Akkh Di Rarak (Bangla Novel in Punjabi) : Rabindranath Tagore

ਅੱਖ ਦੀ ਰੜਕ (ਬੰਗਾਲੀ ਨਾਵਲ) : ਰਾਬਿੰਦਰਨਾਥ ਟੈਗੋਰ

ਅੱਖ ਦੀ ਰੜਕ ਟੈਗੋਰ ਦਾ ਨਾਵਲ ਹੈ ਤੇ ਬੰਗਲਾ ਵਿਚ ਨਾਮ ਹੈ ਜੋਖੇਰ ਬਾਲੀ । ਇਸ ਕਿਤਾਬ ਵਿਚ ਪਹਿਲਾਂ ਕਵੀ ਵਲੋਂ ਲਿਖੀ ਭੂਮਿਕਾ ਦਿਆਂਗੇ ਫਿਰ ਨਾਵਲ ਦਾ ਪਹਿਲਾ ਅਧਿਆਇ। ਭੂਮਿਕਾ ਦਾ ਨਾਮ ਲੇਖਕ ਨੇ ਸੂਚਨਾ ਰੱਖਿਆ ਹੈ।

ਸੂਚਨਾ

ਮੇਰੇ ਸਾਹਤਿਕ ਸਫ਼ਰ ਦੇ ਪਿਛੋਕੜ ਤੋਂ ਪਤਾ ਲਗੇਗਾ ਕਿ ਅੱਖ ਦੀ ਰੜਕ ਨਾਵਲ ਅਚਾਨਕ ਆ ਉਤਰਿਆ, ਮੇਰੇ ਅੰਦਰ ਨਹੀਂ ਕੇਵਲ, ਬੰਗਲਾ ਸਾਹਿਤ ਦੇ ਖੇਤਰ ਵਿਚ ਵੀ। ਮਨ ਵਿਚ ਕਿਹੜਾ ਇਸ਼ਾਰਾ ਆਇਆ, ਪਤਾ ਨਹੀਂ। ਸੌਖਾ ਜਵਾਬ ਇਹ ਹੈ ਕਿ ਬੰਗ-ਦਰਸ਼ਨ ਮਾਸਿਕ ਪੱਤਰ ਨਵੇਂ ਸਿਰੇ ਤੋਂ ਸ਼੍ਰੀਸ਼ ਚੰਦਰ ਨੇ ਸ਼ੁਰੂ ਕੀਤਾ ਤਾਂ ਉਸ ਨੇ ਕਿਹਾ ਇਕ ਲੜੀਵਾਰ ਕਥਾ ਛਾਪਣੀ ਹੈ, ਲਿਖੋ। ਮੈਂ ਹਾਂ ਤਾਂ ਕਰ ਦਿਤੀ ਪਰ ਪਰਸੰਨਤਾ ਨਾਲ ਨਹੀਂ। ਕਿਸੇ ਪਿਛਲੀ ਮਸ਼ਹੂਰੀ ਦਾ ਵਾਰਸ ਹੋਣਾ ਸੰਕਟ ਪੈਦਾ ਕਰਦਾ ਹੈ, ਮਨ ਵਿਚ ਸੰਕੋਚ ਸੀ। ਜਦੋਂ ਕਦੀ ਮੇਰੇ ਮਨ ਵਿਚ ਲਾਲਚ ਅਤੇ ਤਿਆਗ ਆਪੋ ਵਿਚ ਝਗੜਨ ਲਗ ਜਾਣ ਉਦੋਂ ਮੇਰਾ ਤਿਆਗ ਜਿਤ ਨਹੀਂ ਸਕਿਆ। ਉਹੋ ਗੱਲ ਇਥੇ ਹੋਈ।

