Bilasi (Bangla Story in Punjabi) : Sharat Chandra Chattopadhyay

ਬਿਲਾਸੀ (ਬੰਗਾਲੀ ਕਹਾਣੀ) : ਸ਼ਰਤ ਚੰਦਰ ਚੱਟੋਪਾਧਿਆਏ

ਪੂਰੇ ਦੋ ਕੋਹ ਰੋਜ਼ ਤੁਰਕੇ ਸਕੂਲ ਪੜ੍ਹਨ ਜਾਂਦਾ ਹਾਂ। ਮੈਂ ਇਕੱਲਾ ਨਹੀਂ ਦਸ ਬਾਰਾਂ ਮੁੰਡੇ ਹੋਰ ਵੀ ਹਨ। ਪੇਂਡੂ ਮੁੰਡਿਆਂ ਦਾ ਸੌ ਵਿੱਚੋਂ ਅੱਸੀਆਂ ਦਾ ਇਹੋ ਹਾਲ ਹੈ। ਇਸ ਤਰ੍ਹਾਂ ਕਰਨ ਨਾਲ ਲਾਭ ਪ੍ਰਾਪਤ ਹੋਣ ਦੇ ਅੰਕਾਂ ਅੱਗੇ ਕੋਈ ਸਿਫਰਾਂ ਨ ਲੱਗਣ ਤੇ ਵੀ ਕੁਝ ਨ ਕੁਝ ਸੋਚਣਾ ਪੈਂਦਾ ਹੈ।
ਜਿਨਾਂ ਬੱਚਿਆਂ ਨੂੰ ਚਾਰ ਕੋਹ ਜਾਣ ਤੇ ਚਾਰ ਕੋਹ ਆਉਣਾ ਪੈਂਦਾ ਹੈ ਉਨ੍ਹਾਂ ਦੀ ਪੜ੍ਹਾਈ ਨੂੰ ਉਹੋ ਹੀ ਜਾਣਦੇ ਹਨ। ਮੀਂਹ ਜਾਏ ਹਨੇਰੀ ਜਾਏ, ਵਿਚਾਰਿਆਂ ਨੂੰ ਅੱਠ ਵਜੇ ਸਵੇਰੇ ਰੋਟੀ ਪੱਲੇ ਬੰਨ੍ਹ ਕੇ ਤੁਰਨਾ ਪੈਂਦਾ ਹੈ ਤੇ ਸ਼ਾਮ ਨੂੰ ਤਾਰਿਆਂ ਦੀ ਛਾਵੇਂ ਘਰ ਆਉਣਾ ਪੈਂਦਾ ਹੈ। ਇਹੋ ਜਹੀ ਹਾਲਤ ਵਿਚ ਵਿਦਿਆ ਦੇਵੀ ਇਹ ਜਹੇ ਭਗਤਾਂ ਨੂੰ ਵਰ ਦੇਵੇ ਜਾਂ ਸਰਾਪ ਇਹ ਫੈਸਲਾ ਕਰਨਾ ਉਸ ਲਈ ਵੀ ਔਖਾ ਹੋ ਜਾਂਦਾ ਹੈ।
ਇਸਤੋਂ ਪਿਛੋਂ ਇਹ ਅੱਠ ਕੋਹੀ ਰੋਜ ਤੁਰਨ ਵਾਲੀ ਪੈਦਲ ਫੌਜ, ਪੜ੍ਹਨ ਪਿੱਛੋਂ ਪਿੰਡ ਨੂੰ ਹੀ ਭਾਗ ਲਾਏਗੀ ਜਾਂ ਢਿੱਡ ਭਰਨ ਲਈ ਕਿਧਰੇ ਬਾਹਰ ਚਲੀ ਜਾਇਗੀ ਕੁਝ ਪਤਾ ਨਹੀਂ। ਕੁਝ ਵੀ ਹੋਵੇ ਇਹ ਅੱਠ ਕੋਹ ਰੋਜ਼ ਦਾ ਪੈਂਡਾ ਕਰਕੇ ਪੜ੍ਹੀ ਹੋਈ ਵਿਦਿਆ ਆਪਣਾ ਤੇਜ ਜਰੂਰ ਦੱਸੇਗੀ।
ਕਈ ਆਖਦੇ ਹਨ, ਜਿਹੜੇ ਰੋਟੀ ਦੇ ਦੁਖੋਂ ਪਿੰਡ ਛੱਡ ਜਾਂਦੇ ਹਨ, ਉਨ੍ਹਾਂ ਦੀ ਗੱਲ ਤਾਂ ਰਹਿਣ ਦਿਓ। ਖਾਂਦੇ ਪੀਦੇ ਲੋਕ ਕਿਉਂ ਟਿੱਕ ਕੇ ਨਹੀਂ ਬਹਿੰਦੇ। ਜੇ ਇਹ ਪੜੇ ਲਿਖੇ ਪਿੰਡਾਂ ਨੂੰ ਛੱਡ ਕੇ ਨਾ ਜਾਣ ਤਾਂ ਪਿੰਡ ਦੀ ਹਾਲਤ ਨ ਸੌਰ ਜਾਏ?
ਮਲੇਰੀਏ ਤੋਂ ਡਰਦੇ ਨਹੀਂ, ਕਈ ਪ੍ਰਵਾਰ ਬੱਚਿਆਂ ਦੀ ਪੜ੍ਹਾਈ ਦੀ ਔਖ ਤੋਂ ਡਰਦੇ, ਉਨ੍ਹਾਂ ਦੇ ਬੱਚਿਆਂ ਨੂੰ ਚਾਰ ਕੋਹ ਰੋਜ ਦਾ ਜਾਣ ਤੇ ਚਾਰ ਕੋਹ ਆਉਣ ਨਾ ਕਰਨੇ ਪਏ, ਪਿੰਡ ਛੱਡਕੇ ਸ਼ਹਿਰੀਂ ਚਲੇ ਜਾਂਦੇ ਹਨ। ਇਹੋ ਜਹੇ ਪ੍ਰਵਾਰਾਂ ਦੀ ਕੋਈ ਗਿਣਤੀ ਨਹੀਂ, ਇਹਦੇ ਪਿੱਛੋਂ ਬਚਿਆਂ ਦੀ ਪੜ੍ਹਾਈ ਤਾਂ ਮੁਕ ਜਾਂਦੀ ਹੈ, ਪਰ ਸ਼ਹਿਰੀ ਜੀਵਣ ਦੇ ਆਦੀ ਹੋ ਜਾਣ ਕਰਕੇ ਫੇਰ ਉਹ ਪਿੰਡੀਂ ਵਾਪਸ ਨਹੀਂ ਆ ਸਕਦੇ।
ਰਹਿਣ ਦਿਉ, ਇਹਨਾਂ ਵਾਧੂ ਗੱਲਾਂ ਨੂੰ। ਮੈਂ ਸਕੂਲ ਪੜ੍ਹਨ ਜਾਂਦਾ ਹਾਂ। ਰਾਹ ਵਿਚ ਦੋ ਤਿੰਨਾਂ ਪਿੰਡਾਂ ਥਾਣੀ ਲੰਘ ਕੇ ਜਾਣਾ ਪੈਂਦਾ ਹੈ। ਕਿਸੇ ਦੇ ਬਾਗ ਵਿਚ ਅੰਬ ਪੱਕੇ ਹੋਏ ਹਨ, ਕਿਧਰੇ ਰਾਹ ਵਿਚ ਖਰਬੂਜ਼ਿਆਂ ਦਾ ਵਾੜਾ ਹੈ, ਕਿਧਰੇ ਕਿਸੇ ਦੇ ਹਦਵਾਣੇ ਪੱਕਣ ਵਾਲੇ ਹਨ। ਕਿਧਰੇ ਰਾਹ ਵਿਚ ਮਾਖੋਂ ਲੱਗੀ ਹੋਈ ਹੁੰਦੀ ਹੈ। ਕਿਤੇ ਛੱਪੜ ਵਿਚ ਮੱਛੀਆਂ ਤੇ ਸੰਗਾੜੇ ਆਪਣੀ ਵੱਲ ਖਿੱਚਦੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਅਸਲ ਵਿਦਿਆ, ਪੰਜਾਬ ਦੀ ਰਾਜਧਾਨੀ ਕਿਹੜੀ ਹੈ? ਸਾਇਬੇਰੀਆਂ ਦੀਆਂ ਖਾਨਾ ਵਿੱਚੋਂ ਸੋਨਾ ਨਿਕਲਦਾ ਹੈ ਜਾਂ ਰੇਤ, ਵੱਲ ਕੌਣ ਧਿਆਨ ਦੇਵੇ?
ਇਹੋ ਵਜਾ ਹੈ ਕਿ ਇਤਹਾਸ ਦੇ ਘੰਟੇ, ਕਰਾਚੀ ਕਿਉਂ ਮਸ਼ਹੂਰ ਹੈ ਤੇ ਹਮਾਯੂੰ ਦੇ ਪਿਉ ਦਾ ਕੀ ਨਾਂ ਸੀ? ਪੁੱਛਣ ਤੇ ਮੈਂ ਬੇਧਿਆਨੇ ਹੀ ਆਖ ਦੇਂਦਾ ਹਾਂ, "ਅਮਰੀਕਾ ਦੀ ਬੰਦਰਗਾਹ" ਤੇ "ਤੁਗਲਕ ਖਾਂ।" ਅੱਜ ਚਾਲੀਆਂ ਤੋਂ ਉਤੇ ਹੋ ਜਾਣ ਤੇ ਵੀ ਇਹ ਗੱਲਾਂ ਇਨ ਬਿਨ ਚੇਤੇ ਹਨ।
ਜਿਸ ਦਿਨ ਜਮਾਤੇ ਚੜ੍ਹਨਾ ਹੁੰਦਾ ਹੈ ਮੈਂ ਮੂੰਹ ਸੁਜਾ ਕੇ ਘਰ ਆ ਬੈਠਦਾ ਹਾਂ। ਕਦੇ ਟੋਲੀ ਬੰਨ੍ਹ ਕੇ ਮਾਸਟਰ ਨੂੰ ਠੀਕ ਕਰਨ ਦੀਆਂ ਤਜਵੀਜ਼ਾਂ ਸੋਚਦਾ ਰਹਿੰਦਾ ਤੇ ਕਦੇ ਇਸ ਵਾਹਿਯਾਤ ਸਕੂਲ ਨੂੰ ਛੱਡ ਦੇਣ ਦੀਆਂ ਸਲਾਹਾਂ ਪਕਾਉਂਦਾ ਰਹਿੰਦਾ ਹਾਂ।
ਸਾਡੇ ਪਿੰਡ ਦੇ ਇਕ ਮੁੰਡੇ ਨਾਲ ਮੁਲਾਕਾਤ ਹੋ ਜਾਂਦੀ ਸੀ। ਇਸ ਮੁੰਡੇ ਦਾ ਨਾਂ ਸੋਹਣ ਸੀ। ਸੋਹਣ ਸਾਡੇ ਨਾਲੋਂ ਉਮਰੋਂ ਵੱਡਾ ਸੀ। ਇਹ ਤੀਜੀ ਜਮਾਤ ਵਿਚ ਪੜ੍ਹਦਾ ਸੀ। ਇਹ ਤੀਜੀ ਜਮਾਤ ਵਿਚ ਕਦ ਚੜ੍ਹਿਆ, ਇਹ ਕੋਈ ਨਹੀਂ ਸੀ ਜਾਣਦਾ। ਅਸੀ ਉਹਨੂੰ ਤੀਜੀ ਵਿਚ ਹੀ ਵੇਖਦੇ ਆਏ ਸਾਂ। ਉਹਦਾ ਚੌਥੀ ਵਿਚ ਚੜ੍ਹਨਾਂ ਤੇ ਦੂਜੀ ਵਿੱਚੋਂ ਪਾਸ ਹੋਣਾ ਕਿਸੇ ਨੇ ਨਹੀਂ ਸੀ ਸੁਣਿਆਂ।
ਸੋਹਣ ਦੇ ਮਾਂ ਪਿਉ ਕੋਈ ਨਹੀਂ ਸਨ। ਪਿੰਡ ਦੇ ਇਕ ਅੰਬਾਂ ਦੇ ਬਾਗ ਵਿਚ ਇਹਦਾ ਢੱਠਾ ਜਿਹਾ ਘਰ ਸੀ। ਇਹਦਾ ਇਕ ਦੂਰ ਨੇੜਿਉਂ ਚਾਚਾ ਸੀ, ਜਿਸਦਾ ਕੰਮ ਇਹੋ ਸੀ ਕਿ ਉਹ ਦੂਰ ਨੇੜੇ ਭਤੀਜੇ ਦੀ ਬਦਨਾਮੀ ਖਿਲਾਰਦਾ ਰਹਿੰਦਾ ਸੀ।
ਉਹ ਆਪ ਗਾਂਜਾ ਪੀਂਦਾ ਹੈ, ਚਰਸ ਪੀਂਦਾ ਹੈ ਤੇ ਹੋਰ ਪੰਜੇ ਐਬ ਸ਼ਰਈ ਹੈ । ਇਕ ਕੰਮ ਇਸਦਾ ਹੋਰ ਹੈ । ਉਹ ਸਭ ਥਾਈਂ ਕਹਿੰਦੇ ਫਿਰਨਾ, "ਅੱਧਾ ਬਾਗ ਮੇਰਾ ਹੈ, ਬਸ ਦਾਹਵਾ ਕਰਕੇ ਦਖਲ ਹੀ ਲੈਣ ਦੀ ਡੇਰ ਹੈ।"
ਇਕ ਦਿਨ ਬਾਗ ਦਾ ਦਖਲ ਉਹ ਲੈ ਤਾਂ ਗਿਆ, ਪਰ ਦਾਹਵਾ ਕਰਕੇ ਨਹੀਂ, ਸਗੋਂ ਵੱਡੀ ਅਦਾਲਤ ਦੇ ਹੁਕਮ ਨਾਲ, ਇਹ ਗੱਲ ਫੇਰ ਦਸਾਂਗੇ ।
