Begum (Punjabi Story) : S. Saki
ਬੇਗਮ (ਕਹਾਣੀ) : ਐਸ ਸਾਕੀ
ਨੂਰੀ ਦਾ ਨਿਕਾਹ ਨਹੀਂ ਸੀ ਹੁੰਦਾ। ਖਾਸੀ ਉਮਰ ਹੋ ਗਈ ਸੀ। ਅਠਾਈ ਪਾਰ ਕਰ ਗਈ ਸੀ ਉਹ। ਉਸ ਦੀਆਂ ਸਹੇਲੀਆਂ ਵਿੱਚੋਂ ਹੁਣ ਕੋਈ ਵੀ ਬਾਕੀ ਨਹੀਂ ਸੀ ਬਚੀ। ਜ਼ੂਬੈਦਾ, ਹਮੀਸਾ, ਪਰਵੀਨ, ਗੁਲਬਾਨੋ ਸਾਰੀਆਂ ਆਪੋ ਆਪਣੇ ਸਹੁਰੇ ਘਰ ਟੁਰ ਗਈਆਂ ਸਨ, ਵਿਆਹ ਕਰਵਾ ਕੇ। ਨੂਰੀ ਨੂੰ ਧੱਕਾ ਉਦੋਂ ਲੱਗਾ ਜਦੋਂ ਉਸ ਦੀ ਹਮ ਉਮਰ ਸਹੇਲੀ ਜ਼ੋਹਰਾ ਵੀ ਉਸ ਨੂੰ ਇਕੱਲੀ ਛੱਡ ਗਈ, ਜਿਸ ਦਾ ਦੋ ਮਹੀਨੇ ਪਹਿਲਾਂ ਜ਼ਫਰ ਨਾਲ ਮੌਲਵੀ ਨੇ ਨਿਕਾਹ ਪੜ੍ਹ ਦਿੱਤਾ ਸੀ।
ਜਦੋਂ ਵੀ ਮੁਹੱਲੇ ਵਿੱਚ ਜਾਂ ਮੁਹੱਲੇ ਤੋਂ ਦੂਰ ਰਿਸ਼ਤੇਦਾਰੀ ਵਿੱਚ ਕਿਸੇ ਵੀ ਕੁੜੀ ਦਾ ਨਿਕਾਹ ਹੁੰਦਾ ਤਾਂ ਉਨ੍ਹਾਂ ਘਰ ਸੱਦਾ ਪੱਤਰ ਜ਼ਰੂਰ ਆਉਂਦਾ, ਨੂਰੀ ਆਪਣੀ ਅੰਮੀ ਨਾਲ ਹਮੇਸ਼ਾ ਉਥੇ ਜਾਂਦੀ। ਨੂਰੀ ਨਵੇਂ ਕੱਪੜਿਆਂ ਵਿੱਚ ਸਜੀਆਂ ਕੁੜੀਆਂ ਤੇ ਔਰਤਾਂ ਨੂੰ ਵੇਖਦੀ। ਆਪਣੀ ਤੁਲਨਾ ਨਿਕਾਹ ਹੋਣ ਵਾਲੀ ਕੁੜੀ ਨਾਲ ਕਰਦੀ। ਉਸ ਤੋਂ ਵੱਧ ਕੇ ਸੋਹਣੀ ਸੀ ਉਹ..। ਵਿਆਹੀ ਜਾਣ ਵਾਲੀ ਨੂੰ ਵੇਖ ਉਹ ਜਿਵੇਂ ਆਪਣੇ ਆਪ ਨੂੰ ਕਹਿੰਦੀ, ‘ਮੇਰਾ ਵਿਆਹ ਕਿਉਂ ਨਹੀਂ ਹੁੰਦਾ? ਮੈਂ ਹਰ ਵਾਰੀ ਨੂਰੀ ਬਣੀ ਰਹਿ ਜਾਂਦੀ ਹਾਂ। ਨਿਕਾਹ ਕਰਵਾ ਕੇ ਨੂਰੀ ਬੇਗਮ ਕਿਉਂ ਨਹੀਂ ਬਣ ਜਾਂਦੀ?’ ਕਈ ਸਵਾਲ ਆਉਂਦੇ ਉਹਦੇ ਮਨ ਵਿੱਚ, ਪਰ ਉਸ ਨੂੰ ਉਨ੍ਹਾਂ ਦਾ ਕੋਈ ਠੀਕ ਜਵਾਬ ਨਾ ਲੱਭਦਾ।
ਵਿਆਹ ਵਿੱਚ ਆਈਆਂ ਔਰਤਾਂ ਉਸ ਦੀ ਮਾਂ ਨੂੰ ਪੁੱਛ ਲੈਂਦੀਆਂ ਸਨ, ‘ਨੂਰੀ ਦੀ ਅੰਮੀ, ਤੂੰ ਬੇਟੀ ਨੂੰ ਵਿਆਹ ਦਾ ਜੋੜਾ ਕਦੋਂ ਪਹਿਨਾਵੇਂਗੀ? ਕਦੋਂ ਜਾਵੇਗੀ ਉਹ ਆਪਣੇ ਸਹੁਰੇ ਘਰ?’
ਅਜਿਹੇ ਸਵਾਲਾਂ ਦਾ ਉਹਦੀ ਅੰਮੀ ਰੇਸ਼ਮਾ ਨੂੰ ਜਵਾਬ ਦੇਣਾ ਬਹੁਤ ਔਖਾ ਲੱਗਦਾ। ਉਹ ਉਨ੍ਹਾਂ ਔਰਤਾਂ ਵੱਲ ਵੇਖਦੀ ਹੋਈ ਕਹਿੰਦੀ, ‘ਮੈਂ ਤਾਂ ਨਿਕਾਹ ਕਰ ਦੇਵਾਂ ਇਨਸ਼ਾ ਅੱਲਾ। ਮੁੰਡੇ ਵੀ ਬਹੁਤੇਰੇ ਫਿਰਦੇ ਨੇ ਸਾਡੇ ਪਿੱਛੇ। ਕਿੰਨੇ ਹੀ ਰਿਸ਼ਤੇ ਆਉਂਦੇ ਨੇ ਸਾਡੀ ਨੂਰੀ ਨੂੰ। ਕਾਹਦੀ ਕਮੀ ਹੈ ਇਸ ਵਿੱਚ ਕਿ ਪੁੱਛ ਨਾ ਪਵੇ, ਪਰ ਚੱਜ ਦਾ ਮੁੰਡਾ ਤਾਂ ਮਿਲੇ। ਜਿਹੜੇ ਮਿਲਦੇ ਨੇ ਬਸ ਐਵੇਂ ਹੀ, ਸਾਡੀ ਨੂਰੀ ਨੇੜੇ ਤਾਂ ਖੜੋਣ ਜੋਗਾ ਵੀ ਨਹੀਂ ਕੋਈ..।’
ਨੂਰੀ ਦੀ ਅੰਮੀ ਝੂਠ ਬੋਲਦੀ। ਸ਼ਾਇਦ ਰੇਸ਼ਮਾ ਦੀ ਸਾਰੀ ਗੱਲ ਠੀਕ ਨਹੀਂ ਸੀ। ਜਦੋਂ ਨੂਰੀ ਅਠਾਰਵੇਂ ਵਿੱਚ ਲੱਗੀ ਸੀ ਰੇਸ਼ਮਾ ਨੇ ਤਾਂ ਤਦੇ ਉਸ ਦੇ ਨਿਕਾਹ ਬਾਰੇ ਆਪਣੇ ਪਤੀ ਖਾਲਿਦ ਨਾਲ ਗੱਲ ਕੀਤੀ ਸੀ, ਪਰ ਉਸ ਨੇ ਰੇਸ਼ਮਾ ਨੂੰ ‘ਅਜੇ ਛੋਟੀ ਹੈ’ ਕਹਿ ਕੇ ਗੱਲ ਟਾਲ ਦਿੱਤੀ, ਜਦੋਂ ਕਿ ਗੱਲ ਇਹ ਨਹੀਂ ਸੀ। ਜਦੋਂ ਵੀ ਉਥੇ ਵਿਆਹ ਹੁੰਦੇ ਸਨ ਤਾਂ ਧੀਆਂ ਵਾਲਿਆਂ ਸਾਹਮਣੇ ਮੁੰਡੇ ਵਾਲੇ ਅਕਸਰ ਆਪਣੀ ਮੰਗ ਪਹਿਲਾਂ ਰੱਖ ਦਿੰਦੇ ਸਨ, ਜਿਹੜੀ ਨਿਕਾਹ ਤੋਂ ਪਹਿਲਾਂ ਦੇਣੀ ਹੁੰਦੀ ਸੀ। ਖਾਲਿਦ ਸਾਹਮਣੇ ਵੀ ਇਹੋ ਅੜਚਣ ਸੀ। ਉਸ ਨੇ ਇਸ ਤੋਂ ਪਹਿਲਾਂ ਆਪਣੀ ਵੱਡੀ ਧੀ ਨਫੀਸਾ ਦਾ ਵਿਆਹ ਕੀਤਾ ਸੀ। ਤਦ ਉਸ ਨੇ ਵਿਆਹ ਲਈ ਵਿਆਜੂ ਪੈਸੇ ਫੜੇ ਸਨ ਜਿਹੜੇ ਹੁਣ ਤੱਕ ਉਸੇ ਤਰ੍ਹਾਂ ਸਿਰ ‘ਤੇ ਖਲੋਤੇ ਸਨ। ਹਰ ਵਰ੍ਹੇ ਉਸ ਦਾ ਵਿਆਜ ਹੀ ਮੋੜ ਪਾਉਂਦਾ ਸੀ ਉਹ। ਰਕਮ ਉਸ ਕੋਲੋਂ ਨਹੀਂ ਉਤਰਦੀ ਸੀ।