ਬੰਗ-ਦਰਸ਼ਨ ਵਿਚ ਅਸੀਂ ਵਿਸ਼ ਵਰਿਖ (ਬੰਕਿਮ ਚੰਦਰ ਚੈਟਰਜੀ ਦਾ ਨਾਵਲ) ਦਾ ਅਨੰਦ ਮਾਣਿਆਂ ਸੀ। ਉਸ ਵਕਤ ਉਹ ਨਵਾਂ ਰਸ ਸੀ। ਉਸੇ ਬੰਗ-ਦਰਸ਼ਨ ਨੂੰ ਨਵਾਂ ਰੂਪ ਦਿਤਾ ਜਾ ਸਕੇ ਪਰ ਦੁਹਰਾਇਆ ਨਾ ਜਾਵੇ। ਉਦੋਂ ਵਾਲੀ ਮਜਲਿਸ ਤਾਂ ਖਿੰਡ ਗਈ ਹੈ, ਸੰਪਾਦਕ ਨੂੰ ਸੜਕ ਤੋਂ ਨਵਾਂ ਮੋੜ ਕੱਟਣਾ ਪਵੇਗਾ। ਸੰਪਾਦਕ ਦਾ ਵਿਸ਼ਵਾਸ ਸੀ ਕਿ ਇਸ ਰਸਾਲੇ ਦੇ ਭੋਜਨ ਲਈ ਦੋ ਸਾਲ ਤੱਕ ਮੈਂ ਕਹਾਣੀਆਂ ਦੇ ਸਕਦਾ ਹਾਂ। ਸੋ ਕਮਰਕਸੇ ਕਰਨੇ ਪੈਣਗੇ। ਇਕ ਤਰੀਕੇ ਦੀਵਾਨੀ ਵਿਧਾਨ ਅਨੁਸਾਰ ਸੰਪਾਦਕ ਕੋਲੋਂ ਖਾਣ ਪੀਣ ਦਾ ਹੱਕ ਮੰਗਣਾ ਵੀ ਸ਼ਾਮਲ ਸੀ। ਬਾਹਰੋਂ ਫਰਮਾਇਸ਼ ਵੀ ਆਈ ਸੀ। ਪਹਿਲਾਂ ਕਦੇ ਲੰਮੀ ਕਹਾਣੀ ਨੂੰ ਹੱਥ ਨਹੀਂ ਪਾਇਆ ਸੀ। ਟੁੱਟੇ ਤਾਰਿਆਂ ਵਾਂਗ ਛੋਟੀਆਂ ਕਹਾਣੀਆਂ ਦੀ ਬਾਰਸ਼ ਹੋਈ ਸੀ। ਇਸ ਜੁਗ ਦੇ ਕਾਰਖਾਨੇ ਵਿਚ ਲੰਮੀ ਕਹਾਣੀ ਬਣਾਉਣ ਦਾ ਫੈਸਲਾ ਕਰਨਾ ਪੈ ਗਿਆ। ਜ਼ਹਿਰ ਦੇ ਦਰਖਤ ਦੀ ਖੇਤੀ ਸੈਤਾਨ ਉਦੋਂ ਵੀ ਕਰਦਾ ਸੀ ਅੱਜ ਵੀ ਕਰਦਾ ਹੈ। ਪਰ ਉਸ ਦਾ ਦਾਇਰਾ ਕਹਾਣੀ ਦੇ ਦਾਇਰੇ ਵਿਚ ਸੁੰਗੜ ਗਿਆ ਹੈ। ਹੁਣ ਦਾ ਚਿੱਤਰ ਸਾਫ ਹੈ, ਹਾਰ ਸ਼ਿੰਗਾਰ ਦੇ ਅਲੰਕਾਰਾਂ ਵਿਚ ਢਕ ਕੇ ਉਸ ਨੂੰ ਧੁੰਦਲਾ ਕਰ ਦਿੰਦੇ ਹਨ ਤੇ ਉਸਦਾ ਨਵਾਂ ਸੁਭਾਅ ਖ਼ਤਮ ਹੋ ਜਾਂਦਾ ਹੈ। ਕਹਾਣੀ ਜ਼ਿਦ ਨੂੰ ਟਾਲ ਨਾ ਸਕਿਆ ਤੇ ਦਿਲ ਦੇ ਉਸ ਕਾਰਖਾਨੇ ਵਿਚ ਉਤਰਨਾ ਪਿਆ ਜਿਥੇ ਸਖਤ ਲੋਹਾ ਅੱਗ ਵਿਚੋਂ ਬਾਹਰ ਕੱਢ ਕੇ ਹਥੌੜਿਆਂ ਨਾਲ ਕੁਟਦਿਆਂ ਕੁਟਦਿਆਂ ਉਸ ਵਿਚੋਂ ਤਸਵੀਰ ਜਾਗ ਪੈਂਦੀ ਹੈ। ਬੇਕਿਰਕ ਸੰਸਾਰ ਚੱਕਰ ਦੇ ਨਿਰਮਾਤਾ ਮਨੁਖ ਨੇ ਬੰਗਲਾ ਵਿਚ ਇਸ ਤਰ੍ਹਾਂ ਦਾ ਵਖਿਆਨ ਪਹਿਲਾਂ ਦਿੱਤਾ ਨਹੀਂ ਸੀ। ਪਰਦੇ ਦੇ ਬਾਹਰ ਹੌਲੀ ਹੌਲੀ ਸ਼ਾਹਰਾਹ ਉਪਰ ਗੋਰਾ, ਘਰੇ ਬਾਈਰੇ ਅਤੇ ਚਤੁਰੰਗ ਤੁਰਦੇ ਦਿਖਾਈ ਦਿਤੇ।