ਸੋਹਣ ਆਪਣੇ ਹੱਥੀਂ ਪਕਾ ਕੇ ਖਾਂਦਾ ਹੈ ਤੇ ਅੰਬਾਂ ਦੀ ਫਸਲ ਪੱਕਣ ਤੇ ਅੱਧਾ ਬਾਗ਼ ਆਪ ਹੀ ਠੇਕੇ ਜਾਂ ਹਿਸੇ ਤੇ ਦੇ ਦਿੰਦਾ ਹੈ । ਏਦਾਂ ਉਹਦੇ ਖਾਣ ਪੀਣ ਦਾ ਖਰਚ ਚੰਗੀ ਤਰ੍ਹਾਂ ਚਲ ਜਾਂਦਾ ਹੈ । ਜਿਸ ਦਿਨ ਅਸੀਂ ਵੇਖਦੇ, ਉਹ ਆਪਣੀਆਂ ਪਾਟੀਆਂ ਪੁਰਾਣੀਆਂ ਕਿਤਾਬਾਂ ਲਈ ਚੁਪ ਚਾਪ ਰਾਹੇ ਰਾਹ ਤੁਰਿਆ ਜਾਂਦਾ ਦਿੱਸਦਾ । ਉਹ ਕਦੇ ਕਿਸੇ ਨਾਲ ਨਹੀਂ ਸੀ ਕੂੰਦਾ, ਸਗੋਂ ਅਸੀਂ ਆਪ ਹੀ ਖਹਿੜੇ ਪੈ ਕੇ ਉਸਨੂੰ ਬੁਲਾਇਆ ਕਰਦੇ ਸਾਂ। ਇਹਦੀ ਵੱਡੀ ਵਜਾ ਇਹ ਸੀ ਕਿ ਦੁਕਾਨੇ ਮਠਿਆਈ ਲੈਕੇ ਯਾਰਾਂ ਦੋਸਤਾਂ ਨੂੰ ਖੁਆਉਣ ਵਿਚ ਇਹਦੇ ਨਾਲੋਂ ਦਲੇਰ ਮੁੰਡਾ ਸਾਰੇ ਸਕੂਲ ਵਿਚ ਕੋਈ ਨਹੀਂ ਸੀ।
ਮੁੰਡੇ ਹੀ ਨਹੀਂ, ਕਈ ਵਾਰੀ ਮੁੰਡਿਆਂ ਦੇ ਪਿਉ ਵੀ ਆਪਣਿਆਂ ਮੁੰਡਿਆਂ ਨੂੰ ਉਸ ਪਾਸ ਭੇਜ ਕੇ ਰੁਪਏ ਮੁੱਛ ਲਿਆ ਕਰਦੇ ਸਨ । ਜਦ ਉਹ ਮੁੰਡਿਆਂ ਪਾਸੋਂ ਅਖਵਾਉਂਦੇ, "ਸਾਡੀ ਫੀਸ ਗੁਆਚ ਗਈ ਹੈ ਜਾਂ ਕਿਤਾਬ ਚੋਰੀ ਹੋ ਗਈ ਹੈ" ਤਾਂ ਸੋਹਣ ਨੂੰ ਜ਼ਰੂਰ ਦਇਆ ਆ ਜਾਂਦੀ ਹੈ ਤੇ ਉਹ ਕਿਸੇ ਨੂੰ ਬਿਨਾ ਕੁਝ ਦਿਤੇ ਦੇ ਖਾਲੀ ਨ ਮੋੜਦਾ ।
ਇਹ ਕੁਝ ਕਰਨ ਤੇ ਵੀ ਕੋਈ ਜਣਾ ਸੋਹਣ ਦਾ ਹਸਾਨ ਨਹੀਂ ਮੰਨਦਾ, ਸਗੋਂ ਪੈਸੇ ਮੰਗਣ ਵਾਲਿਆਂ ਮਾਪਿਆਂ ਦੇ ਮੁੰਡੇ ਵੀ ਸਿੱਧੇ ਮੂੰਹ ਉਸ ਨਾਲ ਗੱਲ ਨਹੀਂ ਸਨ ਕਰਦੇ। ਪਿੰਡ ਵਿਚ ਸੋਹਣ ਦੀ ਇੰਨੀ ਕੁ ਇੱਜ਼ਤ ਹੈ।

ਕਈ ਦਿਨਾਂ ਤਕ ਸੋਹਣ ਨਾ ਮਿਲਿਆ, ਇਕ ਦਿਨ ਸੁਣਿਆਂ ਕਿ ਉਹ ਮਰਨਾਊ ਪਿਆ ਹੈ । ਫੇਰ ਪੱਤਾ ਲੱਗਾ ਕਿ ਇਕ ਸੱਪਾਂ ਦੇ ਮਾਂਦਰੀ ਨੇ ਉਸਦਾ ਇਲਾਜ ਕਰਕੇ ਉਸਨੂੰ ਰਾਜੀ ਕਰ ਦਿੱਤਾ ਹੈ। ਇਸਦੀ ਲੜਕੀ ਬਿਲਾਸੀ ਨੇ ਤਨੋਂ ਮਨੋਂ ਸੇਵਾ ਕਰਕੇ ਇਸਨੂੰ ਮੌਤ ਦੇ ਮੂੰਹੋਂ ਬਚਾ ਲਿਆ ਹੈ।
ਮੈਂ ਕਈਆਂ ਦਿਨਾਂ ਤਕ ਉਸ ਪਾਸੋਂ ਮਠਿਆਈ ਉਡਾਉਂਦਾ ਰਿਹਾ ਸੀ, ਇਸ ਕਰਕੇ ਉਸ ਬਾਝੋਂ ਮੇਰੇ ਮਨ ਅੰਦਰ ਕੁਝ ਕੁਝ ਹੋ ਰਿਹਾ ਸੀ।ਇਕ ਦਿਨ ਰਾਤ ਦੇ ਹਨੇਰੇ ਵਿਚ ਮੈਂ ਉਸਨੂੰ ਵੇਖਣ ਚਲਿਆ ਗਿਆ। ਉਹਦੇ ਢੱਠੇ ਹੋਏ ਘਰ ਵਿਚ ਕੰਧਾਂ ਦਾ ਪੁਆੜਾ ਠਹੀਂ ਸੀ । ਆਜ਼ਾਦੀ ਨਾਲ ਅੰਦਰ ਜਾਕੇ ਦੇਖਿਆ, ਬੂਹਾ ਖੁੱਲਾ ਹੈ। ਬੜਾ ਸੋਹਣਾ ਦੀਵਾ ਜਗ ਰਿਹਾ ਹੈ ਤੇ ਉਸਦੇ ਸਾਹਮਣੇ ਹੀ ਇਕ ਸਾਫ ਸੁਥਰੇ ਬਿਸਤਰੇ ਤੇ ਸੋਹਣ ਲੰਮਾ ਪਿਆ ਹੋਇਆ ਹੈ । ਇਹਦੇ ਹੱਡੀਆਂ ਦੀ ਮੁਠ ਹੋਏ ਹੋਏ ਸਰੀਰ ਵਲ ਵੇਖਿਆਂ ਪਤਾ ਲਗਦਾ ਸੀ ਕਿ ਮੌਤ ਨੇ ਇਸ ਨੂੰ ਹੜੱਪ ਕਰਨ ਲਈ ਕੋਈ ਕਸਰ ਨਹੀਂ ਛੱਡੀ, ਪਰ ਕਿਸੇ ਦੀ ਭਾਗੀਂ ਇਹ ਬੱਚ ਗਿਆ ਹੈ। ਇਹ ਇਸਦੀ ਸ਼ੁਭਚਿੰਤਕ ਸੀ ਵਿਚਾਰੀ ਬਿਲਾਸੀ । ਬਿਲਾਸੀ ਹੁਣ ਸਰਹਾਣੇ ਬਹਿਕੇ ਪੱਖਾ ਝਲ ਰਹੀ ਸੀ । ਅੱਚਣਚੇਤ ਆਦਮੀ ਨੂੰ ਆਉਂਦਿਆਂ ਦੇਖ ਉਠ ਖੜੀ ਹੋਈ। ਇਹਦੀ ਉਮਰ ਅਠਾਰਾਂ ਦੀ ਸੀ ਜਾਂ ਅਠਾਈ ਦੀ ਇਹਦਾ ਨਿਰਨਾ ਨ ਹੋ ਸਕਿਆ । ਇਹਦੇ ਮੂੰਹ ਵੱਲ ਵੇਖਿਆਂ ਪਤਾ ਲੱਗਦਾ ਸੀ ਕਿ ਉਮਰ ਭਾਵੇਂ ਕਿੰਨੀ ਹੀ ਕਿਉਂ ਨਾ ਹੋਵੇ, ਪਰ ਰਾਤਾਂ ਝਾਗਦਿਆਂ ਝਾਗਦਿਆਂ, ਇਹਦੇ ਸਰੀਰ ਵਿਚ ਸਤਿਆ ਨਹੀਂ ਰਹਿ ਗਈ । ਜਿਦਾਂ ਫੁੱਲ ਦਾਨੀ ਵਿਚ ਪਾਣੀ ਪਾ ਕਈ ਚਿਰ ਤੱਕ ਰਖਿਆ ਹੋਇਆ ਫੁੱਲ ਵੇਖਣ ਨੂੰ ਤਾਂ ਚੰਗਾ ਭਲਾ ਲੱਗਦਾ ਹੈ, ਪਰ ਹੱਥ ਲਾਉਣ ਨਾਲ ਹੀ ਮੁਰਝਾ ਜਾਂਦਾ ਹੈ। ਇਹੋ ਦਸ਼ਾ ਸੀ ਵਿਚਾਰੀ ਬਿਲਾਸੀ ਦੀ ।
ਸੋਹਣ ਨੇ ਮੈਨੂੰ ਪਛਾਣ ਲਿਆ ਕਹਿਣ ਲੱਗਾ, ਕੌਣ ਹੈ, ਸੁਖਦੀਪ ?
ਮੈਂ ਆਖਿਆ "ਹਾਂ।"
"ਬਹਿ ਜਾਹ ।"
ਬਿਲਾਸੀ ਊਂਧੀ ਪਾਈ ਖਲੋਤੀ ਰਹੀ।ਸੋਹਣ ਨੇ ਦੋ ਚਾਰ ਗੱਲਾਂ ਕੀਤੀਆਂ ਜਿਸਦਾ ਮਤਲਬ ਇਹ ਸੀ ਕਿ ਲਗ ਭਗ ਡੇਢ ਮਹੀਨਾ ਹੋ ਗਿਆ ਹੈ ਜਦ ਤੋਂ ਉਹ ਮੰਜੀ ਨਾਲ ਮੰਜੀ ਹੋਇਆ ਪਿਆ ਹੈ । ਦਸ ਪੰਦਰਾਂ ਦਿਨ ਤਾਂ ਉਹਨੂੰ ਆਪਣੇ ਆਪ ਦੀ ਵੀ ਹੋਸ਼ ਨਹੀਂ ਰਹੀ ਸੀ । ਹੁਣੇ ਹੀ ਕੁਝ ਦਿਨਾਂ ਤੋਂ ਆਦਮੀ ਸਿਆਣਨ ਲੱਗਾ ਹੈ । ਭਾਵੇਂ ਹੁਣ ਵੀ ਉਹ ਮੰਜਾ ਛੱਡਕੇ ਉਠ ਨਹੀਂ ਸਕਦਾ, ਪਰ ਹੁਣ ਉਸਨੂੰ ਡਰ ਕੋਈ ਨਹੀਂ ਰਿਹਾ ।
ਭਾਵੇਂ ਡਰ ਦੀ ਕੋਈ ਗੱਲ ਨਹੀਂ ਸੀ, ਪਰ ਫੇਰ ਵੀ ਜੰਗਲ ਵਿਚ ਇਸ ਲੜਕੀ ਨੇ ਜੋ ਇਸਦੀ ਜਾਨ ਬਚਾਉਣ ਦਾ ਜੁੰਮਾ ਲਿਆ ਸੀ ਉਹ ਕਿੰਨੀ ਵੱਡੀ ਜੁੰਮੇਵਾਰੀ ਸੀ। ਰਾਤ ਦਿਨ ਦੀ ਸੇਵਾ, ਜਗਰਾਤੇ, ਤੇ ਹੋਰ ਖੇਚਲ, ਧੀਰਜ ਵਾਲਾ ਬੰਦਾ ਹੀ ਸਹਾਰ ਸਕਦਾ ਹੈ । ਇਹ ਬੜੇ ਹੌਂਸਲੇ ਦਾ ਕੰਮ ਸੀ ।
ਪਰ ਜਿਸ ਚੀਜ ਨੇ ਸਾਰੀਆਂ ਔਖਿਆਈਆਂ ਸੌਖੀਆਂ ਕਰ ਦਿਤੀਆਂ ਸਨ ਉਸਦਾ ਪਤਾ ਉਸ ਦਿਨ ਨ ਸਹੀ ਕਿਸੇ ਹੋਰ ਦਿਨ ਅਖੀਰ ਨੂੰ ਲੱਗ ਹੀ ਗਿਆ ।
ਵਾਪਸ ਆਉਂਦਿਆਂ ਹੋਇਆਂ, ਮਿੱਟੀ ਦਾ ਦੀਵਾ ਲੈ ਕੇ ਮੇਰੇ ਅੱਗੇ ਅੱਗੇ ਆਈ ਹੁਣ ਤਕ ਉਹ ਚੁਪ ਸੀ, ਕਹਿਣ ਲੱਗੀ "ਤੁਹਾਨੂੰ ਸੜਕ ਤੱਕ ਛੱਡ ਆਵਾਂ?"
ਵੱਡੇ ਵੱਡੇ ਦਰਖਤਾਂ ਨਾਲ ਸਾਰਾ ਬਾਗ ਕਾਲੀ ਬੋਲੀ ਰਾਤ ਹੋ ਰਿਹਾ ਸੀ, ਰਾਹ ਦਿੱਸਣਾ ਤਾਂ ਇਕ ਪਾਸੇ ਰਿਹਾ, ਹੱਥ ਨੂੰ ਹੱਥ ਨਹੀਂ ਸੀ ਸੁੱਝਦਾ ।
ਮੈਂ ਆਖਿਆ, "ਛੱਡਣ ਦੀ ਲੋੜ ਨਹੀਂ, ਦੀਵਾ ਹੀ ਦੇ ਦਿਉ !"
ਦੀਵਾ ਮੇਰੇ ਹੱਥ ਵਿਚ ਦੇਂਦਿਆਂ ਹੀ ਮੇਰਾ ਧਿਆਨ ਉਸਦੇ ਚਿਹਰੇ ਤੇ ਪੈ ਗਿਆ । ਹੌਲੀ ਜਹੀ ਉਹ ਬੋਲੀ, "ਕੱਲਿਆਂ ਜਾਂਦਿਆਂ ਡਰ ਨਹੀਂ ਲੱਗੇਗਾ ? ਜਰਾ ਅਗਾਂਹ ਤੱਕ ਨ ਛੱਡ ਆਵਾਂ ?"
ਇਕ ਜਨਾਨੀ ਦੇ ਸਾਹਮਣੇ ਮੈਂ ਹਾਂ ਕਿੱਦਾਂ ਆਖ ਸਕਦਾ ਸੀ, ਭਾਵੇਂ ਦਿਲ ਡਰਦਾ ਹੀ ਸੀ, ਪਰ ਫੇਰ ਵੀ ਮੈਂ ਨਹੀਂ ਆਖ ਕੇ ਇਕੱਲਾ ਹੀ ਤੁਰ ਪਿਆ ।
ਉਹ ਫੇਰ ਬੋਲੀ, "ਜੰਗਲ ਦਾ ਰਾਹ ਹੈ, ਜ਼ਰਾ ਵੇਖ ਕੇ ਤੁਰਨਾਂ !"
ਮੇਰੇ ਲੂੰਈਂ ਕੰਡੇ ਖੜੇ ਹੋ ਗਏ । ਪਰ ਫੇਰ ਸਮਝ ਲਿਆ ਕਿ ਇਹ ਖਿੱਚ ਉਹਨੂੰ ਕਿਉਂ ਹੈ ? ਉਹ ਕਿਸ ਵਾਸਤੇ ਮੈਨੂੰ ਦੀਵਾ ਵਿਖਾ ਕੇ ਜੰਗਲ ਦੇ ਰਾਹ ਵਿਚੋਂ ਧਿਆਨ ਨਾਲ ਜਾਣ ਲਈ ਜ਼ੋਰ ਦੇ ਰਹੀ ਸੀ। ਖਬਰੇ ਉਹ ਮੇਰੇ ਨਾਲ ਆ ਹੀ ਜਾਂਦੀ, ਪਰ ਸੋਹਣ ਨੂੰ ਇਕੱਲਿਆਂ ਛੱਡ ਕੇ ਜਾਣਦਾ ਉਹਨੂੰ ਹੌਂਸਲਾ ਨ ਪਿਆ।
ਵੀਹ ਪੰਝੀ ਵਿਘੇ ਬਾਗ ਸੀ । ਰਾਹ ਵੀ ਘਟ ਲੰਮਾ ਨਹੀਂ ਸੀ। ਉਸ ਹਨੇਰੇ ਤੇ ਡਰਾਉਣੇ ਰਾਹ ਵਿਚ ਸੋਚ ੨ ਕੇ ਪੈਰ ਰੱਖਣਾ ਪੈਂਦਾ ਸੀ । ਇਹਦੇ ਨਾਲ ਹੀ ਉਸ ਲੜਕੀ ਦੀਆਂ ਗੱਲਾਂ ਚੇਤੇ ਆ ਜਾਣ ਤੇ ਮਨ ਚੰਚਲ ਹੋ ਉਠਦਾ ਸੀ। ਇਹ ਖਿਆਲ ਵੀ ਆਉਂਦਾ ਸੀ ਕਿ ਇਥੇ ਕਿਸੇ ਸੱਥਰ ਲੱਥੇ ਰੋਗੀ ਨੂੰ ਲੈ ਕੇ ਰਹਿਣਾ ਕਿੰਨਾ ਕਠਨ ਹੈ । ਸ਼ਾਇਦ ਸੋਹਣ ਨੂੰ ਕੁਝ ਹੋ ਜਾਏ ਤਾਂ ਏਸ ਜੰਗਲ ਵਿਚ ਬੈਠੀ ਇਕੱਲੀ ਕੁੜੀ ਕੀ ਕਰੇਗੀ ? ਕਿੱਦਾਂ ਪੰਜ ਪਹਾੜ ਰਾਤ ਕੱਟੇਗੀ ।

ਇਸੇ ਸਿਲਸਿਲੇ ਦੀ ਇਕ ਹੋਰ ਗੱਲ ਚੇਤੇ ਆ ਰਹੀ ਹੈ। ਆਪਣੇ ਇਕ ਰਿਸ਼ਤੇ ਦਾਰ ਦੇ ਮਰਨ ਸਮੇਂ ਮੈਂ ਉਥੇ ਹੀ ਸਾਂ, ਹਨੇਰੀ ਰਾਤ ਸੀ, ਘਰ ਵਿਚ ਬੱਚੇ ਜਾਂ ਨੌਕਰ ਕੋਈ ਨਹੀਂ ਸਨ। ਇਕ ਮੈਂ ਸਾਂ ਤੇ ਇਕ ਉਸਦੀ ਇਸਤਰੀ । ਉਸਦੀ ਇਸਤਰੀ ਨੇ ਐਹੋ ਜਿਹਾ ਚੀਕ ਚਿਹਾੜਾ ਪਾਇਆ ਕਿ ਮੈਨੂੰ ਡਰ ਆਉਣ ਲਗ ਪਿਆ, ਕਿਤੇ ਮੈਂ ਵੀ ਨਾ ਮਰ ਜਾਵਾਂ । ਉਹ ਮੈਨੂੰ ਪੁਛਣ ਲੱਗੀ ਜਦੋਂ ਮੈਂ ਆਪਣੀ ਮਰਜ਼ੀ ਨਾਲ ਪਤੀ ਨਾਲ ਸਤੀ ਹੋਣਾ ਚਾਹੁੰਦੀ ਹਾਂ ਤਾਂ ਫੇਰ ਸਰਕਾਰ ਨੂੰ ਇਹਦੇ ਵਿਚ ਦਖਲ ਦੇਣ ਦਾ ਕੀ ਹੱਕ ? ਮੇਰਾ ਹੁਣ ਜੀਉਣ ਨੂੰ ਵਢਿਆ ਜੀ ਵੀ ਨਹੀਂ ਕਰਦਾ। ਕੀ ਸਰਕਾਰੀ ਆਦਮੀ ਇਸ ਨੂੰ ਨਹੀਂ ਜਾਣਦੇ ? ਕੀ ਉਨ੍ਹਾਂ ਦੇ ਘਰੀਂ ਜਨਾਨੀਆਂ ਨਹੀਂ ਹਨ ? ਕੀ ਉਹਨਾਂ ਦੇ ਦਿਲ ਪੱਥਰਨ ਦੇ ਹਨ । ਜੇ ਰਾਤੋ ਰਾਤ ਹੀ ਪਿੰਡ ਦੇ ਪੰਜ ਸਤ ਆਦਮੀ ਇਸ ਦਰਿਆ ਕੰਢੇ ਮੇਰੇ ਮਰਨ ਲਈ ਚਿਖਾ ਆਦਿ ਦਾ ਪ੍ਰਬੰਧ ਕਰ ਦੇਣ ਤਾਂ ਫੇਰ ਪੁਲਸਵਾਲਿਆਂ ਨੂੰ ਪਤਾ ਹੀ ਨਹੀਂ ਲਗ ਸਕਦਾ । ਏਸੇ ਤਰਾਂ ਪਤਾ ਨਹੀਂ ਉਹ ਕੀ ਕੁਝ ਆਖੀ ਗਈ। ਮੈਂ ਉਥੇ ਬੈਠਾ ਬੈਠਾ ਆਪਣੇ ਆਪ ਹੀ ਉਸਦਾ ਰੋਣਾ ਨਹੀਂ ਸੀ ਸੁਣ ਸਕਦਾ, ਮਹੱਲੇ ਵਾਲਿਆਂ ਨੂੰ ਵੀ ਖਬਰ ਦੇਣੀ ਜਰੂਰੀ ਸੀ । ਹੋਰ ਵੀ ਕਈ ਗੱਲਾਂ ਕਰਨੀਆਂ ਸਨ ਪਰ ਮੇਰੀ ਬਾਹਰ ਜਾਣ ਦੀ ਗੱਲ ਨੂੰ ਸੁਣਕੇ ਉਹ ਕੁਝ ਸੰਭਲ ਗਈ ਤੇ ਅੱਖਾਂ ਪੂੰਝਦੀ ਹੋਈ ਬੋਲੀ, 'ਭਰਾਵਾ ਜੋ ਹੋਣਾ ਸੀ ਸੋ ਹੋ ਗਿਆ ਹੁਣ ਬਾਹਰ ਜਾਕੇ ਕੀ ਕਰਨਾ ਹੈ, ਰਾਤ ਲੰਘ ਲੈਣ ਦਿਹ ।'
ਮੈਂ ਆਖਿਆ, 'ਬਹੁਤ ਕੰਮ ਹਨ, ਬਿਨਾ ਜਾਏ ਗੁਜ਼ਾਰਾ ਨਹੀਂ ਹੋਵੇਗਾ ।'
ਉਹ ਕਹਿਣ ਲੱਗੀ, ਕੰਮਾਂ ਨੂੰ ਰਹਿਣ ਦੇ, ਤੂੰ ਇਥੇ ਹੀ ਬੈਠ ਰਹੋ ।
ਮੈਂ ਆਖਿਆ, 'ਕਿੱਦਾਂ ਬਹਿ ਰਹਾਂ, ਇਕ ਵਾਰੀ ਖਬਰ ਤਾਂ ਦੇਣੀ ਹੀ ਪਏਗੀ।'
ਇਹ ਆਖਕੇ ਮੈਂ ਪੈਰ ਅਗਾਂਹਾਂ ਰਖਿਆ ਹੀ ਸੀ ਕਿ ਉਹ ਚਿਲਾਕੇ ਆਖਣ ਲੱਗੀ, ਹਾਏ ਮੇਰੇ ਰੱਬਾ ਮੈਂ ਇਕੱਲੀ ਕਿੱਦਾਂ ਰਹਿ ਸਕਾਂਗੀ।
ਮੈਨੂੰ ਫੇਰ ਬਹਿ ਜਾਣਾ ਪਿਆ ! ਸਮਝ ਲਗ ਪਈ ਕਿ ਜਿਸ ਪਤੀ ਦੇ ਜੀਉਂਦਿਆਂ ਉਸਨੇ ਉਸ ਨਾਲ ਪੰਝੀ ਸਾਲ ਕੱਟੇ ਸਨ, ਉਹਦੀ ਮੌਤ ਨੂੰ ਤਾਂ ਉਹ ਸਹਾਰ ਲਏਗੀ, ਪਰ ਉਹਦੇ ਮੋਏ ਹੋਏ ਸਰੀਰ ਪਾਸ ਉਹ ਪੰਜ ਮਿੰਟ ਵੀ ਨਹੀਂ ਬੈਠ ਸਕਦੀ। ਉਹਨੂੰ ਡਰ ਸਿਰਫ ਆਪਣੇ ਮੋਏ ਹੋਏ ਪਤੀ ਪਾਸੋਂ ਹੀ ਆ ਰਿਹਾ ਸੀ।
ਪਰ ਮੇਰਾ ਇਰਾਦਾ ਉਹਨਾਂ ਦੇ ਦੁੱਖ ਨੂੰ ਘਟਾਕੇ ਦੱਸਣਾ ਨਹੀਂ । ਉਹ ਦੁਖ ਅਸਲੀ ਨਹੀਂ ਸੀ, ਇਹ ਦੱਸਣਾ ਵੀ ਮੇਰਾ ਮਨੋਰਥ ਨਹੀਂ, ਜਾਂ ਇਕ ਆਦਮੀ ਦੀ ਇਹੋ ਜਹੀ ਵਰਤੋਂ ਨਾਲ ਹੀ ਸਾਰੀਆਂ ਇਸਤਰੀਆਂ ਦੇ ਪਤੀ ਪਿਆਰ ਦਾ ਫੈਸਲਾ ਹੋਗਿਆ ਇਹ ਗੱਲ ਵੀ ਨਹੀਂ, ਏਦਾਂ ਦੀ ਇਕ ਹੋਰ ਘਟਨਾ ਵੀ ਮੈਨੂੰ ਯਾਦ ਹੈ, ਪਰ ਉਹਦਾ ਜ਼ਿਕਰ ਕਰਨ ਤੋਂ ਬਿਨਾਂ ਹੀ ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਆਪਣੇ ਫਰਜ਼ ਨੂੰ ਜਾਨਣ ਕਰਕੇ ਜਾਂ ਉਮਰ ਇਕੱਠੀ ਲੰਘਾਉਣ ਕਰਕੇ ਹੀ ਕੋਈ ਇਸਤਰੀ ਡਰ ਰਹਿਤ ਨਹੀਂ ਹੋ ਸਕਦੀ। ਉਹ ਨਿਰਭੈ ਬਣਾਉਣ ਵਾਲੀ ਕੋਈ ਹੋਰ ਸ਼ਕਤੀ ਹੁੰਦੀ ਹੈ, ਜਿਸਦਾ ਪਤਾ ਕਈਆਂ ਜੋੜਿਆਂ ਨੂੰ ਸੌ ਸੌ ਸਾਲ ਤਕ ਇਕੱਠਿਆਂ ਰਹਿਕੇ ਵੀ ਨਹੀਂ ਲੱਗ ਸਕਦਾ।
ਪਰ ਜੇ ਕਿਤੇ ਅਚਨਚੇਤ ਇਸ ਸ਼ਕਤੀ ਦਾ ਪਤਾ ਲੱਗ ਜਾਏ, ਮਤਲਬ ਇਹ ਕਿ ਜੇ ਕਿਧਰੇ ਇਕ ਦੂਜੇ ਪਾਸੋਂ ਨਿਰਭੈ ਬਨਾਉਣ ਵਾਲਾ ਸੱਚਾ ਪ੍ਰੇਮ ਕਿਧਰੇ ਹੋ ਜਾਏ, ਤਾਂ ਫੇਰ ਕਾਨੂੰਨੀ ਤੌਰ ਤੇ ਭਾਵੇਂ ਦੁਨੀਆਂ ਦੀਆਂ ਅਦਾਲਤਾਂ ਉਸਨੂੰ ਸਜ਼ਾ ਦਾ ਹੱਕਦਾਰ ਸਮਝਣ, ਪਰ ਮਨੁੱਖ ਦੀ ਜਿਹੜੀ ਚੀਜ਼ ਪ੍ਰੇਮ ਸਮਾਜ ਦੀ ਨਹੀਂ, ਉਹ ਆਪਣੇ ਆਪ ਉਸਦੇ ਦੁਖ ਤੋਂ ਬਿਨਾਂ ਕਿੱਦਾਂ ਅੱਥਰੂ ਬਹਾਏ ਚੁਪ ਚਾਪ ਬੈਠ ਸਕਦੀ ਹੈ ।
ਲਗ ਭਗ ਦੋ ਮਹੀਨਿਆਂ ਤੱਕ ਸੋਹਣ ਦਾ ਕੋਈ ਥੌਹ ਪਤਾ ਨਹੀਂ ਲੱਗਾ ਜਿਨਾਂ ਲੋਕਾਂ ਕਦੇ ਪਿੰਡਾਂ ਨੂੰ ਜਾਕੇ ਨਹੀਂ ਵੇਖਿਆ ਜਾਂ ਸਿਰਫ ਰੇਲ ਦੇ ਡੱਬੇ ਵਿਚੋਂ ਹੀ ਸਿਰ ਕਢਕੇ ਵੇਖਿਆ ਹੈ, ਉਹ ਸ਼ਾਇਦ ਹੈਰਾਨ ਹੋਕੇ ਆਖਣਗੇ, ਇਹ ਕੀ ਗੱਲ ਹੋਈ ਕਿ ਜਿਸਦੀ ਐਨੀ ਖਰਾਬ ਹਾਲਤ ਵੇਖੀ ਜਾਏ ਉਸਦੀ ਦੋ ਮਹੀਨਿਆਂ ਤੱਕ ਖ਼ਬਰ ਵੀ ਨ ਲਈ ਜਾਏ। ਉਹਨਾਂ ਦੇ ਜਾਨਣ ਲਈ ਦਸਦਾ ਹਾਂ ਕਿ ਏਦਾਂ ਹੋ ਹੀ ਨਹੀਂ ਸਕਦਾ ਸਗੋਂ ਕਈ ਵਾਰੀ ਹੋਇਆ ਹੈ । ਇਹ ਮਸ਼ਹੂਰ ਹੈ ਕਿ ਪਿੰਡਾਂ ਵਿਚ ਕਿਸੇ ਦੇ ਕੰਡਾ ਲਗਣ ਤੇ ਸਾਰਾ ਪਿੰਡ ਇਕੱਠਾ ਹੋ ਜਾਇਆ ਕਰਦਾ ਹੈ। ਸਤਜੁਗ ਵਿਚ ਇਹ ਗੱਲ ਹੋਵੇਗੀ, ਹੁਣ ਕਲਜੁਗ ਵਿਚ ਨਹੀਂ। ਹੁਣ ਸਵਾਲ ਇਹ ਹੈ ਕਿ ਜੇ ਉਸਦੇ ਮਰਨ ਦੀ ਖਬਰ ਨਹੀਂ ਮਿਲੀ ਤਾਂ ਉਹ ਜੀਉਂਦਾ ਹੀ ਹੋਵੇਗਾ, ਇਸ ਵਿਚ ਕੀ ਸ਼ੱਕ ਹੈ ।
ਇਨ੍ਹਾਂ ਹੀ ਦਿਨਾਂ ਵਿੱਚ, ਇਕ ਦਿਨ ਕੰਨਾਂ ਵਿਚ ਇਹ ਭਿੱਣਖ ਪਈ ਕਿ ਸੋਹਣ ਦਾ ਚਾਚਾ ਇਹ ਰੌਲਾ ਪਾਉਂਦਾ ਫਿਰਦਾ ਹੈ ਕਿ ਇਹ ਪਿੰਡ ਹੁਣ ਜਰੂਰ ਗਰਕ ਜਾਏਗਾ । ਹੁਣ ਮੈਂ ਬਰਾਦਰੀ ਵਿਚ ਨਾਲੇਤ ਮਿਤਰ ਨਹੀਂ ਕਹਾ ਸਕਦਾ । ਨਾਲਾਇਕ ਇਕ ਸਪੇਰੇ ਦੀ ਕੁੜੀ ਨੂੰ ਵਿਆਹ ਲਿਆਇਆ ਹੈ। ਸਿਰਫ ਵਿਆਹ ਹੀ ਨਹੀਂ ਕਰਵਾਇਆ, ਸਗੋਂ ਉਸਦੇ ਹਥ ਦਾ ਵੀ ਖਾ ਰਿਹਾ ਹੈ । ਜੇ ਪਿੰਡਾਂ ਵਿੱਚ ਕੋਈ ਦਬਦਬਾ ਨਹੀਂ ਰਿਹਾ ਤਾਂ ਫੇਰ ਜੰਗਲੀਂ ਕਿਉਂ ਨਾਂ ਜਾ ਵੱਸੀਏ ? ਕਡੋਲਾ ਤੇ ਰਹੀ ਪੁਰ ਦੀ ਬਰਾਦਰੀ ਜਦ ਇਨ੍ਹਾਂ ਗੱਲਾਂ ਨੂੰ ਸੁਣੇਗੀ ਤਾਂ ਕੀ ਆਖੇਗੀ, ਬਸ ਫੇਰ ਕੀ ਸੀ ਸਭ ਛੋਟੇ ਵੱਡੇ ਦੇ ਮੂੰਹ ਵਿਚ ਏਹੋ ਦੰਦ ਕਥਾ ਸੀ । ਹੈਂ ਇਹ ਕੀ ਹੋਇਆ, ਸੱਚ ਮੁਚ ਹੀ ਉਲਟਾ ਜਮਾਨਾ ਆਗਿਆ ਹੈ !
