Aapna Desh Paraya Desh (Punjabi Story) : Savinder Singh Uppal
ਆਪਣਾ ਦੇਸ਼ ਪਰਾਇਆ ਦੇਸ਼ (ਕਹਾਣੀ) : ਸਵਿੰਦਰ ਸਿੰਘ ਉੱਪਲ
ਹਵਾਈ ਜਹਾਜ਼ ਵਿਚ ਬੈਠਿਆਂ ਜਦੋਂ ਆਵਾਜ਼ ਆਈ ਕਿ ਅਸੀਂ ਪਾਲਮ ਹਵਾਈ ਅੱਡੇ ਉਤੇ ਉਤਰਨ ਵਾਲੇ ਹਾਂ, ਸਾਰੇ ਮੁਸਾਫਰ ਆਪੋ-ਆਪਣੀਆਂ ਪੇਟੀਆਂ ਬੰਨ੍ਹ ਲੈਣ, ਤਾਂ ਮੇਰੇ ਮਨ ਵਿਚ ਅਕਹਿ ਜਿਹੀ ਖੁਸ਼ੀ ਹੋਈ। ਮੈਂ ਦੋ ਮਹੀਨਿਆਂ ਦੀ ਪਰਦੇਸ ਯਾਤਰਾ ਪਿਛੋਂ ਆਪਣੇ ਵਤਨ ਨੂੰ ਵੇਖਣ, ਆਪਣੇ ਸਬੰਧੀਆਂ ਨੂੰ ਮਿਲਣ ਅਤੇ ਆਪਣੀ ਮਾਂ ਬੋਲੀ ਰਾਹੀਂ ਸਿੱਧੇ ਮੂੰਹ ਨਾਲ ਗੱਲ ਕਰਨ 'ਤੇ ਸਹਿਕ ਗਿਆ ਸੀ। ਪਰਦੇਸ ਵਿਚ ਲਗਾਤਾਰ ਕਈ ਹਫ਼ਤੇ ਅੰਗਰੇਜ਼ੀ ਬੋਲ-ਬੋਲ ਕੇ ਮੂੰਹ ਆਕੜ ਗਿਆ ਲਗਦਾ ਸੀ। ਆਪਣੇ ਨਾਲ ਬੈਠੇ ਕੈਨੇਡੀਅਨ ਦੋਸਤ ਰਾਬਰਟ ਇੰਕਲਿੰਗ ਨੂੰ ਬੜੇ ਤਪਾਕ ਨਾਲ ਮਜਬੂਰਨ ਅੰਗਰੇਜ਼ੀ ਵਿਚ ਆਖਿਆ, "ਲੈ ਮਿੱਤਰਾ! ਤਿਆਰ ਹੋ ਜਾ, ਆ ਗਿਆ ਈ ਮੇਰਾ ਸ਼ਹਿਰ।"
ਜਹਾਜ਼ ਹੁਣ ਨੀਵਾਂ, ਬਹੁਤ ਨੀਵਾਂ ਹੁੰਦਾ ਜਾ ਰਿਹਾ ਸੀ।
ਮੈਂ ਆਪਣੀ ਨਾਲ ਵਾਲੀ ਖਿੜਕੀ ਦੇ ਸ਼ੀਸ਼ੇ ਵਿਚੋਂ ਬਾਹਰ ਝਾਕਣ ਦਾ ਯਤਨ ਕੀਤਾ, ਪਰ ਬਾਹਰ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ। ਹਾਂ, ਰੋਸ਼ਨੀ ਦੀਆਂ ਚਾਰੇ ਪਾਸੇ ਸਜੀਆਂ ਬੱਤੀਆਂ ਦੇ ਟਿਮਟਿਮਾਉਂਦੇ ਦੀਵੇ ਜਿਵੇਂ ਮੈਨੂੰ ਜੀ ਆਇਆਂ ਆਖ ਰਹੇ ਹੋਣ। ਫਿਰ ਮੈਨੂੰ ਲਾਲ ਜਿਹੀ ਬੱਤੀ ਨਜ਼ਰ ਆਈ। ਮੈਂ ਜੋਸ਼ ਵਿਚ ਆ ਕੇ ਰਾਬਰਟ ਨੂੰ ਪਕੜ ਕੇ ਬੋਲੀ ਗਿਆ, ਬੋਲੀ ਗਿਆ। ਇਹ ਵੇਖ, ਇਹ ਲਾਲ ਬੱਤੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਨਾਜ ਗੋਦਾਮ ਦੀ ਏ। ਇਹ ਗੁਦਾਮ ਮੇਰੀ ਪਤਨੀ ਦੇ ਫੁਫੜ ਨੇ ਬਣਵਾਇਆ ਸੀ। ਇਹ ਚਮਕਦੀਆਂ ਬੱਤੀਆਂ ਸਾਡੇ ਰਾਜੌਰੀ ਗਾਰਡਨ ਦੀਆਂ ਹਨ। ਮੇਰਾ ਘਰ ਪਾਲਮ ਤੋਂ ਬਹੁਤਾ ਦੂਰ ਨਹੀਂ, ਬਹੁਤੇ ਜਹਾਜ਼ ਸਾਡੀ ਕਾਲੋਨੀ ਦੇ ਉਪਰੋਂ ਦੀ ਲੰਘ ਕੇ ਜਾਂਦੇ ਹਨ। ਹੋ ਸਕਦਾ ਏ, ਮੇਰੇ ਦੋ ਮੰਜ਼ਲੇ ਮਕਾਨ ਦੀ ਛੱਤ ਉਪਰ ਖਲੋਤੀ ਮੇਰੀ ਪਤਨੀ ਹੇਠੋਂ ਸਾਡੇ ਜਹਾਜ਼ ਨੂੰ ਤੱਕ ਰਹੀ ਹੋਵੇ। ਮੈਂ ਜਹਾਜ਼ ਦੇ ਪਹੁੰਚਣ ਦਾ ਸਮਾਂ ਉਸ ਨੂੰ ਲਿਖ ਦਿੱਤਾ ਸੀ।
