟੇ-ਛੋਟੇ, ਆਪਣੇ ਹੱਥੀਂ ਨਾ ਧੋਤੇ ਜਾ ਸਕਣ ਵਾਲੇ, ਅੜਕਾਂ ਵਾਲੇ, ਸੁੱਕੇ ਵਾਲ ਵੀ ਮੈਨੂੰ ਆਪਣੀ ਕੁਦਰਤੀ ਭੂਰੀ ਰੰਗਤ ਅਤੇ ਕੋਮਲਤਾ
ਦੀ ਵਜ੍ਹਾ ਨਾਲ ਬੜੇ ਚੰਗੇ ਲੱਗਦੇ ਸਨ । ਜਦੋਂ ਪੰਡਤੈਨ ਚਾਚੀ ਨੇ ਕੈਂਚੀ ਨਾਲ ਉਨ੍ਹਾਂ ਨੂੰ ਕੱਟ ਕੇ ਕੂੜੇ ਦੇ ਢੇਰ ਤੇ ਫੈਲਾ 'ਤਾ ਅਤੇ ਉੰਨਾਂ ਦੀ ਥ੍ਹਾਂ
ਬਿੱਲੀ ਦੀਆਂ ਕਾਲੀਆਂ ਧਾਰੀਆਂ ਵਰਗੀਆਂ ਲਕੀਰਾਂ ਬਣਾ ਦਿੱਤੀਆਂ ਤਾਂ ਮੇਰਾ ਰੋਣਾ ਹੀ ਨਿਕਲ ਗਿਆ । ਪਰ ਬਿੰਦਾ ਐਵੇਂ ਅਡੋਲ ਬੈਠੀ ਰਹੀ ਜਿਵੇਂ
ਉਸਦੇ ਵਾਲ ਅਤੇ ਸਿਰ ਦੋਨੋਂ ਨਵੀਂ ਮਾਂ ਦੇ ਹੀ ਹੋਣ ।
ਇਕ ਦਿਨ ਹੋਰ ਚੇਤੇ ਆਉਂਦਾ ਹੈ... ਚੁੱਲੇ ਤੇ ਚੜ੍ਹਿਆ ਦੁੱਧ ਉਬਲਣ ਵਾਲਾ ਸੀ, ਬਿੰਦਾ ਨੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਗਰਮ
ਪਤੀਲਾ ਉਤਾਰ ਤਾਂ ਲਿਆ, ਪਰ ਉਹ ਉਸਦੀਆਂ ਉਂਗਲਾਂ 'ਚੋਂ ਛੁੱਟ ਕੇ ਡਿੱਗ ਪਿਆ । ਖੌਲਦੇ ਦੁੱਧ ਨਾਲ ਜੱਲੇ ਆਪਣੇ ਪੈਰਾਂ ਸਮੇਤ ਦਰਵਾਜ਼ੇ ਨਾਲ
ਲੱਗੀ ਬਿੰਦਾ ਦਾ ਰੋਣਾ ਵੇਖਕੇ ਮੈਂ ਹੱਕੀ-ਬੱਕੀ ਰਹਿ ਗਈ । ਮੇਰੇ ਲਈ ਇਹ ਸਮਝਣਾ ਔਖਾ ਸੀ ਕਿ ਪੰਡਤੈਨ ਚਾਚੀ ਨੂੰ ਕਹਿ ਕੇ ਉਹ ਕੋਈ ਦਵਾਈ
ਕਿਉਂ ਨਹੀਂ ਲਗਵਾ ਲੈਂਦੀ ।