ਨਿਕੀ ਕਹਾਣੀ ਦੀ ਯੋਜਨਾ ਬਣਾਉਣ ਵੇਲੇ ਮੈਂ ਸੰਸਾਰ ਦੀ ਪੁਰਾਤਨ ਛੁਹ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਨਸ਼ਟ ਨੀੜ (ਉਜੜਿਆ ਆਹਲਣਾ) ਅਤੇ ਸ਼ਾਸਤੀ (ਸਜ਼ਾ) ਬੇਦਰਦ ਸਾਹਿਤ ਦੀ ਗਿਣਤੀ ਵਿਚ ਹੀ ਰਹਿਣਗੀਆਂ। ਇਸ ਪਿਛੋਂ ਪਲਾਤਕਾ ਕਾਵਿ ਸੰਗ੍ਰਹਿ ਵਿਚ ਵੀ ਦੁਨੀਆਂ ਨਾਲ ਉਸੇ ਮੁਕਾਬਲੇ ਦੀ ਚਰਚਾ ਚੱਲੀ। ਉਨ੍ਹੀ ਦਿਨੀ ਬੰਗ-ਦਰਸ਼ਨ ਦੇ ਨਵੇਂ ਰੂਪ ਨੇ ਇਕ ਪਾਸੇ ਮੇਰੇ ਦਿਲ ਨੂੰ ਕੌਮੀ ਸਿਆਸੀ ਫਿਕਰ ਦੇ ਘੇਰੇ ਵਿਚ ਲਿਆ ਰੱਖਿਆ ਸੀ, ਦੂਜੇ ਪਾਸੇ ਕਹਾਣੀ ਵੱਲ, ਕਾਵਿ ਅਤੇ ਮਨੁਖੀ ਆਚਰਣ ਦੀ ਬਿਖੜੀ ਛੁਹ ਵਿਚ ਵੀ। ਥੋੜੀ ਬਹੁਤੀ ਸ਼ੁਰੂਆਤ ਸਾਧਨਾ ਦੇ ਜੁੱਗ ਤੋਂ ਹੀ ਹੋ ਗਈ ਸੀ ਤੇ ਰਹਿੰਦੀ ਕਸਰ ਸਬਜ-ਪੱਤਰ ਨੇ ਪੂਰੀ ਕਰ ਦਿੱਤੀ। ਮਾਂ ਦੀ ਈਰਖਾ ਨੇ ਅੰਦਰੋਂ ਧੱਕਾ ਦੇਕੇ ਚੋਖੇਰ ਬਾਲੀ ਦੀ ਕਹਾਣੀ ਨੂੰ ਭਿਆਨਕ ਬਣਾ ਦਿੱਤਾ। ਇਸੇ ਈਰਖਾ ਨੇ ਮਹਿੰਦਰ ਦੇ ਦੁਸ਼ਮਣਾ ਨੂੰ (ਕਾਮ, ਕ੍ਰੋਧ, ਮੋਹ, ਲੋਭ, ਹੰਕਾਰ) ਚੰਦਰੀ ਵਿਹਲ ਦੇ ਦਿਤੀ ਜੋ ਆਮ ਹਾਲਾਤ ਵਿਚ ਦੰਦ ਨਹੁੰ ਨਾ ਮਾਰਦੇ। ਡੰਗਰਾਂ ਦਾ ਫਾਟਕ ਖੋਲ੍ਹਣ ਤੇ ਵਹਿਸ਼ੀ ਘਟਨਾਵਾਂ ਬੇਕਾਬੂ ਹੋ ਹੋ ਬਾਹਰ ਭਜਦੀਆਂ ਹਨ। ਸਾਹਿਤ ਦੇ ਨਵੇਂ ਦੌਰ ਦੀ ਵਿਧਾ, ਘਟਨਾ ਪਰੰਪਰਾ ਦੇ ਵਿਸਥਾਰ ਵਿਚ ਨਹੀਂ ਪੈਂਦੀ, ਆਪ ਮੁਹਾਰੇ ਗੱਲਾ ਬਾਹਰ ਆਉਣ। ਚੋਖੇਰ ਬਾਲੀ ਦੀ ਸ਼ੈਲੀ ਇਹੋ ਹੈ।

ਬੰਗਾਲੀ ਸੰਮਤ ਵਸਾਖ 1347 ਰਵੀਂਦ੍ਰ ਨਾਥ ਠਾਕੁਰ

ਅਧਿਆਇ ਪਹਿਲਾ

ਮਹਿੰਦਰ ਦੀ ਮਾਂ ਰਾਜ ਲੱਛਮੀ ਕੋਲ ਵਿਨੋਦਨੀ ਦੀ ਮਾਂ ਹਰੀਮਤੀ ਧਰਨਾ ਮਾਰ ਕੇ ਬੈਠ ਗਈ। ਇਕੋ ਪਿੰਡ ਦੀਆਂ ਧੀਆਂ ਤੇ ਬਚਪਨ ਦੀਆਂ ਸਹੇਲੀਆਂ ਸਨ, ਦੋਵੇਂ ਇਕੱਠੀਆਂ ਖੇਡੀਆਂ।

ਰਾਜ ਲੱਛਮੀ ਨੇ ਮਹਿੰਦਰ ਨੂੰ ਕਿਹਾ - ਮਹਿੰਦਰ ਕਾਕਾ ਗਰੀਬ ਦੀ ਧੀ ਹੈ, ਰਾਖੀ ਕਰਨੀ ਪਵੇਗੀ। ਕੁੜੀ ਬੜੀ ਸੁਹਣੀ ਸੁਣੀਂਦੀ ਐ। ਮੇਮ ਕੋਲੋਂ ਪੜ੍ਹੀ ਹੈ। ਤੇਰੀ ਅੱਜ ਕੱਲ੍ਹ ਦੀ ਪਸੰਦ ਨਾਲ ਮੇਲ ਖਾਂਦੀ ਐ।

