Buddha Chenko (Story in Punjabi) : Maxim Gorky

ਬੁੱਢਾ ਚੈਂਕੋ (ਕਹਾਣੀ) : ਮੈਕਸਿਮ ਗੋਰਕੀ

ਪਵਿੱਤਰ ਅਤੇ ਸ਼ਾਂਤ ਵਾਯੂਮੰਡਲ ਵਿੱਚ ਸੂਰਜ ਚੜਦਾ ਹੈ ਤੇ ਸੁਨਿਹਰੇ ‘ਫਰਜ਼’ ਦੇ ਫੁੱਲਾਂ ਦੀ ਮਿੱਠੀ ਮਹਿਕ ਨਾਲ ਲੱਦੀ ਹੋਈ ਹਲਕੀ ਨੀਲੀ ਧੁੰਦ ਚੱਟਾਨੀ ਟਾਪੂ ਤੋਂ ਉੱਠ ਕੇ ਅਸਮਾਨ ਵੱਲ ਤਰਦੀ ਹੋਈ ਜਾਂਦੀ ਹੈ।
ਅਸਮਾਨ ਦੇ ਪੀਲੇ ਗੁੰਬਦ ਦੇ ਥੱਲੇ ਉਣੀਂਦੇ ਪਾਣੀ ਦੀ ਕਾਲੋਂ ਦੇ ਵਿਚਕਾਰ ਖੜੋਤਾ ਇਹ ਟਾਪੂ ਸੂਰਜ ਦੇਵਤਾ ਦੀ ਪੂਜਾ-ਵੇਦੀ ਵਾਂਗ ਦਿਸਦਾ ਹੈ।
ਤਾਰੇ ਹੁਣੇ-ਹੁਣੇ ਬੁਝੇ ਹਨ, ਪਰ ਚਿੱਟਾ ਸ਼ੁੱਕਰ ਤਾਰਾ ਅਜੇ ਤਾਈਂ ਧੁੰਦ ਭਰੇ ਅਸਮਾਨ ਦੇ ਠੰਡੇ ਯੱਖ ਪਸਾਰ ਵਿੱਚ ਰੇਸ਼ੇਦਾਰ ਬੱਦਲਾਂ ਦੀ ਕੂਲੀ ਪਾਲ ਉੱਤੇ ‘ਕੱਲਾ ਕਾਰਾ ਚਮਕ ਰਿਹਾ ਹੈ। ਬੱਦਲਾਂ ਉੱਤੇ ਹਲਕੀ ਕੂਲੀ ਗੁਲਾਬੀ ਭਾਹ ਪਸਰੀ ਹੋਈ ਹੈ ਤੇ ਪਹਿਲੀ ਕਿਰਨ ਦੇ ਚਾਨਣ ਵਿੱਚ ਉਹ ਨਿੰਮ੍ਹੇ-ਨਿੰਮ੍ਹੇ ਚਮਕ ਰਹੇ ਹਨ। ਸਮੁੰਦਰ ਦੀ ਠੱਲ੍ਹੀ ਹੋਈ ਛਾਤੀ ਉੱਤੇ ਉਹਨਾਂ ਦਾ ਪਰਛਾਵਾਂ ਉਸ ਸਿੱਪੀ ਵਾਂਗ ਲਗਦਾ ਹੈ ਜੋ ਨੀਲੇ ਸਮੁੰਦਰ ਦੀ ਡੂੰਘਾਣ ‘ਚੋਂ ਸਤ੍ਹਾ ‘ਤੇ ਆ ਗਈ ਹੋਵੇ।
ਚਾਂਦੀ ਵੰਨੀ ਤ੍ਰੇਲ ਨਾਲ ਭਰੇ ਹੋਏ ਘਾਹ ਦੇ ਤੀਲੇ ਅਤੇ ਫੁੱਲਾਂ ਦੀਆਂ ਪੱਤੀਆਂ, ਸੂਰਜ ਵਲ ਉਤਾਂਹ ਉਠਦੀਆਂ ਹਨ। ਡੰਡੀਆਂ ਦੀਆਂ ਨੋਕਾਂ ‘ਤੇ ਲਟਕਣ ਵਾਲੇ ਚਮਕਦਾਰ ਤ੍ਰੇਲ-ਤੁਪਕੇ ਵੱਡੇ ਹੋ ਕੇ ਡੂੰਘੀ ਨੀਂਦ ਵਿੱਚ ਮੁੜਕੇ ਨਾਲ ਭਿੱਜ ਜਾਣ ਵਾਲੀ ਭੋਂ ‘ਤੇ ਡਿੱਗ ਪੈਂਦੇ ਹਨ। ਦਿਲ ਕਰਦਾ ਹੈ ਕਿ ਤ੍ਰੇਲ ਤੁਪਕਿਆਂ ਦੀ ਕੂਲੀ ਟੱਪ ਟੱਪ ਸੁਣਦੇ ਰਹੀਏ, ਪਰ ਸੁਣਾਈ ਨਾ ਦੇਣ ‘ਤੇ ਮਨ ਉਦਾਸ ਹੋ ਜਾਂਦਾ ਹੈ।
ਪੰਛੀ ਜਾਗ ਪਏ ਹਨ ਤੇ ਆਪਣੇ ਸਵੇਰ ਦੇ ਗੀਤ ਸੁਣਾਉਂਦੇ ਹੋਏ ਜ਼ੈਤੂਨ ਦੀਆਂ ਪੱਤੀਆਂ ਵਿੱਚ ਇੱਧਰ-ਉੱਧਰ ਉੱਡ ਰਹੇ ਹਨ। ਥੱਲਿਉਂ ਉਸ ਸਮੁੰਦਰ ਦੇ ਭਾਰੇ ਸਾਹ ਸੁਣਾਈ ਦਿੰਦੇ ਹਨ ਜਿਸ ਨੂੰ ਸੂਰਜ ਨੇ ਜਗਮਗਾ ਦਿੱਤਾ ਹੈ।
ਫੇਰ ਵੀ ਵਾਯੂਮੰਡਲ ਸ਼ਾਂਤ ਹੈ ਕਿਉਂਕਿ ਲੋਕ ਹਾਲੇ ਤੀਕ ਸੁੱਤੇ ਹੋਏ ਹਨ। ਉਸ਼ੇਰ ਦੀ ਤਾਜ਼ਗੀ ਵਿੱਚ ਫੁੱਲ਼ਾਂ ਅਤੇ ਘਾਹ ਦੀ ਸੁਗੰਧ ਆਵਾਜ਼ ਨਾਲੋਂ ਵਧੇਰੇ ਚੰਗੀ ਲਗਦੀ ਹੈ।