ਉੱਤੋਂ ਜਦ ਬਿੰਦਾ ਮੇਰਾ ਹੱਥ ਫੱੜਕੇ ਆਪਣੇ ਜ਼ੋਰ ਨਾਲ ਧੜਕਦੇ ਦਿਲ 'ਤੇ ਲਾ ਕੇ ਮੈਨੂੰ ਕਹਿਣ ਲੱਗੀ ਕਿ ਮੈਂ ਉਸਨੂੰ ਕਿਤੇ ਲੁਕਾ ਲਵਾਂ ਤਾਂ ਮੇਰੇ ਵਾਸਤੇ ਉਹ ਸਭ ਰਹੱਸਪੂਰਨ ਹੋ ਗਿਆ । ਮੈਂ ਉਸਨੂੰ ਖਿੱਚਕੇ ਆਪਣੇ ਘਰ ਤਾਂ ਲੈ ਆਈ, ਪਰ ਨਾ ਮੈਂ ਉਸਨੂੰ ਉਪਰ ਆਪਣੀ ਮਾਂ ਕੋਲ ਲਿਜਾ ਸਕੀ, ਨਾ ਉਸਦੇ ਲੁੱਕਣ ਦੀ ਕੋਈ ਥਾਂ ਹੀ ਲੱਭ ਸਕੀ । ਇੰਨੇ ਵਿਚ ਕੰਧ ਉੱਤੋਂ ਲੰਘ ਕੇ ਆਉਂਦੀ ਪੰਡਤੈਨ ਚਾਚੀ ਦੀ ਉੱਚੀ 'ਤੇ ਡਰਾਵਣੀ ਅਵਾਜ਼ ਨੇ ਸਾਨੂੰ ਇੰਨਾ ਦਹਿਸ਼ਤ 'ਚ ਪਾ ਦਿੱਤਾ ਕਿ ਅਸੀਂ ਹੜਬੜੀ 'ਚ ਉਸ ਕੋਠੜੀ ਵਿੱਚ ਜਾ ਵੜੀਆਂ ਜਿਹਦੇ ਵਿਚ ਗਾਂ ਲਈ ਪੱਠੇ ਰੱਖੇ ਜਾਂਦੇ ਸਨ । ਮੈਨੂੰ ਤਾਂ ਪੱਤੀਆਂ ਵੀ ਚੁਭ ਰਹੀਆਂ ਸਨ, ਹਨੇਰਾ ਵੀ ਤਕਲੀਫ਼ ਦੇ ਰਿਹਾ ਸੀ, ਪਰ ਬਿੰਦਾ ਆਪਣੇ ਸੜੇ ਪੈਰ ਘਾਹ ਵਿਚ ਪਾਕੇ, ਆਪਣੇ ਠੰਡੇ ਹੱਥਾਂ 'ਚ ਮੇਰਾ ਹੱਥ ਫੜੀ ਇੰਜ ਬੈਠੀ ਸੀ ਜਿਵੇਂ ਉਹ ਚੁਭਦਾ ਘਾਹ ਕੋਈ ਰੇਸ਼ਮੀ ਵਿਛੌਣਾ ਹੋਵੇ ।
ਮੇਰੀ ਸ਼ਾਇਦ ਅੱਖ ਲੱਗ ਗਈ ਸੀ, ਕਿਉਂਕਿ ਪੱਠੇ ਕੱਢਣ ਆਇਆ ਗੋਪੀ ਉਸ ਅਜੀਬ ਨਜ਼ਾਰੇ ਦਾ ਐਲਾਨ ਕਰਨ ਲਈ ਰੌਲਾ ਪਾਣ ਲੱਗਾ ਤਾਂ ਮੈਂ ਅੱਖਾਂ ਮਲਦਿਆਂ ਪੁੱਛਿਆ, 'ਦਿਨ ਚੱੜ ਆਇਐ?'