ਮਹਿੰਦਰ ਬੋਲਿਆ - ਮਾਂ ਮੇਰੇ ਤੋਂ ਬਿਨਾ ਹੋਰ ਵੀ ਤਾਂ ਬਥੇਰੇ ਮੁੰਡੇ ਨੇ।

ਮਾਂ -ਏਹੀ ਨੁਕਸ ਐ ਤੇਰੇ ਵਿਚ। ਤੇਰੇ ਨਾਲ ਵਿਆਹ ਦੀ ਗੱਲ ਈ ਨੀ ਹੋ ਸਕਦੀ।

ਮਹਿੰਦਰ - ਏਸ ਇਕ ਗੱਲ ਨੂੰ ਛਡ ਕੇ ਸੰਸਾਰ ਵਿਚ ਹੋਰ ਗੱਲਾਂ ਦਾ ਵੀ ਘਾਟਾ ਨਹੀਂ। ਸੋ ਇਹ ਕੋਈ ਮਾਰੂ ਦੋਸ਼ ਨਹੀਂ।

ਬਚਪਨ ਵਿਚ ਮਹਿੰਦਰ ਦਾ ਪਿਤਾ ਚਲ ਵਸਿਆ ਸੀ। ਮਾਂ ਬਾਰੇ ਉਸਦਾ ਵਿਹਾਰ ਆਮ ਵਰਗਾ ਨਹੀਂ ਸੀ। ਉਮਰ ਬਾਈ ਸਾਲ ਹੈ, ਐਮ.ਏ. ਕਰਕੇ ਅਗੇ ਹੋਰ ਪੜ੍ਹਾਈ ਸ਼ੁਰੂ ਕਰ ਦਿਤੀ ਹੈ ਫੇਰ ਵੀ ਮਾਂ ਦੇ ਲਾਡ ਪਿਆਰ ਕਾਰਨ ਜ਼ਿੱਦਾਂ, ਨਖਰਿਆਂ ਦਾ ਕੋਈ ਘਾਟਾ ਨਹੀਂ। ਕੰਗਾਰੂ ਦੇ ਬੱਚੇ ਵਾਂਗ ਮਾਂ ਦੇ ਪੇਟ ਵਿਚੋਂ ਬਾਹਰ ਤਾਂ ਆ ਗਿਆ, ਅਜੇ ਪੇਟ ਦੇ ਬਾਹਰਲੀ ਥੈਲੀ ਵਿਚ ਰਹਿਣ ਦੀ ਆਦਤ ਪਈ ਹੋਈ ਸੀ। ਮਾਂ ਦੀ ਸਹਾਇਤਾ ਤੋਂ ਬਗੈਰ ਉਸਦਾ ਖਾਣ-ਪੀਣ, ਵਰਤੋਂ ਵਿਹਾਰ ਸਭ ਅਧੂਰਾ ਸੀ।

ਵਿਨੋਦਨੀ ਦੀ ਮਾਂ ਜ਼ਿਦ ਕਰਨ ਲੱਗੀ ਤਾਂ ਮਾਂ ਨੇ ਵੀ ਜੋਰ ਨਾਲ ਮਹਿੰਦਰ ਨੂੰ ਕਹਿ ਦਿਤਾ।

ਮਹਿੰਦਰ ਨੇ ਕਿਹਾ - ਚੰਗਾ ਕੁੜੀ ਦੇਖ ਤਾਂ ਲਈਏ ਪਹਿਲਾਂ।

ਜਿਸ ਦਿਨ ਦੇਖਣ ਜਾਣਾ ਸੀ, ਕਹਿਣ ਲੱਗਾ - ਦੇਖ ਕੇ ਕੀ ਕਰੂੰਗਾ। ਤੁਹਾਡੀ ਖੁਸ਼ੀ ਵਾਸਤੇ ਵਿਆਹ ਕਰਨਾ ਹੈ, ਫੇਰ ਮੰਦਾ ਕੀ ਤੇ ਚੰਗਾ ਕੀ।

ਉਸ ਦੀ ਗੱਲ ਵਿਚ ਗੁਸੇ ਦਾ ਸੇਕ ਸੀ ਪਰ ਮਾਂ ਨੇ ਸੋਚਿਆ, ਪਹਿਲੀ ਨਜ਼ਰ ਪਏਗੀ ਤਾਂ ਮਹਿੰਦਰ ਦਾ ਸੁਰ ਨਰਮ ਹੋ ਜਾਏਗਾ।

ਨਿਸਚਿਤ ਮਨ ਨਾਲ ਮਾਂ ਨੇ ਵਿਆਹ ਦਾ ਦਿਨ ਮਿਥ ਲਿਆ। ਜਿਉਂ ਜਿਉਂ ਇਹ ਤਰੀਕ ਨੇੜੇ ਆਉਂਦੀ ਗਈ, ਮਹਿੰਦਰ ਦੀ ਬੇਚੈਨੀ ਵਧਦੀ ਗਈ। ਦੋ ਚਾਰ ਦਿਨ ਪਹਿਲਾਂ ਕਹਿ ਹੀ ਦਿਤਾ - ਨਾ ਮਾਂ, ਮੈਂ ਨੀ ਕਰਾ ਸਕਦਾ ਇਹ ਵਿਆਹ।