ਖਾਲਿਦ ਪੇਸ਼ੇ ਵੱਲੋਂ ਬੁਣਕਰ ਸੀ। ਉਹ ਸ਼ੁਰੂ ਤੋਂ ਇਸ ਖਾਨਦਾਨੀ ਪੇਸ਼ੇ ਵਿੱਚ ਸੀ। ਪੀੜ੍ਹੀਆਂ ਤੋਂ ਉਹ ਲੋਕ ਕਾਲੀਨ ਬੁਣਨ ਦਾ ਕੰਮ ਕਰਦੇ ਆ ਰਹੇ ਸਨ। ਖਾਲਿਦ ਜਿਹੇ ਕਾਰੀਗਰ ਸਾਰੇ ਕਸ਼ਮੀਰ ਵਿੱਚ ਇਕ ਦੋ ਸਨ। ਖਾਲਿਦ ਨੇ ਵੱਡਾ ਚੰਗਾ ਵਕਤ ਵੇਖਿਆ ਸੀ, ਜਦੋਂ ਸੱਤ ਅੱਠ ਵਰ੍ਹਿਆਂ ਦੀ ਉਮਰੇ ਉਹ ਆਪਣੇ ਅੱਬਾ ਨਾਲ ਇਸ ਪੇਸ਼ੇ ਵਿੱਚ ਪੈ ਗਿਆ ਸੀ। ਉਦੋਂ ਦਿਨ ਵਧੀਆ ਸਨ। ਮਸ਼ੀਨੀ ਯੁੱਗ ਸ਼ੁਰੂ ਨਹੀਂ ਸੀ ਹੋਇਆ। ਕਾਲੀਨ ਤਿਆਰ ਕਰਨ ਲਈ ਸੂਤ ਦਾ ਤਾਣਾ ਬੁਣਿਆ ਜਾਂਦਾ। ਇਕ-ਇਕ ਗੰਢ ਮਾਰ ਕੇ ਫਿਰ ਉਹ ਕਾਲੀਨ ਬੁਣਨ ਲੱਗਦੇ। ਇਸ ਕੰਮ ਵਿੱਚ ਸਾਰਾ ਟੱਬਰ ਹੀ ਲੱਗ ਜਾਂਦਾ, ਕੀ ਵੱਡੇ ਤੇ ਕੀ ਛੋਟੇ, ਸਾਰੇ ਹੀ। ਛੋਟੀ ਤੋਂ ਛੋਟੀ ਗੰਢ ਮਾਰੀ ਜਾਂਦੀ। ਅਖੀਰ ਇੰਨਾ ਖੂਬਸੂਰਤ ਕਾਲੀਨ ਬਣਦਾ ਕਿ ਘਰ ਦਾ ਮੋਢੀ ਕਿੰਨਾ-ਕਿੰਨਾ ਚਿਰ ਉਸ ਵੱਲ ਇਸ ਤਰ੍ਹਾਂ ਵੇਖਦਾ ਰਹਿੰਦਾ ਜਿਵੇਂ ਕਾਲੀਨ ਨਾ ਹੋ ਕੇ ਉਸ ਦਾ ਜਾਇਆ ਹੋਵੇ। ਜੇ ਵਰ੍ਹੇ ਵਿੱਚ ਇਕ ਕਾਲੀਨ ਤਿਆਰ ਹੁੰਦਾ ਤਾਂ ਉਸ ਨੂੰ ਖਰੀਦਣ ਵਾਲੇ ਰਾਜੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਮੀਰ ਲੋਕ ਹੁੰਦੇ, ਜਿਹੜੇ ਉਸ ਦੀ ਮੂੰਹ ਮੰਗੀ ਕੀਮਤ ਦੇ ਦਿੰਦੇ। ਜਿਸ ਨਾਲ ਘਰ ਦਾ ਇਕ ਸਾਲ ਦਾ ਖਰਚਾ ਟੁਰਦਾ ਰਹਿੰਦਾ ਸੀ। ਕਦੇ ਵੀ ਉਨ੍ਹਾਂ ਨੂੰ ਤੰਗੀ ਦਾ ਮੂੰਹ ਨਹੀਂ ਸੀ ਵੇਖਣਾ ਪੈਂਦਾ। ਇਹ ਸਾਰਾ ਕੁਝ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ।
ਵਕਤ ਬਦਲਿਆ। ਦੇਸ਼ ਨੂੰ ਆਜ਼ਾਦੀ ਮਿਲੀ, ਅੰਗਰੇਜ਼ ਚਲੇ ਗਏ, ਰਾਜਿਆਂ ਦੇ ਰਾਜ ਖਤਮ ਹੋ ਗਏ। ਪੱਛਮੀ ਸੱਭਿਅਤਾ ਹੌਲੀ-ਹੌਲੀ ਮੁਲਕ ਵਿੱਚ ਪਸਰਨ ਲੱਗੀ। ਲੋਕਾਂ ਦੇ ਸ਼ੌਕ ਵਿੱਚ ਪਰਿਵਰਤਨ ਆ ਗਿਆ। ਘਰ ਦੀ ਸਜਾਵਟ ਤਾਂ ਹੁੰਦੀ, ਪਰ ਉਸ ਲਈ ਜਿਹੜਾ ਕਾਲੀਨ ਸਾਰਾ ਟੱਬਰ ਇਕ ਵਰ੍ਹੇ ਵਿੱਚ ਲੱਗ ਕੇ ਤਿਆਰ ਕਰਦਾ, ਮਸ਼ੀਨ ਅਜਿਹੇ ਕਈ ਇਕ ਦਿਨ ਵਿੱਚ ਬੁਣ ਦਿੰਦੀ। ਘਰਾਂ ਵਿੱਚ ਕਾਲੀਨ ਹੁਣ ਵੀ ਵਿਛਾਏ ਜਾਂਦੇ ਸਨ, ਪਰ ਬੁਣਕਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਕੋਈ ਨਾ ਦਿੰਦਾ। ਮੁਨਾਫਾ ਕਾਰੀਗਰਾਂ ਦੇ ਹੱਥਾਂ ‘ਚੋਂ ਨਿਕਲ ਉਨ੍ਹਾਂ ਲੋਕਾਂ ਕੋਲ ਚਲਾ ਗਿਆ ਜਿਹੜੇ ਪਹਿਲਾਂ ਤੋਂ ਹੀ ਪੈਸੇ ਵਾਲੇ ਸਨ। ਜਿਹੜੇ ਕਾਲੀਨ ਬੁਣਨ ਲਈ ਕਾਰੀਗਰਾਂ ਨੂੰ ਮਾਲ ਦਿੰਦੇ ਸਨ। ਉਧਾਰ ਦਿੱਤੇ ਮਾਲ ‘ਤੇ ਵਿਆਜ ਲਾਉਂਦੇ ਸਨ। ਤਿਆਰ ਕੀਤੇ ਕਾਲੀਨ ਨੂੰ ਸਸਤਾ ਖਰੀਦ ਕੇ ਵੱਡੇ-ਵੱਡੇ ਸ਼ੋਅਰੂਮਾਂ ਵਿੱਚ ਮੂੰਹ ਮੰਗੇ ਮੁੱਲ ‘ਤੇ ਵੇਚਦੇ ਸਨ। ਬਾਹਰ ਦੇ ਮੁਲਕਾਂ ਵਿੱਚ ਭੇਜ ਦਿੰਦੇ ਸਨ। ਬੁਣਕਰ ਫਿਰ ਭੁੱਖੇ ਦੇ ਭੁੱਖੇ ਹੀ ਰਹਿ ਜਾਂਦੇ ਸਨ।
