Aleha (Punjabi Story) : Gurmeet Karyalvi
ਅਲੇਹਾ (ਕਹਾਣੀ) : ਗੁਰਮੀਤ ਕੜਿਆਲਵੀ
ਕੁਮਾਰ ਸਰ, ਮੈਂ ਪਰਿੰਸ ਜੌਰਜ ਤੋਂ ਬੋਲਦੀ ਹਾਂ- ਮਨਦੀਪ।’’
‘‘ਹਾਂ ਮਨਦੀਪ ਕੀ ਹਾਲ ਹੈ?’’
‘‘ਸਰ ਸਿਆਣ ਲਿਆ ਮੈਨੂੰ?’’
‘‘ਨਹੀਂ?’’ ‘‘ਫਿਰ ਤੁਸੀਂ ਪੁੱਛਿਆ ਕਿਉਂ ਨਹੀਂ?’’
‘‘ਮੈਂ ਸੋਚਦਾ ਹੁੰਨਾ ਜੇ ਫੋਨ ਕਰਨ ਵਾਲਾ ਮਿੱਤਰ ਬੇਲੀ ਹੋਇਆ ਤਾਂ ਪਿਆਰ ਭਰੀਆਂ ਗੱਲਾਂ ਕਰੇਗਾ, ਜੇ ਵੈਰੀ ਦੁਸ਼ਮਣ ਹੋਇਆ ਤਾਂ ਚਾਰ ਗਾਲ੍ਹਾਂ ਕੱਢ ਦੇਵੇਗਾ। ਜੇ ਨਾ ਮਿੱਤਰ ਹੋਇਆ ਤੇ ਨਾ ਦੁਸ਼ਮਣ ਤਾਂ ਦੋ ਚਾਰ ਗੱਲਾਂ ਕਰਨ ਉਪਰੰਤ ‘ਸੌਰੀ ਰੌਂਗ ਨੰਬਰ’ ਕਹਿ ਕੇ ਫੋਨ ਕੱਟ ਜਾਵੇਗਾ।’’
‘‘ਸਰ, ਤੁਹਾਡਾ ਫੋਨ ਸ਼ੋਸ਼ਲ ਮੀਡੀਏ ਤੋਂ ਲੱਭਿਆ। ਕਈ ਦਿਨ ਤਾਂ ਸੋਚਾਂ ’ਚ ਪਈ ਰਹੀ ਕਿ ਕੁਮਾਰ ਸਾਹਿਬ ਹੁਣ ਬਹੁਤ ਵੱਡੇ ਸ਼ਾਇਰ ਤੇ ਕਹਾਣੀਕਾਰ ਨੇ, ਕੀ ਪਤਾ ਫੋਨ ਚੁੱਕਣ ਕਿ ਨਾ। ਉਨ੍ਹਾਂ ਕੋਲ ਕਿੱਥੇ ਟਾਈਮ ਮੇਰੀਆਂ ਯੱਬਲੀਆਂ ਸੁਣਨ ਲਈ। ਫੇਰ ਜਕਦਿਆਂ ਜਕਾਉਂਦਿਆਂ ਰਿੰਗ ਕਰ ਹੀ ਦਿੱਤੀ। ਤੁਸੀਂ ਤਾਂ ਫੋਨ ’ਤੇ ਵੀ ਉਹੋ ਜਿਹੀਆਂ ਗੱਲਾਂ ਕਰਦੇ ਹੋ ਜਿਹੋ ਜਿਹੀਆਂ ਚਿੱਠੀਆਂ ’ਚ ਕਰਦੇ ਹੁੰਦੇ ਸੀਗੇ।’’ ‘‘ਹਾ ਹਾ ਹਾ- ਹੁਣ ਤਾਂ ਯਕੀਨ ਹੋ ਗਿਆ ਹੋਊ ਕਿ ਕੁਮਾਰ ਕੋਲ ਯੱਬਲੀਆਂ ਸੁਣਨ ਦਾ ਵਕਤ ਵੀ ਹੈ ਤੇ ਸਬਰ ਵੀ।’’
‘‘ਹਾਂ ਲੱਗ ਗਿਆ ਪਤਾ ਕਿ ਮੇਰੇ ਵਰਗੀ ਦੀਆਂ ਦੋ ਦੋ ਮੀਟਰ ਲੰਮੀਆਂ ਊਲ ਜਲੂਲ ਚਿੱਠੀਆਂ ਦੇ ਲੰਮੇ ਲੰਮੇ ਜੁਆਬ ਦੇਣ ਵਾਲੇ ਕੁਮਾਰ ਸਰ ਨੂੰ ਲੰਮੇ ਲੰਮੇ ਫੋਨ ਵੀ ਕੀਤੇ ਜਾ ਸਕਦੇ ਨੇ।’’
‘‘ਔਫ ਕੋਰਸ!’’
‘‘ਸਰ! ਤੁਸੀਂ ਤਾਂ ਪੁੱਛਿਆ ਹੀ ਨਹੀਂ, ਚਲੋ ਮੈਂ ਹੀ ਦੱਸ ਦਿੰਨੀ ਹਾਂ- ਮੈਂ ਆਰ ਐਨ ਐਮ ਕਾਲਜ ਵਾਲੀ ਮਨਦੀਪ ਹਾਂ। ਤੁਸੀਂ ਹੁਣ ਦਿਮਾਗ ’ਤੇ ਕੁਝ ਜ਼ੋਰ ਪਾਓ ਕਿ ਕਿਹੜੀ ਮਨਦੀਪ ਹਾਂ। ਮੈਂ ਫੇਰ ਕਿਸੇ ਦਿਨ ਫੋਨ ਕਰੂੰ।’’ ਮੇਰੇ ਜੁਆਬ ਦੀ ਉਡੀਕ ਕੀਤੇ ਬਗੈਰ ਹੀ ਉਸਨੇ ਫੋਨ ਡਿਸਕਨੈਕਟ ਕਰ ਦਿੱਤਾ।
ਪੂਰੇ ਪੱਚੀ ਵਰ੍ਹਿਆਂ ਬਾਅਦ ਮਨਦੀਪ ਨੇ ਦੁਬਾਰਾ ਸੰਪਰਕ ਜੋੜਿਆ ਸੀ। ਉਦੋਂ ਉਸ ਦੇ ਲੰਬੇ ਲੰਬੇ ਖਤ ਆਉਂਦੇ ਹੁੰਦੇ ਜਿਸ ਵਿੱਚ ਕਿੰਨੀਆਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਲਿਖੀਆਂ ਹੁੰਦੀਆਂ। ਉਹ ਖ਼ਤ ਦੀ ਸ਼ੁਰੂਆਤ ਕਿਸੇ ਮੈਗਜ਼ੀਨ ਵਿੱਚ ਛਪੀ ਮੇਰੀ ਕਹਾਣੀ ਦੀ ਤਾਰੀਫ਼ ਨਾਲ ਕਰਦੀ:
‘ਕੁਮਾਰ ਸਰ! ਤੁਹਾਡੀ ਕਹਾਣੀ ਨੇ ਤਾਂ ਰੁਆ ਹੀ ਦਿੱਤਾ। ਮੈਨੂੰ ਤਾਂ ਇਹ ਆਪਣੀਓ ਕਹਾਣੀ ਲੱਗੀ। ਤੁਸੀਂ ਐਨੀ ਸੋਹਣੀ ਕਹਾਣੀ ਲਿਖ ਕਿਵੇਂ ਲੈਨੇ ਓਂ? ਸਾਡੇ ਤੋਂ ਤਾਂ ਚਿੱਠੀ ਦੇ ਦੋ ਪੈਰ੍ਹੇ ਹੀ ਬੜੀ ਮੁਸ਼ਕਲ ਨਾਲ ਲਿਖ ਹੁੰਦੇ ਨੇ।’
ਦੋ ਪੈਰ੍ਹਿਆਂ ਦੀ ਚਿੱਠੀ ਲਿਖਣ ਨੂੰ ਮੁਸ਼ਕਲ ਦੱਸਣ ਵਾਲੀ ਨੇ ਚਿੱਠੀ ਲਿਖਣ ਲਈ ਕਾਪੀ ਦੇ ਕਈ ਵਰਕੇ ਭਰੇ ਹੁੰਦੇ। ਕਹਾਣੀ ਦੀ ਤਾਰੀਫ਼ ਦੀਆਂ ਦੋ ਲਾਈਨਾਂ ਲਿਖਣ ਤੋਂ ਬਾਅਦ ਆਪਣੀ ਚੱਲ ਰਹੀ ਪ੍ਰੇਮ ਕਹਾਣੀ ਵਿੱਚ ਆਏ ਦੁਖਾਂਤਕ ਜਾਂ ਸੁਖਾਂਤਕ ਮੋੜ ਬਾਰੇ ਪੈਰ੍ਹਿਆਂ ਦੇ ਪੈਰ੍ਹੇ ਲਿਖ ਦਿੰਦੀ। ਜੇ ਪਿਆਰ ਕਹਾਣੀ ਸੁਖਾਂਤਕ ਦੌਰ ’ਚੋਂ ਲੰਘ ਰਹੀ ਹੁੰਦੀ ਤਾਂ ਉਹਦੇ ਖ਼ਤ ਦੀਆਂ ਸਤਰਾਂ ਕਿਸੇ ਕਵਿਤਾ ਵਰਗੀਆਂ ਲੱਗਦੀਆਂ।
‘‘ਕੁਮਾਰ ਸਰ! ਮੈਨੂੰ ਲੱਗਦਾ ਮੇਰੇ ਸਰੀਰ ’ਤੇ ਖੰਭ ਉੱਗ ਆਏ ਨੇ। ਮੈਂ ਅਬਾਬੀਲ ਵਾਂਗ ਉੱਚੇ ਉੱਡਦੀ-ਉੱਡਦੀ ਦੂਰ ਕਿਸੇ ਦੇਸ਼ ਚਲੀ ਗਈ ਹੋਵਾਂ। ਜਣੀਦਾ ਉੱਡਦੀ ਜਾਂਦੀ ਹਾਂ-ਉੱਡਦੀ ਜਾਂਦੀ ਹਾਂ। ਪਹਾੜਾਂ-ਸਮੁੰਦਰਾਂ-ਝੀਲਾਂ-ਝਰਨਿਆਂ-ਬਾਗ਼ ਬਗੀਚਿਆਂ-ਮਾਰੂਥਲਾਂ ਤੇ ਜੰਗਲਾਂ ਦੇ ਉੱਪਰ ਦੀ। ਪਤਾ ਨ੍ਹੀ ਕਿਹੜੇ ਦੇਸ਼ ਤੁਰੀ ਜਾਂਦੀ ਹਾਂ।’’