ਇੱਕ ਨਿੱਕਾ ਜਿਹਾ ਚਿੱਟਾ ਘਰ ਅੰਗੂਰ ਵੇਲਾਂ ਨਾਲ ਇੰਝ ਢੱਕਿਆ ਹੋਇਆ ਹੈ ਕਿ ਉਹ ਹਰੀਆਂ ਲਹਿਰਾਂ ਨਾਲ ਘਿਰੀ ਹੋਈ ਬੇੜੀ ਵਾਂਗ ਜਾਪਦਾ ਹੈ। ਉਸ ਦੇ ਬੂਹੇ ਵਿੱਚੋਂ ਬੁੱਢਾ ਏਤੋਰੇ ਚੇਂਕੋ ਸੂਰਜ ਨੂੰ ਜੀ ਆਇਆਂ ਕਹਿਣ ਲਈ ਬਾਹਰ ਆਉਂਦਾ ਹੈ। ‘ਕੱਲਾ ਕਾਰਾ ਛੋਟਾ ਜਿਹਾ ਬੁੱਢਾ ਆਦਮੀ, ਬਾਂਦਰ ਵਾਂਗ ਲੰਮੇ-ਲੰਮੇ ਹੱਥ, ਸਾਧੂਆਂ ਵਰਗਾ ਨੰਗਾ ਸਿਰ ‘ਤੇ ਚਿਹਰੇ ਤੇ ਸਮੇਂ ਨੇ ਇੰਝ ਹਲ ਵਾਹਿਆ ਹੈ ਕਿ ਉਸਦੀਆਂ ਅੱਖਾਂ ਚਿਹਰੇ ਦੀਆਂ ਅਣਗਿਣਤ ਝੁਰੜੀਆਂ ਵਿੱਚ ਪੂਰੀ ਤਰ੍ਹਾਂ ਲੁਕੀਆਂ ਹੋਈਆਂ ਜਾਪਦੀਆਂ ਹਨ।
ਆਪਣੇ ਕਾਲੇ ਵਾਲਾਂ ਭਰੇ ਹੱਥ ਨੂੰ ਸਹਿਜੇ-ਸਹਿਜੇ ਮੱਥੇ ਵੱਲ ਚੁੱਕਦਾ ਹੋਇਆ ਉਹ ਗੁਲਾਬੀ ਅਸਮਾਨ ਵੱਲ ਦੇਖਦਾ ਹੈ ਤੇ ਆਪਣੇ ਚੁਫੇਰੇ ਦੇ ਦ੍ਰਿਸ਼ ਨੂੰ ਤੱਕਦਾ ਹੈ- ਚੱਟਾਨਾਂ ਦੇ ਭੂਰੇ ਜਾਮਣੀ ਪਿਛੋਕੜ ਸਾਹਮਣੇ ਵੰਨ-ਸੁਵੰਨੀਆਂ ਫੁੱਲ-ਪੱਤੀਆਂ ਦੇ ਹਰੇ ਸੁਨਹਿਰੀ ,ਗੁਲਾਬੀ, ਪੀਲੇ ਤੇ ਸੂਹੇ ਲਾਲ ਰੰਗ ਦੀ ਸੋਹਣੀ ਸਰਗਮ ਪਸਰੀ ਹੋਈ ਹੈ। ਬੁੱਢੇ ਚੇਂਕੋ ਦੇ ਸਉਲੇ ਚਿਹਰੇ ਤੇ ਕੂਲੀ ਮੁਸਕਰਾਹਟ ਆਉਂਦੀ ਹੈ ਤੇ ਉਹ ਆਪਣਾ ਗੋਲ ਬੋਝਲ ਸਿਰ ਹਿਲਾ ਕੇ ਆਪਣੀ ਖੁਸ਼ੀ ਪ੍ਰਗਟ ਕਰਦਾ ਹੈ।
ਉਹ ਇੰਝ ਖਲੋਤਾ ਸੀ ਜਿਵੇਂ ਉਸ ਨੇ ਚੋਖਾ ਭਾਰ ਚੁੱਕਿਆ ਹੋਵੇ। ਉਸ ਦੀ ਪਿੱਠ ਕੁਝ ਨਿਵੀ ਹੋਈ ਹੈ, ਪੈਰ ਫੈਲੇ ਹੋਏ ਹਨ ਤੇ ਉਸ ਦੇ ਚੁਫੇਰੇ ਦਿਨ ਦੀ ਚਮਕ ਦਮਕ ਹੈ। ਅੰਗੂਰ ਵੇਲਾਂ ਦੀਆਂ ਹਰੀਆਂ ਪੱਤੀਆਂ ਵਧੇਰੇ ਚਮਕ ਰਹੀਆਂ ਹਨ, ‘ਗੋਲਡ ਫਿੰਚ’ ਪੰਛੀਆਂ ਦੀ ਚਹਿਕਾਰ ਵਧੇਰੇ ਉੱਚੀ ਸੁਣਾਈ ਦਿੰਦੀ ਹੈ, ‘ਕੋਇਲ’ ਅਤੇ ‘ਸਪਰਜ’ ਦੇ ਝੁਰਮੁਟ ਵਿੱਚ ਬਟੇਰੇ ਖੰਭ ਫੜਫੜਾਉਂਦੇ ਹਨ ਤੇ ਕਿਤੇ ਦੂਰ ‘ਬਲੈਕ ਬਰਡ’ ਖੁਸ਼ੀ ਭਰੀ ਸੀਟੀ ਵਜਾਉਂਦਾ ਹੈ ਜੋ ਕਿ ਨੇਪਲਸ ਵਾਸੀਆਂ ਵਾਂਗ ਬੜਾ ਹੀ ਬਾਂਕਾ ਤੇ ਨਿਸਚਿੰਤ ਸੁਭਾਅ ਦਾ ਪੰਛੀ ਹੈ।
ਬੁੱਢਾ ਚੇਂਕੋ ਆਪਣੇ ਲੰਮੇ, ਥੱਕੇ ਹਾਰੇ ਸਰੀਰ ਨੂੰ ਸਿਰ ਦੇ ਉੱਪਰ ਚੁੱਕ ਕੇ ਸਰੀਰ ਨੂੰ ਇੰਝ ਤਾਣਦਾ ਹੈ ਜਿਵੇਂ ਹੁਣ ਉੱਛਲ ਕੇ ਉਸ ਸਮੁੰਦਰ ਵਿੱਚ ਛਾਲ ਮਾਰ ਦਏਗਾ ਜੋ ਜਾਮ ਵਿੱਚ ਪਈ ਸ਼ਰਾਬ ਵਾਂਗ ਅਡੋਲ ਹੈ।
ਆਪਣੇ ਬੁੱਢੇ ਸਰੀਰ ਦੀ ਆਕੜ ਭੰਨਣ ਪਿੱਛੋਂ ਉਹ ਬੂਹੇ ਲਾਗਲੀ ਇੱਕ ਚੱਟਾਨ ਤੇ ਬੈਠ ਜਾਂਦਾ ਹੈ, ਆਪਣੀ ਜੈਕਟ ਦੀ ਜੇਬ ਵਿੱਚੋਂ ਇੱਕ ਪੋਸਟ ਕਾਰਡ ਕੱਢਦਾ ਹੈ, ਉਸ ਨੂੰ ਰਤਾ ਕੁ ਦੂਰ ਕਰਕੇ ਤੇ ਅੱਖਾਂ ਸੁੰਗੜਾ ਕੇ ਉਸ ਨੂੰ ਦੇਰ ਤਾਈਂ ਇੱਕ ਟਕ ਵੇਖਦਾ ਰਹਿੰਦਾ ਹੈ। ਉਸ ਦੇ ਬੁੱਲ੍ਹਾਂ ਵਿੱਚ ਬੇਆਵਾਜ ਕੰਬਣੀ ਹੁੰਦੀ ਹੈ। ਦਾੜ੍ਹੀ ਦੇ ਨਿੱਕੇ-ਨਿੱਕੇ ਚਾਂਦੀ ਵੰਨੇ ਵਾਲਾਂ ਨਾਲ ਭਰਿਆ ਉਸ ਦਾ ਚਿਹਰਾ ਇਕ ਨਵੀਂ ਮੁਸਕਰਾਹਟ ਨਾਲ ਲਿਸ਼ਕ ਉਠਦਾ ਹੈ। ਇਹ ਅਜਿਹੀ ਮੁਸਕਰਾਹਟ ਹੈ ਜਿਸ ਵਿੱਚ ਪਿਆਰ, ਦੁੱਖ ਤੇ ਮਾਣ ਦਾ ਅਜੀਬ ਜਿਹਾ ਸੁਮੇਲ ਦਿਸਦਾ ਹੈ।
