Badla Kikun Laiye (Russian Story in Punjabi) : Leo Tolstoy
ਬਦਲਾ ਕਿਕੁੱਣ ਲਈਏ ? (ਰੂਸੀ ਕਹਾਣੀ) : ਲਿਉ ਤਾਲਸਤਾਏ
(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ)
ਜਿਲਾ ਗੁਜਰਾਂਵਾਲੇ ਦੇ ਸ਼ਹਿਰ ਕਰੀਮ ਨਗਰ ਵਿਚ ਇੱਕ ਗੱਭਰੂ ਰਘਬੀਰ ਸਿੰਘ ਨਾਮੇ ਵਪਾਰ ਦਾ ਕੰਮ ਕਰਦਾ ਸੀ, ਇਸ ਦੀਆਂ ਦੋ ਦੁਕਾਨਾਂ ਅਰ ਇਕ ਮਕਾਨ ਸੀ।
ਰਘਬੀਰ ਸਿੰਘ ਸੋਹਣਾ, ਉਚਾ, ਭਰਵਾਂ ਜਵਾਨ ਸੀ। ਠਠੇ ਮਖੌਲ ਦਾ ਏਹ ਨੂੰ ਚੰਗਾ ਸ਼ੌਕ ਸੀ ਅਤੇ ਰਾਗ ਦੀ ਭੀ ਕੁਝ ਸੁਧ ਬੁਧ ਰਖਦਾ ਸੀ। ਜਵਾਨੀ ਚੜ੍ਹਦਿਆਂ ਇਸ ਨੂੰ ਸ਼ਰਾਬ ਦੀ ਆਦਤ ਪੈ ਗਈ ਅਤੇ ਰਤਾਕੁ ਵਾਧੂ ਘੁਟ ਪੀਕੇ ਕਦੀ ਕਦੀ ਦੰਗਾ ਫਸਾਦ ਵੀ ਕਰਦਾ ਹੁੰਦਾ ਸੀ, ਪਰੰਤੂ ਵਿਵਾਹ ਹੋਣ ਦੇ ਪਿਛੇ ਉਸਨੇ ਸ਼ਰਾਬ ਥੋੜੀ ਕਰ ਦਿਤੀ ਅਤੇ ਹੁਣ ਤਾਂ ਕਦੀ ਕਦਾਈਂ ਪੀਂਦਾ ਸੀ।
ਕੱਤਕ ਦੀ ਪੂਰਨਮਾਸ਼ੀ ਨੇੜੇ ਆਈ ਅਤੇ ਰਘਬੀਰ ਸੰਘ ਨਨਕਾਣੇ ਸਾਹਿਬ ਦਾ ਮੇਲਾ ਵੇਖਣ ਵਾਸਤੇ ਤਿਆਰ ਹੋਇਆ, ਜਦ ਟੱਬਰ ਤੋਂ ਵਿਦਾ ਹੋਣ ਲਗਾ ਤਾਂ ਉਸਦੀ ਵਹੁਟੀ ਆਖਨ ਲੱਗੀ "ਸਰਦਾਰ ਜੀ! ਅੱਜ ਨਾ ਟੁਰੋ, ਮੈਨੂੰ ਤੁਸਾਡਾ ਮਾੜਾ ਸੁਫਨਾ ਆਇਆ ਹੈ।"
ਰਘਬੀਰ ਸਿੰਘ:-"ਤੂੰ ਡਰਦੀ ਹੈਂ ਕਿ ਮੇਲੇ ਤੇ ਜਾਕੇ ਮੈਂ ਸ਼ਰਾਬ ਪੀਕੇ ਖਰੂਦ ਕਰਾਂਗਾ।"
ਵਹੁਟੀ ਬੋਲੀ - "ਇਹ ਪਤਾ ਨਹੀਂ ਕੀ ਵਰਤੇਗਾ? ਪਰ ਸੁਫ਼ਨਾ ਮੈਨੂੰ ਜ਼ਰੂਰ ਆਇਆ ਹੈ ਜਿਸ ਵਿਚ ਮੈਂ ਵੇਖਿਆ ਹੈ ਕਿ ਜਦ ਤੁਸੀਂ ਮੇਲੇ ਤੋਂ ਵਾਪਸ ਆਏ ਤੇ ਸਿਰੋਂ ਪੱਗ ਲਾਹੀ ਤਾਂ ਤੁਸਾਡੇ ਵਾਲ ਸਾਰੇ ਬੱਗੇ ਹਨ।"
ਰਘਬੀਰ ਸਿੰਘ ਫੇਰ ਹਸਿਆ - "ਇਹ ਤਾਂ ਚੰਗਾ ਸ਼ਗਨ ਹੈ। ਮੈਂ ਮੇਲੇ ਤੇ ਆਪਣਾ ਮਾਲ ਵੇਚਕੇ ਤੇਰੇ ਵਾਸਤੇ ਬਥੇਰੀਆਂ ਸੁੰਦਰ ਵਸਤੂਆਂ ਲਿਆਵਾਂਗਾ।"
ਟੱਬਰ ਤੋਂ ਵਿਦਾ ਹੋ ਉਸਨੇ ਗਡੇ ਅੱਗੇ ਬੈਲ ਜੋਤ ਲਏ, ਤੇ ਸਫ਼ਰ ਸ਼ੁਰੂ ਕਰ ਦਿਤਾ॥
ਜਦ ਉਹ ਹਾਫਜ਼ਾਬਾਦ ਪਹੁੰਚਿਆ ਤਾਂ ਉਸਨੂੰ ਅਪਣਾ ਜਾਂਣੂੰ ਇਕ ਹੋਰ ਸੌਦਾਗਰ ਮਿਲਿਆ, ਤੇ ਉਹ ਰਾਤ ਦੋਨੋਂ ਕਠੇ ਸਰਾਂ ਵਿਚ ਰਹੇ। ਉਨ੍ਹਾਂ ਨੂੰ ਚਾਹ ਪਾਣੀ ਬਣਵਾਕੇ ਪੀਤਾ, ਤੇ ਨਾਲ ਰਲਦੀਆਂ ਕੋਠੀਆਂ ਵਿੱਚ ਜਾਕੇ ਸੌਂ ਗਏ।
ਰਘਬੀਰ ਸਿੰਘ ਨੂੰ ਤੜਕੇ ਸਾਰ ਤੁਰਨ ਦੀ ਤਾਂਘ ਸੀ, ਏਸ ਲਈ ਉਹ ਛੇਤੀ ਸੌਂ ਗਿਆ। ਪਹੁ ਫੁਟਨ ਤੋਂ ਪਹਿਲਾਂ ਉਸਨੇ ਸਰਾਂ ਵਾਲੇ ਨੂੰ ਜਗਾਇਆ, ਅਤੇ ਆਪਣੀ ਕੋਠੜੀ ਦੇ ਕਿਰਾਏ ਦੇ ਪੈਸੇ ਉਸ ਨੂੰ ਦੇਕੇ ਅਗੇ ਨੂੰ ਟੁਰ ਪਿਆ।
ਜਦ ਉਹ ਸਾਂਗਲੇ ਅਪੜਿਆ ਤਾਂ ਉਥੇ ਸਾਹ ਲੈਣ ਨੂੰ ਠਹਿਰ ਗਿਆ ਤੇ ਇੱਕ ਸਰਾਂ ਵਿੱਚ ਜਾਕੇ ਡੇਰਾ ਲਾਇਆ, ਨੌਕਰ ਨੂੰ ਉਸਨੇ ਗਰਮ ਚਾਹ ਤਿਆਰ ਕਰਨ ਲਈ ਹੁਕਮ ਦਿੱਤਾ ਤੇ ਆਪ ਹੱਥ ਮੂੰਹ ਧੋਕੇ ਸਤਾਰ ਫੜਕੇ ਬਜਾਣ ਲਗ ਪਿਆ।
ਅੱਚਨਚੇਤ ਹੀ ਇੱਕ ਮੋਟਰ ਉਥੇ ਆ ਵੜੀ, ਜਿਸ ਵਿਚੋਂ ਇੱਕ ਅਫਸਰ ਅਰ ਦੋ ਸਿਪਾਹੀ ਉਤਰੇ। ਅਫਸਰ ਸਿੱਧਾ ਰਘਬੀਰ ਸਿੰਘ ਕੋਲ ਆਇਆ ਅਤੇ ਉਸਦਾ ਪਤਾ ਥਹੁ ਪੁਛਣ ਲੱਗਾ। ਰਘਬੀਰ ਸਿੰਘ ਨੇ ਉਸਨੂੰ ਸ਼ਾਂਤੀ ਨਾਲ ਪੂਰਾ ਜਵਾਬ ਦਿੱਤਾ ਤੇ ਪੁਛਨ ਲਗਾ, ਕਿ ਚਾਹ ਪੀਓਗੇ? ਪਰੰਤੂ ਅਫਸਰ ਹੋਰ ਸਵਾਲ ਪੁਛਦਾ ਗਿਆ-"ਤੈਂ ਪਿਛਲੀ ਰਾਤ ਕਿਥੇ ਗੁਜ਼ਾਰੀ ਸੀ? ਤੂੰ ਇਕੱਲਾ ਸੀ ਕਿ ਤੇਰੇ ਨਾਲ ਕੋਈ ਹੋਰ ਭੀ ਸੌਦਾਗਰ ਸੀ? ਕੀ ਤੂੰ ਉਸ ਦੂਜੇ ਸੌਦਾਗਰ ਨੂੰ ਸਵੇਰੇ ਮਿਲਿਆ? ਰਾਤ ਰਹਿੰਦੀ ਤੂੰ ਸਰਾਂ ਵਿਚੋਂ ਕਿਉਂ ਟੁਰਪਿਆ?
ਰਘਬੀਰ ਸਿੰਘ ਹੱਕਾ ਬੱਕਾ ਸੀ ਕਿ ਇਹ ਪ੍ਰਸ਼ਨ ਕਿਉਂ ਪੁਛੇ ਜਾ ਰਹੇ ਹਨ? ਪਰ ਜੋ ਕੁਛ ਉਸਨੂੰ ਪਤਾ ਸੀ ਉਹ ਦਸਦਾ ਗਿਆ ਅਤੇ ਆਖਨ ਲਗਾ: "ਤੁਸੀਂ ਮੈਨੂੰ ਡਾਕੂ ਜਾਂ ਚੋਰ ਸਮਝਕੇ ਕਿਉਂ ਪ੍ਰਸ਼ਨ ਕਰਦੇ ਹੋ? ਮੈਂ ਆਪਣੇ ਨਿਜ ਦੇ ਕੰਮ ਜਾ ਰਿਹਾ ਹਾਂ ਅਤੇ ਤੁਹਾਨੂੰ ਮੇਰੇ ਉਤੇ ਅਜਿਹੇ ਸਵਾਲ ਕਰਨ ਦੀ ਕੋਈ ਲੋੜ ਨਹੀਂ।"
ਅਫਸਰ ਨੇ ਆਖਿਆ - "ਮੈਂ ਇਸ ਇਲਾਕੇ ਦਾ ਸਬ ਇਨਸਪੈਕਟਰ ਪੁਲੀਸ ਹਾਂ, ਅਤੇ ਪ੍ਰਸ਼ਨ ਇਸ ਲਈ ਪੁਛਦਾ ਹਾਂ ਕਿ ਜਿਸ ਮਿੱਤਰ ਸੌਦਾਗਰ ਨਾਲ ਤੂੰ ਹਾਫ਼ਜ਼ਾਬਾਦ ਕੱਲ ਰਾਤ ਕੱਟੀ ਸੀ, ਉਸਦੀ ਗਰਦਨ ਵੱਢੀ ਹੋਈ ਮਿਲੀ ਹੈ, ਅਸੀਂ ਤੇਰੀ ਤਲਾਸ਼ੀ ਲੈਣੀ ਹੈ।"
ਇਹ ਗਲ ਆਖਕੇ ਉਹ ਮਕਾਨ ਵਿਚ ਵੜ ਗਏ ਸਪਾਹੀਆਂ ਤੇ ਥਾਣੇਦਾਰ ਨੇ ਰਘਬੀਰ ਸਿੰਘ ਦਾ ਅਸਬਾਬ ਖੋਹ ਲਿਆ, ਅਤੇ ਤਲਾਸ਼ੀ ਸ਼ੁਰੂ ਕਰ ਦਿਤੀ। ਅਚਨਚੇਤ ਹੀ ਥਾਣੇਦਾਰ ਨੇ ਰਘਬੀਰ ਸਿੰਘ ਦੇ ਇਕ ਥੈਲੇ ਵਿਚੋਂ ਇਕ ਛੁਰਾ ਕਢਿਆ ਤੇ ਪੁਛਣ ਲਗਾ, ਇਹ ਕਿਸ ਦਾ ਹੈ? ਰਘਬੀਰ ਸਿੰਘ ਛੁਰੇ ਉਤੇ ਲਹੂ ਦੇ ਨਿਸ਼ਾਨ ਵੇਖ ਕੇ ਡਰ ਗਿਆ। ਅਫਸਰ ਨੇ ਪੁਛਿਆ ਏਸ ਛੁਰੇ ਉਤੇ ਲਹੂ ਕਿਥੋਂ ਆਇਆ?
ਰਘਬੀਰ ਸਿੰਘ ਨੇ ਜਵਾਬ ਦੇਣ ਦਾ ਯਤਨ ਕੀਤਾ, ਪਰੰਤੂ ਉਸ ਦੇ ਮੂੰਹ ਵਿਚੋਂ ਆਵਾਜ਼ ਨਾ ਨਿਕਲੀ ਅਤੇ ਅਟਕ-੨ ਕੇ ਬੋਲਿਆ ਕਿ "ਮੈਨੂੰ ਪਤਾ ਨਹੀਂ, ਮੇਰਾ ਨਹੀਂ।" ਥਾਣੇਦਾਰ ਨੇ ਆਖਿਆ: "ਅੱਜ ਪ੍ਰਭਾਤ ਵਲੇ ਵਿਛੌਣੇ ਉਤੇ ਸੌਦਾਗਰ ਦਾ ਗਲ ਕਟਿਆ ਹੋਇਆ ਸੀ। ਤੈਥੋਂ ਬਿਨਾਂ ਹੋਰ ਕੌਣ ਇਹ ਕਰ ਸਕਦਾ ਸੀ? ਤੁਹਾਡੀਆਂ ਕੋਠੜੀਆਂ ਨੂੰ ਅੰਦਰੋਂ ਜੰਦਰਾ ਸੀ ਅਤੇ ਉਥੇ ਹੋਰ ਕੋਈ ਜੀਵ ਨਹੀਂ ਸੀ ਤੇ ਤੇਰੇ ਹੀ ਥੈਲੇ ਵਿਚੋਂ ਲਹੂ ਭਰਿਆ ਛੁਰਾ ਨਿਕਲਿਆ ਹੈ, ਹੁਣ ਤੇਰਾ ਮੁਖ ਅਤੇ ਬੋਲ ਤੇਰੇ ਵਿਰੁਧ ਗਵਾਹੀ ਦੇ ਰਹੇ ਹਨ। ਤੂੰ ਦੱਸ ਕੇ ਉਸਨੂੰ ਕਿੱਦਾਂ ਮਾਰਿਆ ਅਤੇ ਕਿਸ ਤਰਾਂ ਉਸਦਾ ਰੁਪਯਾ ਚੁਰਾਇਆ? "
ਰਘਬੀਰ ਸਿੰਘ ਨੇ ਸਹੁੰ ਚੁਕ ਕੇ ਆਖਯਾ: ਕਿ ਮੈਂ ਸੌਦਾਗਰ ਨੂੰ ਨਹੀਂ ਵਢਿਆ, ਚਾਹ ਪੀਣ ਤੋਂ ਮਗਰੋਂ ਮੈਂ ਉਸਨੂੰ ਦੇਖਿਆ ਹੀ ਨਹੀਂ। ਮੇਰੇ ਆਪਣੇ ਅੱਠ ਸੌ ਰੁਪਏ ਤੋਂ ਬਿਨਾਂ ਮੇਰੇ ਪਾਸ ਹੋਰ ਕਿਸੇ ਦਾ ਰੁਪਯਾ ਨਹੀਂ। ਛੁਰਾ ਭੀ ਮੇਰਾ ਨਹੀਂ, ਪਰੰਤੂ ਉਸਦਾ ਬੋਲ ਟੁਟਾ ਹੋਇਆ ਸੀ, ਮੂੰਹ ਪੀਲਾ ਸੀ ਤੇ ਦੋਸ਼ੀਆਂ ਵਾਂਗ ਭੈ ਨਾਲ ਕੰਬਦਾ ਸੀ।
ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਦਿਤਾ ਕਿ ਇਸ ਦੀਆਂ ਮੁਸ਼ਕਾਂ ਕੱਸਕੇ ਮੋਟਰਕਾਟ ਵਿਚ ਸਿੱਟ ਦਿਓ। ਜਿਸ ਵੇਲੇ ਉਸ ਦੇ ਹੱਥ ਬੰਨ੍ਹੇ ਗਏ, ਉਸ ਨੇ ਚਿੱਤ ਵਿਚ ਅਰਦਾਸਾ ਸੋਧਿਆ ਅਤੇ ਜਾਣੀ ਜਾਣ ਅਕਾਲ ਪਰੁਖ ਅਗੇ ਸਿਰ ਨਿਵਾਕੇ ਰੋਣ ਲੱਗ ਪਿਆ।
ਰਘਬੀਰ ਸਿੰਘ ਦਾ ਅਸਬਾਬ ਅਰ ਰੁਪਏ ਪੁਲੀਸ ਨੇ ਕਾਬੂ ਕਰ ਲਏ, ਅਤੇ ਉਸ ਨੂੰ ਗੁਜਰਾਂਵਾਲੇ ਦੀ ਜੇਹਲ ਵਿਚ ਲਿਜਾਕੇ ਅੰਦਰ ਡਕ ਦਿਤਾ।
ਕਰੀਮ ਨਗਰ ਪਿੰਡ ਵਿਚੋਂ ਰਘਬੀਰ ਸਿੰਘ ਦੇ ਚਾਲ ਚਲਨ ਬਾਬਤ ਪਤਾ ਲਿਆ ਗਿਆ। ਸਾਰੇ ਭਲੇਮਾਣਸਾਂ ਅਰ ਪਤਵੰਤਿਆਂ ਨੇ ਇਹੋ ਆਖਿਆ ਕਿ ਰਘਬੀਰ ਸਿੰਘ ਪਹਿਲਾਂ ਜ਼ਰੂਰ ਖਰਾਬ ਆਦਮੀ ਹੁੰਦਾ ਸੀ, ਪਰੰਤੂ ਹੁਣ ਬੜੇ ਚਿਰਾਂ ਤੋਂ ਸੁਧਰਿਆ ਹੋਇਆ ਹੈ। ਇਸ ਗਵਾਹੀ ਨੂੰ ਹਾਕਮ ਨੇ ਨਾ ਮੰਨਿਆਂ ਅਤੇ ਅਦਾਲਤ ਨੇ ਫੈਸਲਾ ਦੇ ਦਿਤਾ ਕਿ ਰਘਬੀਰ ਸਿੰਘ ਨੂੰ ਪਹਿਲਾਂ ਬੈਂਤ ਲਗਾਏ ਜਾਣ ਅਰ ਫੇਰ ਕਾਲੇ ਪਾਣੀ ਭੇਜਿਆ ਜਾਵੇ।