ਉਨ੍ਹਾਂ ਦਿਨਾਂ ’ਚ ਲੇਖਕ ਤੇ ਪਾਠਕ ਦਾ ਰਿਸ਼ਤਾ ਅੱਜ ਨਾਲੋਂ ਕਈ ਗੁਣਾਂ ਵੱਧ ਪੀਡਾ ਹੁੰਦਾ ਸੀ। ਪਾਠਕ ਆਪਣੀਆਂ ਨਿੱਜੀ ਗੱਲਾਂ ਵੀ ਆਪਣੇ ਮਹਿਬੂਬ ਲੇਖਕ ਨਾਲ ਕਰ ਲੈਂਦੇ ਸਨ।
‘‘ਕੁਮਾਰ ਸਰ! ਘਰ ’ਚ ਮੈਂ ਸਭ ਤੋਂ ਵੱਡੀ ਹਾਂ। ਮੇਰੇ ਤੋਂ ਤਿੰਨ ਸਾਲ ਛੋਟੀ ਭੈਣ ਭੁਪਿੰਦਰ ਹੈ। ਅਸੀਂ ਤਾਂ ਸਾਰੇ ਭੂਪੀ ਆਂਹਦੇ ਹਾਂ। ਭਰਾ ਜਿੰਦ ਉਸ ਤੋਂ ਦੋ ਕੁ ਸਾਲ ਛੋਟਾ ਹੈ। ਦੋਵੇਂ ਪੜ੍ਹਨ ਵੱਲੋਂ ਠੀਕ ਠਾਕ ਹੀ ਨੇ। ਪਾਪਾ ਜੀ ਫ਼ੌਜ ਵਿੱਚੋਂ ਪੈਨਸ਼ਨ ਆਏ ਨੇ। ਜ਼ਮੀਨ ਬੱਸ ਠੀਕ ਠਾਕ ਹੀ ਹੈ। ਮੰਮੀ ਤਾਂ ਅੱਗੇ ਪੜ੍ਹਾਉਣ ਲਈ ਤਿਆਰ ਨ੍ਹੀਂ ਸੀ, ਪਰ ਮੈਂ ਜਿਵੇਂ ਕਿਵੇਂ ਪਾਪਾ ਜੀ ਨੂੰ ਰਾਜ਼ੀ ਕਰ ਲਿਆ। ਜੱਸ ਵੀ ਮੈਨੂੰ ਇੱਥੇ ਆਰ ਐਨ ਐਮ ਕਾਲਜ ’ਚ ਈ ਮਿਲਿਆ। ਤਿੰਨ ਸਾਲ ਹੋਗੇ ਇਕੱਠੇ ਤੁਰਦਿਆਂ। ਹੁਣ ਤਾਂ ਜੀਅ ਕਰਦਾ ਹੱਥਾਂ ’ਚ ਹੱਥ ਪਾਈ ਜ਼ਿੰਦਗੀ ਦੇ ਰਾਹਾਂ ’ਤੇ ਆਏਂ ਤੁਰੇ ਜਾਈਏ-ਤੁਰੇ ਜਾਈਏ।’’
ਮਨਦੀਪ ਆਪਣੀਆਂ ਬਹੁਤ ਸਾਰੀਆਂ ਘਰੇਲੂ ਗੱਲਾਂ ਵੀ ਮੇਰੇ ਨਾਲ ਸਾਂਝੀਆਂ ਕਰਦੀ। ਉਹ ਬੀ ਏ ਤੋਂ ਬਾਅਦ ਅਗਲੇਰੀ ਪੜ੍ਹਾਈ ਬਾਰੇ ਮੇਰੀ ਸਲਾਹ ਪੁੱਛਦੀ। ਗਰੈਜੂਏਸ਼ਨ ਤੋਂ ਬਾਅਦ ਛੇਤੀ ਤੋਂ ਛੇਤੀ ਨੌਕਰੀ ਲੱਗ ਕੇ ਮਾਪਿਆਂ ਦੀ ਆਰਥਿਕਤਾ ਸਹਾਇਤਾ ਕਰਨ ਦੀਆਂ ਸਕੀਮਾਂ ਘੜਦੀ। ਉਹ ਸੋਚਦੀ ਸੀ ਕਿ ਜੱਸ ਨਾਲ ਉਸ ਦਾ ਰਿਸ਼ਤਾ ਆਰਥਿਕਤਾ ਨਾਲ ਬੱਝਾ ਹੋਇਆ ਹੈ। ਜੇਕਰ ਉਸ ਨੂੰ ਵਕਤ ਸਿਰ ਨੌਕਰੀ ਮਿਲ ਜਾਵੇ ਤਾਂ ਮਾਪਿਆਂ ਨੂੰ ਰਾਜ਼ੀ ਕਰਨਾ ਸੌਖਾ ਹੋ ਜਾਵੇਗਾ। ਮੈਂ ਉਸ ਨੂੰ ਆਪਣੀ ਸਮਝ ਅਨੁਸਾਰ ਰਾਇ ਦਿੰਦਾ। ਮੈਂ ਉਸ ਨੂੰ ਬੀ ਏ ਤੋਂ ਬਾਅਦ ਬੀ ਐੱਡ ਅਤੇ ਫੇਰ ਨੌਕਰੀ ਪ੍ਰਾਪਤ ਕਰਨ ਉਪਰੰਤ ਪੱਤਰ ਵਿਹਾਰ ਰਾਹੀਂ ਐਮ ਏ ਕਰਨ ਦੀ ਸਲਾਹ ਦਿੱਤੀ।
‘‘ਕੁਮਾਰ ਸਰ! ਜੱਸ ਦੀ ਤਾਂ ਯੂਨੀਵਰਸਿਟੀ ਹੋਸਟਲ ’ਚ ਰਹਿ ਕੇ ਐਮ ਏ ਕਰਨ ਦੀ ਪਲਾਨਿੰਗ ਸੀ ਪਰ ਮੇਰੇ ਆਖੇ ਬੀ ਐੱਡ ਕਰਨ ਲਈ ਮੰਨ ਗਿਆ। ਜੇ ਉਹ ਐਮ ਏ ਕਰਨ ਲਈ ਪਟਿਆਲੇ ਚਲਾ ਜਾਂਦਾ, ਮੈਥੋਂ ਤਾਂ ਉਹਦੇ ਬਿਨਾ ਇੱਕ ਦਿਨ ਵੀ ਨ੍ਹੀਂ ਸੀ ਰਹਿ ਹੋਣਾ। ਨਾਲੇ ਸਰ, ਮੈਂ ਮੰਮੀ ਨੂੰ ਆਪਣੇ ਤੇ ਜੱਸ ਬਾਰ ਸਾਰਾ ਕੁਝ ਦੱਸ ਦਿੱਤਾ। ਉਹ ਵਕਤ ਆਉਣ ’ਤੇ ਪਾਪਾ ਨਾਲ ਗੱਲ ਕਰ ਲੈਣਗੇ। ਲੱਗਦਾ ਗੱਡੀ ਲੀਹ ’ਤੇ ਈ ਐ।’’ ਉਸਦੇ ਖ਼ਤ ਦੇ ਅੱਖਰ ਖ਼ੁਸ਼ੀ ’ਚ ਨੱਚਦੇ ਜਾਪਦੇ। ‘‘ਜੱਸ ਨੇ ਆਹ ਕਿਹਾ- ਜੱਸ ਨੇ ਅਹੁ ਕਿਹਾ।’’ ਖ਼ਤ ਦੇ ਕਿੰਨੇ ਹੀ ਸਫ਼ੇ ਜੱਸ ਦੀਆਂ ਤਾਰੀਫ਼ਾਂ ਨਾਲ ਭਰੇ ਹੁੰਦੇ।
ਫੇਰ ਉਸ ਦੇ ਉਦਾਸੀ ਨਾਲ ਭਰੇ ਖ਼ਤ ਆਉਣ ਲੱਗੇ।
‘‘ਸਰ ਪਤਾ ਨਹੀਂ ਕੀ ਬਣੂ ਸਾਡੀ ਪ੍ਰੇਮ ਕਹਾਣੀ ਦਾ? ਮੈਨੂੰ ਤਾਂ ਨ੍ਹੀਂ ਲੱਗਦਾ ਸਿਰੇ ਚੜ੍ਹੇ। ਇਹ ਧਰਮਾਂ ਜਾਤਾਂ ਵਾਲੀਆਂ ਵੰਡਾਂ ਪਤਾ ਨਹੀਂ ਕਦੋਂ ਟੁੱਟਣਗੀਆਂ? ਇਹ ਸਮਾਜ ਪਿਆਰ ਕਰਨ ਵਾਲਿਆਂ ਦਾ ਦੁਸ਼ਮਣ ਕਿਉਂ ਹੋ ਜਾਂਦਾ? ਜੱਸ ਤਾਂ ਜਿਵੇਂ ਮੇਰੇ ਹੱਡਾਂ ’ਚ ਰਚ ਗਿਆ। ਜੇ ਸਾਡਾ ਪਿਆਰ ਸਿਰੇ ਨਾ ਚੜ੍ਹਿਆ- ਮੈਥੋਂ ਤਾਂ ਉੱਕਾ ਜਿਉਂ ਨਹੀਂ ਹੋਣਾ। ਉਹਦੇ ਬਗੈਰ ਜਿੰਦਗੀ ਦਾ ਕੀ ਅਰਥ? ਸਰ, ਤੁਸੀਂ ਸਾਡੇ ਆਦਰਸ਼ ਹੋ। ਤੁਸੀਂ ਦੱਸੋ ਅਸੀਂ ਕੀ ਕਰੀਏ?’’ ਇਸ ਖ਼ਤ ਤੋਂ ਬਾਅਦ ਮਨਦੀਪ ਦੇ ਖ਼ਤ ਆਉਣੇ ਬੰਦ ਹੋ ਗਏ।
