Baaj Da Geet (Story in Punjabi) : Maxim Gorky
ਬਾਜ ਦਾ ਗੀਤ (ਕਹਾਣੀ) : ਮੈਕਸਿਮ ਗੋਰਕੀ
ਅਥਾਹ ਸਾਗਰ — ਤੱਟ ਦੇ ਨੇੜੇ ਆਲਸੀ ਜਿਹੇ ਢੰਗ ਨਾਲ ਸਾਹ ਲੈ ਰਿਹਾ, ਤੇ ਦੂਰ ਨੀਂਦ ਵਿਚ ਤੇ ਬੇਹਰਕਤ —ਡੂੰਘੀ ਨੀਲੀ ਚੰਨ-ਚਾਨਣੀ ਵਿਚ ਲਪੇਟਿਆ ਹੋਇਆ ਸੀ। ਨਰਮ ਤੇ ਚਾਂਦੀ ਰੰਗਾ, ਇਹ ਦੁਮੇਲ ਉਤੇ ਦੱਖਣ ਦੇ ਨੀਲੇ ਆਕਾਸ਼ ਨਾਲ ਇੱਕ-ਮਿਕ ਹੋਇਆ ਹੋਇਆ ਸੀ ਤੇ ਘੂਕ ਸੁੱਤਾ ਪਿਆ ਸੀ। ਤੇ ਇਸ ਵਿਚ ਫੰਬਿਆਂ ਵਰਗੇ ਬੱਦਲਾਂ ਦਾ ਅਕਸ ਦਿਸਦਾ ਸੀ, ਜਿਹੜੇ ਉਪਰ ਬੇਹਰਕਤ ਲਟਕੇ ਪਏ ਸਨ ਤੇ ਤਾਰਿਆਂ ਦੀ ਸੁਨਹਿਰੀ ਨੱਕਾਸ਼ੀ ਉਤੇ ਪਰਦਾ ਤਾਣ ਰਹੇ ਸਨ, ਪਰ ਉਸ ਨੂੰ ਢੱਕ ਨਹੀਂ ਸਨ ਰਹੇ। ਆਕਾਸ਼ ਝੁਕ ਕੇ ਸਾਗਰ ਵੱਲ ਆਉਂਦਾ ਲਗਦਾ ਸੀ, ਇਹ ਸਮਝਣ ਦੀ ਇੱਛਾ ਨਾਲ ਕਿ ਬੇਚੈਨ ਲਹਿਰਾਂ, ਅਲਸਾਈਆਂ ਹੋਈਆਂ ਕੰਢਿਆਂ ਨੂੰ ਧੋਂਦੀਆਂ, ਉਹਨਾਂ ਦੇ ਕੰਨਾ ਵਿਚ ਕੀ ਕਹਿ ਰਹੀਆਂ ਹਨ।
ਹਵਾਵਾਂ ਨਾਲ ਟੁੱਟੇ ਦਰਖ਼ਤਾਂ ਨਾਲ ਢੱਕੇ ਹੋਏ ਪਹਾੜ ਆਪਣੀਆਂ ਦੰਦਿਆਂ ਵਰਗੀਆਂ ਚੋਟੀਆਂ ਆਪਣੇ ਉੱਪਰਲੇ ਨੀਲੇ ਖ਼ਲਾਅ ਵਿਚ ਖੋਭ ਰਹੇ ਸਨ, ਜਿਥੇ ਉਹਨਾਂ ਦੀਆਂ ਸਖ਼ਤ ਆਕਾਰ-ਰੇਖਾਵਾਂ ਨੂੰ ਦੱਖਣੀ ਰਾਤ ਦਾ ਨਿੱਘਾ ਤੇ ਸਹਿਲਾਉਂਦਾ ਹਨੇਰਾ ਕੋਮਲ ਬਣਾ ਰਿਹਾ ਸੀ।
ਪਹਾੜ ਡੂੰਘੀਆਂ ਸੋਚਾਂ ਵਿਚ ਡੁੱਬੇ ਹੋਏ ਸਨ। ਉਹਨਾਂ ਦੇ ਕਾਲੇ ਪਰਛਾਵੇਂ ਉਭਰਦੀਆਂ ਹਰੀਆਂ ਲਹਿਰਾਂ ਦੀਆਂ ਟੀਸੀਆਂ ਉਤੇ ਪੈ ਰਹੇ ਸਨ ਤੇ ਉਹਨਾਂ ਨੂੰ ਗਹਿਣੇ ਪਹਿਨਾ ਰਹੇ ਸਨ, ਜਿਵੇਂ ਉਹਨਾਂ ਦੇ ਲਗਾਤਾਰ ਉਤਾਰ-ਚੜ੍ਹਾ ਨੂੰ ਰੋਕਣਾ, ਪਾਣੀ ਦੀ ਨਿਰੰਤਰ ਥਪ-ਥਪ ਨੂੰ, ਤੇ ਝੱਗ ਦੇ ਹਉਕਿਆਂ ਨੂੰ ਚੁੱਪ ਕਰਾਉਣਾ ਚਾਹੁੰਦੇ ਹੋਣ, ਭਾਵ ਉਹਨਾਂ ਸਾਰੀਆਂ ਆਵਾਜਾਂ ਨੂੰ ਜਿਹੜੀਆਂ ਉਸ ਰਹੱਸਮਈ ਚੁੱਪ ਨੂੰ ਭੰਗ ਕਰ ਰਹੀਆਂ ਸਨ, ਜਿਹੜੀ ਇਸ ਸਾਰੇ ਦ੍ਰਿਸ਼ ਉਤੇ ਛਾਈ ਹੋਈ ਸੀ, ਚੰਨ ਦੀ ਚਾਂਦੀ ਵਰਗੀ ਨੀਲੀ ਚਾਨਣੀ ਵਾਂਗ, ਜਿਹੜਾ ਚੰਨ ਕਿ ਅਜੇ ਪਹਾੜਾਂ ਦੀਆਂ ਟੀਸੀਆਂ ਤੋਂ ਉਤੇ ਨਹੀਂ ਸੀ ਆਇਆ।
