Bhet Wali Gall (Punjabi Story): Amrit Kaur
ਭੇਤ ਵਾਲੀ ਗੱਲ (ਕਹਾਣੀ) : ਅੰਮ੍ਰਿਤ ਕੌਰ
“ਰਿਸ਼ਤਾ ਤਾਂ ਬਹੁਤ ਤਕੜੇ ਘਰ ਦੈ, ਪਰ ਪੈਸਾ ਤਾਂ ਵੱਧ ਲਾਉਣਾ ਪਊ, ਆਪਣੀ ਦੀਪੀ ਰਾਜ ਕਰੂਗੀ।” ਅਮਰ ਸਿੰਘ ਨੇ ਆਪਣੀ ਪਤਨੀ ਕੋਲੋਂ ਦੁੱਧ ਦਾ ਗਲਾਸ ਫੜਦਿਆਂ ਆਖਿਆ।
“ਚਲ ਚਾਰ ਪੈਸੇ ਵੱਧ ਲੱਗ ਜਾਣਗੇ ਤਾਂ ਕੀ ਐ, ਜਵਾਕੜੀ ਮਾੜੀ ਮਾੜੀ ਚੀਜ਼ ਨੂੰ ਤਾਂ ਨ੍ਹੀਂ ਤਰਸੂਗੀ।” ਪਤਨੀ ਨੇ ਸਹਿਮਤੀ ਪ੍ਰਗਟਾਈ।
“ਠੀਕ ਐ, ਵਿਚੋਲੇ ਨਾਲ ਗੱਲ ਕਰ ਕੇ ਕੱਲ੍ਹ ਨੂੰ ਆੜ੍ਹਤੀਏ ਨੂੰ ਪੁੱਛ ਆਉਨਾਂ, ਕਿੰਨੇ ਕੁ ਪੈਸੇ ਦੇ ਦਊ।”
“ਪਰ ਦੀਪੀ ਨਿਆਣੀ ਐ ਅਜੇ। ਨਾਲੇ ਉਹ ਕਹਿੰਦੀ ਐ, ਮੈਂ ਪੜ੍ਹਨੈਂ। ਪੜ੍ਹਾਈ ‘ਚ ਵੀ ਹੁਸ਼ਿਆਰ ਐ।”
“ਚੰਗੇ ਰਿਸ਼ਤੇ ਵਾਰ ਵਾਰ ਨ੍ਹੀਂ ਮਿਲਦੇ ਹੁੰਦੇ। ਬਾਰਾਂ ਜਮਾਤਾਂ ਹੋ ਜਾਣੀਆਂ ਨੇ ਹੁਣ, ਅਗਲਿਆਂ ਕਿਹੜਾ ਨੌਕਰੀ ਕਰਾਉਣੀ ਐ।”
“ਹਾਂ ਇਹ ਵੀ ਠੀਕ ਐ। ਚਲੋ ਥੋਡੀ ਮਰਜੀ, ਨਾਲੇ ਜਮਾਨਾ ਵੀ ਮਾੜੈ।”
“ਮੈਂ ਵੀ ਏਹੀ ਸੋਚਦਾਂ-ਕੁੜੀ ਆਵਦੇ ਘਰੇ ਜਾਵੇ, ਆਪਣੀ ਸੋਚ ਮਿਟੇ।”
“ਸੌਂ ਜੋ ਹੁਣ, ਸਵੇਰੇ ਦੇਖਦੇ ਆਂ।” ਅਮਰ ਸਿੰਘ ਦੀ ਪਤਨੀ ਨੇ ਦੁੱਧ ਵਾਲਾ ਖਾਲੀ ਗਲਾਸ ਫੜਦਿਆਂ ਕਿਹਾ। ਅਮਰ ਸਿੰਘ ਗਹਿਰੀਆਂ ਸੋਚਾਂ ਵਿਚ ਡੁੱਬ ਗਿਆ, “ਧੀਆਂ ਜਵਾਨ ਹੁੰਦੀਆਂ ਨੂੰ ਕਿਹੜਾ ਟੈਮ ਲੱਗਦੈ! ਅਜੇ ਕੱਲ੍ਹ ਪਰਸੋਂ ਤਾਂ ਭੋਰਾ ਕੁ ਸੀ, ਹੁਣ ਵਿਆਹੁਣ ਜੋਗੀ ਵੀ ਹੋ’ਗੀ। ਛਿੰਦੇ ਤੋਂ ਤਿੰਨ ਕੁ ਵਰ੍ਹੇ ਤਾਂ ਵੱਡੀ ਐ, ‘ਠਾਰਾਂ ਸਾਲਾਂ ਦੀ। ਊਂ ਅਜੇ ਨਿਆਣੀ ਵੀ ਐ, ਜਦੋਂ ਕਿਤੇ ਵਗ ਜਾਂਦੀ ਐ, ਕਿਹੜਾ ਜੀਅ ਲੱਗਦੈ। ਹੁਣ ਵੀ ਅਜੇ ਪਰਸੋਂ ਤਾਂ ਗਈ ਐ ਭੂਆ ਕੋਲ, ਐਂ ਲੱਗਦੈ ਪਤਾ ਨ੍ਹੀਂ ਕਿੰਨੇ ਦਿਨ ਹੋ’ਗੇ ਗਈ ਨੂੰ। ਜਦੋਂ ਵਿਆਹ ਹੋ ਗਿਆ, ਫੇਰ ਤਾਂ ਕਦੇ ਕਦੇ ਆਇਆ ਕਰੂ। ਪਹਿਲੇ ਜ਼ਮਾਨਿਆਂ ਵਿਚ ਈ ਹੁੰਦਾ ਸੀ, ਕੁੜੀਆਂ ਦੋ ਦੋ ਮਹੀਨੇ ਲਾ ਜਾਂਦੀਆਂ। ਹੁਣ ਤਾਂ ਕੋਈ ਊਈਂ ਨ੍ਹੀਂ ਛੱਡਦਾ, ਚਲ ਕੀ ਕਰਾਉਣੈ? ਆਵਦੇ ਘਰੇ ਵਸੇ ਰਸੇ।” ਇਹੀ ਸੋਚਦਿਆਂ ਉਸ ਦੀਆਂ ਅੱਖਾਂ ਮਿਚਣ ਲੱਗ ਪਈਆਂ। ਫਿਰ ਉਸ ਨੇ ਕੰਬਲ ਖਿੱਚ ਕੇ ਮੂੰਹ-ਸਿਰ ਢਕ ਲਿਆ।
“ਓ ਮੇਰੀ ਗਰਦਨ ਛੱਡ।” ਉਸ ਦਾ ਗਲਾ ਜਿਵੇਂ ਕਿਸੇ ਨੇ ਘੁੱਟ ਦਿੱਤਾ ਸੀ। ਉਹ ਆਪਣੇ ਆਪ ਨੂੰ ਛੁਡਾਉਣ ਲਈ ਹੱਥ-ਪੈਰ ਮਾਰ ਰਿਹਾ ਸੀ। ਜਿੰਨਾ ਉਹ ਛੁਡਾਉਣ ਲਈ ਕੋਸ਼ਿਸ਼ ਕਰਦਾ, ਓਨਾ ਹੀ ਉਸ ਦਾ ਸਾਹ ਘੁਟਦਾ। ਉਸ ਦੀ ਆਤਮਾ ਸਰੀਰ ਨਾਲੋਂ ਵੱਖ ਹੋ ਚੁਕੀ ਸੀ। ਦੇਖਦਿਆਂ ਹੀ ਦੇਖਦਿਆਂ ਉਸ ਦਾ ਛਿੰਦਾ ਪੁੱਤ ਜਵਾਨ ਹੋ ਗਿਆ, ਪਰ ਛਿੰਦੇ ਦੇ ਕੱਪੜੇ ਮੈਲੇ ਤੇ ਫਟੇ ਹੋਏ ਸਨ। ਉਹੀ ਰੱਸਾ ਹੋਰ ਮੋਟਾ ਹੋ ਕੇ ਛਿੰਦੇ ਦੇ ਗਲ ਵਿਚ ਆ ਪਿਆ। ਛਿੰਦੇ ਦਾ ਸਿਰ ਤੇ ਦਾੜ੍ਹੀ ਜਵਾਨੀ ਵਿਚ ਹੀ ਚਿੱਟੇ ਹੋ ਗਏ। ਉਹ ਆਪਣੇ ਪੁੱਤਰ ਦੀ ਗਰਦਨ ਦੁਆਲਿਉਂ ਰੱਸਾ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਸੀਨੋ ਪਸੀਨਾ ਹੋਇਆ। ਜਦੋਂ ਕੋਈ ਵਾਹ ਨਾ ਚੱਲੀ ਤਾਂ ਪੁੱਤਰ ਦੀ ਹਾਲਤ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ।