ਉਸ ਦੇ ਸਾਹਮਣੇ ਪੋਸਟ ਕਾਰਡ ਦੇ ਟੋਟੇ ‘ਤੇ ਨੀਲੀ ਸਿਆਹੀ ਨਾਲ ਬਣੀ ਇੱਕ ਫੋਟੋ ਹੈ ਜਿਸ ਵਿੱਚ ਚੌੜੇ ਮੋਢਿਆਂ ਵਾਲੇ ਦੋ ਹਸਮੁੱਖ ਮੁੰਡੇ ਕੋਲ ਕੋਲ ਬੈਠੇ ਹਨ। ਉਹਨਾਂ ਦੇ ਵਾਲ ਘੁੰਗਰਾਲੇ ਤੇ ਸਿਰ ਬੁੱਢੇ ਚੇੱਕੋ ਵਾਂਗ ਵੱਡੇ ਵੱਡੇ ਹਨ। ਕਾਰਡ ਦੇ ਬਿਲਕੁਲ ਉਪਰਲੇ ਹਿੱਸੇ ‘ਤੇ ਸਾਫ ਟਾਈਪ ਵਿੱਚ ਇਹ ਅੱਖਰ ਲਿਖੇ ਹੋਏ ਹਨ:
“ਆਰਤੁਰੋ ਅਤੇ ਏਨਰਿਕੋ ਚੇਂਕ- ਆਪਣੀ ਜਮਾਤ ਦੇ ਹਿਤਾਂ ਲਈ ਲੜਣ ਵਾਲੇ ਦੋ ਸ਼ਾਨਦਾਰ ਆਗੂ। ਇਨ੍ਹਾਂ ਨੇ ਉਨ੍ਹਾਂ 25000 ਕੱਪੜਾਂ ਬੁਨਣ ਵਾਲੇ ਕਾਮਿਆਂ ਨੂੰ ਇੱਕ ਮੁੱਠ ਕੀਤਾ ਜੋ ਹਫਤੇ ਦੇ ਛੇ ਡਾਲਰ ਕਮਾਉਂਦੇ ਸਨ, ਤੇ ਇਸ ਲਈ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ।
“ਸਮਾਜੀ ਨਿਆਂ ਲਈ ਲੜਣ ਵਾਲੇ ਬਹਾਦਰ, ਜ਼ਿੰਦਾਬਾਦ।”
ਬੁੱਢਾ ਚੇਂਕੋ ਅਨਪੜ੍ਹ ਹੈ ਤੇ ਇਸ ਤੋਂ ਛੁੱਟ ਫੋਟੋ ਦਾ ਨਾਂ ਲਿਖਿਆ ਹੋਇਆ ਹੈ ਬਦੇਸ਼ੀ ਜ਼ਬਾਨ ਵਿੱਚ। ਪਰ ਚੇਂਕੋ ਜਾਣਦਾ ਹੈ ਕਿ ਉੱਥੇ ਕੀ ਲਿਖਿਆ ਹੋਇਆ ਹੈ। ਉਸ ਪੋਸਟ ਕਾਰਡ ਦੇ ਹਰ ਇੱਕ ਲਫ਼ਜ਼ ਤੋਂ ਉਹ ਜਾਣੂ ਹੈ। ਹਰ ਲਫ਼ਜ਼ ਉਸ ਨੂੰ ਢੋਲ ਦੀ ਆਵਾਜ਼ ਵਾਂਗ ਸੁਣਾਈ ਦਿੰਦਾ ਹੈ।
ਉਸ ਨੀਲੇ ਪੋਸਟ ਕਾਰਡ ਨੇ ਬੁੱਢੇ ਨੂੰ ਬੜੀ ਮੁਸੀਬਤ ਤੇ ਚਿੰਤਾ ਵਿੱਚ ਪਾ ਦਿੱਤਾ ਹੈ। ਦੋ ਮਹੀਨੇ ਪਹਿਲਾਂ ਉਸ ਨੂੰ ਇਹ ਪੋਸਟ ਕਾਰਡ ਮਿਲਿਆ ਸੀ ਤਾਂ ਉਸ ਦੇ ਦਿਲ ਨੇ ਉਸ ਨੂੰ ਝੱਟ ਦੱਸ ਦਿੱਤਾ ਸੀ ਕਿ ਕੁਝ ਗੜਬੜ ਹੈ, ਗਰੀਬ ਲੋਕਾਂ ਦੀਆਂ ਤਸਵੀਰਾਂ ਤਦੇ ਛਪਦੀਆਂ ਹਨ ਜਦ ਉਨ੍ਹਾਂ ਕਨੂੰਨ ਤੋੜ ਦਿੱਤਾ ਹੋਵੇ।
ਚੇਂਕੋ ਨੇ ਉਸ ਟੋਟੇ ਨੂੰ ਆਪਣੀ ਜੇਬ ਵਿੱਚ ਲੁਕਾ ਕੇ ਰੱਖਿਆ ਸੀ, ਪਰ ਉਹ ਉਸਨੂੰ ਆਪਣੇ ਦਿਲ ਤੇ ਭਾਰ ਜਿਹਾ ਪ੍ਰਤੀਤ ਹੁੰਦਾ ਸੀ ਤੇ ਉਹ ਭਾਰ ਦਿਨੋਂ ਦਿਨ ਵਧੇਰੇ ਬੋਝਲ ਹੁੰਦਾ ਗਿਆ। ਕਈ ਵਾਰ ਉਸ ਦਾ ਮਨ ਕੀਤਾ ਸੀ ਕਿ ਪਾਦਰੀ ਨੂੰ ਉਹ ਚਿੱਠੀ ਦਿਖਾ ਦੇਵੇ, ਪਰ ਲੰਮੇ ਤਜ਼ਰਬੇ ਨੇ ਉਸ ਨੂੰ ਸਿਖਾਇਆ ਸੀ ਕਿ ਲੋਕਾਂ ਦਾ ਇਹ ਕਹਿਣਾ ਸਹੀ ਹੈ: “ਪਾਦਰੀ ਰੱਬ ਨੂੰ ਆਦਮੀ ਬਾਰੇ ਸੱਚਾਈ ਭਾਵੇਂ ਦੱਸ ਦਵੇ, ਪਰ ਉਹ ਆਦਮੀ ਨੂੰ ਸੱਚਾਈ ਕਦੇ ਨਹੀਂ ਦੱਸਦਾ।”