"ਅੱਲਾ-ਹੂ-ਅਕਬਰ!" ਨਾਦਰ ਰਹੀਮ ਓਗਲੀ ਨੇ ਹੌਲੀ ਜਿਹੀ ਸਾਹ ਲੈਂਦਿਆਂ ਕਿਹਾ। ਉਹ ਉੱਚਾ ਲੰਮਾਂ, ਧੌਲੀ ਦਾੜ੍ਹੀ ਵਾਲਾ ਤੇ ਦੱਖਣੀ ਧੁੱਪ ਦੇ ਸੰਵਲਾਏ ਰੰਗ ਵਾਲਾ, ਪਤਲਾ ਜਿਹਾ ਤੇ ਸਿਆਣਾ ਬਜ਼ੁਰਗ ਆਜੜੀ ਸੀ।
ਅਸੀਂ ਦੋਵੇਂ ਜਣੇ ਪਹਾੜ ਨਾਲੋ ਟੁੱਟੇ ਇਕ ਵੱਡੇ ਸਾਰੇ ਪੱਥਰ ਕੋਲ ਰੇਤ ਉਤੇ ਲੇਟੇ ਹੋਏ ਸਾਂ, ਜਿਸ ਪੱਥਰ ਉਤੇ ਉੱਲੀ ਜੰਮੀਂ ਹੋਈ ਸੀ—ਪਰਛਾਵਿਆਂ ਦੇ ਕੱਪੜੇ ਪਾਈ ਉਦਾਸ ਤੇ ਦਿਲਗੀਰ ਪੱਥਰ ਕੋਲ। ਇਸਦੀ ਸਾਗਰ ਵੱਲ ਦੀ ਵੱਖੀ ਉਤੇ ਲਹਿਰਾਂ ਨੇ ਸਮੁੰਦਰੀ ਕਾਈ ਤੇ ਪਾਣੀ ਵਿਚ ਉੱਗਣ ਵਾਲੀਆਂ ਹੋਰ ਬੂਟੀਆਂ ਲਿਆ ਸੁੱਟੀਆਂ ਸਨ ਜਿਹੜੀਆਂ ਇਸਨੂੰ ਸਾਗਰ ਤੇ ਪਹਾੜਾਂ ਵਿਚਕਾਰ ਛੋਟੇ ਜਿਹੇ ਰੇਤਲੇ ਟੋਟੇ ਨਾਲ ਬੰਨ੍ਹਦੀਆਂ ਸਨ। ਸਾਡੇ ਕੋਲ ਬਲਦੀ ਅੱਗ ਦੀਆਂ ਲਾਟਾਂ ਇਸਦੇ ਤੱਟ ਵਾਲੇ ਪਾਸੇ ਨੂੰ ਰੌਸ਼ਨ ਕਰ ਰਹੀਆਂ ਸਨ ਤੇ ਲਾਟਾਂ ਦੇ ਭੜਕਣ ਨਾਲ ਇਸ ਪੁਰਾਤਨ ਪੱਥਰ ਦੀ ਸਤਹ ਉਤੇ, ਜਿਸ ਉਤੇ ਡੂੰਘੀਆਂ ਤਰੇੜਾਂ ਦਾ ਜਾਲ ਵਿਛਿਆ ਹੋਇਆ ਸੀ ਪਰਛਾਵੇਂ ਦੌੜਣ ਲੱਗ ਪੈਂਦੇ ਸਨ।
ਰਹੀਮ ਤੇ ਮੈਂ ਕੁਝ ਮੱਛੀ ਉਬਾਲ ਰਹੇ ਸਾਂ , ਜਿਹੜੀ ਅਸਾਂ ਕੁਝ ਹੀ ਦੇਰ ਪਹਿਲਾਂ ਫੜੀ ਸੀ ਤੇ ਅਸੀਂ ਦੋਵੇਂ ਹੀ ਅਜਿਹੀ ਮਨੋਸਥਿਤੀ ਵਿਚ ਸਾਂ ਜਿਸ ਵਿਚ ਹਰ ਚੀਜ਼ ਉੱਜਲ, ਪ੍ਰੇਰਨਾ ਦੇਣ ਵਾਲੀ ਤੇ ਸਮਝ ਆਉਣ ਵਾਲੀ ਲਗਦੀ ਹੈ। ਸਾਡੇ ਦਿਲ ਹੌਲੇ-ਫੁੱਲ ਤੇ ਨਿਰਮਲ ਸਨ, ਤੇ ਇਕੋ ਇਕ ਖ਼ਾਹਸ਼ ਇਹਨਾਂ ਵਿਚ ਇਹ ਸੀ ਕਿ ਇਥੇ ਪਏ ਰਹੀਏ ਤੇ ਸੁਪਨੇ ਲਈ ਜਾਈਏ।
ਸਾਗਰ ਤੱਟ ਨਾਲ ਵੱਜ ਕੇ ਥਪ-ਥਪ ਕਰ ਰਿਹਾ ਸੀ, ਲਹਿਰਾਂ ਦੀ ਆਵਾਜ਼ ਏਨੀ ਨਿਮਰਤਾ-ਭਰੀ ਸੀ ਕਿ ਉਹ ਸਾਡੀ ਅੱਗ ਸੇਕਣ ਲਈ ਤਰਲੇ ਕਰਦੀਆਂ ਜਾਪਦੀਆਂ ਸਨ। ਕਦੀ-ਕਦੀ ਨਿੱਕੀਆਂ ਲਹਿਰਾਂ ਦੀ ਇਕਸਾਰ ਘੂਕਰ ਵਿਚ ਵਧੇਰੇ ਉਚੀ ਤੇ ਵਧੇਰੇ ਚੰਚਲ ਆਵਾਜ਼ ਆ ਦਖ਼ਲ ਦੇਂਦੀ ਸੀ, ਇਹ ਕੋਈ ਵਡੇਰੀ ਤੇ ਵਧੇਰੇ ਦਲੇਰ ਲਹਿਰ ਹੁੰਦੀ ਸੀ, ਜਿਹੜੀ ਰਿੜ੍ਹਦੀ ਹੋਈ ਸਾਡੇ ਪੈਰਾਂ ਤੱਕ ਆ ਜਾਂਦੀ ਸੀ।