ਰਘਬੀਰ ਸਿੰਘ ਦੀ ਵਹੁਟੀ ਨੂੰ ਜਦੋਂ ਇਹ ਖਬਰ ਮਿਲੀ ਉਹ ਵਿਚਾਰੀ ਬਹੁਤ ਵਿਆਕੁਲ ਹੋਈ। ਉਸ ਦੇ ਬਚੇ ਨਿਆਣੇ ਹੀ ਸਨ ਅਤੇ ਛੋਟਾ ਮੁੰਡਾ ਤਾਂ ਅਜੇ ਥਣਾਂ ਤੇ ਹੀ ਸੀ। ਉਹ ਬਚਿਆਂ ਨੂੰ ਨਾਲ ਲੈਕੇ ਪਤੀ ਦੀ ਮੁਲਾਕਾਤ ਨੂੰ ਗਈ। ਬਹੁਤ ਮਿੰਨਤਾਂ ਤਰਲਿਆਂ ਦੇ ਪਿਛੋਂ ਉਸ ਨੂੰ ਪਤੀ ਨਾਲ ਮਿਲਣ ਦੀ ਆਗਿਆ ਮਿਲੀ।
ਜਦ ਉਸ ਨੇ ਰਘਬੀਰ ਸਿੰਘ ਨੂੰ ਜੇਹਲ ਦੇ ਕਪੜੇ ਪਾਏ ਹੋਏ ਅਰ ਪੈਰੀਂ ਬੇੜੀ ਪਈਆਂ ਵੇਖੀਆਂ, ਉਹ ਨੂੰ ਗਸ਼ੀ ਆ ਗਈ। ਕੁਝ ਚਿਰ ਮਗਰੋਂ ਹੋਸ਼ ਵਿਚ ਆਈ ਤਾਂ ਘਰ ਦਾ ਹਾਲ ਚਾਲ ਉਸ ਨੇ ਦਸਿਆ ਕੇ ਪਤੀ ਦਾ ਸਾਰਾ ਹਾਲ ਪੁਛਿਆ।
ਰਘਬੀਰ ਸਿੰਘ ਨੇ ਆਪਣੇ ਨਾਲ ਬੀਤੀ ਸਭ ਉਸਨੂੰ ਸੁਣਾਈ।
ਉਹ ਪੁਛਨ ਲੱਗੀ:-ਹੁਣ ਕੀ ਕਰੀਏ?
ਰਘਬੀਰ ਸਿੰਘ ਨੇ ਆਖਿਆ - ਤੂੰ ਲਾਟ ਸਾਹਿਬ ਨੂੰ ਅਰਜ਼ੀ ਭੇਜ ਸਕਦੀ ਹੈਂ। ਜੇ ਲਾਟ ਸਾਹਿਬ ਦੇ ਦਿਲ ਵਿਚ ਦਇਆ ਆਵੇ ਤਾਂ ਮੁਆਫ਼ੀ ਹੋ ਸਕਦੀ ਹੈ।
ਵਹੁਟੀ - ਇਹ ਤਾਂ ਮੈਂ ਅਗੇ ਕਰ ਚੁਕੀ ਹਾਂ ਪਰੰਤੂ ਲਾਟ ਬਾਹਬ ਵਲੋਂ ਕੋਰੀ ਨਾਂਹ ਆਈ ਹੈ।
ਇਸ ਜਵਾਬ ਨੇ ਰਘਬੀਰ ਸਿੰਘ ਨੂੰ ਨਿਰਾਸ਼ ਕਰ ਦਿਤ।
ਵਹੁਟੀ ਕਹਿਣ ਲਗੀ - ਵੇਖਿਆ ਜੇ ਮੇਰੇ ਸੁਫ਼ਨੇ ਕੁਝ ਮਤਲਬ ਸੀ ਨਾਂ? ਤੁਹਾਡਾ ਸਿਰ ਹਣੇ ਦੀ ਫ਼ਿਕਰ ਨਾਲ ਬੱਗਾ ਹੋ ਚਲਿਆ ਹੈ। ਤੁਸੀਂ ਉਸ ਦਿਨ ਘਰ ਠਹਿਰਦੇ ਹਾਂ ਕਿਹੀ ਚੰਗੀ ਗੱਲ ਸੀ।
ਫਿਰ ਉਹ ਆਪਣੇ ਸਿਰ ਦੇ ਵਾਲ ਖੋਹਣ ਲੱਗੀ ਅਤੇ ਪਛਣ ਲਗੀ - ਪਤੀ ਜੀ! ਮੈਥੋਂ ਤੁਸੀਂ ਕੀ ਲੁਕੋ ਰਖਣਾ ਹੈ। ਮੈਨੂੰ ਸੱਚੀ ਸਚੀ ਦੱਸ ਦਿਓ ਕਿ ਉਸ ਆਦਮੀ ਨੂੰ ਤੁਸਾਂ ਵੱਢਿਆ ਜਾਂ ਹੋਰ ਕਿਸੇ ਨੇ?
ਰਘਬੀਰ ਸਿੰਘ ਦੇ ਦਿਲ ਨੂੰ ਡਾਢੀ ਸੱਟ ਵੱਜੀ। ਕਹਿਣ ਲੱਗਾ:- ਹੱਛਾ¡ ਤੇਰਾ ਭੀ ਮੇਰੇ ਤੇ ਯਕੀਨ ਨਹੀਂ ਰਿਹਾ? ਇਹ ਆਖ ਕੇ ਉਹ ਰੋਣ ਲੱਗ ਪਿਆ, ਇੰਨੇ ਨੂੰ ਇਕ ਸਿਪਾਹੀ ਆਕੇ ਆਖਣ ਲੱਗਾ ਕਿ ਮੁਲਾਕਾਤ ਦਾ ਵਕਤ ਖਤਮ ਹੋ ਚੁੱਕਾ ਹੈ ਰਘਬੀਰ ਸਿੰਘ ਨੇ ਅਪਣੀ ਵਹੁਟੀ ਅਰ ਬੱਚਿਆਂ ਨੂੰ ਅਖੀਰੀ ਵਾਰ ਪਿਆਰ ਭਰੇ ਨੈਣਾਂ ਨਾਲ ਡਿੱਠਾ ਅਤੇ ਫਿਰ ਮੂੰਹ ਦੂਜੇ ਪਾਸੇ ਕਰ ਲਿਆ।
ਜਦੋਂ ਵਹੁਟੀ ਅਰ ਬੱਚੇ ਚਲੇ ਗਏ, ਰਘਬੀਰ ਸਿੰਘ ਦਿਲ ਨਾਲ ਗਲਾਂ ਕਰਨ ਲਗ - "ਹੱਛਾ ਕਰਤਾਰ! ਹੁਣ ਤਾਂ ਵਹੁਟੀ ਭੀ ਸ਼ਕ ਕਰਦੀ ਹੈ। ਸੱਚ ਹੈ! ਅੰਤਰਜਾਮੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਭੀ ਸੱਚ ਨੂੰ ਨਹੀਂ ਜਾਣਦਾ। ਕੇਵਲ ਪ੍ਰਮਾਤਮਾਂ ਤੋਂ ਹੀ ਦਇਆ ਮੰਗਣੀ ਚਾਹੀਦੀ ਹੈ, ਅਰ ਉਸੇ ਦੇ ਦਰੋਂ ਹੀ ਮੇਹਰ ਦੀ ਆਸ ਹੋ ਸਕਦੀ ਹੈ।"
ਆਸ ਦਾ ਲੱਕ ਟੁੱਟ ਚੁਕਾ ਸੀ, ਹੁਣ ਰਘਬੀਰ ਸਿੰਘ ਨੇ ਰੱਬ ਵਲ ਧਿਆਨ ਮੋੜਿਆ।
ਹਾਕਮ ਦੇ ਹੁਕਮ ਅਨੁਸਾਰ ਬੈਂਤ ਲਗਾਕੇ ਕੁਝ ਦਿਨ ਮਗਰੋਂ ਹੋਰ ਕੈਦੀਆਂ ਸਣੇ ਰਘਬੀਰ ਸਿੰਘ ਨੂੰ ਕਾਲੇ ਪਾਣੀ ਭੇਜਿਆ ਗਿਆ।