ਮੈਂ ਵੇਖਿਆ ਰਾਬਰਟ ਮੇਰੀਆਂ ਝੱਲ-ਬਲੱਲੀਆਂ ਗੱਲਾਂ 'ਤੇ ਹੱਸ ਰਿਹਾ ਸੀ, ਪਰ ਉਹ ਮੈਨੂੰ ਖੁਸ਼ੀ ਨਾਲ ਉਬਲਦਾ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਸੀ, ਕਿਉਂਕਿ ਮੇਰੇ ਨਾਲ ਕੈਨੇਡਾ ਵਿਚ ਗੁਜ਼ਾਰੇ ਕੁਝ ਹਫ਼ਤਿਆਂ ਪਿਛੋਂ ਉਹ ਵੀ ਭਾਰਤ ਨੂੰ ਵੇਖਣ ਲਈ ਕਾਹਲਾ ਹੋ ਗਿਆ ਸੀ। ਮੈਂ ਉਸ ਨੂੰ ਦੱਸਿਆ ਸੀ ਕਿ ਸਪਤ ਸਿੰਧੂ ਸਭਿਅਤਾ ਦੁਨੀਆਂ ਦੀਆਂ ਸਭ ਤੋਂ ਪੁਰਾਤਨ ਸਭਿਅਤਾਵਾਂ ਵਿਚੋਂ ਹੈ। ਇਹ ਵੇਦਾਂ, ਰਿਸ਼ੀਆਂ-ਮੁਨੀਆਂ ਦਾ ਦੇਸ਼ ਹੈ ਜਿੱਥੇ ਧਾਰਮਿਕਤਾ ਸਦੀਆਂ ਤੋਂ ਰਾਜ ਕਰਦੀ ਚਲੀ ਆ ਰਹੀ ਹੈ। ਇਥੇ ਬਹੁਤੇ ਲੋਕਾਂ, ਖ਼ਾਸ ਕਰ ਕੇ ਪੇਂਡੂਆਂ ਦੇ ਚਿਹਰਿਆਂ ਉਪਰ ਖਿੜੀ ਮਾਨਸਿਕ ਸ਼ਾਂਤੀ ਦੀ ਸੁਗੰਧ ਹਰ ਇਕ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਰਾਬਰਟ ਇੰਕਲਿੰਗ ਕੈਨੇਡਾ ਦਾ ਚੰਗਾ ਪ੍ਰਸਿੱਧ ਸਾਹਿਤਕਾਰ ਸੀ ਜਿਸ ਦਾ ਭਾਰਤ ਅਤੇ ਭਾਰਤੀਆਂ ਬਾਰੇ ਬੜਾ ਹੀ ਚੰਗਾ ਵਿਚਾਰ ਸੀ। ਮੈਨੂੰ ਮਿਲਣ ਪਿੱਛੋਂ ਅਤੇ ਆਪਣੇ ਘਰ ਮੈਨੂੰ ਕਈ ਹਫ਼ਤੇ ਰੱਖਣ ਅਤੇ ਵਿਚਾਰ-ਵਟਾਂਦਰਾ ਕਰਨ ਬਾਅਦ ਤਾਂ ਉਹ ਭਾਰਤ ਦੀ ਧਰਤੀ ਅਤੇ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਤੱਕਣ ਲਈ ਉਤਾਵਲਾ ਹੋ ਗਿਆ ਸੀ, "ਮਿਸਟਰ ਸਿੰਘ, ਮੈਨੂੰ ਆਪਣੇ ਨਾਲ ਭਾਰਤ ਲੈ ਚੱਲੇਂਗਾ? ਮੈਂ ਇਸ ਮਹਾਨ ਮੁਲਕ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਹਾਂ।"
ਹੁਣ ਹਵਾਈ ਜਹਾਜ਼ ਧਰਤੀ ਉਤੇ ਉਤਰ ਆਇਆ ਸੀ ਅਤੇ ਆਪਣੇ ਰੁਕ ਵਾਲੇ ਠਿਕਾਣੇ ਵੱਲ ਦੌੜਦਾ ਹੋਇਆ ਹੌਲੀ-ਹੌਲੀ ਰਫ਼ਤਾਰ ਘਟਾ ਰਿਹਾ ਸੀ।
ਫਿਰ ਕਸਟਮ ਲਈ ਲੰਮੀਆਂ ਕਤਾਰਾਂ ਲੱਗ ਗਈਆਂ। ਹਰੀਆਂ ਬੱਤੀਆਂ ਵਾਲੀਆਂ ਖਿੜਕੀਆਂ ਅੱਗੇ ਲੱਗੀਆਂ ਕਤਾਰਾਂ ਕੁਝ ਵਧੇਰੇ ਲੰਮੀਆਂ ਸਨ ਅਤੇ ਲਾਲ ਬੱਤੀਆਂ ਵਾਲੇ ਪਾਸੇ ਮੁਸਾਫ਼ਰ ਘੱਟ ਆਏ ਸਨ। ਕਸਟਮ ਇੰਸਪੈਕਟਰ ਹਰ ਮੁਸਾਫ਼ਰ ਦੇ ਚਿਹਰੇ ਤੋਂ ਸ਼ੱਕ ਦੀ ਐਨਕ ਥਾਣੀਂ ਪਹਿਲਾਂ ਕੁਝ ਪੜ੍ਹਦੇ, ਫਿਰ ਉਸ ਅਨੁਸਾਰ ਉਸ ਦੇ ਸਾਮਾਨ ਦੀ ਤਲਾਸ਼ੀ ਲੈਂਦੇ। ਇੰਜ ਖਲੋਤਿਆਂ-ਖਲੋਤਿਆਂ ਸਾਨੂੰ ਦੋ-ਢਾਈ ਘੰਟੇ ਹੋ ਗਏ, ਪਰ ਹਾਲਾਂ ਸਾਡੀ ਵਾਰੀ ਨਹੀਂ ਸੀ ਆਈ। ਰਾਬਰਟ ਨੂੰ ਇਹ ਦੇਰੀ ਬਹੁਤ ਚੁੱਭ ਰਹੀ ਲੱਗਦੀ ਸੀ; ਕਿਉਂਕਿ ਉਹ ਇਸ ਤਰ੍ਹਾਂ ਦੀ ਦੇਰੀ ਦਾ ਆਦੀ ਨਹੀਂ ਸੀ। ਸ਼ੁਕਰ-ਸ਼ੁਕਰ ਕਰ ਕੇ ਵਕਤ ਆਇਆ ਕਿ ਕਸਟਮ ਇੰਸਪੈਕਟਰ ਨੂੰ ਸਾਡੀਆਂ ਅੱਖਾਂ ਵਿਚ ਵੀ ਝਾਕਣ ਦੀ ਫੁਰਸਤ ਮਿਲੀ। ਉਸ ਇਕ-ਇਕ ਕੱਪੜਾ ਫਰੋਲਿਆ, ਇਕ-ਇਕ ਬਕਸਾ ਖੁੱਲ੍ਹਵਾਇਆ ਅਤੇ ਉਨ੍ਹਾਂ ਵਿਚ ਤਰੀਕੇ ਨਾਲ ਟਿਕਾਈਆਂ ਵਸਤਾਂ ਨੂੰ ਬੜੀ ਬੇਦਰਦੀ ਨਾਲ ਬਖੇਰਿਆ ਅਤੇ ਆਪਣੇ ਦਿਮਾਗੀ ਕੰਪਿਊਟਰ ਵਲੋਂ ਮਿਲੇ ਹਿੰਦਸੇ ਨੂੰ ਉਸ ਇਕ ਕਾਗ਼ਜ਼ 'ਤੇ ਲਿਖ ਕੇ ਸਾਨੂੰ ਲਾਗਲੇ ਬੈਂਕ ਵਿਚ ਰਕਮ ਜਮ੍ਹਾ ਕਰਾਉਣ ਲਈ ਹਦਾਇਤ ਕੀਤੀ। ਪੈਸੇ ਜਮ੍ਹਾਂ ਕਰਾ ਦਿਤੇ ਗਏ। ਹਵਾਈ ਜਹਾਜ਼ ਤੋਂ ਉਤਰਨ ਤੋਂ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੀਕ ਸਾਨੂੰ ਹੁਣ ਚਾਰ ਘੰਟੇ ਲੱਗ ਗਏ ਸਨ। ਮੈਂ ਪਰਦੇਸ ਦੇ ਘੱਟੋ-ਘੱਟ ਪੰਜ-ਛੇ ਅੱਡਿਆਂ ਵਿਚੋਂ ਲੰਘਿਆ ਸਾਂ ਪਰ ਕਿਸੇ ਥਾਂ ਵੀ ਇਤਨਾ ਸਮਾਂ ਕਸਟਮ ਵਾਲਿਆਂ ਨੇ ਮੇਰਾ ਨਹੀਂ ਸੀ ਜ਼ਾਇਆ ਕੀਤਾ।
ਘਰ ਜਦੋਂ ਟੈਕਸੀ ਰਾਹੀਂ ਪਹੁੰਚੇ ਤਾਂ ਟੈਕਸੀ ਵਾਲੇ ਨੇ ਰੱਟਾ ਪਾ ਦਿਤਾ। ਸਾਮਾਨ ਦੇ ਕਿਰਾਏ ਸਮੇਤ ਉਹ ਮੇਰੇ ਕੋਲੋਂ ਸੱਠ ਰੁਪਏ ਝਾੜਨਾ ਚਾਹੁੰਦਾ ਸੀ, ਪਰ ਮੈਂ ਉਸ ਨੂੰ ਕਹਿ ਰਿਹਾ ਸਾਂ ਕਿ ਮੀਟਰ ਮੁਤਾਬਕ ਤੀਹ ਰੁਪਏ ਤੋਂ ਵੱਧ ਮੈਂ ਇਕ ਪੈਸਾ ਨਹੀਂ ਦੇਣਾ। ਮੇਰੇ ਨਾਲ ਵਿਦੇਸ਼ੀ ਨੂੰ ਵੇਖ ਕੇ ਅਤੇ ਸਾਡੇ ਚਮਕਦੇ ਬਕਸਿਆਂ ਦੇ ਭੁਲੇਖੇ ਵਿਚ ਆ ਕੇ ਉਹ ਵਿੱਟਰ ਬੈਠਾ ਸੀ। ਅਖੀਰ ਇਹ ਸੋਚ ਕੇ ਕਿ ਰਾਬਰਟ ਉਤੇ ਭਾਰਤੀ ਟੈਕਸੀ ਵਾਲਿਆਂ ਬਾਰੇ ਬੁਰਾ ਪ੍ਰਭਾਵ ਨਾ ਪਵੇ, ਮੈਂ ਅਖੀਰ ਚਾਲੀ ਰੁਪਏ ਦੇਣ 'ਤੇ ਰਾਜ਼ੀ ਹੋ ਗਿਆ।
"ਬਾਹਰ ਜਾ ਕੇ ਵਿਦੇਸ਼ੀਆਂ 'ਤੇ ਹਜ਼ਾਰਾਂ ਰੁਪਏ ਲੁਟਾ ਆਉਣਗੇ ਪਰ ਘਰ ਆ ਕੇ ਆਪਣੇ ਭਰਾਵਾਂ ਨੂੰ ਚਾਰ ਪੈਸੇ ਫਾਲਤੂ ਦੇਣ ਵੇਲੇ ਇਨ੍ਹਾਂ ਦੀ ਜਾਨ ਨਿਕਲ ਜਾਂਦੀ ਏ।"
ਟੈਕਸੀ ਵਾਲਾ ਸਾਡੇ ਆਂਢੀਆਂ-ਗੁਆਂਢੀਆਂ ਨੂੰ ਸੁਣਾਉਣ ਲਈ ਉਚਾ-ਉਚਾ ਬੋਲ ਕੇ ਆਪਣਾ ਗੁਬਾਰ ਕੱਢ ਰਿਹਾ ਸੀ।
ਮੈਂ ਰਾਬਰਟ ਦੇ ਸਾਹਮਣੇ ਸ਼ਾਂਤ ਰਹਿਣ ਕਾਰਨ ਟੈਕਸੀ ਵਾਲੇ ਨੂੰ ਸਮਝਾਇਆ, "ਮੈਂ ਲੇਖਕ ਹਾਂ ਅਤੇ ਮੈਨੂੰ ਭਾਰਤ ਸਰਕਾਰ ਨੇ ਆਪਣੇ ਖਰਚੇ ਉਤੇ ਬਾਹਰ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਭੇਜਿਆ ਸੀ। ਭੁਲੇਖਾ ਨਾ ਖਾ, ਮੈਂ ਕੋਈ ਵਪਾਰੀ ਨਹੀਂ।" ਪਰ ਜਾਪਦਾ ਸੀ, ਸਿਰ ਤੋਂ ਪੈਰਾਂ ਤੀਕ ਮੈਨੂੰ ਵੇਖਣ ਪਿਛੋਂ ਇਹ ਸੱਚ ਵੀ ਉਸ ਨੂੰ ਝੂਠਾ ਲੱਗ ਰਿਹਾ ਸੀ ਜਿਸ ਕਾਰਨ ਉਹ ਬੁੜ-ਬੁੜ ਕਰਦਾ ਟੈਕਸੀ ਵਿਚ ਜਾ ਬੈਠਾ।
ਘਰ ਵਿਚ ਗਹਿਮਾ-ਗਹਿਮੀ ਹੋ ਗਈ ਸੀ। ਬੀਵੀ ਬੱਚੇ ਆਪੋ-ਆਪਣੀਆਂ ਆਈਆਂ ਚੀਜ਼ਾਂ ਵੇਖ ਪ੍ਰਸੰਨ ਹੋ ਰਹੇ ਸਨ। ਨਹਾਉਣ ਧੋਣ ਅਤੇ ਨਾਸ਼ਤਾ ਕਰਨ ਪਿਛੋਂ ਵਿਚਾਰੀ ਬੀਵੀ ਨੇ ਦੱਸਿਆ ਕਿ ਦਫ਼ਤਰ ਵਿਚੋਂ ਇਕੋ ਮਹੀਨੇ ਦੀ ਤਨਖ਼ਾਹ ਮਿਲੀ ਸੀ ਜਿਸ ਲਈ ਦਫ਼ਤਰ ਵਾਲਿਆਂ ਨੂੰ ਅਗਾਊਂ ਰਸੀਦ ਦੇ ਗਿਆ ਸਾਂ।