ਉਸ ਪੋਸਟ ਕਾਰਡ ਦੀ ਰਹੱਸ ਭਰੀ ਅਹਿਮੀਅਤ ਸਮਝਾਉਣ ਲਈ ਉਸ ਨੇ ਸਭ ਤੋਂ ਪਹਿਲਾਂ ਲਾਲ ਵਾਲਾਂ ਵਾਲੇ ਇੱਕ ਚਿਤਰਕਾਰ ਨੂੰ ਕਿਹਾ। ਉਹ ਇੱਕ ਲੰਮਾ ਤੇ ਮਾੜੂਆ ਜਿਹਾ ਪ੍ਰਦੇਸੀ ਸੀ ਜੋ ਆਮ ਤੌਰ ਤੇ ਚੇਂਕੋ ਦੇ ਘਰ ਆਇਆ ਕਰਦਾ ਸੀ। ਆਪਣੇ ਈਜ਼ਲ ਨੂੰ ਇਕ ਖਾਸ ਕੋਣ ਵਿਚ ਟਿਕਾ ਕੇ ਉਸ ਉਤਲੇ ਅਧੂਰੇ ਚਿੱਤਰ ਦੀ ਚੌਰਸ ਛਾਂ ਵਿੱਚ ਸਿਰ ਰੱਖ ਕੇ ਉਸ ਕੋਲ ਸੌਂ ਜਾਇਆ ਕਰਦਾ ਸੀ।
“ਸੱਜਣਾ,” ਚੇਂਕੋ ਨੇ ਉਸ ਨੂੰ ਪੁੱਛਿਆ, “ਇਹਨਾਂ ਜਵਾਨਾਂ ਨੇ ਕੀ ਕੀਤਾ ਏ?”
ਚਿਤਰਕਾਰ ਨੇ ਬੁੱਢੇ ਦੇ ਹਸਮੁੱਖ ਪੁੱਤਰਾਂ ਦੀ ਫੋਟੋ ਤੇ ਨਜ਼ਰ ਦੁੜਾਈ ਤੇ ਕਿਹਾ:
“ਜ਼ਰੂਰ ਕੋਈ ਖੁਸ਼ੀ ਦੀ ਗੱਲ ਏ।”
“ਪਰ ਇੱਥੇ ਉਨ੍ਹਾਂ ਬਾਰੇ ਲਿਖਿਆ ਕੀ ਹੋਇਐ?”
“ ਇਹ ਤਾਂ ਅੰਗਰੇਜ਼ੀ ‘ਚ ਲਿਖਿਆ ਹੋਇਐ। ਅੰਗਰੇਜ਼ਾਂ ਨੂੰ ਛਡ ਕੇ ਉਨ੍ਹਾਂ ਦੀ ਜ਼ਬਾਨ ਰੱਬ ਅਤੇ ਮੇਰੀ ਪਤਨੀ ਤੋਂ ਛੁੱਟ ਹੋਰ ਕੋਈ ਨਹੀਂ ਸਮਝ ਸਕਦਾ। ਹਾਂ, ਮੇਰੀ ਪਤਨੀ ਸਮਝ ਲੈਂਦੀ ਏ, ਬਸ਼ਰਤੇ ਕਿ ਇਸ ਮਾਮਲੇ ਵਿੱਚ ਉਹ ਸੱਚ ਦੱਸੇ। ਉਂਜ ਕਿਸੇ ਵੀ ਮਾਮਲੇ ਵਿੱਚ ਉਹ ਸੱਚ ਨਹੀਂ ਦਸਦੀ…..।”
ਚਿਤ੍ਰਕਾਰ ਨੀਲ ਕੰਠ ਪੰਛੀ ਵਾਂਗ ਬੋਲਦਾ ਗਿਆ! ਅਸਲ ਵਿੱਚ ਕਿਸੇ ਵੀ ਗਲ ਬਾਰੇ ਉਹ ਗੰਭੀਰਤਾ ਨਾਲ ਸੋਚ ਨਹੀਂ ਸੀ ਸਕਦਾ ਤੇ ਏਸ ਲਈ ਚੇਂਕੋ ਨਿਰਾਸ਼ ਹੋ ਕੇ ਉਥੋਂ ਚਲਾ ਗਿਆ। ਦੂਜੇ ਦਿਨ ਉਹ ਚਿਤਰਕਾਰ ਦੀ ਪਤਨੀ ਕੋਲ ਗਿਆ। ਉਹ ਬੜੀ ਮੋਟੀ ਤੀਵੀਂ ਸੀ। ਬੁੱਢਾ ਉਸ ਨੂੰ ਬਾਗ਼ ਵਿੱਚ ਮਿਲਿਆ। ਉਸ ਨੇ ਪਾਰਦਰਸ਼ੀ ਚਿੱਟੇ ਕੱਪੜੇ ਦਾ ਲਹਿਰਦਾਰ ਗਾਊਨ ਪਾਇਆ ਹੋਇਆ ਸੀ ਤੇ ਝੂਲਣ ਵਾਲੇ ਬਿਸਤਰੇ ‘ਤੇ ਲੰਮੀ ਪਈ ਹੋਈ ਜਿਵੇਂ ਧੁੱਪ ਵਿੱਚ ਪੰਘਰ ਰਹੀ ਸੀ। ਉਸ ਦੀਆਂ ਨੀਲੀਆਂ ਅੱਖਾਂ ਗੁੱਸੇ ਵਿੱਚ ਅਸਮਾਨ ਵੱਲ ਤੱਕ ਰਹੀਆਂ ਸਨ।
“ਇਹਨ੍ਹਾਂ ਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।” ਟੁੱਟੀ ਫੁੱਟੀ ਇਤਾਲਵੀ ਬੋਲੀ ਵਿੱਚ ਉਸਨੇ ਕਿਹਾ।
ਬੁੱਢੇ ਦੀਆਂ ਲੱਤਾਂ ਇੰਝ ਕੰਬੀਆਂ ਜਿਵੇਂ ਉਸ ਟਾਪੂ ਨੂੰ ਕਿਸੇ ਨੇ ਜ਼ੋਰ ਨਾਲ ਧੱਕਾ ਮਾਰਿਆ ਹੋਵੇ। ਫੇਰ ਵੀ ਉਸ ਨੇ ਸੰਭਾਂਲ ਕੇ ਅੱਗੇ ਪੁੱਛਿਆ :
“ਇਨ੍ਹਾਂ ਨੇ ਕਿਤੇ ਚੋਰੀ ਕੀਤੀ ਏ ਜਾਂ ਕਿਸੇ ਦਾ ਖੂਨ ਕਰ ਦਿੱਤਾ ਏ?”
“ਨਹੀਂ, ਨਹੀਂ। ਗੱਲ ਸਿਰਫ ਇਹ ਵੇ ਕਿ ਇਹ ਸਮਾਜਵਾਦੀ ਹਨ।”
“ਸਮਾਜਵਾਦੀ ਕੋਣ ਹੁੰਦੇ ਨੇ?”
“ਇਹ ਰਾਜਨੀਤੀ ਏ ਬਾਬਾ।” ਉਸ ਨੇ ਡੁੱਬਦੀ ਹੋਈ ਆਵਾਜ ਵਿੱਚ ਜਵਾਬ ਦਿੱਤਾ ਤੇ ਆਪਣੀਆਂ ਅੱਖਾ ਮੀਟ ਲਈਆਂ।
ਚੇਂਕੋ ਜਾਣਦਾ ਸੀ ਕਿ ਬਦੇਸ਼ੀ ਲੋਕ ਬੜੇ ਮੂਰਖ ਹੁੰਦੇ ਹਨ, ਕਲਾਬ੍ਰੀਆ ਦੇ ਵਾਸੀਆਂ ਨਾਲੋਂ ਵੀ ਵਧੇਰੇ ਮੂਰਖ, ਪਰ ਉਹ ਆਪਣੇ ਪੁੱਤਰਾਂ ਬਾਰੇ ਸੱਚੀ ਗੱਲ ਜਾਨਣਾ ਚਾਹੁੰਦਾ ਸੀ ਤੇ ਇਸ ਲਈ ਉਹ ਉਸ ਸਜਣੀ ਕੋਲ ਉਡੀਕ ਵਿਚ ਖੜੋਤਾ ਰਿਹਾ ਕਿ ਉਹ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨੂੰ ਮੁੜ ਖੋਲ੍ਹੇ। ਤੇ ਅਖ਼ੀਰ ਜਦ ਉਸ ਨੇ ਅੱਖਾਂ ਖੋਲੀਆਂ ਤਾਂ ਬੁੱਢੇ ਨੇ ਪੋਸਟ ਕਾਰਡ ਵਲ ਸੈਣਤ ਕਰਦੇ ਪੁੱਛਿਆ:
“ਕੀ ਇਹ ਇਮਾਨਦਾਰੀ ਏ?”
“ਮੈਨੂੰ ਨਹੀਂ ਪਤਾ,” ਉਸ ਨੇ ਨਰਾਜ਼ ਹੋ ਕੇ ਕਿਹਾ। “ਇਹ ਰਾਜਨੀਤੀ ਏ, ਮੈਂ ਦੱਸਿਆ ਨਾ ਕਿ ਤੂੰ ਸਮਝ ਨਹੀਂ ਸਕਦਾ?”
“ਨਹੀਂ।” ਉਹ ਸਮਝ ਨਹੀਂ ਸੀ ਸਕਿਆ। ਰਾਜਨੀਤੀ ਕੁਝ ਅਜਿਹੀ ਚੀਜ ਸੀ ਜਿਸ ਦੀ ਵਰਤੋ ਰੋਮ ਦੇ ਮੰਤਰੀ ਤੇ ਅਮੀਰ ਲੋਕ ਗਰੀਬਾਂ ਕੋਲੋਂ ਵਧੇਰੇ ਟੈਕਸ ਲੈਣ ਲਈ ਕਰਦੇ ਸਨ। ਪਰ ਉਸ ਦੇ ਪੁੱਤਰ ਤਾਂ ਕਾਮੇ ਸਨ, ਅਮਰੀਕਾ ਵਿਚ ਰਹਿੰਦੇ ਸਨ, ਤੇ ਚੰਗੇ ਬੰਦੇ ਸਨ। ਉਨ੍ਹਾਂ ਦਾ ਰਾਜਨੀਤੀ ਨਾਲ ਕੀ ਸੰਬੰਧ ਸੀ!
ਰਾਤ ਭਰ ਬੁੱਢਾ ਆਪਣੇ ਪੁੱਤਰਾਂ ਦੀ ਫੋਟੋ ਆਪਣੇ ਹੱਥ ਵਿੱਚ ਲਈ ਬੈਠਾ ਰਿਹਾ- ਚਾਨਣੀ ਵਿਚ ਉਹ ਬਹੁਤ ਕਾਲੇ ਜਾਪ ਰਹੇ ਸਨ। ਬੁੱਢੇ ਦੇ ਖਿਆਲ ਹੋਰ ਵੀ ਪਲਚ ਗਏ। ਉਸ ਨੇ ਸਵੇਰੇ ਪਾਦਰੀ ਕੋਲੋਂ ਪੁੱਛਣ ਦਾ ਫੈਸਲਾ ਕੀਤਾ। ਕਾਲਾ ਚੋਗਾ ਪਾਈ ਪਾਦਰੀ ਨੇ ਛੋਟਾ ਜਿਹਾ ਜਵਾਬ ਦਿੱਤਾ:
“ਸਮਾਜਵਾਦੀ ਉਹ ਲੋਕ ਹਨ ਜੋ ਰੱਬ ਦੇ ਭਾਣੇ ਨੂੰ ਨਹੀਂ ਮੰਨਦੇ। ਤੇਰੇ ਲਈ ਏਨਾ ਕਾਫੀ ਏ।”
ਤੇ ਬੁੱਢਾ ਜਦ ਜਾਣ ਲਈ ਮੁੜਿਆ ਤਾਂ ਪਾਦਰੀ ਨੇ ਵਧੇਰੇ ਸਖ਼ਤੀ ਨਾਲ ਕਿਹਾ:
“ਏਸ ਉਮਰ ਵਿੱਚ ਅਜਿਹੀਆਂ ਗੱਲਾਂ ਵਿੱਚ ਪੈਣਾ ਤੇਰੇ ਲਈ ਸ਼ਰਮ ਦੀ ਗੱਲ ਏ!”