ਰਘਬੀਰ ਸਿੰਘ ਦੇ ਕਾਲੇ ਪਾਣੀ ਵਿੱਚ ਛੱਬੀ ਸਾਲ ਬੀਤ ਗਏ, ਸਿਰ ਦੇ ਵਾਲ ਦੁਧ ਵਾਂਗ ਬਗੇ ਹੋ ਗਏ, ਦਾਹੜੀ ਭੀ ਪਤਲੀ ਲੰਬੀ ਚਿੱਟੀ ਹੋ ਗਈ, ਤਬੀਅਤ ਵਿਚ ਚੁਲਬਲੇ ਪਨ ਵਾਲਾ ਹੁਣ ਨਾਮ ਨਿਸ਼ਾਨ ਨਹੀਂ ਸੀ। ਲੱਕ ਕੁੱਬਾ ਹੋ ਗਿਆ, ਚਲ ਧੀਮੀ, ਬੋਲਣ ਥੋੜਾ, ਹੱਸਣਾ ਬਹੁਤ ਹੀ ਥੋੜਾ ਅਰ ਸਮਾਂ ਅਕਸਰ ਰੱਬ ਨੂੰ ਚੇਤੇ ਕਰਦਿਆਂ ਬੀਤਦਾ ਸੀ।
ਰਘਬੀਰ ਸਿੰਘ ਨੇ ਕਾਲੇ ਪਾਣੀ ਵਿੱਚ ਨਾਰੀਅਲ ਦੇ ਫਰਸ਼ ਆਦਿਕ ਬਨਾਣੇ ਸਿੱਖ ਲਏ ਅਰ ਕੰਮ ਤੋਂ ਜਦੋਂ ਵੇਹਲਾ ਹੁੰਦਾ ਸੀ ਤਾਂ ਇਕ ਸ਼ਬਦਾਂ ਵਾਲਾ ਗੁਟਕਾ ਪੜ੍ਹਦਾ ਰਹਿੰਦਾ ਸੀ। ਅਫਸਰ ਉਸਦੇ ਨਾਲ ਉਸਦੀ ਤਾਬਿਆ ਦਾਰੀ ਦੇ ਕਾਰਨ ਖੁਸ਼ ਸਨ ਅਤੇ ਬਾਕੀ ਕੈਦੀ ਉਸਦਾ ਆਦਰ ਕਰਦੇ ਸਨ ਅਰ ਬਾਬਾ ਆਖਕੇ ਸੱਦਦੇ ਸਨ। ਜਦੋਂ ਕਿਸੇ ਅਤਿ ਦੁਖ ਦੀ ਸ਼ਿਕੈਤ ਨੂ ਅਫਸਰਾਂ ਤੱਕ ਪੁਚਾਣਾ ਹੁੰਦਾ ਸੀ ਤਾਂ ਸਾਰੇ ਕਹਿੰਦੇ ਸੀ — ਧਰਮਾਤਮਾ ਬਾਬੇ ਨੂੰ ਭੇਜੋ, ਅਤੇ ਜਦੋਂ ਕੈਦੀ ਆਪਸ ਵਿਚ ਲੜ ਪੈਂਦੇ ਸਨ ਤਾਂ ਬਾਬਾ ਰਘਬੀਰ ਸਿੰਘ ਹੀ ਮੁਨਸਬੀ ਕਰਦਾ ਸੀ।
ਇਨ੍ਹਾਂ ੨੬ ਸਾਲਾਂ ਵਿਚ ਰਘਬੀਰ ਸਿੰਘ ਨੂ ਘਰੋਂ ਕੋਈ ਚਿਠੀ ਪੱਤਰ ਨ ਆਇਆ ਅਤੇ ਉਸ ਨੂੰ ਆਪਣੀ ਵਹੁਟੀ ਜਾਂ ਬਾਲ ਬਚਿਆਂ ਦੀ ਸੁਖ ਸਾਂਦ ਦਾ ਕੋਈ ਪਤਾ ਨਹੀਂ ਸੀ।
ਇਕੇਰਾਂ ਕਈ ਨਵੇਂ ਕੈਦੀ ਹਿੰਦ ਤੋਂ ਆਏ। ਸ਼ਾਮ ਦੇ ਵੇਲੇ ਪੁਰਾਣੇ ਕੈਦੀ ਨਵਿਆਂ ਦੇ ਕੋਲ ਕਠੇ ਹੋਏ, ਅਤੇ ਪਤਾ ਸੁਰ ਲੈਣ ਲਗੇ ਕਿ ਕੋਹੜੇ ੨ ਦੇਸ ਤੋਂ, ਅਤੇ ਕਿਸ ੨ ਜੁਰਮ ਵਿਚ ਇਹ ਇਥੇ ਆਏ ਹਨ? ਰਘਬੀਰ ਸਿੰਘ ਭੀ ਕੋਲ ਬੈਠਾ ਚੁਪ ਕੀਤਾ ਗਲਾਂ ਬਾਤਾਂ ਬਣ ਰਿਹਾ ਸੀ।
ਨਵੇਂ ਕੈਦੀਆਂ ਵਿਚੋਂ ਇਕ ਲੰਮੇ ਕੱਦ ਦਾ ੬੦ ਸਾਲ ਦਾ ਆਦਮੀ ਸੀ, ਦਾਹੜੀ ਉਸਦੀ ਮੁਨੀ ਹੋਈ, ਪਰੰਤੁ ਚਿਟੀ ਸੀ। ਉਹ ਆਪਣੀ ਵਿਥਿਆ ਇਸ ਪ੍ਰਕਾਰ ਸੁਨਾਣ ਲਗਾ:-
'ਭਰਾਵੋ! ਮੈਨੂੰ ਤਾਂ ਏਥੇ ਐਵੇਂ ਹੀ ਭੇਜ ਦਿਤਾ ਨੇ, ਮੈਂ ਰਾਹ ਜਾਂਦਿਆਂ ਸੜਕ ਤੋਂ ਕਿਸੇ ਦੀਆਂ ਮੁਰਕੀਆਂ ਡਿਗੀਆਂ ਚੁਕੀਆਂ ਅਤੇ ਚਕਣ ਵੇਲੇ ਹੀ ਮੈਂ ਫੜਿਆ ਗਿਆ ਮੈਂ ਬਥੇਰੇ ਤਰਲੇ ਕਢੇ ਪਰੰਤੂ ਪੁਲੀਸ ਨੇ ਮੇਰੇ ਉਤੇ ਡਾਕੇ ਦਾ ਜੁਰਮ ਲਾਕੇ ਕਾਲੇ ਪਾਣੀ ਕਰਾ ਦਿਤਾ। ਮੈਂ ਕਈ ਵਾਰ ਕਿਹਾ ਕਿ ਮੈਂ ਡਾਕਾ ਨਹੀਂ ਮਾਰਿਆ, ਸੜਕ ਤੇ ਪਈ ਚੀਜ਼ ਚੁਕੀ ਹੈ, ਪਰੰਤੂ ਉਨ੍ਹਾਂ ਇਕ ਨਾਂ ਸੁਣੀ। ਭਾਵੇਂ ਮੇਰੇ ਕਰਤੂਤ ਤਾਂ ਅਜੇਹੇ ਹਨ ਕਿ ਅਜ ਤੋਂ ਕਈ ਵਰ੍ਹੇ ਪਹਿਲਾਂ ਮੈਨੂੰ ਇਥੇ ਪਹੁੰਚ ਜਾਣਾ ਚਾਹੀਦਾ ਸੀ, ਪਰ ਹੁਣ ਤਾਂ ਮੈਂ ਐਵੇਂ ਨਿਰਦੋਸਾ ਹੀ ਆਇਆ ਹਾਂ। ਹੱਛਾ, ਹੁਣ ਦੁਖੜੇ ਫੋਲਨ ਦਾ ਕੀ ਲਾਭ, ਮੈਂ ਤਾਂ ਅਗੇ ਭੀ ਕਾਲੇ ਪਾਣੀ ਰਹਿ ਚੁਕਾ ਹਾਂ, ਪਰੰਤੂ ਓਦੋਂ ਥੋੜਾ ਹੀ ਚਿਰ................।'
ਇਕ ਕੈਦੀ ਨੇ ਪੁਛਿਆ: "ਭਾ ਆਪਣੇ ਘਰ ਕਿਥੇ ਕੁ ਨੇ?"
ਨਵਾਂ ਕੈਦੀ ਬੋਲਿਆ - "ਘਰ ਤਾਂ ਮੇਰਾ ਗੁਜਰਾਂਵਾਲੇ ਦੇ ਜ਼ਿਲੇ ਕਰੀਮ ਨਗਰ ਪਿੰਡ ਹੈ। ਨਾਂ ਮੇਰਾ ਰਹੀਮਾਂ ਤੇ ਪਿਉ ਮੇਰੇ ਦਾ ਨਾਂ ਕਾਦਰਾ ਹੈ।
ਰਘਬੀਰ ਸਿੰਘ ਨੇ ਕਰੀਮ ਨਗਰ ਦਾ ਨਾਂ ਸੁਣਕੇ ਸਿਰ ਉੱਪਰ ਚੁਕਿਆ ਤੇ ਪੁਛਣ ਲਗਾ: "ਭਰਾ ਰਹੀਮਾ! ਤੈਂ ਕਦੀਂ ਰਘਬੀਰ ਸਿੰਘ ਸੌਦਾਗਰ ਦਾ ਨਾਂ ਭੀ ਸੁਣਿਆਂ ਹੋਇਆ ਹੈ? ਉਸ ਦੇ ਪੁਤ੍ਰ ਪੋਤਰੇ ਅੱਜ ਕਲ ਕੋਈ ਹੈਨ ਕਿ ਨਹੀਂ?"