ਮਹਿੰਦਰ ਨੂੰ ਸ਼ੁਰੂ ਤੋਂ ਰੱਬ ਅਤੇ ਮਨੁਖਾਂ ਦੀ ਏਨੀ ਮੱਦਦ ਮਿਲੀ ਸੀ ਕਿ ਉਹ ਬੇਲਗਾਮ ਹੋ ਗਿਆ। ਦੂਜੇ ਦੀ ਇਛਿਆ ਜਾਂ ਦਬਾਉ ਬਰਦਾਸ਼ਤ ਕਰਨ ਦੀ ਆਦਤ ਨਹੀਂ। ਮਜਬੂਰੀ ਵਸ ਵਿਆਹ ਕਰਨ ਦੀ ਮਨਜੂਰੀ ਦੇਕੇ ਉਹ ਅੱਕ ਗਿਆ ਤੇ ਆਖਰ ਬਗਾਵਤ ਕਰ ਦਿਤੀ।

ਬਿਹਾਰੀ ਉਸਦਾ ਜਿਗਰੀ ਦੋਸਤ ਸੀ। ਮਹਿੰਦਰ ਦੀ ਮਾਤਾ ਨੂੰ ਮਾਂ ਤੇ ਮਹਿੰਦਰ ਨੂੰ ਭਾਅ ਆਖਦਾ। ਸਟੀਮ ਮੋਟਰ ਬੋਟ ਦੇ ਪਿਛੇ ਭਾਰ ਲੱਦਣ ਵਾਸਤੇ ਜਿਵੇਂ ਖਾਲੀ ਕਿਸ਼ਤੀ ਬੰਨ੍ਹ ਦਿੰਦੇ ਹਨ, ਮਾਂ ਬਿਹਾਰੀ ਨੂੰ ਉਸੇ ਤਰ੍ਹਾਂ ਸਮਝ ਕੇ ਪਿਆਰ ਕਰਦੀ। ਮਾਂ ਨੇ ਬਿਹਾਰੀ ਨੂੰ ਕਿਹਾ - ਪੁੱਤ ਤੈਨੂੰ ਕਰਨਾ ਪਊਗਾ ਇਹ ਕੰਮ ਹੁਣ ਤਾਂ, ਨਹੀਂ ਤਾਂ ਗਰੀਬ ਦੀ ਧੀ....।

ਹੱਥ ਜੋੜਦਿਆਂ ਬਿਹਾਰੀ ਨੇ ਕਿਹਾ - ਮੈਥੋਂ ਨੀ ਹੁੰਦਾ ਮਾਂ ਇਹ ਕੰਮ। ਬੇਸੁਆਦੀ ਜਿਹੜੀ ਮਠਿਆਈ ਮਹਿੰਦਰ ਖਾਣ ਤੋਂ ਇਨਕਾਰ ਕਰ ਦਿੰਦਾ, ਤੁਹਾਡੇ ਆਖਣ ਤੇ ਮੈਂ ਖਾ ਲੈਂਦਾ। ਕੁੜੀ ਦਾ ਫੈਸਲਾ ਕਰਨ ਵੇਲੇ ਇਹ ਗੱਲ ਲਾਗੂ ਨੀ ਮੇਰੇ ਤੇ ਹੋਣੀ।

ਵਿਨੋਦਨੀ ਦਾ ਪਿਤਾ ਖਾਸ ਅਮੀਰ ਨਹੀਂ ਸੀ ਪਰ ਆਪਣੀ ਇਕਲੌਤੀ ਧੀ ਨੂੰ ਬੜੇ ਯਤਨਾ ਨਾਲ ਮੇਮ ਕੋਲੋਂ ਪੜ੍ਹਨਾ ਲਿਖਣਾ ਸਿਖਾਇਆ, ਫਿਰ ਸਿਲਾਈ ਕਢਾਈ ਸਿਖਾਈ। ਕੁੜੀ ਦੀ ਉਮਰ ਵਧਦੀ ਜਾ ਰਹੀ ਸੀ ਪਰ ਪਿਉ ਦਾ ਉਸ ਦੇ ਵਿਆਹ ਵੱਲ ਧਿਆਨ ਹੀ ਨਹੀਂ ਸੀ। ਪਿਉ ਅਚਾਨਕ ਮਰ ਗਿਆ ਤਾਂ ਵਿਨੋਦਨੀ ਦੀ ਮਾਂ ਬਹੁਤੀ ਬੇਚੈਨ ਹੋ ਗਈ। ਪੈਸੇ ਟਕੇ ਦਾ ਤਾਂ ਕੰਮ ਜਿਵੇਂ ਕਿਵੇਂ ਸਾਰ ਲਏਗੀ ਪਰ ਕੁੜੀ ਦੀ ਉਮਰ ਦਾ ਕੀ ਕਰੇ ਜਿਹੜੀ ਵਧਣੋ ਹਟਦੀ ਹੀ ਨਹੀਂ।