“ਚੰਗਾ ਹੋਇਆ ਕਿ ਮੈਂ ਉਸ ਨੂੰ ਉਹ ਤਸਵੀਰ ਨਹੀਂ ਵਿਖਾਈ।” ਚੇਂਕੋ ਨੇ ਸੋਚਿਆ।
ਕੁਝ ਦਿਨ ਬੀਤ ਗਏ ਤਦ ਬੁੱਢਾ ਇਕ ਨਾਈ ਕੋਲ ਪੁੱਜਾ। ਉਹ ਇਕ ਛੈਲ ਛਬੀਲਾ ਆਦਮੀ ਸੀ ਜਿਸ ਕੋਲ ਦਿਮਾਗ ਨਹੀਂ ਸੀ ਤੇ ਉਸ ਦਾ ਸਰੀਰ ਜਵਾਨ ਖੋਤੇ ਵਾਂਗ ਹੱਟਾ ਕੱਟਾ ਸੀ। ਉਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਪੈਸਿਆਂ ਦੀ ਖਾਤਰ ਉਹਨਾਂ ਵਡੇਰੀ ਉਮਰ ਦੀਆਂ ਅਮਰੀਕਨ ਤੀਵੀਆਂ ਨਾਲ ਪਿਆਰ ਕਰਦਾ ਸੀ ਜੋ ਉਂਝ ਤਾਂ ਉੱਥੋਂ ਦਾ ਕੁਦਰਤ ਸੁਹੱਪਣ ਦੇਖਣ ਆਉਂਦੀਆਂ ਸਨ, ਪਰ ਅਸਲ ਵਿੱਚ ਉਹਨਾਂ ਦਾ ਮਨੋਰਥ ਗਰੀਬ ਮੁੰਡਿਆਂ ਨਾਲ ਪਿਆਰ ਖੇਡ ਰਚਾਉਣ ਦਾ ਹੁੰਦਾ ਸੀ।
“ਉਹ ਮੇਰੇ ਰੱਬਾ!” ਫੋਟੋ ਤੇ ਨਾਂ ਪੜਦਿਆਂ ਹੀ ਉਸ ਨੇ ਜੋਰ ਨਾਲ ਕਿਹਾ ਤੇ ਉਸ ਦੀਆਂ ਗੱਲ੍ਹਾਂ ਤੇ ਖੁਸ਼ੀ ਦੀ ਲਾਲ਼ੀ ਦੌੜ੍ਹ ਗਈ। “ਇਹੀ ਨੇ ਆਰਤੁਰੋ ਤੇ ਅਨਰਿਕੋ, ਮੇਰੇ ਸਾਥੀ! ਉਹ ਚਾਚਾ ਏਤਰੋ ਮੈਂ ਤੈਨੂੰ ਦਿਲੋਂ ਵਧਾਈ ਦਿੰਦਾ ਹਾਂ, ਤੈਨੂੰ ਵੀ ਤੇ ਆਪਣੇ ਆਪ ਨੂੰ ਵੀ। ਹੁਣ ਮੈਨੂੰ ਹੋਰ ਉੱਘੇ ਦੇਸ਼ ਵਾਸੀ ਮਿਲ ਗਏ। ਕੀ ਇਹ ਮਾਣ ਵਾਲੀ ਗੱਲ ਨਹੀਂ?”
“ਫਾਲਤੂ ਬਕ ਬਕ ਨਾ ਕਰ।” ਬੁੱਢੇ ਨੇ ਉਸ ਨੂੰ ਕਿਹਾ।
ਪਰ ਨਾਈ ਹੱਥ ਹਿਲਾਉਂਦਾ ਹੋਇਆ ਚੀਕਿਆ:
“ਵਾਹਵਾ!”
“ਏਥੇ ਉਨ੍ਹਾਂ ਬਾਰੇ ਕੀ ਲਿਖਿਆ ਹੋਇਐ?” ਬੁੱਢੇ ਨੇ ਪੁੱਛਿਆ।
“ ਮੈ ਪੜ੍ਹ ਤਾਂ ਨਹੀਂ ਸਕਦਾ ਕਿ ਇਸ ਵਿੱਚ ਕੀ ਲਿਖਿਆ ਹੋਇਐ, ਪਰ ਏਨਾ ਜਰੂਰ ਜਾਣਦਾਂ ਹਾਂ ਕਿ ਇਹ ਗੱਲ ਸੱਚੀ ਏ। ਗਰੀਬਾਂ ਬਾਰੇ ਜੇ ਸਚਾਈ ਤੋਂ ਕੰਮ ਲਿਆ ਜਾਵੇ ਤਾਂ ਉਹਨਾਂ ਨੂੰ ਵੱਡੇ ਬਹਾਦਰ ਮੰਨਣਾ ਪਏਗਾ!”
“ਕਿਰਪਾ ਕਰਕੇ ਆਪਣੀ ਜੀਭ ਨੂੰ ਰਤਾ ਲਗਾਮ ਦੇ ਕੇ ਰਖ।”
ਕਹਿਕੇ ਚੇਂਕੋ ਉੱਥੋਂ ਤੁਰ ਪਿਆ। ਪੱਥਰਾਂ ਤੇ ਉਸ ਦੀ ਲੱਕੜ ਦੀ ਜੁੱਤੀ ਦੀ ਖਟ ਖਟ ਆਵਾਜ਼ ਹੁੰਦੀ ਰਹੀ।
ਹੁਣ ਉਹ ਇਕ ਰੂਸੀ ਸਜਣ ਕੋਲ ਗਿਆ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਨਰਮ ਦਿੱਲ ਤੇ ਇਮਾਨਦਾਰ ਆਦਮੀ ਹੈ। ਅੰਦਰ ਜਾ ਕੇ ਚੇਂਕੋ ਉਸ ਦੇ ਮੰਜੇ ਕੋਲ ਬੈਠ ਗਿਆ। ਉਹ ਸੱਜਣ ਜ਼ਿੰਦਗੀ ਦੇ ਅੰਤਲੇ ਦਿਨ ਗਿਣ ਰਿਹਾ ਸੀ। ਚੇਂਕੋ ਨੇ ਉਸ ਨੂੰ ਪੁੱਛਿਆ:
“ਏਥੇ ਇਨ੍ਹਾਂ ਦੋਹਾਂ ਬਾਰੇ ਕੀ ਲਿਖਿਆ ਹੋਇਐ?”
ਬੀਮਾਰੀ ਕਰਕੇ ਫਿੱਕੀਆਂ ਪੈ ਗਈਆਂ ਤੇ ਉਦਾਸ ਅੱਖਾਂ ਨੂੰ ਸੁੰਗੜਾ ਕੇ ਰੂਸੀ ਸੱਜਣ ਨੇ ਕਮਜ਼ੋਰ ਆਵਾਜ਼ ਵਿੱਚ ਪੋਸਟ ਕਾਰਡ ਤੇ ਲਿਖਿਆ ਹੋਇਆ ਪੜ੍ਹਿਆ ਤੇ ਉਸ ਦੇ ਚਹਿਰੇ ਤੇ ਨਿੱਘੀ ਮੁਸਕਰਾਹਟ ਚਮਕ ਉੱਠੀ।
ਬੁੱਢੇ ਨੇ ਰੂਸੀ ਨੂੰ ਕਿਹਾ, “ਤੁਸੀਂ ਵੇਖ ਹੀ ਰਹੇ ਹੋ ਮੈਂ ਬਹੁਤ ਬੁੱਢਾ ਹੋ ਚੁੱਕਾ ਹਾਂ ਤੇ ਛੇਤੀ ਹੀ ਮੈਨੂੰ ਆਪਣੇ ਰਚਨਹਾਰੇ ਕੋਲ ਜਾਣਾ ਪੈਣੇ। ਜਦ ਮਦੋਨਾ ਮੈਨੂੰ ਪੁੱਛੇਗੀ ਕਿ ਮੈਂ ਆਪਣੇ ਪੁੱਤਰਾਂ ਬਾਰੇ ਕੀ ਕੀਤਾ ਏ ਤਾਂ ਮੈਨੂੰ ਸਾਰੀ ਗੱਲ ਦੱਸਣੀ ਪੈਣੀ ਏ। ਇਹ ਨੇ ਮੇਰੇ ਪੁੱਤਰ ਪਰ ਮੈਨੁੰ ਪਤਾ ਨਹੀਂ ਇਨ੍ਹਾਂ ਨੇ ਕੀ ਕੀਤਾ ਹੈ ਤੇ ਇਹ ਕਿਉਂ ਜੇਲ੍ਹ ਵਿੱਚ ਹਨ?”