ਮੈਂ ਕਈ ਦਿਨ ਮਨਦੀਪ ਅਤੇ ਜੱਸ ਦੀ ਪ੍ਰੇਮ ਕਹਾਣੀ ’ਚ ਉਲਝਿਆ ਰਿਹਾ ਸਾਂ। ਕਦੇ ਉਨ੍ਹਾਂ ਦੀ ਪਿਆਰ ਕਹਾਣੀ ਦੇ ਅੱਧਵਾਟੇ ਟੁੱਟ ਜਾਣ ਬਾਰੇ ਸੋਚਦਿਆਂ ਉਦਾਸ ਹੋ ਜਾਂਦਾ ਤੇ ਕਦੇ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਕਿ ਦੋਵਾਂ ਨੂੰ ਬੀ ਐੱਡ ਕਰਨ ਤੋਂ ਬਾਅਦ ਨੌਕਰੀ ਮਿਲ ਗਈ ਹੋਊ ਤੇ ਉਨ੍ਹਾਂ ਨੇ ਵਿਆਹ ਕਰਾ ਲਿਆ ਹੋਊ। ਵਿਆਹ ਬਾਅਦ ਕਿਸ ਕੁੜੀ ਕੋਲ ਵਕਤ ਹੁੰਦਾ ਹੈ ਕਹਾਣੀਆਂ ਪੜ੍ਹਨ ਅਤੇ ਲੇਖਕ ਨੂੰ ਲੰਬੀਆਂ ਲੰਬੀਆਂ ਚਿੱਠੀਆਂ ਲਿਖਣ ਦਾ? ਮੈਂ ਵੀ ਉਸਦੇ ਲੰਬੇ ਖ਼ਤਾਂ ਦੀ ਉਡੀਕ ਛੱਡ ਦਿੱਤੀ। ਫਿਰ ਕਈ ਵਰ੍ਹੇ ਗੁਜ਼ਰ ਗਏ। ਮਨਦੀਪ ਤੇ ਮਨਦੀਪ ਦੀ ਪ੍ਰੇਮ ਕਹਾਣੀ ਭੁੱਲ ਭੁਲਾ ਗਈ।
ਮਨਦੀਪ ਦੇ ਪਹਿਲੇ ਫੋਨ ਤੋਂ ਬਾਅਦ ਅਗਲੇ ਦੀ ਜ਼ਿਆਦਾ ਦਿਨ ਉਡੀਕ ਨਾ ਕਰਨੀ ਪਈ। ਤੀਜੇ ਦਿਨ ਉਸ ਦਾ ਫੋਨ ਆ ਗਿਆ ਸੀ।
‘‘ਕੁਮਾਰ ਸਰ! ਮੇਰੇ ਗੁਆਂਢ ਇੱਕ ਆਇਰਸ਼ ਗੋਰੀ ਰਹਿੰਦੀ। ਮੇਰੀ ਬੜੀ ਪਿਆਰੀ ਦੋਸਤ ਹੈ। ਮੈਂ ਜਦੋਂ ਵੀ ਲਿੰਡਾ ਨੂੰ ਮਿਲਦੀ ਹਾਂ, ਮੈਨੂੰ ਤੁਹਾਡੀ ਯਾਦ ਆ ਜਾਂਦੀ ਹੈ।’’ ਮਨਦੀਪ ਨੇ ਗੱਲ ਦੇ ਸ਼ੁਰੂ ’ਚ ਹੀ ਸਸਪੈਂਸ ਭਰ ਦਿੱਤਾ। ਆਪਣੇ ਖ਼ਤਾਂ ’ਚ ਵੀ ਕਈ ਵਾਰ ਇੰਜ ਕਰਦੀ ਹੁੰਦੀ ਸੀ।
‘‘ਲਿੰਡਾ ਨੂੰ ਮਿਲ ਕੇ ਮੇਰੀ ਯਾਦ ਆ ਜਾਂਦੀ ਹੈ? ਇਹ ਕੀ ਮੇਲ ਹੋਇਆ ਬਈ? ਕਿੱਥੇ ਗੋਰੀ ਲਿੰਡਾ- ਕਿੱਥੇ ਇੱਕ ਪੰਜਾਬੀ ਕਹਾਣੀਕਾਰ?’’
‘‘ਲਿੰਡਾ ਬੜਾ ਅਜੀਬ ਕਰੈਕਟਰ ਹੈ ਕੁਮਾਰ ਸਰ। ਸਮਝਲੋ ਤੁਹਾਡੀ ਕਹਾਣੀ ਦੀ ਪਾਤਰ ਹੈ। ਉਹਨੂੰ ਉਮਰ ਤਾਂ ਨ੍ਹੀ ਪੁੱਛੀ ਕਦੇ ਪਰ ਸੱਠ ਸਾਲ ਤੋਂ ਵੀ ਵੱਧ ਦੀ ਹੋਊ। ਥੋਨੂੰ ਪਤਾ ਏਧਰ ਕਿਸੇ ਨੂੰ ਉਮਰ ਤੇ ਆਮਦਨ ਪੁੱਛਣਾ ਚੰਗਾ ਨ੍ਹੀਂ ਸਮਝਿਆ ਜਾਂਦਾ। ਸਰ, ਲਿੰਡਾ ਅਜੇ ਤੱਕ ਕੁਆਰੀ ਹੈ। ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦੈ ਕੋਈ ਲਿੰਡਾ ਤੋਂ ਸਿੱਖੇ। ਮੇਰਾ ਤਾਂ ਆਪ ਜੀਅ ਕਰਦਾ ਹੁੰਦਾ ਕਿ ਲਿੰਡਾ ਵਾਂਗੂੰ ਰਹਾਂ। ਉਹਦੇ ਵਾਂਗ ਘੁੰਮਾ ਫਿਰਾਂ, ਜ਼ਿੰਦਗੀ ਦੇ ਰੰਗ ਮਾਣਾਂ- ਪਰ ਐਨੀ ਚੰਗੀ ਲੱਕ ਕਿੱਥੋਂ?’’ ਮਨਦੀਪ ਮੈਨੂੰ ਬੋਲਣ ਦਾ ਤਾਂ ਵਕਤ ਹੀ ਨਹੀਂ ਦਿੰਦੀ।
‘‘ਸਰ! ਲਿੰਡਾ ਕਰੋੜਾਂਪਤੀ ਹੈ। ਉਹਦਾ ਤਾਂ ਘਰ ਹੀ ਬੜਾ ਲੰਮਾ ਚੌੜਾ ਹੈਗਾ। ਕਈ ਮਿਲੀਅਨਜ਼ ਦਾ ਹੋਊ। ਪਰ ਵੇਖਲੋ ਇਕੱਲੀ ਰਹੀ ਜਾਂਦੀ। ਲਾਅਨ ਦਾ ਘਾਹ ਵੀ ਆਪ ਹੀ ਕੱਟਦੀ ਮਸ਼ੀਨ ਨਾਲ। ਜਾਂ ਪਲਾਂਟਸ ਦੀ ਦੇਖਭਾਲ ਕਰਦੀ ਐ ਜਾਂ ਸਾਰੀ ਦਿਹਾੜੀ ਪੜ੍ਹਦੀ ਰਹਿੰਦੀ। ਮੈਂ ਤਾਂ ਹੈਰਾਨ ਹਾਂ ਕਿ ਐਨਾ ਪੜ੍ਹ ਕਿਵੇਂ ਲੈਂਦੀ ਐ?’’
‘‘ਕੀ ਪੜ੍ਹਦੀ ਹੈ?’’ ਮੈਂ ਸ਼ੁਕਰ ਕਰਦਾ ਹਾਂ ਕਿ ਮੈਨੂੰ ਵੀ ਤਿੰਨ ਸ਼ਬਦ ਮੂੰਹੋਂ ਕੱਢਣ ਦੀ ਵਿਰਲ ਮਿਲ ਜਾਂਦੀ ਹੈ।
‘‘ਇਹ ਪੁੱਛੋ ਪੜ੍ਹਦੀ ਕੀ ਨਹੀਂ? ਲਿਟਰੇਚਰ, ਹਿਸਟਰੀ, ਸਾਇਕੋਲੋਜੀ, ਸਾਇੰਸ ਜਨਰਲ, ਪੋਲੀਟੀਕਲ ਈਵੈਂਟਸ, ਸਪੋਰਟਸ- ਹਰ ਤਰ੍ਹਾਂ ਦੇ ਵਿਸ਼ੇ ਬਾਰੇ। ਦੁਨੀਆ ਜਹਾਨ ਦੀਆਂ ਪੁਸਤਕਾਂ ਇਕੱਠੀਆਂ ਕਰਨ ਦਾ ਖ਼ਬਤ ਹੈ ਉਹਨੂੰ। ਨਵੀਂ ਪੁਸਤਕ ਛਪਦੀ ਪਿੱਛੋਂ ਹੈ- ਲਿੰਡਾ ਔਨਲਾਈਨ ਆਰਡਰ ਪਹਿਲਾਂ ਕਰ ਦਿੰਦੀ। ਸਾਰਾ ਦਿਨ ਜਾਂ ਪੜ੍ਹਦੀ ਹੈ ਜਾਂ ਘੁੰਮਦੀ ਹੈ- ਹੋਰ ਕੰਮ ਵੀ ਕੀ ਉਹਨੂੰ?’’
‘‘ਕਿਸ ਨਾਲ ਘੁੰਮਦੀ ਹੈ?’’ ਮੈਂ ਆਖ ਤਾਂ ਦਿੱਤਾ ਪਰ ਮਹਿਸੂਸ ਹੋਇਆ ਕਿ ਬੜਾ ਬੇਲੋੜਾ ਸਵਾਲ ਕੀਤਾ ਹੈ। ਸ਼ਬਦ ਹੁਣ ਮੂੰਹ ’ਚ ਵਾਪਸ ਥੋੜ੍ਹਾ ਪੈ ਸਕਦੇ ਸਨ?
‘‘ਆਪਣੇ ਬੌਇ ਫਰੈਂਡ ਨਾਲ। ਹੋਰ ਕੀਹਦੇ ਨਾਲ ਘੁੰਮਣਾ ਹੋਇਆ?’’
‘‘ਬੌਇ...?’’