ਰਾਜ ਲੱਛਮੀ ਨੇ ਤਰਸ ਕਰਦਿਆਂ ਇਹ ਕੁੜੀ ਰਿਸ਼ਤੇ ਵਿਚੋਂ ਇਕ ਭਤੀਜੇ ਨਾਲ ਵਿਆਹ ਦਿਤੀ। ਥੋੜੇ ਸਮੇਂ ਬਾਦ ਕੁੜੀ ਵਿਧਵਾ ਹੋ ਗਈ।

ਮਹਿੰਦਰ ਨੇ ਹੱਸ ਕੇ ਕਿਹਾ - ਚੰਗੀ ਕਿਸਮਤ ਨੂੰ ਮੈਂ ਵਿਆਹ ਨਹੀਂ ਕਰਵਾਇਆ। ਜੇ ਮੇਰੀ ਪਤਨੀ ਵਿਧਵਾ ਹੋ ਜਾਂਦੀ, ਮੈਂ ਤਾਂ ਇਕ ਮਿੰਟ ਵਾਸਤੇ ਵੀ ਨਹੀਂ ਸੀ ਬਚ ਸਕਣਾ।

ਤਿੰਨ ਕੁ ਸਾਲ ਬੀਤਣ ਪਿਛੋਂ ਮਾਂ ਪੁੱਤ ਵਿਚਕਾਰ ਫੇਰ ਗੱਲ ਬਾਤ ਹੋਣ ਲੱਗੀ। ਮਾਂ ਨੇ ਕਿਹਾ - ਕੁੱਛ ਲੋਕ ਮੈਨੂੰ ਕੋਸਦੇ ਨੇ।

- ਕਿਉਂ ਮਾਂ, ਤੁਸੀਂ ਕੀ ਬੁਰਾ ਕੀਤਾ ?

- ਵਿਆਹ ਪਿਛੋਂ ਮੁੰਡਾ ਬੇਗਾਨਾ ਹੋ ਜਾਏਗਾ, ਇਸ ਡਰ ਕਰਕੇ ਤੇਰਾ ਵਿਆਹ ਨੀਂ ਕਰਦੀ। ਇਹ ਗੱਲਾਂ ਹੋ ਰਹੀਆਂ ਨੇ।

ਮਹਿੰਦਰ ਨੇ ਕਿਹਾ - ਇਹ ਡਰ ਤਾਂ ਹੈ ਈ। ਮੈਂ ਮਾਂ ਹੁੰਦੀ ਤਾਂ ਹਰਗਿਜ਼ ਮੁੰਡੇ ਦਾ ਵਿਆਹ ਨਾ ਕਰਦੀ। ਲੋਕਾਂ ਦੀ ਨਿੰਦਿਆਂ ਖਿੜੇ ਮੱਥੇ ਬਰਦਾਸ਼ਤ ਕਰਦੀ।

ਮਾਂ ਨੇ ਹੱਸ ਕੇ ਕਿਹਾ - ਗੱਲਾਂ ਸੁੱਣੋ ਏਸ ਮੁੰਡੇ ਦੀਆਂ।

ਮਹਿੰਦਰ ਨੇ ਕਿਹਾ - ਵਹੁਟੀ ਨੇ ਮੁੰਡੇ ਨੂੰ ਜੱਫਾ ਮਾਰਨਾ ਈ ਮਾਰਨੈ। ਜਿਸਨੇ ਏਨੇ ਦੁਖ ਝਲੇ ਹੋਣ, ਇੰਨਾ ਪਿਆਰ ਕੀਤਾ ਹੋਏ, ਉਹ ਮਾਂ ਕਿਤੇ ਚਲੀ ਜਾਏ, ਤੁਹਾਨੂੰ ਚੰਗੀ ਲਗਦੀ ਹੋਣੀ ਇਹ ਗੱਲ, ਮੈਨੂੰ ਨੀਂ।

ਮਨ ਹੀ ਮਨ ਵਿਚ ਖਿਝ ਕੇ ਹੁਣੇ ਆਈ ਅਪਣੀ ਵਿਧਵਾ ਦਰਾਣੀ ਨੂੰ ਮਾਂ ਨੇ ਕਿਹਾ - ਸੁਣਿਆ ਭੈਣ ? ਕੀ ਕਹਿੰਦੈ ਇਹ। ਵਹੁਟੀ ਕਿਤੇ ਮਾਂ ਤੋਂ ਖੋਹ ਨਾ ਲਵੇ, ਤਾਂ ਨੀਂ ਵਿਆਹ ਕਰਵਾਉਂਦਾ। ਏਸ ਤਰ੍ਹਾਂ ਦੀ ਗੱਲ ਸੁਣੀ ਕਦੇ?