ਰਹੀਮੇ ਆਖਿਆ - "ਹਾਂ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਰਘਬੀਰ ਸਿੰਘ ਤਾਂ ਇਥੇ ਕਾਲੇ ਪਾਣੀ ਹੈ, ਉਸ ਦੇ ਬਾਲ ਬਚਿਆਂ ਨੇ ਚੰਗਾ ਕੰਮ ਧੰਧਾ ਸਾਂਭਿਆ ਹੋਇਆ ਹੈ ਅਰ ਉਹ ਚੋਖੇ ਧਨੀ ਹਨ, ਉਨ੍ਹਾਂ ਦੇ ਪਿਉ ਨੇ ਤਾਂ ਕੋਈ ਬੜਾ ਹੀ ਭਾਰੀ ਜੁਰਮ ਕੀਤਾ ਹੋਣਾ ਹੈ ਜੇਹੜਾ ਇਥੇ ਆਇਆ, ਤੇ ਬਾਬਾ ਜੀ! ਤੁਸੀ ਦਸੋ ਖਾਂ ਤੁਸੀਂ ਇਥੇ ਕਾਲੇ ਪਾਣੀ ਕਿਵੇਂ ਆਏ?"
ਰਘਬੀਰ ਸਿੰਘ ਦਾ ਚਿਤ ਆਪਣੇ ਦੁਖੜੇ ਰੋਣ ਤੇ ਨਹੀਂ ਸੀ ਕਰਦਾ। ਉਸ ਨੇ ਠੰਡਾ ਸਾਹ ਲਿਆ ਤੇ ਆਖਿਆ: "ਅੱਜ ਛੱਬੀ ਸਾਲ ਹੋ ਗਏ ਹਨ, ਮੈਂ ਇਥੇ ਆਪਣੇ ਪਾਪਾਂ ਦਾ ਫਲ ਭੋਗਣ ਲਈ ਭੇਜਿਆ ਗਿਆ ਸਾਂ।"
ਰਹੀਮੇ ਪੁਛਿਆ - 'ਪਰੰਤੂ ਤੁਹਾਡੇ ਵਿਰੁਧ ਜੁਰਮ ਕੀ ਸੀ?'
ਬਾਬੇ ਨੇ ਇਨਾਂ ਨੂੰ - 'ਕਰਮਾਂ ਦਾ ਫਲ', ਹੋਰ ਕੋਈ ਹਾਲ ਦਸਣ ਲਈ ਉਹ ਤਿਆਰ ਨ ਹੋਇਆ। ਪਰੰਤੂ ਦੂਜੇ ਕੈਦੀਆਂ ਨੇ ਰਹੀਮੇ ਨੂੰ ਬਾਬੇ ਦੇ ਜੁਰਮ ਸਬੰਧੀ ਦਸ ਦਿਤਾ ਕਿ ਕਿਸੇ ਬਦਮਾਸ਼ ਨੇ ਇਕ ਸੌਦਾਗਰ ਨੂੰ ਵੱਢ ਸੁਟਿਆ ਅਰ ਦੋਸ਼ ਰਘਬੀਰ ਸਿੰਘ ਦੇ ਨਾਂ ਲੱਗਾ। ਰਹੀਮੇ ਨੇਜਦੋਂ ਇਹ ਸਾਰੀ ਗੱਲ ਸੁਣੀ ਤਾਂ ਉਸਨੇ ਬਾਬੇ ਵਲ ਇਕੇਰਾਂ ਵੇਖਿਆ। ਆਪਣੇ ਗੋਡਿਆਂ ਤੇ ਹੱਥ ਰੱਖਕੇ ਆਖਣ ਲੱਗਾ:-
'ਇਹ ਤਾਂ ਬੜੀ ਵਚਿੱਤਰ ਗਲ ਹੈ, ਪਰ ਬਾਬਾ ਜੀ! ਤੁਸੀਂ ਤਾਂ ਬਹੁਤ ਹੀ ਛੇਤੀ ਬੁਢੇ ਹੋ ਗਏ ਹੋ?'
ਹੋਰ ਕੈਦੀ ਪੁਛਣ ਲਗੇ ਕਿ ਇਸ ਵਿਚ ਵਚਿੱਤਰ ਗੱਲ ਕਾਹਦੀ ਹੋਈ ਤੇ ਉਸ ਨੇ ਇਸ ਤੋਂ ਪਹਿਲਾਂ ਰਘਬੀਰ ਸਿੰਘ ਨੂੰ ਕਦੋਂ ਵੇਖਿਆ ਸੀ, ਪਰੰਤੂ ਰਹੀਮੇ ਨੇ ਕੇਵਲ ਇਨਾਂ ਹੀ ਆਖਿਆ!
"ਇਹ ਤਾਂ ਜਾਦੂ ਦੀ ਖੇਡ ਹੋਈ, ਅਸੀਂ ਇਸ ਪ੍ਰਕਾਰ ਫੇਰ ਆਪਸ ਵਿਚ ਇਕਠੇ ਹੋ ਗਏ ਹਾਂ।"
ਉਸ ਦੇ ਇਹਨਾਂ ਬਚਨਾਂ ਨੇ ਰਘਬੀਰ ਸਿੰਘ ਦੇ ਦਿਲ ਵਿੱਚ ਸ਼ੱਕ ਪਾਇਆ ਕਿ ਕੀ ਪਤਾ ਰਹੀਮੇ ਨੂੰ ਉਸ ਕਤਲ ਦਾ ਕੁਝ ਭੇਤ ਮਲੂਮ ਹੋਵੇ, ਉਸ ਤੋਂ ਪੁਛਣ ਲੱਗਾ:-
"ਭਰਾ ਰਹੀਮਿਆਂ! ਉਸ ਕਤਲ ਦਾ ਤੈਨੂੰ ਕੁਝ ਪਤਾ ਹੈ, ਕੀ ਤੂੰ ਮੈਨੂੰ ਹੋਰ ਕਿਸੇ ਥਾਂ ਤੇ ਵੇਖਿਆ ਹੋਇਆ ਹੈ?"
ਰਹੀਮੇ ਆਖਿਆ - 'ਹਾਂ ਮੈਂ ਉਸ ਕਤਲ ਸਬੰਧੀ ਸੁਣਿਆ ਲੋਕਾਂ ਸਾਰਿਆਂ ਨੇ ਸੁਣਿਆਂ ਸੀ, ਪਰੰਤੂ ਹੁਣ ਬੜਾ ਚਿਰ ਹੋ ਗਿਆ ਹੈ ਤੇ ਮੈਂ ਜੋ ਕੁਝ ਸੁਣਿਆ ਸੀ ਭੁਲ ਗਿਆ।'
ਬਾਬਾ:-ਕੁਝ ਤੈਨੂੰ ਇਸ ਗਲ ਦਾ ਭੀ ਪਤਾ ਹੈ ਕਿ ਕਤਲ ਕਿਸ ਨੇ ਕੀਤਾ ਸੀ?