"ਮੈਂ ਬੜੀ ਮੁਸ਼ਕਲ ਨਾਲ ਮੰਗ-ਤੰਗ ਕੇ, ਤੇ ਪੈਸੇ ਲੈਣ ਵਾਲਿਆਂ ਨੂੰ ਟਾਲ-ਟੂਲ ਕੇ, ਦੋ ਮਹੀਨੇ ਮਸਾਂ ਟਪਾਏ ਹਨ। ਘਰ ਵਿਚ ਦਿਨ ਲਈ ਸਬਜ਼ੀ ਲਿਆਉਣ ਜੋਗੇ ਵੀ ਪੈਸੇ ਨਹੀਂ।"
ਮੈਂ ਦੋ ਮਹੀਨੇ ਬਾਹਰ ਦੋਸਤਾਂ-ਮਿੱਤਰਾਂ ਕੋਲ ਮਹਿਮਾਨੀਆਂ ਖਾਂਦਿਆਂ ਆਪਣੇ ਇਸ ਘਰ ਦੇ ਦਾਲ ਰੋਟੀ ਦੇ ਮਸਲੇ ਤੋਂ ਬਰੀ ਰਿਹਾ ਸਾਂ, ਪਰ ਅੱਜ ਮੇਰੀ ਪੁਰਾਣੀ ਔਖਿਆਈ ਭਰੀ ਯਥਾਰਥਕ ਜ਼ਿੰਦਗੀ ਚੱਟਾਨ ਬਣ ਕੇ ਮੇਰਾ ਰਾਹ ਮੱਲੀ ਬੈਠੀ ਸੀ। ਮੈਂ ਸੋਚਾਂ ਵਿਚ ਪੈ ਗਿਆ। ਅੱਜ ਸਨਿਚਰਵਾਰ ਏ, ਦਫ਼ਤਰ ਮੈਂ ਪਰਸੋਂ ਜਾਣਾ ਏ। ਫਿਰ ਤਨਖ਼ਾਹ ਪਤਾ ਨਹੀਂ ਕਿਤਨੇ ਦਿਨਾਂ ਪਿਛੋਂ ਮਿਲਦੀ ਏ। ਘਰ ਕੋਲ ਵਾਲੇ ਬੈਂਕ ਦੇ ਹਿਸਾਬ ਵਿਚੋਂ ਤਾਂ ਮੈਂ ਪੂੰਝ-ਪਾਂਝ ਕੇ ਅਤੇ ਦੋਸਤਾਂ ਕੋਲੋਂ ਕਰਜ਼ੇ ਲੈ ਕੇ ਮਸਾਂ ਐਫ਼.ਟੀ.ਐਸ ਰਾਹੀਂ ਮਿਲਣ ਵਾਲੇ ਪੰਜ ਸੌ ਡਾਲਰਾਂ ਦਾ ਬੰਦੋਬਸਤ ਕੀਤਾ ਸੀ। ਫਿਰ ਖਿਆਲ ਆਇਆ ਕਿ ਮੇਨ ਮਾਰਕਿਟ ਵਾਲੇ ਬੈਂਕ ਖਾਤੇ ਦਾ ਪਤਾ ਕਰਾਂ। ਸ਼ਾਇਦ ਕੁਝ ਬਚੇ-ਖੁਚੇ ਚਾਰ ਪੈਸੇ ਪਏ ਹੋਣ। ਦੋ ਸਾਲ ਤੋਂ ਜਦੋਂ ਦਾ ਗਵਾਂਢ ਵਿਚ ਇਹ ਬੈਂਕ ਖੁੱਲ੍ਹਿਆ ਸੀ, ਮੈਂ ਦੂਰ ਦੇ ਉਸ ਬੈਂਕ ਵਿਚ ਜਾਣਾ ਹੀ ਛੱਡ ਦਿਤਾ ਸੀ। ਬਾਹਰੋਂ ਆਏ ਚੈਕ ਗਵਾਂਢੀ ਬੈਂਕ ਵਿਚ ਜਮ੍ਹਾ ਕਰਾਉਣਾ ਤੇ ਕਢਾਉਣਾ ਆਸਾਨ ਰਹਿੰਦਾ ਸੀ। ਸਮਾਂ ਵੀ ਘੱਟ ਲਗਦਾ ਸੀ, ਨਾਲੇ ਗਵਾਂਢ ਵਿਚ ਖੁੱਲ੍ਹੀ ਇਸ ਬੈਂਕ ਦੀ ਨਵੀਂ ਸ਼ਾਖਾ ਦੇ ਕਰਮਚਾਰੀ ਵੀ ਤਾਂ ਆਪਣੀ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਕੁਝ ਵਧੇਰੇ ਹੀ ਦਿਆਲੂ ਸਨ।
ਆਪਣੀ ਅਲਮਾਰੀ ਦੀ ਅੱਧਾ-ਪੌਣਾ ਘੰਟਾ ਫੋਲਾ-ਫਾਲੀ ਕਰਨ ਪਿਛੋਂ ਉਸ ਦੂਰ ਵਾਲੇ ਬੈਂਕ ਦੀ ਚੈੱਕ ਬੁੱਕ ਅਤੇ ਪਾਸ ਬੁੱਕ ਮਸਾਂ ਲੱਭੀ। ਪਾਸ ਬੁੱਕ ਵਿਚ ਦੇਖਿਆ ਤਾਂ ਪਤਾ ਲੱਗਾ ਕਿ ਤਿੰਨ ਸਾਲਾਂ ਤੋਂ ਮੈਂ ਇਸ ਨੂੰ ਠੀਕ ਕਰਵਾਇਆ ਹੀ ਨਹੀਂ। ਤਿੰਨ ਸਾਲ ਪਹਿਲਾਂ ਦੀ ਕਿਸੇ ਤਾਰੀਕ ਸਮੇਂ ਇਸ ਵਿਚ ਬਕਾਇਆ ਦੋ ਸੌ ਦਸ ਰੁਪਏ ਸੱਠ ਪੈਸੇ ਲਿਖਿਆ ਹੋਇਆ ਸੀ ਪਰ ਗਵਾਂਢ ਵਿਚ ਖੁੱਲ੍ਹਣ ਵਾਲੇ ਬੈਂਕ ਤੋਂ ਪਹਿਲਾਂ ਵਾਲੇ ਕੁੱਝ ਮਹੀਨਿਆਂ ਵਿਚ ਪਤਾ ਨਹੀਂ ਕਿਤਨੇ ਪੈਸੇ ਜਮ੍ਹਾ ਕਰਾਏ ਅਤੇ ਕਿਤਨੇ ਕਢਾਏ ਸਨ। ਚੈੱਕ ਬੁੱਕ ਅਨੁਸਾਰ ਮੈਂ ਪਿਛਲੀ ਵਾਰ ਕੋਈ ਦੋ ਸਾਲ ਪਹਿਲਾਂ ਪੰਜਾਹ ਰੁਪਏ ਕਢਾਏ ਸਨ।
ਚੈੱਕ ਬੁੱਕ ਤੇ ਪਾਸ ਬੁੱਕ ਨੂੰ ਸੰਭਾਲ ਕੇ ਜਦੋਂ ਮੈਂ ਬੈਂਕ ਜਾਣ ਦੀ ਗੱਲ ਰਾਬਰਟ ਨੂੰ ਦੱਸੀ ਤਾਂ ਉਹ ਵੀ ਨਾਲ ਜਾਣ ਲਈ ਤਿਆਰ ਹੋ ਪਿਆ। ਉਹ ਭਾਰਤ ਦਾ ਮਤਵਾਲਾ ਇਥੋਂ ਦੇ ਲੋਕਾਂ ਦੇ ਜੀਵਨ ਨੂੰ ਹਰ ਪੱਖੋਂ ਆਪਣੀ ਅੱਖੀਂ ਵੇਖ ਕੇ ਆਪਣੀਆਂ ਰਚਨਾਵਾਂ ਵਿਚ ਅੰਕਿਤ ਕਰਨ ਦਾ ਚਾਹਵਾਨ ਸੀ।
ਬੈਂਕ ਵਿਚ ਪਹੁੰਚ ਕੇ ਉਮੀਦ ਤੋਂ ਉਲਟ ਮੈਂ ਵੇਖਿਆ, ਕੋਈ ਜਾਣਿਆ-ਪਛਾਣਿਆ ਪੁਰਾਣਾ ਚਿਹਰਾ ਨਹੀਂ ਸੀ ਨਜ਼ਰ ਆ ਰਿਹਾ। ਸਾਰੇ ਦੇ ਸਾਰੇ ਕਰਮਚਾਰੀ ਜਾਂ ਤਾਂ ਤਰੱਕੀ ਮਿਲ ਜਾਣ ਕਾਰਨ ਜਾਂ ਫਿਰ ਇਸ ਬਰਾਂਚ ਦੇ ਬੋਝਲ ਕੰਮ ਦੇ ਭਾਰ ਤੋਂ ਬਚਣ ਲਈ ਤਬਦੀਲੀ ਕਰਾ ਗਏ ਲਗਦੇ ਸਨ। ਮੈਂ ਬੱਚਤ ਵਾਲੇ ਖਾਤੇ ਦੀ ਬਾਰੀ ਅੱਗੇ ਸਜੀ ਮਹਿਕਾਂ ਛੱਡਦੀ ਖ਼ੂਬਸੂਰਤ ਔਰਤ ਨੂੰ ਕੰਮ ਕਰਦਿਆਂ ਦੇਖਿਆ। ਸੋਹਣੀ ਔਰਤ ਦੀ ਮੌਜੂਦਗੀ ਕਿਵੇਂ ਵਾਤਾਵਰਨ ਨੂੰ ਖੁਸ਼ਗਵਾਰ ਬਣਾ ਦਿੰਦੀ ਹੈ, ਮੈਂ ਸੋਚਿਆ। ਉਸ ਦੀ ਬਾਰੀ ਅੱਗੇ ਪੰਜ-ਸੱਤ ਮਨੁੱਖ ਕਤਾਰ ਬਣਾਈ ਖੜ੍ਹੇ ਸਨ। ਮੈਂ ਤੇ ਰਾਬਰਟ ਵੀ ਉਸ ਕਤਾਰ ਵਿਚ ਖੜ੍ਹੇ ਹੋ ਗਏ। ਪੰਦਰਾਂ ਮਿੰਟਾਂ ਵਿਚ ਮਸਾਂ ਦੋ-ਤਿੰਨ ਬੰਦਿਆਂ ਦੀ ਭੁਗਤਾਨ ਹੋਈ। ਮੈਂ ਘੜੀ ਵੱਲ ਵੇਖਿਆ, ਮਸਾਂ ਇਕ ਘੰਟਾ ਰਹਿ ਗਿਆ ਸੀ ਬੈਂਕ ਨੂੰ ਬੰਦ ਹੋਣ ਵਿਚ, ਕਿਉਂਕਿ ਅੱਜ ਸਨਿਚਰਵਾਰ ਹੋਣ ਕਾਰਨ ਬੈਂਕ ਨੇ ਸਾਢੇ ਗਿਆਰਾਂ ਵਜੇ ਬੰਦ ਹੋ ਜਾਣਾ ਸੀ। ਰਾਬਰਟ ਨੇ ਮੇਰੇ ਕੋਲੋਂ ਪੁੱਛਿਆ, "ਇਥੇ ਬੈਂਕ ਵਿਚ ਟੈਲਰ ਸਿਸਟਮ ਨਹੀਂ ਲਾਗੂ ਕੀਤਾ ਗਿਆ?"
"ਵੱਡੇ-ਵੱਡੇ ਕੁਝ ਬੈਂਕਾਂ ਵਿਚ ਹੀ ਇਹ ਸਿਸਟਮ ਜਾਰੀ ਕੀਤਾ ਗਿਆ ਏ, ਸਾਰਿਆਂ ਵਿਚ ਨਹੀਂ।" ਮੈਂ ਉਤਰ ਦਿੱਤਾ।"
"ਤਦੇ ਭੁਗਤਾਨ ਕਰਨ ਵਿਚ ਇਤਨੀ ਦੇਰੀ ਲੱਗ ਰਹੀ ਏ।"
ਜਦੋਂ ਮੇਰੀ ਵਾਰੀ ਆਈ ਤਾਂ ਗਿਆਰਾਂ ਵੱਜ ਚੁੱਕੇ ਸਨ। ਮੈਂ ਉਸ ਖ਼ੂਬਸੂਰਤ ਨਾਜ਼ਨੀਨਾ ਨੂੰ ਮੁਸਕਰਾ ਕੇ ਨਮਸਤੇ ਆਖੀ, ਕਿਉਂਕਿ ਪੱਛਮ ਵਿਚ ਦੋ ਮਹੀਨੇ ਘੁੰਮਣ ਕਾਰਨ ਉਥੋਂ ਦਾ ਕੁਝ ਅਸਰ ਮੈਂ ਨਾਲ ਲੈ ਆਇਆ ਸਾਂ, ਪਰ ਲਗਦਾ ਸੀ ਕਿ ਉਸ ਨੂੰ ਮੇਰਾ ਮੁਸਕਰਾਣਾ ਅਤੇ ਖਾਸ ਅੰਦਾਜ਼ ਵਿਚ ਨਮਸਤੇ ਬੁਲਾਉਣਾ ਚੰਗਾ ਨਹੀਂ ਸੀ ਲੱਗਾ।
"ਕੰਮ ਦੱਸੋ ਮਿਸਟਰ?" ਉਹ ਰੁੱਖੇ ਜਿਹੇ ਢੰਗ ਨਾਲ ਬੋਲੀ।
"ਖਾਤਾ ਨੰਬਰ ੭੮੯੪ ਦਾ ਬੈਲੰਸ ਕਿਤਨਾ ਹੈ?"
"ਤੁਹਾਨੂੰ ਇਸ ਨਾਲ ਮਤਲਬ?"