ਉਨ੍ਹਾਂ ਬੁਣਕਰਾਂ ਵਿੱਚ ਖਾਲਿਦ ਵੀ ਸੀ। ਸੱਠਾਂ ਦੀ ਉਮਰ ਦਾ, ਜਿਸ ਦੇ ਘਰ ਵਿੱਚ ਤਿੰਨ ਧੀਆਂ ਪੈਦਾ ਹੋਈਆਂ। ਜਿਨ੍ਹਾਂ ਵਿੱਚੋਂ ਇਕ ਉਸ ਨੇ ਵਿਆਹ ਦਿੱਤੀ ਸੀ। ਦੂਜੀ ਅਠਾਈ ਵਰ੍ਹਿਆਂ ਦੀ ਨੂਰੀ ਅਜੇ ਉਸ ਦੀ ਚੌਖਟ ‘ਤੇ ਕਿੱਲ ਵਾਂਗ ਗੱਡੀ ਹੋਈ ਸੀ। ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ ਉਸ ਕਿੱਲ ਨੂੰ ਪੁੱਟ ਘਰੋਂ ਬਾਹਰ ਸੁੱਟ ਦੇਵੇ, ਪਰ ਹਰ ਵਾਰ ਘਰ ਦੀ ਤੰਗੀ ਵਿਚਕਾਰ ਆ ਖਲੋਂਦੀ। ਜਦੋਂ ਖਾਲਿਦ ਦਾ ਨਿਕਾਹ ਹੋਇਆ ਸੀ ਤਾਂ ਉਸ ਦੇ ਅੱਬਾ ਨੇ ਰੇਸ਼ਮਾ ਦੇ ਅੱਬਾ ਕੋਲੋਂ ਇਕ ਪੈਸਾ ਵੀ ਨਕਦ ਨਹੀਂ ਸੀ ਲਿਆ, ਪਰ ਹੁਣ ਰੀਤ ਬਦਲ ਗਈ ਸੀ। ਮੁੰਡਿਆਂ ਦੇ ਸੌਦੇ ਹੋਣ ਲੱਗੇ ਸਨ। ਮੁੰਡੇ ਵਾਲੇ ਹੈਸੀਅਤ ਵਿੱਚ ਜਿੰਨੇ ਤਕੜੇ ਹੁੰਦੇ ਸਨ, ਉਨੇ ਹੀ ਉਨ੍ਹਾਂ ਦੇ ਮੂੰਹ ਵੱਧ ਅੱਡੇ ਹੁੰਦੇ ਸਨ।
ਨੂਰ ਜੁਆਨ ਹੋ ਗਈ ਸੀ। ਇਹ ਖਾਲਿਦ ਨੂੰ ਵੀ ਪਤਾ ਸੀ, ਪਰ ਬਹੁਤ ਕੋਸ਼ਿਸ਼ ਕਰਨ ‘ਤੇ ਵੀ ਉਹ ਕੋਈ ਮੁੰਡਾ ਉਸ ਲਈ ਨਹੀਂ ਸੀ ਲੱਭ ਸਕਿਆ। ਉਸ ਨੂੰ ਕਈ ਵਾਰ ਨੂਰੀ ਦਾ ਖਿਆਲ ਆਉਂਦਾ, ਜਿਹੜੀ ਹਰ ਪਾਸੇ ਤੋਂ ਗੁਣੀ ਸੀ। ਰੱਜ ਕੇ ਖੂਬਸੂਰਤ ਸੀ ਉਹ। ਕੰਮ ਵਿੱਚ ਨਿਪੰੁਨ ਸੀ। ਉਹ ਬੁਣੇ ਜਾ ਰਹੇ ਕਾਲੀਨ ਵਿੱਚ ਕਈ ਵਾਰ ਅਜਿਹਾ ਡਿਜ਼ਾਈਨ ਪਾ ਦਿੰਦੀ ਕਿ ਖਾਲਿਦਾ ਵੇਖਦਾ ਰਹਿ ਜਾਂਦਾ ਸੀ। ਖਾਲਿਦ ਦਾ ਮਨ ਕਰਦਾ ਕਿ ਨੂਰੀ ਅਜਿਹੇ ਘਰ ਜਾਵੇ, ਜਿਥੋਂ ਦੇ ਬੁਣੇ ਕਾਲੀਨ ਵੱਡੇ-ਵੱਡੇ ਘਰਾਂ ਦੀ ਸ਼ੋਭਾ ਬਣਦੇ ਹੋਣ, ਪਰ ਉਨ੍ਹਾਂ ਘਰਾਂ ਦੇ ਮੁੰਡਿਆਂ ਨੂੰ ਦੇਣ ਲਈ ਉਸ ਕੋਲ ਕੁਝ ਨਹੀਂ ਸੀ।
ਇਕ ਦਿਨ ਦੂਰ ਦੇ ਰਿਸ਼ਤੇਦਾਰ ਨੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਾਈ। ਖਾਲਿਦ ਨੇ ਅਗਲੇ ਦਿਨ ਸਵੇਰੇ ਉਠ ਨਮਾਜ਼ ਅਦਾ ਕੀਤੀ ਤੇ ਤਿਆਰ ਹੋ ਕੇ ਉਸ ਪਿੰਡ ਵੱਲ ਟੁਰ ਪਿਆ। ਭਾਵੇਂ ਉਸ ਨੇ ਆਪਣੀ ਪਤਨੀ ਰੇਸ਼ਮਾ ਨਾਲ ਹੀ ਇਸ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਹੌਲੀ-ਹੌਲੀ ਕਿਸੇ ਮੁੰਡੇ ਬਾਰੇ ਬੋਲਦਿਆਂ ਨੂਰੀ ਨੇ ਵੀ ਸੁਣ ਲਿਆ ਸੀ।
ਅੱਬਾ ਦੇ ਘਰੋਂ ਬਾਹਰ ਚਲੇ ਜਾਣ ‘ਤੇ ਉਹਦੇ ਮਨ ‘ਚ ਆਇਆ ਕਿ ਉਹ ਅੰਮੀ ਨਾਲ ਗੱਲ ਕਰੇ, ਪਰ ਉਸ ਨੇ ਚੁੱਪ ਰਹਿਣਾ ਬਿਹਤਰ ਸਮਝਿਆ। ਜਦੋਂ ਦਾ ਉਸ ਦੀ ਸਹੇਲੀ ਜ਼ੋਹਰਾ ਦਾ ਵਿਆਹ ਹੋਇਆ ਸੀ ਉਸ ਨੇ ਸ਼ੀਸ਼ਾ ਵੇਖਣਾ ਬੰਦ ਕਰ ਦਿੱਤਾ ਸੀ। ਉਹ ਸੋਚਦੀ, ‘ਕਿਸ ਲਈ ਵੇਖਾਂ ਮੈਂ ਸ਼ੀਸ਼ਾ? ਕੌਣ ਪਾਵੇਗਾ ਮੇਰੀ ਕਦਰ? ਮੈਨੂੰ ਕਿਸੇ ਨੇ ਬੇਗਮ ਬਣਾਉਣਾ ਹੀ ਨਹੀਂ। ਮੈਂ ਤਾਂ ਸਾਰੀ ਉਮਰ ਆਪਣੇ ਅੱਬਾ ਦੀ ਚੌਖਟ ‘ਚ ਬੈਠੀ ਰਹਾਂਗੀ।’ ਪਰ ਅੱਜ..।