ਇਹ ਹੋ ਹੀ ਜਾਣਾ ਸੀ, ਇਹ ਮੈਂ ਪਹਿਲਾਂ ਹੀ ਜਾਣਦਾ ਸਾਂ। ਸਿਰਫ ਤਮਾਸ਼ਾ ਵੇਖਦਾ ਸਾਂ ਕਿ ਕਿਥੋਂ ਦਾ ਪਾਣੀ ਕਿੱਥੇ ਜਾਕੇ ਖੜਾ ਹੁੰਦਾ ਹੈ। ਨਹੀਂ ਤਾਂ ਇਹ ਕੋਈ ਦੂਸਰਾ ਥੋੜਾ ਸੀ ਆਪਣਾ ਸਕਾ ਭਤੀਜਾ ਸੀ । ਕੀ ਮੈਂ ਉਸਨੂੰ ਘਰ ਨਹੀਂ ਲੈ ਜਾ ਸਕਦਾ ? ਕੀ ਹਕੀਮਾਂ ਜਾਂ ਡਾਕਟਰਾਂ ਪਾਸੋਂ ਇਲਾਜ ਕਰਾਉਣ ਦੀ ਮੇਰੀ ਹਿੰਮਤ ਨਹੀਂ ਸੀ ? ਕਰਵਾਇਆ ਏਸ ਲਈ ਨਹੀਂ ਸੀ ਕਿ ਸਾਰੀ ਦੁਨੀਆਂ ਤਮਾਸ਼ਾ ਵੇਖ ਲਏ, ਪਰ ਹੁਣ ਚੁਪ ਨਹੀਂ ਰਹਿ ਸਕਦਾ। ਏਦਾਂ ਤਾਂ ਮਿਤ੍ਰ ਬੰਸ ਦਾ ਨਾਂ ਹੀ ਡੁਬ ਜਾਇਗਾ, ਪਿੰਡ ਦੇ ਮੂੰਹ ਤੇ ਕਾਲਖ ਦਾ ਟਿੱਕਾ ਲੱਗ ਜਾਏਗਾ ।

ਇਸਤੋਂ ਪਿਛੋਂ ਅਸਾਂ ਜੋ ਕੰਮ ਕੀਤਾ, ਉਹਨੂੰ ਚੇਤੇ ਕਰਕੇ ਮੈਂ ਅੱਜ ਵੀ ਸ਼ਰਮ ਨਾਲ ਮਰ ਰਿਹਾ ਹਾਂ।ਚਾਚਾ ਜੀ ਤਾਂ ਮਿਤ੍ਰ ਵੰਸ ਦੇ ਵਾਂਗੂੰ ਬਣਕੇ ਅੱਗੇ ਲੱਗੇ ਤੇ ਅਸੀਂ ਦਸ ਬਾਰਾਂ ਆਦਮੀ ਪਿੰਡ ਦਾ ਮੂੰਹ ਧੋਣ ਲਈ ਨਾਲ ਤੁਰ ਪਏ।
ਸੋਹਣ ਦੇ ਢੱਠੇ ਹੋਏ ਘਰ ਪਹੁੰਚੇ ਤਾਂ ਉਸ ਵੇਲੇ ਰਾਤ ਪੈ ਚੁੱਕੀ ਸੀ ! ਬਿਲਾਸੀ ਟੁੱਟੇ ਜਹੇ ਬਰਾਂਡੇ ਵਿਚ ਬੈਠੀ ਰੋਟੀ ਬਣਾ ਰਹੀ ਸੀ । ਅੱਚਣਚੇਤ ਐਨੇ ਆਦਮੀਆਂ ਨੂੰ ਵਿਹੜੇ ਵਿਚ ਆਉਦਿਆਂ ਵੇਖਕੇ ਉਹਦਾ ਰੰਗ ਉਡ ਗਿਆ।
ਚਾਚੇ ਨੇ ਕੋਠੜੀ ਵਿਚ ਝਾਤੀ ਮਾਰਕੇ ਵੇਖਿਆ ਸੋਹਣ ਲੰਮਾ ਪਿਆ ਹੋਇਆ ਸੀ । ਝੱਟ ਹੀ ਕੁੰਡਾ ਮਾਰਕੇ ਉਸ ਡਰ ਨਾਲ ਮਰੀ ਮਰੀ ਜਾ ਰਹੀ ਕੁੜੀ ਨਾਲ ਝਗੜਾ ਸ਼ੁਰੂ ਕਰ ਦਿਤਾ।
ਇਹ ਗੱਲ ਦੱਸਣ ਦੀ ਲੋੜ ਨਹੀਂ ਕਿ ਦੁਨੀਆਂ ਵਿਚ ਕਿਸੇ ਵੀ ਭਤੀਜੇ ਦੀ ਇਸਤ੍ਰੀ ਨਾਲ, ਇਸ ਤਰਾਂ ਬੇਹਿਆਈ ਨਾਲ ਗਲਬਾਤ ਨਹੀਂ ਕੀਤੀ ਹੋਵੇਗੀ । ਲੜਕੀ ਭਾਵੇਂ ਸਪੇਰਿਆਂ ਦੀ ਨੀਵੀਂ ਕੁਲ ਵਿਚੋਂ ਸੀ ਪਰ ਉਹ ਇਸਨੂੰ ਨ ਸਹਾਰ ਸਕੀ। ਸਿਰ ਉੱਚਾ ਕਰਕੇ ਬੋਲੀ, 'ਮੇਰੇ ਪਿਉ ਨੇ ਬਾਬਾ ਜੀ ਨਾਲ ਮੇਰਾ ਵਿਆਹ ਕਰ ਦਿੱਤਾ ਹੈ, ਜਾਣਦੇ ਨਹੀਂ?'
ਚਾਚੇ ਨੇ ਆਖਿਆ, 'ਚੰਗਾ ਫੇਰ ਖਲੋਜਾ ।' ਇਹਦੇ ਨਾਲ ਹੀ ਪੰਜ ਸਤ ਸੂਰਮੇ ਜਵਾਨ ਇਕ ਅਬਲਾ ਤੀਵੀਂ ਤੇ ਗਿਲਜਾਂ ਵਾਂਗੂੰ ਟੁੱਟ ਪਏ। ਕਿਸੇ ਨੇ ਵਾਲ ਫੜ ਲਏ । ਕਿਸੇ ਨੇ ਹੱਥ ਫੜ ਲਏ । ਕੋਈ ਕੰਨ ਪੁਟਣ ਲਗ ਪਿਆ, ਕੋਈ ਮੁਕੀਆਂ ਮਾਰਨ ਲਗ ਪਿਆ। ਜਿਨਾਂ ਨੂੰ ਕੋਈ ਥਾਂ ਨ ਮਿਲੀ ਉਹ ਜ਼ਬਾਨ ਨਾਲ ਹੀ ਕਸਰ ਪੂਰੀ ਕਰਨ ਲਗ ਪਏ ।

ਜੰਗ ਦੇ ਮੈਦਾਨ ਵਿਚ ਭਾਵੇਂ ਸਾਡੀ ਟੱਟੀ ਕਿਉਂ ਨ ਨਿਕਲ ਜਾਏ ਪਰ ਇਸਤਰੀ ਨੂੰ, ਜੋ ਕਿ ਅਗੋਂ ਹੱਥ ਨ ਚੁਕਣ ਕਰਕੇ ਕੰਧ ਵਰਗੀ ਹੁੰਦੀ ਹੈ, ਕੁੱਟਨ ਨੂੰ ਸਾਰੇ ਹੀ ਦਲੇਰ ਹੋ ਜਾਂਦੇ ਹਾਂ । ਇਹਦੀ ਇਕ ਵਜਾ ਹੋਰ ਵੀ ।ਵਲਾਇਤ ਵਾਲਿਆਂ ਦੇ ਦਿਲਾਂ ਵਿਚ ਇਕ ਗਲਤ ਖਿਆਲ ਬੈਠਾ ਹੋਯਾ ਹੈ ਕਿ ਇਸਤਰੀ ਕਮਜ਼ੋਰ ਹੈ ਸੋ ਇਸ ਤੇ ਹਥ ਨਹੀਂ ਚੁੱਕਣਾ ਚਾਹੀਦਾ । ਪਰ ਅਸੀਂ ਬਹਾਦਰ ਹਿੰਦੁਸਤਾਨੀ ਇਸ ਝੂਠੇ ਖਿਆਲ ਨੂੰ ਕਦੇ ਨਹੀਂ ਮੰਨਦੇ । ਸਾਡਾ ਮਤ ਇਹ ਹੈ ਕਿ 'ਤਕੜੇ ਤੇ ਪਏ ਨਾ ਹੀਆ ਮਾੜੇ ਤੇ ਘੜੱਪ।' ਜੇ ਅਸਾਂ ਮਾੜਿਆਂ ਤੇ ਆਪਣਾ ਰੋਹਬ ਨਹੀਂ ਪਾਉਣਾ ਤਾਂ ਤਕੜਿਆਂ ਪਾਸੋਂ ਬੂਥਾ ਭਨਾਉਣਾ ਹੈ ? ਇਸ ਸਿਧਾਂਤ ਅਨੁਸਾਰ ਅਸੀ ਕੁੱਟਣ ਲਗਿਆਂ, ਬੱਚਾ, ਬੁਢਾ,ਨਾਰੀ ਕੋਈ ਨਹੀਂ ਵੇਖਦੇ। ਸਾਡੀ ਕ੍ਰੋਧ ਅਗਨੀ ਨੂੰ ਸਿਰਫ ਇਕੋ ਗਲ ਹੀ ਸ਼ਾਂਤ ਕਰ ਸਕਦੀ ਹੈ, ਸਾਹਮਣਿਓਂ ਚਕਿਆ ਸੋਹਲਾ ਛਿੱਤਰ ।
ਕੁੜੀ ਪਹਿਲਾਂ ਇਕ ਵਾਰੀ ਤਾਂ ਦੁਹਾਈ ਪਾ ਉਠੀ ਪਰ ਫੇਰ ਚੁਪ ਕਰ ਗਈ । ਜਦ ਅਸੀਂ ਉਸਨੂੰ ਧੂਹਕੇ ਪਿੰਡੋਂ ਬਾਹਰ ਕੱਢਣ ਚਲੇ ਤਾਂ ਉਹ ਕਹਿਣ ਲਗੀ, 'ਬਾਬੂ ਜੀ ਮੈਨੂੰ ਜ਼ਰਾ ਪਕਾਈ ਹੋਈ ਰੋਟੀ ਤਾਂ ਅੰਦਰ ਰਖ ਆਉਣ ਦਿਓ । ਬਾਹਰ ਕਾਂ ਕੁੱਤੇ ਖਾ ਜਾਣਗੇ। ਉਹ ਅਜੇ ਬਹੁਤ ਕਮਜ਼ੋਰ ਹੈਨ, ਰਾਤ ਭਰ ਭੁਖਾ ਰਹਿਣਾ ਪਏਗਾ ।'
ਸੋਹਣ ਕੋਠੜੀ ਵਿਚ ਬੰਦ ਹੋਇਆ੨ ਪਾਗਲਾਂ ਵਾਂਗੂੰ ਕੰਧਾਂ ਨਾਲ ਸਿਰ ਮਾਰਨ ਲੱਗ ਪਿਆ ।ਬੂਹਿਆਂ ਨੂੰ ਲੱਤਾਂ ਮਾਰਨ ਲਗਾ ਤੇ ਵਾਦੁਆਹ ਬੋਲਣ ਲੱਗ ਪਿਆ ।ਪਰ ਅਸਾਂ ਉਸਦੀ ਕੋਈ ਪ੍ਰਵਾਹ ਨਾ ਕੀਤੀ। ਆਪਣੇ ਪਿੰਡ ਤੇ ਕੁਲ ਦੀ ਸੇਵਾ ਸਮਝਕੇ ਉਹਨੂੰ ਬਦੋ ਬਦੀ, ਘਸੀਟਦੇ ਹੋਏ ਪਿੰਡੋਂ ਬਾਹਰ ਲੈ ਚਲੇ ।
ਲੈ ਚਲੇ ਇਸ ਵਾਸਤੇ ਆਖ ਰਿਹਾ ਹਾਂ ਕਿ ਮੈਂ ਵੀ ਏਨਾਂ ਦੇ ਨਾਲ ਸਾਂ । ਪਰ, ਪਤਾ ਨਹੀਂ ਮੈਂ ਐਨਾਂ ਨਮਰਦ ਕਿਉਂ ਹੋ ਗਿਆ ਸਾਂ ਕਿ ਉਸ ਵਿਚਾਰੀ ਨੂੰ ਇਕ ਦੋ ਮੁਕੀਆਂ ਵੀ ਨ ਮਾਰ ਸਕਿਆ ।ਸਗੋਂ ਉਲਟਾ ਮੈਨੂੰ ਰੋਣ ਆ ਰਿਹਾ ਸੀ ਉਸਨੇ ਬਹੁਤ ਬੁਰਾ ਕੰਮ ਕੀਤਾ ਸੀ ਤੇ ਇਸਦੀ ਸਜ਼ਾ ਉਸਨੂੰ ਪਿੰਡੋਂ ਬਾਹਰ ਕੱਢ ਦੇਣੀ ਹੀ ਸੀ, ਪਰ ਫੇਰ ਵੀ ਮਲੂਮ ਹੁੰਦਾ ਸੀ ਕਿ ਅਸੀਂ ਕੋਈ ਚੰਗਾ ਕੰਮ ਨਹੀਂ ਸਾਂ ਕਰ ਰਹੇ ਇਹ ਮੇਰਾ ਖਿਆਲ ਸੀ, ਬਾਕੀ ਖਬਰੇ ਇਸਨੂੰ ਚੰਗਾ ਹੀ ਸਮਝਦੇ ਹੋਣ ।
ਏਨਾਂ ਸਮਝ ਲੈਣਾ ਕਿ ਪਿੰਡਾਂ ਵਾਲਿਆਂ ਵਿਚ ਦਲੇਰੀ ਤੇ ਦਇਆ ਬਿਲਕੁਲ ਨਹੀਂ ਹੁੰਦੀ ਸਗੋਂ ਅਸੀਂ ਵਡੇ ਆਦਮੀ ਇਹੋ ਜਹੀਆਂ ਦਲੇਰੀਆਂ ਕਰਦੇ ਹਾਂ ਕਿ ਤੁਸੀ ਦੰਗ ਰਹਿ ਜਾਓਗੇ।
ਇਹੋ ਸੋਹਣ ਜੇ ਉਸਦੇ ਹੱਥ ਦੇ ਖਾਣ ਦਾ ਅਪ੍ਰਾਧ ਨ ਕਰਦਾ ਤਾਂ ਸਾਨੂੰ ਐਨਾਂ ਗੁੱਸਾ ਨ ਆਉਂਦਾ ।ਕਾਸਥ ਦੇ ਮੁੰਡੇ ਨਾਲਇਕ ਸਪੇਰੇ ਦੀ ਕੁੜੀ ਦਾ ਵਿਆਹ, ਇਹ ਤਾਂ ਹਾਸੇਵਾਲੀ ਗਲ ਤੋਂ ਵੱਧ ਹੋਰ ਕੋਈ ਚੀਜ਼ ਨਹੀਂ ਸੀ, ਪਰ ਉਹਦੇ ਹੱਥ ਦਾ ਖਾਕੇ ਤਾਂ ਇਉਂ ਸਮਝੋ ਕਿ ਉਸਨੇ ਆਪਣੀ ਮੌਤ ਨੂੰ ਵਾਜ ਮਾਰ ਲਈ ਸੀ, ਕੀ ਹੋਇਆ ਉਹ ਢਾਈਆਂ ਮਹੀਨਿਆਂ ਦਾ ਬੀਮਾਰ ਹੈ ? ਕੀ ਹੋਇਆ ਜੇ ਉਹ ਹਾਲੇ ਵੀ ਮੰਜੇ ਤੇ ਪਿਆ ਹੈ ਪਰ ਇਸ ਹਾਲਤ ਵਿਚ ਉਹ ਲੜਕੀ ਦੇ ਹੱਥ ਦਾ ਨਹੀਂ ਸੀਂ ਖਾ ਸਕਦਾ । ਕੜਾਹ ਪੂੜੀ ਜਾਂ ਬੱਕਰੇ ਦਾ ਮਾਸ ਖਾ ਲੈਂਦਾ ਤਾਂ ਖੈਰ ਕੋਈ ਹਰਜ ਨਹੀਂ ਸੀ ਚੌਲਾਂ ਦੀ ਖਿਚੜੀ ਖਾਕੇ ਹੀ ਉਸਨੇ ਆਪਣੇ ਜਨਮ ਦਾ ਨਾਸ ਕਰ ਲਿਆ ਇਹ ਕਿਹੜੀ ਸਿਆਣਪ ਵਾਲੀ ਗੱਲ ਸੀ ?