"ਇਹ ਮੇਰਾ ਖਾਤਾ ਏ। ਮੇਰੇ ਕੋਲ ਇਸ ਖਾਤੇ ਦੀ ਇਹ ਪਾਸ ਬੁੱਕ ਏ।" ਮੈਂ ਆਪਣੀ ਪਾਸ ਬੁੱਕ ਅੱਗੇ ਕਰਦਿਆਂ ਕਿਹਾ।
"ਇਹ ਤਾਂ ਕੋਈ ਵੀ ਲਿਆ ਸਕਦਾ ਏ।" ਉਸ ਉਸੇ ਬੇਰੁਖੀ ਨਾਲ ਉਤਰ ਦਿੱਤਾ।
ਇਸ ਰੁੱਖੇ ਤੇ ਸ਼ੱਕੀ ਉਤਰ ਨੇ ਮੈਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ।
"ਪਰ ਮੇਰੇ ਕੋਲ ਮੇਰੀ ਚੈੱਕ ਬੁੱਕ ਵੀ ਏ।" ਮੈਂ ਉਸ ਦਾ ਵਿਸ਼ਵਾਸ ਜਿੱਤਣ ਲਈ ਹੌਸਲੇ ਨਾਲ ਉਤਰ ਦਿਤਾ ਅਤੇ ਸੋਚਿਆ ਕਿ ਜ਼ਰੂਰੀ ਨਹੀਂ ਕਿ ਸੁੰਦਰ ਸ਼ਕਲ ਵਾਲਿਆਂ ਦਾ ਸੁਭਾਅ ਵੀ ਚੰਗਾ ਹੋਵੇ।
"ਇਸ ਨਾਲ ਕੋਈ ਫਰਕ ਨਹੀਂ ਪੈਂਦਾ।" ਉਸ ਮੇਰੇ ਵੱਲ ਬਿਨਾਂ ਵੇਖਿਆ ਆਖਿਆ।
"ਮੈਨੂੰ ਬੈਲੰਸ ਦੱਸੋਗੇ ਤਾਂ ਹੀ ਤੇ ਮੈਂ ਪੈਸੇ ਕਢਵਾ ਸਕਾਂਗਾ।" ਮੈਂ ਆਪਣੇ ਕੰਮ ਤੋਂ ਉਸ ਨੂੰ ਜਾਣੂ ਕਰਾਉਂਦਿਆਂ ਕਿਹਾ।
"ਸਾਨੂੰ ਬੈਲੰਸ ਦੱਸਣ ਦੀ ਇਜਾਜ਼ਤ ਨਹੀਂ। ਨੈਕਸਟ ਮੈਨ।" ਉਸ ਦੀ ਬੇਰੁਖੀ ਹੁਣ ਵਧੇਰੇ ਤਲਖ ਹੋ ਗਈ ਲਗਦੀ ਸੀ। ਉਸ ਦੀ ਇਸ ਬਦਤਮੀਜ਼ੀ ਨੇ ਮੈਨੂੰ ਵੀ ਗੁੱਸਾ ਚੜ੍ਹਾ ਦਿੱਤਾ।
"ਕਮਾਲ ਹੈ, ਮੇਰੇ ਹੀ ਅਕਾਊਂਟ ਦਾ ਮੈਨੂੰ ਹੀ ਬੈਲੰਸ ਨਹੀਂ ਦੱਸਿਆ ਜਾ ਸਕਦਾ, ਇਹ ਕਿੱਥੋਂ ਦਾ ਨਿਯਮ ਏ?"
"ਤੁਸੀ ਬੈਂਕ ਮੈਨੇਜਰ ਨੂੰ ਜਾ ਕੇ ਪੁੱਛੋ।"
"ਓਹ ਬਾਊ ਅੱਗਿਓਂ ਹਟੋ, ਹੋਰਾਂ ਦਾ ਕੰਮ ਤੇ ਹੋਣ ਦੇ।" ਮੇਰੇ ਪਿਛੇ ਖਲੋਤੇ ਬੰਦੇ ਨੇ ਮੈਨੂੰ ਹਟਾਉਂਦਿਆਂ ਕਿਹਾ ਅਤੇ ਆਪਣਾ ਚੈੱਕ ਉਸ ਦੇ ਹੱਥ ਵਿਚ ਦੇ ਦਿੱਤਾ।
ਮੈਂ ਤੇ ਰਾਬਰਟ ਖਾਲੀ ਬੈਂਚ 'ਤੇ ਆ ਕੇ ਬੈਠ ਗਏ।
ਰਾਬਰਟ ਨੂੰ ਗੱਲ ਦੀ ਸਮਝ ਨਹੀਂ ਸੀ ਆ ਰਹੀ। ਮੈਂ ਸਾਰੀ ਗੱਲ ਉਸ ਨੂੰ ਅੰਗਰੇਜ਼ੀ ਵਿਚ ਜਦੋਂ ਸਮਝਾਈ ਤਾਂ ਉਸ ਨੂੰ ਮੇਰੀ ਗੱਲ 'ਤੇ ਯਕੀਨ ਨਾ ਆਇਆ। ਉਸ ਨੂੰ ਉਥੇ ਹੀ ਬੈਠਣ ਦੀ ਤਾਕੀਦ ਕਰ ਕੇ ਮੈਂ ਮੈਨੇਜਰ ਦੇ ਕਮਰੇ ਵੱਲ ਇਕੱਲਾ ਹੀ ਚਲਾ ਗਿਆ, ਕਿਉਂਕਿ ਉਥੇ ਹੋਣ ਵਾਲੀ ਟੱਕਰ ਅਤੇ ਮਿਲਣ ਵਾਲੀ ਨਮੋਸ਼ੀ ਕਾਰਨ ਰਾਬਰਟ ਦੀਆਂ ਨਜ਼ਰਾਂ ਵਿਚ ਮੈਂ ਭਾਰਤ ਮਾਂ ਨੂੰ ਹੋਰ ਨਹੀਂ ਸੀ ਡਿਗਾਣਾ ਚਾਹੁੰਦਾ। ਉਥੇ ਵੀ ਲੰਮੀ ਕਤਾਰ ਲੱਗੀ ਹੋਈ ਸੀ। ਮੈਨੂੰ ਇਸ ਬੇਰੁਖੀ ਨੇ ਮਜਬੂਰ ਕਰ ਦਿਤਾ, ਕੈਨੇਡਾ ਅਤੇ ਅਮਰੀਕਾ ਦੇ ਬੈਂਕਾਂ ਵਿਚ ਵਿਹਾਰ ਨਾਲ ਇਸ ਦਾ ਟਾਕਰਾ ਕਰਨ 'ਤੇ। ਇਕ ਦਿਨ ਮੈਂ ਤੇ ਰਾਬਰਟ ਕਿਸੇ ਦੂਜੇ ਸ਼ਹਿਰ ਵਿਚ ਸਾਂ। ਰਾਬਰਟ ਨੂੰ ਪੈਸਿਆਂ ਦੀ ਲੋੜ ਪਈ ਅਤੇ ਉਸ ਝੱਟ ਆਪਣਾ ਕਾਰਡ ਵਿਖਾ ਕੇ ਉਸ ਸ਼ਹਿਰ ਦੀ ਉਸ ਬੈਂਕ ਬਰਾਂਚ ਤੋਂ ਪੈਸੇ ਬਿਨਾਂ ਕਿਸੇ ਦਿੱਕਤ ਦੇ ਚੈੱਕ ਰਾਹੀਂ ਕਢਵਾ ਲਏ ਸਨ, ਹਾਲਾਂਕਿ ਉਸ ਦਾ ਖਾਤਾ ਇਸੇ ਬੈਂਕ ਦੇ ਕਿਸੇ ਦੂਜੇ ਸ਼ਹਿਰ ਵਿਚ ਸੀ। ਫਿਰ ਬੋਸਟਨ ਵਿਚ ਕੰਵਲਜੀਤ ਦੀ ਗੱਲ ਯਾਦ ਆਈ। ਰਾਤ ਦੇ ਅੱਠ ਵੱਜ ਚੁਕੇ ਸਨ ਅਤੇ ਆ ਕੇ ਕਹਿਣ ਲੱਗਾ, "ਮੈਂ ਬੈਂਕ 'ਚੋ ਕੁੱਝ ਪੈਸੇ ਕਢਾਉਣ ਚੱਲਿਆ ਹਾਂ, ਹੁਣੇ ਵਾਪਸ ਆ ਜਾਵਾਂਗਾ।"
