Anand Sahib--Ik Prabandh-Kaav : Ishar Singh Taangh
ਅਨੰਦੁ ਸਾਹਿਬ--ਇਕ ਪ੍ਰਬੰਧ-ਕਾਵਿ : ਈਸਰ ਸਿੰਘ ਤਾਂਘ
ਪ੍ਰਾਚੀਨ ਭਾਰਤੀ ਕਾਵਿ-ਸ਼ਾਸਤਰ ਵਿਚ ਕਾਵਿ ਦੇ ਦੋ ਭੇਦ ਸ੍ਰੀਕਾਰ ਕੀਤੇ ਗਏ ਹਨ । ਮੁਕਤ ਕਾਵਿ ਤੇ ਪ੍ਰਬੰਧ ਕਾਵਿ । ਮੁਕਤਕ ਸਬਦ ਮੁਕਤ ਕਨ ਧਾਤੂ ਤੋਂ ਬਣਿਆ ਹੈ । ਮੁਕਤ ਦਾ ਸ਼ਾਬਦਿਕ ਅਰਥ ਹੈ ਤਿਆਗ ਦੇਣਾ ਜਾਂ ਖੋਹਲ ਦੇਣਾ, ਪਰੰਤੂ ਸਾਹਿਤ ਸ਼ਾਸਤਰ ਵਿਚ ਮਕਤਕ ਸ਼ਬਦ ਦਾ ਅਰਥ ਰੂੜ੍ਹ ਹੋ ਗਿਆ ਹੈ । ਅਗਨੀ ਪੁਰਾਣ ਅਨੁਸਾਰ 'ਮੁਕਤਕ ਇਕ ਹੀ ਸ਼ਲੋਕ ਨੂੰ ਕਹਿੰਦੇ ਹਨ ।' ਆਚਾਰੀਆ ਰਾਮ ਚੰਦਰ ਸ਼ੁਕਲ ਦੇ ਸ਼ਬਦਾਂ ਵਿਚ "ਮੁਕਤਕ ਵਿਚ ਪ੍ਰਬੰਧ ਕਾਵਿ ਵਾਂਗ ਰਸ ਦੀ ਧਾਰਾ ਨਹੀਂ ਵਹੰਦੀ......ਇਸ (ਮੁਕਤਕ) ਵਿਚ ਰਸ ਦੇ ਅਜੇਹੇ ਛਿੱਟੇ ਪੈਂਦੇ ਹਨ ਜਿਨ੍ਹਾਂ ਨਾਲ ਹਿਰਦੇ ਦੀ ਕਲੀ ਕੁਝ ਦੇਰ ਲਈ ਖਿੜ ਪੈਂਦੀ ਹੈ । ਜੇ ਪ੍ਰਬੰਧ ਕਾਵਿ ਇਕ ਵੱਡਾ ਸਾਰਾ ਬਗੀਚਾ ਹੈ; ਤਾਂ ਮੁਕਤਕ ਇਕ ਚੁਣਿਆ ਹੋਇਆ ਗੁਲਦਸਤਾ ।
ਭਾਵੇਂ ਭਾਰਤੀ ਸਾਹਿੱਤ ਵਿਚ ਪ੍ਰਬੰਧ ਕਾਵਿ ਨੂੰ ਮੁਕਤਕ ਤੋਂ ਵਧੇਰੇ ਮਹੱਤਾ ਦਿਤੀ ਜਾਂਦੀ ਹੈ, ਪਰੰਤੂ ਪ੍ਰਬੰਧ ਕਾਵਿ ਦੀਆਂ ਵਿਸ਼ੇਸ਼ਤਾਵਾਂ ਤੇ ਬਹੁਤ ਘਟ ਵਿਚਾਰ ਕੀਤੀ ਗਈ ਹੈ । ਮੂਲ ਰੂਪ ਵਿਚ ਪ੍ਰਬੰਧ-ਕਾਵਿ ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੰਬੰਧਤ ਉਹ ਕਾਵਿ-ਰਚਨਾ ਹੈ, ਜਿਸ ਦੀ ਵਿਚਾਰ-ਲੜੀ ਜੰਜੀਰ ਦੀਆਂ ਕੜੀਆਂ ਵਾਂਗ ਜੁੜੀ ਹੋਈ ਹੋਵੇ । ਸਾਰੀਆਂ ਪਉੜੀਆਂ ਕੇਂਦਰੀ ਵਿਸ਼ੇ ਦੇ ਆਲੇ ਦੁਆਲੇ ਘੁੰਮਦੀਆਂ ਰਹਣ । ਪ੍ਰਬੰਧ ਕਾਵਿ ਦਾ ਇਕ ਵਿਸ਼ੇਸ਼ ਕ੍ਰਮ ਹੁੰਦਾ ਹੈ । ਜੇ ਉਸ ਕ੍ਰਮ ਨੂੰ ਅਗੇ ਪਿਛੇ ਕਰ ਦਿਤਾ ਜਾਵੇ ਤਾਂ ਵਿਚਾਰਸੰਗਲੀ ਟੁਟ ਜਾਂਦੀ ਹੈ ਅਤੇ ਇਸ ਟੁਟੀ ਹੋਈ ਵਿਚਾਰ-ਸੰਗਲੀ ਵਿਚ ਪ੍ਰਬੰਧ ਦਾ ਪ੍ਰਧਾਨ ਗੁਣ ਲੋਪ ਹੋ ਜਾਂਦਾ ਹੈ ।
ਸੰਸਕ੍ਰਿਤ ਦੇ ਪ੍ਰਮੁਖ ਆਚਾਰੀਆ 'ਅਨੰਦ ਵਰਧਨ' ਨੇ ਪ੍ਰਬੰਧ ਕਾਵਿ ਦੇ ਸਰੂਪ ਬਾਰੇ ਕੁਝ ਸਲੋਕ ਲਿਖੇ ਜਿਨਾਂ ਦੇ ਆਧਾਰ ਤੇ ਪ੍ਰਬੰਧ ਕਾਵਿ ਦੀ ਸ਼ਾਸਤਰੀ ਰੂਪ ਰੇਖਾ ਨਿਸਚਿਤ ਕੀਤੀ ਜਾ ਸਕਦੀ ਹੈ ਜਿਵੇਂ :-