ਪਿੰਡ ਦੇ ਲੋਕੀ ਬਿਲਕੁਲ ਉਜੱਡ ਨਹੀਂ ਸਨ। ਅੱਠ ਕੋਹ ਲੱਤਾਂ ਮਾਰ ੨ ਕੇ ਪੜ੍ਹੇ ਹੋਏ ਚਾਰ ਅੱਖਰ ਉਹਨਾਂ ਦੇ ਢਿੱਡ ਵਿੱਚ ਸਨ, ਇਹ ਤਾਂ ਕਿਸੇ ਦਿਨ ਵੱਡੇ ਹੋਕੇ ਦੇਸ ਦੇ ਸ਼ਰੋਮਣੀ ਬਣਦੇ ਹਨ। ਵਿਦਿਆ ਦੇਵੀ ਦੇ ਵਰ ਨਾਲ ਉਹਨਾਂ ਵਿਚ ਬੇਸਮਝੀ ਜਾਂ ਦੂਜੇ ਸ਼ਬਦਾਂ ਵਿਚ ਨਰਮਾਈ ਕਿਦਾਂ ਆ ਸਕਦੀ ਹੈ।
ਇਹ ਵੇਖੋ ਨਾਂ, ਇਸ ਗਲ ਦੇ ਕੁਝ ਚਿਰ ਪਿਛੋਂ, ਸਵੇਰ ਦੇ ਨਾਂ ਲੈਣ ਵਾਲੇ, ਸੁਰਗਵਾਸੀ ਮੁਖ ਉਪਾਧਯਾ ਮਹਾਸ਼ੇ ਦੀ ਵਿਧਵਾ ਨੂੰਹ ਜਦ ਦੋ ਸਾਲ ਤੱਕ ਕਾਂਸ਼ੀ ਵਿੱਚ ਰਹਿਕੇ ਪਿੰਡ ਵਾਪਸ ਆਈ ਤਾਂ ਲੋਕੀ ਲੱਗ ਪਏ ਘੁਸਰ ਘਸਰ ਕਰਨ ਕਿ ਹੁਣ ਅਧੀ ਜਾਇਦਾਦ ਤਾਂ ਇਸ ਵਿਧਵਾ ਦੀ ਹੋ ਗਈ ਨਾਂ ? ਇਸ ਡਰ ਨਾਲ ਕਿ ਸੱਚੀ ਮੁੱਚੀ ਅਧੀ ਜਾਇਦਾਦ ਵਿਧਵਾ ਨੋਂਹ ਨਾ ਸਾਂਭ ਬੈਠੇ ਵੱਡੇ ਬਾਬੂ ਜੀ ਵੱਡੀ ਕੋਸ਼ਸ਼ ਨਾਲ ਨੋਂਹ ਨੂੰ ਆਪਣੇ ਹੱਕ ਵਿੱਚ ਕਰ ਬੈਠੇ ਹਨ। ਹੁਣ ਲੋਕੀ ਉਦਾਂ ਚੀਕਣ ਲੱਗੇ ।ਬਾਬੂ ਹੋਰਾਂ ਨੇ ਆਪਣੀ ਦਲੇਰੀ ਤੇ ਹੌਸਲਾ ਵਿਖਾਉਂਦਿਆਂ ਹੋਇਆਂ, ਜਦ ਸਾਰੀ ਪੰਚਾਇਤ ਨੂੰ ਲੱਡੂ ਪੇੜੇ ਕੜਾਹ ਪੂਰੀ ਖੁਆ ਦਿੱਤੀ ਤੇ ਹਰ ਇਕ ਖਾਣ ਵਾਲੇ ਨੂੰ ਦੰਦ ਘਸਾਈ ਗਿਲਾਸ ਦੇ ਦਿਤਾ, ਤਾਂ ਝੱਟ ਚੁੱਪ ਹੋ ਗਏ । ਬ੍ਰਹਿਮਣਾਂ ਨੂੰ ਜਦ ਸ਼ੰਗਾਰੀਆਂ ਹੋਈਆਂ ਗਾਈਆਂ ਦੱਛਣਾ ਵਿਚ ਮਿਲ ਗਈਆਂ ਤਾਂ ਉਹ ਆਪਣੇ ਥਾਂ 'ਧੰਨ ਧੰਨ' ਕਰ ਉਠੇ । ਇਥੋਂ ਤਕ ਕਿ ਰਾਹ ਵਿਚ ਆਉਂਦਿਆਂ ਆਉਂਦਿਆਂ ਹੀ ਕਈ ਲੋਕ ਆਖ ਰਹੇ ਸਨ, ਦੇਸ਼ ਤੇ ਕੌਮ ਦੀ ਬੇਹਤਰੀ ਵਾਸਤੇ ਹਰ ਵਡੇ ਆਦਮੀ ਦੇ ਘਰ ਇਹੋ ਜਹੇ ਉਤਸਵ ਹੁੰਦੇ ਰਹਿਣੇ ਚਾਹੀਦੇ ਹਨ ।
ਪਰ ਐਹੋ ਜੇਹੀਆਂ ਕਹਾਣੀਆਂ ਬਹੁਤ ਹਨ । ਇਹਨਾਂ ਨੂੰ ਛੱਡੋ, ਬੰਗਾਲ ਵਿੱਚ ਕੀ ਤੇ ਹੋਰ ਥਾਂ ਭੀ ਮੈਂ ਫਿਰ ਫਿਰ ਕੇ ਵੇਖਿਆ ਹੈ ਕਿ ਇਹੋ ਜਹੀਆਂ ਘਟਨਾਵਾਂ ਦਾ ਕੋਈ ਅੰਤ ਨਹੀਂ ਰਿਹਾ । ਸਾਡੇ ਆਚਰਨ, ਸਾਡਾ ਧਰਮ, ਸਾਰੇ ਹੀ ਬੜੇ ਉੱਤਮ ਤੇ ਸੰਪੂਰਨ ਹੋ ਗਏ ਹਨ । ਹੁਣ ਸਿਰਫ ਅੰਗ੍ਰੇਜ਼ਾਂ ਨੂੰ ਗਾਲੀਆਂ ਕੱਢਣ ਤੇ ਆਸਮਾਨ ਗੂੰਜਾਊ ਜੈਕਾਰਿਆਂ ਦੀ ਦੇਰ ਹੈ, ਦੇਸ਼ ਆਜ਼ਾਦ ਹੋਇਆ ਸਮਝੋ।
ਇਕ ਸਾਲ ਹੋ ਗਿਆ ਹੈ, ਮੈਂ ਮੱਛਰਾਂ ਦੇ ਲੜਨ ਤੋਂ ਅੱਕ ਕੇ ਅਸਤੀਫਾ ਦੇਕੇ ਘਰ ਆ ਗਿਆ ਹਾਂ । ਇਕ ਦਿਨ ਦੁਪਹਿਰ ਵੇਲੇ ਮੈਂ ਪਿੰਡ ਦੇ ਕੋਹ ਦੂਰ ਜੰਗਲ ਵਿਚ ਫਿਰਨ ਤੁਰਨ ਜਾ ਰਿਹਾ ਸਾਂ। ਅੱਚਨਚੇਤ ਵੇਖਿਆ ਕਿ ਇਕ ਕੁਟੀਆ ਦੇ ਬੂਹੇ ਅੱਗੇ ਸੋਹਣ ਬੈਠਾ ਹੋਇਆ ਹੈ । ਉਹਦੇ ਸਿਰਤੇ ਭਗਵੇਂ ਰੰਗ ਦੀ ਪਗੜੀ ਸੀ । ਵਡੇ ਵਡੇ ਵਾਲ ਤੇ ਵੱਧੀਆਂ ਹੋਈਆਂ ਮੁੱਛਾਂ, ਗਲ ਵਿਚ ਰੁਦ੍ਰਾਖਸ਼ ਦੀ ਮਾਲਾ, ਦੇਖਣ ਵਾਲਾ ਨਹੀਂ ਸੀ ਆਖ ਸਕਦਾ ਕਿ ਇਹ ਸੋਹਣ ਹੈ। ਇਹ ਕਾਸਥ ਦਾ ਮੁੰਡਾ ਇਕ ਸਾਲ ਵਿੱਚ ਹੀ ਆਪਣੀ ਜ਼ਾਤ ਗੁਆਕੇ ਪੂਰਾ ਪੂਰਾ ਸਪੇਰਾ ਬਣ ਗਿਆ ਸੀ।
ਮਨੁੱਖ ਸਦਾ ਆਪਣੀਆਂ ਪੀੜ੍ਹੀਆਂ ਦੀ ਜ਼ਾਤ ਨੂੰ ਛਡ ਕੇ ਕਿਦਾਂ ਹੋਰ ਦਾ ਹੋਰ ਬਣ ਜਾਂਦਾ ਹੈ, ਇਹ ਬੜੀ ਹੈਰਾਨੀ ਵਾਲੀ ਗਲ ਹੈ, ਤੁਸਾਂ ਕਈ ਵਾਰੀ ਸੁਣਿਆਂ ਹੋਵੇਗਾ ਕਿ ਇਕ ਬ੍ਰਾਹਮਣ ਦਾ ਮੁੰਡਾ ਚੂਹੜੇ ਦੀ ਕੁੜੀ ਨਾਲ ਵਿਆਹ ਕਰਵਾਕੇ ਚੂਹੜਾ ਬਣ ਕੇ ਚੂਹੜਿਆਂ ਵਾਲੇ ਕਰਮ ਕਰਨ ਲਗ ਪਿਆ ਹੈ । ਮੈਂ ਆਪ ਇਕ ਬ੍ਰਾਹਮਣਾਂ ਦੇ ਮੁੰਡੇ ਨੂੰ ਵੇਖਿਆ ਸੀ। ਜੋ ਕਿ ਦਸ ਜਮਾਤਾਂ ਪੜ੍ਹਕੇ ਇਕ ਮਰਾਸਣ ਪਿਛੇ ਮੁਸੱਲੀ ਹੋ ਗਿਆ ਸੀ, ਹੁਣ ਉਹ ਸਭ ਕੰਮ ਮਰਾਸੀਆਂ ਵਾਲੇ ਕਰਦਾ ਹੈ ਤੇ ਸੂਰ ਚਾਰਦਾ ਫਿਰਦਾ ਹੈ, ਇੱਕ ਚੰਗੇ ਘਰ ਦੇ ਲੜਕੇ ਨੂੰ ਕਸਾਈ ਦੀ ਲੜਕੀ ਨਾਲ ਵਿਆਹ ਕਰਵਾਕੇ ਕਸਾਈ ਬਣਦਿਆਂ ਵੀ ਮੈਂ ਵੇਖ ਚੁੱਕਾ ਹਾਂ ।ਅੱਜ ਉਹ ਆਪਣੀ ਹੱਥ, ਬਕਰੇ ਕੱਟ ਕੱਟ ਕੇ ਵੇਚ ਰਿਹਾ ਹੈ । ਇਹਨੂੰ ਵੇਖ ਕੇ ਕੌਣ ਕਹਿ ਸਕਦਾ ਹੈ ਕਿ ਕਿਸੇ ਜ਼ਮਾਨੇ ਵਿਚ ਇਹ ਐਨਾ ਨਰਮ ਦਿੱਲ ਸੀ ਕਿ ਮਾਸ ਕੋਲੋਂ ਲੰਘਣ ਲਗਿਆਂ ਇਹ ਨੱਕ ਅੱਗੇ ਰੁਮਾਲ ਦੇ ਲਿਆ ਕਰਦਾ ਸੀ ।
ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਸੋਚ ਕੇ ਮੈਂ ਇਸ ਸਿੱਟੇ ਤੇ ਪਹੁੰਚਿਆਂ ਹਾਂ ਕਿ ਇਹਨਾਂ ਸਾਰੀਆਂ ਗਲਾਂ ਦੀਆਂ ਜ਼ੁਮੇਵਾਰ ਇਸਤਰੀਆਂ ਹਨ । ਇਹ ਇਸਤਰੀਆਂ ਜੇ ਆਦਮੀ ਨੂੰ ਇਸਤਰਾਂ ਟੋਇਆਂ ਵਿਚ ਸੁੱਟ ਸਕਦੀਆਂ ਹਨ ਤਾਂ ਕੀ ਇਹ ਆਦਮੀ ਨੂੰ ਉਪਰ ਨਹੀਂ ਚੁੱਕ ਸਕਦੀਆਂ? ਜਿਨਾਂ ਪੇਂਡੂਆਂ ਦੀ ਭਲਾਈ ਲਈ ਮੈਂ ਕਮਰਕੱਸੇ ਕਰਕੇ ਮੈਦਾਨ ਵਿੱਚ ਆਇਆ ਹਾਂ ਇਹ ਸਾਰੀ ਭੁਲ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ? ਕੀ ਇਹ ਆਪਣੇ ਆਪ ਹੀ ਏਦਾਂ ਥੱਲੇ ਨਿੱਘਰਦੇ ਜਾ ਰਹੇ ਹਨ ? ਅੰਦਰੋਂ ਇਹਨਾਂ ਨੂੰ ਕੋਈ ਤਾਕਤ ਸਹਾਰਾ ਦੇਣ ਵਾਲੀ ਨਹੀਂ ਮਿਲਦੀ ?