ਰਹੀਮ ਸਿਰ ਸਾਗਰ ਵੱਲ ਕਰਕੇ ਪੇਟ-ਭਾਰ ਰੇਤ ਤੇ ਲੇਟਿਆ ਹੋਇਆ ਸੀ। ਉਸਨੇ ਅਰਕਾਂ ਰੇਤ ਵਿਚ ਗੱਡੀਆਂ ਹੋਈਆਂ ਸਨ, ਗੱਲ੍ਹਾਂ ਹਥੇਲੀਆਂ ਵਿਚ ਲਈਆਂ ਹੋਈਆਂ ਸਨ ਤੇ ਟੋਪ ਤਿਲਕ ਕੇ ਸਿਰ ਦੇ ਪਿਛਲੇ ਪਾਸੇ ਵੱਲ ਹੋ ਗਿਆ ਸੀ, ਤੇ ਤਾਜ਼ਾ ਸਮੁੰਦਰੀ ਹਵਾ ਬਰੀਕ ਲੀਕਾਂ ਨਾਲ ਭਰੇ ਉਸਦੇ ਚੌੜੇ ਮੱਥੇ ਨੂੰ ਪੱਖਾ ਝੱਲ ਰਹੀ ਸੀ। ਉਹ ਫ਼ਲਸਫ਼ਾਨਾ ਟਿੱਪਣੀਆਂ ਕਰੀ ਜਾ ਰਿਹਾ ਸੀ, ਇਸ ਗੱਲੋਂ ਬਿਲਕੁਲ ਬੇਫ਼ਿਕਰ ਕਿ ਮੈਂ ਸੁਣ ਰਿਹਾ ਹਾਂ ਜਾਂ ਨਹੀਂ, ਜਿਵੇਂ ਕਿ ਉਹ ਸਾਗਰ ਨਾਲ ਗੱਲਾਂ ਕਰ ਰਿਹਾ ਹੋਵੇ।
"ਜਿਹੜਾ ਬੰਦਾ ਖ਼ੁਦਾ ਵਿਚ ਯਕੀਨ ਰੱਖਦੈ, ਉਹ ਜੰਨਤ ਵਿਚ ਜਾਂਦੈ। ਤੇ ਜਿਹੜਾ ਬੰਦਾ ਖ਼ੁਦਾ ਦੀ ਜਾਂ ਉਸਦੇ ਰਸੂਲ ਦੀ ਖ਼ਿਦਮਤ ਨਹੀਂ ਕਰਦਾ, ਸ਼ਾਇਦ ਉਹ ਔਥੇ ਹੋਵੇ—ਸਾਗਰ ਦੀ ਝੱਗ ਵਿਚ। ਹੋ ਸਕਦੈ ਪਾਣੀ ਉਪਰਲੇ ਚਾਂਦੀ ਵਰਗੇ ਟਿਮਕਣਿਆਂ ਵਿਚ ਉਹ ਹੋਵੇ। ਕੌਣ ਜਾਣੇ?"
ਹਨੇਰਾ, ਮਹਾਂ ਵਿਸ਼ਾਲ ਸਾਗਰ ਹੋਰ ਰੌਸ਼ਨ ਹੋ ਗਿਆ ਤੇ ਚੰਨ-ਚਾਨਣੀ ਦੇ ਧੱਬੇ ਇਸ ਉਤੇ ਬੇਤਰਤੀਬੀ ਨਾਲ ਖਿਲਰ ਗਏ। ਚੰਨ ਪਹਾੜਾਂ ਦੀਆਂ ਬੁਰਦਾਰ ਟੀਸੀਆਂ ਦੇ ਪਿੱਛੋਂ ਤਿਲਕਦਾ ਬਾਹਰ ਨਿਕਲ ਆਇਆ ਸੀ ਤੇ ਹੁਣ ਸੁਪਨਿਆਂ ਵਿਚ ਡੁੱਬਾ ਆਪਣੀ ਚਾਨਣੀ ਤੱਟ ਉਤੇ, ਉਸ ਪੱਥਰ ਉਤੇ ਜਿਸ ਕੋਲ ਅਸੀ ਬੈਠੇ ਸਾਂ, ਤੇ ਸਾਗਰ ਉਤੇ ਖਿਲਾਰ ਰਿਹਾ ਸੀ, ਜਿਹੜਾ ਨਿੱਕੇ ਨਿੱਕ ਹੌਂਕੇ ਭਰਦਾ ਇਸਨੂੰ ਮਿਲਣ ਲਈ ਉਪਰ ਉਠਦਾ ਸੀ।
"ਰਹੀਮ, ਮੈਨੂੰ ਕੋਈ ਕਹਾਣੀ ਸੁਣਾ," ਮੈਂ ਬਜ਼ੁਰਗ ਨੂੰ ਕਿਹਾ।
"ਕਾਹਦੇ ਲਈ?" ਉਸਨੇ ਮੇਰੇ ਵੱਲ ਵੇਖੇ ਬਿਨਾਂ ਪੁਛਿਆ।
"ਵੈਸੇ ਹੀ! ਮੈਨੂੰ ਤੇਰੀਆਂ ਕਹਾਣੀਆਂ ਸੁਣ ਕੇ ਬੜਾ ਮਜ਼ਾ ਆਉਂਦੈ।"