ਪਤਾ ਨਹੀਂ ਕੀ ਸੋਚ ਕੇ ਉਹ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖਣ ਲੱਗੀ। ਉਸ ਦੇ ਮਨ ਵਿੱਚ ਇਕ ਖੂਬਸੂਰਤ ਮੁੰਡੇ ਦਾ ਵਜੂਦ ਸੀ, ਜਿਹੜਾ ਨਵੇਂ ਕੱਪੜੇ ਪਹਿਨ ਉਸ ਦੇ ਘਰ ਆਵੇਗਾ। ਪਰਦੇ ਪਿੱਛੇ ਬੈਠੀ ਤੋਂ ਮੌਲਵੀ ਜੀ ਪੁੱਛਣਗੇ, ‘ਬੀਬੀ ਨੂਰੀ ਤੇਰਾ ਨਿਕਾਹ ਹਫੀਜ਼ ਮੀਆਂ ਦੇ ਪੁੱਤਰ ਰੁਸਤਮ ਨਾਲ ਹੋ ਰਿਹੈ, ਕੀ ਤੂੰ ਇਸ ਨਿਕਾਹ ਲਈ ਰਾਜ਼ੀ ਹੈ?’ ਜਦੋਂ ਉਹ ਹਾਂ ਕਹੇਗੀ, ਘਰ ਖੁਸ਼ੀਆਂ ਨਾਲ ਭਰ ਜਾਵੇਗਾ। ਅੰਮੀ ਅਜਿਹਾ ਹੋਣ ‘ਤੇ ਉਸ ਦਾ ਮੱਥਾ ਚੁੰਮ ਉਸ ਨੂੰ ਸੀਨੇ ਨਾਲ ਲਾ ਲਵੇਗੀ। ਉਸ ਦੇ ਅੱਬਾ ਦੇ ਘਰ ਦੀ ਚੌਖਟ ‘ਤੇ ਕਿੰਨੇ ਵਰ੍ਹਿਆਂ ਦੀ ਗੱਡੀ ਕਿਲ ਉਖੜ, ਘਰ ਅੰਦਰ ਜਾਣ ਦਾ ਰਾਹ ਮੋਕਲਾ ਹੋ ਜਾਵੇਗਾ।
ਦਿਨ ਹੌਲੀ-ਹੌਲੀ ਟੁਰਨ ਲੱਗਾ। ਸਾਰੇ ਦਿਨ ਵਿੱਚ ਨੂਰੀ ਨੇ ਠੀਕ ਤਰ੍ਹਾਂ ਰੋਟੀ ਵੀ ਨਹੀਂ ਖਾਧੀ। ਉਹ ਤਾਂ ਕਿਤੇ ਬਾਹਰ ਵੀ ਨਹੀਂ ਗਈ। ਬੱਸ ਉਸ ਨੂੰ ਉਡੀਕ ਸੀ ਆਪਣੇ ਅੱਬਾ ਦੀ ਜਿਹੜਾ ਖੁਸ਼ੀ ਦਾ ਪੈਗਾਮ ਲੈ ਕੇ ਆਵੇਗਾ।
ਅਜੇ ਚੰਗੀ ਤਰ੍ਹਾਂ ਧੁੱਪ ਨਹੀਂ ਸੀ ਚੜ੍ਹੀ ਕਿ ਖਾਲਿਦ ਉਸ ਪਿੰਡ ਪਹੁੰਚ ਗਿਆ ਸੀ ਤੇ ਫਿਰ ਮੁੰਡੇ ਦੇ ਘਰ ਨੇੜੇ..! ਉਹ ਪਿੰਡ ਦੀਆਂ ਜਿਹੜੀਆਂ ਗਲੀਆਂ ਰਾਹੀਂ ਲੰਘ ਰਿਹਾ ਸੀ ਉਹ ਇੰਨੀਆਂ ਸਾਫ ਨਹੀਂ ਸਨ। ਗੰਦੀਆਂ-ਗੰਦੀਆਂ ਸਨ, ਉਸ ਦੇ ਪਿੰਡ ਦੀਆਂ ਗਲੀਆਂ ਤੋਂ ਵੀ ਵੱਧ। ਘਰ ਵੀ ਐਵੇਂ ਟੁੱਟੇ ਭੱਜੇ ਸਨ, ਜਿਨ੍ਹਾਂ ਦੇ ਬੂਹਿਆਂ ‘ਤੇ ਟਾਟ ਲਮਕ ਰਹੇ ਸਨ। ਖਾਲਿਦ ਦਾ ਦਿਲ ਛੋਟਾ ਹੁੰਦਾ ਜਾ ਰਿਹਾ ਸੀ। ਉਹ ਮਨੋ ਮਨ ਅੱਲ੍ਹਾ ਅੱਗੇ ਜਿਵੇਂ ਫਰਿਆਦ ਕਰ ਰਿਹਾ ਸੀ ਕਿ ਉਸ ਦੀ ਧੀ ਲਈ ਜਿਹੜਾ ਘਰ ਉਹ ਵੇਖਣ ਜਾ ਰਿਹਾ ਹੈ, ਕਿਤੇ ਇਸੇ ਤਰ੍ਹਾਂ ਦਾ ਟੁੱਟਿਆ ਭੱਜਿਆ ਨਾ ਹੋਵੇ।
ਅੱਲ੍ਹਾ ਨੇ ਉਸ ਦੀ ਨਹੀਂ ਸੁਣੀ। ਗਲੀ ਦੇ ਸਿਰੇ ‘ਤੇ ਇਕ ਮੁੰਡੇ ਕੋਲੋਂ ਘਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਉਸੇ ਤਰ੍ਹਾਂ ਦਾ ਟੁੱਟਿਆ ਭੱਜਿਆ ਘਰ ਦਿਸਿਆ, ਜਿਸ ਦੇ ਬੂਹੇ ‘ਤੇ ਦੂਜੇ ਘਰਾਂ ਵਾਂਗ ਟਾਟ ਲਮਕ ਰਿਹਾ ਸੀ। ਘਰ ਮੂਹਰੇ ਕੁਝ ਚਿਰ ਲਈ ਖਾਲਿਦ ਚੁੱਪ ਖਲੋਤਾ ਰਿਹਾ। ਫਿਰ ਉਸ ਨੇ ਹਫੀਜ਼ ਮੀਆਂ ਕਹਿ ਕੇ ਆਵਾਜ਼ ਲਾਈ। ਕੁਝ ਚਿਰ ਬਾਅਦ ਟਾਟ ਦਾ ਪਰਦਾ ਹਟਾ ਉਸ ਘਰ ਜਿਹਾ ਹੀ ਕੋਈ ਸੱਠਾਂ ਦੇ ਗੇੜ ਦਾ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ।
‘ਅਸਲਾਮਾ ਲੇਕਮ’, ਖਾਲਿਦ ਨੇ ਉਸ ਨੂੰ ਵੇਖ ਕੇ ਆਖਿਆ। ਜਵਾਬ ਵਿੱਚ ਉਸ ਸ਼ਖਸ ਨੇ ਵੀ ‘ਵਾਅਲੈਕੁਮ-ਸਲਾਮ’ ਕਿਹਾ, ਪਰ ਇਹ ਕਹਿੰਦਿਆਂ ਉਸ ਨੇ ਖਾਲਿਦ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਅੱਖਾਂ ਰਾਹੀਂ ਪੁੱਛਿਆ ਹੋਵੇ, ਕੌਣ ਹੈ ਤੂੰ..? ਖਾਲਿਦ ਨੇ ਆਪਣੀ ਜਾਣ ਪਛਾਣ ਕਰਵਾਈ, ਆਪਣੇ ਆਉਣ ਦਾ ਮਕਸਦ ਵੀ ਦੱਸਿਆ। ਹਫੀਜ਼ ਮੀਆਂ ਟਾਟ ਦਾ ਪਰਦਾ ਚੁੱਕ ਫਿਰ ਅੰਦਰ ਚਲਾ ਗਿਆ ਅਤੇ ਛੋਟੀ ਜਿਹੀ ਮੰਜੀ ਬਾਹਰ ਲੈ ਆਇਆ ਜਿਸ ਦੀ ਦੌਣ ਢਿੱਲੀ ਸੀ ਅਤੇ ਇਕ ਪਾਵੇ ਨੇ ਇੰਜ ਟੰਗ ਉਪਰ ਚੁੱਕੀ ਹੋਈ ਸੀ, ਜਿਵੇਂ ਕੋਈ ਛੋਟੀ ਟੰਗ ਵਾਲਾ ਸ਼ਖਸ ਹੋਵੇ।