ਰਹਿਣ ਦਿਉ ਜੀ, ਮੈਂ ਤਾਂ ਹੋਰ ਹੀ ਕਿਸੇ ਛੇੜਕੇ ਬਹਿ ਗਿਆ ਹਾਂ ! ਪਰ ਮੈਨੂੰ ਮੁਸ਼ਕਲ ਇਹ ਹੈ ਕਿ ਮੈਂ ਇਹ ਗਲ ਨਹੀਂ ਭੁੱਲ ਸਕਦਾ ਕਿ ਸੌ ਵਿਚੋਂ ਨੱਬੇ ਆਦਮੀ ਜਾਂ ਇਸਤਰੀਆਂ ਪਿੰਡਾਂ ਵਿਚ ਰਹਿਕੇ ਹੀ ਪਲਦੇ ਹਨ, ਇਸ ਕਰਕੇ ਸਾਨੂੰ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੈ । ਖੈਰ, ਮੈਂ ਹੁਣ ਆਖ ਰਿਹਾ ਸਾਂ ਕਿ ਵੇਖਣ ਵਾਲਾ ਕੋਈ ਨਹੀਂ ਸੀ ਆਖ ਸਕਦਾ ਕਿ ਇਹ ਓਹੋ ਸੋਹਣ ਹੈ । ਮੈਨੂੰ ਉਹਨੇ ਬੜੇ ਸਤਕਾਰ ਨਾਲ ਬੈਠਣ ਲਈ ਕਿਹਾ, ਬਿਲਾਸੀ ਤਾਲੋਂ ਪਾਣੀ ਲੈਣ ਗਈ ਹੋਈ ਸੀ, ਮੈਨੂੰ ਵੇਖਕੇ ਬਹੁਤ ਖੁਸ਼ ਹੋਈ ਆਖਣ ਲੱਗੀ 'ਜੇ ਤੁਸੀਂ ਮੈਨੂੰ ਉਸ ਰਾਤ ਨਾ ਬਚਾਉਂਦੇ ਤਾਂ ਉਹਨਾਂ ਮੈਨੂੰ ਮਾਰ ਹੀ ਸੁੱਟਣਾ ਸੀ । ਖਬਰੇ ਮੇਰੇ ਬਦਲੇ ਤੁਹਾਨੂੰ ਵੀ ਧੌਲ ਧੱਫਾ ਖਾਣਾ ਪਿਆ ਹੋਵੇਗਾ।'
ਗੱਲਾਂ ਗੱਲਾਂ ਤੋਂ ਪਤਾ ਲੱਗਾ ਕਿ ਅਗਲੇ ਹੀ ਦਿਨ ਉਹ ਉਥੋਂ ਚਲੇ ਆਏ ਸਨ ਤੇ ਇੱਥੇ ਘਰ ਬਣਾਕੇ ਸੁਖ ਨਾਲ ਰਹਿਣ ਲੱਗ ਪਏ ਸਨ। ਇਹ ਗੱਲ ਉਹਨਾਂ ਮੈਨੂੰ ਮੂੰਹੋਂ ਨਹੀਂ ਦੱਸੀ ਸਿਰਫ ਉਹਨਾਂ ਦੇ ਚਿਹਰਿਆਂ ਤੋਂ ਹੀ ਖੁਸ਼ੀ ਪ੍ਰਗਟ ਹੋ ਰਹੀ ਸੀ ।
ਪਤਾ ਲੱਗਾ ਕਿ ਅੱਜ ਉਹਨਾਂ ਕਿਤੇ ਸੱਪ ਪਕੜਨ ਜਾਣਾ ਹੈ ਜਿਸਦਾ ਬਿਆਨਾ ਉਹ ਪਹਿਲਾਂ ਲੈ ਚੁਕੇ ਹਨ, ਜਦ ਉਹ ਤਿਆਰ ਹੋਏ ਤਾਂ ਮੈਂ ਵੀ ਨਾਲ ਹੀ ਤੁਰ ਪਿਆ। ਛੋਟੇ ਹੁੰਦਿਆਂ ਤੋਂ ਹੀ ਮੈਨੂੰ ਦੋ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਆ ਰਹੀਆਂ ਹਨ, ਇਕ ਤਾਂ ਕੌਡੀਆਂ ਵਾਲਾ ਸੱਪ ਪਾਲਣਾ । ਦੂਜਾ ਮੰਤ੍ਰ ਸਿੱਧ ਕਰਨਾ ।
ਮੰਤਰ ਸਿੱਧੀ ਦੀ ਜੁਗਤੀ ਮੈਨੂੰ ਅੱਜ ਤਕ ਕਿਧਰੋਂ ਨਹੀਂ ਮਿਲ ਸਕੀ ਸੀ, ਸੋ ਸੋਹਣ ਨੂੰ ਉਸਤਾਦ ਬਣਾਉਣ ਦਾ ਖ਼ਿਆਲ ਕਰਕੇ ਮੈਂ ਬਹੁਤ ਖੁਸ਼ ਹੋ ਰਿਹਾ ਸਾਂ ।ਉਹ ਆਪਣੇ ਪ੍ਰਸਿੱਧ ਸਪੇਰੇ ਸਹੁਰੇ ਦਾ ਸ਼ਾਗਿਰਦ ਸੀ, ਇਸ ਕਰਕੇ ਕੋਈ ਮਾਮੂਲੀ ਆਦਮੀ ਥੋੜਾ ਸੀ । ਮੇਰੇ ਭਾਗ ਇਕ ਵੇਰਾਂ ਹੀ ਏਦਾਂ ਚਮਕ ਪੈਣਗੇ, ਇਹਦਾ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ।
'ਇਹ ਕੰਮ ਬਹੁਤ ਔਖਾ ਹੈ। ਸੂਲੀ ਤੇ ਜਾਨ ਟੰਗਣ ਵਾਲੀ ਗੱਲ ਹੈ । ਆਖਣ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਬਥੇਰੀਆਂ ਰੋਕਾਂ ਪਾਈਆਂ, ਪਰ ਜਦ ਮੈਂ ਲਸੂੜੀ ਦੀ ਗਿਟਕ ਵਾਂਗ ਚੰਬੜ ਗਿਆ ਤਾਂ ਉਸ ਵਿਚਾਰੇ ਨੂੰ ਮੈਨੂੰ ਸ਼ਾਗਿਰਦ ਬਣਾਉਣਾ ਹੀ ਪਿਆ। ਸੋਹਣ ਨੇ ਮੈਨੂੰ ਸੱਪ ਫੜਨ ਦਾ ਮੰਤ੍ਰ ਤੇ ਤਰੀਕਾ ਦੱਸ ਦਿੱਤਾ ਤੇ ਇਕ ਡੌਲੇ ਨਾਲ ਇਕ ਤਵੀਜ਼, ਗੋਰਖ ਦੀ ਰੱਖ, ਬੰਨ੍ਹਕੇ ਪੂਰਾ ੨ ਸਪੇਰਾ ਬਣਾ ਦਿੱਤਾ । ਮੰਤ੍ਰ ਕੀ ਸੀ ? ਮੈਨੂੰ ਉਹਦਾ ਅਖੀਰੀ ਹਿੱਸਾ ਹੀ ਆਉਂਦਾ ਹੈ:-

ਅੰਤਰ ਮੰਤਰ ਤਲੀ ਤਲੰਤਰ, ਫੁਰੇ ਨ ਵਾਰ ਚਲੇ ਜੰਤਰ ।
ਗੋਰਖ ਨਾਥ ਹਮਾਰਾ ਸੁਆਮੀ, ਕੁਮੱਖਿਆ ਦੇਵੀ ਮਾਈ ।
ਸੱਪ ਕੱਟੇ ਦਾ ਝਾੜਾ ਪਾਵਾਂ ਜੇ ਤੂੰ ਹੋਏਂ ਸਹਾਈ ।
ਵਿਹੁ ਲੈ ਜਾ, ਤੇ ਲੈਜਾਕੇ, ਪਾ ਸਮੁੰਦਰ ਖਾਰੇ ।
ਗੁਰੂ ਗੋਰਖ ਦੀ ਆਗਿਆ ਮੰਨਕੇ ਕਰਜਾ ਕੰਮ ਹਮਾਰੇ ।

ਇਹਦਾ ਮਤਲਬ ਮੈਂ ਨਹੀਂ ਜਾਣਦਾ ਕਿਉਂਕਿ ਉਸ ਮੰਤ੍ਰ ਦਾ ਰਚਨਹਾਰ, ਕੋਈ ਤਾਂ ਹੋਵੇਗਾ, ਬਿਨਾਂ ਕੁਛ ਦੱਸੇ ਪੁਛੇ ਦੇ ਇਹ ਮੰਤ੍ਰ ਉਗਲੱਛਕੇ ਸੁੱਟ ਗਿਆ ਸੀ । ਅਖੀਰ ਨੂੰ ਇਕ ਦਿਨ ਇਸ ਮੰਤ੍ਰ ਦੇ ਝੂਠ ਸਚ ਦਾ ਪਤਾ ਲਗ ਹੀ ਗਿਆ । ਜਦ ਤਕ ਪਤਾ ਨਹੀਂ ਲਗਾ ਸੀ ਮੈਂ ਸੱਪ ਫੜਨ ਵਿਚ ਦੂਰ ਨੇੜੇ ਪ੍ਰਸਿੱਧ ਹੋਗਿਆ ਸਾਂ।ਸਾਰੇ ਆਖਣ ਲੱਗੇ ਨੇੜਾ ਹੈ ਤਾਂ ਬੜਾ ਗੁਣੀ ਆਦਮੀ । ਸੰਨਿਆਸੀ ਬਣਕੇ ਕਮੱਖਿਆ ਦੇਵੀ ਦੇ ਦਰਸ਼ਨ ਕਰਕੇ ਇਹ ਪੂਰਾ ੨ ਉਸਤਾਦ ਬਣ ਆਯਾ ਹੈ, ਇਸ ਛੋਟੀ ਜਹੀ ਉਮਰ ਵਿਚ ਐਨੀ ਪ੍ਰਸਿੱਧੀ ਹਾਸਲ ਕਰ ਲੈਣ ਕਰਕੇ ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ ਨੇ ।
ਦੋ ਆਦਮੀਆਂ ਨੇ ਮੈਨੂੰ ਉਸਤਾਦ ਨਹੀਂ ਮੰਨਿਆਂ ਇਕ ਤਾਂ ਮੇਰੇ ਉਸਤਾਦ ਨੇ, ਜੋ ਮੈਨੂੰ ਕਦੇ ਚੰਗੀ ਮਾੜੀ ਨਹੀਂ ਆਖਦੇ ਸਨ ਤੇ ਦੂਜਾ ਬਿਲਾਸੀ ਕਦੇ ਕਦਾਈਂ ਆਖ ਦੇਂਦੀ ਸੀ, ਮਹਾਰਾਜ ਇਹ ਸੱਪਾਂ ਦੇ ਬੱਚੇ ਕਿਸੇ ਦੇ ਮਿੱਤ ਨਹੀਂ ਹੁੰਦੇ ਇਹਨਾਂ ਨੂੰ ਬੜੀ ਸਾਵਧਾਨੀ ਨਾਲ ਛੇੜਿਆ ਕਰੋ। ਸਚ ਮੁਚ ਹੀ ਦੰਦ ਭੰਨੇ ਸੱਪਾਂ ਦੇ ਮੂੰਹ ਵਿਚੋਂ ਜ਼ਹਿਰ ਆਦਿ ਕੱਢਣ ਦਾ ਕੰਮ ਮੈਂ ਐਨੀ ਲਾਪ੍ਰਵਾਹੀ, ਨਾਲ ਕਰਨ ਲੱਗ ਪਿਆ ਸਾਂ, ਕਿ ਹੁਣ ਵੀ ਉਹਦਾ ਚੇਤਾ ਆਉਣ ਤੇ ਸਰੀਰ ਲੂਈਂ ਕੰਡੇ ਹੋ ਜਾਂਦਾ ਹੈ ।
ਅਸਲ ਗੱਲ ਇਹ ਹੈ ਕਿ ਸੱਪ ਫੜਨਾ ਕੋਈ ਖਤਰਨਾਕ ਕੰਮ ਨਹੀਂ। ਸੱਪ ਫੜਕੇ ਤੌੜੀ ਵਿਚ ਪਾ ਲੈਣ ਤੋਂ ਪਿਛੋਂ ਭਾਵੇਂ ਉਸਦੇ ਦੰਦ ਕੱਢੇ ਜਾਣ ਭਾਵੇਂ ਨਾ ਉਹ ਕੱਟਣਾ ਚਾਹੁੰਦਾ ਹੀ ਨਹੀਂ। ਫੱਨ ਉਠਾਕੇ ਉਹ ਕੱਟਣ ਦਾ ਡਰਾਵਾ ਤਾਂ ਜ਼ਰੂਰ ਦੇਵੇਗਾ ਪਰ ਕੱਟੇਗਾ ਨਹੀਂ।
ਕਦੇ ਕਦੇ ਸਾਡੇ ਦੋਹਾਂ ਨਾਲ ਬਿਲਾਸੀ ਝਗੜਾ ਕਰਿਆ ਕਰਦੀ ਸੀ । ਸਪੇਰਿਆਂ ਵਾਸਤੇ ਸਭ ਤੋਂ ਵਧਕੇ ਨਫੇ ਦਾ ਕੰਮ ਹੈ ਜੜੀ ਬੂਟੀਆਂ ਦਾ ਬਪਾਰ, ਜਿਹਨਾਂ ਨੂੰ ਵੇਖਕੇ ਸੱਪ ਨੂੰ ਭਜਦੇ ਨੂੰ ਸਾਹ ਨਾਂ ਆਵੇ । ਜਿਸ ਸੱਪ ਨੂੰ ਜੜੀ ਬੂਟੀ ਵਿਖਾਕੇ ਭਜਾਉਣਾ ਹੋਵੇ, ਉਸਦਾ ਮੂੰਹ ਗਰਮ ਸੀਖ ਨਾਲ ਸਾੜ ਦਿਉ।ਫੇਰ ਭਾਵੇਂ ਤੁਸੀਂ ਉਸਨੂੰ ਜੜੀ ਬੂਟੀ ਵਿਖਾਓ ਭਾਵੇਂ ਨਾ ਵਿਖਾਓ ਉਹ ਤੀਲਾ ਵਿਖਾਉਣ ਤੇ ਹੀ ਜਾਨ ਬਚਾਉਣ ਦਾ ਮਾਰਾ ਭੱਜ ਉਠੇਗਾ।ਇਸ ਠੱਗ ਬਾਜੀ ਦੇ ਬਰਖਿਲਾਫ ਬਿਲਾਸੀ ਨੂੰ ਬੜਾ ਇਤਰਾਜ਼ ਸੀ । ਉਹ ਆਖਦੀ, ਭੋਲੇ ਭਾਲੇ ਲੋਕਾਂ ਨੂੰ ਏਦਾਂ ਨਹੀਂ ਠੱਗਣਾਂ ਚਾਹੀਦਾ । ਸੋਹਣ ਆਖਦਾ, ਸਾਰੇ ਏਦਾਂ ਹੀ ਕਰਦੇ ਹਨ, ਸਾਨੂੰ ਕੀ ਡਰ ਹੈ ।