(ਕ) ਸਾਰੀ ਕਥਾ ਚੰਗੀ ਤਰ੍ਹਾਂ ਸੰਗਠਿਤ ਹੋਵੇ ।
(ਖ) ਪ੍ਰਬੰਧ ਕਾਵਿ ਵਿਚ ਇਕ ਪਰਧਾਨ ਰਸ ਹੁੰਦਾ ਹੈ ਅਤੇ ਵਿਰੋਧੀ ਰਸ ਨੂੰ ਅਨਉਚਿਤ ਥਾਂ ਨਹੀਂ ਦਿਤੀ ਜਾਂਦੀ ।
(ਗ) ਰਸਾਂ ਦੇ ਅਨੁਕੂਲ ਹੀ ਅਲੰਕਾਰਾਂ ਦੀ ਯੋਜਨਾ ਜ਼ਰੂਰੀ ਹੈ ।
(ਘ) ਪ੍ਰਬੰਧ-ਕਾਵਿ ਦੀ ਕਥਾ ਦਾ ਸੰਸਕਾਰ ਹੋਣਾ ਚਾਹੀਦਾ ਹੈ । ਨੀਰਸ ਵਸਤੂ ਨੂੰ ਛਾਂਗ ਦੇਣਾ ਜ਼ਰੂਰੀ ਹੈ । (ਙ) ਕਥਾ ਵਸਤੂ ਦਾ ਕੇਵਲ ਉਹੀ ਰਮਣੀਕ ਭਾਗ ਪਰਬੰਧ ਕਾਵਿ ਵਿਚ ਪੇਸ਼ ਕੀਤਾ ਜਾਂਦਾ ਹੈ, ਜਿਸ ਵਿਚ ਭਾਵ, ਵਿਭਾਵ, ਅਨੁਭਾਵ ਤੇ ਸੰਚਾਰੀ ਭਾਵ ਆਦਿ ਅਰਥਾਤ ਰਸ ਦੀ ਪੂਰਨ ਸਮਗਰੀ ਮੌਜੂਦ ਹੋਵੇ । ਇਸ ਕਸਵਟੀ ਅਨੁਸਾਰ ਪ੍ਰਬੰਧ ਕਾਵਿ ਵਿਚ ਨਾਇਕ ਤੇ ਹੋਰ ਪਾਤਰ ਵੀ ਹੋਣੇ ਚਾਹੀਦੇ ਹਨ ।
(ਚ) ਇਹ ਕਥਾ ਇਤਿਹਾਸਕ ਵੀ ਹੋ ਸਕਦੀ ਹੈ ਤੇ ਕਲਪਿਤ ਵੀ । ਅਨੰਦ ਸਾਹਿਬ ਵਿਚ ਪ੍ਰਬੰਧ ਕਾਵਿ ਦੇ ਸਾਰੇ ਗੁਣ ਮਿਲਦੇ ਹਨ ਅਨੰਦ ਸਾਹਿਬ ਦੀ ਇਕ ਵਿਸ਼ੇਸ਼ ਤਰਤੀਬ ਹੈ । ਸਾਰੀਆਂ ਪਉੜੀਆਂ ਆਪਣੇ ਕੇਂਦਰੀ ਵਿਸ਼ੇ ਨਾਲ ਸੰਬੰਧਤ ਹਨ । ਹਰ ਪਉੜੀ ਕੜੀ ਵਾਂਗ ਇਕ ਵਿਸ਼ੇਸ਼ ਗੋਲਾਈ ਵਿਚ ਢਾਲੀ ਗਈ ਹੈ । ਜਿਵੇਂ :-
"ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥"
ਪਉੜੀ ਦੀ ਤਾਲ ਵੇਖਣ ਯੋਗ ਹੈ । ਪ੍ਰਬੰਧਾਤਮਕਤਾ ਦੀ ਦ੍ਰਿਸ਼ਟੀ ਤੋਂ ਅਨੰਦ ਸਾਹਿਬ ਦੀਆਂ ਸਾਰੀਆਂ ਪਉੜੀਆਂ ਲਾਜਵਾਬ ਹਨ । ਇਸ ਤਰ੍ਹਾਂ ਸਾਰੀਆਂ (ਪਉੜੀਆਂ) ਨੂੰ ਇਕ ਜ਼ੰਜੀਰ ਵਾਂਗ ਪਰੋ ਦਿਤਾ ਗਇਆ ਹੈ । ਇਹ ਸਾਰਾ ਪ੍ਰਬੰਧ ਕਾਵਿ ਆਪਣੇ ਮੂਲ ਵਿਸ਼ੇ ਤੋਂ ਬਾਹਰ ਨਹੀਂ ਜਾਂਦਾ।
ਪ੍ਰਮਾਤਮਾ ਦਾ ਸਰੂਪ 'ਸਚਦਾਨੰਦ' ਹੈ । ਅਰਥਾਤ ਬ੍ਰਹਮ ਵਿਚ ਸਤਿ । ਚਿਤ ਅਤੇ ਆਨੰਦ ਤਿੰਨ ਗੁਣ ਹਨ । ਜੀਵ ਗੁਰੂ ਦੀ ਸਹਾਇਤਾ ਨਾਲ ਉਸ ‘ਸਚਦਾਨੰਦ' ਨੂੰ ਪ੍ਰਾਪਤ ਕਰ ਸਕਦਾ ਹੈ । ਆਨੰਦ ਸਾਹਿਬ ਦਾ ਵਿਸ਼ਾ ਉਸੇ ਆਨੰਦ ਸਰੂਪ ਦੀ ਪ੍ਰਾਪਤੀ ਹੈ । ਇਹ ਸਾਰੀ ਰਚਨਾ ਆਪਣੇ ਕੇਂਦਰੀ ਭਾਵ ਨਾਲ ਸਬੰਧਿਤ ਹੈ ਅਤੇ ਸਾਰੇ ਭਾਵ ਇਕ ਲੜੀ ਵਿਚ ਪਰੋਤੇ ਹੋਏ ਹਨ । ਜਿਵੇਂ-