ਰਹੀਮਾ ਹੱਸ ਪਿਆ: 'ਹਾਂ, ਉਸੇ ਨੇ ਹੀ ਮਾਰਿਆ ਹੋਣਾ ਹੈ ਜਿਸ ਦੇ ਅਸਬਾਬ ਵਿਚੋਂ ਛੁਰਾ ਲਭਿਆ, ਇਹ ਤਾਂ ਹੋ ਨਹੀਂ ਸਕਦਾ ਕਿ ਕਿਸੇ ਹੋਰ ਨੇ ਮਾਰਕੇ ਛੁਰਾ ਤਸਾਡੇ ਅਸਬਾਬ ਵਿਚ ਰਖ ਦਿਤਾ ਹੋਵੇ, ਕਿਉਂਕਿ ਅਸਬਾਬ ਤੁਸਾਡੀ ਆਪਣੀ ਸਰਹਾਂਦੀ ਦੇ ਕੋਲ ਹੀ ਪਿਆ ਸੀ ਤੇ ਜੇ ਕੋਈ ਉਥੇ ਛੁਰਾ ਰਖਦਾ ਤਾਂ ਤੂੰ ਜ਼ਰੂਰ ਸੁਣ ਲੈਂਦਾ।'
ਰਹੀਮੇ ਦੀ ਇਹ ਗੱਲ ਸੁਣਕੇ ਰਘਬੀਰ ਸਿੰਘ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਸੇ ਰਹੀਮ ਨੇ ਜ਼ਰੂਰ ਸੌਦਾਗਰ ਨੂੰ ਮਾਰਿਆ ਹੋਣਾ ਹੈ।
ਰਘਬੀਰ ਸਿੰਘ ਹੋਰ ਗੱਲ ਬਾਤ ਨਾ ਕਰ ਸਕਿਆ। ਉਥੋਂ ਉਠਕੇ ਤੁਰ ਪਿਆ, ਉਸਦੇ ਦਲ ਤੇ ਉਦਾਸੀ ਆ ਗਈ ਤੇ ਉਸਦੀ ਅਖਾਂ ਅਗੇ ਬੀਤਿਆ ਹੋਇਆ ਜ਼ਮਾਨਾਂ ਆ ਗਿਆ।
ਆਪਣੇ ਖਿਆਲ ਅਗੇ ਉਸਨੇ ਆਪਣੀ ਵਹੁਟੀ ਵਾਲਾ ਉਹ ਨਜ਼ਾਰਾ ਲਿਆਂਦਾ, ਜਦੋਂ ਉਸ ਨੂੰ ਜੇਹਲ ਵਿਚ ਮਿਲਨ ਲਈ ਬੱਚਿਆਂ ਸਣੇ ਆਈ ਸੀ। ਖਿਆਲ ਵਿੱਚ ਹੀ ਉਸ ਨੇ ਮੁੜ ਉਸਦੇ ਨਾਲ ਗਲਾਂ ਕੁੜੀਆਂ ਅਹ ਬੱਚਿਆਂ ਨੂੰ ਚੁੰਮਿਆ ਉਸਦੀਆਂ ਅੱਖਾਂ ਅਗੇ ਆਪਣੇ ਬੱਚੇ ਆ ਗਏ। ਜਿਨ੍ਹਾਂ ਵਿਚੋਂ ਇਕ ਖੇਡਦਾ ਸੀ ਤੇ ਦੂਜਾ ਮਾਂ ਦੀ ਕੁੱਛੜ ਸੀ। ਉਸਦੀਆਂ ਅੱਖਾਂ ਅਗੇ ਆਪਣੀ ਜਵਾਨੀ, ਖੁਸ਼ੀ ਦਾ ਸਮਾਂ ਤੇ ਮੌਜ ਬਹਾਰਾਂ ਆ ਗਈਆਂ। ਯਾਦ ਆ ਗਿਆ ਕਿ ਜਦੋਂ ਪੁਲੀਸ ਵਾਲੇ ਫੜਨ ਆਏ ਸਨ ਤਾਂ ਮੈਂ ਮੌਜ ਵਿਚ ਸਤਾਰ ਬਜਾ ਰਿਹਾ ਸਾਂ। ਫਿਰ ਉਹ ਥਾਂ ਚੇਤੇ ਆਈ ਜਿਥੇ ਓਸ ਨੂੰ ਬੈਂਤ ਵਜੇ ਸਨ। ਬੈਂਤ ਮਾਰਨ ਵਾਲਿਆਂ ਤੇ ਹੋਰ ਵੇਖਣ ਵਾਲਿਆਂ ਦੀਆਂ ਸ਼ਕਲਾਂ ਅੱਖਾਂ ਅੱਗੇ ਆ ਗਈਆਂ। ਆਪਣੀ ਹੱਥਕੜੀ ਤੇ ਬੇੜੀਆਂ ਚੇਤੇ ਆਕੇ ਫੇਰ ਕਾਲੇ ਪਾਣੀ ਵਿਚ ਬੀਤ ਚੁਕੇ ੨੬ ਸਾਲ ਅੱਖਾਂ ਅੱਗੇ ਆਏ। ਇਨ੍ਹਾਂ ਸੋਚਾਂ ਵਿਚ ਰਘਬੀਰ ਸਿੰਘ ਦੇ ਦਿਲ ਤੇ ਐਡੀ ਉਦਾਸੀ ਆਈ ਕਿ ਉਸਦੇ ਮਨ ਵਿਚ ਆਤਮ ਘਾਤ ਕਰਨ ਦਾ ਖਿਆਲ ਫੁਰਿਆ ਤੇ ਫੇਰ ਆਪਣੇ ਦਿਲ ਨੂੰ ਆਖੇ ਕਿ ਇਹ ਸਭ ਸਜ਼ਾ ਮੈਨੂੰ ਰਹੀਮੇ ਦੇ ਬਦਲੇ ਮਿਲੀ।
ਕਦੀ ਕਦੀ ਉਸ ਨੂੰ ਰਹੀਮੇ ਉਪਰ ਇੰਨਾਂ ਗੁੱਸਾ ਆਵੇ ਕਿ ਉਸ ਦੇ ਮਾਰ ਸੁਟਣ ਨੂੰ ਚਿੱਤ ਆਖੇ, ਸਾਰੀ ਰਾਤ ਰਘਬੀਰ ਸਿੰਘ ਨੇ ਪਾਠ ਕਰਦਿਆਂ ਬਿਤਾ ਦਿਤੀ, ਪਰੰਤੂ ਦਿਲ ਸ਼ਾਂਤ ਨ ਹੋਇਆ। ਜਦੋਂ ਦਿਨ ਹੋਇਆ ਉਹ ਰਹੀਮੇ ਦੇ ਕੋਲ ਦੀ ਲੰਘਣ ਵੇਲੇ ਉਹਦੇ ਮੂੰਹ ਵੱਲ ਭੀ ਨਾਂ ਦੇਖਿਆ ਕਰੇ।
ਇਸ ਤਰਾਂ ਦੋ ਹਫਤੇ ਲੰਘ ਲਏ। ਰਘਬੀਰ ਸਿੰਘ ਨੂੰ ਰਾਤ ਨੀਂਦਰ ਨਹੀਂ ਪੈਂਦੀ ਸੀ ਤੇ ਉਦਾਸੀ ਚਿੱਤ ਉਤੇ ਐਨੀ ਪਰਬੱਲ ਸੀ ਕਿ ਉਸ ਨੂੰ ਕੁਝ ਨਹੀਂ ਸੁਝਦਾ ਸੀ।
ਇਕੇਰਾਂ ਰਾਤ ਵੇਲੇ ਉਹ ਆਪਣੀ ਜੇਹਲ ਵਿਚ ਹੀ ਫਿਰ ਰਿਹਾ ਸੀ ਕਿ ਉਸ ਨੂੰ ਇਕ ਥਾਂ ਤੋਂ ਮਿੱਟੀ ਕਿਰਦੀ ਨਜ਼ਰ ਪਈ, ਉਹ ਇਸ ਦਾ ਕਾਰਨ ਢੂੰਡਣ ਲਈ ਉਥੇ ਹੀ ਠਹਿਰ ਗਿਆ ਤਾਂ ਲੁਕਿਆ ਹੋਇਆ ਰਹੀਮਾ ਘਬਰਾਕੇ ਉਸ ਦੇ ਸਾਹਮਣੇ ਆ ਗਿਆ।
ਰਘਬੀਰ ਸਿੰਘ ਬੇਪਰਵਾਹੀ ਨਾਲ ਉਥੋਂ ਟੁਰਨ ਹੀ ਲਗਾ ਸੀ, ਪਰੰਤੂ ਰਹੀਮੇ ਨੇ ਉਸ ਦੀ ਬਾਂਹ ਫੜ ਲਈ ਅਤੇ ਦਸਣ ਲਗਾ ਕਿ ਮੈਂ ਜੇਹਲ ਦੀ ਦੀਵਾਰ ਵਿਚੋਂ ਸੂਰਾਖ ਕਰ ਰਿਹਾ ਹਾਂ, ਅਰ ਰੋਜ਼ ਥੋੜੀ ੨ ਮਿਟੀ ਆਪਣੀ ਜੁਤੀ ਵਿਚ ਪਾ ਲੈਂਦਾ ਹਾਂ, ਤੇ ਜਦੋਂ ਬਾਹਰ ਕੰਮ ਕਰਨ ਜਾਂਦੇ ਹਾਂ ਓਦੋਂ ਸੁਟ ਆਉਂਦਾ ਹਾਂ, ਜੇ ਤਾਂ ਤੂੰ ਚੁਪ ਰਖੇਂ ਤਾਂ ਮੈਂ ਤੈਨੂੰ ਭੀ ਇਸੇ ਮੋਰੇ ਦੇ ਰਾਹੀਂ ਬਾਹਰ ਕਢ ਦਿਆਂਗਾ ਤੇ ਆਪ ਭੀ ਨਿਕਲ ਜਾਵਾਂਗਾ, ਪਰ ਜੇ ਤੂੰ ਮੇਰੇ ਤੇ ਚੁਗਲੀ ਕੀਤੀ ਤਾਂ ਭਾਵੇਂ ਉਹ ਮੈਨੂੰ ਹੁਣ ਬੈਂਤ ਮਾਰ ਲੈਣਗੇ ਪਰ ਉਸ ਤੋਂ ਪਿਛੋਂ ਮੈਂ ਤੇਰੀ ਮਿੱਟੀ ਖੁਆਰ ਕਰਾਂਗਾ, ਮੈਂ ਤੈਨੂੰ ਮਾਰ ਸੁਟਾਂਗਾ।
ਜਦੋਂ ਰਘਬੀਰ ਸਿੰਘ ਨੇ ਆਪਣੇ ਵੈਰੀ ਨੂੰ ਵੇਖਿਆ ਤਾਂ ਗੁਸੇ ਨਾਲ ਉਸਦਾ ਮੂੰਹ ਲਾਲ ਹੋ ਗਿਆ ਸਾਰਾ ਸਰੀਰ ਕੰਬ ਉਠਿਆ। ਇਕ ਝਟਕੇ ਨਾਲ ਉਸ ਨੇ ਆਪਣੀ ਬਾਂਹ ਰਹੀਮੇ ਦੇ ਹਥੋਂ ਛੁੜਾ ਲਈ ਤੇ ਆਖਿਆ:'ਮੈਨੂੰ ਨਸ ਜਾਣ ਦਾ ਕੋਈ ਲਾਭ ਨਹੀਂ ਤੇ ਜੇਹੜਾ ਮੈਨੂੰ ਮਾਰ ਸੁਟਣ ਦਾ ਡਰਾਵਾ ਦੇਂਦਾ ਏਂ ਤੂੰ ਮੈਨੂੰ ਅਜ ਤੋਂ ਛਬੀ ਸਾਲ ਪਹਿਲਾਂ ਦਾ ਮਾਰ ਚੁਕਾ ਹੈਂ, ਤੇਰੇ ਉਤੇ ਚੁਗਲੀ ਕਰਾਂਗਾ ਜਾਂ ਨਾਂ, ਇਸ ਵਿਚ ਜਿਵੇਂ ਮੇਰੇ ਕਰਤਾਰ ਦੀ ਮਰਜ਼ੀ ਹੋਵੇਗੀ ਉਸੇ ਤਰਾਂ ਹੋਵੇਗਾ।'
ਦੂਜੇ ਦਿਨ ਜਦੋਂ ਕੈਦੀ ਬਾਹਰ ਕੰਮ ਕਰਨ ਗਏ ਤਾਂ ਪਿਛੋਂ ਪਹਿਰੇਦਾਰਾਂ ਨੇ ਰਹੀਮੇ ਵਾਲਾ ਉਹ ਮੋਰਾ ਕਿਤੇ ਵੇਖ ਲਿਆ। ਝੱਟ ਰਪੋਟ ਹੋ ਗਈ ਤੇ ਜੇਹਲ ਦਾ ਵੱਡਾ ਦਰੋਗਾ ਪੜਤਾਲ ਕਰਨ ਲੱਗਾ। ਹਰਇੱਕ ਕੈਦੀ ਤੋਂ ਪੁਛਿਆ ਗਿਆ ਕਿ ਜੇਹਲ ਦੀ ਦੀਵਾਰ ਵਿੱਚ ਮੋਰਾ ਕੌਣ ਕਰ ਰਿਹਾ ਸੀ?