ਚਾਚੀ ਬੋਲੀ - ਇਹ ਤਾਂ ਤੇਰੀ ਜ਼ਿਆਦਤੀ ਐ ਬੱਚੇ। ਹੁਣ ਮਾਂ ਦਾ ਖਹਿੜਾ ਛੱਡ ਤੇ ਵਹੁਟੀ ਨਾਲ ਗ੍ਰਹਿਸਤ ਧਰਮ ਨਿਭਾ। ਹੁਣ ਬੱਚਿਆਂ ਵਰਗਾ ਤੇਰਾ ਵਿਹਾਰ ਦੇਖ ਕੇ ਸ਼ਰਮ ਆਉਂਦੀ ਐ।

ਮਾਂ ਨੂੰ ਇਹ ਗੱਲ ਮਿੱਠੀ ਨਾ ਲੱਗੀ ਇਸ ਕਰਕੇ ਜਿਹੜੇ ਵਾਕ ਦਰਾਣੀ ਨੂੰ ਕਹੇ ਉਹ ਸ਼ਹਿਦ ਵਰਗੇ ਮਿੱਠੇ ਨਹੀਂ ਸਨ। ਕਿਹਾ - ਮੇਰਾ ਪੁੱਤ ਜੇ ਦੂਜਿਆਂ ਦੇ ਪੁੱਤਰਾਂ ਨਾਲੋਂ ਮਾਂ ਨੂੰ ਵੱਧ ਪਿਆਰ ਕਰਦੈ ਤਾਂ ਇਸ ਨਾਲ ਕਿਸੇ ਨੂੰ ਸ਼ਰਮ ਕਿਉਂ ਆਵੇ ? ਜੇ ਤੇਰਾ ਕੋਈ ਪੁੱਤ ਹੁੰਦਾ ਫੇਰ ਪਤਾ ਲਗਦਾ ਪੁੱਤ ਦੇ ਕੀ ਅਰਥ ਨੇ।

ਮਾਂ ਨੇ ਸੋਚਿਆ, ਨਪੁੱਤੀ ਈਰਖਾ ਕਰਦੀ ਐ ਸਪੁੱਤੀ ਨਾਲ।

ਦਰਾਣੀ ਨੇ ਕਿਹਾ - ਤੂੰ ਹੀ ਗੱਲ ਛੇੜੀ ਸੀ, ਮੈਂ ਕਰ ਦਿਤੀ, ਮੇਰਾ ਕੀ ਜੋਰ।

ਮਾਂ ਨੇ ਕਿਹਾ - ਮੇਰਾ ਪੁੱਤ ਬਹੂ ਲਿਆਏ ਨਾ ਲਿਆਏ, ਤੇਰੇ ਕਾਲਜੇ ਦਰਦ ਕਿਉਂ ਹੋਵੇ ? ਜੰਮਿਆ, ਪਾਲਿਆ, ਹੁਣ ਦੇਖ ਭਾਲ ਵੀ ਕਰ ਲੂੰਗੀ।

ਚੁਪ ਚਾਪ ਅਥਰੂ ਸੁੱਟਦੀ ਦਰਾਣੀ ਚਲੀ ਗਈ। ਮਹਿੰਦਰ ਨੂੰ ਦੁਖ ਹੋਇਆ। ਕਾਲਜੋਂ ਮੁੜਿਆ ਤਾਂ ਪਹਿਲਾਂ ਚਾਚੀ ਦੇ ਕਮਰੇ ਵਿਚ ਜਾ ਵੜਿਆ। ਉਹਨੂੰ ਪਤਾ ਸੀ ਚਾਚੀ ਨੇ ਜੋ ਗੱਲ ਕੀਤੀ ਸੀ ਉਸ ਵਿਚ ਪਿਆਰ ਤੋਂ ਬਿਨਾ ਹੋਰ ਕੁੱਝ ਹੈ ਈ ਨੀਂ ਸੀ। ਉਹ ਇਹ ਵੀ ਜਾਣਦਾ ਸੀ ਕਿ ਚਾਚੀ ਦੀ ਇਕ ਯਤੀਮ ਭਾਣਜੀ ਹੈ। ਚਾਚੀ, ਖੁਦ ਨਿਰਸੰਤਾਨ ਵਿਧਵਾ, ਆਪਣੀ ਭਾਣਜੀ ਨੂੰ ਮਹਿੰਦਰ ਨਾਲ ਵਿਆਹ ਕੇ ਆਪਣੀ ਇਕੱਲਤਾ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ।

ਮਹਿੰਦਰ ਉਸਦੇ ਕਮਰੇ ਵਿਚ ਗਿਆ ਤਾਂ ਦਿਨ ਢਲ ਚੁਕਾ ਸੀ। ਆਪਣੇ ਕਮਰੇ ਦੀ ਬਾਰੀ ਦੀਆਂ ਸੀਖਾਂ ਉਪਰ ਸਿਰ ਟਿਕਾਈ ਉਹ ਉਦਾਸ ਬੈਠੀ ਸੀ। ਅਜੇ ਖਾਣਾ ਨਹੀਂ ਸੀ ਖਾਧਾ। ਛੋਟੀ ਜਿਹੀ ਗੱਲ ਤੇ ਵੀ ਮਹਿੰਦਰ ਦੀਆਂ ਅੱਖਾਂ ਛਲਕ ਪੈਂਦੀਆਂ ਸਨ, ਉਹੀ ਹੁਣ ਹੋਇਆ। ਨੇੜੇ ਆਕੇ ਕੋਮਲ ਬੋਲ ਨਾਲ ਕਿਹਾ - ਚਾਚੀ।