‘‘ਉਸ ਦਾ ਬੌਇ ਫਰੈਂਡ ਹੈ ਜੌਹਨ। ਜੌਹਨ ਆਇਰਸ਼ ਨਹੀਂ ਹੈ। ਉਹ ਇੰਗਲੈਂਡ ਦਾ ਹੈ। ਲਿੰਡਾ ਆਖਦੀ ਹੁੰਦੀ ਹੈ, ‘ਸਾਡੇ ਵੱਡੇ ਵਡੇਰੇ ਜੌਹਨ ਦੇ ਵੱਡੇ ਵਡੇਰਿਆਂ ਨਾਲ ਸਦੀਆਂ ਤੱਕ ਲੜਦੇ ਰਹੇ ਨੇ। ਇੰਗਲੈਂਡ ਵਾਲੇ ਆਇਰਲੈਂਡ ਵਾਲਿਆਂ ਨੂੰ ਹਮੇਸ਼ਾਂ ਦਬਾ ਕੇ ਰੱਖਣ ਦਾ ਯਤਨ ਕਰਦੇ ਰਹੇ ਪਰ ਆਇਰਸ਼ ਲੋਕ ਸ਼ੁਰੂ ਤੋਂ ਹੀ ਬਾਗ਼ੀ ਸੁਭਾਅ ਦੇ ਰਹੇ ਨੇ। ਕਿਸੇ ਦੀ ਗ਼ੁਲਾਮੀ ਨਹੀਂ ਕਰ ਸਕਦੇ। ਪਰ ਮੈਂ ਤੇ ਜੌਹਨ ਆਪਣੀ ਦੋਸਤੀ ’ਚ ਸਦੀਆਂ ਦੀ ਦੁਸ਼ਮਣੀ ਨੂੰ ਨਹੀਂ ਆਉਣ ਦਿੰਦੇ।’ ਸੱਚੀਂ ਸਰ ਲਿੰਡਾ ਬੜੀ ਖੁਸ਼ਮਿਜ਼ਾਜ ਹੈ।’’ ਮਨਦੀਪ ਦੱਸਦਿਆਂ ਹੱਸਣ ਲੱਗਦੀ ਹੈ।
ਮਨਦੀਪ ਦੀ ਗੱਲ ਸੁਣਦਿਆਂ ਮੇਰਾ ਜੀਅ ਤਾਂ ਕੀਤਾ ਸੀ ਕਿ ਉਸ ਨੂੰ ਪੁੱਛਾਂ, ‘‘ਤੂੰ ਆਪਣੇ ਬਾਰੇ ਦੱਸ। ਤੇਰੇ ਜੌਹਨ ਦਾ ਕੀ ਬਣਿਆ? ਜਾਤੀਵਾਦ ਦੀਆਂ ਹੱਦਾਂ ਟੁੱਟੀਆਂ? ਆਪਣੇ ਜੌਹਨ ਦੇ ਹੱਥਾਂ ’ਚ ਹੱਥ ਪਾਈ ਜ਼ਿੰਦਗੀ ਦੇ ਰਾਹਾਂ ’ਤੇ ਤੁਰੀ ਜਾਨੀ ਏਂ ਕਿ ਨਹੀਂ?’’ ਪਰ ਮੈਂ ਕੁਝ ਨਹੀਂ ਪੁੱਛਦਾ। ਮੈਂ ਮਨਦੀਪ ਦੀਆਂ ਗੱਲਾਂ ’ਚੋਂ ਹੀ ਉਸ ਦੇ ਜੌਹਨ ਬਾਰੇ ਕਨਸੋਅ ਲੈਣ ਦਾ ਫ਼ੈਸਲਾ ਕਰਦਾ ਹਾਂ।
‘‘ਅੱਛਾ! ਫੇਰ ਤਾਂ ਬੜੀ ਮਜ਼ੇਦਾਰ ਜ਼ਿੰਦਗੀ ਗੁਜ਼ਾਰ ਰਹੇ ਨੇ ਦੋਵੇਂ।’’
‘‘ਸਰ, ਇਹ ਲੋਕ ਲੱਕ-ਲੁੱਕ ਨੂੰ ਬਹੁਤਾ ਮੰਨਦੇ ਤਾਂ ਹੈਨੀ, ਪਰ ਰੀਅਲੀ ਲਿੰਡਾ ਹੈ ਬਹੁਤ ਲੱਕੀ। ਅਸੀਂ ਇੰਡੀਅਨ ਲੋਕ ਤਾਂ ਬੱਸ...।’’
‘‘ਹਾਂ! ਤੇਰੀ ਲਿੰਡਾ ਹੈ ਤਾਂ ਲੱਕੀ...।’’ ਮੈਨੂੰ ਰਸੋਈ ’ਚੋਂ ਖਿੱਝੀ ਖਪੀ ਪਤਨੀ ਦੇ ਬੁੜ-ਬੁੜ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਸ ਦੇ ਕੰਨ ਮੇਰੇ ਫੋਨ ਵੱਲ ਹੀ ਲੱਗੇ ਹੋਏ ਨੇ। ਮੈਨੂੰ ਪਤਾ ਫੋਨ ਬੰਦ ਹੁੰਦਿਆਂ ਹੀ ਉਸ ਦੇ ਕਈ ਸੁਆਲ ਹੋਣਗੇ- ਕਿਸ ਦਾ ਫੋਨ ਸੀ? ਕਿੱਥੋਂ ਸੀ? ਕੌਣ ਸੀ? ਤੈਨੂੰ ਕਿਵੇਂ ਜਾਣਦੀ ਹੈ? ਕਿਵੇਂ ਫੋਨ ਕੀਤਾ? ਕਿਉਂ ਫੋਨ ਕੀਤਾ? ਵੈਸੇ ਤਾਂ ਸਰਲਾ ਨੇ ਸਾਰੀ ਉਮਰ ਹੀ ਮੈਨੂੰ ਟਿੰਡੀ ਵਾਲੇ ਬੀਅ ’ਤੇ ਚੜ੍ਹਾਈ ਰੱਖਿਆ ਹੈ ਪਰ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ, ਉਸ ਦਾ ਸੁਭਾਅ ਹੋਰ ਵੱਧ ਸ਼ੱਕੀ ਹੁੰਦਾ ਜਾਂਦਾ ਹੈ। ਉਸ ਦੇ ਅੰਦਰੋਂ ਹਰ ਵੇਲੇ ਪੁਲਸੀਏ ਬਾਪ ਦੀ ਹਰਾਮ ਨਾਲ ਕਮਾਈ ਦੌਲਤ ਹੀ ਬੋਲਦੀ ਰਹੀ। ਮੈਂ ਤਾਂ ਸਾਰੀ ਉਮਰ ਉਸ ਤੋਂ ਪਿੱਛਾ ਛੁਡਾ ਲੈਣ ਬਾਰੇ ਹੀ ਸੋਚਦਾ ਰਿਹਾਂ।
‘‘ਸਰ, ਲਿੰਡਾ ਤੇ ਜੌਹਨ ਜਦੋਂ ਜੀਅ ਕਰੇ ਵਰਲਡ ਟੂਰ ’ਤੇ ਨਿਕਲ ਜਾਂਦੇ ਆ। ਪੂਰੀ ਦੀ ਪੂਰੀ ਦੁਨੀਆ ਗਾਹ ਦਿੱਤੀ ਹੋਣੀ ਉਨ੍ਹਾਂ ਨੇ। ਜਿਵੇਂ ਕਹਿੰਦੇ ਹੁੰਦੇ ਨੇ- ਯਾਰੀ ਪੱਕੀ ਪਰ ਖਰਚਾ ਅੱਧੋ ਅੱਧ। ਜੌਹਨ ਤੇ ਲਿੰਡਾ ਵੀ ਆਪੋ ਆਪਣਾ ਖਰਚਾ ਕਰਦੇ। ਇੱਕ ਦੂਜੇ ’ਤੇ ਬੋਝ ਨਹੀਂ ਬਣਦੇ।’’
‘‘ਕਾਸ਼! ਸਾਨੂੰ ਵੀ ਤੇਰੀ ਲਿੰਡਾ ਵਰਗੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ।’’ ‘‘ਲਿੰਡਾ ਵਰਗੀ ਕਿਸਮਤ ਸਾਰਿਆਂ ਦੀ ਕਿੱਥੇ?’’ ਮਨਦੀਪ ਦੀ ਆਵਾਜ਼ ਜਿਵੇਂ ਡੂੰਘੇ ਖੂਹ ’ਚੋਂ ਆਈ ਹੋਵੇ।
‘‘ਐਗਜ਼ੈਕਟਲੀ...! ਜਿਹੜਾ ਸ਼ਿਅਰ ਹੈ ਨਾ- ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ। ਨਿਦਾ ਫਾਜ਼ਲੀ ਨੇ ਸਾਡੇ ਵਰਗੇ ਲੋਕਾਂ ਵਾਸਤੇ ਹੀ ਲਿਖਿਆ ਹੈ।’’