"ਇਥੇ ਵੀ ਨਾਈਟ ਸ਼ਿਫ਼ਟਾਂ ਦੀਆਂ ਬੈਂਕ ਬਰਾਂਚਾਂ ਕੰਮ ਕਰਦੀਆਂ ਹਨ?" ਮੈਂ ਜਾਣਕਾਰੀ ਲਈ ਪੁੱਛਿਆ ਸੀ।
"ਨਹੀਂ ਬਰਾਂਚ ਤਾਂ ਬੰਦ ਹੋ ਗਈ ਹੋਣੀ ਏ, ਪਰ ਪੈਸੇ ਨਿਕਲ ਆਉਣਗੇ।"
ਤੇ ਮੈਂ ਆਪਣੀ ਇਸ ਹੈਰਾਨੀ ਨੂੰ ਮਿਟਾਉਣ ਲਈ ਉਸ ਨਾਲ ਹੋ ਤੁਰਿਆ ਸਾਂ। ਦੋ-ਚਾਰ ਮਿੰਟਾਂ ਵਿਚ ਹੀ ਸਾਡੀ ਕਾਰ ਬੈਂਕ ਦੇ ਬਾਹਰ ਜਾ ਰੁਕੀ। ਕੰਵਲਜੀਤ ਨੇ ਬਰਾਂਡੇ ਵਿਚ ਲੱਗੇ ਇਕ ਯੰਤਰ ਦੇ ਕੁੱਝ ਨੰਬਰ ਦਬਾਏ। ਲਾਈਟ ਜਗੀ ਅਤੇ ਛੋਟੀ ਟਰੇ ਵਰਗੀ ਸਟੀਲ ਦੀ ਸਲੇਟ ਬਾਹਰ ਆਈ। ਕੰਵਲਜੀਤ ਨੇ ਆਪਣਾ ਕਾਰਡ ਉਸ ਉਪਰ ਰੱਖ ਦਿੱਤਾ ਅਤੇ ਬਟਨ ਦਬਾਇਆ। ਉਹ ਸਲੇਟ ਅੰਦਰ ਚਲੀ ਗਈ। ਫਿਰ ਉਸ ਕੰਪਿਊਟਰ ਦੇ ਕੁਝ ਹੋਰ ਨੰਬਰ ਦਬਾਏ ਅਤੇ ਅੱਧੇ ਮਿੰਟ ਪਿਛੋਂ ਕਾਰਡ ਤੇ ਸੌ ਡਾਲਰ ਦੇ ਨੋਟ ਬਾਹਰ ਆ ਗਏ। ਮੈਂ ਇਹ ਸਾਰਾ ਕੁਝ ਵੇਖ ਕੇ ਹੈਰਾਨ, ਹੋਰ ਹੈਰਾਨ ਹੋ ਰਿਹਾ ਸੀ। ਕੰਵਲਜੀਤ ਨੇ ਮੈਨੂੰ ਸਮਝਾਇਆ, ਇਥੇ ਕੰਪਿਊਟਰ ਸਿਸਟਮ ਚਲਦਾ ਏ। ਹਨੇਰੇ-ਸਵੇਰੇ ਲੋੜ ਪੈਣ 'ਤੇ ਇਕ ਖਾਸ ਰਕਮ ਤੀਕ ਪੈਸੇ ਕਢਵਾਏ ਜਾ ਸਕਦੇ ਨੇ। ਹਰ ਖਾਤੇਦਾਰ ਦਾ ਕੋਡ ਨੰਬਰ ਹੈ ਜਿਸ ਨੂੰ ਦਬਾਉਣ ਨਾਲ ਕਾਰਡ ਪਾ ਕੇ ਪੈਸੇ ਕਢਵਾਏ ਜਾ ਸਕਦੇ ਨੇ। ਮੇਰੇ ਕਾਰਡ ਦੀ ਐਂਟਰੀ ਅੰਦਰ ਹੋ ਗਈ ਅਤੇ ਸਵੇਰੇ ਬੈਂਕ ਕਰਮਚਾਰੀ ਆ ਕੇ ਉਸ ਨੂੰ ਮੇਰੇ ਖਾਤੇ ਵਿਚ ਲਿਖ ਦੇਣਗੇ।"
ਲੰਡਨ ਵਿਚ ਮੇਰੇ ਇਕ ਦੋਸਤ ਨੇ ਮੈਨੂੰ ਚੈੱਕ ਦਿੱਤਾ ਸੀ ਅਤੇ ਮੈਂ ਬਿਨਾਂ ਕੋਈ ਸ਼ਨਾਖਤ ਦਿੱਤਿਆਂ ਬੈਂਕ ਤੋਂ ਪੈਸੇ ਕਢਵਾ ਲਏ ਸਨ। ਉਨ੍ਹਾਂ ਮੁਲਕਾਂ ਵਿਚ ਕਰੋੜਾਂ ਡਾਲਰਾਂ ਦੀ ਕੀਮਤ ਨਾਲ ਭਰੇ ਸਾਮਾਨਾਂ ਦੇ ਜਨਰਲ ਸਟੋਰ ਚਲਦੇ ਹਨ। ਹਰ ਵਸਤੂ 'ਤੇ ਕੀਮਤ ਛਪੀ ਹੋਈ ਹੈ। ਲੋਕੀ ਆਪੋ-ਆਪਣਾ ਲੋੜਵੰਦਾ ਸਮਾਨ ਚੁੱਕ ਕੇ ਕੀਮਤ ਅਦਾ ਕਰ ਕੇ ਬਿਨਾਂ ਕਿਸੇ ਸ਼ੱਕ ਦੇ ਚਲੇ ਜਾਂਦੇ ਹਨ।
ਮੈਂ ਪੱਛਮ ਦੇ ਸਮਾਜ ਦੇ ਕਾਰ-ਵਿਹਾਰ ਵਿਚ ਛਾਏ ਇਸ ਇਤਬਾਰ ਦਾ ਜਦੋਂ ਆਪਣੇ ਦੇਸ਼ ਵਿਚ ਸ਼ੱਕ ਦੀ ਬੁਨਿਆਦ 'ਤੇ ਖੜ੍ਹੇ ਸਮੁੱਚੇ ਜੀਵਨ ਨਾਲ ਮੁਕਾਬਲਾ ਕੀਤਾ ਤਾਂ ਮੈਂ ਕੰਬ ਗਿਆ। ਕੀ ਕਦੇ ਸਾਡੇ ਭਾਰਤੀ ਜੀਵਨ ਵਿਚ ਵੀ ਇਸ ਇਤਬਾਰ ਦੀ ਇੰਜ ਮਹਿਕ ਆਏਗੀ?"