"ਮੈਂ ਤੈਨੂੰ ਸੱਤ ਕਹਾਣੀਆਂ ਸੁਣਾ ਚੁੱਕਾਂ। ਮੈਨੂੰ ਹੁਣ ਹੋਰ ਕੋਈ ਨਹੀਂ ਆਉਂਦੀ।"
ਉਸਦੀ ਇੱਛਾ ਇਹ ਹੁੰਦੀ ਸੀ ਕਿ ਮੈਂ ਉਸਦੇ ਤਰਲੇ ਕਰਾਂ। ਸੋ ਮੈਂ ਉਸਨੂੰ ਫ਼ਰਮਾਇਸ਼ ਕਰੀ ਗਿਆ।
"ਜੇ ਚਾਹੇ ਤਾਂ ਮੈਂ ਤੈਨੂੰ ਇਕ ਗੀਤ ਸੁਣਾਵਾਂ?" ਰਹੀਮ ਮੰਨ ਗਿਆ।
ਉਸਦੇ ਪੁਰਾਤਨ ਗੀਤ ਮੈਂ ਸੁਨਣਾ ਚਾਹੁੰਦਾ ਸਾਂ, ਸੋ ਉਸਨੇ ਲੈਅ ਨਾਲ, ਪੁਰਾਤਨ ਧੁਨ ਦੀ ਰੰਗਤ ਨੂੰ ਕਾਇਮ ਰੱਖਦਿਆਂ, ਸੁਣਾਉਣਾ ਸ਼ੁਰੂ ਕੀਤਾ।
੧
ਉਪਰ ਪਹਾੜਾਂ ਵਿਚ ਇਕ ਸੱਪ ਰੀਂਗਦਾ ਜਾ ਪੁੱਜਾ, ਤੇ ਸਾਗਰ ਵੱਲ ਹੇਠਾਂ ਦੇਖਦੀ ਇਕ ਸਿਲੀ ਖੱਡ, ਵਿਚ ਡੇਰਾ ਲਾ ਲਿਆ।
ਉਪਰ ਆਕਾਸ਼ ਵਿਚ ਸੂਰਜ ਚਮਕ ਰਿਹਾ ਸੀ ਤੇ ਪਹਾੜ ਆਪਣਾ ਗਰਮ ਸਾਹ ਆਕਾਸ਼ ਵੱਲ ਛੱਡ ਰਹੇ ਸਨ, ਤੇ ਹੇਠਾਂ ਲਹਿਰਾਂ ਜ਼ੋਰ ਜ਼ੋਰ ਦੀ ਪੱਥਰਾਂ ਨਾਲ ਟਕਰਾ ਰਹੀਆਂ ਸਨ।
ਤੇ ਗੁਫਾ ਦੇ ਵਿੱਚੋਂ, ਹਨੇਰੇ ਤੇ ਧੁੰਦ ਦੇ ਵਿੱਚੋਂ, ਇਕ ਤੇਜ਼-ਧਾਰ ਝਰਨਾ ਵਹਿ ਰਿਹਾ ਸੀ, ਜਿਹੜਾ ਸਾਗਰ ਨੂੰ ਮਿਲਣ ਦੀ ਤੀਬਰ ਇੱਛਾ ਨਾਲ਼ ਪੱਥਰਾ ਨੂੰ ਉਲਟਾਈ ਜਾ ਰਿਹਾ ਸੀ।
ਝੱਗ ਦਾ ਤਾਜ ਪਹਿਨੀ, ਪੁਰਾਤਨ ਤੇ ਜ਼ੋਰਦਾਰ, ਇਹ ਪਹਾੜ ਨੂੰ ਚੀਰ ਗਿਆ ਸੀ ਤੇ ਗ਼ੁੱਸੇਭਰੀ ਗਰਜ ਨਾਲ ਸਾਗਰ ਵਿਚ ਜਾ ਡਿੱਗਾ ਸੀ।
ਇਕਦਮ ਉਸ ਗੁਫਾ ਵਿਚ, ਜਿੱਥੇ ਸੱਪ ਕੁੰਡਲ ਮਾਰੀ ਬੈਠਾ ਸੀ, ਆਕਾਸ਼ ਤੋਂ ਇਕ ਬਾਜ ਆ ਡਿੱਗਾ। ਉਸਦੇ ਸੀਨੇ 'ਤੇ ਜਖ਼ਮ ਤੇ ਪਰਾਂ 'ਤੇ ਲਹੂ ਸੀ।
ਧਰਤੀ ਉਤੇ ਡਿਗਦਿਆਂ ਉਸਨੇ ਚੀਕ ਮਾਰੀ ਤੇ ਮਾਯੂਸੀ ਵਿਚ ਆਪਣੇ ਖੰਭ ਫੜਫੜਾਉਂਦਾ ਹੋਇਆ ਪੱਥਰ 'ਤੇ ਪਿਆ ਰਿਹਾ।
ਸੱਪ ਡਰ ਗਿਆ ਤੇ ਉਥੋਂ ਨੱਸ ਗਿਆ, ਪਰ ਜਲਦੀ ਹੀ ਉਹਨੇ ਵੇਖਿਆ ਕਿ ਉਸ ਪੰਛੀ ਦਾ ਜੀਵਨ ਹੋਰ ਦੋ ਪਲ ਹੈ।
ਸੋ ਉਹ ਰੀਂਗਦਾ ਹੋਇਆ ਮੁੜ ਜ਼ਖ਼ਮੀ ਪੰਛੀ ਕੋਲ ਗਿਆ ਤੇ ਵਿਅੰਗ ਨਾਲ ਉਸ ਵੱਲ ਦੇਖਦਾ ਸ਼ੂਕਿਆ…
"ਕਿਉਂ, ਮਰਨ ਲੱਗੈਂ?"