ਜਦੋਂ ਜੀਵ ਸਤਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ । ਗੁਰੂ-ਕਿਰਪਾ ਨਾਲ ਜੀਵ ਆਪਣੇ ਮਨ ਨੂੰ 'ਹਰਿ ਨਾਲ, ਜਿਸ ਦੇ ਘਰ ਵਿਚ ਸਭ ਕੁਝ ਹੈ । ਉਸ ਦਾ 'ਸਾਚਾ ਨਾਮੇ ਹੀ ਗੁਰਸਿਖ ਦਾ ਆਧਾਰ ਹੈ ਜਿਸ ਨਾਲ ਸ਼ਾਂਤੀ ਤੇ ਸੁਖ ਪ੍ਰਾਪਤ ਹੁੰਦਾ ਹੈ ਅਤੇ ਸਾਰੀਆਂ ਆਸ਼ਾਵਾਂ ਪੂਰਨ ਹੋ ਜਾਂਦੀਆਂ ਹਨ । ਉਸ ‘ਹਰਿ' ਨੇ'ਪੰਜੇ ਦੂਤ' ਆਪਣੇ ਵਸ ਵਿਚ ਕੀਤੇ ਹੋਏ ਹਨ ਅਤੇ 'ਕਾਲ-ਕੰਟਕੁ' ਨੂੰ ਮਾਰ ਦਿਤਾ ਹੈ । ਅਜਿਹਾ 'ਸਾਚੀ ਲਿਵ' ਕਾਰਣ ਹੀ ਹੋਇਆ। ਜੇ ਸਾਚੀ ਲਿਵ ਨ ਹੁੰਦੀ ਤਾਂ ਇਹ ਦੇਹਨਿਮਾਣੀ ਕੀ ਕਰ ਸਕਦੀ ਸੀ ? “ਆਨੰਦ ਆਨੰਦ ਸਭੁ ਕੋ ਕਹੈ' ਪਰੰਤੂ ਆਨੰਦ ਗੁਰੁ ਤੋਂ ਜਾਣਿਆ ਜਾ ਸਕਦਾ ਹੈ । ਗੁਰੂ ਹੀ ਕਿਰਪਾ ਕਰਕੇ ਜੀਵ ਦੀ ਮੋਹ-ਮਮਤਾ ਤਰੋੜ ਦੇਂਦਾ ਹੈ । ਪਰੰਤੂ ਇਹ ਵਡਿਆਈ ਉਸੇ ਨੂੰ ਪ੍ਰਾਪਤ ਹੁੰਦੀ ਹੈ । ਜਿਸ ਨੂੰ ਬਾਬਾ ਬਖ਼ਸ਼ਦਾ ਹੈ । ਗਿਆਨ ਪ੍ਰਾਪਤੀ ਮਗਰੋਂ ਇਹ ਸੱਦਾ ਦਿਤਾ ਜਾਂਦਾ ਹੈ--- 'ਆਵਹੁ ਸੰਤ ਪਿਆਰਿਹੋ । ਅਕਥ ਕੀ ਕਰਹ ਕਹਾਣੀ' ਤੇ ਨਾਲ ਹੀ ਚੰਚਲ ਮਨ ਨੂੰ ਚੇਤੰਨ ਕੀਤਾ ਜਾਂਦਾ ਹੈ-- 'ਏ ਮਨ ਚੰਚਲਾ, ਚਤੁਰਾਈ ਕਿਨੇ ਨ ਪਾਇਆ।' ਇਹ ਚਤੁਰਾਈ ਉਸ ਅਨੰਦ ਸਰੂਪ (ਬ੍ਰਹਮ) ਨਾਲ ਨਹੀਂ ਢਲ ਸਕਦੀ । ਇਸ ਚਤੁਰਾਈ ਨੇ ਜੀਵ ਨੂੰ ਮੋਹ ਵਿਚ ਫਸਾਇਆ ਹੋਇਆ ਹੈ । ਇਹ ਮੋਹ ਮਮਤਾ ਤੇ ਮਾਇਆ ਦਾ ਸਰੂਪ ਬੜਾ ਮਨ ਮੋਹਣਾ ਹੈ । ਜਿਸ ਨੇ ਜੀਵ ਨੂੰ ਭਰਮ ਵਿਚ ਭੁਲਾਇਆਂ ਹੋਇਆ ਹੈ । ਇਸ ਲਈ-- 'ਏ ਮਨ ਪਿਆਰਿਆ ਤੂੰ ਸਦਾ ਸਚ ਸਮਾਲੇ' ਕਿਉਂਕਿ ਇਹ ਕੁਟੰਬ ਦਾ ਮੋਹ ਝੂਠਾ ਹੈ । ਇਸ ਨੇ ਜੀਵ ਨਾਲ ਨਹੀਂ ਜਾਣਾ । ਇਸ ਲਈ ਜੀਵ ਨੂੰ ਅਜੇਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਉਸਨੂੰ ਅੰਤ ਸਮੇਂ ਪਛਤਾਣਾ ਪਵੇ । ਜੀਵ ਨੂੰ ਕੇਵਲ ਗੁਰੂ ਉਪਦੇਸ਼ ਅਨੁਸਾਰ 'ਸੱਚ` ਧਿਆਉਣਾ ਚਾਹੀਦਾ ਹੈ । ਇਹ ‘ਸਚ' ਅਗਮ ਹੈ, ਅਗੋਚਰ ਹੈ । ਉਸ ਨੇ ਖੇਲ ਕਾਰਣ ਜੀਵ ਪੈਦਾ ਕੀਤੇ ਹਨ, ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ । ਗੁਰੂ ਹੀ ਅਜੇਹਾ ਸੋਮਾ ਹੈ, ਜਿਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ । ਸਤਿਗੁਰੂ ਹੀ ‘ਲਬੁ, ਲੋਭੁ ਅਹੰਕਾਰ’ ਨੂੰ ਨਸ਼ਟ ਕਰਦਾ ਹੈ । ਅਜੇਹੇ ਅੰਮ੍ਰਿਤ ਦੇ ਸਮੇ- ਗੁਰੂ ਦੇ ਭਗਤਾਂ-- ਦੀ ਚਾਲ ਨਿਰਾਲੀ ਹੁੰਦੀ ਹੈ ! ਉਹ ‘ਬਿਖਮ ਮਾਰਗ' ਤੇ ਚਲਣ ਦੀ ਸ਼ਕਤੀ ਰੱਖਦੇ ਹਨ ਅਤੇ ਹਰਿ ਦੇ ਹੁਕਮ ਅਨੁਸਾਰ ਟੁਰਦੇ ਹਨ । ਉਹ ਤਾਂ ਕੇਵਲ ਇਹੀ ਜਾਣਦੇ ਹਨ--'ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ।'
ਇਹ 'ਸੋਹਲਾ' ਜੇਹੜਾ ਸਤਿਗੁਰੂ ਨੇ ਸੁਣਾਇਆ, ਉਹ ਕੇਵਲ ਉਨ੍ਹਾਂ ਦੇ ਮਨ ਵਿਚ ਵਸਿਆ। ਜਿਨ੍ਹਾਂ ਦੇ ਨਾਲ ਧੁਰੂੰ ਲਿਖਿਆ ਆਇਆ ਹੈ। ਫਿਰ ਉਹ ਹਰਿ ਨੂੰ ਧਿਆ ਕੇ ਪਵਿਤਰ ਹੋ ਗਏ ਅਤੇ ਨਾਲ ਹੀ ਉਨ੍ਹਾਂ ਦੇ ਮਾਤਾ ਪਿਤਾ ਤੇ ਕੁਟੰਬ ਵੀ।
ਜੇ ਮਾਨਵ ਵਿਚ ਕੋਈ 'ਸਹਸਾ' ਉਤਪਨ ਹੋ ਜਾਵੇ ਤਾਂ ਉਸ ਨੂੰ ਦੂਰ ਕਰਨ ਦਾ ਇਕੋ ਇਕ ਉਪਾ ਹੈ-ਗੁਰੂ ਪ੍ਰਸਦਿ। ਜੋ ਜੀਵ ਅੰਦਰੋਂ ਮੈਲੇ ਹਨ ਅਤੇ ਬਾਹਰੋਂ ਨਿਰਮਲ ਹਨ। ਉਹ ਆਪਣਾ ਜਨਮ ਹਾਰ ਚੁਕੇ ਹਨ। ਉਨ੍ਹਾਂ ਨੂੰ ਇਕ ਰੋਗ ਲਗ ਗਇਆ ਹੈ ਅਤੇ ਉਹ ਕੂੜ ਮਗਰ ਲਗ ਕੇ ਆਪਣੇ ਜਨਮ ਨੂੰ ਜੂਏ ਵਿਚ ਹਾਰ ਚੁਕੇ ਹਨ। ਪਰੰਤੂ ਜਿਨ੍ਹਾਂ ਦੇ ਮਨ ਨਿਰਮਲ ਹਨ, ਉਹ ਸਦਾ ਗੁਰੂ ਦੇ ਸਮੀਪ ਹਨ। ਕਿਹੜਾ ਸਿਖ ਗੁਰੂ ਦੇ ਸਨਮੁਖ ਰਹ ਸਕਦਾ ਹੈ? ਕੇਵਲ ਉਹੀ, ਜੇਹੜਾ 'ਆਪ ਛਡਿ ਸਦਾ ਰਹੈ ਪਰਣੈ, ਗੁਰੂ ਬਿਨ ਅਵਰੁ ਨ ਜਾਣੈ ਕੋਇ' ਦੇ ਅਨੁਸਾਰ ਜੀਵਨ ਬਤੀਤ ਕਰੇ। ਪਰੰਤੂ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਵੇ; ਤਾਂ ਉਹ ਗੁਰੂ- ਕਿਰਪਾ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਇਸੇ ਲਈ ਗੁਰੂ ਅਮਰਦਾਸ ਜੀ ਫਰਮਾਂਦੇ ਹਨ:=
ਆਵਹੁ ਸਿਖ ਸਤਿਗੁਰੂ ਕੇ ਪਿਆਰਹੋ। ਗਾਵਹੁ ਸਚੀ ਬਾਣੀ।