ਉਸ ਦੀ ਅੱਖ ਖੁੱਲ੍ਹ ਗਈ। ਅਮਰ ਸਿੰਘ ਉਠ ਕੇ ਬੈਠ ਗਿਆ। “ਹੇ ਮਾਲਕਾ ਸੁੱਖ ਰੱਖੀਂ।” ਉਸ ਦੇ ਮੂੰਹੋਂ ਨਿਕਲਿਆ। ਕਿੰਨਾ ਭਿਆਨਕ ਸੁਫਨਾ ਸੀ। ਉਸ ਨੇ ਛਿੰਦੇ ਵੱਲ ਨਿਗ੍ਹਾ ਮਾਰੀ, ਉਹ ਸੌਂ ਰਿਹਾ ਸੀ। ਉਸ ਪਿਛੋਂ ਅਮਰ ਸਿੰਘ ਨਹੀਂ ਸੁੱਤਾ।
ਅਮਰ ਸਿੰਘ ਡੰਗਰਾਂ ਨੂੰ ਪੱਠੇ ਪਾਉਣ ਲੱਗਾ ਵੀ ਸੁਫਨੇ ਬਾਰੇ ਸੋਚ ਰਿਹਾ ਸੀ। ਉਸ ਦਾ ਮਨ ਬੜਾ ਬੇਚੈਨ ਸੀ। ਉਹ ਆਪਣਾ ਧਿਆਨ ਦੂਜੇ ਪਾਸੇ ਲਾਉਣ ਲਈ ਰਸੋਈ ਵਿਚ ਚਲਾ ਗਿਆ। ਉਸ ਦੀ ਪਤਨੀ ਚਾਹ ਬਣਾ ਰਹੀ ਸੀ। ਆਪਣੀ ਪਤਨੀ ਨਾਲ ਦੀਪੀ ਦੇ ਵਿਆਹ ਦੀ ਗੱਲ ਛੇੜਦਿਆਂ ਆਖਿਆ, “ਚੰਗਾ ਫੇਰ ਅੱਜ ਮੈਂ ਆੜ੍ਹਤੀਏ ਨਾਲ ਗੱਲ ਕਰਦਾਂ, ਕਿੰਨੇ ਕੁ ਪੈਸੇ ਦੇ ਦਊ ਆਪਾਂ ਨੂੰ?”
“ਪਰ ਦੀਪੀ ਦੇ ਬਾਪੂ ਕਰਜ਼ਾ ਦੇਖ ਕੇ ਚੱਕਿਓ, ਫਸਲ ਨਾਲ ਤਾਂ ਰੇਹ ਤੇਲ ਵੀ ਪੂਰੇ ਨ੍ਹੀਂ ਹੁੰਦੇ।”
“ਓਹ ਤਾਂ ਪੁੱਛ ਕੇ ਪਤਾ ਲੱਗੂ ਕਿੰਨੇ ਕੁ ਦਿੰਦੈ।”
“ਮੇਰੀ ਸਾਰੀ ਰਾਤ ਇਹੀ ਸੋਚਦੀ ਦੀ ਲੰਘ’ਗੀ। ਜੇ ਵੱਡਿਆਂ ਨਾਲ ਮੱਥਾ ਲਾਵਾਂਗੇ ਤਾਂ ਉਨ੍ਹਾਂ ਦੇ ਬੈਠਣ ਲਈ ਵੀ ਚੱਜ ਦੀ ਬੈਠਕ (ਕਮਰਾ) ਚਾਹੀਦੀ ਐ।”
“ਐਂ ਤਾਂ ਫੇਰ ਖਾਸੇ ਪੈਸੇ ਚੱਕਣੇ ਪੈਣਗੇ ਆਪਾਂ ਨੂੰ।” ਅਮਰ ਸਿੰਘ ਨੇ ਫਿਕਰਮੰਦ ਹੁੰਦਿਆਂ ਕਿਹਾ।
“ਵੱਡੇ ਘਰ ਇਹ ਆਖ ਦਿੰਦੇ ਹੁੰਦੇ ਨੇ, ਲੈਣਾ ਤਾਂ ਅਸੀਂ ਕੱਖ ਨ੍ਹੀਂ, ਵਿਆਹ ਪੈਲੇਸ ‘ਚ ਹੋਵੇ ਤੇ ਬਰਾਤ ਦੀ ਸੇਵਾ ਵਧੀਆ ਹੋਵੇ।”