ਹੱਸਣ ਦਾ ਜਤਨ ਕਰਦਿਆਂ ਚਾਚੀ ਨੇ ਕਿਹਾ - ਬਹਿ ਜਾ।

ਮਹਿੰਦਰ ਨੇ ਕਿਹਾ - ਭੁਖ ਲਗੀ ਐ। ਖਾਣ ਨੂੰ ਦੇਹ।

ਮਹਿੰਦਰ ਦੀ ਚਲਾਕੀ ਸਮਝਦਿਆਂ ਹੋਇਆਂ ਚਾਚੀ ਨੇ ਅਥਰੂਆਂ ਨੂੰ ਮੁਸ਼ਕਲ ਨਾਲ ਰੋਕਿਆ। ਆਪ ਵੀ ਖਾਧਾ ਮਹਿੰਦਰ ਨੂੰ ਵੀ ਖੁਆਇਆ। ਚਾਚੀ ਨੂੰ ਧਰਵਾਸ ਦੇਣ ਵਾਸਤੇ ਖਾਣਾ ਖਾਣ ਪਿਛੋਂ ਫਿਰ ਕਿਹਾ - ਚਾਚੀ ਇਕ ਵਾਰੀ ਤੂੰ ਆਪਣੀ ਭਾਣਜੀ ਦੀ ਗੱਲ ਕਰਦੀ ਸੀ, ਦਿਖਾਏਂਗੀ ਉਸਨੂੰ ?

ਗਲ ਕਰ ਤਾਂ ਲਈ ਪਰ ਉਹ ਸਹਿਮ ਗਿਆ।

ਚਾਚੀ ਨੇ ਹੱਸ ਕੇ ਕਿਹਾ - ਤੂੰ ਫੇਰ ਉਹੀ ਗੱਲ ਛੇੜ ਲਈ ਵਿਆਹ ਵਾਲੀ।

ਮਹਿੰਦਰ ਨੇ ਕਿਹਾ - ਨਹੀਂ ਨਹੀਂ ਚਾਚੀ, ਅਪਣੇ ਲਈ ਨਹੀਂ, ਮੈਂ ਬਿਹਾਰੀ ਨੂੰ ਮਨਾ ਲਿਐ। ਤੂੰ ਦੇਖਣ ਦਿਖਾਣ ਦੀ ਗੱਲ ਕਰ।

ਚਾਚੀ ਬੋਲੀ - ਇਹੋ ਜਿਹੇ ਭਾਗ ਕਿਥੇ ਉਹਦੇ ? ਬਿਹਾਰੀ ਵਰਗਾ ਮੁੰਡਾ ਮਿਲ ਜਾਏ ਹੋਰ ਕੀ ਚਾਹੀਦੈ ?

ਚਾਚੀ ਦੇ ਕਮਰੇ ਵਿਚੋਂ ਨਿਕਲ ਕੇ ਬੂਹੇ ਵਿਚ ਵੜਦੇ ਨੂੰ ਮਾਂ ਨੇ ਪੁੱਛਿਆ - ਕਿਉਂ ਬਈ, ਕੀ ਸਲਾਹਾਂ ਹੁੰਦੀਆਂ ਰਹੀਆਂ ਏਨਾ ਚਿਰ ? ਕੀ ਕਹਿੰਦੀ ਸੀ ਤੇਰੀ ਚਾਚੀ ?

ਮਹਿੰਦਰ ਨੇ ਕਿਹਾ - ਸਲਾਹਾਂ ਕੀ ਕਰਨੀਆਂ ਸਨ ? ਪਾਨ ਲੈਣ ਗਿਆ ਸੀ।

ਮਾਂ - ਤੇਰਾ ਪਾਨ ਤੇਰੇ ਕਮਰੇ ਵਿਚ ਪਿਐ ।

ਮਹਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਚਲਾ ਗਿਆ।

ਦਰਾਣੀ ਦੀਆਂ ਰੋਣ ਹਾਕੀਆਂ ਸੁੱਨੀਆਂ ਅੱਖਾਂ ਦੇਖ ਕੇ ਮਾਂ ਬੋਲੀ - ਕਿਉਂ ਨੀ, ਕੀ ਸੀਖਤਾਂ ਦਿਤੀਆਂ ਮੇਰੇ ਪੁੱਤ ਨੂੰ ?

ਸਵਾਲ ਦਾ ਜਵਾਬ ਸੁਣਨ ਤੋਂ ਪਹਿਲਾਂ ਈ ਉਠ ਕੇ ਚਲੀ ਗਈ ਮਾਂ।

...........
...........

(ਅਨੁਵਾਦਕ : ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ, ਨਾਟਕ, ਨਾਵਲ ਤੇ ਹੋਰ ਰਚਨਾਵਾਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