"ਹਾਂ, ਮਰ ਰਿਹਾਂ", ਬਾਜ ਨੇ ਹਉਕਾ ਭਰਦਿਆਂ ਜਵਾਬ ਦਿਤਾ।"ਪਰ ਮੈਂ ਖ਼ੂਬ ਜੀਵਿਆ ਹਾਂ! ਮੈੰ ਖ਼ੁਸ਼ੀ ਮਾਣੀ ਏ! … ਬਹਾਦਰੀ ਨਾਲ ਰਿਹਾ ਹਾਂ!…. ਮੈਂ ਆਕਾਸ਼ ਗਾਹਿਆ ਹੈ! ਤੂੰ ਨਿਮਾਣੀ ਸ਼ੈਅ ਕਦੇ ਵੀ ਅਕਾਸ਼ ਏਨਾਂ ਨੇੜਿਓਂ ਨਹੀਂ ਦੇਖ ਸਕੇਂਗਾ ਜਿੰਨਾ ਮੈਂ ਦੇਖਿਆ ਹੈ।
"ਲੈ, ਆਕਾਸ਼ ਵਿਚ ਕੀ ਪਿਐ? ਖ਼ਾਲਮ-ਖ਼ਾਲੀ ਥਾਂ। ਉਥੇ ਮੈਂ ਰੀਂਗ ਸਕਦਾ ਹਾਂ? ਮੇਰੇ ਲਈ ਇਥੇ ਹੀ ਬੜਾ ਚੰਗਾ ਏ-ਐਨਾ ਨਿੱਘਾ ਤੇ ਸਿੱਲ੍ਹਾ।"
ਇਸ ਤਰ੍ਹਾਂ ਸੱਪ ਨੇ ਆਜ਼ਾਦ ਪੰਛੀ ਨੂੰ ਜਵਾਬ ਦਿਤਾ ਤੇ ਦਿਲ ਹੀ ਦਿਲ ਵਿਚ ਉਸਦੇ ਬਹਾਦਰੀ ਭਰੇ ਸ਼ਬਦਾਂ ਉਤੇ ਹੱਸਣ ਲਗਾ।
ਤੇ ਆਪਣੇ ਆਪ ਵਿਚ ਸੋਚਣ ਲੱਗਾ : "ਕੀ ਫ਼ਰਕ ਪੈਂਦਾ ਹੈ ਕਿ ਕੋਈ ਰੀਂਗਦਾ ਹੈ ਜਾਂ ਉੱਡਦਾ, ਹਸ਼ਰ ਤਾਂ ਸਭ ਦਾ ਇੱਕ ਹੈ, ਸਭ ਨੇ ਧਰਤੀ ਵਿਚ ਹੀ ਲੇਟਣਾ ਹੈ, ਮਿੱਟੀ ਨਾਲ ਮਿੱਟੀ ਹੀ ਹੋ ਜਾਣਾ ਹੈ।"
ਪਰ ਬਾਜ ਨੇ ਇਕਦਮ ਕੋਸ਼ਿਸ਼ ਕਰਕੇ ਜ਼ਰਾ ਕੁ ਸਿਰ ਚੁੱਕਿਆ ਤੇ ਖੱਡ ਵੱਲ ਇਕ ਨਜ਼ਰ ਸੁੱਟੀ।
ਚੱਟਾਨ ਵਿਚਲੀਆਂ ਤਰੇੜਾਂ ਵਿੱਚੋਂ ਪਾਣੀ ਸਿੰਮਦਾ ਆ ਰਿਹਾ ਸੀ ਤੇ ਖੱਡ ਅੰਦਰਲੀ ਹਵਾ ਮੌਤ ਤੇ ਸੜਾਂਦ ਨਾਲ਼ ਭਰੀ ਹੋਈ ਸੀ।
ਤੇ ਸਾਰਾ ਜ਼ੋਰ ਲਾ ਕੇ ਬਾਜ ਉਦਾਸੀ ਤੇ ਸਿੱਕ ਨਾਲ ਕੂਕ ਉਠਿਆ।
"ਕਾਸ਼, ਕਿ ਮੈਂ ਆਕਾਸ਼ ਵਿਚ ਸਿਰਫ਼ ਇਕ ਵਾਰੀ ਹੋਰ ਉਡ ਸਕਦਾ! ਮੈਂ ਆਪਣੇ ਦੁਸ਼ਮਣ ਨੂੰ ਆਪਣੇ ਜ਼ਖ਼ਮੀ ਸੀਨੇ ਨਾਲ ਰਗੜ ਸੁੱਟਦਾ ਤੇ ਆਪਣੇ ਖ਼ੂਨ ਵਿਚ ਡੋਬ ਕੇ ਮਾਰ ਦੇਂਦਾ। ਉਫ਼, ਲੜਾਈ ਦਾ ਉਹ ਮਜ਼ਾ!"
ਸੱਪ ਨੇ ਸੋਚਿਆ, 'ਆਕਾਸ਼ ਵਿਚ ਰਹਿਣਾ ਸਚਮੁਚ ਬੜਾ ਸ਼ਾਨਦਾਰ ਹੋਵੇਗਾ ਜੇ ਇਹ ਉਸ ਲਈ ਏਨੀਆਂ ਆਹਾਂ ਭਰ ਰਿਹਾ ਹੈ….'
ਤੇ ਉਸ ਨੇ ਆਜ਼ਾਦ ਪੰਛੀ ਨੂੰ ਤਜਵੀਜ਼ ਦਿਤੀ,'ਰੀਂਗਦਾ ਹੋਇਆ ਗੁਫਾ ਦੇ ਸਿਰੇ ਤਕ ਜਾ ਤੇ ਆਪਣੇ ਆਪ ਨੂੰ ਹੇਠਾਂ ਸੁੱਟ ਦੇ। ਹੋ ਸਕਦਾ ਹੈ ਅਜੇ ਵੀ ਤੇਰੇ ਖੰਭ ਤੇਰਾ ਭਾਰ ਉਠਾ ਸਕਣ ਤੇ ਤੂੰ ਮੁੜ ਕੇ ਆਕਾਸ਼ ਵਿਚ ਉੱਡ ਸਕੇ।'
ਬਾਜ ਦਾ ਲੂੰ ਲੂੰ ਥਰਕ ਉਠਿਆ। ਉਸਨੇ ਮਾਣ ਨਾਲ ਇਕ ਕੂਕ ਛੱਡੀ ਤੇ ਜਿਲ੍ਹਣ ਵਿਚ ਆਪਣੇ ਪੰਜੇ ਖੋਭਦਾ ਰੀਂਗਦਾ ਹੋਇਆ ਦੰਦੀ ਤੱਕ ਆਇਆ।