ਸਾਰੇ ਹੀ ਮੁਕਰ ਗਏ। ਜਿਨ੍ਹਾਂ ਨੂੰ ਪਤਾ ਵੀ ਸੀ ਉਨ੍ਹਾਂ ਨੇ ਭੀ ਇਸ ਡਰ ਤੋਂ ਨਾਉ ਨਾਂ ਲਿਆ ਕਿ ਨਾਂਉਂ ਲਿਆਂ ਰਹੀਮੇ ਨੂੰ ਬੈਂਤਾਂ ਦੀ ਸਖਤ ਮਾਰ ਪਵੇਗੀ।
ਦਰੋਗਾ ਪੁਛਦਾ ੨ ਰਘਬੀਰ ਸਿੰਘ ਦੇ ਕੋਲ ਆਇਆ ਉਹਨੂੰ ਪਤਾ ਸੀ ਕਿ ਇਹ ਸੱਚਾ ਆਦਮੀ ਹੈ। ਪੁੱਛਣ ਲੱਗਾ: "ਬਾਬਾ, ਤੂੰ ਸੱਚ ਬੋਲਦਾ ਹੈਂ, ਰੱਬ ਨੂੰ ਸਾਖੀ ਜਾਣਕੇ ਦੱਸ ਕਿ ਇਹ ਮੋਰਾ ਕਿਸਨੇ ਕੀਤਾ?"
ਰਹੀਮਾ ਭੀ ਕੋਲ ਖੜਾ ਬੜੇ ਫਿਕਰ ਵਿੱਚ ਥਰ ੨ ਕੰਬ ਰਿਹਾ ਸੀ ਅਤੇ ਡਰਦੇ ਮਾਰੇ ਉਹ ਰਘਬੀਰ ਸਿੰਘ ਦੇ ਸਾਹਮਣੇ ਅੱਖ ਭੀ ਨਹੀਂ ਸੀ ਚੁਕਦਾ।
ਰਘਬੀਰ ਸਿੰਘ ਦੇ ਹੱਥ ਅਰ ਬੁਲ ਕੰਬੇ ਤੇ ਉਸ ਨੇ ਦਿਲ ਵਿੱਚ ਸੋਚਿਆ, ਇਸ ਆਦਮੀ ਨੇ ਮੈਨੂੰ ਚੰਗੀ ਤਰ੍ਹਾਂ ਗਾਲਿਆ ਹੈ, ਮੈਂ ਹੁਣ ਇਸ ਪੁਰ ਖਿਮਾਂ ਕਿਉਂ ਕਰਾਂ? ਜਿੱਦਾਂ ਮੈਨੂੰ ਦੁਖ ਹੋਇਆ ਹੈ, ਇਸਨੂੰ ਭੀ ਹੋਵੇ ਹੱਛਾ ਤਾਂ ਫਿਰ ਮੈਂ ਇਸਦੀ ਸ਼ਕੈਤ ਕਰ ਦਿਆਂ? ਇਸਨੂੰ ਬੈਂਤ ਤਾਂ ਜ਼ਰੂਰ ਬੱਜਨਗੇ ਪਰ ਇਸ ਨਾਲ ਮੇਰਾ ਕੀ ਸੰਵਰੇਗਾ?
ਦਰੋਗੇ ਨੇ ਫਿਰ ਪੁਛਿਆ: "ਬਾਬਾ, ਸੱਚ ਕਹੁ, ਇਹ ਮੋਰਾ ਕਿਸਨੇ ਕੀਤਾ?"
ਰਘਬੀਰ ਸਿੰਘ ਨੇ ਰਹੀਮੇ ਵੱਲ ਐਵੇਂ ਵੇਖਿਆ ਤੇ ਫਿਰ ਦਿਲ ਕਰੜਾ ਕਰਕੇ ਆਖਿਆ:'ਹਜ਼ੂਰ! ਮੈਂ ਨਹੀਂ ਦਸ ਸਕਦਾ। ਰੱਬ ਦਾ ਹੁਕਮ ਦਸਣ ਲਈ ਮੈਨੂੰ ਨਹੀਂ, ਮੈਂ ਨਹੀਂ ਦਸ ਸਕਦਾ। ਜੋ ਤੁਹਾਡੀ ਇਛਾ ਹੋਵੇ, ਮੇਰੇ ਨਾਲ ਕਰ ਲਵੋ; ਮੈਂ ਤੁਸਾਡੇ ਵੱਸ ਵਿੱਚ ਹਾਂ।" ਦਰੋਗੇ ਨੇ ਬਹੁਤ ਯਤਨ ਕੀਤਾ, ਪਰ ਰਘਬੀਰ ਸਿੰਘ ਇਸਤੋਂ ਇਕ ਅਖਰ ਵਧ ਨਾ ਬੋਲਿਆ, ਤੇ ਇਸ ਪ੍ਰਕਾਰ ਪਤਾ ਨਾ ਲਗਾ ਕਿ ਮੋਰਾ ਕਿਸਨੇ ਕੀਤਾ ਹੈ?
ਦੂਜੀ ਰਾਤ ਜਦੋਂ ਰਘਬੀਰ ਸਿੰਘ ਆਪਣੀ ਥਾਂ ਤੇ ਸੁੱਤਾ ਪਿਆ ਸੀ, ਉਸ ਨੂੰ ਕਿਸੇ ਦਾ ਆਪਣੀ ਪੈਂਦ ਵਲ ਆਕੇ ਬੈਠਣ ਦਾ ਖੜਾਕ ਹੋਇਆ।
ਹਨੇਰੇ ਵਿਚ ਉਸ ਨੇ ਝਾਕਿਆ ਤਾਂ ਵੇਖਿਆ ਕਿ ਇਹ ਤਾਂ ਰਹੀਮਾਂ ਹੈ। ਪੁਛਣ ਲੱਗਾ:-
"ਤੂੰ ਇਥੇ ਕੀ ਪਿਆ ਕਰਦਾ ਹੈਂ, ਤੈਨੂੰ ਮੇਰੇ ਨਾਲ ਕੀ ਕੰਮ ਹੈ?"
ਰਹੀਮ ਚੁਪ ਰਿਹਾ। ਰਘਬੀਰ ਸਿੰਘ ਉਠ ਬੈਠਾ ਤੇ ਆਖਣ ਲੱਗਾ 'ਦਸ ਤੈਨੂੰ ਕੰਮ ਕੀ ਹੈ? ਤੂੰ ਇਥੋਂ ਟੁਰ ਜਾਹ, ਨਹੀਂ ਤਾਂ ਮੈਂ ਪਹਿਰੇਦਾਰ ਨੂੰ ਸਦਾਂਗਾ।'
ਰਹੀਮਾ ਹੁਣ ਰਘਬੀਰ ਸਿੰਘ ਦੋ ਹੋਰ ਨੇੜੇ ਹੋਇਆ ਤੇ ਹੌਲੀ ਜਿਹੀ ਆਖਣ ਲਗਾ:-
'ਰਘਬੀਰ ਸਿੰਘ ਜੀ! ਮੈਨੂੰ ਬਖ਼ਸ਼ ਲਓ।'
ਰਘਬੀਰ ਸਿੰਘ ਬੋਲਿਆ: 'ਮੈਥੋਂ ਤੂੰ ਕੀ ਬਖਸ਼ਾਉਂਦਾ ਹੈਂ?'