‘‘ਹਾਂ ਕੁਮਾਰ ਸਰ! ਮੇਰੇ ਵਰਗੇ ਦੇ ਤਾਂ ਜਹਾਨ ਦੀ ਨਿੱਕੀ ਮੋਟੀ ਕੰਨੀ ਵੀ ਹੱਥ ਨਹੀਂ ਆਉਂਦੀ।’’ ਮਨਦੀਪ ਆਵਾਜ਼ ਤੋਂ ਅੰਦਾਜ਼ਾ ਲਾਇਆ, ਉਹ ਅੰਦਰ ਅੰਦਰ ਰੋ ਰਹੀ ਸੀ।
‘‘ਕੁਮਾਰ ਸਰ! ਮੈਂ ਕੱਲ੍ਹ ਨੂੰ ਏਸੇ ਵਕਤ ਫੋਨ ਕਰੂੰ।’’ ਆਖਦਿਆਂ ਉਸ ਨੇ ਫੋਨ ਕੱਟ ਦਿੱਤਾ। ਉਸ ਦਾ ਫੋਨ ਬੰਦ ਹੋਣ ਦੀ ਦੇਰ ਸੀ ਕਿ ਪਤਨੀ ਸਰਲਾ ਦੀ ਗਰਜ਼ ਸੁਣਾਈ ਦਿੱਤੀ ਸੀ।
‘‘ਰੋਟੀ ਲਿਆਵਾਂ?’’ ਸਰਲਾ ਨੇ ਕਿਹਾ ਤਾਂ ਇੰਨਾ ਹੀ, ਪਰ ਜਿਸ ਤਰ੍ਹਾਂ ਕਿਹਾ ਸੀ ਉਸ ਦਾ ਭਾਵ, ‘‘ਜੇ ਰਮਾਇਣ ਖ਼ਤਮ ਹੋ ਗਈ ਤਾਂ ਰੋਟੀ ਲਿਆਵਾਂ।’’ ਵਾਲਾ ਹੀ ਸੀ। ਉਹ ਅਕਸਰ ਅਜਿਹਾ ਹੀ ਆਖਦੀ ਹੁੰਦੀ। ‘‘ਬਾਹਰੋਂ ਵਿਦੇਸ਼ ਤੋਂ ਫੋਨ ਸੀ। ਮਨਦੀਪ ਦਾ। ਬਹੁਤ ਵਰ੍ਹੇ ਪਹਿਲਾਂ ਉਸ ਦੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ ਬਤੌਰ ਪਾਠਕ। ਆਪਣੇ ਆਪ ਨੂੰ ਮਨਦੀਪ ਰੂਹੀ ਲਿਖਦੀ ਹੁੰਦੀ ਸੀ। ਹੁਣ ਕਿੰਨੇ ਵਰ੍ਹਿਆਂ ਬਾਅਦ ਉਸ ਨੇ ਦੁਬਾਰਾ ਸੰਪਰਕ ਜੋੜਿਆ। ਬੜੀ ਚੰਗੀ ਤੇ ਸਾਊ ਕੁੜੀ।’’ ਮੈਂ ਪਤਨੀ ਦੇ ਬਿਨਾਂ ਪੁੱਛਿਆਂ ਹੀ ਆਪਣੀ ਸਫ਼ਾਈ ਦੇਣ ਲੱਗਾ। ‘‘ਮੈਂ ਰੋਟੀ ਲਿਆਈ- ਹੱਥ ਧੋ ਲੋ। ਕੀ ਪਤਾ ਅੰਦਰੋਂ-ਬਾਹਰੋਂ ਹੋਰ ਕਿਹੜੀ ਰੂਹ ਅਫਜ਼ਾ ਦਾ ਫੋਨ ਆਜੇ?’’ ਮੇਰੀ ਸਫ਼ਾਈ ਨੇ ਜਿਵੇਂ ਪਤਨੀ ਨੂੰ ਸੰਤੁਸ਼ਟ ਨਹੀਂ ਸੀ ਕੀਤਾ।
ਅਗਲੇ ਦਿਨ ਦਿੱਤੇ ਵਕਤ ਤੋਂ ਪਹਿਲਾਂ ਹੀ ਮਨਦੀਪ ਦਾ ਫੋਨ ਆ ਗਿਆ।
‘‘ਹਾਂ ਬਈ ਮਨਦੀਪ, ਸੁਣਾ ਕੀ ਹਾਲ ਹੈ ਤੇਰੀ ਲਿੰਡਾ ਮੈਡਮ ਦਾ?’’ ਮੇਰਾ ਸੁਆਲ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਮਨਦੀਪ ਮਸ਼ੀਨ ਵਾਂਗ ਬੋਲਣਾ ਸ਼ੁਰੂ ਕਰਦੀ ਹੈ।
‘‘ਕੁਮਾਰ ਸਰ! ਸ਼ਾਇਦ ਉਸ ਦਿਨ ਮੈਂ ਦੱਸਣਾ ਭੁੱਲ ਹੀ ਗਈ। ਲਿੰਡਾ ਨੇ ਸਾਲ ਕੁ ਪਹਿਲਾਂ ਇੱਕ ਬੱਚੀ ਗੋਦ ਲੈ ਲਈ ਸੀ। ਕਿਸੇ ਅਫਰੀਕਨ ਦੇਸ਼ ’ਚੋਂ ਹੈ। ਘੁੰਗਰਾਲੇ ਵਾਲਾਂ ਵਾਲੀ ਸ਼ਾਹ ਰੰਗ ਵਾਲੀ ਕਾਲੀ ਕੁੜੀ। ਲਿੰਡਾ ਬੜੀ ਖੁਸ਼ ਹੈ ਬੇਟੀ ਨਾਲ। ਉਸੇ ਨਾਲ ਰੁੱਝੀ ਰਹਿੰਦੀ ਹੈ। ਆਪਣੇ ਆਪ ਨੂੰ ‘ਕੁਆਰੀ ਮਾਂ’ ਆਖ ਕੇ ਖ਼ੂਬ ਹੱਸਦੀ ਹੈ। ਵੇਖਲੋ ਸਰ ਕਾਲੀ ਕੁੜੀ ਦੀ ਕਿਸਮਤ। ਪਤਾ ਨਹੀਂ ਕਿਸ ਗਰੀਬ ਘਰ ਦੀ ਹੋਵੇਗੀ। ਲਿੰਡਾ ਦੀ ਮੌਤ ਤੋਂ ਬਾਅਦ ਉਸ ਨੇ ਮਿਲੀਅਨ ਬਿਲੀਅਨ ਦੀ ਜਾਇਦਾਦ ਦੀ ਮਾਲਕ ਬਣ ਜਾਣਾ।’’
‘‘ਕਿਸੇ ਦੀ ਕਿਸਮਤ ਦਾ ਕੋਈ ਸ਼ਰੀਕ ਨਹੀਂ ਹੁੰਦਾ। ਸਾਨੂੰ ਕੀ ਮਿਲਣਾ, ਕਦੋਂ ਮਿਲਣਾ ਤੇ ਕਿੰਨਾ ਮਿਲ ਜਾਣਾ- ਕੋਈ ਨਹੀਂ ਜਾਣਦਾ ਹੁੰਦਾ।’’ ਮੈਂ ਆਦਤ ਦੇ ਉਲਟ ਅਧਿਆਤਮਵਾਦੀ ਭਾਸ਼ਨ ਝਾੜ ਦਿੰਦਾ ਹਾਂ।
‘‘ਲਿੰਡਾ ਆਪਣੀ ਬੱਚੀ ਨੂੰ ‘ਮਾਈ ਯੂਨੀਵਰਸ’ ਆਖਦੀ ਹੈ। ਬੜੀ ਚੰਗੀ ਲੱਗਦੀ ਹੈ ਇੰਜ ਕਹਿੰਦਿਆਂ। ਮੈਂ ਸੋਚਣ ਲੱਗਦੀ ਹਾਂ- ਮੇਰਾ ਯੂਨੀਵਰਸ ਕਿਹੜਾ ਹੈ?’’
‘‘ਲਿੰਡਾ ਸਹੀ ਆਖਦੀ ਹੈ।’’
ਮੈਂ ਜਵਾਬ ਦੇਣ ਲਈ ਹੀ ਜਵਾਬ ਦਿੱਤਾ। ਉਂਜ ਪਤਾ ਨਹੀਂ ਲੱਗਦਾ ਕਿ ਮਨਦੀਪ ਦਾ ਕੀ ਜੁਆਬ ਦਿਆਂ? ਉਹ ਐਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੀ ਸੀ? ਉਸ ਦਾ ਪਤੀ? ਪਰਿਵਾਰ? ਬੱਚੇ? ਘਰ-ਬਾਰ? ਮੈਨੂੰ ਕੁਝ ਵੀ ਸਮਝ ਨਹੀਂ ਲੱਗਦੀ।
‘‘ਕੀ ਤੂੰ ਵੀ ਲਿੰਡਾ ਵਾਂਗ ਇਕੱਲੀ ਰਹਿੰਦੀ ਏਂ?’’