ਦੰਦੀ ਉਤੇ ਪਹੁੰਚਦਿਆਂ ਇਸਨੇ ਆਪਣੇ ਪਰ ਫੈਲਾਏ, ਡੂੰਘਾ ਸਾਹ ਭਰਿਆ ਤੇ ਚਮਕਦੀਆਂ ਅੱਖਾਂ ਨਾਲ ਹੇਠਾਂ ਚੁੱਭੀ ਮਾਰ ਗਿਆ।
ਪਥੱਰ ਦੀ ਤੇਜ਼ੀ ਨਾਲ ਬਾਜ ਡਿੱਗਾ, ਆਪਣੇ ਖੰਭ ਖਿਲਾਰਦਾ ਹੋਇਆ। ਤੇ ਡਿੱਗਣ ਨਾਲ ਇਸਦੇ ਖੰਭ ਨਾਲ਼ੋਂ ਲੱਥ ਗਏ।
ਇਕ ਲਹਿਰ ਨੇ ਇਸਨੂੰ ਦਬੋਚ ਲਿਆ, ਇਸ ਦਾ ਖ਼ੂਨ ਧੋ ਕੇ ਸਾਫ਼ ਕੀਤਾ, ਇਸਨੂੰ ਝੱਗ ਵਿਚ ਲਪੇਟਿਆ ਤੇ ਉਡਾ ਕੇ ਸਾਗਰ ਵਿਚ ਲੈ ਗਈ।
ਸੋਗੀ ਚੀਕਾਂ ਨਾਲ ਸਾਗਰ ਦੀਆਂ ਲਹਿਰਾਂ ਪਥੱਰਾਂ ਨਾਲ ਸਿਰ ਪਟਕਾਉਣ ਲਗੀਆਂ। ਪੰਛੀ ਦੀ ਲਾਸ਼ ਸਾਗਰ ਦੀ ਵਿਸ਼ਾਲਤਾ ਵਿਚ ਅਲੋਪ ਹੋ ਚੁਕੀ ਸੀ।
੨
ਕਿੰਨਾ ਚਿਰ ਸੱਪ ਖੱਡ ਵਿਚ ਕੁੰਡਲ ਮਾਰੀ ਬੈਠਾ ਰਿਹਾ, ਪੰਛੀ ਦੀ ਮੌਤ ਬਾਰੇ ਸੋਚਦਾ, ਆਕਾਸ਼ ਲਈ ਉਸਦੇ ਪਿਆਰ ਬਾਰੇ ਸੋਚਦਾ।
ਤੇ ਇਸਨੇ ਦੂਰ ਪੁਲਾੜ ਵਿਚ ਨਜ਼ਰ ਮਾਰੀ, ਜਿਥੇ ਖ਼ੁਸ਼ੀ ਬਾਰੇ ਸੁਪਨੇ ਸਦਾ ਅੱਖਾਂ ਨੂੰ ਖਿੱਚ ਪਾਉਂਦੇ ਰਹਿੰਦੇ ਨੇ।
ਉਸ ਮਰਨੇ ਬਾਜ ਨੂੰ ਬਿਨਾਂ ਤਲ ਤੇ ਬਿਨਾਂ ਕਿਨਾਰੇ ਦੇ ਇਸ ਖ਼ਲਾਅ ਵਿਚ ਕੀ ਦਿਸਿਆ ਸੀ? ਕਿਉਂ ਉਸ ਵਰਗੇ, ਮਰਨਜੋਗੇ, ਆਕਾਸ਼ ਵਿਚ ਉੱਡਣ ਦੀ ਆਪਣੀ ਤਾਂਘ ਨਾਲ ਰੂਹ ਨੂੰ ਕਲਪਾਉਂਦੇ ਨੇ? ਉਥੇ ਉਹਨਾਂ ਨੂੰ ਕੀ ਦਿਸਦਾ ਹੈ? ਇਹ ਸਾਰਾ ਕੁਝ ਮੈਂ ਇਕੋ ਉਡਾਣ ਵਿਚ ਹੀ ਜਾਣ ਸਕਦਾ ਹਾਂ, ਭਾਵੇਂ ਇਹ ਛੋਟੀ ਜਿਹੀ ਹੀ ਕਿਉਂ ਨਾ ਹੋਵੇ।'
ਕਿਹਾ, ਤੇ ਕਰ ਵਿਖਾਇਆ। ਉਸਨੇ ਹੋਰ ਵੀ ਜ਼ੋਰ ਦੀ ਕੁੰਡਲ ਮਾਰਿਆ ਤੇ ਕੁੱਦ ਪਿਆ। ਧੁੱਪ ਵਿਚ ਕਾਲੀ ਲਕੀਰ ਚਮਕਦੀ ਦਿਖਾਈ ਦਿਤੀ।
ਪਰ ਰੀਂਗਣ ਲਈ ਜੰਮੇ ਕਿੱਦਾਂ ਉਡ ਸਕਦੇ ਨੇ? ਸੱਪ ਹੇਠਾਂ ਪੱਥਰਾ ਉਤੇ ਆ ਡਿੱਗਾ, ਪਰ ਮਰਿਆ ਨਾ। ਉਹ ਹੱਸਦਾ ਹੋਇਆ ਬੋਲਿਆ।
"ਸੋ ਇਸ ਗੱਲ ਵਿਚ ਹੈ ਆਕਾਸ਼ ਵਿਚ ਉੱਡਣ ਦੀ ਖ਼ੁਸ਼ੀ! ਹੇਠਾਂ ਆ ਡਿੱਗਣ ਵਿਚ! ਕਿਆ ਅਜੀਬ ਪੰਛੀ ਨੇ! ਧਰਤੀ ਨੂੰ ਜਾਣਦੇ ਨਹੀਂ, ਇਸ ਉਤੇ ਦੁਖੀ ਰਹਿੰਦੇ ਨੇ, ਆਕਾਸ਼ ਵਿਚ ਉੱਚਾ ਉੱਡਣਾ ਚਾਹੁੰਦੇ ਨੇ ਤੇ ਉਸ ਸੜਦੇ ਖ਼ਲਾਅ ਵਿਚ ਜ਼ਿੰਦਗੀ ਟੋਲਦੇ ਨੇ। ਉਥੇ ਸਿਰਫ਼ ਖਲਾਅ ਏ। ਚਾਨਣ ਉਥੇ ਬਹੁਤ ਏ, ਪਰ ਸਰੀਰ ਨੂੰ ਕਾਇਮ ਰੱਖਣ ਲਈ ਕੁਝ ਨਹੀ। ਤਾਂ ਏਨਾਂ ਮਾਣ ਕਾਹਦੇ ਲਈ? ਤੇ ਏਨੀ ਹਿਕਾਰਤ ਕਾਹਦੇ ਲਈ? ਦੁਨੀਆਂ ਤੋਂ ਆਪਣੀਆਂ ਪਾਗਲ ਲਾਲਸਾਵਾਂ ਤੇ ਜੀਵਨ ਦੇ ਕਾਰੋਬਾਰ ਨਾਲ ਨਜਿੱਠ ਸਕਣ ਵਿਚ ਆਪਣੀ ਅਸਫ਼ਲਤਾ ਛੁਪਾਉਣ ਲਈ? ਕਿਆ ਅਜੀਬ ਪੰਛੀ ਨੇ! ਕਦੀ ਵੀ ਫਿਰ ਤੇਰੇ ਲਫ਼ਜ ਮੈਨੂੰ ਵਰਗਲਾ ਨਹੀਂ ਸਕਣਗੇ। ਕਿਉਕਿ ਹੁਣ ਮੈਂ ਸਭ ਕੁਝ ਜਾਣਦਾ ਹਾਂ। ਮੈਂ ਆਕਾਸ਼ ਵੇਖ ਲਿਆ ਹੈ, ਇਸ ਵਿਚ ਉਤੇ ਚੜਿਆ ਤੇ ਇਸਦੀ ਖੋਜ ਕੀਤੀ ਹੈ, ਤੇ ਆਕਾਸ਼ ਤੋਂ ਮੈਂ ਡਿੱਗਾ ਹਾਂ, ਭਾਵੇਂ ਮਰਿਆ ਨਹੀ। ਆਪਣੇ ਵਿਚ ਮੇਰਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਹੈ। ਜਿਹੜੇ ਧਰਤੀ ਨੂੰ ਨਹੀਂ ਪਿਆਰਦੇ, ਉਹਨਾਂ ਨੂੰ ਭੁਲੇਖਿਆਂ ਉਤੇ ਜਿਊਣ ਦਿਓ। ਮੈਂ ਸੱਚ ਪਾ ਲਿਆ ਹੈ। ਫਿਰ ਕਦੀ ਵੀ ਮੈਂ ਪੰਛੀ ਦੀ ਵੰਗਾਰ ਕਬੂਲ ਨਹੀ ਕਰਾਂਗਾ। ਧਰਤੀ ਦਾ ਜੰਮਿਆਂ, ਮੈਂ ਧਰਤੀ ਉਤੇ ਹੀ ਰਹਾਂਗਾ।
ਇਹ ਕਹਿੰਦਿਆਂ, ਇਸਨੇ ਹੋਰ ਵੀ ਘੁਮੰਡ ਵਿਚ ਆਉਂਦਿਆਂ ਇਕ ਪਥੱਰ ਉਤੇ ਕੁੰਡਲ ਮਾਰ ਲਿਆ।
ਤੇਜ਼ ਰੌਸ਼ਨੀ ਵਿਚ ਸਾਰਾ ਸਾਗਰ ਲਿਸ਼ਕਾਂ ਮਾਰ ਰਿਹਾ ਸੀ, ਤੇ ਲਹਿਰਾਂ ਜ਼ੋਰ ਜ਼ੋਰ ਦੀ ਆ ਕੇ ਕੰਡੇ ਨਾਲ ਪਟਕ ਰਹੀਆਂ ਸਨ।
ਉਹਨਾਂ ਦੀ ਸ਼ੇਰ ਵਰਗੀ ਗਰਜ ਵਿਚ ਬਾਜ ਦੇ ਗੀਤ ਦੀ ਗੂੰਜ ਸੀ। ਸਾਗਰ ਦੇ ਥਪੇੜਿਆਂ ਨਾਲ ਚੱਟਾਨਾਂ ਕੰਬ ਰਹੀਆ ਸਨ, ਭਿਆਨਕ ਗੀਤ ਦੀਆਂ ਧੁਨਾਂ ਨਾਲ ਆਕਾਸ਼ ਕੰਬ ਰਿਹਾ ਸੀ,
"ਬਹਾਦਰਾਂ ਦੇ ਪਾਗਲਪਨ ਦੀ ਜੈ ਜੈ ਕਾਰ ਅਸੀ ਗਾ ਰਹੀਆਂ।
"ਬਹਾਦਰਾਂ ਦਾ ਪਾਗਲਪਨ ਜਿੰਦਗੀ ਦੀ ਸਿਆਣਪ ਹੈ। ਹੇ ਦਲੇਰ ਬਾਜ। ਦੁਸ਼ਮਣ ਨਾਲ ਲੜਦਿਆਂ ਤੂੰ ਖ਼ੂਨ ਵਹਾਇਆ, ਪਰ ਵਕਤ ਆਏਗਾ ਤੇ ਤੇਰੇ ਗਰਮ ਖ਼ੂਨ ਦੀ ਹਰ ਬੂੰਦ ਤਾਰਾਬਣੇਗੀ, ਤੇ ਜਿੰਦਗੀ ਦੇ ਹਨੇਰੇ ਨੂੰ ਰੁਸ਼ਨਾਏਗੀ ਤੇ ਕਈ ਬਹਾਦਰ ਦਿਲਾਂ ਵਿਚ ਆਜ਼ਾਦੀ ਤੇ ਰੌਸ਼ਨੀ ਦੀ ਪਾਗਲ ਪਿਆਸ ਭੜਕਾਏਗੀ!
"ਤੂੰ ਭਾਵੇਂ ਮਰ ਗਿਆ ਹੈ! ਪਰ ਬਹਾਦਰੀ ਦੇ ਗੀਤਾਂ ਵਿਚ ਤੂੰ ਮਿਸਾਲ ਬਣਕੇ, ਤੇ ਆਜ਼ਾਦੀ ਲਈ, ਰੌਸ਼ਨੀ ਲਈ ਮਾਣਭਰੀ ਵੰਗਾਰ ਬਣ ਕੇ ਤੂੰ ਸਦਾ ਜਿਊਂਦਾ ਰਹੇਗਾ!
"ਬਹਾਦਰਾਂ ਦੇ ਪਾਗਲਪਨ ਦੀ ਜੈ ਜੈ ਕਾਰ ਅਸੀ ਗਾ ਰਹੀਆਂ!"