ਖਾਲਿਦ ਨੇ ਨੂਰੀ ਦੀ ਗੱਲ ਟੋਰੀ, ‘ਭਾਈ ਜਾਨ ਰਿਸ਼ਤੇ ਤਾਂ ਸਾਡੇ ਰੁਸਤਮ ਲਈ ਬਹੁਤ ਆਉਂਦੇ ਨੇ। ਇਕੋ ਇਕ ਔਲਾਦ ਹੈ ਸਾਡੀ। ਮੇਰੇ ਮਰਨ ਤੋਂ ਬਾਅਦ ਸਭ ਕਾਸੇ ਦਾ ਮਾਲਕ ਉਹੀ ਹੋਵੇਗਾ।’ ਹਫੀਜ਼ ਮੀਆਂ ਅਜੇ ਪੁੱਤ ਬਾਰੇ ਦੱਸ ਹੀ ਰਿਹਾ ਸੀ ਕਿ ਖਾਲਿਦ ਦੀ ਨਜ਼ਰ ਇਕ ਵਾਰੀ ਫਿਰ ਖੰਡਰਨੁਮਾ ਉਸ ਘਰ ਵੱਲ ਚਲੀ ਗਈ, ਜਿਸ ਦੀ ਮਲਕੀਅਤ ਉਸ ਸਾਹਮਣੇ ਬੈਠੇ ਟੁੱਟੇ ਭੱਜੇ ਘਰ ਜਿਹੇ ਬੰਦੇ ਦੇ ਪੁੱਤ ਹਿੱਸੇ ਆਉਂਦੀ ਸੀ।
ਉਹ ਸ਼ਖਸ ਬੋਲਦਾ ਗਿਆ ਅਤੇ ਖਾਲਿਦ ਸੁਣਦਾ ਰਿਹਾ। ਅਖੀਰ ਉਸ ਬੰਦੇ ਨੇ ਪੱਚੀ ਹਜ਼ਾਰ ਦੀ ਮੰਗ ਖਾਲਿਦ ਮੂਹਰੇ ਰੱਖ ਦਿੱਤੀ। ਪੱਚੀ ਹਜ਼ਾਰ ਆਖ ਉਹ ਖਾਲਿਦ ਦੇ ਚਿਹਰੇ ਵੱਲ ਵੇਖਣ ਲੱਗਾ, ਸਿਰਫ ਇਹ ਜਾਣਨ ਲਈ ਕਿ ਉਸ ਦੀ ਗੱਲ ਦਾ ਕਿੰਨਾ ਤੇ ਕਿਹਾ ਅਸਰ ਹੋਇਆ। ਚੁੱਪ ਬੈਠਾ ਖਾਲਿਦ ਮਨੋ ਮਨ ਹਿਸਾਬ ਲਾਉਣ ਲੱਗਾ ਕਿ ਕੀ ਨਵਾਂ ਕਾਲੀਨ ਬੁਣ ਕੇ ਉਹ ਪੱਚੀ ਹਜ਼ਾਰ ਕਮਾ ਲਵੇਗਾ? ਗੱਲ ਪੰਦਰਾਂ ਹਜ਼ਾਰ ‘ਤੇ ਆ ਕੇ ਖੜੋ ਗਈ।
‘ਦੇਖੋ ਭਾਈ ਜਾਨ, ਇਕ ਗੱਲ ਹੁਣੇ ਸਾਫ ਕਰ ਦਿੰਦਾ ਹਾਂ ਇਹ ਪੰਦਰਾਂ ਹਜ਼ਾਰ ਨਕਦ ਤੇ ਨਿਕਾਹ ਤੋਂ ਪਹਿਲਾਂ ਦੇਣੇ ਪੈਣਗੇ। ਬਰਾਤ ਫਿਰ ਤੁਹਾਡੇ ਬੂਹੇ ਪਹੁੰਚੇਗੀ। ਦੂਜਾ ਇਹ ਨਿਕਾਹ ਦਸ ਮਹੀਨੇ ਬਾਅਦ ਹੋਵੇਗਾ। ਬਕਰੀਦ ਤੋਂ ਦੋ ਮਹੀਨੇ ਬਾਅਦ। ਅਸੀਂ ਹੁਣੇ ਤਰੀਕ ਪੱਕੀ ਕਰ ਲੈਂਦੇ ਹਾਂ। ਮੈਂ ਇਸ ਤੋਂ ਨਾ ਇਕ ਦਿਨ ਵੱਧ ਦੇਵਾਂਗਾ ਅਤੇ ਨਾ ਹੀ ਘੱਟ ਕਰਾਂਗਾ। ਜੇ ਰਕਮ ਚੁੱਕਾ ਦਿੱਤੀ ਤਾਂ ਨਿਕਾਹ ਪੱਕਾ, ਨਹੀਂ ਤੁਸੀਂ ਆਪਣੀ ਥਾਂ ਅਤੇ ਅਸੀਂ ਆਪਣੀ ਥਾਂ..ਫਿਰ ਮੇਰੀ ਮਰਜ਼ੀ ਹੋਵੇਗੀ ਮੈਂ ਕਿਵੇਂ ਵੀ ਕਰਾਂ।’ ਖਾਲਿਦ ਨੂੰ ਦਸ ਮਹੀਨੇ ਥੋੜ੍ਹੇ ਲੱਗੇ, ਪਰ ਉਸ ਨੂੰ ਆਪਣੇ ਆਪ ‘ਤੇ ਭਰੋਸਾ ਸੀ ਕਿ ਪੰਦਰਾਂ ਹਜ਼ਾਰ ਉਹ ਦਸ ਮਹੀਨਿਆਂ ਵਿੱਚ ਕਾਲੀਨ ਪੂਰੀ ਕਰਕੇ ਜ਼ਰੂਰ ਕਮਾ ਲਵੇਗਾ।
ਅਜੇ ਉਨ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ ਕਿ ਖਾਲਿਦ ਦਾ ਹੋਣ ਵਾਲਾ ਦਾਮਾਦ ਕਿਤੇ ਬਾਹਰੋਂ ਆ ਗਿਆ ਸੀ। ਜਦੋਂ ਹਫੀਜ਼ ਮੀਆਂ ਨੇ ਆਪਣੇ ਪੁੱਤ ਰੁਸਤਮ ਦੀ ਜਾਣ ਪਛਾਣ ਖਾਲਿਦ ਨਾਲ ਕਰਾਈ ਤਾਂ ਉਸ ਨੇ ਉਸੇ ਤਰ੍ਹਾਂ ਦੇਖ ਕੇ ਖਾਲਿਦ ਨੂੰ ਸਲਾਮ ਕਿਹਾ। ਮੁੰਡੇ ਦੇ ਆਉਣ ਤੋਂ ਪਹਿਲਾਂ ਖਾਲਿਦ ਨੇ ਉਸ ਦੇ ਪਿਉ ਨੂੰ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਉਸ ਦਾ ਪੁੱਤ ਕਿਹੋ ਜਿਹਾ ਹੋਵੇਗਾ। ਉਹ ਉਸੇ ਤਰ੍ਹਾਂ ਦਾ ਸੀ ਜਿਹਾ ਖਾਲਿਦ ਨੇ ਸੋਚਿਆ ਸੀ। ਭਾਵੇਂ ਮੁੰਡੇ ਨੂੰ ਵੇਖ ਬਹੁਤ ਖੁਸ਼ ਨਹੀਂ ਸੀ ਖਾਲਿਦ, ਤਾਂ ਵੀ ਉਹਨੇ ਉਹਦੇ ਹੱਥ ਵਿੱਚ ਵੀਹ ਰੁਪਏ ਫੜਾਏ ਅਤੇ ਗੱਲ ਪੱਕੀ ਕਰਕੇ ਆਪਣੇ ਘਰ ਵੱਲ ਟੁਰ ਪਿਆ।
ਸੂਰਜ ਨੀਵਾਂ ਹੁੰਦਾ ਜਾ ਰਿਹਾ ਸੀ। ਖਾਲਿਦ ਦੇ ਪੈਰਾਂ ਵਿੱਚ ਇਸ ਵੇਲੇ ਜਿਵੇਂ ਕਾਹਲ ਸੀ। ਉਹ ਇਹ ਖੁਸ਼ੀ ਭਰੀ ਖਬਰ ਛੇਤੀ ਤੋਂ ਛੇਤੀ ਰੇਸ਼ਮਾ ਨੂੰ ਸੁਣਾਉਣਾ ਚਾਹੁੰਦਾ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਹਨੇਰਾ ਹੋ ਚਲਿਆ ਸੀ। ਘਰ ਦੇ ਤਿੰਨੇ ਜੀਅ ਖਾਲਿਦ ਦੀ ਉਡੀਕ ਕਰ ਰਹੇ ਸਨ। ਜਦੋਂ ਉਸ ਨੇ ਜਾਂਦਿਆਂ ਸਾਰ ਆਪਣੀ ਬੇਗਮ ਰੇਸ਼ਮਾ ਨੂੰ ਇਹ ਖੁਸ਼ਖਬਰੀ ਸੁਣਾਈ ਤਾਂ ਉਸ ਨੇ ਉਠ ਕੇ ਨੂਰੀ ਦਾ ਮੱਥਾ ਚੁੰਮ ਲਿਆ। ਉਹ ਸਾਰੀ ਰਾਤ ਖਾਲਿਦ ਦੀਆਂ ਅੱਖਾਂ ਥਾਈਂ ਲੰਘ ਗਈ। ਭਾਵੇਂ ਖਾਲਿਦ ਦੀ ਬੇਗਮ ਅਤੇ ਦੋਵੇਂ ਧੀਆਂ ਆਰਾਮ ਨਾਲ ਸੌਂ ਗਈਆਂ, ਪਰ ਖਾਲਿਦ ਸਾਰੀ ਰਾਤ ਇਹੋ ਹਿਸਾਬ ਲਾਉਂਦਾ ਰਿਹਾ ਕਿ ਉਹ ਕਿੰਨੇ ਆਕਾਰ ਦਾ ਕਾਲੀਨ ਸ਼ੁਰੂ ਕਰੇ, ਜਿਸ ਨਾਲ ਉਸ ਨੂੰ ਪੰਦਰਾਂ ਹਜ਼ਾਰ ਰੁਪਏ ਦੀ ਬੱਚਤ ਤਾਂ ਹੋਵੇ, ਨਾਲ ਘਰ ਦਾ ਦਸ ਮਹੀਨਿਆਂ ਦਾ ਖਰਚ ਵੀ ਨਿਕਲੇ।