ਮੇਰੀ ਮਾਂ ਨੇ ਬਿੰਦਾ ਦੇ ਪੈਰਾਂ 'ਤੇ ਚੂਨੇ ਦਾ ਪਾਣੀ ਅਤੇ ਤਿਲਾਂ ਦਾ ਤੇਲ ਲਗਾਕੇ ਕਿਸੇ ਖ਼ਾਸ ਨੌਕਰ ਨਾਲ ਉਸਨੂੰ ਉਹਦੇ ਘਰ ਭਿਜਵਾ 'ਤਾ ।
ਬਿੰਦਾ ਨਾਲ ਫਿਰ ਕੀ ਗੁਜ਼ਰੀ ਉਹ ਤਾਂ ਨਹੀਂ ਪਤਾ, ਪਰ ਇੰਨਾ ਮੈਨੂੰ ਪਤਾ ਸੀ ਕਿ ਪੰਡਤੈਨ ਚਾਚੀ ਦੇ ਨਿਆਏ- ਵਿਧਾਨ 'ਚ ਨਾ ਖਿਮਾ ਦੀ ਕੋਈ
ਥਾਂ ਸੀ 'ਤੇ ਨਾ ਹੀ ਕੋਈ ਅਪੀਲ ਦਾ ਹੱਕ ।
ਕੁਛ ਦਿਨ ਬਿੰਦਾ ਨੂੰ ਮੈਂ ਘਰ ਦਾ ਕੋਈ ਕੰਮ ਕਰਦਿਆਂ ਨਹੀਂ ਵੇਖਿਆ । ਮੇਰੀ ਮਾਂ ਨੇ ਮੇਰਾ ਉਸਦੇ ਘਰ ਜਾਣਾ ਰੋਕ ਦਿੱਤਾ ਸੀ; ਪਰ
ਉਹ ਆਪ ਕਦੇ-ਕਦੇ ਅੰਗੂਰ 'ਤੇ ਸੇਬ ਲੈਕੇ ਉੱਥੇ ਜ਼ਰੂਰ ਜਾਂਦੀ ਸੀ । ਬੜੀ ਖੁਸ਼ਾਮਦ ਕਰਵਾਕੇ ਨੌਕਰਾਣੀ ਰੂਕੀਆ ਨੇ ਮੈਨੂੰ ਦੱਸਿਆ ਕਿ ਉੰਨਾਂ ਦੇ
ਘਰ ਮਹਾਰਾਣੀ ਆਈ ਹੋਈ ਹੈ । ਜਦੋਂ ਮੈਂ ਪੁੱਛਿਆ ਕਿ 'ਉਹ ਮੈਨੂੰ ਨਹੀਂ ਮਿਲ ਸਕਦੀ?' ਤਾਂ ਮੂੰਹ 'ਚ ਕੱਪੜਾ ਠੂਸ ਕੇ ਹਾਸਾ ਰੋਕਣ ਲੱਗ ਪਈ ।
ਜਦੋਂ ਮੇਰੀ ਸ਼ੰਕਾ ਦਾ ਕੋਈ ਹੱਲ ਨਾ ਨਿਕਲਿਆ ਤਾਂ ਮੈਂ ਇਕ ਦਿਨ ਦੁਪਹਿਰੀ ਸਭਦੀ ਨਜ਼ਰ ਬਚਾਕੇ ਬਿੰਦਾ ਦੇ ਘਰ ਜਾ ਪਹੁੰਚੀ । ਥੱਲੇ
ਦੇ ਸੁਨਸਾਨ ਹਿੱਸੇ 'ਚ ਬਿੰਦਾ ਕੱਲੀ ਇਕ ਮੰਜੀ 'ਤੇ ਲੰਮੀ ਪਈ ਸੀ । ਅੱਖਾਂ ਜਿਵੇਂ ਖੱਡਿਆਂ ਵਿਚ ਧੱਸ ਗਈਆਂ ਸਨ, ਮੂੰਹ ਦਾਣਿਆਂ ਨਾਲ ਭਰਕੇ ਹੋਰ
ਹੀ ਤਰਾਂ ਦਾ ਹੋ ਗਿਆ ਸੀ, ਅਤੇ ਮੈਲੀ ਚਾਦਰ ਹੇਠ ਛੁਪਿਆ ਮਾੜਾ ਜਿਹਾ ਸ਼ਰੀਰ ਬਿਸਤਰੇ ਤੋਂ ਵੱਖ ਨਹੀਂ ਸੀ ਦਿਸਦਾ । ਡਾਕਟਰ, ਦਵਾਈ
