Aapan Ki Laina Aakhian Hun Nahin Sarna (Punjabi Article): Amrit Kaur

ਆਪਾਂ ਕੀ ਲੈਣਾ, ਆਖਿਆਂ ਹੁਣ ਨਹੀਂ ਸਰਨਾ (ਲੇਖ) : ਅੰਮ੍ਰਿਤ ਕੌਰ

ਜੇ ਚੰਗੀ ਤਰ੍ਹਾਂ ਨਜ਼ਰ ਮਾਰੀ ਜਾਵੇ ਤਾਂ ਪਿੰਡਾਂ ਵਿੱਚ ਪੰਚਾਇਤਾਂ ਪੁਰਾਤਨ ਸਮਿਆਂ ਤੋਂ ਹੀ ਪਿੰਡਾਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਸਨ। ਆਜ਼ਾਦੀ ਤੋਂ ਬਾਅਦ 1959 ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਹੋਈ। ਸਮੇਂ ਸਮੇਂ 'ਤੇ ਇਹਨਾਂ ਦੇ ਨਿਯਮ ਬਦਲਦੇ ਰਹੇ ਹਨ। ਕਦੇ ਕੋਈ ਧਿਰ ਵੱਧ ਮੈਂਬਰ ਜਿਤਾ ਕੇ ਆਪਣਾ ਸਰਪੰਚ ਚੁਣ ਲੈਂਦੀ, ਕਦੇ ਸਰਪੰਚ ਵੋਟਰਾਂ ਵੱਲੋਂ ਸਿੱਧੇ ਰੂਪ ਵਿੱਚ ਚੁਣੇ ਜਾਂਦੇ।

ਪਿੰਡਾਂ ਵਿੱਚ ਪੰਚਾਇਤਾਂ ਪਿੰਡ ਦਾ ਵਿਕਾਸ ਕਰਨ ਲਈ, ਪਿੰਡ ਵਾਸੀਆਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਹਨ। ਪਰ ਅਸਲ ਮੁੱਦੇ ਤੋਂ ਹਟ ਕੇ ਬਥੇਰਾ ਕੁੱਝ ਅਜਿਹਾ ਹੁੰਦਾ ਹੈ ਜੋ ਨਹੀਂ ਹੋਣਾ ਚਾਹੀਦਾ। ਪੰਚਾਇਤਾਂ ਵਿੱਚ ਔਰਤਾਂ ਲਈ ਵੀ ਰਾਖਵਾਂਕਰਨ ਹੁੰਦਾ ਹੈ। ਜਦੋਂ ਉਹ ਪੰਚ ਜਾਂ ਸਰਪੰਚ ਬਣਦੀਆਂ ਹਨ ਤਾਂ ਉਹਨਾਂ ਨੂੰ ਮਿਲੇ ਅਧਿਕਾਰਾਂ ਦਾ, ਸ਼ਕਤੀਆਂ ਦਾ ਇਸਤੇਮਾਲ ਬਹੁਤੀ ਵਾਰ ਮਰਦ ਹੀ ਕਰਦੇ ਹਨ ਉਹ ਤਾਂ ਸਿਰਫ਼ ਘਰ ਦੇ ਕੰਮ ਧੰਦੇ ਕਰਦਿਆਂ ਮਿੱਟੀ ਨਾਲ, ਆਟੇ ਨਾਲ ਜਾਂ ਗੋਹੇ ਨਾਲ ਲਿਬੜੇ ਹੱਥਾਂ ਨੂੰ ਧੋ ਕੇ ਆਪਣੇ ਹੀ ਕੱਪੜਿਆਂ ਨਾਲ ਹੱਥ ਪੂੰਝ ਕੇ ਦਸਖ਼ਤ ਕਰਦੀਆਂ ਜਾਂ ਅੰਗੂਠਾ ਹੀ ਲਗਾਉਂਦੀਆਂ ਹਨ। ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਕਾਗਜ਼ਾਂ ਤੇ ਕੀ ਲਿਖਿਆ ਹੈ। ਪਰ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਕਈ ਬੀਬੀਆਂ ਮਰਦਾਂ ਨਾਲੋਂ ਵੀ ਤੇਜ਼ ਹੁੰਦੀਆਂ ਪਿੰਡ ਦੇ ਕੰਮ ਕਰਨ ਨੂੰ। ਪਿੰਡ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸਰਪੰਚ ਬਣ ਕੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾ ਰਹੀਆਂ ਹਨ।

ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਗਲੀਆਂ ਨਾਲੀਆਂ, ਰਾਹ, ਪਹੀਆਂ, ਫਿਰਨੀਆਂ ਸਭ ਪੱਕੀਆਂ ਹੀ ਪੱਕੀਆਂ। ਰੌਸ਼ਨੀਆਂ ਵਾਲੇ ਪਾਰਕ, ਜਦੋਂ ਦਾ ਰੌਲਾ ਪਿਆ ਹੈ ਕਿ ਰੁੱਖਾਂ ਦੀ ਕਟਾਈ ਐਨੀ ਕੁ ਹੋ ਚੁੱਕੀ ਹੈ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਤਾਂ ਸੂਝਵਾਨ ਪਰਉਪਕਾਰੀ ਇਨਸਾਨਾਂ ਦੀ ਹਿੰਮਤ ਨਾਲ ਰੁੱਖ ਬੂਟੇ ਲਾਉਣ ਦਾ ਰੁਝਾਨ ਵੀ ਵਧਿਆ ਹੈ। ਸਭ ਕੰਮ ਪੱਕੇ ਚੰਗੀ ਤਰ੍ਹਾਂ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਕੱਚਾ ਕੰਮ ਰਹਿ ਗਿਆ ਕਿ ਬਹੁਤੇ ਪਿੰਡਾਂ ਵਾਲੇ ਆਪਣੇ ਬੱਚਿਆਂ ਨੂੰ ਬਚਾਉਣ ਵਿੱਚ ਅਸਮਰਥ ਰਹੇ।...ਇੱਕ ਪਿੰਡ ਵਿੱਚ ਪਿਛਲੀ ਵਾਰ ਬਹੁਤ ਚੰਗਾ ਪੜ੍ਹਿਆ ਲਿਖਿਆ ਸਰਪੰਚ ਬਣਿਆ। ਉਸ ਨੇ ਪਿੰਡ ਦੇ ਹਰ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਵਾਏ।ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਪਰ ਇੱਕ ਕੰਮ ਰੋਕਣ ਵਿੱਚ ਉਹ ਅਸਮਰੱਥ ਅਤੇ ਬੇਵਸ ਰਿਹਾ, ਉਹ ਸੀ ਪਿੰਡ ਵਿੱਚ ਨਸ਼ਿਆਂ ਦੀ ਆਮਦ। ਵੱਡੀ ਗੱਲ ਇਹ ਹੁੰਦੀ ਕਿ ਉਹ ਪਿੰਡ ਨੂੰ ਨਸ਼ਾ-ਮੁਕਤ ਬਣਾ ਸਕਦਾ। ਸ਼ਾਇਦ ਉਸ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ। ਪਿੰਡ ਵਿੱਚ ਲਾਇਬਰੇਰੀ ਬਣਾਈ ਅਤੇ ਉਸ ਵਿੱਚ ਚੰਗੀਆਂ ਕਿਤਾਬਾਂ ਪੜ੍ਹਨ ਲਈ ਰੱਖੀਆਂ। ਸ਼ਾਇਦ ਉਸ ਦਾ ਆਪਣਾ ਤਰੀਕਾ ਹੋ ਸਕਦਾ ਹੈ ਕਿ ਜੇਕਰ ਨੌਜਵਾਨ ਚੰਗੀਆਂ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਦੀ ਆਪਣੀ ਸੂਝ ਸਿਆਣਪ ਵਧੇਗੀ ਅਤੇ ਬੁਰਾਈਆਂ ਵਿੱਚ ਨਹੀਂ ਫਸਣਗੇ। ਕੁੱਝ ਕੁ ਗਿਣਤੀ ਦੇ ਪਿੰਡ ਹੀ ਹੋਣਗੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰ ਸਕੇ ਹਨ। ਕਈ ਬੀਬੀਆਂ ਵੀ ਕਹਿ ਦਿੰਦੀਆਂ ਨੇ, 'ਕਿਤਾਬਾਂ ਨੇ ਕਿਹੜਾ ਖਾਣ ਨੂੰ ਦੇਣਾ ਐ।' ਚੰਗੀਆਂ ਕਿਤਾਬਾਂ ਸਿੱਧੇ ਰਾਹ ਤੋਰ ਸਕਦੀਆਂ, ਕਿਤਾਬਾਂ ਦੱਸਦੀਆਂ ਨੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਸ਼ੁਰੂਆਤ ਛੋਟੇ ਕੰਮਾਂ ਤੋਂ ਹੋ ਸਕਦੀ ਹੈ। ਸਾਡੇ ਨਿਆਣੇ ਛੋਟੇ ਕੰਮ ਨੂੰ ਹੱਥ ਪਾ ਕੇ ਰਾਜ਼ੀ ਨਹੀਂ ਵੱਡਿਆਂ ਨੂੰ ਹੱਥ ਪੈਂਦੇ ਨਹੀਂ। ਕੁੱਝ ਵੀ ਨਾ ਕਰਨ ਨਾਲੋਂ ਤਾਂ ਕੋਈ ਛੋਟਾ ਮੋਟਾ ਕੰਮ ਹੀ ਕਰ ਲੈਣਾ ਚਾਹੀਦਾ ਹੈ। ਕਿਤਾਬਾਂ ਮਹਾਨ ਬੰਦਿਆਂ ਦੇ ਸੰਘਰਸ਼ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਉਹ ਵੀ ਕੋਈ ਜੰਮਦੇ ਹੀ ਮਹਾਨ ਨਹੀਂ ਸੀ ਬਣ ਗਏ। ਉਹਨਾਂ ਨੂੰ ਵੀ ਬਹੁਤ ਚੁਣੌਤੀਆਂ ਆਈਆਂ, ਉਹ ਵੀ ਕਈ ਵਾਰ ਹਾਰੇ, ਕਈ ਵਾਰ ਡਿੱਗੇ, ਵੱਡੀ ਗੱਲ ਇਹ ਹੈ ਕਿ ਡਿੱਗਣ ਤੋਂ ਬਾਅਦ ਫਿਰ ਖੜ੍ਹੇ ਹੋਏ, ਬਹੁਤ ਔਖਾਂ ਆਪਣੇ ਦਿਲ, ਦਿਮਾਗ਼ ਅਤੇ ਸਰੀਰਾਂ 'ਤੇ ਝੱਲ ਕੇ ਮਹਾਨ ਬਣੇ ਸਨ। ਜੀਵਨ ਨੂੰ ਬਦਲ ਦਿੰਦੀਆਂ ਹਨ ਕਿਤਾਬਾਂ। ਆਪਣੇ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਚੁਣੇ ਗਏ ਪੰਚਾਂ ਸਰਪੰਚਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਕੀਮਤ ਪਤਾ ਹੋਵੇਗੀ।