…ਸਾਗਰ ਦੀਆਂ ਦੂਧੀਆ ਚੁੜਿਤਣਾਂ ਖ਼ਾਮੋਸ਼ ਹਨ। ਤੱਟ ਨਾਲ ਆ ਕੇ ਵੱਜਦੀਆ ਲਹਿਰਾਂ ਮੱਧਮ ਸੁਰ ਵਿਚ ਗਾ ਰਹੀਆਂ ਹਨ, ਤੇ ਮੈਂ ਵੀ, ਦੂਰ ਨਜ਼ਰ ਗੱਡੀ, ਚੁੱਪ ਬੈਠਾ ਹਾਂ। ਹੁਣ ਪਾਣੀ ਉਤੇ ਚਾਂਦੀ ਰੰਗੇ ਧੱਬੇ ਵੱਧ ਗਏ ਹਨ। … ਸਾਡੀ ਕੇਤਲੀ ਚੁੱਪ-ਚਾਪ ਖੌਲ ਰਹੀ ਹੈ।
ਇਕ ਲਹਿਰ ਆਪਣੀਆਂ ਭੈਣਾਂ ਨੂੰ ਪਿੱਛੇ ਛੱਡਦੀ ਹੋਈ, ਰਹੀਮ ਦੇ ਸਿਰ ਤੱਕ ਪਹੁੰਚਦੀ ਹੋਈ ਮਜ਼ਾਕ ਉਡਾਉਂਦੀ ਨਿੱਕੀ ਜਿਹੀ ਕੂਕ ਛੱਡਦੀ ਹੈ।
"ਕਿੱਧਰ ਆ ਰਹੀ ਏਂ?,… ਚੱਲ ਪਿੱਛੇ!" ਰਹੀਮ ਆਪਣਾ ਹੱਥ ਮਾਰਦਾ ਹੋਇਆ ਚਿੱਲਾਉਂਦਾ ਹੈ, ਤੇ ਲਹਿਰ ਆਗਿਆਕਾਰੀ ਢੰਗ ਨਾਲ ਵਾਪਸ ਮੁੜ ਜਾਂਦੀ ਹੈ।
ਰਹੀਮ ਵੱਲੋਂ ਲਹਿਰ ਨੂੰ ਜਿਊਂਦੀ ਜਾਗਦੀ ਚੀਜ਼ ਮੰਨਣ ਉਤੇ ਮੈਨੂੰ ਜ਼ਰਾ ਵੀ ਹੈਰਾਨੀ ਨਹੀਂ ਹੁੰਦੀ, ਨਾ ਡਰ ਲਗਦਾ ਹੈ। ਸਾਡੇ ਆਲੇ-ਦੁਆਲੇ ਦੀ ਹਰ ਚੀਜ਼ ਬੇਮਿਸਾਲ ਤੌਰ ਉਤੇ ਸਜੀਵ, ਕੋਮਲ ਤੇ ਸਹਿਲਾਉਣ ਦਾ ਅਸਰ ਰੱਖਦੀ ਹੈ। ਸਾਗਰ ਸ਼ਾਂਤ ਹੈ, ਤੇ ਇਸਦੇ ਠੰਢੇ ਸਾਹਾਂ ਵਿਚ ਇਕ ਤਾਕਤ ਮਹਿਸੂਸ ਹੁੰਦੀ ਹੈ, ਜਿਹੜਾ ਇਹ ਦਿਨ ਦੀ ਗਰਮੀ ਨਾਲ ਅਜੇ ਤੱਕ ਭਰੀਆਂ ਹੋਇਆਂ ਪਹਾੜਾਂ ਦੀਆਂ ਟੀਸੀਆ ਵੱਲ ਛੱਡ ਰਿਹਾ ਹੈ। ਆਕਾਸ਼ ਦੇ ਗੂੜ੍ਹੇ ਨੀਲੇ ਪਿਛੋਕੜ ਵਿਚ ਸਿਤਾਰਿਆਂ ਨੇ ਸੁਨਹਿਰੀ ਅੱਖਰਾ ਵਿਚ ਕੋਈ ਜੇਤੂ ਸੰਦੇਸ਼ ਲਿਖ ਦਿਤਾ ਹੈ, ਕੋਈ ਅਜਿਹੀ ਗੱਲ ਜਿਹੜੀ ਰੂਹ ਨੂੰ ਮੁਗਧ ਕਰ ਰਹੀ ਹੈ ਤੇ ਕਿਸੇ ਅਗੰਮ-ਗਿਆਨ ਦੀ ਮਿੱਠੀ ਆਸ ਨਾਲ ਮਨ ਨੂੰ ਹਲੂਣ ਰਹੀ ਹੈ।
ਸਭ ਕੁਝ ਊਂਘ ਰਿਹਾ ਹੈ, ਪਰ ਇਕ ਖਿੱਚ-ਭਰੀ ਚੇਤਨਤਾ ਨਾਲ, ਜਿਵੇ ਕਿ ਹੋਰ ਘੜੀ ਨੂੰ ਸਭ ਚੀਜ਼ਾਂ ਆਪਣੀ ਨੀਂਦ ਲਾਹ ਮਾਰਨਗੀਆ ਤੇ ਕਿਸੇ ਅਕਹਿ ਮਿੱਠੀ ਇਕਸੁਰਤਾ ਦੇ ਸਮੂਹਗਾਣ ਵਿਚ ਆਪਣੀਆਂ ਆਵਾਜ਼ਾ ਉੱਚੀਆਂ ਕਰਨਗੀਆ। ਇਹ ਇੱਕਸੁਰ ਗੀਤ ਜਿੰਦਗੀ ਦੇ ਭੇਤਾਂ ਦੀ ਗੱਲ ਕਰੇਗਾ, ਮਨ ਸਾਹਮਣੇ ਇਹਨਾਂ ਦੀ ਵਿਆਖਿਆ ਕਰੇਗਾ ਤੇ ਫਿਰ ਉਸਨੂੰ ਬੁਝਾ ਦੇਵੇਗਾ, ਕਿਸੇ ਬੇਵਜੂਦ ਅੱਗ ਵਾਂਗ, ਤੇ ਰੂਹ ਨੂੰ ਉਠਾ ਕੇ ਰਾਤ ਦੇ ਨੀਲੇ ਖਲਾਅ ਵਿਚ ਲੈ ਜਾਏਗਾ ਜਿਥੇ ਤਾਰਿਆ ਦੀ ਕੁਸ਼ਲ ਨੱਕਾਸ਼ੀ ਅਗੰਮ-ਗਿਆਨ ਦਾ ਉਹੋ ਦੈਵੀ ਗੀਤ ਗਾ ਰਹੀ ਹੈ।
੧੮੯੫