‘‘ਰਹਿੰਦੀ ਤਾਂ ਪਤੀ ਨਾਲ ਹਾਂ... ਪਰ ਇਕੱਲੀ ਹਾਂ।’’ ਉਹ ਲੰਬਾ ਹਾਉਕਾ ਖਿੱਚ ਲੈਂਦੀ ਹੈ। ਮੈਂ ਬੈੱਡਰੂਮ ’ਚ ਅੱਧ ਲੇਟੀ ਪਤਨੀ ਵੱਲ ਚੋਰ ਅੱਖ ਨਾਲ ਵੇਖਦਿਆਂ ਆਪਣੇ ਅੰਦਰਲਾ ਹਾਉਕਾ ਅੰਦਰੇ ਘੁੱਟ ਲੈਂਦਾ ਹਾਂ।
‘‘ਮੈਂ ਤਾਂ ਪਿਛਲੇ ਪੱਚੀ ਵਰ੍ਹਿਆਂ ਤੋਂ ਗਿੱਲੀ ਲੱਕੜ ਵਾਂਗ ਧੁਖੀ ਹਾਂ। ਹੁਣ ਵੀ ਧੁਖੀ ਜਾਂਦੀ ਹਾਂ।’’ ਮਨਦੀਪ ਦੇ ਲੰਬਾ ਸਾਹ ਲੈਣ ਦੀ ਆਵਾਜ਼ ਆਉਂਦੀ ਹੈ।
‘‘ਸਾਡੀ ਉਮਰ ਦਾ ਅੱਧੋ ਅੱਧ ਦਾ ਫ਼ਰਕ ਹੈ। ਹਰੀਸ਼ ਕੰਮ ਤੋਂ ਬਹੁਤ ਪਹਿਲਾਂ ਦਾ ਰਿਟਾਇਰ ਹੋ ਚੁੱਕਾ ਹੈ। ਅਥਾਹ ਧਨ ਦੌਲਤ ਹੈ। ਕਿੰਨੇ ਸਾਰੇ ਅਪਾਰਟਮੈਂਟ ਨੇ। ਵੱਡੇ ਵੱਡੇ ਘਰ ਨੇ। ਕਈ ਸਟੋਰ ਨੇ। ਅੰਨ੍ਹੀ ਜਾਇਦਾਦ ਹੈ। ਮੇਰੇ ਨਾਂ ਵੀ ਬਥੇਰੀ ਜਾਇਦਾਦ ਕੀਤੀ ਹੋਈ ਪਰ...।’’ ਮੇਰੇ ਵੱਲੋਂ ਕੋਈ ਸਵਾਲ ਨਾ ਕੀਤੇ ਜਾਣ ’ਤੇ ਉਹ ਆਪ ਹੀ ਅੱਗੇ ਦੱਸਣ ਲੱਗਦੀ ਹੈ।
‘‘ਸਾਡੇ ’ਚ ਕੁਝ ਵੀ ਤਾਂ ਐਹੋ ਜਿਹਾ ਹੈਨੀ ਜਿਸ ਆਸਰੇ ਜ਼ਿੰਦਗੀ ਜਿਉਣ ਨੂੰ ਜੀਅ ਕਰੇ। ਉਸ ਦੀ ਉਮਰ ਬਿਰਧ ਆਸ਼ਰਮ ਜਾਣ ਵਾਲੀ ਹੈ।’’
‘‘ਤੇਰੇ ਦੇਸ਼ ’ਚ ਤਾਂ ਤਲਾਕ ਆਮ ਗੱਲ ਹੈ... ਮੈਂ ਸਮਝਦਾਂ ਸਾਰਿਆਂ ਨੂੰ ਲਿੰਡਾ ਵਾਂਗ ਆਪਣੀਆਂ ਸ਼ਰਤਾਂ ’ਤੇ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ।’’ ਮੈਨੂੰ ਆਪਣੇ ਕੋਰੇ ਝੂਠੇ ਪ੍ਰਵਚਨ ’ਤੇ ਸ਼ਰਮ ਆਉਣ ਲੱਗਦੀ ਹੈ। ਮੇਰਾ ਜੀਅ ਤਾਂ ਕੀਤਾ ਉਸ ਨੂੰ ਆਖਾਂ, ‘‘ਤੇਰੇ ਨਾਲੋਂ ਤਾਂ ਮੇਰੇ ਪਿੰਡ ਦੀ ਅਨਪੜ੍ਹ ਔਰਤ ਜੀਤੋ ਕਿਤੇ ਦਲੇਰ ਤੇ ਸਿਆਣੀ ਹੈ ਜਿਸ ਦੇ ਮਾਪਿਆਂ ਨੇ ਉਸ ਨੂੰ ਪੈਸੇ ਲੈ ਕੇ ਦੁੱਗਣੀ ਉਮਰ ਦੇ ਨਿੱਕੇ ਨਾਲ ਤੋਰ ਦਿੱਤਾ ਸੀ ਪਰ ਇੱਥੇ ਆ ਕੇ ਉਸ ਨੇ ਵਲਗਣਾਂ ਤੋੜ ਕੇ ਨਿੱਕੇ ਦੇ ਸਭ ਤੋਂ ਛੋਟੇ ਭਰਾ ਤੇ ਆਪਣੇ ਹਾਣੀ ਪੰਮੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜੀਤੋ ਨੂੰ ਹੁਣ ਕੋਈ ਵੀ ‘‘ਨਿੱਕੇ ਵਾਲੀ’’ ਨਹੀਂ ਆਖਦਾ ਸਗੋਂ ਸਾਰੇ ‘‘ਪੰਮੇ ਵਾਲੀ’’ ਹੀ ਆਖਦੇ ਹਨ।’’ ਪਰ ਮੈਂ ਚੁੱਪ ਹੀ ਰਿਹਾ।
‘‘ਸੋਚਿਆ ਤਾਂ ਮੈਂ ਵੀ ਸੀ ਕਿਸੇ ਵਕਤ ਇਸ ਬੁੱਢੇ ਨੂੰ ਤਲਾਕ ਦੇ ਕੇ ਇੰਡੀਆ ਤੋਂ ਜੱਸ ਨੂੰ ਬੁਲਾ ਲਵਾਂ। ਫੇਰ ਸੋਚਿਆ- ਮਨਾ ਜਿਸ ਨੂੰ ਅੱਧਵਾਟੇ ਛੱਡ ਕੇ ਆ ਗਈ ਹੁਣ ਉਹਨੂੰ ਕਿਹੜੇ ਮੂੰਹ ਨਾਲ ਬੁਲਾਵੇਂਗੀ? ਗੱਲ ਆਈ ਗਈ ਹੋਗੀ।’’
‘‘ਇਸ ਦਾ ਮਤਲਬ...?’’ ਮੈਂ ਗੱਲ ਅਧੂਰੀ ਛੱਡ ਦਿੱਤੀ ਜਾਂ ਅਧੂਰੀ ਰਹਿ ਗਈ।
‘‘ਹਾਂ! ਇਸ ਦਾ ਮਤਲਬ ਉਹੀ ਹੈ ਜੋ ਤੁਸੀਂ ਸੋਚਦੇ ਓਂ। ਮੇਰੇ ਤੇ ਜੱਸ ਵਿਚਕਾਰ ਉਹ ਸਾਰਾ ਕੁਝ ਆ ਗਿਆ ਸੀ ਜੋ ਪਿਆਰ ਮੁਹੱਬਤ ਕਰਨ ਵਾਲੀਆਂ ਰੂਹਾਂ ਅੱਗੇ ਆਉਂਦਾ ਹੁੰਦਾ। ਨੱਕ-ਨਮੂਜ, ਊਚ-ਨੀਚ, ਜਾਤ-ਪਾਤ, ਬਾਪ ਦੀ ਪੱਗ, ਸ਼ਰੀਕਾਚਾਰੀ-ਸਮਾਜ। ਬਾਪ ਪੈਰੀਂ ਪੱਗਾਂ ਰੱਖਣ ਲੱਗਾ ਸੀ। ਉਹ ਉਨ੍ਹੀਂ ਦਿਨੀਂ ਦੁੱਧ ਚਿੱਟੀ ਪੱਗ ਬੰਨ੍ਹਦਾ ਹੁੰਦਾ ਸੀ। ਮਾਂ ਅੰਦਰ ਵਾੜ ਕੇ ਸਮਝਾਉਂਦੀ ਰਹਿੰਦੀ- ਚਿੱਟੀ ਪੱਗ ’ਤੇ ਦਾਗ ਬੜੀ ਛੇਤੀ ਲੱਗ ਜਾਂਦਾ। ਜੇ ਲੱਗ ਜਾਵੇਂ ਫਿਰ ਲਹਿੰਦਾ ਵੀ ਨਹੀਂ।’’
‘‘ਓ! ਸੈਡ!’’ ਮੈਂ ਟੇਡੀ ਅੱਖ ਨਾਲ ਬੈੱਡਰੂਮ ’ਚ ਝਾਕਿਆ। ਪਤਨੀ ਮੋਬਾਈਲ ਕੰਨ ਨਾਲ ਲਾਈ ਬੈਠੀ ਸੀ। ਜ਼ਰੂਰ ਮੁਹਾਲੀ ਵਾਲੀ ਭੈਣ ਨਾਲ ਗੱਲਾਂ ਕਰਦੀ ਹੋਵੇਗੀ। ਉਸ ਦੇ ਘਰਵਾਲਾ ਐਕਸਾਈਜ਼ ਵਿਭਾਗ ’ਚੋਂ ਏ ਟੀ ਸੀ ਰਿਟਾਇਰ ਹੋਇਆ ਹੈ। ਪਤਨੀ ਦਿਨ ’ਚ ਦੋ ਤਿੰਨ ਵਾਰ ਉਨ੍ਹਾਂ ਦੀ ਮੁਹਾਲੀ ਵਾਲੀ ਆਲੀਸ਼ਾਨ ਕੋਠੀ ਦੀ ਗੱਲ ਜ਼ਰੂਰ ਛੇੜਦੀ ਹੈ।
‘‘ਬਾਪ ਦੀ ਚਿੱਟੀ ਪੱਗ ਨੂੰ ਦਾਗ ਨਾ ਲੱਗੇ- ਇਹ ਸੋਚ ਕੇ ਮੈਂ ਆਪਣੇ ਚਾਵਾਂ ਦਾ ਗਲ਼ਾ ਘੁੱਟ ਲਿਆ। ਉਦੋਂ ਹੀ ਹਰੀਸ਼ ਵੱਲੋਂ ਅਖ਼ਬਾਰ ’ਚ ਇਸ਼ਤਿਹਾਰ ਆਇਆ। ਇਹ ਦਿੱਲੀ ਦੇ ਹਿੰਦੂ ਪਰਿਵਾਰ ’ਚੋਂ ਨੇ। ਪਹਿਲੀ ਪਤਨੀ ਮਰ ਚੁੱਕੀ ਸੀ। ਉਮਰ ਮੇਰੇ ਤੋਂ ਦੁੱਗਣੀ ਤੋਂ ਵੀ ਵੱਧ- ਮੇਰੇ ਬਾਪ ਦੀ ਉਮਰ। ਮਾਂ-ਬਾਪ ਤੇ ਭੈਣ-ਭਰਾ ਦੀਆਂ ਆਪਣੀਆਂ ਗਿਣਤੀਆਂ ਮਿਣਤੀਆਂ ਸਨ। ਉਹ ਸੋਚਦੇ ਸਨ- ਮਨਦੀਪ ਬਾਹਰ ਚਲੀ ਜਾਊ। ਫੇਰ ਛੋਟੀ ਭੈਣ ਤੇ ਭਰਾ ਵੀ ਚਲੇ ਜਾਣਗੇ। ਹੁਣ ਨਾ ਧਰਮ ਸੀ- ਨਾ ਕੋਈ ਜਾਤ ਸੀ ਤੇ ਨਾ ਹੀ ਉਮਰ। ਬਾਪ ਦਿੱਲੀ ਦੇ ਏਅਰਪੋਰਟ ’ਤੇ ਚੜ੍ਹਾਉਣ ਆਇਆ। ਉਸ ਦਿਨ ਵੀ ਉਸ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ ਪਰ ਮੈਨੂੰ ਇਹ ਬਹੁਤ ਹੀ ਮੈਲ਼ੀ ਮੈਲ਼ੀ ਲੱਗੀ ਸੀ। ਮੈਂ ਖੁਸ਼ਕ ਅੱਖਾਂ ਲਈ ਜਾਹਾਜ਼ੇ ਚੜ੍ਹ ਗਈ। ਜੰਮਣ ਭੋਇੰ ਛੱਡਦਿਆਂ ਮੇਰੀਆਂ ਅੱਖਾਂ ’ਚੋਂ ਇੱਕ ਵੀ ਹੰਝੂ ਨਾ ਡਿੱਗਿਆ। ਮੈਂ ਤਾਂ ਪਿੱਛਾ ਭੌਂਅ ਕੇ ਵੀ ਨਾ ਦੇਖਿਆ।’’ ਮਨਦੀਪ ਦੇ ਸਿਸਕਣ ਦੀ ਆਵਾਜ਼ ਸੁਣਾਈ ਦੇਣ ਲੱਗੀ।
‘‘ਭੈਣ ਭਰਾ ਨੂੰ ਬੁਲਾ ਲਿਆ ਸੀ ਬਾਹਰ?’’