ਅਸੀਂ ਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਹੀ ਆਪਣੀ ਸ਼ਾਨ ਸਮਝਦੇ ਰਹੇ। ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਾਲਿਆਂ ਦੀਆਂ ਲੱਤਾਂ ਖਿੱਚਣ ਜੋਗੇ ਹੀ ਰਹਿ ਗਏ। ਕਿਸੇ ਦੇ ਧੀ-ਪੁੱਤ ਦੀ ਗੱਲ ਨੂੰ ਵਧਾ ਚੜ੍ਹਾ ਕੇ ਕਰਿਆ ਜਾਂਦਾ ਹੈ। ਕਿਸੇ ਦੇ ਘਰੇ ਕੁੱਝ ਬੁਰਾ ਹੁੰਦਾ ਹੈ ਕਿਸੇ ਦਾ ਧੀ-ਪੁੱਤ ਗਲਤ ਰਾਹ ਤੁਰ ਪਿਆ ਉਹਨਾਂ ਦੀ ਮੱਦਦ ਕਰਨ ਦੀ ਥਾਂ... ਚੱਲ ਆਪਾਂ ਕੀ ਲੈਣਾ... ਆਖ ਕੇ ਸਾਰ ਦਿੰਦੇ ਹਨ ਜਦੋਂ ਕਿ... ਚੱਲ ਆਪਾਂ ਕੀ ਲੈਣਾ... ਆਖ ਕੇ ਹੁਣ ਨਹੀਂ ਸਰ ਸਕਦਾ। ਹੁਣ ਤਾਂ ਇੱਕ ਘਰ ਦੀ ਸਮੱਸਿਆ ਕਦੋਂ ਦੂਜੇ ਤੀਜੇ ਘਰ ਦੀ ਸਮੱਸਿਆ ਬਣ ਜਾਵੇ ਪਤਾ ਹੀ ਨਹੀਂ ਲੱਗਦਾ।

ਇੱਕ ਗੱਲ ਦੀ ਸਮਝ ਨਹੀਂ ਪੈਂਦੀ ਸਵਾਲ ਹਮੇਸ਼ਾ ਜ਼ਿਹਨ ਵਿੱਚ ਘੁੰਮਦੇ ਰਹਿੰਦੇ ਹਨ। ਚਲੋ ਵੋਟਾਂ ਪੈ ਗਈਆਂ ਪੰਚ ਸਰਪੰਚ ਵੀ ਬਣ ਈ ਜਾਣੇ ਨੇ। ਉਸ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਹਨ। ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹੜੇ ਘਰ ਵਿੱਚ ਕੀ ਸਮੱਸਿਆ ਚੱਲ ਰਹੀ ਹੈ। ਕਿਸ ਘਰ ਦਾ ਜਵਾਕ ਕਿਸੇ ਬੁਰਾਈ ਵਿੱਚ ਫਸ ਰਿਹਾ ਹੈ, ਕੌਣ ਕਰਜ਼ੇ ਤੋਂ ਪੀੜਤ ਹੈ, ਕਿਸ ਘਰ ਦੀ ਧੀ ਵਿਆਹੁਣ ਵਾਲੀ ਹੈ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੈ? ਜੇ ਪੰਚ ਸਰਪੰਚ ਅਤੇ ਪਿੰਡ ਵਾਲੇ ਚਾਹੁਣ ਤਾਂ ਹਰ ਘਰ ਦੀ ਸਮੱਸਿਆ ਦਾ ਹੱਲ ਰਲ ਮਿਲ ਕੇ ਹੋ ਸਕਦਾ ਹੈ। ਕਈ ਪਿੰਡ ਇਸ ਤਰ੍ਹਾਂ ਦੇ ਸੁਚੱਜੇ ਕੰਮ ਕਰ ਵੀ ਰਹੇ ਹਨ ਉਹਨਾਂ ਤੋਂ ਸਿੱਖਣਾ ਬਣਦਾ ਹੈ। ਜੋ ਸਮਾਂ ਅੱਜ ਕੱਲ੍ਹ ਚੱਲ ਰਿਹਾ ਹੈ। ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਂਢ-ਗੁਆਂਢ ਗਲੀ ਮੁਹੱਲੇ, ਪਿੰਡ ਨੂੰ, ਸ਼ਹਿਰ ਨੂੰ ਅਤੇ ਆਪਣੇ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਚੰਗੇ ਨੇਕ ਅਤੇ ਇਮਾਨਦਾਰ ਮਿਹਨਤੀ ਇਨਸਾਨਾਂ ਨੂੰ ਇਕੱਠੇ ਹੋਣਾ ਜ਼ਰੂਰੀ ਹੈ। ਜੇ ਇੱਕ ਪਿੰਡ ਦੇ ਲੋਕ ਆਪਣੇ ਪਿੰਡ ਨੂੰ ਬੁਰਾਈ ਮੁਕਤ ਕਰ ਸਕਦੇ ਹਨ ਤਾਂ ਦੂਸਰੇ ਪਿੰਡ ਕਿਉਂ ਨਹੀਂ ਕਰ ਸਕਦੇ। ਫ਼ੁਕਰਪੁਣੇ ਵਿੱਚ ਵੀ ਤਾਂ ਰੀਸ ਕਰ ਲੈਂਦੇ ਹੋ ਫਿਰ ਚੰਗੇ ਕੰਮਾਂ ਵਿੱਚ ਰੀਸ ਕਿਉਂ ਨਹੀਂ ਹੋ ਸਕਦੀ। ਇੱਕ ਵਾਰ ਸਾਰਾ ਕੁੱਝ ਰਲ ਮਿਲ ਕੇ ਚੰਗਾ ਕਰ ਕੇ ਤਾਂ ਵੇਖੀਏ ਫਿਰ ਆਤਮ-ਸਨਮਾਨ ਨਾਲ ਭਰਿਆ ਬੰਦਾ ਟੌਹਰ ਵੀ ਮਾਰ ਦੇਵੇ ਉਹ ਵੀ ਚੰਗੀ ਲੱਗਦੀ ਹੈ। ਫਿਰ ਰੱਬ ਨੇ ਤੋਟ ਕੋਈ ਨਾ ਰੱਖੀ ਵਰਗੇ ਗੀਤ ਵੀ ਚੰਗੇ ਲੱਗਣਗੇ। ਪੰਜਾਬੀਆਂ ਦੀ ਸ਼ਾਨ ਵੱਖਰੀ ਵਾਲੀਆਂ ਗੱਲਾਂ ਵੀ ਚੰਗੀਆਂ ਲੱਗਣਗੀਆਂ। ਜਦੋਂ ਕਿ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਹਨ ਸ਼ਾਨਦਾਰ ਪੰਜਾਬੀਆਂ ਦੀ ਸ਼ਾਨ ਤਾਂ ਕਿਤੇ ਨਜ਼ਰ ਨਹੀਂ ਆਉਂਦੀ ।ਚਿਹਰਿਆਂ 'ਤੇ ਲਾਲੀ ਦੀ ਥਾਂ ਪੀਲੱਤਣ ਛਾਈ ਦਿਸਦੀ ਹੈ।

ਬਹੁਤ ਕੁੱਝ ਗਵਾ ਲਿਆ, ਬਥੇਰੇ ਨੌਜਵਾਨ ਰਾਖ ਬਣ ਗਏ, ਬਥੇਰੇ ਜਹਾਜ਼ਾਂ ਵਿੱਚ ਚਾੜ੍ਹ ਕੇ ਪ੍ਰਦੇਸੀ ਬਣਾ ਦਿੱਤੇ। ਬਥੇਰੇ ਇੱਥੇ ਬੇਰੁਜ਼ਗਾਰੀ ਨਾਲ ਲੜਦੇ ਦਿਹਾੜੀਆਂ ਕਰਨ ਲਈ ਮਜ਼ਬੂਰ ਨੇ। ਘਰਾਂ ਵਿੱਚ ਬੈਠੇ ਵੀ ਸੁਰੱਖਿਅਤ ਨਹੀਂ। ਮਾਵਾਂ ਧੀਆਂ ਭੈਣਾਂ ਨੂੰ ਪਤਾ ਨਹੀਂ ਉਹਨਾਂ ਦੇ ਲੁਟੇਰੇ ਬਣੇ ਜੰਮੇ ਜਾਏ ਕਿਹੜੇ ਵੇਲੇ ਉਹਨਾਂ ਦੀ ਕੁੱਟਮਾਰ ਕਰ ਕੇ ਲੁੱਟ ਲੈਣ। ਇਹ ਗੱਲਾਂ ਆਮ ਹੁੰਦੀਆਂ ਹਨ। ਪਰ ਸਾਰੇ ਬੱਚੇ ਵਿਗੜੇ ਨਹੀਂ ਨਾ ਹੀ ਸਾਰੇ ਵਿਦੇਸ਼ਾਂ ਵਿੱਚ ਗਏ ਹਨ। ਬਹੁਤ ਕੁੱਝ ਚੰਗਾ ਵੀ ਹੋ ਰਿਹਾ ਹੈ। ਚੰਗੇ ਇਨਸਾਨ ਵੀ ਬਹੁਤ ਹਨ। ਪਿੰਡਾਂ ਦੇ ਪੰਚ ਸਰਪੰਚ ਚੰਗੇ ਬੁਲਾਰਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਲੇ ਭਾਸ਼ਣ ਵੀ ਕਰਵਾ ਸਕਦੇ ਹਨ। ਅੱਖਰਾਂ ਵਿੱਚ, ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈ। ਪਤਾ ਨਹੀਂ ਕਿਹੜੇ ਸ਼ਬਦ ਦਾ ਵਾਰ ਕਿਸੇ ਦੇ ਅੰਦਰੋਂ ਬੁਰਾਈ ਦੀ ਜੜ੍ਹ ਪੁੱਟ ਦੇਵੇ। ਇਹ ਕੋਈ ਔਖੇ ਕੰਮ ਨਹੀਂ। ਪਰ ਇਹਨਾਂ ਚੰਗੇ ਕੰਮਾਂ ਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਐ ਜਦੋਂ ਇਹੋ ਜਿਹੇ ਚੰਗੇ ਕੰਮਾਂ ਦੀ ਪਿਰਤ ਪੈਣ ਲੱਗ ਪਈ ਤਾਂ ਬੁਰਾਈਆਂ ਆਪੇ ਖ਼ਤਮ ਹੋ ਜਾਣਗੀਆਂ। ਜਦੋਂ ਸੁਧਾਰ ਕਰਨਾ ਹੋਵੇ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਂਦਾ ਹੈ। ਆਪਣੇ ਆਪ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਆਪਣਾ ਆਂਢ-ਗੁਆਂਢ, ਗਲੀ-ਮੁਹੱਲੇ, ਆਪਣਾ ਪਿੰਡ। ਜੇ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਵੀ ਲਈ ਜਾਵੇ ਇਹ ਹੀ ਦੇਸ਼ ਦੁਨੀਆਂ ਨੂੰ ਚੰਗੇ ਬਣਾਉਣ ਦੀ ਸ਼ੁਰੂਆਤ ਹੈ। ਇਹ ਕੰਮ ਦੀ ਸ਼ੁਰੂਆਤ ਪਿੰਡਾਂ ਦੀਆਂ ਪੰਚਾਇਤਾਂ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰ ਸਕਦੀਆਂ ਹਨ। ਚੰਗੇ ਪੜ੍ਹੇ ਲਿਖੇ ਸਿਆਣੇ, ਸੂਝਵਾਨ, ਨੇਕ, ਇਮਾਨਦਾਰ ਪੰਚ ਸਰਪੰਚ ਚੁਣੇ ਜਾਣ। ਰੰਗਲੇ ਪੰਜਾਬ ਦਾ ਮਤਲਬ ਉੱਤੋਂ ਉੱਤੋਂ ਰੰਗ ਬਿਰੰਗੀ ਲਿੱਪਾ ਪੋਚੀ ਕਰਨਾ ਨਹੀਂ, ਰੰਗ ਬਿਰੰਗੇ ਕੱਪੜੇ ਪਵਾ ਕੇ ਪੰਜ ਦਸ ਪ੍ਰੋਗਰਾਮ ਕਰਵਾ ਕੇ ਭੰਗੜਾ ਪਵਾਉਣਾ ਵੀ ਨਹੀਂ। ਰੰਗਲੇ ਪੰਜਾਬ ਦਾ ਮਤਲਬ ਚੰਗਾ ਕਰਨ ਦੇ ਜੋਸ਼ ਨਾਲ ਭਖਦੇ ਚਿਹਰੇ, ਅੰਦਰ ਦੀ ਅੱਗ ਜਿਹੜੀ ਹਰ ਸਮੇਂ ਕੁੱਝ ਚੰਗਾ ਕਰਨ ਦੀ ਹਿੰਮਤ ਦੇਵੇ। ਜਿਹੜੀ ਅੱਗ ਵਿੱਚ ਬੁਰਾਈਆਂ ਸੜਨ ਅਤੇ ਨੇਕੀ, ਇਮਾਨਦਾਰੀ ਹੋਰ ਲਿਸ਼ਕਾਂ ਮਾਰੇ। ਇਹ ਸਭ ਜਮਾਤ ਦੀ ਕਰਾਮਾਤ ਹੋਵੇਗੀ ਭਾਵ ਚੰਗੇ ਬੰਦੇ ਇਕੱਠੇ ਹੋਣ। ਚਲ ਆਪਾਂ ਨੂੰ ਕੀ ਲੈਣਾ ਆਖਿਆਂ ਹੁਣ ਨਹੀਂ ਸਰਨਾ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