“ਹਾਂ ਬਰਾਤ ਦੀ ਸੇਵਾ ਤਾਂ ਅਗਲਾ ਕਹੂਗਾ ਈ।”
“ਬਰਾਤ ਦੀ ਸੇਵਾ ਕਰਦਿਆਂ ਈ ਬੰਦਾ ਲੱਖਾਂ ਵਿਚ ਠੁਕ ਜਾਂਦੈ। ਐਵੇਂ ਕਿਤੇ ਧੀ ਨੂੰ ਸੌਖੇ ਕਰਦੇ ਕਰਦੇ ਪੁੱਤ ਦੀ ਜਾਨ ਨੂੰ ਰੱਸੇ ਵੱਟ ਦਈਏ।”
“ਰੱਸਾ?” ਅਮਰ ਸਿੰਘ ਨੂੰ ਕੰਬਣੀ ਜਿਹੀ ਛਿੜ ਗਈ, ਉਸ ਦੇ ਚਿਹਰੇ ‘ਤੇ ਡਰ ਦੇ ਭਾਵ ਸਨ।
“ਕੀ ਹੋਇਆ?” ਪਤਨੀ ਨੇ ਪੁੱਛਿਆ।
“ਕੁਸ਼ ਨ੍ਹੀਂ, ਤੂੰ ਜਾਹ ਛਿੰਦੇ ਨੂੰ ਜਗਾ ਜਾ ਕੇ। ਫੇਰ ਸੋਚਦੇ ਆਂ ਕੁਸ਼।” ਉਹ ਥੋੜ੍ਹਾ ਖਿਝ ਕੇ ਬੋਲਿਆ।
ਅਮਰ ਸਿੰਘ ਕੰਧ ਨਾਲ ਢੋਅ ਲਾ ਕੇ ਖਲੋ ਗਿਆ। ਕੁਝ ਸਕਿੰਟਾਂ ਵਿਚ ਹੀ ਰਾਤ ਵਾਲਾ ਸੁਫਨਾ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ। ਅੱਖਾਂ ਬੰਦ ਕਰਕੇ ਉਪਰ ਵੱਲ ਨੂੰ ਮੂੰਹ ਚੁੱਕ ਕੇ ਪਤਾ ਨਹੀਂ ਕੀ ਸੋਚਦਾ ਰਿਹਾ। ਉਸ ਦੇ ਚਿਹਰੇ ‘ਤੇ ਹੁਣ ਸਕੂਨ ਸੀ ਤੇ ਸਰੀਰ ਹੌਲਾ ਫੁੱਲ। ਉਸ ਨੇ ਅਸਮਾਨ ਵੱਲ ਦੇਖ ਕੇ ਦੋਵੇਂ ਹੱਥ ਜੋੜੇ ਤੇ ਸਿਰ ਝੁਕਾਇਆ। ਅੰਦਰ ਜਾ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ, “ਆਪਾਂ ਦੀਪੀ ਦਾ ਵਿਆਹ ਪੰਜ ਚਾਰ ਸਾਲ ਠਹਿਰ ਕੇ ਕਰਾਂਗੇ। ਨਿਆਣੀ ਐ ਅਜੇ, ਹੋਰ ਪੜ੍ਹ ਲੂ ਨਾਲੇ।”
ਪਤਨੀ ਨੇ ਕੁਝ ਬੋਲਣਾ ਚਾਹਿਆ, ਪਰ ਉਸ ਨੇ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਵਾ ਦਿੱਤਾ।
ਪਤਨੀ ਨੇ ਮੱਥੇ ‘ਤੇ ਤਿਓੜੀ ਪਾਈ, ਅਮਰ ਸਿੰਘ ਨੇ ਕਿਹਾ, “ਇਹ ਭੇਤ ਦੀ ਗੱਲ ਐ, ਕਦੇ ਫੇਰ ਦੱਸੂੰ।”