ਬਿਲਾਸੀ ਆਖਦੀ, ਲੋਕੀ ਕਰਦੇ ਹਨ ਤਾਂ ਕਰਨ ਦਿਓ । ਸਾਨੂੰ ਦੋਹਾਂ ਜੀਆਂ ਨੂੰ ਰੋਟੀ ਦਾ ਤਾਂ ਬਹੁਤਾ ਫਿਕਰ ਹੀ ਨਹੀਂ ਫੇਰ ਕਿਉਂ ਦੁਨੀਆਂ ਠੱਗੀਏ।
ਇਕ ਗਲ ਦੀ ਬਾਬਤ ਮੈਂ ਖਾਸ ਧਿਆਨ ਦਿਤਾ ਹੈ । ਸੱਪ ਫੜਨ ਦਾ ਬਿਆਨਾ ਆਉਣ ਤੇ ਬਿਲਾਸੀ, ਉਸ ਵਿੱਚ ਵਿਘਨ ਪਾਉਣ ਦੀ ਕੋਸ਼ਸ਼ ਕਰਦੀ । ਉਹ ਆਖਿਆ ਕਰਦੀ, ਅੱਜ ਮੰਗਲਵਾਰ ਹੈ, ਅੱਜ ਛਨਿਛਰ ਵਾਰ ਹੈ, ਏਸਤਰਾਂ ਪਤਾ ਨਹੀਂ ਕੀ ਕੁਝ ਬਹਾਨੇ ਬਣਾ ਬਣਾ ਕੇ ਉਹ ਸੋਹਣ ਨੂੰ ਇਸ ਗਲੋਂ ਬਾਜ਼ ਰੱਖਣ ਦੀ ਕੋਸ਼ਸ਼ ਕਰਦੀ । ਜੇ ਸੇਹਣ ਘਰ ਨਾ ਹੁੰਦਾ ਤਾਂ ਉਹ ਬਿਆਨਾ ਦੇਣ ਵਾਲੇ ਨੂੰ ਸਾਫ ਹੀ ਟਿਰਕਾ ਛੱਡਦੀ, ਪਰ ਸੋਹਣ ਦੇ ਘਰ ਹੋਣ ਤੇ ਸੋਹਣ ਨੂੰ ਲਾਲਚ ਜਰੂਰ ਇਸ ਕੰਮ ਲਈ ਮਜ਼ਬੂਰ ਕਰ ਦੇਂਦਾ ਤੇ ਉਹ ਨਾਂਹ ਨ ਕਰ ਸਕਦਾ। ਮੈਨੂੰ ਤਾਂ ਸੱਪ ਫੜਨ ਦਾ ਸੁਆਦ ਜਿਹਾ ਪੈਗਿਆ ਸੀ, ਸੋ ਮੈਂ ਸੋਹਣ ਨੂੰ ਜਰੂਰ ਹੌਂਸਲਾ ਦੇਂਦਾ ਰਹਿੰਦਾ ਸਾਂ ਕਿ ਉਹ ਇਹ ਕੰਮ ਜਰੂਰ ਕਰੇ । ਇਸ ਕੰਮ ਵਿੱਚ ਅੱਜ ਤੋਂ ਛੁੱਟ ਡਰ ਦੀ ਵੀ ਕੋਈ ਗਲ ਹੈ ਇਹ ਗਲ ਸਾਡੇ ਚਿੱਤ ਚੇਤੇ ਵੀ ਨਹੀਂ ਸੀ । ਇਸ ਪਾਪ ਦਾ ਡੰਡ ਮੈਨੂੰ ਇਕ ਦਿਨ ਮਿਲ ਹੀ ਗਿਆ ।
ਉਸ ਦਿਨ ਪਿੰਡਾਂ ਡੇਢ ਕੋਹ ਦੀ ਵਿੱਥ ਤੇ ਗੁਆਲੇ ਦੇ ਘਰੋਂ ਸੱਪ ਫੜਨ ਗਿਆ ਸਾਂ, ਬਿਲਾਸੀ ਹਰ ਵੇਲੇ ਨਾਲ ਰਹਿੰਦੀ ਸੀ ਅੱਜ ਵੀ ਨਾਲ ਸੀ । ਪਾਥੀਆਂ ਵਾਲੀ ਚੁਰ ਵਿਚ ਲਭਦਿਆਂ ਲਭਦਿਆਂ ਇਕ ਥਾਂ ਸੱਪ ਦੀ ਰੁੱਡ ਲਭੀ ਕਿਸੇ ਨੇ ਧਿਆਨ ਨਾਂ ਦਿਤਾ, ਉਸਤਾਦੀ ਸਪੇਰੇ ਦੀ ਸੀ, ਬਿਲਾਸੀ ਨੇ ਜ਼ਮੀਨ ਤੋਂ ਕਾਗਜ਼ ਜਿਹਾ ਚੁਕਦੀ ਹੋਈ ਨੇ ਕਿਹਾ, 'ਮਹਾਰਾਜ ਜਰਾ ਹਸ਼ਿਆਰ ਰਹਿਣਾ ਸੱਪ ਇਕ ਨਹੀਂ ਹੈ, ਜੋੜਾ ਜਾਂ ਇਸ ਤੋਂ ਵੱਧ ਹਨ ।'
ਸੋਹਣ-ਇਹ ਤਾਂ ਆਖਦੇ ਹਨ, ਇੱਕ ਹੀ ਹੈ ਤੇ ਬਾਹਰੋਂ ਵੀ ਇਕੋ ਹੀ ਆਇਆ ਹੈ ।
ਬਿਲਾਸੀ ਨੇ ਕਾਗਜ਼ ਵਿਖਾਉਂਦੀ ਹੋਈ ਨੇ ਕਿਹਾ, ਵੇਖਦੇ ਨਹੀਂ ਇਹ ਤਾਂ ਇਥੇ ਰਹਿਣ ਲਈ ਥਾਂ ਬਣਾਈ ਹੈ।
ਸੋਹਣ ਨੇ ਆਖਿਆ, ਕਾਗਜ਼ ਤਾਂ ਚੂਹੇ ਵੀ ਲਿਆ ਸਕਦੇ ਹਨ ।
ਬਿਲਾਸੀ ਨੇ ਆਖਿਆ 'ਦੋਵੇਂ ਗੱਲਾਂ ਹੋ ਸਕਦੀਆਂ ਹਨ, ਪਰ ਦੋ ਤਾਂ ਜਰੂਰ ਹਨ, ਮੈਂ ਯਕੀਨ ਨਾਲ ਆਖ ਸਕਦੀ ਹਾਂ ।'
ਅਸਲ ਵਿੱਚ ਬਿਲਾਸੀ ਸੱਚੀ ਸੀ, ਦਸਾਂ ਮਿੰਟਾਂ ਪਿਛੋਂ ਇਕ ਬੜਾ ਜ਼ਬਰਦਸਤ ਕਾਲਾ ਨਾਗ ਫੜਕੇ ਸੋਹਣ ਨੇ ਮੇਰੇ ਹਥਾਂ ਵਿੱਚ ਫੜਾ ਦਿੱਤਾ। ਮੈਂ ਅਜੇ ਇਸਨੂੰ ਆਪਣੀ ਪਟਾਰੀ ਵਿੱਚ ਬੰਦ ਕਰਕੇ ਹਟਿਆ ਵੀ ਨਹੀਂ ਸਾਂ ਕਿ ਸੋਹਣ, ਹਾਏ-ਮਾਂ ਆਖਕੇ ਹੱਥੋਂ ਸੱਪ ਛਡ ਕੇ ਬਾਹਰ ਆ ਗਿਆ । ਉਸਦੀ ਹਥਾਲੀ ਦੇ ਪਿਛਲੇ ਪਾਸਿਉਂ ਫੁਹਾਰਿਆਂ ਵਾਂਗ ਲਹ ਵਗ ਰਿਹਾ ਸੀ ।
ਪਹਿਲਾਂ ਤਾਂ ਸਾਰੇ ਹੈਰਾਨ ਕਿ ਇਹ ਕਿੱਦਾਂ ਇਕ ਸੱਪ ਖੁਡ ਵਿਚੋਂ ਨਿਕਲਦਾ ਹੀ ਭੱਜ ਜਾਣਦੀ ਥਾਂ ਵੱਢ ਖਾਣ ਲਈ ਤਿਆਰ ਹੋ ਜਾਏ। ਇਹ ਘਟਨਾ ਜੀਵਨ ਭਰ ਵਿਚੋਂ ਪਹਿਲੀ ਹੀ ਸੀ । ਦੁਜੇ ਮਿੰਟ ਵਿਚ ਬਿਲਾਸੀ ਚੀਕ ਦੀ ਹੋਈ ਨੱਠੀ ਆਈ ਤੇ ਉਸ ਪਾਸ ਜਿੰਨੇ ਕਿਸਮ ਦੀਆਂ ਜੜੀਆਂ ਬੂਟੀਆਂ ਸਨ ਸਭ ਉਸ ਨੇ ਸੋਹਣ ਨੂੰ ਚਬਾ ਦਿੱਤੀਆਂ, ਸੋਹਣ ਦਾ ਆਪਣਾ ਤਵੀਤ ਤਾਂ ਹੈਗਾ ਈ ਸੀ ਮੈਂ ਆਪਣਾ ਤਵੀਤ ਵੀ ਲਾਹਕੇ ਉਸ ਨੂੰ ਪਾ ਦਿੱਤਾ । ਖਿਆਲ ਸੀ ਕਿ ਹੁਣ ਉਸ ਨੂੰ ਜ਼ਹਿਰ ਨਹੀਂ ਚੜ੍ਹੇਗਾ ਕਿਉਂਕਿ ਉਹ ਉਸ ਮੰਤਰ ਨੂੰ ਜ਼ੋਰ ਜ਼ੋਰ ਦੀ ਪੜਨ ਲਗ ਪਿਆ ਸੀ ਜੋ ਕਿ ਜ਼ਹਿਰ ਨਹੀਂ ਚੜ੍ਹਨ ਦੇਂਦਾ । ਚੌਂਹ ਪਾਸੀ ਦੁਨੀਆਂ ਇਕੱਠੀ ਹੋਈ। ਲਾਗੇ ਚਾਗੇ ਹੋਰ ਜਿਹੜੇ ਸਿੱਖਾਂ ਦੇ ਸਿਆਣੇ ਸਨ, ਸਭ ਨੂੰ ਪਤਾ ਦੇਣ ਲਈ ਆਦਮੀ ਦੌੜਾਏ ਗਏ ਤੇ ਬਿਲਾਸੀ ਦੇ ਪਿਉ ਕੋਲ ਵੀ ਆਦਮੀ ਘਲਿਆ ਗਿਆ ।
ਮੈਂ ਸਾਹ ਰੋਕ ਕੇ ਬਿਨਾਂ ਚੁਕਣ ਤੋਂ ਇਕ ਸਾਰ ਮੰਤਰ ਪੜ੍ਹਦਾ ਰਿਹਾ, ਪਰ ਕੋਈ ਮੋੜਾ ਨ ਪਿਆ ਫੇਰ ਵੀ ਮੰਤਰ ਦਾ ਪਾਠ ਜਾਰੀ ਰਿਹਾ, ਪਰ ਜਦ ਪੰਦਰਾਂ ਵੀਹਾਂ ਮਿੰਟਾਂ ਪਿਛੋਂ ਸੋਹਣ ਨੱਕ ਵਿੱਚ ਹੀ ਗੁਣ ਗੁਣ ਕਰਨ ਲਗ ਪਿਆ ਤਾਂ ਬਿਲਾਸੀ ਧੜੈਂ ਕਰਦੀ ਜ਼ਮੀਨ ਤੇ ਡਿੱਗ ਪਈ, ਮੈਂ ਵੀ ਸਮਝ ਗਿਆ ਕਿ ਮੇਰਾ ਹੁਣ 'ਮੰਤ੍ਰ' ਕੰਮ ਨਹੀਂ ਦੇਣ ਲਗਾ ।
ਲਾਗੇ ਚਾਗਿਉਂ ਦੋ ਚਾਰ ਹੋਰ ਉਸਤਾਦ ਵੀ ਆ ਗਏ। ਅਸੀਂ ਕਦੇ ਤਾਂ ਅਡੋ ਅਡੀ ਤੇ ਕਦੀ ਮਿਲਕੇ ਤੇਤੀ ਕ੍ਰੋੜ ਦੇਵੀ ਦਿਉਤਿਆਂ ਦੀ ਦੁਹਾਈ ਦੇ ਰਹੇ ਸਾਂ ਪਰ ਵਿਹੁ ਨੇ ਇੱਕ ਵੀ ਨ ਸੁਣੀ, ਰੋਗੀ ਦੀ ਹਾਲਤ ਪੈਰੋ ਪੈਰ ਭੈੜੀ ਹੁੰਦੀ ਜਾ ਰਹੀ ਸੀ, ਜਦ ਦੇਖਿਆ ਕਿ ਮਿਨਤਾਂ ਨਾਲ ਕੰਮ ਨਹੀਂ ਚਲਦਾ ਤਾਂ ਇਕ ਦੋਂ ਨੇ ਮਿਲਕੇ ਜ਼ਹਿਰ ਨੂੰ ਐਹੋ ਜਹੀਆਂ ਗਾਲੀਆਂ ਕੱਢਣੀਆਂ ਸ਼ਰ ਕਰ ਦਿੱਤੀਆਂ ਕਿ ਜੇ ਉਸਦੇ ਕੰਨ ਹੁੰਦੇ ਤਾਂ ਉਹ ਸੋਹਣ ਨੂੰ ਛਡਕੇ ਚਲੇ ਜਾਣ ਦੀ ਥਾਂ ਦੇਸ਼ ਨੂੰ ਹੀ ਛਡ ਕੇ ਚਲਿਆ ਜਾਂਦਾ ਪਰ ਕਿਸੇ ਪਾਸੋਂ ਕੁਝ ਨਾ ਬਣ ਸਕਿਆ, ਅਧੇ ਘੰਟੇ ਦੇ ਅੰਦਰ ਅੰਦਰ ਸੋਹਣ ਨੇ, ਆਪਣੇ ਪਿਤਾ ਦੇ ਰੱਖੇ ਹੋਏ ਨਾਂ ਤੇ ਆਪਣੇ ਸਹੁਰੇ ਦੇ ਦੱਸੇ ਹੋਏ ਮੰਤਰ ਤੇ ਦਿੱਤੀਆਂ ਹੋਈਆਂ ਜੁੜੀਆਂ ਬੂਟੀਆਂ ਸਭ ਨੂੰ ਹੀ ਝੂਠ ਸਮਝ ਕੇ ਇਸ ਲੋਕ ਦੀ ਖੇਡ ਸਮਾਪਤ ਕਰ ਦਿੱਤੀ। ਬਿਲਾਸੀ ਆਪਣੇ ਪਤੀਦਾ ਸਿਰ ਗੋਦ ਵਿੱਚ ਰਖਕੇ ਪਥਥ ਦਾ ਬੁੱਤ ਬਣਕੇ ਬਹਿ ਗਈ! ਹੁਣ ਮੈਂ ਦੁਖ ਦੀਆਂ ਕਹਾਣੀਆਂ ਹੋਰ ਲੰਮੀਆਂ ਕਰਨੀਆਂ ਨਹੀਂ ਚਾਹੁੰਦਾ ਸਿਰਫ ਏਨਾਂ ਆਖਕੇ ਹੀ ਖਤਮ ਕਰਦਾ ਹਾਂ ਕਿ ਉਹ ਵਿਚਾਰੀ ਸੱਤਾਂ ਦਿਨਾਂ ਤੋਂ ਵਧ ਨ ਜੀਊ ਸਕੀ । ਮੈਨੂੰ ਉਸਨੇ ਏਨੀ ਗਲ ਆਖੀ, 'ਮਹਾਰਾਜ ਮੇਰੇ ਸਿਰ ਦੀ ਸੌਂਹ ਹੈ, ਇਹ ਕੰਮ ਤੁਸਾਂ ਕਦੇ ਨਹੀਂ ਕਰਨਾ ਹੋਵੇਗਾ।