ਦੀਆਂ ਸ਼ੀਸ਼ਿਆਂ, ਸਿਰ 'ਤੇ ਹੱਥ ਫੇਰਦੀ ਮਾਂ, ਅਤੇ ਮੰਜੇ ਦੇ ਦੁਆਲੇ ਚੱਕਰ ਕੱਟਦੇ ਬਾਊਜੀ ਤੋਂ ਬਿਨਾ ਵੀ ਕੋਈ ਬਿਮਾਰੀ ਹੁੰਦੀ ਹੈ, ਇਹ ਮੈਨੂੰ ਪਤਾ
ਹੀ ਨਹੀਂ ਸੀ । ਇਸਲਈ ਕੱਲੀ ਪਈ ਬਿੰਦਾ ਦੇ ਲਾਗੇ ਖੜਕੇ ਮੈਂ ਹੈਰਾਨੀ ਨਾਲ ਚਾਰੋਂ ਪਾਸੇ ਵੇਖਦੀ ਰਹੀ ।
ਬਿੰਦਾ ਨੇ ਆਪ ਹੀ ਕੁਛ ਇਸ਼ਾਰਿਆਂ ਨਾਲ 'ਤੇ ਕੁਛ ਅਸਪਸ਼ਟ ਸ਼ਬਦਾਂ 'ਚ ਦੱਸਿਆ ਕਿ ਨਵੀਂ ਮਾਂ ਮੋਹਨ ਨਾਲ ਉਤਲੇ ਹਿੱਸੇ 'ਚ ਹੀ ਰਹਿੰਦੀ
ਹੈ, ਸ਼ਾਇਦ ਚੇਚਕ ਦੇ ਡਰ ਦੇ ਮਾਰੇ । ਸਵੇਰੇ-ਸ਼ਾਮ ਆਕੇ ਬਰੌਨੀ (ਕੋਈ ਕੰਮ ਵਾਲੀ) ਉਸਦਾ ਕੰਮ ਕਰ ਜਾਂਦੀ ਹੈ ।
ਉਸਤੋਂ ਬਾਅਦ ਮੈਂ ਬਿੰਦਾ ਨੂੰ ਨਹੀਂ ਮਿਲ ਸਕੀ, ਕਿਉਂਕਿ ਮੇਰੀ ਇਸ ਹੁਕਮ-ਅਦੂਲੀ ਤੋਂ ਮਾਂ ਬੜੀ ਫ਼ਿਕਰਮੰਦ ਹੋ ਗਈ ਸੀ । ਇਕ ਦਿਨ
ਸਵਰੇ ਹੀ ਰੂਕੀਆ ਨੇ ਆਕੇ ਮਾਂ ਨੂੰ ਪਤਾ ਨਹੀਂ ਕੀ ਦੱਸਿਆ ਕਿ ਮਾਂ ਆਪਣਾ ਰਮਾਇਣ ਦਾ ਪਾਠ ਬੰਦ ਕਰਕੇ, ਅੱਖਾਂ ਪੂੰਝਦੀ, ਬਿੰਦਾ ਦੇ ਘਰ ਵੱਲ
ਨਿਕਲ ਗਈ । ਜਾਣ ਲੱਗਿਆਂ ਉਹ ਮੈਨੂੰ ਬਾਹਰ ਨਾ ਨਿਕਲਣ ਦੀ ਤਾਕੀਦ ਕਰ ਗਈ, ਜਿਸ ਕਰਕੇ ਮੇਰਾ ਇਧਰ-ਉਧਰ ਤਾਕਾ-ਝਾਂਕੀ ਕਰਨਾ
ਜ਼ਰੂਰੀ ਹੋ ਗਿਆ ।
ਰੂਕੀਆ ਮੇਰੇ ਲਈ ਕਿਸੇ ਜਾਣੀ-ਜਾਣ ਤੋਂ ਘੱਟ ਨਹੀਂ ਸੀ, ਪਰ ਉਹ ਹੱਥ-ਪੈਰ ਜੁੜਵਾਏ ਬਿਨਾ ਕੁਛ ਦੱਸਦੀ ਨਹੀਂ ਸੀ; ਅਤੇ ਉਹਦੀਆਂ
ਮਿੰਨਤਾਂ ਕਰਨਾ ਮੇਰੀ ਸ਼ਾਨ ਦੇ ਖ਼ਿਲਾਫ਼ ਸੀ । ਆਖ਼ਿਰ, ਬਾਰੀ ਥਾਣੀ ਝਾਂਕਕੇ ਮੈਨੂੰ ਹੋਰ ਤਾਂ ਕੁਛ ਦਿਸਿਆ ਨਹੀਂ, ਬੱਸ ਬੰਦਿਆਂ ਦੀ ਉਹੋ ਜਿਹੀ
ਭੀੜ ਜਮਾ ਦਿਸੀ ਜਿਹੜੀ ਕਿਸੇ ਬਰਾਤ ਜਾਂ ਵਿਆਹ ਦੇ ਮੌਕੇ 'ਤੇ ਹੁੰਦੀ ਹੈ ।