ਹੁਣ ਮੇਰੀ ਵਾਰੀ ਸੀ ਮੈਨੇਜਰ ਨੂੰ ਮਿਲਣ ਦੀ। ਮੈਂ ਮੈਨੇਜਰ ਨੂੰ ਸਾਰੀ ਘਟਨਾ ਬੜੇ ਤੈਸ਼ ਵਿਚ ਆ ਕੇ ਸੁਣਾਈ, ਪਰ ਉਹ ਬੜੇ ਆਰਾਮ ਨਾਲ ਮੇਰੀ ਗੱਲ ਨੂੰ ਮੁਸਕਰਾਉਂਦਿਆਂ ਸੁਣਦਾ ਰਿਹਾ। ਫਿਰ ਬੋਲਿਆ, "ਕਾਊਂਟਰ 'ਤੇ ਬੈਠੀ ਮਿਸਿਜ਼ ਆਹਲੂਵਾਲੀਆ ਨੇ ਜੋ ਕੁੱਝ ਤੁਹਾਨੂੰ ਦੱਸਿਆ ਏ, ਉਹ ਸਭ ਕੁਝ ਨਿਯਮਾਂ ਅਨੁਸਾਰ ਏ।"
"ਬੜਾ ਬੇਹੂਦਾ ਨਿਯਮ ਏ। ਕੋਈ ਆਪ ਵੀ ਆਪਣੇ ਬੈਂਕ ਬੈਲੰਸ ਤੋਂ ਜਾਣੂ ਨਹੀਂ ਹੋ ਸਕਦਾ। ਫਿਰ ਉਹ ਪੈਸੇ ਕਿਵੇਂ ਕਢਾਏ?"
"ਮਿਸਟਰ ਕਾਹਲੇ ਨਾ ਪਉ।" ਮੈਨੇਜਰ ਨੇ ਉਸੇ ਤਰ੍ਹਾਂ ਧੀਰਜ ਨਾਲ ਮੈਨੂੰ ਸ਼ਾਂਤ ਹੋਣ ਲਈ ਕਿਹਾ।
ਫਿਰ ਉਸ ਚਿੱਟ 'ਤੇ ਮੇਰਾ ਖਾਤਾ ਨੰਬਰ ਲਿਖ ਕੇ ਚਪੜਾਸੀ ਨੂੰ ਲੈਜਰ ਤੇ ਦਸਤਖਤਾਂ ਵਾਲੀ ਫਾਈਲ ਲਿਆਉਣ ਦੀ ਹਦਾਇਤ ਕੀਤੀ। ਦੋ ਮਿੰਟਾਂ ਪਿਛੋਂ ਉਹ ਦੋਵੇਂ ਚੀਜ਼ਾਂ ਲੈ ਆਇਆ। ਖਾਤੇ 'ਤੇ ਨਜ਼ਰ ਮਾਰਨ ਪਿਛੋਂ ਉਸ ਦੱਸਿਆ ਕਿ ਮੇਰੇ ਹਿਸਾਬ ਵਿਚ ਇਕ ਸੌ ਪੰਜੱਤਰ ਰੁਪਏ ਚਾਲੀ ਪੈਸੇ ਹਨ। ਰਕਮ ਦੱਸਣ ਪਿਛੋਂ ਉਸ ਮੇਰੇ ਵੱਲ ਇੰਜ ਤੱਕਿਆ ਜਿਵੇਂ ਕਹਿ ਰਿਹਾ ਹੋਵੇ, 'ਝੱਗੇ ਵਿਚ ਬਕਾਇਆ ਰਕਮ ਤਾਂ ਪੌਣੇ ਦੋ ਸੌ ਹੈ ਅਤੇ ਗੁੱਸਾ ਇਤਨਾ ਜਿਵੇਂ ਲੱਖਾਂ ਰੁਪਏ ਬੈਂਕ ਵਿਚ ਜਮ੍ਹਾਂ ਕਰਾ ਰੱਖੇ ਹੋਣ। ਇਥੇ ਕਦਰ ਲੱਖਾਂਪਤੀਆਂ ਦੀ ਹੁੰਦੀ ਹੈ, ਕੱਖਾਂਪਤੀਆਂ ਦੀ ਨਹੀਂ। ਬੈਂਕ ਉਨ੍ਹਾਂ ਅਮੀਰਾਂ ਦੀਆਂ ਮਿਹਰਬਾਨੀਆਂ ਨਾਲ ਚਲਦਾ ਹੈ, ਤੁਹਾਡੇ ਵਰਗੇ ਟਟਪੂੰਜੀਆਂ ਦੇ ਸਹਾਰੇ ਨਹੀਂ।'
ਮੈਂ ਡੇਢ ਸੌ ਦਾ ਚੈੱਕ ਕੱਟ ਕੇ ਉਸ ਦੇ ਅੱਗੇ ਕੀਤਾ। ਉਸ ਮੇਰੇ ਦਸਤਖ਼ਤਾਂ ਨੂੰ ਕਈ ਵਾਰੀ ਫਾਈਲ ਦੇ ਦਸਤਖ਼ਤਾਂ ਨਾਲ ਮਿਲਾਇਆ ਅਤੇ ਫਿਰ ਬੜੇ ਗਹੁ ਨਾਲ ਮੇਰੇ ਚਿਹਰੇ 'ਤੇ ਕੁੱਝ ਪੜ੍ਹਨਾ ਚਾਹਿਆ ਜਿਵੇਂ ਕਸਟਮ ਇੰਸਪੈਕਟਰ ਨੇ ਪੜ੍ਹਿਆ ਸੀ।
"ਤੁਹਾਡੇ ਸਿਗਨੇਚਰ ਨਹੀਂ ਮਿਲਦੇ ਪਰ ਚਲੋ ਡੇਢ ਸੌ ਦੀ ਹੀ ਤਾਂ ਰਕਮ ਏ।" ਉਸ ਬੜਾ ਅਹਿਸਾਨ ਕਰਦਿਆਂ ਕਿਹਾ। ਫਿਰ ਉਸ ਮੇਰੇ ਚੈੱਕ ਉਪਰ ਲਾਲ ਸਿਆਹੀ ਨਾਲ ਇਕ ਘੁੱਗੀ ਫੇਰ ਦਿਤੀ ਅਤੇ ਚੈੱਕ ਫਿਰ ਉਸੇ ਕਾਊਂਟਰ 'ਤੇ ਲਿਜਾਣ ਲਈ ਆਖਿਆ।
ਆਪਣੇ ਹੀ ਦੇਸ਼ ਵਿਚ ਆਪਣੀ ਹੀ ਕਾਲੋਨੀ ਦੇ ਆਪਣੇ ਹੀ ਬੈਂਕ ਖਾਤੇ ਵਿਚ ਆਪ ਹੀ ਪੈਸੇ ਕਢਵਾਉਣ ਵੇਲੇ ਜੋ ਮੇਰੀ ਦੁਰਗਤ ਅੱਜ ਹੋਈ ਸੀ, ਉਸ ਨੇ ਮੈਨੂੰ ਸਿਰ ਤੋਂ ਪੈਰਾਂ ਦੇ ਨਹੁੰਆਂ ਤੀਕ ਕੰਬਾ ਦਿਤਾ ਸੀ। ਮੈਂ ਮੁਸਕਰਾਹਟ ਦੀ ਚਾਦਰ ਓਢ ਕੇ ਆਪਣੀ ਹੋਈ ਨਮੋਸ਼ੀ ਨੂੰ ਕੱਜਣ ਦਾ ਪੂਰਾ ਯਤਨ ਕੀਤਾ, ਪਰ ਇੰਜ ਜਾਪਦਾ ਸੀ ਕਿ ਰਾਬਰਟ ਵਿਚਲੇ ਲੇਖਕ ਨੇ ਪੂਰੇ ਅਰਥਾਂ ਸਮੇਤ ਸਭ ਕੁਝ ਪੜ੍ਹ ਲਿਆ ਸੀ।