ਮੈਂ ਆਪਣੀ ਰੱਖ ਦਾ ਤਵੀਤ ਤਾਂ ਸੋਹਣ ਦੀ ਚਿਖਾ ਵਿਚ ਹੀ ਸਾੜ ਚੁਕਾ ਸਾਂ, ਯਾਦ ਰਹਿ ਗਿਆ ਸੀ ਸਿਰਫ ਸੱਪ ਦੀ ਜ਼ਹਿਰ ਉਤਾਰਨ ਦਾ ਮੰਤ੍ਰ । ਇਹ ਮੰਤ੍ਰ ਜਿੱਨੇਕੁ ਮੁਲ ਦਾ ਸੀ ਉਹ ਮੈਂ ਵੇਖ ਹੀ ਚੁਕਾ ਸਾਂ, ਸੱਪ ਦਾ ਜ਼ਹਿਰ ਕੋਈ ਐਹੋ ਜਿਹਾ ਕੁਲਾ ਨਹੀਂ ਹੁੰਦਾ ਜੋ ਇਹਨਾਂ ਮੰਤ੍ਰਾਂ ਨਾਲ ਉਤ੍ਰ ਜਾਏ ।
ਇਕ ਦਿਨ ਪਤਾ ਲੱਗਾ ਕਿ ਬਿਲਾਸੀ ਨੇ ਜ਼ਹਿਰ ਖ਼ਾਕੇ ਆਤਮ ਹੱਤਿਆ ਕਰ ਲਈ ਹੈ। ਸ਼ਾਸਤ੍ਰਾਂ ਦੇ ਅਨੁਸਾਰ ਉਹ ਜ਼ਰੂਰ ਨਰਕ ਨੂੰ ਗਈ ਹੋਵੇਗੀ । ਉਹ ਕਿਥੇ ਵੀ ਗਈ ਹੋਵੇ, ਜਦ ਮੇਰਾ ਜਾਣਦਾ ਵਕਤ ਆਵੇਗਾ, ਏਦਾਂ ਹੀ ਮੈਂ ਵੀ ਕਿਸੇ ਬੜੇ ਨਰਕ ਦੇ ਖੂੰਜੇ ਜਾ ਲੱਗਾਂਗਾ ।
ਚਾਚਾ ਜੀ ਬਗੀਚੇ ਤੇ ਸੋਲਾਂ ਆਨੇ ਕਬਜ਼ਾ ਕਰਕੇ ਜੇਤੂਆਂ ਵਾਂਗ ਬੜੇ ਫਖਰ ਨਾਲ ਆਖਦੇ ਫਿਰਦੇ ਸਨ, 'ਜੇ ਉਹ ਅਨਿਆਈਂ ਮੌਤੇ ਨ ਮਰਦਾ ਤਾਂ ਹੋਰ ਕੀ ਹੁੰਦਾ ? ਮਰਦ ਭਾਵੇਂ ਇਕ ਛੱਡਕੇ ਵੀਹ ਜਨਾਨੀਆਂ ਕਰ ਲਵੇ ਏਦਾਂ ਕੁਝ ਨਹੀਂ ਵਿਗੜਦਾ, ਉਸ ਭੈੜੇ ਨੇ ਤਾਂ ਉਹਦੇ ਹੱਥੋਂ ਖਾਕੇ ਆਪ ਮੌਤ ਨੂੰ ਵਾਜਾਂ ਮਾਰ ਲਈਆਂ ਸਨ । ਆਪ ਮਰ ਗਿਆ ਤੇ ਮੇਰਾ ਨੱਕ ਵੱਢ ਗਿਆ ਨਾ ਮੈਨੂੰ ਕੋਈ ਫੂਕਣ ਵਾਲਾ ਰਹਿ ਗਿਆ ਤੇ ਨਾਂਹੀ ਕੋਈ ਕਿਰਿਆ ਕਰਮ ਕਰਨ ਵਾਲਾ।
ਪਿੰਡ ਵਾਲੇ ਵੀ ਉਸਦੀ ਹਾਂ ਵਿਚ ਹਾਂ ਮਿਲਾਕੇ ਆਖਦੇ ਇਹਦੇ ਨਾਲੋਂ ਵੱਡਾ ਪਾਪ ਹੋਰ ਕੀ ਹੈ ? ਇਸ ਪਾਪ ਦਾ ਤਾਂ ਕੋਈ ਪਾਸਚਿਤ ਹੀ ਨਹੀਂ।
ਬਿਲਾਸੀ ਦੀ ਆਤਮ ਹਤਿਆ ਵੀ ਕਈਆਂ ਲਈ ਹਾਸਾ ਮਖੌਲ ਬਣ ਗਈ । ਮੈਂ ਸੋਚਿਆ ਕਰਦਾ, ਸ਼ਾਇਦ ਇਹ ਕਸੂਰ ਉਹਨਾਂ ਦੋਹਾਂ ਦਾ ਹੀ ਸੀ । ਸੋਹਣ ਇਕੋ ਪਿਉ ਦਾ ਲੜਕਾ ਸੀ ਤੇ ਪੇਂਡੂਆਂ ਵਰਗਾ ਹੀ ਸਿੱਧੇ ਜਹੇ ਸੁਭਾ ਵਾਲਾ ਸੀ। ਉਸਨੂੰ ਇਸ ਜਾਨ ਦੇ ਖਤਰੇ ਵਾਲੇ ਕੰਮ ਵਿਚ ਜਿਸ ਚੀਜ਼ ਨੇ ਪਾ ਦਿਤਾ ਸੀ ਉਹ ਸੀ ਕੋਈ ਹੋਰ ਈ ਚੀਜ਼, ਜੋ ਕਿ ਦੁਨੀਆਂ ਦੀ ਨਜਰ ਅਗੇ ਨਹੀਂ ਸੀ ਆਈ ।
ਮੈਂ ਜਾਣਦਾ ਹਾਂ ਕਿ ਜਿਸ ਦੇਸ ਦੇ ਇਸਤਰੀ ਪੁਰਸ਼ਾਂ ਨੂੰ ਇਕ ਦੂਜੇ ਦੇ ਦਿਲਾਂ ਨੂੰ ਜਿਤਕੇ ਵਿਆਹ ਕਰਨ ਦੀ ਆਗਿਆ ਨਹੀਂ ਹੈ, ਸਗੋਂ ਇਹ ਇਕ ਭੈੜ ਗਿਣਿਆਂ ਜਾਂਦਾ ਹੈ। ਜਿਸ ਦੇਸ ਦੇ ਇਸਤ੍ਰੀ ਪੁਰਸ਼ ਆਸ ਤੇ ਬੇਆਸ ਦੇ ਆਨੰਦ ਤੋਂ ਹਮੇਸ਼ਾਂ ਵਾਸਤੇ ਹੀ ਵਾਂਜੇ ਹਨ, ਜਿਨ੍ਹਾਂ ਨੂੰ ਜਿੱਤ ਹਾਰ ਦਾ ਕੋਈ ਵੀ ਪਤਾ ਨਹੀਂ, ਜਿਨ੍ਹਾਂ ਨੂੰ ਭੁੱਲ ਕਰਨ ਤੇ ਉਸ ਦਾ ਡੰਡ ਭੋਗਣ ਦਾ ਹੌਸਲਾ ਨਹੀਂ। ਜਿਨ੍ਹਾਂ ਨੂੰ ਜ਼ਾਤ ਪਾਤ ਦੇ ਬੰਧਨਾਂ ਨੇ ਐਨਾ ਜਕੜਿਆ ਹੋਇਆ ਹੈ ਕਿ ਉਹ ਇਕ ਦੂਜੇ ਦੇ ਲਾਗੇ ਆ ਹੀ ਨਹੀਂ ਸਕਦੇ, ਉਹ ਸੱਚੀ ਪ੍ਰੀਤ ਨੂੰ ਕੀ ਜਾਣ ਸਕਦੇ ਹਨ ?
ਇਸਤ੍ਰੀ ਦੇ ਅੰਦਰ ਇਕ ਗੁਪਤ ਸ਼ਕਤੀ ਹੁੰਦੀ ਹੈ ਜੋ ਆਦਮੀ ਦੀਆਂ ਗੁੱਝੀਆਂ ਤਾਕਤਾਂ ਨੂੰ ਟੁੰਬਕੇ ਉਸਦਾ ਜੀਵਨ ਪਲਟ ਦੇਂਦੀ ਹੈ । ਇਸ ਸ਼ਕਤੀ ਨੂੰ ਅਨੁਭਵ ਕਰਨ ਲਈ ਅਜ਼ਾਦ ਮਨ ਤੇ ਖੁਲ੍ਹੇ ਦਿਲ ਦੀ ਲੋੜ ਹੈ । ਜ਼ਾਤਾਂ, ਰਸਮਾਂ ਤੇ ਹੋਰ ਹੱਦਾਂ ਅੰਦਰ ਬਣਿਆ ਹੋਇਆ ਮਨ, ਇਸਤ੍ਰੀ ਦੇ ਇਸ ਕੋਮਲ-ਪਿਆਰ ਦਾ ਲਾਭ ਨਹੀਂ ਉਠਾ ਸਕਦਾ।
ਬਿਲਾਸੀ ਨੇ ਆਪਣਾ ਪਿਆਰ ਦੇ ਕੇ ਮਰ ਰਹੇ ਸੋਹਣ ਨੂੰ ਜੀਅ ਦਾਨ ਦਿੱਤਾ ਸੀ। ਉਹ ਉਸ ਦੇ ਪਿਆਰ ਵਿਚ ਐਨਾ ਰੰਗਿਆ ਗਿਆ ਸੀ ਕਿ ਵਿਚਾਰਾ ਜ਼ਾਤ ਵੀ ਭੁਲ ਗਿਆ ਤੇ ਉਸੇ ਕੰਮ ਨੂੰ ਕਰਨ ਲਈ ਰਾਜ਼ੀ ਹੋ ਗਿਆ ਜੋ ਉਸ ਦੇ ਪਿਉ ਦਾਦੇ ਕਦੇ ਨਹੀਂ ਸੀ ਕੀਤਾ । ਸੱਪਾਂ ਨਾਲ ਖੇਡਣਾ ਕੋਈ ਮਖੌਲ ਨਹੀਂ ਹੁੰਦਾ, ਸੋਹਣ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਬਿਲਾਸੀ ਵੀ ਇਸ ਦੇ ਅੰਤਮ ਸਿੱਟੇ ਤੋਂ ਜਾਣੂ ਸੀ। ਇਹ ਕੁਝ ਹੁੰਦਿਆਂ ਹੋਇਆਂ ਵੀ ਸੋਹਣ ਨੂੰ ਇਹ ਕੁਝ ਕਰਨਾ ਪਿਆ, ਕਿਉਂ ?
ਇਸ ਦਾ ਜੁਵਾਬ ਸਿੱਧਾ ਤੇ ਸਾਫ ਹੈ ਕਿ ਪਿਆਰ ਦੀ ਕੀਲ ਵਿਚ ਆਕੇ ਸਭ ਕੁਝ ਕਰਨਾ ਪੈਂਦਾ ਹੈ। ਇਹ ਜੋੜਾ ਸਿਰਫ ਪਿਆਰ ਦੀਆਂ ਕੋਮਲ ਤੰਦਾਂ ਨਾਲ ਬੱਝਾ ਸੀ ਤੇ ਅਖੀਰ ਤੱਕ ਬੱਝਾ ਰਿਹਾ। ਸੋਹਣ ਦੇ ਮਰਨ ਤੇ ਬਿਲਾਸੀ ਵੀ ਮਰ ਗਈ ਤੇ ਲੋਕਾਂ ਦੀਆਂ ਈਰਖੀ ਅੱਖਾਂ ਤੋਂ ਦੋਵੇਂ ਰੂਹਾਂ ਕਿਸੇ ਦੂਰ ਪਿਆਰ ਦੀ ਦੁਨੀਆਂ ਵਿਚ ਜਾ ਵਸੀਆਂ । ਲੋਕਾਂ ਨੂੰ ਅਸਲ ਗਲ ਦਾ ਕੀ ਪਤਾ ਸੀ, ਉਹ ਸੋਹਣ ਦੀ ਮੌਤ ਨੂੰ ਇੱਕ ਸਪੇਰੇ ਦੀ ਕੁੜੀ ਨਾਲ ਵਿਆਹ ਕਰ ਲੈਣ ਤੇ ਉਸਦੇ ਹਥੋਂ ਖਾ ਲੈਣ ਦੇ ਗੁਨਾਂਹ ਦਾ ਕਾਰਨ ਸਮਝਦੇ ਰਹੇ। ਠੀਕ ਹੈ:-
ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ
ਇਹ ਪਾਜ਼ੀ ਲੋਕ ਕਮੀਨੇ।
ਇਤੀ॥

(ਬਿਲਾਸੀ=ਇਕ ਪੇਂਡੂ ਮੁੰਡੇ ਦੀ ਡਾਇਰੀ ਵਿੱਚੋਂ, ਅਸਲ ਨਾਂ ਦੱਸਣ ਦੀ ਮਨਾਹੀ ਹੈ। ਇਹ ਇਕ ਫਰਜ਼ੀ ਸਮਝ ਲਓ, ਨੈਣਾ (ਮੁੰਡਤ-ਕੇਸ)।)
(ਅਨੁਵਾਦਕ : ਸ: ਦਸੌਂਧਾ ਸਿੰਘ ਜੀ)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