ਰਹੀਮਾ:-"ਉਸ ਸੌਦਾਗਰ ਨੂੰ ਮੈਂ ਹੀ ਮਾਰਿਆ ਸੀ, ਤੇ ਛੁਰਾ ਤੁਹਾਡੇ ਬੈਗ ਵਿਚ ਲੁਕਾ ਦਿਤਾ ਸੀ। ਮੈਂ ਤੁਹਾਨੂੰ ਭੀ ਮਾਰ ਦੇਣ ਲੱਗਾ ਸਾਂ, ਪਰੰਤੂ ਉਸ ਵੇਲੇ ਵੇਹੜੇ ਵਿਚ ਕੋਈ ਖੜਾਕ ਹੋਇਆ ਤੇ ਮੈਂ ਤੁਹਾਡੇ ਬੈਗ ਵਿਚ ਛੁਰਾ ਪਾਕੇ ਬਾਰੀ ਥਾਣੀ ਖਿਸਕ ਗਿਆ।"
ਰਘਬੀਰ ਸਿੰਘ ਉਕਾ ਹੀ ਚੁਪ ਹੋ ਗਿਆ, ਸੋਚਾਂ ਵਿਚ ਪੈ ਗਿਆ। ਕਦੀ ਗੁਸਾ ਆਵੇ, ਕਦੀ ਦਇਆ ਆਵੇ। ਰਹੀਮਾ ਜ਼ਮੀਨ ਤੇ ਗੋਡਿਆਂ ਦੇ ਭਾਰ ਹੋ ਬੈਠਾ ਤੇ ਆਖਣ ਲਗਾ-"ਰਘਬੀਰ ਸਿੰਘ ਜੀ! ਮੈਨੂੰ ਖਿਮਾ ਕਰੋ, ਰੱਬ ਦੇ ਨਾਂ ਤੇ ਮੈਨੂੰ ਮੁਆਫ ਕਰ ਦਿਓ। ਮੈਂ ਹੁਣ ਭੀ ਅਫਸਰਾਂ ਨੂੰ ਆਖ ਦਿਆਂਗਾ ਕਿ ਉਸ ਸੌਦਾਗਰ ਨੂੰ ਮੈਂ ਮਾਰਿਆ ਸੀ, ਇਸ ਤਰਾਂ ਤੁਹਾਨੂੰ ਮੁਆਫ਼ੀ ਮਿਲ ਜਾਵੇਗੀ ਤੇ ਤੁਸੀਂ ਖੁਸ਼ੀ-੨ ਇਥੋਂ ਵਤਨਾਂ ਨੂੰ ਮੁੜੋਗੇ।"
ਰਘਬੀਰ ਸਿੰਘ ਬੋਲਿਆ:-"ਮਿੱਤਰਾ! ਤੇਰੇ ਵਾਸਤੇ ਤਾਂ ਇਹ ਆਖ ਦੇਣਾ ਸੌਖਾ ਕੰਮ ਹੈ, ਪਰ ਮੈਂ ਇਸਨੂੰ ਕਿਵੇਂ ਬਰਦਾਸ਼ਤ ਕਰ ਸਕਾਂਗਾ। ਮੈਂ ਹੁਣ ਇਹ ਥਾਂ ਛਡਕੇ ਕਿਥੇ ਜਾਣਾ ਹੈ? ਮੇਰੀ ਵਹੁਟੀ ਚੜ੍ਹਾਈ ਕਰ ਚੁਕੀ ਹੈ। ਮੇਰੇ ਮੁੰਡੇ ਮੈਨੂੰ ਵਿਸਾਰ ਚੁਕੇ ਹਨ, ਮੈਂ ਹੁਣ ਕਿਥੇ ਜਾਣਾ ਹੋਇਆ.....।"
ਰਹੀਮਾ ਫਿਰ ਭੀ ਓਸੇ ਤਰਾਂ ਹੱਥ ਜੋੜਕੇ ਜ਼ਮੀਨ ਨਾਲ ਟੱਕਰਾਂ ਮਾਰਨ ਲਗ ਪਿਆ ਤੇ ਬੋਲਿਆ:-ਰਘਬੀਬ ਸਿੰਘ ਜੀ, ਮੈਨੂੰ ਖਿਮਾਂ ਕਰੋ। ਜਦੋਂ ਮੈਨੂੰ ਬੈਂਤ ਪੈਂਦੇ ਸਨ ਉਹ ਤਾਂ ਸਹਿ ਸਕਦਾ ਸਾਂ, ਪਰ ਤੁਹਾਡੇ ਅਗੇ ਅੱਖਾਂ ਨਹੀਂ ਹੋ ਸਕਦੀਆਂ ਤੇ ਮੈਂ ਐਡਾ ਸ਼ੈਤਾਨ, ਤੁਸੀਂ ਫੇਰ ਬੀ ਮੇਰੇ ਉਤੇ ਤਰਸ ਹੀ ਕਰਦੇ ਹੋ। ਤੁਸੀਂ ਅੱਜ ਮੇਰਾ ਨਾਮ ਨਹੀਂ ਲਿਆ। ਰੱਬ ਦੇ ਵਾਸਤੇ ਮੈਨੂੰ ਖਿਮਾਂ ਕਰੋ, ਭਾਵੇਂ ਮੈਂ ਬੜਾ ਹਤਿਆਰਾ ਪਾਪੀ ਹਾਂ, ਮੈਨੂੰ ਬਖਸ਼ ਦਿਓ।"
ਇਹ ਆਖਕੇ ਰਹੀਮਾ ਰੋਣ ਲੱਗ ਪਿਆ।
ਰਘਬੀਰ ਸਿੰਘ ਨੇ ਜਦੋਂ ਰਹੀਮੇ ਨੂੰ ਰੋਂਦਿਆਂ ਵੇਖਿਆ ਉਸਦੇ ਅੱਥਰੂ ਭੀ ਫੁਟ ਕੇ ਵਹਿ ਤੁਰੇ ਤੇ ਬੋਲਿਆ-" ਮਿੱਤਰਾ, ਰੱਬ ਹੀ ਮਾਫ ਕਰਨ ਹਾਰਾ ਹੈ, ਕੀ ਪਤਾ ਮੈਂ ਤੇਰੇ ਨਾਲੋਂ ਕਈ ਸੈਂਕੜੇ ਹਿਸੇ ਵਧੀਕ ਪਾਪੀ ਹਾਂ।"
ਅਚਨਚੇਤ ਹੀ ਹੁਣ ਰਘਬੀਰ ਸਿੰਘ ਦੇ ਮਨ ਵਿਚ ਸ਼ਾਂਤੀ ਆ ਗਈ। ਉਸਨੇ ਘਰ ਬਾਰ ਲਈ ਹੁਣ ਅਫਸੋਸ ਕਰਨਾ ਤਿਆਗ ਦਿਤਾ। ਜੇਹਲ ਵਿਚੋਂ ਬਾਹਰ ਜਾਣ ਦੀ ਕੋਈ ਇਛਾ ਨ ਰਹੀ ਅਰ ਹੁਣ ਕਰਤਾਰ ਦੀ ਯਾਦ ਵਿੱਚ ਹੀ ਲਗ ਪਿਆ।
ਰਹੀਮੇ ਨੇ ਰਘਬੀਰ ਸਿੰਘ ਦੀ ਗਲ ਨੂੰ ਨਾ ਹੀ ਮਨਿਆਂ ਤੇ ਦੂਜੇ ਦਿਨ ਆਪਣਾਂ ਕੀਤਾ ਕਤਲ ਅਫਸਰਾਂ ਪਾਸ ਜਾ ਦਸਿਆ। ਜਦ ਏਹ ਗਲ ਵਡੇ ਅਫਸਰਾਂ ਪਾਸ ਗਈ ਤਾਂ ਰਘਬੀਰ ਸਿੰਘ ਦੀ ਰਿਹਾਈ ਦਾ ਹੁਕਮ ਹੋ ਗਿਆ।
ਪਹਿਰੇਦਾਰ ਅਰ ਜੇਹਲ ਦੇ ਅਫਸਰ ਜਦ ਉਸਨੂੰ ਆਜ਼ਾਦ ਕਰਨ ਆਏ, ਉਹ ਪਹਿਲਾਂ ਹੀ ਆਜ਼ਾਦ ਹੋ ਚੁਕਾ ਸੀ! ਸੁਆਦਲਾ ਬਦਲਾ ਲੈਕੇ ਇਹ ਪੰਛੀ ਅਕਾਲ ਪੁਰਖ ਦੇ ਦਸ ਨੂੰ ਉਡ ਗਿਆ ਸੀ।
(ਅਨੁਵਾਦਕ: ਅਭੈ ਸਿੰਘ ਬੀ.ਏ. ਬੀ. ਟੀ. 'ਚੰਬੇ ਦੀਆਂ ਕਲੀਆਂ' ਵਿੱਚੋਂ)