ਜਦੋਂ ਸਵੇਰੇ ਚਾਰ ਵਜੇ ਉਸ ਦੀ ਅੱਖ ਲੱਗੀ, ਉਦੋਂ ਤੀਕ ਉਸ ਨੇ ਸਾਰਾ ਹਿਸਾਬ ਲਾ ਕੇ ਕਾਲੀਨ ਦਾ ਡਿਜ਼ਾਈਨ ਵੀ ਮਨ ਵਿੱਚ ਸੋਚ ਲਿਆ ਸੀ। ਉਹ ਸਵੇਰੇ ਸ਼ਾਹੂਕਾਰ ਤੋਂ ਮਾਲ ਲਿਆ ਕੇ ਛੇਤੀ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ। ਭਾਵੇਂ ਉਹ ਸਾਰੀ ਰਾਤ ਜਾਗਦਾ ਰਿਹਾ ਸੀ, ਤਾਂ ਵੀ ਉਸ ਸਵੇਰੇ ਸਦੇਹਾਂ ਹੀ ਉਠ ਖਲੋਤਾ। ਉਹ ਰੋਜ਼ ਵਾਂਗ ਨਹਾਤਾ। ਸਵੇਰ ਦੀ ਨਮਾਜ਼ ਅਦਾ ਕੀਤੀ। ਚਾਹ ਦਾ ਕੱਪ ਪੀਤਾ ਅਤੇ ਦਸ ਵੱਜਣ ਦਾ ਇੰਤਜ਼ਾਰ ਕਰਨ ਲੱਗਾ।
ਦੁਕਾਨ ਖੁੱਲ੍ਹਦਿਆਂ ਹੀ ਉਹ ਬਾਜ਼ਾਰ ਨੂੰ ਤੁਰ ਪਿਆ। ਦੋ ਦਿਨਾਂ ਵਿੱਚ ਉਸ ਨੇ ਕਾਲੀਨ ਦਾ ਸਾਰਾ ਤਾਣਾ ਤਿਆਰ ਕਰ ਲਿਆ। ਐਡਾ ਵੱਡਾ ਕਾਲੀਨ ਤਾਂ ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਨਹੀਂ ਸੀ ਬੁਣਿਆ। ਭਾਵੇਂ ਇਕ ਵਾਰੀ ਨੂਰੀ ਦੇ ਮਨ ‘ਚ ਆਇਆ; ਅੱਬਾ ਨੂੰ ਪੁੱਛੇ ਕਿ ਕੀ ਦਸ ਮਹੀਨਿਆਂ ਵਿੱਚ ਉਹ ਇੰਨਾ ਵੱਡਾ ਕਾਲੀਨ ਤਿਆਰ ਕਰ ਲੈਣਗੇ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਕਾਲੀਨ ਬੁਣਨਾ ਸ਼ੁਰੂ ਕਰ ਦਿੱਤਾ ਗਿਆ। ਖਾਲਿਦ ਰੇਸ਼ਮਾ, ਨੂਰੀ ਤੇ ਬਾਨੋ ਸਾਰੇ ਸਵੇਰੇ ਹੀ ਦੀਵਾ ਬਾਲ ਕੇ ਕੰਮ ‘ਤੇ ਬਹਿ ਜਾਂਦੇ। ਉਹ ਛੋਟੀਆਂ-ਛੋਟੀਆਂ ਗੰਢਾਂ ਮਾਰ ਕੇ ਨਵੇਂ-ਨਵੇਂ ਡਿਜ਼ਾਈਨ ਪਾਉਣ ਲੱਗਦੇ। ਪਤਾ ਹੀ ਨਾ ਚੱਲਦਾ, ਕਦੋਂ ਦਿਨ ਚੜਦਾ, ਕਦੋਂ ਦੁਪਹਿਰ ਹੁੰਦੀ, ਪਤਾ ਨਾ ਚਲਦਾ ਕਦੋਂ ਸ਼ਾਮ ਢਲਦੀ ਤੇ ਕਦੋਂ ਰਾਤ ਆਉਂਦੀ। ਉਂਗਲਾਂ ਸਾਰਾ ਦਿਨ ਛੋਟੀਆਂ-ਛੋਟੀਆਂ ਗੰਢਾਂ ਮਾਰਦੀਆਂ ਜਿਵੇਂ ਹੰਭ ਜਾਂਦੀਆਂ, ਪਰ ਕੰਮ ਨਾ ਰੁਕਦਾ। ਉਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਘਰ ਦਾ ਕੰਮ ਕਰਨ ਲੱਗ ਜਾਂਦਾ, ਪਰ ਖਾਲਿਦ ਨਾ ਉਠਦਾ। ਕਦੋਂ ਰੋਟੀ ਪੱਕਦੀ, ਕਦੋਂ ਉਹ ਖਾ ਲੈਂਦੇ, ਉਨ੍ਹਾਂ ਨੂੰ ਪਤਾ ਨਾ ਲੱਗਦਾ। ਦੇਰ ਰਾਤ ਗਈ ਤੱਕ ਉਹ ਸਾਰੇ ਮਿਲ ਕੇ ਦੀਵੇ ਦੀ ਲੋਅ ਵਿੱਚ ਕੰਮ ਕਰਦੇ ਰਹਿੰਦੇ। ਥੱਕ ਜਾਣ ‘ਤੇ ਵੀ ਕੋਈ ਇਕ ਦੂਜੇ ਨੂੰ ਇਹ ਨਾ ਦਰਸਾਉਂਦਾ ਕਿ ਉਸ ਤੋਂ ਹੋਰ ਕੰਮ ਨਹੀਂ ਹੋਵੇਗਾ। ਸਾਰਿਆਂ ਦੇ ਮਨ ਵਿੱਚ ਬੱਸ ਇਕੋ ਗੱਲ, ਇਕੋ ਉਦੇਸ਼ ਸੀ ਕਿ ਵਕਤ ‘ਤੇ ਕਾਲੀਨ ਤਿਆਰ ਹੋ ਜਾਵੇ ਅਤੇ ਨੂਰੀ ਆਪਣੇ ਸਹੁਰੇ ਘਰ ਚਲੀ ਜਾਵੇ।