‘‘ਭਰਾ ਆ ਗਿਆ ਸੀ ਬਾਹਰ। ਮੇਰੇ ਤੋਂ ਥੋੜ੍ਹੀਓ ਦੂਰ ਰਹਿੰਦਾ। ਕੋਈ ਕੰਮਕਾਰ ਨਹੀਂ ਕਰਦਾ। ਘਰਵਾਲੀ ਉਸ ਨੂੰ ਛੱਡ ਕੇ ਚਲੀ ਗਈ ਹੈ। ਇੱਕ ਕੁੜੀ ਹੈ ਉਸ ਦੀ, ਉਸ ਨੂੰ ਵੀ ਨਾਲ ਲੈ ਗਈ ਹੈ। ਸਾਰਾ ਦਿਨ ਅੰਦਰੇ ਪਿਆ ਸ਼ਰਾਬ ਪੀਂਦਾ ਰਹਿੰਦਾ। ਦੀਨ ਦੁਨੀਆ ਦੀ ਕੋਈ ਖਬਰ ਸਾਰ ਨਹੀਂ ਹੈ ਉਹਨੂੰ।’’
‘‘...ਤੇ ਭੈਣ?’’
‘‘ਭੈਣ ਲਈ ਇੱਥੋਂ ਮੁੰਡਾ ਵੇਖਿਆ ਸੀ। ਇੰਡੀਆ ਜਾ ਕੇ ਵਿਆਹ ਕੀਤਾ। ਲੱਖਾਂ ਰੁਪਏ ਵਿਆਹ ’ਤੇ ਲਾਏ। ਕਈ ਦਿਨ ਦੋਵੇਂ ਜੀਅ ਇਕੱਠੇ ਰਹੇ। ਪਹਾੜਾਂ ਦੀਆਂ ਸੈਰਾਂ ਕੀਤੀਆਂ। ਗੋਆ ਦੇ ਸਮੁੰਦਰੀ ਬੀਚ ’ਤੇ ਮੌਜ ਮਸਤੀ। ਕਦੇ ਕੁੱਲੂ ਕਦੇ ਮਨਾਲ਼ੀ ਕਦੇ ਆਗਰੇ ਕਦੇ ਦਿੱਲੀ। ਘੁੰਮਣ ਫਿਰਨ ਦਾ ਸਾਰਾ ਖਰਚਾ ਸਾਡਾ। ਚੰਗਾ ਭਲਾ ਵਾਪਸ ਆਇਆ। ਸਾਰਾ ਟੱਬਰ ਚਾਵਾਂ ਮਲ੍ਹਾਰਾਂ ਨਾਲ ਦਿੱਲੀ ਏਅਰਪੋਰਟ ’ਤੇ ਜਹਾਜ਼ੇ ਚੜ੍ਹਾ ਕੇ ਗਿਆ। ਵਾਪਸ ਇੱਥੇ ਆ ਕੇ ਮੁੱਕਰ ਗਿਆ। ਉਹ ਪੰਦਰ੍ਹਾਂ ਸਾਲਾਂ ਤੋਂ ਘਰ ਬੈਠੀ ਹੈ। ਨਾ ਵਿਆਹੀ, ਨਾ ਕੁਆਰੀ ਤੇ ਨਾ ਹੀ ਵਿਧਵਾ।’’
‘‘ਸੋ ਸੈਡ!’’
‘‘ਬਾਪ ਟੈਨਸ਼ਨ ਦਾ ਸ਼ਿਕਾਰ ਹੋ ਕੇ ਮੰਜੇ ’ਤੇ ਪੈ ਗਿਆ। ਕਈ ਸਾਲ ਹੱਡ ਗੋਡੇ ਰਗੜਦਾ ਰਿਹਾ। ਮੈਨੂੰ ਉਸ ’ਤੇ ਉੱਕਾ ਤਰਸ ਨਹੀਂ ਸੀ ਆਉਂਦਾ। ਆਖਰ ਹਾਰਟ ਅਟੈਕ ਨਾਲ ਮਰ ਗਿਆ। ਮੇਰੀ ਅੱਖ ’ਚੋਂ ਇੱਕ ਵੀ ਹੰਝੂ ਨ੍ਹੀ ਕਿਰਿਆ। ਕੁਮਾਰ ਸਰ, ਰਿਸ਼ਤੇ ਤਾਂ ਮੇਰੇ ਲਈ ਗਾਰਬੇਜ ਬਣ ਗਏ ਨੇ।’’
‘ਗਾਰਬੇਜ’ ਸ਼ਬਦ ਮੇਰੇ ਅੰਦਰ ਰੋੜ ਵਾਂਗ ਰੜਕਿਆ। ਸਰਲਾ ਮੇਰੀ ਇਮਾਨਦਾਰੀ ਨੂੰ ਪੁਣਦਿਆਂ, ਮੇਰੀਆਂ ਇਕੱਠੀਆਂ ਕੀਤੀਆਂ ਕਿਤਾਬਾਂ ਨੂੰ ਅਕਸਰ ਗਾਰਬੇਜ ਆਖਦੀ ਰਹਿੰਦੀ ਹੈ, ‘‘ਲੋਕ ਆਪਣੀ ਸਰਵਿਸ ’ਚ ਰੁਪਈਆ ਪੈਸਾ ਜੋੜਦੇ ਨੇ, ਅਸੀਂ ਆਹ ਗਾਰਬੇਜ ਇਕੱਠਾ ਕੀਤਾ।’’ ਕਦੇ ਕਦੇ ਤਾਂ ਕਿਤਾਬਾਂ ਦੇ ਰੈੱਕਾਂ ਵੱਲ ਇਸ਼ਾਰਾ ਕਰਦਿਆਂ ਵਿਅੰਗ ਨਾਲ ਆਖਦੀ ਹੁੰਦੀ ਹੈ, ‘‘ਸਾਡਾ ਤਾਂ ਆਹੀ ਸੰਸਾਰ ਹੈ।’’
ਮੈਂ ਕੰਨ ਲਾ ਕੇ ਸਰਲਾ ਦੀਆਂ ਗੱਲਾਂ ਸੁਣੀਆਂ। ਉਹ ਆਪਣੀ ਭੈਣ ਨਾਲ ਉਸ ਦੇ ਘਰਵਾਲੇ ਦੀ ਜਾਇਦਾਦ ਦੇ ਗੁਣਗਾਨ ਕਰਦਿਆਂ ਮੇਰੇ ਅਗਲਿਆਂ ਪਿਛਲਿਆਂ ਨੂੰ ਨੌਲੀ ਜਾਂਦੀ ਸੀ। ਉਸ ਦੀ ਬੁੜ ਬੁੜ ਤੋਂ ਬੇਧਿਆਨਾ ਹੋ ਕੰਨ ਦੁਬਾਰਾ ਮਨਦੀਪ ਦੀਆਂ ਗੱਲਾਂ ਨਾਲ ਜੋੜ ਲੈਂਦਾ ਹਾਂ।
‘‘ਸਰ, ਹੁਣ ਤਾਂ ਮੇਰੇ ਸਬਰ ਦਾ ਪਿਆਲਾ ਭਰ ਗਿਆ ਹੈ। ਥੋਨੂੰ ਪਤਾ ਪਿੰਡ ਹੁਣ ਮਾਂ ਤੇ ਭੈਣ ਹੀ ਰਹਿੰਦੀਆਂ। ਮੈਂ ਕਈ ਵਾਰ ਫੋਨ ’ਤੇ ਉਨ੍ਹਾਂ ਨੂੰ ਆਖਿਆ ਕਿ ਹਰੀਸ਼ ਨਾਂ ਦੇ ਇਸ ਬੰਦੇ ਨਾਲ ਹੋਰ ਨਹੀਂ ਰਹਿ ਸਕਦੀ।’’
‘‘ਉਹ ਕੀ ਆਂਹਦੇ?’’
‘‘ਉਹ ਕਹਿੰਦੇ ਪਹਿਲਾਂ ਇਹਦਾ ਸਾਰਾ ਪੈਸਾ ਮੋੜ। ਫੇਰ ਵਾਪਸ ਇੱਥੇ ਇੰਡੀਆ ਆਜਾ। ਉਨ੍ਹਾਂ ਦੇ ਕਹਿਣ ਦਾ ਮਤਲਬ ਨੰਗ ਮਲੰਗ ਹੋ ਕੇ ਵਾਪਸ ਇੰਡੀਆ ਆ ਜਾਵਾਂ।’’
‘‘ਇਹ ਕੀ ਗੱਲ ਹੋਈ? ਇੱਥੇ ਆਉਣ ਦਾ ਕੀ ਮਤਲਬ?’’
‘‘ਬੱਸ ਐਵੇਂ ਵਲ਼ ਪਾਉਣ ਵਾਲੀ ਗੱਲ। ਦਰਅਸਲ ਘਰਦਿਆਂ ’ਚੋਂ ਕੋਈ ਨਹੀਂ ਚਾਹੁੰਦਾ ਕਿ ਮੈਂ ਇਹਨੂੰ ਛੱਡਾਂ। ਦਰਅਸਲ ਸਾਰੇ ਦਾਅ ’ਤੇ ਬੈਠੇ। ਉਹ ਤਾਂ ਹਰੀਸ਼ ਦੀ ਮੌਤ ਉਡੀਕਦੇ। ਸਾਰਿਆਂ ਨੂੰ ਪਤਾ ਉਹਦੀ ਸਾਰੀ ਜਾਇਦਾਦ ਮੈਨੂੰ ਮਿਲੇਗੀ। ਅੱਗੋਂ ਮੇਰੇ ਕੋਈ ਔਲਾਦ ਹੈਨੀ, ਏਸ ਕਰਕੇ ਮੇਰੇ ਤੋਂ ਬਾਅਦ ਸਾਰੀ ਜਾਇਦਾਦ ਇਨ੍ਹਾਂ ਨੂੰ ਮਿਲਜੂ। ਗੱਲ ਕੀ, ਸਾਰਿਆਂ ਦੀ ਅੱਖ ਜਾਇਦਾਦ ’ਤੇ ਹੈ।’’
‘‘ਤੂੰ ਏਥੋਂ ਵਾਲੀਆਂ ਵਲਗਣਾਂ ਨਾਲ ਕਿਉਂ ਚੁੱਕੀ ਫਿਰਦੀ ਰਹੀ ਏਂ? ਉਲੰਘ ਕਿਉਂ ਨਹੀਂ ਜਾਂਦੀ?’’