ਸਤਿਗੁਰ ਦੀ ਬਾਣੀ ਤੋਂ ਬਿਨਾ ਹੋਰ ਕਚੀ ਬਾਣੀ ਹੈ। ਜਿਸ ਨੂੰ ਕਹਣ ਤੇ ਸੁਣਨ ਵਾਲੇ ਸਾਰੇ ਹੀ ਕਚੇ ਹਨ। ਸਤਿਗੁਰ ਦੀ ਇਹ ਬਾਣੀ (ਸ਼ਬਦ) ਰਤਨ ਸਮਾਨ ਹੈ ਅਤੇ ਕੋਈ ਗੁਰਮੁਖ ਹੀ ਇਸ ਨੂੰ ਸਮਝ ਸਕਦਾ ਹੈ। ਪਰਮਾਤਮਾ ਨੇ ਸ਼ਿਵ ਤੇ ਸ਼ਕਤੀ ਦਾ ਨਿਰਮਾਣ ਕੀਤਾ ਹੈ। ਉਸ ਸਚ ਬਾਰੇ ਵੇਦ ਸ਼ਾਸ਼ਤਰ ਸਾਰੇ ਵਿਚਾਰ ਕਰਦੇ ਰਹੇ ਪਰ ਕੋਈ ਸਾਰ ਨਾ ਜਾਣ ਸਕੇ। ਇਹੀ ਪਰਮਾਤਮਾ ‘ਮਾਤਾ ਕੇ ਉਦਰ ਮੇ ਪ੍ਰਤਿਪਾਲ' ਕਰਦਾ ਹੈ। ਇਸ ਲਈ ਉਸ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ। ਗੁਰੂ ਅਮਰਦਾਸ ਕਹਿੰਦੇ ਹਨ-- ਮਨਹੁ ਕਿਉਂ ਵਿਸਾਰੀਐ ਏਵਡ ਦਾਤਾ ਜਿ ਅਗਨਿ ਮਹਿ ਆਹਾਰ ਪਹੁਚਾਵੈ। ਜਿਵੇਂ ਮਾਤਾ ਦੇ ਗਰਭ ਵਿਚ ਅਗਨੀ ਹੈ ਇਸੇ ਤਰ੍ਹਾਂ ਸੰਸਾਰ ਵਿਚ ਮਾਇਆ ਹੈ। ਇਹ ਮਾਇਆ ਉਹ ਹੈ ਜਿਸ ਦੇ ਪ੍ਰਭਾਵ ਕਾਰਨ ਧਰਮ ਸ਼ਕਤੀ ਭੁਲ ਜਾਂਦੀ ਹੈ। ਮੋਹ ਮਾਇਆ ਹੁੰਦਾ ਹੈ, ਪਰੰਤੂ ਗੁਰੂ ਦੀ ਕਿਰਪਾ ਨਾਲ ਬ੍ਰਹਮ ਨਾਲ ਲਿਵ ਲਗ ਜਾਂਦੀ ਹੈ ਅਤੇ ਮਾਇਆ ਵਿਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪ੍ਰਮਾਤਮਾ ਅਮੁਲ ਹੈ, ਇਹ ਜੀਵ ਦੀ ਰਾਸ ਹੈ। ਜੀਵ ਦਾ ਮਨ ਵਣਜਾਰਾ ਹੈ। ਅਤੇ ਇਸ ਅਮੁਲ ਰਾਸ ਦੀ ਸੋਝੀ ਸਤਿਗੁਰ ਤੋਂ ਪ੍ਰਾਪਤ ਹੁੰਦੀ ਹੈ।
ਫਿਰ ਆਪਣੀ ਰਸਨਾ ਨੂੰ ਸੰਬੋਧਨ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਏ ਰਸਨਾ ਤੈਨੂੰ ਕੇਵਲ ਹਰਿ-ਰਸ ਪੀਣਾ ਚਾਹੀਦਾ ਹੈ, ਫਿਰ ਤੈਨੂੰ ਕੋਈ ਹੋਰ ਤ੍ਰਿਸ਼ਨਾ ਨਹੀਂ ਰਹੇਗੀ।'ਹਰਿ-ਰਸ' ਹੀ ਸਰਬ ਉਤਮ ਹੈ। ਉਹ ਹਰਿ, ਜਿਸ ਨੇ ਮਾਨਵ-ਸਰੀਰ ਦੀ ਰਚਨਾ ਕੀਤੀ ਅਤੇ ਆਪਣੀ ਜੋਤ ਉਸ ਵਿਚ ਪਾਈ। ਜਦੋ ਮਾਨਵ ਨੇ 'ਪ੍ਰਭੂ-ਆਰਾਮ' ਸੰਬੰਧੀ ਸੁਣਿਆ ਤਾਂ ਉਸਦੇ ‘ਮਨ ਚਾਉ ਭਇਆ।' ਫਿਰ ਹਰਿ-ਮੰਗਲ ਗਾਇਆ ਗਿਆ। ਇਸ ਪ੍ਰਾਪਤੀ ਦਾ ਆਧਾਰ ਹੈ। "ਗੁਰ ਚਰਨ ਲਾਗੇ, ਦਿਨ ਸੁਭਾਗੇ, ਆਪਣਾ ਪਿਰੁ ਜਾਪਏ।"
ਜਦੋਂ ਹਰਿ ਨੇ ਜੀਵ-ਰਚਨਾ ਕਰਕੇ ਉਸ ਵਿਚ ਆਪਣੀ ਜੋਤ ਪਾ ਕੇ, ਉਸ ਨੂੰ ਇਸ ਸੰਸਾਰ ਵਿਚ ਭੇਜਿਆ ਤਾਂ ਮਾਨਵ ਦਾ ਧਰਮ ਹੈ ਕਿ ਉਹ ਕਰਮ ਕਰੇ । ਕਰਤਾ ਦਾ ਕਥਨ ਹੈ-'ਏ ਸਰੀਰਾ ਮੇਰਿਆ, ਇਸ ਜਗ ਮਹਿ ਆਇਕੇ ਕਿਆ ਤੁਧ ਕਰਮ ਕਮਾਇਆ।" ਨਾਲ ਹੀ ਵਖ ਵਖ ਅੰਗਾਂ ਨੂੰ ਚਿਤਾਵਣੀ ਦਿਤੀ ਹੈ। 'ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ" ਅਤੇ ‘ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ।'