“ਤੂੰ ਮਦੋਨਾ ਨੂੰ ਕਹਿ ਦਈਂ,” ਰੂਸੀ ਸੱਜਣ ਨੇ ਉਸ ਨੂੰ ਗੰਭੀਰਤਾ ਨਾਲ ਸਲਾਹ ਦਿੱਤੀ, “ਤੇਰੇ ਪੁੱਤਰਾਂ ਨੇ ਖੁਦ ਮਦੋਨਾ ਦੇ ਪੁੱਤਰ ਦੀ ਇਕ ਮੁੱਖ ਆਗਿਆ ਨੂੰ ਸਹੀ ਤੌਰ ਤੇ ਸਮਝਿਆ ਹੈ- ਉਨ੍ਹਾਂ ਨੇ ਸੱਚੇ ਦਿਲ ਨਾਲ ਆਪਣੇ ਲੋਕਾਂ ਨੂੰ ਪਿਆਰ ਕੀਤਾ ਹੈ…..”
ਬੁੱਢੇ ਨੇ ਰੂਸੀ ਸੱਜਣ ਦੀ ਗੱਲ ਤੇ ਭਰੋਸਾ ਕੀਤਾ ਕਿਉਂਕਿ ਝੂਠ ਕਦੇ ਸੌਖੀ ਤੇ ਸਾਦੀ ਜਬਾਨ ਵਿੱਚ ਨਹੀਂ ਬੋਲਿਆ ਜਾ ਸਕਦਾ। ਝੂਠ ਲਈ ਜਰੂਰੀ ਨੇ ਮਿੱਠੇ ਲਫਜ਼ ਤੇ ਸੁਹਣੇ ਮੁਹਾਵਰੇ। ਬੁੱਢੇ ਨੇ ਉਸ ਬਿਮਾਰ ਦੇ ਛੋਟੇ ਜਿਹੇ ਨਰਮ ਹੱਥ ਨਾਲ ਹੱਥ ਮਿਲਾਇਆ। ਉਹ ਹੱਥ ਮਿਹਨਤ ਤੋਂ ਜਾਣੂ ਨਹੀਂ ਸੀ।
“ਤਾਂ ਉਨ੍ਹਾਂ ਦਾ ਜੇਲ੍ਹ ਵਿੱਚ ਰਹਿਣਾ ਕੋਈ ਬਦਨਾਮੀ ਦੀ ਗੱਲ ਨਹੀਂ ਏਨੀ।”
“ਨਹੀਂ,” ਰੂਸੀ ਨੇ ਕਿਹਾ, ਤੂੰ ਜਾਣਦੈਂ ਕਿ ਅਮੀਰ ਲੋਕਾਂ ਨੂੰ ਉਦੋਂ ਜੇਲ ਭੇਜਿਆ ਜਾਂਦੈ ਜਦੋਂ ਉਹ ਬਹੁਤ ਜਿਆਦਾ ਪਾਪ ਕਰਦੇ ਹਨ ਤੇ ਜਦ ਉਨ੍ਹਾਂ ਨੂੰ ਲੁਕਾ ਕੇ ਰੱਖਣਾ ਔਖਾ ਹੋ ਜਾਂਦੈ। ਪਰ ਗਰੀਬਾਂ ਨੂੰ ਉਦੋਂ ਜੇਲ ਜਾਣਾ ਪੈਂਦਾ ਜਦੋਂ ਉਹ ਥੋੜੀ ਜਿੰਨੀ ਚੰਗਿਆਈ ਕਰਨ ਦਾ ਜਤਨ ਕਰਦੇ ਹਨ। ਮੈਂ ਕਹਾਂਗਾ ਕਿ ਤੂੰ ਬੜੇ ਭਾਗਾਂ ਵਾਲਾ ਪਿਤਾ ਏਂ!”
ਰੂਸੀ ਸੱਜਣ ਚੇਂਕੋ ਨਾਲ ਦੇਰ ਤਾਈਂ ਗੱਲਾਂ ਕਰਦਾ ਰਿਹਾ। ਆਪਣੀ ਕਮਜੋਰ ਆਵਾਜ਼ ਵਿੱਚ ਉਸਨੇ ਦੱਸਿਆ ਗਰੀਬੀ ਅਤੇ ਅਗਿਆਨ ਨੂੰ ਤੇ ਇਨ੍ਹਾ ਸਦਕਾ ਪੈਦਾ ਹੋਣ ਵਾਲੀਆਂ ਬੁਰੀਆਂ ਤੇ ਘਿਨਾਉਣੀਆਂ ਗੱਲਾਂ ਨੂੰ ਮਿਟਾਉਣ ਲਈ ਇਮਾਨਦਾਰ ਲੋਕ ਇਸ ਦੁਨੀਆ ਵਿਚ ਕੀ ਕੁਝ ਕਰ ਰਹੇ ਹਨ…….
ਅਸਮਾਨ ਵਿਚ ਸੂਰਜ ਕਿਸੇ ਅੱਗ ਦੇ ਫੁੱਲ ਵਾਂਗ ਚਮਕ ਰਿਹਾ ਹੈ। ਭੂਰੀਆਂ ਚੱਟਾਨਾਂ ਉੱਤੇ ਉਹ ਕਿਰਨਾਂ ਦੀ ਸੁਨਹਿਰੀ ਧੂੜ ਧੂੜਦਾ ਹੈ ਤੇ ਪੱਥਰ ਦੀ ਹਰ ਦਰਾਰ ਵਿੱਚੋਂ ਜਿੰਦਗੀ ਉਤਾਵਲ ਨਾਲ ਸੂਰਜ ਵੱਲ ਆਪਣਾ ਸਿਰ ਚੁੱਕਦੀ ਹੈ- ਹਰਾ ਘਾਹ ਤੇ ਅਸਮਾਨ ਵਰਗੇ ਨੀਲੇ ਫੁੱਲ। ਸੂਰਜ ਦੇ ਚਾਨਣ ਦੇ ਸੁਨਹਿਰੇ ਚੰਗਿਆੜੇ ਚਮਕ ਉਠਦੇ ਹਨ ਤੇ ਵੱਡੇ ਵੱਡੇ ਤ੍ਰੇਲ ਤੁਪਕਿਆਂ ਵਿਚ ਬੁਝ ਜਾਂਦੇ ਹਨ।
ਬੁਢੇ ਨੂੰ ਉਸ ਵੇਲੇ ਆਪਣੇ ਪੁਤਰਾਂ ਦੀ ਯਾਦ ਆਉਂਦੀ ਹੈ ਜਦ ਉਹ ਹਰ ਜਿਉਂਦੀ ਸ਼ੈਅ ਨੂੰ ਸੂਰਜ ਦੇ ਜਿੰਦਗੀ ਦੇਣ ਵਾਲੇ ਚਾਨਣ ਨੂੰ ਪੀਂਦਿਆਂ ਤੱਕਦਾ ਹੈ ਤੇ ਆਪਣੇ ਆਲ੍ਹਣੇ ਬਨਾਉਣ ਵਿੱਚ ਰੁੱਝੇ ਹੋਏ ਪੰਛੀਆਂ ਦਾ ਗੀਤ ਸੁਣਦਾ ਹੈ। ਉਸ ਦੇ ਉਹ ਪੁੱਤਰ ਸਮੁੰਦਰ ਦੇ ਉਸ ਪਾਰ ਇੱਕ ਵੱਡੇ ਸ਼ਹਿਰ ਵਿੱਚ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਹਨ। ਬੁੱਢੇ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇਲ ਦੀ ਜਿੰਦਗੀ ਉਨ੍ਹਾਂ ਦੀ ਸਿਹਤ ਲਈ ਕਿੰਨੀ ਮਾੜੀ ਹੈ! ਵਿਚਾਰੇ ਮੁੰਡੇ……
ਪਰ ਫੇਰ ਉਹ ਸੋਚਦਾ ਹੈ ਕਿ ਆਪਣੇ ਪਿਉ ਵਾਂਗ ਇਮਾਨਦਾਰ ਹੋਣ ਲਈ ਹੀ ਉਹ ਜੇਲ੍ਹ ਵਿੱਚ ਬੰਦ ਹਨ। ਉਸ ਦਾ ਕਾਂਸੀ ਰੰਗਾ ਚਿਹਰਾ ਇਕ ਸੰਤੋਖ ਤੇ ਮਾਣ ਭਰੀ ਮੁਸਕਰਾਹਟ ਨਾਲ ਢਿੱਲਾ ਪੈ ਜਾਂਦਾ ਹੈ।
“ਧਰਤੀ ਅਮੀਰ ਹੈ, ਆਦਮੀ ਗਰੀਬ ਹਨ; ਸੂਰਜ ਨਰਮ ਦਿਲ ਹੈ, ਆਦਮੀ ਨਿਰਦਈ ਹੈ। ਜਿੰਦਗੀ ਭਰ ਮੈਂ ਇਹ ਸੋਚਦਾ ਰਿਹਾ ਤੇ ਭਾਵੇਂ ਇਸ ਬਾਰੇ ਮੈਂ ਆਪਣੇ ਪੁੱਤਰਾਂ ਨੂੰ ਕੁਝ ਵੀ ਦੱਸਿਆ ਨਹੀਂ, ਤਾਂ ਵੀ ਉਹ ਆਪਣੇ ਪਿਉ ਦੇ ਖਿਆਲਾਂ ਨੂੰ ਸਮਝ ਗਏ। ਹਰ ਹਫਤੇ ਲਈ ਛੇ ਡਾਲਰ, ਭਾਵ ਚਾਲੀ ਲੀਰਾ! ਉਹੋ! ਪਰ ਉਨ੍ਹਾਂ ਸੋਚਿਆ ਕਿ ਇਹ ਬਹੁਤ ਘੱਟ ਹੈ। ਤੇ ਉਨ੍ਹਾਂ ਵਰਗੇ ਹੋਰ ਪੰਝੀ ਹਜਾਰ ਲੋਕਾਂ ਨੇ ਵੀ ਇਹੀ ਸੋਚਿਆ-ਚੰਗੀ ਤਰ੍ਹਾਂ ਜਿੰਦਗੀ ਬਿਤਾਉਣ ਦੀ ਚਾਹ ਕਰਨ ਵਾਲੇ ਲਈ ਇਹ ਬਹੁਤ ਘੱਟ ਹੈ……..
ਬੁੱਢੇ ਨੂੰ ਯਕੀਨ ਹੋ ਚੁੱਕਾ ਹੈ ਕਿ ਉਸ ਦੇ ਦਿਲ ਵਿੱਚ ਜੋ ਖਿਆਲ ਲੁਕੇ ਹੋਏ ਸਨ, ਇਹੀ ਉਸਦੇ ਪੁੱਤਰਾਂ ਵਿੱਚ ਖਿੜ ਪਏ ਹਨ ਤੇ ਏਸ ਲਈ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਪਰ ਇਹ ਜਾਣ ਕੇ ਕਿ ਆਦਮੀ ਆਪਣੀਆਂ ਹੀ ਬਣਾਈਆਂ ਪਰੀ ਕਹਾਣੀਆਂ ਵਿੱਚ ਕਿੱਥੋਂ ਤੱਕ ਯਕੀਨ ਕਰਦਾ ਹੈ, ਉਹ ਆਪਣੇ ਖਿਆਲਾਂ ਨੂੰ ਪ੍ਰਗਟ ਨਹੀਂ ਕਰਦਾ।
ਫੇਰ ਵੀ ਉਸ ਦਾ ਵੱਡਾ ਸਾਰਾ ਬਿਰਧ ਦਿਲ ਕਦੇ ਕਦੇ ਆਪਣੇ ਪੁੱਤਰਾਂ ਦੇ ਭਵਿੱਖ ਦੇ ਖਿਆਲਾਂ ਨਾਲ ਉੱਛਲ ਪੈਂਦਾ ਹੈ ਤੇ ਤਦ ਬੁੱਢਾ ਚੇਂਕੋ ਆਪਣੀ ਥੱਕੀ ਹੋਈ ਕਮਰ ਸਿੱਧੀ ਕਰਦਾ ਹੈ, ਡੂੰਘਾ ਸਾਹ ਭਰਦਾ ਹੈ ਤੇ ਆਪਣੀ ਢਹਿੰਦੀ ਹੋਈ ਸੱਤਿਆ ਨੂੰ ਸੰਭਾਲਦਾ ਹੋਇਆ, ਸਮੁੰਦਰ ਵੱਲ ਮੁੜ ਕੇ ਉਸ ਪਾਸੇ ਵੱਲ ਉੱਚੀ ਸਾਰੀ ਆਵਾਜ ਦਿੰਦਾ ਹੈ, ਜਿੱਧਰ ਉਸ ਦੇ ਪੁੱਤਰ ਜੇਲ੍ਹ ਵਿੱਚ ਬੰਦ ਹਨ:
“ਧੀਰਜ ਰੱਖੋ!”
ਸਮੁੰਦਰ ਦੇ ਡੂੰਘੇ ਪਾਣੀਆਂ ਤੋਂ ਉੱਪਰ ਉੱਠਦਾ ਹੋਇਆ ਸੂਰਜ ਹੱਸਦਾ ਹੈ ਤੇ ਉਤਾਂਹ ਵੱਲ ਅੰਗੂਰ ਬਾਗਾਂ ਵਿਚ ਕੰਮ ਕਰਨ ਵਾਲੇ ਲੋਕ ਬੁੱਢੇ ਦੀ ਆਵਾਜ ਨੂੰ ਗੂੰਜਾਉਂਦੇ ਹਨ:
“ਓ—ਓ—!”

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