ਪੈਸੇ ਬਚਾਉਣ ਲਈ ਇਕ ਕਿਲੋ ਦੀ ਥਾਂ ਅੱਧਾ ਕਿਲੋ ਦੁੱਧ ਕਰ ਦਿੱਤਾ ਗਿਆ। ਖਾਲਿਦ ਜਿਹੜਾ ਕੰਮ ਕਰਦਿਆਂ ਦਿਨ ਵਿੱਚ ਚਾਰ ਵਾਰੀ ਚਾਹ ਪੀਂਦਾ ਸੀ, ਉਸ ਨੇ ਇਕ ਵਾਰੀ ਚਾਹ ਪੀਣੀ ਸ਼ੁਰੂ ਕਰ ਦਿੱਤੀ ਸੀ। ਅੱਗੇ ਉਨ੍ਹਾਂ ਦੇ ਘਰ ਮਹੀਨੇ ‘ਚ ਤਿੰਨ ਵਾਰੀ ਗੋਸ਼ਤ ਪੱਕਦਾ ਸੀ, ਹੁਣ ਪਿਛਲੇ ਅੱਠ ਮਹੀਨਿਆਂ ਤੋਂ ਉਨ੍ਹਾਂ ਗੋਸ਼ਤ ਦਾ ਸੁਆਦ ਵੀ ਨਹੀਂ ਸੀ ਚੱਖਿਆ। ਕੋਈ ਨਵੀਂ ਚੀਜ਼ ਘਰ ਵਿੱਚ ਨਹੀਂ ਲਿਆਂਦੀ ਗਈ। ਕੀ ਖਾਲਿਦ, ਕੀ ਰੇਸ਼ਮਾ, ਕੀ ਨੂਰੀ ਜਾਂ ਬਾਨੋ ਹਰ ਪਾਸੇ ਤੋਂ ਪੈਸਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਉਨ੍ਹਾਂ ਰਾਹੀਂ ਬਚਾਇਆ ਪੈਸਾ ਨਿਕਾਹ ਵੇਲੇ ਕੰਮ ਆ ਸਕੇ ਜਿਹੜਾ ਉਨ੍ਹਾਂ ਨੂੰ ਕਾਲੀਨ ਪੂਰਾ ਹੋਣ ‘ਤੇ ਮਿਲਣਾ ਸੀ।
ਅੱਠ ਮਹੀਨਿਆਂ ਬਾਅਦ ਈਦ ਆ ਗਈ। ਅੱਗੇ ਜਿੰਨੀਆਂ ਵੀ ਈਦਾਂ ਲੰਘੀਆਂ ਸਨ, ਭਾਵੇਂ ਕਿੰਨੀ ਤੰਗੀ ਦੇ ਦਿਨ ਆਏ, ਖਾਲਿਦ ਆਪਣੇ ਤੇ ਘਰ ਦੇ ਜੀਆਂ ਲਈ ਹਮੇਸ਼ਾਂ ਨਵੇਂ ਕੱਪੜੇ ਸਿਲਵਾਇਆ ਕਰਦਾ ਸੀ। ਘਰ ਵਿੱਚ ਕੁਰਬਾਨੀ ਦਿੱਤੀ ਜਾਂਦੀ ਸੀ, ਪਰ ਇਸ ਵਾਰੀ..? ਉਨ੍ਹਾਂ ਦੋ ਦਿਨ ਪਹਿਲਾਂ ਆਪਣੇ ਪੁਰਾਣੇ ਕੱਪੜੇ ਧੋ ਕੇ ਈਦ ਲਈ ਤਿਆਰ ਕਰ ਲਏ ਸਨ। ਖਾਲਿਦ ਵੱਡੀ ਮਸੀਤ ‘ਚ ਨਮਾਜ਼ ਪੜ੍ਹਨ ਗਿਆ। ਉਸ ਨੇ ਬਹੁਤ ਮਨ ਨਾਲ ਨਮਾਜ਼ ਅਦਾ ਕੀਤੀ। ਅੱਲ੍ਹਾ ਅੱਗੇ ਦਿਲੋਂ ਦੁਆ ਕੀਤੀ, ‘ਹੇ ਅੱਲ੍ਹਾ! ਤੂੰ ਮੇਰੀ ਨੂਰੀ ਦਾ ਕਾਰਜ ਸਿਰੇ ਚਾੜ੍ਹ ਦੇ, ਉਹ ਆਪਣੇ ਘਰ ਚਲੀ ਜਾਵੇ।’
ਰੁਸਤਮ ਦੇ ਪਿਉ ਹਫੀਜ਼ ਮੀਆਂ ਵੱਲੋਂ ਦਿੱਤੇ ਦਿਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ। ਉਹਦੀ ਸ਼ਰਤ ਅਨੁਸਾਰ ਜੇ ਵਕਤ ‘ਤੇ ਨਿਕਾਹ ਵਾਲੀ ਰਕਮ ਦੇ ਪੰਦਰਾਂ ਹਜ਼ਾਰ ਉਸ ਨੂੰ ਨਾ ਦਿੱਤੇ ਗਏ ਤਾਂ ਉਹ ਰਿਸ਼ਤਾ ਤੋੜ ਲਵੇਗਾ।
ਹੁਣ ਤਾਂ ਸਾਰੀ ਰਾਤ ਨਾ ਖਾਲਿਦਾ ਸੌਂਦਾ ਅਤੇ ਨਾ ਨੂਰੀ ਸੌਂਦੀ। ਉਹ ਜਾਣਦੇ ਸਨ ਨਿਕਾਹ ਵਿੱਚ ਕੇਵਲ ਇਕ ਮਹੀਨਾ ਬਾਕੀ ਸੀ ਤੇ ਕਾਲੀਨ ਪੂਰਾ ਹੋਣ ਲਈ ਅਜੇ ਤਿੰਨ ਮਹੀਨੇ ਮੰਗਦਾ ਸੀ। ਫਿਰ ਵੀ ਉਹ ਉਸ ਨੂੰ ਇਕ ਮਹੀਨੇ ਵਿੱਚ ਪੂਰਾ ਕਰ ਦੇਣਾ ਚਾਹੁੰਦੇ ਸਨ। ਵਕਤ ਮੁੱਠੀ ਵਿਚਲੀ ਰੇਤ ਵਾਂਗ ਕਿਰਦਾ ਵੇਖ ਇਕ ਦਿਨ ਰੇਸ਼ਮਾ ਨੇ ਪਤੀ ਨੂੰ ਸਲਾਹ ਦਿੱਤੀ ਕਿ ਉਹ ਸ਼ਾਹੂਕਾਰ ਕੋਲੋਂ ਨਿਕਾਹ ਲਈ ਐਡਵਾਂਸ ਪੈਸੇ ਮੰਗ ਲਵੇ। ਜਦੋੋਂ ਖਾਲਿਦ ਸ਼ਾਹੂਕਾਰ ਕੋਲ ਗਿਆ ਤਾਂ ਉਸ ਨੇ ਇਹ ਆਖ ਮਨ੍ਹਾਂ ਕਰ ਦਿੱਤਾ ਕਿ ਸਾਡੇ ਕਾਰੋਬਾਰ ਵਿੱਚ ਇਸ ਤਰ੍ਹਾਂ ਕਰਨਾ ਨਹੀਂ ਲਿਖਿਆ ਹੋਇਆ।
ਨਿਕਾਹ ਵਿੱਚ ਕੁਝ ਦਸ ਦਿਨ ਬਾਕੀ ਸਨ। ਉਨ੍ਹਾਂ ਨੂੰ ਸਾਫ ਦਿਸਣ ਲੱਗਾ ਕਿ ਕਾਲੀਨ ਪੂਰਾ ਹੋਣ ਲਈ ਅਜੇ ਵੀ ਮਹੀਨੇ ਤੋਂ ਵੱਧ ਵਕਤ ਲੱਗ ਜਾਵੇਗਾ। ਅਖੀਰ ਇਕ ਦਿਨ ਫਿਰ ਰੇਸ਼ਮਾ ਨੇ ਪਤੀ ਨੂੰ ਮੁੰਡੇ ਵਾਲਿਆਂ ਕੋਲੋਂ ਹੋਰ ਦੋ ਮਹੀਨੇ ਦਾ ਵਕਤ ਮੰਗਣ ਲਈ ਆਖਿਆ। ‘ਸਾਡੀ ਨੂਰੀ ਇੰਨੀ ਸੋਹਣੀ ਹੈ ਕਿ ਉਹ ਮਨ੍ਹਾਂ ਨਹੀਂ ਕਰਨਗੇ।’ ਇਹ ਤੁਰਨ ਲੱਗੇ ਖਾਲਿਦ ਨੂੰ ਰੇਸ਼ਮਾ ਨੇ ਕਿਹਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਖਾਲਿਦ ਉਸ ਪਿੰਡ ਵੱਲ ਪੈਦਲ ਤੁਰ ਪਿਆ। ਜਦੋਂ ਉਹ ਹਫੀਜ਼ ਮੀਆਂ ਦੇ ਘਰ ਪਹੁੰਚਿਆ ਤਾਂ ਦਿਨ ਚੜ੍ਹ ਆਇਆ ਸੀ। ਉਸ ਨੇ ਪਹਿਲਾਂ ਵਾਂਗ ਗਲੀ ‘ਚ ਖਲੋ ਹਫੀਜ਼ ਮੀਆਂ ਕਹਿ ਕੇ ਆਵਾਜ਼ ਲਾਈ। ਪਹਿਲਾਂ ਵਾਂਗ ਹੀ ਟਾਟ ਦਾ ਪਰਦਾ ਹਟਿਆ ਅਤੇ ਉਸ ਪਿਛੋਂ ਫਿਰ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ, ਉਹ ਹਫੀਜ਼ ਮੀਆਂ ਹੀ ਸੀ।