ਜੀਵ ਅੰਦਰ ਪਵਣ ਰੂਪੀ ਵਾਜਾ ਵਜ ਰਿਹਾ ਹੈ ਜਿਸ ਦੇ ਨੌਂ ਪ੍ਰਗਟ ਤੇ ਇਕ ਗੁਪਤ ਦਵਾਰ ਹੈ ਅਤੇ ਜਿਸਦਾ ਰਚਨਹਾਰ ਹੈ- ਹਰਿ । ਅੰਤਮ ਪਉੜੀਆਂ ਵਿਚ "ਇਹ ਸਾਚਾ ਸੋਹਿਲਾ ਸਾਚੇ ਘਰ" ਗਾਉਣ ਦਾ ਉਪਦੇਸ਼ ਹੈ । ਫਿਰ ਕੀ ਹੋਵੇਗਾ ? ਜੀਵ ਦੇ ਸਗਲ ਮਨੋਰਥ ਪੂਰੇ ਹੋ ਜਾਣਗੇ । ਪਾਰਬ੍ਰਹਮ ਦੀ ਪ੍ਰਾਪਤੀ ਹੋਵੇਗੀ । ਕਹਿਣ ਤੇ ਸੁਣਨ ਵਾਲੇ ਸਾਰੇ ਹੀ ਪਵਿਤਰ ਹੋ ਜਾਣਗੇ ਅਤੇ 'ਬਿਨਵੰਤ ਨਾਨਕ ਗੁਰਚਰਣ ਲਾਗੇ, ਵਾਜੇ ਅਨਹਦ ਤੂਰੇ' ਦੀ ਅਵਸਥਾ ਪ੍ਰਾਪਤ ਹੋ ਜਾਵੇਗੀ । ਅਨੰਦ ਸਾਹਿਬ ਵਿਚ ਭਗਤੀ ਰਸ ਦੀ ਪ੍ਰਮੁਖਤਾ ਹੈ । ਸਹਿਜ ਅਵਸਥਾ ਵਿਚ ਜੀਵ ਗੁਰ ਪ੍ਰਸਾਦ ਨਾਲ ਹਰਿ ਦੀ ਭਗਤੀ ਕਰਦਾ ਹੈ ਤੇ ਤੇ ਰਸ ਵਿਚ ਲੀਣ ਹੋ ਜਾਂਦਾ ਹੈ । ਗੁਰੂ ਅਮਰਦਾਸ ਜੀ ਅਨੂਸਾਰ ਇਹ ‘ਹਰਿ-ਰਸ' ਹੈ । ਪਉੜੀ ਨੰਬਰ 32 ਵਿਚ ਇਸਦਾ ਸਪਸ਼ਟ ਵਰਨਣ ਹੈ ।
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥
ਹਰ ਰਸ ਹੀ ਪ੍ਰਮਾਨ ਰਸ ਹੈ, ਬਾਕੀ ਸਾਰੇ ਰਸ ਫਿਕੇ ਹਨ । ਅਨੰਦ ਸਾਹਿਬ ਵਿਚ ਰਸ ਆਦਿ ਤੋਂ ਅੰਤ ਤੀਕ ਇਕ ਸਾਰ ਨਿਰੰਤਰ ਵਹੰਦਾ ਤੁਰਿਆ ਜਾਂਦਾ ਹੈ । ਕਿਧਰੇ ਵੀ ਕੋਈ ਵਿਰੋਧੀ ਭਾਵ ਨਹੀਂ, ਸਗੋਂ ਸਹਾਇਕ ਰੂਪ ਵਿਚ ਅਨੇਕ ਧਾਰਾਵਾਂ ਮੂਲ ਰਸ ਵਿਚ ਮਿਲ ਗਈਆਂ ਹਨ । ਇਸ ਹਰਿ-ਰਸ ਦਾ ਆਧਾਰ 'ਸਾਚਾ ਠਾਮ' ਹੈ । ਉਦੀਪਨ ਗੁਰੂ ਦੀ ਬਾਣੀ ਤੇ ਧਾਰਮਿਕ ਮਾਹੌਲ । ਸਦਾਈ ਭਾਵ ਹਰ ਪ੍ਰੇਮ ਹੈ । ਹਰਿ ਦੇ ਭਗਤਾਂ ਦੀ ਨਿਰਾਲੀ ਚਾਲ ਅਤੇ ਉਨ੍ਹਾਂ ਦਾ ਬਿਖਮ ਮਾਰਗ ਤੇ ਚਲਨਾ ਆਦਿ ਅਨੇਕ ਸ਼ਰੀਰਕ ਸਾਤਵਿਕ ਤੇ ਵਾਚਿਕ ਅਨੁਭਾਵ ਅਨੰਦ ਸਾਹਿਬ ਵਿਚ ਮੌਜੂਦ ਹਨ । ਇਹ ਸਾਰੀ ਸਾਮਗ੍ਰੀ ਅਨੇਕ ਸੰਚਾਰੀ ਭਾਵਾਂ ('ਮਨ ਚਾਉ ਭਇਆ') ਸਦਕੇ ਜਾਣ ਦੀ ਭਾਵਨਾ,"ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮ ਮੰਨਿਐ ਪਾਈਐ" ਆਦਿ ਭਾਵਨਾਵਾਂ ਨਾਲ ਤੀਬਰ ਹੋ ਕੇ ਹਰਿ ਦੇ ਰਸ ਵਿਚ ਲੀਣ ਕਰ ਦਿੰਦੀ ਹੈ । ਅਨੰਦ ਸਾਹਿਬ ਦੀ ਹਰ ਪਉੜੀ ਰਸ ਵਿਚ ਭਿੱਜੀ ਹੋਈ ਹੈ ਅਤੇ ਸਾਰੀ ਰਚਨਾ ਸਾਨੂੰ ਰਸ ਸਾਗਰ ਵਿਚ ਡਬੋ ਦਿੰਦੀ ਹੈ :-
ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥
ਰਸਾਂ ਦੇ ਅਨੁਕੂਲ ਅਲੰਕਾਰਾਂ ਦਾ ਪ੍ਰਯੋਗ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਂਦਾ ਹੈ । ਅਲੰਕਾਰਾਂ ਦਾ ਸੁਭਾਵਿਕ ਹੋਣਾ ਅਤਿ ਜ਼ਰੂਰੀ ਹੈ । ਅਨੰਦ ਸਾਹਿਬ ਵਿਚ ਭਾਵਾਂ ਦੀ ਅਭਿਵਿਅਕਤੀ ਇਤਨੀ ਵੇਗਾ ਪੂਰਨ ਢੰਗ ਨਾਲ ਹੋਈ ਹੈ ਕਿ ਉਸ ਨੂੰ ਕਿਸੇ ਅਲੰਕਾਰ ਨਾਲ ਸ਼ਿੰਗਾਰਨ ਦੀ ਲੋੜ ਹੀ ਨਹੀਂ ਪਈ । ਸਾਧਾਰਣ ਜੀਵਨ ਵਿਚੋਂ ਸੰਕੇਤ, ਪ੍ਰਤੀਕ ਤੇ ਦ੍ਰਿਸ਼ਟਾਂਤ ਦਿਤੇ ਗਏ ਹਨ । ਕਿਧਰੇ ਕਿਧਰੇ ਅਲੰਕਾਰ ਮਿਲਦੇ ਹਨ । ਪਰੰਤੂ ਉਹ ਮੂਲ ਭਾਵ ਨਾਲ ਇਕ ਰੂਪ ਹੋ ਗਏ ਹਨ ਅਤੇ ਉਹਨਾਂ ਨੂੰ ਕਾਵਿ ਜਜ਼ਬੇ ਨਾਲੋਂ ਨਿਖੇੜਨਾ ਅਸੰਭਵ ਹੋ ਜਾਂਦਾ ਹੈ । ਉਦਾਹਰਣ ਲਈ ਕੁਝ ਅਲੰਕਾਰ ਹੇਠ ਦਿਤੇ ਜਾਂਦੇ ਹਨ :-
ਰੂਪਕ ਅਲੰਕਾਰ :-ਕੁਰਬਾਣ ਕੀਤਾ ਤਿਸੈ ਵਿਟਹੁ ਜਿਨਿ ਮੋਹ ਮੀਠਾ ਲਾਇਆ ।
"ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ
ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ"
ਉਪਮਾ ਅਲੰਕਾਰ :- “ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ।"
ਅਨੁਪ੍ਰਾਸ ਅਲੰਕਾਰ :-ਕਹੈ ਨਾਨਕ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ।"
ਵੀਪਸਾ ਅਲੰਕਾਰ :-ਤਤੈ ਸਾਰ ਨਾ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ
ਏਹ ਹਰਿ ਕਾ ਰੂਪ ਹੈ ਹਰ ਰੂਪ ਨਦਰੀ ਆਇਆ ॥
ਗੁਰਪ੍ਰਸਾਦੀ ਬੁਝਿਆ ਤਾਂ ਚਲਤੁ ਹੋਆ
ਚਲਤੁ ਨਦਰੀ ਆਇਆ।”