‘‘ਪਤਾ ਨਹੀਂ ਸਰ... ਮੈਥੋਂ ਕਿਉਂ ਨਹੀਂ ਉਲੰਘ ਹੋਈਆਂ? ਵਲਗਣਾਂ ਉਲੰਘਣ ਲਈ ਤਾਂ ਜੱਸ ਵੀ ਬਥੇਰੇ ਤਰਲੇ ਪਾਉਂਦਾ ਰਿਹਾ। ਵਲਗਣਾਂ ਤਾਂ ਮੈਨੂੰ ਉਦੋਂ ਹੀ ਉਲੰਘ ਲੈਣੀਆਂ ਚਾਹੀਦੀਆਂ ਸਨ।’’
‘‘ਤੂੰ ਸਾਰੀ ਜ਼ਿੰਦਗੀ ਇਉਂ ਹੀ ਕੱਢ ਲਈ?’’ ਮੈਂ ਕਹਿਣਾ ਤਾਂ ਕੁਝ ਹੋਰ ਚਾਹੁੰਦਾ ਸੀ, ਪਰ ਕਹਿ ਨਾ ਸਕਿਆ। ਸ਼ਬਦਾਂ ਨੇ ਮੇਰਾ ਸਾਥ ਨਾ ਦਿੱਤਾ। ਮੈਨੂੰ ਲੱਗਾ ਇਹ ਮਰਿਆਦਾ ਤੋਂ ਨੀਵੀਂ ਗੱਲ ਹੋਣੀ ਸੀ।
‘‘ਜਦੋਂ ਮੈਂ ਵਿਆਹ ਕੇ ਆਈ ਸਾਂ, ਪੁੱਤ ਐੱਵ ਉਨੀ ਸਾਲ ਦਾ ਸੀ। ਮੈਂ ਲੂਣਾ ਬਣਨ ਦੀ ਕੋਸ਼ਿਸ਼ ਕੀਤੀ। ਸੋਚਿਆ ਘਰ ਦੀ ਗੱਲ ਘਰ ’ਚ ਹੀ ਰਹਿ ਜਾਵੇ ਤਾਂ ਚੰਗਾ। ਪਰ ਇਹ ਗੋਰਿਆਂ ਦੀ ਧਰਤੀ ਹੈ, ਰਾਜੇ ਸਲਵਾਨ ਦਾ ਸਿਆਲਕੋਟ ਨਹੀਂ। ਇੱਥੇ ਪੂਰਨ ਜਤੀ ਸਤੀ ਨਹੀਂ ਸੀ ਸਗੋਂ ਪਹਿਲਾਂ ਹੀ ਕਿਸੇ ਸੁੰਦਰਾਂ ਦੀਆਂ ਬਾਹਾਂ ’ਚ ਜਕੜਿਆ ਪਿਆ ਸੀ, ‘ਆਈ ਹੈਵ ਆਲਰੈੱਡੀ ਏ ਫਰੈਂਡ- ਇਫ ਯੂ ਨੌਟ ਹੈਪੀ ਵਿਦ ਦਿਸ ਓਲਡ ਮੈਨ, ਸੀ ਐਨੀ ਅਦਰ ਯੰਗ ਵਨ।’ ਆਖਦਿਆਂ ਉਹ ਤਾਂ ਬੜੀ ਨਫ਼ਾਸਤ ਨਾਲ ਬਚ ਕੇ ਨਿਕਲ ਗਿਆ।’’
ਮੈਂ ਕੇਵਲ ਸੁਣ ਸਕਦਾ ਸਾਂ। ਮੇਰੇ ਕੋਲ ਮਨਦੀਪ ਨੂੰ ਕਹਿਣ ਲਈ ਹੁਣ ਕੁਝ ਨਹੀਂ ਸੀ।
‘‘ਕੁਮਾਰ ਸਰ! ਮੈਂ ਸਰੀਰ ਦੀ ਲੋੜ ਤਾਂ ਜਿਵੇਂ ਕਿਵੇਂ ਮਾਰ ਲਈ, ਪਰ ਮਨ ਦੀ ਲੋੜ ਨੂੰ ਕਿਵੇਂ ਮਾਰਦੀ? ਮੈਂ ਚਾਹੁੰਨੀ ਹਾਂ ਕਿ ਮੇਰਾ ਵੀ ਕੋਈ ਯੂਨੀਵਰਸ ਹੋਵੇ। ਮੈਂ ਲਿੰਡਾ ਵਾਂਗ ਬੱਚੀ ਅਡੌਪਟ ਕਰਨ ਦਾ ਫ਼ੈਸਲਾ ਕਰ ਲਿਆ। ਮੈਂ ਵੀ ਕਿਸੇ ਨੂੰ ਆਪਣਾ ਯੂਨੀਵਰਸ ਕਹਿ ਸਕਾਂਗੀ।’’
‘‘ਗੁੱਡ!’’ ਮੈਂ ਉਸ ਦੇ ਫ਼ੈਸਲੇ ਦੀ ਤਾਰੀਫ਼ ਕਰਦਾ ਹਾਂ।
‘‘ਸਰ, ਤੁਸੀਂ ਤਾਂ ਤੁਰੇ ਫਿਰਦੇ ਰਹਿਨੇ ਓਂ, ਨਿਗਾਹ ’ਚ ਰੱਖਿਓ ਜੇ ਕੋਈ ਬੱਚੀ ਹੋਵੇ ਤਾਂ।’’
‘‘ਮੈਂ ਜ਼ਰੂਰ ਦੇਖਾਂਗਾ। ਅਦਰਵਾਈਜ਼ ਮੇਰੀ ਇੱਕ ਜਾਣੂ ਹੈਲਥ ਡਿਪਾਰਟਮੈਂਟ ’ਚ ਜੌਬ ਕਰਦੀ ਹੈ। ਉਨ੍ਹਾਂ ਕੋਲ ਅਕਸਰ ਅਜਿਹੇ ਕੇਸ ਆਉਂਦੇ ਰਹਿੰਦੇ ਨੇ। ਕਈ ਲੋਕ ਮੁੰਡੇ ਦੀ ਉਡੀਕ ’ਚ ਕੁੜੀਆਂ ਪੈਦਾ ਕਰੀ ਜਾਂਦੇ ਆ। ਆਮ ਤੌਰ ’ਤੇ ਇਹ ਪਰਿਵਾਰ ਹੁੰਦੇ ਵੀ ਬੜੇ ਗ਼ਰੀਬ ਤੇ ਪਛੜੇ ਨੇ। ਮੁੰਡੇ ਦੀ ਆਸ ’ਚ ਚਾਰ-ਚਾਰ ਕੁੜੀਆਂ ਪੈਦਾ ਕਰ ਲੈਂਦੇ ਨੇ। ਕਿਸੇ ਅਜਿਹੀ ਫੈਮਿਲੀ ਤੋਂ ਬੱਚਾ ਲਿਆ ਜਾ ਸਕਦਾ।’’
‘‘ਸਰ, ਜੇ ਕਿਸੇ ਨੂੰ ਵੈਸੇ ਵੀ ਕੁਝ ਦੇਣਾ-ਦੁਆਉਣਾ ਪਿਆ ਤਾਂ ਵੀ ਕੋਈ ਗੱਲ ਨਹੀਂ। ਆਪਾਂ ਪੇ ਕਰ ਦਿਆਂਗੇ। ਮੈਂ ਤਾਂ ਹੁਣ ਪੱਕਾ ਧਾਰੀ ਬੈਠੀ ਹਾਂ ਕਿ ਲਿੰਡਾ ਵਾਂਗ ਬੱਚੀ ਨੂੰ ਹੀ ਆਪਣਾ ਸੰਸਾਰ ਬਣਾ ਲੈਣਾ।’’
‘‘ਬਹੁਤ ਅੱਛੇ- ਬਹੁਤ ਅੱਛੇ!’’ ਮੈਂ ਘਰਵਾਲੀ ਦੇ ਸੁਣ ਲੈਣ ਤੋਂ ਡਰਦਿਆਂ ਬੜੀ ਮੱਧਮ ਸੁਰ ’ਚ ਆਖਦਾ ਹਾਂ।
‘‘ਮੈਂ ਦੋ ਕੁ ਮਹੀਨੇ ਪਹਿਲਾਂ ਆਈ ਸੀ ਇੰਡੀਆ। ਇੱਕ ਬੱਚੀ ਦੇਖੀ ਵੀ ਸੀ। ਉਸ ਦੇ ਪੇਰੈਂਟਸ ਵੀ ਰਾਜ਼ੀ ਸਨ। ਰਾਜ਼ੀ ਕਿਉਂ, ਉਹ ਤਾਂ ਸਗੋਂ ਖੁਸ਼ ਸੀਗੇ।
‘‘ਫਿਰ ਕਰ ਲੈਣੀ ਸੀ ਅਡੌਪਟ- ਹੋਰ ਕੀ ਚਾਹੀਦਾ ਸੀ?’’
‘‘ਸਰ, ਕੁੜੀ ਕੁਝ ਜ਼ਿਆਦਾ ਹੀ ਸਾਂਵਲੇ ਰੰਗ ਦੀ ਸੀ। ਕਮ-ਸੇ-ਕਮ ਬੱਚਾ ਪਰਿਵਾਰ ’ਚ ਰਲਦਾ ਮਿਲਦਾ ਤਾਂ ਹੋਵੇ। ਆਖਰ ਬੰਦੇ ਨੇ ਸੁਸਾਇਟੀ ’ਚ ਵੀ ਤਾਂ ਵਿਚਰਨਾ ਹੁੰਦਾ।’’ ਮਨਦੀਪ ਅੱਗੇ ਕੀ ਕਹਿੰਦੀ ਰਹੀ, ਮੈਨੂੰ ਕੁਝ ਸੁਣਾਈ ਨਾ ਦਿੱਤਾ। ਮੈਂ ਤਾਂ ਲਿੰਡਾ ਦੇ ਯੂਨੀਵਰਸ ਬਾਰੇ ਹੀ ਸੋਚੀ ਜਾਂਦਾ ਸਾਂ।