‘ਕੀ ਪੈਸੇ ਦੇਣ ਆਏ ਹੋ?’ ਉਸ ਨੇ ਇਸ ਵਾਰੀ ਸਾਹਿਬ ਸਲਾਮ ਵੀ ਨਹੀਂ ਕੀਤਾ, ਸਗੋਂ ਖਾਲਿਦ ਪਾਸੋਂ ਸਿੱਧੇ ਪੈਸੇ ਮੰਗ ਲਏ। ਜਦੋਂ ਖਾਲਿਦ ਨੇ ਆਪਣੀ ਮਜਬੂਰੀ ਦੱਸਦਿਆਂ ਦੋ ਮਹੀਨਿਆਂ ਦਾ ਵਕਤ ਮੰਗਿਆ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ, ਕਿਉਂਕਿ ਇਸ ਦਸ ਮਹੀਨੇ ਦੇ ਅਰਸੇ ਵਿੱਚ ਉਸ ਨੂੰ ਇਕ ਹੋਰ ਕੁੜੀ ਵਾਲੇ ਮਿਲ ਗਏ ਸਨ ਜਿਹੜੇ ਨਿਕਾਹ ਪੱਚੀ ਹਜ਼ਾਰ ਵਿੱਚ ਕਰਨ ਲਈ ਤਿਆਰ ਸਨ।
ਖਾਲਿਦ ਨੇ ਹਫੀਜ਼ ਮੀਆਂ ਅੱਗੇ ਹੱਥ ਜੋੜੇ, ਉਸ ਦੇ ਬਹੁਤ ਤਰਲੇ ਕੱਢੇ, ਪਰ ਉਹ ਤਾਂ ਟੱਸ ਤੋਂ ਮਸ ਨਹੀਂ ਹੋਇਆ। ਨਿਰਾਸ਼ ਹੋਇਆ ਖਾਲਿਦ ਆਪਣੇ ਘਰ ਵੱਲ ਤੁਰ ਪਿਆ। ਉਹ ਪੈਂਡਾ ਜਿਹੜਾ ਉਸ ਨੇ ਨੂਰੀ ਦਾ ਰਿਸ਼ਤਾ ਹੋਣ ‘ਤੇ ਖੁਸ਼ੀ ‘ਚ ਭਰਿਆਂ ਤੈਅ ਕੀਤਾ ਸੀ, ਹੁਣ ਜਿਵੇਂ ਕੋਹਾਂ ਦੀ ਵਾਟ ਹੋ ਗਿਆ ਸੀ। ਉਸ ਦੇ ਪੈਰ ਮਣ-ਮਣ ਭਾਰੇ ਹੋ ਗਏ ਸਨ। ਉਸ ਨੂੰ ਪੈਰ ਚੁੱਕ ਕੇ ਡਿੰਘ ਪੁੱਟਣੀ ਵੀ ਔਖੀ ਲੱਗ ਰਹੀ ਸੀ। ਉਹਦੇ ਮਨ ਵਿੱਚ ਉਸ ਵੇਲੇ ਸਿਵਾਏ ਨੂਰੀ ਦੇ ਹੋਰ ਕੋਈ ਨਹੀਂ ਸੀ। ਉਹ ਥੋੜ੍ਹੀ ਦੂਰ ਤੁਰਦਾ ਅਤੇ ਜਿਵੇਂ ਹੰਭ ਜਾਂਦਾ। ਸਹਾਰਾ ਲੈਣ ਲਈ ਕਿਸੇ ਰੁੱਖ ਹੇਠ ਪੱਥਰ ‘ਤੇ ਬਹਿ ਜਾਂਦਾ ਅਤੇ ਕੁਝ ਚਿਰ ਬਾਅਦ ਫਿਰ ਤੁਰਨ ਲੱਗਦਾ। ਇਸ ਤਰ੍ਹਾਂ ਕਰਦਿਆਂ ਤਰਕਾਲਾਂ ਢਲ ਗਈਆਂ ਸਨ। ਨੂਰੀ, ਰੇਸ਼ਮਾ ਤੇ ਬਾਨੋ ਉਸ ਦੀ ਉਡੀਕ ਕਰ ਰਹੀਆਂ ਸਨ। ਨੂਰੀ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜ਼ਰੂਰ ਕੁਝ ਮਾੜਾ ਹੋ ਗਿਆ ਹੋਵੇਗਾ।
ਖਾਲਿਦ ਘਰ ਪਹੁੰਚ ਕੇ ਕੁਝ ਨਹੀਂ ਬੋਲਿਆ। ਕਿਸੇ ਨੇ ਵੀ ਉਸ ਨੂੰ ਕੁਝ ਨਾ ਪੁੱਛਿਆ। ਉਸ ਦੀ ਸ਼ਕਲ ਨੇ ਹੀ ਜਿਵੇਂ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ ਸੀ।
ਰੁਸਤਮ ਦੇ ਪਿਓ ਹਫੀਜ਼ ਮੀਆਂ ਨੂੰ ਨਿਕਾਹ ਲਈ ਨਾਂਹ ਕੀਤਿਆਂ ਅੱਜ ਇਕ ਹਫਤਾ ਹੋ ਚੱਲਿਆ ਸੀ। ਖਾਲਿਦ ਦੇ ਘਰ ਜਿਵੇਂ ਕਿਸੇ ਦੀ ਮੌਤ ਹੋ ਗਈ ਸੀ ਅਤੇ ਸਾਰੇ ਉਸ ਦਾ ਸੋਗ ਮਨਾ ਰਹੇ ਸਨ। ਇਨ੍ਹਾਂ ਸੱਤ ਦਿਨਾਂ ਵਿੱਚ ਕਿਸੇ ਨੇ ਠੀਕ ਤਰ੍ਹਾਂ ਨਾਲ ਰੋਟੀ ਵੀ ਨਹੀਂ ਸੀ ਖਾਧੀ। ਕਿਸੇ ਨੇ ਵੀ ਕੋਈ ਕੰਮ ਨਹੀਂ ਸੀ ਕੀਤਾ। ਜਿੰਨੀਆਂ ਗੰਢਾਂ ਕਾਲੀਨ ਵਿੱਚ ਪਾਈਆਂ ਹੋਈਆਂ ਸਨ, ਉਨੀਆਂ ਹੀ ਰਹਿ ਗਈਆਂ। ਕਿਸੇ ਨੇ ਕਾਲੀਨ ਨਹੀਂ ਬੁਣਿਆ, ਹੱਥ ਤੀਕ ਨਹੀਂ ਲਾਇਆ ਉਸ ਨੂੰ। ਨੂਰੀ ਨੇ ਵੀ ਹੁਣ ਆਪਣੇ ਅੱਬਾ ਨੂੰ ਕਾਲੀਨ ਵਿੱਚ ਕੋਈ ਨਵਾਂ ਡਿਜ਼ਾਈਨ ਪਾਉਣ ਦੀ ਸਲਾਹ ਨਹੀਂ ਸੀ ਦਿੱਤੀ, ਕਿਉਂਕਿ ਉਨ੍ਹਾਂ ਨੂੰ ਹੁਣ ਵਧੀਆ ਕਾਲੀਨ ਤਿਆਰ ਕਰਨ ਦੀ ਕਾਹਲ ਨਹੀਂ ਸੀ।
ਘਰ ਵਿੱਚ ਇਕ ਨੂਰੀ ਸੀ, ਜਿਹੜੀ ਇਸ ਵਾਰੀ ਵੀ ਕਿਸੇ ਦੀ ਬੇਗਮ ਬਣਨ ਤੋਂ ਰਹਿ ਗਈ ਸੀ।