ਇਨ੍ਹਾਂ ਤੋਂ ਬਿਨਾ ਬਹੁਤ ਸਾਰੇ ਪ੍ਰਤੀਕਾਂ ਦੀ ਵਰਤੋਂ ਵੀ ਮਿਲਦੀ ਹੈ । ਜਿਵੇਂ ਖਸਮ, ਗੁਫਾ, ਵਾਜਾ, ਵਿਸ, ਵਣਜਾਰਾ, ਰਤਨ, ਪੰਜ ਦੂਤ, ਆਦਿ । ਭਾਸ਼ਾ ਵਿਚ ਇਤਨੀ ਹੈਰਾਨੀ ਕਰ ਦੇਣ ਵਾਲੀ ਰਵਾਂਨੀ ਹੈ ਕਿ ਪਾਠਕ ਅਰੁਕਵੀਂ ਚਾਲ ਗਾਈ ਜਾਂਦਾ ਹੈ ਅਤੇ ਸ਼ਬਦ ਚੋਣ ਵਿਚ ਅਜਿਹਾ ਕਮਾਲ ਹੈ ਕਿ ਬਹੁਤ ਸਾਰੇ ਵਾਕ-ਅੰਸ਼ ਮੁਹਾਵਰੇ ਬਨਣ ਦੀ ਸ਼ਕਤੀ ਰਖਦੇ ਹਨ- “ਇਹ ਸਚ ਸਭਨਾ ਕਾ ਖਸਮ ਹੈ, “ਮਨ ਵਜੀਆਂ ਵਧਾਈਆਂ ।' ਸਾਚਾ ਨਾਮ ਮੇਰਾ ਆਧਾਰੋ "ਇਛਾ ਸਭਿ ਪੁਜਾਈਆਂ" ‘ਕਾਲ ਕੰਟਕੁ ਮਾਰਿਆ’ "ਜਨਮ ਜੂਏ ਹਾਰਿਆ" "ਤਤੈ ਸਾਰ ਨ ਜਾਣੀ" ਹਰਿ ਰਸਿ ਮੇਰੀ ਮਨੁ ਵਣਜਾਰਾ, ਮਨਿ ਚਾਉ ਭਇਆ ਆਦਿ ।
ਇਸ ਰਚਨਾ ਦਾ ਆਧਾਰ ਅਧਿਆਤਮਵਾਦ ਹੈ । ਗੁਰਬਾਣੀ ਵਿਚ ਨਿਰਾਕਾਰ ਬ੍ਰਹਮ ਦੀ ਉਪਾਸਨਾ ਕੀਤੀ ਗਈ ਹੈ । ਅਤੇ ਨਿਰਗੁਣ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰਯਤਨ ਕੀਤਾ ਗਇਆ ਹੈ । ਇਸ ਲਈ ਇਸ ਵਿਚ 'ਪ੍ਰਬੰਧ ਕਾਵਿ' ਦੇ ਸ਼ਾਸਤਰੀ ਨਿਯਮ ਅਨੁਸਾਰ ਪਾਤਰਾ ਸੰਬੰਧੀ ਸ਼ਰਤ ਲਾਗੂ ਨਹੀਂ ਹੋ ਸਕਦੀ । ਫਿਰ ਵੀ ਗੁਰੂ ਤੇ ਜੀਵ (ਸੰਤ) ਦੀ ਹੋਂਦ (ਸਾਕਾਰ) ਸ੍ਰੀਕਾਰ ਕੀਤੀ ਜਾ ਸਕਦੀ ਹੈ । ਗੁਰੂ ਜਿਹੜਾ ਸਤਿਗੁਰੂ ਹੈ । ਜਿਸ ਦੀ ਬਾਣੀ ਸਚੀ ਹੈ । ਅਤੇ ਹਰਿ ਨਾਲ ਮਿਲਾਣ ਦੀ ਸ਼ਕਤੀ ਰਖਦੀ ਹੈ ਦੇ ਉਪਦੇਸ਼ ਦੁਆਰਾ ਜੀਵ (ਸੰਤ) ਗਿਆਨ ਪ੍ਰਾਪਤੀ ਕਰਦਾ ਹੈ । ਆਪਣੀ ਅਸਮਰਥਾ ਨੂੰ ਅਨੁਭਵ ਕਰਦਾ ਹੈ । ਮੋਹ-ਮਮਤਾ ਤਿਆਗ ਕੇ ਅਕਥ ਦੀ ਕਹਾਣੀ ਕਰਦਾ ਹੈ । ਚੰਚਲ ਮਨ ਨੂੰ ਮੋਹ-ਮੀਠੇ ਤੋਂ ਬਚਾਂਦਾ ਹੈ, ਬਿਖਮ ਮਾਰਗ ਤੇ ਟੁਰਦਾ ਹੈ । ਆਪਣੀ ਆਤਮਾ ਨੂੰ ਨਿਰਮਲ ਕਰਦਾ ਹੈ । ਇਹ ਸਚੁ ਸਚੈ ਘਰਿ ਗਾਉਂਦਾ ਹੈ ਅਤੇ ਹਰਿ ਰਸਿ ਵਿਚ ਲੀਣ ਹੋ ਜਾਂਦਾ ਹੈ । ਇਸ ਤਰ੍ਹਾਂ ਜੀਵ ਨੂੰ ਪਾਤਰ ਦੇ ਰੂਪ ਵਿਚ ਪ੍ਰਵਾਨ ਕੀਤਾ ਜਾ ਸਕਦਾ ਹੈ । ਗੁਰੂ ਜੀ ਨੂੰ ਨਾਇਕ ਤੇ ਬ੍ਰਹਮ ਨੂੰ ਨਿਸ਼ਾਨਾ ਜਿਥੇ ਜੀਵ ਨੇ ਗੁਰੂ ਦੀ ਸਹਾਇਤਾ ਨਾਲ ਪੁਜਣਾ ਹੈ ।
ਇਸ ਤਰ੍ਹਾਂ 'ਅਨੰਦ ਸਾਹਿਬ ਵਿਚ ਪ੍ਰਬੰਧ ਕਾਵਿ ਦੇ ਸਾਰੇ ਗੁਣ ਲਭੇ ਜਾ ਸਕਦੇ ਹਨ ਅਤੇ ਪ੍ਰਬੰਧ ਕਾਵਿ ਵਿਚ ਇਹ ਰਚਨਾ ਅਦੁਤੀ ਹੈ, ਲਾ ਜੁਆਬ ਹੈ ।