ਮਤਲਬ ਉਸ ਘਰ 'ਚ ਕੋਈ ਵਿਆਹ ਹੈ, ਪਰ ਕਿਸਦਾ? ਇਹੋ ਜਿਹੇ ਸਵਾਲ ਮੇਰੇ ਦਿਮਾਗ਼ ਦਾ ਇਮਤਿਹਾਨ ਲੈ ਰਹੇ ਸਨ । ਪੰਡਿਤ
ਜੀ ਦਾ ਵਿਆਹ ਤਾਂ ਹੁਣ ਉਦੋਂ ਹੋਵੇਗਾ ਜਦੋਂ ਪੰਡਤੈਨ ਚਾਚੀ ਵੀ ਮਰਕੇ ਤਾਰਾ ਬਣ ਜਾਵੇਗੀ । ਹਾਲੇ ਠੀਕ ਤਰਾਂ ਬਹਿ ਵੀ ਨਾ ਸੱਕਣ ਵਾਲੇ ਮੋਹਨ
ਦਾ ਤਾਂ ਵਿਆਹ ਹੋ ਨਹੀਂ ਸਕਦਾ । ਸਭ ਸੋਚ-ਵਿਚਾਰ ਕਰਕੇ ਮੈਂ ਇਸ ਨਤੀਜੇ 'ਤੇ ਪਹੁੰਚੀ ਕਿ ਵਿਆਹ ਬਿੰਦਾ ਦਾ ਹੀ ਹੋ ਰਿਹਾ ਹੈ, ਅਤੇ ਉਸਨੇ
ਮੈਨੂੰ ਬੁਲਾਇਆ ਤੱਕ ਨਹੀਂ! ਇਸ ਨਿਰਾਦਰ ਤੋਂ ਦੁਖੀ ਹੋਕੇ ਮੇਰਾ ਬੜਾ ਦਿਲ ਕੀਤਾ ਕਿ ਸਾਰੇ ਗੁੱਡੇ-ਗੁੱਡੀਆਂ ਨੂੰ ਗਵਾਹ ਬਣਾਕੇ ਪ੍ਰਣ ਕਰ ਲਵਾਂ ਕਿ
ਆਪਣੇ ਕਿਸੇ ਵੀ ਸ਼ੁਭ ਸਮਾਰੋਹ ਵਿਚ ਬਿੰਦਾ ਨੂੰ ਨਹੀਂ ਸੱਦਣਾ ।
ਫਿਰ ਕਈ ਦਿਨਾਂ ਤਕ ਬਿੰਦਾ ਦੇ ਘਰ ਵੱਲ ਝਾਤੀਆਂ ਮਾਰਨ ਮਗਰੋਂ ਮੈਂ ਮਾਂ ਨੂੰ ਉਸਦੇ ਸਹੁਰਿਓਂ ਵਾਪਸ ਆਉਣ ਬਾਰੇ ਪੁੱਛਿਆ ਤਾਂ
ਪਤਾ ਲੱਗਾ ਕਿ ਉਹ ਤਾਂ ਆਪਣੀ ਅਕਾਸ਼ 'ਚ ਵਸਦੀ ਮਾਂ ਕੋਲ ਚਲੀ ਗਈ ਹੋਈ ਸੀ । ਉਸ ਦਿਨ ਤੋਂ ਮੈਂ ਅਕਸਰ ਚਮਕੀਲੇ ਤਾਰੇ ਦੇ ਆਲੇ-ਦੁਆਲੇ
ਫੈਲੇ ਛੋਟੇ ਤਾਰਿਆਂ ਵਿਚ ਬਿੰਦਾ ਨੂੰ ਲੱਭਦੀ ਰਹੀ; ਪਰ ਇੰਨੀ ਦੂਰੋਂ ਪਛਾਣਨਾ ਕਿਹੜਾ ਸੌਖਾ ਸੀ!
ਕਿੰਨਾ ਸਮਾਂ ਬੀਤ ਚੁੱਕਿਆ ਹੈ, ਪਰ ਬਿੰਦਾ ਅਤੇ ਉਸਦੀ ਨਵੀਂ ਮਾਂ ਦੀ ਕਹਾਣੀ ਖ਼ਤਮ ਨਹੀਂ ਹੋਈ ।
ਕੌਣ ਦੱਸ ਸਕਦਾ ਹੈ, ਕਦੇ ਖ਼ਤਮ ਹੋਏਗੀ ਵੀ ਜਾਂ ਨਹੀਂ…
ਅਨੁਵਾਦ: ਮੋਹਨਜੀਤ ਕੁਕਰੇਜਾ (ਐਮਕੇ)